|
|
ਇਲਾਹੀ ਨੂਰ, ਰੂਹਾਨੀ ਸਰੂਪ ਜਗਤ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ
1469 ਈ. ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਜੋ ਕਿ ਇਸ ਸਮੇਂ ਪਾਕਿਸਤਾਨ
ਵਿੱਚ ਹੈ। ਇਸ ਥਾਂ ਨੂੰ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਆਪਦੇ ਪਿਤਾ ਦਾ ਨਾਂ ਮਹਿਤਾ ਕਾਲੂ ਤੇ ਮਾਤਾ ਦਾ ਨਾਂ ਤ੍ਰਿ੍ਰਪਤਾ ਸੀ। ਆਪ
ਜੀ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ। ਆਪ ਜੀ ਦੇ ਜਨਮ ਉਪਰੰਤ
ਉਚਾਰੀਆਂ ਗਈਆਂ ਗੁਰਬਾਣੀ ਦੀਆਂ ਤੁਕਾਂ ਅੱਜ ਵੀ ਸਾਨੂੰ ਗਿਆਨ ਰੂਪੀ ਚਾਨਣ
ਦੇ ਸਨਮੁੱਖ ਕਰਵਾਉਂਦੀਆਂ ਹਨ :
''ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ
ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੈ ਅੰਧੇਰ ਪਲੋਆ''
ਇਸ ਅਨੁਸਾਰ ਉਸ
ਸਮੇਂ ਦਾ ਵਰਨਣ ਕੀਤਾ ਗਿਆ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਤੇ ਅਵਤਾਰ
ਲਿਆ। ਉਸ ਸਮੇਂ ਮੌਕੇ ਤੇ ਗਵਾਹ ਦਾਈ ਤੇ ਹੋਰ ਪਰਿਵਾਰਕ ਮੈਂਬਰ
ਬਾਲਕ ਦੇ ਚਿਹਰੇ ਤੇ ਨੂਰ ਨੂੰ ਦੇਖ ਕੇ ਦੰਗ ਰਹਿ ਗਏ। ਕੁਝ ਪਲਾਂ ਲਈ ਤਾਂ
ਉਹਨਾਂ ਦੀਆਂ ਅੱਖਾਂ ਦੀਆਂ ਪਲਕਾਂ ਵੀ ਝਪਕ ਨਹੀਂ ਹੋਈਆਂ ਤੇ ਇੰਝ ਮਹਿਸੂਸ ਹੋਇਆ
ਜਿਵੇਂ ਇਕੋ ਸਮੇਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਗਿਆ ਹੋਵੇ ਤੇ ਉਸ ਪ੍ਰਕਾਸ਼
ਨਾਲ ਅਸਮਾਨ ਦੇ ਤਾਰੇ ਛਿਪ ਗਏ ਹੋਣ ਤੇ ਅੰਧੇਰਾ ਖਤਮ ਹੋ ਗਿਆ ਹੋਵੇ।
ਆਪ
ਜੀ ਦੇ ਜਨਮ ਸਮੇਂ ਭਾਰਤ ਦੀ ਹਾਲਤ ਦੁਰਦਸ਼ਾ ਭਰੀ ਸੀ ਤੇ ਭਾਰਤ ਦੇ ਰਾਜਨੀਤਿਕ,
ਧਾਰਮਿਕ, ਸਮਾਜਿਕ ਤੇ ਆਰਥਿਕ ਹਾਲਤ ਬੜੀ ਦਰਦਮਾਨ ਸੀ। ਉਸ ਸਮੇਂ ਰਾਜੇ ਤੇ
ਵਜੀਰ ਬਘਿਆੜਾਂ ਤੇ ਕੁੱਤਿਆਂ ਦਾ ਰੂਪ ਧਾਰ ਕੇ ਜਨਤਾ ਨੂੰ ਨੋਚ ਰਹੇ ਸਨ।
ਅੰਧ-ਵਿਸ਼ਵਾਸ, ਫੋਕਟ ਕਰਮਾਂ ਦਾ ਬੋਲਬਾਲਾ ਸੀ। ਊਚ-ਨੀਚ, ਛੂਤ-ਛਾਤ ਬੁਰੀ
ਤਰਾਂ ਫੈਲਿਆ ਹੋਇਆ ਸੀ। ਇਸ ਅਵਸਥਾ ਦਾ ਵਰਨਣ ਆਪ ਹੀ ਨੇ ਇਸ ਪ੍ਰਕਾਰ ਕੀਤਾ
ਹੈ:
''ਕਾਲਿ
ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ
ਕੂੜ ਅਮਾਵਸ ਸਚੁ ਚੰਦ੍ਰਮਾ, ਦੀਸੇ ਨਾਹੀ ਕਹ ਚੜਿਆ''
ਇਸ ਸਮੇਂ ਧਰਤੀ ਦੀ
ਚੀਖ-ਪੁਕਾਰ ਸੁਣ ਕੇ ਗੁਰੂ ਜੀ ਦੁਨੀਆਂ ਵਿੱਚ ਆਏ ਜਿਸ ਬਾਰੇ ਭਾਈ ਗੁਰਦਾਸ ਜੀ
ਲਿਖਦੇ ਹਨ:
'ਸੁਣੀ ਪੁਕਾਰ ਦਾਤਾਰ ਪ੍ਰਤੁ, ਗੁਰੂ ਨਾਨਕ ਜਗ ਮੈ ਪਠਾਇਆ'
ਜਦੋਂ ਆਪ ਜੀ
ਸੱਤ ਸਾਲਾਂ ਦੇ ਹੋਏ ਤਾਂ ਆਪ ਜੀ ਨੂੰ ਪਾਂਧੇ ਕੋਲ ਪੜਨ ਲਈ ਭੇਜਿਆ ਗਿਆ।
ਆਪ ਜੀ ਨੇ ਆਪਣੇ ਅਧਿਆਤਮਿਕ ਵਿਚਾਰਾਂ ਨਾਲ ਉਹਨਾਂ ਨੂੰ ਬੜਾ ਪ੍ਰਭਾਵਿਤ ਕੀਤਾ।
ਜਦੋਂ ਆਪ ਜੀ ਬਾਰਾਂ ਸਾਲਾਂ ਦੇ ਹੋਏ ਤਾਂ ਆਪ ਜੀ ਨੂੰ ਜਨੇਊ ਧਾਰਨ ਕਰਨ ਲਈ
ਪੰਡਿਤ ਜੀ ਨੂੰ ਬੁਲਾਇਆ ਗਿਆ ਪਰ, ਆਪ ਜੀ ਨੇ ਜਨੇਊ ਪਾਉਣ ਤੋਂ ਸਾਫ ਇਨਕਾਰ ਕਰ
ਦਿੱਤਾ ਤੇ ਪੰਡਿਤ ਨੂੰ ਫੁਰਮਾਇਆ:
''ਦਇਆ ਕਪਾਹ ਸੰਤੋਖ ਸੂਤ, ਜਤੁ ਗੰਢੀ ਸਤੁ ਵਟ
ਏਹ ਜਨੇਊ ਜੀਅ ਦਾ ਹਈ ਤਾਂ ਪਾਂਡੇ ਘਤੁ''
ਤੇ ਪੰਡਤ ਨੂੰ ਫੋਕਟ
ਕਰਮ-ਕਾਂਡਾ ਤੋਂ ਮੁਕਤ ਹੋਣ ਦਾ ਉਪਦੇਸ਼ ਦਿੱਤਾ।
ਇਸ ਤਰਾਂ ਘਰ ਗ੍ਰਹਿਸਥੀ
ਨੂੰ ਸਮਝਦੇ ਹੋਏ ਜਦੋਂ ਪਿਤਾ ਜੀ ਨੇ ਆਪ ਜੀ ਨੂੰ 20 ਰੁ. ਦੇ ਕੇ ਸੱਚਾ ਸੌਦਾ ਕਰਨ
ਲਈ ਭੇਜਿਆ ਤਾਂ ਆਪ ਜੀ ਆਪਣੀ ਦਿਆ ਭਾਵਨਾ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਕੇ
ਵਾਪਿਸ ਆ ਗਏ।
ਜਦੋਂ ਪਿਤਾ ਜੀ ਨੇ ਦੇਖਿਆ ਕਿ ਆਪ ਜੀ ਪੜਾਈ ਅਤੇ ਹੋਰ
ਕੰਮਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਪਿਤਾ ਜੀ ਨੇ ਆਪ ਜੀ ਨੂੰ ਮੱਝਾ ਚਾਰਨ ਲਈ
ਭੇਜ ਦਿੱਤਾ। ਮੱਝਾਂ ਚਾਰਨ ਗਏ ਆਪ ਜੀ ਰੱਬੀ ਭਗਤੀ ਵਿੱਚ ਲੀਨ ਹੋ ਗਏ ਤੇ
ਮੱਝਾਂ ਨੇ ਸਾਰਾ ਖੇਤ ਉਜਾੜ ਦਿੱਤਾ। ਫਿਰ ਜੱਟ ਨੇ ਆਪਣੀ ਸ਼ਿਕਾਇਤ ਪਿੰਡ ਦੇ
ਹਾਕਮ ਰਾਏ ਬੁਲਾਰ ਕੋਲ ਕੀਤੀ। ਪਰ, ਪੜਤਾਲ ਕਰਨ ਤੋਂ ਪਤਾ ਲੱਗਾ ਕਿ
ਖੇਤ ਤਾਂ ਉਸੇ ਤਰਾਂ ਹਰੇ-ਭਰੇ ਸਨ।
ਉਪਰੰਤ, ਫਿਰ ਆਪ ਜੀ ਦੇ ਪਿਤਾ ਮਹਿਤਾ
ਕਾਲੂ ਜੀ ਨੇ ਆਪ ਦਾ ਧਿਆਨ ਘਰੇਲੂ ਕੰਮਾਂ ਵੱਲ ਖਿੱਚਣ ਲਈ ਆਪ ਦਾ ਵਿਆਹ ਸੁਲਤਾਨ
ਪੁਰ ਵਿਖੇ ਬੀਬੀ ਸੁਲੱਖਣੀ ਨਾਲ ਕਰ ਦਿੱਤਾ। ਆਪਦੇ ਘਰ ਦੋ ਪੁੱਤਰ ਪੈਦਾ
ਹੋਏ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ। ਫਿਰ ਵੀ ਆਪ ਦਾ
ਮਨ ਸੰਸਾਰ ਦੇ ਕੰਮਾਂ ਵਿੱਚ ਨਾ ਲੱਗਾ ਤਾਂ ਆਪ ਜੀ ਦੇ ਜੀਜਾ ਜੈ ਰਾਮ ਜੀ ਨੇ ਆਪ
ਜੀ ਨੂੰ ਆਪਣੇ ਕੋਲ ਬੁਲਾ ਲਿਆ ਤੇ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿੱਚ ਨੌਕਰੀ
ਲਗਵਾ ਦਿੱਤਾ। ਉਹਨਾਂ ਕੋਲ ਰਹਿੰਦਿਆਂ ਇੱਕ ਦਿਨ ਆਪ ਵੇਈ ਨਦੀ ਵਿੱਚ
ਆਪ ਜੀ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਵੇਂਈ ਵਿਚ ਹੀ ਅਲੋਪ ਰਹੇ। ਤਿੰਨ
ਦਿਨਾਂ ਬਾਅਦ ਜਦੋਂ ਆਪ ਵੇਈ ਨਦੀਂ ਤੋਂ ਬਾਹਰ ਨਿਕਲੇ ਤਾਂ ਸ਼ਬਦ ਉਚਾਰੇ :
''ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ''
ਇਸ ਸਮੇਂ ਆਪ ਜੀ ਨੇ ਸੰਸਾਰ ਦੇ
ਕਲਿਆਣ ਦਾ ਬੀੜਾ ਚੁੱਕਿਆ : ਜਿਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ:
''ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਧਿ ਆਈ,. ਚੜਿਆ ਸੋਧਣ ਧਰ
ਲੁਕਾਈ''
ਇਸ ਉਪਰੰਤ ਆਪ ਜੀ ਨੇ ਦੁਨੀਆਂ ਨੂੰ ਸਹੀ ਮਾਰਗ ਦਿਖਾਉਣ ਲਈ
1499 ਈ. ਤੋਂ ਦੁਨੀਆਂ ਨੂੰ ਤਾਰਨ ਲਈ ਆਪਣੀਆਂ ਉਦਾਸੀਆਂ ਆਰੰਭ ਕੀਤੀਆਂ ਤੇ ਚਾਰੇ
ਦਿਸ਼ਾਵਾਂ ਦੀ ਯਾਤਰਾ ਕੀਤੀ। ਇਸ ਦੌਰਾਨ ਆਪ ਜੀ ਅਸਾਮ, ਲੰਕਾ, ਤਾਸ਼ਕੰਦ ਤੇ
ਮੱਕਾ ਮਦੀਨਾ ਤੱਕ ਦੀ ਯਾਤਰਾ ਕੀਤੀ। ਆਪ ਨੇ ਅਨੇਕਾਂ ਪੀਰਾਂ-ਫਕੀਰਾਂ,
ਜੋਗੀਆਂ, ਸੂਫੀਆਂ, ਸੰਨਿਆਸੀਆਂ, ਸਾਧਾਂ-ਸੰਤਾਂ, ਕਾਜ਼ੀਆਂ ਤੇ ਪੰਡਤਾਂ ਨੂੰ ਸਿੱਧੇ
ਰਾਹ ਤੇ ਪਾਇਆ।
ਆਪ ਜੀ ਨੇ ਲੋਕਾਂ ਨੂੰ ਬਾਰ-ਬਾਰ ਇਹੀ ਦੱਸਣ ਦਾ
ਯਤਨ ਕੀਤਾ ਕਿ ਰੱਬ ਇੱਕ ਹੈ ਜੋ ਕਣ-ਕਣ ਵਿੱਚ ਵੱਸਦਾ ਹੈ। ਆਪ ਨੇ
ਸਰਬ-ਸਾਂਝੀਵਾਲਤਾ ਦਾ ਪਾਠ ਪੜਾਇਆ ਤੇ ਦੰਡ-ਪਖੰਡ ਵਿਰੁੱਧ ਆਵਾਜ਼ ਉਠਾਈ।
ਛੂਤ-ਛਾਤ ਨੂੰ ਦੂਰ ਕਰਨ ਲਈ ਫੁਰਮਾਇਆ:
'' ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤਿ ਨੀਚ
ਨਾਨਕ ਤਿਨ ਕੇ ਸੰਗ ਸਾਥ ਵਡਿਆ, ਸਿਉਂ ਕਿਆ ਰੀਸ। ''
ਆਪ ਜੀ ਨੇ ਇਹ ਵੀ
ਕਿਹਾ ਕਿ ਅਸੀਂ ਇੱਕ ਪ੍ਰਮਾਤਮਾ ਦੇ ਬੱਚੇ ਹਾਂ।
''ਏਕ ਪਿਤਾ ਏਕਸ ਕੇ ਹਮ ਬਾਰਿਕ''
ਆਪ ਜੀ ਨੇ ਇਸਤਰੀ ਦੇ ਸਨਮਾਨ ਨੂੰ
ਸਤਿਕਾਰਦਿਆਂ ਫੁਰਮਾਇਆ:
''ਸੋ ਕਿਉਂ ਮੰਦਾ ਆਖੀਐ, ਜਿਤੁ ਜੰਮੇ ਰਾਜਾਨ ''
ਇਕ ਮਹਾਨ ਕਵੀ ਤੇ
ਸੰਗੀਤਕਾਰ ਦੇ ਰੂਪ ਵਿੱਚ ਆਪ ਜੀ ਨੇ 19 ਰਾਗਾਂ ਵਿੱਚ ਬਾਣੀ ਰਚੀ ਜੋ ਕਿ ਸ੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। 'ਜਪੁ ਜੀ' ਸਾਹਿਬ ਤੇ ਆਸਾ ਦੀ ਵਾਰ
ਆਪ ਜੀ ਦੀਆਂ ਪ੍ਰਸਿੱਧ ਰਚਨਾਵਾਂ ਹਨ। ਆਪ ਜੀ ਦੀ ਬਾਣੀ ਦੀਆਂ ਬਹੁਤ
ਸਾਰੀਆਂ ਤੁਕਾਂ ਲੋਕਾਂ ਦੇ ਮੂੰਹ ਚੜੀਆਂ ਹੋਈਆਂ ਹਨ। ਜਿਵੇਂ :
''ਮਿਠੁਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ''
''ਮਨ ਜੀਤੈ ਜਗੁ ਜੀਤੁ''
''ਨਾਨਕ ਫਿੱਕਾ ਬੋਲਿਐ ਤਨੁ ਮਨੁ ਫਿਕਾ ਹੋਇ। ''
ਬਾਬਰ ਦੇ ਹਮਲੇ ਦੌਰਾਨ
1526 ਈ. ਵਿੱਚ ਮਚਾਈ ਲੁੱਟ-ਖਸੁੱਟ ਕਤਲੇ-ਆਮ ਅਤੇ ਇਸਤਰੀਆਂ ਦੀ ਬੇਪਤੀ ਵਿਰੁੱਧ
ਅਵਾਜ਼ ਉਠਾਦਿਆਂ ਆਪ ਜੀ ਨੇ ਰੱਬ ਨੂੰ ਵੀ ਉਲਾਮਾ ਦਿੰਦਿਆ ਕਿਹਾ :
''ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦ ਨਾ ਆਇਆ''
ਇਸ ਤਰਾਂ ਸ੍ਰੀ ਗੁਰੂ
ਨਾਨਕ ਦੇਵ ਜੀ ਨੇ ਚਾਰੇ ਦਿਸ਼ਾਵਾਂ ਦੀ ਯਾਤਰਾ ਦੌਰਾਨ ਲੋਕਾਂ ਨੂੰ ਅੰਧ-ਵਿਸ਼ਵਾਸਾਂ,
ਕਰਮ-ਕਾਂਡਾ, ਵੈਰ-ਵਿਰੋਧਤਾ, ਊਚ- ਨੀਚਤਾ ਤੇ ਹੋਰ ਅਨੇਕਾਂ ਭੇਦ-ਭਾਵਾਂ ਤੋਂ ਮੁਕਤ
ਕੀਤਾ ਤੇ ਸਾਰਿਆਂ ਨੂੰ ਸਾਂਝੀਵਾਲਤਾਂ ਦਾ ਉਪਦੇਸ਼ ਦਿੱਤਾ। ਸਾਰਿਆਂ ਨੂੰ
ਸੱਚ ਦਾ ਉਪਦੇਸ਼ ਦਿੰਦੇ ਹੋਏ ਪ੍ਰਮਾਤਮਾ ਦੇ ਮਾਰਗ ਤੇ ਚੱਲਣ ਨੂੰ ਪ੍ਰੇਰਿਤ ਕੀਤਾ।
ਆਪ ਜੀ ਨੇ ਆਪਣਾ ਅੰਤਿਮ ਸਮਾਂ ਕਰਤਾਰਪੁਰ ਵਿਖੇ ਬਿਤਾਇਆ ਤੇ ਇੱਥੇ ਹੀ ਆਪ ਜੀ
ਨੇ ਭਾਈ ਲਹਿਣਾ (ਸ੍ਰੀ ਗੁਰੂ ਅੰਗਦ ਦੇਵ ਜੀ) ਨੂੰ ਆਪਣੀ ਗੱਦੀ ਦਾ ਵਾਰਿਸ ਚੁਣਿਆ।
ਉਪਰੰਤ ਆਪ ਜੀ 1539 ਈ. ਵਿੱਚ ਜੋਤੀ ਜੋਤ ਸਮਾ ਗਏ। ਧੰਨ ਧੰਨ ਸ੍ਰੀ ਗੁਰੂ
ਨਾਨਕ ਦੇਵ ਜੀ ਇੱਕ ਯੁੱਗ-ਪੁਰਖ ਸਨ। ਜਿਨਾਂ ਨੇ ਨਿਮਾਣੀ, ਨਿਤਾਣੀ, ਜਨਤਾ
ਵਿੱਚ ਨਵੀਂ ਰੂਹ ਭਰੀ ਤੇ ਉਹਨਾਂ ਨੂੰ ਦਲੇਰ ਤੇ ਸਾਹਸੀ ਬਣਾ ਦਿੱਤਾ।
ਅੱਜ
ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਗੁਰ ਪੂਰਬ ਨਨਕਾਣਾ ਸਾਹਿਬ
ਵਿਖੇ ਮਨਾਉਣ ਦਾ ਸੁਭਾਗਾ ਸਮਾਂ ਮਿਲਿਆ ਹੈ। ਅਸੀਂ ਸਾਰੇ ਇਸ ਸਮਾਗਮ ਵਿੱਚ
ਵੱਧ ਚੜ ਕੇ ਹਿੱਸਾ ਪਾ ਰਹੇ ਹਾਂ। ਪਰ, ਇੱਥੇ ਸਾਡਾ ਸਭ ਤੋਂ ਵੱਡਾ ਫਰਜ਼ ਇਹ
ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਉਤੇ ਚੱਲਕੇ ਆਪਣਾ ਜੀਵਨ
ਸਫਲਾ ਕਰੀਏ, ਜਿਸ ਵਿੱਚ ਉਨਾਂ ਨੇ ਲੋਕਾਂ ਦੇ ਮਨਾਂ ਵਿੱਚੋਂ ਈਰਖਾ, ਵੈਰ-ਵਿਰੋਧ,
ਛੂਤ-ਛਾਤ ਅਤੇ ਝੂਠੇ ਪਾਖੰਡਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਹੈ ਅਤੇ ਆਪਣੀਆਂ
ਚਾਰ ਉਦਾਸੀਆਂ ਦੌਰਾਨ ਭੁੱਲੇ-ਭਟਕੇ ਲੋਕਾਂ ਨੂੰ ਰਾਹੇ ਪਾਇਆ ਹੈ।
ਗੁਰੂ ਜੀ ਦੇ ਮਾਰਗ ਤੇ ਚੱਲਦਿਆਂ ਉਹਨਾਂ ਦੇ ਉਪਦੇਸ਼ਾਂ ਨੂੰ ਮੰਨਣਾ ਹੀ, ਉਹਨਾਂ ਲਈ
ਸੱਚੀ ਸ਼ਰਧਾਂਜਲੀ ਹੈ। ਕੁਲਵਿੰਦਰ ਕੌਰ ਮਹਿਕ
|