WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)
           

2010-2012

hore-arrow1gif.gif (1195 bytes)

ਚਾਰ ਸਾਹਿਬਜ਼ਾਦੇ
ਇਕਵਾਕ ਸਿੰਘ ਪੱਟੀ ।  12/12/2017


 

ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਨੂੰ ਚਾਰ ਸਾਹਿਬਜ਼ਾਦੇ ਕਿਹਾ ਜਾਂਦਾ ਹੈ। ਇਹਨਾਂ ਚਾਰ ਸਾਹਿਬਜ਼ਾਦਿਆਂ ਵਿੱਚ ਬਾਬਾ ਅਜੀਤ ਸਿੰਘ ਜੀ (ਜਨਮ 1687), ਬਾਬਾ ਜੁਝਾਰ ਸਿੰਘ ਜੀ (ਜਨਮ 1690) ਵੱਡੇ ਸਾਬਿਜਾਦਿਆਂ ਵੱਜੋਂ ਜਾਣੇ ਜਾਣੇ ਜਾਂਦੇ ਹਨ ਅਤੇ ਬਾਬਾ ਜ਼ੋਰਾਵਰ ਸਿੰਘ ਜੀ (ਜਨਮ 1696) ਅਤੇ ਬਾਬਾ ਫਤਹਿ ਸਿੰਘ ਜੀ (ਜਨਮ 1699) ਛੋਟੇ ਸਾਹਿਬਜ਼ਾਦਿਆਂ ਵੱਜੋਂ ਜਾਣੇ ਜਾਂਦੇ ਹਨ।

ਵੱਡੇ ਸਾਹਿਬਜ਼ਾਦਿਆਂ ਦੀ ਵਿੱਦਿਆ ਪੜ੍ਹਾਈ, ਘੋੜਸਵਾਰੀ, ਤਲਵਾਰਬਾਜ਼ੀ ਵਗੈਰਾ ਗੁਰੂ ਸਾਹਿਬ ਅਤੇ ਪ੍ਰਮੁੱਖ ਸਿੱਖ ਸੇਵਕਾਂ ਦੀ ਨਿਗਰਾਨੀ ਹੇਠ ਹੋਈ ਸੀ। ਦਸੰਬਰ 1704 ਈ: ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨੇੜੇ ਦੁਸ਼ਮਣ ਫੌਜਾਂ ਨਾਲ ਭਾਰੀ ਯੁੱਧ ਹੋਇਆ। ਸਰਸਾ ਪਾਰ ਕਰਕੇ ਰੋਪੜ ਨੇੜੇ ਵੀ ਘਮਸਾਨ ਦਾ ਯੁੱਧ ਹੋਇਆ ਅਤੇ ਆਖਰ ਚਮਕੌਰ ਦੀ ਕੱਚੀ ਗੜ੍ਹੀ ਨੁਮਾ ਹਵੇਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦਿਆਂ ਅਤੇ ਕੁੱਝ ਗਿਣਤੀ ਦੇ ਸਿੱਖਾਂ ਨੇ ਪਨਾਹ ਲਈ। ਇਸ ਦੌਰਾਨ ਹੈ ਚਮਕੌਰ ਦੀ ਆਸਵੀਂ ਜੰਗ ਵਿੱਚ ਦੁਸ਼ਮਣ ਫੋਜਾਂ ਨਾਲ ਲੋਹਾ ਲੈਂਦੇ ਹੋਏ 22 ਦਸੰਬਰ 1704 ਨੂੰ ਹੋਰਨਾਂ ਸਿੰਘਾਂ ਨਾਲ ਪਹਿਲਾ ਬਾਬਾ ਅਜੀਤ ਸਿੰਘ ਅਤੇ ਬਾਅਦ ਵਿੱਚ ਬਾਬਾ ਜੁਝਾਰ ਸਿੰਘ ਜੀ ਸ਼ਹੀਦੀ ਦਾ ਜਾਮ ਪੀ ਗਏ ਸਨ।

ਸਰਸਾ ਕੰਢੇ ਹੋਏ ਹਮਲੇ ਦੌਰਾਨ ਗੁਰੂ ਪਿਤਾ ਜੀ ਦਾ ਪਰਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪਰਵਾਰ ਤੋਂ ਵਿਛੜ ਗਏ ਜਿਨ੍ਹਾਂ ਨੂੰ ਖੇੜੀ ਪਿੰਡ ਦਾ ਗੰਗੂ ਰਸੋਈਆ ਆਪਣੇ ਨਾਲ ਆਪਣੇ ਪਿੰਡ ਲੈ ਗਿਆ ਅਤੇ ਬਾਅਦ ਵਿੱਚ ਲਾਲਚ ਵੱਸ ਆ ਕੇ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ।

ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਮੁਗਲ ਹਕੂਮਤ ਵੱਲੋਂ ਬਹੁਤ ਡਰਾਇਆ ਧਮਕਾਇਆ ਗਿਆ ਅਤੇ ਪਿਆਰ, ਛਲ-ਕਪਟ ਅਤੇ ਲਾਲਚ ਨਾਲ ਆਪਣਾ ਧਰਮ ਛੱਡਣ ਲਈ ਕਿਹਾ, ਪਰ ਜਾ ਸਾਹਿਬਜ਼ਾਦੇ ਨਾ ਮੰਨੇ ਤਾਂ ਵਜ਼ੀਰ ਖਾਨ ਦੇ ਹੁਕਮ ਨਾਲ ਆਪਣੇ ਵੱਡੇ ਵੀਰਾਂ ਚਾਰ ਦਿਨ ਬਾਅਦ 26 ਦਸੰਬਰ 1704 ਨੂੰ ਸਰਹੰਦ ਦੀ ਧਰਤੀ ਤੇ ਜਿਊਂਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ।

ਇਸ ਤਰ੍ਹਾਂ ਛੋਟੀਆਂ ਉਮਰਾਂ ਵਿੱਚ ਵੱਡੇ ਸਾਕੇ ਕਰਕੇ ਚਾਰ ਸਾਹਿਬਜ਼ਾਦੇ ਲੋਕ ਮਨਾਂ ਵਿੱਚ ਹਮੇਸ਼ਾਂ ਲਈ ਅਮਰ ਹੋ ਗਏ, ਕਿਉਂਕਿ ਉਹਨਾਂ ਆਪਣੇ ਧਰਮ ਵਿੱਚ ਪੱਕਿਆਂ ਰਹਿ ਕੇ, ਮਨੁੱਖੀ ਹੱਕਾਂ ਅਤੇ ਹੱਕ ਸੱਚ ਦੀ ਲੜਾਈ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾਉਣ ਦੀ ਪਰਵਾਹ ਨਹੀਂ ਕੀਤੀ। ਸਾਨੂੰ ਵੀ ਸਾਹਿਬਜ਼ਾਦਿਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਧਰਮ ਵਿੱਚ ਪੱਕੇ ਰਹਿ ਕੇ, ਜ਼ੁਲਮ/ਧੱਕੇ ਵਿਰੁੱਧ ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ।

ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

 

ਦਿਨ ਪੋਹ ਦੇ ਸਾਨੂੰ ਵੀ ਭੁੱਲਦੇ ਨਹੀਂ…… ਸਾਕਾ ਸਰਹੰਦ
ਇਕਵਾਕ ਸਿੰਘ ਪੱਟੀ

ਸਿੱਖ ਕੌਮ ਕੋਲ ਦੇਸ਼, ਧਰਮ, ਕੌਮ ਲਈ ਕੀਤੀਆਂ ਗਈਆਂ ਕੁਰਬਾਨੀਆਂ ਦੇ ਉਹ ਸਾਕੇ ਹਨ, ਜਿੰਨ੍ਹਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਇਹਨਾਂ ਵਿੱਚੋਂ ਹੀ ‘ਸਾਕਾ ਸਰਹੰਦ’ ਜਾਂ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਇੱਕੋ ਇੱਕ ਅਜਿਹਾ ਸਾਕਾ ਹੈ, ਜਿਸ ਵਿੱਚ ਕੇਵਲ 6 ਅਤੇ 8 ਸਾਲ ਦੀਆਂ ਉਹ ਮਹਾਨ ਆਤਮਾਵਾਂ ਨੇ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਅਣਖ਼ ਅਤੇ ਗ਼ੈਰਤ ਦਾ ਅਜਿਹਾ ਸਬੂਤ ਦਿੱਤਾ ਜਿਸਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਿਧਰੇ ਵੀ ਵੇਖਣ ਨੂੰ ਨਹੀਂ ਮਿਲਦੀ । ਅੱਜ ਵੀ ਇਸ ਸਾਕੇ ਤੋਂ ਰੋਸ਼ਨੀ ਲੈ ਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਥੇ ਵੀ ਵੱਸਦਾ ਹੈ, ਆਪਣੇ ਧਰਮ ਲਈ, ਮਾਨਵਤਾ ਦੇ ਲਈ ਮਰ ਮਿਟਣ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ।

ਗੱਲ ਉਸ ਸਮੇਂ ਦੀ ਹੈ ਜਦੋਂ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾ ਲਿਆ ਅਤੇ 6-7 ਮਹੀਨੇ ਘੇਰਾ ਜਾਰੀ ਰਿਹਾ। ਫਿਰ ਦੁਸ਼ਮਣਾਂ ਨੇ ਸਤਿਗੁਰੂ ਜੀ ਕੋਲ ਝੂਠੀਆਂ ਕਸਮਾਂ ਖਾਧੀਆਂ ਕਿ ਆਪ ਜੀ ਕਿਲ੍ਹੇ ਨੂੰ ਖਾਲੀ ਕਰ ਦੇਵੋ ਅਸੀਂ ਆਪ ਜੀ ਨੂੰ ਕੁਝ ਨਹੀਂ ਕਹਾਂਗੇ ਅਤੇ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਭਲਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਅਤੇ ਅਜੇ ਕੁੱਝ ਦੂਰ ਹੀ ਗਏ ਸਨ ਕਿ ਦੁਸ਼ਮਣਾਂ ਦੇ ਟਿੱਡੀ ਦਲ ਨੇ ਖਾਧੀਆਂ ਹੋਈਆਂ ਕਸਮਾਂ ਨੂੰ ਛਿੱਕੇ ਤੇ ਟੰਗਦਿਆਂ ਸਿੱਖਾਂ ਉਪਰ ਹਮਲਾ ਬੋਲ ਦਿੱਤਾ। ਅੱਗੇ ਸਿਰਸਾ ਨਦੀ ਵੀ ਚ੍ਹੜੀ ਹੋਈ ਸੀ। ਮੈਦਾਨ-ਏ-ਜੰਗ ਵਿੱਚ ਸਰਸਾ ਦੇ ਕੰਢੇ ਤੋਂ ਜਦੋਂ ਸਾਹਿਬੇ ਕਮਾਲ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਫਿਰ ਕਦੇ ਵੀ ਮੇਲ ਨਾ ਹੋ ਸਕਿਆ। ਤਾਂ ਪਰਿਵਾਰ ਨਾਲੋਂ ਵੱਖ ਹੋਏ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਆਪਣੇ ਪਿੰਡ ਲੈ ਗਿਆ ਅਤੇ ਲਾਲਚ ਵੱਸ ਆ ਕੇ ਛੋਟੇ ਸਾਬਿਜ਼ਾਦਿਆਂ ਦੀ ਸੂਹ ਮੋਰਿੰਡੇ ਦੇ ਥਾਣੇ ਵਿੱਚ ਜਾ ਕੇ ਸਮੇਂ ਦੀ ਜ਼ਾਲਮ ਸਰਕਾਰ ਨੂੰ ਦੇ ਦਿੱਤੀ... ਕਿ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਅਤੇ ਲਾਲ ਮੇਰੇ ਘਰ ਵਿੱਚ ਹਨ। ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵੋ ਅਤੇ ਸੂਹ ਦੇਣ ਬਦਲੇ ਰੱਖਿਆ ਇਨਾਮ ਮੈਨੂੰ ਦੇ ਦੇਵੋ। ਜਿਸ ਦੀ ਬਦੌਲਤ ਮਾਤਾ ਗੁਜਰੀ ਜੀ ਅਤੇ ਮਾਸੂਮ ਜਿੰਦਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ । ਇਹ ਦਸੰਬਰ ਮਹੀਨੇ ਦੀ ਠੰਡੀ ਰਾਤ ਸੀ ਜਦ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਅੰਦਰ ਕੈਦ ਕੀਤਾ ਗਿਆ ਸੀ ।

ਜਦੋਂ ਅਗਲੇ ਦਿਨ ਮਾਸੂਮ ਜਿੰਦਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਪੇਸ਼ ਕੀਤਾ ਜਾਣ ਲੱਗਾ ਤਾਂ ਉਸ ਵਜ਼ੀਰ ਖਾਂ ਨੇ ਸ਼ਰਾਰਤ ਨਾਲ ਕਿਲ੍ਹੇ ਦਾ ਵੱਡਾ ਦਰਵਾਜਾ ਬੰਦ ਕਰਵਾ ਦਿੱਤਾ ਅਤੇ ਛੋਟੀ ਖਿੜਕੀ ਖੋਲ੍ਹ ਦਿੱਤੀ ਤਾਂ ਕਿ ਜਦ ਛੋਟੇ ਸਾਹਿਬਜ਼ਾਦੇ ਅੰਦਰ ਆਉਣਗੇ ਤਾਂ ਉਹਨਾਂ ਦਾ ਸੀਸ ਝੁਕ ਜਾਵੇਗਾ ਅਤੇ ਅਸੀਂ ਤਾੜੀ ਮਾਰ ਕੇ ਆਖਾਂਗੇ ਕਿ ‘ਗੁਰੂ ਦਾ ਸਿੱਖ ਝੁੱਕ ਗਿਆ।’ ਪਰ, ਇਸਦੇ ਉਲਟ ਜਦ ਸਾਹਿਬਜ਼ਾਦੇ ਅੰਦਰ ਪ੍ਰਵੇਸ਼ ਕਰਨ ਲੱਗੇ ਤਾਂ ਪਹਿਲਾਂ ਖਿੜਕੀ ਰਾਹੀਂ ਆਪਣੇ ਪੈਰ ਅੰਦਰ ਕੀਤੇ ਫਿਰ ਸੀਸ ਅਤੇ ਛਾਤੀ ਤਾਨ ਕੇ ਗੱਜ ਕੇ ਫਤਹਿ ਬੁਲਾ ਦਾ ਦਿੱਤੀ। ਕੋਲ ਖੜ੍ਹਾ ਸੁੱਚਾ ਨੰਦ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਕਹਿਣ ਲੱਗਾ, “ਓਏ ! ਇਹ ਤੁਹਾਡੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ। ਇਹ ਸੂਬਾ ਸਰਹੰਦ ਵਜ਼ੀਰ ਖਾਂ ਦੀ ਕਚਹਿਰੀ ਹੈ, ਝੁੱਕ ਕੇ ਸਲਾਮ ਕਰੋ ।” ਤਾਂ ਸਾਹਿਬਜ਼ਾਦਿਆਂ ਦਾ ਜੁਆਬ ਸੀ, “ਸਾਨੂੰ ਪਤਾ ਹੈ, ਪਰ ਇਹ ਗੁਰੂ ਘਰ ਦਾ ਸਿਧਾਂਤ ਹੈ ਕਿ ਜਿੱਥੇ ਵੀ ਜਾਣਾ ਹੈ ਗੱਜ ਕੇ ਫ਼ਤਹਿ ਹੀ ਬੁਲਾਉਣੀ ਹੈ।

ਕਹਿੰਦੇ ਨੇ ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ ਜੇਕਰ ਕਿਸੇ ਦਾ ਈਮਾਨ ਡੁਲ੍ਹਾਉਣਾ ਹੋਵੇ ਤਾਂ ਤਿੰਨ ਤਰੀਕਿਆਂ ਨਾਲ ਡੁਲ੍ਹਾਇਆ ਜਾਂਦਾ ਹੈ: ਪਹਿਲਾਂ ਕਿਸੇ ਨੂੰ ਬਹੁੱਤਾ ਪਿਆਰ ਕਰ ਲਵੋ ਤਾਂ ਉਹ ਡੋਲ੍ਹ ਜਾਂਦਾ ਹੈ;  ਦੂਜਾ ਲਾਲਚ ਨਾਲ ਅਤੇ ਤੀਜਾ ਡਰਾਵਾ ਦੇ ਕੇ। ਇਹ ਤਿੰਨੇ ਤਰੀਕੇ ਗੁਰੂ ਕੇ ਲਾਲਾਂ ਤੇ ਵੀ ਅਜ਼ਮਾਏ ਗਏ।

ਪਹਿਲਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਪੁਛਿਆ ਗਿਆ ਕਿ, ‘ਬੱਚਿਓ! ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਵੱਡੇ ਹੋ ਕੇ ਕੀ ਕਰੋਗੇ? ਲ਼ਾਲ ਕਹਿਣ ਲੱਗੇ:

“ਵਿੱਚ ਜੰਗਲਾਂ ਜਾਵਾਂਗੇ, ਸਿੱਖਾਂ ਨੂੰ ਜੋੜ ਲਿਆਵਾਂਗੇ (ਭਾਵ ਇਕੱਠੇ ਕਰਾਂਗੇ)
ਸ਼ਸਤਰ ਇਕੱਠੇ ਕਰਾਂਗੇ, ਘੋੜਿਆਂ ਉਪਰ ਚੜ੍ਹਾਂਗੇ, ਨਾਲ ਤੁਹਾਡੇ ਲੜਾਂਗੇ।”

ਦਰਬਾਰੀ ਕਹਿਣ ਲੱਗੇ ਕਿ ਇਹ ਸਪੋਲੀਏ ਹਨ , ਇਹਨਾਂ ਨੂੰ ਜਿਉਂਦਿਆਂ ਨਹੀਂ ਛੱਡਣਾ ਚਾਹੀਦਾ। ਪਰ ਫਿਰ ਇੱਕ ਵਾਰੀ ਪਿਆਰ ਨਾਲ ਕਿਹਾ ਜਾਣ ਲੱਗਾ: ਤੁਸੀਂ ਬੜੇ ਮਾਸੂਮ ਹੋ, ਨਿੱਕੀਆਂ ਜਿੰਦਾਂ ਹੋ, ਤੁਹਾਨੂੰ ਕੋਹ-ਕੋਹ ਕੇ ਮਾਰ ਦਿੱਤਾ ਜਾਵੇਗਾ, ਇਸ ਲਈ ਜਿੰਦਗੀ ਜੀਉਣ ਲਈ ਸਿੱਖੀ ਦਾ ਤਿਆਗ ਕਰ ਦਿਉ ।” ਅੱਗੋਂ ਸਾਹਿਬਜ਼ਾਦੇ ਕਹਿਣ ਲੱਗੇ :

“ਦਸਮੇਸ਼ ਪਿਤਾ ਦੇ ਬੱਚੜੇ ਹਾਂ, ਭਾਗਾਂ ਵਾਲੀ ਮਾਂ ਦੇ ਜਣੇ ਹੋਏ ਹਾਂ,
ਉਤੋਂ ਮੱਖਣ ਵਰਗਾ ਮਾਹੌਲ ਨਾ ਸਮਝੀਂ, ਅੰਦਰੋਂ ਫੌਲਾਦ ਦੇ ਬਣੇ ਹੋਏ ਹਾਂ ।”

ਤਾਂ ਵਜ਼ੀਰ ਖਾਂ ਕਹਿਣ ਲੱਗਾ, “ਤੁਸੀਂ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ” ਤਾਂ ਗੁਰੁੂ ਕੇ ਲਾਲ ਕਹਿਣ ਲੱਗੇ, “ਇਹ ਸ਼ਹਾਦਤਾਂ ਦਾ ਡਰ ਕਿਸੇ ਹੋਰ ਨੂੰ ਦੇਵੀਂ, ਅਸੀਂ ਸ਼ਹੀਦੀ ਤੋਂ ਡਰਨ ਵਾਲੇ ਨਹੀਂ । ਅਸੀ ਕੌਮ ਤੋਂ ਕੁਰਬਾਨ ਹੋਣਾ ਚੰਗੀ ਤਰ੍ਹਾਂ ਜਾਣਦੇ ਹਾਂ। ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੁੜ੍ਹਤੀ ਦਿੱਤੀ ਹੈ ਕਿ

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥

(ਸਲੋਕ ਵਾਰਾਂ ਤੇ ਵਧੀਕ ਮ.1, ਪੰਨਾ 1412)

ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ, ਔਹ ਵੇਖ ਲੈ ਆਰ ਦੇ ਦੰਦੇ ।”
ਤਾਂ ਅਗੋਂ ਜਵਾਬ ਸੀ, “ਮਤੀ ਦਾਸ ਦੇ ਸਿਰ ‘ਤੇ ਐ ਜ਼ਾਲਮ, ਇਹ ਦੰਦੇ ਅਜ਼ਮਾ ਕੇ ਵੇਖ ਲਏ ਨੇ ।”
ਵਜ਼ੀਰ ਖਾਂ ਫਿਰ ਕਹਿਣ ਲੱਗਾ, ਸੋਚ ਫਤਹਿ ਸਿੰਘ ਸੋਚ, ਨਹੀਂ ਤਾਂ ਮੱਛੀ ਵਾਂਗੂ ਲੋਹ ਤੇ ਤਲਸਾ।”
ਤਾਂ ਅਗੋਂ ਜਵਾਬ ਸੀ,“ਓਏ ਮੇਰੇ ਬਾਬੇ ਅਰਜਨ ਨੇ, ਇਸਤੇ ਵੀ ਅੰਗ ਤੁਲਵਾ ਕੇ ਦੇਖ ਲਏ ਨੇ।”
ਤਾਂ ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ ਦੇਗਾਂ ਵਿੱਚ ਆਲੂਆਂ ਵਾਗ ਉਬਾਲੇ ਜਾਸੋ ।”
ਅਗੋਂ ਜਵਾਬ ਆਇਆ, “ਓਏ ਗੁਰਸਿੱਖੀ ਲਈ ਭਾਈ ਦਿਆਲੇ ਨੇ, ਕਈ ਉਬਾਲੇ ਖਾ ਕੇ ਦੇਖ ਲਏ ਨੇ।”

ਸਾਹਿਬਜ਼ਾਦੇ ਕਹਿਣ ਲੱਗੇ, “ਤੂੰ ਜਿੰਨਾਂ ਮਰਜ਼ੀ ਜ਼ੁਲਮ ਕਰ ਲੈ, ਪਰ ਸਾਨੂੰ ਆਪਣੀ ਈਨ ਨਹੀਂ ਮੰਨਵਾ ਸਕਦਾ, ਅਸੀਂ ਕਿਸੇ ਵੀ ਹਾਲਤ ਵਿੱਚ ਸਿੱਖੀ ਨਹੀਂ ਛੱਡਾਂਗੇ।” ਅਸੀਂ ਸਿੱਖ ਹਾਂ ਅਤੇ ਆਪਾ ਮਿਟਾ ਕੇ ਗੁਰੂ ਦੇ ਵਿੱਚ ਲੀਨ ਹੋਵਾਂਗੇ, ਕਿਉਂਕਿ ਜੋ ਸਿੱਖ ਉਸਨੇ ਆਪਣਾ ਤਨ, ਮਨ ਅਤੇ ਧਨ ਗੁਰੂ ਨੂੰ ਹੀ ਅਰਪਣ ਕਰਨਾ ਹੈ ਅਤੇ ਸਿਰਫ ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਹੀ ਸਤਿ ਸਤਿ ਕਰਕੇ ਮੰਨਣਾ ਹੈ। ਸਾਡਾ ਸਿਧਾਂਤ ਹੈ

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥
(ਰਾਮਕਲੀ ਮ. 3, ਪੰਨਾ 918)

ਹੁਣ ਦੂਸਰਾ ਤਰੀਕਾ ਵਰਤਿਆ ਜਾਣ ਲੱਗਾ ਅਤੇ ਵਜ਼ੀਰ ਖਾਂ ਗੁਰੂ ਕੇ ਲਾਲਾਂ ਨੂੰ ਲਾਲਚ ਦੇ ਕੇ ਕਹਿਣ ਲੱਗਾ, ਕਿ ਤੁਹਾਨੂੰ ਤਖ਼ਤ ਤੇ ਤਾਜ਼ ਮਿਲੇਗਾ । ਤਾਂ ਅੱਗੋਂ ਜੁਆਬ ਸੀ,

“ਜੁੱਤੀ ਦੀ ਇੱਕ ਠੋਕਰ ਨਾਲ ਤਖ਼ਤ ਤੇ ਤਾਜ਼ ਠੁਕਰਾ ਸਕਦੇ ਹਾਂ,
ਨੀਹਾਂ ਵਿੱਚ ਚਿਣਵਾ ਕੇ ਆਪਾ, ਰੋਮ-ਰੋਮ ਮੁਸਕਰਾ ਸਕਦੇ ਹਾਂ ।”

ਵਜ਼ੀਰ ਖਾਂ ਕਹਿਣ ਲੱਗਾ ਕਿ ਤੁਹਾਨੂੰ ਪਤਾ ਨਹੀਂ ਕਿ ਤਖ਼ਤ ਤਾਜ ਦੀ ਕੀਮਤ ਕਿੰਨੀ ਹੈ ? ਤੁਹਾਨੂੰ ਹੂਰਾਂ ਦੇ ਡੋਲੇ ਮਿਲਣਗੇ। ਪਰ ਸਾਹਿਬਜ਼ਾਦਿਆਂ ਦਾ ਇੱਕੋ ਜਵਾਬ ਸੀ ਕਿ ਸਾਨੂੰ ਆਪਣੀ ਸਿੱਖੀ ਤੋਂ ਵੱਧ ਕੁਝ ਵੀ ਪਿਆਰਾ ਨਹੀਂ। ਸਾਡੀ ਸਿੱਖੀ ਤੋਂ ਕੀਮਤੀ ਸ਼ੈਅ ਦੁਨੀਆਂ ਤੇ ਕੋਈ ਹੋਰ ਹੋ ਈ ਨਹੀਂ ਸਕਦੀ। ਅਸੀਂ ਤੇਰੇ ਰਾਜ ਭਾਗ ਨੂੰ ਸਿੱਖੀ ਸਾਹਮਣੇ ਤੁੱਛ ਸਮਝਦੇ ਹਾਂ।

ਜਦ ਸਫਲਤਾ ਹੱਥ ਨਾ ਲੱਗੀ ਤਾਂ ਅੰਤ ਵਜ਼ੀਰ ਖਾਂ ਨੇ ਕਾਜ਼ੀ ਨਾਲ ਸਲਾਹ ਕਰਨ ਤੋਂ ਬਾਅਦ ਇਹ ਫ਼ਤਵਾ ਦੇ ਦਿੱਤਾ ਗਿਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ । ਇੱਕ ਵਾਰ ਫਿਰ ਵਜ਼ੀਰ ਖਾਂ ਨੇ ਜੱਲਾਦਾਂ ਦੇ ਜ਼ਰੀਏ ਲਾਲਾਂ ਨੂੰ ਡਰਾ ਕੇ ਸਿੱਖੀ ਤਿਆਗਣ ਲਈ ਕਿਹਾ । ਜੱਲਾਦ ਕਹਿਣ ਲੱਗੇ ਬੱਚਿਉ, ਤੁਸੀਂ ਮਾਸੂਮ ਜਿੰਦਾਂ ਹੋ, ਵਜ਼ੀਰ ਖਾਂ ਦਾ ਆਖਾ ਮੰਨ ਲਉ, ਅਗੇ ਕਹਿਣ ਲੱਗੇ ਅਸੀ ਖਾਨਦਾਨੀ ਜੱਲਾਦ ਹਾਂ, ਤੁਹਾਡੇ ਵਰਗੇ ਕਈ ਮਾਰ ਛੱਡੇ ਹਨ । ਧਰਮ ਨੂੰ ਛੱਡ ਦਿਉ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ । ਸਾਹਿਬਜ਼ਾਦੇ ਜੋਸ਼ ਵਿੱਚ ਆ ਕੇ ਕਹਿਣ ਲੱਗੇ, ਤੁਸੀ ਵੀ ਸਾਡੀ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਵੋ, “ਜੇ ਤੁਸੀ ਖ਼ਾਨਦਾਨੀ ਜੱਲਾਦ ਹੋ ਨਾ, ਤਾਂ ਫਿਰ ਅਸੀਂ ਵੀ ਖ਼ਾਨਦਾਨੀ ਸ਼ਹੀਦ ਹਾਂ । ਤੁਸੀਂ ਚੁੱਪ ਕਰਕੇ ਆਪਣਾ ਕੰਮ ਕਰੀ ਜਾਵੋ ।“ ਅਤੇ ਕਹਿਣ ਲੱਗੇ ਤੂੰ ਸਾਡੇ ਵੰਸ਼ ਦੀ ਰੀਤ ਨਹੀਂ ਸੁਣੀਂ ਤਾਂ ਸੁਣ ਲੈ :

ਹਮਰੇ ਬੰਸ ਰੀਤਿ ਇਮ ਆਈ । ਸੀਸ ਦੇਤਿ ਪਰ ਧਰਮ ਨਾ ਜਾਈ ॥ ਆਖਿਰ ਕਹਿੰਦਿਆਂ :
ਸਦ ਸਾਲ ਔਰ ਜੀ ਕੇ ਵੀ, ਮਰਨਾ ਜ਼ਰੂਰ ਥਾ ॥ ਸਰ ਕੌਮ ਸੇ ਬਚਾਨਾ ਗ਼ੈਰਤ ਸੇ ਦੂਰ ਥਾ ॥
ਹਮ ਜਾਨ ਦੇਕਰ ਔਰੋਂ ਕੀ ਜਾਨ ਬਚਾ ਚਲੇ ॥ ਸਿੱਖੀ ਕੀ ਨੀਂਵ ਸਿਰੋਂ ਪੇ ਉਠਾ ਚਲੇ॥

ਜਦੋਂ ਕੰਥ ਛਾਤੀ ਤੱਕ ਅੱਪੜ ਗਈ ਤਾਂ ਆਰਜ਼ੀ ਢਾਂਚਾ ਧੜੱਮ ਡਿੱਗ ਪਿਆ ਅਤੇ ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਗਿਆ, ਜੋ ਮੁੜ ਕਦੇ ਹੋਸ਼ ਵਿੱਚ ਨਾ ਆਏ । ਦੂਜੇ ਪਾਸੇ ਮਾਤਾ ਗੁਜ਼ਰ ਕੌਰ ਜੀ ਵੀ ਅੱਤ ਦੀ ਠੰਡ ਵਿੱਚ ਸਾਹਿਬਜ਼ਾਦਿਆਂ ਬਾਰੇ ਖਬਰ ਸੁਣ ਕੇ ਆਪਣੇ ਪ੍ਰਾਣ ਤਿਆਗ ਚੁੱਕੇ ਸਨ । ਹੱਸਦਿਆਂ-ਹੱਸਦਿਆਂ ਦੋਵੇ 6 ਅਤੇ 8 ਸਾਲ ਦੀ ਉਮਰ ਦੇ ਮਾਸੂਮ ਪਰ ਵੱਡੇ ਕਾਰਨਾਮੇ ਕਰਨ ਵਾਲੇ ਗੁਰੁੂ ਗੋਬਿੰਦ ਸਿੰਘ ਜੀ ਦੇ ਲੱਖਤੇ ਜਿਗਰ ਸ਼ਹੀਦੀਆਂ ਪਾ ਗਏ ਪਰ ਜਾਲਮ ਸਰਕਾਰ ਅਤੇ ਸਿੱਖੀ ਦੇ ਦੁਸ਼ਮਣਾਂ ਦੀ ਗੱਲ ਨਹੀਂ ਮੰਨੀ ਅਤੇ ਉਹਨਾਂ ਦਾ ਸੁਪਨਾ ਕਦੇ ਵੀ ਪੂਰਾ ਨਾ ਹੋਣ ਦਿੱਤਾ। ਉਸ ਸਮੇਂ ਦਾ ਹਾਲ ਲਿਖਿਆ ਹੈ ਜੋਗੀ ਅੱਲਾ ਯਾਰ ਖਾਂ ਨੇ:

ਠੋਡੀ ਤਕ ਈਂਟੇਂ ਚੁਨ ਦੀ ਗਈਂ ਮੂੰਹ ਤਕ ਆ ਗਈਂ,
ਬੀਨੀ (ਨੱਕ) ਕੋ ਢਾਪਤੇ ਹੀ ਵੁਹ ਆਖੋਂ ਪਰ ਛਾ ਗਈ।
ਹਰ ਚਾਂਦ ਸੀ ਜਬੀਨ (ਮੱਥਾ) ਕੋ ਘਨ (ਗ੍ਰਹਣ) ਸਾ ਲਗਾ ਗਈ,
ਲਖ੍ਹਤੇ-ਜਿਗਰ (ਜਿਗਰ ਦੇ ਟੋਟੇ) ਗੁਰੂ ਕੇ ਵਹੁ ਦੋਨੋਂ ਛੁਪਾ ਗਈ।
ਜੋਗੀ ਜੀ ਇਸ ਕੇ ਬਾਦ ਹੁਈ ਥੋੜੀ ਦੇਰ ਥੀ,
ਬਸਤੀ ਸਰਹੰਦ ਸ਼ਹਿਰ ਕੀ, ਈਟੋਂ ਕਾ ਢੇਰ ਥੀ।

ਗੁਰੂ ਘਰ ਦੇ ਇੱਕ ਉਪਾਸ਼ਕ ਦੀਵਾਨ ਟੋਡਰ ਮੱਲ੍ਹ ਨੇ ਇਹਨਾਂ ਤਿੰਨ੍ਹਾਂ ਸ਼ਹੀਦਾਂ ਦੀਆਂ ਦੇਹਾਂ ਦੇ ਅੰਤਿਮ ਸੰਸਕਾਰ ਕਰਨ ਦਾ ਪ੍ਰਬੰਧ ਕੀਤਾ । ਸਸਕਾਰ ਲਈ ਜ਼ਮੀਨ ਦਾ ਇੱਕ ਟੁੱਕੜਾ ਬੜੀ ਭਾਰੀ ਕੀਮਤ ਅਦਾ ਕਰਕੇ ਖ੍ਰੀਦਿਆ ਗਿਆ । ਸਬੰਧਿਤ ਧਰਤੀ ਦੇ ਟੁੱਕੜੇ ‘ਤੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਮੁੱਲ ਉਤਾਰਿਆ ਸੀ ।

ਮਹਾਨ ਪੱਛਮੀ ਵਿਦਵਾਨ ਮਿਸਟਰ ਟਰੰਪ ਨੇ ਇਸ ਤੋਂ ਪ੍ਰਭਾਵਿਤ ਹੋ ਕੇ ਦਾਅਵੇ ਨਾਲ ਕਹਿ ਦਿੱਤਾ ਸੀ ਕਿ, ‘ਜਦ ਤੱਕ ਸਿੱਖਾਂ ਕੋਲ ਇਹ ਜ਼ਮੀਨ ਹੈ, ਉਤਨਾ ਚਿਰ ਸਿੱਖ ਧਰਮ 'ਡੋਲ ਨਹੀਂ ਸਕਦਾ, ਕਦੇ ਮਿਟ ਨਹੀਂ ਸਕਦਾ।’ ਪੁੱਛਿਆ : ਕਿਹੜੀ ਜ਼ਮੀਨ ਬਾਰੇ ਕਹਿ ਰਹੇ ਹੋ ?

ਤਾਂ ਉਸ ਨੇ ਜੁਆਬ ਵਿੱਚ ਕਿਹਾ: ‘ਉਹ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਮਾਸੂਮ ਬਾਲ ਦੀਵਾਰ ਵਿੱਚ ਚਿਣੇ ਗਏ ਸਨ।’ ਤੇ ਦੂਜੀ ਉਹ, ‘ਜਿੱਥੇ ਮਾਤਾ ਗੁਜ਼ਰੀ ਸਮੇਤ ਉਨਾਂ ਦੇ ਸਰੀਰਾਂ ਦਾ ਸਸਕਾਰ ਟੋਡਰ ਮੱਲ੍ਹ ਜੀ ਨੇ ਹਾਕਮ ਤੋਂ ਮੋਹਰਾਂ ਵਿਛਾ ਕੇ ਥਾਂ ਮੁੱਲ ਲੈ ਕੇ ਕੀਤਾ ਸੀ।’

ਸਾਕਾ ਸਰਹੰਦ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ । ਇਹ ਸਾਕਾ ਮੁਗਲ ਹਕੂਮਤ ਨੂੰ ਬਹੁੱਤ ਮਹਿੰਗਾ ਪਿਆ । ਇਹ ਸਾਕਾ ਸਰਹੰਦ ਦਾ ਹੀ ਪ੍ਰਤੀਕਰਮ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸ਼ਾਂਤੀ ਮੱਠ ਨੂੰ ਅਲਵਿਦਾ ਆਖ ਕੇ, ਦੋਸ਼ੀਆਂ ਨੂੰ ਆਪਣੇ ਪਾਪਾਂ ਦੀ ਸਜ਼ਾ ਦੇਣ ਲਈ, ਪੰਜਾਬ ਦੇ ਇਤਿਹਾਸਕ ਰੰਗ ਮੰਚ ‘ਤੇ ਅਚਾਨਕ ਇੱਕ ਨਾਇਕ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ । ਜਿੱਤਾਂ ਦੇ ਇੱਕ ਲੰਮੇ ਸਿਲਸਲੇ ਅਤੇ ਹਰ ਮੈਦਾਨ ਫ਼ਤਹਿ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿਤਮਾਂ ਦੀ ਨਗਰੀ ਸਰਹੰਦ ਵੱਲ ਵਾਂਗਾਂ ਮੋੜੀਆਂ ।

ਬੰਦਾ ਸਿੰਘ ਬਹਾਦਰ ਨੇ ਸਰਹੰਦ ਤੋਂ 12 ਮੀਲ ਦੀ ਵਿੱਥ ਤੇ ਚੱਪੜਚਿੜੀ ਮੈਦਾਨ ਆ ਮੱਲਿਆ । 12 ਮਈ 1710 ਨੂੰ ਸੂਬੇਦਾਰ ਵਜ਼ੀਰ ਖਾਂ ਦੀ ਫੌਜ ਨਾਲ ਘਮਸਾਨ ਦਾ ਯੁੱਧ ਹੋਇਆ । ਇਸ ਯੁੱਧ ਵਿੱਚ ਸਾਕਾ ਸਰਹੰਦ ਦਾ ਮੁੱਖ ਦੋਸ਼ੀ ਸੂਬੇਦਾਰ ਵਜ਼ੀਰ ਖਾਨ ਮਾਰਿਆ ਗਿਆ। ਇਸ ਤਰ੍ਹਾਂ ਸਿੱਖਾਂ ਦੀ ਜਿੱਤ ਹੋਈ ਅਤੇ ਇਸ ਜਿੱਤ ਤੋਂ ਬਾਅਦ ਸਿੱਖਾਂ ਨੇ ਮੁੜ ਕੇ ਨਹੀਂ ਦੇਖਿਆ।

ਇਸ ਚੜ੍ਹਤ ਦੌਰਾਨ ਬੰਦਾ ਸਿੰਘ ਬਹਾਦਰ ਨੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ ਅਤੇ ਗੁਰੂ ਸਾਹਿਬਾਨ ਦੇ ਨਾਮ ਦਾ ਸਿੱਕਾ ਜਾਰੀ ਕੀਤਾ। ਇਹ ਸਾਕਾ ਸਹਿੰਦ ਦੇ ਤੀਖੇ ਪ੍ਰਤੀਕਰਮ ਵੱਜੋਂ ਹੀ ਸੰਭਵ ਹੋ ਸਕਿਆ ਕਿ ਸਿੱਖਾਂ ਨੇ ਹਿੰਦੁਸਤਾਨ ‘ਤੇ ਚੱਲੀ ਆ ਰਹੀ ਸਦੀਆਂ ਦੀ ਗੁਲਾਮੀ ਤੋਂ ਬਾਅਦ ਮੁਗਲਾਂ ‘ਤੇ ਜਿੱਤ ਪ੍ਰਾਪਤ ਕਰਕੇ ਗਜਨਵੀ, ਤੈਮੂਰ ਅਤੇ ਬਾਬਰ ਦੇ ਖਾਨਦਾਨ ਦੇ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਅਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ । ਹੁਣ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਰਹੰਦ ਦੀ ਉਹ ਖੂਨੀ ਦੀਵਾਰ ਸਿਖ ਰਾਜ ਦਾ ਨੀਂਹ ਪੱਥਰ ਹੋ ਨਿਬੜੀ। ਅੱਜ ਵੀ ਸਾਕਾ ਸਰਹੰਦ ਸਿੱਖਾਂ ਲਈ ਸ਼ਕਤੀ ਦਾ ਇੱਲ ਸੋਮਾ ਹੈ।

ਗੁਰੂ ਜੀ ਦੇ ਸਿੰਘਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਕੁੱਝ ਸਾਲਾਂ ਵਿੱਚ ਹੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਜਾਲਮ ਰਾਜ ਦਾ ਅੰਤ ਕਰ ਦਿੱਤਾ । ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖਾਲਸਾ ਰਾਜ ਦੀ ਨੀਂਹ ਰੱਖੀ ਗਈ ।

ਸੰਸਾਰ ਵਿੱਚ ਪਹਿਲੀ ਵਾਰ ਲੋਕ ਰਾਜ ਸਥਾਪਿਤ ਹੋਇਆ । ਪੰਦਰਾਂ ਸਾਲਾਂ ਵਿੱਚ ਹੀ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਝੁਲਾ ਦਿੱਤਾ ਸੀ । ਇੱਕ ਸਦੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਪਰ ਇਹਨਾਂ ਦੀ ਗਿਣਤੀ ਵਿੱਚ ਵਾਧਾ ਹੀ ਹੁੰਦਾ ਰਿਹਾ । ਸਿੱਖ ਇਤਿਹਾਸ ਹੀ ਅਜਿਹਾ ਹੈ ਜਿਹੜਾ ਸ਼ਹੀਦੀਆਂ ਦੀ ਗਾਥਾ ਹੈ, ਮਨੁੱਖੀ ਹੱਕਾਂ ਦੀ ਰਾਖੀ ਦਾ ਬ੍ਰਿਤਾਂਤ ਹੈ, ਸੱਚ, ਹੱਕ ਅਤੇ ਲੋਕਰਾਜ ਦੀ ਸਥਾਪਤੀ ਦਾ ਨਿਸ਼ਾਨ ਹੈ।

ਠੀਕ ਲਿਖਿਆ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ ਭਾਈ ਬਲਬੀਰ ਸਿੰਘ ਜੀ ਨੇ ਕਿ, “ਸਰਹਿੰਦ ਦੀ ਦੀਵਾਰ ਇੱਕ ਨਮਖੀਨਾ ਹੈ, ਜਿਸਤੋਂ ਗੁਰੂ ਗੋਬਿੰਦ ਸਿੰਘ ਪਿਤਾ ਦੇ ਜਿਗਰ ਦੀ ਬੁਲੰਦੀ ਦੇਖੀ ਜਾ ਸਕਦੀ ਹੈ। ਇਹ ਦੀਵਾਰ ਇੱਕ ਤਰਾਜੂ ਹੈ, ਜਿਸ ਵਿੱਚ ਦੁਸ਼ਟਾਂ ਦਾ ਵਹਿਸ਼ੀਪੁਣਾ ਤੋਲਿਆ ਜਾ ਸਕਦਾ ਹੈ।”

ਬੇਸ਼ੱਕ ਇੱਕ ਮਨੌਤ ਪ੍ਰਚੱਲਿਤ ਹੈ ਕਿ ਟੁੱਟੇ ਸਾਜਾਂ ਵਿੱਚੋਂ ਸੰਗੀਤ ਪੈਦਾ ਨਹੀਂ ਕੀਤਾ ਜਾ ਸਕਦਾ ਅਤੇ ਬੁਝ ਚੁੱਕੀਆਂ ਸ਼ਮ੍ਹਾਂ ਰੋਸ਼ਨੀ ਨਹੀਂ ਦਿੰਦੀਆਂ ਪਰ ਸ਼ਾਇਰ ਕੁੰਦਨ ਇਸਨੂੰ ਅਪ੍ਰਵਾਣ ਕਰਦਾ ਹੋਇਆ ਸਰਹੰਦ ਦੀ ਦੀਵਾਰ ਬਾਰੇ ਲਿਖਦਾ ਹੈ :

ਸਾਜ਼ਾਂ ਟੁੱਟ ਕੇ ਗਾਇਆ, ਇਸ਼ਕ ਦੇ ਇੱਕ ਤਰਾਨੇ ਨੂੰ ।
ਸ਼ਮ੍ਹਾਂ ਬੁੱਝ ਕੇ ਵੀ ਦੇ ਰਹੀਆਂ, ਚਾਨਣ ਜ਼ਮਾਨੇ ਨੂੰ ।

ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਸਾਜ ਬੇਸ਼ੱਕ ਸਦੀਆਂ ਪਹਿਲਾਂ ਟੁੱਟ ਗਏ, ਪਰ ਅੱਜ ਵੀ ਅਣਖ਼ ਅਤੇ ਗ਼ੈਰਤ ਦਾ ਸੰਗੀਤ ਸੁਣਾਈ ਦਿੰਦਾ ਹੈ । ਦਸਮੇਸ਼ ਪਿਤਾ ਦੇ ਦੋ ਦੀਪਕ ਬੁਝਿਆਂ ਨੂੰ ਸਮਾਂ ਬੀਤ ਗਿਆ, ਪਰ ਸਿੱਖੀ ਦੇ ਚਾਉ ਦਾ ਚਾਨਣ ਅੱਜ ਵੀ ਮਿਲ ਰਿਹਾ ਹੈ । ਠੀਕ ਲਿਖਿਆ ਹੈ ਕਿਸੇ ਸਾਇਰ ਨੇ:

ਕੋਈ ਕੌਮ ਮਹਿਰਮ ਨੂੰ ਮੰਨਦੀ ਹੈ, ਵੱਡੇ ਦਿਨਾਂ ਦਾ ਕੋਈ ਹੈ ਧਿਆਨ ਧਰਦਾ।
ਦਿਨ ਪੋਹ ਦੇ ਸਾਨੂੰ ਵੀ ਭੁੱਲਦੇ ਨਹੀਂ, ਡਿੱਠਾ ਜਦੋਂ ਦਸਮੇਸ਼ ਨੂੰ ਦਾਨ ਕਰਦਾ।

ਪਰ ਅਤਿ ਅਫਸੋਸ ਕੌਮ ਦੇ ਵਾਰਿਸ ਐ ਨੌਜਵਾਨ ਵੀਰੋ ਅਤੇ ਭੈਣੋਂ ਅੱਜ ਸ਼ੀਸ਼ੇ ਅੱਗੇ ਖੜੇ ਹੋ ਕੇ ਆਪਣੀਆਂ ਸ਼ਕਲਾਂ ਦੇਖੋ ਕਿ ਤੁਸੀਂ ਵਾਕੇਈ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੇ ਵੀਰ ਅਤੇ ਭੈਣਾਂ ਅਖਵਾਉਣ ਦੇ ਹੱਕਦਾਰ ਹੋ ? ਅੱਜ ਤੁਸੀ ਆਪਣੇ ਕੇਸ-ਦ੍ਹਾੜੀਆਂ ਕਤਲ ਅਤੇ ਰੋਮਾਂ ਦੀ ਬੇਅਦਬੀ ਕਰ ਕੇ, ਅਤੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਕੇ ਆਪਣੇ ਅਮੀਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹੋ। ਇੰਨੇ ਅਮੀਰ ਵਿਰਸੇ ਦੀ ਮਾਲਿਕ ਸਿੱਖੀ ਅੱਜ ਗਰੀਬ ਕਿਉਂ ਹੁੰਦੀ ਜਾ ਰਹੀ ਹੈ? ਜਾਗ ਨੌਜਵਾਨ ਜਾਗ ਸਾਡੇ ਸਿਰ ਤੇ ਉਹਨਾਂ ਮਹਾਨ ਸ਼ਹੀਦਾਂ ਦਾ ਕਰਜ਼ ਹੈ –

“ਹਮਰੈ ਮਸਤਕਿ ਦਾਗੁ ਦਗਾਨਾ, ਹਮ ਕਰਜ ਗੁਰੂ ਬਹੁ ਸਾਢੇ ॥” (ਪੰਨਾ-171)

ਆਜਾ ਵਾਪਿਸ ਅਤੇ ਮੁੜ ਸਾਬਤ ਸੂਰਤ ਅਤੇ ਸਿਰ ਸੋਹਣੀ ਦਸਤਾਰ ਸਜਾ ਕੇ ਸਿੱਖ ਹੋਣ ਤੇ ਮਾਣ ਕਰ । ਅਤੇ ਸਾਹਿਬਜ਼ਾਦਿਆਂ ਦੇ ਵੀਰ ਕਹਾਉਣ ਦਾ ਹੱਕ ਹਾਸਿਲ ਕਰੀਏ। ਆਉ! ਸ਼ਾਹਿਬਜ਼ਾਦਿਆਂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਈਏ ਕਿਉਂਕਿ ਉਹ ਕੌਮਾਂ ਹਮੇਸ਼ਾਂ ਜਿਊਂਦੀਆਂ ਰਹਿੰਦੀਆਂ ਹਨ ਜਿੰਨਾਂ ਦੇ ਪੈਰੋਕਾਰ ਧਰਮ ਲਈ ਕੁਰਬਾਨੀਆਂ ਕਰ ਜਾਂਦੇ ਹਨ:

ਅਮਰ ਰਹਿੰਦੀਆਂ ਜਗ ਤੇ ਉਹ ਕੌਮਾਂ, ਵੀਰ ਜਿੰਨ੍ਹਾਂ ਦੇ ਘਾਲਣਾ ਘਾਲਦੇ ਨੇ।
ਛੰਨੇ ਦੇ ਫੜ੍ਹ ਕੇ ਪੁੱਤ ਜਿਸਦੇ, ਆਪਣੀ ਕੌਮ ਨੂੰ ਅੰਮ੍ਰਿਤ ਪਿਲਾਂਵਦੇ ਨੇ।

ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

 

(ਸਾਕਾ ਚਮਕੌਰ)
ਜਿਸ ਜਗ੍ਹਾ ਪਰ ਹੈ ਬੱਚੋਂ ਕੋ ਕਟਾਨਾ, ਯਹ ਵੁਹੀ ਹੈ…
ਇਕਵਾਕ ਸਿੰਘ ਪੱਟੀ

ਦਸੰਬਰ 1704 ਦਾ ਉਹ ਸ਼ਹੀਦੀ ਹਫ਼ਤਾ ਜਦੋਂ ਮੇਰੇ ਚੋਜੀ ਪ੍ਰੀਤਮ, ਸਾਹਿਬ-ਏ-ਕਮਾਲ, ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ਤੇ ਕਹਿਰ ਬਣ ਕੇ ਆਇਆ, ਜਦ ਜੁਲਮ ਦੀ ਵੀ ਅੱਤ ਹੋ ਗਈ। ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 6 ਮਹੀਨੇ ਦੇ ਲੰਬੇ ਸਮੇਂ ਦੇ ਘੇਰੇ ਤੋਂ ਬਾਅਦ, ਕਿਸ ਤਰ੍ਹਾਂ ਜਦ ਝੂਠੀਆਂ ਕਸਮਾਂ ਖਾ ਕੇ ਦਸਮੇਸ਼ ਪਿਤਾ ਜੀ ਨੂੰ ਕਿਲ੍ਹਾ ਖਾਲੀ ਕਰਨ ਲਈ ਕਿਹਾ ਗਿਆ ਅਤੇ ਬਾਅਦ ਵਿੱਚ ਜਿਸ ਤਰ੍ਹਾਂ ਉਹਨਾਂ ਕਸਮਾਂ ਨੂੰ ਛਿੱਕੇ ਤੇ ਟੰਗ ਕੇ ਦਸਮੇਸ਼ ਪਿਤਾ ਦੇ ਭੁੱਖੇ-ਭਾਣੇ ਸਿੱਖਾਂ, ਅਤੇ ਗੁਰੂ ਸਾਹਿਬ ਦੇ ਪੂਰੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ।

ਪਿੱਛੇ ਜਾਲਮ ਫੌਜਾਂ ਦਾ ਟਿੱਡੀ ਦਲ, ਦੂਜੇ ਪਾਸੇ ਗਿਣਤੀ ਵਿੱਚ ਸਿੱਖਾਂ ਦੀ ਗਿਣਤੀ ਅਤੇ ਉਹਨਾਂ ਦਾ ਪੂਰਾ ਪਰਿਵਾਰ, ਅੱਗੇ ਸਰਸਾ ਨਦੀ ਵੀ ਚੜ੍ਹੀ ਹੋਈ ਅਤੇ ਉਤੋਂ ਪੋਹ ਦਾ ਸਰਦ ਮਹੀਨਾ ਅਤਿ ਦੀ ਠੰਡੀ ਰਾਤ ਦਾ ਸਮਾਂ ਤੇ ਅੱਗੇ ਸਰਸਾ ਦਾ ਠੰਡਾ ਪਾਣੀ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਿੰਘਾਂ ਨੇ ਆਪਣੇ ਘੌੜੇ ਸਰਸਾ ਨਦੀ ਵਿੱਚ ਠੇਲ੍ਹ ਦਿੱਤੇ। ਇਸ ਸਰਸਾ ਨਦੀ ਦੇ ਕੰਢੇ ਤੇ ਸਗਿੁਰੂ ਜੀ ਦਾ ਪਰਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ, ਜੋ ਮੁੜ ਕਦੇ ਮਿਲ ਨਾ ਸਕਿਆ। ਇੱਕ ਕਵੀ ਲਿਖਦਾ ਹੈ:

ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਏਸ ਪਾਸੇ, ਜੋੜੀ ਓਸ ਪਾਸੇ।

ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇੱਕ ਪਾਸੇ, ਗੁਰੂ ਕੇ ਮਹਿਲ ਇੱਕ ਪਾਸੇ ਅਤੇ ਸਤਿਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਕੁੱਲ 40 ਸਿੰਘਾਂ ਦੇ ਨਾਲ ਤੀਜੇ ਹਿੱਸੇ ਵਿੱਚ ਵੰਡੇ ਇੱਕ ਪਾਸੇ ਨੂੰ ਚੱਲ ਪਏ। ਪੂਰਾ ਪਰਿਵਾਰ ਵਿਛੜ ਗਿਆ, ਉਸ ਸਥਾਨ ਤੇ ਅੱਜ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਸਥਿਤ ਹੈ।

ਰਸਤੇ ਵਿੱਚ ਚਲਦਿਆਂ ਗੁਰੂ ਕੇ ਸਿੰਘਾ ਨੇ ਪਾਤਸ਼ਾਹ ਨੂੰ ਸਵਾਲ ਕਰ ਦਿੱਤਾ, ਪਾਤਸ਼ਾਹ ਜੀਉ! ਛੋਟੇ ਸਾਹਿਬਜ਼ਾਦੇ ਕਿੱਧਰ ਨੂੰ ਚਲੇ ਗਏ ਹਨ? ਤਾਂ ਪਾਤਸ਼ਾਹ ਮੁਸਕਰਾਉਂਦੇ ਹੋਏ ਕਹਿਣ ਲੱਗੇ, ਉਹ ਆਪਣਾ ਫਰਜ਼ ਨਿਭਾਉਣ ਲਈ ਆਪਣੀ ਮੰਜਿਲ ਨੂੰ ਚਲੇ ਗਏ ਹਨ ਤਾਂ ਸਿੱਖਾਂ ਨੇ ਦੂਜਾ ਸਵਾਲ ਕਰ ਦਿੱਤਾ ਕਿ ਸਤਿਗੁਰੂ ਜੀ ਹੁਣ ਆਪਾ ਕਿੱਧਰ ਨੂੰ ਜਾਣਾ ਹੈ ਤਾਂ ਪਾਤਸ਼ਾਹ ਫਿਰ ਬੋਲੇ ਜੋ ਕਿਸੇ ਕਵੀ ਨੇ ਬੜਾ ਸੁਹਣਾ ਲਿਖਿਆ ਹੈ:

ਹਮਨੇ ਭੀ ਪਹੁੰਚਣਾ ਹੈ, ਉਸ ਮੁਕਾਮ ਪਰ ਜਲਦ ਤਰ।
ਕਟਵਾਣੇ ਹੋਂਗੇ ਜਹਾਂ ਜਾ ਕਰ, ਤੁਮਕੋ ਆਪਣੇ ਸਰ (ਸਿਰ/ਸੀਸ)।
ਹੋਂਗੇ ਸ਼ਹੀਦ ਲੜ ਕਰ, ਯਹ ਦੋਨੋਂ ਪਿਸ਼ਰ।
ਰਹਿ ਜਾਉਂਗਾ ਇਕੇਲਾ, ਮੈਂ ਕੱਲ੍ਹ ਤੱਕ ਲੁਟਾ ਕੇ ਘਰ।
ਪਹਿਲੇ ਬਾਪ ਕਟਵਾਇਆ, ਅਬ ਬੇਟੇ ਕਟਵਾਉਂਗਾ,
ਗੁਰੂ ਨਾਨਕ ਕਾ ਬਾਗ ਹੈ, ਖ਼ੂਨ-ਏ-ਜਿਗਰ ਸੇ ਸਜਾਉਂਗਾ।

ਇਸ ਤਰ੍ਹਾਂ ਸਤਿਗੁਰੂ ਜੀ ਸਰਸਾ ਪਰਵਾਰ ਕਰਕੇ ਚਮਕੌਰ ਦੀ ਕੱਚੀ ਗੜੀ ਵਿਚ ਪੁਜੇ, ਤਾਂ ਸਿੱਖਾਂ ਫਿਰ ਪੁੱਛ ਕੀਤੀ, ਪਾਤਸ਼ਾਹ! ਇਹ ਕਿਹੜੀ ਜਗ੍ਹਾ ਹੈ? ਤਾਂ ਦਸਮੇਸ਼ ਪਿਤਾ ਜੀ ਨੇ ਜੁਆਬ ਦਿੰਦਿਆਂ ਕਿਹਾ,

ਜਿਸ ਖਿੱਤੇ ਮੇਂ ਕਹਿਤੇ ਥੇ ਆਣਾ, ਯਹ ਵੁਹੀ ਹੈ।
ਜਿਸ ਜਗ੍ਹਾ ਸੇ ਲੂਟ ਕਰ ਹੈ ਜਾਣਾ, ਯਹ ਵੁਹੀ ਹੈ।
ਜਿਸ ਜਗ੍ਹਾ ਪਰ ਹੈ, ਬੱਚੋਂ ਕੋ ਕਟਾਨਾ, ਯਹ ਵੁਹੀ ਹੈ।
ਮਾਟੀ ਕਹਿ ਦੇਤੀ ਹੈ ਟਿਕਾਣਾ, ਯਹ ਵੁਹੀ ਹੈ।

ਇੱਥੇ ਚਮਕੌਰ ਵਿਖੇ ਚੌਧਰੀ ਬੁੱਧੀ ਚੰਦ ਦੀ ਗੜ੍ਹੀ ਨੁਮਾ ਹਵੇਲੀ ਵਿੱਚ ਸੰਸਾਰ ਦੀ ਇੱਕ ਬੇ-ਮਿਸਾਲ ਜੰਗ ਸ਼ੁਰੂ ਹੋਈ। ਦਸਮੇਸ਼ ਪਿਤਾ ਨੇ ਚਮਕੌਰ ਦੀ ਇਸ ਕੱਚੀ ਗੜ੍ਹੀ ਵੱਲ ਤੱਕ ਕੇ ਸਿੰਘਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਜੋ ਪਾਂਧੀ ਨਨਕਾਣਵੀ ਨੇ ਆਪਣੀ ਕਵੀਤਾ ‘ਇਹ ਚਮਕੌਰ ਹੈ’ ਵਿੱਚ ਇਸ ਤਰ੍ਹਾਂ ਲਿਖਿਆ ਹੈ:

ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ, ਇਹ ਚਮਕੌਰ ਹੈ ਰਣ ਭਖਾਉਣ ਦੀ ਥਾਂ।
ਆਹੂ ਲਾਹ ਕੇ ਮੁਗਲ ਚੁਗੱਤਿਆਂ ਦੇ, ਨਾਲ ਖ਼ੂਨ ਦੇ ਮਹਿੰਦੀਆਂ ਲਾਉਣ ਦੀ ਥਾਂ।
ਰੱਤ ਪੀਣੀਆਂ ਬਿਜਲੀਆਂ ਹੱਥ ਤੋਲੋ, ਦੱਸ ਲੱਖ ਗੁਲਾਮ ਲਿਤਾੜ ਸੁਟੋ।
ਸਿੰਘੋ ਸੂਰਿਓ! ਉਠੋ ਤੂਫਾਨ ਬਣਕੇ, ਮੁਗਲ ਰਾਜ ਨੂੰ ਜੜੋਂ ਉਖਾੜ ਸੁਟੋ।
ਤੁਹਾਡੇ ਹੱਥ ਵਿੱਚ ਪੱਤ ਅੱਜ ਖ਼ਾਲਸੇ ਦੀ, ਅੰਗ ਖ਼ਾਲਸੇ ਦਾ ਤੁਸਾਂ ਪਾਲਣਾ ਹੈ।
ਭਾਵੇਂ ਚਾਲੀ ਹੋ, ਐਪਰ ਨਿਡਰ ਹੋ ਕੇ, ਤੁਸਾਂ ਤੇਗ਼ ਦਾ ਜੌਹਰ ਦਿਖਾਲਣਾ ਹੈ।

ਅੱਗੋ ਸਿੰਘਾਂ ਨੇ ਵੀ ਜੁਆਬ ਵਿੱਚ ਕਿਹਾ, ਸਤਿਗੁਰੂ ਜੀਉ!

ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ, ਅਸੀਂ ਖ਼ਾਲਸੇ ਹਾਂ, ਮਰਨਾ ਜਾਣਦੇ ਹਾਂ।
ਸਵਾ ਲੱਖ ਨਾਲ ਇੱਕ-ਇੱਕ ਭਿੜ ਜਾਈਏ, ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ।
ਕਲਗੀ ਵਾਲਿਆਂ ਤੇਰੀ ਆਸੀਸ ਲੈ ਕੇ, ਅਸੀਂ ਵਾਂਗ ਹਿਮਾਲਿਆ ਦੇ ਡੱਟ ਜਾਂ ਗੇ।
ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ, ਭਾਵੇਂ ਕੱਟ ਦੇ, ਕੱਟ ਦੇ ਕੱਟ ਜਾਂ ਗੇ।

ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਮੁਖਾਤਿਬ ਹੁੰਦੇ ਕਹਿਣ ਲੱਗੇ ਪਟਨਾ ਸਾਹਿਬ ਸਿੱਖੀ ਦਾ ਪੰਘੂੜਾ ਸੀ, ਜਿੱਥੇ ਖਾਲਸਾ ਖੇਡਿਆ ਹੈ, ਸ੍ਰੀ ਅਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਸੀ, ਜਿਥੇ ਖ਼ਾਲਸੇ ਨੇ ਗੁਰਮਤਿ ਦੀ ਵਿੱਦਿਆ ਗ੍ਰਹਿਣ ਕੀਤੀ ਹੈ ਅਤੇ ਅੱਜ ਇਹ ਚਮਕੌਰ ਦੀ ਕੱਚੀ ਗੜ੍ਹੀ ਮੇਰੇ ਖਾਲਸੇ ਦੀ ਯੂਨੀਵਰਸਿਟੀ ਹੈ, ਮੈਂ ਦੇਖਦਾ ਅੱਜ ਮੇਰਾ ਖਾਲਸਾ ਕਿੰਨੇ ਨੰਬਰ ਲੈ ਕੇ ਪਾਸ ਹੁੰਦਾ ਹੈ।

ਇੱਥੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ। ਇੱਕ ਪਾਸੇ ਕੱਚੀ ਗੜੀ ਅਤੇ ਭੁੱਖੇ ਭਾਣੇ ਗਿਣਤੀ ਦੇ ਸਿੰਘ ਦੂਜੇ ਪਾਸੇ ਲੱਖਾਂ ਦੀ ਫ਼ੌਜ ਦਾ ਲਾਓ ਲਸ਼ਕਰ। ਮੁਗਲਾਂ ਦੇ ਘੇਰਾ ਘੱਤਦਿਆਂ ਹੋਇਆ ਅਪੀਲ ਕੀਤੀ ਕਿ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿੱਤਾ ਜਾਵੇ ਪਰ ਚਮਕੌਰ ਦੀ ਗੜ੍ਹੀ ਵਿੱਚੋਂ ਇੱਕੋ ਨਾਅਰਾ ਬੁਲੰਦ ਹੋਇਆ:

ਗਗਨ ਦਮਾਮਾ ਬਾਜਿਓ ਪਰਿਉ ਨਿਸ਼ਾਨੇ ਘਾਉ॥
ਖੇਤ ਜੋ ਮਾਂਡਿਓ ਸੁਰਮਾ, ਅਬ ਜੂਝਣ ਕੋ ਦਾਓ॥

ਕਾਰਣ ਕੀ ਸੀ? ਕਾਰਨ ਇਹ ਸੀ ਕਿ ਸਤਿਗੁਰੂ ਜੀ ਯੋਗ ਅਗਵਾਈ ਕਰ ਰਹੇ ਸਨ। ਪਾਤਸ਼ਾਹ ਨੇ ਸਿੰਘਾਂ ਦੀ ਡਿਊਟੀਆਂ ਲਗਾ ਦਿੱਤੀਆਂ। 5-5 ਸਿੰਘਾਂ ਦਾ ਜੱਥਾ ਗੜ੍ਹੀ ਵਿੱਚੋਂ ਬਾਹਰ ਨਿਕਲਦਾ, ਭੁੱਖੇ ਸ਼ੇਰਾਂ ਦੀ ਤਰ੍ਹਾਂ ਮੁਗਲਾਂ ਉੱਪਰ ਝਪਟ ਕਰਦਾ ਅਤੇ ਦੁਸ਼ਮਣਾ ਦਾ ਸਫਾਇਆ ਕਰਦਾ ਹੋਇਆ ਸ਼ਹਾਦਤਾਂ ਦਾ ਜਾਮ ਆਪਣੇ ਬੁਲ੍ਹਾਂ ਨਾਲ ਲਗਾ ਕੇ ਸਦਾ ਲਈ ਅਮਰ ਹੋ ਜਾਂਦਾ। ਹੌਲੀ-ਹੌਲੀ ਗੜ੍ਹੀ ਵਿੱਚੋਂ ਸਿੰਘਾਂ ਦੀ ਗਿਣਤੀ ਘੱਟਦੀ ਗਈ। ਕੁੱਝ ਸਿੰਘਾਂ ਨੇ ਆ ਕੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਜੀਓ, ਆਪ ਜੀ ਅਤੇ ਦੋਵੇਂ ਸਾਹਿਬਜ਼ਾਦੇ ਕਿਸੇ ਤਰ੍ਹਾਂ ਬੱਚ ਕੇ ਇੱਥੋਂ ਨਿਕਲ ਜਾਵੋ ਤਾਂ ਕਿ ਆਪ ਸੱਭ ਦੀ ਜਾਨ ਬਚ ਸਕੇ, ਪਰ ਦਸਮੇਸ਼ ਪਿਤਾ ਸਿੰਘਾਂ ਨੂੰ ਕਹਿਣ ਲੱਗੇ “ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਓ? ਤੁਸੀਂ ਸੱਭ ਮੇਰੇ ਸਾਹਿਬਜ਼ਾਦੇ ਹੋ।“ ਇਹ ਸੁਣ ਕੇ ਸੱਭ ਸਿੰਘ ਚੁੱਪ ਕਰ ਗਏ।

ਸਿੰਘਾਂ ਦੀ ਗਿਣਤੀ ਘੱਟਦੀ ਦੇਖ ਕੇ ਅਤੇ ਚੜ੍ਹਦੀ ਕਲਾ ਵਿੱਚ ਸਿੰਘਾਂ ਵੱਲੋਂ ਸ਼ਹਾਦਤਾਂ ਪੀਣ ਦੇ ਦ੍ਰਿਸ਼ਾਂ ਨੂੰ ਦੇਖਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਆ ਕੇ ਪਾਤਸ਼ਾਹ ਕੋਲ ਬੇਨਤੀ ਕੀਤੀ, ਕਿ ਪਿਤਾ ਜੀ, ਮੈਨੂੰ ਵੀ ਆਗਿਆ ਦੇਵੋ, ਮੈਂ ਵੀ ਦੁਸ਼ਮਣ ਨਾਲ ਦੋ ਹੱਥ ਕਰਨੇ ਚਾਹੁੰਦਾ ਹਾਂ। ਉਸ ਸਮੇਂ ਆਪ ਜੀ ਦੀ ਉਮਰ 18 ਵਰ੍ਹਿਆਂ ਦੇ ਕਰੀਬ ਸੀ। ਤਾਂ ਸਤਿਗੁਰੂ ਜੀ ਨੇ ਆਪਣੇ ਹੱਥੀ ਆਪਣੇ ਪੁੱਤਰ ਨੂੰ ਲਾੜੀ ਮੌਤ ਵਿਆਹੁਣ ਲਈ ਮੈਦਾਨ-ਏ-ਜੰਗ ਵੱਲ ਤੋਰਿਆ। ਬਾਬਾ ਅਜੀਤ ਸਿੰਘ ਨੇ ਵੀ ਸਪੱਸ਼ਟ ਕਰ ਦਿੱਤਾ ਜੋ ਇੱਕ ਕਵੀ ਦੀ ਜੁਬਾਨੀ ਹੈ:

ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ,
ਅਗਰ ਜੀਤਾ ਭੀ ਗਿਆ, ਤੋ ਜੀਤਾ ਨਹੀਂ ਆਊਂਗਾ।

ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਉਤਰਦਿਆਂ ਹੀ ਦੁਸ਼ਮਣ ਦੱਲ ਤੇ ਇਵੇਂ ਪਏ ਕੇ ਮੁਗਲ ਅੱਲਾ, ਅੱਲਾ ਪੁਕਾਰ ਉਠੇ। ਹਰ ਪਾਸੇ ਹਾਹਕਾਰ ਮੱਚ ਗਈ। ਇਸੇ ਤਰ੍ਹਾਂ ਸੈਂਕੜੇ ਮੁਗਲਾਂ ਦਾ ਸਫਾਇਆ ਕਰਦਿਆਂ ਹੋਇਆ, ਮੇਰੇ ਚੋਜੀ ਪ੍ਰੀਤਮ ਦੀਆਂ ਅੱਖਾਂ ਸਾਹਵੇਂ ਸਤਿਗੁਰੂ ਜੀ ਦੇ ਵੱਡੇ ਫਰਜੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ। ਜਦ ਇਹ ਸ਼ਹਾਦਤ ਤੱਕੀ ਤਾਂ ਪਾਤਸ਼ਾਹ ਨੇ ਜੈਕਾਰਾ ਲਗਾ ਕੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ, ਮਿਰਜ਼ਾ ਮੁਹੰਮਦ ਅਬਦੁਲ ਗਨੀ ਲਿਖਦਾ ਹੈ:

ਸ਼ੁਕਰ ਅਕਾਲ ਕਾ ਕੀਆ ਤਬ ਉਠਾ ਕੇ ਸਰ।
ਔਰ ਅਰਜ਼ ਕੀ, ਕਿ ਬੰਦੇ ਪਰ ਕ੍ਰਿਪਾ ਕੀ ਕਰ ਨਜ਼ਰ।
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੁਈ।
ਬੇਟੇ ਕੀ ਜਾਂ (ਜਾਨ), ਧਰਮ ਕੀ ਖ਼ਾਤਰ ਫਿਦਾ ਹੁਈ।

ਜਦ ਬਾਬਾ ਜੁਝਾਰ ਸਿੰਘ ਨੇ ਵੱਡੇ ਵੀਰ ਦੀ ਸ਼ਹਾਦਤ ਅੱਖੀ ਡਿੱਠੀ ਤਾਂ ਆਪ ਜੀ ਨੇ ਵੀ ਆ ਕੇ ਪਿਤਾ ਗੋਬਿੰਦ ਸਿੰਘ ਨੂੰ ਅਰਜ਼ ਕੀਤੀ ਕਿ ਮੈਨੂੰ ਵੀ ਇਜ਼ਾਜ਼ਤ ਦੇਵੋ ਤਾਂ ਕਿ ਮੈਂ ਵੀ ਵੱਡੇ ਵੀਰ ਦੀ ਤਰ੍ਹਾਂ ਆਪਣਾ ਧਰਮ ਨਿਭਾ ਸਕਾਂ। ਪਾਤਸ਼ਾਹ ਨੇ ਕਿਹਾ ਮੈਨੂੰ ਕੋਈ ਇਨਕਾਰ ਨਹੀਂ ਹੈ, ਪਰ ਤੇਰੀ ਉਮਰ ਅਜੇ ਖੇਡਣ ਮੱਲ੍ਹਣ ਦੀ ਹੈ। ਤੇਰਾ ਜਿਸਮ/ਸਰੀਰ ਅਜੇ ਦੁਸ਼ਮਣਾਂ ਦੇ ਫੱਟ ਜ਼ਰਣ ਵਾਲਾ ਨਹੀਂ ਤਾਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੇ ਪਾਤਸ਼ਾਹ ਨੂੰ ਮੁਖਾਤਿਬ ਹੁੰਦਿਆਂ ਕਿਹਾ,

ਲੜਨਾ ਨਹੀਂ ਆਤਾ ਮੁਝੇ, ਮਰਨਾ ਤੋ ਆਤਾ ਹੈ
ਖੁਦ ਬੜ੍ਹਾ ਕੇ ਗਲਾ ਤੇਗ ਪੇ, ਧਰਨਾ ਤੋ ਆਤਾ ਹੈ।

ਤਾਂ ਪਾਤਸ਼ਾਹ ਨੇ ਵੱਡੇ ਪੁੱਤਰ ਦੀ ਤਰ੍ਹਾਂ ਛੋਟੇ ਸਾਹਿਬਜ਼ਾਦੇ ਨੂੰ ਵੀ ਹੱਥੀ ਤਿਆਰ ਕਰਕੇ ਮੌਤ ਵਿਆਹੁਣ ਲਈ ਵਿਦਾ ਕੀਤਾ ਅਤੇ ਆਪਣੇ ਲਖਤੇ ਜਿਗਰ ਨੂੰ ਮੈਦਾਨੇ-ਏ-ਜੰਗ ਵਿੱਚ ਤੋਰਦਿਆਂ ਕਿਹਾ ਜੋ ਬੜਾ ਸੋਹਣਾ ਲਿਖਿਆ ਹੈ:

ਲੈ ਜਾਉ ਸਿਧਾਰੋ ਤੁਮਹੇ ਕਰਤਾਰ ਕਉ ਸੌਂਪਾ।
ਮਰ ਜਾਉ ਯਾ ਮਾਰੋ, ਤੁਮਹੇ ਕਰਤਾਰ ਕਉ ਸੌਂਪਾ।
ਰੱਬ ਕੋ ਨਾ ਬਿਸਾਰੋ ਤੁਮਹੇ ਕਰਤਾਰ ਕਉ ਸੌਂਪਾ।
ਸਿੱਖੀ ਕਉ ਉਭਾਰੋ, ਤੁਮਹੇ ਕਰਤਾਰ ਕਉ ਸੌਂਪਾ।

ਅਤੇ ਤਮੰਨਾ ਜ਼ਾਹਰ ਕੀਤੀ:

ਖਵਾਹਿਸ਼ ਹੈ ਤੁਮਹੇ ਤੇਗ਼ ਚਲਾਤੇ ਹੁਏ ਦੇਖੂੰ ।
ਹਮ ਆਂਖ ਸੇ ਬਰਛੀ ਤੁਮਹੇ ਖਾਤੇ ਹੂਏ ਦੇਖੂੰ।

ਸਾਹਿਬਜ਼ਾਦਾ ਜੁਝਾਰ ਸਿੰਘ ਨੇ ਆਪਣੀ ਬੀਰਤਾ ਨਾਲ ਦੁਸ਼ਮਣਾਂ ਵਿੱਚ ਭਾਜੜ ਪਾ ਦਿੱਤੀ ਅਤੇ ਆਪ ਜੀ ਨੇ ਵੀ ਦੁਸ਼ਮਣ ਦਲ ਦਾ ਆਹੂ ਲਾਹੁੰਦਿਆਂ ਹੋਇਆ ਅੰਤ ਸ਼ਹੀਦੀ ਪ੍ਰਾਪਤ ਕੀਤੀ। ਬੜਾ ਵਧੀਆ ਲਿਖਿਆ ਹੈ ਯੋਗੀ ਅੱਲ਼ਾ ਯਾਰ ਖਾਂ ਨੇ:

ਲਾਖੋਂ ਕੀ ਜਾਨ ਲੇ ਕੇ, ਦਲੇਰੋਂ ਨੇ ਜਾਨ ਦੀ,
ਸਤਿਗੁਰੂ ਗੋਬਿੰਦ ਕੇ, ਸ਼ੇਰੋਂ ਨੇ ਜਾਨ ਦੀ।

ਇਸ ਤਰ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫਰਜੰਦਾਂ ਨੇ ਚਮਕੌਰ ਦੀ ਧਰਤੀ ਉੱਪਰ ਆਪਣੀ ਸ਼ਹਾਦਤ ਦਿੱਤੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਸਰਹੰਦ ਦੀ ਧਰਤੀ ਤੇ ਆਪਣੇ ਆਪ ਨੂੰ ਨੀਹਾਂ ਵਿੱਚ ਚਿਣਵਾ ਕੇ ਸਿੱਖੀ ਦੀ ਨੀਂਹ ਹੋਰ ਮਜਬੂਤ ਕਰ ਦਿੱਤੀ। ਸ਼ਹੀਦੀ ਪ੍ਰਵਾਨ ਕਰ ਲਈ ਪਰ ਵਜੀਰ ਖਾਨ ਦੇ ਕਿਸੇ ਵੀ ਤਰ੍ਹਾਂ ਦੇ ਲਾਲਚ ਵਿੱਚ ਆ ਕੇ ਆਪਣਾ ਧਰਮ ਛੱਡਣਾ ਪ੍ਰਵਾਨ ਨਾ ਕੀਤਾ। ਇਹਨਾਂ ਨੂੰ ਦੋਹਾਂ ਸਾਕਿਆਂ ਨੂੰ ‘ਸਾਕਾ ਚਮਕੌਰ’ ਅਤੇ ‘ਸਾਕਾ ਸਰਹੰਦ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਹਰ ਸਾਲ ਦਸੰਬਰ ਦੇ ਉਸ ਕਹਿਰੀ ਹਫ਼ਤੇ ਨੂੰ ਯਾਦ ਕੀਤਾ ਜਾਂਦਾ ਹੈ।

ਧੰਨ ਸੀ ਜੇਰਾ ਮੇਰੇ ਕਲਗੀਆਂ ਵਾਲੇ ਦਾ ਜਿਹਨਾਂ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਨੂੰ ਸਾਹਮਣੇ ਦੇਖ ਕੇ ਸਾਨੂੰ ਆਪਣੇ ਪੁੱਤਰਾਂ ਦਾ ਮਾਣ ਦਿੱਤਾ। ਬੜਾ ਸੁਹਣਾ ਲਿਖਦਾ ਹੈ ਇੱਕ ਕਵੀ,

ਦੋਂਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ,
ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।
ਸ਼ਾਇਦ ਇਸੇ ਕਰਕੇ ਲਿਖਿਆ ਹੈ, ਯੋਗੀ ਅੱਲਾ ਯਾਰ ਖਾਂ ਨੇ
ਬੱਸ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ।
ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ।

ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੇ ਇਕੱਠੇ ਹੋ ਕਰ ਕੇ ਗੁਰਮਤਾ ਕੀਤਾ ਕਿ ਦਸਮੇਸ਼ ਪਿਤਾ ਗੜੀ ਖਾਲੀ ਕਰ ਜਾਣ। ਪਾਤਸ਼ਾਹ ਨੇ ਬੇਨਤੀ ਪ੍ਰਵਾਨ ਕਰਦਿਆਂ ਰਾਤ ਸਮੇਂ ਦੁਸ਼ਮਣਾਂ ਨੂੰ ਲਲਕਾਰ ਕੇ ਗੜ੍ਹੀ ਵਿੱਚੋਂ ਨਿਕਲੇ ਨਾਲ ਭਾਈ ਦਇਆ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ।

ਦਸਮੇਸ਼ ਪਿਤਾ ਜੀ ਨੇ ਸਾਰੇ ਪੰਥ ਨੂੰ ਆਪਣੇ ਪੁੱਤਰਾਂ ਵਾਲਾ ਮਾਣ ਦਿੱਤਾ, ਪਰ ਅੱਜ ਅਫਸੋਸ ਅਤਿ ਅਫਸੋਸ ਕਿ ਅੱਜ ਅਸੀਂ ਪਾਤਸ਼ਾਹ ਦੀਆਂ ਕੁਰਬਾਨੀਆਂ, ਸਿੱਖਿਆਵਾਂ, ਗੁਰਮਤਿ ਅਸੂਲਾਂ ਨੂੰ ਭੁੱਲ ਕੇ ਆਪ ਹੀ ਬੇਦਾਵਾ ਲਿਖ ਕੇ ਦੇ ਰਹੇ ਹਾਂ। ਅੱਜ ਆਪਣੇ ਅੰਦਰ ਝਾਤ ਮਾਰ ਕੇ ਆਪਾ ਪੜਚੋਲ ਕਰਨ ਦੀ ਲੋੜ ਹੈ। ਆਉ ਦਸੰਬਰ ਦੇ ਇਸ ਸ਼ਹੀਦੀ ਹਫਤੇ ਵਿੱਚ ਉਹਨਾਂ ਦੀ ਉਹ ਪਵਿੱਤਰ ਧਰਤੀ ਨੂੰ ਨਤਮਸਤਕ ਹੋ ਕੇ ਆਪਣੇ ਸੁੱਤੇ ਹੋਏ ਜਮੀਰਾਂ ਅਤੇ ਅਣਖ ਨੂੰ ਜਗਾਈਏ ਕਿਤੇ ਇਹ ਵੀ ਇੱਕ ਮੇਲੇ ਦੀ ਤਰ੍ਹਾਂ ਹੀ ਨਾ ਲੰਘ ਜਾਵੇ:

ਜਾਗੇ ਅਣਖ਼ ਚਮਕੌਰ ਨੂੰ ਵੇਖਦਿਆਂ ਹੀ, ਸੁੱਤਾ ਜਿੱਥੇ ਅਜੀਤ ਜੁਝਾਰ ਤੇਰਾ।
ਢੱਠੇ ਹੋਏ ਸੱਭ ਦਿਲ ਖਲੋ ਜਾਂਦੇ, ਚਿਣਿਆ ਕੰਧਾਂ ਵਿੱਚ ਵੇਖ ਪਰਵਾਰ ਤੇਰਾ।

ਅੰਤ ਵਿੱਚ ਇਕ ਦਰਦੀ ਦਿਲ ਸ਼ਾਇਰ ਦੀਆਂ ਕੁੱਝ ਸਤਰਾਂ ਲਿਖ ਕੇ ਕਲਮ ਨੂੰ ਰੋਕਦਾ ਹਾਂ:

ਮੈਂ ਡੁਬਦੇ ਵੇਖਦਾਂ ਸੂਰਜ ਤੇ ਚੜ੍ਹਦੇ ਚੰਨ ਵੇਖਦਾ ਹਾਂ।
ਇੱਥੇ ਔਕੜਾਂ ਵਿੱਚ ਇਸ਼ਕ ਨੂੰ, ਆਨੰਦ ਵੇਖਦਾ ਹਾਂ।
ਜਿੱਥੇ ਫਲਸਫੇ ਤੇਰੇ ਮੁਕੰਮਲ ਰੂਪ ਪਾਇਆ ਏ,
ਕਿਤੇ ਚਮਕੌਰ ਵੇਖਦਾਂ ਤੇ ਕਿਤੇ ਸਰਹੰਦ ਵੇਖਦਾ ਹਾਂ।

ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

 

           

2010-2012

hore-arrow1gif.gif (1195 bytes)

ਚਾਰ ਸਾਹਿਬਜ਼ਾਦੇ
ਇਕਵਾਕ ਸਿੰਘ ਪੱਟੀ
ਸ਼ਹੀਦੀ ਪੁਰਬ ਲਈ ਵਿਸ਼ੇਸ਼
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ
ਕੀ ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ? - ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ ਕੀ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?
ਡਾ: ਗੁਰਮੀਤ ਸਿੰਘ ‘ਬਰਸਾਲ’, ਕੈਲੇਫੋਰਨੀਆਂ
ਗੁਰਬਾਣੀ ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ
ਊਚਾ ਦਰ ਸਤਿਗੁਰ ਨਾਨਕ ਦਾ
ਰਵੇਲ ਸਿੰਘ ਇਟਲੀ
ਅੰਧੇਰਾ ਰਾਹ
ਦਲੇਰ ਸਿੰਘ ਜੋਸ਼, ਯੂ ਕੇ
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ
ਜਸਵਿੰਦਰ ਸਿੰਘ ‘ਰੁਪਾਲ’, ਲੁਧਿਆਣਾ
ਸਿੱਖੀ ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ 1, 2, 3 ਅਗਸਤ ਨੂੰ ਤਕਰੀਰ, ਦਸਤਾਰ ਅਤੇ ਕੀਰਤਨ ਮੁਕਾਬਲੇ
ਰਣਜੀਤ ਸਿੰਘ ਗਰੇਵਾਲ, ਇਟਲੀ
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੋਥੀ ਸਾਹਿਬ ਦੇ ਇਟਲੀ ਦੀਆਂ ਸੰਗਤਾਂ ਨੂੰ ਕਰਵਾਏ ਗਏ ਦਰਸ਼ਨ
ਰਣਜੀਤ ਸਿੰਘ ਗਰੇਵਾਲ, ਇਟਲੀ
ਵਿਸ਼ਵ ਏਕਤਾ ਅਤੇ ਅਖੰਡਤਾ ਦਾ ਆਧਾਰ -ਨਾਨਕ ਬਾਣੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਸਿੱਖ ਧਰਮ ਦੀ ਵਿਲੱਖਣਤਾ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਭਗਤ ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਬਾਬੇ ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਜੋਕੇ ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਲੜੀਆਂ ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ, ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ ਨੂੰ ਲਾਭ ਅਤੇ ਘਾਟਾ? ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ ਖਾਲਸਾ ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਲਹ ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ
ਖਾਲਸਾ ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ

0037-hola1ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

0036ਗਰੁਦੁਆਰਾ ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0035ਗੁਰੁ ਗੋਬਿੰਦ ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ
0034ਮੁਕਤਸਰ ਦੀ ਜੰਗ ਤੇ ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0033ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0032ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”
  - ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20018, 5abi.com