WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 9
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਅਜੇ ਰਮਣੀਕ ਕੰਮ 'ਤੇ ਜਾਣ ਲਈ ਤਿਆਰ ਹੀ ਹੋਇਆ ਸੀ ਕਿ ਕਿਸੇ ਦਾ ਫ਼ੋਨ ਖੜਕ ਪਿਆ
ਫ਼ੋਨ ਹਨੀ ਨੇ ਹੀ ਚੁੱਕਿਆ
ਜਦੋਂ ਉਸ ਨੇ 'ਹੈਲੋ' ਕਿਹਾ ਤਾਂ ਅੱਗਿਓਂ ਕਿਸੇ ਦੇ ਡੁਸਕਣ ਅਤੇ ਫਿਰ ਰੋਣ ਦੀ ਅਵਾਜ਼ ਆਈ ਹਨੀ ਹੈਰਾਨ ਹੋ ਗਈ ਇਹ ਕੌਣ ਸੀ? ਜੋ ਫ਼ੋਨ 'ਤੇ 'ਹੈਲੋ' ਕਹਿਣ ਸਾਰ ਹੀ ਰੋਣ ਲੱਗ ਪਿਆ
-"ਕੌਣ ਐਂ?" ਹਨੀ ਨੇ ਫਿਰ ਪੁੱਛਿਆ
-"ਹੈਲੋ?" ਫ਼ੋਨ ਕਰਨ ਵਾਲ਼ੀ ਕੋਈ ਔਰਤ ਸੀ ਉਸ ਨੇ ਨੱਕ ਸੁਣਕਦਿਆਂ 'ਹੈਲੋ' ਆਖੀ ਸੀ
-"ਹਾਂ, ਬੋਲੋ ਤਾਂ ਸਹੀ!" ਹਨੀ ਨੇ ਆਖਿਆ
-"ਹਨੀ ਭੈਣ ਜੀ ਮੈਂ ਦਵਿੰਦਰ ਬੋਲਦੀ ਆਂ! ਤੁਸੀਂ ਮੈਨੂੰ ਨਹੀਂ ਜਾਣਦੇ, ਮੇਰੇ ਹੱਸਬੈਂਡ ਤੁਹਾਡੇ ਹੱਸਬੈਂਡ ਨਾਲ਼ ਸਕਿਊਰਿਟੀ ਵਿਚ ਕੰਮ ਕਰਦੇ ਨੇ!" ਦਵਿੰਦਰ ਨੇ ਅੱਗਿਓਂ ਸੰਭਲਦਿਆਂ ਕਿਹਾ
-"ਹਾਂ ਦੱਸੋ ਕੀ ਕੰਮ ਐਂ? ਸਭ ਸੁੱਖ ਸਾਂਦ ਤਾਂ ਹੈ?"
-"ਸੁੱਖ ਸਾਂਦ ਕਾਹਦੀ ਭੈਣ ਜੀ? ਮੇਰੇ ਹੱਸਬੈਂਡ ਨੇ ਤਲਾਕ ਬਾਰੇ ਅਪਲਾਈ ਕੀਤਾ ਹੋਇਐ, ਦੋ ਵਾਰ ਅਦਾਲਤ ਵੀ ਜਾ ਆਏ ਐਂ! ਹੁਣ ਤੀਜੀ ਪੇਸ਼ੀ 'ਤੇ ਪੱਕਾ ਤਲਾਕ ! ਰਮਣੀਕ ਵੀਰ ਜੀ ਨੂੰ ਆਖੋ ਕਿ ਉਹ ਮੇਰੇ ਹੱਸਬੈਂਡ ਨੂੰ ਸਮਝਾਉਣ! ਮੈਂ ਤਾਂ ਪੱਟੀ ਗਈ ਭੈਣ ਜੀ!" ਉਹ ਫਿਰ ਡੁਸਕ ਪਈ
-"ਕੀ ਗੱਲ ਕੀ ਹੋਗੀ, ਕਸੂਰ ਕੀਹਦੈ? ਉਹ ਤਲਾਕ ਕਿਉਂ ਮੰਗਦੇ ਨੇ?"
-"ਜੇ ਸੱਚ ਦੱਸਾਂ ਤਾਂ ਕਸੂਰ ਤਾਂ ਭੈਣ ਜੀ ਸਰਾਸਰ ਮੇਰੈ! ਕਾਹਨੂੰ ਕਿਸੇ ਨੂੰ ਵਾਧੂ ਦੋਸ਼ ਦੇਵਾਂ? ਰਮਣੀਕ ਵੀਰ ਜੀ ਘਰ ਹੀ ਨੇ?"
-"ਹਾਂ, ਉਹ ਘਰ ਹੀ ਨੇ, ਗੱਲ ਕਰਵਾਵਾਂ?"
-"ਕਰਵਾ ਦਿਓ ਭੈਣ ਜੀ ਬਣਕੇ, ਨਹੀਂ ਮੇਰਾ ਘਰ ਤਾਂ ਪੱਟਿਆ ਗਿਆ!" ਦਵਿੰਦਰ ਦਾ ਫਿਰ ਰੋਣ ਨਿਕਲ਼ ਗਿਆ
ਹਨੀ ਨੇ ਫ਼ੋਨ ਰਮਣੀਕ ਨੂੰ ਫੜਾ ਦਿੱਤਾ
-"ਹੈਲੋ!"
-"ਭਾਅ ਜੀ ਸਾਸਰੀਕਾਲ਼!" ਦਵਿੰਦਰ ਨੇ ਕੁਝ ਸੰਭਲਦਿਆਂ ਆਖਿਆ
-"ਸਾਸਰੀਕਾਲ ਜੀ-!"
-"ਭਾਅ ਜੀ ਮੈਂ ਦਵਿੰਦਰ ਬੋਲਦੀਂ ਐਂ, ਬਲਵਿੰਦਰ ਦੀ ਮਿਸਜ਼! ਬਲਵਿੰਦਰ, ਜੀਹਨੂੰ ਬਿੱਲੂ ਕਹਿੰਦੇ -!"
-"ਹਾਂ, ਹਾਂ ਮੈਂ ਜਾਣਦੈਂ! ਬਲਵਿੰਦਰ ਨੂੰ ਵੀ ਜਾਣਦੈਂ ਤੇ ਬਿੱਲੂ ਨੂੰ ਵੀ!" ਰਮਣੀਕ ਨੇ ਵਿਅੰਗ ਨਾਲ਼ ਆਖਿਆ
-"ਤੁਹਾਨੂੰ ਭਾਅ ਜੀ ਸਾਡੀ ਕਹਾਣੀ ਦਾ ਪਤਾ !"
-"ਸਾਰਾ ਪਤੈ ਭੈਣ ਜੀ, ਸਾਰਾ ਪਤੈ!" ਰਮਣੀਕ ਨੂੰ ਖੁੰਧਕ ਚੜ੍ਹ ਗਈ
-".........." ਦਵਿੰਦਰ ਚੁੱਪ ਧਾਰ ਗਈ ਕੀ ਆਖਦੀ? ਜਦ ਦੋਸ਼ ਹੀ ਸਾਰਾ ਉਸ ਦਾ ਸੀ!

-"ਭੈਣ ਜੀ ਗੱਲ ਇਹ ! ਸਿਆਣੇ ਆਖਦੇ ਹੁੰਦੇ , ਵਕਤੋਂ ਖੁੰਝੀ ਡੂਮਣੀਂ ਗਾਹੇ ਆਲ਼ ਪਤਾਲ਼! ਜੇ ਤੁਸੀਂ ਸਮੇਂ ਸਿਰ ਵਕਤ ਸੰਭਾਲ਼ਿਆ ਹੁੰਦਾ ਤਾਂ ਆਹ ਨੌਬਤਾਂ ਨਹੀਂ ਸੀ ਆਉਣੀਆਂ! ਭੈਣ ਜੀ ਗੁੱਸਾ ਨਾ ਕਰਿਓ, ਤੁਸੀਂ ਤਾਂ ਉਦੋਂ ਆਬਦੀ ਜ਼ਿੱਦ ਮਗਰ ਲੱਗ ਕੇ ਘਰਆਲ਼ੇ ਨੂੰ ਊਂਈਂ ਟਿੱਚ ਸਮਝਿਆ! ਥੋਨੂੰ ਤਾਂ ਇਉਂ ਸੀ ਬਈ ਬਿੱਲੂ ਸਾਊ ਸ਼ਰੀਫ਼ ਜਿਆ ਹੈਗੈ, ਉਹਨੇ ਕਿਹੜਾ ਕਦੇ ਕੁਛ ਬੋਲਣੈਂ? ਥੋਨੂੰ ਇਹ ਨ੍ਹੀ ਸੀ ਪਤਾ ਬਈ ਵਕਤ ਬੰਦੇ ਨੂੰ ਬਹੁਤ ਕੁਛ ਸਿਖਾ ਦਿੰਦੈ! ਤੇ ਜੇ ਲੋੜ ਪਵੇ ਤਾਂ ਫ਼ਸਿਆ ਬੰਦਾ ਬਾਗੀ ਹੋਣ ਤੋਂ ਵੀ ਗੁਰੇਜ਼ ਨਹੀਂ ਕਰਦਾ! ਆਹ ਹੁਣ ਦੇਖ ਲਓ! ਥੋਡੇ ਸਾਹਮਣੇ ਐਂ? ਔਹ ਬੈਠੈ ਪਤੰਦਰ ਬਣਿਆਂ!"

-"ਭਾਅ ਜੀ ਕੁਛ ਕਰੋ! ਪਲੀਜ਼! ਮੈਂ ਬਹੁਤ ਦੁਖੀ ਐਂ, ਮੇਰਾ ਤਾਂ ਪੇਕਿਆਂ ਦਾ ਸਾਰਾ ਟੱਬਰ ਦੁਖੀ ! ਸਾਡੇ ਤਾਂ ਖਾਨਦਾਨ ' ਕਿਸੇ ਦਾ ਤਲਾਕ ਨ੍ਹੀ ਸੀ ਹੋਇਆ ਭਾਅ ਜੀ-! ਨਾਲ਼ੇ ਥੋਨੂੰ ਪਤੈ ਬਈ ਤਲਾਕ ਆਲ਼ੀ ਤੀਮੀ ਨੂੰ ਲੋਕ ਕਿੱਦਾਂ ਦੀ ਸਮਝਦੇ ਨੇ?"
-"ਭੈਣ ਜੀ ਤੁਸੀਂ ਉਸ ਬੰਦੇ ਨੂੰ ਅੱਖੋਂ ਪਰੋਖੇ ਐਨਾਂ ਕਰ ਦਿੱਤਾ ਸੀ, ਮਤਲਬ ਥੋਨੂੰ ਆਪਦੇ ਪੇਕਿਆਂ ਤੋਂ ਪਰ੍ਹੇ ਕੁਛ ਦਿਸਦਾ ਨਹੀਂ ਸੀ! ਹੁਣ ਸਿੱਟੇ ਵੀ ਇਹਦੇ ਥੋਨੂੰ ਭੁਗਤਣੇ ਪੈਣੇਂ ਐਂ! ਹੁਣ ਉਹਨੂੰ ਕੋਈ ਮੋਢਾ, ਕੋਈ ਸਹਾਰਾ ਮਿਲ ਗਿਆ! ਹੁਣ ਉਹ ਆਪਣੇ ਟਿਕਾਣੇ 'ਤੇ ਖ਼ੁਸ਼ ! ਆਪਣੀ ਖ਼ੁਸ਼ੀ ਛੱਡ ਕੇ ਬੰਦਾ ਫੇਰ ਨਰਕ ' ਕਦੋਂ ਆਉਂਦੈ? ਤੁਸੀਂ ਤਾਂ ਭੈਣ ਜੀ ਰੱਖਿਆ ਉਹਨੂੰ ਜੁੱਤੀ ਤੋਂ ਦੀ..! ਕੁੱਤਾ ਬਣਾਂ ਕੇ...!" ਰਮਣੀਕ ਨੇ ਵੀ ਖਰੀਆਂ ਖਰੀਆਂ ਸੁਣਾਂ ਧਰੀਆਂ

-"ਭਾਅ ਜੀ ਮੈਂ ਮੰਨਦੀ ਆਂ ਬਈ ਮੇਰਾ ਝੁਕਾਅ ਮੇਰੇ ਪੇਕੇ ਘਰ ਵੱਲ ਜ਼ਿਆਦਾ ਰਿਹੈ..! ਇਸੇ ਕਰਕੇ ਤਾਂ ਮੈਂ ਪੱਟੀ ਬੈਠੀ ਆਂ..! ਘਰੇ 'ਕੱਲੀ ਬੈਠੀ ਨੂੰ ਘਰ ਖਾਣ ਆਉਂਦੈ! ਆਖੋਂ ਤਾਂ ਮੈਂ ਮੁਆਫ਼ੀ ਮੰਗਣ ਲਈ ਵੀ ਤਿਆਰ ਆਂ, ਹੋਰ ਦੱਸੋ ਭਾਅ ਜੀ?" ਉਹ ਰਮਣੀਕ ਦੇ ਤਰਲੇ ਕਰ ਰਹੀ ਸੀ

-"ਮੁਆਫ਼ੀ ਆਲ਼ਾ ਸਮਾਂ ਤਾਂ ਮੇਰੀ ਨਜ਼ਰ ਵਿਚ ਬਹੁਤ ਦੂਰ ਚਲਿਆ ਗਿਆ, ਭੈਣ ਜੀ...! ਜਦੋਂ ਤੁਹਾਨੂੰ ਮੁਆਫ਼ੀ ਮੰਗਣੀ ਚਾਹੀਦੀ ਸੀ, ਉਦੋਂ ਤਾਂ ਤੁਸੀਂ ਉਹਨੂੰ ਗਾਲ਼ ਤੋਂ ਬਿਨਾਂ ਜਾਂ ਕੁੱਤੇ ਤੋਂ ਬਿਨਾਂ ਗੱਲ ਨ੍ਹੀ ਸੀ ਕੀਤੀ? ਹਰ ਚੀਜ਼ ਦਾ ਕੋਈ ਢੁਕਵਾਂ ਸਮਾਂ ਹੁੰਦੈ, ਭੈਣ ਜੀ! ਜੇ ਡਾਕਟਰ ਮਰੇ ਬੰਦੇ ਦੇ ਗੁਲੂਕੋਜ਼ ਲਾਈ ਜਾਊ, ਕੀ ਫ਼ਾਇਦਾ? ਜੇ ਬੰਦਾ ਸੁੱਕ ਚੁੱਕੀ ਵੇਲ ਨੂੰ ਪਾਣੀ ਪਾਈ ਜਾਊ, ਕੋਈ ਫ਼ਾਇਦਾ ਨਹੀਂ! ਤੇ ਮੇਰੀ ਨਜ਼ਰ ਵਿਚ ਹੁਣ ਮੁਆਫ਼ੀ ਆਲ਼ਾ ਸਮਾਂ ਬਹੁਤ ਦੂਰ ਲੰਘ ਗਿਆ! ਹੁਣ ਤਾਂ ਕਿਸੇ ਦੋ ਟੁੱਕ ਫ਼ੈਸਲੇ ਦਾ ਸਮਾਂ ਗਿਐ-!"
-"ਭਾਅ ਜੀ, ਤੁਹਾਡਾ ਰੱਬ ਵਰਗਾ ਆਸਰਾ ਤੱਕ ਕੇ ਤੁਹਾਡੀ ਸ਼ਰਨ ਆਈ ਐਂ! ਮੇਰੀ ਲਾਜ ਰੱਖੋ!"
-"ਦੇਖੋ ਭੈਣ ਜੀ! ਜਦੋਂ ਅਸੀਂ ਪੰਜ ਸੱਤ ਜਾਣੇਂ ਮੁਆਫ਼ੀ ਮੰਗਣ ਲਈ ਆਖਦੇ ਸੀ, ਉਦੋਂ ਤੁਸੀਂ ਸਾਡੀ ਗੱਲ ਨ੍ਹੀ ਮੰਨੀ! ਸਾਨੂੰ ਵੀ ਬੁਰਾ ਭਲਾ ਆਖਿਆ ਤੇ ਬਿੱਲੂ ਦੀ ਹਮਾਇਤ ਕਰਨ ਦਾ ਦੋਸ਼ ਵੀ ਥੋਡੇ ਵੱਲੋਂ ਸਾਡੇ 'ਤੇ ਲੱਗਿਆ! ਉਦੋਂ ਮੁਆਫ਼ੀ ਮੰਗਣ ਦਾ ਟਾਈਮ ਸੀ, ਤੇ ਹੁਣ ਜੇ ਅਸੀਂ ਬਿੱਲੂ ਨੂੰ ਕੁਛ ਆਖਦੇ ਐਂ, ਤਾਂ ਸਾਨੂੰ ਵੱਢਣ ਆਉਂਦੈ! ਉਹ ਤਾਂ ਕਹਿੰਦੈ ਬਈ ਜਦੋਂ ਮੈਂ ਦੁਖੀ ਸੀ, ਜਦੋਂ ਮੇਰੇ ਨਾਲ਼ ਵਧੀਕੀਆਂ ਹੁੰਦੀਆਂ ਸੀ, ਉਦੋਂ ਨਾ ਕਿਸੇ ਨੇ ਮੇਰਾ ਸਾਥ ਦਿੱਤਾ, ਹੁਣ ਕਾਹਤੋਂ ਭੱਜੇ ਫਿਰਦੇ ਓਂ?"
-"ਸੋਚੋ ਭਾਅ ਜੀ! ਮੇਰੇ ਜੁਆਕਾਂ ਦਾ ਕੀ ਬਣੂੰ? ਉਹ ਤਾਂ ਰੁਲ਼ ਜਾਣਗੇ!" ਦਵਿੰਦਰ ਨੇ ਆਖਰੀ ਹਥਿਆਰ ਰਮਣੀਕ ਵੱਲ ਸਿੰਨ੍ਹ ਲਿਆ
-"ਭੈਣ ਜੀ! ਸਿਆਣੇ ਆਖਦੇ ਬਈ ਜਿੱਧਰ ਗਿਆ ਬਾਣੀਆਂ ਤੇ ਉਧਰੇ ਗਿਆ ਬਜਾਰ! ਜਦੋਂ ਬੰਦਾ ਆਈ 'ਤੇ ਜਾਵੇ, ਸਾਰਾ ਕੁਛ ਭੁੱਲ ਜਾਂਦੈ! ਅੱਖੋਂ ਪਰ੍ਹੇ ਜੱਗ ਮਰਨ ਆਲ਼ੀ ਗੱਲ ! ਇਹਦੇ ਬਾਰੇ ਤਾਂ ਥੋਨੂੰ ਪਹਿਲਾਂ ਸੋਚਣਾਂ ਚਾਹੀਦਾ ਸੀ? ਹੁਣ ਸੱਪ ਖੱਡ ' ਵੜ ਗਿਐ, ਹੁਣ ਲੀਹ ਕੁੱਟਣ ਦਾ ਕੋਈ ਫ਼ਾਇਦਾ ਨ੍ਹੀ, ਹੁਣ ਘਰੇ ਬਹਿ ਕੇ ਰੱਬ ਰੱਬ ਕਰੋ! ਜਦੋਂ ਥੋਨੂੰ ਕੋਈ ਮੱਤ ਦਿੰਦੇ ਸੀ, ਤੁਸੀਂ ਸਗੋਂ ਸਾਡੇ 'ਤੇ ਦੂਸ਼ਣ ਮੜ੍ਹ ਦਿੰਦੇ ਸੀ! ਅਖੇ ਤੁਸੀਂ ਬਿੱਲੂ ਨਾਲ਼ ਰਲ਼ੇ ਹੋਏ ਐਂ! ਉਧਰੋਂ ਉਹ ਬੋਲਦਾ ਸੀ, ਅਖੇ ਤੁਸੀਂ ਦਵਿੰਦਰ ਦੀ ਰਾਇ ਕਰਵਾਉਨੇ ਐਂ! ਅਸੀਂ ਤਾਂ ਫਿਰ ਐਸੇ ਕਰ ਕੇ ਪਿੱਛੇ ਹੱਟ ਗਏ! ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਗਿਆ ਸੀ ਕਿ ਇਹ ਸਾਰਾ ਸਿਆਪਾ ਥੋਡੇ ਪੈਰੋਂ ਖੜ੍ਹਾ ਹੋਇਐ! ਥੋਡੀਆਂ ਇਕ ਨਹੀਂ, ਕਿੰਨੀਆਂ ਵਧੀਕੀਆਂ ਕਰਕੇ ਪਿਐ! ਮੁਆਫ਼ੀ ਮੰਗਣ ਲਈ ਤੁਸੀਂ ਤਿਆਰ ਨਹੀਂ ਸੀ, ਉਹ ਵੀ ਆਪਣੇ ਘਰਆਲ਼ੇ ਤੋਂ, ਜੀਹਦੇ ਨਾਲ਼ ਗੁਰੂ ਸਾਹਿਬ ਦੀ ਹਜੂਰੀ ' ਲਾਵਾਂ ਲਈਆਂ ਸੀ! ਗੱਲ ਸਾਨੂੰ ਵਿਤੋਂ ਬਾਹਰ ਦਿਸੀ, ਤਾਂ ਅਸੀਂ ਪਿੱਛੇ ਹਟੇ! ਉਧਰੋਂ ਸਾਡੀ ਉਹ ਬੇਇੱਜ਼ਤੀ ਕਰਦਾ ਸੀ, ਤੇ ਉਧਰੋਂ ਤੁਸੀਂ! ਅਸੀਂ ਸੋਚਿਆ ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲ਼ਾ ਹੋਊ, ਚੁੱਪ ਕਰਕੇ ਘਰ ਬੈਠੋ! ਕੀ ਲੈਣੈਂ ਐਹੋ ਜੀਆਂ ਸਰਪੈਂਚੀਆਂ ਤੋਂ? ਦੋਨੋਂ ਧਿਰਾਂ ਬੇਇੱਜ਼ਤੀ ਕਰ ਕੇ ਘਰ ਨੂੰ ਤੋਰ ਦਿੰਦੀਐਂ! ਅਸੀਂ ਕਿਹੜਾ ਵਿਚੋਂ ਕੁਛ ਖੱਟਣਾਂ ਸੀ? ਸਾਨੂੰ ਤਾਂ ਇਉਂ ਸੀ ਬਈ ਥੋਡਾ ਘਰ ਵਸਜੇ! ਬਿੱਲੂ ਦੀ ਪਿੱਠ ਸੁਣਦੀ , ਇਹਦੇ ਵਿਚ ਬਿੱਲੂ ਦਾ ਕੋਈ ਇਕ ਰੱਤੀ ਵੀ ਕਸੂਰ ਨਹੀਂ ਸੀ! ਸਾਰਾ ਕਸੂਰ ਥੋਡਾ ਸੀ ਭੈਣ ਜੀ, ਸਰਾਸਰ ਥੋਡਾ! ਮੇਰੇ ਦਿਮਾਗ ਅਨੁਸਾਰ ਹੁਣ ਦਿੱਲੀ ਬਹੁਤ ਦੂਰ ਲੰਘ ਚੁੱਕੀ ਭੈਣ ਜੀ!" ਅੱਕੇ ਰਮਣੀਕ ਨੇ ਦਵਿੰਦਰ ਨੂੰ ਸਿੱਧੀਆਂ ਹੀ ਸੁਣਾਂ ਧਰੀਆਂ ਉਹ ਸੋਚਦਾ ਸੀ ਕਿ ਕਿਹੋ ਜਿਹੀ ਔਰਤ ਹੈ? ਨਾਲ਼ੇ ਚੋਰ ਨਾਲੇ ਚਤਰਾਈ?? ਪਹਿਲਾਂ ਆਪਦੇ ਹੱਥੀਂ ਆਪਣਾ ਘਰ ਪੱਟ ਲਿਆ ਰੰਘੜ੍ਹਊ ' ਕੇ ਵੇਲ਼ਾ ਸਾਂਭਿਆ ਨਹੀਂ ਗਿਆ ਹੁਣ ਟਿੱਡੀਆਂ ਬੁਸ਼ਕਰਦੀ ਫ਼ਿਰਦੀ ਕੀ ਸਮਝਦੀ ਇਹ ਦੁਨੀਆਂ ਨੂੰ? ਬਈ ਸਾਰੀ ਦੁਨੀਆਂ ਪਾਗਲ ? ਸਿਰਫ਼ ਮੈਂ ਸਿਆਣੀ ਆਂ? ਪਹਿਲਾਂ ਪੇਕਿਆਂ ਤੋਂ ਬਿਨਾਂ ਤਾਂ ਇਹਨੂੰ ਕਿਸੇ ਦੀ ਗੱਲ ਨਹੀਂ ਸੀ ਸੁਣਦੀ ਹੁੰਦੀ! ਸਾਰਾ ਜਹਾਨ ਹੀ ਬੇਵਕੂਫ਼ ਲੱਗਦਾ ਸੀ ਹੁਣ ਦੁਹਾਈ ਦਿੰਦੀ ਫ਼ਿਰਦੀ , ਅਖੇ ਮੈਂ ਆਪਦੇ ਪੇਕਿਆਂ ਨੂੰ ਬੁਲਾਉਣਾਂ ਛੱਡ ਦਿੱਤਾ ਹੁਣ ਤਾਂ ਛੱਡ, ਚਾਹੇ ਬੁਲਾ! ਹੁਣ ਤਾਂ ਬਿੱਲੂ ਪੰਛੀ 'ਫ਼ੁਰਰ' ਕਰ ਕੇ ਹਰਜੋਤ ਦੀ ਕੱਛ ' ਜਾ ਬਿਰਾਜਿਆ ਹੁਣ ਮਾਰੀ ਚੱਲ ਸੀਟੀਆਂ ਖਿਲਾਰੀ ਚੱਲ ਦਾਣੇਂ! ਤੁੜਾਈ ਚੱਲ ਰੱਸੇ! ਦੇਈ ਚੱਲ ਕਿੱਲੇ 'ਤੇ ਗੇੜੇ! ਚੱਟ ਲੈ ਆਪਦੇ ਪੇਕਿਆਂ ਨੂੰ! ਚੱਕ ਲੈ ਸਿਰ 'ਤੇ...! ਚੋਪੜ ਲੈ ਸਿੰਗ ਬਾਪੂ ਦੇ...! ਹੁਣ ਨ੍ਹੀ ਆਉਂਦਾ ਤੇਰਾ ਪਤੰਦਰ...! ਵਜਾਈ ਚੱਲ ਬੰਸਰੀਆਂ...!

-"ਭਾਅ ਜੀ ਕੁਛ ਕਰੋ...! ਇਕ ਪਾਸੇ ਤੁਸੀਂ ਮੈਨੂੰ ਭੈਣ ਜੀ ਆਖਦੇ ਓਂ, ਤੇ ਦੂਜੇ ਪਾਸੇ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ...? ਬਿੱਲੂ ਥੋਡੀ ਗੱਲ ਮੰਨਦੈ, ਕਿਵੇਂ ਨਾ ਕਿਵੇਂ ਉਹਨੂੰ ਸਮਝਾਓ..! ਉਹ ਥੋਡੀ ਗੱਲ ਮੰਨਦੇ , ਕੁਛ ਕਰੋ, ਮੈਂ ਕੱਲ੍ਹ ਨੂੰ ਫਿਰ ਫ਼ੋਨ ਕਰੂੰਗੀ-!" ਤੇ ਦਵਿੰਦਰ ਨੇ ਫ਼ੋਨ ਰੱਖ ਦਿੱਤਾ

-"ਬੜੀ ਬੇਵਕੂਫ਼ ਔਰਤ ..! ਇਹਦਾ ਦਿਮਾਗ ਖਰਾਬ ਹੋਇਆ ਪਿਐ...? ਜਦੋਂ ਅਸੀਂ ਮੁਆਫ਼ੀ ਲਈ ਆਖਿਆ, ਸਾਡੀ ਗੱਲ ਨ੍ਹੀ ਮੰਨੀ..! ਹੁਣ ਜਦੋਂ ਉਹ ਪਤੰਦਰ ਬਣ ਕੇ ਘਰ ਛੱਡ ਗਿਆ, ਤੇ ਤਲਾਕ ਬਾਰੇ ਅਰਜ਼ੀ ਦੇ ਦਿੱਤੀ, ਹੁਣ ਲ੍ਹੇਲੜੀਆਂ ਕੱਢਦੀ ਫ਼ਿਰਦੀ ...! ਤੂੰ ਹੋਰ ਦੇਖ, ਉਹਨੂੰ ਬਿੱਲੂ ਇਉਂ ਆਖਦੀ , ਜਿਵੇਂ ਭਤੀਜਾ ਲੱਗਦਾ ਹੁੰਦੈ..!"
-"ਕੀ ਗੱਲ ਕੀ ਹੋਗੀ...?" ਹਨੀ ਆਪਣੀ ਜਗਾਹ ਹੈਰਾਨ ਸੀ

-"ਉਏ ਇਹਦੇ ਪੇਕਿਆਂ ਦਾ ਸਾਰਾ ਪ੍ਰੀਵਾਰ ਵੀ ਤੱਤੇ ਪੈਰਾਂ ਆਲ਼ੈ..! ਉਹਨਾਂ ਨੇ ਇਹਦੀ ਪੂਛ ਮਰੋੜ ਮਰੋੜ ਕੇ ਇਹਦਾ ਦਿਮਾਗ ਖਰਾਬ ਕਰੀ ਰੱਖਿਆ...! ਇਹਨੂੰ ਵੀ ਬਿੱਲੂ ਜੁੱਤੀ ਦੇ ਯਾਦ ਨ੍ਹੀ ਸੀ..! ਬਿੱਲੂ ਨੂੰ ਇਹਨੇ ਘਰਵਾਲ਼ਾ ਸਮਝਿਆ ਨ੍ਹੀ...! ਪੇਕਿਆਂ ਦੇ ਆਖੇ ਲੱਗ ਲੱਗ ਉਹਨੂੰ ਤੰਗ ਕਰਦੀ ਰਹੀ, ਨਾਸਾਂ ' ਸਾਹ ਬੰਦ ਕਰੀ ਰੱਖਿਐ, ਤੇ ਜਦੋਂ ਹੁਣ ਉਹ ਇਹਦੀਆਂ ਘਤਿੱਤਾਂ ਤੋਂ ਦੁਖੀ ਹੋ ਕੇ ਕਿਸੇ ਹੋਰ ਦੀ ਬੁੱਕਲ਼ ਵਿਚ ਜਾ ਵੜਿਆ, ਤੇ ਤਲਾਕ ਸਿਰੇ 'ਤੇ ਗਿਆ, ਹੁਣ ਪਿੱਟਦੀ ਫ਼ਿਰਦੀ , ਅਖੇ ਰਾਜੀਨਾਵਾਂ ਕਰਵਾਓ ਤੇ ਉਹਨੂੰ ਘਰੇ ਲਿਆਓ..! ਲੈ ਦੱਸ਼..? ਬਈ ਉਹ ਕੁੱਕੜ ਜੀਹਨੂੰ ਕੱਛ ' ਦੱਬ ਕੇ ਘਰੇ ਲੈ ਆਈਏ..? ਉਹ ਵੀ ਅਕਸਰ ਇਨਸਾਨ ਐਂ-!"

-"ਬੜੀ ਬੇਵਕੂਫ਼ ...!"

-"ਬੇਵਕੂਫ਼ ਵੀ , ਪਰ ਜ਼ਿੱਦੀ ਓਦੂੰ ਬਾਹਲ਼ੀ ...! ਜੇ ਕੋਈ ਔਰਤ ਆਬਦੇ ਘਰਆਲ਼ੇ ਤੋਂ ਗਲਤੀ ਦੀ ਮੁਆਫ਼ੀ ਮੰਗ ਲਵੇ, ਕੀ ਘਸਦੈ...? ਇਹ ਐਨੀਂ ਜਿੱਦੀ ਨਿੱਕਲ਼ੀ ਬਈ ਕਿਸੇ ਦੀ ਗੱਲ 'ਤੇ ਕੰਨ ਨ੍ਹੀ ਧਰਿਆ...? ਬੱਸ ਆਬਦੇ ਪੇਕੇ ਪ੍ਰਵਾਰ ਦੇ ਸੋਹਿਲੇ ਗਾਉਂਦੀ ਰਹੀ..! ਬਈ ਬੰਦਾ ਕਿਤੇ ਤਾਂ ਕਿਸੇ ਦੀ ਗੱਲ ਮੰਨਦੈ? ਨ੍ਹਾਂ! ਆਬਦੀ ਢੋਲਕੀ ਕੁੱਟੀ ਗਈ! ਬੱਸ ਇੱਕੋ ਰਟ ਲਾਈ ਰੱਖੀ, ਇਹ ਜੀ ਮੇਰੇ ਪੇਕਿਆਂ ਨੂੰ ਗਾਲ੍ਹਾਂ ਕੱਢਦੈ, ਇਹ ਮੇਰੇ ਪੇਕਿਆਂ ਨੂੰ ਬੁਰਾ ਭਲਾ ਬੋਲਦੈ! ਬਈ ਜਿਹੜਾ ਬੰਦਾ ਦੁਖੀ , ਜੀਹਦਾ ਘਰ ਪੱਟਿਆ ਜਾ ਰਿਹੈ, ਉਹ ਦੋਸ਼ੀ ਧਿਰ ਨੂੰ ਗਾਲ਼ਾਂ ਨਾ ਕੱਢੂ, ਹੋਰ ਇਨਾਮ ਦਿਊ? ਹੁਣ ਤਲਾਕ ਬਾਡਰ 'ਤੇ ਪਹੁੰਚ ਗਿਆ, ਹੁਣ ਤਰਲੇ ਕਰਦੀ ਫਿਰਦੀ ! ਉਹਨੇ ਵਿਚਾਰੇ ਨੇ ਜਿੰਨਾਂ ਦਸੌਂਟਾ ਕੱਟਿਐ, ਮੈਂ ਕਹਿੰਨੈਂ ਕੋਈ ਹੋਰ ਹੁੰਦਾ, ਹੁਣ ਨੂੰ ਪਾਗਲ ਹੋ ਜਾਂਦਾ! ਇਹ ਤਾਂ ਬਿੱਲੂ ਸੀ, ਜਿਹੜਾ ਜਰੀ ਗਿਆ!"

-"ਕੀ, ਗੱਲ ਅਸਲ ' ਕੀ ਹੋਈ-ਇਹ ਤਾਂ ਦੱਸੋ?"
-"ਉਏ ਬਿੱਲੂ ਪਹਿਲਾਂ ਕੇਟਰਿੰਗ ' ਕੰਮ ਕਰਦਾ ਹੁੰਦਾ ਸੀ, ਸਕਿਊਰਿਟੀ ' ਤਾਂ ਉਹ ਹੁਣੇਂ ਆਇਐ! ਤਿੰਨ ਕੁ ਮਹੀਨੇ ਹੋਏ ਅਜੇ ਸਾਡੇ ਨਾਲ਼ ਸਕਿਊਰਿਟੀ ' ਆਏ ਨੂੰ!"
ਰਮਣੀਕ ਨੇ ਬਿੱਲੂ ਦੀ ਸਾਰੀ ਦਰਦ ਕਹਾਣੀ ਹਨੀ ਨੂੰ ਦੱਸਣੀ ਸ਼ੁਰੂ ਕੀਤੀ!........
..........ਸੜਦੀ ਬਲ਼ਦੀ ਦਵਿੰਦਰ ਹਰਜੋਤ ਦੇ ਘਰ ਪਹੁੰਚੀ ਕਰੋਧ ਵਿਚ ਉਹ ਝੁਲ਼ਸੀ ਪਈ ਸੀ ਉਸ ਨੇ ਜਾਣ ਸਾਰ ਹਰਜੋਤ ਨੂੰ ਗਾਲ਼ਾਂ ਦੀ ਛੂਟ ਵੱਟ ਲਈ
-"ਨ੍ਹੀ ਲੁੱਚੀਏ, ਕੰਜਰੀਏ! ਤੈਨੂੰ ਵਿਆਹਿਆ ਵਰਿਆ, ਜੁਆਕਾਂ ਜੱਲਿਆਂ ਆਲਾ ਮੇਰਾ ਬੰਦਾ ਲੱਭਿਆ? ਕਿਤੇ ਹੋਰ ਨ੍ਹੀ ਸੀ ਖੇਹ ਖਾਧੀ ਜਾਂਦੀ ਹਰਾਮਜ਼ਾਦੀਏ? ਕਿੰਨੇ ਐਥੇ ਛੜੇ ਛਟਾਂਕ ਧੱਕੇ ਖਾਂਦੇ ਫਿਰਦੇ ?" ਦਵਿੰਦਰ, ਜੋਤ ਨੂੰ ਵੱਢ-ਵੱਢ ਪੈਂਦੀ ਸੀ
-"……" ਜੋਤ ਬਿੱਲੂ ਦੇ ਇਸ਼ਾਰੇ ਤੇ ਚੁੱਪ ਹੀ ਰਹੀ ਦਵਿੰਦਰ ਵੱਲੋਂ ਕੀਤੀ ਬੇਇੱਜ਼ਤੀ ਨੂੰ ਉਹ ਪਾਣੀ ਦੀ ਘੁੱਟ ਵਾਂਗ ਪੀ ਗਈ ਮੁੱਖੋਂ ਇਕ ਭੈੜਾ ਸ਼ਬਦ ਵੀ ਨਾ ਉਚਾਰਿਆ ਹਰਜੋਤ ਵੈਸੇ ਵੀ ਲੜਾਈ ਝਗੜੇ ਤੋਂ ਦੂਰ ਰਹਿਣ ਵਾਲ਼ੀ ਕੁੜੀ ਸੀ ਕਦੇ ਕਿਸੇ ਨਾਲ਼ ਛੇਤੀ ਕੀਤੇ ਉਚੀ ਨਹੀਂ ਬੋਲਦੀ ਸੀ ਸ਼ਾਂਤਮਈ ਸੁਭਾਅ ਦੀ ਕੁੜੀ ਉਸ ਦੇ ਘਰਦੇ ਅਤੇ ਦੋਸਤ-ਮਿੱਤਰ ਉਸ ਨੂੰ ਸਿਰਫ਼ ਜੋਤ ਆਖ ਕੇ ਬੁਲਾਉਂਦੇ ਸਨ

-"ਜੇ ਮੇਰੇ ਘਰਆਲ਼ਾ ਗੰਦ, ਗੁੰਡੈ…? ਤੂੰ ਤਾਂ ਰੰਡੀਏ ਕੁਛ ਸੋਚ ਕਰਦੀ ਬਈ ਇਹ ਵਿਆਹਿਆ ਵਰਿਆ, ਜੁਆਕਾਂ ਜੱਲਿਆਂ ਆਲ਼ਾ ਕਬੀਲਦਾਰ …? ਜੁਆਕ ਇਹਦੇ ਬਰਾਬਰ ਦੇ ਹੋਏ ਪਏ ..! ਜੇ ਇਹਨੂੰ ਕੰਜਰ ਨੂੰ ਨਹੀਂ ਸ਼ਰਮ, ਤਾਂ ਤੂੰ ਤਾਂ ਆਬਦਾ ਢਿੱਡ ਨੰਗਾ ਕਰਨੋਂ ਕੁਛ ਤਾਂ ਹਜਾ ਕਰਦੀ…!" ਦਵਿੰਦਰ ਉੱਬਲ਼-ਉੱਬਲ਼ ਪੈਂਦੀ ਸੀ

-"ਦਵਿੰਦਰ ਭੈਣ ਬਣਕੇ ਮੂੰਹ ਬੰਦ ਕਰਲਾ! ਮੈਂ ਤੇਰੇ ਘਰਆਲ਼ੇ ਨੂੰ ਕੋਈ ਮੇਹੜ ਪਾ ਕੇ ਨ੍ਹੀ ਸੀ ਲਿਆਉਂਦੀ? ਜਦੋਂ ਇਹ ਤੇਰੇ ਘਰੋਂ ਆਉਂਦਾ ਸੀ, ਉਦੋਂ ਸੋਚ ਕਰਦੀ? ਹੁਣ ਕਲਪਣ ਦਾ ਕੀ ਫ਼ਾਇਦਾ? ਭੈਣ ਬਣਕੇ ਹੁਣ ਕਲੇਸ਼ ਨਾ ਕਰ, ਹੁਣ ਪਾਣੀ ਪੁਲ਼ਾਂ ਤੋਂ ਬਹੁਤ ਦੂਰ ਜਾ ਚੁੱਕਿਐ! ਹੁਣ ਨਾ ਬਾਧੂ ਹਵਾ ਨੂੰ ਤਲਵਾਰਾਂ ਮਾਰ, ਹਾੜ੍ਹੇ ਮੇਰੀ ਭੈਣ ਬਣਕੇ…!" ਜੋਤ ਨੇ ਬੜੇ ਪਿਆਰ ਸਤਿਕਾਰ ਨਾਲ ਦਵਿੰਦਰ ਨੂੰ ਸਮਝਾਉਣਾ ਚਾਹਿਆ ਪਰ ਦਵਿੰਦਰ ਹੋਰ ਭੜ੍ਹਕ ਪਈ

-"ਇਹ ਕੰਜਰ ਤਾਂ ਸ਼ਰਾਬੀ ਕਬਾਬੀ, ਤੀਮੀਆਂ ਦਾ ਠਰਕੀ ..! ਤੂੰ ਤਾਂ ਕੋਈ ਸੋਚ ਕਰਨੀ ਸੀ…?"
-"………." ਜੋਤ ਨੇ ਫਿਰ ਵੀ ਸਿਆਣਪ ਦੀ ਚੁੱਪ ਧਾਰੀ ਰੱਖੀ
-"ਚੁੱਪ ਕਿਉਂ ਕਰਗੀ…? ਹੁਣ ਬੋਲਦੀ ਕਿਉਂ ਨ੍ਹੀ…? ਮੇਰਾ ਘਰ ਪੱਟ ਕੇ ਹੁਣ ਖ਼ੁਸ਼ ਐਂ ਕੁੱਤੀਏ…?" ਦਵਿੰਦਰ ਨੇ ਮੂੰਹ ਚੋਂ ਕਰੋਧ ਦੀ ਝੱਗ ਸੁੱਟੀ ਤਾਂ ਜੋਤ ਨੂੰ ਵੀ ਗੁੱਸਾ ਗਿਆ ਉਹ ਵੀ ਅਕਸਰ ਹੱਡ ਮਾਸ ਦੀ ਬਣੀ ਹੋਈ ਸੀ ਕੋਈ ਬ੍ਰਹਮ-ਗਿਆਨੀ ਨਹੀਂ ਸੀ ਕਿ ਗੁੱਸਾ ਹੀ ਨਾ ਆਉਂਦਾ…?
-"ਦਵਿੰਦਰ…! ਮੂੰਹ ਸੰਭਾਲ ਕੇ ਗੱਲ ਕਰ…!" ਜੋਤ ਨੇ ਉਸ ਨੂੰ ਵਰਜਿਆ

-"ਮੇਰਾ ਘਰ ਪੱਟਿਆ ਗਿਆ, ਮੈਂ ਮੂੰਹ ਕਿਵੇਂ ਸੰਭਾਲਾਂ…? ਇਹ ਕੁੱਤਾ ਤਾਂ ਦਸ ਪੜ੍ਹਿਆ ਅਨਪੜ੍ਹ ਗਵਾਰ ਸੀ, ਤੂੰ ਤਾਂ ਪੜ੍ਹੀ ਲਿਖੀ ਗਰੈਜੂਏਟ ਐਂ…? ਤੂੰ ਤਾਂ ਕੁਛ ਸੋਚ ਕਰਦੀ…? ਪਰ ਤੂੰ ਸੋਚ ਕੀ ਕਰਨੀ ਸੀ..? ਤੈਨੂੰ ਤਾਂ ਕੰਜਰੀਏ ਆਬਦੀ ਅੱਗ ਲੱਗੀ ਵੀ ਸੀ…!" ਜਦ ਦਵਿੰਦਰ ਨੇ ਧਰਤੀ ਤੇ ਨਾ ਹੀ ਪੈਰ ਲਾਏ ਤਾਂ ਜੋਤ ਵੀ ਭੜ੍ਹਕ ਪਈ ਅਕਸਰ ਉਹ ਵੀ ਆਦਮ ਜ਼ਾਤ ਸੀ

-"ਦਵਿੰਦਰ…! ਅੱਜ ਤੈਨੂੰ ਘਰਆਲ਼ਾ ਯਾਦ ਗਿਆ…? ਤੂੰ ਉਦੋਂ ਕਿੱਥੇ ਗਈ ਸੀ…? ਜਦੋਂ ਤੇਰਾ ਖ਼ਸਮ ਘਰੋਂ ਭੱਜ-ਭੱਜ ਕੇ ਆਉਂਦਾ ਸੀ…? ਪੁੱਛਿਆ ਸੀ ਕੋਈ ਕਾਰਨ ਇਹਨੂੰ…? ਕਦੇ ਪੁੱਛਿਆ ਸੀ ਬਈ ਇਹ ਰਾਤਾਂ ਨੂੰ ਕਿੱਥੇ ਭਟਕਦਾ ਫਿਰਦੈ…? ਜਿਹੜਾ ਮਾਹੌਲ ਉਹ ਘਰ ਭਾਲਦਾ ਸੀ, ਸਿਰਜਿਆ ਸੀ ਉਹ ਮਾਹੌਲ ਕਦੇ ਘਰ ਵਿਚ…? ਕੁੱਲੀ ਗੁੱਲੀ ਤੇ ਜੁੱਲੀ ਦੇ ਨਾਲ਼ ਨਾਲ਼ ਬੰਦੇ ਨੂੰ ਸਰੀਰਕ ਤ੍ਰਿਪਤੀ ਵੀ ਚਾਹੀਦੀ …! ਚਾਹੀਦੀ ਨ੍ਹਾਂ…? ਜੇ ਘਰੋਂ ਇਹਨੂੰ ਸਰੀਰਕ ਤ੍ਰਿਪਤੀ ਮਿਲਦੀ ਹੁੰਦੀ, ਤਾਂ ਇਹ ਬਾਹਰ ਕਿਉਂ ਧੱਕੇ ਖਾਂਦਾ…? ਸੋਚਿਆ ਸੀ ਕਦੇ ਇਹ ਕੁਛ…? ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕੇ ਤਾਂ ਦੇਖ਼…! ਆਬਦੀ ਪੀੜ੍ਹੀ ਹੇਠ ਤਾਂ ਸੋਟੀ ਫੇਰ…! ਵਸਦਾ ਰਸਦਾ ਘਰ ਬਾਰ ਛੱਡ ਕੇ ਕਿਸੇ ਨੂੰ ਬਾਹਰ ਧੱਕੇ ਖਾਣ ਦਾ ਕੋਈ ਚਾਅ ਨਹੀਂ ਹੁੰਦਾ ਦਵਿੰਦਰ ਭੈਣੇ…! ਤੇਰੇ ਤਾਂ ਅਛਨੇ ਪਛਨੇ ਲੋਟ ਨ੍ਹੀ ਸੀ ਆਉਂਦੇ…! ਕਰਿਆ ਸੀ ਕਦੇ ਆਬਦੇ ਬੰਦੇ ਦਾ ਖਿਆਲ਼…? ਪੁੱਛੀ ਸੀ ਕਦੇ ਇਹਦੀ ਬਾਤ…? ਪੈਸਾ ਖੋਟਾ ਆਪਣਾਂ ਤੇ ਬਾਣੀਏਂ ਨੂੰ ਕੀ ਦੋਸ਼..? ਹੁਣ ਮੈਨੂੰ ਤੇ ਆਬਦੇ ਬੰਦੇ ਨੂੰ ਦੋਸ਼ ਦੇਈ ਜਾਨੀ ਐਂ…?"

-"……..!" ਜੋਤ ਦੀਆਂ ਦਲੀਲਾਂ ਨਾਲ਼ ਦਵਿੰਦਰ ਦਾ ਮੂੰਹ ਤਖ਼ਤੇ ਦੀ ਝੀਥ ਵਾਂਗ ਬੰਦ ਹੋ ਗਿਆ ਜੋਤ ਨੇ ਥੋਬਾ ਹੀ ਤਾਂ ਲਾ ਦਿੱਤਾ ਸੀ ਦੋਸ਼ ਉਸ ਦਾ ਸਰਾਸਰ ਆਪਣਾ ਸੀ ਦੂਜਿਆਂ ਨੂੰ ਦੋਸ਼ ਦੇਣ ਦੀ ਕੀ ਜ਼ਰੂਰਤ ਸੀ…? ਇਲਜ਼ਾਮ ਲਾਉਣ ਦਾ ਕੀ ਲਾਭ ਸੀ…?
-"ਭੈਣ ਮੇਰੀਏ…! ਦੂਜਿਆਂ ਤੇ ਦੂਸ਼ਣ ਲਾਉਣ ਤੋਂ ਪਹਿਲਾਂ ਆਪਣੇ ਗਿਰੀਵਾਨ ਵਿਚ ਨਜ਼ਰ ਮਾਰੀਏ…! ਐਮੇ ਬਾਧੂ ਨੀ ਕਿਸੇ ਨੂੰ ਬੱਦੂ ਕਰੀਦਾ ਹੁੰਦਾ-"
-"ਤੂੰ ਦੱਸ ਲੈ ਗੰਦਾ…? ਤੂੰ ਹੁਣ ਘਰੇ ਆਉਣੈਂ ਕਿ ਨਹੀਂ..?" ਉਹ ਜੋਤ ਵੱਲੋਂ ਹਟ ਕੇ ਬਿੱਲੂ ਨੂੰ ਸਿੱਧੀ ਹੋ ਗਈ ਉਸ ਦੀ ਬਿੱਲੂ ਵੱਲ ਤੀਰ ਵਾਂਗ ਸਿੱਧੀ ਕੀਤੀ ਉਂਗਲ਼ ਕਰੋਧ ਨਾਲ਼ ਕੰਬੀ ਜਾ ਰਹੀ ਸੀ
-"ਆਹ ਇਹਨੂੰ ਘਰੇ ਲਿਜਾਣ ਦੇ ਲੱਛਣ ਐਂ…?" ਜੋਤ ਨੇ ਆਖਿਆ, "ਐਹੋ ਜਿਹਾ ਸਤਿਕਾਰ ਤੂੰ ਇਹਨੂੰ ਘਰੇ ਦਿੰਦੀ ਹੋਵੇਂਗੀ…? ਘਰੇ ਇਹੇ ਸੁਆਹ ਰਹੂ…? ਐਥੋਂ ਪਤਾ ਲੱਗਦੈ ਦਵਿੰਦਰ ਬਈ ਤੂੰ ਬਹੁਤ ਪੜ੍ਹੀ ਲਿਖੀ ਐਂ, ਤੇ ਤੈਨੂੰ ਆਬਦੇ ਬੰਦੇ ਦਾ ਬੜਾ ਆਦਰ ਕਰਨਾ ਆਉਂਦੈ-" ਘੁੱਗੂ ਜਿਹੇ ਹੋਏ ਬੈਠੇ ਬਿੱਲੂ ਦੀ ਥਾਂ ਜੋਤ ਨੇ ਹੀ ਉੱਤਰ ਮੋੜਿਆ
ਬਿੱਲੂ ਅਜੇ ਵੀ ਨਹੀਂ ਬੋਲਿਆ ਸੀ

-"ਜਿਹੜੇ ਚਾਰ ਜੁਆਕ ਜੰਮ ਕੇ ਸਿੱਟਤੇ, ਉਹਨਾਂ ਨੂੰ ਤੇਰਾ ਪਿਉ ਸਾਂਭੂ ਕੇ…?" ਉਸ ਨੇ ਨਵੀਂ ਅਕਾਸ਼ਬਾਣੀ ਕੀਤੀ
-"ਜਿਹਨਾਂ ਦੀਆਂ ਸਾਰੀ ਦਿਹਾੜੀ ਲਾਲ਼ਾਂ ਚੱਟਦੀ ਫਿਰਦੀ ਐਂ, ਉਹੀ ਸਾਂਭਣਗੇ ਇਹਨਾਂ ਨੂੰ ਕੇ…! ਮੇਰਾ ਪਿਉ ਕਿਉਂ ਸਾਂਭੂ…? ਪੁੱਛਿਐ ਕਦੇ ਮੇਰੇ ਪਿਉ ਦਾ ਹਾਲ ਤੁਸੀਂ…? ਬਈ ਹੈਗੈ ਕਿ ਮਰ ਗਿਆ…? ਮੇਰੇ ਪਿਉ ਨੂੰ ਕੀ ਚੱਟੀ ਪਈ ਬਈ ਇਹਨਾਂ ਨੂੰ ਸਾਂਭੂ…? ਗੱਲ ਸਾਰੀ ਇਹ ਥੋਡੇ ਪ੍ਰੀਵਾਰ ਦੀ ਮੰਨਣ, ਤੇ ਸਾਂਭੇ ਮੇਰਾ ਪਿਉ, ਕਿੱਥੇ ਲਿਖਿਐ ਇਹੇ…?" ਬਿੱਲੂ ਨੇ ਵੀ ਆਪਣੇ ਮਨ ਦੀ ਭੜ੍ਹਾਸ ਕੱਢ ਲਈ ਸੱਚੀਆਂ ਸੁਣ ਕੇ ਠਰੀ ਦਵਿੰਦਰ, ਜੋਤ ਨੂੰ ਹੀ ਸੰਬੋਧਨ ਹੋਈ
-"ਇਹ ਘਰੇ ਕਿਵੇਂ ਆਊ…? ਤੇਰੀ ਬੁੱਕਲ ਚੋਂ ਨਿੱਕਲੂ, ਤਾਂ ਹੀ ਘਰੇ ਆਊ…? ਤੂੰ ਇਹਨੂੰ ਸਿਖਾਉਨੀਂ ਐਂ…!" ਉੱਭੜ੍ਹਵਾਹੇ ਉਸ ਨੇ ਨਵਾਂ ਵਾਰ ਕੀਤਾ

-"ਜੇ ਤੂੰ ਐਡੀ ਦਿਮਾਗਦਾਰ ਸੀ, ਤੂੰ ਇਹਨੂੰ ਆਪਣੀ ਬੁੱਕਲ ਚੋਂ ਨਿਕਲਣ ਕਾਹਤੋਂ ਦਿੱਤਾ…? ਕਿਹੜਾ ਬੰਦਾ ਐਡਾ ਕਮਲਾ ਹੋਊ, ਜਿਹੜਾ ਆਬਦਾ ਭਰਿਆ ਭਰਾਇਆ ਘਰ ਛੱਡ ਕੇ ਕਿਤੇ ਹੋਰ ਵਸੂ…? ਕਿਹੜਾ ਬੰਦੈ, ਜਿਹੜਾ ਆਬਦੀ ਤੀਮੀਂ ਛੱਡ ਕੇ ਦੂਜੀ ਕੋਲੇ ਜਾਊ…? ਇਹਦਾ ਕਾਰਨ ਲੱਭਣ ਦੀ ਤੂੰ ਕਦੇ ਕੋਸ਼ਿਸ਼ ਨ੍ਹੀ ਕੀਤੀ..? ਮੇਰੇ ਤੇ ਕੇ ਬੜੀ ਸ਼ੇਰ ਬਣਦੀ ਐਂ…? ਪਹਿਲਾਂ ਸਿਆਪੇ ਦੀ ਜੜ੍ਹ ਲੱਭੀਏ, ਫੇਰ ਉਹਨੂੰ ਸੁਲਝਾਉਣ ਦੀ ਸਕੀਮ ਸੋਚੀਏ…! ਧੌਂਸਾਂ ਨਾਲ ਬੰਦੇ ਘਰੀਂ ਨ੍ਹੀ ਵਸਦੇ ਹੁੰਦੇ..! ਹਰ ਬੰਦੇ ਨੂੰ ਆਤਮਿਕ ਤੇ ਸਰੀਰਕ ਸੰਤੁਸ਼ਟੀ ਦੀ ਲੋੜ ਹੁੰਦੀ …! ਸੰਭਿਆ ਤੈਥੋਂ ਤੇਰਾ ਬੰਦਾ ਆਪ ਤੋਂ ਨ੍ਹੀ, ਦੋਸ਼ ਹੁਣ ਤੂੰ ਦੂਜਿਆਂ ਤੇ ਮੜ੍ਹਦੀ ਐਂ…? ਤੇਰੇ ਐਸ ਰੰਘੜ੍ਹਊ ਨਾਲ ਤਾਂ ਇਹ ਘਰੇ ਆਉਣੋਂ ਰਿਹਾ…!" ਜੋਤ ਨੇ ਸਿਰੇ ਦੀ ਹੀ ਸੁਣਾਂ ਦਿੱਤੀ ਉਹ ਅੱਜ ਸੌ ਹੱਥ ਰੱਸੇ ਦੇ ਸਿਰੇ ਤੇ ਗੰਢ ਨਹੀਂ ਰੱਖਣਾਂ ਚਾਹੁੰਦੀ ਸੀ ਉਸ ਨੇ ਭੌਣ ਤੋਂ ਹੀ ਲਾਹ ਧਰੀ

-"ਹੁਣ ਤੂੰ ਜਮਾਂ ਨੀ ਘਰੇ ਆਉਣਾਂ…?" ਉਹ ਬਿੱਲੂ ਵੱਲ ਨੂੰ ਝਈ ਲੈ ਕੇ ਆਈ ਉਸ ਦੀਆਂ ਬੱਗੀਆਂ ਅੱਖਾਂ ਚੋਂ ਬਿੱਲੂ ਨੂੰ ਕਿਸੇ ਚੰਡਾਲਣੀਂ ਦਾ ਭੈਅ ਆਇਆ ਸੀ ਉਹ ਕਚੀਲ੍ਹ ਵਾਂਗ ਬਿੱਲੂ ਦੇ ਸਾਹਮਣੇ ਢਾਕਾਂ ਤੇ ਹੱਥ ਰੱਖੀ ਖੜ੍ਹੀ ਸੀ ਕੁੰਡਲ਼ ਬਣਾਏ ਵਾਲ਼ ਬਿੱਲੂ ਨੂੰ ਸਪੋਲ਼ੀਆਂ ਦਾ ਭੁਲੇਖਾ ਪਾ ਰਹੇ ਸਨ
-"ਨਹੀਂ ਬੱਸ, ਮੈਂ ਨ੍ਹੀ ਘਰੇ ਆਉਣਾ…! ਕੰਮ ਖ਼ਤਮ…!" ਬਿੱਲੂ ਨੇ ਹਵਾ ਵਿਚ ਹੱਥ ਹਿਲਾ ਕੇ ਇਕ ਹੀ ਉੱਤਰ ਮੋੜਿਆ ਬਹੁਤਾ ਬੋਲਣਾ ਉਸ ਨੇ ਮੁਨਾਸਿਬ ਹੀ ਨਾ ਸਮਝਿਆ ਉਹ ਬੜਾ ਬੋਲ-ਬੋਲ ਦੇਖ ਚੁੱਕਿਆ ਸੀ ਕੱਟੇ ਅੱਗੇ ਵੰਝਲੀ ਵਜਾਉਣ ਦਾ ਕੋਈ ਫ਼ਾਇਦਾ ਨਹੀਂ ਹੋਇਆ ਸੀ ਉਸ ਨੇ ਤਾਂ ਮੋਕ ਨਾਲ਼ ਲਿੱਬੜੀ ਪੂਛ ਘੁੰਮਾ ਕੇ ਮੂੰਹ ਤੇ ਹੀ ਮਾਰਨੀ ਸੀ ਉਸ ਨੂੰ ਮਿੱਠੀਆਂ ਸੁਰਾਂ ਦਾ ਕੀ ਗਿਆਨ…?
……ਬਿੱਲੂ ਦੀ ਸ਼ਾਦੀ ਹੋਈ ਨੂੰ ਤਕਰੀਬਨ ਵੀਹ ਸਾਲ ਹੋ ਗਏ ਸਨ ਬੜਾ ਪਿਆਰ ਸੀ ਬਿੱਲੂ ਅਤੇ ਦਵਿੰਦਰ ਵਿਚ! ਉਹ ਇਕ ਦੂਜੇ ਨੂੰ ਦੇਖ-ਦੇਖ ਕੇ ਜਿਉਂਦੇ ਸਨ ਇਕ ਦੂਜੇ ਦੇ ਸਾਹਾਂ ਵਿਚ ਸਾਹ ਲੈਂਦੇ ਸਨ ਦਵਿੰਦਰ ਬਿੱਲੂ ਤੋਂ ਪੂਰੇ ਦਸ ਸਾਲ ਵੱਡੀ ਸੀ ਪਰ ਫਿਰ ਵੀ ਉਹਨਾਂ ਦੀਆਂ ਪ੍ਰੇਮ-ਭਾਵਨਾਵਾਂ ਵਿਚ ਕੋਈ ਫ਼ਰਕ ਨਹੀਂ ਆਇਆ ਸੀ ਉਹ ਦੋਨੋਂ ਬੜੀ ਸੰਤੁਸ਼ਟ ਜ਼ਿੰਦਗੀ ਬਸਰ ਕਰ ਰਹੇ ਸਨ ਦੋਵੇਂ ਏਕਿ ਜੋਤਿ ਦੋਇ ਮੂਰਤਿ ਹੀ ਤਾਂ ਸਨ ਬਿੱਲੂ ਦੇ ਯਾਰਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਬਿੱਲੂ ਦੀ ਘਰਵਾਲੀ ਦਵਿੰਦਰ ਤੇ ਬੜੇ ਨੱਕ-ਬੁੱਲ੍ਹ ਕੱਢੇ, ਤਾਹਨੇ ਮਾਰੇ, ਕਾਲ਼ੀ-ਕਲੂਟੀ ਅਤੇ ਬੁੱਢੀ ਦੱਸਿਆ.. ਪਰ ਬਿੱਲੂ ਆਪਣੀ ਦਵਿੰਦਰ ਵਿਚ ਹੀ ਮਸਤ ਸੀ ਸੁਗੰਧੀ ਵਿਚ ਖਿੜੇ ਇਕ ਫੁੱਲ ਵਾਂਗ ਮਦਹੋਸ਼! ਉਸ ਨੂੰ ਕਿਸੇ ਦੀ ਪ੍ਰਵਾਹ ਹੀ ਨਹੀਂ ਸੀ ਉਸ ਦੇ ਦਿਲ ਵਿਚ ਆਪਣੀ ਹੀ ਇਕ ਨਿੱਕੀ ਜਿਹੀ ਦੁਨੀਆਂ ਵਸਾਈ ਹੋਈ ਸੀ ਇਕ ਅਨੋਖੀ ਅਤੇ ਆਨੰਦਮਈ ਦੁਨੀਆਂ!

ਬਿੱਲੂ ਅੱਸੀਵਿਆਂ ਦੇ ਸ਼ੁਰੂ ਵਿਚ ਇੰਗਲੈਂਡ ਆਇਆ ਸੀ ਤਿੰਨ ਕੁ ਸਾਲਾਂ ਬਾਅਦ ਉਹ ਭਾਰਤ ਗਿਆ ਤਾਂ ਦਵਿੰਦਰ ਨੂੰ ਪਸੰਦ ਕਰ ਆਇਆ ਰਿਸ਼ਤੇ ਉਸ ਨੂੰ ਹੋਰ ਵੀ ਬਥੇਰੇ ਆਉਂਦੇ ਸਨ ਪਰ ਦਵਿੰਦਰ ਨੂੰ ਦੇਖ ਕੇ ਬਿੱਲੂ ਦਾ ਦਿਲ ਉਸ ਤੇ ਹੀ ਕੇ ਰੁਕ ਗਿਆ ਦਵਿੰਦਰ ਰੰਗ ਦੀ ਥੋੜ੍ਹੀ ਪੱਕੀ ਸੀ ਉਮਰ ਪੱਖੋਂ ਵੀ ਦਸ ਸਾਲ ਵੱਡੀ ਪਰ ਬਿੱਲੂ ਨੂੰ ਇਸ ਸਭ ਕਾਸੇ ਦੀ ਕੋਈ ਪ੍ਰਵਾਹ ਹੀ ਨਹੀਂ ਸੀ ਬਿੱਲੂ ਭੈਣਾਂ ਚੋਂ ਸਭ ਤੋਂ ਛੋਟਾ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਰਿਸ਼ਤੇਦਾਰਾਂ, ਯਾਰਾਂ-ਮਿੱਤਰਾਂ ਅਤੇ ਗੁਆਂਢ ਵਿਚੋਂ ਭਰਜਾਈਆਂ ਨੇ ਉਸ ਨੂੰ ਬੜੀਆਂ ਕੁੜੀਆਂ ਦੇ ਰਿਸ਼ਤੇ ਲਿਆਂਦੇ ਵੱਡੇ ਅਮੀਰ ਘਰਾਂ ਦੇ ਖ਼ਾਨਦਾਨੀ ਰਿਸ਼ਤੇ ਵੀ ਆਏ ਪਰ ਬਿੱਲੂ ਨੇ ਸਾਰਿਆਂ ਨੂੰ ਅੱਖੋਂ-ਪਰੋਖੇ ਕਰ ਕੇ ਦਵਿੰਦਰ ਨੂੰ ਚੁਣ ਲਿਆ ਅਤੇ ਇੰਗਲੈਂਡ ਪਰਤ ਆਇਆ ਸਾਲ ਕੁ ਬਾਅਦ ਬਿੱਲੂ ਫਿਰ ਭਾਰਤ ਆਇਆ ਤਾਂ ਉਸ ਨੇ ਸਾਰੇ ਯਾਰਾਂ-ਮਿੱਤਰਾਂ, ਰਿਸ਼ਤੇਦਾਰਾਂ ਅਤੇ ਭਰਜਾਈਆਂ ਨੂੰ ਠੁਕਰਾ ਕੇ ਦਵਿੰਦਰ ਨਾਲ ਕੋਰਟ-ਮੈਰਿਜ ਕਰ ਲਈ ਰਿਸ਼ਤੇਦਾਰ, ਯਾਰ-ਮਿੱਤਰ ਅਤੇ ਭਰਜਾਈਆਂ ਨਿਰਾਸ਼ ਸਨ, ਨਰਾਜ਼ ਸਨ ਉਹ ਦਵਿੰਦਰ ਵਿਚ ਨੁਕਸ ਅਤੇ ਨਿਘੋਚਾਂ ਕੱਢਦੀਆਂ ਰਹਿੰਦੀਆਂ, ਇਹ ਕਾਲੀ ਮੱਝ , ਇਹ ਸੁੱਤੀ ਪਈ ਨ੍ਹੀ ਉਠਦੀ, ਇਹ ਦਲਿੱਦਰ ਦੀ ਨਾਨੀ ਐਂ, ਇਹਨੂੰ ਘਰ ਦਾ ਕੋਈ ਕੰਮ ਨ੍ਹੀ ਆਉਂਦਾ, ਇਹ ਬੇਅਕਲ ਪਰ ਬਿੱਲੂ ਤੇ ਇਹਨਾਂ ਨਿਘੋਚਾਂ ਦਾ ਕੋਈ ਅਸਰ ਨਾ ਹੋਇਆ ਅਤੇ ਵਾਪਿਸ ਇੰਗਲੈਂਡ ਗਿਆ ਆਉਣਸਾਰ ਉਸ ਨੇ ਦਵਿੰਦਰ ਦੀ ਰਾਹਦਾਰੀ ਦੇ ਪੇਪਰ ਤਿਆਰ ਕੀਤੇ ਅਤੇ ਭਾਰਤ ਭੇਜ ਦਿੱਤੇ ਦਵਿੰਦਰ ਦਾ ਵੀਜ਼ਾ ਸੌਖਾ ਹੀ ਲੱਗ ਗਿਆ ਉਹ ਇੰਗਲੈਂਡ ਗਈ ਨਵੀਂ ਦੁਨੀਆਂ ਅਤੇ ਨਵੇਂ ਚਿਹਰੇ ਜ਼ਿੰਦਗੀ ਜਿਉਣ ਦੇ ਵੱਖਰੇ ਹੀ ਢੰਗ ਅਤੇ ਚਤਰ ਜਗਤ ਵਿਚ ਵਿਚਰਨ ਦੇ ਅਨੋਖੇ ਤਰੀਕੇ! ਹਰ ਮੋੜ ਤੇ ਫ਼ੂਕ ਫ਼ੂਕ ਕੇ ਪੈਰ ਧਰਨ ਵਾਲੀ ਸੁਚੇਤ ਅਤੇ ਮਤਲਬੀ ਦੁਨੀਆਂ!

ਚਾਹੇ ਬਿੱਲੂ ਆਰਥਿਕ ਪੱਖੋਂ ਤੰਗ ਹੀ ਸੀ ਪਰ ਉਹ ਦਵਿੰਦਰ ਨਾਲ ਪਰਚਿਆ ਹੋਇਆ ਸੀ ਦਵਿੰਦਰ ਨੂੰ ਵੀ ਪੈਸੇ ਦੀ ਕੋਈ ਬਹੁਤੀ ਚਾਹਤ ਜਾਂ ਲੋਭ ਲਾਲਚ ਨਹੀਂ ਸੀ ਉਹ ਆਪਣੇ ਬਿੱਲੂ ਨਾਲ ਖ਼ੁਸ਼ ਸੀ ਦਿਨਾਂ ਜਾਂਦਿਆਂ ਨੂੰ ਕੀ ਲੱਗਦੈ…? ਤਿੰਨਾਂ ਸਾਲਾਂ ਵਿਚ ਦਵਿੰਦਰ ਦੇ ਤਿੰਨ ਕੁੜੀਆਂ ਹੋਈਆਂ ਮੁੰਡੇ ਦੀ ਚਾਹਤ ਦੋਨਾਂ ਨੂੰ ਹੀ ਸੀ ਉਹ ਗੁਰੂ ਦੇ ਦਰ-ਘਰ ਤੇ ਮੱਥੇ ਰਗੜਦੇ ਰਹੇ ਅਤੇ ਤਾਂ ਜਾ ਕੇ ਦੋ ਕੁ ਸਾਲਾਂ ਬਾਅਦ ਉਹਨਾਂ ਨੂੰ ਪੁੱਤਰ ਦੀ ਬਖ਼ਸ਼ਿਸ਼ ਹੋਈ ਘਰ ਵਿਚ ਬੜੀ ਖ਼ੁਸ਼ੀ ਮਨਾਈ ਗਈ ਗੁਰੂ ਦੇ ਸ਼ੁਕਰਾਨੇ ਵਜੋਂ ਆਖੰਡ ਪਾਠ ਪ੍ਰਕਾਸ਼ ਕਰਵਾਇਆ ਗਿਆ ਅਤੇ ਮੁੰਡੇ ਦੀ ਛਟੀ ਕੀਤੀ ਗਈ ਸਾਰਾ ਪ੍ਰੀਵਾਰ ਹੀ ਖ਼ੁਸ਼ ਸੀ ਸਾਰੀਆਂ ਭੈਣਾਂ ਅਤੇ ਰਿਸ਼ਤੇਦਾਰਾਂ ਨੂੰ ਸਰਦਾ ਪੁੱਜਦਾ ਦਿੱਤਾ ਲਿਆ ਗਿਆ ਬਿੱਲੂ ਦਾ ਬਾਪੂ ਤਾਂ ਅੱਜ ਬਹੁਤਾ ਹੀ ਖ਼ੁਸ਼ ਸੀ ਉਹ ਵਾਰ-ਵਾਰ ਅਕਾਲ ਪੁਰਖ਼ ਦਾ ਸ਼ੁਕਰਾਨਾ ਕਰਦਾ, "ਵਧੀ ਵੇਲਿ ਬਹੁ ਪੀੜੀ ਚਾਲੀ।। ਧਰਮ ਕਲਾ ਹਰਿ ਬੰਧਿ ਬਹਾਲੀ।।" ਦਾ ਉਚਾਰਨ ਕਰ ਰਿਹਾ ਸੀ

ਖ਼ੈਰ! ਬੱਚੇ ਵੱਡੇ ਹੁੰਦੇ ਗਏ ਦਿਨ ਬੀਤਦੇ ਗਏ ਉਮਰ ਦੇ ਹਿਸਾਬ ਨਾਲ ਦਵਿੰਦਰ ਦਾ ਸਿਰ ਚਿੱਟਾ ਹੋ ਚੱਲਿਆ ਸੀ ਕੋਈ ਕੋਈ ਧੌਲ਼ਾ ਬਿੱਲੂ ਦੇ ਸਿਰ ਵਿਚ ਵੀ ਫੁੱਟ ਪਿਆ ਸੀ ਦਵਿੰਦਰ ਆਪਣੇ ਵਾਲ ਕਾਲੇ ਕਰ ਲੈਂਦੀ ਅਤੇ ਬਿੱਲੂ ਦਾਹੜੀ ਵਿਚੋਂ ਧੌਲ਼ੇ ਖਿੱਚਣ ਲੱਗ ਪਿਆ ਕੁਝ ਸਾਲ ਬੀਤੇ ਬਿੱਲੂ ਦਾ ਸਿਰ ਵੀ ਬੱਗੇ ਕੁੱਕੜ ਵਾਂਗ ਹੋ ਗਿਆ ਉਸ ਨੇ ਵੀ ਦਾਹੜੀ ਅਤੇ ਵਾਲ ਰੰਗਣੇਂ ਸ਼ੁਰੂ ਕਰ ਦਿੱਤੇ ਕਿਉਂਕਿ ਜੁਆਕ ਉਸ ਨੂੰ ਟਿਕਣ ਨਹੀਂ ਸਨ ਦਿੰਦੇ ਜੁਆਕ ਆਖਦੇ ਸਨ, "ਪਾਪਾ ਜਦੋਂ ਵੀ ਤੁਸੀਂ ਸਾਡੇ ਸਕੂਲ ਆਵੋਂ ਤਾਂ ਦਾਹੜੀ ਅਤੇ ਵਾਲ਼ ਕਾਲ਼ੇ ਕਰ ਕੇ ਆਉਣੇ ਐਂ…! ਨਹੀਂ ਤਾਂ ਸਾਡੇ ਸਕੂਲ ਦੇ ਬੱਚੇ ਆਖਣਗੇ ਕਿ ਇਹਨਾਂ ਦਾ ਪਿਉ ਬੁੱਢੈ!"

ਖ਼ੈਰ…! ਕਸੂਰ ਇਸ ਗੱਲ ਵਿਚ ਕਿਸੇ ਦਾ ਵੀ ਨਹੀਂ ਸੀ ਕਿ ਕੌਣ ਵੱਡਾ ਅਤੇ ਕੌਣ ਛੋਟੀ ਉਮਰ ਦਾ ਸੀ ਦਵਿੰਦਰ ਹੁਣ ਪੰਜਾਹ ਪੂਰੇ ਕਰ ਗਈ ਸੀ ਅਤੇ ਬਿੱਲੂ ਨੇ ਚਾਲੀਵੇਂ ਵਿਚ ਪੈਰ ਰੱਖ ਲਿਆ ਸੀ ਪੰਜਾਹ ਸਾਲ ਦੀ ਔਰਤ ਅਤੇ ਚਾਰ ਬੱਚਿਆਂ ਦੀ ਮਾਂ…! ਉਸ ਦਾ ਬਿੱਲੂ ਨਾਲ਼ ਹਮ-ਬਿਸਤਰੀ ਲਈ ਮਨ ਨਾ ਕਰਦਾ ਵੱਸ ਕੋਈ ਦਵਿੰਦਰ ਦੇ ਵੀ ਨਹੀਂ ਸੀ ਬੱਸ, ਉਮਰ ਦੇ ਤਕਾਜ਼ੇ ਨਾਲ਼ ਉਸ ਦੀ ਸਰੀਰਕ ਪੱਖੋਂ ਚਾਹਤ ਹੀ ਮਰ ਗਈ ਸੀ ਹੁਣ ਉਹ ਜੁਆਨੀ ਵਾਲ਼ਾ ਖਾਲ਼ਾ ਟੱਪ ਕੇ ਬੁੜ੍ਹਾਪੇ ਵੱਲ ਨੂੰ ਹੋ ਤੁਰੀ ਸੀ ਅੱਧੀ ਸਦੀ ਦਾ ਸਫ਼ਰ ਦਵਿੰਦਰ ਨੇ ਪੂਰਾ ਕਰ ਲਿਆ ਸੀ ਜਦ ਕਿ ਚਾਲ਼ੀ ਸਾਲ ਦਾ ਬਿੱਲੂ ਨਿੱਤ ਉਸ ਨਾਲ ਸਰੀਰਕ ਸਬੰਧ ਬਣਾਉਣੇ ਚਾਹੁੰਦਾ ਸੀ ਕਦੇ ਕਦੇ ਬਿੱਲੂ ਨੂੰ ਨੀਂਦ ਨਾ ਆਉਂਦੀ ਅਤੇ ਉਹ ਜ਼ਬਰਦਸਤੀ ਹੀ ਦਵਿੰਦਰ ਨੂੰ ਕਾਬੂ ਕਰ ਲੈਂਦਾ ਇਹਨਾਂ ਹਰਕਤਾਂ ਤੋਂ ਅੱਕ ਕੇ ਦਵਿੰਦਰ ਨੇ ਅਲੱਗ ਇਕ ਵੱਖ ਕਮਰੇ ਵਿਚ ਸੌਣਾਂ ਸ਼ੁਰੂ ਕਰ ਦਿੱਤਾ ਤਾਂ ਬਿੱਲੂ ਖਿਝ ਗਿਆ ਰਾਤ ਨੂੰ ਜਦ ਬਿੱਲੂ ਨੂੰ ਹਲ਼ਕ ਜਿਹਾ ਉਠਦਾ ਤਾਂ ਉਹ ਕਮਰੇ ਵਿਚ ਸੁੱਤੀ ਦਵਿੰਦਰ ਨੂੰ ਗੁੱਝੇ ਠੋਲ੍ਹੇ ਜਿਹੇ ਮਾਰਦਾ ਜਗਾਉਣ ਦੀ ਕੋਸ਼ਿਸ਼ ਕਰਦਾ ਪਰ ਦਵਿੰਦਰ ਪਤਾ ਨਹੀਂ ਜਾਣ ਬੁੱਝ ਕੇ ਜਾਂ ਅੱਧ ਸੁੱਤੀ ਹੀ "ਕੀ ਗੱਲ - ਕੀ ਗੱਲ …?" ਕਰ ਕੇ ਛੱਤ ਸਿਰ ਤੇ ਚੁੱਕ ਲੈਂਦੀ ਅਤੇ ਬਿੱਲੂ ਬੱਚੇ ਜਾਗ ਜਾਣ ਦੇ ਡਰੋਂ ਛਿੱਥਾ ਜਿਹਾ ਪੈ ਕੇ ਆਪਣੇ ਬੈੱਡ ਤੇ ਪੈਂਦਾ ਅਤੇ ਸਾਰੀ ਸਾਰੀ ਰਾਤ ਪਲ਼ਸੇਟੇ ਮਾਰਦੇ ਦੀ ਲੰਘ ਜਾਂਦੀ ਕਦੇ ਕਦੇ ਉਹ ਕਰੋਧ ਵਿਚ ਐਨਾ ਦਧਨ ਹੋ ਜਾਂਦਾ ਕਿ ਉਸ ਦਾ ਇਹ ਸਾਰਾ ਘਰ ਬਾਰ ਤਿਆਗ ਕੇ ਕਿਤੇ ਉਠ ਜਾਣ ਨੂੰ ਜੀਅ ਕਰਦਾ ਪਰ ਬੱਚਿਆਂ ਦਾ ਖ਼ਿਆਲ ਕਰਕੇ ਉਹ ਫਿਰ ਦੜ ਵੱਟ ਜਾਂਦਾ ਉਹ ਸੋਚਦਾ ਕਿ ਬੱਚੇ ਅਜੇ ਛੋਟੇ ਸਨ, ਰੁਲ਼ ਜਾਣਗੇ..! ਦਵਿੰਦਰ ਇਕੱਲੀ ਇਹਨਾਂ ਨੂੰ ਪਾਲ਼ ਨਹੀਂ ਸਕੇਗੀ ਇਹ ਖ਼ਿਆਲ ਉਸ ਦੇ ਪੈਰਾਂ ਦੀਆਂ ਬੇੜੀਆਂ ਬਣ ਜਾਂਦਾ ਅਤੇ ਉਹ ਮਨ ਮਾਰ ਕੇ ਘਰ ਵਿਚ ਰਹਿਣ ਲਈ ਮਜ਼ਬੂਰ ਹੋ ਜਾਂਦਾ

ਅਕਸਰ ਬਿੱਲੂ ਵੀ ਇਕ ਇਨਸਾਨ ਸੀ ਹੱਡ-ਮਾਸ ਦਾ ਬੰਦਾ ਸੀ ਅੰਨ ਖਾਂਦਾ ਸੀ ਉਸ ਨੇ ਕਈ ਵਾਰ ਇਸ ਵਿਸ਼ੇ ਤੇ ਦਵਿੰਦਰ ਨਾਲ ਗੱਲ ਕੀਤੀ ਪਰ ਦਵਿੰਦਰ ਨੇ ਕੰਨ ਮੁੱਢ ਮਾਰ ਛੱਡਿਆ ਕੋਈ ਗ਼ੌਰ ਨਾ ਕੀਤੀ ਜੇ ਬਿੱਲੂ ਜੁਆਕਾਂ ਦੇ ਸਕੂਲ ਜਾਣ ਤੋਂ ਬਾਅਦ ਕਲੇਸ਼ ਜਿਹਾ ਕਰਦਾ ਤਾਂ ਦਵਿੰਦਰ ਫ਼ਸੀ ਫ਼ਸਾਈ, ਮਜ਼ਬੂਰੀ ਮਾਰੀ ਦਿਨੇ ਇਕ ਅੱਧੀ ਵਾਰ ਉਸ ਦਾ ਫ਼ਾਹਾ ਜਿਹਾ ਵੱਢ ਦਿੰਦੀ ਦੋ ਚਾਰ ਦਿਨ ਬਿੱਲੂ ਫਿਰ ਚੁੱਪ ਜਿਹਾ ਰਹਿੰਦਾ ਜੇ ਉਹ ਕਦੀ ਦਵਿੰਦਰ ਨਾਲ਼ ਇਸ ਪ੍ਰਤੀ ਗੱਲ ਕਰਨੀ ਚਾਹੁੰਦਾ ਤਾਂ ਉਹ ਅੜਬ ਕਲਰਕ ਵਾਂਗ ਬੈਠੀ ਹੀ ਨਾਂਹ-ਪੱਖੀ ਹੱਥ ਹਿਲਾ ਦਿੰਦੀ ਜਦੋਂ ਦਵਿੰਦਰ ਬਿੱਲੂ ਦੀ ਗੱਲ ਤੇ ਕੰਨ ਹੀ ਧਰਨੋਂ ਹਟ ਗਈ ਤਾਂ ਬਿੱਲੂ ਨੇ ਆਪਣੇ ਘਰ ਦੇ ਮਾਹੌਲ ਤੋਂ ਉਚਾਟ ਹੋ ਕੇ ਬਾਹਰਲੀ ਦੁਨੀਆਂ ਵਿਚ ਝਾਤੀ ਮਾਰਨੀ ਸ਼ੁਰੂ ਕਰ ਦਿੱਤੀ ਲੋੜ ਹਮੇਸ਼ਾ ਕਾਢ ਦੀ ਮਾਂ ਰਹੀ ਹੈ ਡੁੱਬਦੇ ਨੂੰ ਅਗਰ ਤਿਣਕੇ ਦਾ ਸਹਾਰਾ ਮਿਲ ਜਾਵੇ ਤਾਂ ਆਦਮੀ ਫਿਰ ਵੀ ਆਪਣੇ ਆਪ ਨੂੰ ਖ਼ੁਸ਼-ਕਿਸਮਤ ਸਮਝਦਾ ਹੈ

ਬਿੱਲੂ ਨੇ ਆਪਣੇ ਨਾਲ਼ ਕੰਮ ਕਰਦੀਆਂ ਔਰਤਾਂ ਨਾਲ ਖੁੱਲ੍ਹਣਾਂ ਸ਼ੁਰੂ ਕਰ ਦਿੱਤਾ ਆਪਣੇ ਘਰ ਦੇ ਦੁੱਖੜੇ ਦੂਜਿਆਂ ਕੋਲ ਫ਼ਰੋਲਣੇਂ ਸ਼ੁਰੂ ਕਰ ਦਿੱਤੇ ਆਦਮੀ ਆਪਣੇ ਘਰ ਦਾ ਭੇਦ ਉਦੋਂ ਹੀ ਬਾਹਰ ਖਿਲਾਰਦਾ ਹੈ, ਜਦ ਉਸ ਦੀ ਘਰ ਵਿਚ ਕੋਈ ਸੁਣਨ ਵਾਲਾ ਨਹੀਂ ਰਹਿੰਦਾ ਅਗਰ ਬੰਦਾ ਕਿਸੇ ਕੋਲ ਆਪਣੇ ਦਿਲ ਦਾ ਭੇਦ ਨਾ ਖੋਲ੍ਹੇ, ਤਾਂ ਉਹ ਦਿਮਾਗੀ ਤੌਰ ਤੇ ਪਾਗ਼ਲ ਹੋ ਜਾਵੇ ਸਰੀਰਕ ਸੰਤੁਸ਼ਟੀ ਪੱਖੋਂ ਤਾਂ ਉਹ ਜਿਹੜਾ ਦੁਖੀ ਸੀ, ਉਹ ਤਾਂ ਸੀ ਹੀ…! ਪਰ ਹੁਣ ਉਹ ਮਾਨਸਿਕ ਪੱਖੋਂ ਵੀ ਕਮਜ਼ੋਰ ਪੈਣ ਲੱਗ ਪਿਆ ਅਤੇ ਗੁੰਮ ਸੁੰਮ ਜਿਹਾ ਰਹਿਣ ਲੱਗਿਆ ਹਰ ਵਖ਼ਤ ਖ਼ੁਸ਼-ਖ਼ੁਸ਼ ਅਤੇ ਖਿੜਿਆ ਰਹਿਣ ਵਾਲਾ ਬਿੱਲੂ ਹੁਣ ਚੁੱਪ ਚਾਪ ਜਿਹਾ ਫਿਰਦਾ ਰਹਿੰਦਾ ਨਾਲ ਕੰਮ ਕਰਨ ਵਾਲਿਆਂ ਵਿਚ ਇਹ ਚਰਚਾ ਆਮ ਚੱਲਦੀ ਰਹਿੰਦੀ ਸੀ ਕਿ ਬਿੱਲੂ ਨੂੰ ਕੋਈ ਗ਼ੈਬੀ ਚਿੰਤਾ ਜਾਂ ਬਿਮਾਰੀ ਸੀ

ਜੋਤ ਕਈ ਦਿਨਾਂ ਤੋਂ ਬਿੱਲੂ ਦੇ ਹਾਵ ਭਾਵ ਤਾੜ ਰਹੀ ਸੀ ਜੋਤ ਵੀ ਬਿੱਲੂ ਵਾਲੀ ਕੇਟਰਿੰਗ ਫ਼ਰਮ ਵਿਚ ਹੀ ਕੰਮ ਕਰਦੀ ਸੀ ਅਤੇ ਬਿੱਲੂ ਨਾਲ ਹੀ ਕਾਰ ਵਿਚ ਆਉਂਦੀ ਜਾਂਦੀ ਸੀ ਉਸ ਦਾ ਤਿੰਨ ਸਾਲ ਪਹਿਲਾਂ ਤਲਾਕ ਹੋ ਚੁੱਕਿਆ ਸੀ ਵੱਡੀ ਉਮਰ ਦਾ ਘਰਵਾਲ਼ਾ ਉਸ ਨੂੰ ਭਾਰਤ ਤੋਂ ਲਵੀ ਜਿਹੀ ਨੂੰ ਵਿਆਹ ਲਿਆਇਆ ਸੀ ਅਤੇ ਇੱਥੇ ਕੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਸਰੀਰਕ ਸੰਤੁਸ਼ਟੀ ਪੱਖੋਂ ਜੋਤ ਵੀ ਊਣੀਂ ਹੀ ਰਹੀ ਸੀ ਬਿੱਲੂ ਅਤੇ ਜੋਤ ਦਾ ਦੁਖਾਂਤ ਤਕਰੀਬਨ ਇੱਕੋ ਹੀ ਸੀ ਜੋਤ ਦਾ ਪਤੀ ਬੁੱਢਾ ਅਤੇ ਬਿੱਲੂ ਦੇ ਘਰਵਾਲੀ ਬੁੜ੍ਹਾਪੇ ਵੱਲ ਨੂੰ ਮਾਰੋ ਮਾਰ ਤੁਰੀ ਹੋਈ…! ਜਦੋਂ ਇੱਕੋ ਪੱਖ ਦੇ ਦੋ ਦੁਖੀ ਇਕੱਠੇ ਹੋ ਜਾਣ ਤਾਂ ਹਮਦਰਦੀ ਕੇ ਆਪਣੀ ਜਗਾਹ ਮੱਲ ਲੈਂਦੀ ਹੈ ਅਤੇ ਕਿਸੇ ਹੱਦ ਤੱਕ ਦੁੱਖਾਂ ਦਾ ਨਿਪਟਾਰਾ ਹੋ ਜਾਂਦਾ ਹੈ ਇਕਲਾਪੇ ਦਾ ਖ਼ਲਾਅ ਖ਼ਤਮ ਹੋ ਨਿੱਬੜਦਾ ਹੈ ਜੋਤ ਦੇ ਜੋਰ ਦੇਣ ਤੇ ਬਿੱਲੂ ਨੇ ਆਪਣੇ ਦਿਲ ਦੀਆਂ ਪੀੜਾਂ ਉਸ ਸਾਹਮਣੇ ਰੱਖ ਦਿੱਤੀਆਂ ਬੇਝਿਜਕ ਅਤੇ ਬੇਬਾਕ…!

-"ਜੋਤ! ਅੱਜ ਮੈਨੂੰ ਘਰਵਾਲੀ ਦੀ ਸੇਜ ਮਾਣਿਆਂ ਮਹੀਨੇ ਤੋਂ ਵੀ ਉਪਰ ਹੋ ਗਿਆ! ਇਹ ਸੱਚੀ ਗੱਲ ਅੱਜ ਮੈਂ ਤੇਰੇ ਕੋਲੇ ਦੱਸੀ ..! ਪਰ ਜੇ ਤੈਨੂੰ ਮੇਰੇ ਨਾਲ਼ ਕੋਈ ਦਰਦ ਜਾਂ ਹਮਦਰਦੀ , ਤਾਂ ਇਹ ਗੱਲ ਅਗਾਂਹ ਨਾ ਕਰੀਂ…! ਬੰਦਾ ਦਿਲ ਦਾ ਭੇਦ ਵੀ ਐਥੇ ਕੀਹਦੇ ਕੋਲ ਖੋਲ੍ਹੇ…? ਮੈਨੂੰ ਲੱਗਦੈ ਮੈਂ ਇਉਂ ਕਮਲ਼ਾ ਹੋ ਕੇ ਕਦੇ ਮਰ ਜਾਊਂ" ਬਿੱਲੂ ਨੇ ਤਪਦੇ ਹਿਰਦੇ ਚੋਂ ਅੰਗਿਆਰਾਂ ਵਰਗੇ ਬੋਲ ਕੱਢੇ ਤਾਂ ਜੋਤ ਨੇ ਉਸ ਨੂੰ ਹਮਦਰਦੀ ਭਰੀ ਗਲਵਕੜੀ ਪਾ ਲਈ ਜਿਵੇਂ ਬਿੱਲੂ ਦੇ ਜੁੱਗੜਿਆਂ ਜੁਗਾਂਤਰਾਂ ਦੇ ਦੁੱਖੜੇ ਟੁੱਟ ਗਏ ਸਨ ਪਿਆਸ ਮੁੱਕ ਗਈ ਸੀ ਭੜ੍ਹਕਣਾ ਸਾਂਤ ਹੋ ਗਈ ਸੀ ਰਹਿੰਦੀ ਜ਼ਿੰਦਗੀ ਜਿਉਣ-ਮਾਨਣ ਦਾ ਕੋਈ ਮਾਰਗ ਦਿਸਿਆ ਸੀ ਉਬਲ਼ਦੀ ਮਾਨਸਿਕ ਪੀੜਾ ਸੀਤ ਹੋ ਗਈ ਸੀ ਰੇਗਿਸਤਾਨ ਵਿਚ ਡਿੱਗੀ ਸੁਆਤੀ ਬੂੰਦ ਵਾਂਗ ਉਸ ਨੂੰ ਤਸੱਲੀ ਹੀ ਤਾਂ ਹੋ ਗਈ ਸੀ…!
-"ਬਿੱਲੂ…!" ਜੋਤ ਨੇ ਅੱਧ ਖੁੱਲ੍ਹੀਆਂ ਅੱਖਾਂ ਨਾਲ ਤੱਕਦਿਆਂ ਆਖਿਆ ਚਾਹੇ ਜੋਤ ਪੈਂਤੀਆਂ ਸਾਲਾਂ ਦੀ ਸੀ ਪਰ ਉਸ ਦੇ ਸਰੀਰ ਦੀ ਕਸ਼ਿਸ਼, ਜੋਬਨ ਦੀ ਭਾਅ ਅਤੇ ਸੁਹੱਪਣ ਬਰਾਬਰ ਕਾਇਮ ਸੀ ਬੱਚਾ ਉਸ ਦੇ ਕੋਈ ਨਹੀਂ ਸੀ

-"ਹਾਂ…?" ਬਿੱਲੂ ਨੇ ਕਿਸੇ ਆਨੰਦ, ਕਿਸੇ ਸੁਪਨੇ ਵਿਚੋਂ ਪਰਤਦਿਆਂ ਪੁੱਛਿਆ ਉਸ ਦੀ ਭੁੱਜਦੀ ਹਿੱਕ ਹੁਣ ਠਰੀ ਪਈ ਸੀ
-"ਤੁਸੀਂ ਮੇਰੇ ਘਰ ਚੱਲੋ" ਕਾਰ ਵਿਚ ਆਉਂਦਿਆਂ ਜੋਤ ਨੇ ਆਪਣਾ ਸਿਰ ਬਿੱਲੂ ਦੇ ਮੋਢੇ ਤੇ ਰੱਖ ਦਿੱਤਾ ਤਾਂ ਬਿੱਲੂ ਨੇ ਇਕ ਹੱਥ ਨਾਲ ਉਸ ਦੇ ਸਿਰ ਨੂੰ ਪਲੋਸਣਾ ਸ਼ੁਰੂ ਕਰ ਦਿੱਤਾ ਅੱਖਾਂ ਵਿਚ ਅੱਖਾਂ ਪਈਆਂ ਤਾਂ ਦਿਲ ਇੱਕ-ਮਿੱਕ ਹੋ ਗਏ ਧੜਕਣਾਂ ਨੇ ਹਾਂਮੀ ਭਰੀ ਤਾਂ ਜੀਵਨ ਦੇ ਗ਼ਿਲੇ-ਸ਼ਿਕਵੇ ਨਵਿਰਤ ਹੋ ਗਏ ਉਹ ਇਕ ਜਿੰਦ ਜਾਨ ਹੋਏ ਬੈਠੇ ਸਨ
ਉਸ ਦਿਨ ਬਿੱਲੂ ਘਰ ਹੀ ਨਾ ਗਿਆ ਅਤੇ ਰਾਤ ਜੋਤ ਦੇ ਘਰ ਹੀ ਕੱਟੀ

ਅਗਲੇ ਦਿਨ ਬਿੱਲੂ ਘਰ ਗਿਆ ਤਾਂ ਉਸ ਦੀ ਘਰਵਾਲ਼ੀ ਦਵਿੰਦਰ ਨੇ ਉਸ ਵੱਲ ਕੋਈ ਧਿਆਨ ਹੀ ਨਾ ਦਿੱਤਾ ਜਿੱਥੇ ਮਰਜ਼ੀ ਭੌਂਕਦਾ ਫਿਰੇ ਕੁੱਤਾ ਮੈਨੂੰ ਕੀ…? ਮੇਰੇ ਕੋਲ ਫ਼ਰ੍ਹੀ ਘਰ.. ਮੇਰੇ ਕੋਲ ਬੱਚੇ ਮੇਰੇ ਕੋਲ ਮੇਰੀਆਂ ਭੈਣਾਂ ਮੇਰੇ ਕੋਲ ਆਪਦਾ ਪੇਕਿਆਂ ਦਾ ਸਾਰਾ ਟੱਬਰ ਇਹ ਕੰਜਰ ਮੇਰੇ ਕੀ ਜੁੱਤੀ ਦੇ ਯਾਦ …? ਖਾਵੇ ਧੱਕੇ ਜਿੱਥੇ ਮਰਜ਼ੀ…! ਆਪੇ ਧੱਕੇ ਖਾ ਕੇ ਆਜੂਗਾ.. ਆਊਗਾ ਤਾਂ ਅਕਸਰ ਮੇਰੇ ਕੋਲੇ ਹੀ ਨ੍ਹਾਂ…? ਇਹ ਚਾਰ ਦਿਨਾਂ ਦੀ ਚਾਂਦਨੀ ਤੇ ਫਿਰ ਹਨ੍ਹੇਰੀ ਰਾਤ ਜਾਵੇ ਜਿਹੜੀ ਕੁੱਤੀ ਕੋਲੇ ਜਾਂਦੈ ਮੇਰੀ ਜਾਣਦੀ ਜੁੱਤੀ ਜੇ ਇਹਦੀ ਅੱਜ ਲੇਲੇ-ਪੇਪੇ ਕੀਤੀ, ਫੇਰ ਬਾਹਲਾ ਸਿਰ ਨੂੰ ਚੜੂ ਵੀਹ ਸ਼ਰਤਾਂ ਰੱਖੂ ਦੇਖ ਲੇ ਕਰ ਕੇ, ਕੀ ਕਰਦੈ…! ਵੀਹ ਸਾਲ ਮੇਰੇ ਨਾਲ ਰਹਿ ਕੇ ਹੁਣ ਮੈਂ ਇਹਨੂੰ ਮਾੜੀ ਲੱਗਣ ਲੱਗਪੀ...? ਕੀ ਕੁੱਤੇ ਨੂੰ ਬੁੱਢਾ ਹੋ ਕੇ ਜੁਆਨੀ ਚੜ੍ਹੀ …! ਮਰੇ ਜਿੱਥੇ ਮਰਦੈ…! ਦਵਿੰਦਰ ਉਸ ਵੱਲੋਂ ਬੇਪ੍ਰਵਾਹ ਹੋ ਗਈ ਸੀ ਉਸ ਨੂੰ ਇਹ ਨਹੀਂ ਪਤਾ ਸੀ ਕਿ ਮੇਰੀ ਹੈਂਕੜ, ਮੇਰੀ ਆਕੜ ਇਕ ਦਿਨ ਮੈਨੂੰ ਹੀ ਇਕੱਲੀ ਕਰ ਦੇਵੇਗੀ ਅਤੇ ਬਿੱਲੂ ਮੈਥੋਂ ਦਿਨ ਬਦਿਨ ਦੂਰ ਹੀ ਦੂਰ ਹੁੰਦਾ ਚਲਾ ਜਾਵੇਗਾ ਨਿਮਰਤਾ ਵੀ ਕੋਈ ਆਗੰਮੀ ਸ਼ੈਅ ਹੁੰਦੀ ਨਿਮਰਤਾ ਸੌ ਦੁੱਖਾਂ ਦੀ ਦੁਆਈ…! ਪਰ ਨਿਮਰਤਾ ਤਾਂ ਉਸ ਦੇ ਨੇੜ ਨਹੀਂ ਢੁੱਕੀ ਸੀ ਨਿਮਰਤਾ ਅਤੇ ਹੰਕਾਰ ਦੇ ਆਪਣੇ ਆਪਣੇ ਡੇਰੇ ਦੂਰ ਦੂਰ ਕਿਨਾਰੇ…! ਇਕ ਦੂਜੇ ਦੇ ਵਿਰੋਧੀ ਕਿਨਾਰੇ…!

ਉਧਰ ਬਿੱਲੂ ਅਤੇ ਜੋਤ ਦੇ ਪ੍ਰੇਮ ਦੀਆਂ ਗੰਢਾਂ ਦਿਨੋਂ ਦਿਨ ਹੋਰ ਪੀਡੀਆਂ ਹੁੰਦੀਆਂ ਗਈਆਂ ਸਨ ਉਹ ਦਿਨੋਂ ਦਿਨ ਇਕ ਜੋਤ ਹੁੰਦੇ ਗਏ ਜੋਤ ਨੇ ਉਸ ਦੇ ਜੀਵਨ ਦਾ ਅਧੂਰਾ ਖੱਪਾ ਪੂਰਿਆ ਸੀ ਅਤੇ ਬਿੱਲੂ ਨੇ ਜੋਤ ਦੀ ਵੈਰਾਨ ਜ਼ਿੰਦਗੀ ਵਿਚ ਖੇੜਾ ਲਿਆਂਦਾ ਸੀ ਦੋਨੋਂ ਇਕ ਦੂਜੇ ਦੇ ਪੂਰਕ ਸਨ ਆਪਣੀ ਇਸ ਨਵੀਂ ਜ਼ਿੰਦਗੀ ਵਿਚ ਸੰਤੁਸ਼ਟ ਸਨ ਬਿੱਲੂ ਕਦੇ ਦਿਨ ਵੇਲੇ ਆਪਣੇ ਘਰੇ ਆਉਂਦਾ ਅਤੇ ਆਪਣੇ ਕੱਪੜੇ ਬਗੈਰਾ ਚੁੱਕ ਲਿਜਾਂਦਾ ਦਵਿੰਦਰ ਨੂੰ ਕੋਈ ਪ੍ਰਵਾਹ ਨਹੀਂ ਸੀ ਦਵਿੰਦਰ ਨੂੰ ਕਈ ਦੇਸੀ ਬੰਦੇ-ਬੁੜ੍ਹੀਆਂ ਨੇ ਜੋਤ ਬਾਰੇ ਦੱਸ ਵੀ ਦਿੱਤਾ ਸੀ ਪਰ ਉਸ ਦੇ ਮਨ ਵਿਚ ਇਹ ਵੱਡਾ ਭੁਲੇਖਾ ਸੀ, ਭਰਮ ਸੀ ਕਿ ਬਿੱਲੂ ਇਕ ਨਾ ਇਕ ਦਿਨ ਧੱਕੇ-ਧੋੜੇ ਖਾ ਕੇ ਆਪੇ ਹੀ ਘਰ ਨੂੰ ਮੋੜੇ ਪਾ ਲਵੇਗਾ ਪਰ ਬਿੱਲੂ ਟਿੱਬਿਆਂ ਦੇ ਊਠ ਵਾਂਗ ਲੰਮੀਆਂ ਪੁਲ਼ਾਂਘਾਂ ਨਾਲ਼ ਉਸ ਨਾਲੋਂ ਦਿਨੋਂ ਦਿਨ ਫ਼ਰਕ ਪਾਉਂਦਾ ਜਾ ਰਿਹਾ ਸੀ ਦਵਿੰਦਰ ਦੀ ਇਸ ਬੇਪ੍ਰਵਾਹੀ ਨੇ ਉਹਨਾਂ ਵਿਚਕਾਰ ਪਈ ਦਰਾੜ ਹੋਰ ਚੌੜੀ ਕਰ ਮਾਰੀ ਸੀ ਬਿੱਲੂ ਇਸ ਪੱਖੋਂ ਹੋਰ ਚਿੜ ਗਿਆ ਸੀ ਕਿ ਦਵਿੰਦਰ ਨੂੰ ਜੇ ਮੇਰੀ ਕੋਈ ਪ੍ਰਵਾਹ ਨਹੀਂ ਸੀ ਤਾਂ ਫਿਰ ਮੈਨੂੰ ਕਾਹਦੀ ਚਿੰਤਾ…? ਬੱਚੇ ਵੱਡੇ ਆਪੇ ਸਕੂਲ ਚਲੇ ਜਾਂਦੇ ਅਤੇ ਆਪੇ ਜਾਂਦੇ ਨੇ ਇੱਥੇ ਕਿਹੜਾ ਭਾਰਤ ਬਈ ਬੱਚੇ ਰੁਲ਼ ਖੁਲ਼ ਜਾਣਗੇ…? ਇੱਥੇ ਤਾਂ ਗੌਰਮਿੰਟ ਬੱਚਿਆਂ ਦਾ ਖ਼ਿਆਲ ਮਾਪਿਆਂ ਨਾਲੋਂ ਵੀ ਜ਼ਿਆਦਾ ਰੱਖਦੀ

ਦਵਿੰਦਰ ਦੇ ਭਾਅ ਦੀ ਤਾਂ ਉਦੋਂ ਬਣੀ, ਜਦੋਂ ਬਿੱਲੂ ਨੇ ਆਪਣੇ ਵਕੀਲ ਰਾਹੀਂ ਦਵਿੰਦਰ ਨੂੰ ਤਲਾਕ ਦੇ ਕਾਗਜ਼ ਭਿਜਵਾਏ ਉਸ ਨੂੰ ਕਦਾਚਿੱਤ ਉਮੀਦ ਨਹੀਂ ਸੀ ਕਿ ਬਿੱਲੂ ਕਦੀ ਤਲਾਕ ਵਾਲਾ ਕਦਮ ਵੀ ਚੁੱਕੇਗਾ…? ਪਾਣੀ ਗਲ਼-ਗਲ਼ ਆਇਆ ਦੇਖ ਕੇ ਉਸ ਨੇ ਬਿੱਲੂ ਕੋਲ ਆਪਣੇ ਵਿਚੋਲੇ ਭੇਜਣੇ ਸ਼ੁਰੂ ਕਰ ਦਿੱਤੇ ਪਰ ਬਿੱਲੂ ਨੇ ਲੱਤ ਤੱਕ ਨਾ ਲਾਈ ਉਸ ਨੂੰ ਆਪਣਾ ਟਿਕਾਣਾ ਅਤੇ ਮਨ ਦੀ ਸ਼ਾਂਤੀ ਮਿਲ ਗਈ ਸੀ ਜਿਸ ਸੰਪੂਰਨਤਾ ਅਤੇ ਸੰਤੁਸ਼ਟੀ ਨੂੰ ਉਹ ਸਾਲਾਂ ਬੱਧੀ ਭਟਕਦਾ ਰਿਹਾ ਸੀ, ਉਹ ਜੋਤ ਦੇ ਰੂਪ ਵਿਚ ਉਸ ਦੀ ਝੋਲੀ ਆਣ ਡਿੱਗੀ ਸੀ ਆਖਰ ਜਦ ਥੰਧੇ ਘੜ੍ਹੇ ਬਿੱਲੂ ਤੇ ਕਿਸੇ ਵਿਚੋਲੇ ਦਾ ਅਸਰ ਨਾ ਹੋਇਆ ਤਾਂ ਦਵਿੰਦਰ ਜੋਤ ਕੋਲ ਆਪ ਜਾ ਵੜੀ ਅਤੇ ਅਕਲ ਅਨੁਸਾਰ ਬਚਨ-ਬਿਲਾਸ ਕਰ ਆਈ ਸੀ

ਰਮਣੀਕ ਨੇ ਫਿਰ ਇਨਸਾਨੀਅਤ ਦੇ ਨਾਤੇ ਬਿੱਲੂ ਨਾਲ਼ ਗੱਲ ਚਲਾਈ
ਬਿੱਲੂ ਨੇ ਰਮਣੀਕ ਨੂੰ ਪੁੱਠੀਆਂ ਸਿੱਧੀਆਂ ਅਤੇ ਕੋਰੀਆਂ ਫਿਰ ਸੁਣਾਂ ਦਿੱਤੀਆਂ
ਉਸ ਦੀਆਂ ਕੋਸ਼ਿਸ਼ਾਂ ਦਾ ਕੋਈ ਸਾਰਥਿਕ ਨਤੀਜਾ ਨਾ ਨਿਕਲ਼ਿਆ
ਅਦਾਲਤ ਨੇ ਉਹਨਾਂ ਨੂੰ ਰਾਜ਼ੀਨਾਵਾਂ ਕਰਨ ਲਈ ਚਾਰ ਹਫ਼ਤੇ ਦਾ ਟਾਈਮ ਦਿੱਤਾ ਅਤੇ ਇਕ ਟੁੱਟੀ ਗੰਢਣ ਵਾਲ਼ੀ ਸੰਸਥਾ ਦੀ ਅਪਾਇੰਟਮੈਂਟਬਣਾ ਦਿੱਤੀ ਪਰ ਬਿੱਲੂ ਵਾਰ ਵਾਰ ਉਸ ਦੇਖੇ ਹੋਏ ਮੇਲੇ ਵਿਚ ਫਿਰ ਤੋਂ ਪੈਰ ਨਹੀਂ ਮਿੱਧਵਾਉਣੇ ਚਾਹੁੰਦਾ ਸੀ ਉਸ ਨੇ ਦਵਿੰਦਰ ਨਾਲ਼ ਰਾਜ਼ੀਨਾਵੇਂ ਬਾਰੇ ਲੱਤ ਹੀ ਨਾ ਲਾਈ ਉਹ ਦਵਿੰਦਰ ਤੋਂ ਨਰਾਜ਼ ਘੱਟ ਅਤੇ ਨਿਰਾਸ਼ ਜ਼ਿਆਦਾ ਸੀ ਕਿਉਂਕਿ ਦਵਿੰਦਰ ਵਾਰ ਵਾਰ ਵਾਅਦੇ ਕਰਕੇ ਬਿੱਲੂ ਕੋਲ਼ ਮੁੱਕਰਦੀ ਰਹੀ ਸੀ
ਰਮਣੀਕ ਹੋਰਾਂ ਨੇ ਆਖਰ ਵਾਰ ਫਿਰ ਕੋਸ਼ਿਸ਼ ਕੀਤੀ ਤਾਂ ਬਿੱਲੂ ਨੇ ਸਿਰਫ਼ ਇੱਕੋ ਹੀ ਨਬੇੜ ਦਿੱਤੀ

-"ਇਹ ਟੱਬਰ ਅਮਰ ਵੇਲ ਵਰਗੈ ਰੰਮੀ..! ਇਹ ਤਾਂ ਉੱਲੂ ਮਾਂਗੂੰ ਜਿਹੜੇ ਦਰੱਖ਼ਤ ਤੇ ਬੈਠਣਗੇ, ਓਸੇ ਦਾ ਭੱਠਾ ਬਿਠਾਉਣਗੇ…! ਮੈਂ ਵੀਹਾਂ ਸਾਲਾਂ ਬਹੁਤ ਸੰਤਾਪ ਤੇ ਦਸੌਂਟਾ ਕੱਟਿਐ ਇਸ ਦੁਸ਼ਟ ਤੀਮੀ ਨਾਲ਼…! ਹੁਣ ਬਾਈ ਬਣਕੇ ਮੇਰੇ ਬਦਲੇ ਨਾ ਲਓ…! ਇਹ ਪਰਨਾਲ਼ਾ ਤਾਂ ਉਸੇ ਥਾਂ ਰਹਿਣੈਂ, ਇਹਦੇ ਤੇ ਕੋਈ ਅਸਰ ਨ੍ਹੀ ਹੋਣਾਂ..! ਇਹਨਾਂ ਦੇ ਟੱਬਰ ਦਾ ਕੋਈ ਇਤਬਾਰ ਨਹੀਂ…! ਐਥੇ ਗੱਲ ਕਰਕੇ ਔਥੇ ਜਾ ਕੇ ਮੁੱਕਰ ਜਾਣਗੇ…! ਤੇ ਬਾਈ ਮਰੇ ਤੇ ਮੁੱਕਰੇ ਬੰਦੇ ਦਾ ਕੋਈ ਇਲਾਜ ਨਹੀਂ ਹੁੰਦਾ..! ਇਹਦੀਆਂ ਭੈਣਾਂ ਆਖਦੀਆਂ ਮੈਂ ਆਪ ਕੰਨੀਂ ਸੁਣੀਐਂ ਬਈ ਆਦਮੀ ਨੂੰ ਆਬਦੇ ਨੇੜੇ ਨਾ ਲੱਗਣ ਦਿਓ, ਜੁਆਕਾਂ ਨੂੰ ਬਾਪ ਖ਼ਿਲਾਫ਼ ਭੜ੍ਹਕਾਓ ਤੇ ਜੁਆਕਾਂ ਨੂੰ ਪਿਉ ਨਾਲ਼ ਲੜਾਓ…! ਬੰਦੇ ਵੱਲ ਧਿਆਨ ਨਾ ਦਿਓ ਤੇ ਕੁੱਤਾ ਬਣਾ ਕੇ ਰੱਖੋ…! ਲੈ ਸਾਂਭ ਲਵੇ ਹੁਣ ਜੁਆਕ..! ਲੜਾ ਲਵੇ ਮੇਰੇ ਨਾਲ਼…! ਮੈਂ ਘਰ ਹੀ ਛੱਡ ਗਿਆ, ਕਰਲੇ ਮਨ ਖ਼ੁਸ਼ ਜਿਹੜਾ ਕਰਦੀ ..! ਚੌੜੀ ਹੋ ਕੇ ਬਹਿਜੇ ਭੇਣਾਂ ਤੇ ਜੁਆਕਾਂ ..! ਪਰ ਮੈਨੂੰ ਹੁਣ ਮੇਰੀ ਆਬਦੀ ਜ਼ਿੰਦਗੀ ਜਿਉਣ ਦਿਓ ਭਰਾਵੋ, ਤੁਹਾਡੀ ਹਮਦਰਦੀ ਲਈ ਬਹੁਤ ਬਹੁਤ ਮਿਹਰਬਾਨੀ…! ਹੁਣ ਜਾਓ ਬਾਈ ਬਣਕੇ ਤੇ ਜਿਉਂਦੇ ਵਸਦੇ ਰਹੋ…!"

ਰਮਣੀਕ ਹੋਰੀਂ ਚੁੱਪ ਕਰਕੇ ਵਾਪਸ ਗਏ ਸਨ
ਬਿੱਲੂ ਨੇ ਉਹਨਾਂ ਨੂੰ ਆਖਰੀ ਗੱਲ ਹੀ ਤਾਂ ਸੁਣਾ ਦਿੱਤੀ ਸੀ!

ਜਦ ਆਖਰ ਤਲਾਕ ਦੀ ਮਿਥੀ ਤਾਰੀਖ਼ ਆਈ ਤਾਂ ਬਿੱਲੂ ਦੀ ਜਾਇਦਾਦ ਦਾ ਅੱਧ ਦਵਿੰਦਰ ਨੂੰ ਮਿਲ ਗਿਆ ਬਿੱਲੂ ਨੇ ਵੀ ਅੱਧ ਦੇਣ ਲੱਗੇ ਨੇ ਕੋਈ ਝਿਜਕ ਨਹੀਂ ਦਿਖਾਈ ਸੀ ਇਹ ਤਾਂ ਉਸ ਦਾ ਹੱਕ ਬਣਦਾ ਹੀ ਸੀ…? ਗੌਰਮਿੰਟ ਦਾ ਕਾਨੂੰਨ ਸੀ…! ਉਹ ਆਪਣੇ ਮਨ ਦੀ ਸ਼ਾਂਤੀ ਚਾਹੁੰਦਾ ਸੀ ਆਪਣੀ ਸਰੀਰਕ ਸੰਤੁਸ਼ਟੀ ਲੋਚਦਾ ਸੀ ਜਦ ਔਰਤ ਜੱਜ ਤਲਾਕ ਦਾ ਆਖਰੀ ਫ਼ੈਸਲਾ ਦੇਣ ਤੋਂ ਪਹਿਲਾਂ ਦਵਿੰਦਰ ਨੂੰ ਸੰਬੋਧਨ ਹੋਈ, "ਤੁਸੀਂ ਆਖਰ ਵਿਚ ਕੁਛ ਕਹਿਣਾ ਚਾਹੁੰਦੇ ਹੋ…?" ਤਾਂ ਦਵਿੰਦਰ ਰੋਂਦਿਆਂ ਬੋਲੀ ਸੀ, "ਮੈਂ ਤਾਂ ਆਪਣਾ ਆਖਰੀ ਸ਼ਬਦ ਇਹ ਹੀ ਕਹਾਂਗੀ ਕਿ ਕੋਈ ਔਰਤ ਆਪਣੇ ਪੇਕੇ ਪ੍ਰੀਵਾਰ ਪਿੱਛੇ ਲੱਗ ਕੇ ਆਪਣੇ ਮਰਦ ਨੂੰ ਤੰਗ ਨਾ ਕਰੇ ਅਤੇ ਅੱਖੋਂ ਪਰੋਖੇ ਨਾ ਕਰੇ, ਸਗੋਂ ਆਪਣਾ ਘਰ ਸੰਭਾਲ਼ੇ ਅਤੇ ਕਿਸੇ ਭੈਣ ਜਾਂ ਕਿਸੇ ਮਾਂ ਬਾਪ ਦੀ ਸੁਣ ਕੇ ਆਪਣਾਂ ਘਰ ਨਾ ਉਜਾੜੇ..! ਦੂਜੀ ਗੱਲ ਇਹ ਯੂਅਰ ਆਨਰ ਕਿ ਕੋਈ ਵੀ ਔਰਤ ਆਪਣੇ ਤੋਂ ਛੋਟੀ ਉਮਰ ਦੇ ਮਰਦ ਨਾਲ ਵਿਆਹ ਨਾ ਕਰਵਾਵੇ..! ਇਹਦੇ ਵਿਚ ਬਿੱਲੂ ਦਾ ਕੋਈ ਕਸੂਰ ਨਹੀਂ ਅਤੇ ਨਾ ਹੀ ਕਸੂਰ ਜੋਤ ਦਾ ਹੈ..! ਕਸੂਰ ਸਿਰਫ਼ ਮੇਰੀ ਵੱਡੀ ਉਮਰ ਦਾ ਹੈ, ਜਿਸ ਕਰ ਕੇ ਮੈਂ ਆਪਣੇ ਮਰਦ ਨੂੰ ਪੂਰਾ ਖ਼ੁਸ਼ ਨਹੀਂ ਰੱਖ ਸਕੀ…! ਦੂਜੀ ਗੱਲ ਜੱਜ ਸਾਹਿਬਾਂ ਇਹ ਹੈ ਕਿ ਆਖਰੀ ਦਮ ਤੱਕ ਜੇ ਔਰਤ ਨਾਲ ਨਿਭ ਸਕਦੈ, ਤਾਂ ਸਿਰਫ਼ ਪਤੀ ਹੀ ਨਿਭ ਸਕਦੈ, ਨਹੀਂ ਤਾਂ ਸਾਰੇ ਬੱਚੇ ਅਤੇ ਭੈਣ ਭਰਾ, ਸਭ ਛੱਡ ਕੇ ਭੱਜ ਜਾਂਦੇ ਨੇ, ਤੇ ਪਿੱਛੇ ਰਹਿ ਜਾਂਦੀ ਇਕ ਔਰਤ..! ਸਿਰਫ਼ ਅਤੇ ਸਿਰਫ਼ ਆਪਣਾ ਕੀਤਾ ਭੁਗਤਣ ਲਈ ਤੇ ਜ਼ਿੰਦਗੀ ਦਾ ਰਹਿੰਦਾ ਦਸੌਂਟਾ ਭੋਗਣ ਲਈ" ਤੇ ਉਹ ਬਿੱਲੂ ਅਤੇ ਜੋਤ ਵੱਲ ਮੁਆਫ਼ੀ ਭਰੀਆਂ ਨਜ਼ਰਾਂ ਨਾਲ ਤੱਕਦੀ ਅਤੇ ਘੋਰ ਉਦਾਸ ਅਦਾਲਤ ਤੋਂ ਬਾਹਰ ਹੋ ਗਈ ਸੀ

ਰਮਣੀਕ ਹੋਰੀਂ ਇਹ ਫ਼ੈਸਲਾ ਸੁਣ ਕੇ ਉਦਾਸ ਹੋ ਗਏ ਸਨ
ਸਕਿਊਰਿਟੀ ਦੀ ਕੰਟੀਨ ਵਿਚ ਅੱਜ ਕਾਫ਼ੀ ਰੌਣਕ ਸੀ ਡਿਊਟੀ ਤੋਂ ਬਾਅਦ ਅੱਜ ਬੌਕਸਿੰਗ-ਡੇ ਮਨਾਇਆ ਜਾ ਰਿਹਾ ਸੀ ਡਿਊਟੀ ਤੋਂ ਬਾਅਦ, ਵਿਹਲੇ ਹੋ ਕੇ ਉਹ ਅੱਜ ਪਹਿਲੀ ਵਾਰ ਉਹ ਕੰਟੀਨ ਵਿਚ ਖਾਣ-ਪੀਣ ਬੈਠੇ ਸਨ ਬੌਕਸਿੰਗ-ਡੇ ਦਾ ਤਿਉਹਾਰ ਹੋਣ ਕਰਕੇ ਸਕਿਊਰਿਟੀ ਇੰਚਾਰਜ ਵੱਲੋਂ ਉਹਨਾਂ ਨੂੰ ਕੰਨਟੀਨ ਵਿਚ ਅੱਜ ਖਾਣ ਪੀਣ ਦੀ ਖੁੱਲ੍ਹ ਦਿੱਤੀ ਗਈ ਸੀ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਅਤੇ ਜੁਗਰਾਜ ਫ਼ੌਜੀ ਨੂੰ ਬੀਅਰ ਅਤੇ ਵਿਸਕੀ ਲੈਣ ਭੇਜ ਦਿੱਤਾ ਡਿਊਟੀ ਖਤਮ ਕਰਕੇ ਉਹ ਕੰਟੀਨ ਵਿਚ ਰਾਠ ਬਣੇ ਬੈਠੇ ਸਨ
ਫ਼ੌਜੀ ਸੇਨਜ਼ਬਰੀ ਵਿਚੋਂ ਬੀਅਰਾਂ ਦੇ ਡੱਬੇ ਅਤੇ ਵਿਸਕੀ ਖਰੀਦ, ਰਾਕਟ ਵਾਂਗ ਮੁੜ ਆਇਆ
-"ਉਹ ਬੱਲੇ ਫ਼ੌਜੀਆ…! ਆਹ ਤਾਂ ਬਈ ਬੜੀ ਫ਼ੁਰਤੀ ਮਾਰੀ…?" ਕਾਮਰੇਡ ਨੇ ਆਖਿਆ
-"ਫੇਰ ਵੀ ਫ਼ੌਜੀ ਰਿਹੈ, ਕਿਤੇ ਮਾੜੀ ਮੋਟੀ ਗੱਲ …?" ਢਿੱਲੋਂ ਬੋਲਿਆ
-"ਫ਼ੌਜੀਆ, ਕੱਲ੍ਹ ਬੜਾ ਦੁਖੀ ਜਿਆ ਸੀ…? ਸੁੱਖ ਸੀ…?" ਜੈਤੋ ਵਾਲ਼ਾ ਸਾਧੂ ਬੋਲਿਆ
-"ਕਾਹਨੂੰ ਯਾਰ ਫ਼ਿਊਨਰਲ ਤੋਂ ਆਇਆ ਸੀ-!" ਬੀਅਰ ਦੇ ਡੱਬੇ ਦਾ ਨੱਕ ਮਰੋੜਦਿਆਂ ਫ਼ੌਜੀ ਅੱਕਿਆਂ ਵਾਂਗ ਬੋਲਿਆ
-"ਆਇਐਂ ਫ਼ਿਊਨਰਲ ਤੋਂ ਸੀ, ਤੇ ਪੱਗ ਬੰਨ੍ਹੀ ਫ਼ਿਰਦਾ ਸੀ ਤੋਤੇ ਰੰਗੀ…!" ਹਰਚੰਦ ਟੱਲੇਵਾਲੀਏ ਨੇ ਵਿਅੰਗ ਨਾਲ਼ ਕਿਹਾ
-"ਚੱਲ ਛੱਡ ਤੋਤੇ ਰੰਗੀ ਨੂੰ…! ਕੌਣ ਚਾਲੇ ਪਾ ਗਿਆ…?"
-"ਬਰਾੜ ਚੜ੍ਹਾਈ ਕਰ ਗਿਆ…!" ਫ਼ੌਜੀ ਨੇ ਸੰਖੇਪ ਦੱਸਿਆ
-"ਕਿਹੜਾ ਬਰਾੜ…?" ਕਾਮਰੇਡ ਨੇ ਜਾਇਜਾ ਲੈਣਾਂ ਚਾਹਿਆ
-"ਚੰਦ…! ਚੰਦ ਬਰਾੜ…!"
-"ਫੇਰ ਤੂੰ ਅੱਕਿਆ ਕਾਹਤੋਂ ਫ਼ਿਰਦਾ ਸੀ…? ਮਰ ਜਾਣਾਂ ਤਾਂ ਕਿਸੇ ਦੇ ਕੋਈ ਵੱਸ ਨ੍ਹੀ ਹੁੰਦਾ…!"
-"ਉਏ ਕਾਹਦੀ ਗੱਲ ਯਾਰ, ਦੁਨੀਆਂ ਸਾਲ਼ੀ ਗਰਕਣ ਤੇ ਆਈ ਪਈ " ਫ਼ੌਜੀ ਫਿਰ ਵੱਢ ਖਾਣਿਆਂ ਵਾਂਗ ਬੋਲਿਆ
-"ਗੱਲ ਤਾਂ ਦੱਸ, ਕਾਹਨੂੰ ਪੈਰਾਂ ਹੇਠੋਂ ਮਿੱਟੀ ਕੱਢੀ ਜਾਨੈਂ?"
-"ਚੰਦ ਦੇ ਮੁੰਡਿਆਂ ਨੇ ਆਬਦੇ ਛੋਟੇ ਭਰਾ ਨੂੰ ਮੰਗਵਾਉਣ ਦਾ ਅੱਡੀ ਚੋਟੀ ਦਾ ਜੋਰ ਲਾ ਲਿਆ-!"
-"ਉਹ ਤਾਂ ਸਾਰੀ ਦੁਨੀਆਂ ਨੂੰ ਪਤੈ-!"
-"ਤੂੰ ਗੱਲ ਤਾਂ ਸੁਣ…! ਵਿੱਚੇ ਘੋੜ੍ਹਾ ਕਾਹਨੂੰ ਭਜਾ ਲੈਨਾਂ ਹੁੰਨੈ..?" ਫ਼ੌਜੀ ਅੱਕ ਕੇ ਬੋਲਿਆ
-"ਗੱਲ ਸੁਣ ਲਓ ਬਈ..!" ਕਾਮਰੇਡ ਨੇ ਹਦਾਇਤ ਜਿਹੀ ਕੀਤੀ
-"ਮੁੰਡਾ ਤਾਂ ਆਇਆ ਨਾ…! ਜਿੱਦੇਂ ਚੰਦ ਮਰਿਐ, ਮੈਨੂੰ ਵੱਡੇ ਮੁੰਡੇ ਨੇ ਫ਼ੋਨ ਕਰਤਾ, ਬਈ ਬਾਪੂ ਜੀ ਚੜ੍ਹਾਈ ਕਰ ਗਏ…! ਚਲੋ ਮੈਂ ਚਲਿਆ ਗਿਆ, ਜਾਣਾਂ ਸੀ…?"
-"ਆਹੋ ਫ਼ਰਜ ਬਣਦਾ ਸੀ…! ਤੇਰੀ ਐਨੀ ਨੇੜਤਾ ਸੀਗੀ" ਕਾਮਰੇਡ ਹੁੰਗਾਰਾ ਭਰ ਰਿਹਾ ਸੀ
-"ਚਲੋ ਜਦੋਂ ਮੈਂ ਹਸਪਤਾਲ਼ ਪਹੁੰਚਿਆ, ਅਸੀਂ ਚੰਦ ਦੀ ਦੇਹ ਦੇ ਦਰਸ਼ਣ ਕਰਕੇ ਘਰ ਨੂੰ ਗਏ…! ਘਰੇ ਆਉਣ ਸਾਰ ਵੱਡੇ ਮੁੰਡੇ ਨੇ ਚੱਕ ਕੇ ਆਬਦੇ ਛੋਟੇ ਭਰਾ ਨੂੰ ਫ਼ੋਨ ਕੀਤਾ..! ਬਾਪੂ ਦਾ ਅਫ਼ਸੋਸ ਨ੍ਹੀ ਕੀਤਾ..! ਸਾਲ਼ਾ ਪੋਪਲ਼ ਜਿਆ ਆਬਦੇ ਭਰਾ ਨੂੰ ਬਣਾਂ ਸਮਾਰ ਕੇ ਕਹਿੰਦਾ ਅਖੇ ਸਾਲ਼ਿਆ ਇੰਗਲੈਂਡ ਆਉਣ ਦੀ ਤਿਆਰੀ ਕਰ, ਬਾਪੂ ਮਰ ਗਿਆ ਤੇ ਤੈਨੂੰ ਬਾਪੂ ਦੇ ਸਸਕਾਰ ਤੇ ਵੀਜ਼ਾ ਮਿਲਜੂਗਾ-!"
-"ਵਾਹ ਜੀ ਵਾਹ…! ਹੈਅ ਥੋਡੀ ਮਾਂ ਦੀ ….. ਥੋਡੀ ਦੀ! ਬਈ ਸਾਲ਼ਿਓ ਜੱਗ ਰਵੀਰਾ ਤਾਂ ਕਰ ਲਓ..!"
-"ਜਾਂ ਤੁਸੀਂ ਚੁੱਪ ਕਰਜੋ…? ਬਾਹਰਲੇ ਬੰਦੇ ਜਾਣ ਤੋਂ ਬਾਅਦ ਫ਼ੋਨ ਕਰ ਲਿਓ, ਐਡੀ ਕੀ ਨ੍ਹੇਰੀ ਆਈ …?" ਸਾਰਿਆਂ ਨੇ ਮਹਿਸੂਸ ਕੀਤਾ

-"ਫ਼ੋਨ ਕਰਕੇ ਬਾਪੂ ਮਰੇ ਦਾ ਅਫ਼ਸੋਸ ਨ੍ਹੀ ਕੀਤਾ…! ਸਿੱਧਾ ਕਹਿੰਦਾ ਅਖੇ ਤਿਆਰੀ ਕਰ, ਬਾਪੂ ਦੇ ਸਸਕਾਰ ਤੇ ਆਉਣ ਦੇ ਬਹਾਨੇ ਤੈਨੂੰ ਵੀਜਾ ਮਿਲਜੂ …! ਐਹੋ ਜੇ ਤਾਂ ਇਹ ਲੰਡੇ ਬੋਤੇ ਦੇ ਸਾਲ਼ੇ! ਮੈਂ ਤਾਂ ਉਠ ਕੇ ਤੁਰ ਆਇਆ…! ਬੱਸ ਕੱਲ੍ਹ ਸਸਕਾਰ ਤੇ ਗਿਆ ਤੇ ਸਸਕਾਰ ਕਰਵਾ ਕੇ ਸਿੱਧਾ ਕੰਮ ਤੇ ਗਿਆ…!" ਆਖ ਕੇ ਫ਼ੌਜੀ ਹਲਕਾ ਹੋ ਗਿਆ
-"ਬਿੱਲੂ ਦਾ ਵੀ ਤਲਾਕ ਹੋ ਗਿਆ ਬਈ…!" ਰਮਣੀਕ ਨੇ ਨਵਾਂ ਪ੍ਰਸਾਰਨ ਕੀਤਾ
-"ਹੋਣਾਂ ਸੀ…! ਉਹਦੀ ਘਰਦੀ ਦੇ ਕਿਹੜਾ ਵਸਣ ਦੇ ਕੋਈ ਚਾਲੇ ਸੀ…?"
-"ਸਹੁਰੀ ਪੈਰਾਂ ਹੇਠੋਂ ਮਿੱਟੀ ਵੀ ਬਾਹਲ਼ੀ ਕੱਢਦੀ ਸੀ ਬਈ" ਢਿੱਲੋਂ ਨੇ ਆਖਿਆ
-"ਗੱਲ ਨ੍ਹੀ ਸੀ ਗੌਲ਼ਦੀ…? ਬਈ ਬੰਦਾ ਹੁੰਦੈ, ਕਦੇ ਕਿਸੇ ਦੀ ਤਾਂ ਗੱਲ ਮੰਨਦੈ…?"
-"ਚੱਲ, ਪਾਈ ਚੱਲ ਆਬਦੀਆਂ ਭੈਣਾਂ ਨੂੰ ਸਲਾਮੀਆਂ…! ਮਾਰਲਾ ਸਲੂਟ ਪੇਕਿਆਂ ਨੂੰ…! ਤੁਰ ਗਿਆ ਛੱਡ ਕੇ ਤੇਰਾ ਪਤੰਦਰ…!"
-"ਯਾਰ ਬਿੱਲੂ ਵਿਚਾਰਾ ਵੀ ਕੀ ਕਰੇ…? ਤੀਮੀ ਕੁੜੀ ਯਾਹਵੇ ਦੀ ਬਾਹਲ਼ੀ ਡਾਢੀ "
-"ਜਿੱਦੀ ਵੀ ਬਾਹਲ਼ੀ ਸਹੁਰੀ…! ਕਿਸੇ ਦੀ ਗੱਲ ਨ੍ਹੀ ਸੀ ਸੁਣਦੀ, ਆਬਦਾ ਘੋੜ੍ਹਾ ਦਬੱਲ ਤੁਰਦੀ ਸੀ!" ਸੇਵਕ ਨੇ ਕਿਹਾ
-"ਫੇਰ ਵਿਚੋਂ ਨਿਕਲ਼ਿਆ ਕੀ? ਤਬਾਹੀ…! ਨਿੱਕੇ ਨਿੱਕੇ ਜੁਆਕ …!" ਸਾਧੂ ਤੋਂ ਵੀ ਰਿਹਾ ਨਾ ਗਿਆ
-"ਉਹ ਯਾਰ ਅਸਲ ਗੱਲ ਦਾ ਤਾਂ ਕਿਸੇ ਨੂੰ ਪਤਾ ਨੀ…!" ਰਮਣੀਕ ਬੋਲਿਆ
-"ਚਲੋ ਜਿਹੋ ਜਿਹੀ ਬੰਦੇ ਦੀ ਮੱਤ ਹੁੰਦੀ ਵਰਤ ਲੈਂਦੈ…! ਛੱਡੋ ਇਸ ਗੱਲ ਨੂੰ…!" ਕਾਮਰੇਡ ਨੇ ਗੱਲ ਤੇ ਮਿੱਟੀ ਪਾਉਣ ਦੇ ਰੌਂਅ ਵਿਚ ਕਿਹਾ ਉਹ ਕਿਸੇ ਦੀ ਨਿੱਜੀ ਜ਼ਿੰਦਗੀ ਦਾ ਭੇਦ ਖੁੱਲ੍ਹਵਾਉਣਾ ਨਹੀਂ ਚਾਹੁੰਦਾ ਸੀ
-"ਰੌਲੂ ਇੰਡੀਆ ਤੋਂ ਮੁੜ ਵੀ ਆਇਆ…?" ਬੰਤ ਸਿੰਘ ਨੂੰ ਦੂਰ ਤੁਰੇ ਆਉਂਦੇ ਦੇਖ ਕੇ ਸਾਧੂ ਬੋਲਿਆ ਬੰਤ ਸਿੰਘ ਨੂੰ ਸਾਰੇ ਰੌਲੂ ਆਖ ਕੇ ਸੰਬੋਧਨ ਹੁੰਦੇ ਸਨ ਉਹ ਨਿੱਕੀ ਨਿੱਕੀ ਗੱਲ ਤੋਂ ਝਗੜਾ ਵਿੱਢ ਲੈਂਦਾ ਸੀ ਸਭ ਤੋਂ ਉਚੀ ਬੋਲਦਾ ਰੌਲ਼ਾ ਪਾਉਂਦਾ ਕਿਸੇ ਦੀ ਘੱਟ ਹੀ ਸੁਣਦਾ ਪਰ ਆਪਣੀ ਗੱਲ ਸੁਣਾਉਣ ਨੂੰ ਪਹਿਲ ਦਿੰਦਾ ਸੀ
-"ਜੇ ਮੁੜਿਐ, ਤਾਂ ਤੁਰਿਆ ਆਉਂਦੈ…?" ਕਾਮਰੇਡ ਨੇ ਟਾਂਚ ਕੀਤੀ
-"ਉਏ ਐਹੋ ਜਿਹੇ ਦਾ ਭੂਤ ਵੀ ਤੁਰਿਆ ਫ਼ਿਰਦਾ ਹੁੰਦੈ"
ਸਾਰੇ ਹੱਸ ਪਏ
-"ਇਹਦੀ ਡਿਊਟੀ ਅੱਜ ਕਿੱਥੇ ਸੀ…?"
-"ਬਈ ਪਤਾ ਨ੍ਹੀ, ਮੈਨੂੰ ਤਾਂ ਮਿਲ਼ੇ ਨੂੰ ਵੀ ਦੋ ਮਹੀਨੇ ਹੋ ਗਏ"
-"ਸਾਸਰੀਕਾਲ ਜੀ ਸੰਗਤੇ…!" ਬੰਤ ਨੇ ਆਉਣ ਸਾਰ ਹੱਥ ਜੋੜ ਕੇ ਸਿਰ ਤੋਂ ਉਪਰ ਚੁੱਕੇ ਛੱਜਲੀ ਲਾਉਣ ਵਾਲ਼ਿਆਂ ਵਾਂਗ
-" ਬਈ ਬੰਤ ਸਿਆਂ…! ਕੀ ਹਾਲ ਚਾਲ ?"
-"ਹਾਲ ਚਾਲ ਠੀਕ ਠਾਕ ਕਾਮਰੇਡ ਸਾਹਿਬ ਜੀ, ਬੱਸ ਭਰਾਵਾਂ ਆਸਰੇ ਤੁਰੇ ਫ਼ਿਰਦੇ ਐਂ"
-"ਬਹਿਜਾ..! ਆਜਾ…!" ਕਾਮਰੇਡ ਨੇ ਕੁਰਸੀ ਚੁੱਕ ਕੇ ਇਕ ਪਾਸੇ ਕਰ ਲਈ ਅਤੇ ਬੰਤ ਸਿੰਘ ਲਈ ਜਗਾਹ ਬਣਾ ਦਿੱਤੀ
ਬੰਤ ਸਿੰਘ ਅਗਲੀ ਕੁਰਸੀ ਲੈ ਕੇ ਬੈਠ ਗਿਆ
-"ਇੰਡੀਆ ਤੋਂ ਕਦੋਂ ਆਇਐਂ, ਬੰਤ ਸਿਆਂ?"
-"ਹਫ਼ਤਾ ਕੁ ਹੋ ਗਿਆ…!"
-"ਹੋਰ ਸੁਣਾਂ ਪੰਜਾਬ ਦੀ ਕੋਈ ਨਵੀਂ ਤਾਜੀ…?" ਕਾਮਰੇਡ ਨੇ ਗੱਲ ਛੇੜੀ
-"ਨਵੀਂ ਤਾਜੀ ਕਾਹਦੀ ਕਾਮਰੇਡ ਜੀ, ਪੰਜਾਬ ਉੱਜੜਦਾ ਜਾਂਦੈ-!"
-"ਉੱਜੜਦਾ ਤਾਂ ਕੀ ਜਾਂਦੈ ਬੰਤ ਸਿਆਂ..? ਪੰਜਾਬ ਤਾਂ ਉੱਜੜ ਗਿਆ ਆਖ" ਕਾਮਰੇਡ ਨੇ ਉਲਾਂਭਾ ਦੇਣ ਵਾਲ਼ਿਆਂ ਵਾਂਗ ਕਿਹਾ
-"ਉਏ ਕੋਈ ਚੱਜ ਦਾ ਬਚਨ ਕਰ ਲਓ…! ਕਾਹਨੂੰ ਦੁਰਬਚਨ ਕਰੀ ਜਾਨੇ ਐਂ?" ਫ਼ੌਜੀ ਡਰਿਆਂ ਵਾਂਗ ਬੋਲਿਆ
-"ਕੀ ਚੱਜ ਦਾ ਬਚਨ ਕਰੀਏ ਫ਼ੌਜੀਆ…? ਸੱਚ ਤੋਂ ਭੱਜ ਕੇ ਜਾਵਾਂਗੇ ਕਿੱਥੇ? ਫ਼ੋਕਾ ਧਰਵਾਸ ਕਾਹਤੋਂ ਦੇਈਏ ਦਿਲ ਨੂੰ? ਮਰਦੇ ਬੰਦੇ ਨੂੰ ਦੇਖ ਕੇ ਕੈਮ ਐਂ, ਕੈਮ ਐਂ ਦਾ ਰੌਲ਼ਾ ਪਾਈ ਜਾਈਏ, ਇਹ ਕਿੱਧਰਲਾ ਸਿਧਾਂਤ ..?"
-"ਯਾਰ ਪਹਿਲੀ ਗੱਲ ਤਾਂ ਇਹ , ਬਈ ਲੋਕ ਮੈਰਿਜ ਪੈਲਿਸਾਂ ਵਿਚ ਵਿਆਹ ਸ਼ਾਦੀਆਂ ਕਰ ਕਰ ਦਿਵਾਲ਼ੇ ਕੱਢੀ ਜਾਂਦੇ ਆਬਦੇ-!"
-"ਗੱਲ ਇਹ ਬੰਤ ਸਿਆਂ, ਇਹ ਜਿਹੜਾ ਮੈਰਿਜ ਪੈਲਿਸਾਂ ਆਲ਼ਾ ਸਿਆਪਾ , ਇਹ ਤੋਰਿਆ ਕੀਹਨੇ ਐਂ…? ਇਹ ਆਪਾਂ ਬਾਹਰਲਿਆਂ ਨੇ ਆਪਣੇ ਪੰਜਾਬ ਦੇ ਲੋਕਾਂ ਦੇ ਗਲ਼ ਕੁੱਤੇ ਵਾਂਗੂੰ ਕਲੀਂਡਰ ਪਾਇਐ…? ਰਿਵਾਜ ਆਪਾਂ ਤੋਰੇ , ਤੇ ਭੇਡ ਦੇ ਮਗਰ ਭੇਡ ਖੂਹ ਡਿੱਗਣ ਵਾਂਗੂੰ ਸਾਡੇ ਪੰਜਾਬੀ ਭਰਾ ਵੀ ਮੈਰਿਜ ਪੈਲਿਸਾਂ ਵਿਚ ਵਿਆਹ ਕਰ ਕਰ ਕੁਰਕ ਹੋਣ ਲੱਗ ਪਏ" ਕਾਮਰੇਡ ਨੇ ਫਿਰ ਭੜ੍ਹਾਸ ਕੱਢੀ

-"ਇਕ ਗੱਲ ਹੋਰ ਸੁਣ ਲਓ ਯਾਰ, ਪਿੱਛੇ ਜਿਹੇ ਮੈਂ ਪਿੰਡ ਗਿਆ ਸੀ ਨ੍ਹਾਂ…?" ਫ਼ੌਜੀ ਨੇ ਵਾਰੀ ਲੈਂਦਿਆਂ ਕਿਹਾ
-"ਸਾਡੇ ਪਿੰਡ ਕਿਸੇ ਜੱਟ ਨੇ ਕੁੜੀ ਆਸਤੇ ਮੁੰਡਾ ਦੇਖਿਆ…! ਮੁੰਡਾ ਫ਼ਿੱਟ ਵੀ ਗਿਆ, ਕੁੜੀ ਵੀ ਮੁੰਡੇ ਆਲ਼ਿਆਂ ਨੂੰ ਪਸੰਦ ਗਈ, ਸਾਰਾ ਕੁਛ ਔਰੈਟ ਹੋ ਗਿਆ…! ਮੁੰਡੇ ਦਾ ਪਿਉ ਆਬਦੇ ਪਿੰਡ ਪਹੁੰਚ ਕੇ ਮੋਬਾਇਲ ਤੇ ਪੁੱਛਦੈ, ਅਖੇ ਰਿਸ਼ਤੇਦਾਰਾ ਵਿਆਹ ਕਿਹੜੇ ਪੈਲਿਸ ਕਰਨੈਂ…? ਕੁੜੀ ਦਾ ਪਿਉ ਕਹਿੰਦਾ ਸਰਦਾਰ ਜੀ, ਪੈਲਿਸ ਪੂਲਸ ਤੇ ਕਾਹਨੂੰ ਬਾਧੂ ਖਰਚਾ ਕਰਨੈ…? ਵਿਆਹ ਤਾਂ ਆਪਾਂ ਪਿੰਡ ਕਰਾਂਗੇ…! ਜਿਹੜਾ ਬਾਧੂ ਖਰਚਾ ਆਪਾਂ ਪੈਲਸ ਤੇ ਕਰਨੈਂ, ਮੁੰਡੇ ਕੁੜੀ ਨੂੰ ਕੋਈ ਚੀਜ ਬਣਾ ਕੇ ਦਿਆਂਗੇ…? ਮੁੰਡੇ ਦੇ ਪਿਉ ਨੇ ਮੋਬਾਇਲ ਫ਼ੋਨ ਤੇ ਵਿਆਹ ਵੱਲੋਂ ਝੱਗਾ ਚੱਕ ਦਿੱਤਾ…! ਅਖੇ ਸਾਡੀ ਤਾਂ ਬੇਇੱਜ਼ਤੀ ਹੋਜੂ…! ਸਾਡੇ ਤਾਂ ਰਿਸ਼ਤੇਦਾਰ ਆਖਣਗੇ ਬਈ ਸਾਲ਼ਿਆਂ ਨੇ ਨੰਗਾਂ ਨਾਲ਼ ਨਾਤਾ ਜੋੜ ਲਿਆ, ਵਿਆਹ ਪੈਲਿਸ ਨ੍ਹੀ ਕੀਤਾ…! ਐਹੋ ਜੀਆਂ ਤਾਂ ਆਪਣੇ ਲੋਕਾਂ ਦੀਆਂ ਗੱਲੈਂ!"
-"ਉਏ ਹੁਣ ਤਾਂ ਲੋਕ ਐਨੇ ਲੀਰ ਦੇ ਫ਼ਕੀਰ ਹੋਗੇ , ਪਤੰਦਰ ਗਲ਼ ਥਾਣੀਂ ਪਜਾਮਾ ਲਾਹੁੰਦੇ "

-"ਹੋਰ ਸੁਣ ਲੈ ਫ਼ੌਜੀਆਂ…! ਸਿਆਣੇ ਕਹਿੰਦੇ ਹੁੰਦੇ , ਅਖੇ ਸੁਣ ਲੈ ਨਿਹਾਲਿਆ ਚੋਰਾਂ ਦੀਆਂ ਗੱਲਾਂ..! ਸਾਲ਼ੇ ਕੁੜੀ ਦੀ ਨੱਥ ਵੀ ਲੈ ਗਏ…! ਸਾਡੇ ਪਿੰਡ ਐਤਕੀਂ ਕਿਸੇ ਮੁੰਡੇ ਦਾ ਵਿਆਹ, ਪਤੰਦਰ ਜਿਉਂ ਸਵੇਰੇ ਪੰਜ ਵਜੇ ਤੋਂ ਸਪੀਕਰ ਬੋਲਣ ਲੱਗੇ, ਅਖੇ ਜੀ ਪਿੰਡ ਜੇ ਕਿਸੇ ਨੂੰ ਟਾਈ ਲਾਉਣੀ ਆਉਂਦੀ ਹੋਵੇ, ਵਿਆਹ ਆਲ਼ੇ ਘਰੇ ਪਹੁੰਚਣ ਦੀ ਕਿਰਪਾਲਤਾ ਕਰੇ…! ਅਖੇ ਵਿਆਹ ਆਲ਼ੇ ਮੁੰਡੇ ਦੇ ਟਾਈ ਲਾਉਣੀ ਐਂ…!"

-"ਲੈ ਦੱਸ਼…! ਕੀ ਫ਼ਾਹਾ ਆਇਆ ਪਿਆ ਸੀ ਟਾਈ ਖੁਣੋਂ…? ਜਦੋਂ ਟਾਈ ਲਾਉਣੀ ਨ੍ਹੀ ਆਉਂਦੀ, ਨਾ ਲਾਓ…! ਸਾਲ਼ੇ ਟਾਈ ਦੇ…!"
-"ਫੇਰ ਕੀ ਭਾਈ? ਜਦੋਂ ਨਾ ਸਪੀਕਰ ਬੋਲਣੋਂ ਹਟੇ, ਤਾਂ ਮੇਰੇ ਘਰਆਲ਼ੀ ਕਹਿੰਦੀ ਅਖੇ ਤੁਸੀਂ ਜਾ ਕੇ ਟਾਈ ਲਾ ਆਓ, ਥੋਨੂੰ ਲਾਉਣੀ ਆਉਂਦੀ ..! ਮੈਂ ਅੱਕ ਕੇ ਕਿਹਾ, ਚੁੱਪ ਕਰਕੇ ਪੈਜਾ, ਮੈਂ ਉਹਨਾਂ ਦਾ ਚੌਕੀਦਾਰ ਐਂ…? ਪਿਆ ਨ੍ਹੀ ਜਾਂਦਾ ਚੁੱਪ ਕਰਕੇ…? ਚਲੋ ਜੀ, ਮੇਰੇ ਘਰਆਲ਼ੀ ਐਨੀ ਤੱਤੀ, ਉਹਨੇ ਵਿਆਹ ਆਲ਼ਿਆਂ ਦੇ ਘਰੇ ਫ਼ੋਨ ਕਰ ਦਿੱਤਾ ਬਈ ਮੇਰੇ ਘਰਆਲ਼ੇ ਨੂੰ ਟਾਈ ਲਾਉਣੀ ਆਉਂਦੀ ..! ਉਹਨੇ ਆਪ ਤਾਂ ਆਉਣਾਂ ਨ੍ਹੀ, ਥੋੜ੍ਹਾ ਜਿਆ ਢਿੱਲੈ, ਤੁਸੀਂ ਆਪ ਕੇ ਉਹਤੋਂ ਟਾਈ ਲੁਆ ਜਾਓ…! ਚਲੋ ਜੀ, ਉਹ ਆਏ, ਤੇ ਮੈਂ ਟਾਈ ਦੀ ਗੰਢ ਬੰਨ੍ਹ ਦਿੱਤੀ…! ਨਾਲ਼ ਖੜ੍ਹਾ ਵਿਚੋਲਾ ਪਿੱਟ ਉਠਿਆ, ਅਖੇ ਆਹ ਰੱਸਾ ਜਿਆ ਤਾਂ ਬਲੈਤੀਏ ਨੇ ਮਿੰਟ ਬੰਨ੍ਹਤਾ…? ਸਾਲ਼ਿਓ ਐਨੀ ਕੁ ਗੱਲ ਦੀ ਖਾਤਰ ਢੰਡੋਰਾ ਪਿੱਟੀ ਗਏ…? ਚਲੋ ਜੀ, ਟਾਈ ਲੱਗੀ, ਤਾਂ ਜੰਨ ਚੜ੍ਹੀ…!"

-"ਸਾਡੇ ਵੇਲ਼ੇ ਚਾਦਰੇ ਬੰਨ੍ਹ ਕੇ ਮਿੰਟ ਤੁਰ ਪੈਂਦੇ ਸੀ, ਹੁਣ ਤਾਂ ਸਾਲ਼ਿਆਂ ਦੇ ਲਟਰਮ ਪਟਰਮ ਲੋਟ ਨ੍ਹੀ ਆਉਂਦੇ, ਬੂਝੜ ਜੱਟਾਂ ਨੂੰ ਵੀ ਸੁਰਤ ਆਈ ਪਈ -!"
-"ਸੁਰਤ ਅਰਗੀ ਸੁਰਤ…? ਇਕ ਵਿਆਹ ਕੋਈ ਗਾਉਣ ਆਲ਼ਾ ਲੱਗਿਆ ਵਿਆ ਸੀਗਾ…! ਲੋਕ ਨੱਚੀ ਜਾਣ…! ਪੀਤੀ ਸਮਝ ਕਿਸੇ ਨੂੰ ਲੱਗੇ ਨਾ ਬਈ ਗਾਉਣ ਆਲ਼ਾ ਗਾਉਂਦਾ ਕੀ ..? ਸਮਝ ਕੀ ਲੱਗਣੀ ਸੀ..? ਦਾਰੂ ਨਾਲ਼ ਤਾਂ ਜੱਟ ਟੁੰਨ ਹੁੰਦੇ ! ਚਲੋ, ਤੇ ਭਾਈ ਗਾਉਣ ਆਲ਼ਾ ਗਾਈ ਜਾਵੇ, ਤੇ ਇਕ ਜੱਟ ਡਾਂਗ ਚੱਕੀ ਫਿਰੇ…! ਜੱਟ ਦੇ ਹੱਥ ਡਾਂਗ ਦੇਖ ਕੇ, ਤੇ ਜੱਟ ਦੇ ਤੌਰ ਭੌਰ ਦੇਖ ਕੇ ਗਾਉਣ ਆਲ਼ਾ ਬਿਚਾਰਾ ਘਾਬਰ ਗਿਆ ਬਈ ਜੱਟ ਕਿਤੇ ਡਾਂਗ ਨਾ ਵਾਹੁੰਣ ਲੱਗ ਪਵੇ..? ਉਹ ਗਾਉਂਦਾ ਗਾਉਂਦਾ ਡਰਦਾ ਰੁਕ ਗਿਆ, ਤੇ ਜੱਟ ਪਤਾ ਗਾਉਣ ਆਲ਼ੇ ਨੂੰ ਕੀ ਕਹਿੰਦਾ…?"
-"ਕੀ ਕਹਿੰਦਾ…?" ਸਾਰੇ ਗਿੱਦੜ ਦੇ ਹੁਆਂਕਣ ਵਾਂਗ ਇਕੱਠੇ ਹੀ ਬੋਲੇ

-"ਕਹਿੰਦਾ ਅਖੇ ਤੂੰ ਗਾ ਬਾਈ…! ਤੈਨੂੰ ਮੈਂ ਕੁਛ ਨ੍ਹੀ ਆਖਦਾ…! ਮੈਂ ਤਾਂ ਉਹਨੂੰ ਭਾਲ਼ਦੈਂ, ਜਿਹੜਾ ਤੈਨੂੰ ਬੁੱਕ ਕਰ ਕੇ ਆਇਆ ਸੀ..!" ਫ਼ੌਜੀ ਦੀ ਗੱਲ ਨਾਲ਼ ਸਾਰੇ ਪਾਸੇ ਹਾਸੜ ਮੱਚ ਗਈ ਕਾਮਰੇਡ ਦੇ ਮੂੰਹੋਂ ਬੀਅਰ ਦਾ ਫ਼ਰਾਟਾ ਵੱਜਿਆ ਸਪਰੇਅ ਕਰਨ ਵਾਲ਼ਿਆਂ ਵਾਂਗ ਛਿੜਕਾਅ ਹੋ ਗਿਆ ਸਾਰਿਆਂ ਨੇ ਪਾਸਾ ਜਿਹਾ ਵੱਟ ਕੇ ਆਪਣਾ ਬਚਾ ਕੀਤਾ
-"ਅੱਜ ਕੱਲ੍ਹ ਦੇ ਜੁਆਕ ਵੀ ਸਾਲ਼ੇ ਘੱਟ ਨ੍ਹੀ-!"
-"ਘੱਟ ਬੰਤ ਸਿਆਂ ਅੱਜ ਕੱਲ੍ਹ ਹੈ ਕੌਣ…? ਸਾਰੇ ਸੋਲ਼ਾਂ ਕਲਾਂ ਸੰਪੂਰਨ ਸਮਝਦੇ ਆਬਦੇ ਆਪ ਨੂੰ!" ਕਾਮਰੇਡ ਨੇ ਮੂੰਹ ਸਾਫ਼ ਕਰਦਿਆਂ ਕਿਹਾ
-"ਨਹੀਂ ਕਾਮਰੇਡਾ ਗੱਲ ਸੁਣਨ ਆਲ਼ੀ …! ਮੇਰੇ ਆਲ਼ੇ ਸਾਲ਼ੇ ਦਾ ਮੁੰਡਾ ਰਸੋਈ ਵਿਚ ਕਿਤੇ ਸੇਵੀਆਂ ਕੜਛੀ ਨਾਲ਼ ਖਾਣ ਲੱਗ ਪਿਆ..! ਮੇਰੇ ਘਰਆਲ਼ੀ ਉਹਨੂੰ ਆਖਣ ਲੱਗੀ, ਅਖੇ ਕੜਛੀ ਨੂੰ ਮੂੰਹ ਲਾ ਕੇ ਨ੍ਹੀ ਖਾਈਦਾ ਹੁੰਦਾ ਪੁੱਤ, ਹਾਬੜਾ ਲੱਗ ਜਾਂਦੈ..! ਪਤਾ ਕੀ ਕਹਿੰਦਾ…?"
ਉੱਤਰ ਦੀ ਉਡੀਕ ਵਿਚ ਕੋਈ ਨਾ ਬੋਲਿਆ
-"ਕਹਿੰਦਾ ਭੂਆ ਜੀ, ਅੱਜ ਮੰਮੀ ਦੇ ਮੂੰਹ ਨੂੰ ਕੜਛੀ ਲਾਊਂਗਾ, ਅਖੇ ਜਦੋਂ ਮੰਮੀ ਨੂੰ ਹਾਬੜਾ ਲੱਗ ਗਿਆ, ਆਪੇ ਨਿੱਤ ਨਵੀਂ ਚੀਜ ਖਾਣ ਨੂੰ ਬਣਾਇਆ ਕਰੂ!"
-"ਠੀਕ ਫੇਰ..! ਲੋੜ ਕਾਢ ਦੀ ਮਾਂ ਐਂ…! ਇਹ ਵੀ ਦਿਮਾਗੀ ਬੱਚੇ ਦੀ ਗੱਲ …!" ਸੇਵਕ ਵਿਸਕੀ ਦੇ ਪੈੱਗ ਨੂੰ ਕਾਟੋ ਵਾਂਗ ਫੜੀ ਬੈਠਾ ਸੀ
-"ਇਉਂ ਕਿਤੇ ਹਾਬੜੇ ਲੱਗਦੇ …? ਇਹ ਤਾਂ ਲੋਕਾਂ ਨੇ ਗੱਲਾਂ ਘੜ੍ਹੀਆਂ ਹੋਈਆਂ ਨੇ, ਬਈ ਅਗਲਾ ਚੀਜ ਜੂਠੀ ਨਾ ਕਰੇ!" ਕਾਮਰੇਡ ਨੇ ਤਰਕਸ਼ੀਲ ਦਲੀਲ ਅੱਗੇ ਲਿਆ ਰੱਖੀ
-"ਬੰਤ ਸਿਆਂ, ਆਹ ਲੰਗਰ ਦਾ ਰੌਲ਼ਾ ਜਿਆ ਚੱਲਦਾ ਸੀ, ਗਿਆ ਲੋਟ…? ਅੱਧੇ ਕਹਿੰਦੇ ਸੀ ਥੱਲੇ ਬੈਠ ਕੇ ਲੰਗਰ ਛਕੋ ਤੇ ਅੱਧੇ ਕਹਿੰਦੇ ਕੁਰਸੀਆਂ ਤੇ ਲੋਟ , ਹੋ ਗਿਆ ਮਸਲਾ ਹੱਲ਼..?" ਫ਼ੌਜੀ ਨੇ ਪੁੱਛਿਆ
-"ਬਈ ਪਤਾ ਨ੍ਹੀ..! ਆਪਾਂ ਤਾਂ ਕਦੇ ਐਹੋ ਜੇ ਮਸਲਿਆਂ ਦਖਲ ਨ੍ਹੀ ਦਿੱਤਾ…! ਜੋ ਮਰਜੀ , ਕਰੀ ਜਾਣ..! ਜੇ ਥੱਲੇ ਬੈਠ ਕੇ ਮਿਲਜੇ, ਤਾਂ ਵੀ ਵਾਹਿਗੁਰੂ ਆਖ ਕੇ ਛਕ ਲਈਦੈ, ਜੇ ਕੁਰਸੀਆਂ ਤੇ ਮਿਲਜੇ, ਤਾਂ ਵੀ ਗੁਰੂ ਦਾ ਸ਼ੁਕਰਾਨਾਂ ਕਰ ਕੇ ਛਕ ਲਈਦੈ, ਹੈ ਤਾਂ ਗੁਰੂ ਕਾ ਲੰਗਰ …? ਨਾ ਉਹ ਕੁਰਸੀਆਂ ਤੇ ਭਿੱਟਿਆ ਜਾਂਦੈ, ਤੇ ਨਾ ਥੱਲੇ…! ਲੰਗਰ ਤਾਂ ਗੁਰੂ ਕਾ ਲੰਗਰ ਰਹਿੰਦੈ…! ਕਿਉਂ ਕਾਮਰੇਟਾ…?" ਬੰਤ ਸਿੰਘ ਨੇ ਮੱਲੋਮੱਲੀ ਕਾਮਰੇਡ ਤੋਂ ਹਾਂਮ੍ਹੀਂ ਭਰਵਾਉਣੀ ਚਾਹੀ
-"ਇਸ ਬਾਰੇ ਮੈਂ ਇਕ ਉਦਾਹਰਣ ਦੇਣੀਂ ਚਾਹੂੰਗਾ" ਕਾਮਰੇਡ ਨੇ ਕਹਿਣਾਂ ਸ਼ੁਰੂ ਕੀਤਾ

-"ਕਿਸੇ ਮੇਰੇ ਵਰਗੇ ਨੂੰ ਕੋਈ ਸੰਤ ਮਿਲ਼ ਪਿਆ…! ਉਸ ਨੇ ਸੰਤ ਜੀ ਨੂੰ ਪੁੱਛਿਆ ਕਿ ਸੰਤ ਜੀ, ਲੰਗਰ ਭੁੰਜੇ ਬੈਠ ਕੇ ਛਕਣਾਂ ਚਾਹੀਦੈ ਜਾਂ ਕੁਰਸੀਆਂ ਤੇ…? ਸੰਤ ਜੀ ਨੇ ਕਿਹਾ ਪੁਰਖਾ…! ਇਹ ਸਭ ਰੱਜੇ ਪੇਟ ਦੀਆਂ ਘਤਿੱਤਾਂ ਨੇ…! ਫਰਜ ਕਰੋ ਮੈਨੂੰ ਭੁੱਖ ਲੱਗੀ , ਉਦੋਂ ਨਾ ਮੈਨੂੰ ਫ਼ਰਸ਼ ਦਿਸਦੀ , ਤੇ ਨਾ ਕੁਰਸੀ…! ਬੱਸ ਮੈਨੂੰ ਐਨਾਂ ਪਤੈ ਬਈ ਮੈਨੂੰ ਭੁੱਖ ਲੱਗੀ , ਤੇ ਮੇਰਾ ਪੇਟ ਰੋਟੀ ਮੰਗਦੈ..! ਮੈਨੂੰ ਗੁਰੂ ਵੱਲੋਂ ਦੋ ਪ੍ਰਸ਼ਾਦਿਆਂ ਦੀ ਬਖ਼ਸ਼ਿਸ਼ ਹੋ ਜਾਵੇ, ਮੇਰੀ ਸੁਤਾ ਸ਼ਰਧਾ ਸਿਰਫ਼ ਗੁਰੂ ਕੇ ਲੰਗਰ ਵਿਚ ਹੋਵੇਗੀ, ਨਾ ਕਿ ਕੁਰਸੀ ਜਾਂ ਫ਼ਰਸ਼ ਤੇ..! ਕੋਝ ਸਿਰਫ਼ ਆਪਣੇ ਮਨ ਦੇ ਸ਼ੁਕਰਾਨੇ ਵਿਚ ..! ਉਹਨਾਂ ਸਿੰਘਾਂ ਦੇ ਲੰਗਰ ਬਾਰੇ ਤੁਸੀਂ ਕੀ ਆਖੋਂਗੇ, ਜਿਹੜੇ ਘੋੜਿਆਂ ਦੀਆਂ ਕਾਠੀਆਂ ਤੇ ਬੈਠ ਕੇ, ਛੋਲਿਆਂ ਦੀ ਮੁੱਠੀ ਚੱਬ ਕੇ, ਗੁਰੂ ਦਾ ਸ਼ੁਕਰਾਨਾਂ ਕਰੀ ਜਾਂਦੇ ਸੀ..? ਉਹ ਛੋਲਿਆਂ ਨੂੰ ਗੁਰੂ ਦੇ ਬਦਾਮ ਦੱਸਦੇ ਸੀ-!"
-"ਨਾਲ਼ੇ ਰੱਬ ਦਾ ਨਾਂ ਸਾਥੋਂ ਵੱਧ ਜਪਦੇ ਸੀ-!"
-"ਤੇ ਨਾਲ਼ੇ ਛੁਡਾਉਂਦੇ ਸੀ ਲੋਕਾਂ ਦੀਆਂ ਧੀਆਂ ਭੈਣਾਂ-!"
-"ਨਾਲ਼ੇ ਲੜਦੇ ਸੀ ਭਿਆਨਕ ਜੰਗਾਂ…!"
-"ਪਰ ਯਾਰ, ਗੁਰੂ ਮਹਾਰਾਜ ਨੇ ਤਾਂ ਭੁੰਜੇ ਬੈਠ ਕੇ ਹੀ ਸੰਗਤ ਪੰਗਤ ਦੀ ਰੀਤ ਚਲਾਈ ਸੀ"

-"ਗੁਰੂ ਮਹਾਰਾਜ ਨੇ ਤਾਂ ਦਸਵੰਧ ਕੱਢਣ ਦੀ ਰੀਤ ਵੀ ਚਲਾਈ ਸੀ…! ਦੱਸ ਖਾਂ ਕਿੰਨੇ ਕੁ ਆਪਣੀ ਕਮਾਈ ਚੋਂ ਦਸਵੰਧ ਕੱਢਦੇ …? ਸਵੇਰੇ ਅੰਮ੍ਰਿਤ ਵੇਲ਼ੇ ਉਠ ਕੇ, ਇਸ਼ਨਾਨ ਕਰਕੇ ਪੰਜ ਬਾਣੀਆਂ ਦੇ ਧਾਰਨੀ ਬਣਾਇਆ ਸੀ, ਦੱਸ ਕਿੰਨੇ ਕੁ ਇਸ ਤੇ ਅਮਲ ਕਰਦੇ …? ਜਾਤਾਂ ਪਾਤਾਂ ਚੋਂ ਸਾਨੂੰ ਗੁਰੂ ਮਹਾਰਾਜ ਨੇ ਕੱਢਿਆ ਸੀ, ਤੇ ਅੱਜ ਦੇਖ ਲੈ ਜਾਤਾਂ ਪਾਤਾਂ ਦੇ ਨਾਂ ਤੇ ਗੁਰੂ ਘਰ ਬਣੇ ਹੋਏ ਨੇ..! ਕੋਈ ਰਾਮਗੜ੍ਹੀਆ ਪ੍ਰੀਵਾਰ ਤੁਸੀਂ ਛੇਤੀ ਕੀਤੇ ਸਿੰਘ ਸਭਾ ਗੁਰਦੁਆਰੇ ਨਹੀਂ ਦੇਖੋਂਗੇ…! ਥੋਡੇ ਸਾਹਮਣੇ , ਆਹ ਰਾਮਗੜ੍ਹੀਆ ਗੁਰਦੁਆਰਾ, ਆਹ ਸਿੰਘ ਸਭਾ, ਆਹ ਰਵਿਦਾਸੀਏ ਸਿੱਖਾਂ ਦਾ, ਆਹ ਲੁਬਾਣੇਂ ਸਿੱਖਾਂ ਦਾ, ਦੱਸੋ ਫਿਰ ਗੁਰੂ ਦਾ ਘਰ ਕਿਹੜਾ ਹੋਇਆ…? ਇਹਨਾਂ ਗੱਲਾਂ ਵੱਲ ਅਸੀਂ ਧਿਆਨ ਨ੍ਹੀ ਦਿੰਦੇ, ਪਰ ਨਿੱਕੀ ਨਿੱਕੀ ਗੱਲ ਤੋਂ ਅਸੀਂ ਲੜੀ ਜਾਨੇ ਐਂ…! ਜਾਤਾਂ ਪਾਤਾਂ ਚੋਂ ਅਸੀਂ ਨਿਕਲ਼ ਨਹੀਂ ਸਕੇ, ਜਿੱਥੇ ਗੁਰੂ ਨੇ ਸਾਨੂੰ ਮਾਨਸ ਕੀ ਜਾਤ ਸੱਭੇ ਏਕੋ ਪਹਿਚਾਨਬੋ ਦਾ ਉਪਦੇਸ਼ ਦਿੱਤਾ, ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ਦਾ ਸਬਕ ਕਿੱਧਰ ਗਿਆ…? ਭੁੱਖੇ ਦਾ ਮੂੰਹ ਗੁਰੂ ਕੀ ਗੋਲਕ ਤੇ ਕਿੰਨੇ ਕੁ ਅਮਲ ਕਰਦੇ …? ਇੰਡੀਆ ਤੋਂ ਕੋਈ ਮੰਤਰੀ ਜਾਵੇ ਤਾਂ ਉਸ ਦੀ ਆਓ ਭਗਤ ਹਜਾਰਾਂ ਪੌਂਡ ਫ਼ੂਕ ਦੇਣਗੇ, ਕਿਸੇ ਲੋੜਵੰਦ ਦੀ ਜਮਾਂ ਮੱਦਦ ਨ੍ਹੀ ਕਰਦੇ..! ਤੇ ਜੇ ਅਸੀਂ ਗੁਰੂ ਮਹਾਰਾਜ ਦੇ ਇਹਨਾਂ ਉਪਦੇਸ਼ਾਂ ਵੱਲ ਧਿਆਨ ਨਹੀਂ ਦਿੰਦੇ, ਤਾਂ ਦੂਜਿਆਂ ਵੱਲ ਉਂਗਲ਼ ਕਰਕੇ ਕਿਉਂ ਲੜਾਈ ਵਿੱਢਦੇ ਹਾਂ…?" ਰਮਣੀਕ ਦੀਆਂ ਦਲੀਲਾਂ ਨੇ ਸਾਰਿਆਂ ਨੂੰ ਸੋਚਾਂ ਵਿਚ ਪਾ ਦਿੱਤਾ

-"ਚਲੋ ਛੱਡੋ…! ਇਹ ਗੱਲਾਂ ਹੈਗੀਐਂ ਧਰਮੀਂ ਜਾਂ ਕੌਮੀਂ! ਕੋਈ ਹੋਰ ਗੱਲ ਕਰੋ…!" ਕਾਮਰੇਡ ਨੇ ਵਿਸ਼ਾ ਬਦਲਣਾਂ ਚਾਹਿਆ
-"ਉਏ ਆਪਣੀ ਤਾਂ ਉਹ ਗੱਲ , ਦੋ ਅਮਲੀ ਦਾਰੂ ਪੀ ਜਾਂਦੇ ਸੀ, ਅਸਮਾਨ ਦੋ ਕਾਂ ਉਡੇ ਜਾਂਦੇ ਸੀ…! ਇਕ ਅਮਲੀ ਦੂਜੇ ਨੂੰ ਕਹਿੰਦਾ ਅਖੇ ਦੇਖ ਉਏ, ਕੀ ਦੇ ਮਗਰ ਕੀ ਉਡਿਆ ਜਾਂਦੈ..? ਦੂਜੇ ਨੇ ਇਹ ਨ੍ਹੀ ਕਿਹਾ ਬਈ ਕਾਂ ਦੇ ਮਗਰ ਕਾਂ ਉਡਿਆ ਜਾਂਦੈ, ਕਹਿੰਦਾ ਛੱਡ ਯਾਰ, ਪੈੱਗ ਪਾ…! ਐਹੋ ਜਿਆਂ ਦੇ ਮਗਰ ਐਹੋ ਜੇ ਉਡਦੇ ਹੁੰਦੇ …!"
ਹਾਸਾ ਮੱਚ ਗਿਆ
-"ਥੋਨੂੰ ਮੈਂ ਇਕ ਜੋਕ ਸੁਣਾਉਣੈਂ-ਇਕ ਵਾਰੀ ਇਕ ਇਕ ਅਮਲੀ ਮਰ ਗਿਆ-!"
-"ਅੱਛਾ…!" ਬੰਤ ਸਿੰਘ ਡੱਬਾ ਲੈ ਕੇ ਲੋਟ ਹੋ ਕੇ ਸਾਹਮਣੇ ਬੈਠ ਗਿਆ
-"ਅਮਲੀਆਂ ਦੀ ਕੌਂਸਲ ਨੇ ਅਮਲੀ ਦਾ ਸਸਕਾਰ ਬੜੀ ਠਾਠ ਨਾਲ਼ ਕੀਤਾ ਜੀ…! ਮੂੰਹ ਸ਼ਰਾਬ ਪਾਈ, ਭੁੱਕੀ ਭੋਰੀ, ਅਰਥੀ ਤੇ ਸ਼ਰਾਬ ਦਾ ਛਿੜਕਾਅ ਕੀਤਾ, ਅਗਨੀ ਦਿਖਾਉਣ ਲੱਗਿਆਂ ਨੇ ਫ਼ੀਮ ਦਾ ਕੰਡਾ ਮੂੰਹ ਪਾਇਆ…! ਅਖੇ ਅਮਲੀ ਦੀ ਸੁਤਾ ਪਿੱਛੇ ਨਾ ਰਹਿਜੇ…? ਸਸਕਾਰ ਤੋਂ ਬਾਅਦ ਅਮਲੀਆਂ ਨੇ ਉਸ ਨੂੰ ਸ਼ਰਧਾਂਜਲੀ ਦੇਣ ਵਾਸਤੇ ਪ੍ਰੋਗਰਾਮ ਉਲੀਕਿਆ, ਭੁੱਕੀ ਲਿਆਂਦੀ, ਅਫ਼ੀਮ ਦਾ ਭੰਡਾਰਾ ਚਲਾਇਆ, ਰੂੜੀ ਮਾਰਕਾ ਦੀਆਂ ਬੋਤਲਾਂ ਕੱਢ ਕੇ ਭੰਡਾਰੇ ਵਿਚ ਰੱਖੀਆਂ…! ਤੇ ਲਾ ਕੇ ਚਾਰ ਚਾਰ ਪੈੱਗ, ਅਮਲੀਆਂ ਦੀ ਕੌਂਸਲ ਦੇ ਪ੍ਰਧਾਨ ਨੇ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ-!"
-"ਕਿਵੇਂ ਕੀਤੀ…?"
-"ਅਖੇ ਜੀ ਬੋਧੂ ਅਮਲੀ ਦੇ ਤੁਰ ਜਾਣ ਨਾਲ਼ ਅਮਲੀ ਜਗਤ ਨੂੰ ਇਕ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ, ਉਸ ਦੀ ਯਾਦ ਵਿਚ ਉਸ ਦੀ ਬਰਸੀ ਤੇ ਹਰ ਸਾਲ ਅਮਲੀ ਸਭਾ ਬੁਲਾਈ ਜਾਇਆ ਕਰੇਗੀ ਅਤੇ ਮਹੀਨੇ ਵਿਚ ਘੱਟੋ ਘੱਟ ਇਕ ਵਾਰੀ ਬੇਸੁਰਤ ਹੋ ਕੇ ਡਿੱਗਣ ਵਾਲ਼ੇ ਅਮਲੀ ਨੂੰ ਧਤੂਰਾ ਪੁਰਸਕਾਰਬਖ਼ਸ਼ਿਆ ਜਾਇਆ ਕਰੇਗਾ..! ਸਾਡੇ ਵਿਛੜ ਚੁੱਕੇ ਸਾਥੀ ਅਮਲੀ ਦੀਆਂ ਪਾਈਆਂ ਬਲ਼ਦ ਮੂਤਣੀਆਂ ਨੂੰ ਹਰ ਸਾਲ ਯਾਦ ਕੀਤਾ ਜਾਇਆ ਕਰੇਗਾ, ਤੇ ਜਾਣ ਲੱਗੇ ਧਮਕੀਆਂ ਜੀਆਂ ਵੀ ਦੇ ਗਏ…!
-"ਉਹ ਕੀ…?"
-"ਅਖੇ ਭੁੱਕੀ ਤੇ ਸ਼ਰਾਬ ਵਿਚ ਮਿਲਾਵਟ ਕਰਨ ਵਾਲ਼ਿਆਂ ਨੂੰ ਅਸੀਂ ਤਾੜਨਾਂ ਕਰਦੇ ਐਂ ਕਿ ਉਹਨਾਂ ਨੂੰ ਹੁਣ ਬਾਜ ਜਾਣਾਂ ਚਾਹੀਦੈ…! ਅਮਲੀ ਯੂਨੀਅਨ ਨੇ ਬਹੁਤ ਚਿਰ ਸਬਰ ਕਰ ਲਿਆ, ਬਹੁਤ ਕੁਝ ਬਰਦਾਸ਼ਤ ਕਰ ਲਿਆ…! ਤੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਅਮਲੀ ਯੂਨੀਅਨ ਦੇ ਕਾਰਕੁੰਨਾਂ ਨੂੰ ਅਮਲੀ ਪੈਨਸ਼ਨ ਲਾਈ ਜਾਵੇ ਅਤੇ ਹੋਰ ਯੋਗ ਭੱਤੇ ਮੁਹੱਈਆ ਕਰਵਾਏ ਜਾਣ…! ਅਗਰ ਸਰਕਾਰ ਨੇ ਅਮਲੀ ਯੂਨੀਅਨ ਦੀ ਕੋਈ ਗੱਲ ਨਾ ਸੁਣੀਂ, ਤਾਂ ਜਹਾਦ ਛੇੜਿਆ ਜਾਵੇਗਾ ਅਤੇ ਧਰਨੇ ਦਿੱਤੇ ਜਾਣਗੇ…!"
-"ਆਹ ਤਾਂ ਬਈ ਕੋਲ਼ੋ ਜੋੜ ਕੇ ਛੱਡਤੀ ਫ਼ੌਜੀਆ-!" ਰਮਣੀਕ ਨੇ ਹੱਸਦਿਆਂ ਆਖਿਆ
-"ਨ੍ਹਾ ਹੋਰ ਤੈਨੂੰ ਮੁਫ਼ਤ ਮੈਂ ਲਾਇਬ੍ਰੇਰੀ ਚੋਂ ਲਿਆ ਕੇ ਸੁਣਾਇਆ ਕਰਾਂ…?" ਫ਼ੌਜੀ ਨੇ ਉਲਟਾ ਵਾਰ ਕੀਤਾ
ਸਾਰੇ ਹੱਸ ਪਏ!
-"ਯਾਰ ਦਿਨੋਂ ਦਿਨ ਕੋਈ ਨਾ ਕੋਈ ਨਵਾਂ ਵਾਦ ਵਿਵਾਦ ਉਠਦੈ-!" ਕਾਮਰੇਡ ਬੋਲਣ ਹੀ ਲੱਗਿਆ ਸੀ ਕਿ ਬੰਤ ਸਿੰਘ ਉਸ ਦੀ ਗੱਲ ਕੱਟ ਕੇ ਬੋਲਿਆ
-"ਕਾਮਰੇਟਾ ਤੂੰ ਵਾਦ ਵਿਵਾਦ ਦੀ ਸੁਣ ਲੈ! ਸਾਰੀ ਦੁਨੀਆਂ ਵਾਦਾਂ ਨੇ ਮਾਰਲੀ..!"
-"ਚਾਨਣਾਂ ਪਾਅ…!" ਫ਼ੌਜੀ ਨੇ ਬੀਅਰ ਦਾ ਡੱਬਾ ਖਾਲੀ ਕਰ ਕੇ ਕੂੜੇ ਵਾਲ਼ੇ ਢੋਲ ਵਿਚ ਸੁੱਟ ਦਿੱਤਾ
-"ਦੇਖ ਫ਼ੌਜੀਆ-!" ਬੰਤ ਸਿੰਘ ਨੇ ਵੀ ਬੀਅਰ ਦਾ ਡੱਬਾ ਖਾਲੀ ਕਰਦਿਆਂ ਕਿਹਾ ਉਸ ਦਾ ਮੂਡ ਬਣਿਆਂ ਹੋਇਆ ਸੀ, "ਪਹਿਲਾਂ ਨਕਸਲਵਾਦ, ਫੇਰ ਖਾੜਕੂਵਾਦ, ਬੁਸ਼ਵਾਦ, ਸੱਦਾਮਵਾਦ, ਬਿਨ ਲਾਦਨਵਾਦ, ਬਲੇਅਰਵਾਦ, ਹੁਣ ਮੈਨੂੰ ਹੋਰ ਡਰ ਲੱਗਣ ਲੱਗ ਪਿਐ…!"
-"ਉਹ ਵੀ ਦੱਸ ਦੇਹ, ਕੱਚ ਨਾ ਰੱਖ ਕੋਈ…!" ਫ਼ੌਜੀ ਨੇ ਬੰਤ ਸਿੰਘ ਦੀ ਪੂਛ ਨੂੰ ਵੱਟ ਚਾੜ੍ਹਿਆ ਨਸ਼ਾ ਦੋਨਾਂ ਦੀਆਂ ਅੱਖਾਂ ਵਿਚ ਹੀ ਖ਼ੌਰੂ ਪਾਉਂਦਾ ਸੀ
-"ਹੁਣ ਸ਼ੁਰੂ ਹੋਇਐ ਯੋਗਾਵਾਦ, ਫੇਰ ਸ਼ੁਰੂ ਹੋਊ ਲਸਣਵਾਦ, ਫੇਰ ਅਧਰਕਵਾਦ…!"
-"ਚੱਲ ਬੱਸ ਕਰ, ਪੀਤੀ ਬੀਅਰ ਦਾ ਮੁੱਲ ਤੂੰ ਮੋੜਤੈ…!" ਫ਼ੌਜੀ ਨੇ ਬੰਤ ਸਿੰਘ ਨੂੰ ਬਰੇਕ ਲਾਏ
-"ਬਾਬਾ ਤੂੰ ਨ੍ਹੀ ਬੋਲਦਾ ਅੱਜ਼…? ਤੂੰ ਕਿਵੇਂ ਪੈਂਚਰ ਜਿਆ ਹੋਇਆ ਬੈਠੈਂ…?" ਬੰਤ ਸਿੰਘ ਨੇ ਬਾਬਾ ਫ਼ੌਜਾ ਸਿੰਘ ਨੂੰ ਹੁੱਝ ਲਾਈ
-"ਜੇ ਕਹੋਂ ਮੈਂ ਕੋਈ ਸੁਣਾਂ ਦਿੰਨੈਂ, ਪਰ ਆਪਾਂ ਤਾਂ ਸਰੋਤਿਆਂ ਆਉਨੇ ਆਂ ਭਾਈ…!" ਫ਼ੌਜਾ ਸਿੰਘ ਨੇ ਕਿਹਾ
-"ਨਹੀਂ ਬਾਬਾæ…! ਤੋੜ ਵਿਛੋੜੀ ਨਾ ਕਰ..! ਇਕ ਅੱਧੇ ਚੁੱਟਕਲੇ ਦਾ ਤਾਂ ਯੋਗਦਾਨ ਪਾ…!" ਕਾਮਰੇਡ ਬੋਲਿਆ
-"ਲਓ ਫੇਰ ਸੁਣੋ…! ਕਿਸੇ ਮੰਤਰੀ ਨੇ ਡਾਕਟਰ ਨੂੰ ਪੁੱਛਿਆ, ਡਾਕਟਰ ਸਾਹਿਬ ਮੇਰੀ ਰਿਪੋਰਟ ਜ਼ਰਾ ਮੇਰੇ ਸਮਝਣ ਵਾਲ਼ੀ ਭਾਸ਼ਾ ਦੱਸੋ…! ਤਾਂ ਡਾਕਟਰ ਨੇ ਮੰਤਰੀ ਜੀ ਦੀ ਭਾਸ਼ਾ ਵਿਚ ਡਾਕਟਰੀ ਰਿਪੋਰਟ ਪੜ੍ਹਨੀ ਸ਼ੁਰੂ ਕਰ ਦਿੱਤੀ, ਕਹਿੰਦਾ ਮੰਤਰੀ ਜੀ, ਰਿਪੋਰਟ ਦੇ ਅਨੁਸਾਰ ਤੁਹਾਡਾ ਬਲੱਡ ਪ੍ਰੈਸ਼ਰ ਘੋਟਾਲ਼ਿਆਂ ਵਾਂਗ ਵਧ ਗਿਆ ਹੈ, ਫ਼ੇਫ਼ੜੇ ਝੂਠੀ ਤਸੱਲੀ ਦੇ ਰਹੇ ਨੇ, ਤੇ ਗੁਰਦੇ ਤਿਆਗ ਪੱਤਰ ਦੇਣ ਵਾਲ਼ੇ ਹਨ…!" ਬਾਬੇ ਦੀ ਗੱਲ ਸੁਣ ਕੇ ਸਾਰੇ ਹੱਸ ਪਏ
-"ਵਾਹ ਜੀ ਵਾਹ…!" ਕਾਮਰੇਡ ਹੱਸਦਾ ਸਿਰ ਫੇਰੀ ਜਾ ਰਿਹਾ ਸੀ
-"ਕਿਸੇ ਮਾਸਟਰ ਨੇ ਵਿਦਿਆਰਥੀ ਨੂੰ ਪੁੱਛਿਆ, ਕਾਕਾ ਅੰਬੈਸਡਰ ਕਿਸ ਨੂੰ ਕਹਿੰਦੇ ਨੇ..? ਵਿਦਿਆਰਥੀ ਕਹਿੰਦਾ ਅਖੇ ਜੀ ਕਾਰ ਨੂੰ, ਮਾਸਟਰ ਕਹਿਣ ਲੱਗਿਆ, ਉਏ ਨਹੀਂ! ਮੇਰਾ ਮਤਲਬ ਰਾਜਦੂਤ ਕਿਸ ਨੂੰ ਆਖਦੇ ਨੇ…? ਕਹਿੰਦਾ ਜੀ ਮੋਟਰਸਾਈਕਲ ਨੂੰ…!"
-"ਨਜ਼ਾਰੇ ਆਗੇ…! ਅੱਜ ਜੰਮੀ ਐਂ ਮਹਿਫ਼ਲ਼…! ਅੱਜ ਮਨਾਇਆ ਗਿਐ ਬੌਕਸਿੰਗ-ਡੇ ਪੂਰੀ ਤਸੱਲੀ ਨਾਲ਼…!" ਕਾਮਰੇਡ ਪੂਰਾ ਖ਼ੁਸ਼ ਸੀ
-"ਬੰਤ ਸਿਉਂ ਬਿਨਾਂ ਤਾਂ ਯਾਰ ਮਹਿਫ਼ਲ ਸੁੰਨੀ ਸੁੰਨੀ ਜੀ ਲੱਗਦੀ ਸੀ-!"
-"ਦੇਖਲਾ ਫੇਰ..! ਅੱਜ ਬੀਅਰ ਦੇ ਡੱਬਿਆਂ ਨੇ ਵੀ ਰੰਗ ਬੰਨ੍ਹਤਾ…!" ਫ਼ੌਜੀ ਨੇ ਅਗਲੇ ਡੱਬੇ ਦਾ ਮੂੰਹ ਪੱਟਦਿਆਂ ਕਿਹਾ
-"ਕਾਮਰੇਡ ਸਾਹਿਬ…! ਆਹ ਅਕਾਲੀਆਂ ਦੀ ਆਪਸੀ ਲੜਾਈ ਮਿਟੂ ਕਿ ਨਹੀਂ…?" ਫ਼ੌਜੀ ਨੇ ਅਗਲਾ ਅੱਧਾ ਡੱਬਾ ਖਾਲੀ ਕਰਦੇ ਨੇ ਨਵੀਂ ਗੱਲ ਤੋਰੀ
-"ਫ਼ੌਜੀਆ…! ਆਪਸੀ ਲੜਾਈ ਤਾਂ ਖ਼ੈਰ ਮਿਟ ਜਾਂਦੀ , ਕੋਈ ਵੱਡੀ ਗੱਲ ਨਹੀਂ…! ਪਰ ਜਿਹੜੀ ਸੈਂਟਰ ਗੌਰਮਿੰਟ ਨਾਲ਼ ਲੜਾਈ , ਇਹਨਾਂ ਨੂੰ ਉਹਦੇ ਬਾਰੇ ਜਰੂਰ ਸੋਚਣਾਂ ਚਾਹੀਦੈ…! ਪਾਣੀਆਂ ਦੇ ਮਸਲੇ, ਕਿਸਾਨਾਂ ਸਿਰ ਕਰਜ਼ੇ, ਕਿਸਾਨਾਂ ਵੱਲੋਂ ਧੜਾਂ ਧੜ ਖ਼ੁਦਕਸ਼ੀਆਂ…!"
-"ਕਾਮਰੇਡ ਸਾਹਿਬ…! ਮਾਫ਼ ਕਰਨਾਂ, ਅਕਾਲੀਆਂ ਦੇ ਨਾਅਰਿਆਂ ਵਿਚ ਕਾਣ ਐਂ…! ਲੈ ਕੇ ਕੀ ਇਹਨਾਂ ਨੇ ਪੰਜਾਬ ਲਈ ਸੁਆਹ ਡਿੱਗਣੈਂ…?"
-"ਉਹ ਕਿਵੇਂ…?" ਫ਼ੌਜੀ ਬੀਅਰ ਨਾਲ਼ ਬਾਬੂ ਬਣਿਆਂ ਬੈਠਾ ਸੀ
-"ਇਹ ਪਤੰਦਰ ਨਾਅਰਾ ਪੁੱਠਾ ਮਾਰਦੇ -!"
-"ਉਹ ਕਿਹੜਾ, ਇਹ ਵੀ ਦੱਸ਼…? ਅੱਗੇ ਤਾਂ ਤੁਰ..! ਥਾਂ ਤੇ ਸਲਿੱਪ ਕਰੀ ਜਾਨੈਂ…?" ਫ਼ੌਜੀ ਦੀ ਜੁਬਾਨ ਮੂੰਹ ਵਿਚ ਡੱਕ-ਡੱਕ ਵੱਜਣ ਲੱਗ ਪਈ ਸੀ ਉਹ ਬੀਅਰ ਦੇ ਡੱਬੇ ਵੀ ਬੜੀ ਤੇਜ਼ੀ ਨਾਲ਼ ਨਬੇੜ ਰਿਹਾ ਸੀ ਵਿਸਕੀ ਅਜੇ ਸ਼ੁਰੂ ਹੋਣੀਂ ਸੀ
-"ਅਕਾਲੀ ਨਾਅਰਾ ਮਾਰਦੇ , "ਰਾਜ ਲੈ ਕੇ, ਛੱਡਾਂਗੇ…! ਰਾਜ ਲੈ ਕੇ, ਛੱਡਾਂਗੇ…!!" ਬਈ ਰਾਜ ਲੈ ਲਵਾਂਗੇ, ਤੇ ਫੇਰ ਛੱਡ ਵੀ ਦਿਆਂਗੇ! ਬਈ ਭਲਿਓ ਮਾਣਸੋ, ਨਾਅਰਾ ਤਾਂ ਚੱਜ ਨਾਲ਼ ਲਾ ਲਓ..! ਤੁਸੀਂ ਨਾਅਰਾ ਮਾਰੋ ਬਈ "ਰਾਜ ਲੈ ਕੇ ਰਹਾਂਗੇ…! ਰਾਜ ਲੈ ਕੇ ਰਹਾਂਗੇ…!!" ਇਹ ਪੁੱਠੇ ਤੁਰ ਪੈਂਦੇ , ਅਖੇ ਰਾਜ ਲੈ ਕੇ, ਛੱਡਾਂਗੇ…!"
ਹਾਸੜ ਮੱਚ ਗਈ
-"ਇਕ ਹੋਰ ਦੇਖਲੋ…! ਆਹ ਪਿੱਛੇ ਜਿਹੇ ਰੈਲੀ ਹੋਈ ਸੀ ਨ੍ਹਾਂ…?"
-"ਆਹੋ ਰੈਲੀਆਂ ਤਾਂ ਹੁੰਦੀਆਂ ਰਹਿੰਦੀਐਂ…!"
-"ਖ਼ੈਰ, ਕਾਲੀਆਂ ਨੇ ਬੈਨਰ ਪਤਾ ਕੀ ਬਣਵਾਏ? ਮੰਤਰੀ ਦਾ ਨਾਂ ਲਿਖਿਆ ਵਾ, ਨਾਂ ਤਾਂ ਕਾਹਨੂੰ ਲੈਣੈਂ…? ਬੈਨਰ ਤੇ ਲਿਖਿਆ ਅਖੇ, ਮੰਤਰੀ ਜੀ ਤੇਰੀ ਸੋਚ ਤੇ - ਪਹਿਰਾ ਦਿਆਂਗੇ ਠੋਕ ਕੇ..! ਇਹ ਨਾਅਰਾ ਉਦੋਂ ਮਾਰਦੇ ਹੁੰਦੇ , ਜਦੋਂ ਕੋਈ ਚੰਗੇ ਕੰਮ ਕਰਨ ਵਾਲ਼ਾ ਮਰ ਜਾਵੇ, ਤੇ ਉਸ ਦੇ ਜਾਣ ਤੋਂ ਬਾਅਦ ਉਸ ਦੇ ਸਸਕਾਰ ਤੇ, ਜਾਂ ਉਸ ਦੇ ਭੋਗ ਤੇ ਨਾਅਰੇ ਮਾਰਦੇ ਹੁੰਦੇ ਬਈ ਮੰਤਰੀ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ…! ਤੇ ਇਹ ਪਤੰਦਰ ਜਿਉਂਦੇ ਨੂੰ ਮਾਰੀ ਜਾਂਦੇ …? ਅਖੇ ਮੰਤਰੀ ਜੀ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ..! ਲਓ ਕਰ ਲਓ ਘਿਉ ਨੂੰ ਭਾਂਡਾ..! ਕਿੰਨੇ ਬੇਅਕਲੇ …!"
-"ਉਏ ਮੰਤਰੀਆਂ ਸ਼ੰਤਰੀਆਂ ਦੇ ਚਮਚਿਆਂ ਤੇ ਚਾਪਲੂਸਾਂ ਦਾ ਤਾਂ ਸਾਧ ਦੀ ਕੁੱਤੀ ਆਲ਼ਾ ਹਾਲ …! ਸਾਧ ਦੀ ਕੁੱਤੀ ਮਾਂਗੂੰ ਜੀਹਦੀ ਢੂਹੀ ਨੂੰ ਆਟਾ ਲੱਗਿਆ ਹੋਵੇ, ਉਸ ਦੇ ਮਗਰ ਤੁਰ ਪੈਣਗੇ ਬਈ ਐਥੋਂ ਰੋਟੀ ਦੀ ਬੁਰਕੀ ਜਰੂਰ ਮਿਲੂ…!"
-"ਇਕ ਗੱਲ ਮੰਤਰੀਆਂ ਦੀ ਹੋਰ …! ਵੋਟਾਂ ਲੈਣ ਆਉਣਗੇ ਤੇ ਆਖਣਗੇ, ਅਸੀਂ ਰਾਜ ਨਹੀਂ, ਸੇਵਾ ਕਰਾਂਗੇ..! ਪਰ ਜਦੋਂ ਲੈ ਲੈਂਦੇ ਵੋਟਾਂ? ਤੇ ਓਸ ਤੋਂ ਬਾਅਦ ਦਿਖਾਲ਼ੀ ਨ੍ਹੀ ਦਿੰਦੇ ਪਤੰਦਰ-!"
-"ਉਹ ਦਿਖਾਈ ਕਿਉਂ ਦੇਣ…? ਕੋਠਾ ਉਸਰਿਆ ਤੇ ਤਰਖਾਣ ਵਿਸਰਿਆ-!"
-"ਉਏ ਨਹੀਂ…! ਵੋਟਾਂ ਮਗਰੋਂ ਰਾਜ ਆਪ ਕਰਦੇ ਤੇ ਸੇਵਾ ਲੋਕਾਂ ਦੀ ਪੁਲ਼ਸ ਕਰਦੀ …!"
-"ਉਏ ਸੱਚ ਯਾਰ…? ਆਹ ਪਿੱਛੇ ਜਿਹੇ ਅਖ਼ਬਾਰ ਖ਼ਬਰ ਛਪੀ ਸੀ ਬਈ ਦੁੱਧ ਦੇ ਵਪਾਰੀਆਂ ਨੂੰ ਪਰਮਿਟ ਤੇ ਇੰਗਲੈਂਡ ਸੱਦਿਆ ਜਾਊ…?"
-"ਤੇ ਬੱਕਰੀਆਂ ਆਲ਼ੇ ਵੀ ਇਸ ਕੈਟਾਗਰੀ ਆਉਂਦੇ …?"
-"ਤੂੰ ਕੋਈ ਮੰਗਵਾਉਣਾਂ ਹੋਊ?"
-"ਉਏ ਕਾਹਨੂੰ? ਮੈਂ ਤਾਂ ਸੁਤੇ ਪੁੱਛਿਆ ਸੀ! ਤੁਸੀਂ ਮੇਰੇ ਤੇ ਗੱਲ ਕਾਹਨੂੰ ਲਿਆ ਖੜਾਉਣੇ ਐਂ?"
-"ਮੈਨੂੰ ਬੱਕਰੀਆਂ ਆਲ਼ੇ ਤੋਂ ਇਕ ਗੱਲ ਯਾਦ ਆਗੀ..!"
-"ਕੋਈ ਚੱਜ ਦੀ ਸੁਣਾਈਂ…!"
-"ਕਿਉਂ…? ਸੱਤ ਸੰਗ ਬੈਠੈਂ…?"
-"ਚੱਲ ਤੂੰ ਸੁਣਾਂ ਤਾਂ ਸਹੀ…! ਕਾਹਨੂੰ ਵੱਢਣ ਆਉਨੈਂ?"
-"ਸਾਡੇ ਪਿੰਡ ਇਕ ਸੱਜਣ ਸੀ ਬੱਕਰੀਆਂ ਆਲ਼ਾ..! ਉਹਦੇ ਸਾਰੇ ਸਰੀਰ ਤੇ ਦੈਂਤਾਂ ਵਾਂਗੂੰ ਜੱਤ…! ਇਕ ਦਿਨ ਉਹ ਸਵੇਰੇ ਮੂੰਹ ਨ੍ਹੇਰੇ ਨ੍ਹਾਈ ਜਾਵੇ…! ਤੇ ਉਧਰੋਂ ਗਿਆ ਉਹਦਾ ਗੁਆਂਢੀ ਤਾਇਆ..! ਤਾਏ ਨੂੰ ਨ੍ਹੀ ਸੀ ਪਤਾ ਬਈ ਉਹਦੇ ਸਰੀਰ ਤੇ ਐਨੀ ਜੱਤ …? ਚਲੋ ਜੀ, ਤਾਏ ਨੇ ਨਹਾਉਂਦੇ ਸੱਜਣ ਦੇ ਠਾਹ ਦੇਣੇ ਡਾਂਗ ਮਾਰੀ…! ਕਹਿੰਦਾ ਮੇਰੇ ਸਾਲ਼ੇ ਦਾ ਕਮਲ਼ਾ, ਸਣੇਂ ਕੰਬਲ਼ ਨ੍ਹਾਈ ਜਾਂਦੈ…! ਕੁੜ੍ਹੀ ਯ੍ਹਾਵੇ ਦਾ ਕਮਲ਼ਾ ਲਾਣਾਂ…!"
ਹਾਸੜ ਪੈ ਗਈ
-"ਫੇਰ…? ਸੱਜਣ ਗਿੱਲੇ ਪਿੰਡੇ ਡਾਂਗ ਵੱਜਣ ਨਾਲ਼ ਪਿੱਟ ਉਠਿਆ..! ਕਹਿੰਦਾ, ਤਾਇਆ ਮੈਂ ਭੂਰੇ ਸਣੇਂ ਨ੍ਹੀ ਨ੍ਹਾਉਂਦਾ, ਮੇਰੇ ਸਰੀਰ ਤੇ ਜੱਤ ਐਨੀ ਐਂ, ਭੂਰੇ ਦਾ ਤਾਂ ਭੁਲੇਖਾ ਪੈਂਦੈ…! ਤੇ ਤਾਇਆ ਭੈਮਾਨ ਜਿਆ ਹੋ ਗਿਆ, ਕਹਿੰਦਾ ਮਾਫ਼ ਕਰੀਂ ਸੱਜਣਾਂ, ਮੈਂ ਤਾਂ ਸੱਚੀਂ ਭੁਲੇਖਾ ਖਾ ਗਿਆ ਸੀ ਬਈ ਕਿਤੇ ਸਾਲ਼ਾ ਕੰਬਲ਼ ਦੇ ਉਤੋਂ ਦੀ ਨ੍ਹਾਈ ਜਾਂਦੈ…!"
ਬੀਅਰਾਂ ਦੇ ਡੱਬੇ ਖ਼ਤਮ ਹੋ ਗਏ
ਵਿਸਕੀ ਦਾ ਦੌਰ ਸ਼ੁਰੂ ਹੋ ਗਿਆ
-"ਉਏ ਯਾਰ ਮੇਰੇ ਇਕ ਹੋਰ ਗੱਲ ਚੇਤੇ ਗਈ…!" ਬੰਤ ਸਿਉਂ ਨੇ ਗਿਲਾਸ ਖਾਲੀ ਕਰਦੇ ਨੇ ਗੱਲ ਸ਼ੁਰੂ ਕੀਤੀ
-"ਉਹ ਵੀ ਦੱਸ ਲੈ…! ਅੱਜ ਗੱਲ ਕੋਈ ਦਿਲ ਨਾ ਰੱਖੀਂ"
-"ਉਏ ਸਾਡੇ ਆਲ਼ੀ ਰੋਡ ਤੇ ਗੁਰਚਰਨ ਸਿਉਂ ਰਹਿੰਦੈ"
-"ਬਈ ਪਤਾ ਨ੍ਹੀ, ਮੈਂ ਤਾਂ ਜਾਣਦਾ ਨ੍ਹੀ"
-"ਅਸੀਂ ਤਾਂ ਆਪ ਨ੍ਹੀ ਜਾਣਦੇ…! ਐਥੇ ਬੀਹ ਗੁਰਚਰਨ ਸਿਉਂ ਹੋਰੀਂ ਤੁਰੇ ਫਿਰਦੇ " ਫ਼ੌਜੀ ਦਾਰੂ ਦੀ ਲੋਰ ਵਿਚ ਤੋਤਾ ਬਣ ਗਿਆ ਸੀ
-"ਕੀ ਹੋ ਗਿਆ ਉਹਨੂੰ..?" ਕਾਮਰੇਡ ਨੇ ਗੱਲ ਦੀ ਤਹਿ ਤੱਕ ਜਾਣਾ ਚਾਹਿਆ
-"ਯਾਰ ਉਹਦੀ ਕਾਲਜ ਪੜ੍ਹਦੀ ਕੁੜੀ ਸਹੁਰੀ ਮੁਸਲਮਾਨ ਨਾਲ਼ ਕੁੰਡਾ ਪਸਾਈ ਫ਼ਿਰਦੀ …!" ਬੰਤ ਸਿਉਂ ਨੇ ਆਪਣੇ ਵੱਲੋਂ ਪੂਰਾ ਤਾਣ ਲਾ ਕੇ ਦੱਸਿਆ
-"ਇਹ ਕੋਈ ਨਵੀਂ ਗੱਲ ਨ੍ਹੀ ਬੰਤ ਸਿਆਂ…! ਇਹ ਤਾਂ ਘਰ ਘਰ ਦਾ ਦੁਖਾਂਤ ..!" ਕਾਮਰੇਡ ਨੇ ਉਸ ਦੀ ਗੱਲ ਅਣਗੌਲ਼ੀ ਕਰ ਮਾਰੀ
-"ਯਾਰ…! ਜੱਟਾਂ ਦੀ ਕੁੜੀ, ਮੁਸਲਮਾਨਾਂ ਦੇ ਮੁੰਡੇ ਦੀ ਬੁੱਕਲ਼ ਵੜੀ ਫਿਰੇ, ਲੋਹੜਾ ਨ੍ਹੀ…?" ਉਹ ਧਾਹ ਮਾਰਨ ਵਾਲ਼ਿਆਂ ਵਾਂਗ ਬੋਲਿਆ ਸੀ
-"ਨਵੀਂ ਪੀੜ੍ਹੀ ਦੇ ਦਿਮਾਗ ਨੂੰ ਪੁੱਠੀ ਭਮਾਲ਼ੀ ਆਈ ਵੀ …! ਸਮਝਾਉਣ ਤੇ ਵੀ ਨ੍ਹੀ ਸਮਝਦੀ..! ਦੱਸੋ ਤੁਸੀਂ ਕੀ ਕਰੋਂਗੇ?"
-"ਜੇ ਜੁਆਕਾਂ ਨੂੰ ਘੂਰਦੇ ਐਂ, ਤਾਂ ਸਾਲ਼ੀ ਗੌਰਮਿੰਟ ਮਗਰ ਪੈਂਦੀ -"
-"ਯਾਰ ਹੁਣ ਪੰਜਾਬ ਕਿਹੜਾ ਘੱਟ ਵਾਰਦਾਤਾਂ ਹੋਈ ਜਾਂਦੀਐਂ..? ਸਾਡੇ ਗੁਆਂਢ ਪਿੰਡ ਦੀ ਕੁੜੀ ਨੇ ਘਰੋਂ ਭੱਜ ਕੇ ਭਈਏ ਨਾਲ਼ ਵਿਆਹ ਕਰਵਾ ਲਿਆ" ਸੇਵਕ ਨੇ ਨਵੀਂ ਖ਼ਬਰ ਸੁਣਾਈ
-"ਚਲੋ ਇਹ ਤਾਂ ਛੱਡੋ…!" ਕਾਮਰੇਡ ਨੇ ਆਪਣੀ ਗੱਲ ਤੋਰੀ, "ਆਹ ਜਿਹੜਾ ਅੰਮ੍ਰਿਤਸਰ ਦੀਆਂ ਦੋ ਕੁੜੀਆਂ ਨੇ ਆਪਸ ਵਿਚ ਸ਼ਾਦੀ ਕੀਤੀ , ਇਹ ਤਾਂ ਸਭ ਤੋਂ ਭੈੜ੍ਹਾ ਕੰਮ ਐਂ…! ਚਲੋ ਇਕ ਔਰਤ ਮਰਦ ਨਾਲ਼ ਸ਼ਾਦੀ ਕਰਦੀ , ਇਹ ਤਾਂ ਆਮ ਜੀ ਗੱਲ , ਪਰ ਸਮਲਿੰਗੀ…? ਇਹ ਬਾਹਰਲੇ ਕਲਚਰ ਤੇ ਨਿਰਲੱਜ ਪ੍ਰਚਾਰ ਦਾ ਅਸਰ ਨਹੀਂ ਤਾਂ ਹੋਰ ਕੀ ..?"
-"ਆਹ ਜਦੋਂ ਦੇ ਪੰਜਾਬ ਡਿਸ਼ ਚੈਨਲ ਚੱਲੇ , ਇਹਨਾਂ ਨੇ ਸਾਰੇ ਪੰਜਾਬ ਦੀ ਜੱਖਣਾਂ ਪੱਟਤੀ..! ਅਗਲੀ ਪੀੜ੍ਹੀ ਤਾਂ ਅੱਗੇ ਨ੍ਹੀ ਸੀ ਮਾਨ, ਹੁਣ ਬਾਹਰਲੇ ਮੁਲਕਾਂ ਦੀ ਪੀੜ੍ਹੀ ਦੀਆਂ ਘਤਿੱਤਾਂ ਦੇਖ ਕੇ ਸਾਡੇ ਆਲ਼ੀ ਪੀੜ੍ਹੀ ਵੀ ਵਿਗੜਨ ਲੱਗ ਪਈ"
-"ਕਾਮਰੇਟਾ..! ਪੰਜਾਬ ਕੋਈ ਸੁਧਾਰ ਆਊ ਕਿ ਨਹੀਂ…? ਤੂੰ ਤਾਂ ਬਾਹਵਾ ਕੁਛ ਪੜ੍ਹਦਾ ਰਹਿੰਨੈਂ…?"
-"ਦੇਖੋ ਭਰਾਵੋ…! ਜਿੰਨਾ ਚਿਰ ਪੰਜਾਬ ਪ੍ਰਤੀ ਆਪਣੇ ਲੀਡਰ ਇਮਾਨਦਾਰ ਨਹੀਂ ਹੁੰਦੇ, ਪੰਜਾਬ ਦਾ ਕੁਛ ਵੀ ਸੁਧਰ ਨ੍ਹੀ ਸਕਦਾ…! ਏਕੇ ਵਿਚ ਬਰਕਤ ਦੀ ਕਹਾਣੀ ਆਪਾਂ ਸਕੂਲਾਂ ਪੜ੍ਹਦੇ ਰਹੇ ਐਂ, ਇੱਥੇ ਸਾਰੇ ਪੜ੍ਹੇ ਲਿਖੇ ਤੇ ਤੁਰੇ ਫਿਰੇ ਸੱਜਣ ਬੈਠੇ ਐਂ…! ਆਪਣੇ ਲੀਡਰ ਇਕ ਮੁੱਠ ਹੋ ਕੇ ਨਹੀਂ ਤੁਰ ਸਕਦੇ…! ਜਿੰਨਾਂ ਚਿਰ ਪੰਜਾਬ ਦੇ ਭਲੇ ਲਈ ਕੋਈ ਸਾਂਝਾ ਫ਼ਰੰਟ ਅੱਗੇ ਕੇ ਕੰਮ ਨਹੀਂ ਕਰਦਾ, ਉਨਾਂ ਚਿਰ ਪੰਜਾਬ ਉਜਾੜੇ ਵੱਲ ਨੂੰ ਜਾਊ…! ਹੱਥੀਂ ਵਣਜ ਪਰਾਈ ਖੇਤੀ, ਕਦੇ ਨਾ ਹੁੰਦੇ ਬੱਤੀਆਂ ਤੋਂ ਤੇਤੀ ਵਾਲ਼ੀ ਗੱਲ ਬਣੀ ਹੋਈ ਅੱਜ ਦੇ ਪੰਜਾਬ ਦੀ…! ਪੰਜਾਬ ਦਾ ਭਲਾ ਕਿਸੇ ਨੇ ਬਾਹਰੋਂ ਤਾਂ ਕਰਨ ਆਉਣਾਂ ਨ੍ਹੀ…? ਆਪਣੇ ਪੰਜਾਬ ਦੇ ਲੀਡਰਾਂ ਨੇ ਕਰਨੈਂ…? ਤੇ ਲੀਡਰ ਆਪਣੇ ਆਪਣੇ ਸੁਆਰਥ ਪ੍ਰਤੀ ਸੁਚੇਤ , ਉਹਨਾਂ ਦੇ ਭਾਅ ਦਾ ਤਾਂ ਪੰਜਾਬ ਕੱਲ੍ਹ ਨੂੰ ਮਰਦਾ, ਅੱਜ ਮਰਜੇ…! ਕਿਸੇ ਨੂੰ ਕੋਈ ਫ਼ਿਕਰ ਨ੍ਹੀ, ਕਿਸੇ ਨੂੰ ਕੋਈ ਚੱਟੀ ਨ੍ਹੀ ਪਈ…! ਆਪਦੇ ਧੀਆਂ ਪੁੱਤਾਂ ਤੇ ਅਗਲੀਆਂ ਪੁਸ਼ਤਾਂ ਵਾਸਤੇ ਇਹਨਾਂ ਨੇ ਬਥੇਰਾ ਧਨ ਇਕੱਠਾ ਕਰ ਲਿਆ..! ਜਿੱਦੇਂ ਪੰਜਾਬ ਨਿੱਘਰਦਾ ਦਿਸਿਆ, ਇਹਨਾਂ ਨੇ ਬਾਹਰਲੇ ਮੁਲਕਾਂ ਨੂੰ ਉਡਾਰੀਆਂ ਮਾਰ ਜਾਣੀਐਂ, ਖੂਹ ਪੈਣ ਪੰਜਾਬੀ…! ਦੇਖ ਲਓ, ਆਪਣੇ ਲੀਡਰ ਆਪਾਂ ਪ੍ਰਵਾਸੀਆਂ ਨੂੰ ਪੰਜਾਬ ਵਿਚ ਪੈਸਾ ਲਾਉਣ ਨੂੰ ਵਾਸਤੇ ਪਾਉਂਦੇ …? ਤੇ ਆਪ ਇਹ ਆਪਣੀਆਂ ਜਾਇਦਾਦਾਂ ਪੰਜਾਬ ਤੋਂ ਬਾਹਰ ਬਣਾਉਂਦੇ , ਹਰਿਆਣਾਂ, ਰਾਜਸਥਾਨ, ਹਿਮਾਚਲ ਪ੍ਰਦੇਸ, ਡੁਬਈ, ਅਮਰੀਕਾ ਤੇ ਹੋਰ ਦੇਸ਼ਾਂ ਜਾਂ ਸੂਬਿਆਂ ਵਿਚ ਇਹਨਾਂ ਦੇ ਕਾਰੋਬਾਰ …! ਇਹਨਾਂ ਨੂੰ ਕੋਈ ਪੁੱਛਣ ਵਾਲ਼ਾ ਹੋਵੇ, ਬਈ ਇਹ ਆਪ ਕਿਉਂ ਨ੍ਹੀ ਪੰਜਾਬ ਵਿਚ ਇਨਵੈਸਟਮੈਂਟ ਕਰਦੇ…? ਫੇਰ ਜੇ ਕੋਈ ਭੁੱਲਿਆ ਭਟਕਿਆ ਪ੍ਰਵਾਸੀ ਭੁੱਲ ਭੁਲੇਖੇ ਪੰਜਾਬ ਪੈਸਾ ਲਾਉਣ ਵੀ ਜਾਂਦੈ, ਉਹ ਲੁੱਟਿਆ ਪੱਟਿਆ ਜਾਂਦੈ…! ਉਹਦੀ ਕੋਈ ਸੁਣਵਾਈ ਨ੍ਹੀ, ਕੋਈ ਸਹੂਲਤ ਨ੍ਹੀ, ਆਹ ਹਰਿਆਣੇ ਆਲ਼ੇ ਦੇਖ ਲੈ…! ਜੇ ਕੋਈ ਪ੍ਰਵਾਸੀ ਉਥੇ ਪੈਸਾ ਲਾਉਣ ਜਾਂਦੈ, ਉਹਨੂੰ ਵੀ. ਆਈ. ਪੀ. ਵਾਂਗੂੰ ਸਾਂਭਦੇ …! ਤੇ ਆਪਣੇ ਆਲ਼ੇ ਅਗਲੇ ਦੀ ਬਾਤ ਨ੍ਹੀ ਪੁੱਛਦੇ…? ਜਿੰਨ੍ਹਾਂ ਨੇ ਪਹਿਲਾਂ ਪੰਜਾਬ ਵਿਚ ਪੈਸਾ ਲਾਇਐ, ਉਹ ਚੰਘਿਆੜ੍ਹਾਂ ਮਾਰਦੇ ਪਿੱਛੇ ਮੁੜੇ …! ਪੂਰੇ ਝੱਗੇ ਝਾੜ੍ਹ ਕੇ…! ਨਾਲ਼ੇ ਦੁਨੀਆਂ ਹੁਣ ਐਨੀ ਕਮਲ਼ੀ ਨਹੀਂ, ਜਿੰਨੀ ਆਪਣੇ ਲੀਡਰ ਸਮਝਦੇ …!"
ਰਾਤ ਦੇ ਦਸ ਵਜੇ ਤੱਕ ਪਾਰਟੀ ਚੱਲੀ
ਕਾਮਰੇਡ ਤੋਂ ਬਿਨਾਂ ਸਾਰੇ ਸ਼ਰਾਬੀ ਹੋ ਚੁੱਕੇ ਸਨ ਕਿਸੇ ਨੂੰ ਕਿਸੇ ਦੇ ਘਰਵਾਲ਼ੀ ਨੇ ਪਿੱਕ ਕਰ ਲਿਆ ਕਿਸੇ ਨੂੰ ਉਸ ਦਾ ਲੜਕਾ ਕੇ ਲੈ ਗਿਆ ਕੋਈ ਟੈਕਸੀ ਅਤੇ ਕੋਈ ਬੱਸ ਫੜ ਕੇ ਘਰ ਨੂੰ ਚਲਾ ਗਿਆ

 

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com