ਸੰਸਾਰ ਵਿੱਚ ਅਨੇਕਾਂ ਧਰਮ ਹਨ, ਪ੍ਰੰਤੂ ਕਿਸੇ ਵੀ ਧਰਮ ਜਾਂ ਕੌਮ ਦੇ ਪੈਰੋਕਾਰਾਂ
ਨੂੰ ਸਮੁੱਚੇ ਰੂਪ ਵਿੱਚ ਆਪਣਾ ਜਨਮ-ਦਿਨ ਮੰਨਾਉਣ ਦਾ ਮਾਣ ਪ੍ਰਾਪਤ ਨਹੀਂ ਹੋ ਸਕਿਆ।
ਇਹ ਮਾਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਸਿੱਖ ਪੰਥ ਨੂੰ ਹੀ ਬਖ਼ਸ਼ਿਆ
ਕਿ ਉਹ ਇੱਕ ਵਿਸ਼ੇਸ਼ ਦਿਨ ਆਪਣਾ ਜਨਮ-ਦਿਨ (ਸਿਰਜਨਾ-ਦਿਵਸ) ਮਨਾ ਸਕੇ। ਹਰ-ਇੱਕ ਸਿੱਖ
ਭਾਵੇਂ ਉਹ ਸੰਸਾਰ ਦੇ ਕਿਸੇ ਵੀ ਕੌਨੇ ਵਿੱਚ ਵਸਦਾ ਹੋਵੇ, ਇਕਲਾ ਹੈ ਜਾਂ ਵੱਡੀ
ਗਿਣਤੀ ਵਿੱਚ, ਆਪਣਾ ਹੀ ਨਹੀਂ, ਸਗੋਂ ਆਪਣੀ ਸਮੁੱਚੀ ਕੌਮ ਦਾ ਜਨਮ-ਦਿਨ
(ਸਿਰਜਨਾ-ਦਿਵਸ) ਜ਼ਰੂਰ ਮੰਨਾਉਂਦਾ ਹੈ।
ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ
ਜੀ ਨੇ ਸਿੱਖ-ਪੰਥ ਵਿੱਚ ਇੱਕ ਅਦੁੱਤੀ ਅਤੇ ਅਨੌਖੀ ਸਾਂਝ ਪੈਦਾ ਕਰ ਦਿੱਤੀ। ਪਵਿੱਤ੍ਰ
ਅੰਮ੍ਰਿਤ ਦੇ ਧਾਗੇ ਵਿੱਚ ਪਰੋ ਕੇ ਸਾਰੇ ਪੰਥ ਨੂੰ ਇੱਕ ਕਰ ਦਿੱਤਾ। ਇਸ ਵਿੱਚ ਨਾ
ਕੋਈ ਵੱਡਾ ਰਿਹਾ ਅਤੇ ਨਾ ਹੀ ਛੋਟਾ। ਇਥੇ ਸਰਬਾ-ਸਾਂਝ ਹੈ। ਜਦੋਂ ਵੀ ਕੋਈ ਸਿੱਖ
ਅਰਦਾਸ ਕਰਦਾ ਹੈ, ਤਾਂ ਉਹ ਆਪਣੇ ਇਕੱਲੇ ਵਾਸਤੇ ਅਕਾਲ ਪੁਰਖ ਪਾਸੋਂ ਕੁਝ ਨਹੀਂ
ਮੰਗਦਾ। ਸਗੋਂ ਸਮੁੱਚੇ ਖ਼ਾਲਸੇ ਵਾਸਤੇ ਮੰਗਦਾ ਹੈ। ਉਹ ਰੋਜ਼ ਦੋ ਵੇਲੇ ਅਰਦਾਸ ਕਰਦਾ
ਹੈ :
“ਪ੍ਰਿਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ, ਸਰਬਤ ਖਾਲਸਾ ਜੀ ਕੋ ਵਾਹਿਗੁਰੂ
ਵਾਹਿਗੁਰੂ ਚਿਤ ਆਵੇ, ਚਿਤ ਆਵਨ ਦਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ
ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਹ, ਬਿਰਦ ਦੀ ਪੈਜ, ਪੰਥ ਕੀ ਜੀਤ ਸ੍ਰੀ
ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।”
ਅਰਥਾਤ ਸਿੱਖ ਦੀ ਮੰਗ ਹੈ, ਹੇ ਅਕਾਲ ਪੁਰਖ, ਜਿਥੇ ਜਿਥੇ, ਖਾਲਸਾ ਵਸਦਾ ਹੈ ਉਥੇ
ਉਥੇ ਉਸਦੀ ਰਖਿਆ ਕਰ, ਪੰਥ ਦੀ ਜਿਤ ਹੋਵੋ, ਖਾਲਸੇ ਦੇ ਬੋਲ ਬਾਲ ਹੋਣ। ਇਥੇ ਹੀ ਬੱਸ
ਨਹੀਂ ਉਹ ਸਾਰੇ ਸਿੱਖਾਂ ਲਈ ਸਾਂਝਾ ਦਾਨ ਮੰਗਦਿਆਂ ਕਹਿੰਦਾ ਹੈ: “ਸਿੱਖਾਂ ਨੂੰ
ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ
ਸਿਰ ਦਾਨ ਨਾਮ ਦਾਨ….”
ਇਸ ਤਰਾਂ ਸਾਰਾ ਹੀ ਪੰਥ ਇਕ ਲੜੀ ਪਰੋਇਆ ਹੋਇਆ
ਹੈ। ਇਹ ਇੱਕ-ਜੁਟਤਾ ਖਾਲਸੇ ਨੂੰ ਗੁਰੂ ਸਾਹਿਬਾਨ ਦੀ ਹੀ ਬਖਸ਼ੀ ਹੋਈ ਹੈ। ਇਸੇ ਸਾਂਝ
ਦਾ ਸਦਕਾ ਹੀ ਸਿੱਖਾਂ ਦੇ ਹੌਂਸਲੇ ਸਦਾ ਬੁਲੰਦ ਰਹੇ ਹਨ, ਨਾ ਦੁਰਾਨੀ ਤੇ ਮੀਰ ਮੰਨੂੰ
ਦੇ ਅਤਿਆਚਾਰ ਉਨ੍ਹਾਂ ਨੂੰ ਮਿਟਾ ਸਕੇ ਹਨ ਅਤੇ ਨਾ ਹੀ ਜੰਗਲਾਂ-ਬੇਲਿਆਂ ਵਿਚ
ਵਸਦਿਆਂ, ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾ ਕੇ ਵਿਚਰਦਿਆਂ ਉਨ੍ਹਾਂ ਦੇ ਹੌਂਸਲੇ
ਟੁਟੇ ਹਨ। ਸਿੱਖ ਭੁਜੇ ਛੋਲਿਆਂ ਨੂੰ ‘ਬਦਾਮ’, ਭੁਖਾਂ ਨੂੰ ‘ਕੜਾਕੇ’ ਅਤੇ ਲੰਗਰ ਵਿਚ
ਕੁਝ ਨਾ ਹੋਣ ਤੇ ‘ਮਸਤਾਨੇ ਲੰਗਰ’ ਆਖਦਿਆਂ ਸਦਾ ਹੀ ਚੜ੍ਹਦੀ ਕਲਾ ਵਿਚ ਰਹੇ। ਮੀਰ
ਮਨੂੰ ਵਲੋਂ ਉਨ੍ਹਾਂ ਨੂੰ ਮਿਟਾਉਣ ਲਈ ਜੋ ਅਤਿਆਚਾਰਾਂ ਦਾ ਚਕਰ ਚਲਾਇਆ ਗਿਆ ਉਸਨੇ ਵੀ
ਉਨ੍ਹਾਂ ਨੂੰ ਚੜ੍ਹਦੀ ਕਲਾ ਹੀ ਬਖਸ਼ੀ ਤੇ ਉਹ ਹਸਦੇ ਚਿਹਰਿਆਂ ਨਾਲ ਗਾਉਂਦੇ ਰਹੇ:-
“ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ। ਜਿਉਂ ਜਿਉਂ ਮੰਨੂੰ ਵਢਦਾ ਅਸੀਂ
ਦੁਣ ਸਵਾਏ ਹੋਏ।”
ਉਨ੍ਹਾਂ ਦੇ ਸਿੱਖੀ ਸਿਦਕ ਨੂੰ ਅਜ਼ਮਾਉਣ ਲਈ ਅਸਹਿ ਤੇ ਅਕਹਿ ਜ਼ੁਲਮ ਢਾਹੇ ਗਏ ਪਰ
ਉਨ੍ਹਾਂ ਦੀ ਚੜ੍ਹੀਕਲਾ ਨੇ ਸਦਾ ਉਨ੍ਹਾਂ ਦਾ ਸਾਥ ਦਿਤਾ। ਉਨ੍ਹਾਂ ਹਰ ਅਜਿਹੇ
ਇਮਤਿਹਾਨ ਵਿਚ ਸਿੱਖੀ ਸਿਦਕ ਨੂੰ ਕੇਸਾਂ ਸੁਆਸਾਂ ਨਾਲ ਨਿਬਾਇਆਂ, ਭਾਵੇਂ ਇਸਦੇ ਲਈ
ਉਨ੍ਹਾਂ ਨੂੰ ਚਰਖੜੀਆਂ ਤੇ ਚੜ੍ਹਨਾ ਪਿਆ, ਆਰਿਆਂ ਨਾਲ ਸੀਸ ਚਰਵਾਣਾ ਪਿਆ, ਜਾਂ ਬੰਦ
ਬੰਦ ਕਟਵਾਣੇ ਪਏ।
ਜ਼ਰਾ
ਨਜ਼ਰ ਮਾਰੋ ਸਿੱਖ ਇਤਿਹਾਸ ਵਲ, ਇਹ ਇਤਿਹਾਸ ਕੋਈ ਭੁਲੀ ਵਿਸਰੀ ਗਲ ਨਹੀਂ, ਕੋਈ ਬਹੁਤ
ਲੰਮਾ ਇਤਿਹਾਸ ਵੀ ਨਹੀਂ, ਸਗੋਂ ਕੇਵਲ ਸਾਢੀਆਂ ਪੰਜ ਸਦੀਆਂ ਦਾ ਹੀ ਤਾਂ ਇਤਿਹਾਸ ਹੈ।
ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹੀਦੀ ਦਿੱਤੀ, ਸਾਹਿਬ
ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਜ਼ੂਲਮਾਂ ਨੂੰ ਵੰਗਾਰਿਆ, ਫਿਰ ਗੁਰੂ ਹਰਿਗੋਬਿੰਦ
ਸਾਹਿਬ ਦੇ ਸਪੁਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰਖਿਆ ਲਈ ਦਿੱਲੀ ਵਿਚ
ਆਪਣਾ ਬਲਿਦਾਨ ਦਿਤਾ। ਆਪ ਦੇ ਸਪੁਤਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ
ਨੂੰ ਵੰਗਾਰਿਆ ਅਤੇ ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਦਿਤਾ ਇਸ ਤੋਂ ਪਿਛੋਂ ਆਪ ਦੇ
ਸਪੁਤਰ ਖਾਲਸੇ ਨੇ ਮੁਗਲ ਰਾਜ ਦੇ ਅਤਿਆਚਾਰ ਅਤੇ ਜ਼ੁਲਮਾਂ ਨੂੰ ਸਮਾਪਤ ਕਰਨ ਲਈ
ਸਿਰ-ਧੜ ਦੀ ਬਾਜ਼ੀ ਲਾ ਦਿਤੀ, ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਿੱਖਾਂ ਨੇ
ਬਹਾਦਰੀ ਅਤੇ ਦ੍ਰਿੜਤਾ ਦਾ ਉਹ ਪ੍ਰਗਟਾਵਾ ਕੀਤਾ ਕਿ ਦੌਸਤ ਅਤੇ ਦੁਸ਼ਮਣ ਉਂਗਲਾਂ ਮੁੰਹ
ਵਿਚ ਪਾ ਕੇ ਰਹਿ ਗਏ। ਮਿਸਲਾਂ ਦੇ ਰੂਪ ਵਿਚ ਸਿੱਖਾਂ ਨੇ ਅਤਿਆਚਾਰੀਆਂ ਦੀ ਨੀਂਦ
ਹਰਾਮ ਕਰ ਦਿਤੀ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਧਾੜਵੀਆਂ ਨੂੰ
ਉਨ੍ਹਾਂ ਦੇ ਘਰਾਂ ਵਿਚ ਜਾ ਵੰਗਾਰਿਆ, ਜੋ ਕਿਸੇ ਸਮੇਂ ਮੂੰਹ ਚੁਕੀ ਭਾਰਤ ਵਲ ਵਧਦੇ
ਅਤੇ ਪੰਜਾਬ ਲੰਘ ਸਾਰੇ ਦੇਸ਼ ਨੂੰ ਆਪਣੇ ਪੈਰਾਂ ਹੇਠ ਰੋਲਦੇ ਇਕ ਕੋਨੇ ਤੋਂ ਦੁਜੇ
ਕੋਨੇ ਤਕ ਬਿਨਾ ਰੋਕ-ਟੋਕ ਪੁਜ ਜਾਂਦੇ।
ਫਿਰ ਆਪਸੀ ਫੁਟ ਅਤੇ ਸਿੱਖਾਂ ਤੇ ਸਿੱਖੀ ਦੇ ਦੁਸ਼ਮਣਾਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ
ਹੋ ਸਿੱਖ ਰਾਜ, ਜੋ ਪੰਜਾਬੀਆਂ ਦਾ ਸਾਂਝਾ ਰਾਜ ਸਵੀਕਾਰਿਆ ਜਾਂਦਾ ਸੀ, ਅੰਗਰੇਜ਼ਾਂ ਦੇ
ਕਬਜ਼ੇ ਵਿਚ ਚਲਾ ਗਿਆ। ਅੰਗਰੇਜ਼ੀ ਗੁਲਾਮੀ ਦਾ ਜੂਲਾ ਉਤਾਰ ਸੁਟਣ ਲਈ ਫਿਰ ਖਾਲਸਾ ਪੰਥ
ਨੇ ਜਦੋਜਹਿਦ ਅਰੰਭੀ, ਸੈਂਕੜੇ ਸਿੱਖਾਂ ਨੂੰ ਤੋਪਾਂ ਅਗੇ ਰਖ ਕੇ ਉਡਾ ਦਿਤਾ ਗਿਆ,
ਸੈਂਕੜੇ ਫਾਂਸੀ ਦੇ ਤਖਤਿਆਂ ਤੇ ਲਟਕ ਗਏ, ਅਨੇਕਾਂ ਗੋਲੀਆਂ ਅਤੇ ਲਾਠੀਆਂ ਦੀ ਭੇਟ ਹੋ
ਗਏ ਪਰ ਉਨ੍ਹਾਂ ਆਪਣੇ ਆਦਰਸ਼ ਵਲੋਂ ਮੂੰਹ ਨਹੀਂ ਮੋੜਿਆ। ਗੁਰਧਾਮਾਂ ਦੀ ਪਵਿਤਰਤਾ
ਕਾਇਮ ਰਖਣ ਲਈ ਅਨੇਕਾਂ ਸਿੱਖਾਂ ਨੂੰ ਜੀਉਂਦਿਆਂ ਸੜਨਾ ਪਿਆ, ਪਰ ਜਦੋ-ਜਹਿਦ ਪੰਥ ਦੀ
ਜਿਤ ਤਕ ਜਾਰੀ ਰਹੀ।
ਦੇਸ਼ ਆਜ਼ਾਦ ਹੋਇਆ, ਇਸਦੀ ਸਭ ਤੋਂ ਵਧ ਕੀਮਤ ਸਿੱਖਾਂ ਨੂੰ ਹੀ ਦੇਣੀ ਪਈ। ਭਰੇ
ਪੂਰੇ ਘਰ, ਲਖਾਂ-ਕਰੋੜਾਂ ਵਿਚ ਚਲਦੇ ਕਾਰੋਬਾਰ, ਖੂਨ ਪਸੀਨੇ ਨਾਲ ਆਬਾਦ ਕੀਤੀਆਂ
ਬਾਰਾਂ ਤੇ ਜਾਨਾਂ ਤੋਂ ਵੀ ਵਧ ਪਿਆਰੇ ਗੁਰਧਾਮਾਂ ਨੂੰ ਛਡਣਾ ਪਿਆ। ਪ੍ਰੰਤੂ ਇਹ ਸਭ
ਕੁਝ ਹੋਣ ਤੇ ਵੀ ਸਿੱਖਾਂ ਦੇ ਮਨਾਂ ਵਿਚ ਜ਼ਰਾ-ਕੁ ਜਿਨਾਂ ਵੀ ਪਸ਼ਚਾਤਾਪ ਨਹੀਂ ਆਇਆ,
ਇਥੇ ਵੀ ਸਤਿਗੁਰਾਂ ਦੀ ਬਖਸ਼ੀ ਚੜ੍ਹਦੀ ਕਲਾ ਨੇ ਉਨ੍ਹਾਂ ਦਾ ਸਾਥ ਦਿਤਾ। ਉਨ੍ਹਾਂ
ਨਵੇਂ ਸਿਰੇ ਤੋਂ ਜੀਵਨ ਅਰੰਭਿਆ ਅਤੇ ਆਪਣੇ ਆਪਨੂੰ ਮੁੜ ਆਪਣੇ ਪੈਰਾਂ ਤੇ ਖੜਾ ਕਰ
ਲਿਆ।
ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਸਮੇਂ ਦੌਰਾਨ ਸਰਕਾਰੀ ਅਤੇ
ਗੈਰ-ਸਰਕਾਰੀ ਪਾਸਿਆਂ ਵਲੋਂ ਸਿੱਖਾਂ ਦੀਆਂ ਰਾਹਾਂ ਵਿੱਚ ਕੰਡੇ ਬੀਜ ਰੁਕਾਵਟਾਂ
ਖੜੀਆਂ ਕੀਤੀਆਂ ਗਈਆਂ। ਉਨ੍ਹਾਂ ਨੂੰ ਆਪਣੀਆਂ ਜਾਇਜ਼, ਨਿਆਂ ਪੂਰਣ ਅਤੇ ਵਿਧਾਨਕ
ਮੰਗਾਂ ਮੰਨਾਉਣ ਲਈ ਵੀ ਲੰਮੀਆਂ ਜਦੋ-ਜਹਿਦਾਂ ਅਤੇ ਸੰਘਰਸ਼ ਕਰਨ ਤੇ ਮਜਬੂਰ ਕੀਤਾ
ਗਿਆ। ਸਿੱਖਾਂ ਦੀ ਜੋ ਸ਼ਕਤੀ ਦੇਸ਼ ਦੀ ਉਨਤੀ ਵਿਚ ਲਗ ਸਕਦੀ ਸੀ, ਉਸਨੂੰ ਸਰਕਾਰ ਵਲੋਂ
ਮੋਰਚਿਆਂ ਵਿਚ ਬਰਬਾਦ ਕਰਨ ਤੇ ਮਜਬੂਰ ਕਰ ਦਿਤਾ ਗਿਆ। ਅਨਿਆਇ ਅਤੇ ਜ਼ੁਲਮ ਦਾ ਸ਼ਿਕਾਰ
ਹੁੰਦਿਆਂ ਹੋਇਆਂ ਵੀ ਸਿੱਖਾਂ ਨੇ ਆਪਣੀ ਦੇਸ਼ ਭਗਤੀ ਦੀ ਪਰੰਪਰਾ ਨੂੰ ਕਾਇਮ ਰਖਿਆ।
ਚੀਨੀ ਅਤੇ ਪਾਕਿਸਤਾਨੀ ਹਮਲਿਆਂ ਵੇਲੇ ਦਲੇਰੀ ਨਾਲ ਦੁਸ਼ਮਣਾ ਦੇ ਮੁੰਹ-ਭੁਆਂ ਦਿਤੇ,
ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਸਦੀ ਰਖਿਆ ਲਈ ਵੀ ਅਣਗਿਣਤ ਸਿੱਖਾਂ ਨੇ ਆਪਣੀਆਂ ਜਾਨਾਂ
ਵਾਰੀਆਂ।
ਇਸਤਰਾਂ ਸਿੱਖਾਂ ਦੀ ਹਰ ਪੀੜੀ ਨੇ ਆਪਣੇ ਬਲੀਦਾਨ ਦੀ ਪਰੰਪਰਾ ਨੂੰ ਕਾਇਮ ਰਖਿਆ
ਅਤੇ ਹਰ ਹਾਲ ਵਿਚ ਆਪਣੇ ਇਤਿਹਾਸ ਨੂੰ ਉਸਨੇ ਆਪਣੇ ਖੂਨ ਨਾਲ ਲਿਖਿਆ। ਜੇ ਸਚਾਈ ਅਤੇ
ਇਨਸਾਫ ਦੀਆਂ ਨਜ਼ਰਾਂ ਨਾਲ ਵੇਖਿਆ ਜਾਏ ਤਾਂ ਭਾਰਤ ਦਾ ਪਿਛਲੀਆਂ ਤਿੰਨ ਸ਼ਤਾਬਦੀਆਂ ਤੋਂ
ਵੀ ਵਧ ਦਾ ਇਤਿਹਾਸ ਸਿੱਖਾਂ ਦੇ ਖੂਨ ਨਾਲ ਹੀ ਲਿਖਿਆ ਗਿਆ ਹੋਇਆ ਹੈ ਅਤੇ ਸਿੱਖਾਂ
ਨੂੰ ਮਾਣ ਹੈ ਕਿ ਉਨ੍ਹਾਂ ਨੇ ਇਸ ਦੇਸ਼ ਦਾ ਇਤਿਹਾਸ ਆਪਣੇ ਖੂਨ ਨਾਲ ਲਿਖਿਆ ਹੈ,
ਭਾਵੇਂ ਇਸਦੇ ਬਦਲੇ ਵਿੱਚ ਉਨ੍ਹਾਂ ਨੂੰ ਕਦੀ ਵੀ ਇਨਸਾਫ ਨਹੀਂ ਮਿਲਿਆ।
Jaswant Singh ‘Ajit’
64-C, U&V/B, Shalimar Bagh, DELHI-110088
Mobile : + 91 98 68 91 77 31
jaswantsinghajit@gmail.com
|