2 ਅਗਸਤ 'ਤੇ ਵਿਸ਼ੇਸ਼
2 ਅਗਸਤ 1990 ਬੁੱਧਵਾਰ ਅਤੇ ਵੀਰਵਾਰ ਦੀ
ਦਰਮਿਆਨੀ ਰਾਤ ਦੇ ਤਕਰੀਬਨ ਦੋ ਵਜੇ ਦਾ ਵਕਤ ਸੀ ਜਦੋਂ ਇਰਾਕੀ ਫੌਜਾਂ ਦੇ ਲੱਖਾਂ
ਜਵਾਨ ਟੈਂਕ, ਬਖ਼ਤਰ-ਬੰਦ ਗੱਡੀਆਂ ਤੇ ਮਾਰੂ ਹਥਿਆਰਾਂ ਨਾਲ ਭਰੇ ਫੌਜ ਦੇ ਟਰੱਕਾਂ
ਸਮੇਤ ਕੁਵੈਤ ਵਿੱਚ ਦਾਖ਼ਲ ਹੋ ਗਏ ਸਨ।
ਇੱਥੋਂ ਹਜ਼ਾਰਾਂ ਮੀਲ ਦੂਰ ਬੈਠਾ ਅਮਰੀਕੀ ਰਾਸ਼ਟਰਪਤੀ ਕੁਵੈਤ ਵਿਚ ਇਰਾਕੀ ਫੌਜਾਂ ਦੇ
ਪ੍ਰਵੇਸ਼ ਨੂੰ ਆਧੁਨਿਕ ਯੰਤਰਾਂ ਰਾਹੀਂ ਆਪਣੇ ਅੱਖੀਂ ਦੇਖ ਰਿਹਾ ਸੀ। ਇਰਾਕੀ ਫੌਜਾਂ
ਕੁਵੈਤ ਇਰਾਕ ਦੀ ਸਾਂਝੀ ਚੈੱਕ-ਪੋਸਟ ਤੋਂ ਤਕਰੀਬਨ 16 ਤੋਂ 20 ਕਿਲੋਮੀਟਰ ਦੀ
ਦੂਰੀ ਤੋਂ ਉੁੱਤਰ ਦਿਸ਼ਾ ਵਾਲੇ ਪਾਸੇ ਤੋਂ ਕੁਵੈਤ ਵਿੱਚ ਦਾਖ਼ਲ ਹੋਈਆਂ। ਜਦੋਂ
ਇਰਾਕੀ ਫੌਜ ਕੁਵੈਤ ਦੇ ਅਬਦਲੀ ਏਰੀਏ ਵਿੱਚ ਪਹੁੰਚੀ, ਇਹ ਉਹ ਜਗ੍ਹਾ ਹੈ, ਜਿੱਥੇ
ਕੁਵੈਤ ਦੀ ਸਭ ਤੋਂ ਵੱਡੀ 'ਅਬਦਲੀ ਤੇਲ ਰੀਫਾਇਨਰੀ' ਮੌਜੂਦ ਹੈ ਤਾਂ ਜਿਵੇਂ
ਕਹਿੰਦੇ ਹਨ ਕਿ ''ਅੱਗ ਲਾਈ ਤੇ ਡੱਬੂ ਕੰਧ 'ਤੇ'', ਇਰਾਕ ਨੂੰ ਕਿਹਾ ਕਿ ਚੱਲ ਤੇ
ਕੁਵੈਤ ਨੂੰ ਕਿਹਾ ਕਿ ਭੱਜਲਾ ਆ ਗਿਆ ਮੈਦਾਨ! ਤਾਂ ਅਮਰੀਕੀ ਰਾਸ਼ਟਰਪਤੀ ਨੇ
ਟੈਲੀਫੋਨ ਰਾਹੀਂ ਕੁਵੈਤ ਦੇ ਵਜ਼ੀਰ-ਏ-ਖਾਲਿਦਾ ਸ਼ੇਖ਼ ਅਹਿਮਦ ਸਬਾਅ ਅਲ ਜਾਬਾਰ ਨੂੰ
ਕੁਝ ਹੀ ਪਲ-ਮਿੰਟਾਂ ਵਿੱਚ ਕੁਵੈਤ ਤੇ ਇਰਾਕੀ ਹਮਲੇ ਦੀ ਜਾਣਕਾਰੀ ਦਿੰਦਿਆਂ ਦੇਸ਼
'ਚੋਂ ਨਿਕਲ ਜਾਣ ਦੀ ਪੇਸ਼ਕਸ਼ ਕੀਤੀ। ਖ਼ਬਰ ਮਿਲਦੇ ਹੀ ਕੁਵੈਤੀ ਸ਼ੇਖ਼ ਆਪਣੇ ਪਰਿਵਾਰ
ਅਤੇ ਸੁਰੱਖਿਆ ਮਾਮਲੇ ਨੂੰ ਲੈ ਕੇ ਸਾਊਦੀ ਅਰਬ ਵੱਲ ਭੱਜ ਤੁਰਿਆ।
ਕੁਵੈਤੀ
ਲੋਕਾਂ ਅਤੇ ਕੁਵੈਤ ਵਿੱਚ ਰਹਿ ਰਹੇ ਵਿਦੇਸ਼ੀਆਂ ਨੂੰ ਇਸ ਹਮਲੇ ਦੀ ਕੋਈ ਜਾਣਕਾਰੀ
ਨਹੀਂ ਸੀ। ਸਭ ਲੋਕ ਆਪੋ-ਆਪਣੇ ਘਰਾਂ ਵਿਚ ਸੌਂ ਰਹੇ ਸਨ।
ਇਰਾਕ ਫੌਜ ਵੱਲੋਂ
ਕੁਵੈਤ 'ਤੇ ਕੀਤੇ ਹਮਲੇ ਦੀ ਇੱਕ ਅਹਿਮ ਗੱਲ ਕਿ ਇਰਾਕੀ ਰਾਸ਼ਟਰਪਤੀ ਨੇ ਹਮਲੇ ਦਾ
ਦਿਨ ਬੁੱਧਵਾਰ ਅਤੇ ਵੀਰਵਾਰ ਹੀ ਕਿਉਂ ਰੱਖਿਆ ਗਿਆ? ਕੁਵੈਤ ਵਿੱਚ ਵੀਰਵਾਰ ਅਤੇ
ਸ਼ੁੱਕਰਵਾਰ ਦੀਆਂ ਦੋ ਸਰਕਾਰੀ ਛੁੱਟੀਆਂ ਹੁੰਦੀਆਂ ਸਨ ਅਤੇ ਬਹੁਤਾਤ ਸਰਕਾਰੀ ਅਤੇ
ਮਿਲਟਰੀ ਅਫ਼ਸਰ ਰਾਤ ਨੂੰ ਹੀ ਆਪਣੇ ਘਰਾਂ ਵਿੱਚ ਪਹੁੰਚ ਜਾਂਦੇ ਸਨ। ਇਨ੍ਹਾਂ ਦਿਨਾਂ
ਵਿੱਚ ਕੁਵੈਤ ਬੜਾ ਸ਼ਾਂਤੀ-ਪ੍ਰਥਮ ਦੇਸ਼ ਸੀ। ਕਿਸੇ ਵੀ ਦੇਸ਼ ਜਾਂ ਸਰਹੱਦਾਂ ਤੋਂ ਕੋਈ
ਖ਼ਤਰਾ ਨਹੀਂ ਸੀ। ਬਿਨਾਂ ਕਿਸੇ ਕਾਰਨ ਜਾਂ ਮਾਮੂਲੀ ਗੱਲਬਾਤ ਦੇ ਤਕਰਾਰ ਵਿੱਚ ਆ ਕੇ
ਗੁਆਂਢੀ ਮੁਲਕ 'ਤੇ ਫੌਜੀ ਹਮਲਾ ਕਰਨਾ ਇਸ ਟਾਈਮ ਦੇ ਸ਼ਾਸਕ 'ਸੱਦਾਨ ਹੁਸੈਨ' ਦੀ ਬੜੀ
ਵੱਡੀ ਭੁੱਲ ਸੀ। ਇਹ ਵੀ ਕਿਹਾ ਜਾਂਦਾ ਹੈ ਕਿ 'ਕੁਵੈਤ' ਉੱਪਰ ਹਮਲਾ ਕਰਨ ਵਾਲੇ
ਫੈਸਲੇ 'ਤੇ ਦਸਤਖ਼ਤ ਕਰਨ ਵੇਲੇ ਤਤਕਾਲੀਨ ਰਾਸ਼ਟਰਪਤੀ 'ਸੱਦਾਮ' ਪੂਰਾ ਨਸ਼ੇ ਵਿੱਚ ਸੀ।
ਹਮਲਾ ਸਹੀ ਸੀ ਗਲਤ ਪਰ ਇਸ ਫੈਸਲੇ ਦੀ ਕੀਮਤ ਉਸਨੂੰ ਆਪਣੀ ਜਾਨ ਦੀ 'ਆਹੂਤੀ' ਦੇ
ਕੇ ਅਦਾ ਕਰਨੀ ਪਈ।
ਹਮਲੇ ਵਾਲੀ ਰਾਤ ਕੁਵੈਤੀ ਚੈੱਕ-ਪੋਸਟ 'ਤੇ ਤਕਰੀਬਨ 225
ਤੋਂ 250 ਦੇ ਕਰੀਬ ਹੀ ਸਕਿਊਰਿਟੀ ਗਾਰਡ ਮੌਜੂਦ ਸਨ। ਵੈਸੇ ਵੀ 1990 ਦੇ ਵਿੱਚ
ਕੁਵੈਤ ਕੋਲ ਮਿਲਟਰੀ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਸੀ। ਇਰਾਕੀ ਮਿਲਟਰੀ ਨੇ
ਕੁਵੈਤ ਵਾਲੇ ਪਾਸੇ ਤੋਂ ਹਮਲਾ ਕਰਕੇ ਚੈੱਕ-ਪੋਸਟ 'ਤੇ ਮੌਜੂਦ ਸਾਰੇ
ਸਕਿਊਰਿਟੀ
ਗਾਰਡਾਂ ਨੂੰ ਗ੍ਰਿਫ਼ਤਾਰ ਕਰਕੇ ਆਪਣੀ ਫੌਜੀ ਹਿਰਾਸਤ ਵਿੱਚ ਲੈ ਲਿਆ ਸੀ। ਇੱਕ
ਗੁੰਮਨਾਮ ਅਫ਼ਗਾਨੀ ਅਫ਼ਸਰ ਨੇ ਦੱਸਿਆ ਕਿ ਇਰਾਕੀ ਫੌਜੀ ਅਫ਼ਸਰਾਂ ਨੇ ਬੜੇ ਹੀ ਨਾਟਕੀ
ਢੰਗ ਤੇ ਬੜੀ ਤੇਜ਼ੀ ਨਾਲ ਕਾਰਵਾਈ ਕਰਦਿਆਂ ਦਿਨ ਦੇ 8 ਵਜੇ ਤੱਕ ਕੁਵੈਤੀ ਫੌਜ ਦੇ
ਸੀਨੀਅਰ ਅਫ਼ਸਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਉੱਧਰ ਇਰਾਕੀ ਹੈਲੀਕਾਪਟਰਾਂ
ਰਾਹੀਂ ਕੁਵੈਤ ਦੇ ਅਹਿਮ ਫੌਜੀ ਪ੍ਰਥਮ, ਸਰਕਾਰੀ ਦਫ਼ਤਰਾਂ ਦੇ ਅਹਿਮ ਟਿਕਾਣਿਆਂ ਤੇ
ਇਰਾਕੀ ਕਮਾਂਡੋ ਦਸਤੇ ਉਤਾਰ ਦਿੱਤੇ ਗਏ। ਪੂਰੇ ਦੇਸ਼ ਦੀ ਜਨਤਾ ਨੂੰ ਘਰਾਂ ਵਿੱਚ ਹੀ
ਨਜ਼ਰਬੰਦ ਕਰ ਦਿੱਤਾ ਸੀ। ਸੜਕਾਂ-ਬਾਜ਼ਾਰਾਂ ਵਿੱਚ ਇਰਾਕੀ ਫੌਜ, ਟਰੱਕਾਂ ਦੇ ਕਾਫ਼ਲੇ,
ਟੈਂਕਾਂ ਦੀ ਗੜਗੜਾਹਟ ਦੀ ਸਿਵਾਏ, ਹੁਕਮ ਬਿਨਾਂ ਪੱਤਾ ਵੀ ਹਿੱਲਣ ਦੀ ਆਗਿਆ ਨਹੀਂ
ਸੀ। ਘੰਟਿਆਂ ਵਿੱਚ ਹੀ ਹੱਸਦਾ-ਵੱਸਦਾ ਕੁਵੈਤ ਸਿਟੀ ਸਮੇਤ ਸਾਰਾ ਦੇਸ਼ ਹੀ ਕਿਸੇ
ਸਮਸ਼ਾਨਘਾਟ ਵਾਂਗੂੰ ਸੁੰਨ-ਸਾਨ ਨਜ਼ਰ ਆਉਣ ਲੱਗਾ। ਸਰਕਾਰੀ ਇਮਾਰਤਾਂ ਉੱਪਰ ਸਰਕਾਰੀ
ਝੰਡੇ ਝੂਲਣ ਲੱਗੇ। ਦੁਪਹਿਰ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਟਰੀ ਦੇ ਜਵਾਨ
ਹਰੇਕ ਖ਼ਤਰੇ ਦਾ ਟਾਕਰਾ ਕਰਨ ਲਈ ਆਪਣੀਆਂ ਪੁਜ਼ੀਸ਼ਨਾਂ ਉੱਪਰ ਡਟ ਗਏ ਸਨ।
'ਅਬਦਲੀ'
ਤੋਂ ਚੱਲ ਕੇ 'ਜਾਹਰਾ', 'ਖੇਤਾਕ', 'ਸੂਬੀਆ', 'ਫਾਹਿਲ' ਅਤੇ 'ਸਾਊਦੀ ਅਰਬ' ਦੇ ਬਾਰਡਰ ਦੇ
ਨਾਲ ਲੱਗਦੇ ਸ਼ਹਿਰ 'ਅਲ-ਖਬਜੀ' ਤੱਕ ਇਰਾਕੀ ਮਿਲਟਰੀ ਪੈਰ ਕਾਲ ਪਰ ਜੋੜੀ ਖੜ੍ਹੀ ਸੀ।
ਕੁਵੈਤ ਨਾਲ ਲੱਗਦੀ ਛਾਉਣੀ ਸਰਹੱਦ ਤੋਂ ਸਮੁੰਦਰੀ ਹੱਦਬੰਦੀ ਤੱਕ ਇਰਾਕੀ ਫੌਜ ਦਾ
ਮੁਕੰਮਲ ਕਬਜ਼ਾ ਹੋ ਚੁੱਕਾ ਸੀ।
ਇੱਧਰ ਯੂ.ਐੱਨ.ਓ. ਨੂੰ ਤੁਰੰਤ ਹਰਕਤ ਵਿੱਚ
ਆਉਂਦਿਆਂ ਕਾਹਲੀ ਨਾਲ ਪ੍ਰਮੁੱਖ ਦੇਸ਼ਾਂ ਦੀ ਮੀਟਿੰਗ ਵਿੱਚ ਫੈਸਲਾ ਲੈਂਦਿਆਂ ਕੁਵੈਤ
'ਤੇ ਇਰਾਕੀ ਹਮਲੇ ਦਾ ਟਾਕਰਾ ਕਰਨ ਅਤੇ ਕੁਵੈਤ ਨੂੰ ਇਰਾਕੀ ਕਬਜ਼ੇ 'ਚੋਂ ਮੁਕਤ
ਕਰਵਾਉਣ ਲਈ ਜਲਦੀ ਅਤੇ ਅਹਿਮ ਕਦਮ ਚੁੱਕੇ ਜਾਣ, ਇਸ ਸਾਰੇ ਕਾਰਜ ਦੀ ਜ਼ਿੰਮੇਵਾਰੀ
ਅਮਰੀਕੀ ਰਾਸ਼ਟਰਪਤੀ 'ਜਾਰਜ਼' ਨੂੰ ਸੌਂਪੀ ਗਈ ਤੇ ਬਾਕੀ ਸੀਨੀਅਰ ਦੇਸ਼ਾਂ ਨੂੰ ਇਸ ਪੈਨਲ
ਵਿੱਚ ਸ਼ਾਮਿਲ ਕਰ ਦਿੱਤਾ ਗਿਆ।
ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ। ਅਮਰੀਕਾ
ਸਿੱਧੇ ਤੌਰ 'ਤੇ ਆਪਣੀ ਮਨਮਰਜ਼ੀ ਨਾਲ ਇਰਾਕ 'ਤੇ ਇੱਕ ਐਸਾ ਭਿਆਨਕ ਤੇ ਤਬਾਹਕੁੰਨ
ਫੌਜੀ ਹਮਲਾ ਕਰਨਾ ਚਾਹੁੰਦਾ ਸੀ। ਇਰਾਕ ਕਈਆਂ ਦਹਾਕਿਆਂ ਤੱਕ ਮੁੜ ਉਭਾਸਰ ਨਾ ਸਕਿਆ
ਪਰ ਪੈਨਲ ਦੇ ਬਾਕੀ ਦੇਸ਼ ਅਜਿਹਾ ਕਰਨ ਵਿਚ ਸਹਿਮਤੀ ਨਹੀਂ ਸਨ ਜਤਾਉਂਦੇ।
ਮੀਟਿੰਗਾਂ ਹੁੰਦੀਆਂ ਰਹੀਆਂ। ਫੈਸਲੇ ਲਏ ਜਾਂਦੇ ਰਹੇ ਪਰ ਗੱਲ ਕਿਸੇ ਸਿੱਟੇ 'ਤੇ
ਨਾ ਪਹੁੰਚਦੀ। ਜਿਵੇਂ-ਜਿਵੇਂ ਸ਼ਾਂਤੀ ਪ੍ਰਥਮ ਦੇਸ਼ਾਂ ਵੱਲੋਂ ਜੰਗ ਨੂੰ ਟਾਲਣ ਦੇ
ਯਤਨ ਕੀਤੇ ਜਾ ਰਹੇ ਸਨ, ਤਿਵੇਂ-ਤਿਵੇਂ ਇਰਾਕ ਪ੍ਰਤੀ ਅਮਰੀਕਾ ਦੀ ਹੈਂਕੜਬਾਜ਼ੀ
ਵਧਦੀ ਹੀ ਜਾ ਰਹੀ ਸੀ। ਅਮਰੀਕਾ ਹੱਥ ਆਇਆ ਇਹ ਸੁਨਹਿਰੀ ਮੌਕਾ ਉਹ ਕਦੇ ਵੀ ਖੁੰਝਣ
ਨਹੀਂ ਸੀ ਦੇਣਾ ਚਾਹੁੰਦਾ। ਕੁਵੈਤੀ ਹਮਲੇ ਦੇ ਨਾਲ-ਨਾਲ ਹੁਣ ਹਰੇਕ ਮੀਟਿੰਗ ਵਿੱਚ
ਇਹ ਚਰਚਾ ਵੀ ਸ਼ੁਰੂ ਹੋ ਗਈ ਸੀ ਕਿ ਇਰਾਕ ਕੋਲ ਇੱਕ ਅਜਿਹਾ ਜ਼ਹਿਰੀਲਾ ਰਸਾਇਣ ਹੈ,
ਜਿਸ ਨਾਲ ਵਿਸ਼ਵ ਦੀ ਸਾਰੀ ਜਨਸੰਖਿਆ ਤਬਾਹ ਕੀਤੀ ਜਾ ਸਕਦੀ ਹੈ। ਜਿੰਨੀ ਜਲਦੀ ਹੋ
ਸਕੇ, ਇਰਾਕ ਨਾਲ ਹਰ ਸੰਭਵ ਅਤੇ ਸਖ਼ਤ ਰਵੱਈਆ ਅਪਣਾਇਆ ਜਾਵੇ ਪਰ ਤਿੰਨ ਘੰਟੇ ਦੀ
ਚੱਲੀ ਇਸ ਲੰਬੀ ਮੀਟਿੰਗ ਵਿੱਚ ਗੱਲ ਫਿਰ ਵਿੱਚ-ਵਿਚਾਲੇ ਰਹੀ ਤੇ ਅਖ਼ੀਰ ਤਜਵੀਜ਼
ਰੱਖੀ ਗਈ ਕਿ ਕਿਉਂ ਨਾ ਸੰਯੁਕਤ ਰਾਸ਼ਟਰ ਵੱਲੋਂ ਇੱਕ ਚਾਰ-ਪੰਜ ਮੈਂਬਰੀ ਉੱਚ ਪੱਧਰੀ
ਕਮੇਟੀ ਦਾ ਵੀ ਗਠਨ ਕੀਤਾ ਜਾਵੇ, ਜਿਹੜੀ ਸਿੱਧੇ ਤੌਰ 'ਤੇ ਇਰਾਕੀ ਸਰਕਾਰ ਨਾਲ
ਸੰਪਰਕ ਕਰੇ, ਜਿਹੜੀ ਬਿਨਾਂ ਕਿਸੇ ਜੰਗ ਅਤੇ ਖ਼ੂਨ-ਖ਼ਰਾਬੇ ਤੋਂ ਮਸਲੇ ਨੂੰ ਹੱਲ ਕਰਨ
ਵਿੱਚ ਗੱਲਬਾਤ ਨਾਲ ਹੀ ਸਫ਼ਲ ਹੋ ਜਾਵੇ।
ਮਜ਼ਬੂਰੀ-ਵੱਸ ਅਮਰੀਕਾ ਚੁੱਪ ਤਾਂ ਰਿਹਾ
ਪਰ ਇਹ ਤਜਵੀਜ਼ ਉਸਨੂੰ ਕਿੱਥੇ ਹਜ਼ਮ ਹੁੰਦੀ ਸੀ? ਉਹ ਤਾਂ ਇੱਕ ਇਸ਼ਾਰੇ ਦੀ ਉਡੀਕ
ਵਿੱਚ ਸੀ।
ਖ਼ੈਰ! ਯੂ.ਐੱਨ.ਓ. ਦੀ ਮੋਹਰ ਲੱਗੀ ਤੇ ਸੱਤ ਮੈਂਬਰੀ ਵਫ਼ਦ ਸਿੱਧਾ
ਇਰਾਕ ਪਹੁੰਚ ਗਿਆ। ਇਸ ਵਫ਼ਦ ਅਤੇ ਇਰਾਕੀ ਅਧਿਕਾਰੀਆਂ ਵਿੱਚ ਸਿਰਫ਼ ਇੱਕ ਮੀਟਿੰਗ
ਹੋਈ। ਇਰਾਕ ਦੇ ਉਪ-ਪ੍ਰਧਾਨ ਜਨਾਬ ਤਾਰਿਕ ਅਜੀਜ਼ ਨੇ ਵਫ਼ਦ ਨੂੰ ਜਾਣਕਾਰੀ ਦਿੱਤੀ
ਕਿ, ''ਅਬਦਲੀ ਦਾ ਤੇਲ ਸੋਧਕ ਕਾਰਖਾਨਾ ਸਾਡਾ ਹੈ। ਇਹ ਰਿਫਾਇਨਰੀ ਇਰਾਕ ਨੂੰ ਦੇ
ਦਿੱਤੀ ਜਾਵੇ। ਅਸੀਂ 24 ਘੰਟਿਆਂ ਦੇ ਵਿੱਚ ਬਿਨਾਂ ਸ਼ਰਤ ਪੂਰਾ ਕੁਵੈਤ ਖਾਲੀ ਕਰ
ਦਿਆਂਗੇ।''
ਇਹ ਵੀ ਕਿਹਾ ਜਾਂਦਾ ਹੈ ਕਿ ਇਰਾਕੀ ਸਰਕਾਰ ਨਾਲ ਆਏ ਵਫ਼ਦ ਨੇ ਕਈ
ਹੋਰ ਮੁੱਦੇ ਵੀ ਸਾਂਝੇ ਕੀਤੇ, ਜਿਸ ਨਾਲ ਦੋਹਾਂ ਦੇਸ਼ਾਂ ਦਾ ਜਾਨੀ ਜਾਂ ਮਾਲੀ
ਨੁਕਸਾਨ ਹੋਣ ਤੋਂ ਵੀ ਬਚਾਇਆ ਜਾ ਸਕੇ। ਮੀਟਿੰਗ ਸਮਾਪਤ ਹੋਣ ਬਾਅਦ ਰਸਮੀ ਕਾਰਵਾਈ
ਕਰਕੇ ਵਫ਼ਦ ਅਗਲੀ ਸਵੇਰ ਜਹਾਜ਼ ਚੜ੍ਹ ਗਿਆ ਸੀ।
ਉੱਧਰ ਅਮਰੀਕੀ ਰਾਸ਼ਟਰਪਤੀ ਨੇ ਇਸ
ਫ਼ੈਸਲੇ ਦੀ ਵਿਰੋਧਤਾ ਵਿੱਚ ਬੜਾ ਖ਼ਤਰਨਾਕ ਬਿਆਨ ਜਾਰੀ ਕਰ ਦਿੱਤਾ। ਜਿਸਦਾ ਜੋ
ਪ੍ਰਤੀਕਰਮ ਹੋਇਆ, ਉਸਦਾ ਖ਼ਮਿਆਜ਼ਾ 17 ਜਨਵਰੀ 1991 ਤੋਂ ਲੈ ਕੇ ਅੱਜ ਤੱਕ ਇਰਾਕ
ਨੂੰ ਭੁਗਤਣਾ ਪੈ ਰਿਹਾ ਹੈ ਤੇ ਇਹ ਸੰਤਾਪ ਉੱਥੋਂ ਦੇ ਗਰੀਬ ਲੋਕ ਕਿੰਨੇ ਦਹਾਕੇ
ਹੋਰ ਭੁਗਤਦੇ ਰਹਿਣਗੇ? ਕੋਈ ਅੰਦਾਜ਼ਾ ਨਹੀਂ।
ਜਾਰਜ਼ ਬੁਸ਼ ਦਾ ਜ਼ਹਿਰੀਲਾ ਭਾਸ਼ਣ :
''ਜੇਕਰ ਤੇਲ ਸੋਧਕ ਕਾਰਖਾਨਾ ਦੇ ਕੇ ਹੀ ਇਰਾਕ ਨੂੰ ਉੱਥੋਂ ਬਾਹਰ ਕੱਢਣਾ, ਫਿਰ
ਸਾਰਾ ਕੁਵੈਤ ਹੀ ਉਹਦੇ ਕੋਲ ਰਹਿਣ ਦਿਓ। ਮੈਂ ਯੂ.ਐੱਨ.ਓ. ਦੇ ਫ਼ੈਸਲੇ ਦਾ ਸਤਿਕਾਰ
ਕਰਦਾ ਹਾਂ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਮੈਨੂੰ ਖੁੱਲ੍ਹੀ ਛੁੱਟੀ ਦਿਓ,
ਸੱਦਾਮ ਹੁਸੈਨ ਰਿਫਾਇਨਰੀ ਲੈਣ ਦੀ ਗੱਲ ਕਰਦਾ, ਪੂਰਾ ਬਸਰਾ ਸ਼ਹਿਰ ਕੁਵੈਤ ਵਿੱਚ
ਮਿਲਾ ਕੇ 24 ਘੰਟਿਆਂ ਦੇ ਵਿੱਚ ਪੂਰਾ ਕੁਵੈਤ ਵੀ ਆਜ਼ਾਦ ਕਰਾ ਦਿਆਂਗੇ।''
ਬਿਆਨ
ਸੁਣ ਕੇ ਸ਼ਾਂਤ-ਚਿੱਤ ਬੈਠਾ ਇਰਾਕੀ ਰਾਸ਼ਟਰਪਤੀ ਅੱਗ ਵਾਂਗ ਮੱਚ ਉੱਠਿਆ। ਬਿਆਨ
ਦਿੱਤਾ ਕਿ, ''ਹੁਣ ਕੁਵੈਤ ਨਹੀਂ ਛੱਡਣਾ, ਭਾਵੇਂ ਬੁਸ਼ ਦੇ ਬਾਪ ਦਾ ਬਾਪ ਵੀ ਆ
ਜਾਵੇ।''
ਲਓ ਇੱਥੋਂ ਸ਼ੁਰੂ ਹੁੰਦਾ ਹੈ 'ਗਲਫ਼ ਵਾਰ' ਦਾ ਸ਼੍ਰੀ-ਗਣੇਸ਼!
ਮੀਟਿੰਗਾਂ ਦਾ ਸਿਲਸਿਲਾ ਨਿਰੰਤਰ ਜਾਰੀ ਸੀ ਪਰ ਠੋਸ ਫ਼ੈਸਲਾ ਕੋਈ ਨਹੀਂ ਸੀ ਲਿਆ
ਜਾਂਦਾ। ਪੰਜ ਮਹੀਨੇ ਇਹ ਦੌਰ ਚਲਦਾ ਰਿਹਾ।
ਅਖ਼ੀਰ 11 ਦਸੰਬਰ 1990 ਦੀ ਅੱਧੀ
ਰਾਤ ਨੂੰ ਆਖ਼ਰੀ ਤੇ ਫ਼ੈਸਲਾਕੁੰਨ ਮੀਟਿੰਗ ਹੋਈ, ਜਿਸ ਵਿੱਚ ਸੰਯੁਕਤ ਰਾਸ਼ਟਰ ਦੇ
ਜਨਰਲ ਸਕੱਤਰ ਖ਼ੁਦ ਤੇ ਵਿਸ਼ਵ ਭਰ ਦੇ ਚੋਟੀ ਦੇ 16 ਦੇਸ਼ਾਂ ਨੇ ਭਾਗ ਲਿਆ। ਫ਼ੈਸਲਾ
ਹੋਇਆ ਕਿ, ''ਕੁਵੈਤ ਨੂੰ ਖਾਲੀ ਕਰਨ ਦਾ 48 ਘੰਟੇ ਦਾ ਵਕਤ ਇਰਾਕ ਨੂੰ ਦਿੱਤਾ
ਜਾਂਦਾ ਹੈ। ਜੇਕਰ ਨਹੀਂ ਤਾਂ ਜੰਗ ਲਈ ਤਿਆਰ ਰਹੇ।'' ਇਸ ਫ਼ੈਸਲੇ ਦਾ ਮੌਜੂਦ ਦੇਸ਼ਾਂ
ਦੇ ਪ੍ਰਤੀਨਿਧਾਂ ਨੇ ਮੇਜ਼ ਥਪਥਪਾ ਕੇ ਸਵਾਗਤ ਕੀਤਾ ਸੀ।
ਸਮੁੱਚੀ ਕਾਰਵਾਈ ਦੀ
ਜ਼ਿੰਮੇਵਾਰੀ ਅਮਰੀਕੀ ਰਾਸ਼ਟਰਪਤੀ ਨੂੰ ਸੌਂਪ ਦਿੱਤੀ ਗਈ, ਜਿਹੜੀ ਉਹ ਪਿਛਲੇ ਪੰਜ
ਮਹੀਨਿਆਂ ਤੋਂ ਉਡੀਕਦਾ ਆ ਰਿਹਾ ਸੀ।
ਹੁਕਮ ਮਿਲਦੇ ਹੀ ਅਮਰੀਕੀ ਫੌਜਾਂ ਦੇ ਦੋ
ਲੱਖ ਜਵਾਨ ਸਾਊਦੀ ਅਰਬ ਪਹੁੰਚ ਗਏ। ਵੱਡੇ ਕਾਰਗੋ ਫੌਜੀ ਜਹਾਜ਼ ਅਤੇ ਸਮੁੰਦਰੀ
ਬੇੜਿਆਂ ਰਾਹੀਂ ਜੰਗੀ ਸਾਜ਼ੋ-ਸਾਮਾਨ ਇਰਾਕੀ ਤਬਾਹੀ ਲਈ ਰਵਾਨਾ ਹੋ ਰਹੇ ਸਨ।
ਅਮਰੀਕੀ ਜੰਗੀ ਜਹਾਜ਼ਾਂ ਨੇ ਕੁਵੈਤ ਸਰਹੱਦ ਦੇ ਨਾਲ ਸਾਊਦੀ ਅਰਬ ਅਤੇ ਇਰਾਕੀ ਬਾਰਡਰ
ਨਾਲ ਲੱਗਦੇ ਤੁਰਕੀ ਵਾਲੇ ਪਾਸਿਉਂ ਹਵਾਈ ਜੰਗੀ ਜਹਾਜ਼ਾਂ ਨਾਲ ਜੰਗੀ ਮਸ਼ਕਾਂ ਸ਼ੁਰੂ
ਕਰ ਦਿੱਤੀਆਂ ਸਨ।
ਪੂਰੇ ਦੇਸ਼ ਵਿੱਚ ਹੁਣ ਕਰਫਿਊ ਵਰਗਾ ਮਾਹੌਲ ਬਣ ਗਿਆ ਸੀ।
ਸਵੇਰ 7 ਵਜੇ ਤੋਂ ਲੈ ਕੇ 10 ਵਜੇ ਤੱਕ ਮਾਰਕੀਟਾਂ ਖੁਲ੍ਹਦੀਆਂ ਤੇ ਫਿਰ ਸਾਰਾ ਦਿਨ
ਬੰਦ। ਲੋਕ ਘਰਾਂ ਅੰਦਰ ਬੈਠ-ਬੈਠ ਅੱਕ ਗਏ ਸਨ। ਵਿਦੇਸ਼ੀ ਕਾਮਿਆਂ ਲਈ ਤਾਂ ਇਹ ਦਿਨ
ਬੜੇ ਮੁਸੀਬਤ ਵਾਲੇ ਸਨ। ਹਾਲਾਤ ਵਿਗੜਦੇ ਦੇਖ ਆਪਣੇ ਨਾਗਰਿਕਾਂ ਨੂੰ ਦੇਸ਼ ਵਾਪਿਸ
ਲਿਆਉਣ ਲਈ ਭਾਰਤ ਸਮੇਤ ਕਈ ਦੇਸ਼ਾਂ ਨੇ ਸਪੈਸ਼ਲ ਉਡਾਨਾਂ ਚਲਾਈਆਂ। ਪੂਰੇ ਕੁਵੈਤ 'ਚ
ਵਿਦੇਸ਼ੀ ਦੂਤ-ਘਰ ਬੰਦ ਕਰ ਦਿੱਤੇ ਗਏ। ਕਿਸੇ ਭਿਆਨਕ ਜੰਗ ਦੀ ਤਿਆਰੀ ਸੀ।
ਸੰਯੁਕਤ ਰਾਸ਼ਟਰ ਨੇ ਜੰਗ ਵਿੱਚ ਘੱਟ ਤੋਂ ਘੱਟ ਤਾਕਤ ਵਰਤਣ ਦੇ ਨਾਲ ਕਈ ਖ਼ਾਸ
ਹਦਾਇਤਾਂ ਦੇ ਪਾਲਣ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਸਨ। ਇਰਾਕ ਖਿਲਾਫ਼
ਅਮਰੀਕੀ ਹਮਲਾ ਅਖ਼ੀਰ 11 ਜਨਵਰੀ 1991 ਦੀ ਰਾਤ ਗਿਆਰਾਂ ਵਜੇ ਦੇ ਪਹਿਲੇ ਗੇੜ
ਵਿੱਚ ਅਮਰੀਕਾ ਦੀ ਗਵਾਹੀ ਵਾਲੀਆਂ ਕੁਲੀਸ਼ਨ ਫੌਜਾਂ ਦੇ 116 ਮਿਗ ਲੜਾਕੂ ਜਹਾਜ਼ਾਂ
ਦੇ ਇੱਕ ਵੱਡੇ ਟੋਲੇ ਨੇ ਇਰਾਕ ਦੀ ਰਾਜਧਾਨੀ ਬਗਦਾਦ ਅਤੇ ਵੱਡੇ ਪ੍ਰਮੁੱਖ ਸ਼ਹਿਰ
ਬਸਰਾ ਉੱਪਰ ਇੱਕ ਹੀ ਰਾਤ ਵਿੱਚ 18 ਹਜ਼ਾਰ ਟਨ ਬਾਰੂਦ ਸੁੱਟਿਆ, ਜਦਕਿ ਜੰਗ ਦੀ
ਤਿਆਰੀ ਕਰੀ ਬੈਠੀ ਇਰਾਕੀ ਸੈਨਾ ਨੇ ਇਨ੍ਹਾਂ ਜਹਾਜ਼ਾਂ ਦੇ ਕਾਫ਼ਲੇ 'ਚੋਂ ਇੱਕ ਹੀ
ਝਟਕੇ ਨਾਲ ਪੰਜ ਲੜਾਕੂ ਜਹਾਜ਼ ਉੱਤਰੀ ਬਗਦਾਦ ਦੇ ਬਾਹਰ-ਵਾਰ ਸੁੱਟ ਲਏ ਸਨ। ਇਹ
ਸਾਰੇ ਜਹਾਜ਼ ਉੱਤਰੀ ਜ਼ੋਨ ਤੋਂ 40 ਕਿਲੋਮੀਟਰ ਦੂਰ ਡਿੱਗੇ ਸਨ।
ਕੁਲੀਸ਼ਨ ਫੌਜਾਂ
ਦੇ ਜਹਾਜ਼ਾਂ ਦੇ ਇਸ ਟੋਲੇ ਨੇ ਤੁਰਕੀ ਦੀ ਰਾਜਧਾਨੀ 'ਅੰਕਰਾ' ਤੇ 'ਸਾਊਦੀ ਅਰਬ' ਦੀ
ਰਾਜਧਾਨੀ 'ਰਿਆਦ' ਤੋਂ ਉਡਾਨਾਂ ਭਰੀਆਂ ਸਨ। ਇਸ ਜਬਰਦਸਤੀ ਬੰਬਾਰੀ ਵਿੱਚ 'ਬਗਦਾਦ'
ਦੀਆਂ ਕਈ ਅਹਿਮ ਬਿਲਡਿੰਗਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ। ਇੱਧਰ ਕੁਲੀਸ਼ਨ ਫੌਜਾਂ
ਦੇ ਹਮਲੇ ਦਾ ਤਾਬੜ-ਤੋੜ ਜਵਾਬ ਦਿੰਦਿਆਂ ਇਰਾਕੀ ਫੌਜ ਨੇ ਵੀ ਜਬਰਦਸਤ ਮਿਜ਼ਾਇਲੀ
ਹਮਲੇ ਸ਼ੁਰੂ ਕਰ ਦਿੱਤੇ। ਇਰਾਕੀ ਫੌਜ ਨੇ ਇਰਾਕ ਦੇ ਸ਼ਹਿਰ ਰੁਤਬਾ ਤੋਂ ਪਹਿਲੀ
ਮਿਜ਼ਾਇਲ ਸਾਊਦੀ ਅਰਬ ਦੇ ਸ਼ਹਿਰ ਅਲਖਬਜ਼ੀ ਵਿੱਚ ਦਾਗੀ, ਜਿੱਥੇ ਅਮੀਕੀ ਮਿਲਟਰੀ ਦਾ
ਪੂਰਾ ਗੜ੍ਹ ਸੀ ਤੇ ਅਲਖਬਜ਼ੀ ਉਹ ਸ਼ਹਿਰ ਹੈ, ਜਿੱਥੇ ਸਾਊਦੀ ਅਰਬ ਦਾ ਸਭ ਤੋਂ ਵੱਡਾ
ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਅਤੇ ਤੇਲ ਸੋਧਕ ਕਾਰਖਾਨਾ ਵੀ ਮੌਜੂਦ ਹੈ।
ਹੁਣ
ਇਸ ਲੜਾਈ ਨੇ ਕਿਸੇ ਭਿਆਨਕ ਯੁੱਧ ਦਾ ਰੂਪ ਧਾਰਨ ਕਰ ਲਿਆ ਸੀ। ਦੋਹਾਂ ਪਾਸਿਆਂ ਤੋਂ
ਹਵਾਈ ਅਤੇ ਮਿਜ਼ਾਇਲੀ ਹਮਲੇ ਲਗਾਤਾਰ ਤੇਜ਼ ਹੋ ਰਹੇ ਸਨ। ਕੁਲੀਸ਼ਨ ਫੌਜਾਂ ਨੇ ਇਰਾਕੀ
ਰਾਜਧਾਨੀ ਬਗਦਾਦ ਅਤੇ ਪ੍ਰਮੁੱਖ ਸ਼ਹਿਰ ਬਸਰਾ ਨੂੰ ਆਪਣੀ ਮਾਰ ਦਾ ਕੇਂਦਰ ਬਿੰਦੂ
ਬਣਾ ਲਿਆ ਸੀ। ਉੱਧਰ ਇਰਾਕੀ ਫੌਜ ਵੀ ਬਰਾਬਰ ਦੀ ਟੱਕਰ ਦਿੰਦੀ ਅਮਰੀਕੀ ਫੌਜਾਂ ਦੀ
ਤਬਾਹੀ ਮਚਾ ਰਹੀ ਸੀ।
25 ਜਨਵਰੀ 91 ਦੀ ਰਾਤ ਨੂੰ ਇੱਕੋ ਵਕਤ ਇਰਾਕੀ ਫੌਜ ਨੇ
ਕੁਲੀਸ਼ਨ ਕੰਟਰੋਲ ਕੈਂਪ, ਜਿਹੜਾ ਸਾਊਦੀ ਦੀ ਰਾਜਧਾਨੀ ਰਿਆਦ ਦੇ ਬਾਹਰ-ਵਾਰ ਸਥਿਤ
ਸੀ, ਪੰਜ ਮਿਜ਼ਾਇਲਾਂ ਦਾਗੀਆਂ, ਜਿਨ੍ਹਾਂ 'ਚੋਂ ਤਿੰਨ ਮਿਜ਼ਾਇਲਾਂ ਕੁਲੀਸ਼ਨ ਰਡਾਰਾਂ
ਨੇ ਅਸਮਾਨ ਵਿੱਚ ਹੀ ਖ਼ਤਮ ਕਰ ਦਿੱਤੀਆਂ, ਦੋ ਆਪਣੇ ਨਿਸ਼ਾਨੇ 'ਤੇ ਜਾ ਪਹੁੰਚੀਆਂ,
ਜਿਨ੍ਹਾਂ 'ਚੋਂ ਇੱਕ ਅਮਰੀਕੀ ਆਰਮੀ ਤੇ ਦੂਸਰੀ ਬੱਥਾ ਬਾਜ਼ਾਰ ਵਿੱਚ ਜਾ ਡਿੱਗੀ। ਇਸ
ਹਮਲੇ ਵਿੱਚ ਬੱਥਾ ਬਾਜ਼ਾਰ ਵਾਲਾ ਅੱਠ ਮਾਰਗੀ ਪੁਲ ਤਬਾਹ ਹੋ ਗਿਆ ਅਤੇ ਤਿੰਨ ਹਜ਼ਾਰ
ਕੁਲੀਸ਼ਨ ਫੌਜਾਂ ਦੇ ਜਵਾਨਾਂ ਦੇ ਪਰਖਚੇ ਉੱਡ ਗਏ। ਹਮਲਾ ਏਨਾ ਭਿਆਨਕ ਸੀ ਕਿ ਇਰਾਕ
ਨੂੰ ਸਿਰਫ਼ ਕੁੱਝ ਘੰਟਿਆਂ ਵਿੱਚ ਹੀ ਗੋਡਿਆਂ ਭਾਰ ਕਰ ਦੇਣ ਵਾਲਾ ਅਮਰੀਕੀ ਸ਼ਾਸਕ ਇਹ
ਸੋਚਣ ਲਈ ਮਜ਼ਬੂਰ ਹੋ ਗਿਆ ਕਿ, ''ਹੁਣ ਕੀ ਕਰੀਏ....?''
ਹੁਣ ਕੁਲੀਸ਼ਨ ਫੌਜਾਂ
'ਕਰੋ ਜਾਂ ਮਰੋ' ਦੀ ਰਣਨੀਤੀ 'ਤੇ ਉੱਤਰ ਪਈਆਂ ਸਨ। 28 ਜਨਵਰੀ ਨੂੰ ਵਿਸ਼ਵ ਦੇ 28
ਦੇਸ਼ਾਂ ਨੇ ਰਲ ਕੇ ਇਰਾਕ ਖਿਲਾਫ਼ ਵੱਡੀ ਤੇ ਤਬਾਹਕੁੰਨ ਜੰਗ ਦਾ ਬਿਗਲ ਵਜਾ ਦਿੱਤਾ।
ਇਰਾਕੀ ਫੌਜ ਬੜੇ ਹੌਸਲੇ ਨਾਲ ਹਰ ਹਮਲੇ ਦਾ ਟਾਕਰਾ ਕਰ ਹੀ ਸੀ ਕਿਉਂਕਿ ਫੌਜ ਨੂੰ
ਰਾਸ਼ਨ-ਪਾਣੀ ਅਤੇ ਜੰਗੀ ਸਾਜ਼ੋ-ਸਾਮਾਨ ਦੀ ਇਰਾਕ ਵੱਲੋਂ ਸਪਲਾਈ ਨਿਰੰਤਰ ਜਾਰੀ ਸੀ।
ਚਸ਼ਮਦੀਦੀ ਗਵਾਹੀ ਹੈ ਕਿ ਜੰਗ ਦੇਖਣ ਵਾਲੀ ਸੀ। ਬਾ-ਕਮਾਲਬਹਾਰ ਸੀ ਇਰਾਕੀ ਫੌਜ।
ਪੰਜ-ਛੇ ਫਰਵਰੀ ਦੀ ਰਾਤ ਨੂੰ ਜੰਗ 19ਵੇਂ ਦਿਨ ਵਿੱਚ ਦਾਖ਼ਲ ਹੋ ਗਈ ਸੀ ਪਰ 28
ਦੇਸ਼ਾਂ ਦੀਆਂ ਕੁਲੀਸ਼ਨ ਫੌਜਾਂ ਇਰਾਕੀ ਰਾਸ਼ਟਰਪਤੀ ਨੂੰ ਟੱਸ ਤੋਂ ਮੱਸ ਨਾ ਕਰ
ਸਕੀਆਂ। ਦੋਹਾਂ ਧਿਰਾਂ ਵੱਲੋਂ ਲਗਾਤਾਰ ਹਮਲੇ ਜਾਰੀ ਸਨ ਪਰ ਹੁਣ ਕੁਲੀਸ਼ਨ ਫੌਜਾਂ
ਦਾ ਜ਼ੋਰ ਕੁੱਝ ਵਧਦਾ ਨਜ਼ਰ ਆ ਰਿਹਾ ਸੀ।
10 ਫਰਵਰੀ ਨੂੰ ਤੜਕੇ 2 ਵਜੇ ਇਹ
ਕੁਲੀਸ਼ਨ ਪੈਦਲ ਫੌਜੀ ਕਾਫ਼ਲਾ ਸਾਊਦੀ ਅਰਬ ਦੇ ਸ਼ਹਿਰ ਅਲਰਫਾ ਦੀ ਅਰ-ਅਰ ਚੈੱਕ-ਪੋਸਟ
ਨੂੰ ਪਾਰ ਕਰਕੇ ਇਰਾਕੀ ਸ਼ਹਿਰ ਰੁਤਬਾ ਦੇ ਏਰੀਏ ਵਿੱਚ ਦਾਖ਼ਲ ਹੋ ਚੁੱਕਾ ਸੀ।
ਇੱਧਰੋਂ ਕੁਲੀਸ਼ਨ ਫੌਜਾਂ ਦੇ ਹਵਾਈ ਜਹਾਜ਼ਾਂ ਨੇ ਤਕਰੀਬਨ ਇਰਾਕ ਦੇ ਸਾਰੇ ਵੱਡੇ
ਸ਼ਹਿਰਾਂ 'ਤੇ ਹਮਲੇ ਤੇਜ਼ ਕਰ ਦਿੱਤੇ। ਕੁਲੀਸ਼ਨ ਫੌਜਾਂ ਦੇ ਨਵੇਂ ਜੰਗੀ ਪੈਂਤੜੇ 'ਚ
ਸਭ ਤੋਂ ਪਹਿਲਾਂ ਇਰਾਕ-ਕੁਵੈਤ ਲਿੰਕ ਹਾਈਵੇਅ ਨੂੰ ਬਸਰਾ ਲਾਗਿਉਂ ਹਵਾਈ ਬੰਬਾਰੀ
ਕਰਕੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ, ਜਿਸ ਨਾਲ ਇਰਾਕ ਦਾ ਕੁਵੈਤ ਨਾਲੋਂ ਰਾਬਤਾ
ਬਿਲਕੁਲ ਟੁੱਟ ਗਿਆ। ਸਾਰੀ ਸਪਲਾਈ ਠੱਪ ਹੋ ਕੇ ਰਹਿ ਗਈ।
14 ਫਰਵਰੀ 91 ਨੂੰ
ਲੱਗਭਗ ਦੋਹਾਂ ਧਿਰਾਂ ਵੱਲੋਂ ਹਵਾਈ ਅਤੇ ਮਿਜ਼ਾਇਲੀ ਹਮਲੇ ਬੰਦ ਹੋ ਚੁੱਕ ਸਨ। ਹੁਣ
ਇਰਾਕ ਅਤੇ ਕੁਲੀਸ਼ਨ ਫੌਜਾਂ ਵਿੱਚ ਆਹਮੋ-ਸਾਹਮਣੀ ਜ਼ਮੀਨੀ ਜੰਗ ਸ਼ੁਰੂ ਹੋ ਗਈ ਸੀ।
ਕੁਲੀਸ਼ਨ ਫੌਜੀ ਕਾਫ਼ਲਾ ਅਲਖਬਜੀ ਵਾਲਾ ਬਾਰਡਰ ਪਾਰ ਕਰਕੇ ਕੁਵੈਤ ਵਿੱਚ ਦਾਖ਼ਲ ਹੋ
ਗਿਆ ਪਰ ਇਰਾਕੀ ਫੌਜ ਵੱਲੋਂ ਵਿਛਾਈਆਂ ਬਾਰੂਦੀ ਸੁਰੰਗਾਂ ਨੇ ਸ਼ੁਰੂ ਵਿੱਚ ਕੁਲੀਸ਼ਨ
ਫੌਜਾਂ ਦਾ ਭਾਰੀ ਨੁਕਸਾਨ ਕੀਤਾ। ਫਿਰ ਵੀ ਉਹ ਬੜੀ ਤੇਜ਼ੀ ਨਾਲ ਇਰਾਕੀ ਸੈਨਾ 'ਤੇ
ਭਾਰੀ ਹੋ ਰਹੇ ਸਨ।
ਹੁਣ ਇਰਾਕੀ ਫੌਜ ਲਈ ਅਸਲੇ ਅਤੇ ਰਾਸ਼ਨ-ਪਾਣੀ ਦੀ ਸਪਲਾਈ
ਬੰਦ ਹੋਣ ਨਾਲ ਵੱਡੀ ਮੁਸੀਬਤ ਖੜ੍ਹੀ ਹੋ ਗਈ ਸੀ।
ਹਾਲਾਤ ਨੂੰ ਮੱਦੇਨਜ਼ਰ
ਰੱਖਦਿਆਂ ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਦੇ ਹੁਕਮਾਂ 'ਤੇ ਇਰਾਕੀ ਫੌਜੀ
ਕਮਾਂਡਰਾਂ ਨੇ ਜਵਾਨਾਂ ਨੂੰ ਤੁਰੰਤ ਆਪਣੀ ਜਾਨ ਬਚਾਉਣ ਲਈ ਪਿੱਛੇ ਹਟ ਜਾਣ ਦੀਆਂ
ਹਦਾਇਤਾਂ ਜਾਰੀ ਕਰ ਦਿੱਤੀਆਂ। ਹੁਣ ਸਮਾਂ ਹੱਥੋਂ ਨਿਕਲ ਚੁੱਕਾ ਸੀ। ਤਮਾਮ ਇਰਾਕੀ
ਫੌਜੀ ਅਤੇ ਸਾਰੀ ਮਸ਼ੀਨਰੀ ਕੁਲੀਸ਼ਨ ਫੌਜਾਂ ਦੇ ਘੇਰੇ ਵਿੱਚ ਆ ਚੁੱਕੀ ਸੀ। ਬੱਸ ਫਿਰ
ਕੀ ਸੀ? ਦੋਨਾਂ ਫੌਜੀ ਧਿਰਾਂ ਵਿੱਚ ਜ਼ਮੀਨੀ ਜੰਗ ਨੇ ਇੱਕ ਭਿਆਨਕ ਤੇ ਖੂੰਖਾਰ ਰੂਪ
ਧਾਰ ਲਿਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਰਾਕੀ ਫੌਜੀਆਂ ਨੂੰ ਆਪਣੀ ਜਾਨ ਤੋਂ ਹੱਥ
ਧੋਣੇ ਪਏ।
ਇਸ ਜੰਗ ਦੌਰਾਨ ਟੁੱਟ ਚੁੱਕੀਆਂ ਸੜਕਾਂ, ਪੁਲ ਅਤੇ ਇਮਾਰਤਾਂ ਵਿੱਚ
ਹਵਾਈ ਬੰਬਾਰੀ ਨਾਲ ਬੜੇ ਡੂੰਘੇ ਟੋਏ-ਖੱਡੇ ਪੈ ਗਏ ਸਨ। ਕਾਫ਼ੀ ਮਿਹਨਤ ਕਰਨ ਬਾਅਦ
ਮੈਂ ਉਸ ਕੰਪਨੀ ਦੇ ਨੁਮਾਇੰਦਿਆਂ ਨੂੰ ਮਿਲਣ ਵਿੱਚ ਸਫ਼ਲ ਹੋ ਗਿਆ, ਜਿਨ੍ਹਾਂ ਨੇ
ਪੂਰੇ ਕੁਵੈਤ ਏਰੀਏ 'ਚੋਂ ਸੜਕਾਂ-ਪੁਲਾਂ ਦੀ ਰਿਪੇਅਰ ਅਤੇ ਨਸ਼ਟ ਹੋ ਚੁੱਕੇ ਹਥਿਆਰ
ਤੇ ਅੱਗ ਨਾਲ ਸੜ ਚੁੱਕੀ ਸਾਰੀ ਸਿਵਲ ਤੇ ਮਿਲਟਰੀ ਟਰਾਂਸਪੋਰਟ ਨੂੰ ਇਕੱਠਾ ਕਰਕੇ
ਸਫ਼ਾਈ ਦਾ ਠੇਕਾ ਲਿਆ ਸੀ। ਇਹ ਦੋਵੇਂ M1R21L ਅਤੇ O.“.S. ਬਾਹਰ ਦੀਆਂ ਕੰਪਨੀਆਂ
ਸਨ।
ਉਨ੍ਹਾਂ ਆਪਣੇ ਨਾਮ ਨਾ ਲਿਖਣ ਦੀ ਸ਼ਰਤ 'ਤੇ ਦੱਸਿਆ ਕਿ ਕੁਵੈਤ ਸਿਟੀ ਤੋਂ
190 ਕਿਲੋਮੀਟਰ ਦੂਰ ਸਾਬੀਆ ਖੇਤਰ ਵਿੱਚ ਬੇ-ਹਿਸਾਬ ਸ਼ਕਤੀਸ਼ਾਲੀ ਮਸ਼ੀਨ-ਗੰਨਾਂ,
ਤੋਪਾਂ, ਬਖਤਰ-ਬੰਦ, ਟੈਂਕ ਅਤੇ ਗੱਡੀਆਂ ਦੇ ਸੜੇ ਹੋਏ ਮਲਬੇ ਦੇ ਢੇਰ ਦੇਖਣ ਨੂੰ
ਮਿਲੇ। ਨਕਾਰਾ ਹੋਏ ਵਾਇਰਲੈਸ ਸੈੱਟ, ਜਵਾਨਾਂ ਦੇ ਬੂਟ, ਹੈਲਮਟ (ਟੋਪ), S.L.R.
ਗੰਨਾਂ ਅਤੇ ਰਾਕੇਟ ਲਾਂਚਰ, ਜਿਨ੍ਹਾਂ ਨੂੰ ਬਾਅਦ ਵਿੱਚ ਕੰਪਨੀ ਨੇ ਕਈ ਮੀਟਰ
ਡੂੰਘੇ ਖੱਡੇ ਪੁੱਟ ਕੇ ਦਫ਼ਨ ਕਰ ਦਿੱਤਾ ਸੀ।
ਇਹ ਉਹ ਇਲਾਕਾ ਹੈ, ਜਿੱਥੇ
ਕੁਲੀਸ਼ਨ ਅਤੇ ਇਰਾਕੀ ਫੌਜਾਂ ਵਿੱਚ ਗਹਿਗੱਚ ਲੜਾਈ ਹੋਈ ਸੀ। ਇਸ ਖੇਤਰ ਦਾ ਪੂਰਾ
ਨਿਰੀਖਣ ਕਰਨ 'ਤੇ ਇਸ ਗੱਲ ਦਾ ਪਤਾ ਲੱਗਾ ਕਿ ਇਰਾਕੀ ਸੈਨਿਕਾਂ ਲਈ ਜਾਨਾਂ ਬਚਾ ਕੇ
ਨਿਕਲ ਜਾਣ ਦਾ ਇੱਕ ਹੀ ਰਸਤਾ ਰਿਹਾ ਸੀ ਸਾਬੀਆ ਖੇਤਰ ਵਿੱਚ ਬਣਿਆ ਪੰਜ ਕਿਲੋਮੀਟਰ
ਲੰਬਾ ਕੁਵੈਤ-ਇਰਾਕ ਲਿੰਕ ਬਰਿੱਜ, ਜਿਹੜਾ ਸਮੁੰਦਰ ਦੇ ਇੱਕ ਛੋਟੇ ਹਿੱਸੇ 'ਤੇ
ਸਥਿਤ ਹੈ ਪਰ ਉਦੋਂ ਤੱਕ ਕੁਲੀਸ਼ਨ ਫੌਜਾਂ ਦੇ ਬੰਬਾਰ ਜਹਾਜ਼ਾਂ ਨੇ ਪੁਲ ਨੂੰ
ਵਿਚਕਾਰੋਂ ਦੋ ਜਗ੍ਹਾ ਤੋਂ ਉਡਾ ਦਿੱਤਾ ਸੀ।
ਇੱਕ ਅਫਗਾਨੀ ਅਫ਼ਸਰ ਨੇ ਖੁਲਾਸਾ
ਕਰਦਿਆਂ ਦੱਸਿਆ ਕਿ ਇਸ ਖੁੱਲ੍ਹੇ ਮੈਦਾਨ ਵਿੱਚ ਦੋਹਾਂ ਧਿਰਾਂ ਵੱਲੋਂ ਅਠਾਰਾਂ ਤੋਂ
ਪੱਚੀ ਘੰਟੇ ਤੱਕ ਆਹਮੋ-ਸਾਹਮਣੀ ਜ਼ਮੀਨੀ ਜੰਗ, ਜਿਹੜੀ ਆਖ਼ਰੀ ਤੇ ਦਿਲ ਦਹਿਲਾ ਦੇਣ
ਵਾਲੀ ਫੈਸਲਾਕੁੰਨ ਜੰਗ ਲੜੀ ਗਈ ਸੀ ਅਤੇ ਅੰਦਾਜ਼ਨ ਸਮੁੱਚੇ ਯੁੱਧ ਵਿੱਚ ਦੋਵਾਂ
ਧਿਰਾਂ ਦੇ ਇੱਕ ਲੱਖ ਤੋਂ ਵੀ ਵੱਧ ਜਵਾਨ ਇਸ ਲੜਾਈ ਦੀ ਭੇਟ ਚੜ੍ਹੇ। ਇਸੇ ਇਲਾਕੇ
ਵਿੱਚ ਬਣਿਆ ਸਮੁੰਦਰ ਉੱਪਰਲਾ ਪੁਲ ਇਸ ਜੰਗ ਦੀ ਭੇਟ ਚੜ੍ਹਿਆ ਅੱਜ ਵੀ ਪੁਰਾਣੀ
ਦਾਸਤਾਨ ਬਿਆਨ ਕਰ ਰਿਹਾ ਹੈ।
ਅੱਜ ਇਰਾਕ ਮਾਨਸਿਕ ਤੌਰ 'ਤੇ ਲਹੂ-ਲੁਹਾਣ,
ਆਰਥਿਕ ਤੌਰ 'ਤੇ ਬਰਬਾਦ ਅਤੇ ਸਮਾਜਿਕ ਤੌਰ 'ਤੇ ਕਈ ਹਿੱਸਿਆਂ ਵਿੱਚ ਵੰਡਿਆ ਜਾ
ਚੁੱਕਾ ਹੈ। ਇਹ ਉਸ ਦੇਸ਼ ਦੀ ਬਦ-ਕਿਸਮਤੀ ਹੈ ਜਾਂ ਕੁਦਰਤੀ ਤਰਾਸ਼ਦੀ!! ਅਜੇ ਕਹਿਣਾ
ਮੁਮਕਿਨ ਨਹੀਂ ਪਰ ਇਹ ਕਹਿਣਾ ਜ਼ਰੂਰ ਬਣਦਾ ਹੈ ਕਿ ਉਸ ਦੇਸ਼ ਦੀ ਬਰਬਾਦੀ ਤੇ ਤਬਾਹੀ
ਲਈ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਹੀ ਜ਼ਿੰਮੇਵਾਰ ਹਨ।
ਅੱਜ ਇੰਨਾ ਹੀ! ਬਾਕੀ
ਕਿਤੇ ਫੇਰ ਸਹੀ....। ਆਸਟ੍ਰੇਲੀਆ ਤੋਂ -ਰਣਜੀਤ 'ਚੱਕ ਤਾਰੇ ਵਾਲਾ'
ਜ਼ਿਲ੍ਹਾ ਮੋਗਾ
|