|
|
ਇਸ ਸਮੇਂ 'ਕੋਰੋਨਾਵਾਇਰਸ' ਦਾ ਕਹਿਰ ਸਮੁੱਚੀ ਦੁਨੀਆ ਤੇ ਛਾਇਆ ਹੋਇਆ ਹੈ।
ਇਟਲੀ, ਚੀਨ, ਜਰਮਨੀ, ਇੰਗਲੈਂਡ, ਅਮਰੀਕਾ ਸਮੇਤ ਦੁਨੀਆ ਦੇ ਸਮੁੱਚੇ ਦੇਸ਼ਾਂ ਵਿਚ
ਜੰਗੀ ਪੱਧਰ ਉੱਤੇ ਪਾਬੰਦੀਆਂ ਅਤੇ ਰਾਹਤ ਕਾਰਜ ਚੱਲ ਰਹੇ ਹਨ। ਮਨੁੱਖਤਾ ਨੂੰ
ਬਚਾਉਣ ਦੇ ਉੱਪਰਾਲੇ ਜੰਗੀ ਪੱਧਰ ਉੱਪਰ ਚੱਲ ਰਹੇ ਹਨ। ਸਰਕਾਰਾਂ ਨੇ ਆਮ ਲੋਕਾਂ
ਕੋਲੋਂ ਸਹਿਯੋਗ ਦੀ ਅਪੀਲ ਕੀਤੀ ਹੈ ਤਾਂ ਕਿ ਇਸ ਮੁਸ਼ਕਿਲ ਘੜੀ ਵਿਚ ਕੋਰੋਨਾਵਾਇਰਸ
ਨੂੰ ਹਰਾਇਆ ਜਾ ਸਕੇ ਅਤੇ ਮਨੁੱਖੀ ਜ਼ਿੰਦਗੀ ਦੀ ਜੰਗ ਜਿੱਤੀ ਜਾ ਸਕੇ।
ਇਸੇ ਕੜੀ ਦੇ ਤਹਿਤ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ
ਦੇਸ਼ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ
ਸਰਕਾਰਾਂ ਵੀ ਆਪਣੇ-ਆਪਣੇ ਪੱਧਰ ਉੱਪਰ ਪ੍ਰਬੰਧ ਕਰਨ ਵਿਚ ਰੁੱਝੀਆਂ ਹੋਈਆਂ ਹਨ।
ਪਰ ਅਫ਼ਸੋਸ! ਆਮ ਲੋਕ ਇਸ ਭਿਆਨਕ ਬਿਮਾਰੀ ਨੂੰ ਮਖੌਲ ਵੱਜੋਂ ਲੈ ਰਹੇ ਹਨ,
ਹਾਸੇ- ਠੱਠੇ ਵੱਜੋਂ ਲੈ ਰਹੇ ਹਨ।
ਲੋਕ-ਮਾਧਿਅਮ ਉੱਪਰ ਤਰਾਂ-ਤਰਾਂ ਦੇ
ਲਤੀਫ਼ੇ ਬਣਾਏ ਜਾ ਰਹੇ ਹਨ। ਕੋਰੋਨਾਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ
ਰਿਹਾ। ਹਰ ਮਨੁੱਖ ਇਹ ਸੋਚਦਾ ਹੈ ਕਿ ਉਸਨੂੰ ਇਹ ਬਿਮਾਰੀ ਨਹੀਂ ਹੋ ਸਕਦੀ। ਪਰ
ਅਜਿਹਾ ਨਹੀਂ ਹੈ। ਕੋਈ ਵੀ ਬੰਦਾ ਇਸ ਬਿਮਾਰੀ ਦੀ ਚਪੇਟ ਵਿਚ ਆ ਸਕਦਾ ਹੈ।
ਲੋਕ-ਮਾਧਿਅਮ ਤੱਕ ਹਾਸਾ- ਠੱਠਾ ਕੁਝ ਹੱਦ ਤੱਕ ਪ੍ਰਵਾਨ ਕੀਤਾ ਜਾ ਸਕਦਾ ਹੈ ਪਰ ਆਮ
ਜ਼ਿੰਦਗੀ ਵਿਚ ਇਸ ਬਿਮਾਰੀ ਨੂੰ ਹਲਕੇ ਵਿਚ ਲੈਣਾ ਭਿਆਨਕ ਭੁੱਲ ਸਾਬਿਤ ਹੋ ਸਕਦੀ
ਹੈ। ਲੋਕ ਇਸ ਕਦਰ ਲਾਹਪ੍ਰਵਾਹ ਹਨ ਕਿ ਪਹਿਲਾਂ ਤੋਂ ਨਿਰਧਾਰਤ ਵਿਆਹ-ਸ਼ਾਦੀਆਂ ਨੂੰ
ਅੱਗੇ ਪਾਉਣ ਲਈ ਤਿਆਰ ਨਹੀਂ ਹਨ। ਸੜਕਾਂ ਉੱਪਰ ਫ਼ਿਜੂਲ ਘੁੰਮਦੇ ਬਹੁਤ ਸਾਰੇ ਪੜੇ-
ਲਿਖੇ ਲੋਕ ਵੇਖੇ ਜਾ ਸਕਦੇ ਹਨ। ਬਾਜ਼ਾਰਾਂ ਵਿਚ ਭੀੜ ਹੋਣੀ ਸ਼ੁਰੂ ਹੋ ਗਈ ਹੈ। ਲੋਕ
ਘੁੰਮਣ ਲਈ ਬਾਹਰ ਨਿਕਲਣਾ ਚਾਹੁੰਦੇ ਹਨ। ਪਰ ਇੱਥੇ ਇਹ ਗੱਲ ਚੇਤੇ ਰੱਖਣੀ ਲਾਜ਼ਮੀ
ਹੈ ਕਿ ਸਰਕਾਰਾਂ ਉਸ ਵਕਤ ਤੱਕ ਕਾਮਯਾਬ ਨਹੀਂ ਹੋ ਸਕਦੀਆਂ ਜਿਸ ਵੇਲੇ ਤੱਕ ਆਮ ਲੋਕ
ਸਹਿਯੋਗ ਨਾ ਕਰਨ। ਇਸ ਵਕਤ ਹਰ ਪਾਬੰਦੀ ਦਾ ਮੂਲ ਮਕਸਦ ਆਮ ਲੋਕਾਂ ਦੀ ਸੁਰੱਖਿਆ
ਵਾਸਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਾਰਚ ਸ਼ਾਮ 5 ਵਜੇ
ਭਾਰਤ ਵਾਸੀਆਂ ਨੂੰ ਉਹਨਾਂ ਡਾਕਟਰਾਂ, ਨਰਸਾਂ, ਸੁਰੱਖਿਆ- ਕਰਮੀਆਂ ਅਤੇ ਮੀਡੀਆ-
ਕਰਮੀਆਂ ਦੀ ਹੌਸਲਾ- ਅਫ਼ਜਾਈ ਲਈ ਆਪਣੇ ਘਰਾਂ ਦੇ ਬਾਹਰ, ਬਾਲਕੋਨੀ, ਛੱਤਾਂ ਉੱਪਰ
ਚੜ ਕੇ ਤਾੜੀਆਂ ਮਾਰਨ ਲਈ ਕਿਹਾ ਸੀ। ਇਸ ਦਾ ਮੂਲ ਭਾਵ ਮਨੋਵਿਗਿਆਨਕ ਤੌਰ ਉੱਪਰ
ਜੋਸ਼ ਭਰਨਾ ਸੀ, ਹੌਸਲਾ ਦੇਣਾ ਹੁੰਦਾ ਹੈ। ਦੂਜੀ ਗੱਲ, ਸਾਰਾ ਦਿਨ ਘਰਾਂ
ਵਿਚ ਬੰਦ ਲੋਕ, ਬੱਚੇ, ਬਜ਼ੁਰਗ ਅਤੇ ਔਰਤਾਂ; ਇਹਨਾਂ ਕਾਰਜਾਂ (ਤਾੜੀ) ਮਾਰਨ ਕਰਕੇ
ਖ਼ੁਦ ਵੀ ਚੰਗਾ ਮਹਿਸੂਸ ਕਰਨ; ਇਸ ਲਈ ਅਜਿਹਾ ਕਰਨ ਲਈ ਕਿਹਾ ਗਿਆ ਸੀ। ਪਰ ਲੋਕਾਂ
ਨੇ ਜਲੂਸ ਦੀ ਸ਼ਕਲ ਵਿਚ, ਇਕੱਠ ਦੀ ਸ਼ਕਲ ਵਿਚ ਗਲੀਆਂ, ਕਾਲੌਨੀਆਂ ਵਿਚ ਘੁੰਮ ਕੇ
ਆਪਣੀ ਅਕਲ ਦਾ ਜਨਾਜ਼ਾ ਕੱਢ ਦਿੱਤਾ ਹੈ। ਲੋਕ ਘਰਾਂ ਤੋਂ ਬਾਹਰ ਆਪਣੇ ਮੋਟਰ-
ਸਾਈਕਲ, ਸਕੂਟਰਾਂ, ਕਾਰਾਂ ਨੂੰ ਲੈ ਕੇ ਸੜਕਾਂ ਉੱਪਰ ਆ ਗਏ। ਨੱਚਣ ਲੱਗੇ, ਭੰਗੜੇ
ਪਾਉਣ ਲੱਗੇ ਜਿਵੇ ਕਿ ਇਸ ਬਿਮਾਰੀ ਨੂੰ ਕਾਬੂ ਕਰ ਲਿਆ ਗਿਆ ਹੋਵੇ। ਪਰ ਅਜਿਹਾ ਕੁਝ
ਵੀ ਨਹੀਂ ਹੈ। ਇਹ ਬਹੁਤ ਅਫ਼ਸੋਸਜਨਕ ਵਰਤਾਰਾ ਹੈ ਕਿ ਸਾਡੇ ਲੋਕ ਸੰਜੀਦਾ
ਨਹੀਂ ਹੁੰਦੇ।
ਕੋਰੋਨਾਵਾਇਰਸ ਦੀ ਭਿਆਨਕ ਬਿਮਾਰੀ ਨੂੰ ਲੋਕਾਂ ਵੱਲੋਂ
ਗੰਭੀਰਤਾ ਨਾਲ ਨਾ ਲੈਣ ਦੇ ਸਿੱਟੇ ਵੱਜੋਂ ਸਰਕਾਰਾਂ ਨੂੰ ਧਾਰਾ 144 ਲਗਾ ਕੇ ਬੰਦ
ਕਰਨਾ ਪਿਆ ਹੈ। ਪਹਿਲਾਂ ਇਹ ਬੰਦ ਲੋਕਾਂ ਦੇ ਸਹਿਯੋਗ ਨਾਲ ਕਰਨ ਦਾ ਯਤਨ ਕੀਤਾ ਗਿਆ
ਸੀ ਕਿ ਲੋਕ ਆਪਣੇ- ਆਪ ਤੇ ਪਾਬੰਦੀ ਲਗਾਉਣ ਅਤੇ ਆਪਣੇ ਘਰਾਂ ਵਿਚ ਰਹਿਣ। ਜਦੋਂ ਇਹ
ਯਤਨ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਇਆ ਤਾਂ ਬਹੁਤੇ ਸੂਬਿਆਂ ਵਿਚ ਧਾਰਾ 144 ਲਗਾ
ਕੇ ਕਾਨੂੰਨੀ ਰੂਪ ਵਿਚ ਬੰਦ ਕਰਨਾ ਪਿਆ ਹੈ। ਇਹ ਆਮ ਲੋਕਾਂ ਦੀ ਗੈਰ ਜ਼ਿੰਮੇਵਾਰੀ
ਦੀ ਪਰਵ੍ਰਿਤੀ ਨੂੰ ਪ੍ਰਗਟਾਉਂਦਾ ਹੈ। ਲੋਕਾਂ ਨੂੰ ਭਵਿੱਖ ਦੇ ਭਿਆਨਕ ਹੋਣ ਦਾ ਰਤਾ
ਭਰ ਵੀ ਇਲਮ ਨਹੀਂ ਹੈ। ਲੋਕਾਂ ਨੂੰ ਇਸ ਬਿਮਾਰੀ ਦੀ ਭਿਆਨਕਤਾ ਨੂੰ ਸਮਝਣਾ ਚਾਹੀਦਾ
ਹੈ। ਦੁਨੀਆ ਦੇ ਵੱਡੇ- ਵੱਡੇ ਮੁਲਕ ਇਸ ਬਿਮਾਰੀ ਦੀ ਚਪੇਟ ਵਿਚ ਆਪਣੇ- ਆਪ ਨੂੰ
ਅਸਹਿਜ ਮਹਿਸੂਸ ਕਰ ਰਹੇ ਹਨ, ਮਜ਼ਬੂਰ ਮਹਿਸੂਸ ਕਰ ਰਹੇ ਹਨ। ਭਾਰਤ ਵਿਚ ਸਿਹਤ
ਸਹੂਲਤਾਂ ਦੀ ਸਥਿਤੀ ਬਹੁਤ ਜਿਆਦਾ ਵਧੀਆ ਨਹੀਂ ਹੈ। ਮਹਾਮਾਰੀ ਦੇ ਫੈਲਣ
ਮਗਰੋਂ ਵੱਡੇ ਪੱਧਰ ਉੱਪਰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਲੋਕਾਂ ਨੂੰ ਆਪਣੀ
ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕੋਰੋਨਾਵਾਇਰਸ ਦੀ ਮਨੁੱਖੀ ਕੜੀ ਨੂੰ ਤੋੜਨਾ
ਲਾਜ਼ਮੀ ਹੈ। ਇਸ ਕੜੀ ਨੂੰ ਤੋੜਣ ਲਈ ਇੱਕੋ ਹੀ ਹੱਲ ਹੈ ਕਿ ਲੋਕ ਆਪਣੇ ਘਰਾਂ ਵਿਚ
ਰਹਿਣ। ਇੱਕ- ਦੂਜੇ ਦੇ ਸੰਪਰਕ ਵਿਚ ਨਾ ਆਉਣ। ਨਸ਼ੇ ਤੋਂ ਗੁਰੇਜ਼ ਕਰਨ ਅਤੇ ਸਰਕਾਰਾਂ
ਦਾ ਸਹਿਯੋਗ ਕਰਨ ਤਾਂ ਕਿ ਮਨੁੱਖੀ ਜਾਨਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
# 1054/1, ਵਾ. ਨੰ. 15-ਏ, ਭਗਵਾਨ ਨਗਰ
ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ. 75892- 33437.
|