|
|
ਅੱਜ ਜਦੋਂ ਪੰਜਾਬੀ ਬੋਲੀ ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਜਦੋਂ ਇਸ
ਦੀ ਹੋਂਦ ਉੱਤੇ ਖ਼ਤਰੇ ਮੰਡਰਾਉਂਦੇ ਨਜ਼ਰ ਆ ਰਹੇ ਨੇ ਤਾਂ ਸੱਚਮੁਚ ਉਹ ਨਾਜ਼ੁਕ ਵੇਲਾ
ਆ ਗਿਆ ਹੈ, ਜਦੋਂ ਪੰਜਾਬੀਆਂ ਨੂੰ ਜਾਗ ਪੈਣਾ ਚਾਹੀਦਾ ਹੈ। ਇਹ ਇਮਤਿਹਾਨ ਦੀ ਘੜੀ
ਹੈ,ਆਪਣਾ ਇਤਿਹਾਸ, ਵਰਤਮਾਨ, ਭਵਿੱਖ ਬਚਾਉਣਾ ਹੈ ਤਾਂ ਨਿੱਤ ਨਿੱਤ ਮਿਲ ਰਹੀਆਂ
ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਲਈ ਇਕੱਠੇ ਹੋਣਾ ਪਏਗਾ ਤੇ ਇਹ ਜੰਗ ਹਰ ਹਾਲ
ਵਿੱਚ ਜਿੱਤਣੀ ਪਏਗੀ। ਜਿਹੜੇ ਵੀ ਪੰਜਾਬੀ ਪੁੱਤ ਧੀਆਂ ਇਸ ਸਚਾਈ ਤੋਂ ਅਵੇਸਲੇ ਹਨ
ਜਾਂ ਹਊ-ਪਰ੍ਹੇ ਕਰਕੇ ਦੂਜਿਆਂ ਉਤੇ ਜ਼ਿੰਮੇਵਾਰੀ ਸੁੱਟ ਕੇ ਸੁਰਖਰੂ ਹੋ ਰਹੇ ਹਨ,
ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀ ਕੌਮ ਦਾ ਸੱਭਿਆਚਾਰ ਖੁਰ ਜਾਏ,
ਬੋਲੀ ਖੁੱਸ ਜਾਏ, ਵਿਰਸਾ ਗੁਆਚ ਜਾਏ, ਇਕ ਦਿਨ ਧਰਤੀ ਤੋਂ ਉਹਦਾ ਨਾਮੋ-ਨਿਸ਼ਾਨ ਮਿਟ
ਜਾਂਦਾ ਹੈ, ਇਹ ਇੱਕ ਇਤਿਹਾਸਕ ਸਚਾਈ ਹੈ। ਵਕਤ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਜੇ
ਅਸੀਂ ਆਪਣੀ ਪਛਾਣ ਬਚਾਉਣੀ ਹੈ ਤਾਂ ਹੁਣ ਹੀ ਹੈ ਵਕਤ..ਉੱਠਣਾ ਪਏਗਾ। ਆਪਸੀ
ਮੱਤ-ਭੇਦ ਭੁਲਾ ਕੇ, ਮਨਾਂ ਦੇ ਸ਼ੀਸ਼ਿਆਂ ਉਤੋਂ ਧੂੜ ਪੂੰਝ ਕੇ, ਸਾਫ਼-ਸ਼ਫ਼ਾਫ ਇਰਾਦਿਆਂ
ਨਾਲ ਮੈਦਾਨ ਵਿੱਚ ਉਤਰਨਾ ਪਏਗਾ। ਇਹ ਲੜਾਈ ਹਰ ਦੇਸ਼, ਹਰ ਪ੍ਰਾਂਤ ਤੋਂ, ਜਿੱਥੇ
ਜਿੱਥੇ ਵੀ ਪੰਜਾਬੀ ਵਸਦੇ ਹਨ, ਲੜਨੀ ਪਏਗੀ, ਰਾਜਨੀਤਕ, ਸਮਾਜਿਕ, ਸੱਭਿਆਚਾਰਕ,
ਅਕਾਦਮਿਕ, ਛਪਣ-ਮਾਧਿਅਮ, ਬਿਜਲਈ-ਮਾਧਿਅਮ, ਲੋਕ-ਮਾਧਿਅਮ ਅਤੇ ਹਰ ਉਸ ਮੁਹਾਜ਼ ਉੱਤੇ
ਜਿਧਰੋਂ ਵੀ ਸਾਨੂੰ ਜਿੱਤ ਵੱਲ ਜਾਂਦਾ ਰਾਹ ਨਜ਼ਰ ਆਵੇ। ਇਕ ਮੁਹਾਜ਼ ਪਰਿਵਾਰਕ ਹੈ,
ਨਿੱਜੀ ਜੀਵਨ ਦਾ, ਜਿਸ ਵਿੱਚ ਪੰਜਾਬੀ-ਬੋਲੀ ਨੂੰ ਸ਼ਾਮਿਲ ਕਰਨਾ, ਉਸ ਵਿੱਚ
ਜੀਣਾ-ਥੀਣਾ ਪੰਜਾਬੀਅਤ ਦੇ ਜਿਉਂਦੀ ਰਹਿਣ ਲਈ ਸਭ ਤੋਂ ਵੱਧ ਜ਼ਰੂਰੀ ਹੈ ਤੇ ਇਸੇ
ਨੂੰ ਲੈ ਕੇ ਲੋਕ-ਮਨਾਂ ਵਿੱਚ ਬਹੁਤੇ ਤੌਖਲੇ ਨੇ। ਕਈ ਵਾਰ ਕਿਸੇ ਹੋਰ ਦੇ ਕਾਰਜ ਤੇ
ਪ੍ਰਾਪਤੀਆਂ ਦੂਜਿਆਂ ਲਈ ਪ੍ਰੇਰਨਾ ਅਤੇ ਰਾਹ-ਦਸੇਰੇ ਹੋ ਨਿੱਬੜਦੇ ਨੇ, ਇਸੇ ਲਈ
ਆਪਣੇ ਬਹੁਤ ਹੀ ਨਿੱਕੇ-ਨਿਮਾਣੇ ਯਤਨ ਪਾਠਕਾਂ ਨਾਲ ਸਾਂਝੇ ਕਰ ਰਹੀ ਹਾਂ।
ਪਹਿਲੀ ਗੱਲ ਤਾਂ ਆਪਣੇ ਵਿਚੋਂ ਹੀਣ-ਭਾਵਨਾ ਕੱਢਣ ਦੀ ਹੈ ਕਿ ਜੇ ਅਸੀਂ ਲਿਖਣ-ਬੋਲਣ
ਜਾਂ ਹੋਰ ਕਾਰਜਾਂ ਵਿੱਚ ਪੰਜਾਬੀ-ਭਾਸ਼ਾ ਵਰਤਾਂਗੇ ਤਾਂ ਸਾਡੀ ਇਜ਼ਤ ਘਟ ਜਾਏਗੀ,
ਭਾਰਤ ਦੇ ਕਿੰਨੇ ਹੀ ਪ੍ਰਾਂਤਾਂ ਅਤੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਦੇ ਲੋਕ ਆਪਣੀ
ਮਾਂ-ਬੋਲੀ ਵਰਤਦੇ ਫ਼ਖ਼ਰ ਮਹਿਸੂਸ ਕਰਦੇ ਨੇ, ਵੱਡੀਆਂ ਮਹੱਤਵ ਪੂਰਨ ਮਿਲਣੀਆਂ ਜਾਂ
ਭਾਸ਼ਨਾਂ ਵਿੱਚ ਵੀ ਆਪਣੀ ਭਾਸ਼ਾ ਬੋਲਦੇ ਨੇ, ਜੇ ਕਿਤੇ ਮੁਸ਼ਕਿਲ ਹੋਵੇ ਤਾਂ ਦੁਭਾਸ਼ੀਆ
ਮੱਦਦ ਕਰਦਾ ਹੈ, ਪਰ ਉਹਨਾਂ ਨੂੰ ਕਿਸੇ ਪੱਖੋਂ ਨੀਵਾਂ ਨਹੀਂ ਸਮਝਿਆ ਜਾਂਦਾ। ਇਹ
ਗੱਲ ਕਾਰੋਬਾਰ, ਨੌਕਰੀ ਜਾਂ ਨਿੱਜੀ-ਜੀਵਨ ਵਿੱਚ ਵੀ ਉਨੀ ਹੀ ਸੱਚ ਹੈ। ਮੈਂ ਆਪਣੇ
ਮੈਡੀਕਲ-ਕਿੱਤੇ, ਸਾਹਿਤਕ ਤੇ ਸਮਾਜਿਕ ਜੀਵਨ ਵਿੱਚ ਦੇਖਿਆ ਹੈ ਕਿ ਪੰਜਾਬੀ ਵਰਤਣ
ਨਾਲ ਹਮੇਸ਼ਾ ਮੇਰਾ ਮਾਣ-ਸਨਮਾਨ ਵਧਿਆ ਹੈ ਤੇ ਇਹੋ ਜਿਹੀਆਂ ਮਿਸਾਲਾਂ ਬਹੁਤ ਸਾਰੇ
ਲੋਕਾਂ ਕੋਲ ਹਨ, ਛਪੀਆਂ ਹੋਈਆਂ ਵੀ ਹਨ ਅਸਲ ਵਿੱਚ ਹੁੰਦਾ ਇਸਦੇ ਉਲਟ ਹੈ, ਜਿਹੜੇ
ਵੀ ਲੋਕ ਆਪਣੀ ਮਾਂ-ਬੋਲੀ ਨੂੰ ਛੱਡ ਕੇ ਹੋਰ ਬੋਲੀ ਵਰਤਦੇ ਹਨ, ਉਹਨਾਂ ਦੀ
ਜੱਗ-ਹਸਾਈ ਹੁੰਦੀ ਹੈ, ਮੂੰਹ ਉੱਤੇ ਨਾ ਵੀ ਹੋਵੇ, ਪਿੱਠ ਪਿੱਛੇ ਜ਼ਰੂਰ ਉਹਨਾਂ ਦਾ
ਮਜ਼ਾਕ ਬਣਦਾ ਹੈ, ਇਸ ਤੱਥ ਨੂੰ ਪ੍ਰਮਾਣਿਕ ਕਰਦੀਆਂ ਬਹੁਤ ਸਾਰੀਆਂ ਲਿਖਤਾਂ
ਮਿਲਦੀਆਂ ਹਨ। ਮੈਂ ਉਹਨਾਂ ਨੂੰ ਦੁਹਰਾਣ ਦੀ ਥਾਂ ਆਪਣੇ ਅਨੁਭਵ ਸਾਂਝੇ ਕਰਨੇ
ਚਾਹਾਂਗੀ।
ਇਸ ਸਬੰਧ ਵਿਚ ਸਭ ਤੋਂ ਵੱਡੀ ਦੁਚਿੱਤੀ ਹੈ ਸਿੱਖਿਆ ਦੇ ਖੇਤਰ
ਵਿਚ ਮਾਧਿਅਮ ਦੀ.ਹਕੀਕਤ ਤਾਂ ਇਹ ਹੈ ਕਿ ਮਨ ਵਿੱਚ ਚਾਅ ਹੋਵੇ, ਉਮੰਗ ਹੋਵੇ,
ਇਰਾਦਾ ਹੋਵੇ ਤਾਂ ਕੋਈ ਮੁਸ਼ਕਿਲ ਨਹੀਂ ਹੁੰਦੀ ਪੰਜਾਬੀ ਪੜਿਆਂ ਨੂੰ ਅੰਗਰੇਜ਼ੀ
ਮਾਧਿਅਮ ਰਾਹੀਂ ਉੱਚ-ਤਕਨੀਕੀ ਵਿੱਦਿਆ ਹਾਸਿਲ ਕਰਨ ਵਿੱਚ..ਇਹ ਸਿਰਫ਼ ਇੱਕ
ਅਧਾਰ-ਰਹਿਤ ਫ਼ਿਕਰ ਹੈ। ਕਮੀ ਮਾਧਿਅਮ ਵਿੱਚ ਨਹੀਂ ਹੁੰਦੀ, ਕਮੀ ਹੁੰਦੀ ਹੈ ਮੁੱਢ
ਤੋਂ ਹੀ ਸੁਹਿਰਦਗੀ ਨਾਲ ਪੜ੍ਹਾਉਣ ਤੇ ਪੜ੍ਹਨ ਲਈ ਸਮਰਪਿਤ ਹੋਣ ਵਿੱਚ ਅਤੇ ਫਿਰ
ਆਪਣੇ ਅੰਦਰਲੀ ਸ਼ਕਤੀ ਨੂੰ ਪਛਾਨਣ, ਜਗਾਉਣ ਤੇ ਵਰਤਣ ਵਿੱਚ..ਇਹ ਕਥਨ ਕਿ,“
ਮੁਢਲੀਆਂ ਜਮਾਤਾਂ ਵਿੱਚ ਅੰਗਰੇਜ਼ੀ ਪੜ੍ਹੇ ਹੀ ਅੱਗੇ ਜਾ ਕੇ ਵਕਤ ਦੇ ਹਾਣੀ ਹੋ
ਸਕਦੇ ਨੇ” ਗ਼ਲਤ ਹੈ, ਬਹਾਨਾ ਹੈ, ਸਾਜਿਸ਼ ਹੈ। ਵਕਤ ਦੇ ਹਾਣੀ ੳਹੀ ਹੋ ਸਕਦੇ ਨੇ
ਜਿਹਨਾਂ ਦੀਆਂ ਜੜ੍ਹਾਂ ਧਰਤੀ ਵਿੱਚ ਡੂੰਘੀਆਂ ਹੋਣ, ਜਿਹੜੇ ਹਰ ਤੂਫ਼ਾਨ ਵਿੱਚ ਅਡੋਲ
ਹੋਣ, ਸਿਰਫ ਉਹੀ ਹਰੇ-ਭਰੇ ਰਹਿ ਸਕਦੇ ਨੇ, ਮੌਲ ਸਕਦੇ ਨੇ, ਵਿਗਸ ਸਕਦੇ ਨੇ, ਉਹ
ਤਾਂ ਵਕਤ ਤੋਂ ਵੀ ਅੱਗੇ ਜਾ ਸਕਦੇ ਨੇ...ਤੇ ਜੜ੍ਹਾਂ ਮਾਂ ਨਾਲ ਹੀ ਹੁੰਦੀਆਂ ਨੇ,
ਮਾਂ-ਬੋਲੀ ਨਾਲ ਹੀ ਹੁੰਦੀਆਂ ਨੇ। ਮਨੋਵਿਗਿਆਨੀਆਂ ਨੇ ਵੀ ਇਹ ਨਿਤਾਰਾ ਕਰ ਦਿੱਤਾ
ਹੈ ਕਿ ਮਾਤ-ਭਾਸ਼ਾ ਵਿੱਚ ਕੀਤੀ ਪੜ੍ਹਾਈ ਹੀ ਬਾਲ-ਮਨ ਨੂੰ ਵਿਕਸਿਤ ਕਰ ਸਕਦੀ ਹੈ,
ਗਿਆਨ-ਇੰਦਰੀਆ ਦੇ ਬੂਹੇ ਸਪੱਟ ਖੋਲ੍ਹ ਸਕਦੀ ਹੈ, ਸਵੈ-ਵਿਸ਼ਵਾਸ਼ ਭਰ ਸਕਦੀ ਹੈ,
ਦ੍ਰਿੜ੍ਹਤਾ ਦੇ ਸਕਦੀ ਹੈ ਤੇ ਫਿਰ ਇਹੋ ਜਿਹੇ ਪੱਕੇ-ਪੀਡੇ ਇਨਸਾਨ ਅੱਗੇ ਜਾ ਕੇ
ਸਿਰਫ਼ ਅੰਗਰੇਜ਼ੀ ਹੀ ਨਹੀਂ ਹੋਰ ਵੀ ਕਿੰਨੀਆਂ ਜ਼ੁਬਾਨਾਂ ਸਿੱਖ ਸਕਦੇ ਨੇ, ਉਹਨਾਂ
ਸਾਰੀਆਂ ਦੇ ਖਜ਼ਾਨੇ ਫਰੋਲ ਸਕਦੇ ਨੇ। ਹਾਂ,ਜ੍ਹਿਨਾਂ ਦੀ ਮਾਂ-ਬੋਲੀ ਅੰਗਰੇਜ਼ੀ
ਹੈ,ਉ੍ਹਨਾਂ ਲਈ ਸੌ ਵਿਸਵੇ ਸੱਚ ਹੈ ਇਹ ਬਾਕੀਆਂ ਨੂੰ ਤਾਂ ਆਪਣੀ ਮਾਂ-ਬੋਲੀ ਦੀ
ਉਂਗਲ ਫੜਨੀ ਹੀ ਪੈਣੀ ਹੈ, ਨਹੀਂ ਤਾਂ ਦੁਨੀਆਂ ਭਰ ਦੇ ਸਮੁੰਦਰਾਂ ਦੀ ਭੀੜ ਵਿੱਚ
ਉਹ ਥਾਲ ਵਿਚਲੇ ਪਾਣੀ ਵਾਂਗ ਹੋਣਗੇ, ਕਦੀ ਏਧਰ ਡੋਲਣਗੇ ਤੇ ਕਦੀ ੳਧਰ ਡੋਲਣਗੇ।
ਆਪਣੇ ਪਿੰਡ ਸਿਧਵਾਂ ਬੇਟ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹੀ ਸੀ ਮੈਂ
ਦਸਵੀਂ ਤੱਕ, ਫਿਰ ਮੈਨੂੰ ਲੁਧਿਆਣੇ ਕੁੜੀਆਂ ਦੇ ਸਰਕਾਰੀ ਕਾਲਜ ਵਿੱਚ ਦਾਖਲਾ ਮਿਲ
ਗਿਆ, ਪ੍ਰੀ-ਯੂਨੀਵਰਸਿਟੀ (ਮੈਡੀਕਲ) ਵਿੱਚ, ਪੰਜਾਬੀ ਮਾਧਿਅਮ ਤੋਂ ਅਚਾਨਕ ਸਾਰਾ
ਕੁਝ ਅੰਗਰੇਜ਼ੀ ਮਾਧਿਅਮ ਵਿੱਚ..ਪੇਂਡੂ ਪਹਿਰਾਵੇ ਤੇ ਤੌਰ-ਤਰੀਕੇ ਵਾਲੀ ਕੁੜੀ ਅੱਖ
ਪਲਕਾਰੇ ਵਿੱਚ ਪਟਰ ਪਟਰ ਅੰਗਰੇਜ਼ੀ ਬੋਲਦੀਆਂ ਹੈਂਕੜੀਆਂ ਜਿਹੀਆਂ ਸ਼ਹਿਰਨਾਂ ਦੇ
ਹਜੂਮ ਵਿੱਚ। ਪਰ ਸ਼ਾਇਦ ਘਰਦਿਆਂ ਵਲੋਂ ਮੇਰੇ ਵਿੱਚ ਭਰਿਆ ਆਤਮ-ਵਿਸ਼ਵਾਸ਼ ਸੀ ਜਾਂ
ਪੜ੍ਹੇ ਹੋਏ ਮਿਆਰੀ-ਸਾਹਿਤ ਨੇ ਕੋਈ ਚੰਗਿਆੜੀ ਫੂਕੀ ਸੀ ਜਾਂ ਮੇਰੇ ਅੰਦਰਲਾ ਕੋਈ
ਚਮਤਕਾਰ ਸੀ ਜਾਂ ਫਿਰ ਤਿੰਨੋ ਹੀ..ਹੀਣਤਾ ਦਾ ਅਹਿਸਾਸ ਇਕ ਪਲ ਲਈ ਵੀ ਮੇਰੇ ਨੇੜੇ
ਨਹੀਂ ਲੱਗਿਆ, ਇੱਕ ਦੋ ਹੋਰ ਸਨ ਮੇਰੇ ਵਰਗੀਆਂ, ਉਹ ਸਹੇਲੀਆਂ ਬਣ ਗਈਆਂ ਤੇ ਮੈਂ
ਕਿਸੇ ਖੱਬੀਖਾਨ ਦੀ ਪਰਵਾਹ ਨਹੀਂ ਕੀਤੀ ।
ਅਜੇ ਵੀ ਯਾਦ ਹੈ ਕਿ ਸਾਡੇ
ਅਧਿਆਪਕ ਸਾਨੂੰ ਨਿੱਜੀ ਦਿਲਚਸਪੀ ਲੈ ਕੇ, ਵਿਸ਼ੇ ਵਿਚ ਪੂਰੀ ਤਰਾਂ ਖੁੱਭ ਕੇ,
ਪ੍ਰਤੀਬੱਧ ਹੋ ਕੇ ਪੜ੍ਹਾਉਂਦੇ ਸਨ। ਛੇਵੀਂ ਜਮਾਤ ਤੋਂ ਅੰਗਰੇਜ਼ੀ ਵੀ ਸਾਨੂੰ ਹੋਰ
ਵਿਸ਼ਿਆਂ ਵਾਂਗ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਗਈ ਸੀ, ਇਸ ਲਈ ਨਾ ਕਦੀ ਸਬਕ
ਸਮਝਣ ਵਿੱਚ ਕੋਈ ਔਖ ਹੋਈ ਨਾ ਲਿਖਣ ਵਿੱਚ, ਵਿਦਿਅਕ ਨਤੀਜਿਆਂ ਵਿਚ ਪਹਿਲਾ ਸਥਾਨ
ਹਾਸਿਲ ਕਰਦੀ ਕਰਦੀ ਮੈਂ ਪ੍ਰੀ-ਮੈਡੀਕਲ ਵਿੱਚ ਮੈਰਿਟ ਲਿਸਟ ਵਿੱਚ ਆਈ ਤੇ ਮੈਨੂੰ
ਮੇਰੀ ਮਨ-ਮਰਜ਼ੀ ਦੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਸੀਟ ਮਿਲ ਗਈ ।
ਏਡੀ ਸਮਰੱਥ ਤੇ ਅਮੀਰ ਮਾਂ-ਪੰਜਾਬੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ
ਮੈਨੂੰ ਕਈ ਵਾਰ ਉਮਰ ਦੇ ਚਰਖੇ ’ਤੇ ਨਿੱਕਾ ਨਿੱਕਾ ਸੂਤ ਕੱਤਣਾ ਪਿਆ: ਕੁੜੀਆਂ
ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਪਹਿਲੂ ‘ਵਿਆਹ’ ਜਦੋਂ ਨਜ਼ਦੀਕ ਆ ਰਿਹਾ ਸੀ ਤਾਂ
ਇਹਨੂੰ ਤੋੜਨ ਲਈ ਇਕ ਸੋਚ ਸਰੀਕਾਂ ਦੀ ਭਾਨੀ ਤੋਂ ਵੀ ਵੱਡੀ ਹੋ ਗਈ। ਮੇਰਾ ਮੰਗੇਤਰ
ਬਲਦੇਵ ਉਦੋਂ ਫੌਜ ਵਿੱਚ ਕੈਪਟਨ ਸੀ, ਆਪਣੇ ਸੱਧਰਾਂ ਦੇ ਘਰ ਨੂੰ ਤਸੱਵਰ ਕਰਦਿਆਂ
ਇਕ ਦਿਨ ਅਚਾਨਕ ਖਿਆਲ ਆਇਆ ਕਿ ਫੌਜ ਵਿਚ ਤਾਂ ਨਿਰੀ ਅੰਗਰੇਜ਼ੀ ਹੀ ਚੱਲਦੀ ਹੈ, ਹੋਣ
ਵਾਲੇ ਸਹੁਰਾ ਸਾਹਿਬ ਵੀ ਫੌਜੀ ਸਨ, ਸਾਰਾ ਪਰਿਵਾਰ ਦਿੱਲੀ ਰਹਿੰਦਾ ਸੀ, ਇਸ ਵਾਰ
ਮੈਨੂੰ ਘਬਰਾਹਟ ਹੋਈ,“ ਉਹ ਸਾਰੇ ਜ਼ਰੂਰ ਹਿੰਦੀ ਬੋਲਦੇ ਹੋਣਗੇ ਜਾਂ ਅੰਗਰੇਜ਼ੀ, ਇਹੋ
ਜਿਹੇ ਟੱਬਰ ਵਿੱਚ ਕਿਵੇਂ ਗ਼ੁਜ਼ਾਰਾ ਹੋਊ ਮੇਰਾ? ਕੀ ਮਜ਼ਾ ਆਊਗਾ ਜਿਉਣ ਦਾ ? ਕਿੰਨਾ
ਉਪਰਾਪਨ ਜਿਹਾ ਹੋਊ..ਉਹ ਵੀ ਉਮਰ ਭਰ..”
ਬਲਦੇਵ ਦੇ ਖ਼ਤ ਵੀ ਅੰਗਰੇਜ਼ੀ
ਵਿਚ ਹੁੰਦੇ ਸਨ, ਉਸ ਦਿਨ ਸੋਹਣੀ-ਮਹੀਂਵਾਲ ਦੀ ਚਿਤਰਕਾਰੀ ਵਾਲਾ ਲਿਫਾਫਾ ਖੋਲ੍ਹਿਆ
ਤਾਂ ਵਿਚੋਂ ਝਾਤੀਆਂ ਮਾਰਦੀਆਂ ਪ੍ਰੀਤ-ਸਤਰਾਂ ਨੇ ਉਹ ਤਰਬਾਂ ਨਾ ਛੇੜੀਆਂ ਜਿਹੋ
ਜਿਹੀਆਂ ਅਕਸਰ ਛੇੜਦੀਆਂ ਸਨ..ਮਨ ਦੇ ਅੱਥਰੇ ਗਗਨਾਂ ’ਤੇ ਜਿਹੋ ਜਿਹੀ ਘਟਾ ਛਾਈ
ਹੋਵੇ..ਉਹੋ ਜਿਹਾ ਕੁਝ ਹੀ ਤਾਂ ਉਹ ਮਹਿਸੂਸ ਕਰਦੈ..ਮਾਣਦੈ..ਤੇ ਅੱਜਕਲ੍ਹ ਤਾਂ
ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵਿਚ ਮਿਲਣ ਵਾਲਾ ਮਾਹੌਲ ਮੇਰੇ ਦਿਮਾਗ ’ਤੇ ਭਾਰੂ
ਸੀ। ਵਾਰ ਵਾਰ ਏਹੋ ਉਬਾਲ ਉੱਠਦਾ ਕਿ ਕਹਿੰਦੇ ਨੇ ਸਚਾਈ ਦੀ ਧਰਾਤਲ ਬੜੀ ਕਠੋਰ
ਹੁੰਦੀ ਹੈ, ਅਸਹਿਜ ਹਾਲਾਤਾਂ ਵਿਚ ਮੁਹੱਬਤ ਦੀ ਤਿਤਲੀ ਤਾਂ ਊਂ ਈ ਉਡ-ਪੁੱਡ ਜਾਂਦੀ
ਐ, ਏਹੀ ਵਾਪਰਨੈਂ ਮੇਰੇ ਨਾਲ ”ਖ਼ਤ ਨੂੰ ਉਪਰੇ ਜਿਹੇ ਅੰਦਾਜ਼ ਨਾਲ ਵਾਚਦੀ ਮੁੜ ਮੁੜ
ਸੋਚਾਂ,“ ਮਨਾਂ! ੳਹੀ ਅੰਜਾਮ ਹੋਣੈਂ, ਜਿਹਦਾ ਡਰ ਐ” ਮੈਂ ਇੱਕ ਕਰੜਾ ਜਿਹਾ ਫ਼ੈਸਲਾ
ਲਿਆ, ਜਵਾਬ ਗੁਰਮੁਖੀ ਵਿੱਚ ਲਿਖਿਆ, ਉਪਰ ਰੋਮਨ ਵਿਚ ਇਕ ਨੋਟ:“ ਮੈਨੂੰ ਲੱਗਦੈ ਇਹ
ਖ਼ਤ ਤੁਹਾਡੇ ਤੋਂ ਪੜ੍ਹ ਨਹੀਂ ਹੋਣਾ, ਪਲੀਜ਼ ਕਿਸੇ ਤੋਂ ਪੜ੍ਹਵਾ ਲੈਣਾ, ਪਰ ਮੈਨੂੰ
ਪੰਜਾਬੀ ਵਿੱਚ ਲਿਖਣਾ ਹੀ ਚੰਗਾ ਲੱਗਦੈ ਤੇ ਬੋਲਣਾ ਵੀ” ਲਿਫਾਫਾ ਲੈਟਰਬਕਸ
ਵਿੱਚ ਪਾਉਂਦਿਆਂ ਹੀ ਜਾਪਿਆ,“ ਮੰਗਣੀ ਹੁਣ ਟੁੱਟੀ ਕਿ ਟੁੱਟੀ, ਭਲਾ ਕਿਹੜਾ ਫੌਜੀ
ਅਫਸਰ ਚਾਹੂ ਕਿ ਉਹਦੀ ਬੀਵੀ ਅੰਗਰੇਜ਼ੀ ਬੋਲਣਾ ਲਿਖਣਾ ਹੀ ਪਸੰਦ ਨਾ ਕਰੇ, ਕਿਉਂਕਿ
ਫੌਜੀ ਅਫਸਰਾਂ ਦੀ ਤਾਂ ਸ਼ਾਨ ਹੀ ਉਦੋਂ ਬਣਦੀ ਹੈ ਜਦੋਂ ਮੈਡਮ ਵਲੈਤੋਂ ਆਈ ਮੇਮ
ਲੱਗੇ..ਤੇ ਜਦੋਂ ਇਸ ਹਰਕਤ ਬਾਰੇ ਮੇਰੇ ਘਰਦਿਆਂ ਨੂੰ ਪਤਾ ਲੱਗਿਆ ਤਾਂ ਮੇਰੀ ਹੋਰ
ਬੁਰੀ ਬਾਬ ਹੋਊ”
“ ਚਲੋ ਦੇਖੀ ਜਾਊ ਜੋ ਹੋਊ, ਸਾਰੀ ਉਮਰ ਰਿੱਝਣਾ ਤਾਂ
ਨੀ ਪਊ…”
ਉਡੀਕ ਦੇ ਦਿਨ ਸਨ ਕਿ ਫਾਂਸੀ ਦੀ ਸਜ਼ਾ ਪਿਛੋਂ ਫਾਂਸੀ ਚੜ੍ਹਨ
ਤੱਕ ਦਾ ਸਫ਼ਰ..ਇਸ ਵਾਰ ਮੇਰੇ ਨਾਂ ਦਾ ਚਿਤਕਬਰਾ ਲਿਫਾਫਾ ਆਇਆ ਖੋਲ੍ਹਣ ਵੇਲੇ ਮੇਰੇ
ਹੱਥ ਦਿਲ ਨਾਲੋਂ ਵੀ ਜ਼ਿਆਦਾ ਜ਼ੋਰ ਦੀ ਧੜਕ ਰਹੇ ਸਨ। ਜਿਵੇਂ ਕਿਵੇਂ ਖੋਲ੍ਹਿਆ,“
ਤੂੰ ਪੰਜਾਬੀ ਪੜ੍ਹ ਸਕਣ ਦੀ ਗੱਲ ਕਰਦੀ ਐਂ, ਦੇਖ, ਮੈਂ ਤੈਨੂੰ ਜਵਾਬ ਹੀ ਪੰਜਾਬੀ
ਵਿੱਚ ਲਿਖ ਰਿਹਾਂ ” ਸਾਰੀ ਦੀ ਸਾਰੀ ਇਬਾਰਤ ਗੁਰਮੁਖੀ ਵਿੱਚ ਸੀ, ਵਿੱਚ ਵਿੱਚ
ਹਿੰਦੀ ਅੰਗਰੇਜ਼ੀ ਨੇ ਘੁਸਪੈਠ ਕੀਤੀ ਹੋਈ ਸੀ।
“ ਲੈ, ਇਹ ਘੁਸਪੈਠ ਤਾਂ
ਮੈਂ ਚੁਟਕੀ ਵਿੱਚ ਹਟਾ ਲਊਂਗੀ ” ਮੈਂ ਜਿਵੇਂ ਫਿਰ ਤੋਂ ਮਹਿਲਾਂ ਦੀ ਰਾਣੀ ਹੋ ਗਈ।
ਨਸੀਬਾਂ ਦੀ ਮਿਹਰਬਾਨੀ,ਅੱਗੋਂ ਸਹੁਰੇ-ਘਰ ਵੀ ਪੰਜਾਬੀ ਰਹਿਤਲ ਦਾ ਰਾਜ-ਭਾਗ ਸੀ।
ਆਪਣੇ ਮਾਤਾ-ਪਿਤਾ ਨਾਲ ਛਾਉਣੀਆਂ ਵਿੱਚ ਵਸਦੇ ਰਹੇ ਬਲਦੇਵ ਦਾ
ਵਿਦਿਆਰਥੀ-ਜੀਵਨ ਬਹੁਤਾ ਦੱਖਣ ਵਿੱਚ ਹੀ ਬੀਤਿਆ, ਉਥੋਂ ਦੇ ਸਕੂਲਾਂ ਵਿੱਚ ਹੀ
ਪੜ੍ਹਾਈ ਕੀਤੀ, ਇਸ ਲਈ ਹਿੰਦੀ ਸੰਸਕ੍ਰਿਤ ਅੰਗਰੇਜ਼ੀ ਦਾ ਪਾਹ ਗੂੜ੍ਹਾ ਸੀ ਉਹਦੇ
’ਤੇ, ਉਹ ਹਿੰਦੀ ਵਿੱਚ ਹੀ ਮਿੰਨੀ-ਕਹਾਣੀਆਂ ਲਿਖਦਾ। ਉਂਜ ਤਾਂ ਕੋਈ ਜਿਸ ਭਾਸ਼ਾ
ਵਿੱਚ ਵੀ ਆਪਣੇ ਆਪ ਨੂੰ ਪ੍ਰਗਟ ਕਰ ਸਕੇ, ੳਹੀ ਉਹਦਾ ਮਾਧਿਅਮ ਹੋਣਾ ਚਾਹੀਦੈ, ਕਲਾ
ਨੂੰ ਕਿਸੇ ਸੀਮਾ-ਰੇਖਾ ਵਿੱਚ ਕੈਦ ਨਹੀਂ ਕਰਨਾ ਚਾਹੀਦਾ, ਪਰ ਇਹ ਤਾਂ ਇੱਕ ਪੰਜਾਬਣ
ਦਾ ਸਿਦਕ ਸੀ।
ਇਕ ਸੁਪਨੀਲੀ ਸ਼ਾਮ ਅਸੀਂ ਸੁਖਨਾ ਝੀਲ ਉਤੇ ਜਸ਼ਨ ਮਨਾ ਰਹੇ
ਸਾਂ। ਇਹ ਜਸ਼ਨ ਬਲਦੇਵ ਦੀ ਮਿੰਨੀ ਕਹਾਣੀ ‘ਪੂਰਣਿਮਾ ਕਾ ਚਾਂਦ’ ਨੂੰ ਅਦਾਰਾ ‘ਜ਼ੈਲਸ
ਟਾਈਮਜ਼’ ਵਲੋਂ ਮਿਲੇ ਇਨਾਮ ਦਾ ਸੀ। ਇਕ ਖਾਸ ਲੱਭੀ ਥਾਵੇਂ ਸੀਤਲ-ਜਲ ਵਿਚ ਪੈਰ
ਡੁਬੋ ਕੇ ਬੈਠੇ ਉਰਲੀਆਂ-ਪਰਲੀਆਂ ਮਾਰ ਰਹੇ ਸਾਂ, ਏਧਰ ਉਧਰ ਤਰ ਰਹੀਆਂ ਹੰਸਾਂ
ਵਰਗੀਆਂ ਕਿਸ਼ਤੀਆਂ, ਚੋਹਲ-ਮੋਹਲ ਕਰਦੇ ਜੋੜੇ, ਦੂਰੋਂ ਸੁਣੀਂਦੀਆਂ ਮੱਧਮ-ਮੱਧਮ
ਪੀਪ੍ਹਣੀਆਂ, ਡੁੱਬ ਰਹੇ ਸੂਰਜ ਦੇ ਕਿਰਮਿਚੀ ਝਲਕਾਰੇ ਉਮਰਾਂ ਦੀ ਥਕਾਨ ਲਾਹ ਰਹੇ
ਸਨ, ਸਿਰਜਣਾ ਸਿਰ ਚੁੱਕ ਰਹੀ ਸੀ, ਨਾਲ ਨਾਲ ਪੰਜਾਬੀ ਵੀ, ਮੈਂ ਕੁਝ ਸੋਚ ਰਹੇ
ਬਲਦੇਵ ਨੂੰ ਆਖਿਆ, “ ਤੁਸੀਂ ਬੇਸ਼ੱਕ ਲਿਖੋ ਹਿੰਦੀ ਵਿੱਚ, ਪਰ ਪੰਜਾਬੀ ਵਿੱਚ ਵੀ
ਲਿਖਿਆ ਕਰੋ ਨਾ!”
“ ਅਸਲ ਵਿੱਚ ਮੈਂ ਸੋਚਦਾ ਹੀ ਹਿੰਦੀ ਵਿੱਚ ਹਾਂ, ਉਹੀ
ਪੜ੍ਹਦਾ ਲਿਖਦਾ ਰਿਹਾਂ ਨਾ!” “ ਪਰ ਹੁਣ ਤਾਂ ਪੰਜਾਬ ਵਿਚ ਓ! ਪੰਜਾਬੀ
ਅਖਬਾਰਾਂ ਰਿਸਾਲੇ ਆਉਂਦੇ ਨੇ ਘਰੇ, ਪੰਜਾਬੀ ਸਾਹਿਤ ਸਭਾਵਾਂ ਵਿਚ ਜਾਂਦੇ ਆਂ
ਆਪਾਂ..” “ ਜੋ ਹੁਕਮ ਸਰਕਾਰ! ਪਰ ਗ਼ਲਤੀਆਂ ਠੀਕ ਕਰਨ ਦੀ ਜ਼ਿੰਮੇਵਾਰੀ ਤੇਰੀ”
ਸ਼ੁਰੂ ਸ਼ੁਰੂ ਵਿੱਚ ਮੈਂ ਗ਼ਲਤੀਆਂ ਠੀਕ ਕਰਦੀ ਰਹੀ,ਹੁਣ ਤਾਂ ਉਹ ਮੇਰੀਆਂ
ਉਕਾਈਆਂ ’ਤੇ ਵੀ ਉਂਗਲ ਧਰ ਦਿੰਦੈ।
ਅਸੀਂ ਦੋਵੇਂ ਜਲੰਧਰ ਜ਼ਿਲ੍ਹੇ ’ਚ
ਪੈਂਦੇ ਪਿੰਡ ਕੋਟਲੀ ਥਾਨ ਸਿੰਘ ਦੀ ਡਿਸਪੈਂਸਰੀ ਵਿੱਚ ਤਾਇਨਾਤ ਸਾਂ। ਬੇਟੇ ਨੂੰ
ਵੀ ੳਥੋਂ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਿਲ ਕਰਵਾ ਦਿੱਤਾ। ਸਕੂਲੋਂ ਆਉਂਦੇ ਨੂੰ
ਨਿੱਤ ਪੁੱਛਦੇ,“ ਅੱਜ ਕੀ ਪੜ੍ਹਿਆ ?” “ ਊੜਾ..ਆੜਾ ”
ਪੂਰੇ ਅੱਠ
ਮਹੀਨੇ ਉਹ "ਈੜੀ" ’ਤੇ ਨਾ ਗਿਆ ਤਾਂ ਸਾਨੂੰ ਚਿਤਮਣੀ ਲੱਗ ਗਈ, ਇਹ ਕਿਹੋ ਜਿਹੀ
ਪੜ੍ਹਾਈ ਹੋ ਰਹੀ ਹੈ ਅੱਜ ਕੱਲ੍ਹ ਸਕੂਲਾਂ ਵਿੱਚ? ਸਾਰੇ ਜਲੰਧਰ ਵਿੱਚ ਵਧੀਆ
ਪੰਜਾਬੀ ਮਾਧਿਅਮ ਸਕੂਲ ਟੋਲਦੇ ਰਹੇ, ਨਾ ਲੱਭਣਾ ਸੀ ਨਾ ਲੱਭਿਆ। ਉਹਦੇ ਦਾਦਾ-ਦਾਦੀ
ਚੰਡੀਗੜ੍ਹ ਰਹਿੰਦੇ ਸੀ, ਫਿਰ ਉਥੇ ਮਿਆਰੀ ਪੰਜਾਬੀ ਸਕੂਲ ਦੀ ਤਲਾਸ਼ ਹੋਈ, ਮਾਰੂਥਲ
ਵਿੱਚ ਚਸ਼ਮਾ ਲੱਭਣ ਵਰਗਾ ਝੱਲ, ਜਿਹਨੂੰ ਪੁੱਛਦੇ ਅਗਲਾ ਸਾਡੇ ਵੱਲ ਹੋਰੂੰ ਹੋਰੂੰ
ਝਾਕਦਾ, ਵਾਧੂ ਮਸ਼ਕੂਲਾ ਬਣਿਆ, ਹਾਰ ਕੇ ਬੇਟੇ ਨੂੰ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ
ਦਾਖਿਲ ਕਰਵਾਉਣਾ ਪਿਆ, ਏਂਵੇਂ ਹੀ ਬੇਟੀ ਨੂੰ…।
ਪਰ ਅਸੀਂ ਘਰ ਵਿੱਚ
ਬਾਲਾਂ ਨਾਲ ਪੰਜਾਬੀ ਬੋਲਣਾ, ਪੜ੍ਹਨਾ ਪੜ੍ਹਾਉਣਾ ਜਾਰੀ ਰੱਖਿਆ। ਉਹ ਆਏ ਗਏ ਨੂੰ
ਨਿੱਕੀਆਂ ਨਿੱਕੀਆਂ ਪੰਜਾਬੀ ਕਵਿਤਾਵਾਂ ਸੁਣਾਉਂਦੇ, ਛੋਟੇ ਮੋਟੇ ਸਮਾਗਮਾਂ
ਜਨਮ-ਦਿਨ ਪਾਰਟੀ ਆਦਿ ’ਤੇ ਪੰਜਾਬੀ ਗੀਤ ਗਾਉਂਦੇ, ਸਕੂਲ ਵਿੱਚ ਪੰਜਾਬੀ ਨੂੰ
ਨਿਕੰਮੀ/ਨਿਗੂਣੀ ਕਹਿਣ ਵਾਲੇ ਵਿਦਿਆਰਥੀਆਂ ਨਾਲ ਬਹਿਸ ਪੈਂਦੇ। ਹੁਣ ਉਹ ਵੱਡੇ ਹੋ
ਗਏ ਨੇ ,ਪੰਜਾਬੀ ਅੰਗਰੇਜ਼ੀ ਦੋਵੇਂ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਪੇਸ਼ਕਾਰੀਆਂ
ਨਾਲ ਬਹਿ ਜਾ-ਬਹਿ ਜਾ ਕਰਾ ਦਿੰਦੇ ਨੇ, ਹਿੰਦੀ ਵਿੱਚ ਵੀ ਕਿਸੇ ਤੋਂ ਘੱਟ ਨਹੀਂ,
ਇਨਾਮਾਂ ਸਰਟੀਫਿਕੇਟਾਂ, ਤਗਮਿਆਂ ਦੇ ਨਾਲ ਦੋਵਾਂ ਦੀਆਂ ਅਲਮਾਰੀਆਂ ਭਰੀਆਂ ਪਈਆਂ
ਨੇ। ਜੇ ਕਿਤੇ ਸ਼ੁਰੂ ਵਿੱਚ ਤਿੰਨਾਂ ਭਾਸ਼ਾਵਾਂ ਦਾ ਬੋਝ ਉਹਨਾਂ ਦੇ ਦਿਮਾਗ ਦੇ
ਸੂਖ਼ਮ-ਸੈੱਲਾਂ ’ਤੇ ਨਾ ਪੈਂਦਾ ਤਾਂ ਪਤਾ ਨਹੀਂ ਕਿਸ ਬੁਲੰਦੀ ’ਤੇ ਜਾ ਪਹੁੰਚਦੇ।
ਪਰ ਤਸੱਲੀ ਹੈ ਕਿ ਸਾਡੇ ਉਪਰਾਲਿਆਂ ਨਾਲ ਮਾਂ-ਬੋਲੀ ਅਤੇ ਪੰਜਾਬੀ ਰਹਿਤਲ ਦਾ ਪਿਆਰ
ਦੋਵਾਂ ਦੇ ਦਿਲਾਂ ਵਿੱਚ ਬਰਾਬਰ ਪਲਦਾ ਰਿਹਾ। ਬੇਟੀ ਡਾਕਟਰ ਹੈ, ਸਿੰਗ-ਤਵੀਤਾਂ,
ਲੋਟਣਾਂ ਦੀ ਸ਼ੁਕੀਨ, ਗਿੱਧੇ ਵਿੱਚ ਧਮਕਾਰਾਂ ਪਾਉਂਦੀ, ਏਧਰੋਂ ੳਧਰੋਂ ਨਵੀਂਆਂ
ਨਵੀਂਆਂ ਬੋਲੀਆਂ ਤੇ ਲੰਮੀਆਂ ਹੇਕਾਂ ਵਾਲੇ ਗੀਤ ਸਿੱਖਦੀ, ਵਿਆਹਾਂ-ਸ਼ਾਦੀਆਂ ਵਿੱਚ
ਮੁਰ੍ਹੈਲਣ, 2008 ਵਿਚ ਸਿਡਨੀ (ਅਸਟਰੇਲੀਆ) ਦੇ ਵਿਸਾਖੀ ਮੇਲੇ ਵਿਚ ਉਹਦੇ
ਠੇਠ-ਪੰਜਾਬੀ ਸੰਚਾਲਨ ਅਤੇ ਗਿੱਧੇ ਨੇ ਧੁੰਮਾਂ ਪਾ ਦਿੱਤੀਆਂ ਸਨ। "ਪੰਜਾਬੀ
ਪ੍ਰਿੰਸੈਸ" ਦਾ ਖਿਤਾਬ ਵੀ ਮਿਲਿਐ ਉਹਨੂੰ, ਤੇ ਇਸ ਸਭ ਦੇ ਨਾਲ ਨਾਲ ਅਕਾਦਮਿਕ
ਖੇਤਰ ਅੰਦਰ ਵੀ ਟੀਸੀ ਦੇ ਵਿਦਿਆਰਥੀਆਂ ਵਿੱਚ, ਅੱਜਕਲ੍ਹ ਕੈਨੇਡਾ ਵਿਖੇ ਮੈਡੀਕਲ
ਨਾਲ ਸਬੰਧਤ ਉੱਚ-ਕੰਪਨੀ ਵਿਚ ਨੌਕਰੀ ਕਰਦੀ ਹੋਈ ਵੀ ਸਨਿਚਰ ਐਤਵਾਰ ਇਕ ਫਿਟਨੈਸ
ਕਲੱਬ ਵਿਚ ਪੰਜਾਬੀ ਨਾਚ ਸਿਖਾ ਰਹੀ ਹੈ।
ਤੇ ਬੇਟੇ ਦੇ ਪੰਜਾਬੀਪੁਣੇ ਦਾ
ਇਹ ਆਲਮ ਹੈ ਕਿ ਜਿੱਦਣ ਲਾੜਾ ਬਣਿਆ ਕਹੇ,“ ਮੈਂ ਤਾਂ ਕੈਂਠਾ ਪਾ ਕੇ..ਤੁਰ੍ਹਲੇ
ਵਾਲਾ ਚੀਰਾ ਤੇ ਚਾਦਰਾ ਬੰਨ੍ਹ ਕੇ ਵਿਆਹੁਣ ਜਾਣੈਂ ” ਦੋਸਤਾਂ-ਰਿਸ਼ਤੇਦਾਰਾਂ ਨੇ
ਮਸਾਂ ਸਮਝਾਇਆ ਕਿ ਕਿਤੇ ਕੁੜੀ ਵਾਲਿਆਂ ਦਾ ਆਪਣੇ ਅੰਗਾਂ-ਸਾਕਾਂ ’ਚ ਮਜ਼ਾਕ ਨਾ ਬਣ
ਜਾਵੇ। ਉਂਜ ਵੀ ਪੱਛਮੀ ਸੱਭਿਆਚਾਰ ਵਿੱਚ ਰੰਗੀਆਂ ਸ਼ਹਿਰਨਾਂ ਦੀ ਥਾਂ ਉਹਨੇ ‘ਪਿੰਡ
ਦੀ ਕੁੜੀ’ ਚੁਣੀ। ਪਹਿਲੀ ਵੇਰ ਸਹੁਰੀਂ ਫੇਰਾ ਪਾਉਣ ਗਿਆ ਤਾਂ ਦਾਲ ਧਰਨ ਵਾਸਤੇ
‘ਹਾਰਾ’ ਬਣਵਾ ਲਿਆਇਆ, ਨਾਲ ਪਾਥੀਆਂ ਦੀ ਬੋਰੀ...ਢਾਡੀਆਂ, ਕਵੀਸ਼ਰੀਆਂ ਤੇ ਬਾਬੂ
ਰਜ਼ਬ ਅਲੀ ਦਾ ਦੀਵਾਨਾ, ਜਰਨੈਲ ਸਿੰਘ ਦੇ ਚਿੱਤਰਾਂ ਦਾ ਆਸ਼ਕ, ਵਿਸਰਦੇ ਜਾ ਰਹੇ
ਪੰਜਾਬੀ ਸੱਭਿਆਚਾਰ ਲਈ ਬੇਹੱਦ ਚਿੰਤਾਵਾਨ..ਕੈਨੇਡਾ ਤੋਂ ਜਦੋਂ ਵੀ ਪੰਜਾਬ ਜਾਂਦੈ,
ਲਹਿਲਹਾਉਂਦੇ ਖੇਤਾਂ, ਟਰੈਕਟਰ ਚਲਾਉਂਦੇ ਕਿਸਾਨਾਂ, ਡੰਗਰ ਹੱਕਦੇ ਵਾਗੀਆਂ, ਸ਼ਟਾਪੂ
ਖੇਡਦੇ ਨਿਆਣਿਆਂ, ਧਾਰਾਂ ਕੱਢਦੀਆਂ ਸੁਆਣੀਆਂ, ਮੇਲੇ-ਵਿਆਹਾਂ ਦੀਆਂ ਰੌਣਕਾਂ ਦੀ
ਮੂਵੀ ਬਣਾ ਕੇ ਲਿਆਉਂਦੈ ਤੇ ਦੇਸੀ ਵਿਦੇਸ਼ੀ ਅੰਗਰੇਜ਼ਾਂ ਨੂੰ ਪੰਜਾਬ ਦੇ ਦੀਦਾਰੇ
ਕਰਾਉਂਦੈ।
ਮੇਰੇ ਮੈਡੀਕਲ ਕਿੱਤੇ ਵਿੱਚ ਬਹੁਤਾ ਕੰਮ ਅੰਗਰੇਜ਼ੀ ਵਿੱਚ ਹੀ
ਕਰਨਾ ਪੈਂਦਾ ਸੀ,ਪਰ ਜਿੱਥੇ ਕਿਤੇ ਪੰਜਾਬੀ ਚੱਲ ਸਕਦੀ ਮੈਂ ਜ਼ਰੂਰ ਚਲਾਉਂਦੀ,
ਮੈਡੀਕੋ-ਲੀਗਲ, ਪੋਸਟਮਾਰਟਮ ਦੇ ਰਜਿਸਟਰ ਅੰਗਰੇਜ਼ੀ ਵਿੱਚ ਹੀ ਭਰਨੇ ਹੁੰਦੇ, ਪਰ
ਮੈਂ ਆਪਣੇ ਦਸਤਖ਼ਤ ਹਮੇਸ਼ਾ ਗੁਰਮੁਖੀ ਵਿੱਚ ਹੀ ਕਰਦੀ। ਇਕ ਵਾਰ ਕਚਿਹਰੀ ਵਿੱਚ ਪੇਸ਼ੀ
ਸਮੇਂ ਸੈਸ਼ਨ ਜੱਜ ਨੇ ਮੈਨੂੰ ਇਸ ਬਾਰੇ ਪੁੱਛਿਆ। ਮੈਂ ਕਿਹਾ,“ਲੋਕ ਤਾਂ ਅੰਗੂਠਾ ਲਾ
ਕੇ ਆਪਣੀ ਪਛਾਣ ਤਸਦੀਕ ਕਰਦੇ ਨੇ, ਇਹ ਤਾਂ ਫਿਰ ਪੰਜਾਬੀ ਹੈ..ਕੀ ਤੁਹਾਨੂੰ ਕੋਈ
ਇਤਰਾਜ਼ ਹੈ?” ਉਹ ਬੋਲਿਆ,“ ਨਹੀਂ ਨਹੀਂ, ਬਿਲਕੁਲ ਕੋਈ ਇਤਰਾਜ਼ ਨਹੀਂ, ਪਰੋਸੀਡ.. ”
ਹਰ ਥਾਂ, ਆਮਦਨ-ਕਰ ਦੇ ਕਾਗ਼ਜ਼ਾਂ, ਬੈਂਕਾਂ, ਪਾਸਪੋਰਟ, ਵੀਜ਼ਾ-ਅਰਜ਼ੀਆਂ ਆਦਿ
’ਤੇ ਮੇਰੇ ਦਸਤਖ਼ਤ ਗੁਰਮੁਖੀ ਵਿੱਚ ਹੀ ਹੁੰਦੇ ਹਨ ਤੇ ਮੈਨੂੰ ਕਦੀ ਕੋਈ ਮੁਸ਼ਕਲ
ਨਹੀਂ ਆਈ। ਮੇਰੇ ਵਲੋਂ ਲਿਖੀ ਹਰ ਚਿੱਠੀ, ਅਰਜ਼ੀ ਗੁਰਮੁਖੀ ਵਿੱਚ ਹੀ ਹੁੰਦੀ ਹੈ।
ਜਦੋਂ ਮੈਂ ਕਿਸੇ ਹਸਪਤਾਲ ਦੀ ਇੰਚਾਰਜ ਹੁੰਦੀ ਸਾਂ ਤਾਂ ਆਪਣੇ ਮਾਤਹਿਤਾਂ ਦੀ ਕੋਈ
ਰਿਪੋਰਟ, ਬੇਨਤੀ-ਪੱਤਰ ਆਦਿ ਗੁਰਮੁਖੀ ਤੋਂ ਬਿਨਾਂ ਮਨਜ਼ੂਰ ਨਹੀਂ ਸਾਂ ਕਰਦੀ, ਚਾਹੇ
ਉਹ ਮੇਰੇ ਸਹਿਕਰਮੀ ਡਾਕਟਰ ਹੀ ਹੁੰਦੇ, ਜੇ ਕੋਈ ਕਹਿੰਦਾ ਕਿ ਮੈਨੂੰ ਪੰਜਾਬੀ
ਲਿਖਣੀ ਨਹੀਂ ਆਉਂਦੀ ਤਾਂ ਮੈਂ ਆਖਦੀ,“ ਚਲੋ ਮੈਂ ਲਿਖ ਦਿੰਦੀ ਹਾਂ ਤੁਹਾਡੇ ਵਲੋਂ,
ਤੁਸੀਂ ਪੜ੍ਹ ਕੇ ਦਸਤਖ਼ਤ ਕਰ ਦਿਓ” ਅੱਗੇ ਤੋਂ ਉਹ ਕਾਗ਼ਜ਼-ਪੱਤਰ ਗੁਰਮੁਖੀ ਵਿੱਚ ਹੀ
ਲਿਆਉਂਦੇ, ਭਾਵੇਂ ਆਪ ਲਿਖਦੇ ਜਾਂ ਕਿਸੇ ਤੋਂ ਲਿਖਵਾ ਕੇ ਲਿਆਉਂਦੇ।
ਦਵਾਈਆਂ ਦੀ ਜਾਣਕਾਰੀ ਦੇਣ ਵਾਲੇ ਨੁਮਾਇਂਦੇ (ਮੈਡੀਕਲ ਰਿਪਰੈਜ਼ੈਂਟਿਵ) ਹਮੇਸ਼ਾ
ਅੰਗਰੇਜ਼ੀ ਵਿੱਚ ਹੀ ਗੱਲਬਾਤ ਕਰਦੇ ਨੇ ਪਰ ਮੈਂ ਆਪਣੇ ਵਲੋਂ ਪੰਜਾਬੀ ਵਿੱਚ
ਸਵਾਲ-ਜਵਾਬ ਕਰਕੇ ਉਹਨਾਂ ਨੂੰ ਇਸ ਪਾਸੇ ਮੋੜ ਲੈਂਦੀ। ਇੱਕ ਵਾਰ ਕਿਸੇ
ਦਵਾਈ-ਕੰਪਨੀ ਦਾ ਨੁਮਾਇੰਦਾ ਮੇਰੇ ਪੰਜਾਬੀ ਦੇ ਹਰ ਸਵਾਲ ਦਾ ਜਵਾਬ ਅੰਗਰੇਜ਼ੀ ਵਿੱਚ
ਦੇਵੇ, ਮੈਂ ਸੋਚਿਆ, “ਮੈਂ ਕਿਤੇ ਜ਼ਿਆਦਤੀ ਤਾਂ ਨਹੀਂ ਕਰ ਰਹੀ? ਹੋ ਸਕਦੈ ਇਹਨੂੰ
ਪੰਜਾਬੀ ਆਉਂਦੀ ਹੀ ਨਾ ਹੋਵੇ.” ਇਸ ਲਈ ਕਿਹਾ,“ ਕਿਤੇ ਪੰਜਾਬੀ ਬੋਲ ਕੇ ਮੈਂ
ਤੁਹਾਨੂੰ ਮੁਸ਼ਕਿਲ ਵਿੱਚ ਤਾਂ ਨਹੀਂ ਪਾ ਰਹੀ ? ਮੈਂ ਅੰਗਰੇਜ਼ੀ ਵੀ ਬੋਲ ਸਕਦੀ ਹਾਂ,
ਵੈਸੇ ਦੇਖਣ ਨੂੰ ਤਾਂ ਤੁਸੀਂ ਚੰਗੇ ਭਲੇ ਪੰਜਾਬੀ ਲੱਗਦੇ ਓ ” ਕਹਿੰਦਾ “
ਸੌਰੀ ਡਾਕਟਰ ਸਾਹਿਬ! ਅਸਲ ਵਿੱਚ ਹੈਬਿਟ ਬਣੀ ਹੋਈ ਐ ਨਾ !” ਉਸ ਤੋਂ ਬਾਅਦ ਉਹ
ਜਦੋਂ ਵੀ ਆਉਂਦਾ ਪੰਜਾਬੀ ਵਿੱਚ ਹੀ ਗੱਲ ਕਰਦਾ। ਸਗੋਂ ਉਹਨੇ ਮੈਨੂੰ ਦੱਸਿਆ, “
ਮੈਂ ਹੁਣ ਜਿਥੇ ਵੀ ਜਾਨਾਂ, ਡਾਕਟਰ ਤੋਂ ਪੁੱਛ ਲੈਨਾਂ ਕਿ ਉਹ ਪੰਜਾਬੀ ਵਿੱਚ
ਡਿਸਕਸ਼ਨ ਪਸੰਦ ਕਰਨਗੇ ਜਾਂ ਇੰਗਲਸ਼ ਵਿੱਚ, ਪਰ ਡਾ: ਸਾਹਿਬ! ਪੰਜਾਬੀ ਵਿੱਚ ਤਾਂ
ਕੋਈ ਕੋਈ ਹੀ ਚਾਹੁੰਦਾ ਹੈ” “ ਹੈ ਨਾ ਕੋਈ ਕੋਈ, ਬੱਸ ਉਸ ‘ਕੋਈ ਕੋਈ’ ਦੀ ਗੱਲ
ਮੰਨਿਆ ਕਰੋ…” ਮੇਰਾ ਮੰਨਣਾ ਹੈ ਕਿ ਮਰੀਜ਼ਾਂ ’ਤੇ ਕੋਈ ਵੀ ਬੋਲੀ
ਨਹੀਂ ਥੋਪਣੀ ਚਾਹੀਦੀ, ਉਹ ਜਿਸ ਭਾਸ਼ਾ ਵਿੱਚ ਵੀ ਆਪਣਾ ਦੁੱਖ ਤਕਲੀਫ਼ ਬਿਆਨ ਕਰ
ਸਕਦੇ ਹਨ ੳਹੀ ਬੋਲਣ, ਫਿਰ ਮੈਂ ਵੀ ਇਲਾਜ ਬਾਰੇ ਉਹਨਾਂ ਦੀ ਭਾਸ਼ਾ ਵਿੱਚ ਹੀ
ਸਮਝਾਉਣਾ ਪਸੰਦ ਕਰਦੀ ਹਾਂ। ਸੇਵਾਮੁਕਤ ਹੋਣ ਤੋਂ ਪਹਿਲਾਂ ਮੈਂ ਉਦਯੋਗ ਨਾਲ ਸਬੰਧਤ
ਬੀਮਾ-ਹਸਪਤਾਲ (ਈ.ਐਸ.ਆਈ) ਦੀ ਡਾਕਟਰ ਸਾਂ, ਉਥੇ ਬਿਹਾਰ, ਉੱਤਰ ਪ੍ਰਦੇਸ਼ ਦੇ
ਮਜ਼ਦੂਰ-ਮਰੀਜ਼ ਹੀ ਜ਼ਿਆਦਾ ਆਉਂਦੇ, ਹਿੰਦੀ ਵਿਚ ਹੀ ਆਪਣੀਆਂ ਜ਼ਹਿਮਤਾਂ ਬਾਰੇ ਦੱਸਦੇ,
ਪਰ ਜੇ ਕੋਈ ਪੰਜਾਬੀ ਦਿੱਖ ਵਾਲਾ ਪੰਜਾਬੀ ਨਾ ਬੋਲਦਾ ਤਾਂ ਮੈਂ ਉਹਨੂੰ ਟੋਕ
ਦਿੰਦੀ। ਫਿਰ ਅਗਲਾ ਵੀ ਬੜਾ ਖੁੱਲ੍ਹ ਕੇ ਆਪਣੀ ਬੀਮਾਰੀ ਦੀ ਵਿਆਖਿਆ ਕਰਦਾ ਤੇ ਬੜੀ
ਸੰਤੁਸ਼ਟੀ ਨਾਲ, ਬੜਾ ਸਕੂਨ ਮਹਿਸੂਸ ਕਰਦਾ ਹੋਇਆ ਜਾਂਦਾ। ਮੈਨੂੰ ਤਅੱਜੁਬ ਹੁੰਦਾ
ਕਿ ਇੰਜ ਅਟਕ-ਅਟਕ ਕੇ, ਔਖੇ ਹੋ ਕੇ ਉਪਰੀ ਭਾਸ਼ਾ ਵਿੱਚ ਦੁੱਖ ਕਿਉਂ ਸਮਝਾਉਂਦੇ ਨੇ
ਇਹ ਵਿਚਾਰੇ? ਪੁੱਛਣ ’ਤੇ ਉਹਨਾਂ ਦੱਸਿਆ ਕਿ ਅੰਗਰੇਜ਼ੀ ਜਾਂ ਹਿੰਦੀ ਬੋਲਣ ਵਾਲੇ
ਨੂੰ ਅਫਸਰ ਵਧੇਰੇ ਅਹਿਮੀਅਤ ਦਿੰਦੇ ਨੇ ਤੇ ਇੰਜ ਜ਼ਿਆਦਾ ਫਾਇਦਾ ਹੁੰਦੈ, ਪੰਜਾਬੀ
ਬੋਲਣ ਵਾਲੇ ਨੂੰ ਤਾਂ ਕੋਈ ਧਿਆਨ ਨਾਲ ਸੁਣਦਾ ਹੀ ਨਹੀਂ ਤੇ ਨਾ ਹੀ ਉਸਦੀ ਜ਼ਰੂਰਤ
ਉੱਤੇ ਗੌਰ ਕਰਦਾ ਹੈ। ਪੰਜਾਬ ਵਿਚ ਹੁੰਦਿਆਂ ਇਉਂ ਵਾਪਰਨਾ ਪੰਜਾਬੀਆਂ ਲਈ ਚੱਪਣੀ
’ਚ ਨੱਕ ਡੁਬੋਣ ਵਾਲਾ ਮੁਕਾਮ ਹੈ।
ਸਾਨੂੰ ਪੰਜਾਬੀਆਂ ਨੂੰ ਇੱਕ ਹੋਰ ਅਜੀਬ
ਆਦਤ ਹੈ, ਅਸੀਂ ਹਮੇਸ਼ਾ ਹੀ ਅਗਲੇ ਦੀ ਜ਼ੁਬਾਨ ਵਿੱਚ ਬੋਲਦੇ ਹਾਂ, ਭਾਵੇਂ ਉਹ ਸਾਡਾ
ਮਾਲਕ ਹੋਵੇ ਜਾਂ ਨੌਕਰ, ਸ਼ਾਇਦ ਇਸ ਲਈ ਕਿ ਅਸੀਂ ਆਪਣੀ ਆਖੀ ਦਾ ਭਰਪੂਰ ਅਸਰ
ਚਾਹੁੰਦੇ ਹਾਂ ਜਾਂ ਇੰਜ ਸੋਚਦੇ ਹਾਂ ਕਿ ਜੇ ਅਗਲੇ ਨੇ ਸਾਡੀ ਗੱਲ ਨਾ ਸਮਝੀ ਤਾਂ
ਸਾਡੀ ਹੇਠੀ ਹੋਊ, ਇੱਕ ਵਾਰ ਵੀ ਸਾਹਮਣੇ ਵਾਲੇ ਨੂੰ ਆਪਣੀ ਭਾਸ਼ਾ ਵੱਲ ਲਿਆਉਣ ਦੀ
ਕੋਸ਼ਿਸ਼ ਨਹੀਂ ਕਰਦੇ, ਪਰ ਮੇਰੇ ਖ਼ਿਆਲ ਵਿੱਚ ਘੱਟੋ-ਘੱਟ ਪਹਿਲੀ ਕੋਸ਼ਿਸ਼ ਤਾਂ ਸਾਨੂੰ
ਕਰਨੀ ਹੀ ਚਾਹੀਦੀ ਹੈ, ਸਿਰਫ਼ ਇੱਕ ਵਾਧੂ ਵਾਕ ਹੀ ਤਾਂ ਬੋਲਣਾ ਹੁੰਦੈ। ਮੈਂ ਪਹਿਲੀ
ਵਾਰ ਰਿਕਸ਼ੇ ਵਾਲੇ ਜਾਂ ਧੋਬੀ ਜਾਂ ਇਹੋ ਜਿਹੇ ਹੋਰ ਕਾਮੇ ਨਾਲ ਪੰਜਾਬੀ ਹੀ ਬੋਲਦੀ
ਹਾਂ ਤੇ ਬਹੁਤ ਵਾਰ ਦੇਖਿਆ ਹੈ ਕਿ ਉਹ ਸਮਝਦੇ ਨੇ ਪੂਰੀ ਤਰ੍ਹਾਂ..ਇਸ ਦੀ ਇੱਕ
ਜਿਉਂਦੀ ਜਾਗਦੀ ਮਿਸਾਲ ਸਾਡਾ ਨੈਪਾਲੀ ਨੌਕਰ ਹੈ, ਜਿਹੜਾ ਹੁਣ ਇਸ ਤਰ੍ਹਾਂ
ਖੁੱਲ੍ਹੀ ਡੁੱਲ੍ਹੀ ਪੰਜਾਬੀ ਬੋਲਦਾ ਹੈ ਕਿ ਕੋਈ ਚਿਤਵ ਵੀ ਨਹੀਂ ਸਕਦਾ ਕਿ ਇਹ
ਮੁੰਡਾ ਪੰਜਾਬੀ ਨਹੀਂ, ਕੋਈ ਬਾਹਰਲਾ ਹੈ। ਸਿਰਫ ਬੋਲਣਾ ਹੀ ਨਹੀਂ ਉਹ ਤਾਂ ਚੰਗੀ
ਤਰ੍ਹਾਂ ਪੰਜਾਬੀ ਪੜ੍ਹ ਵੀ ਲੈਂਦੈ ਤੇ ਮਾੜੀ ਮੋਟੀ ਲਿਖ ਵੀ ਲੈਂਦੈ।
ਆਪਣੇ ਬੇਟੇ-ਬੇਟੀ ਦੇ ਵਿਆਹ ਦੇ ਕਾਰਡ ਮੈਂ ਸਾਰੇ ਦੇ ਸਾਰੇ ਗੁਰਮੁਖੀ ਵਿੱਚ
ਛਪਵਾਏ, ਮੁੱਲ ਤਾਂ ਬਹੁਤਾ ਨਹੀਂ ਸੀ, ਬੱਸ ਕਾਵਿਕ ਸ਼ਬਦਾਂ ਵਿਚ ਸ਼ਗਨਾਂ ਦੇ
ਲੋਕਗੀਤਾਂ ਵਾਲੀਆਂ ਸਤਰਾਂ ਗੁੰਦ ਦਿੱਤੀਆਂ। ਜੋ ਕੋਈ ਵੀ ਸ਼ਾਦੀ ’ਤੇ ਆਇਆ ਉਹਨੇ ਸਭ
ਤੋਂ ਪਹਿਲਾਂ ਇਹਨਾਂ ਦੀ ਹੀ ਸ਼ੋਭਾ ਕੀਤੀ। ਕਈ ਬਾਅਦ ਵਿੱਚ ਉਹ ਕਾਰਡ ਮੰਗਣ ਆਏ ਤੇ
ਉਹਨਾਂ ਆਪਣੇ ਬੱਚਿਆਂ ਦੇ ਵਿਆਹਾਂ ਸਮੇਂ ਵਰਤਣ ਲਈ ਇਹਨਾਂ ਨੂੰ ਸਾਂਭ ਕੇ ਰੱਖ
ਲਿਆ, ਇਥੋਂ ਤੱਕ ਕਿ ਇਹਦਾ ਜ਼ਿਕਰ ‘ਪੰਜਾਬੀ ਟ੍ਰਿਬਿਊਨ’ ਵਿੱਚ ਵੀ ਹੋਇਆ। ਉਹਨਾਂ
ਕਾਰਡਾਂ ਦੀ ਚਰਚਾ ਅਜੇ ਤੱਕ ਕਿਸੇ ਟੈਲੀਫੋਨ ਜਾਂ ਸੁਨੇਹੇ ਰਾਹੀਂ ਮੇਰੇ ਯਤਨਾਂ ਦੀ
ਆਰਤੀ ਉਤਾਰਦੀ ਹੈ, ਵਿਆਹਾਂ ਦੇ ਖਾਣ-ਪੀਣ, ਦੇਣ-ਲੈਣ ਆਦਿ ਦਾ ਜ਼ਿਕਰ ਤਾਂ ਅਕਸਰ
ਹੁੰਦਾ ਹੈ ਪਰ ਇਹ ਦੁਕਾਨ ਦੇ ਸਭ ਤੋਂ ਸਸਤੇ ਕਾਰਡ ਸਨ ਜਿਹਨਾਂ ਨੂੰ ਪੰਜਾਬੀ ਜੜਤ
ਨੇ ਸਭ ਤੋਂ ਮਹਿੰਗਾ ਤੇ ਯਾਦਗਾਰੀ ਬਣਾ ਦਿੱਤਾ।
ਹੁਣ ਤਾਂ ਬਹੁਤੇ
ਵਾਕਿਫਕਾਰ ਅਪਣੇ ਬੱਚਿਆਂ ਅਤੇ ਸਾਕ-ਸਬੰਧੀਆਂ ਦੇ ਨਾਂ ਦੇ ਕੇ ਮੈਨੂੰ ਕਾਰਡ ਤਿਆਰ
ਕਰਨ ਲਈ ਕਹਿ ਦਿੰਦੇ ਨੇ ਤੇ ਇੰਜ ਕਰਕੇ ਮੈਨੂੰ ਕੋਈ ਫ਼ਰਜ਼ ਅਦਾ ਕਰਨ ਵਾਲਾ ਵਿਸਮਾਦੀ
ਸੰਤੋਖ ਮਿਲਦਾ ਹੈ। ਸਗੋਂ ਇਸ ਵਰਤਾਰੇ ਨੇ ਤਾਂ ਮੈਥੋਂ ਖ਼ੁਸ਼ੀ-ਗ਼ਮੀ ਦੇ ਮੌਕਿਆਂ ’ਤੇ
ਵਰਤੀ ਜਾ ਸਕਣ ਵਾਲੀ ਕਿਤਾਬ ‘ਚੌਮੁਖੀਆ ਇਬਾਰਤਾਂ’ ਵੀ ਲਿਖਵਾ ਲਈ। ਹੋਇਆ
ਇਂਝ ਕਿ ਇਕ ਵਾਰ ਅਸੀਂ ਵਿਦੇਸ਼ੋਂ ਪਰਤੇ ਤਾਂ ਮਹੱਲੇ ਦੇ ਇਕ ਸਮਾਰੋਹ ਵਿੱਚ ਥੋੜ੍ਹੀ
ਜਿਹੀ ਦੂਰੀ ’ਤੇ ਵਸਦੀ ਇਕ ਬੀਬੀ ਤਾਵਲੀ ਤਾਵਲੀ ਸਾਡੇ ਕੋਲ ਆ ਕੇ ਬੋਲੀ, “ਆ ਗਏ
ਤੁਸੀਂ ਕਨੇਡਾ ਤੋਂ? ਮੈਂ ਕਿੰਨੇ ਚੱਕਰ ਮਾਰੇ ਤੁਹਾਡੇ ਘਰ ਦੇ, ਬੇਟੇ ਦੇ ਵਿਆਹ ਲਈ
ਪੰਜਾਬੀ ’ਚ ਵੈਡਿੰਗ ਕਾਰਡ ਡਿਜ਼ਾਈਨ ਕਰਾਉਣਾ ਸੀ, ਹਾਰ ਕੇ ਇੰਗਲਸ਼ ਵਿੱਚ ਈ ਕਰਾਉਣਾ
ਪਿਆ” ਗੱਲ ਛਿੜੀ ਤਾਂ ਨੇੜਲੀ ਗੁਆਂਢਣ ਵੀ ਚਹਿਕੀ, “ਤੁਸੀਂ ਬਾਰਾਂ ਸਾਲ ਪਹਿਲਾਂ
ਮੇਰੀ ਪੋਤੀ ਦੇ ਬਰਥਡੇ ’ਤੇ ਜੋ ਲਿਖ ਕੇ ਦਿੱਤਾ ਸੀ, ਉਹ ਅਜੇ ਤੱਕ ਮੇਰੇ ਕੋਲ
ਸਾਂਭਿਆ ਪਿਐ” ਘਰ ਆ ਕੇ ਬਲਦੇਵ ਨੇ ਕਿਹਾ,“ ਕਿਉਂ ਨਾ ਅਜੇਹੀ ਇਕ ਕਿਤਾਬ ਹੀ ਤਿਆਰ
ਕੀਤੀ ਜਾਵੇ, ਜਿਸ ਵਿੱਚ ਇਹੋ ਜਿਹੇ ਕਾਰਡਾਂ ਤੇ ਲਿਖਤਾਂ ਦੇ ਨਮੂਨੇ ਹੋਣ, ਜਿਹਨਾਂ
ਨੂੰ ਜਦੋਂ ਵੀ ਕੋਈ ਚਾਹੇ ਵਰਤ ਸਕੇ” ਸ਼ੁਰੂ ਕੀਤਾ ਤਾਂ ਲੋਕਗੀਤਕ ਮੁਹਾਵਰੇ ਵਿਚ
ਪਰੋਤੇ ਕੁੜਮਾਈ, ਵਿਆਹ, ਸਵਾਗਤੀ ਸਮਾਰੋਹ, ਜਨਮ-ਦਿਨ ਜਾਂ ਕਿਸੇ ਹੋਰ ਜਸ਼ਨ ਦੇ ਨਾਲ
ਨਾਲ ਉਮਰ ਦੇ ਅਨਿੱਖੜਵੇਂ ਹਿੱਸੇ ਸੋਗ-ਕਾਰਡਾਂ ਦੇ ਨਮੂਨੇ ਵੀ ਤਿਆਰ ਹੋ ਗਏ।
ਨਵਾਂ ਸਾਲ, ਦੀਵਾਲੀ, ਲੋਹੜੀ, ਹੋਲੀ, ਵਿਆਹ, ਰੱਖੜੀ, ਧੀ-ਪੁੱਤ ਦੀ ਕੋਈ
ਪ੍ਰਾਪਤੀ ਤੇ ਅਨੇਕਾਂ ਹੋਰ ਜਸ਼ਨਾਂ ਲਈ ਸ਼ੁਭ-ਇਛਾਵਾਂ ਵੀ ਲਿਖੀਆਂ ਗਈਆਂ। ਇਸ ਕਿਤਾਬ
ਨੂੰ ਇੰਟਰਨੈਟ ਉਤੇ ਵੀ ਪਾ ਦਿੱਤਾ, ਜਿਸ ਤੋਂ ਨਮੂਨੇ ਲੈ ਕੇ ਲੋਕ ਪੰਜਾਬੀ-ਕਾਰਡ
ਵੀ ਛਪਵਾ ਰਹੇ ਨੇ ਤੇ ਸੁਖ-ਸੁਨੇਹਿਆਂ ਵਿਚ ਵੀ ਵਰਤ ਰਹੇ ਨੇ। ਸ਼ਗਨ ਦੇਣ ਵਾਲੇ
ਲਿਫਾਫੇ ਅੰਦਰਲੇ ਕਾਗ਼ਜ਼ ’ਤੇ ਲਿਖੀਆਂ ਹੋਈਆਂ ਇਹ ਕਾਵਿਕ-ਵਧਾਈਆਂ ਅਤੇ ਅਸੀਸਾਂ
ਮੇਜ਼ਬਾਨ ਦੀ ਖੁਸ਼ੀ ਨੂੰ ਬਾਂਕੜੀ ਲਾ ਦਿੰਦੀਆਂ ਨੇ।ਅਸੀਂ ਪਹਿਲਾਂ ਤੋਂ ਹੀ ਏਵੇਂ
ਕਰਦੇ ਰਹੇ ਹਾਂ ਤੇ ਉਸ ਲਿਖਤ ਨੇ ਅਗਲੇ ਦੇ ਦਿਲ ਵਿੱਚ ਰੁਪਏ-ਪੈਸੇ ਤੋਂ ਉੱਚੀ ਤੇ
ਚੇਤਿਆਂ ਵਿੱਚ ਉੱਕਰੀ ਰਹਿਣ ਵਾਲੀ ਥਾਂ ਹਾਸਿਲ ਕੀਤੀ ਹੈ।
ਆਪਣੇ ਦੋਵਾਂ
ਬੱਚਿਆਂ ਦੇ ਵਿਆਹਾਂ ਵਿੱਚ ਮੈਂ ਪੱਛਮੀ ਚਕਾਚੌਂਧ ਨਾਲ ਕੀਲੇ ਸ਼ਹਿਰੀਆਂ ਅੱਗੇ
ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ। ਦੋਵਾਂ ਵਿਆਂਹਦੜਾਂ
ਨੂੰ ਘੋੜੀਆਂ-ਸੁਹਾਗਾਂ ਦੀ ਛਾਂ ਹੇਠਾਂ ਵਟਣੇ ਲਾਏ ਗਏ। ਪੰਜਾਬੀ ਪਹਿਰਾਵੇ ਵਿਚ
ਦਮਕ ਰਹੇ ਬੰਨੇ-ਬੰਨੀ ਨੂੰ ਮੇਲਣਾਂ ਲਹਿਰੀਏ-ਬਾਗ ਦੀ ਛਾਂ ਹੇਠਾਂ ਹੇਕਾਂ
ਲਾਉਂਦੀਆਂ ਹੋਈਆਂ ਮੰਚ’ਤੇ ਲੈ ਕੇ ਆਈਆਂ। ਨਾਨਕੀਆਂ ਦਾਦਕੀਆਂ ਨੂੰ ਆਹਮੋ-ਸਾਹਮਣੇ
ਬਿਠਾ ਕੇ ਸਿੱਠਣੀਆਂ ਦਿਵਾਈਆਂ ਗਈਆਂ। ਸਾਡੀਆਂ ਧੀਆਂ ਨੇ ਲੋਕਗੀਤ ਗਾ ਕੇ ਸਭ ਦਾ
ਮਨ ਮੋਹ ਲਿਆ। ਜੋਸ਼ ਵਿੱਚ ਆ ਕੇ ਪ੍ਰਾਹੁਣਿਆਂ ਵਿਚੋਂ ਵੀ ਕਈਆਂ ਨੇ ਉੱਠ ਕੇ
ਪੰਜਾਬੀ ਗੀਤ ਗਾਏ। ਮੇਲਣਾਂ ਉਥੇ ਸਭ ਦੇ ਸਾਹਮਣੇ ਹੀ ‘ਜਾਗੋ’ ਲੈ ਕੇ ਆਈਆਂ, ਮੇਰੀ
ਭੈਣ ਨੇ ‘ਗੱਡੀਆਂ ਵਾਲੀ’ ਬਣ ਕੇ ਤਮਾਸ਼ੇ ਕੀਤੇ, ਭੂਆ ਜੀ ‘ਸਾਧ’ ਬਣੀ , ਭਾਬੀ
‘ਸਾਧਣੀ’ ਤੇ ਜਦੋਂ ਅਕਸਰ ਇਹੋ ਜਿਹੇ ਵੇਲੇ ਲੋਕ ਆਪੋ-ਆਪਣੇ ਗਰੁੱਪ ਬਣਾ ਕੇ ਗੱਪਾਂ
ਮਾਰ ਰਹੇ ਹੁੰਦੇ ਨੇ ਜਾਂ ਡੀ.ਜੇ ਦੇ ਬੇਥਵੇ ਸੰਗੀਤ ਤੋਂ ਅਵਾਜ਼ਾਰ ਹੋ ਰਹੇ ਹੁੰਦੇ
ਨੇ, ਇਹਨਾਂ ਵਿਆਹਾਂ ਵਿੱਚ ਉਹਨਾਂ ਨੇ ਸਾਹ ਰੋਕ ਕੇ ਅਸਲੀ ਪੰਜਾਬੀ ਰੰਗ ਮਾਣਿਆ,
ਏਥੋਂ ਤੱਕ ਕਿ ਲੋਕ ਅਜੇ ਤੱਕ ਇਹਨਾਂ ਸਮਾਗਮਾਂ ਦੀਆਂ ਸੀ.ਡੀ.ਆਂ ਮੰਗ ਕੇ ਲਿਜਾਂਦੇ
ਨੇ ।
ਮੈਂ 2001 ਵਿਚ ਪਹਿਲੀ ਵਾਰ ਪੰਜਾਬ ਤੋਂ ਯੂਰਪ ਤੇ ਉਤਰੀ ਅਮਰੀਕਾ
ਘੁੰਮਣ ਆਈ ਸਾਂ, ਡਾਕਟਰਾਂ ਦੀ ਕਾਨਫਰੰਸ ਮੌਕੇ ਸਿਆਟਲ ਵਸਦੀ ਮੇਰੀ ਇੱਕ ਪੁਰਾਣੀ
ਜਮਾਤਣ ਪੁੱਛਣ ਲੱਗੀ, “ਗੁਰਮਿੰਦਰ! ਏਧਰ ਅੰਗਰੇਜ਼ਾਂ ਨਾਲ ਕਮਿਊਨੀਕੇਟ ਕਰਨ ’ਚ ਕੋਈ
ਪ੍ਰਾਬਲਮ ਤਾਂ ਨੀ ਹੁੰਦੀ? ਕੋਈ ਇਨਫੀਰੀਅਰਟੀ ਕਾਂਪਲੈਕਸ…?”
ਮੈਂ ਕਿਹਾ,“
ਮੈਨੂੰ ਕਿਉਂ ਹੋਵੇ ਇਨਫੀਰੀਅਰਟੀ ਕਾਂਪਲੈਕਸ? ਮੈਂ ਤਾਂ ਜਾਣਦੀ ਆਂ ਉਹਨਾਂ ਦੀ
ਭਾਸ਼ਾ, ਆਪਣੀ ਗੱਲ ਸਮਝਾ ਵੀ ਲੈਨੀ ਆਂ, ਉਹਨਾਂ ਦੀ ਸਮਝ ਵੀ ਲੈਨੀ ਆਂ, ਪ੍ਰਾਬਲਮ
ਤਾਂ ਉਹਨਾਂ ਨੂੰ ਹੋਵੇ ਜਿਹਨਾਂ ਨੂੰ ਮੇਰੀ ਬੋਲੀ ਨਹੀਂ ਆਉਂਦੀ, ਮੈਂ ਭਾਵੇਂ
ਪੰਜਾਬੀ ’ਚ ਉਹਨਾਂ ਨੂੰ ਗਾਲਾਂ ਵੀ ਕੱਢੀ ਜਾਵਾਂ, ਹੱਸਦੇ ਮੁਸਕਾਂਦੇ
ਥੈਂਕ-ਯੂ....ਥੈਂਕ-ਯੂ..ਕਰੀ ਜਾਣਗੇ ” ਬੋਲੀ, “ਅੱਛਾ ? ਏਦਾਂ ਵੀ ਸੋਚਿਆ ਜਾ
ਸਕਦੈ?”
ਪਤਾ ਨਹੀਂ ਕਿਹੜੀ ਨਮੋਸ਼ੀ ਯਾਦ ਕਰਕੇ ਉਹਦੀਆਂ ਅੱਖਾਂ ਵਿੱਚ ਹੰਝੂ
ਲਰਜ਼ ਆਏ ਸਨ।
ਮੈਂ ਕਿਹਾ,“ ਹਾਂ ..ਬਿਲਕੁਲ..ਏਦਾਂ ਹੀ ਸੋਚਿਆ ਜਾਣਾ
ਚਾਹੀਦੈ” ਤੇ ਉਹਨਾਂ ਹੰਝੂਆਂ ਵਿਚ ਚੰਦ ਵਰਗਾ ਚਮਕਾਰਾ ਪੈਣ ਲੱਗਿਆ।
ਵਾਪਿਸ ਜਾਣ ’ਤੇ ਯਾਤਰਾ ਦਾ ਹਾਲ ਸੁਣਦਿਆਂ ਉਨੀ ਕੁ ਸਾਲ ਦੀ ਬੇਟੀ ਨੇ ਵੀ ਇਹੋ
ਜਿਹਾ ਸਵਾਲ ਪੁੱਛਿਆ ਤਾਂ ਮੈਂ ਇਹ ਸਾਰੀ ਵਾਰਤਾਲਾਪ ਸੁਣਾ ਦਿੱਤੀ। ਉਹ ਮੈਨੂੰ
ਗਲਵੱਕੜੀ ਪਾਉਂਦੀ ਬੋਲੀ,“ ਮੰਮੀ! ਤੁਸੀਂ ਵੀ ਬੱਸ ਕਮਾਲ ਓ!”
ਮੈਂ ਕਿਹਾ,
“ ਬਿਟੀਆ ਰਾਣੀ ! ਆਪਾਂ ਸਾਰੇ ਈ ਕਮਾਲ ਆਂ ! ਆਪਾਂ ਪੰਜਾਬੀ ਆਂ ਨਾ!”
ਤੇ
ਉਹਨੇ ਝੂਮਦੀ ਹੋਈ ਨੇ ਮੇਰੀ ਗੱਲ੍ਹ ’ਤੇ ਪੀਚ ਕੇ "ਪਾਅਰੀ" ਦੇ ਦਿੱਤੀ ਜਿਹੜੀ ਇਸ
ਪਰਵਾਨਗੀ ਦੀ ਮੋਹਰ ਸੀ ਕਿ ਉਹਨੂੰ ਸੱਚਮੁੱਚ ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸੇ
ਉਤੇ ਮਾਣ ਹੈ।
ਉਂਜ ਸਾਰੇ ਪੰਜਾਬੀਆਂ ਨੂੰ ਹੀ ਇਹ ਮਾਣ ਹੈ, ਪਰ ਕੋਈ
ਝਿਜਕ, ਕੋਈ ਤੌਖਲਾ ਉਹਨਾਂ ਨੂੰ ਪੰਜਾਬੀ ਰੰਗ ਵਿੱਚ ਰੰਗੇ ਜਾਣ ਤੋਂ ਰੋਕ ਦਿੰਦਾ
ਹੈ। ਇਸੇ ਕਰਕੇ ਆਪਣੀਆਂ ਹੋਈਆਂ ਬੀਤੀਆਂ ਸਭ ਦੇ ਸਨਮੁਖ ਕੀਤੀਆਂ ਨੇ ਤਾਂ ਕਿ ਉਹ
ਇਸ ਝਿਜਕ ਦੇ ਪਰਦੇ ਨੂੰ ਲਾਹ ਕੇ ਵਗਾਹ ਮਾਰਨ। ਹਰ ਕਿਸੇ ਦੀ ਜ਼ਿੰਦਗੀ ਵਿੱਚ ਆਪਣੀ
ਤਰ੍ਹਾਂ ਦੀਆਂ ਸਮੱਸਿਆਵਾਂ ਆਉਣਗੀਆਂ ਤੇ ਉਹਨਾਂ ਦੇ ਹੱਲ ਵੀ ਉਸੇ ਅਨੁਸਾਰ ਹੋਣਗੇ,
ਪਰ ਹਰ ਔਕੜ ਦਾ ਸੁਹੰਢਣਾ ਹੱਲ ਲੱਭ ਜਾਏਗਾ, ਬੱਸ ਇਹ ਵਿਸ਼ਵਾਸ਼ ਕਰੋ ਤੇ ਹੁਣ ਤੋਂ
ਹੀ ਮਾਂ-ਬੋਲੀ ਪੰਜਾਬੀ ਨੂੰ ਵਰਤਣ/ਬਚਾਉਣ ਲਈ ਕਮਰਕੱਸੇ ਕਰ ਲਓ! ਕੁਝ ਕੁ ਕਾਰਜ
ਤਾਂ ਇਕਦਮ ਕੀਤੇ ਜਾ ਸਕਦੇ ਨੇ ਤੇ ਕਰਨੇ ਬਹੁਤ ਜ਼ਰੂਰੀ ਨੇ,ਤਹੱਈਆ ਕਰੋ, ਸਹੁੰ ਖਾਓ
ਕਿ ਇਸੇ ਪਲ ਤੋਂ :
-ਇੰਟਰਨੈਟ, ਫੇਸਬੁਕ, ਵਟਸਐਪ ਜਾਂ ਹੋਰ ਕਿਤੇ ਵੀ ਲੋਕ
ਮਾਧਿਅਮ ਉਤੇ, ਈਮੇਲਾਂ, ਵੈਬਸਾਈਟਾਂ ਆਦਿ ਵਿੱਚ ਜੋ ਵੀ ਲਿਖਣਾ ਹੈ ਸਿਰਫ ਤੇ ਸਿਰਫ
ਪੰਜਾਬੀ/ਗੁਰਮੁਖੀ ਵਿੱਚ ਟਾਈਪ ਕਰਨਾ ਹੈ, ਸਭ ਟਿੱਪਣੀਆਂ, ਹੁੰਗਾਰੇ ਆਦਿ ਪੰਜਾਬੀ
ਵਿੱਚ ਦੇਣੇ ਹਨ।
-ਪੰਜਾਬੀ ਜਾਣਨ ਵਾਲੇ ਸ਼ਖ਼ਸ ਦੀ ਹੋਰ ਕਿਸੇ ਭਾਸ਼ਾ ਵਿੱਚ
ਆਈ ਲਿਖਤ ਦਾ ਜਵਾਬ ਨਹੀਂ ਦੇਣਾ, ਉਸਨੂੰ ਪਿਆਰ ਤੇ ਹਲੀਮੀ ਨਾਲ ਉਹ ਦੁਬਾਰਾ ਤੋਂ
ਪੰਜਾਬੀ ਵਿੱਚ ਭੇਜਣ ਲਈ ਬੇਨਤੀ ਕਰਨੀ ਹੈ।
-ਜੇ ਕੋਈ ਘਟਨਾ, ਡਾਕ ਜਾਂ
ਟਿੱਪਣੀ ਸਾਡੀ ਮਾਂ-ਬੋਲੀ ਦੇ ਵਿਰੁੱਧ ਭੁਗਤਦੀ ਹੈ ਤਾਂ ਰੋਸ ਜ਼ਰੂਰ ਦਰਜ ਕਰਨਾ ਹੈ,
ਪਰ ਭਾਵੁਕਤਾ ਦੇ ਵੱਸ ਹੋ ਕੇ ਭੱਦੇ ਸ਼ਬਦ ਨਹੀਂ ਵਰਤਣੇ, ਪੰਜਾਬੀ ਦੀ ਮਿੱਠਤ,
ਖ਼ੂਬਸੂਰਤੀ, ਉੱਤਮਤਾ ਦੁਨੀਆਂ ਸਾਹਮਣੇ ਲਿਆਉਣੀ ਹੈ, ਉਸਦੀ ਲਿਸ਼ਕੋਰ ਮੈਲ਼ੀ ਨਹੀਂ
ਕਰਨੀ।
-ਹਰ ਸੱਦਾ ਪੱਤਰ, ਚਿੱਠੀ, ਕਾਰਡ, ਏਥੋਂ ਤੱਕ ਕਿ ਸੋਗ-ਕਾਰਡ ਵੀ
ਪੰਜਾਬੀ/ਗੁਰਮੁਖੀ ਵਿੱਚ ਹੀ ਛਪਵਾਉਣਾ ਹੈ, ਜਿਥੋਂ ਤੱਕ ਹੋ ਸਕੇ ਅਰਜ਼ੀ ਜਾਂ ਕੋਈ
ਫਾਰਮ ਗੁਰਮੁਖੀ ਵਿੱਚ ਹੀ ਭਰਨਾ ਹੈ।
-ਆਪਣੇ ਦਸਤਖ਼ਤ ਹਰ ਜਗ੍ਹਾ ਗੁਰਮੁਖੀ
ਵਿੱਚ ਹੀ ਕਰਨੇ ਹਨ,
-ਟੈਲੀਫ਼ੋਨ ਜਾਂ ਹੋਰ ਜਗ੍ਹਾ ਜਦੋਂ ਸਵੈਚਾਲਿਤ
ਮਸ਼ੀਨ ਭਾਸ਼ਾ ਦਾ ਵਿਕਲਪ ਪੁੱਛਦੀ ਹੈ ਤਾਂ ਪੰਜਾਬੀ ਵਾਲਾ ਬਟਨ ਜਾਂ ਨੰਬਰ ਦੱਬਣਾ
ਹੈ
-ਦੋਸਤਾਂ-ਰਿਸ਼ਤੇਦਾਰਾਂ, ਮਹਿਫਲਾਂ, ਇਕੱਠਾਂ ਗੱਲ ਕੀ, ਹਰ ਥਾਂ ਲਿਖਣ
ਬੋਲਣ ਸਮੇਂ ਆਪਣੇ ਹਰ ਕਾਰ-ਵਿਹਾਰ ਵਿੱਚ ਪੰਜਾਬੀ ਤੇ ਸਿਰਫ ਪੰਜਾਬੀ ਵਰਤਣੀ ਹੈ:
-ਆਪਣੇ ਬਾਲਾਂ ਨਾਲ ਪੰਜਾਬੀ ਵਿੱਚ ਹੀ ਗੱਲ ਕਰਨੀ ਹੈ ਤੇ ਉਹਨਾਂ ਨੂੰ ਪੰਜਾਬੀ
ਵਿੱਚ ਸਿੱਖਿਆ ਦਵਾਉਣ ਦਾ ਹਰ ਸੰਭਵ ਯਤਨ ਕਰਨਾ ਹੈ।
-ਜਸ਼ਨਾਂ ਸਮੇਂ
ਮਿਆਰੋਂ ਡਿੱਗੇ ਗੀਤ ਵੱਜਦੇ ਹੋਣ ਤਾਂ ਤੁਰੰਤ ਵਿਰੋਧ ਕਰ ਕੇ ਸੱਭਿਅਕ-ਮਿਆਰੀ ਗੀਤ
ਲਵਾਉਣੇ ਹਨ।
ਹੋਰ ਬਹੁਤ ਕੁਝ ਹੈ ਕਰਨ ਵਾਲਾ, ਪਰ ਏਨੇ ਕੁ ਨਾਲ ਸ਼ੁਰੂਆਤ
ਤਾਂ ਕਰੀਏ, ਜਨਤਕ ਮੁਹਿੰਮਾਂ, ਨਾਹਰੇ, ਰੋਸ, ਦਿਖਾਵੇ, ਮੰਗ-ਪੱਤਰ ਵਗੈਰਾ ਦਾ
ਆਪਣਾ ਮਹੱਤਵ ਹੈ ਪਰ ਅਸੀਂ ਆਪ ਕੀ ਕਰਦੇ ਹਾਂ,ਇਹ ਸਭ ਤੋਂ ਵੱਧ ਮਹੱਤਵਪੂਰਨ ਹੈ।
ਤਾਂ ਫਿਰ ਆਓ! ਇਕ ਮੁਹਿੰਮ ਛੇੜੀਏ! ਆ ਰਹੇ ਹਨ੍ਹੇਰਿਆਂ ਨੂੰ ਭਜਾ ਦਈਏ!
ਆਪਣੇ-ਆਪਣੇ ਪੱਧਰ ’ਤੇ ਪੰਜਾਬੀਅਤ ਦੇ ਨਿੱਕੇ ਨਿੱਕੇ ਦੀਵੇ ਜਗਾ ਦਈਏ!
ਡਾ: ਗੁਰਮਿੰਦਰ ਸਿੱਧੂ 12573, 70 ਏ
ਐਵੇਨਿਊੇ, ਸਰੀ, ਬ੍ਰਿਟਿਸ਼ ਕੋਲੰਬੀਆ,ਕੈਨੇਡਾ ਫੋਨ:1 604 763 1658
ਈਮੇਲ:gurmindersidhu13@gmail.com
|