|
|
ਇੰਗਲੈਂਡ ਦੇ ਡਰਬੀ ਸ਼ਹਿਰ ਤੋਂ ਨਿਕਲਦੇ ਮਸ਼ਹੂਰ ਹਫ਼ਤਾਵਰੀ ਅਖ਼ਬਾਰ "ਪੰਜਾਬ
ਟਾਈਮਜ਼" ਦੇ 'ਚੇਅਰਮੈਨ' ਬਾਈ ਰਾਜਿੰਦਰ ਸਿੰਘ ਪੁਰੇਵਾਲ ਨੇ ਕਾਫ਼ੀ ਅਰਸਾ ਪਹਿਲਾਂ
ਹੱਥ ਦੇਖਣ ਅਤੇ ਭਵਿੱਖਬਾਣੀ ਕਰਨ ਵਾਲ਼ੇ "ਅਖੌਤੀ ਬਾਬਿਆਂ" ਦੇ ਖ਼ਿਲਾਫ਼ ਇੱਕ ਵਿਸ਼ਾਲ
ਕਾਨਫ਼ਰੰਸ ਕਰਵਾਈ ਸੀ। ਉਸ ਕਾਨਫ਼ਰੰਸ ਦੀ ਸਟੇਜ਼ ਤੋਂ ਬੋਲਦਿਆਂ ਮੈਂ ਕਿਹਾ ਸੀ,
"ਸੁਨਾਮੀ ਲਹਿਰਾਂ ਆਈਆਂ, ਗਿਆਰਾਂ ਦੇਸ਼ਾਂ ਦੀ ਮਿੱਟੀ ਪੰਦਰਾਂ ਮਿੰਟ ਉਪਰੋਥਲੀ
ਹੁੰਦੀ ਰਹੀ। ਇਹਨਾਂ ਮਨਹੂਸ ਪੰਦਰਾਂ ਮਿੰਟਾਂ ਦੌਰਾਨ ਲੱਖਾਂ ਕੀਮਤੀ ਜਾਨਾਂ ਗਈਆਂ
ਅਤੇ ਅਰਬਾਂ-ਖਰਬਾਂ ਦਾ ਨੁਕਸਾਨ ਆਰਥਿਕਤਾ ਨੂੰ ਹੋਇਆ, ਪਰ ਕੀ ਓਦੋਂ ਭਵਿੱਖਬਾਣੀ
ਕਰਨ ਵਾਲੇ ਇੱਕ ਵੀ ਬਾਬੇ ਦਾ ਤੀਸਰਾ ਨੇਤਰ ਨਾ ਖੁੱਲ੍ਹਿਆ....?"
.....ਤੇ ਹੁਣ ਕੀ ਹੋਇਆ....? ਹੁਣ ਫ਼ਿਰ ਕਿਸੇ ਬਾਬੇ ਦੀ ਅੱਖ ਨਹੀਂ ਫ਼ਰਕੀ ਕਿ ਭਾਈ
"ਕੋਰੋਨਾ" ਆਉਣ ਵਾਲ਼ਾ ਹੈ, ਆਪਣਾ-ਆਪਣਾ ਪ੍ਰਬੰਧ ਅਤੇ ਬਚਾ ਕਰ ਲਓ...! ਪੰਜਾਬ 'ਚ
ਖੁੰਬਾਂ ਵਾਂਗੂੰ ਖੁੱਲ੍ਹੇ ਡੇਰੇ ਅਤੇ ਟਿੱਡੀ ਦਲ ਵਾਂਗ ਫ਼ਿਰਦੇ ਬਾਬੇ ਲੋੜਵੰਦਾਂ
ਦੀ ਕੀ ਸੇਵਾ ਕਰ ਰਹੇ ਹਨ? "ਸੇਵਾ ਹੀ ਕਰਮ ਅਤੇ ਇਨਸਾਨੀਅਤ ਦਾ ਉਤਮ ਧਰਮ" ਦਾ
ਉਪਦੇਸ਼ ਦੇਣ ਵਾਲੇ ਹੁਣ ਖ਼ੁਦ ਕਿਹੜੀ-ਕਿਹੜੀ ਸੇਵਾ ਨਿਭਾਅ ਰਹੇ ਨੇ...? ਹੁਣ ਸਾਨੂੰ
ਲੋੜ ਹੈ ਸਿਹਤ ਸੇਵਾਵਾਂ ਵੱਲ ਵੀ ਧਿਆਨ ਕਰਨ ਦੀ! ਜੇ ਸਰਕਾਰਾਂ ਕੁਝ ਨਹੀਂ ਕਰਦੀਆਂ
ਤਾਂ ਧਾਰਮਿਕ ਆਗੂਆਂ ਨੂੰ ਅੱਗੇ ਲੱਗ ਕੇ ਪਿੰਡਾਂ ਵਿੱਚ 'ਮੈਡੀਕਲ' ਸਹੂਲਤਾਂ
ਪ੍ਰਦਾਨ ਕਰਨ, ਜਾਂ 'ਡਿਸਪੈਂਸਰੀਆਂ' ਖੋਲ੍ਹਣ ਦੇ ਉਪਰਾਲੇ ਕਰਨੇ ਚਾਹੀਦੇ ਹਨ!
ਪਰਖੇ ਜਾਣ ਸੱਜਣ ਉਸ ਵੇਲੇ, ਜਦ ਬਾਜ਼ੀ ਪੁੱਠੀ ਪੈਂਦੀ। ਚੰਗੇ ਮੰਦੇ ਦੀ ਪਰਖ
ਤਾਂ ਵਕਤ ਪੈਣ 'ਤੇ ਹੀ ਹੁੰਦੀ ਹੈ! ਜੇ ਹਰ ਇਨਸਾਨ ਰੱਬ ਅਤੇ ਕੁਦਰਤ ਦੇ ਬਣਾਏ
ਅਸੂਲਾਂ ਉਪਰ ਪਹਿਰਾ ਦਿੰਦਾ, ਤਾਂ ਅੱਜ ਇਸ ਧਰਤੀ ਉਪਰ ਕਿਸੇ ਨੂੰ ਨਰਕ ਭੋਗਣਾ ਹੀ
ਨਾ ਪੈਂਦਾ! ਇਹਨਾਂ ਭਵਿੱਖਬਾਣੀਆਂ ਕਰਨ ਵਾਲ਼ੇ ਬਾਬਿਆਂ ਨਾਲ਼ੋਂ ਤਾਂ ਮੌਸਮ ਦਾ ਹਾਲ
ਦੱਸਣ ਵਾਲੇ ਹੀ ਚੰਗੇ ਨੇ, ਜੋ ਦੱਸ ਤਾਂ ਦਿੰਦੇ ਨੇ ਕਿ ਭਾਈ ਤੂਫ਼ਾਨ ਆਉਣ ਵਾਲ਼ਾ
ਹੈ, ਕੋਈ ਕੁਰਸੀ-ਮੇਜ਼ ਬਾਲਕੋਨੀ ਵਿੱਚ ਨਾ ਰੱਖੋ, ਨਹੀਂ ਤਾਂ ਉਡ ਕੇ ਕਿਸੇ ਦਾ
ਨੁਕਸਾਨ ਕਰ ਸਕਦਾ ਹੈ!
ਇਹਨਾਂ ਦਾ ਤਾਂ ਹੱਥ ਪੁਰਾਣੇ ਖੌਂਸੜੇ, ਬਸੰਤੇ
ਹੋਰੀਂ ਆਏ ਵਾਲਾ ਹਾਲ ਹੈ! ਇੱਕੀਵੀਂ ਸਦੀ ਵਿੱਚ ਵੀ ਇਹਨਾਂ ਨੂੰ ਧਾਗੇ-ਤਵੀਤਾਂ ਦੇ
ਭਰਮ ਜਾਲ਼ ਤੋਂ ਅੱਗੇ ਕੁਛ ਦਿਸਦਾ ਹੀ ਨਹੀਂ ਅਤੇ ਗੁਲਾਮ ਮਾਨਸਿਕਤਾ ਦੀ ਲਛਮਣ ਰੇਖਾ
ਪਾਰ ਕਰਨੀ ਇਹਨਾਂ ਦੇ ਵੱਸ ਦਾ ਰੋਗ ਨਹੀਂ। ਮਾੜੇ ਕਰਮਾਂ ਨੂੰ ਸਾਡੇ ਲੋਕ
ਪੜ੍ਹ-ਲਿਖ ਕੇ ਵੀ ਊੜੇ ਨੂੰ "ਊਠ" ਨਹੀਂ, ਊੜੇ ਨੂੰ "ਬੋਤਾ" ਹੀ ਦੱਸਣਗੇ!
ਸੀਰੀਆ, ਸੁਡਾਨ, ਅਫ਼ਗਾਨਿਸਤਾਨ, ਇਰਾਕ, ਮਿਆਂਮਾਰ, ਰੋਹਿੰਗਾ ਤੋਂ ਲੈ ਕੇ
ਕਿੰਨੇ ਦੇਸ਼ਾਂ ਵਿੱਚ ਆਮ ਲੋਕਾਂ ਦਾ ਘਾਣ ਹੋਇਆ। ਜਦ ਨਿਰਦੋਸ਼ਾਂ ਦਾ ਘਾਣ ਹੁੰਦਾ
ਹੈ, ਤਾਂ ਰੱਬ ਵੱਡੇ-ਵੱਡੇ ਹੰਕਾਰੀਆਂ ਨੂੰ ਚੱਕਰ ਵਿੱਚ ਪਾ ਦਿੰਦਾ ਹੈ! ਕਿਸੇ ਨੇ
ਐਵੇਂ ਹੀ ਨਹੀਂ ਆਖ ਦਿੱਤਾ, "ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ
ਮਾਲੁੰਮ, ਕਬ ਬਦਲੇ ਵਕਤ ਕਾ ਮਿਜ਼ਾਜ਼...?"
ਅੱਜ-ਕੱਲ੍ਹ ਧਰਮ ਅਤੇ ਵਿਗਿਆਨ
ਦੀ ਸਿੱਧੀ ਟੱਕਰ ਹੈ! ਮੈਂ ਇੱਕ ਗੱਲੋਂ ਹੈਰਾਨ ਹੋ ਜਾਂਦਾ ਹਾਂ ਕਿ "ਸਵਰਗ-ਨਰਕ"
ਦਾ ਰਾਹ ਤਾਂ ਪ੍ਰਚਾਰਕ ਬਾਬੇ ਵੀ ਬੜਾ ਖੁੱਲ੍ਹ ਕੇ ਜਾਣਦੇ ਅਤੇ ਪ੍ਰਚਾਰਦੇ ਹਨ, ਪਰ
ਜਦ ਦੁਨੀਆਂ ਅਜਿਹੇ ਸੰਕਟ ਦੀ ਘੁੰਮਣਘੇਰੀ ਵਿੱਚ ਫ਼ਸ ਜਾਂਦੀ ਹੈ, ਤਾਂ ਇਹ ਦੜ ਵੱਟ
ਕੇ ਮੂਰਛਤ ਕਿਉਂ ਹੋ ਜਾਂਦੇ ਹਨ...? ਓਦੋਂ ਇਹਨਾਂ ਦੀ ਗੁੰਗੀ ਚੁੱਪ ਕਿਉਂ ਨਹੀਂ
ਟੁੱਟਦੀ...? ਇੱਕ ਗੱਲ ਦਾਅਵੇ ਨਾਲ਼ ਆਖਦਾ ਹਾਂ, ਸਾਡੀ ਜਨਤਾ ਨੂੰ ਇੱਕ ਗੱਲ ਦੀ
ਅਕਲ ਜ਼ਰੂਰ ਆਵੇਗੀ, ਜਾਂ ਫ਼ਾਇਦਾ ਜ਼ਰੂਰ ਹੋਵੇਗਾ ਕਿ ਮਿਹਨਤਕਸ਼ ਲੋਕ ਸਾਧ ਲਾਣੇ ਅਤੇ
ਝੂਠੇ ਦਾਅਵੇਦਾਰਾਂ ਦੇ ਜੱਫੇ 'ਚੋਂ ਅਜ਼ਾਦ ਜ਼ਰੂਰ ਹੋ ਜਾਣਗੇ! ਹੁਣ ਸਮਝ ਆਉਂਦੀ ਹੈ
ਕਿ ਤੁਰਕੀ ਦੇ ਇੱਕ ਹੁਕਮਰਾਨ ਮੁਸਤਫ਼ਾ ਕਾਮੇਲ ਅੱਤਾਤੁਰਕ ਨੇ ਆਪਣੇ ਦੇਸ਼ ਦੇ
ਪਾਖੰਡੀਆਂ ਨੂੰ ਪਾਣੀ ਵਾਲਾ ਜਹਾਜ਼ ਭਰ ਕੇ ਸਮੁੰਦਰ ਦੇ ਵਿਚਾਲ਼ੇ ਕਿਉਂ ਡਬੋਇਆ ਸੀ?
ਉਸ ਨੂੰ ਭਲੀਭਾਂਤ ਪਤਾ ਸੀ ਕਿ ਜਿੰਨਾਂ ਚਿਰ ਇਹ ਆਪਣੀ ਟਿੰਡ ਵਿੱਚ ਕਾਨਾ ਖੜਕਾਈ
ਜਾਣਗੇ, ਸਾਡਾ ਦੇਸ਼ ਤਰੱਕੀ ਵੱਲ ਕਦਮ ਨਹੀਂ ਪੁੱਟ ਸਕੇਗਾ। ਕਿੰਨੇ ਆਚੰਭੇ ਅਤੇ
ਕਿੰਨੀ ਸ਼ਰਮ ਦੀ ਗੱਲ ਹੈ ਕਿ ਇਸ ਵਿਗਿਆਨਕ ਯੁੱਗ ਵਿੱਚ ਵੀ ਗਊ ਦੇ ਪਿਸ਼ਾਬ ਨੂੰ ਹੀ
ਉਤਮ ਔਸ਼ਧੀ ਪ੍ਰਚਾਰਿਆ ਅਤੇ ਮੰਨਿਆਂ ਜਾ ਰਿਹਾ ਹੈ!
ਅਗਲੀ ਕਸਰ "ਕਈ" ਸਾਡੇ
ਦੇਸੀ ਸਟੋਰਾਂ ਵਾਲ਼ੇ ਵੀ ਪੂਰੀ ਕਰ ਰਹੇ ਹਨ। ਉਹਨਾਂ ਨੇ ਵੀ ਬਦਨੀਤੀ, ਬੇਈਮਾਨੀ
ਅਤੇ "ਭੁੱਖ-ਨੰਗ" ਦਿਖਾਉਣ ਵਿੱਚ ਕੋਈ ਢਿੱਲ ਨਹੀਂ ਛੱਡੀ। ਕੱਲ੍ਹ ਹੀ ਸੁਣਨ ਵਿੱਚ
ਆਇਆ ਹੈ ਕਿ ਅਮਰੀਕਾ ਦੇ ਨਿਊਯਾਰਕ ਦੀ ਵੱਖੀ ਨਾਲ ਲੱਗਦੇ 'ਜੈਰਸੀ' ਸ਼ਹਿਰ ਵਿੱਚ
ਇੱਕ ਸਟੋਰ ਨੂੰ ਨੱਬੇ ਹਜ਼ਾਰ ਅਮਰੀਕਨ ਡਾਲਰ ਜ਼ੁਰਮਾਨਾ ਕੀਤਾ ਗਿਆ, ਕਿਉਂਕਿ ਛੇ
ਡਾਲਰ ਕੀਮਤ ਵਾਲ਼ੇ ਆਟੇ ਦਾ ਬੈਗ ਨੌਂ ਡਾਲਰ ਦਾ ਵੇਚਿਆ ਜਾ ਰਿਹਾ ਸੀ।
ਸਾਨੂੰ ਵੀ ਇਨਸਾਨੀਅਤ ਬਰਕਰਾਰ ਰੱਖਣੀ ਚਾਹੀਦੀ ਹੈ, ਇਹ ਸਮਾਂ ਕਿਰਤੀ ਅਤੇ
ਮਿਹਨਤਕਸ਼ ਲੋਕਾਂ ਲਈ ਬਹੁਤ ਭਾਰਾ ਹੈ, ਜਿੰਨ੍ਹਾਂ ਨੇ ਹਰ ਰੋਜ਼ ਕਿਰਤ ਕਰ ਕੇ ਖਾਣਾ
ਹੁੰਦਾ ਹੈ! ਜਦ ਵੀ ਅਜਿਹਾ ਸੰਕਟ ਸਾਹਮਣੇ ਆਉਂਦਾ ਹੈ, ਸਭ ਤੋਂ ਜ਼ਿਆਦਾ ਮਾਰ ਨਿੱਤ
ਦੇ ਕਿਰਤੀਆਂ ਨੂੰ ਸਹਿਣੀ ਪੈਂਦੀ ਹੈ! ਠੱਗਾਂ ਦੇ ਭਾਅ ਦਾ ਤਾਂ 'ਰੇਸ਼ਮਾਂ ਜੁਆਨ ਹੋ
ਗਈ, ਮੁੰਡੇ ਮਾਰਦੇ ਗਲ਼ੀ ਦੇ ਵਿੱਚ ਗੇੜੇ' ਵਾਲ਼ੀ ਗੱਲ ਹੈ! ਉਹ ਤਾਂ ਕਿਸੇ ਨਾ ਕਿਸੇ
ਆਫ਼ਤ ਨੂੰ ਮੱਥੇ 'ਤੇ ਹੱਥ ਧਰ-ਧਰ ਕੇ ਉਡੀਕਦੇ ਨੇ, ਕਿ ਕਦੋਂ ਕਿਤੇ ਆਫ਼ਤ ਆਵੇ, ਤੇ
ਕਦੋਂ ਲੁੱਟਣ ਦਾ ਮੌਕਾ ਹੱਥ ਲੱਗੇ! 'ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ਼ ਪਤਾਸੇ
ਪੀਵੇ!' ਅਜਿਹੇ ਮੌਕਿਆਂ 'ਤੇ ਲੁਟੇਰਿਆਂ ਦੀਆਂ ਤਾਂ ਪੰਜੇ ਘਿਉ 'ਚ ਤੇ ਸਿਰ ਕੜਾਹੀ
'ਚ ਰਹਿੰਦਾ ਹੈ! ਜ਼ਖੀਰੇਬਾਜ਼ ਅਤੇ ਜਮ੍ਹਾਂਖੋਰ ਵੀ ਉਤਨੇ ਹੀ ਬਰਾਬਰ ਦੇ ਦੋਸ਼ੀ ਹਨ,
ਜਿੰਨੇ ਮਜਬੂਰ ਲੋਕਾਂ ਨੂੰ ਲੁੱਟਣ ਵਾਲ਼ੇ ਲੁਟੇਰੇ!!
ਸਾਡੇ ਬਾਹਰਲੇ
ਲੀਡਰਾਂ ਨੂੰ ਵੀ ਆਪਣੀ ਜਨਤਾ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਆਪਣੇ ਪ੍ਰੀਵਾਰਾਂ
ਦੇ ਨਾਲ-ਨਾਲ ਦੂਜਿਆਂ ਦਾ ਖਿਆਲ ਵੀ ਰੱਖੋ ਅਤੇ ਰਾਸ਼ਣ ਉਤਨਾ ਲਓ, ਜਿਤਨੀ ਜ਼ਰੂਰਤ
ਹੈ! ਘਬਰਾਉਣ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ!
ਇੰਗਲੈਂਡ, ਕੈਨੇਡਾ ਅਤੇ
ਅਮਰੀਕਾ ਵਰਗੇ ਦੇਸ਼ਾਂ ਵਿੱਚ ਹਾਲਾਤਾਂ ਅਨੁਸਾਰ ਥੋੜ੍ਹਾ-ਬਹੁਤਾ ਅੱਗਾ-ਪਿੱਛਾ ਹੋਣਾ
ਕੋਈ ਵੱਡੀ ਗੱਲ ਨਹੀਂ, ਪਰ ਸਪਲਾਈ ਟੁੱਟਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਕਿਸੇ
ਵੀ ਸੰਕਟ ਵਿੱਚ ਰਲ਼-ਮਿਲ਼ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈ! ਘੱਟੋ-ਘੱਟ ਔਖਿਆਈ ਦੇ
ਮੌਕੇ ਰਿਸ਼ਤਿਆਂ ਦੀਆਂ ਚਿਉਂਦੀਆਂ ਮੋਰੀਆਂ ਮੁੰਦਣੀਆਂ ਜ਼ਰੂਰੀ ਨੇ, ਇਹ ਪੰਜਾਬ ਦੇ
ਸਦਾਚਾਰ ਅਤੇ ਸੱਭਿਆਚਾਰ ਦੀ ਵਿਲੱਖਣਤਾ ਅਤੇ ਖ਼ੂਬੀ ਹੈ! ਪੰਜਾਬੀਆਂ ਨੇ ਹਰ ਔਕੜ ਦਾ
ਟਾਕਰਾ ਖਿੜੇ ਮੱਥੇ ਕੀਤਾ ਅਤੇ ਲੋੜਵੰਦ ਜਾਂ ਮਜ਼ਲੂਮ ਦੀ ਬਾਂਹ ਨਹੀਂ ਛੱਡੀ! ਪਰ
ਜਿਹੜੇ ਦੇਸੀ ਸਟੋਰਾਂ ਨੇ ਇਸ ਸੰਕਟ ਦੌਰਾਨ ਕੀਮਤਾਂ ਵਧਾ ਕੇ ਲੋਕਾਂ ਦੀ ਆਰਥਿਕ
ਲੁੱਟ ਕੀਤੀ, ਉਹਨਾਂ ਦਾ ਬਾਈਕਾਟ ਕਰਨ ਦੇ ਨਾਲ਼-ਨਾਲ਼ ਉਹਨਾਂ ਨੂੰ ਲਾਹਣਤਾਂ ਵੀ
ਪੈਣੀਆਂ ਚਾਹੀਦੀਆਂ ਹਨ। ਜਿੱਥੇ ਇਸ ਔਖੇ ਸਮੇਂ ਵਿੱਚ "ਬਰਗਰ ਕਿੰਗ" ਵਰਗੇ ਬੱਚਿਆਂ
ਨੂੰ ਮੁਖ਼ਤ ਖਾਣਾ ਦੇਣ ਦੀ ਪੇਸ਼ਕਸ਼ ਕਰ ਰਹੇ ਹਨ, ਓਥੇ ਸਾਡੇ ਆਪਣੇ ਤੋੜ-ਤੋੜ ਖਾਣ ਲਈ
ਗਿਰਝਾਂ ਵਾਂਗ ਚੁੰਝਾਂ ਤਿੱਖੀਆਂ ਕਰੀ ਬੈਠੇ ਨੇ। ਸੰਕਟ ਅਤੇ ਮਜਬੂਰੀ ਵੇਲ਼ੇ
ਮਹਿੰਗੇ ਮੁੱਲ ਵਸਤਾਂ ਖਰੀਦਣ ਵਾਲਿਆਂ ਨੂੰ ਅਪੀਲ ਹੈ ਕਿ ਅਦਾ ਕੀਤੀ ਰਕਮ ਦੀਆਂ
ਪਰਚੀਆਂ ਸਬੂਤ ਲਈ ਸਾਂਭ ਕੇ ਰੱਖੋ, ਬੜੀ ਜਲਦੀ ਗੌਰਮਿੰਟ ਇਹਨਾਂ ਠੱਗਾਂ ਦੇ ਦੁਆਲੇ
ਜ਼ਰੂਰ ਹੋਵੇਗੀ! ਇੱਕ ਗੱਲੋਂ ਕਿਤੇ ਨਾ ਕਿਤੇ ਕਸੂਰ ਸਾਡਾ ਆਪਣਾ
ਵੀ ਹੈ, 'ਟੈਸਕੋ' ਵਰਗੇ ਸਟੋਰਾਂ ਵਿੱਚੋਂ ਆਪਣੇ ਲੋਕ ਮੈਂ ਦਸ-ਦਸ ਬੋਰੀਆਂ ਆਟੇ
ਦੀਆਂ ਲਿਜਾਂਦੇ ਦੇਖੇ ਨੇ, ਜੋ ਕੁਝ ਅਰਸੇ ਬਾਅਦ ਹੀ ਖਰਾਬ ਹੋ ਜਾਣ ਦਾ ਖਦਸ਼ਾ ਹੈ।
ਨਾ ਤਾਂ ਕਿਸੇ ਸਟੋਰ ਨੇ ਉਹ ਵਾਪਸ ਲੈਣੀਆਂ ਨੇ ਅਤੇ ਨਾ ਹੀ ਤੁਹਾਡੇ ਕਿਸੇ ਕੰਮ
ਦੀਆਂ ਰਹਿਣੀਆਂ ਨੇ! ਫ਼ੇਰ ਕਿਉਂ ਨਾ ਮਹੀਨੇ ਕੁ ਦਾ ਰਾਸ਼ਣ ਜਮ੍ਹਾਂ ਕਰ ਕੇ ਬਾਕੀ
ਦੂਜਿਆਂ ਵਾਸਤੇ ਵੀ ਰਹਿਣ ਦੇਈਏ...?
ਕਈ ਗੁਰੂ ਘਰ ਜਾਂ ਧਾਰਮਿਕ
ਸੰਸਥਾਵਾਂ ਬਜ਼ੁਰਗਾਂ ਅਤੇ ਲੋੜਵੰਦਾਂ ਨੂੰ ਘਰੋ ਘਰੀ ਰਾਸ਼ਣ ਪਹੁੰਚਾ ਕੇ ਬੜਾ
ਸ਼ਲਾਘਾਯੋਗ ਕਾਰਜ ਕਰ, "ਵੰਡ ਛਕੋ" ਦਾ ਸਬੂਤ ਦੇ ਰਹੀਆਂ ਹਨ ਅਤੇ ਧੰਨ ਗੁਰੂ ਨਾਨਕ
ਪਾਤਿਸ਼ਾਹ ਦੇ ਸਿਧਾਂਤ ਨੂੰ ਅੱਗੇ ਤੋਰ ਰਹੀਆਂ ਹਨ!
ਇੰਗਲੈਂਡ ਵਿੱਚ
"ਸੇਨਸਬਰੀ" ਵਰਗੇ ਕਈ ਸਟੋਰਾਂ ਨੇ ਵੀ ਲੋੜਵੰਦ ਅਤੇ ਬਜੁਰਗਾਂ ਲਈ ਰਾਸ਼ਣ ਘਰ
ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਅਜਿਹੀਆਂ ਸੇਵਾਵਾਂ ਅੱਗੇ ਸਤਿਕਾਰ ਵਿੱਚ ਸਾਡਾ
ਸਿਰ ਝੁਕਦਾ ਹੈ!
ਚੰਗੇ-ਮੰਦੇ ਸਮੇਂ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦੇ ਹੀ
ਰਹਿੰਦੇ ਨੇ! ਹਾਸੇ ਅਤੇ ਹਾਦਸੇ ਦਾ ਨਾਂ ਹੀ "ਜ਼ਿੰਦਗੀ" ਹੈ! ਔਖਿਆਈ ਮੌਕੇ
ਇੱਕ-ਦੂਜੇ ਦਾ ਸਾਥ ਦਿਓ! ਸਫ਼ਾਈ ਦਾ ਖ਼ਾਸ ਖਿਆਲ ਰੱਖੋ, ਖ਼ੌਫ਼ਜ਼ਦਾ ਹੋਣ ਦੀ ਥਾਂ
ਡਾਕਟਰੀ ਹਦਾਇਤਾਂ ਅਤੇ ਸਰਕਾਰੀ ਅਦਾਰਿਆਂ ਦੀਆਂ ਨਸੀਹਤਾਂ ਦਾ ਪਾਲਣ ਕਰੋ!
ਜੇ ਤੁਸੀਂ ਇਸ ਭਿਆਨਕ ਦੌਰ ਵਿੱਚੋਂ ਆਪਣਾ ਪ੍ਰੀਵਾਰ ਬਚਾ ਲਿਆ, ਸਮਝੋ ਜੰਗ
ਜਿੱਤ ਲਈ!
|