|
|
ਪੰਜਾਬੀਆਂ ਦੇ ਸੁਭਾਵ ਵਿਚ 'ਮੰਗ ਕੇ ਖਾਣਾ' ਸ਼ਾਮਲ ਨਹੀਂ ਹੈ। ਇਹ ਮਨੁੱਖੀ
ਬਿਰਤੀ ਹੈ ਕਿ ਜਦੋਂ ਕੋਈ ਵਿਅਕਤੀ ਮਾਨਸਿਕ ਜਾਂ ਸਰੀਰਕ ਰੂਪ ਵਿਚ ਬੀਮਾਰ ਹੋ
ਜਾਂਦਾ ਹੈ ਤਾਂ ਉਹ ਸਮਾਜ ਵਿਚ ਰਹਿੰਦੇ ਦੂਜੇ ਲੋਕਾਂ ਤੋਂ ਆਸਰਾ ਭਾਲਦਾ ਹੈ। ਪਰ,
ਅਜੋਕੇ ਸਮੇਂ 'ਮੰਗਣਾ' ਇੱਕ ਵੱਡੇ ਵਪਾਰ ਦਾ ਰੂਪ ਅਖ਼ਤਿਆਰ ਕਰ ਗਿਆ ਹੈ। ਹਰ ਰੋਜ਼
ਟੀ. ਵੀ., ਅਖ਼ਬਾਰਾਂ ਵਿਚ ਇਹ ਖ਼ਬਰਾਂ ਪ੍ਰਸਾਰਿਤ ਹੁੰਦੀਆਂ ਰਹਿੰਦੀਆਂ
ਹਨ ਕਿ ਨਿੱਕੇ ਬੱਚਿਆਂ ਨੂੰ ਅਗਵਾ ਕਰਕੇ, ਅੰਗਹੀਣ ਕਰਕੇ ਉਹਨਾਂ ਤੋਂ ਭਿੱਖਿਆ
ਮੰਗਵਾਈ ਜਾ ਰਹੀ ਹੈ। ਵੱਡੇ ਸ਼ਹਿਰਾਂ ਵਿਚ ਇਹ ਵਪਾਰ ਕਾਫ਼ੀ ਵਰਿਆਂ ਤੋਂ ਚਰਚਾ ਦਾ
ਵਿਸ਼ਾ ਬਣਿਆ ਹੋਇਆ ਹੈ। ਪਰ, ਸਮੇਂ ਦੀਆਂ ਸਰਕਾਰਾਂ ਅਤੇ ਸਮਾਜ ਦੇ ਬੁਧੀਜੀਵੀ ਲੋਕ
ਇਸ ਪਾਸੇ ਤੋਂ ਅੱਖਾਂ ਬੰਦ ਕਰਕੇ ਬੈਠੇ ਹਨ। ਖ਼ੈਰ! ਇਹ ਵੱਖਰਾ ਮੁੱਦਾ ਹੈ
ਜਿਹੜਾ ਬਹੁਤ ਗੰਭੀਰ ਅਤੇ ਵਿਸਥਾਰਪੂਰਵਕ ਚਰਚਾ ਦੀ ਮੰਗ ਕਰਦਾ ਹੈ। ਸਾਡੇ ਇਸ ਲੇਖ
ਦਾ ਮੁੱਖ ਮੁੱਦਾ ਪੰਜਾਬੀ ਸਮਾਜ ਦਾ ਭਿੱਖਿਆ ਮੰਗਣਾ ਜਾਂ ਮੰਗ ਕੇ ਖਾਣ ਪ੍ਰਤੀ ਕੀ
ਵਿਚਾਰ ਹੈ, ਇਸ ਵਿਸ਼ੇ ਨਾਲ ਸੰਬੰਧਤ ਹੈ। ਇਸ ਲਈ ਲੇਖ ਦੀ ਸੰਖੇਪਤਾ ਨੂੰ ਦੇਖਦਿਆਂ
ਅਸੀਂ ਆਪਣੇ ਵਿਸ਼ੇ ਤੋਂ ਬਾਹਰ ਦੇ ਮੁੱਦੇ ਲੇਖ ਵਿਚ ਸ਼ਾਮਲ ਨਹੀਂ ਕਰਾਂਗੇ ਤਾਂ ਕਿ
ਲੇਖ ਨੂੰ ਸਹੀ ਆਕਾਰ ਵਿਚ ਸਮਾਪਤ ਕੀਤਾ ਜਾ ਸਕੇ। ਜਗਤ ਗੁਰੂ ਨਾਨਕ ਦੇਵ
ਜੀ ਨੇ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਵਿਚ ਸਭ ਤੋਂ ਪਹਿਲਾ 'ਕਿਰਤ ਕਰੋ' ਦੇ
ਸੁਨਹਿਰੀ ਸਿਧਾਂਤ ਨੂੰ ਸ਼ਾਮਲ ਕੀਤਾ ਹੈ, ਤਵੱਜੋਂ ਦਿੱਤੀ ਹੈ। ਬਾਬੇ ਨਾਨਕ ਨੇ
ਕੇਵਲ ਲਿਖਤੀ ਰੂਪ ਵਿਚ ਹੀ ਕਿਰਤ ਦੇ ਸਿਧਾਂਤ ਨੂੰ ਮਹਾਨਤਾ ਨਹੀਂ ਦਿੱਤੀ ਬਲਕਿ ਆਪ
ਹਲ਼ ਵਾਅ ਕੇ ਮਨੁੱਖਤਾ ਨੂੰ ਮਿਹਨਤ ਕਰਨ ਦਾ ਸੰਦੇਸ਼ ਦਿੱਤਾ ਹੈ। ਸ਼ਾਇਦ ਇਸੇ ਲਈ
ਪੰਜਾਬੀਆਂ ਦੇ ਸੁਭਾਅ ਵਿਚ ਮੰਗਣਾ ਸ਼ਾਮਲ ਨਹੀਂ ਹੈ। ਸੂਫ਼ੀ ਫ਼ਕੀਰ ਬਾਬਾ
ਫ਼ਰੀਦ ਨੇ ਆਪਣੇ ਸਲੋਕਾਂ ਵਿਚ ਅੱਲਾ ਨੂੰ ਗੁਜ਼ਾਰਿਸ਼ ਕੀਤੀ ਹੈ, 'ਹੇ ਮੇਰੇ ਮਾਲਕ
ਮੈਨੂੰ ਕਿਸੇ ਦੇ ਦਰ 'ਤੇ ਮੰਗਣ ਵਾਸਤੇ ਨਾ ਭੇਜੀਂ। ਹਾਂ ਜੇਕਰ ਤੇਰੀ ਇਹ ਇੱਛਾ ਹੈ
ਕਿ ਤੂੰ ਮੈਨੂੰ ਕਿਸੇ ਦੇ ਦਰ 'ਤੇ ਮੰਗਣ ਵਾਸਤੇ ਭੇਜਣਾ ਚਾਹੁੰਦਾ ਹੈਂ ਤਾਂ ਮੰਗਣ
ਭੇਜਣ ਤੋਂ ਪਹਿਲਾਂ ਮੈਨੂੰ ਮੌਤ ਦੇ ਦੇਵੀਂ, ਮੈਨੂੰ ਮਾਰ ਦੇਵੀਂ।' ਭਾਵ ਬਾਬਾ
ਫ਼ਰੀਦ ਜੀ ਕਿਸੇ ਦੇ ਦਰ 'ਤੇ ਮੰਗਣ ਜਾਣ ਨਾਲੋਂ ਮਰਨਾ ਜਿਆਦਾ ਪੰਸਦ ਕਰਦੇ ਹਨ।
“ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ। ਜੇ ਤੂ
ਏਵੈ ਰਖਸੀ ਜੀਉ ਸਰੀਰਹੁ ਲੇਹਿ” (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਨੰ.
1378) ਪਰ ਅਫ਼ਸੋਸ, ਗੁਰੂ ਨਾਨਕ ਅਤੇ ਬਾਬੇ ਫ਼ਰੀਦ ਦੇ ਅਖ਼ੌਤੀ ਵਾਰਸ ਅੱਜ
ਕੱਲ 'ਮੰਗ ਕੇ ਖਾਣ' ਵਿਚ ਰਤਾ ਭਰ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਬੱਸਾਂ,
ਰੇਲਗੱਡੀਆਂ ਅਤੇ ਕਈ ਹੋਰ ਜਨਤਕ ਥਾਂਵਾਂ 'ਤੇ ਪਾਖੰਡੀ ਲੋਕ ਉਹਨਾਂ ਗੁਰੂਆਂ ਦੇ
ਨਾਮ 'ਤੇ ਮੰਗਦੇ ਆਮ ਹੀ ਨਜ਼ਰ ਪੈ ਜਾਂਦੇ ਹਨ ਜਿਹਨਾਂ ਨੇ ਮਨੁੱਖਤਾ ਨੂੰ ਮਿਹਨਤ
ਕਰਨ ਦਾ ਸੰਦੇਸ਼ ਦਿੱਤਾ ਹੈ, ਜਾਚ ਸਿਖਾਈ ਹੈ, ਪਾਠ ਪੜਾਇਆ ਹੈ। ਹੱਦ ਤਾਂ
ਉਦੋਂ ਹੁੰਦੀ ਹੈ ਜਦੋਂ ਧਾਰਮਿਕ ਲਿਬਾਸ ਧਾਰਨ ਕਰਕੇ ਬਹੁਤ ਸਾਰੇ ਪਾਖੰਡੀ, ਆਮ
ਲੋਕਾਂ ਤੋਂ ਧਰਮ ਅਸਥਾਨਾਂ ਦੀ ਉਸਾਰੀ ਦੇ ਨਾਮ 'ਤੇ ਪੈਸੇ ਮੰਗਦੇ ਹਨ। ਹੈਰਾਨੀ
ਹੁੰਦੀ ਹੈ ਇਹਨਾਂ ਦੇ ਸਰੀਰ ਨੂੰ ਦੇਖ ਕੇ, ਕਿਉਂਕਿ ਇਹ ਮੰਗਤੇ ਅਕਸਰ ਬਿਲਕੁਲ
ਤੰਦਰੁਸਤ ਹੁੰਦੇ ਹਨ। ਬੱਸਾਂ, ਰੇਲਗੱਡੀਆਂ ਵਿਚ ਨੌਜਵਾਨ ਉਮਰ ਦੇ ਮੁੰਡੇ, ਕੁੜੀਆਂ
ਪੈਸੇ ਮੰਗਦੇ ਆਮ ਹੀ ਨਜ਼ਰੀਂ ਪੈ ਜਾਂਦੇ ਹਨ। ਇਹ ਗੰਦੇ ਕਪੜੇ ਪਾ ਕੇ, ਤਰਸਯੋਗ
ਹਾਲਤ ਸਿਰਜ ਕੇ, ਆਮ ਲੋਕਾਂ ਨੂੰ ਪੈਸਾ ਦੇਣ ਲਈ ਮਜ਼ਬੂਰ ਕਰ ਦਿੰਦੇ ਹਨ ਅਤੇ ਅਕਸਰ
ਹੀ ਆਪਣੇ ਮਕਸਦ ਵਿਚ ਕਾਮਯਾਬ ਵੀ ਹੋ ਜਾਂਦੇ ਹਨ। ਅੱਜ ਕੱਲ ਇਕ ਹੋਰ
ਤਰਾਂ ਦਾ ਮੰਗਣਾ, ਠੱਗਣਾ ਆਮ ਹੀ ਦੇਖਣ ਨੂੰ ਮਿਲਦਾ ਹੈ। ਕੋਈ ਵਿਅਕਤੀ ਚੰਗੇ ਕਪੜੇ
ਪਾ ਕੇ, ਚਸ਼ਮਾ- ਟਾਈ ਲਾ ਕੇ, ਆਮ ਲੋਕਾਂ ਨੂੰ ਆਪਣੇ ਪਰਸ (ਬਟੂਏ) ਦੇ ਗੁਆਚ ਜਾਣ
ਦੀ ਜਾਣਕਾਰੀ ਦਿੰਦਾ ਹੈ ਅਤੇ ਆਖਦਾ ਹੈ ਕਿ ਉਸਦਾ ਸਾਰਾ ਪੈਸਾ ਚੋਰੀ ਹੋ ਗਿਆ ਹੈ।
ਕਿਰਪਾ ਕਰਕੇ ਮੇਰੀ ਮਦਦ ਕਰੋ। ਮੈਂ ਤੁਹਾਡੇ ਪੈਸੇ ਵਾਪਸ ਕਰ ਦਿਆਂਗਾ। ਪਰ, ਉਹੀ
ਬੰਦਾ ਅਗਲੇ ਦਿਨ ਫਿਰ ਉਸੇ ਜਗਾ 'ਤੇ ਲੋਕਾਂ ਤੋਂ ਉਵੇਂ ਹੀ ਠੱਗੀ ਮਾਰ ਰਿਹਾ
ਹੁੰਦਾ ਹੈ। ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਕਦੇ ਕੋਈ ਚੰਗਾ, ਨੇਕ ਬੰਦਾ ਅਸਲ
ਵਿਚ ਵੀ ਲਾਚਾਰ ਹੋ ਸਕਦਾ ਹੈ ਪਰ ਅਕਸਰ ਇਸ ਪ੍ਰਕਾਰ ਦੇ ਬੰਦੇ ਧੋਖ਼ੇਬਾਜ਼, ਠੱਗ
ਹੁੰਦੇ ਹਨ। ਆਮ ਕਰਕੇ ਜਨਤਕ ਥਾਂਵਾਂ 'ਤੇ ਅਜਿਹੇ ਲੋਕ ਜਿਆਦਾ ਸਰਗਰਮ
ਹੁੰਦੇ ਹਨ ਕਿਉਂਕਿ ਇੱਥੇ ਲੋਕਾਂ ਦਾ ਇਕੱਠ ਹੁੰਦਾ ਹੈ। ਇਸ ਕਰਕੇ ਪੈਸੇ ਵੱਧ ਮਿਲਣ
ਦੀ ਆਸ ਹੁੰਦੀ ਹੈ। ਕਈ ਵਾਰ ਪਿੰਡਾਂ, ਸ਼ਹਿਰਾਂ ਵਿਚ ਵੀ ਕੁਝ ਬੰਦੇ ਮਿਲ ਕੇ, ਕਿਸੇ
ਧਾਰਮਿਕ ਜਗਾਂ ਦੀ ਉਸਾਰੀ ਆਦਿ ਦਾ ਝੂਠਾ ਬਹਾਨਾ ਬਣਾ ਕੇ, ਆਮ ਲੋਕਾਂ ਕੋਲੋਂ ਪੈਸੇ
ਠੱਗ ਲੈਂਦੇ ਹਨ। ਹਾਂ, ਜੇਕਰ ਅਸਲ ਵਿੱਚ ਕੋਈ ਜਗਾ ਬਣਾਈ ਜਾ ਰਹੀ ਹੈ ਤਾਂ ਉਸ ਦੀ
ਪੂਰੀ ਤਰਾਂ ਪੜਤਾਲ ਕਰਨਾ ਲਾਜ਼ਮੀ ਹੈ। ਪਰ ਬਿਨਾਂ ਕਿਸੇ ਪੜਤਾਲ, ਜਾਣਕਾਰੀ ਤੋਂ
ਪੈਸੇ ਦੇਣਾ ਮੂਰਖ਼ਤਾ ਹੁੰਦੀ ਹੈ। ਕੁਝ ਵਰੇ ਪਹਿਲਾਂ ਤੱਕ ਇਕ ਕਹਾਵਤ
ਬਹੁਤ ਮਸ਼ਹੂਰ ਹੁੰਦੀ ਸੀ ਕਿ ਤੁਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਚਲੇ ਜਾਓ
ਤੁਹਾਨੂੰ ਕੋਈ ਸਿੱਖ, ਪੰਜਾਬੀ ਬੰਦਾ ਮੰਗਤਾ ਨਹੀਂ ਮਿਲੇਗਾ। ਪਰ ਹੁਣ ਅਜਿਹਾ ਨਹੀਂ
ਹੈ। ਹਜ਼ਾਰਾਂ ਲੋਕਾਂ ਨੇ ਸਿੱਖ ਦੇ ਭੇਸ ਵਿਚ ਮੰਗਣ ਨੂੰ ਆਪਣਾ ਧੰਦਾ ਬਣਾ ਲਿਆ ਹੈ।
ਰੇਲਵੇ ਸਟੇਸ਼ਨ, ਬੱਸ ਅੱਡਿਆਂ ਤੇ ਤੁਹਾਨੂੰ ਅਜਿਹੇ ਕਈ ਲੋਕ ਮਿਲ ਜਾਣਗੇ ਜਿਹਨਾਂ
ਸਿੱਖ ਦੇ ਪਹਿਰਾਵੇ ਨੂੰ ਮੰਗਣ ਲਈ ਇਸਤੇਮਾਲ ਕੀਤਾ ਹੈ। ਲੋਕ ਪੰਜਾਬੀਆਂ, ਸਿੱਖਾਂ
ਦੀ ਇਮਾਨਦਾਰੀ ਨੂੰ ਮੱਦੇਨਜ਼ਰ ਰੱਖਦਿਆਂ ਅਜਿਹੇ ਲੋਕਾਂ ਨੂੰ ਪੈਸੇ ਦੇ ਦਿੰਦੇ ਹਨ।
ਪਰ ਅਸਲ ਵਿਚ ਇਹਨਾਂ ਮੰਗਤਿਆਂ ਵਿਚੋਂ ਬਹੁਤੇ ਬਹਿਰੁਪੀਏ ਹੁੰਦੇ ਹਨ, ਨਕਲੀ ਹੁੰਦੇ
ਹਨ। ਜਿਹਨਾਂ ਦਾ ਕਿਸੇ ਧਰਮ, ਸਮਾਜ ਨਾਲ ਕੋਈ ਲੈਣਾ- ਦੇਣਾ ਨਹੀਂ ਹੁੰਦਾ। ਉਹਨਾਂ
ਤਾਂ ਸਿਰਫ਼ ਸਰੀਰਕ ਮਿਹਨਤ ਤੋਂ ਬਚਣਾ ਹੈ; ਇਸ ਤੋਂ ਵੱਧ ਕੁਝ ਨਹੀਂ। ਮੰਗ
ਕੇ ਖਾਣਾ ਕਿਸੇ ਅਪਾਹਜ ਵਿਅਕਤੀ ਲਈ ਤਾਂ ਕੁਝ ਹੱਦ ਤੱਕ ਠੀਕ ਕਿਹਾ ਜਾ ਸਕਦਾ ਹੈ,
ਪਰ ਤੰਦਰੁਸਤ ਮਨੁੱਖ ਲਈ ਮੰਗਣਾ, ਮਰਨ ਬਰਾਬਰ ਹੁੰਦਾ ਹੈ। ਬਹੁਤੇ ਲੋਕ ਸਰੀਰਕ
ਨੁਕਸ ਕਰਕੇ ਨਹੀਂ ਬਲਕਿ ਮਾਨਸਿਕ ਕਮਜ਼ੋਰੀ ਕਰਕੇ ਮੰਗਣ ਲੱਗ ਪੈਂਦੇ ਹਨ। ਮਿਹਨਤ ਦੀ
ਰੋਟੀ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਪਰ ਮੰਗਣ ਦੀ ਚੇਟਕ ਵਾਲਾ ਵਿਅਕਤੀ ਕਦੇ
ਮਿਹਨਤ ਨਹੀਂ ਕਰਦਾ ਅਤੇ ਸਮਾਜ ਵਿਚ ਮੰਗਣ ਦੀ ਪਰਵ੍ਰਿਤੀ ਨੂੰ ਅੱਗੇ ਤੋਰਦਾ
ਰਹਿੰਦਾ ਹੈ, ਵਧਾਉਂਦਾ ਰਹਿੰਦਾ ਹੈ। ਇੱਥੇ ਵਿਚਾਰ ਕਰਨ ਵਾਲੀ ਗੱਲ ਇਹ
ਹੈ ਕਿ ਮੰਗਣਾ ਕੇਵਲ ਧਰਮ ਦੇ ਨਾਮ 'ਤੇ ਹੀ ਨਹੀਂ ਹੁੰਦਾ ਬਲਕਿ ਜ਼ਾਤ, ਖੇਤਰ,
ਬੋਲੀ, ਪਹਿਰਾਵੇ, ਅਸੀਸ, ਬਦ- ਅਸੀਸ ਅਤੇ ਤਰਸ ਦੇ ਆਧਾਰ 'ਤੇ ਵੀ ਹੁੰਦਾ ਹੈ। ਆਮ
ਲੋਕ ਇਹਨਾਂ ਮੰਗਤਿਆਂ ਦੀਆਂ ਗੱਲਾਂ ਵਿਚ ਆ ਕੇ ਆਪਣੀ ਮਿਹਨਤ ਦੇ ਪੈਸੇ ਨੂੰ ਵਿਅਰਥ
ਗੁਆ ਬੈਠਦੇ ਹਨ। ਅਜੋਕੇ ਸਮੇਂ ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ
ਸਮਝਣ ਦੀ ਲੋੜ ਹੈ। ਆਪਣੇ ਪੁਰਖ਼ਿਆਂ ਦੇ ਦਿੱਤੇ ਅਮੁੱਲ ਸਿਧਾਂਤਾਂ 'ਤੇ ਅਮਲ ਕਰਕੇ
ਅਸੀਂ ਮੰਗਣ ਵਾਲੀ ਬੀਮਾਰੀ ਤੋਂ ਆਪਣੇ ਸਮਾਜ ਨੂੰ ਬਚਾ ਸਕਦੇ ਹਾਂ। ਮਿਹਨਤ ਕਰਕੇ
ਮਾਨਸਿਕ ਅਤੇ ਸਰੀਰਕ ਤੰਦਰੁਸਤੀ ਪ੍ਰਾਪਤ ਕਰ ਸਕਦੇ ਹਾਂ। ਮਿਹਨਤ ਨਾਲ ਕਮਾਈ ਰੋਟੀ
ਨੂੰ ਖਾ ਕੇ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਆਓ ਦੋਸਤੋ, ਮਿਹਨਤ ਨੂੰ ਆਪਣੇ ਜੀਵਨ
ਵਿਚ ਸ਼ਾਮਲ ਕਰੀਏ ਅਤੇ ਭਿੱਖਿਆ ਮੰਗਣ ਦੇ ਰੋਗ ਨੂੰ ਆਪਣੇ ਸਮਾਜ ਵਿਚੋਂ ਅਸਲੋਂ ਹੀ
ਖ਼ਤਮ ਕਰ ਸੁੱਟੀਏ ਤਾਂ ਕਿ ਅਸੀਂ ਬਾਬੇ ਨਾਨਕ ਅਤੇ ਬਾਬੇ ਫ਼ਰੀਦ ਦੇ ਅਸਲ ਵਾਰਿਸ
ਕਹਾਉਣ ਦੇ ਹੱਕਦਾਰ ਬਣ ਸਕੀਏ। ਇਹ ਅਰਦਾਸ ਹੈ ਮੇਰੀ ...
# 1054/1, ਵਾ. ਨੰ. 15- ਏ, ਭਗਵਾਨ ਨਗਰ
ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਮੋਬਾ. 75892- 33437.
|