|
ਅਮੀਨ ਮਲਿਕ ਅਤੇ ਰਾਣੀ ਮਲਿਕ |
ਖੁੱਲਾ ਦਿਲ ਤੇ ਖਰੀਆਂ ਗੱਲਾਂ, ਪੜਦੇ-ਪੁੜਦੇ ਪਾਉਂਦਾ ਨਹੀਂ ਸੀ ਯਾਰਾਂ ਦਾ
ਸੀ ਯਾਰ ਉਹ ਨਾਲੇ, ਸੱਚ ਕਹਿਣੋ ਸ਼ਰਮਾਉਂਦਾ ਨਹੀਂ ਸੀ
ਲੈਸਟਰ ਵਿੱਚ ਅਸਾਂ
'ਪੰਜਾਬੀ ਅਕੈਡਮੀ' ਵਲੋਂ 'ਕਹਾਣੀ ਦਰਬਾਰ' ਰਖਿਆ, 2005 ਦੀ ਗੱਲ ਹੈ। ਅਮੀਨ ਮਲਿਕ ਨੂੰ
ਖਾਸ ਸੱਦਾ ਭੇਜਿਆ ਕਿ ਤੁਸਾਂ ਜ਼ਰੂਰ ਆਉਣੈ। ਮੇਰੀ ਡਿਉਟੀ ਲੱਗੀ ਕਿ ਮਲਿਕ ਸਾਹਿਬ
ਨੂੰ ਬੱਸ ਅੱਡੇ ਤੋਂ ਲੈ ਕੇ ਆਉਣੈ। ਇੰਜ ਮੇਰੀ ਪਹਿਲੀ ਮੁਲਕਾਤ ਅਮੀਨ ਸਾਹਿਬ ਨਾਲ
ਹੋਈ। ਕਾਰ ‘ਚ ਬੈਠਦਿਆਂ ਹੀ ਅਮੀਨ ਸਾਹਿਬ ਨੇ ਖੁਲ੍ਹੀਆਂ ਜਿਹੀਆਂ ਗੱਲਾਂ ਸ਼ੁਰੂ
ਕਰ ਦਿੱਤੀਆਂ ਤੇ ਮੈਂ ਸੋਚੀਂ ਪੈ ਗਿਆ । ਇਹ ਬੰਦਾ ਪਤਾ ਨਹੀਂ ਕਿਹੋ ਜਿਹੀ ਕਹਾਣੀ
ਪੜ੍ਹੂ। ਮੈਨੂੰ ਉਹ ਕੋਈ ਸਿੱਧਾ ਜਿਹਾ, ਅਨਪੜ੍ਹ ਪੇਂਡੂ ਜਾਪਿਆ, ਜੋ ਕਿਸੇ ਤਰ੍ਹਾਂ
ਇੰਗਲੈਂਡ ਪਹੁੰਚ ਗਿਆ ਸੀ। ਗੱਲਬਾਤ ਵਿੱਚ ਉਸ ਗ਼ਲਤੀ ਨਾਲ ਵੀ ਅੰਗਰੇਜ਼ੀ ਦਾ ਕੋਈ
ਸ਼ਬਦ ਨਾ ਬੋਲਿਆ। ਮੈਨੁੰ ਤਾਂ ਉਸ ਦੀ ਗ਼ਲਬਾਤ ਤੋਂ ਇੰਜ ਜਾਪਿਆ ਜਿਵੇਂ ਹੁਣੇ-ਹੁਣੇ
ਜਹਾਜ਼ੋਂ ਉਤਰਿਆ ਹੋਵੇ। ਮੈਂ ਸੋਚਦਾ ਸਾਂ ਕਿ ਜੇ ਕੋਈ ਇੰਗਲੈਂਡ ਰਹਿੰਦਾ ਹੈ ਤਾਂ
ਸਾਡੇ ਵਾਂਗ ਭਾਵੇ ਲੱਖ ਬਚਾ ਕਰੀਏ, ਅੰਗਰੇਜ਼ੀ ਦੇ ਸ਼ਬਦ ਮੂੰਹੋਂ ਨਿਕਲ ਹੀ ਆਉਂਦੇ
ਹਨ। ਸਗੋਂ ਹੁਣ ਤਾਂ ਕਈ ਪੰਜਾਬੀ ਦੇ ਸ਼ਬਦ ਵੀ ਸਾਨੂੰ ਵਿਸਰ ਗਏ ਹਨ। ਅੰਗਰੇਜ਼ੀ ਦੇ
ਕੁਝ ਸ਼ਬਦਾਂ ਨੇ ਸਾਨੂੰ ਇੰਜ ਜਕੜ ਲਿਆ ਹੈ, ਜਿਵੇਂ ਉਹ ਅਸਲ ਵਿੱਚ ਪੰਜਾਬੀ ਦੇ ਸ਼ਬਦ
ਹੀ ਹੋਣ।
'ਕਹਾਣੀ ਦਰਬਾਰ' ਸ਼ੁਰੂ ਹੋ ਗਿਆ। ਤਿੰਨ ਕਹਾਣੀਕਾਰਾਂ ਨੂੰ ਬੁਲਾਇਆ ਗਿਆ
ਸੀ । ਪਹਿਲੇ ਦੋ, ਦੁਸਰੇ ਕਹਾਣੀਕਾਰ ਬੋਲੇ ਤੇ ਤੀਸਰਾ ਅਮੀਨ ਸਾਹਿਬ ਦੀ ਵਾਰੀ ਆਈ।
ਮੈਨੂੰ ਪੱਕਾ ਯਾਦ ਹੈ ਮਲਿਕ ਸਾਹਿਬ ਦੀ ਵਾਰੀ ਆਉਣ ਤੱਕ ਸਰੋਤੇ ਕਹਾਣੀਆਂ ਨਾਲ ਵੀ
ਤੇ ਉਬਾਸੀਆਂ ਮਾਰ ਮਾਰ ਕੇ ਵੀ ਥੱਕ ਗਏ ਸਨ। ਮੇਰੇ ਮਨ ‘ਚ ਵਾਰ-ਵਾਰ ਖਿਆਲ ਆਵੇ,
ਯਾਰ ਇਹ ਕਹਾਣੀਆਂ ਤਾਂ ਮੇਰੀ ਸਮਝ ਤੋਂ ਬਾਹਰ ਹਨ। ਮੈਂ ਏਨਾ ਸਿਆਣਾ ਤਾਂ ਨਹੀਂ ਪਰ
ਆਮ ਲੋਕਾਂ ਵਰਗਾ ਤਾਂ ਹਾਂ। ਮੈਂ ਆਪਣੇ ਆਪਨੂੰ ਪੁੱਛਿਆ, ਯਾਰ ਜੇ ਇਨ੍ਹਾਂ ਲੇਖਕਾਂ
ਦੀਆਂ ਕਹਾਣੀਆਂ, ਆਮ ਲੋਕਾਂ ਦੀ ਸਮਝ ਨਹੀਂ ਪੈਂਦੀਆਂ ਤਾਂ ਇਹ ਲਿਖਦੇ ਕਿਸ ਲਈ ਹਨ? ਆਖਿਰ ਇਨ੍ਹਾਂ ਦੇ ਪਾਠਕ ਕੌਣ ਹਨ?
ਅਸਲ ਵਿੱਚ ਮੇਰਾ ਆਪਣਾ ਵੀ ਹੁਣ ਇਹ ਹਾਲ
ਸੀ ਕਿ ਤੀਜੀ ਕਹਾਣੀ ਸੁਨਣ ਦੀ ਸਿਰਦਰਦੀ ਵੀ ਲੈਣ ਦਾ ਮੂਡ ਨਹੀਂ ਸੀ । ਪਰ ਮਲਿਕ
ਸਾਹਿਬ ਨੇ ਕਹਾਣੀ ਸ਼ੁਰੂ ਕੀਤੀ ਤੇ ਸਰੋਤਿਆਂ ਨੇ ਕੰਨ ਚੱਕ ਲਏ। ਪਤਾ ਨਹੀਂ
ਸਰੋਤਿਆਂ ਦੀ ਅਚਾਨਕ ਸਾਰੀ ਥਕਾਵਟ ਤੇ ਉਬਾਸੀਆਂ ਕਿਧਰ ਤੁਰ ਗਈਆਂ ਤੇ ਹਾਲ ਵਿਚ
ਇਕ ਚੁੱਪ ਪਸਰ ਗਈ। ਹਰ ਕੋਈ ਕਹਾਣੀ ਦਾ ਸੁਆਦ ਲੈ ਰਿਹਾ ਸੀ। ਖ਼ੈਰ, ਉਸ ਦਿਨ
ਤੋਂ 'ਅਮੀਨ', ਇੰਦਰਜੀਤ ਦਾ ਯਾਰ ਬਣ ਗਿਆ । ਸਗੋਂ ਇੰਜ ਕਹਾਂ ਕਿ ਇਹ ‘ਯਾਰ’ ਸ਼ਬਦ ਵੀ
ਅਮੀਨ ਨੇ ਹੀ ਵਾਰ-ਵਾਰ ਬੋਲਕੇ ਮੇਰੇ ਮੂੰਹ ਚੜ੍ਹਾ ਦਿੱਤਾ । ਨਾ ਤਾਂ ਅਮੀਨ ਨੇ
ਮੈਨੂੰ ਇਹ ਦੱਸਿਆ ਕਿ ਉਸ ਕੋਲ ਏਨੀਆਂ ਡਿਗਰੀਆਂ ਹਨ ਤੇ ਨਾ ਹੀ ਕੋਈ ਹੋਰ ਸ਼ੋਸ਼ਾ
ਛੱਡਿਆ ਪਰ ਫਿਰ ਵੀ ਉਸ ਦੀ ਸਾਦਗੀ ਨੇ, ਉਸਦੀ ਕਹਾਣੀ ਨੇ ਤੇ ਉਸ ਦੀਆਂ ਗੱਲਾਂ ਨੇ
ਅਜਿਹੀ ਛਾਪ ਛੱਡੀ ਕਿ ਉਸ ਦੇ ਮੂੰਹੋਂ ਗੱਲਾਂ ਸੁਨਣ ਦਾ ਜਿਵੇਂ ਇਸ਼ਕ ਹੋ ਗਿਆ।
'ਅਮੀਨ' ਨੇ ਅਕਸਰ ਰਾਤ ਨੂੰ 10 ਵਜੇ, ਅਚਾਨਕ ਫੋਨ ਕਰ ਦੇਣਾ ਤੇ ਗੱਲਾਂ ਸ਼ੁਰੁ ਕਰ
ਦੇਣੀਆਂ। ਮੈਨੂੰ ਕਦੇ ਇਹ ਖਿਆਲ ਹੀ ਨਾ ਅਇਆ ਕਿ ਉਹ ਕਦੇ ਇਸ ਗੱਲ ਦੀ ਮੁਆਫੀ ਨਾ
ਮੰਗਦਾ ਕਿ ਰਾਤੀਂ ਏਨੀ ਦੇਰ ਨਾਲ ਫੋਨ ਕਰ ਰਿਹਾ ਹਾਂ। ਕੀ ਤੂੰ ਗੱਲ ਕਰ ਵੀ ਸਕਦੈ
ਕਿ ਨਹੀਂ, ਬਸ ਉਸ ਆਪਣੀ ਗੱਲ ਸ਼ੁਰੂ ਕਰ ਦੇਣੀ । ਜੇ ਓਸ ਦੀ ਜਗ੍ਹਾ ਕੋਈ ਹੋਰ ਹੁੰਦਾ
ਤਾਂ ਮੈਂ ਜ਼ਰੂਰ ਸੋਚਦਾ ਕਿ ਯਾਰ ਏ ਉਜੱਡ ਜਿਹਾ ਬੰਦਾ, ਜ਼ਰਾ ਵੀ ਸਲੀਕਾ ਨਹੀਂ
ਏਸਨੂੰ, ਬਈ ਇੰਗਲੈਂਡ ਵਿਚ ਤੇ ਲੋਕ ਦਿਨੇ ਫੋਨ ਕਰਦੇ ਨੇ ਤਾਂ ਵੀ ਪੁਛਦੇ ਨੇ ਕਿ
ਕੀ ਤੁਸੀਂ ਗੱਲ ਕਰ ਸਕਦੇ ਹੋ? ਇਹ ਰਾਤ ਦਸ ਵਜੇ ਫੋਨ ਕਰਦੈ ਤੇ ਬੱਸ ਬੋਲਣਾ ਸ਼ੁਰੂ
ਕਰ ਦਿੰਦੈ। ਸਗੋਂ ਜਦੋਂ ਦਸ ਵਜੇ ਫੋਨ ਦੀ ਘੰਟੀ ਵਜਣੀ ਤਾਂ ਚਾਅ ਜਿਹਾ ਚੜ੍ਹ ਜਾਣਾ
ਕਿ ਮਲਿਕ ਸਾਹਿਬ ਦਾ ਫੋਨ ਆ ਗਿਐ। ਮੈਂ ਕਈ ਵਾਰ ਵਹੁਟੀ ਕੋਲ ਬੈਠੇ ਹੋਣਾ ਤੇ ਉਠ
ਕੇ ਦੂਜੇ ਕਮਰੇ ਵਿੱਚ ਚਲਾ ਜਾਣਾ ਪਰ ਅਮੀਨ ਸਾਹਿਬ ਦੀਆ ਗੱਲਾਂ ਨਾਲ ਜਦੋਂ ਹੱਸਣਾ
ਤਾਂ ਵਹੁਟੀ ਨੇ ਆ ਕੇ ਗੁੱਸੇ ਨਾਲ ਕਹਿਣਾ, ਗਿਆਰਾਂ ਵੱਜਣ ਲੱਗੇ ਨੇ, ਨਾ ਤਾਂ
ਤੁਸੀਂ ਆਪ ਸੌਣੈ ਤੇ ਨਾ ਕਿਸੇ ਨੂੰ ਸੌਣ ਦੇਣੈ । ਮੈਂ ਫੋਨ ਅੱਗੇ ਹੱਥ ਰੱਖ ਲੈਣਾ
ਕਿ ਮਲਿਕ ਸਾਹਿਬ ਨੂੰ ਕਿਤੇ ਸੁਣ ਨਾ ਜਾਵੇ। ਮੈਂ ਜੇ ਗੱਲਾਂ ਕਰਦਿਆਂ ਉਸ ਨੂੰ
ਅਮੀਨ ਸਾਹਿਬ ਕਹਿਣਾ ਤਾਂ ਉਸ ਕਹਿਣਾ ਯਾਰ ਇਹ ਸਾਹਿਬ ਨੂੰ ਜ਼ਰਾ ਪਰ੍ਹੇ ਰੱਖੇ ਨਾ,
ਮੈਂ ਕੋਈ ਗੱਲ ਕਰ ਲਾਂ। ਮੈਂ ਅੱਗੋਂ ਕਹਿਣਾ ਤੁਹਾਡੀ ਉਮਰ ਦੇ ਹਿਸਾਬ ਨਾਲ ਵੀ
ਇਜ਼ੱਤ ਕਰਨੀ ਤੇ ਬਣਦੀ ਏ ਨਾ। ਉਸ ਹਮੇਸ਼ਾਂ ਵਾਂਗ ਮੇਰੀ ਸੁਣੀ ਨੂੰ ਅਣਸੁਣੀ ਕਰਕੇ,
ਆਪਣੀ ਗ਼ਲਬਾਤ ਜਾਰੀ ਰਖਣੀ।
ਅਮੀਨ ਨੂੰ ਕਦੇ ਕਿਸੇ ਗੱਲ ਨੇ ਪਰੇਸ਼ਾਨ ਕੀਤਾ
ਹੁੰਦਾ, ਕਦੇ ਉਹ ਭਾਵਕ ਹੁੰਦਾ ਤੇ ਕਦੇ ਉਹ ਉਦਾਸ ਹੁੰਦਾ ਤੇ ਕਦੇ ਕਿਸੇ ਤੇ ਚਿੜਿਆ
ਹੁੰਦਾ। ਉਸ ਦਿਲ ਦਾ ਗ਼ੁਬਾਰ ਕੱਢਣਾ ਹੁੰਦਾ ਤੇ ਮੈਂ ਉਹਦੀਆਂ ਗੱਲਾਂ ਸੁਨਣ ਦਾ
ਆਸ਼ਕ। ਬਹੁਤ ਕੁਝ ਅਜਿਹਾ ਸੀ ਜੋ ਮੈਂ ਉਸ ਬਾਰੇ ਅਜੇ ਨਹੀਂ ਜਾਣਦਾ ਸਾਂ। ਕਦੀ-ਕਦੀ
ਤਾਂ ਮੈਂ ਕੁਝ ਪੁੱਛ ਲੈਣਾ ਪਰ ਬੁਹਤੀ ਵਾਰੀ ਸਵਾਲ ਕਰਨੇ ਹੀ ਨਾ ਪੈਂਦੇ। ਉਹ ਬੇਬਾਕ
ਆਪਣੀ ਚੰਗੀਆਂ ਮਾੜੀਆਂ ਦੱਸੀ ਜਾਂਦਾ । ਉਹ ਖੁਲ੍ਹ ਕੇ ਗੱਲਾਂ ਕਰਦਾ। ਆਪਣੇ ਬਚਪਨ
ਦੀਆਂ, ਗ਼ਰੀਬੀ ਦੀਆਂ ਤੇ ਆਪਣੇ ਵਿਆਹ ਦੀਆਂ ਵੀ। ਨਾਂ ਤਾਂ ਉਹ ਆਪਣੇ ਮਾੜੇ ਦਿਨਾਂ
ਦੀਆਂ ਗੱਲਾਂ ਦਸਦਿਆਂ ਝਕਦਾ ਤੇ ਨਾ ਹੀ ਹੁੰਗਾਰੇ ਦੀ ਵੀ ਇੰਤਜ਼ਾਰ ਕਰਦਾ। ਉਸ ਨੂੰ
ਹਰ ਗੱਲ ਇੰਜ ਯਾਦ ਸੀ ਜਿਵੇਂ ਕੱਲ ਦੀ ਗੱਲ ਹੋਵੇ । ਗੱਲਾਂ ਦਾ ਅੰਦਾਜ਼ ਇਵੇਂ,
ਜਿਵੇ ਕੋਈ ਕਹਾਣੀ ਸੁਣਾ ਰਿਹਾ ਹੋਵੇ। ਬੱਸ ਸੀਨ ਅੱਖਾਂ ਮੁਹਰੇ ਘੁੰਮੀ ਜਾਣੇ । ਕਈ
ਵਾਰ ਮੈਂ ਸੋਚਣਾ, ਯਾਰ ਇਹ ਇਨਸਾਨ ਅੰਦਰੋਂ ਭਰਿਆ ਪਿਆ ਏ। ਅਕਸਰ ਗੱਲ ਕਰਦਿਆਂ
ਜਦੋਂ ਇਕ ਘੰਟਾ ਹੋ ਜਾਣਾ ਤਾਂ ਉਸ ਕਹਿਣਾ, ਚੰਗਾ ਮੈਂ ਫੋਨ ਕੱਟ ਕੇ ਫੇਰ ਲਾਉਣਾ
ਨਹੀਂ ਤੇ ਪੈਸੇ ਪੈ ਜਾਣਗੇ, ਨਾਲੇ ਯਾਰ 'ਬਾਥਰੂਮ' ਵੀ ਹੋ ਆਵਾਂ ਤੇ ਫੇਰ ਦੂਜੇ ਘੰਟੇ
ਦਾ ਸਫ਼ਰ ਸ਼ੁਰੂ ਹੋ ਜਾਣਾ। ਉਹਦੇ ਬਚਪਨ ਦੀ ਕਹਾਣੀ ਤਾਂ ਮੰਨਣ ਯੋਗ ਵੀ ਨਹੀਂ
ਸੀ । ਪਰ ਜੇ ਉਸ ਨੇ ਏਨੇ ਔਖੇ ਦਿਨ ਨਾ ਦੇਖੇ ਹੁੰਦੇ ਤਾਂ ਸ਼ਾਇਦ ਸਾਨੂੰ ਇਹ ਅਮੀਨ
ਹੀ ਨਾ ਮਿਲਦਾ। ਮੈਂ ਇੱਕ ਦਿਨ ਉਸ ਤੋਂ ਕੋਈ ਸਵਾਲ ਪੁੱਛ ਬੈਠਾ ਤਾਂ ਕਹਿਣ ਲੱਗਾ
ਯਾਰ ਜਿਹੜੇ ਬੱਚੇ ਨੇ ਦਰ-ਦਰ ਮੰਗ ਕੇ ਢਿੱਡ ਦੀ ਅੱਗ ਨੂੰ ਠਾਰਿਆ ਹੋਵੇ, ਦੱਸ ਉਹ
ਹੋਰ ਕਿਵੇਂ ਦਾ ਹੁੰਦਾ। ਫਿਰ ਉਸ ਆਪਣੀ ਬਚਪਨ ਦੀ ਕਹਾਣੀ ਦੇ ਪੱਤਰੇ ਪੜ੍ਹਨੇ ਸ਼ੁਰੂ
ਕਰ ਦਿੱਤੇ । ਉਹ ਕਹਾਣੀ ਕਦੇ ਨਾ ਮੁੱਕੀ, ਕਿੰਨੀ ਵਾਰੀ, ਅਮੀਨ ਨੇ ਬਿੱਲ ਤੋਂ ਬਚਣ
ਲਈ ਫੋਨ ਦੁਬਾਰਾ ਮਿਲਾਇਆ, ਇਹ ਤਾਂ ਯਾਦ ਨਹੀਂ ਪਰ ਉਸਦੀਆ ਗੱਲਾਂ ਨੇ ਸਾਨੂੰ
ਰਵਾਇਆ ਵੀ ਤੇ ਹਸਾਇਆ ਵੀ। ਚੌਧਰੀ 'ਦੀਨ ਮੁਹੰਮਦ' ਤੇ ਮਾਂ 'ਫਾਤਮਾਂ' ਦੇ ਸੱਤਾਂ
ਪੁਤਰਾਂ ਵਿਚੋਂ ਸਭ ਤੋਂ ਛੋਟੇ 'ਅਮੀਨ' ਦਾ ਜਨਮ 1942 ਵਿਚ ਹੋਇਆ ਸੀ। ਉਸ ਦੀ ਕੋਈ
ਭੈਣ ਨਹੀਂ ਸੀ ਪਰ ਸਾਰੀ ਹਯਾਤੀ ਉਹ ਕਈ ਭੈਣਾ ਦਾ ਭਰਾ ਬਣਿਆ ਰਿਹਾ। ਕਈ ਕੁੜੀਆਂ
ਨਾਲ ਉਸ ਦਾ ਕੀ ਰਿਸ਼ਤਾ ਸੀ ਉਹਨੂੰ ਵੀ ਨਹੀਂ ਸੀ ਪਤਾ। ਉਹਦੀ ਆਪਣੀ ਸਵਾਣੀ 'ਰਾਣੀ
ਮਲਿਕ' ਨਾਲ ਉਹਦੇ ਇਸ਼ਕ ਤੇ ਵਿਆਹ ਦੀ ਗਾਥਾ ਵੀ ਹੀਰ ਰਾਂਝੇ ਦੇ ਇਸ਼ਕ ਜਿਹੀ ਏ।
ਸ਼ਾਇਦ ਇਹ ਗੱਲ 1963 ਦੀ ਸੀ ਜਦੋਂ ਅਮੀਨ ਦਾ ਬਾਪ ਬਿਮਾਰ ਹੋ ਗਿਆ ਤੇ 5-7
ਮੁਟਿਆਰਾਂ ਕੁਝ ਰਿਸ਼ਤੇਦਾਰੀ ਵਿਚੋਂ ਤੇ ਇਕ ਅਮੀਨ ਦੀ ਭਤੀਜੀ 'ਇਫ਼ਤੀ' ਦੀ ਸਕੂਲ ਦੀ
ਸਹੇਲੀ, ਉਸ ਦੀ ਖਬਰਸਾਰ ਲੈਣ ਲਈ ਆਈਆਂ। ਉਨਾਂ ਸਾਰੀਆਂ ਵਿਚੋਂ 'ਇਫ਼ਤੀ' ਦੀ ਇਹ
ਸਹੇਲੀ ਵਾਹਵਾ ਸੋਹਣੀ ਤੇ ਸ਼ੁਕੀਨ ਨੱਢੀ ਜਦੋਂ ਸੱਜੀ-ਪੁੱਜੀ ਤੇ ਉਪਰ ਚਾਦਰ ਮਾਰੀ
ਕਮਰੇ ‘ਚ ਦਾਖਲ ਹੋਈ ਤਾਂ ਨੌਜਵਾਨ ਅਮੀਨ ਦੀਆਂ ਅੱਖੀਂਆਂ ਨੂੰ ਡਾਅਢੀ ਭਾਅ ਗਈ। ਉਹ
ਆਈ ਵੀ ਤੇ ਚਲੀ ਵੀ ਗਈ ਪਰ ਅਮੀਨ ਦੇ ਮਨ ਦਾ ਚੈਂਨ ਨਾਲ ਲੈ ਗਈ । ਦੋ ਦਿਨ
ਲੰਘ ਗਏ ਅਮੀਨ ਕੰਧਾਂ ‘ਚ ਟੱਕਰਾਂ ਮਾਰਦਾ ਫਿਰੇ, ਇਹ ਜਾਨਣ ਲਈ ਕਿ ਉਹ ਕੌਣ
ਸੀ। ਪਤਾ ਨਹੀਂ ਅਮੀਨ ਦੀ ਰੂਹ ਕਿੱਥੇ ਜਾ ਜੁੜੀ ਤੇ ਉਹ ਗਾਉਣ ਲਗਿਆ:
ਲਿਖੇ ਇਹ
ਜੁਆਬ ਰੰਝੇਟੇੜੇ ਨੇ, ਜਦੋਂ ਜਿਉ ਵਿੱਚ ਓਸ ਦੇ ਸ਼ੋਰ ਪਏ ਓਸੇ ਰੋਜ਼ ਦੇ ਅਸੀਂ
ਫਕੀਰ ਹੋਏ, ਜਿਸ ਰੋਜ਼ ਦੇ ਹੁਸਨ ਦੇ ਚੋਰ ਪਏ
ਚਾਚੇ ਨੂੰ ਉਦਾਸੀ ਦੇ ਆਲਮ ’ਚ
ਗ਼ਰਕਿਆ ਤੱਕ ਜਾਂ ਮਜ਼ਾਕ ਵਿੱਚ ਇਫ਼ਤੀ ਨੇ ਪੁੱਛ ਲਿਆ, ‘ਚਾਚਾ ਬੜਾ ਉਦਾਸ ਲਗਦੈਂ’?
ਚਾਚੇ ਦੀ ਜਿਵੇਂ ਲਾਟਰੀ ਨਿਕਲ ਆਈ। ਉਹ ਤੇ ਪਹਿਲਾਂ ਹੀ ਇਫ਼ਤੀ ਨਾਲ ਗੱਲ ਕਰਨ ਦਾ
ਮੌਕਾ ਲਭਦਾ ਸੀ। ਚਾਚੇ ਨੇ ਝੱਟ-ਪਟ ਗਲਾ ਸਾਫ ਕੀਤਾ ਤੇ ਆਪਣੀ ਭਤੀਜੀ ਨੂੰ ਗੱਲ
ਛੇੜੀ। ਕੁੜੀਆਂ ਬਾਰੇ ਪੁਛਦੇ-ਪੁਛਦੇ ਨੇ ਅਖੀਰ ਓਸ ਕੁੜੀ ਬਾਰੇ ਵੀ ਪੁਛਿਆ। ਭਤੀਜੀ
ਨੇ ਭਾਂਪ ਲਿਆ ਚਾਚਾ ਕੀ ਆਂਹਦੈ। ਉਹ ਕਹਿਣ ਲੱਗੀ, ਚਾਚਾ ਤੂੰ ਰਾਣੀ ਦੀ ਗੱਲ
ਕਰਦੈਂ, ਉਸ ਕੁੜੀ ਤੋਂ ਦੂਰ ਹੀ ਰਹੀਂ, ਉਹ ਕੱਚੀਆਂ ਗੋਲੀਆਂ ਨਹੀਂ ਖੇਡੀ। ਰਾਣੀ
ਤਾਂ ਕਿਸੇ ਨੂੰ ਆਪਣੇ ਨਾਲ ਗੱਲ ਵੀ ਨਹੀਂ ਕਰਨ ਦਿੰਦੀ ਤੇ ਤੁੰ ਸੋਚਦੈ ਓਸ ਨਾਲ
ਅੱਖ-ਮਟੱਕਾ ਕਰਨ ਦੀਆਂ। ਉਹ ਏਨਾਂ ਚੱਕਰਾਂ ਤੋਂ ਬਹੁਤ ਪਰੇ ਐ।
ਅਮੀਨ ਸੋਚੀਂ ਪੈ
ਗਿਆ। ਇਫ਼ਤੀ ਚਾਚੇ ਨੂੰ ਡਰਾ ਕੇ ਸੋਚਣ ਲੱਗੀ, ਸ਼ਾਇਦ ਇੰਜ ਚਾਚਾ ਓਸ ਦਾ ਖ਼ਿਆਲ ਛੱਡ
ਦੇਵੇਗਾ। ਅਮੀਨ ਤੇ ਤਾਂ ਇਫ਼ਤੀ ਦੀਆ ਨਸਹੀਤਾਂ ਦਾ ਉਲਟਾ ਅਸਰ ਹੋਇਆ । ਅਮੀਨ
ਸੋਚਣ ਲੱਗਾ, ਕੁੜੀ ਤਾਂ ਸ਼ਰੀਫ ਐ। ਕਿਸੇ ਐਰੇ ਗ਼ੈਰੇ ਨਾਲ ਗੱਲ ਨਹੀਂ ਕਰਦੀ। ਹੁਣ
ਅਮੀਨ ਨੂੰ ਰਾਣੀ ਦੀ ਯਾਦ ਸਤਾਉਣ ਲੱਗੀ। ਉਸ ਇਫ਼ਤੀ ਨੂੰ ਗੱਲ ਕਰਨੀ ਠੀਕ ਨਾ ਸਮਝੀ
ਤੇ ਬਿਮਾਰ ਹੋਣ ਦਾ ਪੱਜ ਪਾ ਲਿਆ । ਅਮੀਨ ਦੀ ਰੱਬ ਨੇ ਸੁਣ ਲਈ। ਰਾਣੀ ਉਸ ਦੀ
ਖਬਰਸਾਰ ਲੈਣ ਲਈ ਆਈ। ਉਹ ਅਮੀਨ ਨੂੰ ਇਫ਼ਤੀ ਵਾਂਗ ਹੀ ਚਾਚਾ-ਚਾਚਾ ਕਰਕੇ ਗੱਲ ਕਰਦੀ।
ਹਾਲ-ਚਾਲ ਪੁਛ ਰਾਣੀ ਮੁੜ ਗਈ । ਹੁਣ ਚਾਚੇ ਤੋਂ ਚਾਰ ਦਿਨ ਵੀ ਸਬਰ ਨਾ ਹੋਵੇ
। ਚਾਚਾ ਜੀ ਤਾਂ ਨਿਤ ਬਿਮਾਰ ਹੋਣ ਲੱਗੇ ਤੇ ਉਹ ਕੁੜੀ ਚਾਚੇ ਦੀ ਤਿਮਾਰਦਾਰੀ ਲਈ
ਫਿਰ ਆ ਜਾਇਆ ਕਰੇ ਤੇ ਚਾਚਾ-ਚਾਚਾ ਕਰਦੀ ਫਿਰੇ। ਇਕ ਦਿਨ ਅਮੀਨ ਨੇ ਕਿਹਾ, ਰਾਣੀ
ਤੂੰ ਮੈਨੂੰ ਚਾਚਾ ਨਾ ਕਿਹਾ ਕਰ। ਤੂੰ ਮੈਨੂੰ ਚੰਗੀ ਲਗਣੀ ਏਂ। ਰਾਣੀ ਕਹਿਣ ਲੱਗੀ,
ਕਹਿਣਾ ਤਾਂ ਮੈਂ ਚਾਚਾ ਹੀ ਏ। ਪਰ ਉਂਜ ਤਾੜ ਉਹ ਵੀ ਗਈ ਸੀ ਕਿ ਚਾਚੇ ਨੂੰ ਬਿਮਾਰੀ
ਕੀ ਏ। ਆਖਿਰ ਰਾਣੀ ਵੀ ਜਵਾਨ ਸੀ, ਮੂੰਹੋਂ ਕੁਝ ਵੀ ਬੋਲੇ ਪਰ ਦਿਲ ਤੇ ਕੁਝ ਹੋਰ ਹੀ
ਕਹੀ ਜਾਂਦਾ ਸੀ।
ਫਿਰ ਅਮੀਨ ਦੇ ਟੱਬਰ ‘ਚ ਕੁਝ ਅਜਿਹਾ ਵਾਪਰਿਆ ਕਿ ਉਹ ਥੋੜਾ
ਦੂਰ ਚਲੇ ਗਏ ਪਰ ਅਮੀਨ ਨੇ ਰਾਣੀ ਦੇ ਛੋਟੇ ਭਰਾ 'ਜਹਾਂਗੀਰ ਆਲਮ' ਨਾਲ ਯਾਰੀ ਗੰਢ
ਲਈ। ਪਰ ਹੁਣ ਉਨਾਂ ਦਾ ਮੇਲ ਜੋਲ ਰੁਕ ਗਿਆ। ਅਖੀਰ ਅਮੀਨ ਦਾ ਦਿਲ ਜਦੋਂ ਰਾਣੀ ਲਈ
ਡਾਅਢਾ ਉਤਾਵਲਾ ਹੋਇਆ ਤਾਂ ਉਸ ਜਹਾਂਗੀਰ ਨੁੰ ਇਕ ਖ਼ਤ ਲਿਖਿਆ। ਜਦ ਉਸ ਦਾ ਕੋਈ ਜੁਆਬ
ਨਾ ਆਇਆ ਤਾਂ ਉਸ ਕਈ ਹੋਰ ਖ਼ਤ ਲਿਖੇ ਪਰ ਕਿਸੇ ਵੀ ਖਤ ਦਾ ਕਦੇ ਕੋਈ ਜੁਆਬ ਨਾ ਆਇਆ
ਤੇ ਅਮੀਨ ਰਾਣੀ ਦੇ ਪਿਆਰ ਵਿਚ ਗਰਕਿਆ ਰੱਬ ਨੂੰ ਅਰਜੋਈਆ ਕਰਨ ਡਹਿ ਪਿਆ।
ਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਏ, ਘੁੱਟ ਵੱਟ ਕੇ ਦੁੱਖੜਾ ਪੀਵਨਾ ਏਂ ਮੇਰੇ
ਸਬਰ ਦੀ ਦਾਤ ਜੇ ਰੱਬ ਦਿੱਤੀ, ਖੇੜੀਂ ਹੀਰ ਸਿਆਲ ਨਾ ਜੀਵਨਾ ਏਂ
ਅਸਲ ਵਿਚ
ਹੋਇਆ ਇੰਜ ਕਿ ਰਾਣੀ ਦਾ ਭਰਾ 'ਜਹਾਂਗੀਰ ਆਲਮ' ਇੰਗਲੈਂਡ ਚਲਾ ਗਿਆ ਸੀ। ਆਖਿਰ ਰੱਬ
ਨੇ ਅਮੀਨ ਦੀ ਹਾਰ ਪਾਰਿਆ ਸੁਣ ਲਈ । ਵਰਿਆਂ ਬਾਅਦ ਉਹ ਫਿਰ ਜਦ ਪਾਕਿਸਤਾਨ ਆਇਆ
ਤਾਂ ਉਸ ਆਪਣੀ ਅੰਮੀ ਨੂੰ ਪੁਛਿਆ ਕਿ ਇਕ ਚਾਚਾ ਜੀ ਹੁੰਦੇ ਸਨ 'ਅਮੀਨ' ਕਰਕੇ, ਕਿਥੇ
ਰਹਿੰਦੇ ਨੇ ਭਲਾ ਅੱਜ ਕੱਲ? ਉਸਦੀ ਅੰਮੀ ਕਹਿਣ ਲੱਗੀ, ਹਾਂ ਉਹ ਈਦ ਦਾ ਉਜੜਿਆ
ਜਿਹਾ ਕਾਰਡ ਹਰ ਵਰ੍ਹੇ ਭੇਜਦੈ । ਉਥੇ ਪਰੇ ਪਏ ਨੀ ਉਹਦੇ ਕਾਰਡ ਦੇਖ ਲੈ, ਜੇ ਵਿਚ
ਕੋਈ ਪਤਾ ਲਿਖਿਆ ਸੂ। ਇੰਜ ਅਮੀਨ ਦਾ ਟੁਟਿਆ ਹੋਇਆ ਰਾਬਤਾ ਫਿਰ ਜੁੜ ਗਿਆ ਤੇ ਰਾਣੀ
ਦਾ ਭਰਾ ਚਾਚੇ ਨੂੰ ਮਿਲਣ ਰਾਵਲਪਿੰਡੀ ਆ ਪੁਜਿਆ।
ਚਾਚੇ ਅਮੀਨ ਨੂੰ ਤਾਂ ਹੁਣ
ਕੋਠੀ-ਸ਼ੋਠੀ ਮਿਲੀ ਸੀ, ਨੌਕਰ ਵੀ ਮਿਲਿਆ ਸੀ। ਉਹ ਹੁਣ ਚੌਧਰੀ ਦਾ ਪੁੱਤ ਸੀ ਤੇ ਉਸ
ਦੀ ਅੰਮੀ ਵੀ ਉਥੇ ਆ ਗਈ ਸੀ। ਉਸ ਦੀ ਅੰਮੀ ਨੇ ਅਮੀਨ ਦੀ 'ਆਪਾ' ਨੂੰ ਵੀ ਉਥੇ ਹੀ
ਬੁਲਾ ਲਿਆ ਹੋਇਆ ਸੀ।
ਰਾਣੀ ਦੇ ਭਰਾ ਨੇ ਉਹਦੀ ਸਾਨੋ ਸ਼ੌਕਤ ਦੇਖੀ ਤੇ ਨੌਕਰ
ਜਿਸ ਨੂੰ 'ਜ਼ਮਾਨ' ਕਹਿੰਦੇ ਸਨ, ਨਾਲ ਗੱਲਾਂ ਕਰਦਿਆਂ ਪਤਾ ਚਲਿਆ ਬਈ ਸਾਹਿਬ ਅਜੇ
ਵਿਆਹਿਆ ਨਹੀਂ। ਉਸ 'ਜ਼ਮਾਨ' ਨੂੰ ਪੁਛਿਆ ਬਈ ਤੇਰਾ ਸਾਹਿਬ ਵਿਆਹਿਆ ਕਿਉਂ ਨਹੀਂ।
ਜ਼ਮਾਨ ਕਹਿਣ ਲੱਗਾ, ਮੈਨੂੰ ਜਾਪਦੈ ਸਾਬ੍ਹ ਥੋੜਾ ਕਮਲੈ, ਸਾਰਾ ਦਿਨ ਕੰਮ ਕਰਦੈ ਤੇ
ਸ਼ਾਮੀਂ ਘਰ ਆਕੇ ਕਿਸੇ ਨੱਢੀ ਦੀ ਫੋਟੂ ਵਾਹੁਣ ਲੱਗ ਪੈਂਦੈ।
ਉਸ ਅੱਗੋਂ ਪੁਛਿਆ
ਦਿਖਾ ਤੇ ਸਈ ਬਈ ਤੇਰਾ ਸਾਹਿਬ ਕਿਸ ਨੱਢੀ ਦਾ ਚਿੱਤਰ ਵਾਹੁੰਦਾ ਰਹਿੰਦੈ। ਜਦੋਂ ਉਸ
ਫੋਟੋ ਦੇਖੀ ਤਾਂ ਇਕ ਦਮ ਪਛਾਣ ਗਿਆ ਕਿ ਇਹ ਤਾਂ ਰਾਣੀ ਦੀ ਫੋਟੋ ਏ। ਅਸਲ ਵਿਚ ਅਮੀਨ
ਕੋਲ ਰਾਣੀ ਦੀ ਇਕ ਕੈਮਰੇ ਦੀ ਖਿੱਚੀ ਫੋਟੋ ਸੀ, ਜਿਸਦੀ ਨਕਲ ਉਹ ਉਤਾਰਦਾ ਰਹਿੰਦਾ
ਸੀ।
ਜਦੋਂ ਅਮੀਨ ਕੰਮ ਤੋਂ ਘਰ ਆਇਆ ਤਾਂ ਜਹਾਂਗੀਰ ਨੇ ਉਹ ਫੋਟੋ ਦਿਖਾ ਕੇ
ਪੁਛਿਆ, ਇਹ ਕੀ ਮਾਜਰੈ ਤਾਂ ਅਮੀਨ ਨੇ ਸੱਚੋ ਸਚ ਦਸ ਦਿੱਤਾ ਕਿ ਮੈਂ ਉਹਨੂੰ ਬਹੁਤ
ਚਾਹੁਨਾ। ਉਸ ਅੱਗੋ ਪੁਛਿਆ, ‘ਕੀ ਰਾਣੀ ਵੀ ਤੈਨੂੰ ਚਾਹੁੰਦੀ ਏ’? ਅਮੀਨ ਉਦਾਸੀ
ਦੇ ਆਲਮ ‘ਚ ਡੁੱਬਾ ਬੋਲਿਆ, ‘ਓਸ ਵਿਚਾਰੀ ਨੂੰ ਤੇ ਸ਼ਾਇਦ ਮੇਰਾ ਚਿੱਤ-ਚੇਤਾ ਵੀ ਨਾ
ਹੋਵੇ’।
ਜਹਾਂਗੀਰ ਸੋਚੀਂ ਪੈ ਗਿਆ। ਅਮੀਨ ਅੰਦਰੋਂ ਡਰ ਗਿਆ ਪਰ ਹੌਂਸਲਾ ਕਰਕੇ
ਕਹਿਣ ਲੱਗਾ, ਯਾਰ ਕੁਝ ਕਰ ਮੈਂ ਉਸ ਨੂੰ ਵਿਆਹੁਣਾ ਚਾਹੁਣਾ। ਜਹਾਂਗੀਰ ਬੜਾ
ਪਰੇਸ਼ਾਨ, ਸ਼ਾਇਦ ਸੋਚ ਰਿਹਾ ਸੀ ਇਹ ਅਜੀਬ ਬੰਦੈ, ਰਾਣੀ ਨੂੰ ਤੇ ਪਤਾ ਵੀ ਨਹੀਂ ਤੇ
ਇਹ ਇਥੇ ਕਮਲਾ ਹੋਇਆ ਫਿਰਦੈ। ਖ਼ੈਰ ਉਸ ਕਿਹਾ, ਤੂੰ ਫਿਕਰ ਨਾ ਕਰ ਮੈਂ ਅੰਮੀ ਨੂੰ
ਗੱਲ ਕਰਾਂਗਾ ਤੁਸੀਂ, ਰਿਸ਼ਤਾ ਮੰਗਣ ਘਰ ਆ ਜਾਇਓ। ਉਹਨਾਂ ਦਿਨਾਂ ਵਿਚ ਲੋਕ
ਕੋਠਿਆਂ ਤੇ ਮੰਜੇ ਡਾਂਅਦੇ ਤੇ ਸਾਰਾ ਪਰਿਵਾਰ ਉਥੇ ਹੀ ਰਾਤਾਂ ਨੂੰ ਪਿਆ
ਹੁੰਦਾ। ਜਹਾਂਗੀਰ ਨੇ ਰਾਤ ਨੂੰ ਅੰਮੀ ਨੂੰ ਗੱਲ ਛੇੜੀ, ਕਿ ਚਾਚਾ ਅਮੀਨ ਤੇ ਰਾਣੀ
ਨੂੰ ਬਹੁਤ ਪਿਆਰ ਕਰਦੈ। ਰਾਣੀ ਨੇੜੇ ਹੀ ਦੂਜੇ ਮੰਜੇ ਤੇ ਪਈ ਸੀ ਤੇ ਅਜੇ ਜਾਗਦੀ
ਸੀ। ਉਸ ਸੁਣ ਲਿਆ ਤੇ ਘੇਸ ਮਾਰੀ ਰੱਖੀ। ਜਹਾਂਗੀਰ ਨੇ ਨਾਲ ਹੀ ਅੰਮੀ ਨੂੰ ਇਹ ਵੀ
ਦਸ ਦਿੱਤਾ ਕਿ ਮੈਂ ਤਾਂ ਚਾਚੇ ਨੂੰ ਕਹਿ ਆਇਆਂ ਕਿ ਤੁਸੀਂ ਘਰ ਆਇਓ। ਚਾਚਾ
ਅਮੀਨ ਤਾਂ ਭਤੀਜ ਨਾਲੋਂ ਵੀ ਕਾਹਲਾ ਸੀ। ਉਹ ਮਗਰੇ ਮਗਰ ਹੀ ਤੁਰਿਆ ਆਇਆ। ਹੁਣ
ਰਾਣੀ ਨੂੰ ਭਾਵੇਂ ਕਿਸੇ ਕੁਝ ਨਾ ਦਸਿਆ ਪਰ ਉਹਨੂੰ ਪਤਾ ਸੀ ਮਾਜਰਾ ਕੀ ਹੈ । ਉਹ
ਤਾਂ ਸਾਹਮਣੇ ਹੀ ਨਾ ਆਈ। ਪਰ ਅਮੀਨ ਦੀ ਗੱਲ ਬਣੀ ਨਾ। ਰਾਣੀ ਦੀ ਅੰਮੀ ਨੇ ਰਿਸ਼ਤੇ
ਤੋਂ ਨਾ ਕਰ ਦਿੱਤੀ। ਉਸ ਤੋਂ ਮਗਰੋਂ ਕਿੰਨੀ ਵਾਰ ਅਮੀਨ ਵੀ ਤੇ ਉਸਦੇ ਭਰਾ ਵੀ
ਮਿੰਨਤਾਂ ਤਰਲੇ ਕਰਨ ਤੇ ਮੁੜ-ਮੁੜ ਰਿਸ਼ਤਾ ਮੰਗਣ ਗਏ ਪਰ ਰਾਣੀ ਦੀ ਅੰਮੀ ਨੇ ਕੁਝ
ਹੱਥ ਪੱਲੇ ਨਾ ਫੜਾਇਆ। ਉਨ੍ਹਾਂ ਇਹ ਕਹਿ ਕਿ ਰਿਸ਼ਤਾ ਮੋੜ ਦੇਣਾ ਕਿ ਅਸੀਂ ਗ਼ੈਰ
ਬਰਾਦਰੀ ਵਿਚ ਰਿਸ਼ਤਾ ਨਹੀਂ ਕਰਨਾ। ਅਸਲ ਵਿਚ ਰਾਣੀ ਦਾ ਵੱਡਾ ਭਰਾ ਰਾਣਾ ਸਗ਼ੀਰ ਇਸ
ਰਿਸ਼ਤੇ ਦੇ ਬਹੁਤ ਖਿਲਾਫ ਸੀ । ਛੋਟਾ ਜਹਾਂਗੀਰ ਤੇ ਅਮੀਨ ਦਾ ਆੜੀ ਸੀ, ਉਹ ਤੇ
ਰਾਜ਼ੀ ਸੀ ਪਰ ਉਹਦੀ ਕੋਈ ਪੇਸ਼ ਨਾ ਚੱਲੀ।
ਅਮੀਨ ਦੀ ਅੰਮੀ ਨੇ ਅਤੇ ਉਸ ਦੇ
ਭਰਾਵਾਂ ਨੇ, ਨਿੱਤ ਪਾਕਿਸਤਾਨ ਰਹਿੰਦੇ ਰਾਣੀ ਦੇ ਭਰਾ ਵਲ ਗੇੜੇ ਮਾਰਨੇ, ਸੰਤਰੇ
ਮਾਲਟੇ ਲੈ ਕੇ ਜਾਣੇ ਤੇ ਉਨਾਂ ਅੱਗੋਂ ਬਾਹਰ ਵਗਾਅ ਮਾਰਨੇ ਤੇ ਆਖਣਾ, ‘ਮਾਈ ਭੱਜ
ਜਾ ਇਥੋਂ, ਅਸਾਂ ਨਹੀਓ ਦੇਣਾ ਏ ਰਿਸ਼ਤਾ’। ਅਮੀਨ ਦੀ ਅੰਮੀ ਨੂੰ ਟਿਕਾ ਕਿੱਥੇ । ਉਸ
ਤੋਂ ਅਮੀਨ ਦਾ ਉਤਰਿਆ ਚਿਹਰਾ ਦੇਖਿਆ ਨਾ ਜਾਂਦਾ। ਪੁਤਰ ਮੋਹ ‘ਚ ਡੁੱਬੀ ਮੁੜ-ਮੁੜ
ਬੇਇਜ਼ਤੀ ਕਰਾਉਣ ਆਉਂਦੀ ਤੇ ਖਾਲੀ ਹੱਥ ਮੁੜ ਜਾਂਦੀ।
ਅਮੀਨ ਨੂੰ ਤੇ ਪਤਾ ਹੀ ਨਾ
ਲੱਗਾ ਕਿ ਅੱਲਾ ਨੇ ਓਸ ਨੂੰ ਹੋਰ ਵੀ ਰਾਣੀ ਤੋਂ ਦੂਰ ਕਰ ਦਿੱਤਾ। ਰਾਣੀ ਆਪਣੇ
ਪਰਿਵਾਰ ਨਾਲ ਇੰਗਲੈਂਡ ਪੁਜ ਗਈ ਤੇ ਅਮੀਨ ਵਿਚਾਰਾ ਕੱਲਾ ਟੱਕਰਾਂ ਮਾਰਨ ਲਈ
ਪਾਕਿਸਤਾਨ ਰਹਿ ਗਿਆ। ਅਮੀਨ ਨੇ ਰਾਣੀ ਦੇ ਭਰਾ ਜਹਾਂਗੀਰ ਨੂੰ ਕਈ ਖੱਤ ਲਿਖੇ ਪਰ
ਕਿਸੇ ਖ਼ਤ ਦਾ ਕੋਈ ਜੁਆਬ ਨਾ ਮੁੜਿਆ। ਜੁਆਬ ਕੌਣ ਦਿੰਦਾ, ਜਿਸ ਜਹਾਂਗੀਰ ਆਲਮ ਨੂੰ
ਅਮੀਨ ਖ਼ੱਤ ਲਿਖਦਾ ਸੀ, ਉਹ ਤਾਂ ਇੰਗਲੈਂਡ ਤੁਰ ਗਿਆ ਸੀ। ਭਰੇ ਹੋਏ ਗਚ ਨਾਲ ਅਮੀਨ
ਮੈਨੂੰ ਕਹਿਣ ਲਗਿਆ, ਯਾਰ ਉਹ ਦਿਨ ਯਾਦ ਕਰਦਾਂ ਤੇ ਲਗਦੈ ਸ਼ਾਇਦ ਪਿਛਲੇ ਜਨਮ ‘ਚ
ਮੈਂ ਰਾਂਝਾ ਸਾਂ । ਓਸ ਜਨਮ ’ਚ ਮੈਂ ਹੀ ਹੀਰ ਲਈ 14 ਸਾਲ ਮੱਝੀਆਂ ਚਰਾਈਆਂ ਤੇ ਏਸ
ਜਨਮ ‘ਚ ਫੇਰ 13 ਸਾਲ ਹੀਰ ਦਾ ਰਾਹ ਤਕਿਆ। ਯਾਰ ਉਠਦੇ ਬਹਿੰਦੇ ਮੇਰੇ ਕੰਨਾਂ
‘ਚ ਇਹ ਗੀਤ ਵਜਦਾ ਰਹਿੰਦਾ ਸੀ :
ਰਾਂਝੇ ਮੱਝੀਆਂ ਚਰਾਈਆਂ ਨਫ਼ਾ ਕਿਸ ਖੱਟਿਆ,
ਹੀਰ ਲੈ ਗਏ ਨੇ ਖੇੜੇ ਰਾਂਝਾ ਫਿਰੇ ਵੱਟਿਆ
ਫਿਰ ਅਮੀਨ ਦੀ ਆਵਾਜ਼ ਮਸਾਂ ਹੀ
ਨਿਕਲੀ, ਕਹਿਣ ਲਗਿਆ ਯਾਰ ਇਕ ਵਾਰ ਤੇ ਵਿਆਹ ਹੋਣ ਦੀ ਤਿਆਰੀ ਵੀ ਹੋਣ ਲੱਗੀ ਸੀ ਪਰ
ਰਾਣੀ ਦੇ ਵੱਡੇ ਭਰਾ ਨੇ ਫਿਰ ਪੰਗਾ ਖੜਾ ਕਰ ਲਿਆ ਤੇ ਸਭ ਵਿੱਚੇ ਹੀ ਰਹਿ ਗਿਆ। ਪਰ
ਇਕ ਗੱਲ ਮੈਨੂੰ ਆਸ ਦੇ ਗਈ ਕਿ ਸ਼ਾਇਦ ਗੱਲ ਬਣ ਜਾਏਗੀ। ਜਹਾਂਗੀਰ ਕੋਲੋਂ ਜਦੋਂ
ਰਾਣੀ ਨੇ ਮੇਰੀਆਂ ਸਿਫਤਾਂ ਸੁਣੀਆਂ ਕਿ ਮੁੰਡਾ ਚੰਗੈ ਤਾਂ ਉਸ ਆਪਣੀ ਅੰਮੀ ਨੂੰ
ਕਹਿ ਦਿੱਤਾ ਕਿ ਵਿਆਹ ਕਰਾਂਵਾਂਗੀ ਤੇ ਏਸੇ ਨਾਲ ਕਰਾਂਵਾਂਗੀ ਨਹੀਂ ਤੇ ਸਾਰੀ ਉਮਰ
ਏਦਾਂ ਹੀ ਰਹਾਂਗੀ। ਯਾਰਾ ਜਦੋਂ ਮੈਨੂੰ ਇਹ ਪਤਾ ਲੱਗਾ ਤਾਂ ਦਿਲ ਕਰੇ ਉਡ ਕੇ ਰਾਣੀ
ਕੋਲ ਆ ਜਾਂ ਪਰ ਕਿਸਮਤ ‘ਚ ਅਜੇ ਵਿਛੋੜੇ ਦੇ ਤੰਦੂਰ ‘ਚ ਸੜਣਾ ਲਿਖਿਆ ਸੀ । ਦਿਲ
ਇਹ ਵੀ ਕਹੇ, ਓਏ ਅਮੀਨ, ਹੁਣ ਨਹੀਂ ਤੂੰ ਹਾਰਦਾ। ਹੁਣ ਅਮੀਨ ਦੇ ਕੰਨਾ ‘ਚ
ਕਦੇ ਹੀਰ ਦੇ ਬੋਲ ਗੁੰਜਦੇ ਮੈਨੂੰ ਬਾਬਲੇ ਦੀ ਸੋਂਹ ਰਾਂਝਣਾ ਵੇ, ਮਰੇ ਮਾਉਂ
ਜੇ ਤੁਧ ਥੀਂ ਮੁਖ ਮੋੜਾਂ ਤੇਰੇ ਬਾਝ ਤੁਆਮ ਹਰਾਮ ਮੈਨੂੰ, ਤੁਧ ਬਾਝ ਨਾ ਨੈਨ
ਨਾ ਅੰਗ ਜੋੜਾਂ
ਤੇ ਕਦੇ ਉਹ ਆਪ ਰਾਂਝਾ ਬਣਿਆ ਕੂਕਦਾ ਫਿਰਦਾ
ਸਾਡੇ ਚੰਮ
ਦੀਆਂ ਜੁਤੀਆਂ ਕਰੇ ਕੋਈ, ਜਿਹੜਾ ਜਿਊ ਦਾ ਰੋਗ ਗਵਾਉਂਦਾ ਈ ਭਲਾ ਦੱਸ ਖਾਂ
ਚਿਰੀ ਵਿਛੁਨਿਆਂ ਨੂੰ, ਕਦੋਂ ਰੱਬ ਸੱਚਾ ਘਰੀਂ ਲਿਆਉਂਦਾ ਈ
ਯਾਰਾ ਮੇਰੀ ਹਾਲਤ ਅਜਿਹੀ ਹੋ ਗਈ ਸੀ ਕਿ ਮੈਂ ਕਿਸੇ ਪਲ ਵੀ ਗੋਰਖ ਦੇ ਟਿੱਲੇ
ਜਾ ਬੈਠਦਾ ਪਰ ਰਾਣੀ ਦੀ ‘ਵਿਆਹ ਕਰਾਂਵਾਂਗੀ ਤੇ ਏਸੇ ਨਾਲ ਕਰਾਂਵਾਂਗੀ’ ਵਾਲੀ ਗਲ
ਨੇ, ਮੈਨੁੰ ਕੋਈ ਗ਼ਲਤ ਕਦਮ ਨਾ ਚੁੱਕਣ ਦਿੱਤਾ । ਮੈਂ ਫੇਰ ਕਈ ਖਤ ਜਹਾਂਗੀਰ ਨੂੰ
ਲਿਖੇ। ਪਰ ਮੈਂ ਨਹੀਂ ਜਾਣਦਾ ਸਾਂ ਕਿ ਨਾ ਤਾਂ ਰਾਣੀ ਹੁਣ ਪਾਕਿਸਤਾਨ ਵਿੱਚ ਹੈ ਤੇ
ਨਾ ਹੀ ਓਸ ਦਾ ਭਰਾ ਜਹਾਂਗੀਰ ਆਲਮ। ਰਾਣੀ ਤਾਂ ਹੁਣ ਇੰਗਲੈਂਡ ਰਹਿੰਦੀ ਸੀ । ਉਸ
ਨੂੰ ਏਧਰ ਕਈ ਰਿਸ਼ਤੇ ਆਏ ਤੇ ਉਸ ਦੀ ਭਰਜਾਈ ਨੇ ਰਾਣੀ ਨੂੰ ਨਿੱਤ ਦਸਣਾ ਕਿ ਬਸ
ਛੇਤੀ ਹੀ ਅਸਾਂ ਤੇਰਾ ਕਿਤੇ ਰਿਸ਼ਤਾ ਕਰ ਦੇਣੈ। ਰਾਣੀ ਵੀ ਧਾਰੀ ਬੈਠੀ ਸੀ ਕਿ
ਵਿਆਹ ਤਾਂ ਅਮੀਨ ਨਾਲ ਹੀ ਕਰਾਉਣੈ। ਉਹ ਨਿਤ ਸੋਚਦੀ ਜਾ ਜਾਂਦੀਏ, ਜੇ ਇਨਾਂ ਨੂੰ
ਕੋਈ ਮੁੰਡਾ ਪਸੰਦ ਆ ਗਿਆ ਫਿਰ ਇਨਾਂ ਮੇਰੀ ਕੋਈ ਗੱਲ ਨਹੀਂ ਸੁਨਣੀ। ਪਰ ਮੈਂ ਕਰਾਂ
ਤੇ ਕੀ ਕਰਾਂ। ਉਸ ਇਕ ਦਿਨ ਹੋਂਸਲਾ ਕੀਤਾ ਤੇ ਅੱਬਾ ਨੂੰ ਕਹਿਣ ਲੱਗੀ ‘ਅੱਬਾ ਜਾਣ,
ਮੇਰੇ ਵਿਚ ਤੁਹਾਡੀ ਗ਼ੈਰਤ ਦਾ ਖੂਨ ਏਂ, ਮੈਂ ਨਾ ਕੋਈ ਅਜਿਹਾ ਕੰਮ ਕੀਤੈ ਤੇ ਨਾ
ਕਰਨੈ, ਜਿਸ ਨਾਲ ਤੁਹਾਡੀ ਇੱਜ਼ਤ ਤੇ ਕੋਈ ਹਰਫ਼ ਆਏ। ਮੈਂ ਨਹੀਂ ਆਂਦੀ ਕਿ ਮੇਰੀ
ਅਮੀਨ ਨਾਲ ਸ਼ਾਦੀ ਕਰਾਓ । ਅਗ਼ਰ ਉਹ ਮੇਰੇ ਨਾਲ ਸੱਚਾ ਇਸ਼ਕ ਕਰਦੈ ਤੇ ਇਸ ਵਿੱਚ ਮੇਰਾ
ਕੀ ਕਸੂਰ ਏ ? ਮੈਂ ਤੇ ਕੁਝ ਵੀ ਨਹੀਂ ਆਂਦੀ। ਪਰ ਤੁਸਾਂ ਜੇ ਕਿਤੇ ਹੋਰ ਮੇਰੀ
ਸ਼ਾਦੀ ਕਰ ਦਿੱਤੀ ਤੇ ਉਨਾਂ ਮੇਰਾ ਮਾਜੀ ਫਰੋਲ ਲਿਆ, ਤਾਂ ਮੈਂ ਕਿਵੇਂ ਆਪਣੀ
ਪਾਕੀਜ਼ੀਗੀ ਸਾਬਿਤ ਕਰਾਂਗੀ। ਮੈਂ ਆਪਣੇ ਚਰਿੱਤਰ ਦੀ ਸਫਾਈ ਕਿਵੇਂ ਦੇਵਾਂਗੀ ਕਿ ਉਹ
ਵਿਸ਼ਵਾਸ ਕਰ ਲੈਣ? ਕੌਣ ਮੇਰੇ ਤੇ ਵਿਸ਼ਵਾਸ ਕਰੇਗਾ ? ਅੱਬਾ, ਇਕ ਮਿਹਰਬਾਨੀ ਕਰ
ਦਿਓ, ਮੇਰੀ ਸ਼ਾਦੀ ਕਿਤੇ ਨਾ ਕਰਿਓ ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਕਿ ਕੱਲ ਨੂੰ
ਕੋਈ ਮੇਰੇ ਮਾਜੀ ਨੂੰ ਫਰੋਲੇ ਤੇ ਮੇਰਾ ਤਲਾਕ ਹੋ ਜਾਏ। ਇਸ ਨਾਲੋਂ ਤਾਂ ਮੇਰਾ ਘਰ
ਨਾ ਹੀ ਵਸਾਇਆ ਜੇ। ਅੱਬਾ ਜਾਨ, ਉਹ ਘਰ ਕਿਉਂ ਵਸਾਇਆ ਜਾਏ, ਜਿਸ ਦੇ ਮੁਸਤਕਬਿਲ ਦਾ
ਪਹਿਲਾਂ ਹੀ ਇਲਮ ਹੋਵੇ। ਅੱਬਾ ਨੇ ਮੈਨੂੰ ਘੁਟ ਕੇ ਜੱਫੀ ਪਾ ਲਈ ਤੇ ਕਹਿਣ ਲੱਗੇ,
ਮੇਰਾ ਪੁਤ, ਤੇਰੀ ਸ਼ਾਦੀ ਅਮੀਨ ਨਾਲ ਹੀ ਹੋਵੇਗੀ।
ਫੇਰ ਰੱਬ ਡਾਅਡਾ ਮਿਹਰਬਾਨ ਹੋਇਆ ਤੇ ਇੰਜ ਰਾਣੀਏ–ਅਮੀਨ ਗ਼ੁਲਾਮ ਹੋਇਆ
ਹੁਣ ਰਾਣੀ ਦੇ ਅੱਬਾ ਨੇ ਪਾਕਿਸਤਾਨ ਨੂੰ ਖੱਤ ਲਿਖਿਆ ਤੇ ਸਾਰਾ ਪਰਿਵਾਰ
ਇੰਗਲੈਂਡ ਤੋਂ ਪਾਕਿਸਤਾਨ ਗਿਆ ਤੇ ਇੰਜ ਰਾਣੀ ਸਦਾ ਲਈ ਅਮੀਨ ਦੀ ਹੋ ਗਈ। ਅਮੀਨ
ਸਾਹਿਬ ਦਾ ਇਕ ਪੁਤਰ ਹੈ ਜੋ ਵਕੀਲ ਹੈ ਤੇ ਦੋ ਧੀਆਂ ਹਨ। ਇਕ ਦਿਨ ਮੈਂ ਪੁੱਛ
ਬੈਠਾ, ਮਲਿਕ ਸਾਹਿਬ ਕਦੇ ਆਪਣੇ ਬਚਪਨ ਬਾਰੇ ਵੀ ਕੁਝ ਦਸ ਦਿਓ। ਤਾਂ ਕਹਿਣ ਲੱਗੇ,
ਓ ਯਾਰਾ, ਨਾ ਛੇੜ ਰਾਤ ਦੇ ਗਿਆਰਾਂ ਵਜੇ। ਦਿਨ ਚੜ ਆਉਗਾ ਈ । ਮੇਰੀ ਕਹਾਣੀ ਸੁਣ
ਕੇ, ਤੂੰ ਤਾਂ ਭਾਵੇ ਸੋਂ ਜਾਏਂ, ਪਰ ਮੈਂ ਆਪਣੇ ਜ਼ਖਮ ਕੁਰੇਦ ਕੇ, ਸੋਂ ਨਹੀਓ
ਸਕਣਾ। ਤੇ ਫੇਰ ਮੇਰੇ ਜੁਆਬ ਦੀ ਉਡੀਕ ਵੀ ਨਾ ਕੀਤੀ ਤੇ ਅਮੀਨ ਉਧੜਣਾ ਸ਼ੁਰੂ ਹੋ
ਗਿਆ।
ਉਦੋਂ ਮੈਂ ਛੋਟਾ ਜਿਹਾ ਬਾਲ ਹੀ ਸਾਂ, ਇਕ ਦਿਨ ਸਟੇਸ਼ਨ ਤੇ ਭੀਖ ਮੰਗਣ
ਡਿਆ ਸਾਂ, ਢਿੱਡ ਦੀ ਅੱਗ ਤੇ ਠਾਰਨੀ ਸੀ ਨਾ। ਪਤਾ ਨਹੀਂ ਕਿਉਂ ਰੇਲ ਗੱਡੀਆਂ ਨਾਲ
ਮੈਨੂੰ ਡਾਅਢਾ ਪਿਆਰ ਸੀ। ਗੱਡੀ ਆਈ ਤੇ ਮੈਂ ਬੜੇ ਗੋਅ ਨਾਲ ਤੱਕ ਰਿਹਾ ਸਾਂ,
ਅਚਾਨਕ ਇਕ ਬਾਉ ਨੇ ਮੇਰੇ ਅਲ ਤਕਿਆ ਤੇ ਤੱਕੀ ਗਿਆ । ਮੈਂ ਆਸ ਭਰੀਆਂ ਨਜ਼ਰਾਂ ਨਾਲ
ਓਸ ਵਲ ਤੱਕਿਆ ਕਿ ਸ਼ਾਇਦ ਮੈਨੁੰ ਕੁਝ ਦੇ ਦੇਵੇ, ਨਾਲੇ ਡਰਾਂ ਪਤਾ ਨਹੀਂ ਕਿਉਂ ਇਹ
ਅੱਖੜ ਜਿਹਾ ਦਿਸਦਾ ਬੰਦਾ ਮੇਰੇ ਅਲ ਤੱਕੀ ਜਾਂਦੈ। ਉਸ ਮੇਥੋਂ ਮੇਰਾ ਨਾ
ਪੁਛਿਆ। ਮੈਂ ਡਰਦੇ-ਡਰਦੇ ਕਿਹਾ 'ਮਿਨਾ' ਲਾਡ ਨਾਲ ਮੈਨੂੰ ਏਸੇ ਨਾਮ ਨਾਲ ਬੁਲਾਂਦੇ
ਸਨ, ਯਾਰਾ, ਲਾਡ ਗ਼ਰੀਬੀ ਵਿੱਚ ਵੀ ਤਾਂ ਹੁੰਦੇ ਨੇ ਨਾ।
ਉਹ ਬੰਦਾ ਫਿਰ ਕਹਿਣ
ਲੱਗਾ, ‘ਤੇਰੀ ਅੰਮੀ ਦਾ ਨਾ ਕੀ ਏ?’। ‘ਫਾਤਮਾ’ ਤਾਂ ਉਹ ਇਕਦਮ ਬੋਲਿਆ
‘ਉਏ ਫਿਰ ਤਾਂ ਤੂੰ ਮੇਰਾ ਪੁਤਰ ਏ’। ਉਸ ਮੈਨੁੰ ਫੜ ਲਿਆ ਤੇ ਮੈਂ ਰੋਣ ਲੱਗਾ।
ਮੈਂ ਕਹਾਂ, ‘ਨਹੀਂ ਨਹੀਂ ਮੈਂ ਆਪਾ ਕੋਲ ਜਾਣੈ’। ਮੇਰੇ ਨੇੜੇ ਖੇਡਦੇ ਬਾਲ
ਦੌੜੇ-ਦੌੜੇ ਮੇਰੀ ਆਪਾ ਕੋਲ ਗਏ ਤੇ ਉਸ ਨੂੰ ਦਸਿਆ ਕਿ 'ਮਿਨਾ' ਨੂੰ ਕੋਈ ਬਾਉ ਫੜਕੇ
ਲੈ ਗਿਐ। ਮੈਂ ਉੱਚੀ ਉੱਚੀ ਕਰੁਲਾਉਂਦਾ ਰਿਹਾ ਕਿ ਮੈਂ ਆਪਾ ਕੋਲ ਜਾਣੈ । ਉਹ
ਆਪਾ ਜਿਸ ਮੈਨੂੰ ਔਖੇ ਵੇਲਿਆਂ ਸਾਂਭਿਆ। ਮੈਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ
ਇਹ ਚੌਧਰੀ ਮੇਰੀ ਅੰਮੀ ਦਾ ਖਾਵੰਦ ਏ ਤੇ ਏਸ ਨੇ ਮੇਰੀ ਅੰਮੀ ਨੂੰ ਤਲਾਕ ਦੇ ਛੱਡਿਆ
ਸੀ। ਮੈਂ ਜਦੋਂ ਚੌਧਰੀ ਦੀਆ ਜ਼ਮੀਨਾਂ ਦੇਖੀਆਂ ਤਾਂ ਮੇਰੀਆਂ ਅੱਖਾਂ ਅੱਗੇ ਉਹ ਦਿਨ ਆ
ਗਏ, ਜਦੋਂ ਮੈਂ ਤੇ ਮੇਰੀ ਅੰਮੀ, ਉਨਾਂ ਜ਼ਮੀਨਾਂ ਤੋਂ ਕਦੇ ਕਣਕ ਦੇ ਸਿੱਟੇ ਚੁਗਦੇ
ਰਹੇ ਤੇ ਕਦੇ ਘਾਹ ਖੋਦਦੇ ਰਹੇ। ਜਿਹੜੀਆਂ ਜ਼ਮੀਨਾਂ ਦਾ ਮੈਂ ਵੀ ਵਾਰਸ ਸਾਂ। ਮੈਂ
ਉਨਾਂ ਜ਼ਮੀਨਾਂ ਤੇ ਲੋਕਾਂ ਦੇ ਡੰਗਰ ਵੀ ਚਾਰਦਾ ਰਿਹਾ। ਉਹ ਸਭੇ ਜ਼ਮੀਨਾਂ ਮੇਰੇ ਪਿਊ
ਦੀਆਂ ਸਨ ਤੇ ਮੈਨੂੰ ਕੁਝ ਵੀ ਪਤਾ ਨਹੀਂ ਸੀ। ਅਸਲ ਵਿਚ ਚੋਧਰੀ ਸਾਹਿਬ ਨੇ
ਮੇਰੀ ਅੰਮੀ ਨੂੰ ਤਲਾਕ ਦੇ ਛੱਡੀ ਸੀ ਤੇ ਮੈਂ ਕੱਲਾ ਹੀ ਅੰਮੀ ਕੋਲ ਰਹਿੰਦਾ ਸਾਂ ।
ਮੇਰੇ 7 ਭਰਾ ਸਨ ਤੇ ਮੈਂ ਸਭ ਤੋਂ ਛੋਟਾ ਸਾਂ। ਮੇਰੇ ਹਿੱਸੇ ਮਾਂ ਆਈ ਸੀ। ਫਿਰ
ਪਾਕਿਸਤਾਨ ਬਣ ਗਿਆ। ਮੇਰੀ ਅੰਮੀ ਨੇ ਮੈਨੂੰ ਥੌੜੇ ਪੈਸੇ ਦੇ ਕੇ ਬੇੜੀ ਚਾੜ ਛਡਿਆ,
ਤਾਂ ਕਿ ਮੈਂ ਪਾਕਿਸਤਾਨ ਪਹੁੰਚ ਜਾਵਾਂ। ਮੈਂ ਅਜੇ ਬਾਲ ਸਾਂ। ਕੀ ਪਤਾ ਸੀ, ਅੰਮੀ
ਕੀ ਸੋਚ ਕੇ, ਕੀ ਪਈ ਕਰਦੀ ਏ।
ਮੈਂ ਜਦੋਂ ਸਮੁੰਦਰੋਂ ਪਾਰ ਆਇਆ ਤਾਂ ਡਾਅਢਾ ਡਰ
ਗਿਆ । ਸਿਰਫ ਪਾਟਾ ਜਿਹਾ ਕੱਛਾ ਪਾਈ, ਅੱਧ ਨੰਗਾ ਉਥੇ ਖੜਾ ਰੋਂਦਾ ਪਿਆ ਸਾਂ,
ਜਦੋਂ ਇਕ ਔਰਤ ਨੂੰ ਮੇਰੇ ਤੇ ਤਰਸ ਆ ਗਿਆ ਤੇ ਉਹ ਮੈਨੂੰ ਆਪਣੇ ਨਾਲ ਲੈ ਗਈ।
ਉਸ ਔਰਤ ਦੇ ਪਿੰਡ ਦਾ ਨਾਮ 'ਸ਼ਕਰਗੜ੍ਹ' ਸੀ । ਜੇ ਹੁਣ ਉਸ ਪਿੰਡ ਬਾਰੇ ਪੁੱਛੇਂ ਤਾਂ
ਦਸ ਸਕਦਾ ਹਾਂ ਕਿ ਬੇਇੰਤਾਹ ਗ਼ਰੀਬੀ ਸੀ ਉਸ ਪਿੰਡ ਵਿੱਚ । ਉਦੋਂ ਤਾਂ ਮੈਂ ਬਾਲ
ਸਾਂ, ਇਨ੍ਹਾਂ ਗੱਲਾਂ ਦਾ ਇਲਮ ਹੀ ਨਹੀਂ ਸੀ। ਬਸ ਓਸ ਔਰਤ ਦਾ ਘਰ ਲੈ ਜਾਣਾ ਹੀ
ਮੇਰੇ ਲਈ ਗ਼ਨੀਮਤ ਸੀ। ਉਹ ਮੰਗ ਕੇ ਗੁਜ਼ਾਰਾ ਕਰਦੀ ਸੀ ਤੇ ਮੈਂ ਵੀ ਮੰਗਣ ਲਗ
ਪਿਆ । ਦਰ ਦਰ ਜਾਣਾ ਤੇ ਮੰਗਣਾ ਤੇ ਜੋ ਮਿਲ ਜਾਣਾ ਉਸੇ ਨਾਲ ਘਰ ਦਾ ਗੁਜ਼ਾਰਾ ਚਲਾ
ਲੈਣਾ। ਮੈਂ ਉਸ ਨੂੰ ਆਪਾ ਕਹਿੰਦਾ ਸਾਂ।
ਪਰ ਚੌਧਰੀ ਜੋ ਮੇਰਾ ਅੱਬਾ ਸੀ ਹੁਣ
ਸਟੇਸ਼ਨ ਤੋਂ ਮੈਨੂੰ ਘਰ ਲੈ ਆਇਆ। ਬਾਅਦ ਵਿੱਚ ਮੇਰੀ ਅੰਮੀ ਵੀ ਆ ਗਈ ਤੇ ਅੱਬਾ ਨੇ
ਮੇਰੀ ਆਪਾ ਨੂੰ ਵੀ ਲੈ ਆਉਂਦਾ । ਆਪਾ ਅਜੇ ਜਵਾਨ ਸੀ, ਮੇਰੇ ਅੱਬਾ ਨੇ ਬਾਅਦ ਵਿਚ
ਓਸ ਦਾ ਵਿਆਹ ਵੀ ਕਰ ਦਿੱਤਾ। ਮੈਂ ਆਪਣੀ ਆਪਾ ਨੂੰ ਕਦੇ ਨਾ ਭੁਲਾ ਸਕਿਆ।
ਡਾਅਢਾ ਖਿਆਲ ਰਖਦੀ ਸੀ ਮੇਰਾ। ਜਦੋਂ ਮੈਂ ਭੀਖ ਮੰਗਣ ਜਾਣਾ ਤਾਂ ਕਦੇ ਕਦੇ ਲੋਕਾਂ
ਮੈਨੁੰ ਫੜ ਕੇ ਮੇਰੀ ਬਾਂਹ ਤੇ ਆਪਣੀ ਸਿਗਰਟ ਲਾ ਦੇਣੀ। ਸੜੀ ਹੋਈ ਬਾਂਹ ਲਈ, ਜਦ
ਮੈਂ ਆਪਾ ਕੋਲ ਆਉਣਾ ਤਾਂ ਆਪਾ ਨੇ ਭਰੀਆ ਅੱਖਾਂ ਨਾਲ ਮੇਰੇ ਵੱਲ ਤਕਣਾ ਤੇ ਫਿਰ ਉਸ
ਜ਼ਖਮਾਂ ਤੇ ਕੁਝ ਲਾਅ ਦਿਆ ਕਰਨਾ। ਕਦੇ-ਕਦੇ ਮੈਨੁੰ ਖੰਘ ਲਗ ਜਾਣੀ ਤਾਂ ਓਸ ਕੁਝ
ਹੋਰ ਔਹੜ ਪੋਹੜ ਕਰਨਾ। ਮੈਨੂੰ ਉਹਦੀਆਂ ਇਹ ਹਰਕਤਾਂ ਡਾਅਢੀਆਂ ਭਾਉਂਦੀਆਂ ਸਨ।
ਮੈਨੁੰ ਉਹ ਮੇਰੀ ਅੰਮੀ ਜਿਹੀ ਲਗਦੀ। ਮੇਰੀ ਬਾਂਹ ਸਾੜ ਕੇ ਲੋਕਾਂ ਖੁਸ਼ ਹੋਣਾ ਪਰ
ਮੈਨੂੰ ਸੜੇ ਹੋਏ ਦੀ ਪੀੜ ‘ਚੋਂ ਵੀ ਆਰਾਮ ਜਿਹਾ ਮਿਲਣਾ, ਜਿਵੇਂ ਮੇਰੀ ਅੰਮੀ ਨੇ
ਚੁੱਕ ਕੇ ਮੈਨੂੰ ਛਾਤੀ ਨਾਲ ਲਾ ਲਿਆ ਹੋਵੇ। ਜਦੋਂ ਮੇਰਾ ਰਾਣੀ ਨਾਲ ਵਿਆਹ ਹੋ ਗਿਆ
ਤਾਂ ਮੈਂ ਰਾਣੀ ਨੂੰ ਨਾਲ ਲੈ ਕੇ ਆਪਾ ਕੋਲ ਗਿਆ । ਡਾਅਢੇ ਚਾਅ ਨਾਲ ਮਿਲੀ ਸੀ, ਉਹ
ਰਾਣੀ ਨੂੰ। ਇਕ ਵਾਰ ਮੈਂ ਮਲਿਕ ਸਾਹਿਬ ਨੂੰ ਲੈਸਟਰ ਹੋਣ ਵਾਲੇ ਕਵੀ ਦਰਬਾਰ
ਵਿਚ ਸੱਦ ਭੇਜਿਆ। ਉਨਾਂ ਦਿਨਾਂ ਵਿਚ ਮੈਂ ਲੈਸਟਰ ਲਾਬਰੇਰੀਆਂ ਦੇ ਵਿੱਚ ਕੰਮ ਕਰਦਾ
ਸੀ ਤੇ ਹਰ ਮਹੀਨੇ ਲਾਇਬਰੇਰੀ ਵਿਚ 'ਮਹਿਫਿਲ- ਏ-ਸ਼ਾਇਰੀ' ਦੇ ਨਾਮ ਹੇਠ ਬਹੁ-ਭਾਸ਼ੀ
ਕਵੀ ਦਰਬਾਰ ਲਗਾਇਆ ਕਰਦਾ ਸਾਂ। ਅਸੀਂ ਉਸ ਕਵੀ ਦਰਬਾਰ ਨੂੰ 'ਯੂ ਟਿਊਬ' ਤੇ ਵੀ ਪਾਇਆ
ਕਰਦੇ ਸਾਂ, ਇਹ ਗੱਲ 2006/7 ਦੀ ਹੈ । ਉਦੋਂ ਅਜੇ 'ਯੂ ਟਿਅੂਬ' ਏਨੀ ਮਸ਼ਹੂਰ ਵੀ
ਨਹੀਂ ਸੀ ਹੋਈ।
ਮਲਿਕ ਸਾਹਿਬ ਕਵੀ ਦਰਬਾਰ ਵਿਚ ਆਪਣੀ ਬੇਗ਼ਮ 'ਰਾਣੀ ਮਲਿਕ' ਤੇ
ਨਾਲ ਹੀ ਆਪਣੇ ਇਕ ਹੋਰ ਅਜ਼ੀਜ਼ ਦੋਸਤ 'ਅਮਜਦ ਮਿਰਜ਼ਾ' ਸਹਿਬ ਨੂੰ ਲੈ ਕੇ ਆਏ। ਕਵੀ
ਦਰਬਾਰ ਦਾ ਰਜਕੇ ਲੁਤਫ ਉਠਾਇਆ ਮਲਿਕ ਸਾਹਿਬ ਨੇ। ਉਨਾਂ ਦੀ ਉਥੇ ਬੋਲੀ ਹੋਈ ਕਵਿਤਾ
ਅਜੇ 'ਵੀ ਯੂਟਿਊਬ' ਤੇ ਮੈਂ ਕਈ ਵਾਰ ਸੁਣਦਾ ਹਾਂ। 'ਰਾਣੀ ਮਲਿਕ' ਜੀ ਨੇ ਵੀ ਉਸ ਦਿਨ
ਕਵਿਤਾ ਪੜ੍ਹੀ ਉਹ ਵੀ 'ਯੂਟਿਊਬ' ਤੇ ਹੈ।
ਮੈਨੂੰ ਯਾਦ ਹੈ, ਉਸ ਦਿਨ ਮੇਰਾ ਅਜ਼ੀਜ਼
ਦੋਸਤ ਜਦੋਂ 'ਅਜਮੇਰ ਮੁਸਾਫਿਰ' ਕਵਿਤਾ ਪੜ੍ਹਕੇ ਸਟੇਜ ਤੋਂ ਥੱਲੇ ਉਤਰਿਆ ਤਾਂ ਅਮੀਨ
ਸਾਹਿਬ ਨੇ ਓਸ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਫਿਰ ਪੁਛਣ ਲੱਗੇ “ਯਾਰ ਏ ਤਾਂ ਦੱਸ
ਤੇਰੇ ਅੰਦਰ ਕੀ ਅੱਗ ਬਲਣ ਡਈ ਏ, ਕਵਿਤਾ ‘ਚ ਇਹ ਦਰਦ ਤਾਂ ਕਿਸੇ ਅੱਗ ਦਾ ਭਾਂਬੜ
ਹੀ ਹੋ ਸਕਦੈ”।
ਇਕ ਦਿਨ ਮੇਰੇ ਇਕ ਹੋਰ ਅਜ਼ੀਜ਼ ਦੋਸਤ, 'ਬਿੰਦਰ ਭੋਗਪੁਰੀ' ਦੀਆ
ਕਵਿਤਾਵਾਂ ਤੇ ਟਿਪਣੀ ਕਰਦਿਆਂ ਮੈਨੂੰ ਕਹਿਣ ਲੱਗੇ, “ਇੰਦਰਜੀਤ ਯਾਰ ਲਿਖਤ ਤਾਂ
ਇਹਦੀ ਠੀਕ ਈ ਹੁੰਦੀ ਏ, ਪਰ ਕਵਿਤਾ ਦਾ ਵਿਚਾਰ ਬੜਾ ਪੁਖਤਾ ਹੁੰਦੈ”।
ਮੈਨੂੰ
ਅਮੀਨ ਸਾਹਿਬ ਦੀਆਂ ਕਵਿਤਾਵਾਂ ਨਾਲੋਂ ਕਹਾਣੀਆ ਵੱਧ ਦਿਲਚਸਪ ਲਗੀਆ ਪਰ ਗੱਲਾਂ,
ਕਹਾਣੀਆਂ ਤੋਂ ਵੀ ਵੱਧ।
ਇਕ ਵਾਰ ਅਮੀਨ ਸਾਹਿਬ ਦਾ ਫੋਨ ਆਇਆ ਤੇ ਉਹ ਬੜੇ ਦੁਖੀ
। “ਮੈਂ ਕਿਹਾ, ਮਲਿਕ ਸਾਹਿਬ ਕੀ ਹੋ ਗਿਐ”। “ਮਾਉਂ ਦੀ ਜਾਵੇ ਮੈਨੂੰ ਕਹਿੰਦੇ
ਤੈਨੂੰ ਪਾਰਲੀਆਮੈਂਟ ਵਿਚ ਇਨਾਮ ਦੇਣੈ”। ਮੈਂ ਇਹ ਤਾਂ ਸਮਝ ਗਿਆ ਕਿ ਕੋਈ
ਪੰਗਾ ਪਿਆ ਹੋਣੈ ਤੇ ਮੈਂ ਮਜ਼ਾਕੀਆ ਲਹਿਜ਼ੇ ਵਿਚ ਵਧਾਈ ਦੇਂਦੇ ਹੋਏ ਕਿਹਾ, “ਇਨਾਮ
ਦੇ ਰਹੇ ਸੀ, ਹੋਰ ਤੁਹਾਨੂੰ ਵੜੇਵੇਂ ਚਾਹੀਦੇ ਸੀ”? “ਉਹ ਯਾਰ ਵਿੱਚੇ ਚਵਲਾਂ
ਨਾ ਮਾਰ, ਮੈਨੁੰ ਗਲ ਕਰਨ ਦੇ।
ਮੈਂ ਚੱਪ ਕਰ ਗਿਆ। ਉਸ ਸਾਰੀ ਕਹਾਣੀ ਸੁਣਾ
ਛੱਡੀ। ਕਿਸੇ ਪੰਜਾਬੀ ਸੰਸਥਾ ਨੇ ਫੋਨ ਕਰਕੇ ਮਲਿਕ ਸਾਹਿਬ ਨੂੰ ਕਿਹਾ ਸੀ, ਬਈ
ਤੁਹਾਨੂੰ ਪ੍ਰਮਾਣ ਪੱਤਰ ਦੇਣੈ ਪਾਰਲੀਆਮੈਂਟ ਹਾਉਸ ਵਿੱਚ। ਉੱਥੇ ਆ ਜਾਇਓ। ਅਮੀਨ
ਸਾਹਿਬ ਬਸ ਫੜ ਕੇ ਅਪਾਣੀ ਬੇਗਮ ਰਾਣੀ ਜੀ ਨੂੰ ਨਾਲ ਲੈ ਕੇ ਧੱਕੇ ਖਾਂਦੇ ਉਥੇ
ਪੁੱਜੇ। ਅੱਗੇ ਨਾ ਕੋਈ ਚਾਹ ਨਾ ਪਾਣੀ। ਉਨਾਂ ਇਕ ਕਾਗਜ਼ ਦਾ ਪੁਰਜਾ ਦੇ ਕੇ ਵਾਪਿਸ
ਤੌਰ ਦਿੱਤਾ।
ਇਕ ਵਾਰ ਫੋਨ ਕਰਕੇ ਕਹਿੰਦੇ, ‘ਯਾਰ ਮੈਂ ਤੇਰੇ ਨਾਲ ਡਾਅਡਾ
ਨਾਰਾਜ਼ ਹਾਂ’। ਮੈਂ ਅਜੇ ਕੁਝ ਕਹਿੰਦਾ ਪਹਿਲੇ ਹੀ ਬੋਲ ਪਏ, ‘ਮੈਨੂੰ ਪਤਾ ਲੱਗੈ,
ਤੂੰ ਕੋਈ ਕਿਤਾਬ ਲਿੱਖੀ ਏ, 6-7 ਮਹੀਨੇ ਹੋ ਗਏ ਨੇ।
ਮੈਂ ਕਿਹਾ ਹਾਂਜੀ ਲਿਖੀ
ਤਾਂ ਹੈ।
ਨਾ ਤੇਰਾ ਫਰਜ਼ ਨਹੀਂ ਬਣਦਾ ਸੀ ਕਿ ਮੈਨੁੰ ਵੀ ਦੱਸੇ, ਮੈਂ ਤਾਂ
ਸਮਝਦਾ ਸੀ ਤੁੰ ਮੇਰਾ ਯਾਰ ਐਂ, ਹੁਣ ਬਾਹਰੋਂ ਪਤਾ ਲਗਿਐ, ਬੜੀ ਦਿਲ ਨੂੰ ਨਮੋਸ਼ੀ
ਹੋਈ ਕਿ ਮੈਨੂੰ ਪਤਾ ਹੀ ਨਹੀਂ ਸੀ।
ਮੈਂ ਝੇਂਪਦੇ ਹੋਏ ਕਿਹਾ, ਅਮੀਨ ਸਾਹਿਬ 56
ਸਾਲ ਦੀ ਉਮਰ ਵਿਚ ਤੁਸਾਂ ਲਿਖਣਾ ਸ਼ੁਰੂ ਕੀਤਾ। ਅੱਜ ਹਜ਼ਾਰਾਂ ਪਾਠਕ ਤੁਹਾਡੀ
ਲੇਖਣੀ ਦੇ ਆਸ਼ਿਕ ਨੇ। ਕਈ ਰੋਜ਼ਾਨਾਂ ਅਖਬਾਰਾਂ ’ਚ ਤੁਸੀਂ ਕਿੰਨੇ ਵਰਿਆਂ ਤੋਂ
ਲਗਾਤਾਰ ਛੱਪ ਰਹੇ ਹੋ। ਕਈ ਕਿਤਾਬਾਂ ਲਿਖੀਆਂ, ਕਿੰਨੇ ਪ੍ਰਮਾਣ ਪੱਤਰ ਤੇ ਇਨਾਮ
ਤੁਸਾਂ ਹਾਸਿਲ ਕੀਤੇ। ਜਨਾਬ ਜਿਸ ਮੁਕਾਮ ਤੇ ਤੁਸੀਂ ਅੱਜ ਹੋ ਅਤੇ ਜਿੰਨਾ ਕੂ ਮੈਂ
ਤੁਹਾਡੀ ਲੇਖਣੀ ਦਾ ਸ਼ੌਦਾਈ ਹਾਂ, ਓਸ ਹਿਸਾਬ ਨਾਲ ਮੈਨੂੰ ਲਗਿਆ ਕਿ ਇਹ ਛੋਟੀ ਜਿਹੀ
ਗੱਲ ਤੁਹਾਨੂੰ ਕੀ ਦੱਸਾਂ, ਬਸ ਮੇਰਾ ਹੋਂਸਲਾ ਹੀ ਨਹੀਂ ਪਿਆ।
ਅਮੀਨ ਸਾਹਿਬ
ਕੁਝ ਪਲ ਚੁੱਪ ਕਰ ਗਏ ਤੇ ਫਿਰ ਕਹਿਣ ਲੱਗੇ, “ਯਾਰ ਤੂੰ ਤਾਂ ਮੈਨੁੰ ਬਹੁਤ ਉੱਚਾ
ਕਰ ਛਡਿਐ, ਚੰਗਾ ਮੈਂ ਸਮਝ ਗਿਆਂ, ਤੂੰ ਕੀ ਕਹਿਣਾ ਚਾਹੁਣੈ, ਤੇਰਾ ਮਤਲਬ ਏ, ਕੋਈ
ਨਵਾਂ-ਨਵਾਂ ਗਾਉਣ ਲੱਗੇ, ਉਹ 'ਮੁਹੰਮਦ ਰਫੀ' ਨੂੰ ਥੋੜਾ ਜਾ ਕੇ ਕਹੇਗਾ, ਮੇਰਾ ਗਾਣਾ
ਸੁਣੋ। ਕਿਉਂਕਿ ਮੁਹੰਮਦ ਰਫੀ ਤਾਂ ਉਸ ਲਈ ਉਸਦਾ ਰੱਬ ਹੋਵੇਗਾ। ਚੱਲ ਮੇਰੀ ਨਾਰਜ਼ਗੀ
ਖਤਮ ਹੋ ਗਈ ਏ। ਤੂੰ ਉਹ ਕਿਤਾਬ ਮੈਨੂੰ ਭੇਜ, ਮੈਂ ਪੜ੍ਹਨੀ ਚਾਹੁਨਾ। ਮੈਂ
ਕਿਹਾ ਮਲਿਕ ਸਾਹਿਬ ਸਵੇਰੇ ਹੀ ਪਾਰਸਲ ਕਰ ਦਿਆਂਗਾ। ਫਿਰ ਲਗਭਗ 15 ਦਿਨ ਬਾਅਦ ਰਾਤ
ਨੂੰ 10 ਵਜੇ ਫੋਨ ਦੀ ਘੰਟੀ ਵੱਜੀ । ਸਮੇਂ ਦੇ ਹਿਸਾਬ ਨਾਲ ਮੈਂ ਸਮਝ ਗਿਆ ਸੀ,
ਮਲਿਕ ਸਾਹਿਬ ਆ ਗਏ ਨੇ। ਆਉਂਦਿਆਂ ਹੀ ਕਹਿਣ ਲੱਗੇ, ਮੈਂ ਤੇਰੀ ਕਿਤਾਬ ਪੜ੍ਹ ਲਈ
ਏ, ਸੋਹਣਾ ਲਿਖਿਆ ਏ ਤੂੰ, ਦਿਲ ਖੁਸ਼ ਹੋ ਗਿਐ ਏ। ਅਗਲੀ ਕਿਤਾਬ ਦਾ ਮੁੱਖ ਬੰਦ ਮੈਂ
ਲਿਖਾਂਗਾ। ਇਸ ਗੱਲ ਦਾ ਸਦਾ ਅਫਸੋਸ ਰਹੇਗਾ ਕਿ ਅਜੇ ਅਗਲੀ ਕਿਤਾਬ ਲਿਖੀ ਨਹੀਂ
ਗਈ ਤੇ ਮਲਿਕ ਸਾਹਿਬ ਤੁਰ ਗਏ।
ਚੱਲ ਮਨਾ ਹੁਣ ਚੁੱਕ ਲੈ ਡਫਲੀ, ਹੋਰ ਕਿਤੇ ਹੁਣ ਚਲੀਏ। ਵਰ੍ਹਿਆਂ ਗਾਇਆ
ਇਸ ਚੌਖਟ ਤੇ, ਨਵਾਂ ਦਵਾਰਾ ਮਲੀਏ।
-------------------------------------- ਮਰਹੂਮ ਅਮੀਨ ਮਲਿਕ ਸਾਹਿਬ ਦੀ
ਸ਼ਰੀਕੇ ਹਯਾਤ ਰਾਣੀ ਮਲਿਕ ਵਲੋਂ ਕੁਝ ਸੱਤਰਾਂ,
ਤੂੰ ਵੀ ਗਿਆ
ਤਨਹਾਅ ਤੇ ਹੱਥ ਖਾਲੀ ਪਿਛੇ ਸਾਥੀਆ ਮੈਂ ਤਨਹਾਅ ਰਹਿ ਗਈ ਹਾਸੇ ਕਬਰ ਵਿੱਚ
ਜਾ ਕੇ ਸੋਂ ਗਏ ਨੇ ਸਾਡੇ ਕੋਲ ਬਸ ਆਹੋ ਬਕਾਹ ਰਹਿ ਗਈ (ਰੋਣਾ ਪਿਟਣਾ)
ਚੀਜ਼ਾਂ ਦੋ ਸਨ ਜ਼ਿੰਦਗੀ ਹੱਸ ਰਹੀ ਸੀ ਚਾਹਨ ਵਾਲਾ ਨਾ ਰਿਹਾ ਬਸ ਚਾਹ ਰਹਿ ਗਈ
ਸਾਡੇ ਸਬਰ ਦੀ ਕਬਰ ਨੂੰ ਖ਼ਬਰ ਕੋਈ ਨਹੀਂ ਦੁੱਖ ਦੱਸਣ ਦੀ ਕੋਈ ਨਾ ਜਾਅ ਰਹਿ ਗਈ
ਮੇਰੀ ਖੁਸ਼ੀ ਦੀ ਸ਼ੁਰੂ ਦਾ ਪਤਾ ਕੋਈ ਨਹੀਂ ਕੋਲ ਮੇਰੇ ਗ਼ਮਾਂ ਦੀ ਇੰਤਹਾਅ ਰਹਿ
ਗਈ ਨਾ ਉਹ ਰੰਗ ਨਾ ਦੁਨੀਆਂ ਦੇ ਢੰਗ ਰਹਿ ਗਏ ਨਾ ਹੁਣ ਮੇਰੀ ਹੀ ਉਹ ਨਿਗ਼ਾਹ
ਰਹਿ ਗਈ ਦੁਨੀਆ ਵਿੱਚ ਫ਼ਕੀਰ ਦਾ ਇਕ ਫੇਰਾ ਖਾਲੀ ਜਿੰਨੀ ਕਸ਼ਕੋਲ ਸਦਾ ਰਹਿ
ਗਈ (ਫਕੀਰ ਦਾ ਭਾਂਡਾਂ) ਡੋਰੀ ਬੰਨੀ ਸੀ ਸਾਹ ਦੀ ਰਿਸ਼ਤਿਆਂ ਨੂੰ ਸਾਹ ਗਏ
ਤੇ ਬਾਕੀ ਸੁਆਹ ਰਹਿ ਗਈ ਦੁਨੀਆਂ ਇਕ ਅਦਾਲਤ ਹਰ ਪਲ ਫਾਂਸੀ ਚੁਪ-ਚਾਪ ਮੈਂ
ਇਕ ਗੁਆਹ ਰਹਿ ਗਈ - ਰਾਣੀ ਮਲਿਕ
|