|
|
ਪਿੰਡਾਂ ਥਾਂਵਾਂ ਵਿੱਚ ਆਮ ਤੌਰ ਤੇ ਇਸ ਸ਼ਬਦ ਨੂੰ ਗਰਦਾਉਰੀ, ਗਰਦਾਵਰੀ,
ਗਦੌਰੀ ਜਾ ਫਿਰ ਗਰਦਾਵਰੀ ਕਿਹਾ ਜਾਂਦਾ ਹੈ। ਪਰ ਇਸ ਸ਼ਬਦ ਦਾ ਅਸਲ ਉਚਾਰਣ
'ਗਿਰਦਾਵਰੀ' ਹੈ ਜੋ ਉਰਦੂ ਭਾਸ਼ਾ ਦਾ ਸ਼ਬਦ ਹੈ (ਗਿਰਦਾਵਰ -
ਫ਼ਾਰਸੀ: ਦੌਰਾ ਕਰਨ ਵਾਲਾ, ਮਾਲੀ ਮਹਿਕਮੇ ਦਾ ਇੱਕ ਕਰਮਚਾਰੀ, ਜੋ ਖੇਤਾਂ
ਦੀ ਪੜਤਾਲ ਕਰਦਾ ਹੈ. [ਮਹਾਨ ਕੋਸ਼]) ਇਸ ਦਾ ਅਰਥ ਹੈ ਖੇਤਾਂ ਵਿਚ ਜਾ ਕੇ ਹਰ ਖੇਤ
ਦੇ ਨੇੜੇ ਜਾ ਕੇ ਬੀਜੀਆਂ ਫਸਲਾਂ ਨੂੰ ਲਿਖਣਾ। ਇਸੇ ਤਰ੍ਹਾਂ ਇਸ ਦੇ ਨਾਲ ਦਾ ਆਮ
ਵਰਤੋਂ ਸ਼ਬਦ ਇਰਦ ਗਿਰਦ ਦਾ ਅਰਥ ਨੇੜੇ ਤੇੜੇ ਹੁੰਦਾ ਹੈ (ਗਿਰਦ
- ਫਾਰਸੀ: __ ਵ੍ਯ- ਆਸਪਾਸ। ਚਾਰੋਂ ਓਰ. ਚੁਫੇਰੇ, ਘੇਰਾ [ਮਹਾਨ
ਕੋਸ਼])।
ਹਰ ਪਟਵਾਰੀ ਕੋਲ "ਲੈਂਡ ਰੀਕਾਰਡ ਮੈਨੂੰਅਲ" ਦੀ ਕਿਤਾਬ
ਰੋਜ਼ਨਾਮਚਾ ਕਾਰਗੁਜ਼ਾਰੀ, ਰੋਜ਼ਨਾਮਚਾ, ਵਾਕਿਆਤੀ, ਰਜਿਸਟਰ ਖਸਰਾ ਗਿਰਦਾਵਰੀ,
ਜਮਾਬੰਦੀ ਜ਼ੇਰਕਾਰ ਤੇ ਕੁਝ ਪਿਛਲੀਆਂ, ਫੀਲਡ ਬੁੱਕ, ਖੇਤਾਂ ਦਾ ਕੱਪੜੇ ਤੇ ਬਣਿਆ
ਨਕਸ਼ਾ (ਜਿਸ ਨੂੰ ਸ਼ਜਰਾ ਕਿਹਾ ਜਾਂਦਾ ਹੈ) ਮਿਸਲ ਹਕੀਅਤ, ਰਜਿਸਟਰ ਇੰਤਕਾਲ, ਕੁਝ
ਪਹਿਲੇ ਇੰਤਕਾਲ ਰਜਿਸਟਰ ਅਤੇ ਜਮਾਬੰਦੀਆਂ ਆਦਿ ਦਸਤਾਵੇਜ਼ ਪਟਵਾਰੀ ਦੀ ਸਹੂਲਤ ਲਈ
ਹੁੰਦੇ ਹਨ। ਇਹ ਸਾਰੇ ਹੀ ਲਗ ਪਗ ਗਿਰਦਾਵਰੀ ਵੇਲੇ ਕੰਮ ਆਉਂਦੇ ਹਨ।
ਹੁਣ
ਸਵਾਲ ਇਹ ਹੈ ਕਿ ਗਿਰਦਾਵਰੀ ਕੀ ਹੁੰਦੀ ਹੈ? ਇਹ ਕਿਸਤਰ੍ਹਾਂ ਤੇ ਕਿਵੇਂ ਕੀਤੀ
ਜਾਂਦੀ ਹੈ? ਮਾਲ ਰੀਕਾਰਡ ਵਿੱਚ ਇਸ ਦੀ ਕੀ ਮਹੱਤਤਾ ਹੁੰਦੀ ਹੈ? ਇਸ ਦਾ ਅਸਰ
ਮਾਲਕਾਂ ਅਤੇ ਕਾਸ਼ਤਕਾਰਾਂ ਤੇ ਕਿਸ ਤਰ੍ਹਾਂ ਹੁੰਦਾ ਹੈ? ਪਹਿਲਾਂ ਇਹ ਜਾਣਨ ਦਾ ਯਤਨ
ਕਰਦੇ ਹਾਂ।
ਇਸ ਕੰਮ ਲਈ ਮਾਲ ਵਿਭਾਗ ਦਾ ਇਕ ਅਹਿਮ ਰਜਿਟਰ "ਖਸਰਾ
ਗਿਰਦਾਵਰੀ" ਹੁੰਦਾ ਹੈ ਜੋ ਪਿੰਡ ਦੇ ਪਟਵਾਰੀ ਕੋਲ ਹੁੰਦਾ ਹੈ। ਇਸ ਵਿੱਚ ਨੰਬਰ
ਖਸਰਾ ( ਖੇਤ ਨੰਬਰ), ਨੰਬਰ ਵਾਰ, ਖਾਤਾ, ਖਤੋਨੀ, ਮਾਲਕ ਦਾ ਨਾਂ, ਕਾਸ਼ਤਕਾਰ ਕਰਨ
ਵਾਲੇ ਦਾ ਨਾਂ, ਖੇਤ ਵਿੱਚ ਬੀਜੀ ਗਈ ਜਿਨਸ, ਵੰਡਾਈ, ਲਗਾਨ ਵਗੈਰਾ ਦਾ ਪੂਰਾ
ਵੇਰਵਾ ਲਿਖਿਆ ਜਾਂਦਾ ਹੈ। ਖੇਤਾਂ ਵਿੱਚ ਬੀਜੀ ਗਈ ਜਿਨਸ ਦਾ ਵੇਰਵਾ ਪਟਵਾਰੀ ਹਲਕਾ
ਜਾਂ ਪਿੰਡ ਦੇ ਮੁਅਤਬਰਾਂ ਨਾਲ ਮੌਕੇ ਤੇ ਜਾ ਕੇ ਕਰਦਾ ਹੈ। ਉਸ ਦਾ ਮੁੱਖ ਕੰਮ
ਮੌਕੇ ਤੇ ਜਾ ਕੇ, ਖੇਤਾਂ ਵਿੱਚ ਫਿਰ ਕੇ ਜਾਣਕਾਰੀ ਹਾਸਲ ਕਰਨਾ ਹੁੰਦਾ ਹੈ,
ਤਾਂਹੀਉਂ ਇਸ ਨੂੰ ਗਿਦਾਵਰੀ ਕਿਹਾ ਜਾਂਦਾ ਹੈ। ਇਸ ਕੰਮ ਦੀ ਪੜਤਾਲ ਵੀ ਉਪਰਲੇ
ਅਧਿਕਾਰੀਆਂ ਤੋਂ ਹੁੰਦੀ ਹੈ। ਇਸ ਕੰਮ ਦੀ ਵੇਲੇ ਜਿੱਥੇ ਕੋਈ ਤਨਾਜ਼ਾ ਕਿਸੇ ਕਿਸਮ
ਦਾ ਹੋਵੇ ਤਾਂ ਪਟਵਾਰੀ ਉਨ੍ਹਾਂ ਨੰਬਰਾਂ ਦਾ ਵੇਰਵਾ ਆਪਣੇ 'ਰੋਜ਼ਨਮਚਾ ਵਾਕਿਆਤੀ'
ਵਿੱਚ ਦਰਜ ਕਰਕੇ ਉੱਚ ਅਧਿਕਾਰੀਆਂ ਦੇ ਫੈਸਲਾ ਕਰਨ ਲਈ ਛੱਡ ਦੇਂਦਾ ਹੈ।
ਇਸ ਰਜਿਸਟਰ ਵਿੱਚ ਨੰਬਰ ਵਾਰ ਖਸਰਾ, ਖੇਤ੍ਰ ਫਲ, ਮਾਲਕ ਦਾ ਨਾਂ ਖਾਤਾ/ ਖਤੋਨੀ,
ਕਾਸ਼ਤ ਕਾਰ ਦਾ ਨਾਂ, ਜਿਨਸ, ਹਾੜੀ, ਸਾਉਣੀ, ਵੰਡਾਈ ਲਗਾਨ ਆਦਿ ਦੇ ਅੰਦਰਾਜ ਹੁੰਦੇ
ਹਨ। 'ਨੰਬਰ ਖਸਰਾ' ਦਾ ਅਰਥ 'ਖੇਤ ਦਾ ਨੰਬਰ' ਹੈ। ਪਟਵਾਰੀ
ਗਿਰਦਾਵਰੀ ਕਰਨ ਤੋਂ ਪਹਿਲਾਂ ਜਮ੍ਹਾਂ ਬੰਦੀ ਦੇ ਵਿਸ਼ੇਸ਼ ਕਥਨ ਵਿੱਚ ਦਿੱਤੇ ਗਏ
ਮਨਜ਼ੂਰ ਹੋਏ ਇੰਤਕਾਲ਼ਾਂ ਦੇ ਹਵਾਲੇ ਰਜਿਸਟਰ ਖਸਰਾ ਗਿਰਦਾਵਰੀ ਵਿੱਚ ਦੇਂਦਾ ਹੈ।
ਕਿਸੇ ਪਿੰਡ ਦੀ ਜ਼ਮੀਨ ਦਾ ਨਕਸ਼ਾ (ਜਿਸ ਨੂੰ ਸ਼ਜਰਾ, ਫਰਦ ਜਾਂ ਸ਼ਜਰਾ ਪਾਰਚਾ ਜਾਂ
ਸ਼ਜਰਾ ਲੱਠਾ ਵੀ ਕਿਹਾ ਜਾਂਦਾ ਹੈ) ਗਿਰਦਾਵਰੀ ਵੇਲੇ ਖੇਤਾਂ ਦੀ ਪਛਾਣ ਲਈ ਨਾਲ
ਹੋਣਾ ਜ਼ਰੂਰੀ ਹੈ।
ਹਰ ਪਟਵਾਰੀ ਗਿਰਦਾਵਰੀ ਕਰਨ ਤੋਂ ਪਹਿਲਾਂ ਇਸ
ਦੀ 'ਸੂਚਨਾ' ਉਪਰਲੇ ਅਧਿਕਾਰੀਆਂ ਨੂੰ ਭੇਜਦਾ ਹੈ। ਇਸ ਨੂੰ 'ਫਰਦ ਰਫਤਾਰ' ਵੀ
ਕਿਹਾ ਜਾਂਦਾ ਜਿਸ ਵਿੱਚ ਗਿਰਦਾਵਰੀ ਕਰਨ ਦੇ ਦਿਨਾਂ ਦਾ ਪੂਰਾ ਵੇਰਵਾ ਹੁੰਦਾ ਹੈ।
ਇਸ ਸੂਚਨਾ ਦੀ ਅਹਿਮੀਅਤ ਇਸ ਲਈ ਹੁੰਦੀ ਹੈ ਕਿਉਂ ਜੋ ਉਸ ਨੇ ਇਹ ਕੰਮ ਦੱਸੇ ਹੋਏ
ਸਮੇਂ ਵਿੱਚ ਹੀ ਸਮਾਪਤ ਕਰਨਾ ਹੁੰਦਾ ਹੈ ਅਤੇ ਨੀਯਤ ਕੀਤੇ ਦਿਨਾਂ ਵਿੱਚ ਹੀ
'ਸੁਪਰਵਾਈਜ਼ਰੀ ਸਟਾਫ' ਅਤੇ ਅਧਿਕਾਰੀਆਂ ਵੱਲੋਂ ਪਟਵਾਰੀ ਦੇ ਕੀਤੇ ਹੋਏ ਕੰਮ ਦੀ
ਪੜਤਾਲ ਵੀ ਕਰਨੀ ਹੁੰਦੀ ਹੈ। ਇਸ ਕੰਮ ਵਿੱਚ 'ਗਿਰਦਾਵਰ ਹਲਕਾ' (ਕਾਨੂੰਗੋ) ਦੀ ਵੀ
ਪੂਰੀ ਜ਼ਿਮੇਵਾਰੀ ਹੁੰਦੀ ਹੈ। ਇਕ ਸਾਲ ਵਿੱਚ ਦੋ ਵਾਰ ਖੇਤਾਂ
ਦੀ ਗਿਦਾਵਰੀ ਕੀਤੀ ਜਾਂਦੀ ਹੈ। ਪਹਿਲੀ "ਖਰੀਫ" ਭਾਵ ਸਾਉਣੀ ਅਤੇ ਦੂਜੀ "ਰਬੀਅ"
ਅਰਥਾਤ ਹਾੜੀ ਦੀ ਹੁੰਦੀ ਹੈ। ਗਿਰਦਾਵਰੀ ਦਾ ਕੰਮ ਅਪ੍ਰੈਲ ਅਤੇ ਅਕਤੂਬਰ ਵਿੱਚ
ਜਦੋਂ ਫਸਲਾਂ ਪੱਕਣ ਲਈ ਤਿਆਰ ਹੁੰਦੀਆਂ ਹਨ, ਕੀਤਾ ਜਾਂਦਾ ਹੈ। ਪਰ ਮੌਸਮ ਮੁਤਾਬਕ
ਇਹ ਤਾਰੀਖਾਂ ਅੱਗੇ ਪਿੱਛੇ ਵੀ ਹੋ ਸਕਦੀਆਂ ਹਨ। ਕੁਦਰਤੀ ਆਫਤਾਂ ਕਰਕੇ ਖਰਾਬ ਹੋ
ਗਈਆਂ ਫਸਲਾਂ ਦੀ ਸਪੈਸ਼ਲ ਗਿਰਦਾਵਰੀ ਵੀ ਹੁੰਦੀ ਹੈ। ਅੱਠਾਂ ਫਸਲਾਂ ਤੋਂ ਬਾਅਦ
ਭਾਵ ਚਾਰ ਸਾਲਾਂ ਪਿੱਛੋਂ ਇਸੇ ਅਨੁਸਾਰ ਹੀ ਅਗਲੀ ਜਮ੍ਹਾਬੰਦੀ ਤਿਆਰ ਕੀਤੀ
ਜਾਂਦੀ ਹੈ। ਪਿਛਲੀ ਜਮਾਂਬੰਦੀ ਅਤੇ ਇਸ ਸਮੇਂ ਵਿੱਚ ਹੋਏ ਇੰਤਕਾਲਾਂ ਨੂੰ ਮੁੱਖ
ਰੱਖ ਕੇ ਇਹ ਕੰਮ ਦਾ ਪੂਰੀ ਨਿਗਰਾਨੀ ਹੇਠ, ਪੂਰੀ ਤਰ੍ਹਾਂ ਖਿਆਲ ਰੱਖ ਕੇ ਕੀਤਾ
ਜਾਂਦਾ ਹੈ।
ਏਨਾ ਕੁਝ ਕਰਨ ਦੇ ਬਾਜਵਜੂਦ ਵੀ ਕਈ ਕਿਸਮ ਦੀਆਂ ਲਾਪਰਵਾਹੀਆਂ
ਹੋਣ ਕਰਕੇ 'ਰੀਕਰਡ ਮਾਲ' ਵਿੱਚ ਇਨ੍ਹਾਂ ਗਿਰਦਾਵਰੀਆਂ ਦੇ ਗਲਤ ਹੋਣ ਕਾਰਣ
ਵੱਡੀਆਂ ਵੱਡੀਆਂ ਔਕੜਾਂ ਦਾ ਖਮਿਆਜ਼ਾ ਜ਼ਮੀਨ ਦੇ ਮਾਲਕਾਂ, ਕਾਸ਼ਤਕਾਰਾਂ ਨੂੰ ਸਰਕਾਰੀ
ਦਫਤਰਾਂ ਕਚਹਿਰੀਆਂ ਵਿੱਚ ਖੱਜਲ ਖੁਆਰ ਹੋ ਕੇ ਭੁਗਤਣਾ ਪੈਂਦਾ ਹੈ। ਹਾਲਾਂਕਿ
ਗਿਰਦਾਵਰੀ ਪਿੰਡ ਦੇ ਮੁਅਤਬਰ ਲੋਕਾਂ ਨਾਲ ਬਾਹਰ ਖੇਤਾਂ ਵਿੱਚ ਜਾ ਕੇ ਮੌਕੇ
ਅਨੁਸਾਰ ਕੀਤੀ ਜਾਂਦੀ ਹੈ ਪਰ ਕਈ ਵਾਰ ਇਹ ਕੰਮ ਕਿਸੇ ਮੁਅਤਬਰ ਦੀ ਹਵੇਲੀ
ਆਦਿ ਵਿਚ ਬੈਠ ਕੇ ਪੁੱਛ ਪੁਛਾ ਕੇ ਵੀ ਕੀਤਾ ਜਾਂਦਾ ਹੈ, ਜਿਸ ਕਰਕੇ ਕਈ ਉਕਾਈਆਂ
ਹੋ ਜਾਂਦੀਆਂ ਹਨ। ਸਮੇਂ ਦੇ ਨਾਲ ਕਿਸੇ ਕਾਸ਼ਤਕਾਰ ਦੀ ਕਾਸ਼ਤ ਬਦਲਣ ਦੇ ਅਧਿਕਾਰ ਹੁਣ
ਪਟਵਾਰੀ ਪਾਸ ਘਟੇ ਵੀ ਹਨ ਪਰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਕੁਝ ਬੇਨਿਯਮੀਆਂ
ਹੋ ਜਾਂਦੀਆਂ ਹਨ।
ਬੇਸ਼ੱਕ ਇਸ ਕੰਮ ਵਿੱਚ ਹੁਣ ਇਸ ਮਹਿਕਮੇ ਨਾਲੋਂ ਹੋਰ ਕਈ
ਮਹਿਕਮੇ ਬਹੁਤ ਅੱਗੇ ਹਨ, ਪਰ ਉਹੋ ‘ਬਦ ਸੇ ਬਦਨਾਮ ਬੁਰਾ’ ਵਾਲੀ ਗੱਲ ਅਜੇ ਵੀ ਇਸ
ਮਿਹਕਮੇ ਨਾਲੋਂ ਨਹੀਂ ਲੱਥੀ ਹੈ। ਭੂਮੀ ਮਾਲਕਾਂ ਨੂੰ ਆਪਣੇ ਵੱਲੋਂ ਵੀ ਪੂਰੀ
ਤਰ੍ਹਾਂ ਸੁਚੇਤ ਰਹਿਣ ਦੀ ਲੋੜ ਹੈ।
ਇਸ ਬਾਰੇ ਮੈਂ ਮੇਰੇ ਮਹਿਕਮੇ ਦੇ ਇਕ
ਉੱਚ ਅਧਿਕਾਰੀ, ਸ. ਕੁੰਦਰਾ ਸਾਬ੍ਹ - ਜੋ ਮੇਰੇ ਮਾਲ ਮਹਿਕਮੇ ਵਿੱਚ ਹੀ ਅਧੀਨ
ਸਕੱਤਰ ਦੇ ਪੱਦ ਤੇ ਲੱਗੇ ਹੋਏ ਸਨ ਅਤੇ ਜਿਨ੍ਹਾਂ ਦੀ ਮਾਲਕੀ ਮੇਰੇ ਹਲਕੇ ਵਿੱਚ ਸੀ
- ਜਦੋਂ ਵੀ ਮੇਰੇ ਦਫਤਰ ਆਉਂਦੇ ਤੇ ਆਪਣੀ ਮਾਲਕੀ ਦੀ ਗਿਰਦਾਵਰੀ ਦੀ ਨਕਲ ਲੈ ਕੇ
ਜ਼ਰੂਰ ਜਾਂਦੇ ਤੇ ਕਹਿ ਜਾਂਦੇ ਕਿ ਲੋਕ ਬੜੇ ਵਿਸਾਹੇ ਹਨ, ਆਪਣੇ ਆਪ ਦਾ ਆਪੇ
ਖਿਆਲ ਰੱਖਣਾ ਚਾਹੀਦ ਹੈ। 'ਮਹਿਕਮਾ ਮਾਲ' ਦੇ ਰੀਕਾਰਡ ਦੀਆਂ
ਗਲਤੀਆਂ ਬਾਰੇ ਮੈਨੂੰ ਪਟਵਾਰ ਸਕੂਲ ਵੇਲੇ ਦੇ ਮਾਸਟਰ ਰਾਮ ਰੱਖਾ ਜੀ ਦੀ ਗੱਲ ਚੇਤੇ
ਆ ਗਈ ਜੋ ਪਾਠਕਾਂ ਨਾਲ ਸਾਂਝੀ ਕਰਨ ਨੂੰ ਮਨ ਕਰ ਆਇਆ। ਉਹ ਬੜੇ ਹੀ ਖੁਲ੍ਹੇ ਅਤੇ
ਹਸ ਮੁਖੇ ਸੁਭਾਅ ਵਾਲੇ ਸਨ। ਪੜ੍ਹਾਉਂਦੇ ਹੋਏ ਵਿੱਚ ਵਿਚਾਲੇ ਕਦੇ ਕਦੇ ਕੋਈ
ਨਾ ਕੋਈ ਹਾਸੇ ਵਾਲੀ ਗੱਲ ਵੀ ਸੁਣਾਇਆ ਕਰਦੇ ਸਨ। ਇਕ ਦਿਨ ਉਹ ਕਹਿਣ ਲੱਗੇ ਕਿ ਇੱਕ
ਵੇਰਾਂ ਰੱਬ ਬੜੇ ਖੁਸ਼ ਮੂਡ ਵਿੱਚ ਬੈਠਾ ਆਪਣੀ ਘਰ ਵਾਲੀ ਦੇ ਨਾਲ ਸੰਗਤਰੇ ਖਾ ਰਿਹਾ
ਸੀ ਕਿ ਐਨੇ ਨੂੰ ਉਨ੍ਹਾਂ ਕੋਲ "ਗਲਤੀ" ਹੱਥ ਜੋੜੀ ਆਣ ਹਾਜ਼ਿਰ ਹੋਈ 'ਤੇ ਕਹਿਣ
ਲੱਗੀ ਪਿਆਰੇ ਰੱਬ ਜੀ ਮੈਨੂੰ ਜਿੱਥੇ ਵੀ ਕੋਈ ਵੇਖਦਾ ਹੈ ਵੇਖਦਿਆਂ ਹੀ ਨਾਲ ਝਟ ਪਟ
ਗੁੱਤੋਂ ਫੜ ਕੇ, ਘਸੀਟ ਕੇ ਬਾਹਰ ਸੁੱਟ ਦੇਂਦਾ ਹੈ। ਤੁਹਾਡੇ ਪਾਸ ਏਨੀ
ਵੱਡੀ ਦੁਨੀਆਂ ਹੈ, ਕਿਤੇ ਮੇਰੇ ਤੇ ਵੀ ਮਿਹਰ ਕਰੋ, ਕੋਈ ਥੋੜ੍ਹੀ ਬਹੁਤ ਥਾਂ
ਮੈਨੂੰ ਗਰੀਬਣੀ ਨਿਤਾਣੀ ਵਾਸਤੇ ਵੀ ਰਹਿਣ ਦਿਓ। ਰੱਬ ਕੋਲ ਬੈਠੀ ਰੱਬ ਦੀ ਘਰ ਵਾਲੀ
ਨੇ ਵੀ "ਗਲਤੀ" ਦੀ ਸਿਫਾਰਸ਼ ਕਰ ਦਿੱਤੀ।
ਬੱਸ ਫਿਰ ਕੀ ਸੀ, ਰੱਬ ਰਹਿ ਨਾ
ਸਕਿਆ 'ਤੇ ਖੁਸ਼ੀ ਵਿੱਚ ਹੱਸਦਾ ਹੋਇਆ ਕਹਿਣ ਲੱਗਾ, "ਚੰਗੇ ਵੇਲੇ ਆਈ ਏਂ ਗਲਤੀਏ,
ਨਾਲੇ ਤੇਰੀ ਸਿਫਾਰਸ਼ ਵੀ ਬਹੁਤ ਵੱਡੀ ਹੈ, ਜਿਸ ਦਾ ਕਿਹਾ ਮੈਂ ਕਿਵੇਂ ਮੋੜ ਸਕਦਾ
ਹਾਂ, ਜਾ ਮੌਜਾਂ ਲੁੱਟ, ਤੈਨੂੰ 'ਮਾਲ' ਦੇ ਕਾਗਜ਼ਾਂ ਵਿੱਚ ਥਾਂ ਦਿੱਤੀ।" ਹੁਣ
ਜਿੰਨਾ ਵੀ ਇਸ ਨੂੰ ਮਾਲ ਦੇ ਕਾਗਜ਼ਾਂ ਵਿੱਚੋਂ ਕੱਢੀ ਦਾ ਹੈ, ਓਨੀ ਹੀ ਇਹ ਪੈਰ
ਪਸਾਰੀ ਕਿਤੇ ਨਾ ਕਿਤੇ ਲੁਕੀ ਹੀ ਰਹਿੰਦੀ ਹੈ।
ਬਸ ਅਜੇ ਗਿਰਦਾਵਰੀ ਬਾਰੇ
ਏਨਾ ਕੁੱਝ ਹੀ, ਬਾਕੀ 'ਮਹਿਕਮਾ ਮਾਲ' ਬਾਰੇ ਫਿਰ ਸਹੀ।
ਰਵੇਲ ਸਿੰਘ ਇਟਲੀ
|