ਮਨੁੱਖਤਾ ਦੇ ਰਹਿਬਰ ,ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਅਤੇ ਪੂਰਨ ਆਜ਼ਾਦੀ ਦੇ
ਅਲੰਬਰਦਾਰ ਧੰਨ ਧੰਨ ਸ੍ਰੀ ਗੁਰੁ ਗਰੰਥ ਸਾਹਿਬ ਜੀ ਨੂੰ ਸਿੱਖਾਂ ਨੇ ਪੂਰਨ ਸਤਿਕਾਰ
ਦਿੱਤਾ ਹੈ ਅਤੇ ਦੇਸ਼ ਵਿਦੇਸ਼ ਵਿੱਚ “ਪਾਤਿਸ਼ਾਹਾਂ ਦੇ ਪਾਤਿਸ਼ਾਹ” ਦੇ ਅਦਬ
ਸਤਿਕਾਰ, ਸ਼ਾਨ ਲਈ ਸਿਰ ਧੜ ਦੀ ਬਾਜ਼ੀ ਲਗਾਉਣ ਤੋਂ ਵੀ ਸੰਕੋਚ ਨਹੀਂ ਕੀਤਾ । ਇਸੇ
ਅਦਬ ਸਤਿਕਾਰ ਲਈ ਇੱਕ ਖਿਆਲ ਮਨ ਚ’ ਆਇਆ ਹੈ, ਜੋ ਆਪ ਸਭ ਨਾਲ ਸਾਂਝਾ ਕਰ ਰਿਹਾ ਹਾਂ
।
ਸਾਡਾ ਵਿਚਾਰ ਹੈ ਕਿ ਜਿੱਥੇ ਵੀ ਸ੍ਰੀ ਗੁਰੁ ਗਰੰਥ ਸਾਹਿਬ ਜੀ ਦਾ ਸਰੂਪ
ਸੁਸ਼ੋਭਿਤ ਹੋਵੇ ਅਤੇ ਜਿੱਥੇ ਵੀ ਗੁਰੁ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਉਥੇ ਨਿਸ਼ਾਨ
ਸਾਹਿਬ ਦਾ ਝੂਲਣਾ ਜਰੂਰੀ ਹੋਵੇ । ਗੁਰਦੁਆਰਾ ਸਾਹਿਬਾਨਾਂ ਵਿੱਚ ਤਾਂ ਇਹ ਪਹਿਲਾਂ
ਤੋਂ ਹੀ ਲਾਗੂ ਹੈ ਹੀ । ਬਾਕੀ ਸਾਰੀਆਂ ਬਚ ਗਈਆਂ ਥਾਵਾਂ , ਜਿੱਥੇ ਵੀ ਗੁਰੁ ਸਾਹਿਬ
ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਦਾਹਰਣ ਲਈ ਘਰ, ਦਫ਼ਤਰ, ਦੁਕਾਨਾਂ, ਖੁਲ੍ਹੇ
ਪੰਡਾਲਾ ਆਦਿ ਜਿੱਥੇ ਕਿਸੇ ਸਮਾਗਮ ਕਾਰਨ ਸਰੂਪ ਲਿਆਂਦਾ ਜਾਂਦਾ ਹੈ, ਉਥੇ ਵੀ ਨਿਸ਼ਾਨ
ਸਾਹਿਬ ਜਰੂਰ ਹੋਵੇ।....
ਮੇਰੇ ਆਧੁਨਿਕ ਅਤੇ ਵਿਗਿਆਨਕ ਸੋਚ ਰੱਖਣ ਵਾਲੇ ਦੋਸਤ ਅਤੇ ਵਿਦਵਾਨ ਸ਼ਾਇਦ ਇਸ ਨੂੰ
ਇੱਕ ਨਵਾਂ ਕਰਮ-ਕਾਂਡ ਆਖ ਦੇਣ , ਪਰ ਜੇ ਉਹ ਧੀਰਜ ਨਾਲ, ਦੂਰ ਅੰਦੇਸ਼ੀ
ਰੱਖਦੇ ਹੋਏ, ਕੌਮੀ ਨਿਸ਼ਾਨੇ ਬਾਰੇ ਸੋਚਦੇ ਹੋਏ, ਇਕਾਗਰਤਾ ਨਾਲ ਸੋਚਣਗੇ ਤਾਂ ਮੇਰਾ
ਵਿਸ਼ਵਾਸ਼ ਹੈ ਕਿ ਉਹ ਵੀ ਮੇਰੇ ਨਾਲ ਸਹਿਮਤ ਹੋ ਸਕਦੇ ਹਨ । ਮੇਰੀ ਅਲਪ ਬੁੱਧੀ ਵਿੱਚ
ਆਏ ਵਿਚਾਰ ਹੇਠਾਂ ਲਿਖ ਰਿਹਾ ਹਾਂ :
- ਗੁਰੁ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਦਾ ਦੂਰੋਂ ਹੀ ਪਤਾ ਲੱਗ ਜਾਇਆ
ਕਰੇਗਾ । ਉਚਾਈ ਭਾਵੇਂ ਜਿਆਦਾ ਨਾ ਹੋਵੇ, ਪਰ ਬਾਕੀ ਇਮਾਰਤਾਂ ਅਤੇ ਆਲੇ ਦੁਆਲੇ
ਤੋਂ ਉਚਾ ਅਤੇ ਨਿਰਾਲਾ ਜਰੂਰ ਨਜ਼ਰ ਆਵੇਗਾ । ਜਿਨ੍ਹਾਂ ਘਰਾਂ ਵਿੱਚ ਵੱਖਰਾ ਕਮਰਾ
ਦੇ ਕੇ ਪੱਕੇ ਤੌਰ ਤੇ ਪ੍ਰਕਾਸ਼ ਕੀਤਾ ਗਿਆ ਹੈ, ਉਥੇ ਲੱਗਿਆ ਨਿਸਾਂਨ ਸਾਹਿਬ
,ਨੇੜੇ ਦੇ ਸਿੱਖਾਂ ਲਈ ਲਾਭਦਾਇਕ ਹੋਵੇਗਾ । ਜਿੱਥੇ ਹਰ ਦੇਖਣ ਵਾਲੇ ਲਈ ਸੰਕੇਤ
ਹੋਵੇਗਾ ਕਿ ਇੱਥੇ ਜਿੱਥੇ ਗੁਰਬਾਣੀ ਦਾ ਜੀਵਨ ਸੰਦੇਸ਼ ਸੁਣਨ ਨੂੰ ਮਿਲੇਗਾ ,ਉਥੇ
ਇਸ ਜਗ੍ਹਾ ਤੋਂ ਲੰਗਰ ਅਤੇ ਹੋਰ ਲੋੜਾਂ ਵੀ ਪੂਰੀਆਂ ਹੋ ਸਕਦੀਆਂ ਹਨ ।.....
- ਜਿਹੜੇ ਡੇਰੇ ਜਾਂ ਵਿਅਕਤੀ ਤੇ ਸੰਸਥਾਵਾਂਨਿਸ਼ਾਨ ਸਾਹਿਬ ਨੂੰ ਪ੍ਰਵਾਨ ਨਾ
ਕਰਨ, ਉਥੇ ਗੁਰੁ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਮਨਾਹੀ ਹੋਵੇ । ਇਸ ਨਾਲ
ਪੀਰਾਂ ਦੀਆਂ ਸਮਾਧਾਂ , ਮੰਦਰਾਂ, ਡੇਰਿਆਂ ਆਦਿ ਵਲੋਂ ਆਪਣੇ ਆਪ ਹੀ ਗੁਰੁ ਗਰੰਥ
ਸਾਹਿਬ ਦੇ ਸਰੂਪ ਲਿਜਾਣ ਤੇ ਰੋਕ ਲੱਗ ਜਾਵੇਗੀ ।
- ਨਿਸ਼ਾਨ ਸਾਹਿਬ ਕਿਉਂਕਿ “ਫ਼ਤਹਿ” ਦਾ ਪ੍ਰਤੀਕ ਹੈ , “ਸ਼ਾਨ”, “ਬਾਦਸ਼ਾਹਤ”
ਅਤੇ “ਪ੍ਰਭੂਸਤਾ” ਦਾ ਚਿੰਨ੍ਹ ਹੈ, ਗੁਰਬਾਣੀ ਦੇ ਸੱਚ ਦੀ ਹਮੇਸ਼ਾ ਹੀ ਜਿੱਤ ਹੋਈ
ਹੈ, ਅੱਜ ਵੀ ਹੋ ਰਹੀ ਹੈ ਅਤੇਭਵਿੱਖ ਵਿੱਚ ਵੀ ਹੋਵੇਗੀ , ਇਸ ਲਈ ਇਸ ਵਿਸ਼ਵਾਸ਼
ਨੂੰ “ਜਿੱਤ ਦੇ ਝੰਡੇ” ਨਾਲ ਪ੍ਰਗਟ ਕਰਨਾ ਸ਼ੋਭਦਾ ਵੀ ਹੈ ਅਤੇ ਜਰੂਰੀ ਵੀ ਬਣ
ਜਾਂਦਾ ਹੈ । ਨਿਆਰੇ ਪੰਥ ਅਤੇ ਕੌਮੀਅਤ ਦੇ ਸੰਕਲਪ ਦਾ ਸੰਦੇਸ਼ ਜਾਵੇਗਾ ਅਤੇ ਸਿੱਖ
ਕੌਮ ਸਦਾ ਹੀ ਗਰੰਥ ਅਤੇ ਪੰਥ (ਨਿਸ਼ਾਨ ਸਾਹਿਬ ਦੀ ਅਗਵਾਈ ਚ’) ਨੂੰ ਮੰਨਦੀ ਹੋਈ
ਏਕਤਾ ਵੱਲ ਵਧਦੀ ਜਾਵੇਗੀ ।
- ਜਿੱਥੋਂ ਇਹ ਫ਼ੁਰਨਾ ਫੁਰਿਆ- ਪਿੱਛੇ ਜਿਹੇ ਦਿੱਲੀ ਵਿੱਚ “ਦਿੱਲੀ ਫਤਹਿ
ਦਿਵਸ” ਲਾਲ-ਕਿਲੇ ਵਿੱਚ ਮਨਾਇਆ ਗਿਆ ਸੀ ਅਤੇ ਸਾਰੇ ਜੱਗ ਨੇ ਇਸ ਦਾ ਸਿੱਧਾ
ਪ੍ਰਸਾਰਨ ਵੀ ਦੇਖਿਆ ਸੀ । ਇਸ ਸਮੇਂ ਕੁਝ ਕੇਸਰੀ ਝੰਡੇ ਗੁਰੁ ਮਾਹਾਰਾਜ ਦੀ ਹਜੂਰੀ
ਵਿੱਚ ਲਗਾਏ ਗਏ ਸਨ । ਕਿੰਨਾ ਵਧੀਆ ਨਜ਼ਾਰਾ ਹੁੰਦਾ ਜੇ ਇੱਕ ਕੇਸਰੀ ਨਿਸ਼ਾਨ
ਸਾਹਿਬ ਉਸ ਸਮੇਂ ਲਾਲ-ਕਿਲੇ ਤੇ ਝੁਲ ਰਿਹਾ ਹੁੰਦਾ । ਨਿਸ਼ਾਨ ਸਾਹਿਬ ,ਗੁਰੁ ਗਰੰਥ
ਨਾਲ ਜਰੂਰੀ ਹੋਣ ਤੇ ਭਾਵੇਂ ਸਮਾਗਮ ਭਾਰਤੀ ਪਾਰਲੀਮੈਂਟ ਵਿੱਚ ਹੋਵੇ ਜਾਂ ਅਮਰੀਕਾ
ਦੇ ਵਾਈਟ ਹਾਊਸ ਵਿੱਚ, ਉਥੇ ਕੋਈ ਵੀ ਸਰਕਾਰ ਨਿਸ਼ਾਨ ਝੂਲਣ ਤੇ
ਇਨਕਾਰ ਨਹੀਂ ਕਰ ਸਕੇਗੀ । ਇਹ ਅਚੇਤ ਹੀ ਭਾਈ ਗੁਰਦਾਸ ਜੀ ਦੇ ਕਥਨ “ਸਤਿਗੁਰ ਸੱਚਾ
ਪਾਤਿਸ਼ਾਹ,ਹੋਰ ਬਾਦਸਾਹ ਦੁਨੀਆਵੇ” ਅਨੁਸਾਰ ਦੁਨੀਆਵੀ ਤਖਤਾਂ ਅਤੇ ਬਾਦਸ਼ਾਹੀਆਂ
ਤੋਂ ਸਤਿਗੁਰ-ਪ੍ਰਭੂ ਦੇ ਤਖਤ ਉਚੇ ਹੋਣ ਦਾ ਅਹਿਸਾਸ ਕਰਵਾਵੇਗਾ ।......
- ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਸਿੱਖੀ ਵੱਲ ਪ੍ਰਭਾਵਿਤ ਹੋਣਗੀਆਂ ।
ਰਾਜ-ਸ਼ਕਤੀ ਦਾ ਜੋ ਸੰਕਲਪ ਅੱਜ ਵਿੱਸਰਦਾ ਜਾ ਰਿਹਾ ਹੈ,ਉਹ ਸੁਰਜੀਤ ਹੋਵੇਗਾ ਅਤੇ
ਖਾਲਸਾ-ਰਾਜ,ਹਲੇਮੀ-ਰਾਜ ਅਤੇ ਬੇਗ਼ਮਪੁਰੇ ਦੇ ਗੁਰੂ ਦਰਸਾਏ ਸਿਧਾਂਤ ਨੂੰ ਬਲ
ਮਿਲੇਗਾ । ਰਾਜ-ਸ਼ਕਤੀ ਤੋਂ ਸਾਡਾ ਭਾਵ ਅਜੋਕੀ ਗੰਦੀ ਸਿਆਸਤ ਬਿਲਕੁਲ ਨਹੀਂ ਹੈ,
ਸਗੋਂ ਨਿਮਰਤਾ,ਪਰਉਪਕਾਰ,ਸਰਬ-ਸਾਂਝੀਵਾਲਤਾ,ਕਲਿਆਣਕਾਰੀ,ਗਰੀਬ ਦੀ ਰੱਖਿਆ ਅਤੇ
ਜਰਵਾਣੇ ਦੀ ਭੱਖਿਆ ਵਾਲਾ ਹੈ, ਜੋ ਗੁਰੁ ਬਾਣੀ ਦੇ ਅਟੱਲ ਸਿਧਾਤਾਂ ਅਨੁਸਾਰ
ਹੋਵੇਗਾ ।...
- ਗੁਰੁ ਗਰੰਥ ਸਾਹਿਬ ਜੀ ਦਾ ਸਰੂਪ ਇੱਕ ਥਾਂ ਤੋਂ ਦੂਜੇ ਥਾਂ ਲਿਜਾਂਦੇ ਹੋਏ ਵੀ
ਨਿਸ਼ਾਨ-ਸਾਹਿਬ ਨਾਲ ਲਿਆ ਜਾਣਾ ਚਾਹੀਦਾ ਹੈ । ਜਿਵੇਂ ਪ੍ਰਭਾਤ ਫੇਰੀਆਂ ਸਮੇਂ
ਸੰਗਤ ਨਿਸ਼ਾਨ ਸਾਹਿਬ ਦੀ ਅਗਵਾਈ ਕਬੂਲ ਕਰਦੀ ਹੈ, ਉਸੇ ਤਰਾਂ ਪਾਤਿਸ਼ਾਹ ਦੇ ਨਾਲ
ਹੋਣ ਸਮੇਂ ਤਾਂ ਇਸ ਦਾ ਹੋਣਾ ਬਹੁਤ ਜਰੂਰੀ ਹੈ।ਜਿਨ੍ਹਾਂ ਗੱਡੀਆਂ (ਉਚੇਚੇ ਤੌਰ ਤੇ
ਬਣਾਈਆਂ) ਜਾਂ ਕਾਰਾਂ ਵਿੱਚ ਮਾਹਾਰਾਜ ਦਾ ਸਰੂਪ ਲਿਜਾਇਆ ਜਾਵੇ, ਉਸ ਗੱਡੀ ਜਾਂ
ਕਾਰ ਉਪਰ ਵੀ ਕੇਸਰੀ ਨਿਸ਼ਾਨ ਝੁਲੇ । ਮੰਤਰੀਆਂ ਦੀਆਂ ਗੱਡੀਆਂ ਤੇ ਝੰਡੀਆਂ ਤੇ
ਹੂਟਰ ਹੋ ਸਕਦੇ ਹਨ ,ਸਾਧਾਰਣ ਵਿਅਕਤੀ ਜਦੋਂ ਲਾੜਾ ਬਣਨ ਲੱਗਦਾ ਹੈ,ਉਸ ਦੀ ਗੱਡੀ
ਨੂੰ ਸਜਾ ਕੇ ਬਾਕੀ ਗੱਡੀਆਂ ਤੋਂ ਵੱਖਰੀ ਦਿਖਾਇਆ ਜਾਂਦਾ ਹੈ, ਤਾਂ ਸਾਡੇ ਸਰਬ-ਉਚ
ਪਾਤਿਸ਼ਾਹ, ਸਾਡੇ ਗੁਰੂ ਸਾਹਿਬ ਲਈ ਅਜਿਹਾ ਕਰਨਾ ਜਰੂਰੀ ਕਿਉਂ ਨਾ ਹੋਵੇ । ਸਾਇਰਨ
ਦਾ ਹੋਣਾ ਜਾਂ ਟਰੈਫਿਕ ਵਿੱਚੋਂ ਵੀ.ਵੀ.ਆਈ.ਪੀ. ਗੱਡੀਆਂ ਵਾਂਗ ਕੱਢਿਆ ਜਾਣਾ ਵੀ
ਸੰਭਵ ਹੋ ਸਕੇਗਾ ਬਾਅਦ ਵਿੱਚ । ਸਿਰਫ਼ ਬਿਰਤੀ ਬਦਲਣ ਦੀ ਲੋੜ ਹੈ ,ਪਹਿਲਾਂ ਸਾਡਾ
ਆਪਣਾ ਮਨ ਗੁਰੁ ਸਾਹਿਬ ਨੂੰ ਸਭ ਕੁਝ ਤੋਂ ਉਚਾ ਅਤੇ ਮਹਾਨ ਮੰਨੇ । ਕੁਝ ਵੀ ਅਸੰਭਵ
ਨਹੀਂ ।
ਮੇਰੀ ਸਾਰੇ ਸਿੱਖ ਚਿੰਤਕਾਂ, ਵਿਦਵਾਨਾਂ,ਲੀਡਰਾਂ, ਜੱਥੇਦਾਰਾਂ, ਸਿੰਘ ਸਭਾਵਾਂ,
ਸੰਤਾਂ, ਸਿੱਖ ਜਥੇਬੰਦੀਆਂ ਅਤੇ ਹਰ ਗੁਰਸਿੱਖ ਵੀਰ ਅਤੇ ਭੈਣ ਨੂੰ ਬੇਨਤੀ ਹੈ ਕਿ ਇਸ
ਵਿਸ਼ੇ ਤੇ ਇੱਕ ਵਾਰੀ ਠੰਡੇ ਦਿਮਾਗ ਨਾਲ ਵਿਚਾਰ ਕਰੋ । ਸੰਭਾਵਨਾ ਨੂੰ ਕਿਵੇਂ ਅਮਲ
ਵਿੱਚ ਲਿਆਇਆ ਜਾਵੇ ? ਇਸ ਨੂੰ ਲਾਗੂ ਕਰਨ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਆ
ਸਕਦੀਆਂ ਹਨ ਅਤੇ ਉਨ੍ਹਾਂ ਨੂਂ ਕਿਵੇਂ ਦੂਰ ਕੀਤਾ ਜਾ ਸਕਦਾ ਹੈ ,ਇਹ ਸਭ ਕੁਝ
ਵਿਚਾਰਿਆ ਜਾਵੇ ,.....। ਠੀਕ ਲੱਗਣ ਤੇ ਸਾਰੇ ਇੱਕ ਜੁੱਟ ਹੋ ਕੇ ਅਕਾਲ ਤਖਤ ਤੋਂ
ਫੁਰਮਾਨ ਜਾਰੀ ਕਰਵਾਉਣ ਲਈ ਜੋਰ ਪਾਉਣ … । ਗਲਤੀਆਂ ਲਈ ਖਿਮਾ ਦਾ ਜਾਚਕ ਹਾਂ
।ਪਾਠਕਾਂ ਤੋਂ ਟਿੱਪਣੀ ਦੀ ਆਸ ਰੱਖਦਾ ਹਾਂ । ਮੇਲ ਐਡਰੈਸ ਹੈ ਰੁਪਅਲਜਸ੍ਗਾਮਅਲਿ।ਚੋਮ
rupaljs@gmail.com
9814715796
|