|
|
1469 ਈਸਵੀ ਵਿੱਚ ਰਾਏ ਭੋਏ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ
ਪਾਕਿਸਤਾਨ) ਵਿੱਖੇ ਮਹਿਤਾ ਕਲਿਆਣ ਦਾਸ ਜੀ ਦੇ ਘਰ ਮਾਂ ਤ੍ਰਿਪਤਾ ਦੀ ਗੋਦ ਨੂੰ
ਜਿਸ ਅਣੋਖੇ ਪੁੱਤਰ ਦੀ ਇਲਾਹੀ ਨੂਰ ਦੀ ਦਾਤ ਨੇ ਭਾਗ ਲਾਇਆ, ਉਹ ਸ਼ਾਇਦ ਹੀ ਕਿਸੇ
ਵਿਰਲੀ ਹੀ ਮਾਂ ਦੇ ਨਸੀਬ ਦੇ ਹਿੱਸੇ ਵਿੱਚ ਆਇਆ ਹੋਵੇਗਾ,ਅਤੇ ਬੇਬੇ ਨਾਨਕੀ ਨੂੰ
ਇਹੋ ਜਿਹਾ ਭਰਾ ਮਿਲਿਆ ਇਹੋ ਕਿਹਾ ਭਰਾ ਵੀ ਸ਼ਾਇਦ ਕਿਸੇ ਹੋਰ ਭੈਣ ਨੂੰ ਹੀ ਮਿਲਿਆ
ਹੋਵੇ, ਜਿਸ ਦੇ ਆਗਮਣ ਨਾਲ ਸਾਰੇ ਸੰਸਾਰ ਨੂੰ ਇੱਕ ਨਵਾਂ ਦਾਰਸ਼ਨਿਕ, ਸਿਧਾਂਤਕ,
ਅਤੇ ਨਿੱਗਰ ਤੇ ਨਵੀਂ ਵਿਚਾਰ ਧਾਰਾ ਵਾਲਾ ਕ੍ਰਾਂਤੀ ਕਾਰ, ਰਹਿਬਰ ਮਿਲਿਆ।
ਇੱਕ ਸੂਰਜ ਤੇ ਧਰਤ ਤੇ ਰੋਜ਼ਾਨਾ ਚੜ੍ਹਦਾ ਤੇ ਲਹਿੰਦਾ ਹੈ, ਪਰ ਇਹ ਸੂਰਜ ਇੱਕ
ਵੱਖਰਾ ਸੂਰਜ ਹੀ ਸੀ ਜਿਸ ਦੀ ਆਪਣੀ ਵੱਖਰੀ ਹੋਂਦ ਤੇ ਰੌਸ਼ਣੀ ਤੇ ਰੂਪ ਵੀ ਨਿਰਾਲਾ
ਹੀ ਸੀ। ਉਸ ਦੀ ਆਮਦ ਵੱਖਰੀ ਜੋ ਸੰਸਾਰ ਤੇ ਸਦਾ ਲਈ ਆਪਣੀ ਅਮਿੱਟ ਛਾਪ
ਛਡਣ ਵਾਲੀ ਸੀ ਜਿਸ ਦੇ ਗਿਆਣ ਉਪਦੇਸ਼, ਕਹਿਣੀ ਕਰਣੀ ਦੇ, ਰੰਗ ਸੁਰੰਗੇ ਨਜ਼ਾਰਿਆਂ
ਵਿੱਚ ਕੋਈ ਸਚਾਈ ਪ੍ਰਤੱਖ ਅਤੇ ਸਦੀਵੀ ਦਿੱਖ ਅਜੇ ਵੀ ਬਰਕਰਾਰ ਹੈ; ਜਿਸ ਬਾਰੇ
ਭਾਈ ਗੁਰਦਾਸ ਜੀ ਦੀਆਂ ਇਹ ਪੰਗਤੀਆਂ ਇਸ ਸਚਾਈ ਦੀ ਗਵਾਹੀ ਭਰਦੀਆਂ ਹਨ;
ਸਤਿ ਗੁਰ ਨਾਨਕ ਪ੍ਰਗਟਿਆ,ਮਿਟੀ ਧੁੰਦ ਜਗ ਚਾਨਣ ਹੋਆ॥ ਜਿਉਂ ਕਰ
ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ
ਨਾ ਧੀਰ ਧਰੋਆ॥ ਜਿਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ॥ ਸਿਧ ਆਸਣ
ਸਭ ਜਗਤ ਦੇ,ਨਾਨਕ ਆਦ ਮਤੇ ਜੇ ਕੋਆ ॥ ਘਰ ਘਰ ਅੰਦਰ ਧਰਮ ਸਾਲ,ਹੋਵੇ ਕੀਰਤਨ
ਸਦਾ ਵਿਸੋਆ॥ ਬਾਬੇ ਤਾਰੇ ਚਾਰ ਚੱਕ ਨੌਂ ਖੰਡ ਪ੍ਰਥਮੀ ਸਚਾ ਢੋਆ॥
ਗੁਰਮੁਖ ਕਲਿ ਵਿਚ ਪਰਗਟ ਹੋਆ॥ 28
ਇਹ ਉਹ ਸਮਾਂ ਸੀ
ਜਦੋਂ ਲੁਕਾਈ, ਫੋਕੇ ਕਰਮਾਂ ਕਾਂਡ, ਵਹਿਮਾਂ ਪਖੰਡਾਂ, ਰਸਮ ਰਿਵਾਜਾਂ,
ਅੰਧਵਿਸ਼ਵਾਸ਼ੀ,ਔਰਤ ਦੀ ਹੁੰਦੀ ਦੁਰ ਦਸ਼ਾ, ਜ਼ਾਤ ਪਾਤ, ਦੇ ਜਾਲ ਦੀ ਜਕੜ ਵਿੱਚ ਬਹੁਤ
ਹੀ ਬੁਰੀ ਤਰ੍ਹਾਂ ਦਿਸ਼ਾ ਹੀਣ ਹੋਈ ਪਈ ਸੀ। ਹਜ਼ਾਰਾਂ ਸਾਲਾਂ ਦੀ ਗੁਲਾਮੀ ਦੇ ਜੂਲੇ
ਹੇਠ ਦੱਬੇ ਕੁਚਲੇ ਲੋਕ ਹਰ ਪੱਖੋਂ ਆਪਣੀਆਂ ਜ਼ਮੀਰਾਂ ਦੀ ਜਿਵੇਂ ਹੋਂਦ ਹੀ ਗੁਆ
ਬੈਠੇ ਸਨ। ਧਰਮ ਦੇ ਠੇਕੇਦਾਰ, ਬ੍ਰਾਹਮਣ ਵਾਦ ਪੁਜਾਰੀ ਵਾਦ ਦਾ ਸਾਰੇ ਬੋਲ ਬਾਲਾ
ਸੀ। ਹਾਕਮ ਸ਼੍ਰੇਣੀ ਰਾਜ ਸੱਤਾ ਦੇ ਨਸ਼ੇ ਵਿੱਚ ਚੂਰ ਹੋਈ ਪਰਜਾ ਤੇ ਧੱਕੇ ਸ਼ਾਹੀ ਤੇ
ਮਾਨੀ ਕਰਦੀ.ਝਿਜਕਦੀ ਸੰਗਦੀ ਨਹੀਂ ਸੀ, ਪਰਜਾ ਦੀ ਰਾਖੀ ਕਰਨ ਵਾਲੇ ਹਾਕਮ ਆਪ ਜੰਤਾ
ਲਈ ਬਘਿਆੜਾਂ ਦਾ ਰੂਪ ਧਾਰ ਚੁਕੇ ਸਨ।ਕੋਈ ਕਿਸੇ ਦੀ ਨਹੀਂ ਸੁਣਦਾ ਸੀ।ਨਾ ਹੀ ਕੋਈ
ਪੁੱਛਣ ਵਾਲਾ ਸੀ ਤੇ ਨਾ ਕੋਈ ਸੱਚ ਦੀ ਆਵਾਜ਼ ਉਠਾਉਣ ਵਾਲਾ ਹੀ ਸੀ।
ਗੁਰੂ ਬਾਬੇ ਦੀਆਂ ਬਚਪਣ ਵੇਲੇ ਦੀਆਂ ਕਈ ਕਥਾਵਾਂ, ਜਿਵੇਂ,
ਪਾਂਧੇ ਅਤੇ ਪੜ੍ਹਨ ਜਾਣ ਵੇਲੇ ਉਨ੍ਹਾਂ ਦੀ ਅਤਿ ਤਿੱਖੀ ਤੇ ਬਾਰੀਕ ਬੁੱਧੀ ਵੇਖ
ਕੇ ਪਾਂਧੇ ਦਾ ਹੈਰਾਨ ਹੋਣਾ ਤੇ ਬਚਪਣ ਦੀਆਂ ਹੋਰ ਕਥਾਂਵਾਂ ਜਿਵੇਂ, ਪਸੂ ਚਾਰਨ ਲਈ
ਖੇਤਾਂ ਵਿੱਚ ਜਾਣਾ ਰਾਏ ਬੁਲਾਰ ਦਾ ਉਨ੍ਹਾਂ ਨੂੰ ਕੋਈ ਮਹਾਨ ਰੂਹਾਨੀ ਸ਼ਖਸੀਤ ਸਮਝ
ਕੇ ਸਦਾ ਲਈ ਉਨ੍ਹਾਂ ਦਾ ਸ਼ਰਧਾਲੂ ਬਣ ਜਾਣਾ, ਖੇਤਾਂ ਦੀ ਫਸਲ ਪਸ਼ੂਆਂ ਵੱਲੋਂ ਚਰੀਆਂ
ਫਸਲਾਂ ਦਾ ਕੋਈ ਨੁਕਸਾਨ ਜ਼ਿਮੀਂਦਾਰਾਂ ਵੱਲੋਂ ਅਣਗੌਲਿਆ ਕਰਨਾ ਤੇ ਇਹ ਕੌਤਕ ਵੇਖ
ਕੇ ਚਮਤਕਾਰੀ ਬਾਲਕ ਨਾਨਕ ਬਾਰੇ ਹੈਰਾਨ ਹੋਣਾ, ਪਿਤਾ ਕਾਲੂ ਜੀ ਵੱਲੋਂ ਕੋਈ ਖਰਾ
ਸੌਦਾ ਕਰਨ ਲਈ ਭੇਜਣਾ ਅਤੇ ਲੋੜ ਵੰਦਾਂ ਦੀਆਂ ਲੋੜਾਂ ਲਈ ਖਰਚ ਕਰਕੇ ਘਰ ਪਰਤਣ ਤੇ
, ਪਿਤਾ ਕਲਿਆਣ ਦਾਸ ਜੀ ਦਾ ਨਾਰਾਜ਼ ਹੋਣਾ, ਜਨੇਊ ਪਾਉਣ ਦੀ ਰਸਮ ਤੇ ਅਸਲ ਜਨੇਊ ਦੇ
ਅਰਥ ਸਮਝਾਉਣੇ, ਇਹ ਸੁਣ ਕੇ ਪਾਂਧੇ ਦਾ ਲਾਜੁਵਾਬ ਹੋ ਜਾਣਾ, ਇਹ ਬਹੁਤ ਕੁਝ ਹੈਰਾਨ
ਕਰਨ ਵਾਲਾ ਸੀ। ਫਿਰ ਸੁਲਤਾਨ ਪੁਰ ਲੋਧੀ ਵਿੱਖੇ ਮੋਦੀ ਖਾਨੇ ਦੀ ਨੌਕਰੀ ਵੇਲੇ
ਤੇਰਾ ਤੇਰਾ ਕਹਿੰਦੇ ਤੱਕੜੀ ਤੋਲਦੇ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦਾਂ ਦੀ
ਸਹਾਇਤਾ ਕਰਨੀ ਉਨਹਾਂ ਦੀ ਮਨੁਖ ਨੂੰ ਹੱਕ ਹਲਾਲ ਦੀ ਕਮਾਈ ਕਰਨ ਦਾ ਨਾਲ ਨਾਲ
ਮਨੁੱਖਤਾ ਦਾ ਭਲੇ ਲਈ ਖਰਚ ਕਰਨਾ ਇਹ ਬੜਾ ਨਿਰਾਲਾ ਸੀ।
ਉਸ ਰੂਹਾਣੀਅਤ
ਦੇ ਮੁਜਸਮੇ ਗੁਰੂ ਬਾਬੇ ਨੇ ਸਿੱਖ ਧਰਮ ਦੀ ਨੀਂਹ ਰੱਖ ਕੇ "ਸਭੈ ਸਾਂਝੀ ਵਾਲ
ਸਦਾਇਣ ਕੋਈ ਨਾ ਦਿਸੈ ਬਾਹਰਾ ਜੀਉ॥" ਦੇ ਉਨ੍ਹਾਂ ਦੇ ਮਹਾਨ ਸਿਧਾਂਤ ਨਾਲ, ਏਕਤਾ
ਵਿੱਚ ਅਨੇਕਤਾ ਨੂੰ ਸਾਕਾਰ ਕਰ ਦਿੱਤਾ ਅਤੇ "ਘਾਲ ਖਾਇ ਕਿਛੁ ਹਥੋਂ ਦੇਇ।॥ ਨਾਨਕ
ਰਾਹੁ ਪਛਾਣੇ ਸੇਇ॥" ਅਤੇ ਹੋਰ ਝੂਠੇ ਕਰਮ ਕਾਂਡ ਦਾ ਪਖੰਡ ਤਿਆਗ ਕੇ ਇੱਕ
ਪ੍ਰਮਾਤਮਾ ਅਕਾਲ ਪੁਰਖ ਨਾਲ ਹੀ ਜੁੜ ਕੇ ਧਰਮ ਦੀ ਕਾਰ ਕਰਨਾ, ਦੱਸਾਂ ਨਹੂੰਆਂ ਦੀ
ਕਿਰਤ ਕਰਨ ਦਾ ਅਤੇ ਵੰਡ ਕੇ ਛਕਣ ਦਾ ਮਹਾਨ ਸਿਧਾਂਤ ਹਰ ਕਿਸੇ ਨੂੰ ਦ੍ਰਿੜ
ਕਰਵਾਇਆ।
ਆਪ ਨੇ ਗ੍ਰਹਿਸਤ ਜੀਵਣ ਵਿੱਚ ਰਹਿ ਕੇ ਪ੍ਰਮਾਰਥ ਦੇ ਰਸਤੇ ਤੇ
ਵਿਚਰਦਿਆਂ, ਸੁਲਤਾਨ ਪੁਰ ਲੋਧੀ ਦੇ ਮੋਦੀ ਮੋਦੀ ਖਾਨੇ ਦੀ ਨੌਕਰੀ ਨੌਕਰੀ ਛੱਡ ਕੇ,
ਇਕ ਨਵੇਂ ਨਰੋਏ ਸਿਧਾਂਤ ਦੇ ਪ੍ਰਚਾਰ ਦੇ ਉਦੇਸ਼ ਲਈ ਆਪਣੀ ਪਹਿਲੀ ਉਦਾਸੀ ਭਾਵ
ਯਾਤਰਾ ਸੁਲਤਾਨ ਪੁਰ (ਪੰਜਾਬ) ਤੋਂ ਆਪਣੇ ਬਚਪਣ ਦੇ ਸਾਥੀ ਮਰਦਾਨਾ ਜੀ ਜੋ ਰਬਾਬ
ਦੇ ਚੰਗੇ ਵਾਜੰਤ੍ਰੀ ਅਤੇ ਰਾਗਾਂ ਦੀ ਜਾਣਕਾਰੀ ਰੱਖਣ ਵਾਲੇ ਸਾਥੀ ਨੂੰ ਨਾਲ ਲੈ ਕੇ
ਆਰੰਭ ਕੀਤੀ। ਉਨ੍ਹਾਂ ਦੀ ਪਹਲੀ ਉਦਾਸੀ ਬਾਰੇ ਭਾਈ ਗੁਰਦਾਸ ਜੀ ਦੁਆਰਾ ਲਿਖੀ ਗਈ
ਸੁੰਦਰ ਵਾਰ ਵੀ ਪੜ੍ਹਨ ਯੋਗ ਹੈ, ਪਹਿਲਾਂ ਬਾਬੇ ਪਾਇਆ ਬਖਸ ਦਰ
ਪਿੱਛੋਂ ਦੇ ਫਿਰ ਘਾਲ ਕਮਾਈ॥ ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ॥
ਭਾਰੀ ਕਰੀ ਤਪੱਸਿਆ ਬਡੇ ਭਾਗ ਹਰ ਸਿਉਂ ਬਣ ਆਈ॥ ਬਾਬਾ ਪੈਧਾ ਸਚ ਖੰਡ,ਨਉ ਨਿਧ
ਨਾਮ ਗਰੀਬੀ ਪਾਈ॥ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥
ਬਾਝੁਹੁ ਗੁਰੁ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ॥ ਬਾਬੇ ਭੇਖ ਬਣਾਇਆ
ਉਦਾਸੀ ਕੀ ਰੀਤ ਚਲਾਈ॥ ਚੜ੍ਹਿਆ ਸੋਧਣ ਧਰਤ ਲੁਕਾਈ॥ 24॥
ਗੁਰੂ ਬਾਬੇ ਦੀਆਂ ਕੀਤੀਆਂ ਸੰਸਾਰ ਭਰ ਦੀਆਂ ਉਦਾਸੀਆਂ ਭਾਵ ਯਾਤਰਾਂਵਾਂ ਦਾ
ਵਿਸਥਾਰ ਬਹੁਤ ਲੰਮਾ ਸਮਾਂ ਮੰਗਦਾ ਹੈ। ਫਿਰ ਵੀ ਮੁੱਖ ਤੌਰ, ਦੇਸ਼ ਦੇ ਵੱਖ ਵੱਖ
ਥੀਰਥਾਂ ਤੇ ਜਾ ਕੇ ਅਣੋਖੇ ਵਿਅੰਗ ਮਈ ਢੰਗਾਂ ਨਾਲ ਅੰਧ ਵਿਸ਼ਵਾਸ਼ੀ ਅਤੇ ਫੋਕੇ ਕਰਮ
ਕਾਂਡ ਨੂੰ ਕਰਾਰੀ ਚੋਟ ਮਾਰ ਕੇ ਨਵੀਂ ਸੇਧ ਦੇਣ ਦਾ ਸਾਰਥਕ ਸੌਖਾ ਸਰਲ ਤੇ ਸਿੱਧਾ
ਰਾਹ ਦਰਸਾਉਣਾ, ਮੰਦਰਾਂ ਵਿੱਚ ਹੁੰਦੀ ਰਸਮੀ ਆਰਤੀ ਹੁੰਦੀ ਵੇਖਕੇ, ਅਕਾਲ
ਪੁਰਖ ਦੀ ਸਾਰੇ ਬ੍ਰਹਿਮੰਡ ਵਿੱਚ ਹੋਰ ਰਹੀ ਆਰਤੀ”ਗਗਨ ਮਹਿ ਥਾਲ ਰਵਿ ਚੰਦ ਦੱਸ
ਕੇ, ਜਿਵੇਂ ਨਵੇਂ ਹੀ ਵਿਚਾਰਾਂ ਦਾ ਉਪਦੇਸ਼ ਦਿੱਤਾ। ਮੱਕੇ ਦੀ ਯਾਤ੍ਰਾ ਵੇਲੇ ਆਪਣੇ
ਅਜੀਬ ਅੰਦਾਜ਼ ਵਿੱਚ ਰੱਬ ਨੂੰ ਚਾਰੇ ਪਾਸੇ ਹੀ ਨਹੀਂ ਸਗੋਂ ਸਰਬ ਵਿਆਪਕ ਹੋਣ ਦਾ
ਉਪਦੇਸ਼ ਦਿੱਤਾ। ਮੁਗਲ ਰਾਜ ਦੀ ਧੱਕੇ ਸ਼ਾਹੀ, ਬੇ ਇਨਸਾਫੀ, ਅਤੇ ਬੇਦੋਸ਼ਾਂ ਨਾਲ
ਹੁੰਦੀ ਜ਼ਿਆਦਤੀ ਵੇਖ ਕੇ ਬਾਬਰ ਦੀ ਜੇਲ੍ਹ ਵਿੱਚ ਕੈਦੀ ਬਣ ਕੇ ਆਪਣੇ ਹੱਥੀਂ ਚੱਕ
ਪੀਸ ਕੇ ਬਾਬਰ ਵਰਗੇ ਜਾਬਰ ਹਾਕਮ ਸਾਮ੍ਹਣੇ ਹੋ ਕੇ ਪਰਜਾ ਨਾਲ ਹੁੰਦੀਆਂ
ਜ਼ਿਆਦਤੀਆਂ ਦਾ ਅਹਿਸਾਸ ਬੜੀ ਦਲੇਰੀ ਨਾਲ ਕਰਾਉਣਾ ਅਤੇ ਉਸ ਨੂੰ ਕਾਇਲ ਵੀ ਕਰਨਾ ਇਹ
ਗੁਰੂ ਬਾਬੇ ਨਾਨਕ ਦੀ ਮਹਾਨ ਸ਼ਖਸੀਅਤ ਦਾ ਕਮਾਲ ਹੀ ਤਾਂ ਸੀ।ਤਾਂ ਹੀ ਤਾਂ ਉਰਦੂ ਦੇ
ਪ੍ਰਸਿੱਧ ਸ਼ਾਇਰ ਅਲਾਮਾ ਇਕਬਾਲ ਦਾ ਲਿਖਿਆ ਇਹ ਸ਼ੇਅਰ ਉਨ੍ਹਾਂ ਦੀ ਮਹਾਨ ਸ਼ਖਸੀਅਤ ਦੀ
ਗੁਵਾਹੀ ਭਰਦਾ ਹੈ। “ ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇਕ
ਮਰਦੇ ਕਾਮਲ ਨੇ ਜਗਾਇਆ ਖ਼ਾਬ ਸੇ “
ਬਾਬਾ ਗਿਆ ਬਗਦਾਦ ਨੂੰ ਬਾਹਰ
ਜਾਇ ਕੀਆ ਅਸਥਾਨਾ॥ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥ ਦਿਤੀ
ਬਾਂਗ ਨਮਾਜ਼ ਕਰ ਸੰਨ ਸੰਮਾਨ ਹੋਯਾ ਜਹਾਨਾ॥ ਸੁੰਨ ਮੁੰਨ ਨਗਰੀ ਪਈ,ਦੇਖ ਪੀਰ
ਹੋਆ ਹੈਰਾਨਾ॥ ਵੇਖੇ ਧਿਆਨ ਲਗਾਇ ਕਰ ਇਕ ਫਕੀਰ ਵਡਾ ਮਸਤਾਨਾ॥ ਪੁਛਿਆ ਫਿਰ
ਕੇ ਦਸਤਗੀਰ ਕੌਣ ਫਕੀਰ ਕਿਸਕਾ ਘਰਾਨਾ॥ ਨਾਨਕ ਕਲਿ ਵਿੱਚ ਆਇਆ,ਰਬ ਫਕੀਰ ਇਕ
ਪਹਿਚਾਨਾ॥ ਧਰਤ ਆਕਾਸ ਚਹੁੰ ਦਿਸ ਜਾਨਾ॥35॥
ਗੁਰਦਾਸਪੁਰ ਜ਼ਿਲੇ ਦਾ ਕਸਬਾ ਕਰਤਾਰ ਪੁਰ ਨੱਗਰ ਜੋ ਹੁਣ ਦੇਸ਼ ਦੀ ਵੰਡ ਤੋਂ ਮਗਰੋਂ
ਪਾਕਿਸਤਾਨ ਦੀ ਤਹਿਸੀਲ ਸ਼ਕਰ ਗੜ੍ਹ ਵਿੱਚ ਆ ਚੁਕਾ ਹੈ ਜੋ ਗੁਰੂ ਨਾਨਕ ਦੇਵ ਜੀ ਨੇ
ਆਪਣੀ ਪਹਿਲੀ ਉਦਾਸੀ ਤੋਂ ਪਿੱਛੋਂ ਆਪਣੇ ਮਿਸ਼ਨ ਦੇ ਪ੍ਰਚਾਰ ਲਈ ਇਹ ਨੱਗਰ ਆਪਣੇ
ਹੱਥੀਂ ਵਸਾਇਆ ਅਤੇ ਲੰਮਾ ਸਮਾਂ ਆਪਣੇ ਗ੍ਰਹਿਸਤ ਜੀਵਣ ਵਿੱਚ ਰਹਿੰਦਿਆਂ ਹੱਥੀਂ ਹਲ਼
ਵਾਹ ਕੇ, ਹੱਥੀਂ ਕਿਰਤ ਕਰਨਾ ਦਾ ਸੇਵਾ, ਸਿਮਰਣ ਅਤੇ ਵੰਡ ਕੇ ਛਕਣ ਦੇ ਮਹਾਨ,
ਸਿਧਾਂਤ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਣਾਂਉਂਦਿਆਂ ਗੁਜ਼ਾਰਿਆ।ਬਾਬੇ ਨਾਨਕ ਦਾ
ਆਪਣੇ ਹੱਥੀਂ ਲਾਏ ਸਿੱਖ ਧਰਮ ਦੇ ਬੂਟੇ ਨੂੰ ਪ੍ਰਫੁੱਲਤ ਕਰਨ ਲਈ ਨੌ ਗੁਰੂ
ਸਾਹਿਬਾਨ ਨੇ, ਆਪੋ ਆਪਣੇ ਜੀਵਣ ਕਾਲ ਦੇ ਸਮੇਂ ਵਿੱਚ ਬੜੀਆਂ ਘਾਲਨਾਂਵਾਂ
ਕੁਰਬਾਨੀਆਂ ਕਰਕੇ ਇਸ ਨੂੰ ਸਦਾ ਬਹਾਰ ਅਤੇ ਪ੍ਰਫੁੱਲਤ ਕਰਨ ਵਿੱਚ ਆਪਣ ਮਹਾਨ ਯੋਗ
ਦਾਨ ਪਾਇਆ ਜਿਸ ਦਾ ਸਦਕਾ ਸੰਸਾਰ ਦੇ ਕੋਣੇ ਕੋਣੇ ਵਿੱਚ ਸਿੱਖ ਧਰਮ ਫੈਲ ਚੁਕਾ ਹੈ।
ਇਸ ਵਰ੍ਹੇ ਸਮੂਹ ਨਾਨਕ ਲੇਵਾ ਸਿੱਖ ਸੰਗਤ ਉਨ੍ਹਾਂ ਦੇ 550 ਵੇਂ ਪੁਰਬ ਸਮਾਰੋਹ
ਨੂੰ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾ ਰਹੀਆਂ ਹਨ।
ਇਸ ਵਾਰ ਇਸ ਪੁਰਬ
ਨੂੰ ਬੜੀਆਂ ਰੌਣਕਾਂ ਵਿੱਚ ਮਨਾਉਣ ਦਾ ਇਕ ਹੋਰ ਬੜਾ ਹੀ ਸੁੰਦਰ ਅਤੇ ਇਤਹਾਸਕ ਇਕ
ਹੋਰ ਵਾਧਾ ਹੋਇਆ ਹੈ ਕਿ ਦੇਸ਼ ਦੀ ਵੰਡ ਕਰਕੇ ਸਿੱਖ ਕੌਮ ਗੁਰੂ ਸਾਹਿਬਾਂ ਦੀਆਂ
ਮਹਾਨ ਯਾਦਾਂ ਨਾਲ ਜੁੜੇ ਬਹੁੱਤ ਸਾਰੇ ਸਿੱਖ ਗੁਦੁਆਰੇ ਪਾਕਿਸਤਾਨ ਵਾਲੇ ਪਾਸੇ
ਚਲੇ ਜਾਣ ਕਰਕੇ ਸਿੱਖ ਸੰਗਤਾਂ ਆਪਣੇ ਇਸ਼ਟ ਅੱਗੇ ਇਨ੍ਹਾਂ ਗੁਰਦੁਆਰਿਆਂ ਦੇ ਖੁਲ੍ਹੇ
ਦਰਸ਼ਨ ਦੀਦਾਰੇ ਦੀ ਲੰਮੇ ਸਮੇਂ ਤੋਂ ਦੋਵੇਂ ਵੇਲੇ ਅਰਦਾਸਾਂ ਹੁੰਦੀਆ ਸੀ ਜਿੱਸ ਤੇ
ਉਨ੍ਹਾਂ ਦੀ ਅਰਦਾਸਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ, ਗੁਰੂ ਬਾਬੇ ਦੀ ਮਿਹਰ ਸਦਕਾ
ਦੋਹਾਂ ਦੇਸ਼ਾਂ ਦੀਆਂ ਸਰਕਾਰਾਂ, ਸਿੱਖ ਸੰਗਤਾਂ ਦੀਆਂ ਭਾਵਨਾਂਵਾਂ ਨੂੰ ਸਮਝਦੇ ਹੋਏ
ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਭਾਰਤ- ਪਾਕਿਸਤਾਨ ਦਾ ਲਾਂਘਾ ਖੋਲ੍ਹਣ ਦਾ ਮਸਲਾ
ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਉਪਰਾਲਾ ਸਿਰੇ ਚੜ੍ਹ ਆਖਿਰ ਸਿਰੇ ਚੜ੍ਹ ਹੀ
ਗਿਆ ਹੈ।ਪਰ ਅਜੇ ਵੀ ਕਰਤਾਰ ਪੁਰ ਦੇ ਲਾਂਘੇ ਲਈ ਆਮ ਸ਼ਰਧਾਲੂ ਲਈ ਜਾਣਾ ਸੌਖਾ
ਨਹੀਂ,ਜਿਸ ਵਿੱਚ ਦੋਹਾਂ ਪਾਸਿਆਂ ਨੂੰ ਮਿਲ ਕੇ ਇਸ ਮਸਲੇ ਨੂੰ ਹੋਰ ਸੌਖਾ ਕਰਨ
ਵਿੱਚ ਖੁਲ੍ਹ ਦਿਲੀ ਵਿਖਾਉਣ ਦੀ ਬੜੀ ਲੋੜ ਹੈ। ਆਉ ਇਸ ਸ਼ੁਭ ਅਵਸਰ
ਤੇ ਕਾਮਨਾ ਕਰੀਏ ਕਿ ਗੁਰੂ ਬਾਬੇ ਦੇ ਸਰਬ ਸਾਂਝੀਵਾਲਤਾ ਦੇ ਮਹਾਨ ਉਪਦੇਸ਼ ਤੇ ਚਲਦੇ
ਹੋਏ,ਰਾਜ ਨੀਤੀ ਤੋਂ ਉੱਪਰ ਉੱਠ ਕੇ ਦੋਵੇਂ ਗੁਆਂਢੀ ਦੇਸ਼ ਮਿਲ ਬੈਠਕੇ ਆਪਸੀ ਛੋਟੇ
ਮੋਟੇ ਮਸਲੇ ਹੱਲ ਕਰਦੇ ਰਹਿ ਕੇ ਅਮਨੀ ਸ਼ਾਂਤੀ ਦਾ ਮਾਹੌਲ ਬਣਾਈ ਰੱਖੀਏ।
ਕਰਤਾਰ ਪੁਰ ਦੀ ਨਗਰੀ, ਜਿੱਥੇ ਗੁਰੂ ਨਾਨਕ ਦਰਬਾਰ। ਜਿਹਦੇ ਦਰਸ਼ਨ
ਕਰਦੀਆਂ ਸੰਗਤਾਂ , ਜਾ ਰਾਵੀ ਦੇ ਪਾਰ। ਸੀ ਨਿੱਤ ਅਰਦਾਸਾਂ ਹੁੰਦੀਆਂ, ਸੁਣ ਲਈ
ਕੂਕ ਪੁਕਾਰ, ਦਰ ਖੁਲ੍ਹ ਗਿਆ ਬਾਬੇ ਨਾਨਕ ਦਾ ਮੇਹਰ ਹੋਈ ਕਰਤਾਰ। ਹੁਣ
ਰਹਿਣ ਇਹ ਸਾਂਝਾਂ ਚਲਦੀਆਂ,ਬਸ ਏਸੇ ਹੀ ਰਫਤਾਰ, ਗੁਰੂ ਨਾਨਕ ਸੱਭ ਤੇ ਮੇਹਰ
ਕਰੇ,ਰਹੇ ਲੱਗੀ ਮੌਜ ਬਹਾਰ।
ਰਵੇਲ ਸਿੰਘ ਇਟਲੀ
|