ਪ੍ਰਚਾਰਕ ਵਿਸ਼ੇ ਬਾਰੇ ਵਿਚਾਰ ਕਰਨ ਤੋਂ ਪਹਿਲਾਂ, ਆਪਾਂ ਉਪਦੇਸ਼, ਉਪਦੇਸ਼ਕ,
ਪ੍ਰਚਾਰ, ਪ੍ਰਚਾਰਕ ਅਤੇ ਪ੍ਰਚਾਰਿਕਾ ਸ਼ਬਦਾਂ ਦੇ ਅਰਥ ਉਦੇਸ਼ ਵਿਚਾਰਦੇ ਹਾਂ। ਉਪਦੇਸ਼
ਸੰਸਕ੍ਰਿਤ ਦਾ ਲਫਜ਼ ਹੈ ਅਰਥ ਹਨ: 'ਸਿਖਿਆ
ਨਸੀਹਤ ਅਤੇ ਗੁਰਦੀਖਿਆ'। ਉਪਦੇਸ਼ਕ ਤੋਂ ਭਾਵ ਹੈ
ਉਪਦੇਸ਼ ਕਰਨ ਜਾਂ ਦੇਣ ਵਾਲਾ, ਮਾਸਟਰ, ਅਧਿਆਪਕ ਅਤੇ ਧਰਮ ਗੁਰੂ। ਪ੍ਰਚਾਰ ਦਾ ਅਰਥ ਹੈ
ਕਿਸੇ ਕਾਰਜ ਦੇ ਚਲਾਉਣ ਤੇ ਫੈਲਾਉਣ ਦੀ ਕ੍ਰਿਆ, ਚਲਨ, ਰਿਵਾਜ, ਪ੍ਰਸਿੱਧੀ ਅਤੇ
ਸ਼ੁਹਰਤ। ਪ੍ਰਚਾਰਕ ਵੀ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਕਿਸੇ ਗੱਲ ਦਾ
ਪ੍ਰਚਾਰ ਕਰਨ, ਵਿਦਿਆ ਜਾਂ ਧਰਮ ਆਦਿ ਫੈਲਾਉਣ ਵਾਲਾ ਪ੍ਰਚਾਰਕ ਜਾਂ ਵਾਲੀ ਪ੍ਰਚਾਰਿਕਾ
ਭਾਵ ਉਪਦੇਸ਼ਕਾ(ਮਹਾਨ ਕੋਸ਼) ਅੰਗ੍ਰੇਜੀ ਵਿੱਚ ਮਿਸ਼ਨਰੀ ਆਦਿਕ।
ਭਾਈ ਕਾਨ੍ਹ ਸਿੰਘ ਨ੍ਹਾਭਾ ਜੀ ਗੁਰਮਤਿ ਮਾਰਤੰਡ ਦੇ ਪਹਿਲੇ ਭਾਗ ਦੇ ਪੰਨਾ ੧੪-੧੫
ਤੇ ਲਿਖਦੇ ਹਨ ਕਿ ਉੱਤਮ ਉਪਦੇਸ਼ਕ ਉਹ ਹਨ ਜੋ ਆਲਿਮ, ਆਮਿਲ, ਜਥੇਬੰਦੀ ਦੇ ਨਿਯਮਾਂ ਦੇ
ਪਾਬੰਧ, ਸਮੇਂ ਦੀ ਕਦਰ ਵਾਲੇ, ਧੀਰਜ, ਖਿਮਾਂ ਸ਼ਾਤੀ ਦੇ ਪੁੰਜ, ਦੂਰੰਦੇਸ਼ੀ ਅਤੇ ਵਾਕ
ਪਟੁਤਾ ਆਦਿਕ ਗੁਣਾਂ ਕਰਕੇ ਭਰਪੂਰ ਹੋਣ। ਕੇਵਲ ਕਥਨੀ ਮਾਤ੍ਰ ਦੇ ਉਪਦੇਸ਼ਕ ਗੁਰਮਤਿ
ਵਿੱਚ ਨਿੰਦਿਤ ਹਨ, ਪ੍ਰਵਾਨ ਨਹੀਂ।
ਆਓ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਅਤੇ
ਇਤਿਹਾਸ ਵਿੱਚੋਂ ਇਸ ਵਿਸ਼ੇ ਬਾਰੇ ਉਪਦੇਸ਼ਕ ਸੇਧਾਂ ਵਿਚਾਰੀਏ-
ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ॥ ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ॥
ਅੰਮ੍ਰਿਤੁ ਕਥਾ ਕਹੈ ਸਦਾ ਦਿਨ ਰਾਤੀ, ਅਵਰਾ ਆਖਿ ਸੁਣਾਵਣਿਆ॥੨॥(੧੧੮)
ਜਿਸਦੇ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ॥ ਓਹੁ ਹਰਿ ਮਾਰਗਿ ਆਪਿ
ਚਲਦਾ, ਹੋਰਨਾ ਨੋ ਹਰਿ ਮਾਰਗਿ ਪਾਏ॥ (੧੪੦)
ਆਪਣਾ ਮਨੁ ਪਰਬੋਧਹੁ ਬੂਝਹੁ ਸੋਈ॥ ਲੋਕ ਸਮਝਾਵਹੁ ਸੁਣੇ ਨ ਕੋਈ॥(੨੩੦)
ਭਾਵ ਪਹਿਲਾਂ ਆਪਣੇ ਮਨ ਨੂੰ ਉਪਦੇਸ਼ ਦਿਓ ਅਤੇ ਜੋ ਆਖਦੇ ਹੋ ਉਸ ਨੂੰ ਸਮਝੋ। ਆਪ
ਅਮਲ ਕੀਤੇ ਬਿਨਾਂ ਜੋ ਲੋਕਾਂ ਨੂੰ ਸਮਝਾਉਂਦੇ ਹੋ, ਉਸ ਉਪਦੇਸ਼ ਨੂੰ ਕੋਈ ਮਨ ਨਾਲ
ਨਹੀਂ ਸੁਣਦਾ।
ਆਪਿ ਕਮਾਉ ਅਵਰਾ ਉਪਦੇਸ॥ ਰਾਮ ਨਾਮ ਹਿਰਦੈ ਪਰਵੇਸ॥੩॥ (੧੮੫)
ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ॥ ਜਮ ਪੁਰਿ ਬਾਧਾਂ ਚੋਟਾ ਖਾਵੈ॥੨॥(੧੯੪)
ਬਿਖ ਭਾਵ ਕਪਟ ਰੂਪੀ ਜ਼ਹਿਰ। ਰਹਤ ਅਵਰ ਕਛੁ ਅਵਰ
ਕਮਾਵਤ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ॥ ਜਾਨਨਹਾਰ ਪ੍ਰਭੂ ਪਰਬੀਨ॥ ਬਾਹਰਿ ਭੇਖ
ਨਾ ਕਾਹੂ ਭੀਨ ॥ ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥ ਜਿਸਕੈ ਅੰਤਰਿ
ਬਸੈ ਨਿਰੰਕਾਰੁ॥ਤਿਸ ਕੀ ਸੀਖ ਤਰੈ ਸੰਸਾਰੁ॥ (੨੬੯)
ਗੰਢ ਲਾਵਤ ਭਾਵ ਮਨ ਚਲਾਕੀ ਨਾਲ ਉਕਤੀ ਯੁਕਤੀ ਜੋੜ ਕੇ, ਲੋਕਾਂ ਨੂੰ ਪ੍ਰਸੰਨ
ਕਰਦਾ ਹੈ। ਭੀਨ ਮਤਲਵ ਪ੍ਰਸੰਨ ਹੁੰਦਾ, ਰੀਝਦਾ ਹੈ। ਸੀਖ-ਸਿਖਿਆ।
ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ, ਉਪਦੇਸੁ ਕਰਹਿ ਪਰਉਪਕਾਰਿਆ॥(੩੧੧) ਭਾਵ
ਪੁਰਖਤਵ ਜਾਂ ਇਨਸਾਨੀਅਤ ਰੱਖਣ ਵਾਲੇ ਲੋਕ।
ਉਪਦੇਸੁ ਕਰੈ ਆਪਿ ਨ ਕਮਾਵੈ, ਤਤੁ ਸਬਦੁ ਨ ਪਛਾਨੈ॥(੩੮੦) ਸ਼ਬਦ ਦੇ ਸਾਰ ਨੂੰ
ਨਹੀਂ ਪਛਾਣਦਾ।
ਪ੍ਰਥਮੇ ਮਨੁ ਪਰਬੋਧੈ ਅਪਨਾ, ਪਾਛੈ ਅਵਰ ਰੀਝਾਵੈ॥ (੩੮੧)
ਕੜਛੀਆ ਫਿਰੰਨਿ ਸੁਆਉ ਨ ਜਾਣਨਿ ਸੁਝੀਆ॥ ਸੇਈ ਮੁਖ ਦਿਸੰਨ੍ਹਿ ਨਾਨਕ ਰਤੇ ਪ੍ਰੇਮ
ਰਸਿ॥੧॥(੫੨੧)
ਕੜਛੀਆਂ ਖਟ (ਛੇ) ਖਟੇ, ਮਿੱਠੇ, ਫਿਕੇ, ਕੌੜੇ, ਕਸੈਲੇ, ਅਲੂਣੇ, ਤੁਰਸ਼ੇ ਆਦਿਕ
ਰਸਾਂ ਵਿੱਚ ਫਿਰਦੀਆਂ ਹਨ ਪਰ ਰਸਾਂ ਦੇ ਗਿਆਨ ਤੋਂ ਖਾਲੀ ਰਹਿੰਦੀਆਂ ਹਨ। ਇਸੇ
ਤਰ੍ਹਾਂ ਕੇਵਲ ਕਹਿਣੀ ਵਾਲੇ ਪ੍ਰਚਾਰਕ ਸ਼ਬਦ ਦੇ ਰਸ ਤੋਂ ਵਾਂਝੇ ਰਹਿੰਦੇ ਹਨ। ਹੇ
ਨਾਨਕ! ਓਹੀ ਮੁੱਖ ਸ਼ੋਭਾਵਾਨ ਹਨ ਜਿਨ੍ਹਾਂ ਚੋਂ ਪ੍ਰੇਮ ਭਰੇ ਬਚਨ ਨਿਕਲਦੇ ਹਨ ਅਤੇ
ਜਿੰਨ੍ਹਾਂ ਦਾ ਰਸ ਵਕਤੇ (ਪ੍ਰਚਾਰਕ) ਨੇ ਪਹਿਲਾਂ ਆਪ ਲਿਆ ਹੈ।
ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ॥(੫੪੯) ਭਾਵ ਆਪ ਤਾਂ ਸਮਝਦਾ ਨਹੀਂ
ਸਗੋਂ ਕੁਰੱਖਤ (ਕੌੜੇ) ਬਚਨ ਬੋਲ ਕੇ ਦੂਜਿਆਂ ਦਾ ਦਿਲ ਦੁਖਾਉਂਦਾ ਹੈ।
ਜਿੱਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ॥(੫੬੬) ਭਾਵ ਸੁਰਤੀ ਦੁਆਰਾ
ਸ਼ਬਦ ਨੂੰ ਸਮਝੀਏ।
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥(੬੬੧) ਭਾਵ ਆਪ ਤੋਂ ਵੱਧ
ਵਿਦਵਾਨਾਂ ਤੋਂ ਕੁਝ ਸੁਣੀਏਂ ਅਤੇ ਘੱਟ ਵਿਦਿਆ ਵਾਲਿਆਂ ਨੂੰ ਕੁਝ ਦੱਸੀਏ।
ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ॥ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ
ਖੇਤੁ॥(੧੩੬੯)
ਗੁਰਮੁਖਿ ਆਪੁ ਗਵਾਇ ਅੰਦਰੁ ਸੋਧੀਐ॥ ਚਹੁ ਵਰਨਾ ਉਪਦੇਸੁ ਸਹਿਜ ਸਮੋਧੀਐ॥(ਭਾ.
ਗੁ. ਵਾਰ-੧੯) ਭਾਵ ਉਪਦੇਸ਼ ਕਰਨ ਤੋਂ ਪਹਿਲਾਂ ਆਪਣਾ ਅੰਦਰਲਾ ਸਾਫ ਕਰੀਏ ਅਤੇ ਅਡੋਲਤਾ
ਨਾਲ ਸਮਝਾਈਏ।
ਸ੍ਰੀ ਮੁਖ ਤੇ ਬੋਲੇ ਬਚ ਪੂਤ (ਪਵਿਤ੍ਰ)। ਜੋ ਨਰ ਕਰਹਿ ਭਲੀ ਕਰਤੂਤ
(ਕਰਣੀ,ਅਮਲ)। ਜਿਮ ਅਪਰਨਿ ਉਪਦੇਸ਼ ਉਚਾਰੇ। ਤਿਮ ਨਿਸ਼ਚੈ ਅਪਨੈ ਉਰ ਧਾਰੇ॥੪੬॥
ਤਿਨ ਕੀ ਛਾਇਆ ਸਭਿ ਪਰ ਜਾਇ। ਸੁਨਹਿ ਬਾਕ ਜੇ ਰਿਦੈ ਬਸਾਇ। ਬਹੁਤਿਨਿ ਕੋ ਉਧਾਰ ਸੋ
ਕਰੇ। ਤਿਸ ਪਰ ਤੁਕ ਸ੍ਰੀ ਮੁਖਹੁਂ ਉਚਰੇ॥੪੭॥
(ਗੁਰ ਪ੍ਰਤਾਪ ਸੂਰਜ, ਰਾਸਿ-੩, ਅਧਿਆਇ-੬੨) ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ
ਹੋਵੈ ਛਾਂਉ॥(੧੨੮੮)
ਭਾਵ ਭਾਈ ਲਾਲੂ ਤੇ ਨਿਹਾਲੂ ਤੋਂ ਕਥਾ ਕੀਰਤਨ ਸੁਣ ਕੇ ਸਭ ਦਾ ਮਨ ਕਿਉਂ ਸ਼ਾਂਤ
ਅਤੇ ਏਕਾਗਰ ਹੋ ਜਾਂਦਾ ਹੈ, ਸਿੱਖਾਂ ਦੇ ਇਸ ਪ੍ਰਸ਼ਨ ਦਾ ਉੱਤਰ ਗੁਰੂ ਅਰਜਨ ਸਾਹਿਬ ਜੀ
ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਉਪ੍ਰੋਕਤ ਤੁਕ ਵਿੱਚ ਦਿੱਤਾ ਹੈ।
ਉੱਪਰ ਦਿੱਤੀਆਂ ਗੁਰਬਾਣੀ ਪੰਗਤੀਆਂ, ਭਾਈ ਗੁਰਦਾਸ ਜੀ ਦੀ ਵਾਰ ਅਤੇ ਭਾਈ ਸੰਤੋਖ
ਸਿੰਘ ਜੀ ਰਚਿਤ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਪ੍ਰਚਾਰਕ ਦੇ ਚੰਗੇ-ਮੰਦੇ
ਗੁਣ-ਔਗੁਣ ਦਰਸਾਏ ਹਨ, ਜਿੰਨ੍ਹਾਂ ਤੋਂ ਪਤਾ ਚਲਦਾ ਹੈ ਕਿ ਪ੍ਰਚਾਰਕ ਕਹਿਣੀ, ਕਥਨੀ,
ਕਰਨੀ ਅਤੇ ਗੁਰਮਤਿ ਦੇ ਧਾਰਨੀ ਹੋਣੇ ਚਾਹੀਦੇ ਹਨ ਨਾਂ ਕਿ ਕੇਵਲ ਕਥਨੀ ਕਰਨ ਅਤੇ
ਕੌੜਾ ਬੋਲ ਕੇ ਸਰੋਤਿਆਂ ਦੇ ਦਿਲ ਦਖਾਉਣ ਵਾਲੇ।
ਅਜੋਕੇ ਸਮੇਂ ਵਿੱਚ ਪ੍ਰਚਾਰਕ ਇਸ ਲਈ ਨਹੀਂ ਸਫਲ ਹੋ ਰਹੇ ਕਿ ਉਨ੍ਹਾਂ ਦੀ
ਜਥੇਬੰਦੀ ਅਤੇ ਸਿਖਲਾਈ ਦਾ ਕੋਈ ਇੱਕ ਧੁਰਾ ਨਹੀਂ, ਖਾਸ ਕਰਕੇ ਮੁੱਖ ਕਾਰਨ ਹੈ ਕਿ
ਬਹੁਤੇ ਪ੍ਰਚਾਰਕ ਕਿਰਤੀ ਨਹੀਂ ਹਨ। ਇਸ ਲਈ ਗੁਰਮਤਿ ਧਾਰੀ ਪ੍ਰਚਾਰਕਾਂ ਨੂੰ ਵੀ
ਗੁਰਮਤਿ ਵਿਹੂਣੇ ਅਤੇ ਹੰਕਾਰੀ ਪ੍ਰਬੰਧਕਾਂ ਦੀ ਹਾਂ ਵਿੱਚ ਹਾਂ ਮਿਲਾਉਣੀ ਪੈਂਦੀ ਹੈ
ਕਿਉਂਕਿ ਆਰਥਿਕ ਪੱਖੋਂ ਉਹ ਉਨ੍ਹਾਂ ਤੇ ਅਧਾਰਿਤ ਹੁੰਦੇ ਹਨ। ਧਿਆਨ ਦਿਓ! ਜਿੱਥੇ
ਸਕੂਲਾਂ, ਕਾਲਜਾਂ ਜਾਂ ਧਾਰਮਿਕ ਅਦਾਰਿਆਂ ਵਿੱਚ ਪ੍ਰਚਾਰਕਾਂ ਨੂੰ ਗੁਰਮਤਿ ਗਿਆਨ ਦੀ
ਸਿਖਲਾਈ ਦਿੱਤੀ ਜਾਂਦੀ ਹੈ, ਜੇ ਨਾਲ-ਨਾਲ ਸਵੈ ਰੁਜਗਾਰ ਵਾਲੀ ਕਿੱਤਾਮੁਖੀ ਸਿਖਲਾਈ
ਵੀ ਦਿੱਤੀ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ ਅਤੇ ਪ੍ਰਚਾਰਕਾਂ ਨੂੰ
ਰੋਜ਼ੀ-ਰੋਟੀ ਖਾਤਰ ਹਰ ਵੇਲੇ ਪ੍ਰਬੰਧਕਾਂ ਜਾਂ ਧਰਮ ਅਸਥਾਨਾਂ ਦੇ ਮੁਖੀਆਂ ਦੇ ਅਧੀਨ
ਨਹੀਂ ਹੋਣਾ ਪਵੇਗਾ। ਕਾਫੀ ਦੇਰ ਤੋਂ ਵੇਖਣ ਵਿੱਚ ਇਹ ਹੀ ਆ ਰਿਹਾ ਹੈ ਕਿ ਧਰਮ ਅਦਾਰੇ
ਜਾਂ ਮਿਸ਼ਨਰੀ ਸਕੂਲ ਕਾਲਜ ਕੇਵਲ ਤੇ ਕੇਵਲ ਧਰਮ ਵਿਦਿਆ ਹੀ ਸਿਖਾ ਰਹੇ ਹਨ। ਪ੍ਰਚਾਰਕ
ਕੋਰਸ ਵਿੱਚੋਂ ਪਾਸ ਹੋਏ ਵਿਦਿਆਰਥੀਆਂ ਤੋਂ ਕੋਈ ਯੋਜਨਾਬੱਧ ਤਰੀਕੇ ਨਾਲ ਸੇਵਾ ਨਹੀਂ
ਲਈ ਜਾਂਦੀ ਤੇ ਦੂਜਾ ਉਹ ਆਰਥਕ ਪੱਖੋਂ ਕਮਜੋਰ ਹੋਣ ਕਰਕੇ ਜਿੱਧਰ ਕਿਤੇ ਵੀ ਉਨ੍ਹਾਂ
ਨੂੰ ਪ੍ਰਚਾਰਕ ਦੀ ਜਾਂ ਗ੍ਰੰਥੀ ਦੀ ਡਿਉਟੀ ਅਤੇ ਵੱਧ ਤਨਖਾਹ ਮਿਲਦੀ ਹੈ, ਉਹ ਬਹੁਤੇ
ਉੱਧਰ ਹੀ ਦੌੜ ਜਾਂਦੇ ਹਨ। ਅੱਜ ਸਾਡੀ ਅਗਿਆਨਤਾ ਅਤੇ ਅੰਧ ਵਿਸ਼ਵਾਸ਼ੀ ਕਰਕੇ ਹੀ ਸਭ
ਡੇਰੇਦਾਰ, ਟਕਸਾਲੀ, ਭੇਖੀ ਸਾਧ-ਸੰਤ ਅਤੇ ਅਖੌਤੀ ਜਥੇਦਾਰ ਐਸ਼ੋ-ਇਸ਼ਰਤ ਦੀ ਜ਼ਿੰਦਗੀ
ਜੀਅ ਰਹੇ ਹਨ। ਉਨ੍ਹਾਂ ਕੋਲ ਪੈਸੇ ਦਾ ਕੋਈ ਘਾਟਾ ਨਹੀਂਂ ਇਸ ਲਈ ਉਹ ਬਹੁਤੇ
ਪ੍ਰਚਾਰਕਾਂ ਨੂੰ ਲਾਲਚ ਦੇ ਕੇ ਆਪਣੇ ਮਰੀਦ-ਪ੍ਰਚਾਰਕ ਬਣਾ ਲੈਂਦੇ ਹਨ।
ਜਰਾ ਆਪਣੇ ਇਤਿਹਾਸਕ ਵਿਰਸੇ ਵੱਲ ਨਿਗ੍ਹਾ ਮਾਰੀਏ ਤਾਂ ਪਤਾ ਲਗਦਾ ਹੈ ਕਿ ਸਾਡੇ
ਵੱਡੇ ਵਡੇਰੇ ਰੱਬੀ ਭਗਤ ਅਤੇ ਗੁਰੂ ਸਾਹਿਬਾਨ ਤੋਂ ਲੈ ਕੇ, ਮਹਾਂਰਾਜਾ ਰਣਜੀਤ ਸਿੰਘ
ਦੇ ਰਾਜ ਤੱਕ ਬਲਕਿ ਸਿੰਘ ਸਭਾ ਲਹਿਰ ਦੇ ਨੇੜੇ ਤੇੜੇ ਤੱਕ, ਕਿਰਤ ਤੋਂ ਭਗੌੜੇ, ਭਾੜੇ
ਦੇ ਵਿਹਲੜ ਪ੍ਰਚਾਰਕ ਨਹੀਂ ਸਗੋਂ ਆਪਣੀ ਕਿਰਤ ਵਿਰਤ ਕਰਨ ਵਾਲੇ ਉਦਮੀ, ਕਿਰਤੀ ਅਤੇ
ਗੁਰਮੁਖ ਪ੍ਰਚਾਰਕ ਸਨ ਜੋ ਨਿਰੋਲ ਗੁਰਮਤਿ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਬਗੈਰ ਕਿਸੇ
ਲਾਲਚ, ਨਿਰਭੈ ਅਤੇ ਬੇਖੌਫ ਹੋ ਕੇ, ਬੜੀ ਦ੍ਰਿੜਤਾ ਅਤੇ ਲਗਨ ਨਾਲ ਕਰਦੇ ਸਨ। ਦੂਜਾ
ਗੁਰੂ ਸਹਿਬਾਂਨ ਕਿਰਤੀ ਗੁਰਮੁਖਾਂ ਨੂੰ ਪ੍ਰਚਾਰਕ ਥਾਪਦੇ ਸਨ ਜਿਵੇਂ ਭਾਈ ਮਰਦਾਨਾਂ,
ਭਾਈ ਭਗੀਰਥ, ਭਾਈ ਮਨਸੁਖ, ਬਾਬਾ ਬੁੱਢਾ ਜੀ, ਭਾਈ ਭੈਰੋਂ, ਭਾਈ ਗੁਰਦਾਸ ਅਤੇ ਭਾਈ
ਨੰਦ ਲਾਲ ਜੀ ਆਦਿਕ ਉੱਘੇ ਪ੍ਰਚਾਰਕ ਸਨ। ਗੁਰੂ ਸਾਹਿਬਾਂਨ ਨੇ ਬਾਕਾਇਦਾ ਸੰਗਤ,
ਪੰਗਤ, ਮਸੰਦ ਅਤੇ ਮੰਜੀ ਸਿਸਟਮ ਚਾਲੂ ਕਰਕੇ, ਬੜੇ ਸਿਸਟੇਮੈਟਿਕ ਤਰੀਕੇ ਨਾਲ ਧਰਮ
ਪ੍ਰਚਾਰ ਦੀ ਸੇਵਾ ਸ਼ੁਰੂ ਕੀਤੀ ਸੀ। ਭਗਤ ਅਤੇ ਗੁਰੂ ਸਹਿਬਾਂਨ ਪ੍ਰਚਾਰ ਲਈ
ਵੱਡੀਆਂ-ਵੱਡੀਆਂ ਖਰਚੀਲੀਆਂ ਮਹਿਲ ਮਾੜੀਆਂ ਨੁਮਾਂ ਬਿਲਡਿੰਗਾਂ ਦੀ ਥਾਂ, ਖੁੱਲ੍ਹੇ
ਮੈਦਾਨਾਂ, ਨਦੀਆਂ, ਤੀਰਥਾਂ, ਰੁੱਖਾਂ ਦੀ ਛਾਂ ਅਤੇ ਧਰਮਸ਼ਾਲਾਵਾਂ ਨੂੰ ਵਰਤਦੇ ਸਨ।
ਇਸ ਲਈ ਸੰਗਤਾਂ ਉੱਪਰ ਆਰਥਕ ਪੱਖੋਂ ਵੱਡਾ ਬੋਝ ਵੀ ਨਹੀਂ ਪੈਂਦਾ ਸੀ। ਗੁਰੂ
ਸਾਹਿਬਾਂਨ ਦੇ ਪ੍ਰਚਾਰਕ ਕਰੀਬ ਹਰੇਕ ਕਿੱਤੇ ਨਾਲ ਸਬੰਧਤ ਹੁੰਦੇ ਹੋਏ ਅਮੀਰ-ਗਰੀਬ,
ਜਾਤ-ਪਾਤ, ਬਰਾਦਰੀ ਅਤੇ ਇਲਾਕਾਵਾਦ ਤੋਂ ਉੱਪਰ ਉੱਠ ਕੇ ਪ੍ਰਚਾਰ ਕਰਦੇ ਸਨ।
ਅੱਜ ਗੁਰਮਤਿ ਗਿਆਨ ਆਦਿਕ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਅਤੇ ਪ੍ਰਸਾਰ, ਡੇਰੇ,
ਟਕਸਾਲਾਂ, ਸੰਪ੍ਰਦਾਵਾਂ ਅਤੇ ਕਮਰਸ਼ੀਅਲ ਵਿਦਿਅਕ ਸੰਸਥਾਵਾਂ ਕਰਕੇ ਅਧੋਗਤੀ ਵੱਲ ਜਾ
ਰਿਹਾ ਹੈ। ਹੁਣ ਤਾਂ ਬਹੁਤੇ ਮਿਸ਼ਨਰੀ ਕਾਲਜ ਵੀ ਕਿਰਤੀ ਪ੍ਰਚਾਰਕਾਂ ਦੀ ਥਾਂ, ਪੇਡ
ਪੁਜਾਰੀ ਪ੍ਰਚਾਰਕ ਹੀ ਪੈਦਾ ਕਰ ਰਹੇ ਹਨ ਜੋ ਕਾਲਜ ਤੋਂ ਬਾਹਰ ਨਿਕਲਦੇ ਹੀ ਆਰਥਕ
ਮਜਬੂਰੀਆਂ ਕਰਕੇ, ਸੰਪ੍ਰਦਾਈ ਡੇਰੇਦਾਰਾਂ, ਟਕਸਾਲੀਆਂ ਜਾਂ ਡੇਰੇਦਾਰ ਮਨਮੱਤੀ
ਪ੍ਰਬੰਧਕਾਂ ਦੇ ਵੱਸ ਪੈ ਜਾਂਦੇ ਹਨ। ਵੇਖੋ! ਜਿਨਾਂ ਚਿਰ ਸਿੱਖ ਮਿਸ਼ਨਰੀ ਕਾਲਜਾਂ ਦੇ
ਪ੍ਰਬੰਧਕ ਕਿਰਤੀ ਸਨ ਅਤੇ ਪਾਰਟ ਟਾਈਮ ਗੁਰਮਤਿ ਦਾ ਪ੍ਰਚਾਰ ਕਰਦੇ ਸਨ, ਸਿੱਖੀ
ਚੜ੍ਹਦੀਆਂ ਕਲਾਂ ਵਿੱਚ ਸੀ ਪਰ ਜਦ ਦੇ ਮਿਸ਼ਨਰੀ ਕਾਲਜਾਂ ਨੇ ਪਾਠੀ, ਰਾਗੀ, ਗ੍ਰੰਥੀ
ਅਤੇ ਪੇਡ ਪ੍ਰਚਾਰਕ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਹਨ, ਰਾਵਾਇਤੀ ਪੁਜਾਰੀ ਸ਼੍ਰੇਣੀ
ਵਿੱਚ ਹੋਰ ਵਾਧਾ ਹੋਇਆ ਹੈ ਬਲਕਿ ਚੋਟੀ ਦੇ ਮਿਸ਼ਨਰੀ ਪ੍ਰਚਾਰਕ ਡੇਰੇਦਾਰ ਬਣ ਜਾਂ
ਡੇਰੇਦਾਰਾਂ ਦੀ ਝੋਲੀ ਵੀ ਪੈ ਚੁੱਕੇ ਹਨ। ਇਸ ਲਈ ਗੁਰਮਤਿ ਦਾ ਅਸਲੀ ਪ੍ਰਚਾਰ ਅਤੇ
ਪਾਸਾਰ ਰੁਕਿਆ ਹੋਇਆ ਹੈ ਅਤੇ ਹੁਣ ਸਿੱਖੀ ਪ੍ਰਚਾਰ ਦਾ ਦਾਵਾ ਕਰਨ ਵਾਲੇ ਮਿਸ਼ਨਰੀ
ਕਾਲਜ ਵੀ, ਆਪਸੀ ਧੜੇਬੰਦੀ ਦਾ ਸ਼ਿਕਾਰ ਹੋ ਚੁੱਕੇ ਹਨ। ਆਪਸ ਵਿੱਚ ਕੋਈ ਤਾਲਮੇਲ ਨਹੀਂ
ਸਗੋਂ ਪਾਟੋਧਾੜ ਹੋ ਕੇ, ਆਪਣੀ-ਆਪਣੀ ਡਫਲੀ ਵਜਾ ਅਤੇ ਆਪਣਾ-ਆਪਣਾ ਰਾਗ ਅਲਾਪ ਰਹੇ
ਹਨ। ਰੱਬੀ ਭਗਤਾਂ, ਸਿੱਖ ਗੁਰੂ ਸਹਿਬਾਨਾਂ ਅਤੇ ਸ਼ਹੀਦਾਂ ਦੀ ਵਾਰਸ ਸਿੱਖ ਕੌਮ, ਅੱਜ
ਵੱਖ ਵੱਖ ਡੇਰੇ, ਟਕਸਾਲਾਂ, ਠਾਠਾਂ ਅਤੇ ਸੰਸਥਾਵਾਂ ਵਿੱਚ ਖਿੰਡ-ਪੁੰਡ ਕੇ,
ਵਹਿਮ-ਭਰਮ, ਕਰਮਕਾਂਡ, ਜਾਤ-ਪਾਤ, ਊਚ-ਨੀਚ ਅਤੇ ਸੁੱਚ-ਭਿੱਟ ਆਦਿਕ ਬ੍ਰਾਹਮਣੀ
ਕਰਮਕਾਂਡਾਂ ਅਤੇ ਮਨੌਤਾਂ ਦਾ ਸ਼ਿਕਾਰ ਹੋ ਚੁੱਕੀ ਹੈ। ਸਰਮਾਏਦਾਰ ਪੈਸੇ ਨਾਲ ਧਰਮ-ਕਰਮ
ਖਰੀਦ ਰਹੇ ਹਨ। ਵਿਖਾਵੇ ਅਤੇ ਲਾਲਚ ਕਾਰਨ ਸਿੱਖੀ ਪ੍ਰਚਾਰ ਅਤੇ ਪਾਸਾਰ ਦਾ ਜ਼ਜ਼ਬਾ ਖਤਮ
ਹੁੰਦਾ ਜਾ ਰਿਹਾ ਹੈ।
ਪੰਥ ਦਰਦੀਓ! ਦੇਖੋ ਈਸਾਈ ਲੋਕ ਹਫਤੇ ਵਿੱਚ ਪੰਜ ਦਿਨ ਕੰਮ ਕਰਦੇ ਅਤੇ ਦੋ ਦਿਨ
ਧਰਮ ਪ੍ਰਚਾਰ ਦੀ ਖਾਤਰ ਘਰ-ਘਰ ਜਾ ਕੇ ਲੋਕਾਂ ਨੂੰ ਪਵਿਤਰ ਬਾਈਬਲ ਪੜਾਉਂਦੇ ਅਤੇ
ਸਿਖਾਉਂਦੇ ਹਨ। ਜੇ ਕਿਤੇ ਸਾਡੀ ਕੌਮ ਵਿੱਚ ਵੀ ਈਸਾਈਆਂ ਵਾਲਾ ਜ਼ਜ਼ਬਾ ਪੈਦਾ ਹੋ ਜਾਵੇ
ਤਾਂ ਹਰੇਕ ਸਿੱਖ ਹੀ ਪ੍ਰਚਾਰਕ ਹੋਵੇਗਾ ਅਤੇ ਸਿੱਖੀ ਦਾ ਪ੍ਰਚਾਰ ਅਤੇ ਪਾਸਾਰ ਵੱਧ
ਜਾਵੇਗਾ। ਇਸ ਲਈ ਦਾਸ ਦੀ ਪੰਥ ਦਰਦੀ ਸਿੱਖ ਸੰਸਥਾਵਾਂ ਅਤੇ ਮਿਸ਼ਨਰੀ ਕਾਲਜਾਂ ਨੂੰ
ਪੁਰਜੋਰ ਅਪੀਲ ਹੈ ਕਿ ਪੁਜਾਰੀਨੁਮਾਂ ਪ੍ਰਚਾਰਕ ਪੈਦਾ ਕਰਨੇ ਬੰਦ ਕਰਕੇ, ਉੱਚੇ ਸੁੱਚੇ
ਜੀਵਨ ਵਾਲੇ ਕਿਰਤੀ ਪ੍ਰਚਾਰਕ ਪੈਦਾ ਕਰੋ ਜੋ ਆਪਣੀ ਕਿਰਤ-ਵਿਰਤ ਕਰਦੇ ਗੁਰਮਤਿ ਦਾ
ਡੱਟ ਕੇ ਪ੍ਰਚਾਰ ਅਤੇ ਪਾਸਾਰ ਕਰਨ ਨਾਂ ਕਿ ਮਾਇਆ ਖਾਤਰ ਡੇਰੇਦਾਰ ਜਾਂ ਮਨਮੱਤੀ
ਹੰਕਾਰੀ ਪ੍ਰਬੰਧਕਾਂ ਦੇ ਵੱਸ ਪਏ ਹੋਏ, ਮਦਾਰੀ ਵਾਂਗ ਉਨ੍ਹਾਂ ਦੀ ਹੀ ਡੁਗ-ਡੁਗੀ
ਵਜਾਈ ਜਾਣ।
ਆਪ ਸਭ ਨੂੰ ਭਲੀ ਭਾਂਤ ਪਤਾ ਹੈ ਕਿ ਧਰਮ ਪ੍ਰਚਾਰ ਖੇਤਰ ਵਿੱਚ ਰੱਜੇ ਪੁੱਜੇ
ਸਰਮਾਏ ਦਾਰ ਜਾਂ ਸਹਿੰਦੇ ਸਿੱਖ ਨਹੀਂ ਆ ਰਹੇ ਸਗੋਂ ਆਰਥਕ ਪੱਖੋਂ ਗਰੀਬ ਅਤੇ ਪਛੜੀਆਂ
ਸ਼੍ਰੇਣੀਆਂ ਚੋਂ ਹੀ ਬਹੁਤੇ ਆ ਰਹੇ ਹਨ। ਜਰਾ ਸੋਚੋ! ਜਿਨਾਂ ਚਿਰ ਉਨ੍ਹਾਂ ਦੀ ਆਰਥਕ
ਹਾਲਤ ਠੀਕ ਨਹੀਂ ਹੁੰਦੀ, ਉਹ ਕਿਵੇਂ ਧੜੱਲੇ ਨਾਲ ਪ੍ਰਚਾਰ ਕਰ ਸਕਦੇ ਹਨ? ਤੰਗੀ
ਤੁਰਸ਼ੀ ਦਾ ਮਾਰਿਆ ਪ੍ਰਚਾਰਕ ਕੀ ਪ੍ਰਚਾਰ ਕਰ ਸਕਦਾ ਹੈ? ਅੱਜੋਕੇ ਬਹੁਤੇ ਗੁਰਦੁਆਰੇ
ਵੀ ਚੌਧਰ, ਜਾਤੀਵਾਦ ਅਤੇ ਮਾਇਆ ਦੇ ਕਮਰਸ਼ੀਅਲ ਅੱਡੇ ਬਣ ਚੁੱਕੇ ਹਨ। ਜਿੱਥੇ
ਪਾਠ-ਪੂਜਾ, ਕਥਾ-ਕੀਰਤਨ, ਕਵਿਤਾਵਾਂ, ਢਾਡੀਵਾਰਾਂ ਅਤੇ ਲੰਗਰ ਵੀ ਜੋਰ ਸ਼ੋਰ ਨਾਲ ਵਿਕ
ਰਹੇ ਹਨ। ਜਨਮ ਤੋਂ ਲੈ ਕੇ ਮਰਨ ਤੱਕ ਧਰਮ-ਕਰਮ ਦੀ ਹਰੇਕ ਰਸਮ ਵਿਕ ਰਹੀ ਹੈ, ਮਾਨੋਂ
ਕਹੇ ਜਾਂਦੇ ਰੱਬ ਦੇ ਘਰ ਵੀ, ਸਭ ਕੁਝ ਸੇਲ ਤੇ ਲੱਗਾ ਹੋਇਆ ਹੈ।
ਸਿੱਖਾਂ ਦੀਆਂ ਦੋ ਪ੍ਰਮੁੱਖ ਵੱਡੀਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ
ਕਮੇਟੀ ਵੀ ਸੌੜੀ ਸਿਅਸਤ ਅਤੇ ਧੜੇਬੰਦੀ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ
ਸਿੱਧੇ ਅਤੇ ਅਸਿਧੇ ਤੌਰਤੇ ਡੇਰੇਦਾਰ ਅਤੇ (ਆਰ.ਐੱਸ.ਐੱਸ) ਦੇ ਲੋਕ ਘੁਸੜ ਚੁੱਕੇ ਹਨ
ਅਤੇ ਤਖਤਾਂ ਦੇ ਜਥੇਦਾਰ ਵੀ ਸਿਆਸਤਦਾਨਾਂ ਅਤੇ ਡੇਰਦਾਰਾਂ ਦੇ ਹੱਥ ਠੋਕੇ ਬਣ ਚੁੱਕੇ
ਹਨ। ਐਸੇ ਹਾਲਾਤਾਂ ਵਿੱਚ ਜੇ ਕੁਝ ਆਸ ਹੈ ਤਾਂ ਨਿਸ਼ਕਾਮ ਮਿਸ਼ਨਰੀਆਂ ਤੇ ਹੈ ਜੋ ਭਾਈ
ਪੰਥਪ੍ਰੀਤ ਸਿੰਘ ਵਰਗੇ ਕਿਰਤੀ ਸਿੱਖ ਹਨ ਅਤੇ ਗੁਰਮਤਿ ਦਾ ਪ੍ਰਚਾਰ ਨਿਸ਼ਕਾਮ,
ਨਿਰਪੱਖ, ਨਿਰਭੈ ਹੋ ਕੇ ਕਰ ਰਹੇ ਹਨ। ਇਸ ਲਈ ਦਾਸ ਦੀ ਸਿੱਖ ਸੰਸਥਾਵਾਂ, ਖਾਸ ਕਰ
ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨੂੰ ਅਰਜੋਈ ਹੈ ਕਿ ਛੋਟੇ-ਮੋਟੇ ਮਤਭੇਦ ਭੁਲਾ ਕੇ,
ਰਲ ਮਿਲ ਕੇ ਆਪਸੀ ਤਾਲਮੇਲ ਰੱਖਦੇ ਹੋਏ, ਕਿਰਤੀ ਪ੍ਰਚਾਰਕ ਪੈਦਾ ਕਰੋ ਨਾਂ ਕਿ
ਰੁਜਗਾਰ ਖਾਤਰ ਜਣੇ ਖਣੇ ਅੱਗੇ ਹੱਥ ਜੋੜਨ ਅਤੇ ਜੀਅ ਹਜ਼ੂਰੀਆਂ ਕਰਨ ਵਾਲੇ ਪੁਜਾਰੀ।
ਆਸ ਕਰਦਾ ਹਾਂ ਕਿ ਦਾਸ ਦਾ ਇਹ ਲੇਖ ਪੜ੍ਹ ਕੇ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੀ
ਕੋਈ ਨਾਂ ਕੋਈ ਪੰਥ ਦਰਦੀ ਸਿੱਖ ਸੰਸਥਾ ਜਰੂਰ ਇੱਧਰ ਧਿਆਨ ਦੇ ਕੇ, ਆਪਣੇ ਪੈਰਾਂ ਤੇ
ਆਪ ਖੜੇ ਹੋਣ ਵਾਲੇ ਕਿਰਤੀ ਪ੍ਰਚਾਰਕ ਪੈਦਾ ਕਰੇਗੀ ਜੋ ਆਪੋ ਆਪਣੀ ਕਿਰਤ ਕਰਦੇ, ਵੰਡ
ਛਕਦੇ ਅਤੇ ਨਾਮ ਜਪਦੇ ਹੋਏ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਅਤੇ ਪਾਸਾਰ ਖੁੱਲ੍ਹੇ ਮਨ
ਤੇ ਬੇਬਾਕੀ ਨਾਲ ਕਰ ਸਕਣਗੇ ਅਤੇ ਜਿਨ੍ਹਾਂ ਦੇ ਜੀਵਨ ਵਿੱਚੋਂ ਸਿੱਖੀ ਦੀ ਖੁਸ਼ਬੋ
ਆਵੇਗੀ, ਜੋ ਦੂਰ ਦੂਰ ਤੱਕ ਫੈਲ ਜਾਵੇਗੀ। ਅਜਿਹੇ ਪ੍ਰਚਾਰਕ ਹੀ ਗੁਰਮਤਿ ਦਾ ਪ੍ਰਚਾਰ
ਅਤੇ ਪਾਸਾਰ ਵਧੀਆ ਢੰਗ ਨਾਲ ਸੰਸਾਰ ਵਿੱਚ ਕਰ ਸਕਦੇ ਹਨ। ਸੋ ਉਪ੍ਰੋਕਤ ਵਿਚਾਰਾਂ ਅਤੇ
ਸੁਝਾਵਾਂ ਨੂੰ ਮੁੱਖ ਰੱਖ ਕੇ ਸਮਝਿਆ ਜਾ ਸਕਦਾ ਹੈ ਕਿ ਅਜੋਕੇ ਪ੍ਰਚਾਰਕ ਗੁਰਮਤਿ
ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਕਾਮਯਾਬ ਕਿਉਂ ਨਹੀਂ ਹੋ ਰਹੇ? ਇਨ੍ਹਾਂ ਪ੍ਰਮੁੱਖ
ਕਾਰਨਾਂ ਬਾਰੇ ਹੀ ਇਸ ਲੇਖ ਵਿੱਚ ਡੂੰਘੀ ਵਿਚਾਰ ਕੀਤੀ ਗਈ ਹੈ ਜਿਨ੍ਹਾਂ ਤੇ ਅਮਲ
ਕਰਨਾਂ ਸਾਡਾ ਸਭ ਦਾ ਫਰਜ਼ ਬਣਦਾ ਹੈ, ਤਾਂ ਹੀ ਗੁਰਮਤਿ ਦਾ ਪ੍ਰਚਾਰ ਅਤੇ ਪਾਸਾਰ
ਚੜ੍ਹਦੀਆਂ ਕਲਾਂ ਵਿੱਚ ਵਧ-ਫੁਲ ਸਕਦਾ ਹੈ। ਨੋਟ-ਕੋਈ ਵੀ ਪ੍ਰਚਾਰਕ ਜੋ ਤਨੋਂ ਮਨੋਂ
ਗੁਰੂ ਗ੍ਰੰਥ ਅਤੇ ਪੰਥ ਨੂੰ ਸਮ੍ਰਪਤਿ ਹੋ ਕੇ, ਗੁਰਮਤਿ ਦਾ ਪ੍ਰਚਾਰ ਕਰ ਰਿਹਾ ਹੈ,
ਉਸ ਨੂੰ ਇਹ ਲੇਖ ਪੜ੍ਹ ਕੇ ਗੁੱਸਾ ਨਹੀਂ ਕਰਨਾ ਚਾਹੀਦਾ ਸਗੋਂ ਅਸਲੀਅਤ (ਜਥਾਰਥ) ਨੂੰ
ਮੁੱਖ ਰੱਖ ਕੇ, ਪ੍ਰਚਾਰ ਖੇਤਰ ਵਿੱਚ ਹੋਰ ਯੋਗ ਉੱਦਮ ਉਪਰਾਲੇ ਕਰਨੇ ਚਾਹੀਦੇ ਹਨ।
ਸਿੱਖ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਵੀ ਅਜਿਹੇ
ਪ੍ਰਚਾਰਕਾਂ ਦਾ ਬਣਦਾ ਮਾਣ ਤਾਣ ਕਰਨਾ ਅਤੇ ਲੋੜਵੰਦ ਪ੍ਰਚਾਰਕਾਂ ਦੀ ਆਰਥਕ ਮਦਦ ਵੀ
ਕਰਨੀ ਚਾਹੀਦੀ ਹੈ ਤਾਂ ਕਿ ਉਹ ਹੋਰ ਦ੍ਰਿੜਤਾ ਅਤੇ ਗੌਰਵਤਾ ਨਾਲ, ਨਿਧੱੜਕ ਅਤੇ
ਬੇ-ਫਿਕਰ ਹੋ ਕੇ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਸੱਕਣ।
ਅਵਤਾਰ ਸਿੰਘ ਮਿਸ਼ਨਰੀ (5104325827)
singhstudent@gmail.com
|