ਸਵੇਰ ਦੇ ਛੇ ਵਜੇ ਸਨ।
ਅਜੇ ਮੂੰਹ ਹਨ੍ਹੇਰਾ ਹੀ ਸੀ।ਅੱਜ ਗੁਰਮੇਲ ਕੌਰ ਦੀ ਅੱਖ ਸਵੇਰੇ ਤਿੰਨ ਵਜੇ ਹੀ
ਖੁੱਲ੍ਹ ਗਈ ਸੀ। ਰਾਤ ਬਾਰਾਂ ਵਜੇ ਤੱਕ ਨੀਂਦ ਨਹੀਂ ਆਈ ਸੀ। ਸਾਰੀ ਰਾਤ ਅੱਚਵੀ ਜਿਹੀ
ਲੱਗੀ ਹੋਈ ਸੀ। ਇਕਲੌਤੀ ਧੀ ਜਿਉਂ ਹਸਪਤਾਲ਼ ਪਈ ਸੀ। ਉਹ ਸਾਰੀ ਰਾਤ ਰੱਬ ਅੱਗੇ
ਅਰਦਾਸਾਂ ਕਰਦੀ ਰਹੀ ਸੀ। ਜੰਗੀਰ ਦੋ ਕਰੜੇ ਪੈੱਗ ਲਾ ਕੇ ਸੌਂ ਗਿਆ ਸੀ। ਪਰ ਗੁਰਮੇਲ
ਕੌਰ ਨੂੰ ਅੱਧੀ ਰਾਤ ਤੱਕ ਨੀਂਦ ਨਹੀਂ ਪਈ ਸੀ। ਜਦੋਂ ਉਸ ਦੀ ਅੱਖ ਲੱਗਦੀ, ਫ਼ੱਟੜ ਹੋਈ
ਪ੍ਰੀਤ ਜਿਵੇਂ ਕੁਰਲਾ ਕੇ ਉਸ ਨੂੰ ਅਵਾਜ਼ਾਂ ਮਾਰਦੀ। ਉਹ ਉਭੜਵਾਹੇ ਉਠਦੀ। ਪਰ ਜਦੋਂ
ਉਸ ਨੂੰ ਕੋਈ ਨਜ਼ਰ ਨਾ ਆਉਂਦਾ ਤਾਂ ਉਹ 'ਵਾਹਿਗੁਰੂ' ਆਖ ਕੇ ਫਿਰ ਪੈ ਜਾਂਦੀ।
ਉਸ ਨੇ ਉਠ ਕੇ ਚਾਹ ਬਣਾਈ। ਚਾਹ ਪੀਣ ਨੂੰ ਉਸ ਦਾ ਮਨ ਤਾਂ ਨਹੀਂ ਮੰਨਦਾ ਸੀ। ਪਰ
ਉਸ ਨੇ ਧੱਕੇ ਨਾਲ਼ ਇਕ ਗਿਲਾਸ ਚਾਹ ਦਾ ਪੀ ਲਿਆ। ਪਿਛਲੀ ਰਾਤ ਉਸ ਨੇ ਰੋਟੀ ਦੀ ਬੁਰਕੀ
ਵੀ ਨਹੀਂ ਖਾਧੀ ਸੀ। ਉਸ ਦਾ ਮਨ ਭਰਿਆ-ਭਰਿਆ ਪਿਆ ਸੀ। ਦਿਲ ਨਹੀਂ ਲੱਗਦਾ ਸੀ। ਉਸ ਦਾ
ਮੱਥਾ ਜੋਰ ਜੋਰ ਨਾਲ਼ ਠਣਕੀ ਜਾ ਰਿਹਾ ਸੀ ਅਤੇ ਸੱਜੀ ਅੱਖ ਸਵੇਰ ਦੀ ਫ਼ਰਕੀ ਜਾ ਰਹੀ
ਸੀ। ਅਜੇ ਉਸ ਨੇ ਵਿਹੜਾ ਹੀ ਸੁੰਭਰਨਾਂ ਸ਼ੁਰੂ ਕੀਤਾ ਸੀ ਕਿ ਕਿਸੇ ਦੀ ਅਵਾਜ਼ ਆਈ। ਉਸ
ਨੇ ਬਹੁਕਰ ਰੋਕ ਕੇ ਬੜੀ ਗਹੁ ਨਾਲ਼ ਸੁਣਿਆਂ! ਸ਼ਾਇਦ ਉਸ ਨੂੰ ਭੁਲੇਖਾ ਲੱਗਿਆ ਸੀ..?
ਅਜਿਹੇ ਭੁਲੇਖੇ ਤਾਂ ਉਸ ਨੂੰ ਕੱਲ੍ਹ ਦੇ ਹੀ ਪਈ ਜਾ ਰਹੇ ਸਨ।
-"ਜੰਗੀਰ ਸਿਆਂ..!" ਸੱਚੀ ਹੀ ਕੋਈ ਅਵਾਜ਼ਾਂ ਮਾਰ ਰਿਹਾ ਸੀ।
-"ਵੇ ਭਾਈ ਕੌਣ ਐਂ..?" ਗੁਰਮੇਲ ਕੌਰ ਨੇ ਪੁੱਛਿਆ।
-"ਭਾਈ ਬਾਰ ਤਾਂ ਖੋਲ੍ਹੋ..! ਇਕ ਸੁਨੇਹਾਂ ਲੈ ਕੇ ਆਇਐਂ...!" ਜੋਰ ਨਾਲ਼ ਪਹਿਚਾਨਣ
'ਤੇ ਵੀ ਉਸ ਨੂੰ ਪਹਿਚਾਣ ਨਾ ਆਈ। ਬਾਹਰਲੀ ਅਵਾਜ਼ ਕੋਈ ਓਪਰੀ ਸੀ।
ਘਾਬਰੀ ਗੁਰਮੇਲ ਕੌਰ ਨੇ ਜੰਗੀਰ ਨੂੰ ਜਾ ਜਗਾਇਆ।
ਉਸ ਨੇ ਸਿਰ 'ਤੇ ਪਰਨਾਂ ਲਪੇਟਦਿਆਂ ਦਰਵਾਜਾ ਜਾ ਖੋਲ੍ਹਿਆ।
ਕੋਈ ਸੁਨੇਹਾਂ ਦੇ ਕੇ ਪਿਛਲੇ ਪੈਰੀਂ ਹੀ ਮੁੜ ਗਿਆ। ਪਰ ਜੰਗੀਰ ਸਿਉਂ ਦਰਵਾਜੇ
ਵਿਚ ਹੀ ਬੁੱਤ ਬਣਿਆਂ ਖੜ੍ਹਾ ਸੀ।
-"ਕੀ ਹੋ ਗਿਆ..? ਵੇ ਕੀ ਹੋ ਗਿਆ, ਤੂੰ ਚੁੱਪ ਜਿਆ ਕਾਹਤੋਂ ਕਰ ਗਿਆ..?"
ਗੁਰਮੇਲ ਕੌਰ ਕਾਲ਼ਜੇ ਦੀ ਚੀਸ ਨੂੰ ਦੱਬੀ ਖੜ੍ਹੀ ਸੀ। ਉਸ ਦਾ ਮੱਥਾ ਤਾਂ ਵੱਡੇ ਤੜਕੇ
ਦਾ ਹੀ ਠਣਕੀ ਜਾ ਰਿਹਾ ਸੀ। ਪਰ ਉਸ ਦਾ ਡੋਲਿਆ ਮਨ ਕੋਈ ਸੱਚ ਜਾਨਣ ਤੋਂ ਇਨਕਾਰੀ ਸੀ।
ਜੰਗੀਰ ਡੁੰਨ ਬਣਿਆਂ ਖੜ੍ਹਾ ਉਸ ਵੱਲ ਸਿੱਧਾ ਸਲੋਟ ਝਾਕ ਰਿਹਾ ਸੀ। ਉਸ ਦੀਆਂ ਜਿਵੇਂ
ਅੱਖਾਂ ਜੰਮ ਗਈਆਂ ਸਨ।
-"ਤੂੰ ਬੋਲ ਤਾਂ ਸਹੀ ਔਤਾਂ ਦੇ ਜਾਣਿਆਂ..! ਕੀ ਗੱਲ ਹੋਗੀ..?" ਉਸ ਨੇ ਡਰਨੇ ਵਾਂਗ
ਕੰਧ ਨਾਲ਼ ਲੱਗੇ ਜੰਗੀਰ ਨੂੰ ਦੱਬ ਕੇ ਹਲੂਣਿਆਂ।
-"ਆਪਣੀ ਪ੍ਰੀਤ ਮਰਗੀ ਮੇਰੇ ਸਾਲ਼ੇ ਦੀਏ....! ਵਿਆਹ ਲੈ 'ਮਰੀਕਾ ਆਲ਼ਿਆਂ ਨਾਲ਼
ਕੁੜੀ...!" ਜੰਗੀਰ ਸਾਰਾ ਤਾਣ ਲਾ ਕੇ ਚੀਕਿਆ ਤਾਂ ਗੁਰਮੇਲ ਕੌਰ ਨੇ ਦੁਹੱਥੜ ਮਾਰੀ।
-"ਹਾਏ, ਅਸੀਂ ਪੱਟੇ ਗਏ ਵੇ ਪਿੰਡਾ..!" ਉਸ ਦਾ ਕੀਰਨਾਂ ਆਂਢ ਗੁਆਂਢ ਦੇ ਬਨੇਰੇ ਚੀਰ
ਗਿਆ ਸੀ।
ਘਰ ਵਿਚ ਰੋਣ ਪਿੱਟਣ ਪੈ ਗਿਆ ਸੀ। ਆਂਢ ਗੁਆਂਢ ਦੀਆਂ ਬੁੜ੍ਹੀਆਂ ਵੀ ਆ ਗਈਆਂ। ਹਰ
ਕੋਈ "ਕੀ ਹੋਇਆ?" ਪੁੱਛ ਰਿਹਾ ਸੀ। ਪਰ ਜੰਗੀਰ ਅਤੇ ਗੁਰਮੇਲ ਕੌਰ ਨੂੰ ਤਾਂ ਆਪ ਨੂੰ
ਨਹੀਂ ਪਤਾ ਸੀ, ਕਿ ਅਸਲ ਵਿਚ ਗੱਲ ਕੀ ਹੋਈ ਸੀ..? ਪਿੰਡੋਂ ਕਾਰ ਲਿਆ ਕੇ ਉਹਨਾਂ ਨੇ
ਪ੍ਰੀਤ ਦੇ ਸਹੁਰੇ ਪਿੰਡ ਨੂੰ ਚਾਲੇ ਪਾ ਦਿੱਤੇ। ਕਾਰ ਵਿਚ ਗੁਰਮੇਲ ਕੌਰ ਅਤੇ ਜੰਗੀਰ
ਸਮੇਤ ਗਿਣਤੀ ਦੇ ਕੁੱਲ ਪੰਜ ਬੰਦੇ ਹੀ ਸਨ।
ਜਦੋਂ ਉਹਨਾਂ ਨੇ ਪ੍ਰੀਤ ਦੇ ਸਹੁਰੇ ਘਰ ਜਾ ਕੇ ਪਤਾ ਕੀਤਾ। ਉਹਨਾਂ ਦੇ ਪੈਰਾਂ
ਹੋਠੋਂ ਮਿੱਟੀ ਨਿਕਲ਼ ਗਈ, ਜਦੋਂ ਉਹਨਾਂ ਨੇ ਸੁਣਿਆਂ ਕਿ ਸਹੁਰੇ ਤਾਂ ਪ੍ਰੀਤ ਦਾ
ਸਸਕਾਰ ਕਰਨ ਲਈ ਗਏ ਹੋਏ ਸਨ।
ਗੁਰਮੇਲ ਕੌਰ ਕਿਸੇ ਤੋਂ ਰਾਹ ਪੁੱਛ ਨੰਗੇ ਸਿਰ ਸਿਵਿਆਂ ਨੂੰ ਦੌੜ ਪਈ।
ਪਿੱਛੇ ਪਿੰਡ ਦੇ ਬੰਦੇ ਵੀ ਭੱਜ ਤੁਰੇ ਸਨ।
ਜਦੋਂ ਉਹਨਾਂ ਨੇ ਸਿਵਿਆਂ ਕੋਲ਼ ਜਾ ਕੇ ਦੇਖਿਆ ਤਾਂ ਪ੍ਰੀਤ ਦੀ ਚਿਤਾ ਪੂਰੇ ਜੋਬਨ 'ਤੇ
ਮੱਚ ਰਹੀ ਸੀ। ਪਾਸੇ ਚਾਰ ਕੁ ਬੰਦੇ ਹੀ ਖੜ੍ਹੇ ਸਨ। ਸੱਸ ਹਰਦੀਪ ਵੀ ਵਿਚ ਹੀ ਸੀ।
ਦੇਖ ਕੇ ਗੁਰਮੇਲ ਕੌਰ ਨੂੰ ਦੰਦਲ਼ ਪੈ ਗਈ। ਇਕਲੌਤੀ ਧੀ ਦੇ ਆਖਰੀ ਦਰਸ਼ਣ ਵੀ ਉਸ ਦੇ
ਕਰਮਾਂ ਵਿਚ ਨਹੀਂ ਸਨ। ਨੱਕ ਘੁੱਟ ਕੇ ਗੁਰਮੇਲ ਕੌਰ ਦੀ ਦੰਦਲ਼ ਤੋੜੀ ਗਈ। ਜਦ ਉਸ ਨੂੰ
ਕੁਝ ਸੁਰਤ ਆਈ ਤਾਂ ਉਹ ਚਿਖ਼ਾ ਵਿਚ ਛਾਲ਼ ਮਾਰਨ ਲਈ ਭੱਜੀ। ਪਰ ਪਾਸੇ ਖੜ੍ਹਿਆਂ ਨੇ
ਪੂਰਾ ਤਾਣ ਲਾ ਕੇ ਫੜ ਲਈ। ਉਸ ਦੇ ਵਾਲ਼ ਖੁੱਲ੍ਹ ਕੇ ਗਲ਼ ਵਿਚ ਪੈ ਗਏ ਸਨ। ਉਹ ਹਾਲੋਂ
ਬੇਹਾਲ, ਕਿਸੇ ਵੈਰਾਗ ਵਿਚ ਬੈਠੀ ਵੈਣ ਪਾਈ ਜਾ ਰਹੀ ਸੀ। ਉਸ ਨੂੰ ਜੱਗ ਜਹਾਨ ਦੀ ਹੋਸ਼
ਨਹੀਂ ਸੀ। ਉਸ ਦੀ ਦੁਨੀਆਂ ਉੱਜੜ ਗਈ ਸੀ। ਇਕਲੌਤੀ ਧੀ ਤੁਰ ਜਾਣ ਤੋਂ ਬਾਅਦ ਜਹਾਨ
ਵਿਚ ਉਸ ਦਾ ਕੱਖ ਨਹੀਂ ਬਚਿਆ ਸੀ।
ਠੇਕੇਦਾਰ ਗੁਰਮੇਲ ਕੌਰ ਦੇ ਕੋਲ਼ ਆ ਗਿਆ।
-"ਗੁਰਮੇਲ ਕੁਰੇ..!" ਉਸ ਨੇ ਧਰਵਾਸ ਦੇਣ ਵਾਲਿਆਂ ਵਾਂਗ ਉਸ ਦਾ ਮੋਢਾ ਘੁੱਟਿਆ।
-"ਦੂਰ ਹੋਜਾ ਮੇਰੀਆਂ ਅੱਖਾਂ ਤੋਂ ਹਰਾਮੀਆਂ ਦੁਸ਼ਟਾ..! ਨਹੀਂ ਤਾਂ ਮੈਂ ਤੇਰੀ ਹਿੱਕ
Ḕਚ ਐਹੋ ਜੀ ਟੱਕਰ ਮਾਰੂੰ, ਤੇਰਾ ਸਿਵਾ ਵੀ ਨਾਲ਼ ਈ ਮੱਚੂ..!" ਗੁਰਮੇਲ ਕੌਰ ਦੇ
ਬਿਕਰਾਲ਼ ਚਿਹਰੇ ਤੋਂ ਠੇਕੇਦਾਰ ਨੂੰ ਭੈਅ ਆਇਆ।
ਉਹ ਇਕ ਕਦਮ ਪਿੱਛੇ ਹਟ ਗਿਆ। ਘੇਰੇ 'ਚ ਆਇਆ ਬਾਘੜ੍ਹ ਬਿੱਲਾ ਗਿੱਦੜਮਾਰ ਨੂੰ
ਲੀਰਾਂ ਕਰ ਧਰਦੈ..! ਸੋਚ ਕੇ ਉਸ ਨੇ ਚੁੱਪ ਵੱਟ ਲਈ। ਪਰ ਅੰਦਰੋਂ ਉਹ ਜ਼ਾਹਿਰਾ ਤੌਰ
'ਤੇ ਡਰ ਗਿਆ ਸੀ।
ਜਿਉਂ ਜਿਉਂ ਪ੍ਰੀਤ ਦੀ ਚਿਖ਼ਾ ਦੀ ਤਪਸ਼ ਮੱਧਮ ਪੈਂਦੀ ਜਾ ਰਹੀ ਸੀ। ਤਿਉਂ ਤਿਉਂ
ਗੁਰਮੇਲ ਕੌਰ ਦੇ ਕੀਰਨੇ ਵੀ ਬੇਵੱਸ ਅਤੇ ਨਿਤਾਣੇ ਹੁੰਦੇ ਜਾ ਰਹੇ ਸਨ। ਨਾਲ਼ ਆਏ ਬੰਦੇ
ਵੀ ਪਸੀਜੇ ਜਿਹੇ ਖੜ੍ਹੇ ਸਨ। ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਕੁੜੀ ਦੀ
ਮੌਤ ਕਿਸ ਤਰ੍ਹਾਂ ਹੋਈ..? ਕਿਉਂਕਿ ਕਿਹੜਾ ਕਿਸੇ ਨੂੰ ਕੋਈ ਪਤਾ ਸੀ..? ਗੁਰਮੇਲ ਕੌਰ
ਨੇ ਕਿਸੇ ਕੋਲ਼ ਤਾਂ ਭਾਫ਼ ਵੀ ਨਹੀਂ ਕੱਢੀ ਸੀ। ਬੰਦੇ ਇਹ ਵੀ ਸੋਚ ਰਹੇ ਸਨ, ਕਿ ਚਲੋ
ਖ਼ੈਰ ਜੇ ਮੌਤ ਹੋ ਵੀ ਗਈ ਸੀ, ਤਾਂ ਮਾਂ-ਬਾਪ ਦੀ ਗ਼ੈਰਹਾਜ਼ਰੀ ਵਿਚ ਸਸਕਾਰ ਕਿਉਂ...?
ਗੱਲ ਕੋਈ ਜ਼ਰੂਰ ਸੀ, ਜਿਸ ਨੂੰ ਘੱਟੇ ਰਲ਼ਾਉਣ ਲਈ ਇਹ ਸਾਰਾ ਪਰਪੰਚ ਰਚਿਆ ਗਿਆ ਸੀ..।
ਮੂੰਹੋਂ ਚੁੱਪ ਬੰਦੇ ਅੰਦਰੋਂ ਖ਼ਿਆਲਾਂ ਨਾਲ਼ ਗੁੱਥਮ-ਗੁੱਥਾ ਹੋਏ ਪਏ ਸਨ। ਜੰਗੀਰ ਨੂੰ
ਵੀ ਕੋਈ ਬਹੁਤੀ ਹੋਸ਼-ਹਵਾਸ ਨਹੀਂ ਸੀ। ਉਹ ਵੀ ਬੰਦਿਆਂ ਵਿਚ ਘਾਊਂ-ਮਾਊਂ ਜਿਹਾ ਹੋਇਆ
ਖੜ੍ਹਾ ਸੀ। ਉਹ ਵੀ ਵੱਖੋ ਵੱਖ ਸੋਚਾਂ ਨੇ ਮਧੋਲ਼ਿਆ ਹੋਇਆ ਸੀ।
-"ਜੰਗੀਰ ਸਿਆਂ..! ਕਿਸੇ ਗੱਲ ਦਾ ਵੀ ਪਤਾ ਲੱਗੇ...? ਕੁੜੀ ਦੇ ਸਾਹੇ ਦਾ ਤਾਂ
ਮਾੜਾ ਮੋਟਾ ਸਾਨੂੰ ਪਤਾ ਐ, ਪਰ ਆਹ ਮੌਤ ਤੋਂ ਬਾਅਦ ਪੇਕਿਆਂ ਤੋਂ ਬਿਨਾਂ ਈ
ਸਸਕਾਰ..? ਸਾਨੂੰ ਮੱਲਾ ਇਹਦੀ ਕੋਈ ਤੁਕ ਨ੍ਹੀ ਸਮਝ ਲੱਗਦੀ?" ਪੰਚਾਇਤਾਂ ਵਿਚ
ਵਿਚਰਦੇ ਆਉਂਦੇ ਪੰਚ ਨੇ ਜੰਗੀਰ ਨੂੰ ਸੱਚੀ ਅਤੇ ਸ਼ੱਕੀ ਗੱਲ ਰੜਕਾਈ।
-"............।" ਜੰਗੀਰ ਨੂੰ ਕੁਝ ਔੜ ਨਹੀਂ ਰਿਹਾ ਸੀ।
ਗੁਰਮੇਲ ਕੌਰ ਬੈਠੀ ਹੀ ਵਿਰਲਾਪ ਕਰੀ ਜਾ ਰਹੀ ਸੀ। ਉਸ ਦਾ ਗਲ਼ ਜਵਾਬ ਦਿੰਦਾ ਜਾ
ਰਿਹਾ ਸੀ ਅਤੇ ਅਵਾਜ਼ ਬੈਠ ਗਈ ਸੀ।
ਜਦੋਂ ਬਲ਼ਦੀ ਚਿਖ਼ਾ ਸ਼ਾਂਤ ਹੋਣ ਲੱਗ ਪਈ ਤਾਂ ਠੇਕੇਦਾਰ ਦੇ ਇਸ਼ਾਰੇ 'ਤੇ ਹਰਦੀਪ ਕੌਰ ਨੇ
ਗੁਰਮੇਲ ਕੌਰ ਨੂੰ ਜਾ ਉਠਾਇਆ।
-"ਉਠ ਗੁਰਮੇਲ ਕੁਰੇ, ਉਠ..! ਰੱਬ ਦੇ ਘਰ ਦਾ ਕਿਸੇ ਨੂੰ ਕੋਈ ਪਤਾ ਨ੍ਹੀ..!"
-"ਨ੍ਹੀ ਮੈਨੂੰ ਇਹ ਤਾਂ ਦੱਸਦੇ ਕਲ਼ਜੋਗਣੇ ਬਈ ਇਹਦਾ ਸਸਕਾਰ ਸਾਥੋਂ ਬਿਨਾ ਕਾਹਤੋਂ
ਕਰਤਾ..?" ਉਸ ਨੇ ਰਹਿੰਦਾ ਖੂੰਹਦਾ ਬਲ ਇਕੱਤਰ ਕਰ ਕੇ ਕਲ਼ਾਪ ਕੀਤਾ।
-"ਆ ਜਾਹ..! ਘਰੇ ਚੱਲ ਕੇ ਗੱਲ ਕਰਦੇ ਐਂ, ਦੁਖੀ ਮੈਂ ਵੀ ਘੱਟ ਨ੍ਹੀ ਗੁਰਮੇਲ
ਕੁਰੇ..!" ਉਸ ਨੇ ਗੁਰਮੇਲ ਕੌਰ ਨੂੰ ਨਾਲ਼ ਤੋਰ ਲਿਆ।
-"ਜੰਗੀਰ..! ਤੂੰ ਗੁਰਮੇਲ ਕੁਰ ਨੂੰ ਰੋਕ..! ਆਪਾਂ ਠਾਣੇ ਖਬਰ ਕਰਦੇ ਐਂ..! ਦਾਲ਼
ਕੁਛ ਨਾ ਕੁਛ ਕਾਲ਼ਾ ਜਰੂਰ ਐ, ਮੰਨ ਚਾਹੇ ਨਾ ਮੰਨ..!" ਪੰਚ ਨੇ ਜ਼ਿੰਦਗੀ ਦਾ ਤਜ਼ਰਬਾ
ਅੱਗੇ ਧਰ ਕੇ ਕਾਹਲ਼ੀ ਨਾਲ਼ ਸੁਣਾਈ ਕੀਤੀ।
-"ਉਹਨੇ ਤਾਂ ਮੇਰੀ ਸਾਰੀ ਉਮਰ ਨ੍ਹੀ ਮੰਨੀ..! ਜੇ ਘੋੜਿਆਂ ਦੀ ਰੰਨ ਮੇਰੀ ਗੱਲ
ਮੰਨਦੀ ਹੁੰਦੀ, ਤਾਂ ਆਹ ਦਿਨ ਨੀ ਸੀ ਦੇਖਣੇਂ ਪੈਂਦੇ ਬਾਈ..!" ਜੰਗੀਰ ਨੇ ਵੀ ਤਪਦੇ
ਦਿਲੋਂ ਭੜ੍ਹਾਸ ਕੱਢ ਦਿੱਤੀ।
-"ਇਉਂ ਤਾਂ ਇਹ ਸਾਰੀ ਗੱਲ ਮਿੱਟੀ ਘੱਟੇ ਪਾ ਜਾਣਗੇ..? ਕੋਈ ਨਾ ਕੋਈ ਹੱਥ ਪੱਲਾ ਤਾਂ
ਹਿਲਾਉਣਾ ਈ ਪਊ..! ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨ੍ਹੀ ਦਿੰਦੀ, ਨਾਲ਼ੇ ਢਿੱਡੋਂ
ਜੰਮਿਆਂ ਹੁੰਦੈ..!"
-"ਪੈਂਚਾ..! ਤੂੰ ਕਰ ਹਿੰਮਤ..! ਜੰਗੀਰ ਨੂੰ ਉਹ ਡੱਕਾ ਨ੍ਹੀ ਦਬਾਲ਼..!" ਨਾਲ਼ ਦੇ
ਬੰਦੇ ਨੇ ਕਿਹਾ ਤਾਂ ਪੰਚ ਨੇ ਤੁਰੀ ਜਾਂਦੀ ਗੁਰਮੇਲ ਕੌਰ ਦੀ ਬਾਂਹ ਫੜ ਲਈ।
-"ਗੁਰਮੇਲ ਕੁਰੇ..! ਚੱਲੀ ਕਿੱਥੇ ਐਂ..? ਇਹਨਾਂ ਨੇ ਕੁੜੀ ਮਾਰ ਕੇ ਖਪਾਤੀ, ਤੇ ਤੂੰ
ਇਹਨਾਂ ਦੇ ਨਾਲ਼ ਘਰੇ ਤੁਰੀ ਜਾਨੀਂ ਐਂ..? ਕੋਈ ਸਿਆਣਪ ਕਰ..! ਤੀਮੀਆਂ ਆਲ਼ੀ ਮੂੜ੍ਹ
ਮੱਤ ਨਾ ਵਰਤ..!"
ਸੁਣ ਕੇ ਗੁਰਮੇਲ ਕੌਰ ਦੇ ਮਨ ਨੂੰ ਪਤਾ ਨਹੀਂ ਕੀ ਫ਼ਤੂਰ ਚੜ੍ਹਿਆ..? ਉਸ ਨੇ
ਠੇਕੇਦਾਰ ਨੂੰ ਫੜ ਕੇ ਉਸ ਦੀ ਹਿੱਕ 'ਤੇ ਬੁਰਕੀਆਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ।
ਹਰਦੀਪ ਅਤੇ ਜੀਤ ਡਰਦੇ ਘਰ ਨੂੰ ਦੌੜ ਗਏ। ਦੋ ਕੁ ਸਸਕਾਰ ਕਰਵਾਉਣ ਆਏ ਟੁੱਕੜਬੋਚ ਵੀ
ਮੌਕਾ ਬਚਾ ਕੇ ਖਿਸਕ ਗਏ। ਗੀਤ ਵਿਆਹ ਵਾਲ਼ੇ ਦਿਨ ਦਾ ਹੀ ਕਿਤੇ ਗਾਇਬ ਸੀ। ਉਸ ਨੂੰ
ਕਿਸੇ ਗੱਲ ਦੀ ਕੋਈ ਖ਼ਬਰ ਨਹੀਂ ਸੀ। ਉਸ ਦੀ ਡਿਊਟੀ ਤਾਂ ਠੇਕੇਦਾਰ ਨੇ ਸਿਰਫ਼ ਆਨੰਦ
ਕਾਰਜਾਂ ਤੱਕ ਹੀ ਲਾਈ ਸੀ ਅਤੇ ਉਸ ਤੋਂ ਬਾਅਦ ਉਹ ਵਿਹਲਾ ਸੀ। ਉਹ ਆਪਣੇ ਜਿੰਮੇ ਲੱਗੀ
'ਡਿਊਟੀ' ਭੁਗਤਾ ਕੇ ਸ਼ਾਇਦ ਡਲਹੌਜੀ ਚਲਾ ਗਿਆ ਸੀ। ਜਦੋਂ ਵੀ ਗੀਤ ਭਾਰਤ ਆਉਂਦਾ,
ਬਹੁਤਾ ਸਮਾਂ ਡਲਹੌਜੀ ਹੀ ਬਿਤਾਉਂਦਾ ਸੀ।
ਗੁਰਮੇਲ ਕੌਰ ਨੇ ਠੇਕੇਦਾਰ ਦਾ ਸਰੀਰ ਲਹੂ ਲੁਹਾਣ ਕਰ ਮਾਰਿਆ ਸੀ। ਉਤੋਂ ਠੇਕੇਦਾਰ
ਨੂੰ ਜੰਗੀਰ ਕੁੱਟਣ ਡਹਿ ਪਿਆ ਸੀ। ਪੈਰੋਂ ਧੌੜ੍ਹੀ ਦੀ ਜੁੱਤੀ ਲਾਹ ਕੇ ਉਸ ਨੇ
ਠੇਕੇਦਾਰ ਦੀ ਤਸੱਲੀ ਨਾਲ਼ ਭੁਗਤ ਸੁਆਰੀ ਸੀ ਅਤੇ ਨਾਲ਼ ਆਏ ਪਿੰਡ ਦੇ ਬੰਦੇ ਪਾਸੇ
ਥਮਲ੍ਹਾ ਬਣੇ ਖੜ੍ਹੇ ਸਨ। ਜਦੋਂ ਗੁਰਮੇਲ ਕੌਰ ਦਾ ਕਰੋਧ ਕੁਝ ਮੱਠਾ ਪਿਆ ਤਾਂ ਹੱਥ
ਢਿੱਲੇ ਪੈਣ 'ਤੇ ਠੇਕੇਦਾਰ ਉਸ ਤੋਂ ਆਪਾ ਛੁਡਾ ਕੇ ਡਰੇ ਬੋਤੇ ਵਾਂਗ ਸਿਰਤੋੜ ਖੇਤਾਂ
ਨੂੰ ਦੌੜ ਪਿਆ। ਗੁਰਮੇਲ ਕੌਰ ਨੂੰ ਫੜ ਕੇ ਬੰਦਿਆਂ ਨੇ ਕਾਰ ਵਿਚ ਬਿਠਾਇਆ ਅਤੇ ਠਾਣੇ
ਨੂੰ ਸਿੱਧੇ ਹੋ ਗਏ।............ਬੋਤਲ ਤਕਰੀਬਨ ਸਿਰੇ ਲੱਗ ਚੁੱਕੀ ਸੀ।
-"ਫੇਰ ਕੇਸ ਦਾ ਕੀ ਬਣਿਆਂ..?" ਅਥਾਹ ਦੁੱਖ ਵਿਚ ਬਖਤੌਰ ਨੇ ਮੀਹਾਂ ਸਿੰਘ ਨੂੰ
ਪੁੱਛਿਆ।
-"ਬਣਨਾ ਸੁਆਹ ਸੀ..? ਜੱਟ ਜੱਟਾਂ ਦੇ ਤੇ ਫ਼ੋਗੂ ਨਰਾਇਣ ਦਾ..! ਪੰਦਰਾਂ ਲੱਖ
ਸਹੁਰਿਆਂ ਨੂੰ ਦਿੱਤਾ ਸੀ, ਅੱਧ ਪਚੱਧ ਪੁਲ਼ਸ ਨੇ ਮੁੜਵਾ ਦਿੱਤਾ..! ਜਦੋਂ ਅਗਲੇ ਕੁੜੀ
ਦੀ ਮੌਤ ਬਾਰੇ ਗੱਲ ਕਰਿਆ ਕਰਨ, ਤੇ ਅਗਲੇ ਡਾਕਟਰੀ ਰਿਪੋਟ ਦਿਖਾ ਦਿਆ ਕਰਨ..! ਹੋਣਾਂ
ਬਖਤੌਰਿਆ ਉਥੇ ਕੀ ਸੀ..? ਜੀਹਦੇ ਘਰ ਦਾਣੇ ਉਹਦੇ ਕਮਲ਼ੇ ਵੀ ਸਿਆਣੇ..! ਅਗਲਿਆਂ ਨੇ
ਪੈਸੇ ਝੋਕਤੇ, ਪੁਲ਼ਸ ਨੇ ਗੱਲ 'ਤੇ ਗੌਗਾ ਈ ਨ੍ਹੀ ਧਰਿਆ..! ਤੇ ਚੱਲ ਮੇਰੇ ਭਾਈ, ਐਡੀ
ਗੱਲ ਨੂੰ ਉੜਦੂ ਲਾ ਗਏ..!"
-"ਦੁਨੀਆਂ ਵੀ ਭੈਣ ਦੇਣੀਂ ਕਿੰਨੀ ਗਰਕਣ 'ਤੇ ਆਈ ਪਈ ਐ ਬਾਈ ਮੀਹਾਂ ਸਿਆਂ..!" ਆਖਰੀ
ਪੈੱਗ ਅੰਦਰ ਸੁੱਟਦੇ ਬਖਤੌਰ ਨੇ ਦਿਲੋਂ ਲਾਹਣਤ ਪਾਈ।
-"ਕੁੜੀ ਦੀ ਮਾਂ ਤਾਂ ਅਜੇ ਠੀਕ ਐ, ਜੰਗੀਰ ਤਾਂ ਜਮਾਂ ਈ ਕਾਲ਼ਾ ਧੂੰਆਂ ਹੋਇਆ ਪਿਐ..!
ਮੈਂ ਕਹਿੰਨੈ ਕੁੜੀ ਦੇ ਦੁੱਖ 'ਚ ਜਮਾਂ ਈ ਕਮਲ਼ਾ ਹੋ ਗਿਆ..!"
-"ਹੋਣਾਂ ਈ ਐਂ ਬਈ..! ਕੋਈ ਦੋਸ਼ ਐ? ਐਹੋ ਜਿਆ ਬਖਤ ਤਾਂ ਰੱਬ ਵੈਰੀ Ḕਤੇ ਵੀ ਨਾ
ਪਾਵੇ, ਵੱਡੇ ਭਾਈ..!"
ਅਗਲੇ ਦਿਨ ਮੀਹਾਂ ਸਿਉਂ ਪਿੰਡ ਆ ਗਿਆ। ਬਖਤੌਰ ਨੇ ਉਸ ਨੂੰ ਹਨੀ ਲਈ ਜਲਦੀ ਹੀ
ਕੋਈ ਬੰਨ੍ਹ-ਸੁੱਬ ਕਰਨ ਲਈ ਹਿੱਕ ਥਾਪੜ ਦਿੱਤੀ ਸੀ। ਬਖਤੌਰ ਕੋਲ਼ ਜਾ ਕੇ ਮੀਹਾਂ ਸਿੰਘ
ਕੁਝ ਹਲਕਾ ਹੋ ਗਿਆ ਸੀ। ਹਮਦਰਦ ਦੁਖੀ ਦਾ ਸਹਾਰਾ..। ਗੱਲਾਂ ਕਰ ਕੇ ਮੀਹਾਂ ਸਿੰਘ ਦੇ
ਦਿਲ ਦਾ ਬੋਝ ਕਾਫ਼ੀ ਹੌਲ਼ਾ ਹੋ ਗਿਆ ਸੀ।
ਦੋ ਕੁ ਹਫ਼ਤਿਆਂ ਬਾਅਦ ਬਖਤੌਰ ਇਕ ਖ਼ੁਸ਼ਖ਼ਬਰੀ ਲੈ ਕੇ ਆਇਆ। ਉਸ ਦੀ ਕਿਸੇ ਨੇੜ ਦੀ
ਰਿਸ਼ਤੇਦਾਰੀ ਵਿਚੋਂ ਕੋਈ ਲੜਕਾ ਇੰਗਲੈਂਡ ਤੋਂ ਆਇਆ ਸੀ। ਉਸ ਦਾ ਵਿਆਹ ਪਹਿਲਾਂ ਹੋ
ਚੁੱਕਿਆ ਸੀ। ਪਰ ਕਿਸੇ ਕਾਰਨ ਘਰਵਾਲ਼ੀ ਨਾਲ਼ ਨਿਭ ਨਾ ਸਕੀ ਅਤੇ ਤਲਾਕ ਹੋ ਗਿਆ।
ਘਰਵਾਲ਼ੀ ਵੀ ਪੂਰੀ ਝੰਡੇ ਹੇਠਲੀ ਨਿਕਲ਼ੀ। ਆਪਣੇ ਘਰਵਾਲ਼ੇ ਦੀ ਕਮਾਈ "ਵੈਸਟਰਨ ਯੂਨੀਅਨ"
ਰਾਹੀਂ ਆਪਦੇ ਪੇਕਿਆਂ ਨੂੰ ਭੇਜਦੀ ਰਹੀ। ਟੁੱਟੇ ਜਿਹੇ ਸਾਈਕਲ 'ਤੇ ਸਫ਼ਰ ਕਰਦਾ ਉਸ ਦਾ
ਬਾਪ ਅੱਜ ਕੱਲ੍ਹ ਏਅਰ ਕੰਡੀਸ਼ਨਡ ਹੌਂਡਾ ਕਾਰਾਂ 'ਤੇ ਘੁੰਮਣ ਲੱਗ ਪਿਆ ਸੀ ਅਤੇ ਕਿਰਾਏ
ਦੇ ਮਕਾਨ ਦੀ ਜਗਾਹ ਇਕ ਸ਼ਾਨਦਾਰ ਕੋਠੀ ਉਸਰ ਗਈ ਸੀ। ਪਿਉ ਨੇ ਆਪਣੀ ਧੀ ਦੇ ਵਸੇਬੇ
ਬਾਰੇ ਨਾ ਸੋਚਿਆ, ਸਗੋਂ ਆਪਣੀਆਂ ਐਸ਼ਾਂ ਵਿਚ ਹੀ ਗ਼ਲਤਾਨ ਹੋ ਕੇ ਰਹਿ ਗਿਆ ਅਤੇ
ਸਹੁਰਿਆਂ ਨੇ ਕੁੜੀ ਨੂੰ ਤਲਾਕ ਦੇ ਕੇ ਪਰ੍ਹਾਂ ਮਾਰਿਆ। ਉਹ ਲੜਕਾ ਅੱਜ ਕੱਲ੍ਹ ਕਿਸੇ
ਲੋੜਵੰਦ ਘਰ ਦੀ ਭਾਲ਼ ਵਿਚ ਸੀ। ਬਖਤੌਰ ਨੇ ਗੱਲ ਚਲਾਈ। ਪਰ ਦੁੱਧ ਦੇ ਸਾੜੇ ਦਾ ਲੱਸੀ
ਨੂੰ ਫ਼ੂਕਾਂ ਮਾਰਨ ਵਾਂਗ ਮੁੰਡੇ ਦੇ ਪਿਉ ਨੇ ਸਾਫ਼ ਅਤੇ ਸਿੱਧੀ ਗੱਲ ਹੀ ਸੁਣਾ ਧਰੀ।
-"ਬਖਤੌਰ ਸਿਆਂ..! ਰਿਸ਼ਤੇ ਨੂੰ ਅਸੀਂ ਵੀ ਤਾਂਘਦੇ ਐਂ..! ਪਰ ਕੁੜੀ ਸਾਡੀ ਕਮਾਈ
ਨਾਲ਼ ਮਾਪਿਆਂ ਦਾ ਘਰ ਭਰਨ ਆਲ਼ੀ ਨਾ ਹੋਵੇ...! ਤੈਨੂੰ ਤਾਂ ਪਤਾ ਈ ਐ ਵੀਰ ਮੇਰਿਆ,
ਕੀੜੀ ਨੂੰ ਤਾਂ ਤੱਕਲ਼ੇ ਦਾ ਦਾਗ ਈ ਬਥੇਰਾ ਹੁੰਦੈ..? ਸਿਆਣੇ ਗੱਲ ਕਰਦੇ ਹੁੰਦੇ ਐ ਬਈ
ਗਧੀ ਡਿੱਗ ਪਈ ਸੀ ਭੱਠੇ 'ਚ, ਤੇ ਦੀਵੇ ਆਲ਼ੇ ਘਰੇ ਨ੍ਹੀ ਸੀ ਵੜਦੀ..!" ਮੁੰਡੇ ਦੇ
ਬਾਪ ਨੇ ਬਖਤੌਰ ਨੂੰ ਸਿੱਧੀ ਸੁਣਵਾਈ ਹੀ ਕਰ ਦਿੱਤੀ।
-"ਤੂੰ ਫ਼ਿਕਰ ਨਾ ਕਰ ਜੋਰਾ ਸਿਆਂ...! ਕੁੜੀ ਬੜੇ ਚੰਗੇ ਖਲਣੇਂ ਦੀ ਐ..!"
-"ਖਲਣੇਂ ਦੀ ਗੱਲ ਨਾ ਕਰ ਬਖਤੌਰ ਸਿਆਂ..! ਇਹ ਤਾਂ ਕੁੜੀ ਮਰਾਵੇ ਦੀਆਂ ਸਿੱਧੀਆਂ
ਝਾਕਦੀਆਂ ਝਾਕਦੀਆਂ ਟੀਰ ਮਾਰਨ ਲੱਗ ਪੈਂਦੀਐਂ..!" ਜੋਰਾ ਸਿੰਘ ਕੁਝ ਜ਼ਿਆਦਾ ਹੀ
ਅੱਕਿਆ ਹੋਇਆ ਸੀ।
-"ਤੂੰ ਫ਼ਿਕਰ ਨਾ ਕਰ ਬਾਈ, ਪਰ ਇਕ ਗੱਲ ਤੇਰੇ ਨਾਲ਼ ਮੈਂ ਵੀ ਨਿਤਾਰ ਲਵਾਂ...?" ਆਖ
ਕੇ ਬਖਤੌਰ ਨੇ ਜੋਰਾ ਸਿੰਘ ਦਾ ਭਖ਼ਦਾ ਚਿਹਰਾ ਜਾਂਚਿਆ।
-"ਬੋਲ਼..! ਨਿਤਾਰਨੀ ਕਾਹਤੋਂ ਨ੍ਹੀ..?" ਜੋਰੇ ਨੇ ਸੁਆਲੀ ਨਜ਼ਰਾਂ ਬਖਤੌਰ ਦੇ ਮੂੰਹ
'ਤੇ ਗੱਡ ਲਈਆਂ।
-"ਕੁੜੀ ਪੜ੍ਹਦੀ ਸੀ ਕਾਲਜ਼.!" ਬਖਤੌਰ ਨੇ ਗੱਲ ਅਧੂਰੀ ਛੱਡ ਦਿੱਤੀ।
-"ਹਾਂ-ਹਾਂ..! ਬੋਲ ਤਾਂ ਸਹੀ..! ਕਾਲਜ ਪੜ੍ਹਦੀ ਸੀ, ਕਿਸੇ ਨਾਲ਼ ਅੱਟੀ ਸੱਟੀ
ਸੀ...? ਚੁੱਪ ਕਾਹਤੋਂ ਕਰ ਗਿਆ..? ਖੁੱਲ੍ਹ ਕੇ ਬੋਲ ਖਾਂ..! ਜਕਾਅ ਕਾਹਦੈ..?"
-"ਜੋਰਾ ਸਿਆਂ! ਅੱਟੀ ਸੱਟੀ ਤਾਂ.....! ਗੱਲ ਵੱਡੀ ਐ ਤੇ ਮੂੰਹ ਛੋਟੈ..! ਅਗਲੇ ਦੇ
ਘਰ ਦੀ ਇੱਜ਼ਤ ਦਾ ਸੁਆਲ ਐ...!"
-"ਬੋਲ ਤਾਂ ਸਹੀ, ਮੈਂ ਸੁਣਦੈਂ..! ਵਿਚਾਰਨ ਆਲ਼ੀ ਗੱਲ ਹੋਈ, ਵਿਚਾਰਾਂਗੇ..! ਮੈਂ ਵੀ
ਤੇਰੇ ਸਾਹਮਣੇ ਘਾਟ ਘਾਟ ਦਾ ਪਾਣੀ ਪੀਤੈ..! ਕਸ਼ਮੀਰ ਤੋਂ ਲੈ ਕੇ ਕੰਨਿਆਂ ਕੁਮਾਰੀ
ਤੱਕ ਤਾਂ 'ਕੱਲਾ ਹਿੰਦੋਸਤਾਨ ਈ ਗਾਹਿਆ ਵਿਐ..! ਤੈਨੂੰ ਪਤੈ ਬਈ ਸਾਰੀ ਉਮਰ ਤਾਂ
ਡਰੈਵਰੀ 'ਚ ਗਾਲ਼ਤੀ, ਤੇ ਓਸ ਤੋਂ ਬਾਅਦ ਬਣ ਗਿਆ ਵਲੈਤ ਜਾਣ ਦਾ ਸਬੱਬ..! ਫੇਰ ਭਰਾ
ਮੇਰਿਆ ਕੀ ਕਨੇਡਾ, ਕੀ 'ਮਰੀਕਾ, ਕੋਈ ਦੇਸ਼ ਨੀ ਛੱਡਿਆ..!"
-"ਜੋਰਾ ਸਿਆਂ, ਕੁੜੀ ਪੜ੍ਹਦੀ ਸੀ ਕਾਲਜ਼.! ਉਹਦੇ ਨਾਲ਼ ਜਬਰ ਜਨਾਂਹ ਹੋਇਆ ਵਿਐ..!"
ਬਖਤੌਰ ਨੇ ਆਖ ਕੇ ਚੁੱਪ ਵੱਟ ਲਈ ਅਤੇ ਜੋਰਾ ਸਿੰਘ ਦਾ ਪ੍ਰਤੀਕਰਮ ਜਾਂਚਣ ਲੱਗ ਪਿਆ।
-"ਜਬਰ ਜਨਾਂਹ ਹੀ ਹੋਇਐ ਜਾਂ ਕੋਈ ਹੋਰ ਗੱਲ ਐ..?" ਸੱਤਾਂ ਪੱਤਣਾਂ ਦੇ ਤਾਰੂ ਜੋਰੇ
ਨੇ ਤਿੱਖੀਆਂ ਕਟਾਰ ਨਜ਼ਰਾਂ ਦੀ ਸ਼ਿਸ਼ਤ ਬਖਤੌਰ ਦੇ ਮੂੰਹ 'ਤੇ ਬੰਨ੍ਹ ਲਈ।
-"ਨਹੀਂ ਹੋਇਆ ਤਾਂ ਜਬਰ ਜਨਾਂਹ ਈ ਐ..! ਅਗਲੇ ਸੀਗੇ ਡਾਢੇ..! ਤੇ ਜੋਰਾ ਸਿਆਂ
ਤੈਨੂੰ ਪਤਾ ਈ ਐ ਬਈ ਤਕੜੇ ਦੀ ਕੁੱਤੀ ਚੁਬਾਰਿਆਂ 'ਚ ਭੌਂਕਦੀ ਐ..! ਅਗਲਿਆਂ ਨੇ
ਪੁਲ਼ਸ ਨਾਲ਼ ਸੀਟੀ ਰਲ਼ਾ ਕੇ ਗੱਲ ਘੱਟੇ ਪਾ ਦਿੱਤੀ, ਤੇ ਚੱਲ ਮੇਰੇ ਭਾਈ..!" ਆਪਣੇ
ਵੱਲੋਂ ਬਖਤੌਰ ਨੇ ਪੂਰਾ ਤਾਣ ਲਾ ਦਿੱਤਾ।
-"ਮੇਰੀ ਨਜ਼ਰ 'ਚ, ਜੇ ਜਬਰ ਜਨਾਂਹ ਈ ਹੋਇਐ, ਤਾਂ ਇਹਦੇ 'ਚ ਕੁੜੀ ਦਾ ਤਾਂ ਕੋਈ ਕਸੂਰ
ਨ੍ਹੀ...?" ਤਜ਼ਰਬੇਕਾਰ ਜੋਰੇ ਨੇ ਆਪਣਾ ਫ਼ੈਸਲਾ ਦੱਸ ਦਿੱਤਾ।
-"ਕਸੂਰ ਤਾਂ ਆਹੀ ਸੀ ਬਈ ਕੁੜੀ ਦਾ ਪਿਉ ਸੀ ਗਰੀਬ..! ਪੁਲ਼ਸ ਆਲ਼ਿਆਂ ਦੀ ਕੁੱਤੀ
ਕੰਧਾਂ 'ਤੇ ਨੀ ਚਾੜ੍ਹ ਸਕਿਆ..! ਪੈਸੇ ਨ੍ਹੀ ਝੋਕੇ ਗਏ, ਤੇ ਗੱਲ ਧੂੜ 'ਚ ਰਲ਼ਗੀ..!"
-"ਲੋਹੜ੍ਹੈ ਬਈ..!"
-"ਜਬਰਦਸਤੀ ਕਰਨ ਆਲ਼ੇ ਮੁੰਡੇ ਦਾ ਪਿਉ ਮੰਤਰੀਆਂ ਛੰਤਰੀਆਂ ਦਾ ਸਿਆਣੂੰ ਸੀ, ਤੇ ਬਾਈ
ਸਿਆਂ ਅਗਲਿਆਂ ਨੇ ਗੱਲ ਦਾ ਉਤਾਈ ਨੀ ਵਾਚਿਆ, ਤੇ ਐਡੀ ਵੱਡੀ ਗੱਲ ਖੂਹ ਖਾਤੇ
ਸਿੱਟਤੀ..!"
-"ਇਕ ਗੱਲ ਹੋਰ ਐ ਬਖਤੌਰਿਆ..! ਮੁੰਡੇ ਦਾ ਕੁੜੀ ਦੀ ਉਮਰ ਨਾਲੋਂ ਕਾਫ਼ੀ ਫ਼ਰਕ ਐ,
ਕਿਤੇ ਪਿੱਛੋਂ ਟੰਬੇ ਲੈ ਕੇ ਕੁੱਤੇ ਨਾ ਮਗਰੋਂ ਲਾਹੁੰਦੇ ਫਿਰੀਏ..? ਇਹ ਉਮਰ ਈ ਐਸੀ
ਕੱਚੀ ਹੁੰਦੀ ਐ..! ਸਹੁਰੀ ਹੋਰ ਨਾ ਨਿੱਤ ਕੋਈ ਨਵਾਂ ਸਹੇੜ ਲਿਆਇਆ ਕਰੇ..?" ਜੋਰਾ
ਸਿੰਘ ਨੇ ਆਪਣਾ ਪਾਲ਼ਾ ਦੱਸਿਆ।
-"ਨਹੀਂ ਜੋਰਾ ਸਿਆਂ..! ਕੁੜੀ ਵੈਸੇ ਸਾਊ ਐ..! ਨਾਲ਼ੇ ਤੈਨੂੰ ਪਤੈ ਬਈ ਸਾਊ ਧੀ ਪੁੱਤ
ਕਾਹਨੂੰ ਛੇਤੀ ਕੀਤੇ ਪੈਰ ਛੱਡਦੈ..? ਉਹ ਤਾਂ ਤੱਤੇ ਪੈਰਾਂ ਆਲ਼ੀਆਂ ਈ ਹੁੰਦੀਐਂ,
ਜਿਹੜੀਆਂ ਸਹੁਰਿਆਂ ਦੀ ਕਮਾਈ ਨਾਲ਼ ਘਰਦਿਆਂ ਦਾ ਢਿੱਡ ਭਰਦੀਐਂ ਤੇ ਨਾਲ਼ੇ ਦਸ ਦਸ ਯਾਰ
ਰੱਖਦੀਐਂ...!"
-"ਸਾਡੇ ਤਾਂ ਭਰਾਵਾ ਇਕੋ ਨੇ ਈ ਨਾਸੀਂ ਧੂੰਆਂ ਲਿਆਤਾ, ਬਾਹਲ਼ੀਆਂ ਗੱਲਾਂ 'ਚ ਕੀ
ਫ਼ਾਇਦਾ...?"
-"ਤੂੰ ਚਿੰਤਾ ਕਿਹੜੀ ਗੱਲ ਦੀ ਕਰਦੈਂ ਜੋਰਾ ਸਿਆਂ..? ਕਿਸੇ ਗੱਲੋਂ ਵੀ ਉਲਾਂਭਾ ਨਾ
ਆਊ..! ਚਾਹੇ ਸੂਈ ਦੇ ਨਖਾਰੇ ਵਿਚ ਦੀ ਕੱਢ ਲਈਂ..! ਝੋਰਾ ਤਾਂ ਜਿਹੜੀ ਗੱਲ ਦਾ ਐ,
ਉਸੇ ਦਾ ਈ ਐ..! ਊਂ ਫ਼ਾਹੇ ਦਿੱਤੀ ਨ੍ਹੀ ਕੁਸਕਦੀ..! ਮੈਨੂੰ ਤੇਰੀ ਗੱਲ ਦੀ ਸਮਝ ਐ,
ਬਈ ਤੂੰ ਪਹਿਲੀ ਨੂੰਹ ਦਾ ਡਰਾਇਆ ਸ਼ੱਕੀ ਹੋਇਆ ਪਿਐਂ..! ਪਰ ਐਧਰੋਂ ਤੂੰ ਕੋਈ ਚਿੰਤਾ
ਨਾ ਕਰ, ਧੁੜਕੂ ਕੱਢ ਦਿਲੋਂ..!" ਬਖਤੌਰ ਨੇ ਆਪਣੇ ਵੱਲੋਂ ਪੂਰੀ ਹਿੱਕ ਠੋਕ ਦਿੱਤੀ।
ਹਨੀ ਦਾ ਰਿਸ਼ਤਾ ਰਮਣੀਕ ਨਾਲ਼ ਪੱਕਾ ਹੋ ਗਿਆ।
ਪਹਿਲੀ ਨੂੰਹ ਤੋਂ ਸਤੇ ਪ੍ਰੀਵਾਰ ਨੇ ਇਕ-ਦੋ ਨਸੀਹਤਾਂ ਫਿਰ ਹਨੀ ਦੇ ਪਿਉ ਸਾਹਮਣੇ
ਬਖਤੌਰ ਦੀ ਹਾਜ਼ਰੀ ਵਿਚ ਰੱਖੀਆਂ। ਜੋ ਬਿਨਾ ਕਿਸੇ ਹੀਲ-ਹੁੱਜਤ ਤੋਂ ਪ੍ਰਵਾਨ ਕਰ ਲਈਆਂ
ਗਈਆਂ। ਮੈਰਿਜ ਪੈਲਿਸ ਵਿਚ ਇਕ ਸਾਦਾ ਜਿਹਾ ਵਿਆਹ ਹੋਇਆ ਅਤੇ ਹਨੀ ਅਤੇ ਰਮਣੀਕ ਹਫ਼ਤੇ
ਲਈ ਹਨੀਮੂਨ 'ਤੇ ਚਲੇ ਗਏ। ਹਨੀਮੂਨ ਤੋਂ ਬਾਅਦ ਉਹਨਾਂ ਨੇ ਦਿੱਲੀ ਜਾ ਕੇ ਹਨੀ ਦੇ
ਵੀਜ਼ੇ ਬਾਰੇ ਅਰਜ਼ੀ ਦੇ ਦਿੱਤੀ ਅਤੇ ਹਫ਼ਤੇ ਕੁ ਬਾਅਦ ਹਨੀ ਦੀ ਇੰਟਰਵਿਊ ਹੋਈ ਅਤੇ ਹਨੀ
ਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ। ਇੰਟਰਵਿਊ ਕੋਈ ਬਹੁਤੀ ਮੁਸ਼ਕਿਲ ਜਾਂ ਗੁੰਝਲ਼ਦਾਰ
ਨਹੀਂ ਸੀ। ਹਨੀ ਦੇ ਘਰਵਾਲ਼ੇ ਦੇ ਤਲਾਕ ਦੇ ਕਾਗਜ਼ ਸਾਹਮਣੇ ਸਨ। ਹਨੀ ਅਤੇ ਰਮਣੀਕ ਦੇ
ਵਿਆਹ ਦੇ ਕਾਗਜ਼ ਗਵਾਹ ਸਨ। ਹਨੀ ਅਤੇ ਰਮਣੀਕ ਦੇ ਵਿਆਹ ਦਾ ਸਬੂਤ ਅੰਬੈਸੀ ਦੇ ਅਫ਼ਸਰ
ਦੇ ਕੋਲ ਸੀ, ਵੀਜ਼ੇ ਵੱਲੋਂ ਨਾਹ ਕਿਵੇਂ ਕਰਦਾ...? ਹਨੀ ਨੂੰ ਬਿਨਾਂ ਕਿਸੇ ਵਿਸ਼ੇਸ਼
ਉਪਰਾਲੇ ਦੇ ਵੀਜ਼ਾ ਮਿਲ਼ ਗਿਆ।
ਇੰਗਲੈਂਡ ਜਾਣ ਤੋਂ ਪਹਿਲਾਂ ਹਨੀ ਇਕ ਵਾਰ ਜੱਸੀ ਨੂੰ ਮਿਲਣਾ ਚਾਹੁੰਦੀ ਸੀ। ਪਰ
ਉਸ ਨੂੰ ਲੱਭਦੀ ਕਿੱਥੋਂ..? ਇਹ ਇਕ ਵੱਡਾ ਸੁਆਲ ਸੀ..! ਇਕ ਵਾਰ ਦਿਲ 'ਤੇ ਚੜ੍ਹਿਆ
ਜੱਸੀ ਹਨੀ ਦੇ ਦਿਲ ਤੋਂ ਲਹਿ ਨਹੀਂ ਰਿਹਾ ਸੀ। ਹਨੀ ਦੀ ਇੰਗਲੈਂਡ ਜਾਣ ਦੀ ਤਿਆਰੀ
ਜੰਗੀ ਪੱਧਰ 'ਤੇ ਸ਼ੁਰੂ ਹੋ ਗਈ ਸੀ। ਰਮਣੀਕ ਹਰ ਰੋਜ਼ ਹੀ ਉਸ ਨੂੰ ਖ਼ਰੀਦਾ ਫ਼ਰੋਖ਼ਤੀ ਲਈ
ਸ਼ਹਿਰ ਲੈ ਜਾਂਦਾ। ਪਰ ਹਨੀ ਦਾ ਜ਼ਖ਼ਮੀ ਦਿਲ ਤਾਂ ਜੱਸੀ ਦੀ ਯਾਦ ਵਿਚ ਰੁਲ਼ਿਆ ਪਿਆ ਸੀ।
ਜੇ ਰਮਣੀਕ ਉਸ ਨੂੰ ਕੁਝ ਖ਼ਰੀਦਣ ਲਈ ਆਖਦਾ ਤਾਂ ਉਹ 'ਹਾਂ-ਹੂੰḔ ਕਰ ਕੇ ਕੰਨ ਮੁੱਢ
ਮਾਰ ਛੱਡਦੀ। ਉਸ ਦੀ ਕਿਸੇ ਚੀਜ਼ ਖ਼ਰੀਦਣ ਨੂੰ ਵੱਢੀ ਰੂਹ ਨਾ ਕਰਦੀ। ਬੱਸ ਇਕ
ਕੱਠਪੁਤਲੀ ਵਾਂਗ ਰਮਣੀਕ ਦੇ ਨਾਲ਼ ਤੁਰੀ ਫਿਰਦੀ। ਜੱਸੀ ਉਸ ਦੀ ਰੂਹ ਵਿਚ, ਉਸ ਦੇ ਦਿਲ
ਵਿਚ ਬਰਫ਼ ਵਾਂਗ ਜੰਮਿਆਂ ਪਿਆ ਸੀ। "ਪਹਿਲਾ ਪਿਆਰ ਇਨਸਾਨ ਨੂੰ ਸਾਰੀ ਜ਼ਿੰਦਗੀ ਨਹੀਂ
ਭੁੱਲਦਾ...!" ਕਾਲਜ ਵਿਚ ਕਿਸੇ ਕੁੜੀ ਦੇ ਆਖੇ ਲਫ਼ਜ਼ ਉਸ ਦੇ ਸੀਨੇ ਦਾ ਤਪਾੜ ਬਣ
ਜਾਂਦੇ ਅਤੇ ਉਹ ਵਾਰ ਵਾਰ ਇਸ ਲਫ਼ਜ਼ ਨੂੰ ਅੰਦਰੋ ਅੰਦਰੀ, ਦਿਲ ਵਿਚ ਹੀ ਦੁਹਰਾਉਂਦੀ ਕਿ
ਪਹਿਲਾ ਪਹਿਲਾ ਪਿਆਰ ਇਨਸਾਨ ਨੂੰ ਜ਼ਿੰਦਗੀ ਵਿਚ ਵਾਕਿਆ ਹੀ ਨਹੀਂ ਭੁੱਲਦਾ..!
ਹਨੀ ਦੀ ਇੰਗਲੈਂਡ ਜਾਣ ਦੀ ਤਿਆਰੀ ਹੋ ਗਈ।
ਅੱਜ ਉਸ ਦੀ ਫ਼ਲਾਈਟ ਸੀ। ਬੇਬੇ ਨੇ ਧੀ ਨੂੰ ਹਿੱਕ ਨਾਲ਼ ਲਾ ਕੇ ਪਿਆਰ ਦਿੱਤਾ ਅਤੇ
ਵੈਰਾਗ ਵਿਚ ਰੋ ਪਈ। ਚਾਹੇ ਉਹਨਾਂ ਨੇ ਪਿੰਡਾਂ ਵਿਚ ਬੜੀ ਨਮੋਸ਼ੀ ਸਿਰਫ਼ ਅਤੇ ਸਿਰਫ਼
ਹਨੀ ਕਰਕੇ ਹੀ ਝੱਲੀ ਸੀ। ਪਰ ਫਿਰ ਵੀ ਮਾਂ ਦੇ ਆਪਣੇ ਢਿੱਡ ਦੀ ਅੱਗ ਸੀ। ਤਨ ਦੀ
ਆਂਦਰ ਸੀ, ਦਿਲੋਂ ਕਿਵੇਂ ਵਿਸਾਰਦੀ...? ਬੁੱਕਣ ਅਤੇ ਬਾਪੂ ਨੇ ਹਨੀ ਨੂੰ ਰਮਣੀਕ
ਹੋਰਾਂ ਦੇ ਨਾਲ਼ ਦਿੱਲੀ ਏਅਰਪੋਰਟ 'ਤੇ ਛੱਡਣ ਜਾਣਾ ਸੀ। ਬੁੱਕਣ ਰਮਣੀਕ ਦੇ ਬਹਾਨੇ
ਅੱਜ 'ਰੂੜੀ-ਮਾਰਕਾ' ਦਾ ਨਹੀਂ, ਵਿਸਕੀ ਦਾ ਪਹਿਲਾਂ ਹੀ ਪ੍ਰਬੰਧ ਕਰੀ ਫਿਰਦਾ ਸੀ।
-"ਵਾਟ ਲੰਮੀ ਐਂ ਯਾਰ..! ਸਫ਼ਰ ਕਿਮੇ ਪੂਰਾ ਹੋਊ..? ਦਾਰੂ ਬਿਨਾ ਤਾਂ ਆਪਣੇ ਝੱਗੇ
ਲਹਿ ਜਾਣਗੇ...!" ਉਹ ਡਰਾਈਵਰ ਨੂੰ ਆਖ ਰਿਹਾ ਸੀ।
ਬੁੱਕਣ ਅਤੇ ਰਮਣੀਕ ਸਾਰੇ ਰਾਹ ਹੀ ਪੀਂਦੇ ਆਏ ਸਨ। ਰਸਤੇ ਵਿਚੋਂ ਉਹਨਾਂ ਨੇ
'ਰੈੱਡ-ਨਾਈਟ' ਦੀ ਇਕ ਬੋਤਲ ਹੋਰ ਲਈ ਸੀ।
ਦਿੱਲੀ ਏਅਰਪੋਰਟ Ḕਤੇ ਅੰਦਰ ਵੜਨ ਲੱਗੀ ਹਨੀ ਨੂੰ ਬਾਪੂ ਨੇ ਇਕ ਪਾਸੇ ਕਰ ਲਿਆ। ਉਹ
ਸੁਆਲਾਂ ਦੀ ਮੂਰਤ ਬਣੀ ਬਾਪੂ ਕੋਲ਼ ਆ ਗਈ।
-"ਕੀ ਗੱਲ ਐ ਬਾਪੂ..?" ਹਨੀ ਅਤੀਅੰਤ ਹੈਰਾਨ ਸੀ।
-"ਦੋ ਕਿੱਲੇ ਫ਼ੂਕ ਕੇ ਤੇਰਾ ਵਿਆਹ ਕੀਤੈ ਹਨੀ..! ਸਾਨੂੰ ਨਾ ਦਿਲੋਂ ਭੁਲਾਦੀਂ..! ਘਰ
ਦਾ ਮਾੜਾ ਜਿਆ ਖ਼ਿਆਲ ਰੱਖੀਂ..! ਜੇ ਹੋ ਸਕਿਆ ਤਾਂ ਆਪਣੇ ਬੁੱਕਣ ਸਿਉਂ ਨੂੰ ਵੀ ਬਾਹਰ
ਈ ਖਿੱਚ ਲਈਂ, ਤੇ ਨਹੀਂ ਘਰ ਦਾ ਖਿਆਲ ਜਰੂਰ ਰੱਖੀਂ, ਬਾਕੀ ਤੂੰ ਆਪ ਸਿਆਣੀ ਐਂ, ਪੜੀ
ਲਿਖੀ ਐਂ..! ਜਾਹ ਰੱਬ ਤੇਰਾ ਭਲਾ ਕਰੇ...!" ਤੇ ਹਨੀ ਕਈ ਸੁਆਲਾਂ ਵਿਚ ਉਲ਼ਝ
ਏਅਰਪੋਰਟ ਅੰਦਰ ਚਲੀ ਗਈ। ਦਾਰੂ ਪੀਤੀ ਵਿਚ ਬੁੱਕਣ ਦਾ ਸਿਰ ਪਲੋਸਣ ਦਾ ਚਾਅ ਵਿਚ ਹੀ
ਰਹਿ ਗਿਆ ਸੀ।
ਇੰਗਲੈਂਡ ਦੀ ਧਰਤੀ ਹਨੀ ਲਈ ਅਤੀਅੰਤ ਓਪਰੀ ਧਰਤੀ ਸੀ। ਬੇਗਾਨੀ ਜਿਹੀ
ਦੁਨੀਆਂ...! ਮਤਲਬੀ ਜਿਹਾ ਮਾਹੌਲ਼..! ਅਤੀ ਅੰਤ ਮਸ਼ਰੂਫ਼ ਲੋਕ...! ਇਕ ਦੂਜੇ ਤੋਂ
ਅੱਗੇ ਲੰਘਣ ਦੀ ਅਮੁੱਕ ਦੌੜ..! ਹਰ ਕੋਈ ਆਪਣੇ ਕਾਰਜ ਲਈ ਸੁਚੇਤ...! ਇਕ ਗੱਲ ਹਨੀ
ਨੂੰ ਜੋ ਸਭ ਤੋਂ ਵੱਧ ਹੈਰਾਨ ਕਰਨ ਵਾਲ਼ੀ ਸੀ, ਉਹ ਇਹ ਸੀ ਕਿ ਇੱਥੇ ਤਾਂ ਲੋਕ ਮਰੇ
ਇਨਸਾਨ ਦੀਆਂ ਅੰਤਿਮ ਰਸਮਾਂ ਵੀ ਐਤਵਾਰ ਨੂੰ ਹੀ ਪੂਰੀਆਂ ਕਰਦੇ ਸਨ..! ਮਸ਼ੀਨਾਂ ਨਾਲ਼
ਮਸ਼ੀਨ ਹੋਈ ਦੁਨੀਆਂ..! ਇਕ ਤਰ੍ਹਾਂ ਨਾਲ਼ ਤੁਰਦੀਆਂ ਫਿਰਦੀਆਂ ਕੱਠਪੁਤਲੀਆਂ...! ਤੇਜ਼
ਰੌਸ਼ਨੀਆਂ ਵਿਚ ਖੋਖਲ਼ੇ ਹੋਏ ਦਿਮਾਗ ਅਤੇ ਮਾਰਗੇਜਾਂ ਦੇ 'ਬੋਡੇ' ਕੀਤੇ ਦੇਸੀ ਲੋਕ..!
ਹਰ ਰੋਜ਼ ਰਿਸ਼ਤਿਆਂ ਦੀ ਹੁੰਦੀ ਦੁਰਗਤੀ...! ਮਾਂ ਬਾਪ ਤੋਂ ਮੁੱਖ ਮੋੜ ਚੱਲੀ ਅਗਲੀ
ਪੀੜ੍ਹੀ...! ਗੋਹਾ ਪੱਥਦੀਆਂ ਆਈਆਂ ਅਨਪੜ੍ਹ ਔਰਤਾਂ ਵੱਲੋਂ ਪੰਜਾਬੀ ਭੁੱਲ ਅੰਗਰੇਜ਼ੀ
ਭਾਸ਼ਾ ਦੀ ਕੀਤੀ ਜਾਂਦੀ ਖੁਰਵੱਢ...! ਹੋਰ ਤਾਂ ਹੋਰ ਇੱਥੇ ਆ ਕੇ ਤਾਂ ਅਨਪੜ
ਪੰਜਾਬੀਆਂ ਨੇ ਅੰਗਰੇਜ਼ੀ ਦੀ ਅਹੀ-ਤਹੀ ਫੇਰ ਮਾਰੀ ਸੀ...। 'ਵਿੰਡੋ' ਨੂੰ 'ਬਿੰਡਾ'
ਅਤੇ 'ਸੰਡੇ' ਨੂੰ 'ਸੰਢਾ' ਬਣਾ ਧਰਿਆ ਸੀ।
ਦੋ ਕੁ ਹਫ਼ਤੇ ਰਮਣੀਕ ਨੇ ਹਨੀ ਨੂੰ ਇੰਗਲੈਂਡ ਵਿਚ ਵਾਹਵਾ ਘੁੰਮਾ ਫਿਰਾ ਦਿੱਤਾ
ਸੀ। ਰਿਸ਼ਤੇਦਾਰਾਂ ਨਾਲ ਮੇਲ਼-ਗੇਲ਼ ਕਰਵਾ ਦਿੱਤਾ ਸੀ। ਰਮਣੀਕ ਆਪ ਖ਼ੁਦ ਡਿਪਲੋਮੈਟ
ਸਕਿਊਰਿਟੀ ਵਿਚ ਸਕਿਊਰਿਟੀ ਅਫ਼ਸਰ ਸੀ। ਉਸ ਨੇ ਜਾਣ ਪਹਿਚਾਣ ਹੋਣ ਕਾਰਨ ਹਨੀ ਨੂੰ
ਹੀਥਰੋ ਏਅਰਪੋਰਟ 'ਤੇ ਸਫ਼ਾਈ ਦੀ ਨੌਕਰੀ ਲੈ ਦਿੱਤੀ। ਕਾਲਜਾਂ ਵਿਚ ਐਸ਼ ਕਰਦੀ ਆਈ ਹਨੀ
ਨੂੰ ਇਕ ਵਾਰ ਤਾਂ ਸਫ਼ਾਈ ਦੀ ਨੌਕਰੀ ਸੁਣ ਕੇ ਗਸ਼ ਪੈਣ ਵਾਲ਼ੀ ਹੋ ਗਈ। ਪਰ ਮਿਸਜ਼
ਢਿੱਲੋਂ ਦੀ ਗੱਲ ਸੁਣ ਕੇ ਉਸ ਦਾ ਦਿਲ ਕੁਝ ਟਿਕਾਣੇ ਆ ਗਿਆ।
-"ਗੱਲ ਸੁਣ ਹਨੀ..! ਐਥੇ ਤਾਂ ਕੈਮਿਸਟਾਂ ਤੋਂ ਲੈ ਕੇ ਮਾਸਟਰਾਂ ਤੱਕ ਸਫ਼ਾਈ ਕਰਦੇ
ਐ..! ਹੋਰ ਤਾਂ ਹੋਰ, ਇਕ ਤੈਨੂੰ ਮੈਂ ਸੱਚੀ ਦੱਸਾਂ..?"
-".......।" ਹਨੀ ਚੁੱਪ ਚਾਪ ਸੁਣ ਰਹੀ ਸੀ।
-"ਅਮਰਜੀਤ ਦੀ ਘਰਆਲ਼ੀ ਨੇ ਪੀ. ਐੱਚ. ਡੀ. ਕੀਤੀ ਹੋਈ ਐ, ਤੇ ਉਹ ਭੈਣ ਮੇਰੀਏ ਐਥੇ
ਤੇਰੇ ਆਲ਼ੇ ਏਅਰਪੋਰਟ Ḕਤੇ ਈ ਟੁਐਲਟਾਂ ਸਾਫ਼ ਕਰਦੀ ਐ..! ਐਥੇ ਭੈਣੇ ਕੰਮ ਦਾ ਕੋਈ
ਮਿਹਣਾ ਨ੍ਹੀ..! ਵਲੈਤ ਜਾਂ ਤਾਂ ਭੈਣ ਮੇਰੀਏ ਢੰਗ ਦੀ ਤੇ ਜਾਂ ਨੰਗ ਦੀ..! ਜੇ ਥੋਡੇ
ਕੋਲ਼ੇ ਚਾਰ ਪੈਸੇ ਹੈਗੇ ਆ, ਤਾਂ ਥੋਡੀ ਐਸ਼ ਐ, ਤੇ ਨਹੀਂ ਤਾਂ ਐਥੇ ਤਾਂ ਥੋਨੂੰ ਕਿਸੇ
ਅਨਪੜ੍ਹ ਨੇ ਨ੍ਹੀ ਸਿੱਧੇ ਮੂੰਹ ਨਾਲ਼ ਬੁਲਾAਣਾਂ...! ਦੁਨੀਆਂ ਭੈਣ ਮੇਰੀਏ ਐਥੇ ਬੜੀ
ਦੂਰ ਲੰਘੀ ਵੀ ਐ..! ਆਬਦਾ ਅੱਖਾਂ ਮੀਚ ਕੇ ਤੇ ਕੰਨ ਬੰਦ ਕਰਕੇ ਕੰਮ ਕਰ..! ਐਥੇ
ਤੈਨੂੰ ਕਿਸੇ ਨੇ ਨ੍ਹੀ ਪੁੱਛਣਾ ਬਈ ਕਿੰਨਾਂ ਕੁ ਪੜ੍ਹੀ ਐਂ, ਕਿੰਨਾਂ ਨਹੀਂ..? ਤੇਰੇ
ਕੋਲ਼ੇ ਚਾਰ ਪੈਸੇ ਹੋਣਗੇ ਤਾਂ ਲੋਕ ਤੈਨੂੰ ਸਲਾਮਾਂ ਕਰਨਗੇ..! ਤੇ ਨਹੀਂ ਭੈਣ ਮੇਰੀਏ
ਤੇਰੀ ਐਥੇ ਕਿਸੇ ਨੇ ਬਾਤ ਨ੍ਹੀ ਪੁੱਛਣੀ..! ਐਥੇ ਤਾਂ ਆਬਦੇ ਨ੍ਹੀ ਕਿਸੇ ਨੂੰ
ਬੁਲਾਉਂਦੇ..! ਆਬਦਾ ਅੱਖਾਂ ਮੀਚ ਕੇ ਕੰਮ ਕਰ, ਜਦੋਂ ਚਾਰ ਪੈਸੇ ਜੇਬ 'ਚ ਪੈਣ ਲੱਗ
ਪਏ, ਆਪੇ ਕੰਮ 'ਚ ਦਿਲ ਲੱਗਣ ਲੱਗ ਪਊ, ਦਿਲ ਲਾ ਕੇ ਕੰਮ ਕਰ...!" ਮਿਸਜ਼ ਢਿੱਲੋਂ ਨੇ
ਆਖਿਆ ਸੀ। ਉਸ ਦੀਆਂ ਗੱਲਾਂ ਕੋਰੀਆਂ ਜ਼ਰੂਰ ਸਨ, ਪਰ ਸੱਚੀਆਂ ਸਨ। ਇਕ ਤਰ੍ਹਾਂ ਨਾਲ਼
ਜ਼ਮਾਨੇ ਦਾ ਕੌੜਾ ਸੱਚ...!
ਹਨੀ ਨੂੰ ਅੰਗਰੇਜ਼ੀ ਗੁਜ਼ਾਰੇ ਜੋਗੀ ਆਉਂਦੀ ਹੀ ਸੀ। ਪਰ ਗੋਰਿਆਂ ਦੀ ਅੰਗਰੇਜ਼ੀ ਦਾ
ਉਚਾਰਣ ਉਸ ਦੇ ਸਿਰ ਉਪਰੋਂ ਦੀ ਲੰਘ ਜਾਂਦਾ। ਰਮਣੀਕ ਨੇ ਉਸ ਨੂੰ ਅੰਗਰੇਜ਼ੀ ਸਿੱਧੀ
ਕਰਨ ਲਈ ਇਕ "ਅਡੱਲਟ ਟਰੇਨਿੰਗ ਸੈਂਟਰ" ਵਿਚ ਦਾਖ਼ਲਾ ਲੈ ਦਿੱਤਾ। ਹਨੀ ਸਵੇਰੇ ਛੇ ਤੋਂ
ਦੋ ਵਜੇ ਤੱਕ, ਅੱਠ ਘੰਟੇ ਦੀ ਡਿਊਟੀ ਕਰਦੀ ਅਤੇ ਸ਼ਾਮ ਨੂੰ ਦੋ ਘੰਟੇ ਸੈਂਟਰ ਜਾ
ਆਉਂਦੀ। ਉਸ ਦੀ ਅੰਗਰੇਜ਼ੀ ਨਿੱਖਰਨੀ ਸ਼ੁਰੂ ਹੋ ਗਈ। ਗੋਰਿਆ ਦੀ ਅੰਗਰੇਜ਼ੀ ਦਾ ਉਚਾਰਣ
ਸਮਝ ਆਉਣ ਲੱਗ ਪਿਆ। ਕਾਲਿਜ ਵਿਚ ਅੰਗਰੇਜ਼ੀ ਦਾ ਲੱਗਿਆ ਜਾਗ ਹੁਣ ਰਿੜਕਣ 'ਤੇ ਆਇਆ
ਪਿਆ ਸੀ। ਕੰਮ 'ਤੇ ਉਸ ਦਾ ਅੰਗਰੇਜ਼ੀ ਨਾਲ਼ ਵਾਹ ਪੈਂਦਾ ਸੀ ਅਤੇ ਟਰੇਨਿੰਗ ਸੈਂਟਰ
ਵਾਲ਼ਿਆਂ ਨੇ ਉਸ ਨੂੰ ਟਰੇਂਡ ਕਰ ਦਿੱਤਾ ਸੀ। ਹੁਣ ਹਨੀ ਅੰਗਰੇਜ਼ੀ ਵਿਚ ਲੱਗਭੱਗ ਮਾਰ
ਨਹੀਂ ਖਾਂਦੀ ਸੀ। ਹੁਣ ਉਹ ਏਅਰਪੋਰਟ ਦੇ ਦੇਸੀ ਅਤੇ ਅੰਗਰੇਜ਼ੀ ਤੋਂ ਸੱਖਣੇ
ਕਰਮਚਾਰੀਆਂ ਵਿਚ ਪੜ੍ਹੀ ਲਿਖੀ ਵੱਜਣ ਲੱਗ ਪਈ ਸੀ। ਇਕ ਤਰ੍ਹਾਂ ਨਾਲ਼ ਅੰਨ੍ਹੀਆਂ ਵਿਚ
ਕਾਣੀ ਰਾਣੀ...! ਹੁਣ ਅੜੇ ਥੁੜੇ ਦੇਸੀ ਬੀਬੀਆਂ ਹਨੀ ਨੂੰ ਅਵਾਜ਼ ਮਾਰ ਲੈਂਦੀਆਂ ਅਤੇ
ਆਪਣਾ ਅੰਗਰੇਜ਼ੀ ਖੁਣੋਂ ਅੜਿਆ ਕੰਮ ਕਢਵਾ ਲੈਂਦੀਆਂ। ਹਨੀ ਵੀ ਕਿਸੇ ਨੂੰ ਜਵਾਬ ਨਹੀਂ
ਦਿੰਦੀ ਸੀ। ਰਹਿਮ ਕਰਨ ਵਾਲ਼ੀ ਕੁੜੀ ਸੀ। ਇਸ ਲਈ ਹਨੀ ਦੀ ਏਅਰਪੋਰਟ ਕਰਮਚਾਰੀਆਂ ਵਿਚ
'ਭੱਲ' ਜਿਹੀ ਬਣ ਗਈ ਸੀ। ਉਹ ਦਿਲ ਲਾ ਕੇ ਕੰਮ ਕਰਦੀ। ਹੁਣ ਉਸ ਨੇ ਕੰਪਿਊਟਰ ਸਿੱਖਣਾ
ਵੀ ਸ਼ੁਰੂ ਕਰ ਦਿੱਤਾ ਸੀ। ਪਰ ਏਅਰਪੋਰਟ ਉਪਰ ਬਾਪੂ ਦੀ ਆਖੀ ਗੱਲ ਉਸ ਦੇ ਮਨ ਵਿਚ
ਖੌਰੂ ਪਾਉਣ ਲੱਗ ਜਾਦੀ। ਬਾਪੂ ਨੇ ਕੋਈ ਬੁਰੀ ਗੱਲ ਵੀ ਨਹੀਂ ਕਹੀ ਸੀ। ਮੇਰੇ ਵਿਆਹ
ਲਈ, ਮੇਰੇ ਸੁਖ ਲਈ ਹੀ ਤਾਂ ਬਾਪੂ ਨੇ ਦੋ ਕਿੱਲੇ ਫ਼ੂਕੇ ਸਨ..? ਨਹੀਂ ਕਿਹੜਾ ਬਾਪ
ਆਪਦੇ ਪੁੱਤਾਂ ਦਾ ਵੈਰੀ ਬਣਦੈ...? ਇਹ ਤਾਂ ਬੁੱਕਣ ਹੀ ਸਿਆਣਾ ਸੀ, ਜਿਸ ਨੇ ਪੈਲ਼ੀ
ਗਹਿਣੇ ਕਰਦੇ ਬਾਪੂ ਨੂੰ ਰੋਕਿਆ ਨਹੀਂ ਸੀ..। ਨਹੀਂ ਤਾਂ ਜੱਟ ਦਾ ਪੁੱਤ ਮੁਕੱਦਮੇ
'ਤੇ ਲੱਖ ਲਾ ਦਿੰਦੈ, ਪਰ ਆਪਣਾ ਸਿਆੜ ਨਹੀਂ ਹੱਥੋਂ ਛੱਡਦਾ..। ਪਰ ਬਾਪੂ ਨੇ ਕਿਹੜਾ
ਕੋਈ ਅਲੈਹਦਾ ਕਾਰਜ ਕੀਤਾ ਸੀ....? ਸਾਰੀ ਦੁਨੀਆਂ ਹੀ ਆਪਣੇ ਧੀਆਂ ਪੁੱਤਾ ਨੂੰ
ਵਿਆਹੁੰਦੀ ਆਈ ਹੈ...? ਜੇ ਬਾਪੂ ਨੇ ਮੈਨੂੰ ਜੰਮਿਆਂ ਤਾਂ ਉਸ ਦਾ ਕੋਈ ਫ਼ਰਜ਼ ਵੀ ਬਣਦਾ
ਹੈ....? ਵਿਆਹ ਵਾਲ਼ਾ ਬਾਪੂ ਦਾ ਫ਼ਰਜ਼ ਸੀ....। ਉਹ ਉਸ ਨੇ ਨਿਭਾਅ ਦਿੱਤਾ....। ਹਰ
ਮਾਪਾ ਆਪਣੇ ਧੀ-ਪੁੱਤ ਦਾ ਕਾਰਜ ਕਰਦਾ ਹੈ...? ਪਰ ਜੇ ਹਰ ਮਾਂ ਬਾਪ ਦਾ ਬੱਚੇ ਪ੍ਰਤੀ
ਕਾਰਜ ਕਰਨ ਦਾ ਫ਼ਰਜ਼ ਬਣਦਾ ਹੈ, ਤਾਂ ਬੱਚੇ ਦਾ ਵੀ ਕੋਈ ਫ਼ਰਜ਼ ਹੁੰਦਾ ਹੈ ਕਿ ਮਾਂ-ਬਾਪ
ਦੀ ਮੱਦਦ ਕਰੇ....? ਪਰ ਧੀ ਤਾਂ ਕੋਈ ਵਿਆਹੀ ਜਾਣ ਤੋਂ ਬਾਅਦ ਮਾਂ-ਬਾਪ ਨੂੰ
ਖੁਆਉਂਦੀ ਨਹੀਂ ਦੇਖੀ...? ਇਹ ਫ਼ਰਜ਼ ਤਾਂ ਪੁੱਤਾਂ ਦਾ ਹੀ ਹੁੰਦਾ ਹੈ...! ਜੇ ਪੁੱਤ
ਬਾਪ ਦੀ ਜਾਇਦਾਦ ਦੇ ਵਾਰਿਸ ਹਨ ਤਾਂ ਉਹਨਾਂ ਦਾ ਹੀ ਫ਼ਰਜ਼ ਬਣਦਾ ਹੈ ਕਿ ਬਾਪੂ ਦਾ ਹੱਥ
ਵਟਾਉਣ ਤੇ ਉਹਨਾਂ ਨੂੰ ਸਾਂਭਣ...? ਧੀਆਂ ਤਾਂ ਬਿਗਾਨਾ ਧਨ ਹੁੰਦੀਆਂ ਨੇ....! ਇਹ
ਤਾਂ ਵਿਆਹੀਆਂ ਜਾਣ ਤੋਂ ਬਾਅਦ ਸਹੁਰਿਆਂ ਦੀਆਂ ਹੁੰਦੀਐਂ...!
ਅਜਿਹੀਆਂ ਗੱਲਾਂ ਹਨੀ ਦੇ ਦਿਮਾਗ ਅੰਦਰ ਵਦਾਣ ਬਣ ਕੇ ਵੱਜਦੀਆਂ ਰਹਿੰਦੀਆਂ। ਪਰ
ਉਸ ਨੇ ਬਾਪੂ ਨੂੰ ਮੋਹ-ਵੈਰਾਗ਼ ਵਿਚ ਇਕ ਖ਼ਤ ਲਿਖ ਕੇ ਏਅਰਪੋਰਟ ਤੋਂ ਹੀ ਪੋਸਟ ਕਰ
ਦਿੱਤਾ, "ਮੈਂ ਤੇਰੀ ਧੀ ਨਹੀਂ ਬਾਪੂ, ਤੇਰਾ ਪੁੱਤ ਹਾਂ...! ਮੈਂ ਤੈਨੂੰ ਪੁੱਤ ਬਣ
ਕੇ ਦਿਖਾਊਂਗੀ...! ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰੀਂ...!" ਉਸ ਨੇ ਦਿਲ ਵਿਚ ਧਾਰ
ਲਿਆ ਸੀ ਕਿ ਉਹ ਬਾਪੂ ਦੀ ਦਿਲ ਖੋਲ੍ਹ ਕੇ ਆਰਥਿਕ ਮੱਦਦ ਕਰੇਗੀ! ਪਰ ਗੁਰਬਾਣੀ ਦਾ
ਕਥਨ, ਕਿ ਜੋ ਬਾਪ ਧੀ ਦਾ ਪੈਸਾ ਖਾਂਦੈ, ਉਹ ਵਾਰ ਵਾਰ ਜੰਮਦਾ, ਮਰਦਾ ਅਤੇ ਜਮਦੂਤਾਂ
ਦੇ ਕਰੋਧ ਦਾ ਸ਼ਿਕਾਰ ਹੀ ਹੁੰਦੈ...! ਪਰ ਸਾਰੇ ਲੋਕ ਕਿਹੜਾ ਗੁਰਬਾਣੀ ਦੇ ਆਧਾਰ 'ਤੇ
ਹੀ ਚੱਲਦੇ ਹਨ...? ਜੇ ਬੰਦਾ ਗੁਰਬਾਣੀ ਦੇ ਆਧਾਰ 'ਤੇ ਚੱਲੇ, ਸਾਰਾ ਜੱਗ ਦੇਵਤਿਆਂ
ਦਾ ਨਾ ਬਣ ਜਾਵੇ...? ਪਰ ਮੇਰਾ ਸਹੁਰਾ ਪ੍ਰੀਵਾਰ ਕੀ ਸੋਚੂ...? ਰਮਣੀਕ ਕੀ
ਆਖੇਗਾ...? ਪਰ ਸਹੁਰੇ ਪ੍ਰੀਵਾਰ ਨੂੰ ਕਿਹੜਾ ਮੈਂ ਪਤਾ ਲੱਗਣ ਦੇਣੈਂ...? ਚੁੱਪ ਚਾਪ
ਬਾਪੂ ਨੂੰ ਚੈੱਕ ਬਣਾ ਕੇ ਤੋਰ ਦਿਆ ਕਰਨੈਂ..! ਚੱਲੋ ਜੀ, ਖਾਣਗੇ ਪੀਣਗੇ ਤੇ ਐਸ਼ਾਂ
ਕਰਨਗੇ...! ਪਰ ਦੁਨੀਆਂ ਦਾ ਦਸਤੂਰ ਇਹ ਇਜਾਜ਼ਤ ਨਹੀਂ ਦਿੰਦਾ ਹਨੀ, ਕਿ ਵਿਆਹ ਮਗਰੋਂ
ਵੀ ਕਮਾਈ ਕਰਕੇ ਪੇਕਿਆਂ ਨੂੰ ਖੁਆਈ ਜਾਓ..? ਪਰ ਦੁਨੀਆਂ ਦਾ ਕੀ ਐ...? ਦੁਨੀਆਂ ਨੂੰ
ਜਾਣਦੀ ਐ ਮੇਰੀ ਜੁੱਤੀ..! ਮੈਂ ਬਾਪੂ ਨੂੰ ਪੁੱਤ ਬਣ ਕੇ ਦਿਖਾਉਣੈਂ..! ਇਹ ਵਿਚਾਰ
ਹਨੀ ਦੇ ਮਨ ਵਿਚ ਖ਼ਰੂਦ ਕਰਦੇ ਰਹਿੰਦੇ!
ਹਨੀ ਨੇ ਕੰਪਿਊਟਰ ਦਾ ਕੋਰਸ ਪੂਰਾ ਕਰ ਕੇ ਸਰਟੀਫ਼ਿਕੇਟ ਹਾਸਲ ਕਰ ਲਿਆ। ਹੁਣ ਉਸ
ਦਾ ਕੰਪਿਊਟਰ 'ਤੇ ਵੀ ਹੱਥ ਵਾਹਵਾ ਚੱਲ ਪਿਆ ਸੀ ਅਤੇ ਕੰਪਿਊਟਰ ਦੀ ਤਕਨੀਕ ਬਾਰੇ ਸਮਝ
ਆ ਗਈ ਸੀ। ਗੱਲ ਕੀ, ਹੁਣ ਉਹ ਹਰ ਖ਼ੇਤਰ ਵਿਚ ਵਾਹੋਦਾਹ ਮੱਲਾਂ ਮਾਰਦੀ ਜਾ ਰਹੀ ਸੀ।
ਅੰਗਰੇਜ਼ੀ ਜੇ ਅਜੇ ਫ਼ਰਾਟੇਦਾਰ ਨਹੀਂ ਬੋਲਦੀ ਸੀ, ਤਾਂ ਅੰਗਰੇਜ਼ੀ ਪੱਖੋਂ ਛੇਤੀ ਕੀਤੇ
ਮਾਰ ਵੀ ਨਹੀਂ ਖਾਂਦੀ ਸੀ। ਰਮਣੀਕ ਅਤੇ ਹਨੀ ਦੇ ਦਿਨ ਤੀਆਂ ਵਾਂਗ ਲੰਘ ਰਹੇ ਸਨ।
ਰਮਣੀਕ ਹਨੀ ਨੂੰ ਕਈ ਵਾਰ ਬੱਚੇ ਬਾਰੇ ਬਾਤ ਜਿਹੀ ਪਾ ਚੁੱਕਿਆ ਸੀ। ਪਰ ਹਨੀ ਨੇ ਕੰਨ
ਮੁੱਢ ਮਾਰ ਛੱਡਿਆ, "ਐਡੀ ਵੀ ਕੀ ਕਾਹਲ਼ੀ ਐ ਰੰਮੀਂ..? ਮੈਂ ਕਿਤੇ ਭੱਜ ਤਾਂ ਨ੍ਹੀ
ਚੱਲੀ..? ਬੱਚਾ ਵੀ ਹੋ ਜਾਊ..!" ਆਖ ਕੇ ਹਨੀ ਨੇ ਗੱਲ ਹਾਸੇ ਵਿਚ ਪਾ ਲਈ। ਰਮਣੀਕ
ਨੂੰ ਕਈ ਵਾਰ ਹਨੀ 'ਤੇ ਸ਼ੱਕ ਜਿਹਾ ਹੁੰਦਾ। ਕਿਉਂਕਿ ਉਸ ਦੀ ਪਹਿਲੀ ਘਰਵਾਲ਼ੀ ਦੇ ਵਸਣ
ਦੇ ਕੋਈ ਚਾਲੇ ਨਹੀਂ ਸਨ। ਇਸ ਲਈ ਉਸ ਨੇ ਰਮਣੀਕ ਦੇ ਪੂਰਾ ਜੋਰ ਪਾਉਣ 'ਤੇ ਵੀ ਬੱਚਾ
ਨਹੀਂ ਜੰਮਿਆਂ ਸੀ। ਇਸ ਲਈ ਸ਼ੱਕੀ ਹੋਇਆ ਰਮਣੀਕ ਹਨੀ 'ਤੇ ਵੀ ਸ਼ੱਕ ਜਿਹੀ ਕਰਨ ਲੱਗ
ਪੈਂਦਾ। ਪਰ ਫਿਰ ਆਪਣੇ ਮਨ ਦਾ ਵਹਿਮ ਸਮਝ ਕੇ ਹੀ ਅੱਖੋਂ ਪਰੋਖੇ ਕਰ ਦਿੰਦਾ।
ਸਕਿਊਰਿਟੀ ਦੀ ਕੰਨਟੀਨ ਵਿਚ ਕੰਮ ਵਾਲ਼ੇ ਯਾਰ ਮਿੱਤਰ ਉਸ ਨੂੰ ਮਿਹਣੇ ਜਿਹੇ ਮਾਰਦੇ।
-"ਉਏ ਰੰਮੀਂ..! ਕਿੰਨਾਂ ਚਿਰ ਹੋ ਗਿਆ ਵਿਆਹ ਕਰਵਾਏ ਨੂੰ, ਭਰਜਾਈ ਕੋਈ ਜੁਆਕ
ਜੱਲਾ ਜੰਮੂੰ ਕਿ ਨਹੀਂ..? ਅਸੀਂ ਤਾਂ ਯਾਰ ਨਿੱਤ ਪਾਰਟੀ ਉਡੀਕਦੇ ਐਂ, ਤੇ ਤੂੰ ਆਲ਼ੇ
ਕੌਡੀ ਛਿੱਕੇ ਕੌਡੀ ਈ ਕਰ ਛੱਡਦੈਂ...?" ਫ਼ੌਜੀ ਗ਼ਿਲਾ ਕਰਦਾ।
-"ਕਿਤੇ ਬਾਈ ਸਿਆਂ ਤੇਰੇ ਤਾਂ ਨ੍ਹੀ ਦੀਵੇ 'ਚੋਂ ਤੇਲ ਮੁੱਕ ਗਿਆ...?" ਹਰਚੰਦ
ਟੱਲੇਆਲ਼ੀਆ ਨਵੀਂ ਹੀ ਗੱਲ ਸੁਣਾਉਂਦਾ ਤਾਂ ਰਮਣੀਕ ਨੂੰ ਆਪਣੇ ਆਪ 'ਤੇ ਸ਼ੱਕ ਜਿਹਾ ਹੋਣ
ਲੱਗਦਾ।
-"ਜੇ ਕੋਈ ਗੱਲ ਐ ਤਾਂ ਦੱਸਦੇ...? ਕੋਈ ਹਰਜ ਮਰਜ ਕਰੀ...!" ਜੈਤੋ ਵਾਲ਼ਾ ਸਾਧੂ ਵੀ
ਪਿੱਛੇ ਨਾ ਰਹਿੰਦਾ।
-"ਉਏ ਕਾਹਨੂੰ ਮਗਜਮਾਰੀ ਕਰੀ ਜਾਨੇ ਐਂ..? ਅੱਜ ਕੱਲ੍ਹ ਦੀਆਂ ਕੁੜੀਆਂ ਆਪਣੇ ਆਲ਼ੀਆਂ
ਅਰਗੀਆਂ ਪਸ਼ੂ ਨ੍ਹੀ ਬਈ ਵਿਆਹ ਕਰਵਾਇਆ, ਤੇ ਪੱਪੂ ਕਾਕੇ ਜੰਮ ਕੇ ਢੇਰ ਲਾਅਤੇ..! ਅੱਜ
ਕੱਲ੍ਹ ਦੀਆਂ ਤਾਂ ਭਾਈ ਜ਼ਿੰਦਗੀ ਦਾ ਲੁਤਫ਼ ਲੈਂਦੀਐਂ..! ਕਿਉਂ ਬਈ..?" ਕਾਮਰੇਡ ਖਰੀ
ਸੁਣਾਉਂਦਾ।
-"ਉਏ ਸਰ ਆਪਣਾ ਵੀ ਜਾਂਦਾ ਜੁਆਕਾਂ ਵੱਲੋਂ..! ਪਰ ਕੁੜੀ ਯ੍ਹਾਵੇ ਦੀਆਂ ਦੂਜੀਆਂ
ਬੁੜ੍ਹੀਆਂ ਈ ਨ੍ਹੀ ਟਿਕਣ ਦਿੰਦੀਆਂ..! ਐਵੇਂ ਈ ਨਿੱਤ ਪੁੱਛੀ ਜਾਣਗੀਆਂ, ਕਿਉਂ
ਕੁੜ੍ਹੇ? ਹੋਈ ਕੋਈ ਮੈਦਵਾਰੀ..? ਲੈ ਦੱਸੋ...? ਬਈ ਤੁਸੀਂ ਖੁਸਰੇ ਨਚਾਉਣੇ ਐਂ?
ਅਗਲੀ ਨਹੀਂ ਜੰਮਦੀ ਨਾ ਜੰਮੇ..! ਤੁਸੀਂ ਮੱਲੋਮੱਲੀ ਤਾਂ ਨ੍ਹੀ ਖੁਰੜੇ ਖਿੱਚਣੇ..?"
ਹਰਚੰਦ ਪਤਾ ਨਹੀਂ ਕਿਸ ਨੂੰ ਖਿਝ ਕੇ ਆਖਦਾ।
-"ਉਏ ਰੰਡੀਆਂ ਤਾਂ ਰੰਡ ਕੱਟ ਲੈਣ ਸਾਥੀ, ਪਰ ਉਂਗਲਾਂ ਆਲ਼ੇ ਈ ਨ੍ਹੀ ਕੱਟਣ
ਦਿੰਦੇ...!"
-"ਉਏ ਗੱਲ ਬਾਈ ਹੋਰ ਐ-!" ਲੋਪੋ ਵਾਲ਼ਾ ਜੁਗਰਾਜ ਫ਼ੌਜੀ ਬੋਲਿਆ।
ਸਾਰੇ ਉਸ ਵੱਲ ਤੱਕਣ ਲੱਗ ਪਏ। ਜਿਵੇਂ ਕਾਣਾਂ ਬੋਕ ਤੁੱਕਿਆਂ ਵੱਲ ਝਾਕਦੈ!
-"ਐਥੋਂ ਦੇ ਜੰਮੇ ਜੁਆਕ ਵੀ ਸਾਲ਼ੇ ਨਾ ਹੋਇਆਂ ਅਰਗੇ ਐ...!"
-"ਲੈ ਫ਼ੌਜੀਆ ਐਥੋਂ ਦੇ ਜੁਆਕਾਂ ਦੀ ਸੁਣਲੈ..!"
-"ਆਪਣਾ ਦਰਸ਼ਣ ਐਂ ਨਾ...?"
-"ਕਿਹੜਾ ਦਰਸ਼ਣ...?"
-"ਦਰਸ਼ਣ ਯਾਰ, ਯਾਰ ਆਪਣਾ, ਬੱਕਰੀਆਂ ਆਲ਼ਾ...!"
-"ਅੱਛਾ..? ਆਹੋ..!"
-"ਉਹਦੇ ਜੁਆਕ ਐ ਪੰਜ਼.। ਤੇ ਜੇ ਉਹਨੂੰ ਕੋਈ ਪੁੱਛੂ ਬਈ ਜੁਆਕ ਕਿੰਨੇ ਐਂ ਬਾਈ, ਤਾਂ
ਪਤੈ ਕੀ ਜਬਾਬ ਦਿੰਦੈ..?"
-"ਕੀ...?" ਸਾਰਿਆਂ ਨੇ ਹਲ਼ਕ ਛੁੱਟਣ ਵਾਂਗ ਪੁੱਛਿਆ।
-"ਆਖੂ ਦੋ ਜੁਆਕ ਐ..!"
-"ਉਹ ਕਿਉਂ ਬਈ...?"
-"ਤੂੰ ਸੁਣ ਤਾਂ ਸਹੀ..! ਇਕ ਦਿਨ ਮੈਂ ਵੀ ਡਰਦੇ ਜੇ ਨੇ ਪੁੱਛ ਲਿਆ, ਬਈ ਬਾਈ ਜੁਆਕ
ਤੇਰੇ ਪੰਜ ਐ, ਤੇ ਦੱਸਦਾ ਤੂੰ ਸਿਰਫ਼ ਦੋ ਐਂ? ਕਾਰਨ ਸਮਝ ਨ੍ਹੀ ਆਇਆ..? ਮੈਨੂੰ ਬਣਾ
ਸੁਆਰ ਕੇ ਪਤਾ ਕੀ ਕਹਿੰਦਾ...?"
-"ਕੀ ਕਹਿੰਦਾ..?"
-"ਕਹਿੰਦਾ ਬਾਈ ਜੁਆਕ ਤਾਂ ਮੇਰੇ ਪੰਜ ਈ ਐ..! ਪਰ ਤਿੰਨ ਜੁਆਕ ਸਾਲ਼ੇ ਅਠਾਰਾਂ ਸਾਲ
ਤੋਂ ਉਪਰ ਹੋ ਗਏ..! ਮਤਲਬ ਬਾਲਗ ਹੋ ਗਏ...! ਕੀ ਪਤੈ ਹੁਣ ਕਦੋਂ ਕਿੱਧਰ ਨੂੰ ਉਡਾਰੀ
ਮਾਰ ਜਾਣ...? ਇਸ ਕਰਕੇ ਆਖੀਦੈ ਬਈ ਜੁਆਕ ਮੇਰੇ ਦੋ ਈ ਐ..! ਤੇ ਵੀਰ ਮੇਰਿਆ ਅਗਲੇ
ਸਾਲ ਸਮਝਲਾ ਇੱਕੋ ਈ ਰਹਿ ਜਾਣੈਂ, ਕਿਉਂਕਿ ਛੋਟਿਓਂ ਵੱਡੇ ਨੇ ਵੀ ਅਠਾਰਾਂ ਸਾਲ ਦਾ
ਹੋ ਜਾਣੈਂ..! ਲੈ ਆਹ ਉਹਦੀਆਂ ਪਤੰਦਰ ਦੀਆਂ ਗੱਲਾਂ ਤੇ ਆਹ ਬਾਤਾਂ..!"
-"ਗੱਲ ਤਾਂ ਉਹਦੀ ਵੀ ਸਹੀ ਐ ਯਾਰ..! ਕੋਈ ਝੂਠ ਨੀ...! ਐਥੋਂ ਦੇ ਜੰਮੇ-ਪਲ਼ੇ ਜੁਆਕ
ਸਾਲ਼ੇ ਪੰਛੀਆਂ ਅਰਗੇ ...! ਜਦੋਂ ਅੱਖਾਂ ਜੀਆਂ ਖੁੱਲ੍ਹੀਆਂ, ਸੁਰਤ ਆਈ, ਉਡਾਰੀ ਮਾਰ
ਗਏ...! ਨਾ ਪਿਉ ਦਾ ਫ਼ਿਕਰ, ਨਾ ਮਾਂ ਦੀ ਚਿੰਤਾ...!"
ਸਕਿਊਰਿਟੀ ਦੀ ਕੰਨਟੀਨ ਵਿਚ ਰੌਣਕ ਲੱਗੀ ਰਹਿੰਦੀ। |