WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 2
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਦਿਨ ਚੜ੍ਹ ਆਇਆ ਸੀ।
ਸੂਰਜ ਨੇ ਜੱਗ ਨੂੰ ਝਾਤ ਆਖੀ ਸੀ।

ਸੁੱਤੇ ਪਿਆਂ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਮਾਸੜ ਕਦੋਂ ਦਾ ਬਾਹਰ ਖੜ੍ਹਾ ਅਵਾਜ਼ਾਂ ਮਾਰ ਰਿਹਾ ਸੀ।
ਜੱਸੀ ਉਠਿਆ।
ਉਸ ਨੇ ਉਠ ਕੇ ਦਰਵਾਜਾ ਖੋਲ੍ਹਿਆ ਤਾਂ ਮਾਸੜ ਮਿੰਨ੍ਹੇ ਜਿਹੇ ਗੁੱਸੇ ਵਿਚ ਖੜ੍ਹਾ, ਹਾਲ-ਹਾਲ ਕਰ ਰਿਹਾ ਸੀ।

-"ਤੁਸੀਂ ਐਡੇ ਲਾਪ੍ਰਵਾਹ ਯਾਰ..? ਕਿਸੇ ਦੀ ਵਾਜ ਤਾਂ ਸੁਣ ਲਿਆ ਕਰੋ..? ਮੈਂ ਵਾਜਾਂ ਮਾਰਦਾ ਕਮਲ਼ਾ ਹੋਇਆ ਪਿਐਂ..! ਐਨੀ ਨੀਂਦ ਵੀ ਕੀ ਆਖ਼..? ਸੁਰਤ ਸਿਰ ਤਾਂ ਪਿਆ ਕਰੋ..! ਚੱਲ ਕੁੜੀਏ..! ਤੇਰਾ ਟੈਮ ਹੋ ਚੱਲਿਐ…!" ਮਾਸੜ ਭੜ੍ਹਾਕੇ ਵਾਂਗ ਚੱਲਿਆ ਸੀ। ਜੱਸੀ ਕੱਪੜੇ ਪਾ ਕੇ ਮਾਸੜ ਨਾਲ਼ ਬਾਹਰ ਨਿਕਲ਼ ਗਿਆ। ਹਨੀ ਨੇ ਵੀ ਜਲਦੀ ਨਾਲ਼ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਪੂਰੇ ਅੱਠ ਵੱਜ ਚੁੱਕੇ ਸਨ। ਚਾਹ ਪੀ ਕੇ ਅਤੇ ਨਹਾ ਕੇ ਹਨੀ ਤਿਆਰ ਸੀ। ਜੱਸੀ ਨੇ ਇੱਥੇ ਫ਼ਾਰਮ ਹਾਊਸ ਤੇ ਹੀ ਰਹਿਣਾ ਸੀ। ਹਨੀ ਨੇ ਕੈਂਪ ਜਾ ਕੇ ਸ਼ਾਮ ਨੂੰ ਆਉਣਾ ਸੀ। ਹਨੀ ਦੇ ਸਰੀਰ ਵਿਚੋਂ ਤਾਕਤ ਮੁੱਕੀ ਪਈ ਸੀ। ਸਰੀਰ ਨਿਰਬਲ ਹੋਇਆ ਪਿਆ ਸੀ। ਪਰ ਜੁਆਨ ਸਰੀਰ ਕਰਕੇ ਉਸ ਨੂੰ ਬਹੁਤੀ ਕਮਜ਼ੋਰੀ ਮਹਿਸੂਸ ਨਹੀਂ ਹੋ ਰਹੀ ਸੀ। ਪਰ ਕਦੀ-ਕਦੀ ਉਸ ਨੂੰ ਇੰਜ ਮਹਿਸੂਸ ਹੁੰਦਾ ਸੀ, ਜਿਵੇਂ ਉਹ ਅਸਮਾਨ ਵਿਚ ਉਡ ਰਹੀ ਹੋਵੇ..! ਜਿਵੇਂ ਉਹ ਕਿਸੇ ਬੱਦਲ਼ ਤੇ ਬੈਠ ਸਫ਼ਰ ਕਰਦੀ ਹੋਵੇ। ਹੌਲ਼ੀ ਫੁੱਲ ਵਰਗੀ..! ਉਸ ਦਾ ਦਿਮਾਗ ਕਿਸੇ ਬੈਕੁੰਠ ਚੜ੍ਹਿਆ ਹੋਇਆ ਸੀ.. ਜਦ ਉਹ ਰਾਤ ਦਾ ਵਾਕਿਆ ਯਾਦ ਕਰਦੀ ਤਾਂ ਉਸ ਦੀ ਰੂਹ ਆਨੰਦ ਭਰੀ ਅਤੇ ਤ੍ਰਿਪਤ ਹੋ ਜਾਂਦੀ। ਕਦੇ ਕਦੇ ਉਸ ਨੂੰ ਧੁੜਧੜੀ ਜਿਹੀ ਆਉਂਦੀ। ਉਸ ਦਾ ਦਿਲ ਕਿਲਕਾਰੀਆਂ ਮਾਰਨ ਨੂੰ ਕਰਦਾ ਅਤੇ ਮਨ ਅੰਬਰ ਨੂੰ ਕਲ਼ਾਵੇ ਭਰਦਾ!

ਦੁਪਿਹਰ ਦੀ ਰੋਟੀ ਖਾਣ ਤੋਂ ਬਾਅਦ ਸਾਰੀ ਦਿਹਾੜੀ ਜੱਸੀ ਸੁੱਤਾ ਰਿਹਾ।
ਸ਼ਾਮ ਨੂੰ ਪ੍ਰਛਾਵੇਂ ਢਲ਼ਦਿਆਂ ਹੀ ਮਾਸੜ ਹਨੀ ਨੂੰ ਲੈ ਕੇ ਆ ਗਿਆ।
ਆਉਣਸਾਰ ਹਨੀ ਪਲੰਘ ਤੇ ਡਿੱਗ ਪਈ।
ਜੱਸੀ ਨੇ ਉਸ ਨੂੰ ਚਾਹ ਬਣਾ ਦਿੱਤੀ।
-"
ਕਿਵੇਂ ਰਿਹਾ ਦਿਨ ਅੱਜ਼..?" ਜੱਸੀ ਨੇ ਪੁੱਛਿਆ।
-"
ਬਹੁਤ ਬਿਜ਼ੀ..! ਕੈਂਪ ਨਿਰਾ ਬੋਰਿੰਗ਼..! ਅਨੁਸਾਸ਼ਨ, ਗਾਇਨ, ਪਰੇਡ…! ਕੈਂਪ ਚ ਮੇਰਾ ਦਿਲ ਨਹੀਂ ਲੱਗਿਆ ਜੱਸੀ..! ਤੇਰੇ ਚਿਹਰੇ ਨੇ ਵਿਹਲ ਨਹੀਂ ਦਿੱਤੀ..।" ਚਾਹ ਪੀ ਕੇ ਉਸ ਨੇ ਪਲੰਘ ਤੇ ਡਿੱਗਦਿਆਂ ਕਿਹਾ।

-"ਪੈਣ ਦਾ ਮੌਸਮ ਨਹੀਂ ਮੋਤੀਆਂ ਆਲ਼ੀ ਸਰਕਾਰ..! ਮਸਾਂ ਤਾਂ ਵੇਲ਼ਾ ਆਪਣੇ ਹੱਥ ਆਇਐ..? ਫੇਰ ਪਤਾ ਨ੍ਹੀ ਕਦੋਂ ਮੇਲ ਹੋਣ..?" ਗਿੱਦੜ ਦੇ ਮੱਕੀ ਦੇ ਦੋਧੇ ਤੋਂ ਪਰਦਾ ਲਾਹੁੰਣ ਵਾਂਗ ਜੱਸੀ ਨੇ ਹਨੀ ਦੇ ਕੱਪੜੇ ਲਾਹੁੰਣੇ ਸ਼ਰੂ ਕਰ ਦਿੱਤੇ।
-"
ਹਾਏ..! ਦਿਨੇ ਈ..? ਐਨੇ ਹਲ਼ਕੇ ਕਿਉਂ ਐਂ ਤੁਸੀਂ..? ਥੋਨੂੰ ਹੋਰ ਨ੍ਹੀ ਕੁਛ ਆਉਂਦਾ..?" ਵਿਅੰਗ ਨਾਲ਼ ਹਨੀ ਨੇ ਕੇਸੂ ਬੁੱਲ੍ਹਾਂ ਚੋਂ ਗ਼ਿਲਾ ਜ਼ਾਹਿਰ ਕੀਤਾ। ਪਰ ਉਸ ਦੀ ਗੱਲ ਤੋਂ ਮਹਿਸੂਸ ਹੁੰਦਾ ਸੀ ਕਿ ਹਨੀ ਦੀ ਚਾਹਤ ਅਤੇ ਹਮਾਇਤ ਬਰਾਬਰ ਕਾਇਮ ਸੀ।
-"
ਇਸ ਕੰਮ ਤੋਂ ਬਿਨਾ ਥੋਨੂੰ ਹੋਰ ਕੁਛ ਨਹੀਂ ਸੁੱਝਦਾ..?"

-"ਚੁੱਪ ਕਰ ਵੈਰਨੇ..! ਚੁੱਪ ਕਰ..!" ਉਹ ਹਨੀ ਨੂੰ ਇਕ ਤਰ੍ਹਾਂ ਨਾਲ਼ ਡੀਕਦਾ ਕਹਿ ਰਿਹਾ ਸੀ। ਉਸ ਦੀ ਮੱਝ ਦੀ ਜੀਭ ਵਰਗੀ ਜੀਭ ਹਨੀ ਦੀਆਂ ਗੱਲ੍ਹਾਂ ਤੇ ਰੇਗਮਾਰ ਵਾਂਗ ਫਿਰਦੀ ਸੀ। ਕਿਸੇ ਉਮੰਗ ਵਿਚ ਜੱਸੀ ਦਾ ਦਿਮਾਗ ਰੋਹੀਏਂ ਚੜ੍ਹ ਗਿਆ ਸੀ।
ਦਰਵਾਜੇ ਤੇ ਠੱਕ-ਠੱਕ ਹੋਈ ਤਾਂ ਦੋਨੋਂ ਹੈਰਾਨ ਜਿਹੇ ਹੋ ਗਏ। ਮਾਸੜ ਤਾਂ ਹਨੀ ਨੂੰ ਛੱਡ ਕੇ ਚਲਿਆ ਗਿਆ ਸੀ, ਹੁਣ ਇਹ ਕੌਣ ਹੋਇਆ..? ਜੱਸੀ ਨੇ ਜਲਦੀ ਨਾਲ਼ ਕੱਪੜੇ ਚਾੜ੍ਹ ਲਏ ਅਤੇ ਹਨੀ ਨੇ ਵੀ ਕੰਬਲ਼ ਨਾਲ਼ ਆਪਣਾ ਨੰਗੇਜ ਢਕ ਲਿਆ। ਉਹ ਬਿਲਕੁਲ ਨਗਨ ਸੀ। ਸ਼ਾਇਦ ਮਾਸੜ ਕੁਝ ਭੁੱਲ ਗਿਆ ਹੋਵੇ…? ਉਸ ਦਾ ਦਿਮਾਗ ਬੜੀ ਤੇਜ਼ੀ ਨਾਲ਼ ਖਲਾਅ ਵਿਚ ਦੌੜ ਰਿਹਾ ਸੀ।
ਜੱਸੀ ਨੇ ਦਰਵਾਜਾ ਖੋਲ੍ਹਿਆ।

ਅੱਗੇ ਆਪਣੇ ਲਾਮ ਲਸ਼ਕਰ ਨਾਲ਼ ਬੀਕਾ ਖੜਾ ਸੀ..! ਉਸ ਨੇ ਕਾਲ਼ੀ ਕੰਬਲ਼ੀ ਨਾਲ਼ ਆਪਣਾ ਮੂੰਹ ਢਕਿਆ ਹੋਇਆ ਸੀ। ਬਾਕੀ ਲਗਾੜੇ ਜਿਹੇ ਲੱਗਦੇ ਬੰਦੇ ਉਸ ਦੇ ਮਗਰ ਕੰਧ ਬਣੇ ਖੜ੍ਹੇ ਸਨ। ਉਹਨਾਂ ਦੀਆਂ ਸਿਰਫ਼ ਅੱਖਾਂ ਹੀ ਹਰਕਤ ਕਰ ਰਹੀਆਂ ਸਨ। ਉਹ ਬੁੱਤ ਹੀ ਤਾਂ ਬਣੇ ਖੜੇ ਸਨ। ਦੋ ਬੰਦਿਆਂ ਦੇ ਹੱਥਾਂ ਵਿਚ ਦੋਨਾਲ਼ੀ ਬੰਦੂਕਾਂ ਅਤੇ ਬਾਕੀਆਂ ਕੋਲ਼ ਤਲਵਾਰਾਂ ਅਤੇ ਦਾਹ ਵਰਗੇ ਮਾਰੂ ਹਥਿਆਰ ਸਨ।

-"ਸਾਸਰੀਕਾਲ ਬਾਈ ਸਿਆਂ..!" ਕਾਲ਼ੀ ਕੰਬਲ਼ੀ ਹੇਠ ਬੀਕਾ ਕੋਈ ਡਾਕੂ ਲੱਗਦਾ ਸੀ।

-"………।" ਅਵਾਕ ਹੋਇਆ ਜੱਸੀ ਇਕ ਕਰਮ ਪਿੱਛੇ ਹਟ ਗਿਆ। ਉਸ ਦਾ ਦਿਮਾਗ ਗਧੀਗੇੜ ਵਿਚ ਰੁਲ਼ ਗਿਆ ਸੀ।
-"
ਕੀ ਹੋ ਗਿਆ ਬਾਈ ਸਿਆਂ…? ਬੀਕੇ ਬਾਈ ਨੂੰ ਦੇਖ ਕੇ ਬਾਹਲ਼ਾ ਈ ਘਾਬਰ ਗਿਐਂ…?" ਬੀਕੇ ਨੇ ਬਘਿਆੜ੍ਹ ਵਰਗਾ ਮੂੰਹ ਖੋਲ੍ਹ ਕੇ ਕਿਹਾ।
-"……….
।" ਜੱਸੀ ਦਾ ਦਿਲ ਕਰਦਾ ਸੀ ਕਿ ਉਹ ਰਾਕਟ ਬਣ, ਹਨੀ ਨੂੰ ਲੈ ਅਸਮਾਨ ਨੂੰ ਉੱਡ ਜਾਵੇ। ਪਰ ਉਸ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ। ਉਹ ਕਲਪਨਾ ਵਿਚ ਉਲ਼ਝ ਕੇ ਰਹਿ ਗਿਆ।
-"
ਮੈਂ ਤਾਂ ਤੈਨੂੰ ਵਧਾਈਆਂ ਦੇਣ ਆਇਐ…! ਪਰ ਤੂੰ ਤਾਂ ਚਾਹ ਪਾਣੀ ਵੀ ਨ੍ਹੀ ਪੁੱਛਦਾ ਖ਼ਸਮਾਂ ਨੂੰ ਖਾਣਿਆਂ…?"
-"
ਕਾਹਦੀਆਂ ਵਧਾਈਆਂ ਬਾਈ…?" ਜੱਸੀ ਨੂੰ ਭੱਜਣ ਨੂੰ ਰਾਹ ਨਹੀਂ ਲੱਭਦਾ ਸੀ।

-"ਸਿਆਣੇ ਬੰਦੇ ਜਾਗਦਿਆਂ ਨੂੰ ਪੈਂਦੀਂ ਨ੍ਹੀ ਪਾਉਂਦੇ…! ਰਾਤ ਸੁਹਾਗ ਰਾਤ ਨ੍ਹੀ ਮਨਾਈ…? ਲਿਆ ਟੋਟਣਭੰਨਾਂ ਬੋਤਲ ਤਾਂ ਫੜਾ, ਨਿੱਕੇ ਵੀਰ ਦਾ ਮਨ ਖੁਸ਼ ਕਰੀਏ..!" ਬੀਕੇ ਨੇ ਨਾਲ਼ ਖੜ੍ਹੇ ਇਕ ਬਿੱਜੂ ਜਿਹੇ ਬੰਦੇ ਨੂੰ ਆਖਿਆ। ਉਸ ਦੀਆਂ ਲਾਲ ਅੱਖਾਂ ਚੋਂ ਖ਼ੂਨ ਚੋਅ ਰਿਹਾ ਸੀ। ਮੱਥੇ ਤੇ ਲੱਗਿਆ ਗੰਡਾਸੇ ਦਾ ਟੱਕ ਕਿਸੇ ਖ਼ਤਰੇ ਦਾ ਸੰਕੇਤ ਦੇ ਰਿਹਾ ਸੀ। ਉਸ ਨੇ ਹੁਕਮ ਦੀ ਤਾਮੀਲ ਕੀਤੀ ਅਤੇ ਬੋਤਲ ਪਿਸਤੌਲ ਵਾਂਗ ਡੱਬ ਚੋਂ ਕੱਢ ਕੇ ਬੀਕੇ ਦੇ ਹੱਥ ਫੜਾ ਦਿੱਤੀ। ਬੀਕੇ ਨੇ ਮੂੰਹ ਨਾਲ਼ ਹੀ ਬੋਤਲ ਦਾ ਡੱਟ ਪੱਟਿਆ ਅਤੇ ਅੱਧੀ ਬੋਤਲ ਮੂੰਹ ਲਾ ਕੇ ਹੀ ਸੂਤ ਧਰੀ। ਫਿਰ ਉਸ ਨੇ ਗੁਆਰੇ ਨਾਲ਼ ਆਫ਼ਰੇ ਊਠ ਵਾਂਗ ਡਕਾਰ ਮਾਰਿਆ। ਬੂਅ ਫ਼ੈਲ ਗਈ ਅਤੇ ਬੁੱਲ੍ਹਾਂ ਦੀ ਫ਼ੜ-ਫ਼ੜ ਨਾਲ਼ ਸ਼ਰਾਬ ਦੇ ਛਿੱਟੇ ਦੂਰ ਦੂਰ ਤੱਕ ਬੁੜ੍ਹਕੇ!

-"ਲੈ..! ਫੜ ਪੀ ਬਾਈ ਸਿਆਂ! ਅਸੀਂ ਤੇਰੇ ਮਾਂਗੂੰ ਕਾਣੀਂ ਵੰਡ ਨ੍ਹੀ ਕਰਦੇ..! ਲੈ ਮਾਰ ਘੁੱਟ ਤੇ ਹੋ ਰੰਗਾਂ …!" ਬੀਕੇ ਨੇ ਬੋਤਲ ਜੱਸੀ ਦੇ ਹੱਥ ਫੜਾ ਦਿੱਤੀ। ਉਸ ਨੇ ਅੰਦਰ ਤੱਕਿਆ ਅਤੇ ਮੁੜ ਕੇ ਬੋਤਲ ਬੀਕੇ ਨੂੰ ਫੜਾ ਦਿੱਤੀ। ਪਰ ਪੀਤੀ ਨਾ!
-"
ਕਿਉਂ ਡਰ ਲੱਗਦੈ..? ਲੱਗੇ ਵੀ ਕਿਉਂ ਨਾ..? ਕੁੜੀ ਤਾਂ ਦੇਖ ਗਾਡਰ ਵਰਗੀ ਐ..? ਐਹੋ ਜੀ ਕੁੜੀ ਅੱਗੇ ਸਾਲ਼ੀ ਦਾਰੂ ਦੀ ਕੀ ਮਜਾਲ਼..? ਕੁੜੀ ਤਾਂ ਜਮਾਂ ਈ ਪਟੋਲ੍ਹਾ ਐ ਬਾਈ ਸਿਆਂ, ਪਟੋਲ੍ਹਾ..! ਕਿਉਂ, ਕਿਵੇਂ ਐਂ..? ਦਿੰਦੀ ਐ ਨਜਾਰੇ, ਕਿ ਨਹੀਂ..? ਤੋੜਦੀ ਐ ਦੁੱਖ਼..? ਮਾਰਦੀ ਐ ਹਲ੍ਹੋਰੇ…? ਝੁਟਾਉਂਦੀ ਐ ਸਤਰੰਗੀ ਪੀਂਘ…?" ਉਸ ਨੇ ਤੀਰ ਵਰਗੀ ਨਜ਼ਰ ਅੰਦਰ ਨੂੰ ਚਲਾਈ। ਬੀਕੇ ਦੀ ਸੱਪ ਦੀ ਨਜ਼ਰ ਹਨੀ ਦੇ ਕੰਬਲ਼ ਨਾਲ਼ ਢਕੇ ਸਰੀਰ ਦੀ ਵੀ ਤਲਾਸ਼ੀ ਲੈ ਕੇ ਮੁੜ ਆਈ।
ਜੱਸੀ ਘੁੱਟਾਂਬਾਟੀ ਬੀਕੇ ਵੱਲ ਤੱਕ ਰਿਹਾ ਸੀ।

-"ਹਾਂ ਬਾਈ ਜੱਸੀ..! ਮੈਂ ਤੈਨੂੰ ਭਲਵਾਨ ਦੇ ਢਾਬੇ ਤੇ ਵੀ ਕਿਹਾ ਸੀ, ਬਈ ਵੰਡ ਕੇ ਖਾਣਾ ਈ ਚੰਗਾ ਹੁੰਦੈ..! ਕਾਣੀਂ ਵੰਡ ਮਾੜੀ ਹੁੰਦੀ ਐ, ਬਦਹਜ਼ਮੀ ਹੋ ਜਾਂਦੀ ਐ, ਕੀ ਖਿਆਲ ਐ?" ਉਸ ਨੇ ਕੋਹੜ ਕਿਰਲ਼ੇ ਵਰਗੀ ਜੀਭ ਬੁੱਲ੍ਹਾਂ ਤੇ ਮਾਰ ਕੇ ਭੁੱਖਿਆਂ ਵਾਂਗ ਹਨੀ ਵੱਲ ਤੱਕਿਆ।

-"ਕਿਉਂ ਹਨੀ ਸਵੀਟੀ..? ਇਹ ਕੀ ਲੱਗਦੇ ਸੰਤੀਏ ਤੇਰੇ - ਜਿੰਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ..?" ਬੀਕੇ ਨੇ ਅੱਖ ਮਾਰ ਕੇ ਮਾਰਖ਼ੋਰੀ ਨਜ਼ਰ ਦਾ ਨਿਸ਼ਾਨਾਂ ਸਿੱਧਾ ਹਨੀ ਵੱਲ ਸੇਧ ਲਿਆ। ਜੱਸੀ ਤੋਂ ਹੋਰ ਜਰ ਨਾ ਹੋਇਆ ਅਤੇ ਉਹ ਕਰੋਧ ਨਾਲ਼ ਪਾਗ਼ਲ ਹੋਇਆ ਬੀਕੇ ਦੇ ਗਲ਼ ਨੂੰ ਚਿੰਬੜ ਗਿਆ। ਪਰ ਉਸ ਦੇ ਚੇਲਿਆਂ ਨੇ ਉਸ ਨੂੰ ਬੀਕੇ ਦੇ ਗਲ਼ ਨਾਲ਼ੋਂ ਚਿੱਚੜ ਵਾਂਗ ਤੋੜ ਲਿਆ ਅਤੇ ਉਸ ਦੇ ਹੱਥ ਬੰਨ੍ਹ ਕੇ ਮੂਧਾ ਸੁੱਟ ਲਿਆ। ਜੱਸੀ ਕੱਟੇ ਖੰਭਾਂ ਵਾਲ਼ੇ ਪੰਛੀ ਵਾਂਗ ਨਿੱਹਥਾ ਹੋ ਗਿਆ। ਹਨੀ ਹਲਾਲ ਹੋਣ ਵਾਲ਼ੀ ਮੁਰਗੀ ਵਾਂਗ ਕੰਬਲ਼ ਦੱਬ ਕੇ ਪੈ ਗਈ ਸੀ। ਉਸ ਦਾ ਦਿਲ ਹਥੌੜ੍ਹੇ ਵਾਂਗ ਛਾਤੀ ਵਿਚ ਵੱਜ ਰਿਹਾ ਸੀ ਕੰਨਾਂ ਵਿਚ ਬਿੰਡੇ ਟਿਆਂਕ ਰਹੇ ਸਨ

-"ਤੂੰ ਬਹੁਤ ਕਮੀਨਾਂ ਐਂ ਬੀਕਿਆ..!" ਜੱਸੀ ਨੇ ਆਖਰ ਮੂੰਹ ਖੋਲ੍ਹਿਆ।
-"
ਮੈਂ ਕਦੋਂ ਕਿਹੈ ਬਈ, ਨਹੀਂ..? ਮੈਂ ਤਾਂ ਬਹੁਤ ਵੱਡਾ ਕਮੀਨਾਂ ਬੰਦਾ ਹਾਂ, ਬਾਈ ਸਿਆਂ! ਕਾਣੀ ਵੰਡ ਨਹੀਂ ਜਰ ਸਕਦਾ..!" ਉਸ ਨੇ ਹਨ੍ਹੇਰੀ ਵਾਂਗ ਅੰਦਰ ਜਾ ਕੇ ਹਨੀ ਉਤੋਂ ਕੰਬਲ਼ ਲਾਹ ਮਾਰਿਆ ਅਤੇ ਉਸ ਨੂੰ ਆਪਣੇ ਹੱਥਾਂ ਦੇ ਸਿਕੰਜੇ ਵਿਚ ਜਕੜ ਲਿਆ। ਉਹ ਕੁਕੜੀ ਵਾਂਗ ਉਸ ਦੇ ਹੱਥਾਂ ਵਿਚ ਹੀ ਸਿਮਟ ਗਈ ਸੀ। ਜਿਵੇਂ ਬਘਿਆੜ੍ਹ ਦੇ ਪੰਜੇ ਵਿਚ ਮਿਰਗ ਦਾ ਬੱਚਾ ਸੁੰਗੜ ਜਾਂਦੈ!
-"
ਬੀਕਿਆ, ਤੂੰ ਮੈਨੂੰ ਭਰਾ ਕਿਹਾ ਸੀ..!" ਜੱਸੀ ਨੇ ਕੋਈ ਹੋਰ ਚਾਰਾ ਨਾ ਦੇਖ ਕੇ ਤਰਲਾ ਕੀਤਾ।
-"
ਮੈਂ ਤਾਂ ਹੁਣ ਵੀ ਕਹਿਨੈਂ..!" ਉਹ ਤੁਰੰਤ ਬੋਲਿਆ।
-"
ਫੇਰ ਬਾਈ ਬਣਕੇ ਹਨੀ ਨੂੰ ਬਖਸ਼ ਦੇਹ ਬੀਕਿਆ..! ਇਹ ਕਹਿਰ ਨਾ ਕਰ..!"

-"ਤੀਮੀ ਕੋਈ ਬਖਸ਼ਣ ਆਲ਼ੀ ਚੀਜ ਐ, ਕਮਲ਼ਿਆ..? ਤੀਮੀ ਤਾਂ ਰੱਬ ਨੇ ਬਣਾਈ ਹੀ ਬੰਦੇ ਦੇ ਵਰਤਣ ਲਈ ..! ਰਾਤ ਤੂੰ ਵਰਤ ਲਈ, ਤੇ ਹੁਣ ਮੈਂ..! ਜੇ ਬੱਕਰਾ ਕਹੇ ਬਈ ਮੈਨੂੰ ਨਾ ਵੱਢੋ, ਫੇਰ..? ਬੱਕਰੇ ਨੂੰ ਕਿਸੇ ਨੇ ਹਲ਼ ਥੋੜ੍ਹੋ ਜੋੜਨਾਂ ਹੁੰਦੈ? ਉਹ ਤਾਂ ਬਣਿਆਂ ਈ ਬੰਦੇ ਦੇ ਖਾਣ ਵਾਸਤੇ ਐ..! ਜੇ ਰਾਤ ਅਸੀਂ ਤੇਰੇ ਰੰਗ ਚ ਭੰਗ ਪਾਇਐ, ਤਾਂ ਦੱਸ? ਫੇਰ ਦੋਸ਼ ਦੇਹ..? ਮੈਨੂੰ ਕੱਲ੍ਹ ਦਾ ਈ ਪਤਾ ਸੀ ਬਈ ਤੁਸੀਂ ਐਥੇ ਐਂ..! ਆਪਣੇ ਹੱਥ ਬਹੁਤ ਲੰਮੇ ਐਂ..! ਪਰ ਮੈਂ ਥੋਡੀ ਖੁਸ਼ੀ ਚ ਅੜਿੱਕਾ ਕਿਉਂ ਬਣਦਾ..? ਮੈਂ ਨੀ ਸੀ ਪਾਪ ਲੈਣਾਂ, ਬਾਈ ਸਿਆਂ! ਮੈਂ ਸੋਚਿਆ ਕਿ ਚੱਲ ਅੱਜ ਛੋਟੇ ਵੀਰ ਨੂੰ ਰੰਗਰਲ਼ੀਆਂ ਮਨਾ ਲੈਣਦੇ, ਆਪਣੀ ਵਾਰੀ ਕੱਲ੍ਹ ਨੂੰ ਆਜੂ..! ਦੇਖ ਸਾਡਾ ਵੀ ਸਬਰ..! ਹੈ ਅਸੀਂ ਦੇਖ ਕੇ ਅਣਡਿੱਠ ਕਰਨ ਵਾਲ਼ੇ ਕਿ ਨਹੀਂ..?" ਹਨੀ ਨੂੰ ਇਕ ਪਾਸੇ ਖੜ੍ਹੀ ਕਰ, ਮੂੰਹ ਨੂੰ ਲਾ ਕੇ ਬੀਕੇ ਨੇ ਰਹਿੰਦੀ ਬੋਤਲ ਸੂਤ ਧਰੀ ਅਤੇ ਖਾਲੀ ਬੋਤਲ ਚਲਾ ਕੇ ਮਾਰੀ।

-"ਬੀਕਿਆ, ਮੈਂ ਤੇਰੇ ਪੈਰੀਂ ਪੈਨੈਂ..! ਤੇਰੀ ਮਿੰਨਤ ਕਰਦੈਂ ਬਾਈ..!" ਜੱਸੀ ਕੁਰਲਾਇਆ।

-"ਤੇ ਮੈਂ ਤੇਰੀ ਕਰਦੈਂ..!" ਬੀਕਾ ਜੱਸੀ ਵੱਲੋਂ ਮੁੜ, ਹਨੀ ਦੇ ਪੈਰਾਂ ਵਿਚ ਹੱਥ ਜੋੜ ਕੇ ਬੈਠ ਗਿਆ। ਹਨੀ ਨੇ ਉਸ ਦੇ ਮੂੰਹ ਤੇ ਥੁੱਕ ਦਿੱਤਾ। ਬੀਕਾ ਸਾਹਣ ਵਾਂਗ ਭੂਸਰ ਗਿਆ ਅਤੇ ਹਨੀ ਦੇ ਦੁਬਾਰਾ ਪਾਏ ਕੱਪੜੇ ਪਾੜ ਕੇ ਪਰ੍ਹਾਂ ਸੁੱਟ ਦਿੱਤੇ। ਉਸ ਨੂੰ ਬੱਕਰੇ ਵਾਂਗ ਪਲੰਘ ਤੇ ਢਾਹ ਲਿਆ ਅਤੇ ਜੱਸੀ ਨੇ ਬੰਨ੍ਹੇ ਹੱਥ ਛੁਡਾ ਕੇ ਬੀਕੇ ਨੂੰ ਆ ਢਾਹਿਆ। ਪਤਾ ਨਹੀਂ ਉਸ ਵਿਚ ਇਤਨਾ ਬਲ ਕਿੱਥੋਂ ਆ ਗਿਆ ਸੀ? ਮੁੱਕੀਆਂ ਮਾਰ ਮਾਰ ਕੇ ਉਸ ਨੇ ਬੀਕੇ ਦਾ ਨੱਕ ਲਹੂ ਲੁਹਾਨ ਕਰ ਦਿੱਤਾ। ਪਰ ਬੀਕੇ ਦੇ ਦੱਲਿਆਂ ਨੇ ਉਸ ਨੂੰ ਫੜ ਕੇ ਬੁਰੀ ਤਰ੍ਹਾਂ ਨਰੜ ਦਿੱਤਾ ਅਤੇ ਕਸੀਸ ਵੱਟ ਕੇ ਮੁਸ਼ਕਾਂ ਬੰਨ੍ਹ ਕੇ ਫ਼ਰਸ਼ ਤੇ ਸੁੱਟ ਦਿੱਤਾ।

-"ਆਸ਼ਕ ਦੇ ਨਾਲ਼ ਨਾਲ਼ ਤੂੰ ਯੋਧਾ ਵੀ ਬਣਨ ਲੱਗਿਐਂ ਐਂ, ਬਾਈ ਸਿਆਂ..? ਇਹ ਬੀਕੇ ਨੂੰ ਕਦਾਚਿੱਤ ਪ੍ਰਵਾਨ ਨਹੀਂ..!" ਬੀਕਾ ਹੈਰਾਨ ਸੀ।

-"ਬੀਕਿਆ, ਤੂੰ ਬੜਾ ਹਰਾਮਜ਼ਦਾ ਤੇ ਬਹੁਤ ਕਮੀਨਾਂ ਬੰਦੈਂ…!" ਉਹ ਪਿਆ ਫ਼ੱਟੜ ਸੱਪ ਵਾਂਗ ਵਿਸ਼ ਜਿਹੀ ਘੋਲ਼ ਰਿਹਾ ਸੀ।
-"
ਮੈਂ ਕਦੋਂ ਕਿਹੈ ਬਈ, ਨਹੀਂ..? ਮੈਂ ਤਾਂ ਹੱਦੋਂ ਵੱਧ ਕਮੀਨੈਂ, ਬਾਈ ਸਿਆਂ! ਦੇਖ ਸਾਡੀ ਕਮੀਨਗੀ ਦਾ ਪਹਿਲਾ ਪੜਾਅ..!" ਉਹ ਦੈਂਤ ਵਾਂਗ ਹਨੀ ਤੇ ਡਿੱਗਿਆ। ਹਾਥੀ ਦੇ ਪੈਰ ਹੇਠ ਚੂਹਾ ਆਉਣ ਵਾਂਗ ਉਸ ਨੇ ਹਨੀ ਦੇ ਜਜ਼ਬਾਤਾਂ ਅਤੇ ਭਾਵਨਾਵਾਂ ਨੂੰ ਕੁਚਲ਼ ਦਿੱਤਾ। ਹੱਡਾਂਰੋੜੀ ਦੇ ਕੁੱਤੇ ਦੇ ਹੱਡੀ ਚੂੰਡਣ ਵਾਂਗ ਉਸ ਨੇ ਸਾਰੀ ਹਨੀ ਚੂੰਡ ਧਰੀ ਸੀ। ਹਨੀ ਕੁਰਲਾਈ ਜਾ ਰਹੀ ਸੀ। ਪਰ ਉਸ ਦੀ ਕੁਰਲਾਹਟ ਸੁਣਨ ਵਾਲ਼ਾ ਬੀਕਾ ਨਹੀਂ ਸੀ। ਬੀਕੇ ਦੇ ਕੰਨ ਬੋਲ਼ੇ ਹੋ ਚੁੱਕੇ ਸਨ.. ਉਸ ਨੂੰ ਸੁਣਨਾ ਅਤੇ ਦਿਸਣਾਂ ਬੰਦ ਹੋ ਗਿਆ ਸੀ ਜੱਸੀ ਬੇਵੱਸ, ਨਿਹੱਥਾ ਸੀ। ਬੰਨ੍ਹਿਆਂ ਪਿਆ ਜੱਸੀ ਬੀਕੇ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ ਅਤੇ ਉਸ ਦੀ ਅਵਾਜ਼ ਘਗਿਆ ਗਈ ਸੀ। ਹਨੀ ਦੇ ਸਰੀਰ ਤੇ ਥਾਂ-ਥਾਂ ਨੀਲੇ ਦਾਗ ਪੈ ਗਏ ਸਨ। ਹੇਠ ਖ਼ੂਨ ਦਾ ਛੱਪੜ ਲੱਗ ਗਿਆ ਸੀ ਅਤੇ ਹਨੀ ਦਰਦਾਂ ਮਾਰੀ ਬੁਰੀ ਤਰ੍ਹਾਂ ਕਰਾਹ ਰਹੀ ਸੀ। ਉਸ ਅੰਦਰ ਜਿਵੇਂ ਬੀਕੇ ਨੇ ਕੋਈ ਤਲਵਾਰ ਫ਼ੇਰ ਦਿੱਤੀ ਸੀ। ਪੀੜਾਂ ਨੇ ਉਸ ਅੰਦਰ ਤੂਫ਼ਾਨ ਮਚਾਇਆ ਹੋਇਆ ਸੀ। ਅੱਧ-ਖੁਲ੍ਹੀਆਂ ਅੱਖਾਂ ਨਾਲ਼ ਨਿਢਾਲ਼ ਪਈ ਉਹ ਖ਼ੂਨੋ ਖ਼ੂਨ ਹੋਏ ਜੱਸੀ ਵੱਲ ਤੱਕ ਰਹੀ ਸੀ। ਬੀਕੇ ਦੇ ਗੁੰਡਿਆਂ ਨੇ ਜਾਣ ਲੱਗਿਆਂ ਪਤਾ ਨਹੀਂ ਉਸ ਦੇ ਸਿਰ ਵਿਚ ਕੀ ਮਾਰਿਆ ਸੀ..? ਜੱਸੀ ਦੇ ਸਿਰ ਵਿਚੋਂ ਖ਼ੂਨ ਪ੍ਰਨਾਲ਼ਾ ਬਣ ਵਹਿ ਰਿਹਾ ਸੀ। ਪਰ ਉਠ ਕੇ ਜੱਸੀ ਨੂੰ ਪਾਣੀ ਦੇਣ ਦੀ ਵੀ ਹਨੀ ਵਿਚ ਹਿੰਮਤ ਨਹੀਂ ਬਚੀ ਸੀ। ਹੋਰ ਤਾਂ ਹੋਰ, ਹੁਣ ਤਾਂ ਹਨੀ ਵਿਚ "ਹਾਏ..!" ਪੁਕਾਰਨ ਦੀ ਸੱਤਿਆ ਵੀ ਨਹੀਂ ਸੀ। ਉਹ ਭਾਣਾਂ ਮੰਨ ਕੇ ਨਿਰਬਲ ਜਿਹੀ ਪਈ ਰਹੀ।

-"ਹਾਏ ਹਨੀ..! ਆਹ ਕਹਿਰ ਮੈਂ ਆਪਣੇ ਅੱਖੀਂ ਕਾਹਤੋਂ ਦੇਖਣਾਂ ਸੀ..? ਇਹ ਸਾਰਾ ਕੁਛ ਦੇਖਣ ਤੋਂ ਪਹਿਲਾਂ ਮੈਂ ਮਰ ਕਿਉਂ ਨਾ ਗਿਆ..?" ਜੱਸੀ ਦੀ ਅਵਾਜ਼ ਵਿਚ ਬੇਹੋਸ਼ੀ ਘੁਲ਼ਦੀ ਜਾ ਰਹੀ ਸੀ ਅਤੇ ਉਸ ਦਾ ਸਰੀਰ ਨਿਢਾਲ਼ ਹੁੰਦਾ ਜਾ ਰਿਹਾ ਸੀ। ਅੱਖਾਂ ਦੀਆਂ ਗੰਨੀਆਂ ਭਾਰੀਆਂ ਸਨ। ਹਨੀ ਦੇ ਚੁੱਪ ਹੰਝੂ ਤਰਿੱਪ-ਤਰਿੱਪ ਕੰਨਾਂ ਦੀਆਂ ਪੇਪੜੀਆਂ ਤੇ ਡੁੱਲ੍ਹੀ ਜਾ ਰਹੇ ਸਨ।  
ਬੀਕੇ ਹੋਰੀਂ ਆਪਣਾ ਕੰਮ ਕਰਕੇ ਜਾ ਚੁੱਕੇ ਸਨ।
ਸਵੇਰੇ ਸੱਤ ਕੁ ਵਜੇ ਮਾਸੜ ਆਇਆ।
ਸਾਰਾ ਕੌਤਕ ਦੇਖ ਕੇ ਉਹ ਬੁਰੀ ਤਰ੍ਹਾਂ ਘਬਰਾ ਗਿਆ ਸੀ।
ਟਰਾਲੀ ਵਿਚ ਲੱਦ ਕੇ ਉਸ ਨੇ ਜੱਸੀ ਅਤੇ ਹਨੀ ਨੂੰ ਹਸਪਤਾਲ ਪਹੁੰਚਾਇਆ।

ਜੱਸੀ ਦੇ ਸਿਰ ਵਾਲ਼ੀ ਸੱਟ ਗਹਿਰੀ ਸੀ। ਉਹ ਬੇਹੋਸ਼ ਹੋ ਚੁੱਕਿਆ ਸੀ। ਹਨੀ ਦਾ ਵੀ ਬੁਰਾ ਹਾਲ ਸੀ। ਪਰ ਦਿਮਾਗੀ ਤੌਰ ਤੇ ਉਹ ਕੁਝ ਸੁਰਤ ਸਿਰ ਸੀ। ਡਾਕਟਰਾਂ ਨੇ ਦੋਨਾਂ ਨੂੰ ਸੰਭਾਲ਼ ਲਿਆ। ਮੁਆਇਨਾ ਕਰ ਲਿਆ ਗਿਆ। ਪੁਲੀਸ ਕੇਸ ਦੇਖ ਕੇ ਡਾਕਟਰ ਨੇ ਠਾਣੇਂ ਨੂੰ ਫ਼ੋਨ ਕਰ ਦਿੱਤਾ। ਦੋ ਸਿਪਾਹੀ ਅਤੇ ਇਕ ਹੌਲਦਾਰ ਆ ਕੇ ਉਹਨਾਂ ਨੂੰ ਦੇਖ ਗਏ। ਮਾਸੜ ਨੂੰ ਠਾਣੇ ਲਿਆ ਬਿਠਾਇਆ। ਮਾਸੜ ਆਪਣੀ ਜਗਾਹ ਥਿੜਕਿਆ ਹੋਇਆ ਸੀ। ਹਲਾਲ ਕੀਤੀ ਕੁੜੀ ਦੀ ਹਾਲਤ ਉਸ ਤੋਂ ਦੇਖੀ ਨਹੀਂ ਗਈ ਸੀ। ਇਕ ਬਲਾਤਕਾਰ ਅਤੇ ਇਕ ਇਰਾਦਾ ਕਤਲ ਦਾ ਕੇਸ! ਵਾਕਾ ਵੀ ਉਸ ਦੇ ਖੇਤ ਹੋਇਆ ਸੀ। ਮਾਸੜ ਨੂੰ ਕਿਸੇ ਪਾਸੇ ਭੱਜਣ ਨੂੰ ਰਾਹ ਨਹੀਂ ਲੱਭਿਆ ਸੀ। ਉਹ ਫ਼ਸਿਆ ਫ਼ਸਿਆ ਮਾਰ ਖਾ ਰਿਹਾ ਸੀ। ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲ਼ਾ ਹੋਣ ਤੋਂ ਉਹ ਬੁਰੀ ਤਰ੍ਹਾਂ ਹਿੱਲਿਆ ਹੋਇਆ ਸੀ।
-"
ਹਾਂ ਬਈ..? ਕੀ ਨਾਂ ਐਂ ਤੇਰਾ…?" ਠਾਣੇਦਾਰ ਨੇ ਅੱਖਾਂ ਦੀ ਦੁਨਾਲ਼ੀ ਉਸ ਦੇ ਮੂੰਹ ਤੇ ਸਿੰਨ੍ਹੀ ਹੋਈ ਸੀ।
-"
ਜੀ ਜੁਆਲਾ ਸਿੰਘ..!"
-"
ਤੇ ਵਾਕਾ ਕਰਨ ਆਲ਼ੇ ਕੌਣ ਸੀ..?" ਠਾਣੇਦਾਰ ਨੇ ਜਿਵੇਂ ਉਸ ਦੀ ਸੰਘੀ ਘੁੱਟ ਕੇ ਪੁੱਛਿਆ ਸੀ।
-"
ਜੀ ਰੱਬ ਜਾਣੇਂ..! ਮੈਂ ਤਾਂ ਘਰੇ ਸੀ, ਇਹ ਤਾਂ ਫ਼ੱਟੜ ਹੋਣ ਆਲ਼ੇ ਈ ਦੱਸ ਸਕਦੇ ਐ…!" ਮਾਸੜ ਨੇ ਅਥਾਹ ਮਾਯੂਸੀ ਵਿਚ ਸਿਰ ਫੇਰਿਆ।

-"ਤੇਰੀ ਧੀ ਤੇ ਚੜ੍ਹਜਾਂ ਮੈਂ..! ਪਹਿਲਾਂ ਖੇਤ ਚ ਨਜਾਇਜ਼ ਧੰਦੇ ਕਰਵਾਉਣੇ ਤੇ ਪਿੱਛੋਂ ਦਰਵੇਸ਼ ਬਣਨਾ..? ਤੇਰੀ ਕੁੜੀ ਨੂੰ ਗਧੇ ਕਰਨ, ਇਕ ਚੋਰੀ ਤੇ ਉਤੋਂ ਸੀਨਾਂ ਜੋਰੀ..?" ਮੌਰਾਂ ਵਿਚ ਦੋ ਰੂਲ ਜੜਕੇ ਠਾਣੇਦਾਰ ਨੇ ਕਈ ਕੋਰੜੇ ਛੰਦ ਪੜ੍ਹ ਦਿੱਤੇ। ਠਾਣੇਦਾਰ ਦੀ ਆਖੀ ਗੱਲ ਕਰਕੇ ਮਾਸੜ ਦੇ ਪੈਰ ਘੁਕਣ ਲੱਗ ਪਏ। ਅਸਮਾਨ ਉਪਰ ਡਿੱਗਦਾ ਜਾਪਿਆ। ਇਸ ਨਜਾਇਜ਼ ਧੰਦੇ ਦੇ ਗਲ਼ ਪੈਣ ਵਾਲ਼ੇ ਸਿਆਪੇ ਬਾਰੇ ਤਾਂ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ? ਉਸ ਦੇ ਦਿਮਾਗ ਵਿਚ ਘਰ ਦੀ ਕਬੀਲਦਾਰੀ ਕੀਰਨੇਂ ਪਾਉਣ ਲੱਗ ਪਈ। ਜਾਂਦੀਏ ਬਲਾਏ ਦੁਪਿਹਰਾ ਕੱਟ ਜਾਹ..? ਆ ਬੈਲ ਮੁਝੇ ਮਾਰ…? ਹਮਦਰਦੀ ਕਰਦਾ-ਕਰਦਾ ਮਾਸੜ ਤਾਂ ਕਸੂਤਾ ਫ਼ਸ ਚੱਲਿਆ ਸੀ। ਕੀਤੀ ਤਾਂ ਉਸ ਨੇ ਹਮਦਰਦੀ ਸੀ। ਪਰ ਹਮਦਰਦੀ ਤਾਂ ਉਸ ਦੇ ਗਲ਼ ਮਰਿਆ ਸੱਪ ਬਣ ਕੇ ਪੈ ਚੱਲੀ ਸੀ

-"ਮੈਂ ਕਾਹਨੂੰ ਕੋਈ ਧੰਦਾ ਕਰਵਾਉਨੈਂ ਮਾਈ ਬਾਪ …? ਇਹ ਤਾਂ ਤੁਸੀਂ ਫ਼ੱਟੜਾਂ ਤੋਂ ਈ ਪੁੱਛ ਲਓ ਜੀ…! ਮੈਨੂੰ ਬਖ਼ਸ਼ੋ ਸਰਕਾਰ..! ਮੈਂ ਥੋਡੀ ਕੈਲੀ ਗਊ..! ਸਹੁੰ ਢਾਂਡੀ ਦੀ ਮਾਪਿਓ, ਮੈਂ ਤਾਂ ਜਮਾਂ ਈ ਬੇਕਸੂਰ ਐਂ…! ਰਤੀ ਭਰ ਕਾਣ ਨਿਕਲ਼ ਆਵੇ, ਪਰ੍ਹੇ ਚ ਫ਼ਾਹੇ ਲਾ ਦਿਓ..! ਪਰ ਮੇਰੇ ਬਾਪ ਦੀ ਦੁਹਾਈ ਐ, ਮੇਰੇ ਤੇ ਤਬਾਰ ਕਰੋ, ਮੇਰੇ ਜੁਆਕ ਭੁੱਖੇ ਮਰ ਜਾਣਗੇ ਜੀ…!" ਉਸ ਨੇ ਅੰਤਾਂ ਦੀ ਬੇਵਸੀ ਵਿਚ ਹੱਥ ਜੋੜ ਲਏ। ਉਸ ਦਾ ਸਾਰਾ ਸਰੀਰ ਕੰਬੀ ਜਾ ਰਿਹਾ ਸੀ ਅਤੇ ਬੁੱਲ੍ਹਾਂ ਤੇ ਸੁੱਕੀ ਝੱਗ ਜੰਮ ਗਈ ਸੀ।
-"
ਤੇਰੀ ਧੀ ਦੀ …. ਦਿੱਤਾ? ਕਰਨੀਆਂ ਘਤਿੱਤਾਂ ਤੇ ਫੇਰ ਡਡਾਉਤਾਂ ਕਰਨੀਆਂ..? ਕਿੱਥੋਂ ਗੁਣ ਸਿੱਖਿਐ ਤੂੰ…?"
-"
ਮਾਈ ਬਾਪ, ਗਾਂ ਦੀ ਪੂਛ ਨੂੰ ਹੱਥ ਲਾ ਦਿੰਨੈਂ, ਮੈਂ ਕੋਈ ਘਤਿੱਤ ਨ੍ਹੀ ਕੀਤੀ ਜੀ..! ਉਹ ਤਾਂ ਜਿਹੜਾ ਮੁੰਡਾ ਫ਼ੱਟੜ ਹੋਇਐ, ਉਹ ਮੇਰੀ ਘਰਾਂਆਲ਼ੀ ਦੇ ਭਾਣਜੇ ਦਾ ਦੋਸਤ ਐ ਜੀ..! ਘਰਆਲ਼ੀ ਦੇ ਭਾਣਜੇ ਨੇ ਮੈਨੂੰ ਰਾਤ ਰਹਿਣ ਲਈ ਪੁੱਛ ਲਿਆ, ਮੈਂ ਹਾਂ ਕਰਤੀ, ਦੱਸੋ ਕੀ ਕਸੂਰ ਐ ਸਰਕਾਰ..? ਮੈਂ ਤਾਂ ਬਗੈਰ ਕਿਸੇ ਗੁਨਾਂਹ ਤੋਂ ਰਗੜਿਆ ਗਿਆ ਸਰਕਾਰ..! ਅੰਨ੍ਹੀ ਦਾਈ ਪੁੱਠੇ ਥਾਂ ਹੱਥ..! ਸੱਚੀ ਗੱਲ ਮੈਂ ਥੋਨੂੰ ਦੱਸ ਦਿੱਤੀ ਐ ਹਜੂਰ, ਹੁਣ ਮਾਰੋ ਚਾਹੇ ਛੱਡੋ..! ਸਾਰਾ ਕੁਛ ਥੋਡੇ ਹੱਥ ਵੱਸ ਐ ਮਾਲਕੋ..! ਪਰ ਹਾਂ ਮੈਂ ਬੇਕਸੂਰ..! ਮੈਂ ਸੋਚਿਆ ਮੁੰਡਾ ਖੁੰਡਾ ਆਬਦਾ ਰਾਂਝਾ ਰਾਜੀ ਕਰਕੇ ਰਾਹ ਪਊ, ਪਰ ਮੈਨੂੰ ਆਹ ਆਉਣ ਆਲੀ ਬਲਾਅ ਦਾ ਕੀ ਪਤਾ ਸੀ ਜੀ..? ਮੈਂ ਕਮਲ਼ਾ ਤਾਂ ਮਾਪਿਓ ਸੰਨ੍ਹੇ ਸੰਨ੍ਹ ਮਾਰਿਆ ਗਿਆ..!" ਉਸ ਨੇ ਸਾਰੀਆਂ ਸੱਚੀਆਂ ਗੱਲਾਂ ਠਾਣੇਦਾਰ ਸਾਹਮਣੇ ਰੱਖ ਦਿੱਤੀਆਂ।

ਠਾਣੇਦਾਰ ਕੁਝ ਢੈਲ਼ਾ ਪੈ ਗਿਆ। ਉਸ ਨੂੰ ਜੁਆਲਾ ਸਿੰਘ ਦੀਆਂ ਸੱਚੀਆਂ ਗੱਲਾਂ ਤੇ ਇਤਬਾਰ ਹੋ ਗਿਆ ਸੀ।
-"
ਕੀ ਨਾਂ ਐਂ ਉਸ ਮੁੰਡੇ ਦਾ ਉਏ ਕੁੜੀ ਦੇਣਿਆਂ…?" ਠਾਣੇਦਾਰ ਦੀ ਥਾਂ ਮੁਣਸ਼ੀ ਨੇ ਵਾਰੀ ਲਈ।
-"
ਜੱਸੀ ਜੱਸੀ ਕਹਿੰਦੇ ਐ ਜੀ, ਹੋਰ ਤਾਂ ਮੈਨੂੰ ਪਤਾ ਨ੍ਹੀ, ਗਊ ਆਲ਼ੀ ਆਣ ਐਂ…!"
-"
ਤੇ ਕੁੜੀ ਦਾ…?"
-"
ਮੈਨੂੰ ਸਾਰੇ ਟੱਬਰ ਦੀ ਸਹੁੰ ਐਂ ਮਾਪਿਓ, ਮੈਨੂੰ ਨ੍ਹੀ ਪਤਾ..! ਮੈਂ ਤਾਂ ਸਹੁਰੀ ਨੂੰ ਮੋਟਰ ਛੈਂਕਲ ਤੇ ਬਿਠਾ ਕੇ ਇਕ ਆਰੀ ਕੈਂਪ ਚੋਂ ਲੈ ਕੇ ਆਇਐਂ ਜੀ, ਹੋਰ ਮੈਨੂੰ ਕੋਈ ਪਤਾ ਨ੍ਹੀ…!" ਉਸ ਦੇ ਜੋੜੇ ਹੱਥ ਕੰਬੀ ਜਾ ਰਹੇ ਸਨ।
-"
ਤੇਰੀ ਧੀ ਦੀ ਬੱਕੀ ਬਣਾਲਾਂ, ਸਿਆਹੀ ਚ ਡੁਬ੍ਹਕਾ ਲਾਉਣ ਦਾ ਸ਼ੌਕੀਨ ਤੂੰ ਵੀ ਲੱਗਦੈਂ…? ਤੇਰੀ ਬੱਗੀ ਦਾਹੜੀ ਚ ਕਈ ਭੇਦ ਐ…!" ਮੁਣਸ਼ੀ ਬੋਲਿਆ।

-"ਕਾਹਨੂੰ ਮੁਣਸ਼ੀ ਜੀ…! ਤੁਰਦੇ ਤਾਂ ਮੇਰੇ ਗੋਡੇ ਨ੍ਹੀ..! ਤੁਸੀਂ ਮੈਨੂੰ ਹੋਰ ਤਗਮਾਂ ਦੇਈ ਜਾਨੇ ਐਂ..? ਥੋਨੂੰ ਕੀ ਦੱਸਾਂ ਸਰਕਾਰ…? ਕੁਥਾਂ ਤੋਂ ਰੁੱਝੀ ਤੇ ਸਹੁਰਾ ਹਕੀਮ ਆਲ਼ੀ ਗੱਲ ਹੋਈ ਮੇਰੇ ਨਾਲ਼ ਤਾਂ…!"
-"
ਹੂੰਅ…! ਹੁਣ ਤੇਰਾ ਕੀ ਕਰੀਏ..?" ਠਾਣੇਦਾਰ ਨੇ ਮਾਸੜ ਨੂੰ ਪੁੱਛਿਆ। ਠਾਣੇਦਾਰ ਦਾ ਨਰਮ ਮਤਾ ਦੇਖ ਕੇ ਮਾਸੜ ਦੇ ਸਾਹ ਵਿਚ ਸਾਹ ਆ ਗਿਆ। ਉਹ ਅੰਦਰੋਂ ਸ਼ੇਰ ਬਣ ਗਿਆ ਕਿ ਗੁੱਲੀ ਦਣ ਪੈ ਗਈ ਸੀ।
-"
ਜੀ ਥੋਡੇ ਹੱਥ ਜਾਨ ਐਂ ਸਰਕਾਰ..! ਮਾਪਿਓ ਮੈਨੂੰ ਬਖਸ਼ੋ..! ਮੈਂ ਮੁੰਡਿਆਂ ਖੁੰਡਿਆਂ ਨੂੰ ਕਿਸੇ ਗੱਲੋਂ ਜਵਾਬ ਨ੍ਹੀ ਦੇ ਸਕਿਆ ਮਹਾਰਾਜ, ਸੱਚੀ ਗੱਲ ਐ…! ਜੁਆਨੀ ਚ ਆਪ ਵੀ ਬੜੇ ਤੋਤੇ ਉੜਾਏ, ਮੈਂ ਇਹਨਾਂ ਦਾ ਤੇ ਰੱਬ ਦਾ ਸ਼ਰੀਕ ਨ੍ਹੀ ਸੀ ਬਣਨਾ ਚਾਹੁੰਦਾ ਹਜੂਰ..! ਮੇਰਾ ਸਾਰਾ ਆਹੀ ਕਸੂਰ ਐ..!" ਉਸ ਨੇ ਸਿੱਧੀ, ਸਪੱਸ਼ਟ ਅਤੇ ਸਹੀ ਗੱਲ ਠਾਣੇਦਾਰ ਅੱਗੇ ਰੱਖ ਦਿੱਤੀ।
-"
ਤੇਰਾ ਦੱਸ ਹੁਣ ਕੀ ਬਣਾਈਏ…?" ਠਾਣੇਦਾਰ ਵੀ ਰੁਕ ਵਿਚ ਬੋਲਣ ਲੱਗ ਪਿਆ ਸੀ।

-"ਸਰਕਾਰ ਜਿਵੇਂ ਮੱਝ ਨਵੇਂ ਦੁੱਧ ਕਰਵਾਉਣ ਗਏ ਕਿਸੇ ਜੱਟ ਨੇ ਝੋਟੇ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ, ਬਈ ਸ਼ੇਰਾ ਤੇਰਾ ਮਿੰਟ ਦਾ ਕੰਮ ਐਂ, ਤੇ ਸਾਡੇ ਜੁਆਕਾਂ ਦੀ ਸਾਲ ਦੀ ਲੱਸੀ ਐ..! ਉਹ ਗੱਲ ਮੇਰੇ ਨਾਲ਼ ਹੋਈ ਪਈ ਐ ਮਾਈ ਬਾਪ..! ਚਾਹੋਂ ਤਾਂ ਖੱਡੇ ਵੀ ਸਿੱਟ ਸਕਦੇ ਐਂ, ਰਹਿਮ ਆ ਜੇ ਤਾਂ ਬਰੀ ਵੀ ਕਰ ਸਕਦੇ ਐਂ..! ਥੋਡੀ ਮਰਜੀ ਐ ਬਾਦਸ਼ਾਹੋ..!" ਉਸ ਨੇ ਠਾਣੇਦਾਰ ਦੇ ਗੋਡੇ ਫੜ ਲਏ। ਠਾਣੇਦਾਰ ਦੇ ਨਾਲ਼ ਬਾਕੀ ਪੁਲ਼ਸ ਵਾਲ਼ੇ ਵੀ ਹੱਸ ਪਏ।  

-"ਜਿੰਨਾਂ ਚਿਰ ਮੁੰਡੇ ਨੂੰ ਹੋਸ਼ ਨ੍ਹੀ ਆਉਂਦੀ, ਉਨਾਂ ਚਿਰ ਤੂੰ ਉਹਦੇ ਕੋਲੋਂ ਨ੍ਹੀ ਹਿੱਲਣਾ..! ਜਦੋਂ ਉਸ ਨੂੰ ਹੋਸ਼ ਆ ਗਈ, ਬਿਆਨ ਕਲਮਬੱਧ ਕਰ ਕੇ ਤੇਰੇ ਰੱਸੇ ਲਾਹ ਦਿਆਂਗੇ..! ਤੇ ਜਾਹ ਮੁੰਡਿਆਂ ਨੂੰ ਚਾਹ ਪਾਣੀ ਦੇ-ਦੇ..!" ਠਾਣੇਦਾਰ ਨੂੰ ਉਸ ਦੀਆਂ ਸੱਚੀਆਂ ਅਤੇ ਰੰਗੀਨ ਗੱਲਾਂ ਤੇ ਵਿਸ਼ਵਾਸ ਆ ਗਿਆ ਸੀ ਕਿ ਠਰਕੀ ਬੁੜ੍ਹਾ ਹੈ, ਹੋਰ ਇਸ ਦੇ ਵਿਚ ਕੋਈ ਫ਼ਰੜ ਨਹੀਂ। ਅਜਿਹੇ ਸਿੱਧੇ ਸਾਦੇ ਸਾਗ ਖਾਊ ਬੰਦੇ ਨੇ ਕਿਹੜਾ ਧੰਦਾ ਕਰਵਾਉਣਾ ਸੀ..? ਅਜਿਹਾ ਕੰਮ ਕਰਵਾਉਣ ਵਾਲ਼ਿਆਂ ਦਾ ਤਾਂ ਮੂੰਹ ਹੀ ਦੱਸ ਦਿੰਦਾ ਹੈ..!
ਜੁਆਲਾ ਸਿੰਘ ਨੇ ਜੇਬ ਵਿਚ ਪਾਏ ਨੋਟ ਮੁਣਸ਼ੀ ਨੂੰ ਮੱਥਾ ਟੇਕ ਦਿੱਤੇ।

-"ਬੱਸ਼..?" ਮੁਣਸ਼ੀ ਪਿਆਸੇ ਕਾਂ ਵਾਂਗ ਝਾਕਿਆ।
-"
ਪੂਰੇ ਦੋ ਹਜਾਰ ਐ ਜੀ..!"
-"
ਦੋ ਹਜਾਰ ਨਾਲ਼ ਤਾਂ ਛੱਬੀ ਦਾ ਵੀ ਨ੍ਹੀ ਬਣਦਾ..? ਇਹ ਤਾਂ ਇਰਾਦਾ ਕਤਲ ਤੇ ਬਲਾਤਕਾਰ ਦਾ ਕੇਸ ਐ..?"
-"
ਬਾਕੀ ਕੱਲ੍ਹ ਨੂੰ ਹਾਜਰ ਕਰਦੂੰ ਜੀ, ਪਰ ਹੁਣ ਤਾਂ ਮੇਰੇ ਕੋਲ਼ੇ ਐਨੇ ਕੁ ਈ ਐ, ਇਹ ਮਨਜੂਰ ਕਰੋ..!"
-"
ਕੱਲ੍ਹ ਨੂੰ ਤੇਰਾ ਕੀ ਇਤਬਾਰ..? ਕੱਲ੍ਹ ਨਾਂ ਕਾਲ਼ ਦਾ ਐ..! ਕੱਲ੍ਹ ਨੂੰ ਤੂੰ ਝੱਗਾ ਚੱਕ ਦੇਵੇਂ, ਅਸੀਂ ਕੀਹਦੀ ਬੇਬੇ ਨੂੰ ਮਾਸੀ ਆਖਾਂਗੇ..?"
-"
ਮਾਪਿਓ ਥੋਡੇ ਤੋਂ ਨਾਬਰ ਹੋ ਕੇ ਅਸੀਂ ਮਰਨੈਂ..? ਕੱਲ੍ਹ ਨੂੰ ਕਿੰਨੇ ਕੁ ਲਿਆਵਾਂ..?"
-"
ਜਿੰਨੇ ਮਰਜੀ ਲੈ ਆਈਂ, ਪਰ ਤਿੰਨ ਤੋਂ ਘੱਟ ਨਾ ਹੋਣ..! ਨਹੀਂ ਸਾਲ਼ਿਆ ਅਸੀਂ ਤੇਰੇ ਨਿਆਣਾਂ ਪਾ ਲੈਣੈਂ, ਅਸੀਂ ਦਸ ਦਿਨ ਹਵਾਲਾਤ ਚ ਦੇ ਕੇ ਬਾਰ ਈ ਨ੍ਹੀ ਖੋਲ੍ਹਣਾਂ..!" ਸੌਦੇ ਦੇ ਨਾਲ਼ ਮੁਣਸ਼ੀ ਨੇ ਧਮਕੀ ਵੀ ਦੇ ਮਾਰੀ।
-"
ਕੱਲ੍ਹ ਨੂੰ ਹਾਜਰ ਹੋਊ ਹਜੂਰ..! ਫ਼ਿਕਰ ਨਾ ਕਰੋ, ਪਰ ਮੇਰੇ ਤੇ ਮਿਹਰ ਰੱਖਿਓ…! ਹੋਰ ਨਾ ਮੇਰੇ ਸਿਰ ਕੋਈ ਲਜਾਮ ਲਾ ਦਿਓ…!"
-"
ਤੂੰ ਗੱਲਾਂ ਬਹੁਤ ਮਾਰਦੈਂ..?" ਮੁਣਸ਼ੀ ਨੇ ਆਖਿਆ।
-"
ਹੋਰ ਜਨਾਬ ਮੈਂ ਕਿਹੜਾ ਮੱਲ ਢਾਹੁੰਣੇ ਐਂ..? ਗੱਲਾਂ ਈ ਮਾਰਨੀਐਂ..? ਬੰਦਾ ਤਾਂ ਮਾਰਨੋਂ ਰਿਹਾ..!"
-"
ਚੰਗਾ, ਜਾਹ ਬਾਹਰ ਵਿਹੜੇ ਬੈਠ..!"
-"
ਵਿਹੜੇ ਚ ਥੋਡੇ ਚਪਾਹੀ ਫਿਰਦੇ ਐ ਜੀ, ਕਿਤੇ ਮੈਨੂੰ ਨਾ ਬੋਕ ਬਣਾਂ ਲੈਣ..?"
-"
ਉਏ ਨਹੀਂ ਬਣਾਉਂਦੇ, ਜਾਹ ਬਾਹਰ ਬੈਠ..! ਜੱਟਾਂ ਨੂੰ ਵੀ ਸਾਲ਼ੀ ਸੁਰਤ ਆਈ ਪਈ ਐ, ਟਿੱਚਰ ਤੋਂ ਬਿਨਾਂ ਕੰਜਰ ਗੱਲ ਨ੍ਹੀ ਕਰਦੇ..?" ਮੁਣਸ਼ੀ ਨੇ ਜੁਆਲਾ ਸਿਉਂ ਨੂੰ ਸੁਣਾਂ ਕੇ ਕਿਹਾ।
-"
ਜਨਾਬ ਇਹਨਾਂ ਨੂੰ ਤਾਂ ਇਹ ਵੀ ਨ੍ਹੀ ਪਤਾ ਲੱਗਦਾ ਬਈ ਅਗਲੇ ਦੇ ਸੱਟ ਕਿੰਨੀ ਕੁ ਵੱਜਦੀ ਐ…? ਮਾਰਨ ਲੱਗੇ ਤੱਤਾ ਠੰਢਾ ਨ੍ਹੀ ਦੇਂਹਦੇ ਪਤੰਦਰ, ਕਿਹੜਾ ਆਬਦੇ ਸੱਟ ਲੱਗਣੀ ਐਂ..? ਅਗਲੇ ਦੇ ਵੱਜਦੀ ਐ, ਚੱਲ ਮੇਰੇ ਭਾਈ, ਪਿਆ ਰੰਗਾਟ ਪਾਈ ਜਾਵੇ..!" ਉਹ ਬੁੜ-ਬੁੜ ਕਰਦਾ ਠਾਣੇਂ ਦੇ ਵਿਹੜੇ ਵਿਚ ਜਾ ਬੈਠਾ।
ਮੁਣਸ਼ੀ ਉਸ ਦੀਆਂ ਖਰੀਆਂ ਗੱਲਾਂ ਤੋਂ ਹੱਸ ਪਿਆ।

ਜੁਆਲਾ ਸਿਉਂ ਨੂੰ ਨਾਲ਼ ਲੈ ਕੇ ਠਾਣੇਦਾਰ ਨੇ ਹਸਪਤਾਲ ਪਹੁੰਚ ਕੇ ਹਨੀ ਦੇ ਬਿਆਨ ਲਏ।
ਜੱਸੀ ਅਜੇ ਵੀ ਬੇਹੋਸ਼ ਸੀ। ਡਾਕਟਰਾਂ ਅਨੁਸਾਰ ਉਸ ਅੰਦਰੋਂ ਬੇਥਾਹ ਖੂਨ ਵਹਿ ਗਿਆ ਸੀ। ਪਰ ਹਾਲਤ ਖ਼ਤਰੇ ਤੋਂ ਬਾਹਰ ਸੀ। ਜੱਸੀ ਦਾ ਚਿਹਰਾ ਜ਼ਰਦ ਹੋਇਆ ਪਿਆ ਸੀ।

ਪੁਲੀਸ ਜਦ ਹਨੀ ਦੇ ਬਿਆਨ ਲੈ ਕੇ ਲੋੜੀਂਦੀ ਕਾਰਵਾਈ ਕਰਨ ਲਈ ਕਾਲਜ ਪਹੁੰਚੀ ਤਾਂ ਸਾਰੇ ਕਾਲਜ ਵਿਚ ਹਾਹਾਕਾਰ ਮੱਚ ਗਈ। ਹਨੀ ਨਾਲ਼ ਬਲਾਤਕਾਰ..? ਜੱਸੀ ਸਖ਼ਤ ਫ਼ੱਟੜ..? ਕਾਲਜ ਦਾ ਅਮਲਾ ਸਿਰ ਫੜੀ ਫਿਰਦਾ ਸੀ। ਸਾਰੇ ਕਾਲਜ ਦੀ ਇੱਜ਼ਤ ਦਾ ਸੁਆਲ ਸੀ। ਕੈਂਪ ਤੇ ਗਏ ਸਬੰਧਿਤ ਲੈਕਚਰਾਰ ਗਿੱਲ ਨੂੰ ਆਪਣਾ ਪਾਲ਼ਾ ਮਾਰੀ ਜਾ ਰਿਹਾ ਸੀ। ਜਿਸ ਨੇ ਹਨੀ ਨੂੰ ਮਾਸੀ ਕੋਲ਼ ਰਾਤ ਰਹਿਣ ਦੀ ਇਜਾਜ਼ਤ ਦਿੱਤੀ ਸੀ। ਪਰ ਕਿਸੇ ਪੱਖੋਂ ਉਹ ਬੇਕਸੂਰ ਸੀ। ਹਨੀ ਨੂੰ ਭੇਜਣ ਲਈ ਉਸ ਦੇ ਬਾਪ ਨੇ ਹਾਂਮੀ ਭਰੀ ਸੀ। ਉਸ ਦਾ ਤਾਂ ਕੋਈ ਦੋਸ਼ ਨਹੀਂ ਸੀ।

ਰੋਸ ਵਜੋਂ ਕਾਲਜ ਦੋ ਦਿਨ ਲਈ ਬੰਦ ਹੋ ਗਿਆ।
ਸਾਰਾ ਕਾਲਜ ਬੀਕੇ ਦੀ ਇਸ ਕਮੀਨੀ ਹਰਕਤ ਤੇ ਦੁਰ-ਦੁਰ ਕਰਦਾ ਥੁੱਕ ਰਿਹਾ ਸੀ।
ਹਨੀ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ਼ ਹੋ ਚੁੱਕਾ ਸੀ। ਕੇਸ ਵਿਚ ਬੀਕੇ ਦਾ ਨਾਂ ਸਿੱਧਾ ਬੋਲਦਾ ਸੀ। ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਪੁਲੀਸ ਬੀਕੇ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਸੀ। ਪ੍ਰੋਫ਼ੈਸਰ ਅਤੇ ਵਿਦਿਆਰਥੀ ਜਦ ਠਾਣੇ ਚ ਬੀਕੇ ਦੀ ਗ੍ਰਿਫ਼ਤਾਰੀ ਬਾਰੇ ਪਤਾ ਕਰਨ ਲਈ ਜਾਂਦੇ ਤਾਂ ਠਾਣੇਦਾਰ ਅੱਗਿਓਂ ਕੋਈ ਨਵਾਂ ਪੜੁੱਲ ਘੜ੍ਹ ਲੈਂਦਾ ਅਤੇ ਅਗਲੇ ਦਿਨ ਆ ਕੇ ਪਤਾ ਕਰਨ ਲਈ ਆਖ ਦਿੰਦਾ। ਜਦ ਕਾਲਜ ਦੇ ਮੁੰਡੇ ਕੁੜੀਆਂ ਨੂੰ ਠਾਣੇਦਾਰ ਦੀ ਬਦਨੀਤੀ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਠਾਣੇ ਸਾਹਮਣੇ ਰੋਸ ਮੁਜ਼ਾਹਰਾ ਰੱਖ ਦਿੱਤਾ। ਹਰ ਰੋਜ਼ ਪੁਲੀਸ ਅਤੇ ਪੰਜਾਬ ਸਰਕਾਰ ਦੀ ਜਾਨ ਨੂੰ ਰੋਇਆ ਪਿੱਟਿਆ ਜਾਂਦਾ। ਜ਼ਿੰਦਾਬਾਦ-ਮੁਰਦਾਬਾਦ ਦੇ ਨਾਅਰੇ ਲੱਗਦੇ। ਕੋਈ ਚਾਰਾ ਨਾ ਚੱਲਦਾ ਦੇਖ ਕੇ ਆਖਰ ਪੁਲੀਸ ਨੇ ਬੀਕੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੁੰਡੇ ਕੁੜੀਆਂ ਨੂੰ ਹਵਾਲਾਤ ਵਿਚ ਬੰਦ ਬੀਕੇ ਦੇ ਦਰਸ਼ਣ ਪੁਆ ਦਿੱਤੇ। ਕਾਲਜ ਵਾਲ਼ਿਆਂ ਨੇ ਮੁਜ਼ਾਹਰਾ ਖ਼ਤਮ ਕਰ ਦਿੱਤਾ।

ਹਨੀ ਦੇ ਘਰਵਾਲ਼ੇ ਅਤੀਅੰਤ ਦੁਖੀ ਸਨ। ਉਹਨਾਂ ਦੀ ਇੱਜ਼ਤ ਕੱਖ ਕਾਨੇ ਬਣ ਗਲ਼ੀਆਂ ਵਿਚ ਰੁਲ਼ ਚੱਲੀ ਸੀ। ਇਸ ਖ਼ਬਰ ਦਾ ਸਾਰੇ ਇਲਾਕੇ ਵਿਚ ਢੋਲ ਵੱਜ ਚੁੱਕਿਆ ਸੀ। ਪਟੜੀਫ਼ੇਰ ਭਾਈਚਾਰੇ ਵਿਚ ਧੂੰਆਂ ਰੋਲ਼ ਹੋ ਗਿਆ ਸੀ। ਫੇਰ ਵੀ ਕੁੜੀ ਕੱਤਰੀ ਦੀ ਇੱਜ਼ਤ ਦਾ ਮਸਲਾ ਸੀ। ਬਜੁਰਗ ਲੋਕ ਸਿਰ ਫ਼ੇਰਦੇ, ਕਿਸਮਤ ਨੂੰ ਰੋਂਦੇ ਸਨ।

ਜੱਸੀ ਦੇ ਮਾਂ-ਬਾਪ ਢਿੱਡ ਵਿਚ ਮੁੱਕੀਆਂ ਦੇਈ ਫ਼ਿਰਦੇ ਸਨ। ਉਹਨਾਂ ਨੂੰ ਪੁੱਤ ਦੀ ਜ਼ਿੰਦਗੀ ਦਾ ਫ਼ਿਕਰ ਪਿਆ ਹੋਇਆ ਸੀ। ਡਾਕਟਰ ਨਿੱਤ ਨਵਾਂ ਬਿੱਲ ਕੱਢ ਕੇ ਹੱਥ ਉਪਰ ਰੱਖ ਦਿੰਦੇ। ਜਿਸ ਨੂੰ ਹਾਲਾਤਾਂ ਦਾ ਮਾਰਿਆ ਬਾਪ ਕਿਵੇਂ ਨਾ ਕਿਵੇਂ ਬੰਨ੍ਹ-ਸੁੱਬ ਕਰਕੇ ਤਾਰੀ ਜਾ ਰਿਹਾ ਸੀ। ਆੜ੍ਹਤੀਏ ਦਾ ਦਸ ਹਜ਼ਾਰ ਸਿਰ ਕਰਜਾ ਚੜ੍ਹ ਗਿਆ ਸੀ। ਪਰ ਹਿੰਮਤੀ ਬਾਪੂ ਨੇ ਫਿਰ ਵੀ ਹੌਸਲਾ ਨਹੀਂ ਹਾਰਿਆ ਸੀ। ਉਹ ਆਪਣੀ ਜਿੰਦ ਵੇਚ ਕੇ ਵੀ ਪੁੱਤ ਦੀ ਜਾਨ ਬਚਾਉਣੀ ਚਾਹੁੰਦਾ ਸੀ। ਜੱਸੀ ਦੀ ਮਾਂ ਧਾਹ ਨਾ ਧਰਦੀ। ਉਹ ਪੁੱਤ ਦੇ ਸਿਰ੍ਹਾਣੇਂ ਬੈਠੀ ਰੋਈ ਜਾ ਰਹੀ ਸੀ। ਚਾਹੇ ਡਾਕਟਰਾਂ ਨੇ ਜੱਸੀ ਨੂੰ ਖ਼ਤਰੇ ਤੋਂ ਬਾਹਰ ਬਿਆਨ ਦਿੱਤਾ ਸੀ। ਪਰ ਮਾਂ ਦਾ ਦਿਲ ਧਰਵਾਸ ਨਹੀਂ ਫੜਦਾ ਸੀ। ਪਿੰਡ ਦੀਆਂ ਬੁੜ੍ਹੀਆਂ ਉਸ ਨੂੰ ਹੌਸਲਾ ਦੇ ਰਹੀਆਂ ਸਨ। ਜੱਸੀ ਪੱਟੀਆਂ ਨਾਲ਼ ਮੜ੍ਹਿਆ ਪਿਆ ਸੀ ਅਤੇ ਉਸ ਦੇ ਸਿਰ ਤੇ ਸਾਰਾ ਦਿਨ ਅਤੇ ਸਾਰੀ ਰਾਤ ਗੁਲੂਕੋਜ਼ ਦੀਆਂ ਬੋਤਲਾਂ ਲਟਕਦੀਆਂ ਰਹਿੰਦੀਆਂ।

ਬੀਕੇ ਦਾ ਬਾਪ ਚੰਡੀਗੜ੍ਹ ਡੇਰੇ ਲਾਈ ਬੈਠਾ ਸੀ।
-"
ਜਨਾਬ ਅਸੀਂ ਵੋਟਾਂ ਵੇਲ਼ੇ ਕਦੇ ਵੀ ਹੱਥ ਪਿੱਛੇ ਨਹੀਂ ਖਿੱਚਿਆ, ਤੇ ਤੁਸੀਂ ਸਾਡਾ ਐਨਾਂ ਕੁ ਕੰਮ ਨਹੀਂ ਕੱਢ ਸਕਦੇ..?" ਬੀਕੇ ਦਾ ਬਾਪੂ ਸੁਰਜਣ ਸਿੰਘ, ਮੰਤਰੀ ਜੀ ਨੂੰ ਸੰਬੋਧਨ ਹੋ ਰਿਹਾ ਸੀ। ਲੋਕ ਉਸ ਨੂੰ ਟੋਭੇ ਫ਼ੂਕ ਆਖਦੇ ਸਨ!
-"
ਡਰੀ ਕਿਉਂ ਜਾਨੈਂ ਸੁਰਜਣ ਸਿਆਂ..? ਅੱਜ ਦਾ ਦਿਨ ਅੜਕ, ਮੀਟਿੰਗ ਤੋਂ ਵਿਹਲੇ ਹੋ ਜਾਈਏ, ਕੱਲ੍ਹ ਨੂੰ ਸਾਰਾ ਮਾਮਲਾ ਈ ਭੁਗਤਾ ਦਿਆਂਗੇ.. ਮੂਤੀ ਕਾਹਤੋਂ ਜਾਨੈਂ? ਕੁਛ ਨ੍ਹੀ ਵਿਗੜਦਾ..!" ਮੰਤਰੀ ਜੀ ਨੇ ਬੜੀ ਸੰਜੀਦਗੀ ਨਾਲ਼ ਉਤਰ ਦਿੱਤਾ। ਇਲੈਕਸ਼ਨ ਵੇਲ਼ੇ ਸੁਰਜਣ ਸਿੰਘ ਵਰਗੇ ਹਮਾਇਤੀ ਬੰਦੇ ਉਸ ਨੂੰ ਦਿਨੇ ਦੀਵਾ ਲੈ ਕੇ ਭਾਲ਼ਿਆਂ ਵੀ ਨਹੀਂ ਲੱਭਣੇ ਸਨ।
-"
ਜਨਾਬ ਪੁਲ਼ਸ ਆਲ਼ੇ ਊਂ ਨਾ ਰਾਤੋ ਰਾਤ ਜੁਆਕ ਦੀ ਢੋਲਕੀ ਕੁੱਟ ਦੇਣ..? ਮੈਂ ਸਹੇ ਤੋਂ ਨ੍ਹੀ, ਪਹੇ ਤੋਂ ਡਰਦੈਂ..! ਕੱਲਾ ਕੱਲਾ ਪੁੱਤ ਐ, ਸੌ ਤਰਲਿਆਂ ਨਾਲ਼ ਪਾਲ਼ਿਐ..! ਕਿਤੇ ਊਂ ਨਾ ਤੁਰਨੋਂ ਆਹਰੀ ਕਰ ਦੇਣ..? ਪੁਲ਼ਸ ਆਲ਼ਿਆਂ ਦਾ ਪੱਟ ਹੋਣਿਆਂ ਦਾ ਤਬਾਰ ਕੋਈ ਨ੍ਹੀ..!"
-"
ਪੁਲ਼ਸ ਦੀ ਐਸੀ ਤੈਸੀ..! ਮਜਾਲ ਐ ਪੁਲ਼ਸ ਕੁਸਕ ਵੀ ਜਾਵੇ..? ਮੁੰਡੇ ਵੱਲ ਕਹਿਰੀ ਅੱਖ ਨਾਲ਼ ਵੀ ਝਾਕਜੇ..? ਅਸੀਂ ਕਾਹਦੇ ਆਸਤੇ ਬੈਠੇ ਐਂ…?" ਮੰਤਰੀ ਜੀ ਦਾ ਸੰਜੀਦਾ ਚਿਹਰਾ ਕਰੋਧੀ ਹੋ ਗਿਆ।
-"
ਜਨਾਬ ਪਿੱਛੋਂ ਮਜਾਲ ਨੂੰ ਕੀ ਕਰਾਂਗੇ..? ਜੇ ਜੁਆਕ ਚ ਈ ਚਿੱਬ ਪਾ ਦਿੱਤੇ..? ਤੁਸੀਂ ਹੱਥ ਪੱਲਾ ਤਾਂ ਹਿਲਾਓ..! ਕੋਈ ਫ਼ੂਨ ਫ਼ਾਨ ਕਰੋ ਠਾਣੇਦਾਰ ਨੂੰ..!" ਉਹ ਮੰਤਰੀ ਜੀ ਨੂੰ ਖਾੜੇ ਵਿਚ ਦਾਅ ਦੇ ਨਿਆਣੇ ਮਾਰ-ਮਾਰ ਸੁੱਟ ਰਿਹਾ ਸੀ।  
-"
ਕਿਹੜਾ ਠਾਣੇਦਾਰ ਐ ਤੇਰੇ ਲਾਕੇ ..?"

-"ਰੂੜ ਸਿਉਂ ਐਂ..! ਕੰਜਰ ਦਾ ਜਮਾਂ ਈ ਕੰਮ ਦਾ ਬੰਦਾ ਨ੍ਹੀ..! ਗੱਲ ਤੇ ਕੰਨ ਈ ਨ੍ਹੀ ਧਰਦਾ ਛੋਕਰੀ ਯ੍ਹਾਵਾ..! ਤੁਸੀਂ ਸਾਡਾ ਵੀ ਜਿਗਰਾ ਦੇਖੋ ਜਨਾਬ..! ਥੋਨੂੰ ਇਲਾਕੇ ਵਿਚੋਂ ਵਿਧਾਇਕ ਤੋਂ ਮੰਤਰੀ ਬਣਾਇਐ..! ਜੇ ਸਾਡਾ ਕੰਮ ਨਾ ਨਿਕਲ਼ਿਆ, ਲੋਕਾਂ ਨੇ ਮੇਰੇ ਨਹੀਂ, ਥੋਡੇ ਮੂੰਹ ਛਿੱਤਰ ਦੇਣੈਂ…! ਬਈ ਫ਼ਲਾਨਾ ਮੰਤਰੀ ਤਾਂ ਸੁਰਜਣ ਸਿਉਂ ਦਾ ਸਕਾ ਨ੍ਹੀ, ਸਾਡਾ ਕਿੱਥੋਂ ਬਣੂੰ..?" ਉਸ ਨੇ ਮੰਤਰੀ ਜੀ ਦੀ ਸ਼ਾਹ ਰਗ ਫੜ ਲਈ। ਮੰਤਰੀ ਨੂੰ ਅਹਿਸਾਸ ਹੋਇਆ। ਦਿਮਾਗ ਨੇ ਸੁਰਤ ਫੜੀ। ਅਗਲੀਆਂ ਲੋਕ ਸਭਾ ਦੀਆਂ ਵੋਟਾਂ ਵੀ ਸਿਰ ਚ ਠੋਲ੍ਹੇ ਮਾਰ ਰਹੀਆਂ ਸਨ। ਸੁਰਜਣ ਨਾਲ਼ ਵਿਗਾੜਨ ਦਾ ਮਤਲਬ ਸਿੱਧੀ ਹੀ ਪੰਜ ਸੌ ਵੋਟ ਵੱਲੋਂ ਹੱਥ ਧੋਣਾਂ ਸੀ। ਇਹ ਮੰਤਰੀ ਜੀ ਦੇ ਹਿਤ ਵਿਚ ਨਹੀਂ ਜਾਂਦਾ ਸੀ। ਆਪਣੇ ਹੱਥੀਂ ਆਪ ਕੁਹਾੜ੍ਹਾ ਮਾਰਨ ਵਾਲ਼ੀ ਗੱਲ ਸੀ।

ਮੰਤਰੀ ਨੇ ਆਪਣੇ ਪੀ. . ਨੂੰ ਅਵਾਜ਼ ਮਾਰ ਲਈ। ਸੁਰਜਣ ਸਿੰਘ ਦਾ ਤੀਰ ਸਿੱਧਾ ਆਨੇ ਵਾਲ਼ੀ ਥਾਂ ਤੇ ਹੀ ਤਾਂ ਵੱਜਿਆ ਸੀ!
ਅੱਖਾਂ ਤੇ ਖੋਪਿਆਂ ਜਿੱਡੀਆਂ ਐਨਕਾਂ ਲਾਈ ਪੀ. . ਹਾਜ਼ਰ ਸੀ।
-"
ਠਾਣੇਦਾਰ ਰੂੜ ਸਿਉਂ ਦਾ ਨੰਬਰ ਲੱਭ ਤੇ ਮੇਰੀ ਠਾਣੇਦਾਰ ਰੂੜ ਸਿਉਂ ਨਾਲ਼ ਗੱਲ ਕਰਵਾ…!" ਮੰਤਰੀ ਨੇ ਸਖ਼ਤ ਹੁਕਮ ਚਾੜ੍ਹ ਦਿੱਤਾ।
ਹੁਕਮ ਪ੍ਰਵਾਨ ਚੜ੍ਹ ਗਿਆ ਅਤੇ ਠਾਣੇਦਾਰ ਰੂੜ ਸਿੰਘ ਫ਼ੋਨ ਤੇ ਆ ਬਹੁੜਿਆ।
ਪੀ. . ਨੇ ਸੰਖੇਪ ਜਾਣ ਪਹਿਚਾਣ ਦੱਸ ਕੇ ਫ਼ੋਨ ਮੰਤਰੀ ਦੇ ਹੱਥ ਬਟੇਰੇ ਵਾਂਗ ਫੜਾ ਦਿੱਤਾ।
-"
ਹਾਂ ਬਈ ਰੂੜ ਸਿਆਂ..! ਕੀ ਹਾਲ ਚਾਲ ਐ..?"
-"
ਥੋਡੀ ਕਿਰਪਾ ਐ ਸਰ..! ਹੁਕਮ ਕਰੋ..!" ਰੂੜ ਸਿੰਘ ਦੀ ਅਵਾਜ਼ ਵਿਚ ਅੱਤ ਦੀ ਨਿਮਰਤਾ ਸੀ।
-"
ਆਹ ਜਿਹੜਾ ਤੁਸੀਂ ਸੁਰਜਣ ਸਿਉਂ ਦਾ ਮੁੰਡਾ ਫੜਿਐ, ਇਹ ਕੀ ਕੇਸ ਐ..?"
-"
ਬਲਾਤਕਾਰ ਅਤੇ ਇਰਾਦਾ ਕਤਲ ਦਾ ਕੇਸ ਐ ਜਨਾਬ..! ਦੋਨੇਂ ਪੀੜਤ ਧਿਰਾਂ ਅਜੇ ਵੀ ਹਸਪਤਾਲ਼ ਦਾਖ਼ਲ ਐ..!" ਠਾਣੇਦਾਰ ਨੇ ਸਾਰਾ ਕੇਸ ਜੁਬਾਨੀ ਕਹਿ ਸੁਣਾਇਆ। ਕਾਲਜ ਦੇ ਬੰਦ ਹੋਣ ਅਤੇ ਮੁੰਡੇ ਕੁੜੀਆਂ ਦੇ ਰੋਸ ਮੁਜ਼ਾਹਰੇ ਬਾਰੇ ਵੀ ਦੱਸਿਆ।
-"
ਖ਼ੈਰ, ਜੋ ਮਰਜ਼ੀ ਐ, ਐਨੀ ਵੇਅ..! ਪਰ ਇਹ ਆਪਣਾ ਖ਼ਾਸ ਬੰਦੈ ਰੂੜ ਸਿਆਂ, ਖਿਆਲ ਰੱਖੀਂ..! ਤੇ ਇਕ ਗੱਲ ਹੋਰ ਧਿਆਨ ਨਾਲ਼ ਸੁਣ..! ਇਹਨੂੰ ਇਰਾਦਾ ਕਤਲ ਤੋਂ ਮੋੜ ਕੇ ਕੋਈ ਨਰਮ ਧਾਰਾ ਲਾਓææ! ਗਵਾਹਾਂ ਤੇ ਡੰਡਾ ਫ਼ੇਰੋ ਤੇ ਗਵਾਹ ਮੁਕਰਾਓ..! ਗਵਾਹ ਕਿੰਨੇ ਐਂ ਇਸ ਕੇਸ …?"
-"
ਇਕੋ ਈ ਐ ਸਰ…!"

-"ਉਸ ਨੂੰ ਡਰਾ ਧਮਕਾ ਕੇ ਮੂਹਰੇ ਲਾਓ ਤੇ ਨਹੀਂ ਲਾਲਚ ਦਿਓ..! ਜੇ ਨਹੀਂ ਮੰਨਦਾ ਤਾਂ ਪੁਲ਼ਸ ਭਾਸ਼ਾ ਵਰਤੋ..! ਭਾਸ਼ਾ ਨਹੀਂ ਸਮਝਦਾ ਤਾਂ ਪੁਲ਼ਸ ਤਕਨੀਕ ਵਰਤੋ..! ਬਾਕੀ ਤੂੰ ਆਪ ਈ ਸਿਆਣੈਂ ਰੂੜ ਸਿਆਂ? ਕੁੜੀ ਦੇ ਮਾਂ ਬਾਪ ਤੇ ਦਬਾ ਪਾ ਕੇ ਮਾਮਲਾ ਰਫ਼ਾ ਦਫ਼ਾ ਕਰੋ..! ਜੇ ਉਹ ਕੁਛ ਲੈ ਦੇ ਕੇ ਮੰਨਦੇ ਐ, ਤਾਂ ਸੁਰਜਣ ਸਿਉਂ ਨਾਲ਼ ਸਿੱਧੀ ਗੱਲ ਨਬੇੜੋ..! ਸੁਰਜਣ ਸਿਉਂ ਦਾ ਮੁੰਡਾ ਅੱਜ ਠਾਣੇ ਨਾ ਰਹੇ, ਸਮਝ ਗਿਆ..? ਇਸ ਗੱਲ ਤੇ ਜਿੰਨੀ ਜਲਦੀ ਹੋ ਸਕੇ, ਮਿੱਟੀ ਪਾਓ..! ਕੇਸ ਵਿਚ ਐਸੀਆਂ ਘੁੰਡੀਆਂ ਰੱਖੋ ਕਿ ਮੁੰਡਾ ਸਿੱਧਾ ਹੀ ਬਰੀ ਹੋ ਜਾਵੇ..! ਘੁੰਡੀਆਂ ਚੋਂ ਵਿਰਲ ਆਪੇ ਵਕੀਲ ਲੱਭ ਲੈਂਦੇ ਐ..! ਤੇ ਕਿਤੇ ਇਹ ਨਾ ਹੋਵੇ ਰੂੜ ਸਿਆਂ, ਬਈ ਮੈਨੂੰ ਤੇਰੀ ਥਾਂ ਕੋਈ ਹੋਰ ਠਾਣੇਦਾਰ ਨਿਯੁਕਤ ਕਰਨਾ ਪਵੇ..!" ਤੇ ਮੰਤਰੀ ਨੇ ਫ਼ੋਨ ਰੱਖ ਦਿੱਤਾ ਅਤੇ ਤਿਰਛੀ ਨਜ਼ਰ ਨਾਲ਼ ਸੁਰਜਣ ਸਿਉਂ ਵੱਲ ਤੱਕਿਆ।
-"
ਬੱਸ ਜਨਾਬ, ਮਾਲਕਾਂ ਦੇ ਤਾਬਿਆਦਾਰ ਹਾਂ ਅਤੇ ਰਹਾਂਗੇ ਵੀ..! ਆਹ ਤਾਂ ਗਾਰ ਚੋਂ ਗਊ ਕੱਢ ਦਿੱਤੀ..! ਕੀ ਕਰੀਏ ਮੰਤਰੀ ਜੀ..? ਕੱਲਾ ਕੱਲਾ ਪੁੱਤ ਐ..?" ਸੁਰਜਣ ਸਿਉਂ ਬਾਗੋਬਾਗ ਸੀ।

ਮੰਤਰੀ ਅੱਗੇ ਬੈਠੇ ਦੇ ਉਸ ਦੇ ਪਹੀਏ ਲੱਗਦੇ ਜਾ ਰਹੇ ਸਨ ਅਤੇ ਉਹ ਸ਼ਤਾਬਦੀ ਐੱਕਸਪ੍ਰੈੱਸ ਵਾਂਗ ਛੂਟ ਵੱਟਣ ਲਈ ਤਿਆਰ ਸੀ।
-"
ਇਕ ਗੱਲ ਹੋਰ ਸੁਣ ਸੁਰਜਣ ਸਿਆਂ..! ਮੁੰਡੇ ਨੂੰ ਆਖ ਬਈ ਲੋਕ ਸਭਾ ਦੀਆਂ ਵੋਟਾਂ ਸਿਰ ਤੇ ਆ ਰਹੀਆਂ ਨੇ, ਮਾੜਾ ਜਿਆ ਸੰਭਲ਼ ਕੇ ਚੱਲੇ..! ਜੇ ਲੋਕਾਂ ਨੇ ਆਪਾਂ ਨੂੰ ਨਿਕਾਰ ਦਿੱਤਾ, ਆਪਾਂ ਖਾਤੇ ਚ ਜਾ ਡਿੱਗਾਂਗੇ..! ਕਿਤੇ ਉਹ ਗੱਲ ਨਾ ਹੋਵੇ, ਬੱਕਰੇ ਦੀ ਜਾਨ ਗਈ, ਤੇ ਖਾਣ ਵਾਲ਼ੇ ਨੂੰ ਸੁਆਦ ਨਾ ਆਇਆ..! ਹੁਣ ਤਾਂ ਮਾਮਲਾ ਸੰਭਾਲ਼ ਲਿਆ, ਪਰ ਅੱਗੇ ਤੋਂ ਐਹੋ ਜੀ ਗਲਤੀ ਨਾ ਕਰੇ, ਆਪਣੇ ਵੱਕਾਰ ਦਾ ਸੁਆਲ ਐ..! ਜੇ ਕਿਸੇ ਕੁੜੀ ਕੱਤਰੀ ਨਾਲ਼ ਚੋਲ੍ਹ ਮੋਲ੍ਹ ਕਰਨਾ ਵੀ ਹੁੰਦੈ, ਤਾਂ ਬੰਦਿਆਂ ਵਾਂਗੂੰ ਕਰ ਲਿਆ ਕਰੇ..! ਜਰੂਰੀ ਨਹੀਂ ਬਈ ਆਬਦੀ ਤਾਕਤ ਦਿਖਾਉਣ ਲਈ ਅਗਲੀ ਦੀ ਦੁਰਦਸ਼ਾ ਕਰਨੀ ਐਂ…! ਅੱਜ ਤਾਂ ਬਚਾ ਹੋ ਗਿਆ..! ਇਕ ਵੱਡੀ ਗੱਲ ਇਹ ਐ ਬਈ ਗੱਲ ਅਖ਼ਬਾਰਾਂ ਆਲ਼ਿਆਂ ਦੇ ਹੱਥ ਨ੍ਹੀ ਆਈ..! ਉਹ ਕੰਜਰ ਤਾਂ ਭੂਤਾਂ ਅਰਗੇ ਹੁੰਦੇ ਐ, ਕਿਤੇ ਆਪਣੀ ਜਾਹ ਜਾਂਦੀ ਨਾ ਹੋਜੇ..! ਧਿਆਨ ਰੱਖੀਂ..!"

-"ਮੁੰਡਾ ਈ ਜਰਵਾਣੈਂ ਜਨਾਬ, ਕੀ ਕਰੀਏ? ਪਰ ਹੁਣ ਕੰਨ ਖਿੱਚ ਕੇ ਰੱਖੂੰਗਾ, ਤੁਸੀਂ ਫ਼ਿਕਰ ਨਾ ਕਰੋ..!"
-"
ਅੱਗੇ ਤੋਂ ਕਈ ਐਹੋ ਜੀ ਸ਼ਕਾਇਤ ਨਾ ਆਵੇ..!" ਮੰਤਰੀ ਨੇ ਦੋ ਟੁੱਕ ਫ਼ੈਸਲਾ ਦੱਸਿਆ।
-"
ਮੈਂ ਕਹਿੰਨੈ ਜੀ ਕਦੇ ਸ਼ਕਾਇਤ ਨੀ ਆਊਗੀ, ਮੈਂ ਅੱਜ ਈ ਜਾ ਕੇ ਸਾਲ਼ੇ ਦੇ ਕੰਨ ਮਸਲ਼ਦੈਂ..!"
-"
ਹੋਰ ਕੋਈ ਸੇਵਾ ਜਾਂ ਉਲਾਂਭਾ ਸੁਰਜਣ ਸਿਆਂ..? ਹੁਣ ਬਾਗੋਬਾਗ ਐਂ..?" ਮੰਤਰੀ ਨੇ ਪੁੱਛਿਆ।
-"
ਬੱਸ ਜਨਾਬ ਐਨਾ ਹੀ ਕਾਫ਼ੀ ਐ..! ਆਹ ਜਿੰਦ ਥੋਡੀ ਅਮਾਨਤ ਐ, ਜਿੱਥੇ ਮਰਜੀ ਵਾਹ ਲਇਓ…!"
ਮੰਤਰੀ ਜੀ ਦੀ ਕੋਠੀ ਤੋਂ ਸੁਰਜਣ ਸਿੰਘ ਸਿੱਧਾ ਨੱਕ ਦੀ ਸੇਧ ਠਾਣੇਂ ਪੁਹੁੰਚਿਆ।
ਠਾਣੇਦਾਰ ਨੇ ਬੀਕੇ ਦਾ ਰੱਸਾ ਲਾਹ ਦਿੱਤਾ। ਉਹ ਗ਼ੈਬੀ ਖੰਭਾਂ ਤੇ ਉਡਦਾ ਬਾਹਰ ਆ ਗਿਆ।
ਬਾਹਰ ਬਾਪੂ ਸੁਰਜਣ ਸਿੰਘ ਜਿਪਸੀ ਲਈ ਖੜ੍ਹਾ ਸੀ।

-"ਕੀ ਗੱਲ ਐ ਬਾਪੂ ਜੀ..? ਬੜਾ ਦੁਖੀ ਜਿਹੇ ਲੱਗਦੇ ਓਂ..?" ਬੀਕੇ ਨੇ ਜਿਪਸੀ ਵਿਚ ਬੈਠਦਿਆਂ ਪੁੱਛਿਆ।
-"
ਗੱਲ ਸੁਣ ਉਏ ਕੁੜੀ ਯਹਾਵੇ ਦਿਆ ਪੋਪਲ਼ਾ ਜਿਆ..! ਹੁਣ ਤਾਂ ਮੰਤਰੀ ਨੂੰ ਕਹਿ ਕੇ ਤੇਰਾ ਖਹਿੜ੍ਹਾ ਛੁਡਾ ਦਿੱਤਾ, ਜੇ ਅੱਗੇ ਤੋਂ ਕੋਈ ਘਤਿੱਤ ਕੀਤੀ, ਤਾਂ ਮੰਤਰੀ ਝੱਗਾ ਚੱਕਜੂ, ਫ਼ੜਲੀਂ ਬੈਂਗਣ..! ਸਾਲ਼ਿਆ ਜੇ ਧੱਕੇ ਖਾਣੇ ਈ ਐਂ, ਤਾਂ ਬੰਦਿਆਂ ਵਾਂਗੂੰ ਖਾਓ..! ਤੁਸੀਂ ਤਾਂ…!"
-"
ਬਾਪੂ ਜੀ ਮੈਂ ਤਾਂ ਐਂਵੇਂ ਮਾੜਾ ਜਿਆ..!"

-"ਕੀ ਮਾੜਾ ਜਿਆ…? ਸਾਲ਼ਿਆ ਤੂੰ ਗਧੀ ਮਾਰਦੇਂ..! ਚੌਵੀ ਘੰਟੇ ਦਾਰੂ ਪੀ ਜਾਨੈਂ ਤੇ ਮਾਸ ਖਾਈ ਜਾਨੈਂ! ਬੰਦਾ ਬਣ ਜਾਹ ਬੀਕਿਆ, ਬੰਦਾ..! ਹੁਣ ਲੋਕ ਸਭਾ ਦੀ ਲੈਕਸ਼ਨ ਸਿਰ ਤੇ ਆ ਖੜ੍ਹੀ ..! ਮੈਂ ਤਾਂ ਕਹਿੰਨੈਂ ਜਿੰਨਾਂ ਚਿਰ ਇਹ ਮਾਮਲਾ ਠੰਢਾ ਨਹੀਂ ਪੈਂਦਾ, ਤੂੰ ਆਬਦੇ ਮਾਮੇ ਕੋਲ਼ੇ ਡਲਹੌਜੀ ਚਲਿਆ ਜਾਹ..! ਜਦੋਂ ਤੇਰੀ ਲੋੜ ਪਈ, ਤੈਨੂੰ ਸੱਦ ਲਵਾਂਗੇ, ਐਥੇ ਤਾਂ ਤੂੰ ਕੁਪੱਤ ਕਰਨੋ ਹਟਣਾ ਨ੍ਹੀ…!"
-"
ਬਾਪੂ ਜੀ ਹੁਣ ਬਖ਼ਸ਼ ਵੀ ਦਿਓ…! ਮੈਂ ਕਿਸੇ ਡਲਹੌਜੀ ਨ੍ਹੀ ਜਾਣਾ…! ਪਰ ਥੋਡੀ ਸਹੁੰ, ਮੈਂ ਕਿਤੇ ਨੀ ਜਾਂਦਾ, ਕੁਛ ਨ੍ਹੀ ਕਰਦਾ..! ਮੇਰਾ ਆਖਰੀ ਵਾਰ ਯਕੀਨ ਕਰ ਲਵੋ…!" ਉਸ ਨੇ ਨਿਉਂ ਕੇ ਬਾਪੂ ਦੇ ਚਰਨ ਫੜ ਲਏ। ਬਾਪ ਦਾ ਉਬਲ਼ਦਾ ਖ਼ੂਨ ਸਰਦ ਹੋ ਗਿਆ। ਬੀਕਾ ਫਿਰ ਵੀ ਉਸ ਦੀ ਔਲ਼ਾਦ ਸੀ। ਆਪਣਾ ਖ਼ੂਨ ਸੀ। ਚਾਹੇ ਉਹ ਕਿੰਨ੍ਹਾਂ ਵੀ ਬਦ ਪੁੱਤ ਸੀ। ਪਰ ਆਪਣੇ ਨਹੁੰਆਂ ਨਾਲ਼ੋਂ ਬੰਦਾ ਮਾਸ ਕਿਵੇਂ ਤੋੜੇ..? ਆਪਣਾ ਖ਼ੂਨ ਅੰਦਰੋਂ ਉਬਾਲ਼ਾ ਮਾਰਦਾ ਸੀ..!
ਬਾਪੂ ਨੇ ਜਿਪਸੀ ਤੋਰ ਲਈ।
 

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com