ਸਾਡੇ ਲੋਕਾਂ ਵਿੱਚ ਇਕ ਕਮੀ ਹੈ ਕਿ ਅਸੀਂ ਨਾ ਤਾਂ ਕਿਸੇ ਦੀ ਪੂਰੀ ਗਲ ਸੁਣਦੇ
ਹਾਂ ਅਤੇ ਨਾ ਅਗਲੇ ਦੀ ਭਾਵਨਾ ਸਮਝਦੇ ਹਾਂ ਬਸ ਕਹੇ ਗਏ ਸ਼ਬਦ ਦੇ ਅੱਖਰੀ ਅਰਥ ਕਰ ਖੁਦ
ਨੂੰ ਸਮਝ ਆ ਰਹੇ ਅਰਥਾਂ ਅਨੁਸਾਰ ਝੱਟ ਜੱਜ ਹੋਣ ਦਾ ਪ੍ਰਗਟਾਵਾ ਕਰ ਦਿੰਦੇ ਹਾਂ ।
ਹੁਣ ਏਸ ਲੇਖ ਦੇ ਸਿਰਲੇਖ ਨੂੰ ਹੀ ਦੇਖ ਲਓ । ਕਈਆਂ ਦੇ ਮਨ ਵਿੱਚ ਖਿਆਲ ਆ ਵੀ ਗਏ
ਹੋਣਗੇ ਕਿ ਕੀ ਲਿਖਣ ਵਾਲੇ ਨੂੰ ਗੁਰਬਾਣੀ ਦੇ ਅੱਖਰ ਅੱਖਰ ਸੱਚ ਹੋਣ ਤੇ ਕੋਈ ਸ਼ੱਕ ਹੈ
? ਜਦ ਕਿ ਸਵਾਲ ਤਾਂ ਇਹ ਹੈ ਕਿ ਗੁਰਬਾਣੀ ਦੇ ਅੱਖਰ ਅੱਖਰ ਸੱਚ ਹੋਣ ਦਾ ਭਾਵ ਕੋਈ
ਕਿਵੇਂ ਲੈਂਦਾ ਹੈ ।
ਜਿਸ ਤਰਾਂ ਰੱਬ ਦੀ ਹੋਂਦ ਦੇ ਸਵਾਲ ਤੇ ਪ੍ਰਸ਼ਨ ਕਰਤਾ ਦੀ ਭਾਵਨਾ ਸਮਝਣ ਦੀ ਲੋੜ
ਹੈ ਕਿ ਉਹ ਅਨਮਤਾਂ ਵਾਲੇ, ਅਸਮਾਨ ਵਿੱਚ ਸਵਰਗਾਂ/ਨਰਕਾਂ/ਜਮਦੂਤਾਂ ਦੇ ਵਿਭਾਗ
ਅਨੁਸਾਰ ਉੱਪਰ ਬੈਠਕੇ ਕੰਟਰੋਲ ਕਰਨ ਵਾਲੇ ਕਿਸੇ ਅਖੌਤੀ ਰੱਬ ਦੀ ਗੱਲ
ਕਰਦਾ ਹੈ ਜਾਂ ਗੁਰਬਾਣੀ ਵਾਲੇ, ਕਾਲ ਰਹਿਤ/ਨਿਰੰਤਰ ਇਕ ਸਾਰ ਵਹਿ
ਰਹੇ/ਸੈਭੰ/ਅਜੂੰਨੀ/ਕਿਰਤ ਵਿੱਚ ਸਮਾਏ ਰੱਬ ਦੀ । ਕਿਓਂਕਿ ਇਕ ਸੋਚ ਵਾਲੇ ਰੱਬ ਦਾ
ਆਸਤਕ ਦੂਜੀ ਸੋਚ ਲਈ ਨਾਸਤਕ ਬਣ ਜਾਂਦਾ ਹੈ ।
ਗੁਰਬਾਣੀ ਵਿੱਚ ਮਨੁੱਖ ਨੂੰ ਸਰਬ ਖੇਤਰੀ ਸੇਧ ਦੇਕੇ, ਗੁਰ ਸਿਖਿਆਵਾਂ ਨੂੰ ਜੀਵਨ
ਵਿੱਚ ਅਪਣਾਕੇ, ਜਿੰਦਗੀ ਨੂੰ ਸਫਲ ਕਰਨ/ਵਰਤਣ ਲਈ ਆਖਿਆ ਗਿਆ ਹੈ । ਇਹ ਸਿਖਿਆਵਾਂ
ਅੱਵਲ ਦਰਜੇ ਦੀ ਸ਼ਾਇਰੀ/ਕਾਵਿ/ਰਾਗਾਂ ਵਿੱਚ ਦਰਜ ਹਨ । ਕਵਿਤਾ ਵਿੱਚ ਸਿਖਿਆ ਦੇਣ ਦੇ
ਵੀ ਵੱਖ ਵੱਖ ਤਰੀਕੇ ਹਨ । ਕਈ ਵਾਰ ਸਿਧਿਆਂ ਹੀ ਅਤੇ ਕਈ ਵਾਰ ਪ੍ਰਚਲਤ ਪ੍ਰਸੰਗਾਂ ਦੀ
ਵਰਤੋਂ ਕਰਕੇ । ਗੁਰਬਾਣੀ ਵਿੱਚ ਗੁਰ ਸਿਧਾਂਤ ਨੂੰ ਸਮਝਾਉਣ ਲਈ ਕਈ ਵਾਰ ਮੁਹਾਵਰੇ
ਅਤੇ ਪਰਚਲਤ ਧਾਰਨਾਵਾਂ ਵਰਤੀਆਂ ਗਈਆਂ ਹਨ । ਅਜਿਹੇ ਮੁਹਾਵਰੇ ਜਾਂ ਸਮਾਜ ਵਿੱਚ
ਪਰਚੱਲਤ ਹੋ ਚੁੱਕੀਆਂ ਧਾਰਨਾਵਾਂ ਗੁਰਬਾਣੀ ਦਾ ਸਿਧਾਂਤ ਨਹੀਂ ਹਨ ਸਗੋਂ ਕੇਵਲ
ਸਮਝਾਉਣ ਲਈ ਮਿਸਾਲਾਂ ਵਜੋਂ ਹੀ ਹਨ । ਕਈ ਵਾਰ ਕਿਸੇ ਸ਼ਬਦ ਦੇ ਅਰਥ ਕਰਦੇ ਸਮੇ, ਪੂਰੇ
ਸ਼ਬਦ ਦੇ ਅਗਲੇ ਪਿਛਲੇ ਸ਼ਬਦਾਂ ਦੇ ਅਰਥ ਜਾਣੇ ਬਿਨਾ ਅਰਥਾਤ ਸਮੁੱਚੇ ਪ੍ਰਸੰਗ ਨੂੰ
ਜਾਣੇ ਬਿਨਾ, ਅਰਥਾਂ ਦੇ ਅਨਰਥ ਹੋ ਜਾਂਣੇ ਸੁਭਾਵਿਕ ਹੁੰਦੇ ਹਨ ।
ਅਸੀਂ ਸਭ ਜਾਣਦੇ ਹਾਂ ਕਿ ਗੁਰਬਾਣੀ ਕਵਿਤਾ ਵਿੱਚ ਲਿਖੀ ਗਈ ਹੈ ।
ਕਵਿਤਾ ਦਾ ਸੰਦੇਸ਼ ਜਾਨਣ ਲਈ ਕਵਿਤਾ ਦੀ ਜਾਣਕਾਰੀ ਵੀ ਚਾਹੀਦੀ ਹੈ । ਬਹੁਤ ਸਾਰੀ
ਕਵਿਤਾ ਤਾਂ ਹਰ ਇਕ ਦੀ ਸਿੱਧਿਆਂ ਹੀ ਸਮਝ ਪੈ ਜਾਂਦੀ ਹੈ ਪਰ ਕਦੇ ਅਜਿਹਾ ਵੀ ਹੁੰਦਾ
ਹੈ ਕਿ ਪੜ੍ਹਨ ਵਾਲਾ, ਲਿਖਣ ਵਾਲੇ ਦੀ ਲਿਖਤ ਨਾਲ ਇਨਸਾਫ ਨਹੀਂ ਕਰ ਪਾਉਂਦਾ ਅਤੇ
ਸਗੋਂ ਖੁਦ ਨੂੰ ਸਮਝ ਆ ਰਹੇ ਅਰਥ ਹੀ ਸਮਝਦਾ ਹੈ । ਏਸ ਲਈ ਗੁਰਬਾਣੀ ਕਾਵਿ ਤਾਂ ਹੋਰ
ਵੀ ਜਿਆਦਾ ਧਿਆਨ ਮੰਗਦਾ ਹੈ । ਸਾਡੇ ਕੀਤੇ ਗੁਰਬਾਣੀ ਦੇ ਅਰਥ ਕਈ ਵਾਰ ਇਕ ਦੂਜੇ ਨਾਲ
ਮੇਲ਼ ਨਹੀਂ ਖਾਦੇ ਅਜਿਹੇ ਸਮੇ ਵਿਚਾਰਨ ਵਾਲੀ ਗੱਲ ਕੇਵਲ ਇਹ ਹੈ ਕਿ ਕਿਸੇ ਵੀ ਰੂਪ
ਵਿੱਚ ਅਰਥ ਗੁਰਬਾਣੀ ਦੇ ਮੂਲ ਉਪਦੇਸ਼ ਦੇ ਉਲਟ ਨਹੀਂ ਹੋਣੇ ਚਾਹੀਦੇ ਅਤੇ ਨਾ ਹੀ
ਬਿਪਰੀ/ਪੁਰਾਣਿਕ/ਵੈਦਿਕ ਹੋਣੇ ਚਾਹੀਦੇ ਹਨ ਕਿਓਂਕਿ ਬਾਣੀਕਾਰ ਅਜਿਹੀ ਪ੍ਰਣਾਲੀ ਦੇ
ਸਦਾ ਵਿਰੁੱਧ ਰਹੇ ਹਨ ।
ਗੁਰਬਾਣੀ ਕੋਈ ਕਰਮਕਾਂਡ ਕਰਨ ਵਾਲਾ ਮੰਤਰ ਨਹੀਂ ਸਗੋਂ ਇਕ ਜੀਵਨ ਜਾਚ ਹੈ । ਇਸ
ਵਿੱਚ ਜੀਵਨ ਦੇ ਹਰ ਪਹਿਲੂ ਦੀਆਂ ਸਿਖਿਆਵਾਂ ਹਨ ਜਿਨਾ ਤੇ ਚੱਲ ਕੇ ਅਸੀਂ ਆਪਣਾ ਜੀਵਨ
ਸਫਲ ਕਰ ਸਕਦੇ ਹਾਂ । ਕਈ ਵਾਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਵਲ ਇਸ਼ਾਰਾ ਕਰਕੇ ਆਖਦੇ
ਹਾਂ ਕਿ ਗੁਰਬਾਣੀ ਇਸ ਵਿਸ਼ੇ ਤੇ ਸੇਧ ਕਿਓਂ ਨਹੀਂ ਦਿੰਦੀ । ਜਦ ਕਿ ਸਮਝਣ ਵਾਲੀ ਗੱਲ
ਇਹ ਹੀ ਹੁੰਦੀ ਹੈ ਕਿ ਗੁਰਬਾਣੀ ਸੇਧ ਤਾਂ ਦਿੰਦੀ ਹੈ ਪਰ ਕਿਸੇ ਵੱਡੇ ਅੰਦਾਜ ਨਾਲ
ਸਿਧਾਂਤ ਰੂਪ ਵਿੱਚ । ਸਿਧਾਂਤ ਸਮਝ ਅਸੀਂ ਹਰ ਗੱਲ ਦਾ ਨਿਰਣਾ ਖੁਦ ਕਰਨਾ ਹੁੰਦਾ ਹੈ
। ਉਦਾਹਰਣ ਵਜੋਂ ਅਗਰ ਕੋਈ ਕਹੇ ਕਿ ਗੁਰਬਾਣੀ ਖਾਣ-ਪਕਾਉਣ ਦੀ ਹਰ ਵਸਤੂ ਵਾਰੇ ਜਾਂ
ਵੱਖ ਵੱਖ ਤਰਾਂ ਦੇ ਹਰ ਨਸ਼ੇ ਵਾਰੇ ਕਿਓਂ ਨਹੀਂ ਕੁਝ ਕਹਿੰਦੀ । ਜਦ ਕਿ ਗੁਰਬਾਣੀ
ਵਿੱਚ ਸਪੱਸ਼ਟ ਹੈ ਕਿ,
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥.
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ।। (ਪੰਨਾ ੧੬)
ਜਿਤੁ ਪੀਤੈ ਮਤ ਦੂਰ ਹੋਇ ਬਰਲ ਪਵੈ ਵਿਚਿ ਆਇ ।।
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ।।(ਪੰਨਾ ੫੫੪)
ਅਸੀਂ ਜਾਣਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ ਵੱਖ ਗੁਰੂਆਂ, ਭਗਤਾਂ, ਭੱਟਾਂ
ਤੇ ਗੁਰਸਿੱਖਾਂ ਦੀ ਬਾਣੀ ਹੈ ਜੋ ਵੱਖ ਵੱਖ ਜਗਹ ਅਤੇ ਵੱਖ ਵੱਖ ਸਮੇ ਤੇ ਵਿਚਰੇ ਹਨ ।
ਸਮੇ, ਹਾਲਾਤਾਂ ਅਤੇ ਜਗਹ ਅਨੁਸਾਰ ਉਹਨਾ ਦੀ ਬੋਲੀ, ਲਹਿਜਾ ਅਤੇ ਲਿਖਣਸ਼ੈਲੀ ਬਦਲਦੀ
ਰਹੀ ਪਰ ਸਿਧਾਂਤ ਇਕ ਹੀ ਰਿਹਾ । ਹਾਲਾਤਾਂ ਅਨੁਸਾਰ ਕੁਝ ਗੁਰੂਆਂ ਨੇ ਬਾਣੀ ਲਿਖੀ
ਅਤੇ ਕੁਝ ਗੁਰੂ ਪਹਿਲਾਂ ਲਿਖੀ ਬਾਣੀ ਦਾ ਪਰਚਾਰ ਕਰਦੇ ਰਹੇ । ਧਰਮ ਦੇ ਪਰਚਾਰ ਲਈ ਉਸ
ਸਮੇ ਲੋਕਾਂ ਵਿੱਚ ਅਨੇਕਾਂ ਇਤਿਹਾਸਿਕ/ਮਿਥਿਹਾਸਿਕ ਕਹਾਣੀਆਂ ਪਰਚਲਤ ਸਨ । ਜਿਸ
ਇਲਾਕੇ ਵਿੱਚ ਜਿਹੜੀ ਕਥਾ ਪਰਚਲਤ ਹੁੰਦੀ ਸੀ ਬਾਣੀਕਾਰਾਂ ਨੇ ਓਸੇ ਨੂੰ ਮਿਸਾਲ ਬਣਾ,
ਓੱਥੋਂ ਦੇ ਹੀ ਹਵਾਲੇ ਲੈਕੇ ਸੱਚ ਦੀ ਗਲ ਸਮਝਾਈ । ਕਿਓਂਕਿ ਨਵੀਆਂ ਉਦਾਹਰਣਾਂ ਦੀ
ਜਗਹ ਸਥਾਨਕ ਪ੍ਰਚਲਤ ਹਵਾਲਿਆਂ ਰਾਹੀਂ ਗੱਲ ਕਰਨੀ/ਸਮਝਾਉਣੀ ਆਸਾਨ ਹੁੰਦੀ ਹੈ ।
ਗੁਰਬਾਣੀ ਵਿੱਚ ਬਹੁਤ ਸਾਰੇ ਇਤਿਹਾਸਿਕ/ਮਿਥਿਹਾਸਿਕ ਹਵਾਲਿਆਂ ਦਾ ਜਿਕਰ ਕੇਵਲ ਏਸੇ
ਕਾਰਣ ਹੈ । ੳਦਾਹਰਣ ਵਜੋਂ,
ਲੰਕਾ ਗਢੁ ਸੋਨੇ ਕਾ ਭਇਆ ।।
ਮੂਰਖ ਰਾਵਨੁ ਕਿਆ ਲੇ ਗਇਆ ।।੩।।
ਕਹਿ ਕਬੀਰ ਕਿਛੁ ਗੁਨੁ ਬੀਚਾਰਿ ।।
ਚਲੇ ਜੁਆਰੀ ਦੁਇ ਹਥ ਝਾਰਿ ।।੪।।੨।।(ਪੰਨਾਂ ੧੧੫੭)
ਵਿਚਾਰਨ ਵਾਲੀ ਗੱਲ ਹੈ ਕਿ ਏਥੇ ਕਿਸੇ ਸੋਨੇ ਦੀ ਲੰਕਾ (ਇੱਕ ਦੇਸ਼) ਜਾਂ ਸੋਨੇ ਦੇ
ਕਿਲੇ ਦੀ ਪੁਸ਼ਟੀ ਨਹੀਂ ਕਰੀ ਜਾ ਰਹੀ ਸਗੋਂ ਪਰਚਲਤ ਹੋਈ ਕਹਾਣੀ ਦਾ ਹਵਾਲਾ ਦੇਕੇ ਭਗਤ
ਜੀ ਸਮਝਾਉਂਦੇ ਹਨ ਕਿ ਦੁਨੀਆਂ ਦੇ ਲੋਕੋ ਤੁਹਾਡੀਆਂ ਕਹਾਣੀਆਂ ਅਨੁਸਾਰ ਸੋਨੇ ਦੀ
ਲੰਕਾ ਜਾਂ ਸੋਨੇ ਦੇ ਕਿਲੇ ਵਾਲਾ ਰਾਵਣ ਵੀ ਹੱਥ ਝਾੜ ਕੇ ਚਲਾ ਗਿਆ । ਸੋ ਲੋਕਾਂ ਨੂੰ
ਉਹਨਾ ਵਿੱਚ ਪਰਚਲਤ ਸਾਖੀ ਦੀ ਹੀ ਉਦਾਹਰਣ ਨਾਲ ਚੰਗੇ ਗੁਣ ਵਿਚਾਰ ਕੇ ਧਾਰਨ ਦੀ ਗਲ
ਸਮਝਾਈ ਹੈ ਨਾ ਕਿ ਰਾਵਣ ਜਾਂ ਉਸ ਦੇ ਸੋਨੇ ਦੇ ਕਿਲੇ ਦੀ ਪੁਸ਼ਟੀ ਕਰਕੇ ਉਸ ਤੇ ਮੋਹਰ
ਲਗਾਈ ਹੈ । ਹੁਣ ਜੇਕਰ ਕੋਈ ਇਹ ਆਖੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲ਼ੰਕਾ ਵਿਚਲੇ
ਸੋਨੇ ਦੇ ਕਿਲੇ ਦਾ ਜਿਕਰ ਹੈ ਅਤੇ ਗੁਰਬਾਣੀ ਅੱਖਰ ਅੱਖਰ ਸੱਚ ਹੈ ਤਾਂ ਵਿਚਾਰ ਤਾਂ
ਕਰਨੀ ਹੀ ਪਵੇਗੀ ।
ਇਸੇ ਤਰਾਂ ਇਤਿਹਾਸਿਕ/ਮਿਥਿਹਾਸਿਕ ਪਾਤਰਾਂ, ਰਾਜਿਆਂ ਜਾਂ ਅਵਤਾਰਾਂ ਦੇ ਨਾਵਾਂ
ਅਤੇ ਕੁਝ ਪ੍ਰਚਲਤ ਘਟਨਾਵਾਂ ਦਾ ਜਿਕਰ ਉਹਨਾ ਦੀ ਹੋਂਦ ਸਬੰਧਤ ਪਰਚਾਰੀ ਗਈ ਘਟਨਾ ਤੇ
ਮੋਹਰ ਵਜੋਂ ਨਹੀਂ ਸਗੋਂ ਸਮਝਾਉਣ ਲਈ ਵਰਤੀਆਂ ਗਈਆਂ ਮਿਸਾਲਾਂ/ਹਵਾਲਿਆਂ ਵਜੋਂ ਹੈ ।
ਗਨਕਾ, ਪ੍ਰਹਿਲਾਦ, ਧਰੂ, ਹਰਣਾਖਸ, ਅਜਾਮਲ, ਬਾਲਮੀਕ, ਸੁਦਾਮਾ, ਬਿਦਰ, ਰਾਜਾ ਜਨਕ,
ਗੋਰਖ ਨਾਥ, ਭੰਗਰਨਾਥ, ਭਰਥਰ ਜੋਗੀ, ਮਸੰਦਰ, ਕੰਸ, ਇੰਦਰ, ਅਹੱਲਿਆ ਆਦਿ ਅਨੇਕਾਂ ਦਾ
ਜਿਕਰ ਵੀ ਇੰਝ ਹੀ ਹੈ । ਜਦੋਂ ਗੁਰਬਾਣੀ ਦਾ ਰੱਬ ਅਕਾਲ ਹੈ ਤਾਂ ਪਰਚੱਲਤ ਹੋਏ
ਕ੍ਰਿਸ਼ਨ, ਰਾਮਚੰਦਰ, ਸ਼ਿਵ, ਪਾਰਬਤੀ ਅਤੇ ਅਨੇਕਾਂ ਹੋਰਾਂ ਦਾ ਜਿਕਰ ਮਨੁੱਖਾਂ ਵਾਂਗ
ਹੀ ਹੈ ।
ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਵਿੱਚ ਅਸਲ ਉਪਦੇਸ਼ ਅਕਸਰ ਰਹਾਓ ਵਾਲੀ ਪੰਗਤੀ
ਵਿੱਚ ਜਾਂ ਅਖੀਰ ਵਿੱਚ ਹੁੰਦਾ ਹੈ ਜਦ ਕਿ ਬਾਕੀ ਸੱਤਰਾਂ ਉਸ ਰਹਾਓ ਵਾਲੇ ਗੁਰ
ਸਿਧਾਂਤ ਤੇ ਪਹੁੰਚਣ ਲਈ ਪਰਚੱਲਤ ਮਾਨਤਾਵਾਂ ਵਜੋਂ ਵੀ ਹੋ ਸਕਦੀਆਂ ਹਨ ।
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ।।
ਸਰਪ ਜੋਨਿ ਵਲਿ ਵਲਿ ਅਉਤਰੈ ॥੧॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥,
ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥,
ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫।। (ਪੰਨਾ ੫੨੬)
ਪਹਿਲੀ ਗਲ ਅਜਿਹੇ ਮਰਨ ਉਪਰੰਤ ਆਵਾਗਵਣ ਦਾ ਸਿਧਾਂਤ ਗੁਰਮਤਿ ਅਨੁਸਾਰੀ ਨਹੀਂ ਹੈ
। ਗੁਰਮਤਿ ਮਰਨ ਉਪਰੰਤ ਨਹੀਂ ਸਗੋਂ ਜਿਓਂਦੇ ਜੀ ਆਵਗਵਣ ਵਿੱਚ ਫਸੇ ਮਨੁੱਖ ਨੂੰ
ਸੁਚੇਤ ਕਰਦੀ ਹੈ । ਸੋ ਇਹ ਅੰਤ ਕਾਲ ਵਾਲੀਆਂ ਸਤਰਾਂ ਉਸ ਵੇਲੇ ਦੀਆਂ ਪਰਚਲਤ
ਧਾਰਨਾਵਾਂ ਹਨ ਪਰ ਭਗਤ ਤ੍ਰਿਲੋਚਨ ਜੀ ਪਰਚਲਤ ਹੋਈਆਂ ਉਦਾਹਰਣਾਂ ਦਾ ਜਿਕਰ ਕਰ ਰਹਾਉ
ਵਾਲੀ ਪੰਗਤੀ ਵਿੱਚ ਹਰ ਸਮੇ ਹੀ ਰੱਬ ਨੂੰ ਨਾ ਵਿਸਾਰਨ ਦੀ ਤਾਕੀਦ ਕਰਦੇ ਹਨ । ਪਰ
ਏਥੇ ਅੱਖਰ ਅੱਖਰ ਸੱਚ ਕਹਿਣ ਵਾਲੇ ਬਿਪਰੀ ਆਵਾਗਵਣ ਨੂੰ ਹੀ ਸੱਚ ਜਾਣ ਬਹਿੰਦੇ ਹਨ ।
ਇਸੇ ਕਾਰਣ ਮਰਨ ਉਪਰੰਤ ਆਵਾਗਵਣ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਖ ਬਿਪਰੀ
ਪਰਚਾਰ ਕਰੀ ਜਾਂਦੇ ਹਨ ।
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ।।
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ (ਪੰਨਾਂ ੭)
ਇਥੇ ਵੀ ਮਿਥਿਹਾਸਿਕ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਦੀ ਗੱਲ ਹੈ । ਬਿਪਰ ਅਨੁਸਾਰ
ਬ੍ਰਹਮਾ ਸੰਸਾਰ ਨੂੰ ਪੈਦਾ ਕਰਦਾ, ਵਿਸ਼ਨੂੰ ਪਾਲਣਾ ਕਰਦਾ ਅਤੇ ਮਹੇਸ਼ (ਸ਼ਿਵ) ਸੰਘਾਰ
ਕਰਨ ਵਾਲਾ ਹੈ । ਅੱਖਰ ਅੱਖਰ ਸੱਚ ਕਹਿਣ ਵਾਲੇ ਪਰਚਲਤ ਬਿਪਰੀ ਮਨੌਤਾਂ ਨੂੰ ਵੀ
ਗੁਰਬਾਣੀ ਦਾ ਸੱਚ ਮੰਨ ਬੈਠਦੇ ਹਨ ।।
ਭਗਤ ਨਾਮਦੇਵ ਜੀ ਟੋਡੀ ਰਾਗ ਵਿੱਚ ਲਿਖਦੇ ਹਨ,
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥
ਜਲ ਕੀ ਮਾਛੁਲੀ ਚਰੈ ਖਜੂਰਿ ॥੧॥
ਕਾਂਇ ਰੇ ਬਕਬਾਦੁ ਲਾਇਓ ॥
ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥ (ਪੰਨਾਂ ੭੧੮)
ਇਥੇ ਜਲ ਕੀ ਮਾਛੁਲੀ ਦਾ ਖਜੂਰ ਚੜਨਾ ਮੁਹਾਵਰੇ ਵਜੋਂ ਵਰਤਿਆ ਹੈ ਅਰਥਾਤ ਹਰ ਜਗਹ
ਰਮੇਂ ਰੱਬ ਨੂੰ ਕਿਸੇ ਖਾਸ ਥਾ ਤੇ ਜਾਕੇ ਲੱਭਣ ਵਾਲਿਆਂ ਨੂੰ ਮੱਛੀ ਨੂੰ ਖਜੂਰ ਤੇ
ਚਾੜ ਲੱਭਣ ਵਾਲੇ ਕੰਮ ਵਜੋਂ ਸਮਝਾਇਆ ਹੈ । ਸ਼ਬਦੀ ਅਰਥਾਂ ਵਾਲੇ ਜਾਂ ਅਖਰ ਅਖਰ ਸੱਚ
ਕਹਿਣ ਵਾਲੇ ਕੀ ਮੱਛੀ ਨੂੰ ਖਜੂਰ ਤੇ ਹੀ ਚਾੜਨਗੇ ? ਕੀ ਉਹ ਆਖਣਗੇ ਕਿ ਕਿਓਂਕਿ ਗੁਰੂ
ਗ੍ਰੰਥ ਸਾਹਿਬ ਵਿੱਚ ਅੰਕਤ ਹੈ ਤਾਂ ਮੱਛੀ ਜਰੂਰ ਹੀ ਖਜੂਰ ਚੜੀ ਹੋਵੇਗੀ ।
ਭਗਤ ਕਬੀਰ ਜੀ ਗਉੜੀ ਰਾਗ ਵਿੱਚ ਲਿਖਦੇ ਹਨ,
ਐਸੋ ਅਚਰਜੁ ਦੇਖਿਓ ਕਬੀਰ ॥
ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥
ਹਰੀ ਅੰਗੂਰੀ ਗਦਹਾ ਚਰੈ ॥
ਨਿਤ ਉਠਿ ਹਾਸੈ ਹੀਗੈ ਮਰੈ ॥੧॥
ਮਾਤਾ ਭੈਸਾ ਅੰਮੁਹਾ ਜਾਇ ॥
ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥
ਕਹੁ ਕਬੀਰ ਪਰਗਟੁ ਭਈ ਖੇਡ ॥
ਲੇਲੇ ਕਉ ਚੂਘੈ ਨਿਤ ਭੇਡ ॥੩॥
ਰਾਮ ਰਮਤ ਮਤਿ ਪਰਗਟੀ ਆਈ ॥
ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥ (ਪੰਨਾਂ ੩੨੬)
ਏਥੇ ਵੀ ਭਗਤ ਕਬੀਰ ਜੀ ਨਾਵਾਂ ਦੇ ਭਾਵ ਅਰਥਾਂ ਵਿੱਚ ਸਮਝਾਂਦੇ ਹਨ । ਸਿੱਧੇ ਹੀ
ਸ਼ਬਦੀ ਅਰਥ ਗੁਰਮਤਿ ਅਤੇ ਕੁਦਰਤ ਦੇ ਨਿਯਮਾ ਤੋਂ ਦੂਰ ਲੈ ਜਾਂਦੇ ਹਨ । ਅਜਿਹੇ ਅਰਥਾਂ
ਵਾਲੇ ਕਰਾਮਾਤੀ ਕਹਾਣੀ ਘੜਕੇ ਲੇਲਿਆਂ ਨੂੰ ਭੇਡਾਂ ਚੁੰਘਣ ਲਾ ਦਿੰਦੇ ਹਨ ।
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ।। ਪੈਰਾ ਬਾਝਹੁ ਚਲਣਾ ਵਿਣੁ ਹਥਾ
ਕਰਣਾ।।
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ।। ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ।।
੧।। (ਪੰਨਾ ੧੩੯)
ਇਸ ਸ਼ਬਦ ਦੇ ਵੀ ਭਾਵ ਅਰਥ ਅਕਾਲਪੁਰਖ ਨਾਲ ਇਕ ਮਿਕ ਹੋਣ ਲਈ ਇੰਦਰੀਆਂ ਨੂੰ ਮਨਮਤਿ
ਛੱਡ ਕੇ ਗੁਰਮਤੀ ਮਾਰਗ ਤੇ ਚਲਣ ਲਈ ਪਰੇਰਦੇ ਹਨ । ਸ਼ਬਦੀ ਅਰਥਾਂ ਵਾਲੇ ਤਾਂ ਅਲੌਕਿਕ
ਸਾਖੀਆਂ ਹੀ ਘੜਨਗੇ ।
ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ।।
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ।। (ਪੰਨਾ ੫੫੮)
ਏਥੇ ਵੀ ਭਾਵ ਅਰਥਾਂ ਅਨੁਸਾਰ ਆਪਾ ਖਤਮ ਕਰਨ ਦੀ ਗਲ ਹੈ ਸਿਰ ਵੱਡਕੇ ਸੇਵਾ ਕਰਨ
ਦੀ ਨਹੀਂ ਜੋ ਸ਼ਬਦੀ ਅਰਥਾਂ ਵਾਲੇ ਕਰਨਗੇ ।
ਗੁਰਬਾਣੀ ਵਿੱਚ ਅਨੇਕਾਂ ਸ਼ਬਦ ਹਨ ਜਿਨਾ ਵਿੱਚ ਜਾਨਵਰਾਂ/ਪੰਛੀਆਂ ਆਦਿ ਦਾ ਜਿਕਰ
ਹੈ । ਕਈ ਵਾਰ ਜਾਨਵਰਾਂ/ਪੰਛੀਆਂ ਦੀਆਂ ਉਦਾਹਰਣਾਂ ਰਾਹੀਂ ਇਨਸਾਨ ਨੂੰ ਕਿਸੇ ਖਾਸ
ਤਰਾਂ ਦੇ ਵਧੀਆ ਗੁਣ ਧਾਰਨ ਦੀ ਤਾਕੀਦ ਹੈ ਅਤੇ ਕਈ ਵਾਰ ਇਨਸਾਨ ਦੇ ਅਵਗੁਣਾਂ ਨੂੰ
ਪਸ਼ੂ ਬਿਰਤੀਆਂ ਆਖ ਸੁਧਰਨ ਦੀ ਤਾਕੀਦ ਹੈ । ਕਈ ਸ਼ਬਦਾਂ ਵਿੱਚ ਕੁਝ ਭੈੜੇ ਕਰਮਾ ਕਾਰਣ
ਇਨਸਾਨ ਅੰਦਰ ਵੱਖ ਵੱਖ ਪਸ਼ੂਆਂ ਦੇ ਜਨਮ ਲੈਣ ਦਾ ਵੀ ਜਿਕਰ ਹੈ ਜਾਂ ਕਹਿ ਲਵੋ ਅਜਿਹੇ
ਇਨਸਾਨ ਨੂੰ ਪਸ਼ੂ ਜੀਵਨ ਹੀ ਆਖਿਆ ਹੈ ।
ਫਰੀਦ ਜੀ ਸੂਹੀ ਰਾਗ ਵਿੱਚ ਲਿਖਦੇ ਹਨ
ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥
ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥ (ਪੰਨਾ ੭੯੪)
ਫਰੀਦ ਜੀ ਕੋਇਲ ਨੂੰ ਸਵਾਲ ਕਰਦੇ ਹਨ ਅਤੇ ਕੋਇਲ ਅੱਗੋਂ ਜਵਾਬ ਦਿੰਦੀ ਹੈ ।
ਹੁਣ ਜੇ ਕੋਈ ਇਹ ਕਹੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੱਖਰ ਅੱਖਰ ਸੱਚ ਹੈ ਇਸ ਲਈ
ਓਸ ਵੇਲੇ ਕੋਇਲਾਂ ਜਰੂਰ ਗੱਲਾਂ ਕਰਦੀਆਂ ਹੋਣਗੀਆਂ । ਹੁਣ ਉਹ ਇਹ ਸਮਝਣ ਲਈ ਤਿਆਰ ਹੀ
ਨਾ ਹੋਣ ਕਿ ਇਹ ਭਗਤ ਜੀ ਦਾ ਸਵਾਲ ਜਵਾਬ ਦੀ ਸ਼ੈਲੀ ਵਿੱਚ ਕਾਵਿ ਲਿਖਣ ਦਾ ਤਰੀਕਾ ਹੈ
।
ਇਹੋ ਸਵਾਲ ਜਵਾਬ ਦਾ ਤਰੀਕਾ ਗੁਰੂ ਨਾਨਕ ਸਾਹਿਬ ਵੀ ਜਪੁਜੀ ਵਿੱਚ ਵਰਤਦੇ ਹਨ,
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ .......... ਸਵਾਲ
ਹੁਕਮਿ ਰਜੀ ਚਲਣਾ ਨਾਨਕ ਲਿਖਿਆ ਨਾਲਿ।।੧।।.........,ਜਵਾਬ
ਗੁਰਬਾਣੀ ਵਿੱਚ ਬੇਅੰਤ ਮੁਹਾਵਰੇ ਵਰਤੇ ਗਏ ਹਨ । ਮੁਹਾਵਰਿਆਂ ਦੇ ਵੀ ਸ਼ਬਦੀ
ਅਰਥਾਂ ਦੀ ਜਗਹ ਭਾਵ ਸਮਝਣ ਦੀ ਲੋੜ ਹੁੰਦੀ ਹੈ । ਅੱਖਰ ਅੱਖਰ ਸੱਚ ਆਖਣ ਵਾਲੇ ਏਥੇ
ਵੀ ਅਕਸਰ ਉਲਝ ਜਾਂਦੇ ਹਨ ।
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ।। (ਪੰਨਾ ੮੧੯)
ਤਾਤੀ ਵਾਉ ਨਾ ਲੱਗਣੀ ਮੁਹਾਵਰਾ ਹੈ ਜਿਸਦਾ ਅਰਥ ਗਰਮ ਹਵਾ ਤੋਂ ਨਹੀਂ ਸਗੋਂ
ਦੁੱਖਾਂ ਤਕਲੀਫਾਂ ਤੋਂ ਮੁਕਤ ਹੋਣਾ ਹੈ ।
ਗੁਰ ਕੇ ਚਰਣ ਧੋਇ ਧੋਇ ਪੀਵਾ ॥੧॥ (ਪੰਨਾ ੨੩੯)
ਗੁਰ ਕੇ ਚਰਣ ਧੋਇ ਧੋਇ ਪੀਣ ਤੋਂ ਭਾਵ ਗੰਦਾ ਪਾਣੀ ਪੀਣ ਤੋਂ ਨਹੀਂ ਅਤੇ ਨਾ ਹੀ
ਗੁਰੂ ਗ੍ਰੰਥ ਸਾਹਿਬ ਜੀ ਦੇ ਮਨੁੱਖਾਂ ਵਾਂਗ ਚਰਣ ਹਨ । ਇਸ ਮੁਹਾਵਰੇ ਦਾ ਅਰਥ ਗੁਰੂ
ਦੀ ਬਾਣੀ ਨੂੰ ਸਮਝ ਸਮਝ ਆਪਣੇ ਜੀਵਨ ਵਿੱਚ ਲਾਗੂ ਕਰਨ ਤੋਂ ਹੈ ।
ਸਾਧ ਕੀ ਧੂਰਿ ਕਰਹੁ ਇਸਨਾਨੁ ॥ (ਪੰਨਾ ੨੮੩)
ਸਾਧ-ਸੰਗਤ ਵਿੱਚ ਬੈਠ ਗੁਰਮਤਿ ਵਿਚਾਰਾਂ ਸਿੱਖਣ/ਸਮਝਣ ਦੀ ਗਲ ਹੈ ਨਾਂ ਕਿ ਸਾਧਾਂ
ਦੀ ਮਿੱਟੀ ਨਾਲ ਇਸ਼ਨਾਨ ਦੀ ।
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥
ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥ (ਪੰਨਾ੧੪੭੯)
ਕਾਠ ਦੀ ਰੋਟੀ ਤੋਂ ਭਾਵ ਸਖਤ ਮਿਹਨਤ ਦੀ ਰੋਟੀ ਹੈ ਨਾ ਕਿ ਲਕੜੀ ਦੀ ਰੋਟੀ ਜੈਸਾ
ਕਿ ਸ਼ਬਦੀ ਅਰਥਾਂ ਵਾਲੇ ਸਾਖੀਕਾਰ ਆਖਦੇ ਹਨ ।
ਲੰਕਾ ਸਾ ਕੋਟੁ ਸਮੁੰਦ ਸੀ ਖਾਈ ।।
ਤਿਹ ਰਾਵਨ ਘਰ ਖਬਰਿ ਨ ਪਾਈ ॥੧॥
ਕਿਆ ਮਾਗਉ ਕਿਛੁ ਥਿਰੁ ਨ ਰਹਾਈ
ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥
ਇਕੁ ਲਖੁ ਪੂਤ ਸਵਾ ਲਖੁ ਨਾਤੀ ॥
ਤਿਹ ਰਾਵਨ ਘਰ ਦੀਆ ਨ ਬਾਤੀ ॥੨॥
ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥
ਬੈਸੰਤਰੁ ਜਾ ਕੇ ਕਪਰੇ ਧੋਈ ॥੩॥
ਗੁਰਮਤਿ ਰਾਮੈ ਨਾਮਿ ਬਸਾਈ ॥
ਅਸਥਿਰੁ ਰਹੈ ਨ ਕਤਹੂੰ ਜਾਈ ॥੪॥
ਕਹਤ ਕਬੀਰ ਸੁਨਹੁ ਰੇ ਲੋਈ ॥
ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥ (ਪੰਨਾ 481 )
ਕਬੀਰ ਜੀ ਇਸ ਹਵਾਲੇ ਨਾਲ ਇਤਿਹਾਸ/ਮਿਥਿਹਾਸ ਤੇ ਮੋਹਰ ਨਹੀਂ ਲਗਾ ਰਹੇ ਬਲਕਿ
ਲੋਕਾਂ ਵਿੱਚ ਪਰਚਲਤ ਹੋ ਚੁੱਕੀ ਧਾਰਨਾ ਦਾ ਹੀ ਹਵਾਲਾ ਦੇਕੇ ਰਹਾਓ ਦੀ ਪੰਗਤੀ ਰਾਹੀਂ
ਦੱਸਦੇ ਹਨ ਕਿ ਐ ਦੁਨੀਆਂ ਦੇ ਲੋਕੋ ਜਿਵੇਂ ਕਿ ਤੁਸੀਂ ਉਪਰੋਕਤ ਗੱਲਾਂ ਮੰਨਦੇ ਹੋ ਕਿ
ਅਜਿਹਾ ਸ਼ਕਤੀ ਸ਼ਾਲੀ ਰਾਵਣ ਵੀ ਲੰਕਾ ਛੱਡ ਗਿਆ ਸੋ ਸੰਸਾਰ ਥਿਰ ਨਹੀਂ ਹੈ,
ਸਭ ਕੁਝ ਚਲਿਆ ਜਾ ਰਿਹਾ ਹੈ; ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ
ਮੁਖਿ ਲਾਈ ॥੧॥ ਰਹਾਉ ॥ (ਪੰਨਾਂ ੭੪੮)
ਏਥੇ ਵੀ ਗਲ ਮੁਹਾਵਰੇ ਵਿੱਚ ਸਤਿਕਾਰ ਤੇ ਨਿਮਰਤਾ ਦੀ ਹੈ ਨਾ ਕਿ ਸੱਚੀ ਦੇ ਕੇਸ਼ਾਂ
ਦਾ ਚੌਰ ਜਾਂ ਚਰਨ ਧੂੜ ਮੁੱਖ ਲਾਉਣ ਦੀ ਗੱਲ ਹੈ ।
ਸੋਇਨ ਕਟੋਰੀ ਅੰਮ੍ਰਿਤ ਭਰੀ ॥,
ਲੈ ਨਾਮੈ ਹਰਿ ਆਗੈ ਧਰੀ ॥੨॥ (ਪੰਨਾ ੧੧੬੩)
ਕੀ ਭਗਤ ਨਾਮਦੇਵ ਜੀ ਏਨੇ ਅਮੀਰ ਸਨ ਕਿ ਸੋਨੇ ਦੀਆਂ ਕਟੋਰੀਆਂ ਵਿੱਚ ਰੱਬ ਨੂੰ
ਦੁੱਧ ਪਿਆਉਂਦੇ ਸਨ ਨਾਮਦੇਵ ਜੀ ਦਾ ਰੱਬ ਅਜਿਹਾ ਅਨਮਤੀ ਨਹੀਂ ਸੀ । ਅਸਲ ਵਿੱਚ
ਬੁੱਧੀ ਨੂੰ ਸੱਚੇ ਗਿਆਨ ਨਾਲ ਭਰਨ ਦੀ ਗੱਲ ਹੈ ।
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥
ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥ (ਪੰਨਾ ੧੧੬੨)
ਕਬੀਰ ਜੀ ਸੱਚ ਦੇ ਗਿਆਨ ਨਾਲ ਕਰਮਕਾਂਢਾਂ ਦੀਆਂ ਜੰਜੀਰਾਂ ਟੁਟਣ ਦੀ ਗਲ ਕਰਦੇ ਹਨ
।
ਗੁਰਬਾਣੀ ਵਿੱਚ ਅਨੇਕਾਂ ਪੁਰਾਣੇ ਪ੍ਰਚੱਲਤ ਹੋਏ ਸ਼ਬਦ ਮਿਲਦੇ ਹਨ ਪਰ ਗੁਰੂ
ਸਾਹਿਬਾਂ ਇਹਨਾਂ ਨੂੰ ਪੁਰਾਣੇ ਨਹੀਂ ਸਗੋਂ ਨਵੇਂ ਅਰਥ ਦਿੱਤੇ ਹਨ । ਜਿਵੇਂ ਸਵਰਗ,
ਨਰਕ, ਸੱਚਖੰਡ, ਬੈਕੁੰਠ, ਭੁਤ, ਪਰੇਤ, ਸਿਮਰਣ, ਜਪਣਾ, ਨਾਮ, ਹੁਕਮ, ਧਰਮਰਾਜ,
ਅਵਾਗਉਣ, ਜਨਮ ਮਰਣ, ਚਉਰਾਸੀ ਲੱਖ ਜੂਨਾਂ, ਭੂਤ-ਪ੍ਰੇਤ, ਦਰਗਾਹ, ਜਮਰਾਜ,
ਚਿਤਰਗੁਪਤ, ਜਾਪ, ਦਸਵਾਂ ਦੁਆਰ, ਤ੍ਰਿਕੁੱਟੀ, ਆਤਮਾ, ਬ੍ਰਹਮ ਗਿਆਨੀ, ਸੰਤ, ਸਾਧ
ਆਦਿ ਪਰ ਅਸੀਂ ਗੁਰੂ ਦੇ ਸੁਝਾਏ ਅਰਥਾਂ ਦੀ ਥਾਂ ਬਿਪਰੀ ਅਰਥ ਕਰ ਸਾਰੇ
ਮਜਹਬਾਂ/ਵਰਗਾਂ ਤੋਂ ਨਿਆਰੀ ਗੁਰਬਾਣੀ ਨੂੰ ਵੀ ਬਿਪਰਵਾਦ ਹੀ ਸਾਬਤ ਕਰੀ ਜਾ ਰਹੇ ਹਾਂ
।
ਅੱਜ ਕਲ ਅਸੀਂ ਗੁਰਬਾਣੀ ਵਿੱਚ ਆਏ ਮੁਹਾਵਰਿਆਂ ਵਜੋਂ ਅਵਤਾਰਾਂ, ਰਾਜਿਆਂ, ਦੇਵੀ,
ਦੇਵਤਿਆਂ ਆਦਿ ਦੇ ਨਾਵਾਂ ਨੂੰ ਗੁਰੂ ਵਲੋਂ ਇਹਨਾਂ ਦੀ ਹੋਂਦ ਅਤੇ ਸਭੰਧਤ ਪਰਚਾਰੀ ਗਈ
ਘਟਨਾ ਤੇ ਮੋਹਰ ਜਾਣ, ਅਸਲ ਗੁਰਬਾਣੀ ਸਿਧਾਂਤਾਂ ਨੂੰ ਛੱਡਕੇ, ਅਨਮਤਾਂ ਦੇ ਗ੍ਰੰਥਾਂ
ਵਿੱਚੋਂ ਇਹਨਾਂ ਦੇ ਪਾਠ ਲੱਭਦੇ ਫਿਰਦੇ ਹਾਂ । ਜਾਪਦਾ ਹੈ ਅਨਮਤੀ ਅਵਤਾਰਾਂ ਦੇ
ਗ੍ਰਥਾਂ ਵਾਂਗ ਜਾਨਵਰਾਂ/ਪੰਛੀਆਂ ਦੇ ਗੁਣਾਂ/ਔਗੁਣਾ ਵਾਲੀਆਂ ਉਦਾਹਰਣਾਂ ਕਾਰਣ ਵੀ
ਭਵਿੱਖ ਵਿੱਚ ਪੰਚ ਤੰਤਰ ਦੀਆਂ ਕਹਾਣੀਆਂ ਦੇ ਪਾਠ ਇਹ ਕਹਿਕੇ ਕਰੇ ਜਾਣਗੇ ਕਿ ਗੁਰੂ
ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾ ਦਾ ਜਿਕਰ ਕਰਕੇ ਇਸ਼ਾਰਾ ਕੀਤਾ ਹੈ ਜਦ ਕਿ
ਪੂਰੀ ਕਹਾਣੀ ਏਸ ਗ੍ਰੰਥ (ਪੰਚ-ਤੰਤਰ) ਵਿੱਚ ਹੈ । ਇਸ ਲਈ ਗੁਰੂ ਗ੍ਰੰਥ ਸਾਹਿਬ ਅਤੇ
ਪੰਚ-ਤੰਤਰ ਇਕ ਹੀ ਗੱਲ ਹੈ ਜਿਹਾ ਕਿ ਅੱਜ ਕਲ ਵਿਪਰੀ ਗ੍ਰੰਥਾਂ ਨੂੰ ਵੀ ਗੁਰਬਾਣੀ
ਅਨਕੂਲ ਸਾਬਤ ਕਰਨ ਲਈ ਕਰਿਆ ਜਾ ਰਿਹਾ ਹੈ ।
ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਦਾ ਅੱਖਰ ਅੱਖਰ ਸੱਚ ਦਾ ਭਾਵ
ਗੁਰਬਾਣੀ ਦੇ ਹਰ ਉਪਦੇਸ਼/ਸਿੱਖਿਆ ਅਤੇ ਸਿਧਾਂਤਾਂ/ਆਦਰਸ਼ਾਂ ਦਾ ਅੱਖਰ ਅੱਖਰ ਸੱਚ ਹੋਣਾ
ਹੈ ਜੋ ਕਿ ਆਨੰਤ ਕਾਲ ਤੱਕ ਹਮੇਸ਼ਾਂ ਸੱਚ ਰਹੇਗਾ ਜਦ ਕਿ ਸਿਖਿਆ ਦੇਣ ਲਈ ਵਰਤੀ ਜਾ
ਰਹੀ ਭਾਸ਼ਾ ਅਤੇ ਤਰੀਕਿਆਂ ਦੇ ਅੱਖਰ ਅੱਖਰ ਸੱਚ ਹੋਣ ਦਾ ਭਾਵ ਤਾਂ ਹਰ
ਇਤਿਹਾਸਿਕ/ਮਿਥਿਹਾਸਿਕ ਪਾਤਰ, ਮੁਹਾਵਰੇ, ਮਿਸਾਲਾਂ, ਮਿੱਥਾਂ ਆਦਿ ਨੂੰ ਵੀ ਗੁਰਬਾਣੀ
ਦਾ ਸੱਚ ਸਮਝਣ ਦਾ ਭੁਲੇਖਾ ਖਾਣਾ ਹੀ ਹੈ ।
ਗੁਰਮੀਤ ਸਿੰਘ ‘ਬਰਸਾਲ’(ਕੈਲੇਫੋਰਨੀਆਂ)
|