|
|
11 ਸਤੰਬਰ 2001 ਅਮਰੀਕਾ ਦੇ "ਵਰਲਡ ਟਰੇਡ ਸੈਂਟਰ" ਦੇ ਹਮਲੇ ਤੋਂ ਪਹਿਲਾਂ
ਮੁੰਬਈ ਦੇ ਫ਼ਿਲਮ ਉਦਯੋਗ ਵਿੱਚ "ਡੌਨ ਮਾਫ਼ੀਆ" ਦਾ ਸਿੱਕਾ ਚੱਲਦਾ ਰਿਹਾ ਹੈ! ਇਸ
ਮਾਫ਼ੀਆ ਨੇ ਮੁੰਬਈ ਦੇ ਫ਼ਿਲਮ ਉਦਯੋਗ ਦੀ ਧੌਣ 'ਤੇ ਗੋਡਾ ਧਰ ਕੇ ਮਨ ਆਈਆਂ ਕੀਤੀਆਂ
ਅਤੇ ਚੰਮ ਦੀਆਂ ਚਲਾਈਆਂ। ਚੋਟੀ ਦੀਆਂ ਅਦਾਕਾਰ ਕੁੜੀਆਂ ਡੌਨ ਦੇ ਇੱਕ ਹੁਕਮ 'ਤੇ
ਡੁਬਈ ਦੀ ਅਗਲੀ ਉੜਾਨ ਫ਼ੜ ਲੈਂਦੀਆਂ ਅਤੇ ਆਪਣੇ "ਆਕਾ" ਦੀ "ਸੇਵਾ" ਵਿੱਚ ਜਾ ਹਾਜ਼ਰ
ਹੁੰਦੀਆਂ। ਉਹਨਾਂ ਨੂੰ ਪਤਾ ਸੀ ਕਿ ਮੁੰਬਈ ਫ਼ਿਲਮ ਨਗਰੀ ਡੌਨ ਦੇ ਹੁਕਮਾਂ ਦੀ
ਗੁਲਾਮ ਸੀ ਅਤੇ ਉਹਨਾਂ ਦੇ ਹੁਕਮ ਬਿਨਾ ਪੱਤਾ ਨਹੀਂ ਝੁਲਦਾ ਸੀ। ਉਹਨਾਂ ਨੂੰ ਨਾਂਹ
ਸੁਣਨ ਦੀ ਆਦਤ ਨਹੀਂ ਸੀ ਅਤੇ ਉਹਨਾਂ ਦੀ ਕੀਤੀ ਹੁਕਮ ਅਦੂਲੀ ਦੀ ਕਰੋਪੀ ਉਹਨਾਂ ਦੇ
ਪ੍ਰੀਵਾਰ ਦੀ ਜਾਨ ਲੈ ਸਕਦੀ ਸੀ। ਫ਼ਿਲਮ ਨਗਰੀ ਵਿੱਚ ਬੈਠੇ ਉਹਨਾਂ ਦੇ "ਜੀ
ਹਜੂਰੀਏ" ਉਹਨਾਂ ਦਾ ਜੀਣਾਂ ਹਰਾਮ ਕਰ ਸਕਦੇ ਨੇ ਅਤੇ ਉਹਨਾਂ ਨੂੰ ਦਰ-ਦਰ ਦੀਆਂ
ਠ੍ਹੋਕਰਾਂ ਖਾਣ ਲਈ ਮਜਬੂਰ ਕਰਨਾ ਉਹਨਾਂ ਦੇ ਖੱਬੇ ਹੱਥ ਦਾ ਖੇਲ ਸੀ! ਕੀ ਕੁਛ ਉਸ
ਸਮੇਂ ਦੀਆਂ ਮਸ਼ਹੂਰ ਅਦਾਕਾਰਾਂ ਨਾਲ਼ ਹੋਇਆ ਜਾਂ ਕੀਤਾ ਗਿਆ, ਦੁਨੀਆਂ ਭਲੀ-ਭਾਂਤ
ਜਾਣਦੀ ਹੈ।
9/11 ਦੇ ਹਮਲੇ ਤੋਂ ਬਾਅਦ ਵਕਤ ਨੇ ਇੱਕ ਦਮ ਐਸੀ ਕਰਵਟ ਬਦਲੀ
ਕਿ ਡੌਨ ਮਾਫ਼ੀਆ ਆਪਣੀ ਧੌਂਸ ਦਾ ਝੁਰਲੂ ਅਤੇ ਹੈਂਕੜ ਨਾਲ਼ ਆਕੜੀ ਪੂਛ ਚੱਡਿਆਂ ਵਿੱਚ
ਦੱਬ, ਪਤਾ ਨਹੀਂ ਕਿਹੜੇ ਖੱਲਾਂ ਖੂੰਜਿਆਂ ਵਿੱਚ ਜਾ ਲੁਕਿਆ। 9/11 ਦੇ ਕਾਂਡ ਤੋਂ
ਬਾਅਦ 'ਜਾਰਜ ਡਬਲਿਊ ਬੁਸ਼' ਦੇ ਰਾਜ ਕਾਲ ਸਮੇਂ ਅਮਰੀਕਨ ਫ਼ੌਜ ਨੇ ਹੋਰ ਦੇਸ਼ਾਂ ਦੀਆਂ
ਫ਼ੌਜਾਂ ਨਾਲ਼ ਸਾਂਝਾ ਐਕਸ਼ਨ ਕਰ, ਖੂੰਖਾਰ ਅੱਤਵਾਦੀਆਂ ਅਤੇ ਮਾਫ਼ੀਆ ਨੂੰ ਵਖਤ ਪਾ
ਦਿੱਤਾ, ਇਹਨਾਂ ਦੇ ਗਿਣ-ਗਿਣ ਕੇ ਬਦਲੇ ਲਏ ਅਤੇ ਉਹਨਾਂ ਦੀ ਹੋਂਦ ਤਕਰੀਬਨ ਖ਼ਤਮ ਕਰ
ਦਿੱਤੀ। ਜੋ ਬਚ ਗਏ, ਜਾਂ ਆਪਣੇ ਸੁਆਰਥਾਂ ਲਈ ਬਚਾ ਲਏ ਗਏ, ਉਹ ਗੁਪਤਵਾਸ ਹੋ ਕੇ
ਜੀਵਨ ਬਤੀਤ ਕਰਨ ਲੱਗੇ। ਜਦੋਂ ਇਹ ਡੌਨ ਮਾਫ਼ੀਆ ਅਲੋਪ ਹੋਇਆ, ਓਦੋਂ ਮੁੰਬਈ ਦੀ
ਫ਼ਿਲਮ ਨਗਰੀ ਨੇ ਸੁਖ ਦਾ ਸਾਹ ਲਿਆ ਸੀ।
"ਡੌਨ ਮਾਫ਼ੀਆ" ਤੋਂ ਬਾਅਦ ਵਾਰੀ
ਆਈ ਪ੍ਰੀਵਾਰਵਾਦ ਅਤੇ ਭਾਈ-ਭਤੀਜਾਵਾਦ ਦੀ! ਪਿਛਲੇ ਵੀਹ ਸਾਲਾਂ ਦੌਰਾਨ ਡੌਨ ਮਾਫ਼ੀਆ
ਦੀ ਕਮਾਂਡ ਉਹਨਾਂ ਹੱਥ ਆ ਗਈ, ਜੋ ਕਦੇ ਸਵੇਰੇ ਉਠਣ ਸਾਰ ਡੌਨ ਅਤੇ ਉਸ ਦੇ ਚੇਲਿਆਂ
ਨੂੰ ਸੂਰਜ ਦੇਵਤਾ ਵਾਂਗ ਜਲ ਅਰਪਨ ਕਰਦੇ ਸਨ। ਫ਼ਿਰ ਉਹਨਾਂ ਨੇ "ਆਪਣੇ" ਅਤੇ
"ਬਾਹਰਲੇ" ਸਭਿਆਚਾਰ ਦੇ ਲੋਕਾਂ ਦੇ ਗਿਣ-ਗਿਣ ਕੇ ਬਦਲੇ ਲੈਣੇ ਸ਼ੁਰੂ ਕਰ ਦਿੱਤੇ,
ਜਿਹਨਾਂ ਦਾ ਕਸੂਰ ਇੱਕ ਰੱਤੀ ਮਾਤਰ ਵੀ ਨਹੀਂ ਸੀ! ਕਸੂਰ ਉਹਨਾਂ ਦਾ ਸਿਰਫ਼ ਇਹ ਸੀ
ਕਿ ਉਹ ਫ਼ਿਲਮੀ ਕਬੀਲੇ ਤੋਂ "ਬਾਹਰਲੇ" ਬੰਦੇ ਸਨ, ਜੋ ਕਰੜੀ ਮਿਹਨਤ ਦੇ ਬਾਵਜੂਦ ਵੀ
ਕਿਸੇ ਮਾਣ-ਸਨਮਾਨ ਦਾ ਹੱਕ ਨਹੀਂ ਰੱਖਦੇ ਸਨ। ਦੂਜਾ ਕਸੂਰ ਇਹ ਸੀ ਕਿ ਉਹ ਚਕਾਚੌਂਧ
ਅਤੇ ਠਾਠ ਬਾਠ ਵਾਲ਼ੀ ਦੁਨੀਆਂ ਦੇ ਮੇਚ ਦੇ ਨਹੀਂ ਸਨ! ਖੱਡੇ 'ਚ ਜਾਵੇ ਉਹਨਾਂ ਦੀ
ਹੱਡ ਭੰਨਵੀਂ ਮਿਹਨਤ, ਤੇ ਖੂਹ 'ਚ ਡਿੱਗੇ ਉਹਨਾਂ ਦੀ ਅਦਾਕਾਰੀ! ਕਿਸ ਨੂੰ ਪ੍ਰਵਾਹ
ਸੀ? ਮੋਟੀਆਂ ਸਾਮੀਆਂ ਦੀ ਅਕਲ ਵੀ ਮੋਟੀ ਹੋ ਜਾਂਦੀ ਹੈ ਅਤੇ ਉਹ ਪੈਸੇ ਦੇ
ਜੋਰ 'ਤੇ "ਸਭ ਕੁਝ" ਕਰਨਾ ਅਤੇ ਕਰਵਾਉਣਾ ਜਾਣਦੇ ਨੇ!
"ਮਹਿੰਦਰ ਸਿੰਘ
ਧੋਨੀ" ਅਤੇ "ਛਿਛੋਰੇ" ਵਰਗੀਆਂ ਸੁਪਰ ਹਿੱਟ ਫ਼ਿਲਮਾਂ ਵਿੱਚ ਸਿਰੇ ਦੀ ਕਲਾਕਾਰੀ
ਦਿਖਾ ਕੇ ਆਪਣੇ ਆਪ ਨੂੰ ਕਾਬਲ ਅਦਾਕਾਰ ਸਾਬਤ ਕਰਨ ਵਾਲ਼ੇ 'ਸੁਸ਼ਾਂਤ ਸਿੰਘ ਰਾਜਪੂਤ'
ਦੀ ਖ਼ੁਦਕਸ਼ੀ ਨੇ ਮੁੰਬਈ ਫ਼ਿਲਮ ਨਗਰੀ ਵਿੱਚ ਭੂਚਾਲ਼ ਲੈ ਆਂਦਾ ਅਤੇ ਅੱਜ ਜਨਤਾ ਵੱਲੋਂ
ਉਸ ਦੇ "ਦੋਖੀਆਂ" ਦੇ ਪੁਤਲੇ ਫ਼ੂਕੇ ਜਾ ਰਹੇ ਹਨ, ਜਿੰਨ੍ਹਾਂ ਨੇ ਸੁਸ਼ਾਂਤ ਤੋਂ ਕਈ
ਸਿਰੇ ਦੀਆਂ ਫ਼ਿਲਮਾਂ ਖੋਹ ਖਿੰਝ ਲਈਆਂ, ਜਿਹਨਾਂ ਫ਼ਿਲਮਾਂ ਲਈ ਉਹ ਸਾਰਾ ਕੁਝ ਦਾਅ
'ਤੇ ਲਾਈ ਬੈਠਾ ਸੀ। ਮਾਇਆ ਨਗਰੀ ਦੇ ਜਿਹੜੇ ਮਹਾਂਰਥੀਆਂ ਨੂੰ ਇਹੀ ਦੁਨੀਆਂ ਕੱਲ੍ਹ
ਸਲਾਮਾਂ ਕਰਦੀ ਸੀ, ਉਹਨਾਂ ਦੇ ਰਾਹਾਂ ਵਿੱਚ ਨੈਣ ਵਿਛਾ ਕੇ ਉਡੀਕ ਕਰਦੀ ਸੀ ਅਤੇ
ਦੇਖਣ ਨੂੰ ਤਰਸਦੀ ਸੀ, ਅੱਜ ਉਹਨਾਂ ਦੀਆਂ ਤਸਵੀਰਾਂ ਉਪਰ ਥੁੱਕਿਆ ਜਾ ਰਿਹਾ ਹੈ
ਅਤੇ ਛਿੱਤਰ ਮਾਰੇ ਜਾ ਰਹੇ ਹਨ! ਸਿਆਣੇ ਐਵੇਂ ਨਹੀਂ ਆਖ ਗਏ ਕਿ ਅੱਤ ਦਾ ਅਤੇ ਰੱਬ
ਦਾ ਵੈਰ ਹੁੰਦੈ!
ਇਹ "ਮੈਂ ਨਾ ਮਾਨੂੰ" ਕਬੀਲਾ ਉਹ ਹੈ, ਕਿ ਜਦੋਂ ਉਹਨਾਂ
ਦੀ ਗਲਤੀ ਬਾਰੇ ਗੱਲ ਹੋਈ, ਉਹਨਾਂ ਨੇ ਚੀਕ-ਚਿਹਾੜ੍ਹਾ ਮਚਾਉਣਾ ਸ਼ੁਰੂ ਕਰ ਦਿੱਤਾ
ਕਿ ਸਾਡੇ ਮੂਹਰੇ ਕਿਉਂ ਬੋਲਿਆ? ਸਾਡੇ ਬਾਰੇ ਗੱਲ ਕਿਉਂ ਕੀਤੀ?? ਸਾਨੂੰ ਟੋਕ ਕੇ
ਤੂੰ ਸਾਡੀ ਬੇਇੱਜ਼ਤੀ ਕਰ ਦਿੱਤੀ। ਮਨੋਵਿਗਿਆਨੀ ਕਹਿੰਦੇ ਨੇ ਕਿ ਪਛੜੇ ਹੋਏ ਸਮਾਜ,
ਪਛੜੇ ਹੋਏ ਕਬੀਲੇ ਜਾਂ ਮਾਨਸਿਕ ਪੱਖੋਂ ਪਛੜੇ ਹੋਏ ਪ੍ਰੀਵਾਰਾਂ ਵਿੱਚ ਟੋਕੇ ਜਾਣ
ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਮਨੋਵਿਗਿਆਨੀ ਇਹ ਵੀ ਕਹਿੰਦੇ ਹਨ ਕਿ ਜਦੋਂ
ਬੰਦਾ ਗਲਤੀ ਕਰਦਾ ਹੈ, ਓਦੋਂ ਓਨੀ ਤਕਲੀਫ਼ ਨਹੀਂ ਦਿੰਦਾ! ਅਸਲ ਤਕਲੀਫ਼ ਓਦੋਂ ਹੁੰਦੀ
ਹੈ, ਜਦੋਂ ਅਗਲਾ ਗਲਤੀ ਕਰਨ ਦੇ ਬਾਵਜੂਦ ਆਪਣਾ ਭੈੜ੍ਹਾ ਰਵੱਈਆ ਦਿਖਾਉਂਦੈ! ਉਹਨਾਂ
ਦਾ ਇੱਕ ਹੋਰ ਦੁਖਾਂਤ ਹੁੰਦਾ ਹੈ ਕਿ ਉਹਨਾਂ ਦੇ ਸ਼ਰੀਕੇ ਕਬੀਲੇ ਵਿੱਚ ਗਲਤੀ ਮੰਨਣ
ਦਾ ਰਿਵਾਜ਼ ਨਹੀਂ ਹੁੰਦਾ, ਤੇ ਹੋਈ ਹਾਰ ਨੂੰ ਉਹ ਆਪਣੀ ਹਾਰ ਸਵੀਕਾਰ ਕਰਨ ਲਈ ਤਿਆਰ
ਨਹੀਂ ਹੁੰਦੇ, ਇਸ ਲਈ ਉਹ ਦਿਮਾਗੀ ਪੱਖ ਤੋਂ ਮਾਨਸਿਕ ਰੋਗੀ ਹੁੰਦੇ ਹਨ!
ਸੁਸ਼ਾਂਤ ਸਿੰਘ ਰਾਜਪੂਤ ਆਤਮ ਹੱਤਿਆ ਕਰਨ ਵਾਲ਼ਾ ਪਹਿਲਾ ਕਲਾਕਾਰ ਨਹੀਂ ਅਤੇ ਸ਼ਾਇਦ
ਆਖਰੀ ਵੀ ਨਾ ਹੋਵੇ? ਜਿੰਨਾਂ ਚਿਰ ਇਹ ਮਾਫ਼ੀਆ ਸਰਗਰਮ ਹੈ, ਸੁਸ਼ਾਂਤ ਵਰਗੇ ਮਿਹਨਤੀ
ਅਤੇ ਗੁਣਵਾਨ ਖ਼ੁਦਕਸ਼ੀ ਕਰਦੇ ਹੀ ਰਹਿਣਗੇ, ਕਿਉਂਕਿ ਉਹਨਾਂ ਕੋਲ਼ ਕੋਈ ਕਦਰਦਾਨ
ਨਹੀਂ, ਸਭ ਮਤਲਬੀ ਗੁੰਡੇ ਨੇ!
ਸਭ ਤੋਂ ਪਹਿਲਾਂ ਸੁਸ਼ਾਂਤ ਦੀ ਮੌਤ 'ਤੇ
ਖੁੱਲ੍ਹ ਕੇ ਅਤੇ ਬੇਬਾਕ ਬੋਲਣ ਦੀ ਪਹਿਲ 'ਕੰਗਣਾਂ ਰਣੌਤ' ਅਤੇ 'ਸ਼ੇਖ਼ਰ ਕਪੂਰ' ਨੇ
ਕੀਤੀ ਅਤੇ "ਦੇਸੀ ਮਾਫ਼ੀਆ" ਦੇ ਅਗਲੇ ਪਿਛਲੇ ਪਰਦੇ ਫ਼ਰੋਲ਼ ਕੇ ਸਾਰਾ ਕੁਛ "ਭਰਾੜ੍ਹ"
ਕਰ ਮਾਰਿਆ। ਉਸ ਤੋਂ ਬਾਅਦ ਹੋਰ ਕਲਾਕਾਰ, ਰਿਪੋਰਟਰ ਅਤੇ ਪੱਤਰਕਾਰ ਵੀ ਅੱਗੇ ਆਏ
ਅਤੇ ਉਹਨਾਂ ਨੇ ਵੀ ਗਿੱਦੜ ਦੇ ਮੱਕੀ ਦੀ ਛੱਲੀ ਤੋਂ ਪੜਦਾ ਲਾਹੁੰਣ ਵਾਂਗ ਇਹਨਾਂ
ਨੂੰ ਠੋਕ ਕੇ ਨੰਗਾ ਕੀਤਾ। ਕੀ-ਕੀ ਗੁੰਡਾਗਰਦੀ ਅਤੇ ਕਿਹੜੀਆਂ-ਕਿਹੜੀਆਂ ਵਧੀਕੀਆਂ
ਇਸ ਫ਼ਿਲਮ ਨਗਰੀ ਦੇ ਦੇਸੀ ਮਾਫ਼ੀਏ ਵੱਲੋਂ ਐਸ਼ਵਰਿਆ ਰਾਏ, ਰਵੀਨਾ ਟੰਡਨ, ਆਯੂਸ਼ਮਾਨ
ਖੁਰਾਣਾ, ਮਨੋਜ ਬਾਜਪਾਈ, ਰਣਦੀਪ ਹੁੱਡਾ ਵਰਗੇ ਨਾਮਵਰ ਕਲਾਕਾਰਾਂ ਨਾਲ਼ ਕੀਤੀਆਂ,
ਅੱਜ ਜੱਗ ਜ਼ਾਹਰ ਹੈ!
ਖਿਝ ਮੈਨੂੰ ਇਸ ਗੱਲ ਦੀ ਹੈ ਕਿ ਜੋ "ਭਿੱਟੇ ਜਾਣ"
ਦੇ ਡਰੋਂ ਕਿਸੇ ਨੂੰ ਚਿਮਟੇ ਨਾਲ਼ ਵੀ ਚੁੱਕਣ ਲਈ ਵੀ ਤਿਆਰ ਨਹੀਂ, ਓਹੀ ਦੋਗਲ਼ੇ ਅਤੇ
ਦੱਲੇ ਲੋਕ ਅਗਲੇ ਦੀ ਮੌਤ 'ਤੇ ਸ਼ਰਧਾਂਜਲੀ ਭੇਂਟ ਕਰਦੇ ਨੇ! ਕੀ ਹੁਣ ਮੁੰਬਈ ਨਗਰੀ
ਵਿੱਚ ਵਾਵੇਲ਼ਾ ਮਚਾਉਣ ਵਾਲ਼ੇ ਸਿਰਫ਼ 'ਜੀਆ ਖ਼ਾਨ' ਅਤੇ ਸੁਸ਼ਾਂਤ ਸਿੰਘ ਰਾਜਪੂਤ
ਵਰਗਿਆਂ ਦੀ ਖ਼ੁਦਕਸ਼ੀ ਦੀ ਹੀ ਉਡੀਕ ਕਰ ਰਹੇ ਸੀ? ਇਸ ਸਭ ਦਾ ਮੁੱਖ ਜ਼ਿੰਮੇਵਾਰ
"ਗੋਦੀ ਮੀਡੀਆ" ਹੈ, ਜੋ ਸਿਰਫ਼ ਨੋਟਾਂ ਦੀ ਚਕਾਚੌਂਧ ਵਿੱਚ ਚਮਕਦੇ ਅਤੇ ਧੁੰਦਲ਼ੇ
ਚਿਹਰੇ ਪਹਿਚਾਨਣ ਵਿੱਚ ਭੁੱਲ ਨਹੀਂ ਕਰਦੇ, ਸਗੋਂ ਮੀਸਣਾਪਣ ਦਿਖਾਉਂਦੇ ਹਨ ਅਤੇ
ਦਿਖਾਉਂਦੇ ਵੀ ਪੂਰੀ ਬੇਸ਼ਰਮੀ ਨਾਲ਼ ਹਨ! ਕਦੇ ਪੱਤਰਕਾਰੀ ਨੂੰ ਦੁਨੀਆਂ ਦਾ ਚੌਥਾ
ਥੰਮ੍ਹ ਕਿਹਾ ਜਾਂਦਾ ਸੀ, ਪਰ ਅੱਜ? ਅੱਜ ਦੀ ਪੱਤਰਕਾਰੀ ਤਾਂ ਗਰਜਾਂ ਅਤੇ ਖ਼ੁਦਗਰਜ਼ੀ
ਦੀਆਂ ਵੈਸਾਖੀਆਂ 'ਤੇ ਖੜ੍ਹੀ ਹੈ ਅਤੇ ਧਨਾਡਾਂ ਦੇ ਪੈਰਾਂ 'ਚ ਲਿਟ ਕੇ
ਚਾਪਲੂਸੀ ਕਰਨਾ ਹੀ ਇਸ ਨੇ ਆਪਣਾ ਧਰਮ ਬਣਾ ਲਿਆ ਹੈ।
ਕੀ ਦੁਨੀਆਂ
ਨਿਰਪੱਖ ਹੋ ਕੇ ਸੋਚੇਗੀ ਕਿ "ਧੋਨੀ" ਅਤੇ "ਛਿਛੋਰੇ" ਜਾਂ "ਰਾਬਤਾ" ਫ਼ਿਲਮਾਂ ਵਿੱਚ
ਯਾਦਗਾਰੀ ਰੋਲ ਨਿਭਾਉਣ ਵਾਲ਼ਾ ਸੁਸ਼ਾਂਤ ਸਿੰਘ ਰਾਜਪੂਤ ਇੱਕ ਵੀ ਪੁਰਸਕਾਰ ਦਾ
ਹੱਕਦਾਰ ਨਹੀਂ ਸੀ?? ਕੀ ਦੁਨੀਆਂ ਨੂੰ ਕਦੇ ਇਹ ਨਹੀਂ ਦਿਸਿਆ ਕਿ 'ਸੁਪਰ ਡੁਪਰ
ਹਿੱਟ' ਫ਼ਿਲਮਾਂ ਦੇਣ ਵਾਲ਼ੇ ਆਮਿਰ ਖ਼ਾਨ ਜਾਂ ਐਕਸ਼ੇ ਕੁਮਾਰ ਵਰਗੇ ਚਰਚਿਤ ਐਕਟਰ ਕਦੇ
ਕਿਸੇ ਐਵਾਰਡ ਸਮਾਰੋਹ ਵਿੱਚ ਕਿਉਂ ਨਹੀਂ ਦਿਸੇ, ਜਿੰਨ੍ਹਾਂ ਦੀਆਂ ਫ਼ਿਲਮਾਂ ਨੇ
ਸਿਨੇਮਾ ਖਿੜਕੀ 'ਤੇ ਰਿਕਾਰਡ ਤੋੜੇ ਹਨ? ਮੈਂ ਖ਼ੁਦ ਦੋ ਵਾਰ ਇਹਨਾਂ ਫ਼ਿਲਮ ਐਵਾਰਡ
ਸਮਾਰੋਹਾਂ ਵਿੱਚ ਨਾਮਜ਼ਦ ਹੋ ਕੇ ਗਿਆ ਹਾਂ ਅਤੇ ਇਹਨਾਂ ਦੀ ਪੱਖਪਾਤ ਕਾਰਗੁਜ਼ਾਰੀ
ਨੂੰ ਬਹੁਤ ਨੇੜਿਓਂ ਹੋ ਕੇ ਦੇਖਿਆ ਅਤੇ ਵਾਚਿਆ ਹੈ!
ਹੁਣ ਆਪਣੀ ਗੱਲ ਕਰ
ਲਵਾਂ?
ਅਖੀਰ ਕੋਈ ਵਕਤ ਆ ਜਾਂਦਾ ਹੈ, ਜਦ ਤੁਹਾਨੂੰ ਬੜੀ ਬੁਰੀ ਤਰ੍ਹਾਂ
ਮਹਿਸੂਸ ਹੋਣ ਲੱਗਦਾ ਹੈ ਕਿ ਹੁਣ ਮੌਕਾ ਆ ਗਿਆ ਹੈ ਕਿ ਦੁਨੀਆਂ ਵਿੱਚ "ਬੇਹੱਦ
ਸ਼ਰੀਫ਼" ਬਣ ਕੇ ਵਿਚਰਦੇ ਲੋਕਾਂ ਦੀ ਧੌਣ ਫ਼ੜ ਕੇ, ਇਹਨਾਂ ਦੇ "ਭੋਲ਼ੇ" ਚਿਹਰਿਆਂ ਤੋਂ
ਸ਼ਰਾਫ਼ਤ ਦਾ ਬੁਰਕਾ ਲਾਹ ਕੇ, ਇਹਨਾਂ ਦਾ "ਅਸਲੀ ਚਿਹਰਾ" ਦੁਨੀਆਂ ਨੂੰ ਵੀ ਦਿਖਾਉਣਾ
ਜ਼ਰੂਰੀ ਹੈ। ਦੁਨੀਆਂ ਨੂੰ ਅਸਲੀਅਤ ਤੋਂ ਜਾਣੂੰ ਕਰਵਾਉਣਾ ਚਾਹੀਦਾ ਹੈ ਕਿ ਜਿਹੜੇ
ਤੁਹਾਡੇ ਵਿੱਚ "ਬਗਲੇ ਭਗਤ" ਬਣ ਕੇ ਫ਼ਿਰਦੇ ਨੇ, ਉਹ ਕਿਸ ਪਸ਼ੂ ਬਿਰਤੀ ਦੇ ਮਾਲਕ
ਹਨ! ਉਹ ਭਾਈ ਲਾਲੋ ਰੂਪ ਨਹੀਂ, ਠੱਗ ਵਣਜਾਰੇ ਹਨ! ਦੁਨੀਆਂ ਨੇ ਮੇਰੇ ਨਾਲ਼ ਵੀ
ਬੜੀਆਂ ਵਧੀਕੀਆਂ ਕੀਤੀਆਂ ਅਤੇ ਭਾਂਤ-ਭਾਂਤ ਦੇ "ਦੂਸ਼ਣ" ਲਾਏ। ਮੈਂ ਦਸ ਸਾਲ ਤੋਂ
ਫ਼ੌਲਾਦੀ ਚੁੱਪ ਵੱਟੀ ਆ ਰਿਹਾ ਸੀ, ਸਿਰਫ਼ ਇਹ ਸੋਚ ਕੇ, ਕਿ ਹਾਥੀ ਤੁਰਿਆ ਜਾਂਦੈ,
ਤੇ...! ਪਰ ਜਿੰਨ੍ਹਾਂ ਲੋਕਾਂ ਕੋਲ਼ ਇਹਨਾਂ ਚੁਗਲਾਂ ਨੇ ਆਪਣੇ ਮਤਲਬ, ਸੁਆਰਥ ਜਾਂ
ਉਹਨਾਂ ਤੋਂ ਕੋਈ ਲਾਹਾ ਲੈਣ ਦੀ ਖਾਤਰ ਮੇਰੇ ਬਾਰੇ ਭੰਡੀ-ਪ੍ਰਚਾਰ ਕੀਤਾ, ਉਹ ਤਾਂ
ਇਹੀ ਸੋਚਦੇ ਹੋਣਗੇ ਕਿ ਜਿਹੜਾ ਮੀਸਣਾ ਜਿਹਾ ਬਣ ਕੇ ਤੁਰਿਆ ਫ਼ਿਰਦੈ, ਤੇ ਕੋਈ ਉੱਤਰ
ਨਹੀਂ ਦਿੰਦਾ, ਸ਼ਾਇਦ "ਚੋਰ" ਜਾਂ "ਲੁੱਚਾ" ਹੀ ਹੋਊਗਾ? ਮੈਂ ਇਹ ਦਾਅਵਾ ਨਹੀਂ
ਕਰਦਾ ਕਿ ਮੈਂ ਸਾਧ ਹਾਂ! ਆਮ ਬੰਦੇ ਨਾਲ਼ੋਂ ਮੇਰੇ ਵਿੱਚ ਪੱਚੀ ਔਗੁਣ ਵੱਧ ਹੀ
ਹੋਣਗੇ, ਪਰ ਜਿਹਨਾਂ ਨੇ ਮੈਨੂੰ ਦੁਨੀਆਂ ਵਿੱਚ ਬੇਹੂਦਾ ਭੰਡਿਆ, ਹੁਣ ਆਪਣੀ
ਸਵੈ-ਜੀਵਨੀ "ਲੈ ਹੁਣ ਤੂੰ ਨਾ ਬੋਲੀਂ" ਵਿੱਚ ਉਹਨਾਂ ਦੇ ਸਿੱਧੇ ਨਾਂ ਲੈ-ਲੈ ਕੇ
ਉਹਨਾਂ ਦੀਆਂ "ਭਦਰਕਾਰੀਆਂ" ਤੋਂ ਵੀ ਢੱਕਣ ਚੁੱਕਾਂਗਾ!! ਫ਼ੇਰ ਦੇਖੂੰਗਾ ਕਿ
ਅਗਲਿਆਂ ਦੇ ਸਿਰ 'ਚੋਂ ਕਿੰਨੀ ਕੁ ਭੜ੍ਹਾਸ ਨਿਕਲ਼ਦੀ ਹੈ?? ਕਿਸੇ ਚੀਜ਼ ਦੀ ਕੋਈ ਹੱਦ
ਹੁੰਦੀ ਹੈ! ...ਤੇ ਮੇਰੇ ਸਬਰ ਦੀ ਹੱਦ ਹੁਣ ਖਤਮ ਹੋ ਚੁੱਕੀ ਹੈ!!
ਜਿਵੇਂ
ਕਿਸੇ ਮੀਰਜ਼ਾਦੇ ਨੂੰ ਉਸ ਦਾ ਪੁੱਤ ਆਖਣ ਲੱਗਿਆ, "ਬਾਪੂ, ਤੈਨੂੰ ਸਾਰਾ ਪਿੰਡ ਟਿੱਚ
ਜਾਣਦੈ...!" ਤਾਂ ਬਾਪੂ ਕਹਿਣ ਲੱਗਿਆ, "ਪ੍ਰਵਾਹ ਨਾ ਮੰਨ ਪੁੱਤ, ਮੈਂ 'ਕੱਲਾ ਈ
ਸਾਰੇ ਪਿੰਡ ਨੂੰ ਟਿੱਚ ਜਾਣਦੈਂ...!!" ਦੁਨੀਆਂ ਦੀ ਬਥੇਰੀ ਪ੍ਰਵਾਹ ਕਰ ਲਈ, ਬਹੁਤ
ਦੇਖ ਲਿਆ ਰਿਸ਼ਤੇਦਾਰਾਂ ਅਤੇ "ਆਪਣਿਆਂ" ਵੱਲ ਕਿ ਆਹ ਮੇਰਾ - ਤੇ ਔਹ ਮੇਰਾ! ਇਹਨਾਂ
ਦਸ ਸਾਲਾਂ ਵਿੱਚ ਮੈਂ ਸਾਰਿਆਂ ਦੀ ਬੱਦਲ਼ਵਾਈ ਦੇਖ ਕੇ ਹੀ ਅੱਜ ਆਪਣੀ ਸਵੈ-ਜੀਵਨੀ
ਲਿਖਣ ਦਾ ਫ਼ੈਸਲਾ ਕੀਤਾ ਹੈ। ਹੁਣ ਮੈਂ ਮੀਰਜ਼ਾਦੇ ਵਾਲ਼ੇ "ਟਿੱਚ ਜਾਨਣ" ਵਾਲ਼ੇ
ਸਿਧਾਂਤ 'ਤੇ ਆ ਖੜ੍ਹਾ ਹਾਂ ਮਿੱਤਰੋ...! ਹੁਣ 'ਕੱਲੇ-'ਕੱਲੇ ਦੀ 'ਕੱਲੀ-'ਕੱਲੀ
"ਪ੍ਰਾਪਤੀ" ਸਿੱਧਾ ਨਾਮ ਲਿਖ ਕੇ ਸਬੂਤਾਂ ਸਮੇਤ ਅਤੇ ਗਵਾਹਾਂ ਸਮੇਤ ਪੇਸ਼ ਕਰਾਂਗਾ
ਕਿ ਜਿੰਨ੍ਹਾਂ ਦਾ ਤੁਸੀਂ ਹਰ ਮੋੜ 'ਤੇ ਭਲਾ ਸੋਚਦੇ, ਭਲਾ ਲੋਚਦੇ, ਤੇ ਭਲਾ ਕਰਦੇ
ਰਹੇ ਹੋ, ਉਹ ਕਿਵੇਂ ਥੋਡੇ ਨਾਲ਼ ਪੈਰ-ਪੈਰ 'ਤੇ ਵੈਰ ਕਮਾਉਂਦੇ ਨੇ!
ਲੋਕ
ਮਾਧਿਅਮ ਦੇ ਗਰੁੱਪਾਂ ਅਤੇ ਦੁਨੀਆਂ ਭਰ ਦੇ ਅਖ਼ਬਾਰਾਂ ਵਿੱਚ ਲੜੀਵਾਰ ਛਪਣ ਤੋਂ
ਬਾਅਦ ਇਹ ਕਿਤਾਬ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਆਵੇਗੀ ਅਤੇ ਘੱਟੋ ਘੱਟ
ਅਗਲੀਆਂ ਪੀੜ੍ਹੀਆਂ ਵੀ ਮੇਰੇ "ਆਪਣਿਆਂ" ਦੀਆਂ ਕਾਰਗੁਜ਼ਾਰੀਆਂ ਪੜ੍ਹ ਸੁਣ ਕੇ
ਉਹਨਾਂ ਦੇ ਗੁਣ ਗਾਉਂਦੀਆਂ ਨਹੀਂ ਥੱਕਣਗੀਆਂ। ਮੈਂ ਦਸ ਸਾਲ ਚੁੱਪ ਅਤੇ ਮਸਤ ਰਹਿ
ਕੇ ਸਭ ਕੁਝ ਨੰਗੀ ਹਿੱਕ ਜਰਿਆ, ਅਤੇ ਇਕੱਲੇ ਨੇ ਜਰਿਆ। ਸਾਹਿਤਕ ਸਮਾਗਮਾਂ ਅਤੇ
ਕਵੀ ਦਰਬਾਰਾਂ ਤੋਂ ਜਾਣ ਬੁੱਝ ਕੇ ਦੂਰੀ ਬਣਾਈ ਰੱਖੀ। ਪਰ ਸੁਸ਼ਾਂਤ ਸਿੰਘ ਰਾਜਪੂਤ
ਦੀ ਖ਼ੁਦਕਸ਼ੀ ਵੱਲ ਦੇਖ ਕੇ ਮਹਿਸੂਸ ਕੀਤਾ ਕਿ ਕੋਲ਼ੋਂ ਗੱਲਾਂ ਬਣਾ ਕੇ ਮੈਨੂੰ ਭੰਡਣ
ਵਾਲ਼ਿਆਂ ਨੂੰ ਨਿਰਵਸਤਰ ਕਰਨੋਂ ਹੱਥ ਕਿਉਂ ਘੁੱਟਿਆ ਜਾਵੇ, ਜਿੰਨ੍ਹਾਂ ਦੇ ਸਬੂਤ
ਮੇਰੇ ਕੋਲ਼ ਨੇ! ਜਿਉਂਦੇ ਜਾਗਦੇ ਗਵਾਹ ਮੇਰੇ ਕੋਲ਼ ਨੇ! ਮੈਂ ਕੋਈ ਮਹਾਤਮਾ ਗਾਂਧੀ
ਥੋੜ੍ਹੋ ਹਾਂ? ਜੇ ਸੁਸ਼ਾਂਤ ਸਿੰਘ ਰਾਜਪੂਤ ਕੋਈ ਪੱਤਰ ਲਿਖ ਕੇ ਉਹਨਾਂ ਬਾਰੇ ਦੱਸ
ਜਾਂਦਾ, ਜੋ ਉਸ ਦੀ ਮੌਤ ਦੇ "ਅਸਲ" ਦੋਸ਼ੀ ਨੇ, ਅਗਲੇ ਅੱਜ ਸੁੱਕੀ ਦੇ ਪੱਤਣ ਨਾ
ਨਿਕਲ਼ਦੇ! ਸੁਸ਼ਾਂਤ ਵਾਲ਼ੀ ਗਲਤੀ ਮੈਂ ਕਦਾਚਿੱਤ ਨਹੀਂ ਕਰੂੰਗਾ, ਅੱਜ ਤੋਂ ਇਹ ਮੇਰਾ
ਪ੍ਰਣ ਹੈ!!
...ਕਿਉਂਕਿ ਤੁਸੀਂ ਵੀ ਇੱਕ ਉਹ "ਮਾਫ਼ੀਆ" ਹੋ, ਜੋ
ਅਗਲੇ ਦੀ ਚੁੱਪ ਅਤੇ ਸਿਆਣਪ ਨੂੰ "ਡਰਪੋਕ" ਸਮਝ ਕੇ ਵਾਰ 'ਤੇ ਵਾਰ ਕਰਦੇ ਆਏ, ਤੇ
ਮੇਰੀ ਆਤਮਾਂ ਅਤੇ ਮੇਰੇ ਜਜ਼ਬਾਤਾਂ ਨੂੰ ਲਹੂ ਲੁਹਾਣ ਕਰੀ ਰੱਖਿਆ।
jaggikussa@yahoo.de
|