WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)
           

2010-2012

hore-arrow1gif.gif (1195 bytes)

ਭਗਤ ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ


 

ਮਹਾਨ ਕੋਸ਼ ਅਨੁਸਾਰ ਭਗਤ ਰਵਿਦਾਸ ਜੀ ਕਾਸ਼ੀ ਦੇ ਵਸਨੀਕ, ਭਗਤ ਰਾਮਾਨੰਦ ਜੀ ਦੇ ਚੇਲੇ ਅਤੇ ਭਗਤ ਕਬੀਰ ਜੀ ਦੇ ਸਮਕਾਲੀ ਸਨ। ਸਿੰਘ ਸਭਾ ਦੇ ਵਿਦਵਾਨ ਲੇਖਕ ਗਿ. ਗੁਰਦਿੱਤ ਸਿੰਘ ਅਨੁਸਾਰ ਕਬੀਰ, ਰਾਮਾਨੰਦ, ਰਵਿਦਾਸ ਸਮਕਾਲੀ ਭਗਤ ਸਨ ਅਤੇ ਗੁਰੂ ਨਾਨਕ ਦੇਵ ਜੀ ਨਾਲ ਵੀ ਆਖਰੀ ਉਮਰੇ ਇਨਾਂ ਦੀ ਭੇਟ ਹੋਈ ਸੀ ਅਤੇ ਸਤਿਗੁਰੂ ਸ਼ਬਦ ਭਗਤ ਰਾਮਾਨੰਦ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਬਾਅਦ ਉਚਾਰਿਆ-

ਸਤਿਗੁਰ ਮੈ ਬਲਿਹਾਰੀ ਤੋਰਿ॥ ਜਿਨ ਸਕਲ ਬਿਕਲ ਭ੍ਰਮ ਕਾਟੈ ਮੋਰਿ॥(੧੧੯੫)

ਭਗਤ-ਸੰਸਕ੍ਰਿਤ ਦਾ ਸ਼ਬਦ ਹੈ ਅਤੇ ਭਜ ਧਾਤ ਤੋਂ ਬਣਿਆਂ ਹੈ, ਜਿਸ ਦਾ ਅਰਥ ਹੈ ਵੰਡਣਾ, ਸੇਵਾ ਅਤੇ ਸਿਮਰਨ ਕਰਨਾ ਭਾਵ ਜੋ ਵਰਤਾ ਕੇ ਛਕਦਾ ਹੈ, ਸੰਸਾਰ ਦੀ ਸੇਵਾ ਕਰਦਾ ਹੈ ਅਤੇ ਕਰਤਾਰ ਨੂੰ ਮਨੋਂ ਨਹੀਂ ਵਿਸਾਰਦਾ ਉਹ ਭਗਤ ਹੈ। ਪੰਜਾਬੀ ਵਿੱਚ ਭਗਤ ਦੇ ਅਰਥ ਹਨ ਸੇਵਕ, ਪ੍ਰੇਮੀ ਜੋ ਪ੍ਰੀਤਮ ਪ੍ਰਾਇਣ ਹੋਵੇ, ਜੋ ਆਪਣਾ ਸਭ ਕੁਝ ਪ੍ਰਮੇਸ਼ਰ ਨੂੰ ਅਰਪੇ-

ਕਬੀਰ ਮੇਰਾ ਮੁਝ ਮਹਿ ਕਿਛ ਨਹੀ ਜੋ ਕਿਛ ਹੈ ਸੋ ਤੇਰਾ॥(੧੨੭੫)

ਸਬਦੌਂ ਹੀ ਭਗਤ ਜਾਪਦੇ ਜਿਨ ਕੀ ਬਾਣੀ ਸਚੀ ਹੋਇ॥ ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ॥(੪੨੯)

ਭਾ ਕਾਨ੍ਹ ਸਿੰਘ ਨ੍ਹਾਭਾ ਜੀ ਭਗਤ ਦੇ ਗੁਣ ਇਉਂ ਬਿਆਨ ਕਰਦੇ ਹਨ-

ਦਯਾ ਦਿਲ ਰਾਖੈ ਸਬਹੀਂ ਸੋਂ ਮ੍ਰਿਦੁ ਭਾਖੈ ਨਿਤ, ਕਾਮ ਕ੍ਰੋਧ ਲੋਭ ਮੋਹ ਹੌਮੇ ਕੋ ਦਬਾਵੈ ਜੂ।
ਕਾਹੂੰ ਮੇ ਨਾ ਤੁਖੈ ਸਭ ਹੀ ਮੋਂ ਏਕ ਬ੍ਰਹਮ ਦੇਖੈ, ਲਘੁ ਲੇਖੈ ਆਪ,ਕਰ ਨੇਮ ਤਨ ਭਾਵੈ ਜੂ।
"ਦੇਵੀਦੱਤ" ਜਾਨੈ ਏਕ ਹਰਿ ਹੀ ਕੋ ਮੀਤ, ਔਰ ਜਗਤ ਕੀ ਰੀਤਿ ਮੇ ਨ ਪ੍ਰੀਤਿ ਦਰਸਾਵੇ ਜੂ।
ਦੁਖਿਤ ਹੈ ਆਪ,ਦੁਖ ਔਰ ਕੋ ਮਿਟਾਵੈ, ਏਸੋ ਸ਼ਾਂਤਪਦ ਪਾਵੈ, ਤਬ ਭਗਤ ਕਹਾਵੈ ਜੂ।

ਗੁਰੂ ਅਮਰਦਾਸ ਜੀ ਫੁਰਮਾਂਦੇ ਹਨ ਕਿ ਭਗਤਾਂ ਦੀ ਮਰਯਾਦਾ ਸੰਸਾਰੀਆਂ ਨਾਲੋਂ ਵੱਖਰੀ ਹੁੰਦੀ ਹੈ ਉਹ ਸੱਚੇ ਮਾਰਗ ਤੇ ਚਲਦਿਆਂ ਟੱਸ ਤੋਂ ਮੱਸ ਨਹੀਂ ਹੁੰਦੇ, ਖੰਡੇ ਦੀ ਧਾਰ ਤੇ ਚਲਦੇ ਹਨ ਜਦ ਕਿ ਸੰਸਾਰੀ ਲੋਕ ਲਾਲਚ ਵਿੱਚ ਸਿਧਾਂਤ ਤੱਕ ਬਦਲ ਦੇਂਦੇ ਹਨ-

ਭਗਤਾ ਕੀ ਚਾਲ ਨਿਰਾਲੀ॥ ਚਾਲਾ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗਿ ਚਲਣਾ॥
ਲਬੁ ਲੋਭੁ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ॥
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥
ਗੁਰਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ॥ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ॥੧੪॥(੯੧੮)

ਨੋਟ-ਹਿੰਦੋਸਤਾਨੀ ਲੋਕ ਭਗਤ ਉਸ ਨੂੰ ਸਮਝਦੇ ਹਨ ਜਿਸ ਦਾ ਮੈਲਾ ਕੁਚੈਲਾ ਵੇਸ ਹੋਵੇ, ਗਲ ਵਿੱਚ ਮਾਲਾ ਪਾਈ ਹੋਵੇ, ਮੱਥੇ ਤੇ ਤਿਲਕ ਲਾਇਆ ਹੋਵੇ, ਗੋਲ ਪੱਗ ਜਾਂ ਲੰਬਾ ਚੋਲਾ ਪਾਇਆ ਹੋਵੇ, ਆਜ਼ਿਜ਼ ਜਿਹਾ ਹੋਕੇ ਮੰਗਦਾ ਫਿਰੇ ਅਤੇ ਅੱਖਾਂ ਮੀਟੀ ਸਮਾਧੀ ਲਾ ਬੈਠਾ ਹੋਵੇ। ਜੇ ਕਿਤੇ ਦੇਵਨੇਤ ਨਾਲ ਕਹੀ ਜਾਂਦੀ ਨੀਵੀਂ ਜਾਤਿ ਵਿੱਚ ਭਗਤ ਪੈਦਾ ਹੋ ਜਾਵੇ ਤਾਂ ਉੱਚਜਾਤੀਏ ਜਿੱਥੇ ਉਸ ਨੂੰ ਕਬੂਲ ਨਹੀਂ ਕਰਦੇ, ਸਗੋਂ ਡੱਟ ਕੇ ਵਿਰੋਧਤਾ ਕਰਦੇ ਹਨ ਓਥੇ ਉਸ ਦੇ ਜੀਵਨ ਬਾਰੇ ਵੀ ਘਟੀਆ ਕਹਾਣੀਆਂ ਜੋੜ ਦਿੰਦੇ ਹਨ ਭਾਵ ਭਗਤ ਦੇ ਸੱਚੇ-ਸੁੱਚੇ ਉਪਦੇਸ਼ਾਂ ਅਤੇ ਇਤਿਹਾਸ ਵਿੱਚ ਭੰਬਲ-ਭੁਸੇ ਪਾ ਦਿੰਦੇ ਹਨ। ਐਸਾ ਹੀ ਦਲਤਾਂ ਦੇ ਮਸੀਹੇ ਭਗਤ ਰਵਿਦਾਸ ਜੀ ਨਾਲ ਵੀ ਕੀਤਾ ਗਿਆ। ਦਾਸ ਇਹ ਹਵਾਲੇ "ਗੁਰ ਭਗਤ ਮਾਲ" ਜੋ ਕਿਸੇ ਨਿਰਮਲੇ ਸੰਤ ਅਤੇ "ਸਿੱਖ ਰਿਲੀਜਨ" ਅੰਗ੍ਰੇਜੀ ਬੁੱਕ ਜੋ ਮਿਸਟਰ ਮੈਕਾਲਿਫ਼ ਦੀ ਲਿਖੀ ਹੋਈ ਹੈ, ਵਿੱਚੋਂ ਦੇ ਰਿਹਾ ਹੈ। ਮੈਕਾਲਿਫ ਨੂੰ ਵੀ ਭਗਤ ਮਾਲਾ ਦੀ ਹੀ ਟੇਕ ਲੈਣੀ ਪਈ ਕਿਉਂਕਿ ਭਗਤਾਂ ਦੇ ਜੀਵਨ ਬਹੁਤ ਘੱਟ ਲਿਖੇ ਗਏ ਸਨ। ਭਗਤ ਰਵਿਦਾਸ ਜੀ ਬਾਰੇ ਵੀ ਇਹ ਪੁਰਾਤਨ ਸਰੋਤ ਹਨ। ਅਸਲ ਇਤਹਾਸ ਤਾਂ ਬ੍ਰਾਹਮਣ ਭਾਊਆਂ ਅਤੇ ਪਾਖੰਡੀ ਸੰਤਾਂ ਨੇ ਵਿਗਾੜ ਦਿੱਤਾ ਹੈ। ਭਗਤ ਜੀ ਦੇ ਜੀਵਨ ਬਾਰੇ ਤਾਂ ਅੱਜ ਕਲ੍ਹ ਬਹੁਤ ਲੇਖ ਛਪ ਚੁੱਕੇ ਹਨ ਪਰ ਆਪਾਂ ਉਨ੍ਹਾਂ ਦੇ ਉਪਦੇਸ਼ਾਂ ਅਤੇ ਉਨ੍ਹਾਂ ਬਾਰੇ ਪਾਏ ਗਏ ਭੁਲੇਖਿਆਂ ਦਾ ਜ਼ਿਕਰ ਕਰਨਾ ਹੈ। ਪਹਿਲੇ ਭਗਤ ਜੀ ਬਾਰੇ ਲਿਖੀਆਂ ਮਨਘੜਤ ਅਤੇ ਮਿਥਹਾਸਕ ਕਹਾਣੀਆਂ ਜੋ "ਗੁਰ ਭਗਤ ਮਾਲ ਅਤੇ ਸਿੱਖ ਰਿਲੀਜ਼ਨ" ਵਿੱਚ ਦਰਜ ਹਨ ਅਤੇ ਜੋ ਅੱਜ ਦੇ ਅਖੌਤੀ ਗਿਆਨੀ ਅਤੇ ਸੰਤ ਕਥਾਵਾਚਕ ਸੰਗਤਾਂ ਨੂੰ ਸੁਣਾ ਰਹੇ ਹਨ-

ਸਿੱਖ ਰਿਲੀਜਨ ਬੁੱਕ ਮੁਤਾਬਿਕ

੧. ਰਵਿਦਾਸ ਜੀ ਚਮੜੇ ਦੀ ਮੂਰਤੀ ਬਣਾ ਕੇ ਪੂਜਦੇ ਸਨ ਪਰ ਇਹ ਨਹੀਂ ਦੱਸਿਆ ਕਿਹੜੇ ਦੇਵਤੇ ਜਾਂ ਅਵਤਾਰ ਦੀ ਸੀ।

੨. ਮੂਰਤੀ ਪੂਜਾ ਵਿੱਚ ਮਸਤ ਹੋ ਕੇ ਕਿਰਤ-ਵਿਰਤ ਛੱਡ ਬੈਠੇ। ਤੰਗੀ ਦੀ ਹਾਲਤ ਵੇਖ ਇੱਕ ਮਹਾਤਮਾਂ ਨੇ ਇੱਕ ਪਾਰਸ ਦਿੱਤਾ ਤਾਂ ਰਵਿਦਾਸ ਨੇ ਇੱਕ ਪਾਸੇ ਰੱਖ ਛੱਡਿਆ। ਤੇਰਾਂ ਮਹੀਨੇ ਬਾਅਦ ਉਹ ਸਾਧੂ ਫਿਰ ਆਇਆ ਤਾਂ ਆਪਣਾ ਪਾਰਸ ਅਣਵਰਤਿਆ ਵੇਖ ਕੇ ਲੈ ਗਿਆ।

੩. ਜਿਸ ਟੋਕਰੀ ਵਿੱਚ ਮੂਰਤੀ ਪੂਜਾ ਦਾ ਸਮਾਨ ਰੱਖਿਆ ਹੋਇਆ ਸੀ, ਚੋਂ ਇੱਕ ਦਿਨ ੫ ਮੋਹਰਾਂ ਸੋਨੇ ਦੀਆਂ ਨਿਕਲ ਪਈਆਂ, ਰਵਿਦਾਸ ਨੇ ਟੋਕਰੀ ਨੂੰ ਹੱਥ ਲਾਉਣਾ ਵੀ ਬੰਦ ਕਰ ਦਿੱਤਾ ਤਾਂ ਪ੍ਰਮਾਤਮਾਂ ਨੇ ਅਕਾਸ਼ ਬਾਣੀ ਰਾਹੀਂ ਆਖਿਆ ਰਵਿਦਾਸ! ਤੈਨੂੰ ਤਾਂ ਮਾਇਆ ਦੀ ਚਾਹ ਨਹੀਂ ਪਰ ਹੁਣ ਸਵੀਕਾਰ ਕਰ ਲੈ ਤਾਂ ਰਵਿਦਾਸ ਮੰਨ ਗਿਆ, ਮਾਇਆ ਲੈਣੀ ਸਵੀਕਾਰ ਕਰ ਲਈ।

੪. ਕਿਸੇ ਧਨੀ ਨੇ ਬਹੁਤ ਸਾਰਾ ਧੰਨ ਦਿੱਤਾ, ਇੱਕ ਸਰਾਂ-ਮੁਸਾਫਰ ਖ਼ਾਨਾਂ ਤੇ ਸੁੰਦਰ ਮੰਦਰ ਬਣਵਾਇਆ। ਇਹ ਹਾਲਤ ਵੇਖ ਕੇ ਬਨਾਰਸ ਦੇ ਬ੍ਰਾਹਮਣਾਂ ਨੇ ਰਾਜੇ ਪਾਸ ਸ਼ਿਕਾਇਤ ਕੀਤੀ ਕਿ ਨੀਚ ਜਾਤ ਮਨੁੱਖ ਸ਼ਾਂਸ਼ਤਰ ਅਨੁਸਾਰ ਪ੍ਰਮਾਤਮਾਂ ਕੀ ਮੂਰਤ ਕੀ ਪੂਜਾ ਕਾ ਅਧਿਕਾਰੀ ਨਹੀ ਹੋ ਸਕਦਾ।
੫. ਰਵਿਦਾਸ ਸ਼ਾਸ਼ਤਰਾਂ ਦੇ ਦੱਸੇ ਸਾਰੇ ਪੁੰਨ ਕਰਮ ਕਰਦਾ ਸੀ ਆਦਿਕ।

ਗੁਰ ਭਗਤ-ਮਾਲ ਅਨੁਸਾਰ

੧. ਏਕ ਬ੍ਰਹਮਚਾਰੀ ਰਾਮਾਨੰਦ ਕਾ ਸਿੱਖ ਹੂਆ। ਜੋ ਕਾਸ਼ੀ ਮੇਂ ਭਿਖਿਆ ਮਾਂਗ ਕਰ ਰਾਮਾਨੰਦ ਜੀ ਕੋ ਖਵਾਇਆ ਕਰੇ। ਉਸੀ ਗਾਉਂ ਮੇ ਏਕ ਬਾਣੀਆਂ ਵੀ ਕਹੇ ਕਿ ਮੇਰੇ ਸੇ ਭੀ ਸੀਧਾ ਲੇ ਕਰ ਰਾਮਾਨੰਦ ਜੀ ਕੋ ਭੋਗ ਲਗਵਾਇਆ ਕਰੋ। ਐਸਾ ਹੀ ਹੂਆ ਜਦ ਏਕ ਦਿਨ ਰਾਮਨੰਦ ਜੀ ਕੀ ਬਿਰਤੀ ਭਗਵਾਨ ਕੇ ਚਰਨੋਂ ਪਰ ਲੱਗੇ ਹੀ ਨਾਹੀਂ ਤਾਂ ਇਸ ਬ੍ਰਹਮਚਾਰੀ ਨੂੰ ਬੁਲਾ ਕੇ ਪੂਛਤੇ ਭਏ, ਸੀਧਾਂ ਕਹਾਂ ਸੇ ਲਾਇਆਂ ਥਾ ਤਾਂ ਰਵਿਦਾਸ ਨੇ ਕਹਾ ਏਕ ਬਾਣੀਏ ਸੇ ਜਿਸ ਕਾ ਸ਼ਾਹ ਚਮਾਰ ਥਾ ਅਰ ਜੋ ਹਮੇਸ਼ਾਂ ਹੀ ਦੁਸ਼ਟ ਕਰਮ ਕਰਤਾ ਹੈ ਤਾਂ ਰਾਮਾਨੰਦ ਜੀ ਨੇ ਕੋਪ ਹੋ ਕਰ ਕਹਾ ਅਰੇ ਦੁਸ਼ਟ ਤੁਮ ਨੀਚ ਚਮਾਰ ਕਾ ਜਨਮ ਪਾਓ।

੨. ਕੁਝ ਬ੍ਰਾਹਬਣ ਸਾਧੂ ਗੰਗਾ ਕੇ ਇਸ਼ਨਾਨ ਕੋ ਜਾ ਰਹੇ ਥੇ ਤਾਂ ਏਕ ਨੇ ਜੁੱਤੀ ਗੰਡਵਾ ਕਰ ਦਮੜੀ ਦੀ, ਤਾਂ ਰਵਿਦਾਸ ਨੇ ਕਹਾ, ਯੇਹ ਦਮੜੀ ਗੰਗਾ ਮਈਆ ਕੋ ਮੇਰੀ ਭੇਟ ਦੇ ਦੇਣੀ ਤੇ ਕਹਿਣਾ ਗੰਗਾ ਆਪਣੇ ਹਾਥ ਸੇ ਦਮੜੀ ਲੇਵੇ।

੩. ਰਵਿਦਾਸ ਦੀ ਚੜ੍ਹਦੀ ਕਲਾ ਤੇ ਮੂਰਤੀ ਪੂਜਾ ਕਰਤੇ ਵੇਖ ਬ੍ਰਾਹਮਣਾ ਨੇ ਰਾਜੇ ਪਾਸ ਸ਼ਿਕਾਇਤ ਕੀਤੀ ਤਾਂ ਕੋਲੋਂ ਮੰਤ੍ਰੀ ਨੇ ਸਲਾਹ ਦਿੱਤੀ ਕਿ ਇਨ੍ਹਾਂ ਸਾਰਿਆਂ ਨੂੰ ਆਖੋ ਆਪਣੇ ਠਾਕਰ ਨਦੀ ਵਿੱਚ ਸੁੱਟਣ ਤੇ ਫਿਰ ਬੁਲਾਉਣ ਜਿਸਕੇ ਪੱਥਰ ਕੇ ਠਾਕਰ ਨਦੀ ਤਰ ਕੇ ਜਲਦ ਆ ਜਾਣ ਉਹ ਹੀ ਅਸਲ ਪੂਜਾ ਕਾ ਆਧਿਕਾਰੀ ਹੈ। ਐਸਾ ਹੀ ਹੂਆ ਰਵਿਦਾਸ ਜੀ ਕੇ ਠਾਕੁਰ ਤੋ ਆ ਗਏ ਪਰ ਬ੍ਰਾਹਮਣੋਂ ਕੇ ਨਾ ਆਏ ਤਾਂ ਭਗਤ ਜੀ ਨੇ ਤੁਲਸੀ ਦਲ ਧੂਪ ਦੀਪ ਆਦਿ ਲੇ ਕਰ ਪੂਜਨ ਕੀਆ।

੪. ਇਹ ਸੋਭਾ ਸੁਣ ਕਰ ਚਤੌੜ ਦੀ ਰਾਣੀ ਝਾਲੀ ਭਗਤ ਜੀ ਦੀ ਸ਼ਰਧਾਲੂ ਬਣੀ।ਇਥੇ ਭੀ ਪਰਖ ਕੀਤੀ ਗਈ ਤਾਂ ਬ੍ਰਾਹਮਣਾ ਦੇ ਕਹਿਣੇ ਸੇ ਠਾਕਰ ਨਾਂ ਆਏ ਪਰ ਰਵਿਦਾਸ ਜੀ ਦੇ ਇਸ਼ਾਰਾ ਕਰਤੇ ਹੀ ਠਾਕਰ ਜੀ ਮੰਦਰ ਸੇ ਨਿਕਲਤੇ ਹੂਏ ਆ ਰਵਿਦਾਸ ਜੀ ਕੀ ਗੋਦ ਮੇਂ ਬਿਰਾਜਮਾਨ ਹੋਏ।

੫. ਬ੍ਰਾਹਮਣ ਕਹਿਨੇ ਲੱਗੇ ਆਪ ਨੇ ਜਨੇਊ ਕਿਉਂ ਨਹੀਂ ਧਾਰਾ ਤਾਂ ਰਵਿਦਾਸ ਜੀ ਨੌਹਾਂ ਨਾਲ ਸਰੀਰ ਦਾ ਮਾਸ ਉਧੇੜ ਕਰ ਭੀਤਰ ਸੇ ਸੋਨੇ ਕਾ ਜੰਜੂ ਦੇਖਾਤੇ ਭਏ।

੬. ਬਾਲਕ ਨੂੰ ਆਪਣੇ ਪਿਛਲੇ ਜਨਮ ਦੀ ਸੋਝੀ ਸੀ। ਇਸ ਲਈ ਉਸ ਨੇ ਆਪਣੀ ਚਮਾਰ ਮਾਂ ਦਾ ਦੁੱਧ ਨਾਂ ਪੀਤਾ, ਤਾਂ ਰਾਮਾਨੰਦ ਜੀ ਨੂੰ ਸੁਪਨੇ ਮੇਂ ਪ੍ਰਮਾਤਮਾਂ ਨੇ ਪ੍ਰੇਰਨਾਂ ਦੀ ਤਾਂ ਰਾਮਾਨੰਦ ਜੀ ਨੇ ਆਪਣਾ ਚਰਨ ਧੋ ਕਰ ਰਵਿਦਾਸ ਕੇ ਮੁਖ ਮੇਂ ਵੋਹ ਜਲ ਪਾ ਕਰ ਬਹੁੜੋਂ ਕਾਨ ਮੈ ਤਾਰਕ ਮੰਤ੍ਰ ਦੇ ਕਰ ਸਿੱਖ ਕੀਆ ਔਰ ਵਚਨ ਕੀਤਾ, ਹੇ ਪੁੱਤ੍ਰ! ਦੂਧ ਕਉ ਪਾਨ ਕਰੋ, ਅਬ ਬ੍ਰਾਹਮਣ ਸੇ ਦੀਖਿਆ ਲੇਨੇ ਸੇ ਸਰਬ ਪਾਪ ਭਾਗ ਗਏ ਹੈਂ।

ਉਪ੍ਰੋਕਤ ਦੋਹਾਂ ਲੇਖਕਾਂ ਮੁਤਾਬਿਕ ਰਵਿਦਾਸ ਮੂਰਤੀ ਪੂਜਕ ਸੀ ਜਿਸਨੇ ਮੂਰਤੀ ਪੂਜਕ ਬ੍ਰਾਹਮਣ ਰਾਮਾਨੰਦ ਤੋਂ ਦੀਖਿਆ ਲਈ ਸੀ।ਪਾਠ ਪੂਜਾ ਦਾ ਅਧਿਕਾਰ ਕੇਵਲ ਬ੍ਰਾਹਮਣ ਕੋਲ ਹੀ ਹੈ।

ਨੋਟ-ਕਿਸੇ ਵੀ ਮੂਰਤੀ ਪੂਜਕ, ਜਾਤ-ਪਾਤ ਤੇ ਵਰ ਸਰਾਫ ਦੇਣ ਵਾਲੇ ਅਤੇ ਕਿਰਤ ਕਮਾਈ ਦਾ ਤਿਆਗ ਕਰਨ ਵਾਲੇ ਭਗਤ ਜਾਂ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਹੀ ਅਜਿਹੇ ਨਿਰੋਲ ਧਰਮ ਗ੍ਰੰਥ ਹਨ ਜੋ ਗੁਰੂ ਅਰਜਨ ਸਾਹਿਬ ਨੇ ਆਪ ਆਪਣੀ ਦੇਖ ਰੇਖ ਵਿੱਚ ਭਾਈ ਗੁਰਦਾਸ ਜੀ ਵਿਦਵਾਨ ਲਿਖਾਰੀ ਤੋਂ ਲਿਖਵਾਏ ਸਨ।

ਪਹਿਲੇ ਭੁਲੇਖਿਆਂ ਬਾਰੇ ਵਿਚਾਰ-ਜੇ ਰਾਮਾਨੰਦ ਜੀ ਮੂਰਤੀ ਪੂਜਕ ਹੁੰਦੇ ਤਾਂ ਰਵਿਦਾਸ ਜੀ ਵੀ ਹੋ ਸਕਦੇ ਸਨ ਪਰ ਰਾਮਨੰਦ ਜੀ ਤਾਂ ਆਪ ਕਹਿ ਰਹੇ ਹਨ ਕਿ-

ਕਤ ਜਾਈਏ ਰੇ ਘਰਿ ਲਾਗੋ ਰੰਗ॥...
ਪੂਜਨ ਚਾਲੀ ਬ੍ਰਹਮ ਠਾਇ॥
ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹਿ॥੧॥...
ਬੇਦ ਪੁਰਾਨ ਸਭ ਦੇਖੇ ਜੋਇ॥
ਊਹਾਂ ਤਉ ਜਾਈਐ ਜਉ ਈਹਾਂ ਨਾ ਹੋਇ॥੨॥...
ਰਾਮਾਨੰਦ ਸੁਆਮੀ ਰਮਤ ਬ੍ਰਹਮ॥ ਗੁਰ ਕਾ ਸ਼ਬਦੁ ਕਾਟੈ ਕੋਟਿ ਕਰਮ॥੩॥(੧੧੯੫)

ਜੇ ਰਾਮਾ ਨੰਦ ਦੇ ਸਰਾਪ ਨਾਲ ਕੋਈ ਬ੍ਰਹਮਚਾਰੀ ਬ੍ਰਾਹਮਣ ਕਿਸੇ ਚਮਾਰ ਦੇ ਘਰ ਜੰਮ ਕੇ ਰਵਿਦਾਸ ਅਖਵਾਇਆ ਸੀ ਤੇ ਰਾਮਾਨੰਦ ਜੀ ਉਸ ਦੇ ਗੁਰੂ ਵੀ ਬਣੇ ਸਨ ਤਾਂ ਜਦੋਂ ਰਵਿਦਾਸ ਜੀ ਕੁਝ ਵੱਡੇ ਹੋਏ, ਓਦੋਂ ਉਨ੍ਹਾਂ ਨੂੰ ਵੀ ਰਾਮਾਨੰਦ ਜੀ ਨੇ ਇਹ ਸਾਰੀ ਵਾਰਤਾ ਸੁਣਾਈ ਹੋਵੇਗੀ। ਅਸਚਰਜ ਬਾਤ ਤਾਂ ਇਹ ਹੈ ਕਿ ਰਵਿਦਾਸ ਜੀ ਤਾਂ ਸਾਰੀ ਉਮਰ ਆਪਣੇ ਆਪ ਨੂੰ ਚਮਾਰ ਹੀ ਆਖਦੇ ਰਹੇ ਪਰ ਕਿਤੇ ਭੀ ਨਹੀਂ ਲਿਖਿਆ ਕਿ ਮੈਂ ਪਹਿਲੇ ਬ੍ਰਾਹਮਣ ਸੀ। ਵਰ ਸਰਾਫ ਵਾਲੀ ਗੱਲ ਵੀ ਸਿਰਫ ਦੋ ਜਣਿਆਂ ਨੂੰ ਪਤਾ ਸੀ ਰਾਮਾਨੰਦ ਜੀ ਤੇ ਰਵਿਦਾਸ ਜੀ, ਫਿਰ ਗੁਰ ਭਗਤ-ਮਾਲ ਦਾ ਲਿਖਾਰੀ ਜੋ ਸੈਂਕੜੇ ਸਾਲ ਬਾਅਦ ਵਿੱਚ ਹੋਇਆ ਨੂੰ ਇਹ ਘੜੀ ਹੋਈ ਕਹਾਣੀ ਕਿਸ ਨੇ ਸੁਣਾਈ ਸੀ? ਉਸ ਵੇਲੇ ਬ੍ਰਾਹਮਣ ਭਾਊ ਦਾ ਏਨਾਂ ਜੋਰ ਸੀ ਕਿ ਜੇ ਕਿਤੇ ਇਸ ਵਾਰਤਾ ਦੀ ਕਿਸੇ ਹੋਰ ਨੂੰ ਭਿਣਕ ਵੀ ਪੈ ਜਾਂਦੀ ਤਾਂ ਕਾਵਾਂ ਰੌਲੀ ਪੈ ਜਾਣੀ ਸੀ ਤੇ ਰਾਮਾਨੰਦ ਜੀ ਨੂੰ ਬ੍ਰਾਹਮਣ ਦੀ ਕ੍ਰੋਪੀ ਦਾ ਸ਼ਿਕਾਰ ਹੋਣਾ ਪੈਣਾ ਸੀ ਕਿਉਂਕਿ ਇੱਕ ਬ੍ਰਾਹਮਣ ਚਮਾਰ ਨੂੰ ਦੀਖਿਆ ਨਹੀਂ ਸੀ ਦੇ ਸਕਦਾ ਪਰ ਰਵਿਦਾਸ ਤਾਂ ਸਾਰੀ ਉਮਰ ਪੁਕਾਰ ਪੁਕਾਰ ਕੇ ਕਹਿੰਦਾ ਰਿਹਾ-

ਨਾਗਰ ਜਨਾ ਮੇਰੀ ਜਾਤਿ ਬਿਖਿਆਤ ਚੰਮਾਰੰ॥..
ਮੇਰੀ ਜਾਤਿ ਕੁਟਬਾਂਡਲਾ ਢੋਰ ਢੋਵੰਤਾ, ਨਿਤਿਹਿ ਬਨਾਰਸੀ ਆਸ ਪਾਸਾ॥(੧੨੯੩)

ਹੇ ਨਗਰ ਵਾਸੀਓ ਮੈ ਚਮਾਰ ਹੀ ਹਾਂ ਤੇ ਮੇਰਾ ਕੰਮ ਮੋਏ ਪਸ਼ੂਆਂ ਦੀ ਢੋਆ ਢੁਆਈ ਕਰਨਾ, ਚਮੜੀ ਉਤਾਰਨਾਂ ਅਤੇ ਜੁਤੀਆਂ ਸੀਣਾ-ਗੰਢਣਾ ਹੈ। ਹੋਰ ਵੀ ਫੁਰਮਾਂਦੇ ਹਨ-

ਕਹਿ ਰਵਿਦਾਸ ਖ਼ਲਾਸ ਚਮਾਰਾ॥ਜੋ ਹਮ ਸਹਿਰੀ ਸੋ ਮੀਤ ਹਮਾਰਾ॥(੩੪੫)

ਭਗਤ ਜੀ ਦੇ ੪੦ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਨ। ਕਿਸੇ ਇੱਕ ਸ਼ਬਦ ਵਿੱਚ ਵੀ ਉਨ੍ਹਾਂ ਨੇ ਨਹੀਂ ਕਿਹਾ ਕਿ ਮੈ ਪਿਛਲੇ ਜਨਮ ਵਿੱਚ ਬ੍ਰਾਹਮਣ ਸੀ।"ਇਹ ਤਾਂ ਭਾਣਾ ਇਹ ਵਰਤਿਆ ਲਗਦਾ ਹੈ ਕਿ ਜਿਵੇਂ ਅੱਜੋਕੇ ਗਿ. ਪੂਰਨ ਸਿੰਘ ਵਰਗੇ ਟਕਸਾਲੀ ਇਹ ਕਹਿ ਰਹੇ ਹਨ ਕਿ ਸਿੱਖ ਲਵ ਕੁਛ ਦੀ ਉਲਾਦ ਹਨ।ਇਵੇਂ ਹੀ ਚਲਾਕ ਬ੍ਰਾਹਮਣ ਕਹਿ ਰਿਹਾ ਹੈ ਕਿ ਰਵਿਦਾਸ ਵੀ ਪਹਿਲੇ ਬ੍ਰਾਮਣ ਸੀ"

ਸ਼ੂਦਰ ਜਾਤਿ ਜਨੇਊ ਨਹੀਂ ਪਾ ਸਕਦੀ ਫਿਰ ਭਗਤ ਰਵਿਦਾਸ ਜੀ ਕਿਵੇਂ ਪਾ ਸਕਦੇ ਸਨ? ਭਾਵੇਂ ਉਹ ਸੋਨੇ ਦਾ ਕਿਉਂ ਨਾ ਹੁੰਦਾ। ਪੱਥਰ ਦੇ ਠਾਕਰਾਂ ਦੀਆਂ ਮੂਰਤੀਆਂ ਬਣਾ ਪੂਜਣਾ ਤੇ ਸ਼ਰਧਾਲੂਆਂ ਨੂੰ ਲੁੱਟਣਾ ਬ੍ਰਾਹਮਣ ਦਾ ਕੰਮ ਹੈ ਫਿਰ ਰਵਿਦਾਸ ਜੀ ਜੋ ਚਮਾਰ ਹਨ ਕਿਵੇਂ ਮੂਰਤੀ ਪੂਜਾ ਕਰ ਸਕਦੇ ਸਨ? ਸਗੋਂ ਪੂਜਾ ਬਾਰੇ ਉਹ ਖੁਦ ਫੁਰਮਾਂਦੇ ਹਨ-

ਦੂਧੁ ਤਾਂ ਬਛਰੇ ਥਣਹੁ ਬਿਟਾਰਓ॥
ਫੂਲੁ ਭਵਰ ਜਲੁ ਮੀਨ ਬਿਗਾਰਿਓ॥
ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਉਂ॥
ਅਵਰ ਨ ਫੂਲੁ ਅਨੂਪ ਨ ਪਾਵਉਂ॥੧॥ਰਹਾਉ॥
ਮੈਲਾਗਰ ਬੇਰ੍ਹੇ ਹੈ ਭੁਇਅੰਗਾ॥
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ॥੨॥
ਧੂਪ ਦੀਪ ਨਈਬੇਦਹਿ ਬਾਸਾ॥
ਕੈਸੇ ਪੂਜ ਕਰਹਿ ਤੇਰੀ ਦਾਸਾ॥੩॥
ਮਨੁ ਤਨੁ ਅਰਪਉਂ ਪੂਜ ਚਰਾਵਉਂ॥
ਗੁਰ ਪਰਸਾਦਿ ਨਿਰੰਜਨੁ ਪਾਵਉਂ॥੪॥
ਪੂਜਾ ਅਰਚਾ ਆਹਿ ਨਾ ਤੋਰੀ॥
ਕਹਿ ਰਵਿਦਾਸ ਕਵਨ ਗਤਿ ਮੋਰੀ॥੫॥(੫੨੫)

ਭਗਤ ਜੀ ਤਾਂ ਮਨ ਤਨ ਅਰਪਨ ਕਰਨ ਨੂੰ ਹੀ ਅਸਲੀ ਪੂਜਾ ਕਹਿੰਦੇ ਹਨ।ਫਿਰ ਉਹ ਚਮੜੇ, ਸੋਨੇ, ਤਾਂਬੇ, ਲਕੜ ਜਾਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਅਤੇ ਕਥਿਤ ਗੰਗਾ ਮਈਆ ਦੀ ਕਸੀਰਾ ਭੇਜ ਕੇ ਪੂਜਾ ਕਿਉਂ ਕਰਨਗੇ? ਉਹ ਤਾਂ ਇੱਕ ਅਕਾਲ ਪੁਰਖ ਦੇ ਪੁਜਾਰੀ ਸਨ।ਸੋ ਗੰਗਾ ਮਈਆ ਨੂੰ ਕਸੀਰਾ ਭੇਟ ਕਰਨ ਵਾਲੀ ਗੱਲ ਬ੍ਰਾਹਮਣ ਦੀ ਲਿਖੀ ਹੋਈ ਹੈ ਜੋ ਗੰਗਾ ਮਈਆ ਦੀ ਪੂਜਾ ਕੇ ਨਾਮ ਪਰ ਲੁਟਦੇ ਸਨ ਤੇ ਲੁੱਟ ਰਹੇ ਹਨ।ਗੰਗਾ ਬ੍ਰਾਹਮਣਾ ਦੀ ਕਲਪਿਤ ਦੇਵੀ ਤਾਂ ਹੋ ਸਕਦੀ ਹੈ ਪਰ ਰੱਬੀ ਭਗਤਾਂ ਦੀ ਨਹੀਂ।ਭਗਤ ਰਵਿਦਾਸ ਜੀ ਤਾਂ ਪ੍ਰਮੇਸ਼ਰ ਦੇ ਨਾਮ ਨੂੰ ਹੀ ਸਭ ਕੁਝ ਕਹਿ ਰਹੇ ਹਨ-

ਨਾਮੁ ਤੇਰੋ ਆਰਤੀ ਮਜਨ ਮੁਰਾਰੇ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥੧॥ਰਹਾਉ॥..
ਨਾਮ ਤੇਰਾ ਕੇਸਰੋ ਕੇ ਛਿਟਕਾਰੇ॥..
ਅੰਭੁਲਾ ਨਾਮ ਤੇਰਾ ਚੰਦਨੋ॥..ਦੀਵਾ ਨਾਮ ਤੇਰੋ ਬਾਤੀ ॥...
ਤੇਲ ਲੇ ਮਾਹਿ ਪਸਾਰੇ॥..
ਕੀ ਜੋਤਿ ਲਗਾਈ ਭਰਿਓ ਉਜਿਆਰੋ ਭਵਨ ਸਗਲਾਰੇ॥੨॥..
ਤਾਗਾ ਨਾਮ ਫੂਲ ਮਾਲਾ ਭਾਰ ਅਠਾਰਹਿ ਸਗਲ ਜੂਠਾਰੇ॥..
ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਿਨਾਮੁ ਹੈ ਹਰਿ ਭੋਗ ਤੁਹਾਰੇ॥੪॥੩॥(੬੯੪)

ਸਾਖੀ ਮੁਤਾਬਿਕ ਭਗਤ ਜੀ ਨੇ ਕਿਰਤ ਕਰਨੀ ਵੀ ਛੱਡ ਦਿੱਤੀ। ਇੱਕ ਗ੍ਰਿਹਸਤੀ ਕਿਰਤ ਕਮਾਈ ਕਿਵੇਂ ਛੱਡ ਸਕਦਾ ਹੈ? ਕਿਰਤ ਦੀ ਮਹਾਨਤਾ ਤਾਂ ਇਸ ਪ੍ਰਕਾਰ ਵੀ ਦਰਸਾਈ ਗਈ ਹੈ-

ਨਾਮਾ ਕਹੈ ਤਿਲੋਚਨਾ ਮੁਖ ਤੇ ਨਾਮ ਸਮਾਲਿ॥
ਹਾਥ ਪਾਉਂ ਕਰਿ ਕਾਮੁ ਸਭੁ ਚੀਤ ਨਿਰੰਜਨ ਨਾਲਿ॥(੧੩੭੬)

ਪਰ ਅੱਜ ਅਸੀਂ ਅਜਿਹੇ ਸ਼ਬਦਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਭਗਤ ਜੀ ਦੀ ਮੂਰਤੀ ਜਾਂ ਗੁਰੂ ਗ੍ਰੰਥ ਸਾਹਮਣੇ ਧੂਪ ਦੀਪ ਕੇਸਰ ਫੁੱਲ ਅਤੇ ਘਿਉ ਦੀਆਂ ਜੋਤਾਂ ਬਾਲ ਕੇ ਇਸ ਨੂੰ ਆਰਤੀ ਕਹਿ ਕੇ ਪੂਜਾ ਕਰੀ ਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਧੂਪਾਂ, ਦੀਪਾਂ, ਸਮਗਰੀਆਂ ਅਤੇ ਜੋਤਾਂ ਬਾਲਦੇ ਹਾਂ ਜੋ ਬ੍ਰਾਹਮਣੀ ਕਰਮਕਾਂਡ ਹਨ।ਪ੍ਰਬੰਧਕ ਇਧਰ ਧਿਆਨ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਦਾ ਭਗਤ ਜਾਂ ਗੁਰੂ ਦੇ ਉਪਦੇਸ਼ ਨਾਲੋਂ ਗੋਲਕ ਦੀ ਵਧਾਈ ਵੱਲ ਵੱਧ ਧਿਆਨ ਹੁੰਦਾ ਹੈ। ਅੱਜ ਭਗਤ ਰਵਿਦਾਸ ਜੀ ਦੇ ਨਾਂ ਤੇ ਬਣਾਈਆਂ ਗਈਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਵਿੱਚ ਵੀ ਅਜਿਹਾ ਹੋ ਰਿਹਾ ਹੈ। ਗੁਰਦੁਆਰੇ ਦੇ ਅੰਦਰ ਵੀ ਮੂਰਤੀਆਂ ਰੱਖੀਆਂ ਤੇ ਲਟਕਾਈਆਂ ਜਾਂਦੀਆਂ ਹਨ।ਜਦ ਕੋਈ ਭਗਵਾ ਜਾਂ ਲਾਲ ਬਾਣਾ ਧਾਰੀ ਦੇਹਧਾਰੀ ਸਾਧ ਆ ਜਾਵੇ ਤਾਂ ਗੁਰੂਆਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੀ ਸ਼ਪੈਸ਼ਲ ਗਦੇਲੇ, ਉਸ ਦੇ ਬੈਠਣ ਲਈ ਵਿਛਾ ਦਿੱਤੇ ਜਾਂਦੇ ਹਨ ਤੇ ਕਤਾਰਾਂ ਬੰਨ੍ਹੀ ਸੰਗਤਾਂ ਮੱਥਾ ਟੇਕਦੀਆਂ ਹਨ।ਫਿਰ ਉਹ ਸਾਧ ਸ਼ਾਸਤਰਾਂ ਦੀਆਂ ਮਿਥਿਹਾਸਕ ਕਹਾਣੀਆਂ ਭਗਤ ਰਵੀਦਾਸ ਜੀ ਦੇ ਜੀਵਨ ਨਾਲ ਜੋੜ ਕੇ ਸੁਣਾਉਂਦਾ ਹੈ।ਭਗਵੇ ਤੇ ਲਾਲ ਬਾਣੇ ਵਾਲੇ ਸੰਤ ਪਵਿੱਤਰ ਆਤਮਾਂ ਭਗਤ ਰਵਿਦਾਸ ਜੀ ਦੇ ਅਨੁਯਾਈ ਨਹੀਂ ਸਗੋਂ ਬ੍ਰਹਮਾ ਦੇ ਪੁਜਾਰੀ ਲਗਦੇ ਹਨ ਕਿਉਂਕਿ ਲਾਲ ਤੇ ਭਗਵਾਂ ਬਾਣਾ ਹਿੰਦੂ ਸਾਧਾਂ ਦਾ ਹੈ।

ਸਿਰ ਢੱਕਣਾ ਧਰਮੀ ਪੁਰਖਾਂ ਵਾਸਤੇ ਸਤਿਕਾਰ ਦਾ ਪ੍ਰਤੀਕ ਹੈ ਪੁਰਾਤਨ ਸਮੇਂ ਤਾਂ ਸਭ ਹਿੰਦੂ ਮੁਸਲਿਮ ਈਸਾਈ ਅਤੇ ਸਿੱਖ ਸਿਰ ਤੇ ਦਸਤਾਰ-ਪਗੜੀ ਬੰਨ੍ਹਦੇ ਸਨ ਫਿਰ ਭਗਤ ਰਵਿਦਾਸ ਜੀ ਨੰਗੇ ਸਿਰ ਕਿਵੇਂ ਰਹਿੰਦੇ ਹੋਣਗੇ? ਲੰਬੇ ਵਾਲਾ ਦੀ ਸਾਂਭ ਸੰਭਾਲ ਵਾਸਤੇ ਸਿਰ ਢੱਕਣਾ ਜਰੂਰੀ ਹੈ, ਓਦੋਂ ਤਾਂ ਮਿਟੀ ਘੱਟਾ ਵੀ ਅੱਜ ਨਾਲੋਂ ਜਿਆਦਾ ਉੱਡਦਾ ਸੀ ਕਿਉਂਕਿ ਸਭ ਰਸਤੇ ਕੱਚੇ ਹੁੰਦੇ ਸਨ। ਹਾਂ ਕੇਸ ਧੋ ਕੇ ਸੁਕਾਉਣੇ ਹੋਣ ਜਾਂ ਘਰ ਵਿੱਚ ਹੋ ਤਾਂ ਆਪ ਕੇਸਾਂ ਨੂੰ ਸਵਾਰ ਅਤੇ ਖੁਲ੍ਹੇ ਛੱਡ ਸਕਦੇ ਹੋ, ਕੋਈ ਭਰਮ ਨਹੀਂ ਪਰ ਕਿਸੇ ਉੱਚ ਕੋਟੀ ਦੇ ਭਗਤ ਨੂੰ ਨੰਗੇ ਸਿਰ ਰੱਖਣਾ ਤੇ ਨੰਗੇ ਸਿਰ ਵਾਲੀਆਂ ਸਦੀਆਂ ਬਾਅਦ ਬਣੀਆਂ ਫੋਟੋਆਂ ਗੁਰੂ ਘਰਾਂ ਵਿੱਚ ਰੱਖਣੀਆਂ ਕਿੱਧਰ ਦੀ ਸਿਆਣਪ ਹੈ? ਨਿਸ਼ਾਨ ਸਾਹਿਬ ਦੇ ਉਪਰ ਵੀ ਸੂਰਜ ਦੀਆਂ ਕਿਰਨਾਂ ਵਾਲਾ ਚੱਕਰ ਲਗਾਇਆ ਜਾ ਰਿਹਾ ਹੈ। ਸੂਰਜ ਬ੍ਰਾਹਮਣਾ ਅਨੁਸਾਰ ਦੇਵਤਾ ਹੈ ਪਰ ਭਗਤਾਂ ਅਨੁਸਾਰ ਇੱਕ ਕੁਦਰਤੀ ਅੱਗ ਦਾ ਗੋਲਾ ਹੈ। ਅਰਦਾਸ ਵਿੱਚ "ਬੋਲੇ ਸੋ ਨਿਰਭੈ। ਬੋਲੋ ਰਵਿਦਾਸ ਗੁਰੂ ਦੀ ਜੈ" ਜੈ ਵੀ ਮੰਦਰਾਂ ਦੇਵਾਲਿਆਂ ਵਿੱਚ ਪੁਰਾਤਨ ਸਮੇਂ ਤੋਂ ਬੁਲਾਈ ਜਾਂਦੀ ਹੈ। ਹਿੰਦੂ ਭਾਈ ਜਦ ਆਪਸ ਚ' ਮਿਲਦੇ ਹਨ ਤਾਂ ਬੋਲਦੇ ਹਨ "ਜੈ ਰਾਮ ਜੀ ਕੀ" ਜਦ ਬੋਲੇ ਸੋ ਨਿਹਾਲ ਸਾਡਾ ਸਭ ਦਾ ਕੌਮੀ ਨਾਹਰਾ ਹੈ ਜੋ ਕੌਮ ਵਿੱਚ ਏਕਤਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਉਸ ਨਾਲ "ਬੋਲੋ ਰਵਿਦਾਸ ਗੁਰੂ ਕੀ ਜੈ" ਦਾ ਕੀ ਸਬੰਧ ਹੈ? ਜੈ ਤਾਂ ਸਾਰੇ ਗੁਰੂਆਂ ਭਗਤਾਂ ਦੀ ਹੈ ਨਾਂ ਕਿ ਕਿਸੇ ਇੱਕ ਭਗਤ ਦੀ। "ਬੋਲੇ ਸੋ ਨਿਹਾਲ" ਕਿਸੇ ਇੱਕ ਵਾਸਤੇ ਨਹੀਂ ਸਭ ਵਸਤੇ ਹੈ, ਵਿੱਚ ਵਿਚਾਲੇ ਕਈ ਭਾਈ ਕਹਿੰਦੇ ਹਨ ਕਿ ਅਸੀਂ ਆਦਿ ਧਰਮੀ ਹਾਂ, ਸਾਡਾ ਆਦਿ ਗ੍ਰੰਥ ਵੀ ਤਿਆਰ ਹੋ ਰਿਹਾ ਹੈ ਫਿਰ ਯਾਦ ਰੱਖੋ ਗੁਰੂ ਗ੍ਰੰਥ ਜੀ ਵਿਖੇ ਅੰਕਿਤ ਭਗਤ ਬਾਣੀ ਨੂੰ ਕੋਈ ਵੀ ਅਲੱਗ ਨਹੀਂ ਕਰ ਸਕਦਾ।ਸਭ ਹੱਕ ਗੁਰੂ ਅਰਜਨ ਸਾਹਿਬ ਜੀ ਦੇ ਰਾਖਵੇਂ ਹਨ।

ਚਮਾਰ ਹੋਣਾ ਕੁਦਰਤੀ ਹੈ ਕਿਉਂਕਿ ਹਰੇਕ ਇਨਸਾਨ ਦਾ ਜਿਸਮ ਚੰਮ ਦਾ ਹੀ ਹੈ ਸੋਨੇ ਦਾ ਨਹੀਂ। ਚਮਾਰਾਂ ਨੂੰ ਸ਼ੂਦਰ ਕਹਿ ਕੇ ਦੁਰਕਾਰਨ ਵਾਲੇ ਹੰਕਾਰੀਆਂ ਨੂੰ ਮੋੜਵਾਂ, ਸਚਾਈ ਅਤੇ ਗਹਿਰਾਈ ਭਰਿਆ ਜਵਾਬ ਦੇ ਕੇ ਭਗਤ ਜੀ ਇਨ੍ਹਾਂ ਲੋਕਾਂ ਦੀ ਖੂਬ ਖੁੰਬ ਠੱਪਦੇ ਹੋਏ ਫੁਰਮਾਉਂਦੇ ਹਨ-

ਚਮਰਟਾ ਗਾਂਠਿ ਨ ਜਨਈ॥ਲੋਗੁ ਗਠਾਵੈ ਪਨਹੀ॥੧॥ਰਹਾਉ॥
ਆਰ ਨਹੀ ਜਿਹ ਤੋਪਉ॥
ਨਹੀ ਰਾਂਬੀ ਠਾਉਂ ਰੋਪਉ॥੧॥
ਲੋਗੁ ਗੰਠਿ ਗੰਠਿ ਖਰਾ ਬਿਗੂਚਾ॥
ਹਉਂ ਬਿਨ ਗਾਂਠੇ ਜਾਇ ਪਹੂਚਾ॥
ਰਵਿਦਾਸ ਜਪੈ ਰਾਮ ਨਾਮਾ॥
ਮੋਹਿ ਜਮ ਸਿਉਂ ਨਾਹੀ ਕਾਮਾ॥੩॥੭॥(੬੫੯)

ਲੋਕ ਸਰੀਰ ਰੂਪੀ ਜੁੱਤੀ ਹੀ ਬਾਰ ਬਾਰ ਗੰਢਾਈ ਜਾ ਰਹੇ ਹਨ ਭਾਵ ਮੋਹ ਮਾਇਆ ਗ੍ਰਸੇ ਲੋਕ ਸਰੀਰ ਨੂੰ ਸਦਾ ਚੰਗੀਆਂ ਖੁਰਾਕਾਂ, ਪੁਸ਼ਾਕਾਂ ਅਤੇ ਦਵਾਈਆਂ ਦੇ ਗਾਂਢੇ-ਤੋਪੇ ਲਵਾਉਂਦੇ ਰਹਿੰਦੇ ਹਨ।ਇਹ ਸਾਰੇ ਮੋਹ ਮਾਇਆ ਗ੍ਰਸੇ ਚਮਾਰ ਹਨ।ਫਿਰ ਇਹ ਅਗਿਆਨੀ ਤੇ ਹੰਕਾਰੀ ਮੈਨੂੰ ਚਮਾਰ-ਚਮਾਰ ਕਹਿ ਕੇ ਕਿਉਂ ਨਫਰਤ ਕਰਦੇ ਹਨ? ਓਦੋਂ ਤਾਂ ਬ੍ਰਾਹਮਣ ਦਾ ਯੁੱਗ ਸੀ, ਅੱਜ ਤਾਂ ਸਾਂਇੰਸ ਦਾ ਯੁੱਗ ਹੈ। ਊਚ-ਨੀਚ ਅੱਜ ਵੀ ਬਰਕਰਾਰ ਹੈ ਕਿਉਂਕਿ ਉੱਚ ਜਾਤੀਆਂ ਦਾ ਬੋਲ-ਬਾਲਾ ਹੈ।

ਰਵਿਦਾਸ ਭਗਤ ਜੀ ਦੇ ਸਰਬ ਸਾਂਝੇ ਉਪਦੇਸ਼

  • ਭਗਤ ਜੀ ਨੇ ਇੱਕ ਪ੍ਰਮਾਤਮਾਂ ਦੇ ਸਿਮਰਨ ਤੇ ਹੀ ਜੋਰ ਦਿੱਤਾ। ਸਿਮਰਨ ਭਾਵ ਪ੍ਰਭੂ ਨੂੰ ਹਰ ਵੇਲੇ ਯਾਦ ਰੱਖਣਾ। ਗ੍ਰਿਹਸਤ ਮਾਰਗ ਵਿੱਚ ਰਹਿੰਦਿਆਂ ਕਿਰਤ ਕਮਾਈ ਕਰਨੀ ਅਤੇ ਵੰਡ ਛੱਕਣਾ ਤੇ ਪ੍ਰਭੂ ਦੀ ਯਾਦ ਹੀ ਅਸਲ ਭਗਤੀ ਹੈ।
  • ਪ੍ਰਮਾਤਮਾਂ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ- ਕਹੁ ਰਵਿਦਾਸ ਹਾਥ ਪੈ ਨੇਰੈ॥(੬੫੮)
  • ਜਿਵੇਂ ਸੋਨੇ ਅਤੇ ਸੋਨੇ ਦੇ ਬਣੇ ਗਹਿਣੇ ਵਿੱਚ ਅੰਤਰ ਨਹੀਂ ਇਵੇਂ ਹੀ ਆਤਮਾਂ ਤੇ ਪ੍ਰਮਾਤਮਾਂ ਦਾ ਅਸਲਾ ਵੀ ਇੱਕ ਹੈ। ਗਹਿਣੇ ਸੋਨੇ ਦੀ ਸਜਾਵਟ ਹਨ ਇਵੇਂ ਹੀ ਭਗਤ ਭਗਵਾਨ ਦੀ ਸੁੰਦਰਤਾ ਹਨ।ਜਿਵੇਂ ਪਾਣੀ ਤੋਂ ਪੈਦਾ ਹੋਇਆ ਬੁਲਬੁਲਾ ਤੇ ਪਾਣੀ ਇੱਕ ਹੀ ਹਨ। ਫਰਕ ਕੇਵਲ ਵੱਖਰੀ ਬਣਤਰ ਦਾ ਹੈ-ਤੋਹੀ ਮੋਹੀ, ਮੋਹੀ ਤੋਹੀ ਅੰਤਰੁ ਕੈਸਾ॥ਕਨਕ ਕਟਿਕ ਜਲ ਤਰੰਗ ਜੈਸਾ॥(੯੩)
  • ਮਨੁੱਖਾ ਜਨਮ ਦੁਰਲੱਭ ਜਨਮ ਹੈ-ਦੁਲਭੁ ਜਨਮ ਪੁੰਨ ਫਲ ਪਾਇਓ॥(੬੫੮) ਸਭ ਮਨੁੱਖ ਬਰਾਬਰ ਹਨ, ਕੋਈ ਜਾਤ-ਪਾਤ ਕਰਕੇ ਉੱਚਾ ਨੀਵਾਂ ਨਹੀਂ ਸਗੋਂ ਕਰਮਾਂ ਕਰਕੇ ਹੈ।
  • ਗੋਬਿੰਦ ਹੀ ਨੀਵਿਆਂ ਨੂੰ ਉੱਚਾ ਕਰਨ ਵਾਲਾ ਹੈ "ਨੀਚਹ ਊਚ ਕਰੈ ਮੇਰਾ ਗੋਬਿੰਦੁ" (੧੧੦੬)
  • ਤਨ ਮਨ ਅਰਪਣਾ ਹੀ ਪ੍ਰਮਾਤਮਾਂ ਦੀ ਅਸਲ ਪੂਜਾ ਹੈ-ਮਨੁ ਤਨੁ ਅਰਪਉਂ ਪੂਜ ਚਰ੍ਹਾਵਉਂ॥(੫੨੫)
  • ਸੁੱਚ-ਭਿੱਟ ਛੂਆ-ਛਾਤ ਵਿੱਚ ਵਿਸ਼ਵਾਸ ਨਹੀਂ ਰੱਖਣਾ ਕਿਉਂਕਿ ਇਹ ਚਲਾਕ ਬ੍ਰਾਹਮਣ ਦੀ ਪੈਦਾ ਕੀਤੀ ਹੋਈ ਹੈ।ਪ੍ਰਭੂ ਭਗਤ ਨੇ ਸਫਾਈ ਰੱਖਣੀ ਹੈ ਨਾ ਕਿ ਸੁੱਚ ਭਿੱਟ ਪਰ ਅੱਜ ਕੱਲ੍ਹ ਕਈ ਗੁਰਦੁਆਰਿਆਂ ਵਿੱਚ ਵੀ ਸੁੱਚ ਭਿੱਟ ਦੇਖੀ ਜਾ ਸਕਦੀ ਹੈ।
  • ਧੂਪਾਂ ਦੀਪਾਂ ਜੋਤਾਂ ਨਾਲ ਪ੍ਰਭੂ ਦੀ ਆਰਤੀ ਨਹੀਂ ਕੀਤੀ ਜਾ ਸਕਦੀ ਪਰ ਪ੍ਰਭੂ ਦਾ ਨਾਮ ਸਿਮਰਨ ਹੀ ਸੱਚੀ ਆਰਤੀ ਹੈ-ਨਾਮ ਤੇਰੋ ਆਰਤੀ॥(੬੯੪)
  • ਵਹਿਮਾਂ ਭਰਮਾਂ, ਜੁੱਗਾਂ ਤੇ ਥਿਤਾਂ ਵਾਰਾਂ ਦੀ ਪੂਜਾ ਬ੍ਰਾਹਮਣੀ ਕਰਮ ਹਨ ਭਗਤ ਲਈ ਪੂਜਾ ਕੇਵਲ ਸੁੱਚੀ ਕਿਰਤ ਤੇ ਨਾਮ ਸਿਮਰਨ ਹੀ ਹੈ-ਕਲਿ ਕੇਵਲ ਨਾਮ ਅਧਾਰ (ਗੁਰੂ ਗ੍ਰੰਥ)
  • ਪਸ਼ੂ ਪੰਛੀਆਂ ਵਿੱਚ ਇੱਕ-ਇੱਕ ਦੋਖ ਹੈ ਪਰ ਇਤਰੀ ਪੁਰਸ਼ ਵਿੱਚ ਪੰਜ ਇੱਕਠੇ ਹਨ-ਮ੍ਰਿਗ ਮੀਨ ਭ੍ਰਿੰਗ ਕੁੰਚਰ ਏਕੁ ਦੋਖ ਬਿਨਾਸ॥ ਪਾਂਚ ਦੋਖ ਅਸਾਧ ਜਾ ਮਹਿ ਤਾਂ ਕੀ ਕੇਤਕ ਆਸ(੪੮੬)
  • ਜਿਵੇਂ ਚੰਦਨ ਦੇ ਨਿਕਟ ਵੱਸਣ ਵਾਲੇ ਹਰਿੰਡ ਚੋਂ ਵੀ ਖੁਸ਼ਬੂ ਅਉਣ ਲੱਗ ਜਾਂਦੀ ਹੈ-ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ(੪੮੬)
  • ਸਭ ਵਸਤੂਆਂ ਝੂਠੀਆਂ ਹੋ ਸਕਦੀਆਂ ਹਨ ਪਰ ਪ੍ਰਭੂ ਦਾ ਨਾਮ ਸਦਾ ਸੁੱਚਾ ਰਹਿੰਦਾ ਹੈ ਜਿਵੇਂ ਦੁੱਧ ਵੱਛੇ ਨੇ ਥਣ ਚੁੰਘਣ, ਫੁੱਲ਼ ਭਵਰੇ ਬਾਸ ਲੈਣ ਅਤੇ ਪਾਣੀ ਮੱਛੀ ਦੇ ਰਹਿਣ ਨਾਲ ਝੂਠੇ ਹੋ ਜਾਂਦੇ ਹਨ-ਦੂਧੁ ਤ ਭਛਰੈ ਥਨਹੁ ਬਿਟਾਰਿਓ॥ਫੂਲ ਭਵਰ ਜਲ ਮੀਨ ਬਿਗਾਰਿਓ॥(੫੨੫)
  • ਭਾਵੇਂ ਬ੍ਰਾਹਮਣ ਖਟ ਕਰਮ ਵੀ ਕਰੇ ਤਾਂ ਵੀ ਉਹ ਨੀਚ ਹੈ ਜੇ ਉਸ ਹਿਰਦੇ ਵਿੱਚ ਦੂਜਿਆਂ ਪ੍ਰਤੀ ਪਿਆਰ ਨਹੀਂ ਹੈ-ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੇ ਨਾਹਿ(੧੧੨੪)
  • ਜੇ ਕਹੇ ਜਾਂਦੇ ਪਾਪੀ ਅਜਾਮਲ ਤੇ ਪਾਪਣ ਪਿੰਗਲਾ ਵਰਗੇ ਚੰਗੀ ਸੰਗਤ ਕਰ, ਨਾਮ ਜਪ ਕੇ ਤਰ ਗਏ ਚਮਾਰ ਆਦਿਕ ਕਹੀ ਜਾਂਦੀ ਨੀਵੀਂ ਜਾਤ ਦੇ ਲੋਕ ਨਾਮ ਜਪ ਕੇ ਕਿਉ ਨਹੀਂ ਤਰਨਗੇ-ਅਜਾਮਲ ਪਿੰਗੁਲਾ ਲੁਭਿਤ ਕੁੰਚਰ ਗਏ ਹਰਿ ਕੈ ਪਾਸ॥ਐਸੇ ਦੁਰਮਤਿ ਨਿਸਤਰੈ ਤੂ ਕਿਉਂ ਨ ਤਰਹਿ ਰਵਿਦਾਸ॥(੧੧੨੪)
  • ਜਿਸ ਦੇ ਅੰਦਰ ਦਰਦ ਨਹੀਂ ਉਹ ਦੂਜਿਆਂ ਦੀ ਦਰਦ ਕਿਵੇਂ ਮਹਿਸੂਸ ਕਰ ਸਕਦਾ ਹੈ-ਜਿਨ ਕੇ ਅੰਤਰਿ ਦਰਦ ਨ ਪਾਈ॥ਸੋ ਕਤ ਜਾਨੈ ਪੀਰ ਪਰਾਈ(੭੯੩)
  • ਚੰਮ ਤੋਂ ਬਣਿਆਂ ਹੋਣ ਕਰਕੇ ਸਾਰਾ ਸੰਸਾਰ ਹੀ ਚਮਾਰ ਹੈ ਫਿਰ ਵਖਰੇਵਾਂ ਕਾਹਦਾ? ਬ੍ਰਾਹਮਣ ਦਾ ਸਰੀਰ ਵੀ ਚੰਮ ਦਾ ਹੀ ਹੈ ਸੋਨੇ ਦਾ ਨਹੀਂ।
  • ਮੋਹ ਮਾਇਆ ਜਾਲ ਤੋਂ ਬਚਣਾ ਹੈ-ਜਿਉਂ ਕਮਲ ਰਹਹਿ ਵਿੱਚ ਪਾਣੀ ਹੇ(ਗੁਰੂ ਗ੍ਰੰਥ) ਮੋਹ ਵਿੱਚ ਫਸਿਆ ਜੀਵ ਸਰੀਰ ਰੂਪੀ ਜੁੱਤੀ ਦੀ ਹੀ ਗੰਢ-ਤੁੱਪ ਕਰਦਾ ਕਰਾਉਂਦਾ ਰਹਿੰਦਾ ਹੈ-ਲੋਗੁ ਗਠਾਵੈ ਪਨਹੀ (੬੫੯) ਪਨਹੀ (ਜੁੱਤੀ)
  • ਇਹ ਸੰਸਾਰ ਬਿਨਸਨਹਾਰ ਹੈ-ਜੋ ਦਿਨ ਆਵਹਿ ਸੋ ਦਿਨ ਜਾਹੀ॥ਕਰਨਾ ਕੂਚ ਰਹਿਣ ਥਿਰ ਨਾਹੀ॥(੭੯੩)
  • ਪਤੀ ਦੀ ਸਾਰ ਸੁਹਾਗਣ ਹੀ ਜਾਣ ਸਕਦੀ ਹੈ-ਸਹ ਕੀ ਸਾਰ ਸੁਹਾਗਨਿ ਜਾਣੈ॥(੭੯੩) ਭਾਵ ਗੁਰੂ ਗਿਆਨ ਵਾਲੀ ਜੀਵ ਇਸਤਰੀ ਹੀ ਪ੍ਰਮਾਤਮਾਂ ਪਤੀ ਨੂੰ ਜਾਣ-ਪਹਿਚਾਣ ਸਕਦੀ ਹੈ।
  • ਗਿਆਨ ਦੀ ਪ੍ਰਾਪਤੀ ਲਈ ਕਰਮ ਅਭਿਆਸ ਕਰਨਾ ਹੈ ਪਰ ਜਦ ਗਿਆਨ ਹੋ ਜਾਵੇ ਤਾਂ ਤੋਤਾ ਰਟਨੀ ਛੱਡ ਦੇਣੀ ਚਾਹੀਦੀ ਹੈ-ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ॥(੧੧੬੭) ਜਿਵੇਂ ਅਸੀਂ ਪਹਿਲੀ ਜਮਾਤ ਦੇ ਕੈਦੇ ਕਿਤਾਬਾਂ ਤੋਂ ਉੱਪਰ ਉੱਠਦੇ ਜਾਂਦੇ ਹਾਂ ਇਵੇਂ ਹੀ ਕਰਮ ਜਾਲ ਤੋਂ ਉਪਰ ਉੱਠਣਾ ਹੈ।
  • ਨਸ਼ਿਆਂ ਦਾ ਤਿਆਗ ਕਰਨਾ ਹੈ। ਸ਼ਰਾਬ ਭਾਵੇਂ ਪਵਿੱਤਰ ਕਹਿ ਜਾਂਦੇ ਗੰਗਾ ਆਦਿਕ ਦੇ ਜਲ ਤੋਂ ਵੀ ਤਿਆਰ ਕੀਤੀ ਗਈ ਹੋਵੇ ਪਾਨ ਨਹੀਂ ਕਰਨੀ-ਸੁਰਸਰੀ ਸਲਨ ਕ੍ਰਿਤ ਬਾਰੁਨੀ ਰੇ, ਸੰਤ ਜਨ ਕਰਤ ਨਹੀਂ ਪਾਨੰ॥(੧੨੯੩) ਸੁਰਸਰੀ-ਗੰਗਾ, ਬਾਰੁਨੀ-ਸ਼ਰਾਬ, ਪਾਨੰ-ਪੀਣਾ।
  • ਜੇ ਨੀਚ ਜਾਤ ਜੀਵ ਪ੍ਰਭੂ ਦੀ ਸ਼ਰਣ ਆ ਜਾਵੇ ਤਾਂ ਉੱਚ ਜਾਤੀਏ ਵੀ ਡੰਡਾਉਤਾਂ ਕਰਦੇ ਹਨ-
    ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਾਉਤਿ,
    ਤੇਰੇ ਨਾਮ ਸਰਨਾਇ ਰਵਿਦਾਸ ਦਾਸਾ॥(੧੨੯੩)
  • ਪ੍ਰਭੂ ਭਗਤ ਹਿਰਦੇ ਰੂਪੀ ਦੀਵੇ ਵਿੱਚ ਨਾਮ ਦੀ ਜੋਤਿ ਜਗਾਉਂਦੇ ਹਨ ਨਾ ਕਿ ਕਿਸੇ ਘਿਉ ਤੇ ਰੂੰ ਦੀ-
    ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥(੬੯੩)
  • ਐਸਾ ਰਾਜ ਹੋਵੇ ਜਿੱਥੇ ਕੋਈ ਚਿੰਤਾ ਫਿਕਰ ਗਮ ਖੌਫ ਆਦਿਕ ਨਾ ਹੋਵੇ। ਸਭ ਦੇ ਹੱਕ ਬਾਰਬਰ ਹੋਣ, ਕਿਸੇ ਬੇ ਕਸੂਰ ਨੂੰ ਤੰਗ ਨਾ ਕੀਤਾ ਜਾਵੇ।ਜਿਥੇ ਸਭ ਦੀ ਖੈਰ ਮੰਗੀ ਜਾਵੇ, ਜਿਥੇ ਕੋਈ ਗੁਲਾਮ ਨਾਂ ਹੋਵੇ, ਜਿੱਥੇ ਹਰੇਕ ਅਜ਼ਾਦੀ ਦਾ ਨਿੱਘ ਮਾਣ ਸਕੇ, ਜਿੱਥੇ ਹਰ ਸ਼ਹਿਰੀ ਨਾਲ ਮਿਤਰਤਾਭਾਵ ਵਾਲਾ ਸਲੂਕ ਕੀਤਾ ਜਾਵੇ, ਜਿੱਥੇ ਸਭ ਨੂੰ ਵਿਦਿਆ ਪੜ੍ਹਨ ਦਾ ਅਧਿਕਾਰ ਹੋਵੇ ਅਤੇ ਸਭ ਨੂੰ ਕੰਮ ਭਾਵ ਰੁਜਗਾਰ ਮਿਲੇ।ਜਿੱਥੇ ਕਿਸੇ ਨਾਲ ਵਿਤਕਰਾ ਆਦਿਕ ਨਾਂ ਕੀਤਾ ਜਾਵੇ-
    ਬੇਗਮਪੁਰਾ ਸਹਰ ਕੋ ਨਾਉ॥
    ਧੂਖੁ ਅੰਦੋਹ ਨਹੀ ਤਿਹਿ ਠਾਉ॥..
    ਊਹਾ ਖੈਰਿ ਸਦਾ ਮੇਰੇ ਭਾਈ॥
    ਤਿਉ ਤਿਉ ਸੈਲ ਕਰਹਿ ਜਿਉ ਭਾਵੈ॥
    ਮਹਿਰਮ ਮਹਲ ਨ ਕੋ ਅਟਕਾਵੈ॥
    ਕਹਿ ਰਵਿਦਾਸ ਖਲਾਸ ਚਮਾਰਾ॥
    ਜੋ ਹਮ ਸ਼ਹਿਰੀ ਸੋ ਮੀਤ ਹਮਾਰਾ॥(੩੪੫)
  • ਵਹਿਮਾਂ ਭਰਮਾਂ ਤੇ ਸਵਰਗ ਨਰਕ ਦੇ ਡਰਾਵੇ ਫਜ਼ੂਲ ਹਨ-
    ਮਾਧਵੇ ਕਿਆ ਕਹੀਐ ਭ੍ਰਮ ਐਸਾ॥
    ਜੈਸਾ ਮਾਨੀਐ ਹੋਇ ਨਾ ਤੈਸਾ॥(੬੫੭)
    ਹਰੀ ਰੂਪੀ ਹੀਰੇ ਨੂੰ ਛੱਡ ਕੇ ਰੋੜਾਂ ਤੇ ਆਸ ਲਾ ਲੈਣੀ ਭਾਵ ਸ਼ਬਦ ਗੁਰੂ ਪ੍ਰਮੇਸ਼ਰ ਨੂੰ ਛੱਡ ਕੇ ਹੰਕਾਰੀ-ਵਿਕਾਰੀ-ਮਕਾਰੀ ਸਾਧਾਂ ਰੂਪੀ ਠੱਗਾਂ ਦੇ ਮੱਗਰ ਲੱਗੇ ਫਿਰਨਾ ਹੀ ਦੋਜ਼ਕ ਦੀ ਅੱਗ ਵਿੱਚ ਸੜਨਾਂ ਹੈ-
    ਹਰਿ ਸੋ ਹੀਰਾ ਛਾਡਿ ਕੇ ਕਰਹਿ ਆਨ ਕੀ ਆਸੁ॥
    ਤੇ ਨਰ ਦੋਜ਼ਕ ਜਾਹਿਗੇ ਸਤੁ ਭਾਖੈ ਰਵਿਦਾਸ॥(੧੩੭੭)

ਐਸੇ ਕ੍ਰਾਂਤੀਕਾਰੀ-ਕਲਿਆਣਕਾਰੀ ਅਗਾਂਹਵਧੂ ਵਿਚਾਰਾਂ ਵਾਲੇ ਭਗਤ ਰਵਿਦਾਸ ਜੀ ਨੂੰ ਸਦ-ਸਦ ਨਮਸ਼ਕਾਰ! ਭਗਤ ਜੀ ਦੇ ਗਿਆਨ ਭਰਪੂਰ ਕ੍ਰਾਂਤੀਕਾਰੀ ਵਿਚਾਰਾਂ ਦਾ ਡੰਕਾ ਹਰ ਪਾਸੇ ਵਜਿਆ ਹੋਇਆ ਸੀ ਜਿਸ ਦਾ ਜਿਕਰ ਭਾਈ ਗੁਰਦਾਸ ਜੀ ਨੇ ਬੁਲੰਦ ਬਾਂਗ ਆਪਣੀਆਂ ਵਾਰਾਂ ਵਿੱਚ ਕੀਤਾ ਹੈ-ਭਗਤ ਭਗਤ ਕਰਿ ਵਜਿਆ ਚਹੁੰ ਜੁੱਗਾਂ ਵਿਚਿ ਚਮਰੇਟਾ (ਭਾ.ਗੁ.) ਗੁਰੂ ਅਰਜਨ ਸਾਹਿਬ ਜੀ ਵੀ ਭਗਤ ਰਵਿਦਾਸ ਜੀ ਦੀ ਭਗਤੀ ਦੀ ਸਿਖਰ ਅਤੇ ਪ੍ਰਸਿੱਧੀ ਦਾ ਜਿਕਰ ਕਰਦੇ ਫੁਰਮਾਂਦੇ ਹਨ-

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥
ਪਰਗਟ ਹੋਆ ਸਾਧ ਸੰਗਿ ਹਰਿ ਦਰਸਨ ਪਾਇਆ॥(੪੮੭)

ਐਸੇ ਗਿਆਨ ਵਿਗਿਆਨ, ਪਰਉਪਕਾਰ, ਸੇਵਾ ਸਿਮਰਨ, ਨਿਰਭੈਤਾ ਅਤੇ ਅਜ਼ਾਦ ਵਿਚਾਰਾਂ ਵਾਲੀ ਪ੍ਰਤਿਮਾਂ ਦੇ ਰੂਪ ਸਨ ਭਗਤ ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ।ਜੇ ਆਪਾਂ ਬ੍ਰਾਹਮਣਵਾਦ ਤੋਂ ਬਚਣਾ ਚਾਹੁੰਦੇ ਹਾਂ ਤਾਂ ਗੁਰੂਆਂ ਭਗਤਾਂ ਦੀ ਵਿਚਾਰਧਾਰਾ ਦੇ ਸਮੁੰਦਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਬਾਣੀ ਨੂੰ ਹੀ ਅਪਣਾਅ ਕੇ ਪ੍ਰਚਾਰ ਕਰੀਏ।ਕਿਸੇ ਜਾਤਿ-ਪਾਤਿ ਜਾਂ ਪਾਰਟੀ ਅਤੇ ਲੀਡਰ ਦੇ ਵਖਰੇਵੇਂ ਵਾਲੇ ਭਰਮ ਵਿੱਚ ਨਾਂ ਪਈਏ।ਇਸ ਵਿੱਚ ਹੀ ਸਾਡੀ ਸਭ ਦੀ ਚੜ੍ਹਦੀ ਕਲਾ ਦਾ ਰਾਜ ਹੈ।

ਅਵਤਾਰ ਸਿੰਘ ਮਿਸ਼ਨਰੀ (5104325827)
singhstudent@gmail.com

27/10/2013

           

2010-2012

hore-arrow1gif.gif (1195 bytes)

ਭਗਤ ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਬਾਬੇ ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਜੋਕੇ ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਲੜੀਆਂ ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ, ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ ਨੂੰ ਲਾਭ ਅਤੇ ਘਾਟਾ? ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ ਖਾਲਸਾ ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਲਹ ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ
ਖਾਲਸਾ ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ

0037-hola1ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

0036ਗਰੁਦੁਆਰਾ ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0035ਗੁਰੁ ਗੋਬਿੰਦ ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ
0034ਮੁਕਤਸਰ ਦੀ ਜੰਗ ਤੇ ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0033ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0032ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”

ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20013, 5abi.com