ਧਰਮ ਦਾ ਅਰਥ ਹੈ ਧਾਰਨ ਵਾਲੇ ਉਹ ਰੱਬੀ ਨਿਯਮ ਜਿਨ੍ਹਾਂ ਦੇ ਆਸਰੇ ਸੰਸਾਰ ਚੱਲ
ਰਿਹਾ ਹੈ। ਨਿਰੰਕਾਰ ਹੀ ਸੰਸਾਰ ਦਾ ਕਰਤਾ, ਧਰਤਾ ਅਤੇ ਹਰਤਾ ਹੈ।
ਬਾਬੇ ਨਾਨਕ ਨੂੰ ਨਿਰੰਕਾਰੀ ਵੀ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਉਹ ਇੱਕ
ਨਿਰੰਕਾਰ ਦੇ ਉਪਾਸ਼ਕ ਅਤੇ ਉਪਦੇਸ਼ਕ ਸਨ। ਜਦ ਬਾਬਾ ਨਾਨਕ ਜੀ ਸੰਸਾਰ ਵਿੱਚ ਸਰੀਰਕ ਤੌਰ
ਤੇ ਪ੍ਰਗਟ ਹੋਏ, ਓਦੋਂ ਕਰਮਕਾਂਡੀ, ਪਾਖੰਡਾਂ, ਵਹਿਮਾਂ ਭਰਮਾਂ ਅਤੇ ਵਿਖਾਵੇ ਵਾਲੇ
ਮਜ਼ਹਬਾਂ (ਮੱਤਾਂ) ਦਾ ਬੋਲ ਬਾਲਾ ਸੀ। ਅਸਲੀ ਧਰਮ, ਧਰਮ ਅਸਥਾਨਾਂ, ਧਰਮ ਆਗੂਆਂ ਅਤੇ
ਉਨ੍ਹਾਂ ਦੇ ਅਨੁਯਾਈਆਂ ਕੋਲੋਂ ਮਾਨੋ ਪੰਖ ਲਾ ਕੇ ਉੱਡ ਗਿਆ ਸੀ
- ਧਰਮ ਪੰਖ ਕਰਿ ਉਡਰਿਆ॥(ਭਾ.ਗੁ.)।
ਜ਼ਿੰਦਗੀ ਦੇ ਚਾਰੇ ਸੰਸਕਾਰ ਭਾਵ ਜਨਮ, ਨਾਮਕਰਨ, ਵਿਆਹ ਅਤੇ ਮਿਰਤਕ ਭੇਖੀ ਅਤੇ
ਪਾਖੰਡੀ ਆਗੂਆਂ ਵੱਲੋਂ ਜਨਤਾ ਨੂੰ ਲੁੱਟਣ ਵਾਸਤੇ ਥੋਥੇ ਕਰਮਕਾਂਡਾਂ ਦੀ ਭੇਟ ਚੜ੍ਹਾ
ਦਿੱਤੇ ਗਏ ਸਨ। ਇਨ੍ਹਾਂ ਥੋਥੇ ਕਰਮਕਾਂਡਾਂ ਰਾਹੀਂ ਮੁੱਲਾਂ, ਮੌਲਾਣੇ, ਬ੍ਰਾਹਮਣ,
ਸੰਤ-ਸਾਧ, ਜੋਤਸ਼ੀ ਅਤੇ ਸਿੱਧ ਜੋਗੀ ਆਦਿਕ ਜਨਤਾ ਨੂੰ ਲੁੱਟਦੇ ਸਨ। ਪਰਜਾ ਨੂੰ ਅਸਲੀ
ਧਰਮ ਅਤੇ ਵਿਦਿਆ ਵੱਲੋਂ ਅਗਿਆਨੀ ਰੱਖਿਆ ਜਾਂਦਾ ਸੀ - ਪਰਜਾ ਅੰਧੀ ਗਿਆਨ
ਬਿਨ...॥( ਭਾ. ਗੁ.)। ਜਗਤ ਜਨਨੀ ਔਰਤ ਅਤੇ ਕਿਰਤੀ ਕਾਮੇ ਆਖੇ ਜਾਂਦੇ ਸ਼ੂਦਰ
ਆਦਿਕ ਦੁਰਕਾਰੇ ਤੇ ਦਬਾਏ ਜਾਂਦੇ ਸਨ। ਰਾਜੇ ਅਤੇ ਅਖੌਤੀ ਧਾਰਮਿਕ ਆਗੂ ਆਪਸ ਵਿੱਚ
ਮਿਲ ਕੇ ਗਰੀਬ ਜਨਤਾ ਦਾ ਖੂਨ ਪੀਂਦੇ ਸਨ - ਰਾਜੇ ਸ਼ੀਂਹ ਮੁਕਦਮ ਕੁਤੇ॥ ਜਾਇ
ਜਗਾਇਨ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥
(੧੨੮੮)
ਐਸੇ ਭਿਆਨਕ ਸਮੇਂ ਜ਼ਾਹਰ ਪੀਰ ਜਗਤ ਗੁਰ ਬਾਬਾ ਨਾਨਕ ਜੀ ਸੰਸਾਰ ਵਿੱਚ ਪ੍ਰਗਟ ਹੋਏ
ਅਤੇ ਨਿਰੰਕਾਰ ਦਾ ਸਰਬ ਸਾਂਝਾ ਰੱਬੀ ਧਰਮ ਸੰਸਾਰ ਨੂੰ ਦਰਸਾਇਆ। ਬਾਬੇ ਦੁਆਰਾ ਸੰਸਾਰ
ਨੂੰ ਦਰਸਾਇਆ ਧਰਮ, ਕਿਰਤੀਆਂ, ਗਿਆਨੀਆਂ ਅਤੇ ਵਿਗਿਆਨੀਆਂ ਭਾਵ ਹਰ ਵਰਗ ਨਾਲ ਸਬੰਧਤ
ਲੋਕਾਂ ਦਾ ਸਾਂਝਾ ਧਰਮ ਸੀ, ਜਿਸ ਵਿੱਚ ਅਖਾਉਤੀ ਕਥਾ-ਕਹਾਣੀਆਂ ਅਤੇ ਰਹੁ
ਰੀਤਾਂ ਨੂੰ ਕੋਈ ਥਾਂ ਨਹੀਂ ਸੀ। ਇਸ ਵਿੱਚ ਜਨਤਾ ਲੋਟੂ ਪ੍ਰੋਹਿਤ ਪੁਜਾਰੀਆਂ, ਭੇਖੀ
ਸਾਧਾਂ ਸੰਤਾਂ ਅਤੇ ਮੁੱਲਾਂ ਮੌਲਾਣਿਆਂ ਨੂੰ ਕੋਈ ਵਿਸ਼ੇਸ਼ ਅਧਿਕਾਰ ਪ੍ਰਾਪਤ ਨਹੀਂ ਸਨ।
ਇਹ ਸਰਬ ਸਾਂਝਾ ਰੱਬੀ ਧਰਮ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਤੇ ਅਧਾਰਤ ਸੀ।
ਇਸ ਸਰਬ ਸਾਂਝੇ ਧਰਮ ਨੂੰ ਜਨਤਾ ਵਿੱਚ ਪ੍ਰਚਾਰਨ ਲਈ ਬਾਬਾ ਨਾਨਕ ਸਭ ਧਰਮ,
ਫਿਰਕਿਆਂ, ਮੰਦਰਾਂ, ਮਸਜ਼ਿਦਾਂ, ਮੱਠਾਂ, ਪਹਾੜਾਂ, ਕੰਦਰਾਂ, ਨਦੀਆਂ, ਸਾਗਰਾਂ ਅਤੇ
ਤੀਰਥਾਂ ਤੇ ਨਿਧੜਕ ਹੋ ਕੇ ਗਿਆ - ਤੀਰਥੁ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ
ਅਰਥਾ॥ (੧੧੧੬)। ਹਰੇਕ ਕਿਤਾਕਾਰੀ ਭਾਵੇਂ ਉਹ ਕਿਰਸਾਨ, ਵਾਪਾਰੀ, ਬਿਜਨਸਮੈਨ,
ਜੁਲਾਹਾ, ਛੀਂਬਾ, ਸੁਨਾਰ, ਲੁਹਾਰ ਅਤੇ ਮਜਦੂਰ ਸੀ ਬਾਬੇ ਦੁਆਰਾ ਦਰਸਾਏ ਰੱਬੀ ਧਰਮ
ਨੂੰ ਅਪਣਾਅ ਕੇ ਪੁਜਾਰੀਆਂ ਦੇ ਪਾਏ ਡਰ ਤੋਂ ਮੁਕਤ ਹੋ ਆਪਣੇ ਘਰ ਬਾਰ ਕੰਮਕਾਰ ਵਿੱਚ
ਹੀ ਸੁਖੀ ਜ਼ਿੰਦਗੀ ਬਤੀਤ ਕਰਨ ਲੱਗ ਪਿਆ। ਬਾਬੇ ਦੁਆਰਾ ਪ੍ਰਚਾਰੇ ਗਏ ਰੱਬੀ ਵਿਗਿਆਨਕ
ਧਰਮ ਨੇ ਪੁਜਾਰੀ ਨੁਮਾਂ ਧਰਮ ਆਗੂਆਂ ਦੀ ਐਸ਼ਪ੍ਰਸਤੀ ਵਾਲੀ ਨੀਂਦ ਉਡਾ ਅਤੇ ਜਨਤਾ ਜਗਾ
ਦਿੱਤੀ ਤਾਂ ਉਹ ਬਾਬੇ ਨੂੰ ਕੁਰਾਹੀਆ ਕਹਿ ਕੇ ਭੰਡਣ ਲੱਗੇ - ਕੋਈ ਆਖੈ ਭੂਤਨਾ
ਕੋਈ ਕਹਿ ਬੇਤਾਲਾ॥ (੯੯੧)
ਪਰ ਬੇਪ੍ਰਵਾਹ ਬਾਬੇ ਨੇ ਸੰਗਤਾਂ ਵਿੱਚ ਜਾਗਰਤੀ ਪੈਦਾ ਕਰਕੇ, ਹਰੇਕ ਨਗਰ ਖੇੜੇ ਨੂੰ
ਘਰ-ਘਰ ਤੱਕ ਧਰਮਸ਼ਾਲਾ ਬਣਾ ਕੇ, ਗੁਰਬਾਣੀ ਵਿਚਾਰ, ਕਥਾ, ਕੀਰਤਨ ਅਤੇ ਮਨੁੱਖੀ ਸੇਵਾ
ਦਾ ਪ੍ਰਵਾਹ ਚਲਾ ਦਿੱਤਾ - ਘਰਿ ਘਰਿ ਅੰਦਰਿ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ॥
(ਭਾ.ਗੁ) ਮੰਦਰਾਂ, ਮੱਟਾਂ, ਠਾਕਰ ਦਵਾਲਿਆਂ ਅਤੇ ਮਸਜਿਦਾਂ ਦੇ ਧਰਮ ਆਗੂਆਂ ਦੇ ਸਤਾਏ
ਹੋਏ ਲੋਕ, ਬਾਬੇ ਦੇ ਗਾਡੀ ਰਾਹ ਤੇ ਚੱਲ ਕੇ ਘਰ-ਘਰ ਬਾਬੇ ਦੇ ਸਰਬ ਸਾਂਝੇ ਰੱਬੀ
ਉਪਦੇਸ਼ਾਂ ਨੂੰ ਗਾਉਣ ਲੱਗ ਪਏ - ਘਰਿ ਘਰਿ ਬਾਬਾ ਗਾਵੀਏ ਵਜਨਿ ਤਾਲ ਮ੍ਰਿਦੰਗ
ਰਬਾਬਾ॥ ( ਭਾ.ਗੁ.) ਬਾਬੇ ਨਾਨਕ ਦਾ "ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ"
ਵਾਲਾ ਰੱਬੀ ਧਰਮ ਹਰੇਕ ਕਿੱਤੇ, ਥਾਂ ਅਤੇ ਬਰਾਦਰੀ ਵਿੱਚ ਸੁਖੈਣ ਅਪਣਾਇਆ ਅਤੇ ਕਮਾਇਆ
ਜਾ ਸਕਦਾ ਸੀ ਜਿਸ ਵਿੱਚ ਸੁੱਚ-ਭਿੱਟ, ਛੂਆ-ਛਾਤ, ਵਹਿਮ-ਭਰਮ, ਜਾਤਿ-ਬਰਾਦਰੀ, ਥੋਥੇ
ਕਰਮਕਾਂਡ, ਕਲਪਿਤ ਨਰਕ-ਸਵਰਗ, ਦੇਵੀ-ਦੇਵਤਾ, ਪੁਜਾਰੀ, ਜੋਤਸ਼ੀ, ਅਖੌਤੀ ਸਾਧ-ਸੰਤ,
ਪਾਖੰਡ ਅਤੇ ਕਰਾਮਾਤ ਆਦਿਕ ਮਨੌਤਾਂ ਅਤੇ ਡਰਾਵਿਆਂ ਨੂੰ ਕੋਈ ਥਾਂ ਨਹੀਂ ਸੀ। ਜਿਸ
ਧਰਮ ਵਿੱਚ ਸਾਰੇ ਸਾਂਝੀਵਾਲ ਸਨ - ਸਭੇ ਸਾਂਝੀਵਾਲ ਸਦਾਇਨਿ॥(੯੭)
ਸਭ ਮਾਈ ਭਾਈ ਵਰਨ ਨੂੰ ਸਾਂਝਾ ਉਪਦੇਸ਼ ਦਿੱਤਾ ਜਾਂਦਾ ਸੀ - ਖਤ੍ਰੀ ਬ੍ਰਾਹਮਣ
ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਂਝਾ॥ (੭੪੭) ਬਾਬਾ ਡੰਕੇ ਦੀ ਚੋਟ ਨਾਲ
ਕਹਿੰਦਾ ਸੀ ਕਿ ਸਾਰੀ ਦੁਨੀਆਂ ਦਾ ਸੱਚਾ ਰੱਬੀ ਧਰਮ ਇੱਕ ਹੀ ਹੈ- ਏਕੋ ਧਰਮੁ
ਦ੍ਰਿੜੈ ਸਚੁ ਸੋਈ॥(੧੧੮੮) ਬਾਬੇ ਨਾਨਕ ਦੇ ਰੱਬੀ ਧਰਮ ਵਿੱਚ ਨਾਂ ਕੋਈ ਹਿੰਦੂ
ਨਾਂ ਮੁਸਲਮਾਨ ਸੀ- ਨਾ ਹਮ ਹਿੰਦੂ ਨ ਮੁਸਲਮਾਨ॥ ਅਲਾਹ ਰਾਮ ਕੇ ਪਿੰਡੁ ਪਰਾਨ॥(੧੧੩੮)
ਬਾਬਾ ਸਭਨਾਂ ਨੂੰ ਇੱਕ ਪਿਤਾ ਪ੍ਰਮਾਤਮਾਂ ਦੇ ਬੱਚੇ-ਬੱਚੀਆਂ ਸਮਝ ਪਿਆਰ ਕਰਦਾ ਸੀ।
ਇਸੇ ਕਰਕੇ ਕਹੇ ਜਾਂਦੇ ਕੀ ਹਿੰਦੂ, ਮੁਸਲਮਾਨ, ਬੋਧੀ, ਜੈਨੀ ਅਤੇ ਬ੍ਰਾਹਮਣ-ਸ਼ੂਦਰ
ਸਾਰੇ ਬਾਬੇ ਦੇ ਉਪਦੇਸ਼ ਸੁਣਨ ਧਰਮਸਾਲ- ਸਤਿਸੰਗਤ ਵਿੱਚ ਆਉਂਦੇ ਸਨ। ਅਮੀਰ ਤੇ ਗਰੀਬ
ਭਾਵ ਰਾਜੇ ਤੇ ਰੰਕ ਦੋਵੇਂ ਤਬਕੇ ਦੇ ਭਲੇ ਲੋਕ ਬਾਬੇ ਦੇ ਸੱਚ ਧਰਮ ਨੂੰ ਪਿਆਰ ਕਰਦੇ
ਸਨ। ਰਾਜਾ ਰਾਏ ਬੁਲਾਰ, ਰਾਜਾ ਸ਼ਿਵਨਾਭ, ਦੌਲਤ ਖਾਂ ਲੋਧੀ, ਭਾਈ ਮਰਦਾਨਾਂ ਅਤੇ ਲਾਲੋ
ਜੀ ਆਦਿਕ ਬਾਬੇ ਦੇ ਸੱਚੇ ਮੁਰੀਦ ਸਨ। ਬਾਬਾ ਕਿਰਤੀਆਂ, ਕਾਮਿਆਂ ਅਤੇ ਉੱਚਜਾਤੀ ਸਮਾਜ
ਵੱਲੋਂ ਦੁਰਕਾਰੇ ਹੋਏ ਸ਼ੁਦਰਾਂ ਭਾਵ ਕਹੇ ਜਾਂਦੇ ਨੀਚਾਂ ਨੂੰ ਗਲੇ ਲਾਉਂਦਾ ਅਤੇ
ਸਵੈਮਾਨ ਨਾਲ ਜੀਣ ਦਾ ਉਪਦੇਸ਼ ਦਿੰਦਾ ਸੀ- ਨੀਚ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ
ਨੀਚੁ॥ ਨਾਨਕੁ ਤਿਨ ਕੇ ਸੰਗਿ ਸਾਥਿ ਵਡਿਆਂ ਸਿਉਂ ਕਿਆ ਰੀਸ॥ (੧੫) ਬਾਬਾ ਨਾਨਕ
ਪਹਿਲਾ ਬੰਦੀਛੋੜ ਸੀ ਜਿਸ ਨੇ ਜ਼ਾਲਮ ਅਤੇ ਹੰਕਾਰੀ ਬਾਦਸ਼ਾਹ ਬਾਬਰ ਦੀ ਕੈਦ ਵਿੱਚੋਂ
ਚੱਕੀ ਪੀਹ ਰਹੇ ਅਤੇ ਭਿਆਨਕ ਤਸੀਹੇ ਸਹਿ ਰਹੇ ਬੇਕਸੂਰ ਲੋਕਾਂ ਨੂੰ ਛੁਡਵਾਇਆ ਸੀ।
ਬਾਬੇ ਦੇ ਸੱਚੇ ਸੁੱਚੇ ਅਲਾਹੀ ਉਪਦੇਸ਼ਾਂ ਅਤੇ ਮਨੁੱਖੀ ਪਿਆਰ ਵਾਲੇ ਕਰਤਬਾਂ ਨੇ ਸੱਜਣ
ਵਰਗੇ ਠੱਗਾਂ, ਭੂਮੀਏ ਵਰਗੇ ਚੋਰਾਂ, ਕੌਡੇ ਵਰਗੇ ਰਾਕਸ਼ਾਂ ਅਤੇ ਰਾਜਾ ਸ਼ਿਵਨਾਭ ਵਰਗੇ
ਆਯਾਸ਼ੀਆਂ ਦਾ ਜੀਵਨ ਬਦਲ, ਜਨਤਾ ਦੇ ਸੇਵਕ ਅਤੇ ਧਰਮ ਦੇ ਪ੍ਰਚਾਰਕ ਬਣਾ ਦਿੱਤਾ। ਜਿਸ
ਨੂੰ ਦੁਰਕਾਰੇ ਜਾਣ ਕਰਕੇ ਕਿਤੇ ਵੀ ਢੋਈ ਨਹੀਂ ਸੀ ਮਿਲਦੀ ਉਹ ਨਿਸ਼ੰਗ ਹੋ ਨਾਨਕ
ਨਿਰੰਕਾਰੀ ਬਾਬੇ ਦੀ ਸੰਗਤੀ ਸ਼ਰਣਿ ਆ ਮਾਨ ਮਹਿਸੂਸ ਕਰਦਾ। ਬਾਬੇ ਨਾਨਕ ਦੇ ਰੱਬੀ ਧਰਮ
ਦਾ ਦਰ ਹੀ ਐਸਾ ਸੀ- ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥(੫੪੪)
ਇਤਿਹਾਸ ਦਸਦਾ ਹੈ ਕਿ ਬਿਨਾਂ ਅਧੁਨਿਕ ਸਾਧਨਾਂ ਦੇ ਬਾਬੇ ਨੇ ਪੈਦਲ ਚੱਲ,
ਘੋੜਸਵਾਰ ਹੋ ਅਤੇ ਸਮੁੰਦਰੀ ਬੇੜਿਆਂ ਰਾਹੀਂ ਡੂੰਘੇ ਸਮੁੰਦਰ ਪਾਰ ਕਰ, ਵੱਖ-ਵੱਖ
ਦੇਸ਼ਾਂ, ਕੌਮਾਂ, ਕਬੀਲਿਆਂ ਅਤੇ ਮੱਤਾਂ ਦੇ ਕਰੀਬ ਤਿੰਨ ਕਰੋੜ ਲੋਕਾਂ ਨੂੰ ਸਰਬ
ਸਾਂਝੇ ਰੱਬੀ ਧਰਮ ਦਾ ਉਪਦੇਸ਼ ਦਿੱਤਾ ਅਤੇ ਇਸ ਉਪਦੇਸ਼ ਨੂੰ ਅੱਗੇ ਚਲਦਾ ਰੱਖਣ ਲਈ
ਅਖੀਰ ਤੇ ਆਪਣਾ ਯੋਗ ਜਾਂਨਸ਼ੀਨ ਭਾਈ ਲਹਿਣਾ ਜੀ ਨੂੰ ਥਾਪ ਕੇ ਗੁਰੂ ਅੰਗਦ ਬਣਾ ਦਿੱਤਾ
ਅਤੇ ਹੋਰ ਵੀ ਭਾਈ ਭਗੀਰਥ ਅਤੇ ਭਾਈ ਮਨਸੁਖ ਵਰਗੇ ਵੱਖ-ਵੱਖ ਕਿਰਤੀਆਂ ਨੂੰ ਪ੍ਰਚਾਰਕ
ਥਾਪਿਆ। ਕੇਵਲ ਤੇ ਕੇਵਲ ਇੱਕ ਰੱਬ ਦਾ ਹੋਕਾ ਦਿੰਦੇ ਹੋਏ ਉਸ ਦਾ ਅਸਲੀ ਸਰੂਪ ਇਸ ਮੂਲ
ਮੰਤ੍ਰ (ਮੁਢਲੇ ਉਪਦੇਸ਼) ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ
ਅਜੂਨੀ ਸੈਭੰ ਗੁਰਪ੍ਰਸਾਦਿ॥ (ਜਪੁਜੀ) ਵਿੱਚ ਦਰਸਾ ਕੇ ਰੱਬ ਬਾਰੇ ਸਾਰੇ ਭਰਮ
ਭੁਲੇਖੇ ਹੀ ਦੂਰ ਕਰ ਦਿੱਤੇ।
ਅੱਜ ਜਗਤ ਰਹਿਬਰ, ਜਾਹਰ ਪੀਰ ਜਗਤ ਗੁਰ ਬਾਬਾ ਨਾਨਕ ਜੀ ਦਾ ਰੱਬੀ ਧਰਮ ਕਿੱਥੇ
ਹੈ? ਕੀ ਬਾਬੇ ਨਾਨਕ ਨੂੰ ਸਤਿਗੁਰੂ ਕਹਿ ਕੇ ਪੂਜਣ ਵਾਲੇ ਬਾਬੇ ਦੇ ਅਧੁਨਿਕ ਸਰਬ
ਸਾਂਝੇ ਰੱਬੀ ਧਰਮ ਨੂੰ ਜੀਵਨ ਵਿੱਚ ਅਪਣਾ ਰਹੇ ਹਨ? ਬਾਬੇ ਨਾਨਕ ਦੇ ਨਾਂ ਤੇ ਚੱਲ
ਰਹੀਆਂ ਧਰਮਸ਼ਾਲਾਵਾਂ, ਗੁਰਦੁਆਰੇ, ਦਲ, ਜਥੇ, ਬਹੁਤ ਸਾਰੀਆਂ ਸਹਿਤ ਸਭਾਵਾਂ,
ਵੱਖ-ਵੱਖ ਸਿੱਖ ਜਥੇਬੰਦੀਆਂ, ਡੇਰੇ, ਸੰਪ੍ਰਦਾਵਾਂ ਅਤੇ ਪ੍ਰਚਾਰਕ ਕੀ ਵਿਖਾਵੇ ਵਾਲੀ
ਪੂਜਾ-ਪਾਠ, ਧਰਮ ਦੇ ਨਾਂ ਤੇ ਥੋਥੇ ਕਰਮਕਾਂਡ, ਜਾਤਿ-ਪਾਤਿ, ਛੂਆ-ਛਾਤ, ਭੁਪ-ਪ੍ਰੇਤ,
ਚੰਗੇ-ਮੰਦੇ ਦਿਨ, ਮੱਸਿਆ-ਪੁੰਨਿਆਂ, ਸੰਗਰਾਦਾਂ, ਵਹਿਮਾਂ-ਭਰਮਾਂ, ਅਖੌਤੀ
ਨਰਕ-ਸਵਰਗ, ਜਾਦੂ-ਟੂਣੇ, ਜੋਤਸ਼, ਅਣਹੋਨੀਆਂ ਕਰਾਮਾਤਾਂ, ਆਪਾ ਅਤੇ ਮਨੁੱਖਤਾ ਵਿਰੋਧੀ
ਗ੍ਰੰਥਾਂ, ਗੁਰਬਾਣੀ ਸਿਧਾਂਤਾਂ ਨੂੰ ਛੱਡ ਟਕਸਾਲੀ, ਸੰਪ੍ਰਦਾਈ, ਡੇਰੇ,
ਸਾਧਾਂ-ਸੰਤਾਂ ਅਤੇ ਜੱਥਿਆਂ ਦੀਆਂ ਬਣਾਈਆਂ ਵੱਖ ਵੱਖ ਰਹਿਤ ਮਰਯਾਦਾਵਾਂ ਦੇ ਭਰਮਜਾਲ
ਵਿੱਚ ਉਲਝ ਕੇ, ਬ੍ਰਾਹਮਣਵਾਦ, ਪਾਖੰਡਵਾਦ, ਧੜੇਬੰਦੀ ਅਤੇ ਸੰਪ੍ਰਦਾਈ, ਟਕਸਾਲੀਵਾਦ
ਅਤੇ ਅੰਧਵਿਸ਼ਵਾਸ਼ਾਂ ਦੀ ਘੁੰਮਣਘੇਰੀ (ਸਾਂਕਲ ਜੇਵਰੀ) ਵਿੱਚ ਫਸ ਕੇ, ਧਰਮ ਅਤੇ
ਮਰਯਾਦਾ ਦੇ ਨਾਂ ਤੇ ਭਰਾ ਮਾਰੂ ਲੜਾਈਆਂ ਲੜਦੇ ਹੋਏ ਖੁਆਰ ਹੋ ਰਹੇ ਹਾਂ ਅਤੇ ਅਵਾਜ਼ਾਂ
ਮਾਰ ਰਹੇ ਹਾਂ ਸਤਿਗੁਰ ਨਾਨਕ ਆ ਜਾਹ… ਕੀ ਉਹ ਕਿਤੇ ਗਿਆ ਹੋਇਆ ਹੈ? ਉਸ ਦੀ ਸੱਚੀ
ਸੁੱਚੀ ਸਰਬ ਗਿਆਨ ਸਪੰਨ ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਦਾ
ਨਿਰੋਲ ਪ੍ਰਚਾਰ ਕਰਨ ਵਾਲੇ ਕਿਰਤੀ ਪ੍ਰਚਾਰਕਾਂ ਨੂੰ ਤਾਂ ਗੁਰੂ ਬਾਬੇ ਦੇ ਨਾਂ ਤੇ
ਚਲਾਏ ਹੋਏ ਧਰਮ ਅਸਥਾਨਾਂ, ਗੁਰਦੁਆਰਿਆਂ ਅਤੇ ਸਭਾ ਸੁਸਾਇਟੀਆਂ ਦੀਆਂ ਸਟੇਜਾਂ ਤੇ
ਸਮਾਂ ਨਹੀਂ ਦਿੰਦੇ। ਮੰਨ ਲਓ ਜੇ ਸੱਚ ਮੁੱਚ ਬਾਬਾ ਜੀ ਆਪ ਆ ਜਾਣ ਤਾਂ ਹੰਕਾਰੀ
ਪ੍ਰਬੰਧਕ ਅਤੇ ਡੇਰੇਦਾਰ ਉਨ੍ਹਾਂ ਨੂੰ ਸਟੇਜਾਂ ਦੇ ਦੇਣਗੇ? ਸਾਡੇ ਪ੍ਰਚਾਰਕ ਤਾਂ
ਬਾਬੇ ਨਾਨਕ ਦੀ ਵਿਚਾਰਧਾਰਾ ਬਾਣੀ ਦੇ ਵਿਰੋਧੀ ਅਤੇ ਡੇਰਾਵਾਦੀ ਮਨਘੜਤ ਕਥਾ ਕਹਾਣੀਆਂ
ਅਤੇ ਮਰਯਾਦਾਵਾਂ ਦੇ ਧਾਰਨੀ ਕਿਰਤ ਤੋਂ ਭਗੌੜੇ ਭੇਖਧਾਰੀ, ਨੰਗੀਆਂ ਲੱਤਾਂ ਵਾਲੇ
ਧੜੇਬੰਦਕ ਹੁੰਦੇ ਹਨ। ਕੀ ਬਾਬੇ ਨਾਨਕ ਦੇ ਰੱਬੀ ਧਰਮ ਦੀ ਝੱਲਕ ਉਨ੍ਹਾਂ ਦੇ ਰੋਜਮਰਾ
ਜੀਵਨ ਚੋਂ ਪੈਂਦੀ ਹੈ? ਕੀ ਬਾਬੇ ਦੇ ਗੁਰਦੁਆਰਿਆਂ ਦੀਆਂ ਗੋਲਕਾਂ ਜੋ ਧਰਮ ਪ੍ਰਚਾਰ,
ਲੋਕ ਭਲਾਈ ਦੇ ਕਾਰਜਾਂ ਵਾਸਤੇ ਵਰਤੀਆਂ ਜਾਣੀਆਂ ਸਨ, ਉਹ ਡੇਰੇਦਾਰ ਸਾਧਾਂ,
ਧੜੇਬੰਦੀਆਂ, ਕੋਟ ਕਚਹਿਰੀਆਂ ਦੇ ਕੇਸਾਂ ਅਤੇ ਰਾਜਨੀਤਕ ਪਾਰਟੀਆਂ ਦੀ ਭੇਟਾ ਨਹੀਂ
ਚੜ੍ਹਾਈਆਂ ਜਾ ਰਹੀਆਂ?
ਜਿਨ੍ਹਾਂ ਕਰਮਕਾਂਡਾਂ ਅਤੇ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸ਼ਾਂ ਤੋਂ ਗੁਰਬਾਣੀ
ਵਰਜਦੀ ਹੈ, ਕੀ ਸਾਡੇ ਧਰਮ ਅਸਥਾਨਾਂ ਗੁਰਦੁਆਰਿਆਂ ਆਦਿਕ ਵਿੱਚ ਦੂਜਿਆਂ ਦੀ
ਦੇਖਾ-ਦੇਖੀ ਨਹੀਂ ਕੀਤੇ ਕਰਵਾਏ ਜਾ ਰਹੇ? ਸੰਗਰਾਂਦਾਂ, ਲੋਹੜੀਆਂ, ਦੀਵਾਲੀਆਂ ਅਤੇ
ਵਿਸ਼ਕਰਮਾਂ ਡੇ ਜਿਨ੍ਹਾਂ ਨਾਲ ਬਾਬੇ ਨਾਨਕ ਜਾਂ ਉਨ੍ਹਾਂ ਦੇ ਅਨੁਯਾਈ ਗੁਰੂਆਂ ਅਤੇ
ਭਗਤਾਂ ਦਾ ਕੋਈ ਸਬੰਧ ਨਹੀਂ, ਬਰਾਦਰੀ ਵਿੱਚ ਨੱਕ ਰੱਖਣ ਅਤੇ ਭੀੜ ਇਕੱਠੀ ਕਰਕੇ
ਗੋਲਕਾਂ ਭਰਨ, ਨੋਟ ਅਤੇ ਵੋਟ ਦੀ ਨੀਤੀ ਤੇ ਚੱਲਣ, ਮਲਕ ਭਾਗੋ ਵਾਂਗ, ਤਰ੍ਹਾਂ
ਤਰ੍ਹਾਂ ਦੇ ਮਾਲ ਪੂੜੇ ਵਾਲੇ ਪਕਵਾਨਾਂ ਦੀ ਪ੍ਰਦਰਸ਼ਨੀ ਕਰਕੇ, ਖਾਣ-ਪੀਣ ਅਤੇ
ਮੌਜ-ਮੇਲਾ ਕਰਨ ਲਈ ਨਹੀਂ ਮਨਾਏ ਜਾ ਰਹੇ? ਜੇ ਗੁਰੂ ਨਾਨਕ ਦੇ ਵੇਲੇ - ਸੱਚ
ਕਿਨਾਰੇ ਰਹਿ ਗਿਆ ਖਹਿ ਮਰਦੇ ਬਹੁ ਬਾਮਣ ਮੌਲਾਣੇ॥( ਭਾ.ਗੁ.) ਅਤੇ ਧਰਮ ਪੰਖ
ਕਰਿ ਉਡਰਿਆ॥ ( ਭਾ.ਗੁ.) ਕੀ ਅੱਜ ਬਹੁਤੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ
ਆਦਿਕ ਸਭਾ ਸੁਸਾਇਟੀਆਂ ਵਿੱਚ ਬਾਮਣ ਮੌਲਾਣਿਆਂ ਵਾਂਗ ਰਾਗੀ, ਗ੍ਰੰਥੀ, ਪ੍ਰਬੰਧਕ,
ਪ੍ਰਚਾਰਕ, ਲੀਡਰ ਅਤੇ ਸਾਧ-ਸੰਤ ਗੋਲਕ ਅਤੇ ਧਵੇਬੰਦੀ ਖਾਤਰ ਨਹੀਂ ਲੜ ਰਹੇ? ਕੀ ਬਾਬੇ
ਨਾਨਕ ਦਾ ਸਰਬ ਸਾਂਝਾ ਰੱਬੀ ਧਰਮ ਵੀ ਅੰਧਵਿਸ਼ਵਾਸ਼ਾਂ, ਕਰਮਮਕਾਂਡਾਂ, ਸਾਧਾਂ-ਸੰਤਾਂ,
ਡੇਰੇਦਾਰਾਂ, ਧੜੇਬੰਦੀਆਂ ਅਤੇ ਰਾਜਨੀਤਕਾਂ ਦੇ ਪੰਖ ਲਾ ਕੇ ਉੱਡਾ ਨਹੀਂ ਦਿੱਤਾ ਗਿਅ?
ਹਾਂ ਅੱਜ ਵੀ ਜੇ ਬਾਬੇ ਦਾ ਰੱਬੀ ਧਰਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਉਸ
ਬਾਣੀ ਨੂੰ ਦਿਲੋਂ ਪੜ੍ਹਨ, ਵਚਾਰਨ, ਧਾਰਨ ਅਤੇ ਪ੍ਰਚਾਰਨ ਵਾਲੇ ਕਿਰਤੀ ਸਿੱਖਾਂ
ਸੇਵਕਾਂ ਵਿੱਚ ਦੇਖਿਆ ਜਾ ਸਕਦਾ ਹੈ ਜੋ- ਹੈਨਿ ਵਿਰਲੈ ਨਾਹੀ ਘਣੇ, ਫੈਲ ਫਕੜੁ
ਸੰਸਾਰ॥ (੧੪੧੧) ਹਨ। ਅਰਦਾਸ ਕਰਦਾ ਹਾਂ ਕਿ ਬਾਬਾ ਨਾਨਕ ਜੀ ਸਾਨੂੰ ਸਭ ਨੂੰ
ਸੁਮਤਿ ਬਖਸ਼ਣ ਅਸੀਂ ਵਿਖਾਵੇ, ਅੰਧਵਿਸ਼ਵਾਸ਼, ਭੇਖ, ਥੋਥੇ ਕਰਮਕਾਂਡ, ਵਹਿਮ ਭਰਮ,
ਜਾਤ-ਪਾਤ, ਛੂਆ-ਛਾਤ, ਹਾਉਮੇ-ਹੰਕਾਰ, ਈਰਖਾ-ਦਵੈਤ, ਡੇਰਾਵਾਦ ਅਤੇ ਧੜੇਬੰਦੀਆਂ ਤੋਂ
ਉੱਪਰ ਉੱਠ ਕੇ ਬਾਬੇ ਨਾਨਕ ਦੇ ਸੱਚੇ-ਸੁੱਚੇ ਅਤੇ ਸਰਬ ਸਾਂਝੇ ਰੱਬੀ ਧਰਮ ਦੇ ਅਨੁਯਾਈ
ਬਣ ਕੇ, ਆਪ ਅਤੇ ਹੋਰਨਾਂ ਨੂੰ ਵੀ “ਲੋਕ ਸੁਖੀ-ਪ੍ਰਲੋਕ ਸੁਹੇਲੇ” ਕਰ ਸਕੀਏ।
ਅਵਤਾਰ ਸਿੰਘ ਮਿਸ਼ਨਰੀ (5104325827)
singhstudent@gmail.com
|