WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਹਰਿਆਣੇ ਦੀ ਨਵੀਂ ਪੰਜਾਬੀ ਕਵਿਤਾ: ਸੀਮਾਵਾਂ ਤੇ ਸੰਭਾਵਨਾਵਾਂ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੁਕਸ਼ੇਤਰ  (03/10/2019)

ਨਿਸ਼ਾਨ

 
kavita
 

ਮਨੁੱਖੀ ਜੀਵਨ ਵਿਚ ਸ਼ਾਇਰੀ ਨੂੰ ਜੀਉਣਾ ਸੱਚਮੁਚ ਹੀ ਰੱਬੀ ਰਹਿਮਤ ਦਾ ਸਬੂਤ ਹੈ। ਮਨੁੱਖੀ ਹਿਰਦੇ ਦੇ ਕੋਮਲ ਭਾਵਾਂ ਨੂੰ ਸ਼ਬਦੀਜਾਮਾ ਪਹਿਨਾਉਣਾ ਸੱਚਮੁਚ ਫੱਕਰ ਲੋਕਾਂ ਦੇ ਹਿੱਸੇ ਆਉਂਦਾ ਹੈ। ਵੈਸੇ ਤਾਂ ਸ਼ਾਇਰੀ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਪਰ ਕੋਮਲ ਹਿਰਦੇ ਦੇ ਲੋਕ ਆਪਣੇ ਮਨੋਭਾਵਾਂ ਨੂੰ ਸ਼ਬਦਾਂ ਵਿਚ ਪਿਰੋ ਕੇ ਕਵਿਤਾ ਸਿਰਜਦੇ ਹਨ। ਇਹਨਾਂ ਸ਼ਬਦਾਂ ਨਾਲ ਸਮਾਜ ਦੇ ਬਹੁਤ ਸਾਰੇ ਲੋਕ ਆਪਣੇ-ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰਦੇ ਹਨ ਕਿਉਂਕਿ ਮਨੁੱਖੀ ਸਮਾਜ ਦੀਆਂ ਸੰਵੇਦਨਾਵਾਂ ਤਾਂ ਲਗਭਗ ਇਕੋ ਜਿਹੀਆਂ ਹੀ ਹੁੰਦੀਆਂ ਹਨ। ਬੱਸ ਫ਼ਰਕ ਏਨਾ ਕੂ ਹੁੰਦਾ ਹੈ ਕਿ ਸ਼ਾਇਰ ਲੋਕ ਅਜਿਹੀਆਂ ਸੰਵੇਦਨਾਵਾਂ ਨੂੰ ਮਹਿਸੂਸ ਕਰਕੇ ਕਾਗਜ਼ ਦੀ ਹਿੱਕ ਉੱਤੇ ਉਤਾਰ ਦਿੰਦੇ ਹਨ ਅਤੇ ਆਮ ਲੋਕ ਇਸ ਅਮਾਨਤ ਤੋਂ ਸੱਖਣੇ ਰਹਿ ਜਾਂਦੇ ਹਨ।

ਖ਼ੈਰ! ਸਾਡੇ ਹੱਥਲੇ ਲੇਖ ਦਾ ਮੂਲ ਵਿਸ਼ਾ 'ਹਰਿਆਣੇ ਦੀ ਨਵੀਂ ਪੰਜਾਬੀ ਕਵਿਤਾ: ਸੀਮਾਵਾਂ ਤੇ ਸੰਭਾਵਨਾਵਾਂ' ਵਿਸ਼ੇ ਨਾਲ ਸੰਬੰਧਤ ਹੈ। ਇਸ ਕਰਕੇ ਚਰਚਾ ਦਾ ਮੂਲ ਬਿੰਦੂ ਸਿਰਫ਼ ਹਰਿਆਣੇ ਦੀ ਪੰਜਾਬੀ ਕਵਿਤਾ ਤੱਕ ਹੀ ਸੀਮਤ ਰਹੇਗਾ ਕਿਉਂਕਿ ਸਮੁੱਚੀ ਪੰਜਾਬੀ ਕਵਿਤਾ ਦਾ ਜ਼ਿਕਰ ਕਰਦਿਆਂ ਇਹ ਲੇਖ ਵਿਸ਼ਾਲ ਰੂਪ ਗ੍ਰਹਿਣ ਕਰ ਜਾਵੇਗਾ। ਇਸ ਕਰਕੇ ਸੰਖੇਪ ਰੂਪ ਵਿਚ ਹੀ ਚਰਚਾ ਨੂੰ ਅੱਗੇ ਤੋਰਿਆ ਜਾਵੇਗਾ।

ਹਰਿਆਣੇ ਦੇ ਸਥਾਪਤ ਸ਼ਾਇਰ :
ਹਰਿਆਣੇ ਦੇ ਪੰਜਾਬੀ ਸ਼ਾਇਰ ਕਿਸੇ ਪੱਖੋਂ ਵੀ ਪੰਜਾਬੀ ਕਵਿਤਾ ਦੇ ਖੇਤਰ ਵਿਚ ਮੁੱਖਧਾਰਾ ਦੇ ਸ਼ਾਇਰਾਂ ਨਾਲੋਂ ਘੱਟ ਨਹੀਂ ਹਨ। ਹਰਿਆਣੇ ਦੇ ਬਹੁਤ ਸਾਰੇ ਪੰਜਾਬੀ ਸ਼ਾਇਰਾਂ ਨੇ ਅੰਤਰਰਾਸ਼ਟਰੀ ਪੱਧਰ ਉੱਪਰ ਨਾਮ ਕਮਾਇਆ ਹੈ। ਅਜਿਹੇ ਸ਼ਾਇਰਾਂ ਨੇ ਆਪਣੇ ਕਲਾਮ ਦੁਆਰਾ ਪੰਜਾਬੀ ਮਾਂ- ਬੋਲੀ ਦੀ ਝੋਲੀ ਭਰੀ ਹੈ।

ਹਰਿਆਣੇ ਦੇ ਸਥਾਪਤ ਪੰਜਾਬੀ ਸ਼ਾਇਰਾਂ ਵਿਚੋਂ ਕਰਤਾਰ ਸਿੰਘ ਸੁਮੇਰ, ਹਿੰਮਤ ਸਿੰਘ ਸੋਢੀ, ਹਰਭਜਣ ਸਿੰਘ ਰੇਣੂ, ਹਰਭਜਨ ਸਿੰਘ ਕੋਮਲ, ਰਤਨ ਸਿੰਘ ਢਿੱਲੋਂ, ਰਮੇਸ਼ ਕੁਮਾਰ, ਪਾਲ ਕੌਰ, ਸੁਰਿੰਦਰ ਕੋਮਲ, ਸੁਦਰਸ਼ਨ ਗਾਸੋ, ਨਿਰੂਪਮਾ ਦੱਤ, ਜੀ ਡੀ ਚੌਧਰੀ, ਸਰੂਪ ਚੌਹਾਨ, ਕਾਬਲ ਵਿਰਕ, ਲੱਖ ਕਰਨਾਲਵੀ, ਹਰੀ ਸਿੰਘ ਦਿਲਬਰ, ਰਾਬਿੰਦਰ ਸਿੰਘ ਮਸਰੂਰ, ਲਖਵਿੰਦਰ ਸਿੰਘ ਬਾਜਵਾ, ਜਗਜੀਤ ਸੂਫ਼ੀ, ਕਿਦਾਰ ਨਾਥ ਕਿਦਾਰ, ਆਤਮਜੀਤ ਹੰਸਪਾਲ, ਜੀ ਡੀ ਬਖ਼ਸ਼ੀ, ਮਨਜੀਤ ਕੌਰ ਅੰਬਾਲਵੀ, ਅਰਕਮਲ ਕੌਰ, ਹਰਵਿੰਦਰ ਸਿੰਘ ਸਿਰਸਾ, ਓਮਕਾਰ ਸੂਦ ਬਹੋਨਾ, ਰਜਿੰਦਰ ਸਿੰਘ ਭੱਟੀ, ਦੀਦਾਰ ਸਿੰਘ ਕਿਰਤੀ, ਗੁਰਪ੍ਰੀਤ ਕੌਰ ਸੈਣੀ, ਨਿਰਮਲ ਸਿੰਘ, ਕੁਲਵੰਤ ਸਿੰਘ ਰਫ਼ੀਕ ਆਦਿ ਨੂੰ ਗਿਣਿਆ ਜਾ ਸਕਦਾ ਹੈ।

ਇਹਨਾਂ ਸ਼ਾਇਰਾਂ ਨੂੰ ਹਰਿਆਣੇ ਦੀ ਪੰਜਾਬੀ ਕਵਿਤਾ ਦਾ ਥੰਮ ਮੰਨਿਆ ਜਾਂਦਾ ਹੈ। ਇਹ ਅਜਿਹੇ ਸ਼ਾਇਰ ਹਨ ਜਿਹੜੇ ਇਕੱਲੇ ਹਰਿਆਣੇ ਵਿਚ ਹੀ ਮਕਬੂਲ ਨਹੀਂ ਬਲਕਿ ਸਮੁੱਚੇ ਪੰਜਾਬੀ ਸਾਹਿਤ ਜਗਤ ਆਪਣੀ ਕਾਬਲੀਅਤ ਦਾ ਲੋਹਾ ਮੰਨਵਾ ਚੁਕੇ ਹਨ। ਇਹਨਾਂ ਦੀ ਬਾਕਮਾਲ ਸ਼ਾਇਰੀ ਨੇ ਹਰਿਆਣੇ ਦੀ ਪੰਜਾਬੀ ਕਵਿਤਾ ਨੂੰ ਪੱਕੇ ਪੈਰੀਂ ਖੜਾ ਕਰ ਦਿੱਤਾ ਹੈ। ਇਹਨਾਂ ਸ਼ਾਇਰਾਂ ਦੇ ਪਾਏ ਪੂਰਣਿਆਂ ਤੇ ਚੱਲ ਕੇ ਅੱਜ ਦੀ ਪੀੜ੍ਹੀ ਨੇ ਸ਼ਾਇਰ ਵੀ ਬਾਕਮਾਲ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਰਹੇ ਹਨ।

ਹਰਿਆਣੇ ਦੀ ਪੰਜਾਬੀ ਕਵਿਤਾ ਦੇ ਨਵੇਂ ਸ਼ਾਇਰ :
ਹਰਿਆਣੇ ਅੰਦਰ ਪੰਜਾਬੀ ਸ਼ਾਇਰੀ ਦੀ ਗੱਲ ਕਰੀਏ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਅਜੋਕੀ ਪੰਜਾਬੀ ਕਵਿਤਾ ਦਾ ਭਵਿੱਖ ਮਹਿਫ਼ੂਜ ਹੱਥਾਂ ਵਿਚ ਹੈ ਕਿਉਂਕਿ ਅਜੋਕੇ ਦੌਰ ਵਿਚ ਬਹੁਤ ਸਾਰੇ ਨਵੇਂ ਸ਼ਾਇਰ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾ ਰਹੇ ਹਨ। ਇਹ ਸ਼ਾਇਰ ਜਿੱਥੇ ਲੋਕ-ਮਾਧਿਅਮ ਉੱਪਰ ਸਰਗਰਮ ਹਨ ਉੱਥੇ ਹੀ ਅਖ਼ਬਾਰਾਂ, ਰਸਾਲਿਆਂ ਅਤੇ ਪੱਤਰ- ਪੱਤਰਕਾਵਾਂ ਵਿਚ ਨਿਰਤੰਰ ਛੱਪ ਰਹੇ ਹਨ। ਨਵਿਆਂ ਵਿਚੋਂ ਕੁਝ ਕੂ ਦਾ ਸੰਖੇਪ ਜ਼ਿਕਰ ਇਸ ਪ੍ਰਕਾਰ ਹੈ।

'ਛਿੰਦਰ ਕੌਰ ਸਿਰਸਾ' ਦੀਆਂ ਹੁਣ ਤੱਕ ਦੋ ਪੁਸਤਕਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਇਕ ਕਵਿਤਾ ਦੀ ਅਤੇ ਦੂਜੀ ਸਫ਼ਰਨਾਮੇ ਦੀ। ਛਿੰਦਰ ਕੌਰ ਦੀਆਂ ਕਵਿਤਾਵਾਂ ਦਾ ਮੂਲ ਵਿਸ਼ਾ ਔਰਤ ਮਨੋਸਥਿਤੀ ਦੇ ਦੁਆਲੇ ਘੁੰਮਦਾ ਹੈ। ਉਹ ਜਿੱਥੇ ਧੀਆਂ ਦੀ ਗੱਲ ਕਰਦੀ ਹੈ ਉੱਥੇ ਆਪਸੀ ਰਿਸ਼ਤਿਆਂ ਬਾਰੇ ਵੀ ਖੁੱਲ ਕੇ ਲਿਖਦੀ ਹੈ;

'ਕੋਇਲ ਵਰਗੀ ਮਿੱਠੀ ਬੋਲੀ
ਹਿਰਨੀ ਵਰਗੀ ਅੱਖ
ਤੇ ਮੋਰਨੀ ਵਰਗੀ ਚਾਲ ਦੇ ਨਾਲ
ਅੰਲਕਾਰਦਾ ਹੈ ਮੈਨੂੰ,
ਪਰ ਕਦੀ ਮੋਰਨੀ, ਹਿਰਨੀ ਤੇ ਕੋਇਲ ਵਰਗੀ
ਆਜ਼ਾਦੀ ਤੇ ਦੇ
ਤਾਂ ਜੋ ਕਿਸੇ ਬਾਗ, ਜੰਗਲ ਜਾਂ
ਬੀਆਬਾਨ ਵਿਚ ਕੁਝ ਪਲ ਮੈਂ ਵੀ ਆਜ਼ਾਦ ਘੁੰਮ ਸਕਾਂ।'
(ਛਿੰਦਰ ਕੌਰ ਸਿਰਸਾ)

ਛਿੰਦਰ ਕੌਰ ਸਿਰਸਾ ਅੱਜਕਲ੍ਹ ਸਿਰਸਾ ਵਿਖੇ ਹੀ ਰੇਡੀਓ ਅਨਾਉਂਸਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ।

'ਹਰਜਿੰਦਰ ਲਾਡਵਾ' ਦੀਆਂ ਹੁਣ ਤੱਕ ਦੋ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ; ਇਕ ਕਵਿਤਾ ਦੀ ਅਤੇ ਦੂਜੀ ਹਾਇਕੂ ਦੀ। ਹਰਜਿੰਦਰ ਦੀ ਖੂਬੀ ਇਹ ਹੈ ਕਿ ਉਹ ਅਕਸਰ ਹੀ ਚਰਚਾਵਾਂ ਤੋਂ ਦੂਰ ਰਹਿੰਦਾ ਹੈ। ਉਸਦੀਆਂ ਕਵਿਤਾਵਾਂ ਉਸਦੀ ਉਮਰ ਨਾਲੋਂ ਕਿਤੇ ਵੱਧ ਸਿਆਣਪ ਨਾਲ ਭਰਪੂਰ ਹੁੰਦੀਆਂ ਹਨ;

'ਕਰੁੰਬਲ ਫੁੱਟੇਗੀ, ਚਿੜੀ ਉੱਡੇਗੀ
ਹਵਾ ਨੱਚੇਗੀ, ਵੇਲ ਵਧੇਗੀ
ਨਦੀ ਵਗੇਗੀ, ਧੁੱਪ ਖਿੜੇਗੀ।
ਬੰਦਾ, ਕਦ ਕਦ, ਕੀ- ਕੀ ਕਰੇਗਾ?
ਕੁਝ ਪਤਾ ਨਹੀਂ।'
   (ਹਰਜਿੰਦਰ ਲਾਡਵਾ)

ਹਰਜਿੰਦਰ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਗੁੜ੍ਹੇ ਅਰਥ ਲੱਭਦੇ ਹਨ। ਉਹ ਆਪਣੀ ਗੱਲ ਨੂੰ ਨਿਵੇਕਲੇ ਢੰਗ ਨਾਲ ਕਹਿਣ ਵਿਚ ਮਾਹਿਰ ਸ਼ਾਇਰ ਹੈ। ਇਹੀ ਉਸਦੀ ਪ੍ਰਾਪਤੀ ਹੈ। ਅੱਜਕਲ੍ਹ ਬਠਿੰਡੇ ਪੰਜਾਬੀ ਦਾ ਪ੍ਰੋਫ਼ੈਸਰ ਹੈ।

'ਦੇਵਿੰਦਰ ਬੀਬੀਪੁਰੀਆ' ਦੀਆਂ ਹੁਣ ਤੱਕ ਪੰਜ ਪੁਸਤਕਾਂ ਛੱਪ ਚੁਕੀਆਂ ਹਨ ਜਿਹਨਾਂ ਵਿਚੋਂ ਦੋ ਨੂੰ "ਹਰਿਆਣਾ ਪੰਜਾਬੀ ਸਾਹਿਤ ਅਕਾਦਮੀ" ਦਾ ਸਟੇਟ ਅਵਾਰਡ ਵੀ ਮਿਲ ਚੁਕਿਆ ਹੈ। ਉਸਨੇ ਆਪਣੀਆਂ ਬਹੁਤੀਆਂ ਕਵਿਤਾਵਾਂ ਵਿਚ ਸਮਾਜਿਕ ਰਿਸ਼ਤਿਆਂ ਅਤੇ ਮਨੁੱਖੀ ਮਨ ਦੇ ਸੂਖਮ ਭਾਵਾਂ ਨੂੰ ਛੁਹਿਆ ਹੈ/ ਬਿਆਨਿਆ ਹੈ;

'ਸਿਗਰਟ ਜਦੋਂ ਵੀ
ਜਲਦੀ ਹੈ, ਸੁਲਗਦੀ ਹੈ, ਲਾਲ ਹੁੰਦੀ ਹੈ ਤਾਂ
ਲੋੜ ਹੁੰਦੀ ਹੈ ਉਸਨੂੰ ਬੁਝਣ ਲਈ
ਇਕ ਐਸ਼- ਟ੍ਰੇਅ ਦੀ।
ਖ਼ੌਰੇ ਕਿਉਂ ਮੈਨੂੰ ਏਥੇ ਹਰ ਆਦਮੀ
ਸਿਗਰਟ ਦਿਸਦਾ ਹੈ
ਤੇ ਉਸਨੂੰ ਹਰ ਔਰਤ
ਐਸ਼- ਟ੍ਰੇਅ।'
(ਦੇਵਿੰਦਰ ਬੀਬੀਪੁਰੀਆ)

ਦੇਵਿੰਦਰ ਬੀਬੀਪੁਰੀਆ ਅੱਜਕਲ੍ਹ ਕਰਨਾਲ ਵਿਖੇ ਪੰਜਾਬੀ ਦਾ ਪ੍ਰੋਫ਼ੈਸਰ ਹੈ।

'ਗੁਰਪ੍ਰੀਤ ਕੌਰ' ਦੀ ਹੁਣ ਤੱਕ ਇਕ ਕਿਤਾਬ ਪ੍ਰਕਾਸ਼ਿਤ ਹੋਈ ਹੈ। ਉਹ ਲੋਕ-ਮਾਧਿਅਮ ਉੱਪਰ ਬਹੁਤ ਸਰਗਰਮ ਰਹਿੰਦੀ ਹੈ। ਖੁੱਲੀ ਕਵਿਤਾ ਲਿਖਦੀ ਹੈ ਅਤੇ ਨਾਰੀਵਾਦੀ ਵਿਸ਼ੇ ਉੱਪਰ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਨੂੰ ਕੇਂਦਰਿਤ ਰੱਖਦੀ ਹੈ;

'ਮੈਨੂੰ ਨਾ ਆਖੋ
ਔਰਤ ਦਿਵਸ ਮੁਬਾਰਕ
ਮੇਰੇ ਲਈ ਇੱਕ ਦਿਨ ਨਹੀਂ
ਹਰ ਰੋਜ਼ ਈ ਹੁੰਦਾ
ਔਰਤ ਦਿਵਸ।'
(ਗੁਰਪ੍ਰੀਤ ਕੌਰ)

ਗੁਰਪ੍ਰੀਤ ਕੌਰ ਨਵੀਂ ਉਮਰ ਦੀ ਕੁੜੀ ਹੈ ਇਸ ਕਰਕੇ ਅਜੇ ਬਹੁਤ ਕੁਝ ਸਿਖਣਾ ਬਾਕੀ ਹੈ। ਅੱਜਕਲ੍ਹ ਸਰਕਾਰੀ ਸਕੂਲ ਵਿਚ ਪੰਜਾਬੀ ਦੀ ਲੈਕਚਰਾਰ ਹੈ।

'ਵੇਦਪਾਲ ਭਾਟੀਆ' ਦੀਆਂ ਹੁਣ ਤੱਕ ਤਿੰਨ ਕਾਵਿ- ਪੁਸਤਕਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ ਅਤੇ ਤਿੰਨੇ ਹੀ ਖੁੱਲੀ ਕਵਿਤਾ ਦੀਆਂ ਹਨ। ਵੇਦਪਾਲ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਸਮਾਜਿਕ ਜੀਵਨ ਨਾਲ ਸੰਬੰਧਤ ਹੁੰਦਾ ਹੈ। ਉਹ ਆਪਣੀਆਂ ਕਵਿਤਾਵਾਂ ਵਿਚ ਦਲਿਤ ਵਰਗ ਦੀਆਂ ਸਮੱਸਿਆਵਾਂ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦਾ ਹੈ;

'ਅੱਜ ਸਵਾਲ ਚੁੱਕਿਆ ਗਿਆ ਹੈ
ਸ਼ੀਸ਼ਿਆਂ ਨੂੰ ਪੱਥਰਾਂ ਤੋਂ ਬਚਾਓ
ਇਸ ਲਈ
ਹਰ ਆਦਮੀ ਨੂੰ
ਪੱਥਰ ਬਣਨ ਦੀ ਲੋੜ ਹੈ।'
(ਵੇਦਪਾਲ ਭਾਟੀਆ)
ਵੇਦਪਾਲ ਦੀਆਂ ਬਹੁਤੀਆਂ ਕਵਿਤਾਵਾਂ ਸਮਾਜਿਕ ਅਨਿਆਂ ਦੇ ਖ਼ਿਲਾਫ ਵਿਦਰੋਹ ਦੇ ਵਿਸ਼ੇ ਨਾਲ ਸੰਬੰਧਤ ਹੁੰਦੀਆਂ ਹਨ। ਉਹ ਆਪਣੀਆਂ ਰਚਨਾਵਾਂ ਵਿਚ ਨਵੀਂਆਂ ਉਮੀਦਾਂ ਦੀ ਗੱਲ ਕਰਦਾ ਹੈ/ ਸਾਰਥਕਤਾ ਦੀ ਗੱਲ ਕਰਦਾ ਹੈ।

'ਮਲੂਕ ਸਿੰਘ ਵਿਰਕ' ਦਾ ਇਕੋ ਹੀ ਕਾਵਿ- ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ। ਪਰ ਇਸ ਕਾਵਿ- ਸੰਗ੍ਰਹਿ ਨਾਲ ਹੀ ਉਹ ਪੰਜਾਬੀ ਪਿਆਰਿਆਂ ਦਾ ਦਿਲ ਜਿੱਤਣ ਵਿਚ ਕਾਮਯਾਬ ਹੋ ਗਿਆ ਹੈ। ਮਲੂਕ ਵਿਰਕ ਉਂਝ ਤਾਂ ਪੰਜਾਹ ਕੂ ਸਾਲ ਦਾ ਕਬੀਲਦਾਰ ਬੰਦਾ ਹੈ ਪਰ ਕਵਿਤਾ ਦੇ ਖੇਤਰ ਵਿਚ ਅਜੇ ਨਵੀਂ ਪੁਲਾਂਘ ਪੁੱਟ ਰਿਹਾ ਹੈ। ਉਸਦੀ ਸ਼ਾਇਰੀ ਵਿਚ ਸਮਾਜਿਕ ਕਦਰਾਂ- ਕੀਮਤਾਂ ਦੀ ਸ਼ਾਮੂਲੀਅਤ ਹੁੰਦੀ ਹੈ। ਉਹ ਰਿਸ਼ਤਿਆਂ ਦੇ ਮਹੱਤਵ ਨੂੰ ਬਹੁਤ ਬਾਰੀਕੀ ਨਾਲ ਪੇਸ਼ ਕਰਦਾ ਹੈ;

'ਤੇਰੀ ਮੰਮੀ ਵਰਗੀ ਬੇਟਾ
ਮੇਰੀ ਵੀ ਇਕ ਮਾਂ ਹੁੰਦੀ ਸੀ।'
(ਮਲੂਕ ਸਿੰਘ ਵਿਰਕ)
ਪੇਂਡੂ ਜੱਟ ਜ਼ਿੰਮੀਦਾਰ ਬੰਦਾ ਜੇਕਰ ਸ਼ਾਇਰੀ ਲਿਖਦਾ ਹੈ/ ਪੜ੍ਹਦਾ ਹੈ ਤਾਂ ਸਾਡੇ ਲਈ ਇਹੀ ਬਹੁਤ ਵੱਡੀ ਪ੍ਰਾਪਤੀ ਹੈ।

'ਨਿਸ਼ਾਨ ਸਿੰਘ ਰਾਠੌਰ' ਦੀਆਂ ਹੁਣ ਤੱਕ ਚਾਰ ਕਿਤਾਬਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਇਕ ਕਹਾਣੀ- ਸੰਗ੍ਰਹਿ ਵੀ ਛੱਪਿਆ ਹੈ। ਪਿਛਲੇ ਵਰ੍ਹੇ 2018 ਵਿਚ 'ਮੈਂ ਖੁਦਕੁਸ਼ੀ ਨਹੀਂ ਕੀਤੀ' ਖੁੱਲੀ ਕਵਿਤਾ ਦੀ ਕਿਤਾਬ ਵੀ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁਕਿਆ ਹੈ। ਨਿਸ਼ਾਨ ਸਿੰਘ ਰਾਠੌਰ ਦੀਆਂ ਕਵਿਤਾਵਾਂ ਦਾ ਮੂਲ ਵਿਸ਼ਾ ਫ਼ੌਜੀ ਜੀਵਨ ਨਾਲ ਸੰਬੰਧਤ ਹੁੰਦਾ ਹੈ ਕਿਉਂਕਿ ਉਹ ਖੁਦ ਫ਼ੌਜੀ ਅਫ਼ਸਰ ਹੈ;

'ਸੱਚ ਆਖਦਾ ਹਾਂ ਦੋਸਤੋ
ਫ਼ੌਜੀ ਭਾਵੇਂ ਹਿੰਦੋਸਤਾਨ ਦਾ ਮਰੇ
ਤੇ ਭਾਵੇਂ ਪਾਕਿਸਤਾਨ ਦਾ
ਮਰਦਾ ਤਾਂ
ਕਿਸੇ ਮਾਂ ਦਾ ਪੁੱਤ ਹੈ।'
(ਨਿਸ਼ਾਨ ਸਿੰਘ ਰਾਠੌਰ)

ਨਿਸ਼ਾਨ ਸਿੰਘ ਰਾਠੌਰ ਫ਼ੌਜ ਵਿਚ ਨੌਕਰੀ ਕਰਦਿਆਂ ਵੀ ਪੰਜਾਬੀ ਜ਼ੁਬਾਨ ਪ੍ਰਤੀ ਬਹੁਤ ਫ਼ਿਰਕਮੰਦ ਰਹਿੰਦਾ ਹੈ। ਅਖ਼ਬਾਰਾਂ, ਰਸਾਲਿਆਂ ਵਿਚ ਨਿਰੰਤਰ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਸੋਸ਼ਲ- ਮੀਡੀਆ ਤੇ ਬਹੁਤ ਸਰਗਰਮ ਰਹਿੰਦਾ ਹੈ। ਉਸਦਾ ਪੱਕਾ ਟਿਕਾਣਾ ਕੁਰੂਕਸ਼ੇਤਰ ਹੈ।

'ਕਰਮਜੀਤ ਦਿਉਣ ਐਲਨਾਬਾਦ' ਮੂਲ ਰੂਪ ਵਿਚ ਰੇਡੀਓ ਹੋਸਟ ਹੈ। ਪਰ ਇਸ ਦੇ ਨਾਲ- ਨਾਲ ਉਸਨੇ ਦੋ ਪੁਸਤਕਾਂ ਵੀ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਇਕ ਗੀਤ- ਸੰਗ੍ਰਹਿ ਅਤੇ ਦੂਜਾ ਕਾਵਿ- ਸੰਗ੍ਰਹਿ। ਕਰਮਜੀਤ ਦਿਉਣ ਸੰਵੇਦਨਾ ਭਰਪੂਰ ਸ਼ਾਇਰੀ ਲਿਖਦੀ ਹੈ;

'ਪਿਆਰ ਮੁਹੱਬਤ ਦਾ ਅੱਖਰ ਜਦ ਮੇਰੀ ਕਾਨੀ ਪਾਉਂਦੀ ਹੈ।
ਬਾਬੁਲ ਦੀ ਸ਼ਮਲੇ ਵਾਲੀ ਪੱਗ ਖ਼ਾਬਾਂ ਵਿਚ ਲਹਿਰਾਉਂਦੀ ਹੈ।'
(ਕਰਮਜੀਤ ਦਿਉਣ)
ਕਰਮਜੀਤ ਦਿਉਣ ਐਲਨਾਬਾਦ ਅੱਜਕਲ੍ਹ ਸਿਰਸੇ 'ਚ ਇਕ ਸਕੂਲ ਵਿਖੇ ਪੰਜਾਬੀ ਅਧਿਆਪਕਾਂ ਦਾ ਫ਼ਰਜ ਵੀ ਨਿਭਾ ਰਹੀ ਹੈ।

ਪੁਸਤਕ ਸੱਭਿਆਚਾਰ ਤੋਂ ਦੂਰ ਸ਼ਾਇਰ :
ਸਾਡੇ ਲੇਖ ਦੇ ਇਸ ਹਿੱਸੇ ਵਿਚ ਉਹਨਾਂ ਸ਼ਾਇਰਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜਿਹੜੇ ਅੱਜਕਲ੍ਹ ਕਵਿਤਾ ਤਾਂ ਸਿਰਜ ਰਹੇ ਹਨ ਪਰ ਉਹਨਾਂ ਦੀ ਅਜੇ ਤੱਕ ਕੋਈ ਪੁਸਤਕ ਪੰਜਾਬੀ ਪਿਆਰਿਆਂ ਦੇ ਹੱਥਾਂ ਤੱਕ ਨਹੀਂ ਪਹੁੰਚੀ ਭਾਵ ਉਹ ਅਜੇ ਤੱਕ ਪੁਸਤਕ ਸੱਭਿਆਚਾਰ ਤੋਂ ਦੂਰ ਹਨ।
  
'ਗੁਰਚਰਨ ਸਿੰਘ ਜੋਗੀ' ਦੀ ਭਾਵੇਂ ਕੋਈ ਪੁਸਤਕ ਅਜੇ ਤੱਕ ਨਹੀਂ ਛੱਪੀ ਪਰ ਉਸਨੂੰ ਗ਼ਜ਼ਲ ਦੀ ਨਿੱਕੀ ਬਹਿਰ ਦਾ ਵੱਡਾ ਸ਼ਾਇਰ ਕਿਹਾ ਜਾਂਦਾ ਹੈ। ਹਰਿਆਣੇ ਅੰਦਰ ਅਜੋਕੇ ਸਮੇਂ ਗੁਰਚਰਨ ਸਿੰਘ ਜੋਗੀ ਤੋਂ ਵਧੀਆ ਗ਼ਜ਼ਲ ਸ਼ਾਇਦ ਹੀ ਕੋਈ ਸਿਰਜ ਰਿਹਾ ਹੋਵੇ;

'ਮਹਿਫ਼ਿਲ ਵਿਚ ਜੋ ਰੌਸ਼ਨ ਗੱਲਾਂ ਕਰਦਾ ਹੈ
ਨ੍ਹੇਰੇ ਦੀ ਉਹ ਰੋਜ਼ ਹਾਜ਼ਰੀ ਭਰਦਾ ਹੈ।'
(ਗੁਰਚਰਨ ਸਿੰਘ ਜੋਗੀ)
ਗੁਰਚਰਨ ਸਿੰਘ ਜੋਗੀ ਸੋਸ਼ਲ- ਮੀਡੀਆ ਉੱਪਰ ਬਹੁਤ ਸਰਗਰਮ ਰਹਿੰਦਾ ਹੈ। ਖ਼ਬਰੇ! ਕੋਈ ਦਿਨ ਅਜਿਹਾ ਲੰਘੇ ਜਦੋਂ ਜੋਗੀ ਦੀ ਕੋਈ ਰਚਨਾ ਪੜ੍ਹਨ ਨੂੰ ਨਾ ਮਿਲੇ। ਅੱਜਕਲ੍ਹ ਸਰਕਾਰੀ ਸਕੂਲ ਵਿਚ ਅਧਿਆਪਕ ਦਾ ਫ਼ਰਜ਼ ਨਿਭਾ ਰਹੇ ਹਨ।

'ਤਿਲਕ ਰਾਜ' ਘੱਟ ਬੋਲਣ ਅਤੇ ਘੱਟ ਲਿਖਣ ਵਾਲਾ ਸ਼ਾਇਰ ਹੈ। ਉਂਝ ਭਾਵੇਂ ਉਹ ਘੱਟ ਲਿਖਦਾ ਹੈ ਪਰ ਲਿਖਦਾ ਕਮਾਲ ਹੈ। ਉਸਦੀਆਂ ਕਵਿਤਾਵਾਂ ਉੱਪਰ ਰਮੇਸ਼ ਕੁਮਾਰ ਅਤੇ ਪਾਲ ਕੌਰ ਦਾ ਪ੍ਰਭਾਵ ਸਾਫ਼ ਝਲਕਦਾ ਹੈ। ਤਿਲਕਰਾਜ ਵੀ ਅਜੇ ਤੱਕ ਪੁਸਤਕ ਸੱਭਿਆਚਾਰ ਤੋਂ ਦੂਰ ਹੈ। ਉਸਦੀਆਂ ਬਹੁਤੀਆਂ ਕਵਿਤਾਵਾਂ ਜਾਤੀ ਵਿਖਰੇਂਵਿਆਂ ਅਤੇ ਫਿਰਕਾਪ੍ਰਸਤੀ ਵਾਲੀ ਸੋਚ ਦਾ ਖੰਡਨ ਕਰਦੀਆਂ ਹਨ/ ਵਿਰੋਧ ਕਰਦੀਆਂ ਹਨ;

'ਧਰਤੀ ਦੀ ਹਿੱਕ ਤੇ
ਕਿਣਮਿਣ ਕਿਣਮਿਣ ਬਰਸਦੀਆਂ
ਕਣੀਆਂ ਬੂੰਦਾਂ ਨੂੰ
ਇਹ ਕਦੋਂ ਪਤਾ ਹੁੰਦਾ
ਕਿ ਉਹਨਾਂ ਮਸਜਿਦ ਦਾ ਗੁਬੰਦ ਧੋਤਾ
ਜਾਂ ਮੰਦਿਰ ਕਿਸੇ ਦੀ ਮਿੱਟੀ ਨੂੰ ਨਮਨ ਕੀਤਾ ਹੈ।'
(ਤਿਲਕ ਰਾਜ)
ਤਿਲਕ ਰਾਜ ਦੀ ਕਵਿਤਾਵਾਂ ਦੀ ਪੁਸਤਕ ਬਹੁਤ ਜਲਦ ਪੰਜਾਬੀ ਪਾਠਕਾਂ ਦੇ ਹੱਥਾਂ ਵਿਚ ਹੋਵੇਗੀ। ਉਂਝ ਅੱਜਕਲ੍ਹ ਉਹ ਯਮੁਨਾਨਗਰ ਵਿਚ ਪੰਜਾਬੀ ਦਾ ਪ੍ਰੋਫ਼ੈਸਰ ਹੈ।

ਇਹਨਾਂ ਸ਼ਾਇਰਾਂ ਤੋਂ ਇਲਾਵਾ ਦਰਸ਼ਨ ਸਿੰਘ ਦਰਸ਼ੀ, ਬਿੱਟੂ ਸ਼ਾਹਪੁਰੀ, ਮੀਤ ਬਾਜਵਾ, ਅਵੀ ਸੰਧੂ, ਗੁਰਸ਼ਰਨ ਪਰਵਾਨਾ, ਪ੍ਰਵੀਨ ਸ਼ਰਮਾ, ਵਿਸ਼ਨੂੰ ਵੋਹਰਾ, ਗੁਰਦੇਵ ਦਾਮਲੀ, ਲਵ ਕੁਮਾਰ, ਰਾਜਿੰਦਰ ਰੈਣਾ, ਸਾਨੀਆਪ੍ਰੀਤ, ਤਾਜ ਤੂਰ ਅਤੇ ਗੁਰਮੀਤ ਔਲਖ਼ ਆਦਿਕ ਸ਼ਾਇਰ ਵੀ ਆਪਣੀਆਂ ਰਚਨਾਵਾਂ ਨਾਲ ਪੰਜਾਬੀ ਸਾਹਿਤ ਜਗਤ ਦੇ ਵਿਹੜੇ ਵਿਚ ਆਪਣੀ ਹਾਜ਼ਰੀ ਲਗਵਾਉਂਦੇ ਰਹਿੰਦੇ ਹਨ।

ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਹਰਿਆਣੇ ਦੀ ਨਵੀਂ ਪੰਜਾਬੀ ਕਵਿਤਾ ਦਾ ਭੱਵਿਖ ਬਹੁਤ ਸਾਰੇ ਨਵੇਂ ਸ਼ਾਇਰਾਂ ਦੇ ਹੱਥਾਂ ਵਿਚ ਮਹਿਫ਼ੂਜ ਹੈ। ਨਵੇਂ ਸ਼ਾਇਰ ਜਿੱਥੇ ਗੁਣਾਤਮਕ ਪੱਖੋਂ ਵਧੀਆ ਕਾਰਗੁਜਾਰੀ ਵਿਖਾ ਰਹੇ ਹਨ ਉੱਥੇ ਗਿਣਾਤਮਕ ਪੱਖੋਂ ਵੀ ਘੱਟ ਨਹੀਂ ਹਨ। ਇਹ ਹਰਿਆਣੇ ਦੀ ਪੰਜਾਬੀ ਕਵਿਤਾ ਲਈ ਸ਼ੁਭ ਸ਼ਗਨ ਹੈ। ਆਮੀਨ

# 1054/1, ਵਾ. ਨੰ. 15- ਏ, ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ : 75892- 33437, 90414- 98009.

 
 
  kavitaਹਰਿਆਣੇ ਦੀ ਨਵੀਂ ਪੰਜਾਬੀ ਕਵਿਤਾ: ਸੀਮਾਵਾਂ ਤੇ ਸੰਭਾਵਨਾਵਾਂ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੁਕਸ਼ੇਤਰ 
bhashaਹਿੰਦੂ, ਹਿੰਦੀ ਅਤੇ ਹਿੰਦੋਸਤਾਨ ਦਾ ਨਾਅਰਾ: ਰਾਜਾਂ ਦੀਆਂ ਮਾਤ ਭਾਸ਼ਾਵਾਂ ਲਈ ਖ਼ਤਰਨਾਕ
ਉਜਾਗਰ ਸਿੰਘ, ਪਟਿਆਲਾ
nanakਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ
ਕੁਲਵਿੰਦਰ ਕੌਰ ਮਹਿਕ 
punjabpani1ਪੰਜਾਬ ਦੇ ਪਾਣੀਆਂ ਤੇ ਡਾਕਾ: ਸਤਲੁਜ ਜਮਨਾ ਨਹਿਰ ਬਨਾਮ; ਸ਼ਾਰਦਾ ਜਮਨਾ ਨਹਿਰ
ਉਜਾਗਰ ਸਿੰਘ, ਪਟਿਆਲਾ  
punjabiਸ਼ੁਹਰਤ ਦੀ ਦੌੜ 'ਚ ਵਿਚਾਰੀ ਪੰਜਾਬੀ
ਅਮਨਦੀਪ ਸਿੰਘ, ਟੈਰੇਸ, ਕਨੇਡਾ  
samaਸਮੇਂ ਦੀ ਚੁਣੌਤੀ
ਸ਼ਿੰਦਰ ਪਾਲ ਸਿੰਘ 
nanakਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ. ਹਰਸ਼ਿੰਦਰ ਕੌਰ, ਐਮ. ਡੀ.,  ਪਟਿਆਲਾ
bainsਸਿਮਰਜੀਤ ਸਿੰਘ ਬੈਂਸ ਵਿਰੁੱਧ ਕੇਸ ਦਰਜ ਕਰਨ ਨਾਲ ਪਟਾਕਾ ਫੈਕਟਰੀ ਦੀ ਪੜਤਾਲ ਲਟਕ ਗਈ
ਉਜਾਗਰ ਸਿੰਘ, ਪਟਿਆਲਾ
turnaਤੁਰਦਿਆਂ ਦੇ ਨਾਲ ਤੁਰਦੇ . . .
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
gurmatਗੁਰਮਤਿ ਵਿਚਾਰਧਾਰਾ ਵਿਚ ਗੁਰੂ ਦਾ ਸਥਾਨ: ਸੰਖੇਪ ਚਰਚਾ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
3talaqਮੁਸਿਲਮ ਔਰਤਾਂ ਤੇ ਤਿੰਨ ਤਲਾਕ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ 
khedਰਾਸ਼ਟਰੀ ਖੇਡ ਦਿਵਸ – 29 ਅਗਸਤ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
kangrasਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ
ਉਜਾਗਰ ਸਿੰਘ, ਪਟਿਆਲਾ  
wapssiਵਾਪਸੀ ਕੁੰਜੀ ਦਾ ਭੇਤ
ਰਵੇਲ ਸਿੰਘ ਇਟਲੀ

kangrasਗਾਂਧੀ ਪਰਿਵਾਰ ਤੋਂ ਬਿਨਾ ਕਾਂਗਰਸ ਨੂੰ ਕੋਈ ਬਾਲੀਵਾਰਸ ਨਹੀਂ ਲੱਭਦਾ
ਉਜਾਗਰ ਸਿੰਘ, ਪਟਿਆਲਾ  

sidhuਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ: ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ
ਉਜਾਗਰ ਸਿੰਘ, ਪਟਿਆਲਾ 
punjabiਪੰਜਾਬੀ ਸਹਿਤ ਅਤੇ ਸਭਿਅਤਾ ਬਾਰੇ ਵਿਚਾਰਾਂ ਦੀ ਸਾਂਝ
 ਸੁਰਿੰਦਰ ਕੌਰ ਜਗਪਾਲ ਜੇ.ਪੀ., ਯੂ ਕੇ 
kharbujaਵਾਹ ਓ ਖਰਬੂਜਿਆ ਤੇਰੇ ਰੰਗ ਵੀ ਨਵੇਕਲੇ
ਰਵੇਲ ਸਿੰਘ, ਇਟਲੀ 
akaliਪੰਜਾਬ ਵਿਚ ਅਕਾਲੀ ਦਲ ਦਾ ਨਿਘਾਰ ਭਾਜਪਾ ਦਾ ਉਭਾਰ
ਉਜਾਗਰ ਸਿੰਘ, ਪਟਿਆਲਾ 
roko"ਰੋਕੋ ਕੈਂਸਰ" ਇੱਕ ਦਿਲਚਸਪ ਖਾਸ ਮੁਲਾਕਾਤ
ਸੁਰਿੰਦਰ ਕੋਰ ਜਗਪਾਲ ਜੇ ਪੀ, ਯੂ ਕੇ 
dilliਦਿੱਲੀ ਦੀ ਘਟਨਾ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਸਿੱਖ ਜਗਤ ਨੂੰ ਪਹਿਲਾ ਤੋਹਫ਼ਾ
ਉਜਾਗਰ ਸਿੰਘ, ਪਟਿਆਲਾ 
yogaਮੇਰੇ ਖਿਆਲ ਵਿੱਚ ਯੋਗਾ
ਗੁਰਪ੍ਰੀਤ ਕੌਰ ਗੈਦੂ , ਯੂਨਾਨ 
fatehweerਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ
ਉਜਾਗਰ ਸਿੰਘ, ਪਟਿਆਲਾ  
navjotਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ
ਉਜਾਗਰ ਸਿੰਘ, ਪਟਿਆਲਾ  
choneਲੋਕ ਸਭਾ ਚੋਣਾਂ ਵਿਚ ਪੰਥ ਹਾਰ ਗਿਆ ਬਾਦਲ ਪਰਿਵਾਰ ਜਿੱਤ ਗਿਆ
ਉਜਾਗਰ ਸਿੰਘ, ਪਟਿਆਲਾ
syasatਸਾਰਥਕਤਾਂ ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
sikhyaਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
dhindsaਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ: ਬਾਦਲ ਪਰਿਵਾਰ ਲਈ ਨਮੋਸ਼ੀ
ਉਜਾਗਰ ਸਿੰਘ, ਪਟਿਆਲਾ
parvasਪਰਵਾਸ: ਸ਼ੌਂਕ ਜਾਂ ਮਜ਼ਬੂਰੀ
ਡਾ. ਨਿਸ਼ਾਨ ਸਿੰਘ ਰਾਠੌਰ  
sikhਸਿੱਖਾਂ ਦੀ ਪਾਰਲੀਮੈਂਟ ਵਿਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?
ਉਜਾਗਰ ਸਿੰਘ, ਪਟਿਆਲਾ  
lohriਸਰਦ ਰੁੱਤ ਦਾ ਤਿਉਹਾਰ ਲੋਹੜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
2018ਸਾਲ 2018 ਦੀ ਮੁਖ ਧਾਰਮਿਕ ਘਟਣਾ ਕਰਤਾਰਪੁਰ ਸਾਹਿਬ ਲਾਂਘਾ
ਹਰਬੀਰ ਸਿੰਘ ਭੰਵਰ, ਲੁਧਿਆਣਾ  
pohਸ਼ਹੀਦੀਆਂ ਦਾ ਮਹੀਨਾ : ਪੋਹ
ਡਾ. ਨਿਸ਼ਾਨ ਸਿੰਘ ਰਾਠੌਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2019, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com