|
|
ਕਿਸੇ ਵੀ ਮੁਲਕ ਜਾਂ ਸੂਬੇ ਦੀ ਸਿਆਸਤ ਦਾ ਮੂਲ ਉਦੇਸ਼ ਉੱਥੋਂ ਦੇ ਬਸ਼ਿੰਦਿਆਂ ਦੀ
ਜਾਨ- ਮਾਲ ਦੀ ਹਿਫ਼ਾਜਤ ਕਰਨਾ ਹੁੰਦਾ ਹੈ। ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣਾ
ਹੁੰਦਾ ਹੈ ਅਤੇ ਬਰਾਬਰਤਾ ਨੂੰ ਮੱਦੇਨਜ਼ਰ ਰੱਖਦਿਆਂ ਸਾਰਥਕ ਉੱਪਰਾਲੇ ਕਰਨਾ ਹੁੰਦਾ
ਹੈ। ਇਸ ਤੋਂ ਇਲਾਵਾ ਸਿੱਖਿਆ, ਸਿਹਤ, ਰੁਜ਼ਗਾਰ ਦੇ ਵੱਧ ਮੌਕੇ ਪੈਦਾ ਕਰਨਾ ਹੁੰਦਾ
ਹੈ ਤਾਂ ਕਿ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।
ਪਰ
ਅਫ਼ਸੋਸ, ਪੰਜਾਬ ਦੀ ਮੋਜੂਦਾ ਸਿਆਸਤ ਵਿਚ ਇਹ ਸਭ ਕੁਝ ਦੇਖਣ ਨੂੰ ਨਹੀਂ ਮਿਲ ਰਿਹਾ।
ਪੰਜਾਬ ਦੀ ਸਿਆਸਤ ਸਿਰਫ਼ ਵਿਅਕਤੀਗਤ ਦੁਸ਼ਣਬਾਜੀ ਤੱਕ ਸੀਮਤ ਹੋ ਕੇ ਰਹਿ ਗਈ ਹੈ।
ਇੱਕ- ਦੂਜੇ ਉੱਪਰ ਵਿਅਕਤੀਗਤ ਹਮਲੇ ਕੀਤੇ ਜਾ ਰਹੇ ਹਨ/ ਨਿੱਜੀ ਜ਼ਿੰਦਗੀ ਦੇ ਪਰਕੇ
ਫਰੋਲੇ ਜਾ ਰਹੇ ਹਨ/ ਜਿਨ੍ਹਾਂ ਤੋਂ ਸੂਬੇ ਦੀ ਜਨਤਾ ਨੂੰ ਕੋਈ ਆਰਥਿਕ ਲਾਭ ਨਹੀਂ
ਹੈ/ ਕੋਈ ਸਮਾਜਿਕ ਲਾਭ ਨਹੀਂ। ਇਹ ਤਾਂ ਸਿਰਫ਼ ਲੋਕਾਂ ਦੇ ਧਿਆਨ ਨੂੰ ਭਟਕਾਉਣ ਦਾ
ਢੰਗ ਹੈ ਤਾਂ ਕਿ ਅਸਲ ਮੁੱਦਿਆਂ ਵੱਲ ਆਮ ਲੋਕਾਂ ਦਾ ਧਿਆਨ ਹੀ ਨਾ ਜਾਵੇ ਅਤੇ ਲੋਕ
ਇਹਨਾਂ ਮੁੱਦਿਆਂ ਨੂੰ ਦਿਲਚਸਪੀ ਨਾਲ ਸੁਣਦੇ ਰਹਿਣ/ ਦੇਖਦੇ ਰਹਿਣ ਅਤੇ ਪੜ੍ਹਦੇ
ਰਹਿਣ। ਇਹ ਬਹੁਤ ਮੰਦਭਾਗਾ ਰੁਝਾਨ ਹੈ।
ਇਸ ਤੋਂ ਬਚਣ ਦੀ ਲੋੜ ਹੈ।
ਪੰਜਾਬ ਇਸ ਵਕਤ ਬਹੁਤ ਸਾਰੀਆਂ ਔਕੜਾਂ/ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ
ਹੈ। ਇਹਨਾਂ ਮੁਸੀਬਤਾਂ/ ਸਮੱਸਿਆਵਾਂ ਵੱਲ ਕਿਸੇ ਵੀ ਪੱਧਰ ਉੱਪਰ ਗੰਭੀਰਤਾ ਨਾਲ
ਯਤਨ ਹੁੰਦੇ ਦਿਖਾਈ ਨਹੀਂ ਦਿੰਦੇ ਪਰ, ਮੰਦੀ ਸ਼ਬਦਾਵਲੀ ਹਰ ਦਿਨ ਦੇਖਣ/ ਸੁਣਨ ਅਤੇ
ਪੜ੍ਹਨ ਨੂੰ ਜ਼ਰੂਰ ਮਿਲ ਜਾਂਦੀ ਹੈ। ਹੈਰਾਨੀ ਅਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ
ਡਾਗਾਂ/ਸੋਟੀਆਂ/ਗਾਲ੍ਹਾਂ ਦੀਆਂ ਬੁਛਾੜਾਂ ਉਹ ਲੋਕ ਕਰਦੇ ਪਏ ਹਨ ਜਿਨ੍ਹਾਂ ਨੇ
ਸੂਬੇ ਦੇ ਅਮਨ- ਅਮਾਨ ਨੂੰ ਦਰੁੱਸਤ ਰੱਖ਼ਣ ਖ਼ਾਤਰ ਕਾਨੂੰਨ ਬਣਾਉਣੇ ਹਨ। ਜਿਹੜੇ ਲੋਕ
ਸਾਡੇ ਰੋਲ ਮਾਡਲ ਹੋਣ ਦਾ ਸਵਾਂਗ ਰਚਦੇ ਹਨ/ ਪਾਖੰਡ ਕਰਦੇ ਹਨ। ਸੋਚਣ ਵਾਲੀ ਗੱਲ
ਹੈ ਕਿ ਅਜਿਹੇ ਲੋਕਾਂ ਤੋਂ ਕਿਹੋ ਜਿਹੇ ਕਾਨੂੰਨਾਂ ਦੀ ਆਸ ਕੀਤੀ ਜਾ ਸਕਦੀ ਹੈ?,
ਜਿਹੜੇ ਸਿਆਸਤ ਦੀ ਸਿਖ਼ਰ ਤੇ ਪਹੁੰਚ ਕੇ ਵੀ ਕਿਸੇ ਆਮ ਅਪਰਾਧੀ ਵਾਂਗ ਵਿਵਹਾਰ ਕਰ
ਰਹੇ ਹਨ।
ਖ਼ੈਰ, ਇਹ ਸਭ ਸਿਆਸਤ ਦੇ ਹੱਥਕੰਡੇ ਹਨ ਅਤੇ ਇਹਨਾਂ ਨੂੰ ਸਮਝਣਾ
ਆਮ ਵੋਟਰਾਂ ਦੇ ਵੱਸ ਦੀ ਗੱਲ ਨਹੀਂ ਹੈ। ਪਰ, ਅੱਜ ਦੇ ਸਮੇਂ ਪੰਜਾਬ ਵਿਚ
ਬੇਅਦਬੀਆਂ ਦਾ ਮਸਲਾ, ਨਸ਼ੇ ਦਾ ਵਪਾਰ, ਅਨਿਆਈ ਮੌਤਾਂ, ਗ਼ੈਰ ਕਾਨੂੰਨੀ ਪਰਵਾਸ,
ਬੇਰੁਜ਼ਗਾਰੀ ਦਾ ਵੱਧਦਾ ਪ੍ਰਭਾਵ, ਕਿਸਾਨੀ ਖੁਦਕੁਸ਼ੀਆਂ, ਵੱਧਦੀ ਮਹਿੰਗਾਈ, ਸਿੱਖਿਆ
ਸੰਸਥਾਵਾਂ ਦੀ ਮੰਦੀ ਹਾਲਤ ਅਤੇ ਮੰਦੇ ਪਏ ਨਿੱਕੇ ਕੰਮ- ਕਾਰ ਆਦਿਕ ਮੁੱਖ ਮਸਲੇ
ਹਨ। ਪਰ, ਕਮਾਲ ਦੀ ਗੱਲ ਹੈ ਕਿ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਆਪਣੇ ਅਕਸ ਨੂੰ
ਹੀ ਸਾਫ਼ ਕਰਨ ਲਈ ਪੱਬਾਂ ਭਾਰ ਹੋਈਆਂ ਬੈਠੀਆਂ ਹਨ। ਇੱਕ- ਦੂਜੇ ਨੂੰ ਝੂਠਾ ਸਾਬਿਤ
ਕਰਨ ਦੀ ਹੋੜ ਲੱਗੀ ਹੋਈ ਹੈ। ਪਰ, ਆਮ ਜਨਤਾ ਦੀਆਂ ਸਮੱਸਿਆਵਾਂ ਵੱਲ ਕਿਸੇ ਦਾ ਵੀ
ਧਿਆਨ ਨਹੀਂ ਹੈ।
ਸਾਲ 2017 ਦੇ ਜੁਲਾਈ ਮਹੀਨੇ ‘ਮਰੋ ਜਾਂ ਵਿਰੋਧ ਕਰੋ’
ਨਾਮ ਦੀ ਨਸ਼ਾ ਵਿਰੋਧੀ ਲਹਿਰ ਬਹੁਤ ਵਧੀਆ ਢੰਗ ਨਾਲ ਚੱਲੀ ਸੀ, ਪਰ ਹੁਣ ਇਸ ਲਹਿਰ
ਨੂੰ ਠੰਢੇ ਬਸਤੇ ਵਿਚ ਸੁੱਟ ਦਿੱਤਾ ਗਿਆ ਹੈ। ਅਖ਼ਬਾਰ ਚੁੱਕ ਕੇ ਦੇਖ ਲਉ ਨਸ਼ਾ
ਵਿਰੋਧੀ ਲਹਿਰ ਦਾ ਕਿਤੇ ਕੋਈ ਜ਼ਿਕਰ ਨਹੀਂ ਹੈ। ਨਸ਼ਾਂ ਵਿਰੋਧੀ ਲਹਿਰ ਦਾ ਨਸ਼ਾ ਲੱਥ
ਚੁੱਕਿਆ ਹੈ। ਹੁਣ ਕੁਝ ਹੋਰ ਮਸਲੇ ਭਾਰੂ ਹਨ। ਪਰ, ਕਿੰਨੇ ਕੂ ਸਮੇਂ ਤੱਕ?,
ਕਿਉਂਕਿ ਪੰਜਾਬੀਆਂ ਦੀ ਯਾਦ- ਸ਼ਕਤੀ ਬਹੁਤ ਕਮਜ਼ੋਰ ਹੈ। ਇਹ ਮਸਲੇ ਵੀ ਜਲਦ ਹੀ ਸਾਡੇ
ਮਨਾਂ ਤੋਂ ਭੁਲਾ ਦਿੱਤੇ ਜਾਣੇ ਹਨ ਅਤੇ ਫਿਰ ਕੋਈ ਹੋਰ ਨਵਾਂ ਮਸਲਾ ਆ ਜਾਣਾ ਹੈ
ਅਤੇ ਅਸੀਂ ਝੰਡਾ ਚੁੱਕ ਕੇ ਉਸ ਮਗਰ ਹੋ ਤੁਰਨਾ ਹੈ। ਇਹ ਸਭ ਭੁੱਲ- ਭੁਲਾ ਜਾਣਾ
ਹੈ।
ਬਦਕਿਸਮਤੀ ਇਹ ਹੈ ਕਿ ਇਹਨਾਂ ਹਾਲਤਾਂ ਵਿਚ ਪੰਜਾਬ ਦੇ ਅਸਲ ਮੁੱਦੇ
ਗਾਇਬ ਹਨ। ਇਹਨਾਂ ਦਾ ਕਸੂਰਵਾਰ ਸਿਰਫ਼ ਹਾਕਮ ਤਬਕਾ ਹੀ ਨਹੀਂ ਬਲਕਿ ਅਸੀਂ ਖੁਦ ਵੀ
ਹਾਂ। ਅਸੀਂ ਕਦੇ ਆਪਣੇ ਆਗੂ ਨੂੰ ਰੁਜ਼ਗਾਰ ਬਾਰੇ ਸੁਆਲ ਨਹੀਂ ਪੁੱਛਦੇ/ ਅਸੀਂ ਕਦੇ
ਚੰਗੀਆਂ ਸਿਹਤ ਸਹੂਲਤਾਂ ਦਾ ਮੁੱਦਾ ਨਹੀਂ ਛੁੰਹਦੇ/ ਅਸੀਂ ਕਦੇ ਸਮਾਜਿਕ ਸੁਰੱਖਿਆ
ਦੀ ਗੱਲ ਨਹੀਂ ਕਰਦੇ ਬਲਕਿ ਅਸੀਂ ਤਾਂ ਹਾਕਮਾਂ ਦੇ ਫੈਲਾਏ ਹੋਏ ਕੂੜ ਪ੍ਰਚਾਰ ਦੇ
ਮਗਰ ਲੱਗ ਕੇ ਆਪਣਾ ਅਤੇ ਆਪਣੇ ਸੂਬੇ ਦਾ ਪੈਸਾ ਅਤੇ ਵਕਤ ਖ਼ਰਾਬ ਕਰਦੇ ਹਾਂ/ ਆਪਸੀ
ਭਾਈਚਾਰੇ ਦੀ ਭਾਵਨਾ ਨੂੰ ਖ਼ਤਮ ਕਰਦੇ ਹਾਂ।
ਇਹ ਵੇਲਾ ਹੈ ਪੰਜਾਬ ਦੇ
ਲੋਕਾਂ ਦੇ ਜਾਗਣ ਦਾ। ਨਹੀਂ ਤਾਂ ਫਿਰ ਬਹੁਤ ਦੇਰ ਹੋ ਜਾਣੀ ਹੈ ਅਤੇ ਸਾਡੇ ਹੱਥ
ਸਿਵਾਏ ਪਛਤਾਵੇ ਦੇ ਕੁਝ ਵੀ ਨਹੀਂ ਆਉਣਾ। ਗੱਲ ਕਰਨੀ ਹੈ/ ਸਵਾਲ ਪੁੱਛਣੇ ਹਨ ਤਾਂ
ਆਪਣੇ ਬੱਚਿਆਂ ਦੀ ਸਿੱਖਿਆ ਨੂੰ ਯਕੀਨੀ ਬਣਾਉਣ ਵਾਲੇ ਕਾਨੂੰਨ ਦੀ ਕਰੋ। ਸਿਹਤ
ਸਹੂਲਤਾਂ ਨੂੰ ਦਰੁੱਸਤ ਕਰਨ ਦੇ ਪੁੱਛੋ ਅਤੇ ਮਹਿੰਗਾਈ ਨੂੰ ਘੱਟ ਕਰਨ ਦੇ ਪੁੱਛੋ।
ਐਵੇਂ ਸਿਆਸਤਦਾਨਾਂ ਦੇ ਹੱਥਾਂ ਦੇ ਮੌਹਰੇ ਬਣ ਕੇ ਆਪਸੀ ਪ੍ਰੇਮ- ਪਿਆਰ ਦੀ ਭਾਵਨਾ
ਨੂੰ ਖ਼ਤਮ ਨਾ ਕਰੋ।
ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ
ਵਾਲੇ ਮੁਜ਼ਰਮ ਫੜੇ ਜਾਣੇ ਚਾਹੀਦੇ ਹਨ। ਹਰ ਧਰਮ ਦਾ ਸਤਿਕਾਰ ਹੋਣਾ ਚਾਹੀਦਾ ਹੈ।
ਕਿਸਾਨੀ ਖੁਦਕੁਸ਼ੀਆਂ ਨੂੰ ਠੱਲ੍ਹ ਪੈਣੀ ਚਾਹੀਦੀ ਹੈ। ਪੰਜਾਬ ਦੇ ਪਾਣੀ ਸੁਰੱਖਿਅਤ
ਰਹਿਣੇ ਚਾਹੀਦੇ ਹਨ। ਰੁਜ਼ਗਾਰ ਦੇ ਮੌਕੇ ਵੱਧਣੇ ਚਾਹੀਦੇ ਹਨ। ਮਹਿੰਗਾਈ ਘੱਟ ਹੋਣੀ
ਚਾਹੀਦੀ ਹੈ। ਸਿੱਖਿਆ ਦਾ ਪ੍ਰਸਾਰ ਲਾਜ਼ਮੀ ਹੈ। ਇਹਨਾਂ ਮੁੱਦਿਆਂ ਉੱਪਰ ਸਾਰਥਕ
ਵਿਚਾਰ/ ਬਹਿਸ ਹੋਣੀ ਚਾਹੀਦੀ ਹੈ ਐਵੇਂ ਇੱਕ- ਦੂਜੇ ਉੱਪਰ ਵਿਅਕਤੀਗਤ ਚਿੱਕੜ ਨਹੀਂ
ਸੁੱਟਿਆ ਜਾਣਾ ਚਾਹੀਦਾ। ਪਰ, ਇਹ ਹੁੰਦਾ ਕਦੋਂ ਹੈ?, ਇਹ ਅਜੇ ਭਵਿੱਖ ਦੀ ਕੁੱਖ
ਵਿਚ ਹੈ।
ਮੋਬਾ. 75892- 33437
|