ਲੋਕ ਅਧਿਕਾਰ ਲਹਿਰ ਪੰਜਾਬ ਵਲੋਂ ਮਾਝੇ ਦੀ ਧਰਤੀ ਤੇ ਪਹਿਲਾ ਸੈਮੀਨਾਰ ਹਰਚੋਵਾਲ ਸ੍ਰੀ ਹਰਗੋਬਿੰਦਪੁਰ ਰੋਡ ਵਿਖੇ ਸ਼ਗਨ
ਪੈਲੇਸ ਵਿਖੇ ਕੀਤਾ ਗਿਆ। ਇਸ ਸਮਾਗਮ ਦਾ ਵਿਸ਼ਾ ਪੰਜਾਬ ਦੀ ਨਿਘਰਦੀ
ਆਰਥਿਕਤਾ ਦੇ ਕਾਰਨ ਤੇ ਹੱਲ ਅਤੇ ਪੰਜਾਬ ਲਈ ਲੋੜੀਂਦਾ ਬਿਹਤਰ ਖੇਤੀ ਮਾਡਲ
ਅਤੇ ਕੁਦਰਤੀ ਖੇਤੀ ਵਿਸ਼ਿਆਂ ਦੇ ਉੱਤੇ ਚਰਚਾ ਕਰਨਾ ਸੀ। ਇਸ ਵਿਚ ਮੁੱਖ
ਬੁਲਾਰੇ ਸ.ਬਲਵਿੰਦਰ ਸਿੰਘ, ਮੁੱਖ ਬੁਲਾਰਾ ਲੋਕ ਅਧਿਕਾਰ ਲਹਿਰ,
ਡਾ.ਗੁਰਇਕਬਾਲ ਸਿੰਘ ਕਾਹਲੋਂ, ਗੰਨਾ ਵਿਗਿਆਨੀ ਤੇ ਅਰਥਸ਼ਾਸਤਰੀ, ਡਾ.
ਗੁਰਕੰਵਲ ਸਿੰਘ, ਕੁਦਰਤੀਂ ਖੇਤੀ ਵਿਗਿਆਨੀ ਅਤੇ ਇੰਜੀਨੀਅਰ ਸਿਮਰਦੀਪ ਸਿੰਘ
ਸਨ। ਬੁਲਾਰਿਆਂ ਵੱਲੋਂ ਮਾਝੇ- ਦੁਆਬੇ ਦੇ ਸਮੂਹ ਪੰਜਾਬੀ ਕਿਸਾਨ,
ਵਪਾਰੀ, ਮਜ਼ਦੂਰ ਅਤੇ ਮੁਲਾਜ਼ਮ ਵਰਗ ਦੀ ਸਮੇਤ ਪੰਜਾਬ ਦੀ ਹੋ ਰਹੀ ਆਰਥਿਕ,
ਸਮਾਜਿਕ, ਮਾਨਸਿਕ ਅਤੇ ਬੌਧਿਕ ਲੁੱਟ ਦੇ ਕਾਰਨਾਂ ਅਤੇ ਇਸਤੋਂ ਬਚਣ ਦੇ ਢੰਗ
ਤਰੀਕਿਆਂ ਸਬੰਧੀ ਵਿਆਪਕ ਗਿਆਨ ਅਤੇ ਤਜਰਬੇ ਸਾਂਝੇ ਕੀਤੇ ਗਏ।
ਇਸ ਪਹਿਲੇ ਸਮਾਗਮ ਵਿਚ ਹੀ ਕਿਸਾਨ ਆਗੂਆਂ, ਹਲਕੇ ਦੇ ਲੋਕਾਂ ਨੇ ਲੋਕ
ਅਧਿਕਾਰ ਲਹਿਰ ਦੇ ਉੱਦਮੀ ਯਤਨਾਂ ਨੂੰ ਅਥਾਹ ਪਿਆਰ ਦਿੱਤਾ ਅਤੇ ਇਸ ਲਹਿਰ
ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦਾ ਫਤਵਾ ਵੀ ਦਿੱਤਾ।
ਲੋਕਾਂ ਦੇ ਇਸ ਠਾਠਾਂ ਮਾਰਦੇ ਇੱਕਠ ਨੇ ਸਾਬਿਤ ਕਰ ਦਿੱਤਾ ਕਿ ਲੋਕੀ
ਰਵਾਇਤੀ ਪਾਰਟੀਆਂ ਤੋ ਪੂਰੇ ਅੱਕ ਚੁੱਕੇ ਹਨ ਅਤੇ ਪੰਜਾਬ ਦਾ ਕੁਚਲ਼ਿਆ ਜਾ
ਰਿਹਾ ਹਰ ਵਰਗ ਹੀ ਭਵਿੱਖ ਵਿੱਚ ਬਦਲ ਲੱਭ ਰਿਹਾ ਹੈ। ਕਿਉਂਕਿ ਕਿ
ਰਾਜਨੀਤਕਾਂ ਤੋਂ ਵਪਾਰੀ ਬਣ ਚੁੱਕੇ ਲਾਲਚੀ ਆਗੂਆਂ ਤੋਂ ਪੰਜਾਬ ਦੇ ਵਿਕਾਸ
ਦੀ ਆਸ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਨੇ ਪੰਜਾਬ ਦੇ ਕਿਸਾਨ, ਮਜ਼ਦੂਰ,
ਅਧਿਆਪਕ, ਸਰਕਾਰੀ ਅਤੇ ਗ਼ੈਰ ਸਰਕਾਰੀ ਕਰਮਚਾਰੀ, ਦੁਕਾਨਦਾਰ, ਆੜ੍ਹਤੀਏ,
ਖੇਤ ਮਜ਼ਦੂਰ ਗੱਲ ਕੀ ਹਰ ਵਰਗ ਨੂੰ ਹੀ ਮਰਨ ਲਈ ਮਜਬੂਰ ਕਰ ਦਿੱਤਾ ਹੈ।
ਲੀਡਰ ਲੋਕ ਇਹ ਨਹੀਂ ਸੋਚ ਰਹੇ ਕਿ ਪੰਜਾਬ ਦੀ ਰੀੜ੍ਹ ਦੀ ਹੱਡੀ
ਖੇਤੀ-ਬਾੜੀ ਵਿੱਚ ਸੁਧਾਰ ਕਿਵੇਂ ਕੀਤਾ ਜਾਵੇ। ਪਰ ਉਹ ਹਰ ਪ੍ਰਕਾਰ ਦੇ
ਮਾਫੀਆ ਕਲਚਰ ਨੂੰ ਹੱਲਾਸ਼ੇਰੀ ਦੇ ਰਹੇ ਹਨ ਜਿਨ੍ਹਾਂ ਵਿੱਚ ਰੇਤ,
ਜ਼ਮੀਨ, ਟ੍ਰਾਂਸਪੋਰਟ ਅਤੇ ਕੇਬਲ ਮਾਫੀਆ ਸ਼ਾਮਲ ਹਨ। ਡਾ. ਗੁਰਇਕਬਾਲ
ਸਿੰਘ ਕਾਹਲੋਂ ਨੇ ਕਿਹਾ ਕਿ ਵੇਲਾ ਹੈ ਹੁਣ ਜਾਗਣ ਦਾ ਅਤੇ ਆਉਂਦੀਆਂ ਚੋਣਾਂ
ਵਿੱਚ ਆਪਣੀ ਵੋਟ ਦੀ ਸਹੀ ਅਤੇ ਇਮਾਨਦਾਰ ਵਰਤੋਂ ਦਾ। ਇਸ ਸਮਾਗਮ
ਦੌਰਾਨ ਹੀ ਡਾ. ਗੁਰਇਕਬਾਲ ਸਿੰਘ ਕਾਹਲੋਂ ਦੀ ਗੰਨੇ ਦੀ ਖੇਤੀ ਨੂੰ ਵੱਧ
ਲਾਭਕਾਰੀ ਬਣਾਉਣ ਵਾਸਤੇ ਆਪਣੇ ਵਿਸ਼ਾਲ ਤਜਰਬੇ ਅਤੇ ਗਿਆਨ ਦੇ ਅਧਾਰ ਤੇ
ਲਿਖੀ ਕਿਤਾਬ ਨੂੰ ਵੀ ਲੋਕ ਅਰਪਣ ਕੀਤਾ ਗਿਆ। ਜਿਸ ਵਿੱਚ ਗੰਨੇ ਦਾ ਵੱਧ
ਝਾੜ ਲੈਣ ਦੇ ਨਾਲ਼ ਨਾਲ਼ ਇਸ ਵਿੱਚ ਸਬਜ਼ੀਆਂ ਜਾਂ ਹੋਰ ਥੋੜ੍ਹ-ਚਿਰੀਆਂ
ਫਸਲਾਂ ਬੀਜ ਕੇ ਵੱਧ ਲਾਹਾ ਲੈ ਕੇ ਆਮਦਨ ਵਧਾਉਣ ਦੇ ਅਨੇਕਾਂ ਗੁਰ ਸਮਝਾਏ
ਗਏ ਹਨ। ਇਹ ਕਿਤਾਬ ਪੰਜ-ਆਬ ਪ੍ਰਕਾਸ਼ਨ, ਦੇਸ਼ ਭਗਤ ਯਾਦਗਾਰੀ ਹਾਲ, ਜਲੰਧਰ
ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
|