WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 8
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਹਨੀ ਅਜੇ ਕੰਮ 'ਤੇ ਜਾਣ ਲਈ ਤਿਆਰ ਹੀ ਹੋ ਰਹੀ ਸੀ ਕਿ ਉਹਨਾਂ ਦਾ ਬਾਹਰਲਾ ਦਰਵਾਜਾ ਬੜੇ ਜੋਰ ਨਾਲ਼ ਖੜਕਿਆ
ਹਨੀ ਡਰ ਗਈ!
-"ਕੁੜ੍ਹੇ ਹਨੀ..! ਕੁੜ੍ਹੇ ਹਨਿੰਦਰ, ਬਾਰ ਤਾਂ ਖੋਲ੍ਹ...!" ਰਮਣੀਕ ਦੀ ਗੁਆਂਢਣ ਕਿਰਪਾਲ ਕੌਰ ਹਫ਼ੀ ਹੋਈ ਹਨੀ ਦਾ ਦਰਵਾਜਾ ਖੜਕਾ ਨਹੀਂ, ਇਕ ਤਰ੍ਹਾਂ ਨਾਲ਼ ਭੰਨ ਰਹੀ ਸੀ
ਖੜਕਾਹਟ ਸੁਣ ਕੇ ਹਨੀ ਦਾ ਤਰਾਹ ਨਿਕਲ਼ ਗਿਆ
ਉਸ ਨੇ ਉਭੜ੍ਹਵਾਹੇ ਦਰਵਾਜਾ ਜਾ ਖੋਲ੍ਹਿਆ
-"ਕੀ ਗੱਲ ਚਾਚੀ ਜੀ...? ਸੁੱਖ ਤਾਂ ਹੈ...?" ਉਸ ਨੇ ਅੱਕਲ਼ਕਾਨ ਹੋਈ ਚਾਚੀ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ
-"ਨ੍ਹੀ ਕਾਹਦੀ ਸੁੱਖ ਹਨੀ...! ਆਪਣੀ ਸੀਤਲ ਦਾ ਪਤਾ ਲੱਗ ਗਿਆ...! ਉਹ ਪਾਕਿਸਤਾਨ ' ਐਂ...!" ਚਾਚੀ ਨੇ ਅਜੀਬ ਅਕਾਸ਼ਬਾਣੀ ਕੀਤੀ ਤਾਂ ਹਨੀ ਦੇ ਦਿਲ ਦੇ ਥੰਮ੍ਹ ਹਿੱਲ ਗਏ
-"ਪਾਕਿਸਤਾਨ...?" ਉਸ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ ਧਰਤੀ ਘੁਕਦੀ ਦਿਸੀ
-"ਨ੍ਹੀ ਆਹੋ...! ਮਨਿਸਟਰੀ ਵਾਲ਼ਿਆਂ ਦਾ ਫ਼ੂਨ ਆਇਐ...! ਉਹ ਹਰਾਮ ਦੀ ਤਾਂ ਪਾਕਿਸਤਾਨ ਐਂ...! ਸਾਡੀ ਤਾਂ ਜਿਹੜੀ ਮਾੜੀ ਮੋਟੀ ਇੱਜਤ ਰਹਿੰਦੀ ਸੀ, ਉਹ ਵੀ ਪੁਲੀਤ ਹੋਗੀ ਕੁੜ੍ਹੇ ਹਨੀ...!" ਚਾਚੀ ਨੇ ਰੋਣਾਂ ਸ਼ੁਰੂ ਕਰ ਦਿੱਤਾ ਨਾਲ਼ ਦੀ ਨਾਲ਼ ਉਸ ਨੇ ਪੱਟਾਂ 'ਤੇ ਦੁਹੱਥੜ ਮਾਰੀ ਸੀ
-"ਪਰ ਚਾਚੀ ਉਹ ਕੁਲਿਹਣੀ ਪਾਕਿਸਤਾਨ ਪਹੁੰਚੀ ਕਿਸ ਤਰ੍ਹਾਂ...?" ਹਨੀ ਨੂੰ ਗੱਲ ਦਾ ਕੋਈ ਸਿਰਾ ਨਹੀਂ ਲੱਭ ਰਿਹਾ ਸੀ

-"ਨ੍ਹੀ ਇਹ ਤਾਂ ਹੁਣ ਤੂੰ ਪੁੱਛ ਧੀਏ...! ਮੈਨੂੰ ਤਾਂ ਮਨਿਸਟਰੀ ਆਲ਼ੇ ਬੰਦੇ ਦੀ ਬਾਤ ਦਾ ਪਤਾ ਨ੍ਹੀ ਲੱਗਿਆ..! ਉਹਦੀ ਅੰਗਰੇਜ਼ੀ ਦੀ ਪੂਰੀ ਸਮਝ ਨਹੀਂ ਆਈ, ਮੈਂ ਤਾਂ ਉਹਨੂੰ ਆਖਤਾ ਬਈ ਦਸ ਕੁ ਮਿੰਟ ਬਾਅਦ ਫ਼ੂਨ ਕਰੇ, ਮੈਂ ਆਪਣੀ ਗੁਆਂਢਣ ਕੁੜੀ ਨੂੰ ਲੈ ਕੇ ਆਉਨੀ ਆਂ, ਉਹ ਪੂਰੀ ਅੰਗਰੇਜ਼ੀ ਜਾਣਦੀ ..! ਹੁਣ ਉਹ ਖਸਮਾਂ ਨੂੰ ਖਾਣਾਂ ਮਨਿਸਟਰੀ ਆਲ਼ਾ ਗੋਰਾ ਦਸਾਂ ਕੁ ਮਿੰਟਾਂ ਬਾਅਦ ਫ਼ੂਨ ਕਰੂਗਾ..! ਤੂੰ ਮੇਰੀ ਧੀ ਬਣਕੇ ਸਾਰੀ ਗੱਲ ਪੁੱਛ ਉਹਨੂੰ, ਬਈ ਚੰਦਰੀ ਉਹ ਪਾਕਿਸਤਾਨ ਪਹੁੰਚੀ ਕਿਵੇਂ...? ਚੱਲ ਜਲਦੀ ਮੇਰੀ ਧੀ ਬਣਕੇ, ਉਹਦਾ ਫ਼ੂਨ ਆਉਣ ਆਲ਼ੈ...! ਤੂੰ ਜਲਦੀ ਮੇਰੀ ਧੀ..! ਆਹ ਲੋਕ ਬੱਕੜਵਾਹ ਕਰੀ ਜਾਂਦੇ , ਅਖੇ ਧੀਆਂ ਨੂੰ ਗਰਭ ' ਨਾ ਮਾਰੋ...! ਅਬੌਰਸ਼ਨ ਨਾ ਕਰਵਾਓ...! ਪਰ ਐਸ ਕੰਜਰਖਾਨੇ ਨਾਲੋਂ ਤਾਂ ਇਹ ਜੰਮਣ ਤੋਂ ਪਹਿਲਾਂ ਬਿਲੇ ਲਾਈਆਂ ਚੰਗੀਐਂ...! ਦੱਸੋ ਬੰਦਾ ਕੀ ਕਰੂ...? ਕਿੰਨੀਆਂ ਸਧਰਾਂ ਨਾਲ਼ ਪਾਲ਼-ਪੋਸ ਕੇ ਵੱਡੀਆਂ ਕੀਤੀਆਂ, ਪੜ੍ਹਾਇਆ ਲਿਖਾਇਆ...! ਤੇ ਕਰਤੂਤਾਂ ਦੇਖਲਾ ਆਹ ਕਰਦੀਐਂ ਕੰਜਰੀਆਂ...!" ਬਰੜਾਹਟ ਕਰਦੀ ਚਾਚੀ ਪੁੱਠੇ ਪੈਰੀਂ ਵਾਪਿਸ ਮੁੜ ਗਈ, "ਤੂੰ ਛੇਤੀ ਆਜਾ ਹਨੀ ਮੇਰੀ ਧੀ ਬਣਕੇ...! ਕਰ ਪਤਾ ਬਈ ਉਹ ਕੀ ਕਹਿੰਦੈ...?" ਚਾਚੀ ਸੁੱਕੇ ਪੱਤੇ ਵਾਂਗ ਕੰਧਾਂ ' ਵੱਜਦੀ ਫਿਰਦੀ ਸੀ ਨਿਰਬਲ ਅਤੇ ਬੇਜਾਨ... ਮਾੜੇ ਹਾਲਾਤਾਂ ਦੀ ਮਾਰੀ ਹੋਈ...

ਹਨੀ ਫ਼ਰਾਂ ਵਾਲ਼ਾ ਕੋਟ ਪਾ ਕੇ ਚਾਚੀ ਦੇ ਘਰ ਨੂੰ ਤੁਰ ਗਈ

ਚਾਚੀ ਕਿਰਪਾਲ ਕੌਰ ਭੁੰਜੇ ਕਾਰਪੈੱਟ 'ਤੇ ਹੀ ਗੁੰਮ-ਸੁੰਮ ਹੋਈ, ਮੱਥੇ 'ਤੇ ਹੱਥ ਧਰੀ ਬੈਠੀ ਸੀ ਅਤੀਅੰਤ ਦੁਖੀ...! ਉਸ ਦੇ ਭਾਅ ਦਾ ਤਾਂ ਉਸ ਦਾ ਜਹਾਨ ਉਜੜ ਗਿਆ ਸੀ.. ਦੁਨੀਆਂ ਦੀਆਂ ਕਟਾਰ ਨਜ਼ਰਾਂ ਦਾ ਉਹ ਸਾਹਮਣਾ ਨਹੀਂ ਕਰ ਸਕਦੀ ਸੀ... ਕਿਰਪਾਲ ਕੌਰ ਘਰੋਂ ਬਾਹਰ ਨਾ ਨਿਕਲ਼ਦੀ... ਕੀੜਿਆਂ ਵਾਲ਼ੇ ਕੁੱਤੇ ਵਾਂਗ ਅੰਦਰ ਹੀ ਵੜੀ ਰਹਿੰਦੀ.. ਇਹੀ ਹਾਲ ਗੁਰਚਰਨ ਸਿੰਘ ਦਾ ਸੀ ਉਸ ਨੇ ਵੀ ਹੁਣ ਗੁਰਦੁਆਰੇ ਜਾਂ ਹੋਰ ਸੱਭਿਆਚਾਰਕ ਸਮਾਗਮਾਂ 'ਤੇ ਜਾਣਾ ਬੰਦ ਕਰ ਦਿੱਤਾ ਸੀ ਉਹ ਆਪਣੇ ਭਾਈਚਾਰੇ ਵਿਚ ਮੂੰਹ ਦਿਖਾਉਣ ਜੋਕਰੇ ਨਹੀਂ ਸਨ ਬੰਦਾ ਸਾਰੀ ਉਮਰ ਆਪਣੀ ਇੱਜ਼ਤ ਬਣਾਉਣ ਖਾਤਰ ਬਾਜੀ ਲਾ ਦਿੰਦਾ ਹੈ ਅਤੇ ਖ਼ਾਨਦਾਨ ਵਿਚ ਇਕ ਬਦਤਮੀਜ਼ ਬੱਚਾ ਉਠ ਕੇ ਸਾਰੀ ਬਣੀ ਬਣਾਈ ਇੱਜ਼ਤ ਦੀ ਖੇਹ ਕਰ ਧਰਦਾ ਹੈ ਇਸ ਦੀ ਕਿਰਪਾਲ ਕੌਰ ਅਤੇ ਗੁਰਚਰਨ ਸਿੰਘ ਨੂੰ ਅਥਾਹ ਨਮੋਸ਼ੀ ਸੀ

-"ਚਾਹ ਬਣਾਵਾਂ ਹਨੀ...?"
-"ਨਹੀਂ ਚਾਚੀ ਜੀ...! ਚਾਹ ਨਹੀਂ...! ਤੁਸੀਂ ਅਰਾਮ ਕਰੋ...! ਫ਼ਿਕਰ ਨਾ ਕਰੋ, ਸਭ ਠੀਕ ਹੋ ਜਾਊਗਾ..! ਤੁਸੀਂ ਗੱਲ ਨੂੰ ਬਹੁਤਾ ਦਿਲ 'ਤੇ ਨਾ ਲਾਓ...!" ਹਨੀ ਦਾ ਦਿਲ ਦਿਮਾਗ ਘੁੰਮਣ ਘੇਰੀਆਂ ਵਿਚ ਪਿਆ ਹੋਇਆ ਸੀ ਚਾਚੀ ਦਾ ਉਸ ਨੂੰ ਅਥਾਹ ਤਰਸ ਆਇਆ ਸੀ... ਪੁੱਤਾਂ ਵਾਂਗੂੰ ਪਾਲ਼ ਪੋਸ ਕੇ ਵੱਡੀ ਕੀਤੀ ਧੀ ਸੀਤਲ ਨੇ ਉਹਨਾਂ ਨੂੰ ਕਿਸੇ ਪਾਸੇ ਜੋਕਰਾ ਨਹੀਂ ਛੱਡਿਆ ਸੀ... ਭਾਈਚਾਰੇ ਵਿਚ "ਤੋਏ-ਤੋਏ" ਕਰਵਾਈ ਸੀ... ਮੂੰਹ ਕਾਲ਼ਸ ਦੁਆਈ ਸੀ...

ਪੰਜ ਕੁ ਮਿੰਟ ਬਾਅਦ ਮਨਿਸਟਰੀ ਦੇ ਕਰਮਚਾਰੀ ਦਾ ਫ਼ੋਨ ਗਿਆ

ਗੋਰੇ ਨੇ ਪੁਸ਼ਟੀ ਕਰ ਦਿੱਤੀ ਕਿ ਸੀਤਲ ਪਾਕਿਸਤਾਨ ਵਿਚ ਹੀ ਸੀ! ਥੋੜੀ ਇਨਕੁਆਰੀ ਕਰਨ ਤੋਂ ਬਾਅਦ ਉਸ ਨੂੰ ਬੜੀ ਜਲਦੀ ਇੰਗਲੈਂਡ ਲਿਆਂਦਾ ਜਾ ਰਿਹਾ ਹੈ... ਇੰਗਲੈਂਡ ਦੀ ਅੰਬੈਸੀ ਉਸ ਨੂੰ ਇੰਗਲੈਂਡ ਲਿਆਉਣ ਦਾ ਸਾਰਾ ਪ੍ਰਬੰਧ ਕਰ ਰਹੀ ਹੈ... ਸੀਤਲ ਦੀ ਇੱਛਾ ਅਨੁਸਾਰ ਅਸੀਂ ਤੁਹਾਨੂੰ ਉਸ ਦਾ 'ਸੁਨੇਹਾਂ' ਦੇ ਰਹੇ ਹਾਂ... ਫ਼ਿਕਰ ਕਰਨ ਦੀ ਜ਼ਰੂਰਤ ਨਹੀਂ... ਇਸ ਹਫ਼ਤੇ ਦੇ ਅਖੀਰ ਵਿਚ ਉਹ ਹਰ ਹਾਲਤ ਵਿਚ ਸੁਰੱਖਿਅਤ ਇੰਗਲੈਂਡ ਪੁੱਜ ਜਾਵਗੀ... ਜਦੋਂ ਹਨੀ ਨੇ ਗੋਰੇ ਨੂੰ ਸੀਤਲ ਦੇ ਪਾਕਿਸਤਾਨ ਵਿਚ ਪੁੱਜਣ ਦਾ ਕਾਰਨ ਪੁੱਛਿਆ, ਤਾਂ ਗੋਰੇ ਨੇ ਬੜੇ ਸਹਿਜ ਸੁਭਾਅ ਉਤਰ ਦਿੱਤਾ ਕਿ ਇਹ ਗੱਲ ਤੁਹਾਨੂੰ ਸੀਤਲ ਆਪ ਹੀ ਕੇ ਦੱਸ ਦੇਵੇਗੀ... ਗੋਰਾ ਪੂਰੀ ਗੱਲ ਜਾਣ ਬੁੱਝ ਕੇ ਜਾਂ ਕਿਸੇ ਮਜਬੂਰੀ ਵਿਚ ਦੱਸਣਾਂ ਨਹੀਂ ਚਾਹੁੰਦਾ ਸੀ... ਬੱਸ ਉਸ ਨੇ ਇਤਨਾ ਹੀ ਆਖਿਆ ਸੀ ਕਿ ਜਦੋਂ ਫ਼ਲਾਈਟ ਦਾ ਪ੍ਰਬੰਧ ਹੋ ਗਿਆ, ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ, ਅਤੇ ਤੁਸੀਂ ਉਸ ਨੂੰ ਹੀਥਰੋ ਏਅਰਪੋਰਟ ਲੰਡਨ ਤੋਂ ਜਾ ਕੇ ਲਿਆ ਸਕਦੇ ਹੋ... ਅਗਰ ਤੁਸੀਂ ਨਹੀਂ ਜਾ ਸਕਦੇ, ਜਾਂ ਕਿਸੇ ਕਾਰਨ ਨਹੀਂ ਜਾਣਾ ਚਾਹੁੰਦੇ, ਤਾਂ ਅਸੀਂ ਉਸ ਨੂੰ ਹੀਥਰੋ ਏਅਰਪੋਰਟ ਤੋਂ ਲਿਆਉਣ ਦਾ ਪ੍ਰਬੰਧ ਵੀ ਕਰ ਕੇ ਦਿਆਂਗੇ... ਅਗਰ ਉਹ ਤੁਹਾਡੇ ਨਾਲ਼ ਰਹਿ ਸਕਦੀ ਹੈ, ਤਾਂ ਵਾਹ ਭਲੀ...! ਨਹੀਂ ਤਾਂ ਅਸੀਂ ਉਸ ਨੂੰ ਕੌਂਸਲ ਵੱਲੋਂ ਮਕਾਨ ਦੇਣ ਲਈ ਵੀ ਤਿਆਰ ਹਾਂ...

ਗੋਰੇ ਨੇ ਆਪਣਾ ਨੰਬਰ ਹਨੀ ਨੂੰ ਲਿਖਵਾ ਦਿੱਤਾ ਅਤੇ ਉਸ ਨੇ ਕਿਹਾ ਕਿ ਉਹ ਅਗਲੀ 'ਇੰਨਫ਼ਾਰਮੇਸ਼ਨ' ਮਿਲਣ 'ਤੇ ਫਿਰ ਫ਼ੋਨ ਕਰੇਗਾ
ਫ਼ੋਨ ਕੱਟੇ ਗਏ
ਹਨੀ ਅਤੇ ਚਾਚੀ ਕਿਰਪਾਲ ਕੌਰ ਛਾਤੀ 'ਤੇ ਹੱਥ ਰੱਖ ਕੇ ਬੈਠ ਗਈਆਂ
ਉਹ ਇਕ ਦੂਜੀ ਵੱਲ ਘੁੱਟਾਂਬਾਟੀ ਝਾਕ ਰਹੀਆਂ ਸਨ
ਕਿਸੇ ਨੂੰ ਕੋਈ ਖ਼ਾਸ ਸਮਝ ਨਹੀਂ ਲੱਗੀ ਸੀ ਅਤੇ ਨਾ ਹੀ ਮਨਿਸਟਰੀ ਦੇ ਗੋਰੇ ਨੇ ਉਹਨਾਂ ਦੇ ਕੋਈ ਗੱਲ ਪੱਲੇ ਪਾਈ ਸੀ

......ਅਸਲ ਵਿਚ ਸੀਤਲ ਕਾਲਜ ਵਿਚ ਪੜ੍ਹਦੀ-ਪੜ੍ਹਦੀ ਇਕ ਮੁਸਲਮਾਨ ਮੁੰਡੇ ਇਮਰਾਨ ਦੇ ਸੰਪਰਕ ਵਿਚ ਗਈ ਚਾਹੇ ਇੰਗਲੈਂਡ ਦੀਆਂ ਪੰਜਾਬੀ ਅਖ਼ਬਾਰਾਂ ਇਸ ਪੱਖੋਂ ਧੂੰਆਂਧਾਰ ਪ੍ਰਚਾਰ ਕਰ ਕੇ ਪੰਜਾਬੀ ਭਾਈਚਾਰੇ ਨੂੰ ਸਾਵਧਾਨ ਕਰ ਰਹੀਆਂ ਸਨ ਕਿ ਕੁਝ ਪਾਕਿਸਤਾਨੀ 'ਗੈਂਗਜ਼' ਵੱਲੋਂ 'ਗੁਪਤ' ਮੁਹਿੰਮ ਚਲਾਈ ਜਾ ਰਹੀ ਹੈ ਕਿ ਸਿੱਖਾਂ ਅਤੇ ਹਿੰਦੂਆਂ ਦੀਆਂ ਕੁੜੀਆਂ ਨੂੰ ਵਰਗਲ਼ਾ ਕੇ ਜਾਂ ਪ੍ਰੇਮ ਜਾਲ ਵਿਚ ਫ਼ਸਾ ਕੇ ਉਹਨਾਂ ਨੂੰ ਮੁਸਲਮਾਨ ਬਣਾਓ ਅਤੇ ਅੱਲਾਹ ਦੀਆਂ 'ਖ਼ੁਸ਼ੀਆਂ' ਪ੍ਰਾਪਤ ਕਰੋ...! ਪਰ ਮਾਪਿਆਂ ਦੇ ਲੱਖ ਸਮਝਾਉਣ 'ਤੇ ਵੀ ਪੰਜਾਬੀ ਕੁੜੀਆਂ ਮੁਸਲਮਾਨ ਮੁੰਡਿਆਂ ਦੇ ਮੱਕੜ ਜਾਲ਼ ਵਿਚ ਧੜਾ ਧੜ ਫ਼ਸ ਕੇ ਆਪਣੀ ਜ਼ਿੰਦਗੀ ਦਾਅ 'ਤੇ ਲਾ, ਜ਼ਿੰਦਗੀ ਬਰਬਾਦ ਕਰ ਰਹੀਆਂ ਸਨ

ਇਹੀ ਹਿਰਦੇਵੇਧਕ ਦੁਖਾਂਤ ਸੀਤਲ ਨਾਲ਼ ਵਾਪਰਿਆ ਇਮਰਾਨ ਜ਼ੁਬਾਨ ਦਾ ਬਹੁਤ ਹੀ ਮਿੱਠਾ ਅਤੇ ਸੋਹਣਾਂ ਸੁਨੱਖਾ ਮੁੰਡਾ ਸੀ ਉਹ ਸੀਤਲ ਨੂੰ ਕਦੇ ਮੋਬਾਇਲ ਫ਼ੋਨ ਅਤੇ ਕਦੇ ਹੋਰ ਮਹਿੰਗੇ ਅਤੇ ਮਨ ਲੁਭਾਉਣੇ 'ਗਿਫ਼ਟ' ਲਿਆ ਕੇ ਦਿੰਦਾ ਕਦੇ ਪੈਸੇ ਵੀ ਦੇ ਦਿੰਦਾ ਸੀਤਲ ਬੁਰੀ ਤਰ੍ਹਾਂ ਉਸ ਦੇ ਪ੍ਰੇਮ-ਪੰਜੇ ਵਿਚ ਚੁੱਕੀ ਸੀ ਉਸ ਨੇ ਰਾਤ ਨੂੰ ਇਮਰਾਨ ਨਾਲ਼ ਪੱਬਾਂ ਅਤੇ ਕਲੱਬਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਬਾਕੀ ਕੁਰਾਹੇ ਪਈਆਂ ਕੁੜੀਆਂ ਨੂੰ ਦੇਖਦੀ ਦੇਖਦੀ ਨੇ ਸਿਗਰਟ ਅਤੇ ਪਹਿਲਾਂ ਬੀਅਰ ਅਤੇ ਫਿਰ ਵਿਸਕੀ ਵੀ ਪੀਣੀ ਸ਼ੁਰੂ ਕਰ ਦਿੱਤੀ ਮਾਪੇ ਸੀਤਲ ਦੀਆਂ ਇਹਨਾਂ ਘਤਿੱਤਾਂ ਤੋਂ ਅਤੀਅੰਤ ਦੁਖੀ ਸਨ ਉਹ ਕਈ ਵਾਰ ਉਸ ਨੂੰ ਪੰਜਾਬੀ ਅਖ਼ਬਾਰਾਂ ਵਿਚ ਛਪੇ ਆਰਟੀਕਲ ਅਤੇ ਖ਼ਬਰਾਂ ਪੜ੍ਹ ਕੇ ਸੁਣਾ ਚੁੱਕੇ ਸਨ ਕਿ ਕੀ ਖ਼ਬਰਾਂ ਜਾਂ ਆਰਟੀਕਲ ਸੁਣ ਕੇ ਹੀ ਸੁਧਰ ਜਾਵੇ...? ਪਰ ਥੰਧੇ ਘੜ੍ਹੇ ਸੀਤਲ 'ਤੇ ਮਾਪਿਆਂ ਦੀ ਦਲੀਲ ਬੂੰਦ ਦਾ ਕੋਈ ਅਸਰ ਨਾ ਹੋਇਆ ਕਈ ਵਾਰ ਮਾਂ ਨੇ ਗਾਲ਼ੀ-ਗਲ਼ੋਚ ਤੋਂ ਇਲਾਵਾ ਕੁੜੀ ਅੱਗੇ ਚੁੰਨੀ ਅੱਡ ਕੇ ਇੱਜ਼ਤ ਦੀ ਭੀਖ਼ ਵੀ ਮੰਗੀ, ਪਰ ਸੀਤਲ 'ਤੇ ਕੋਈ ਅਸਰ ਨਾ ਹੋਇਆ

ਕੁੜੀ ਬਾਲਗ ਸੀ ਇਸ ਲਈ ਕੁਝ ਆਖ ਵੀ ਨਹੀਂ ਸਕਦੇ ਸਨ ਇੰਗਲੈਂਡ ਦੇ ਮਾਪੇ ਦੋ ਪਾਸਿਆਂ ਤੋਂ ਮਜਬੂਰੀ ਦੀ ਚੱਕੀ ਵਿਚ ਦੋਫ਼ਾੜ ਹੋ ਰਹੇ ਸਨ ਇਕ ਪਾਸੇ, ਜੇ ਤਾਂ ਉਹ ਧੀ ਜਾਂ ਪੁੱਤ ਨੂੰ ਰੋਕਦੇ ਜਾਂ ਘੂਰਦੇ ਸਨ, ਤਾਂ ਪੁਲੀਸ ਮਗਰ ਪੈਂਦੀ ਸੀ ਕਿ ਤੁਸੀਂ ਬੱਚੇ ਦੀ ਅਜ਼ਾਦੀ ਦੇ ਰਾਹ ਵਿਚ 'ਰੋੜਾ' ਬਣਦੇ ਹੋ, ਉਸ ਨੂੰ ਆਪਣੇ ਢੰਗ ਤਰੀਕੇ ਨਾਲ਼ ਜਿਉਣ ਨਹੀਂ ਦਿੰਦੇ..? ਦੂਜੇ ਪਾਸੇ, ਜੇ ਕੋਈ ਨਾਬਾਲਗ ਲੜਕਾ ਜਾਂ ਲੜਕੀ ਚੋਰੀ ਚਕਾਰੀ ਜਾਂ ਕੋਈ ਹੋਰ ਵਾਰਦਾਤ ਕਰ ਦਿੰਦਾ ਸੀ, ਤਾਂ ਵੀ ਪੁਲੀਸ ਮਾਂ-ਬਾਪ ਨੂੰ ਅੱਗੇ ਧਰ ਲੈਂਦੀ ਸੀ ਕਿ ਤੁਹਾਡੇ ਬੱਚੇ ਨੇ 'ਕਰਾਈਮ' ਕੀਤਾ ਹੈ ਅਤੇ ਕੇ ਜਵਾਬ ਦਿਓ, ਤੁਸੀਂ ਬੱਚੇ ਦਾ ਪਾਲਣ-ਪੋਸ਼ਣ ਚੰਗੇ ਢੰਗ ਨਾਲ਼ ਨਹੀਂ ਕਰ ਰਹੇ...! ਇੰਗਲੈਂਡ ਦੇ ਜੰਮਪਲ ਬੱਚੇ ਹੀ ਅਜਿਹੇ ਅਣਭਿੱਜ ਅਤੇ ਕੋਰੇ ਸਨ ਕਿ ਮਾਂ-ਬਾਪ ਦੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਸਨ ਉਹ ਆਪਣੇ ਮਾਂ-ਬਾਪ ਨੂੰ 'ਮੈਡ ਪੇਰੈਂਟਸ' ਜਾਂ 'ਉਜੱਡ ਭਾਰਤੀ ਲੋਕ' ਕਹਿਣ ਅਤੇ ਬੇਇੱਜ਼ਤੀ ਕਰਨ ਤੋਂ ਵੀ ਗੁਰੇਜ ਨਹੀਂ ਸਨ ਕਰਦੇ ਮਾਂ-ਬਾਪ ਅਗਲੀ ਪੀੜ੍ਹੀ ਤੋਂ ਅਤੀਅੰਤ ਚਿੰਤਤ ਅਤੇ ਦੁਖੀ ਸਨ ਪੰਜਾਬੀ ਅਖ਼ਬਾਰਾਂ ਵਿਚ ਛਪਦੀਆਂ ਡਰਾਉਣੀਆਂ, ਪਰ ਸੱਚੀਆਂ ਖ਼ਬਰਾਂ ਉਹਨਾਂ ਦੀ ਨੀਂਦ ਹਰਾਮ ਕਰੀ ਰੱਖਦੀਆਂ ਅਤੇ ਉਹਨਾਂ ਨੂੰ ਆਪਣੇ ਬੱਚਿਆਂ, ਖ਼ਾਸ ਤੌਰ 'ਤੇ ਧੀਆਂ ਦਾ ਫ਼ਿਕਰ ਵੱਢ-ਵੱਢ ਖਾਂਦਾ ਸੀ ਅਜਿਹੀਆਂ ਖ਼ਬਰਾਂ ਪੜ੍ਹ ਕੇ ਮਾਪੇ ਅਥਾਹ ਪ੍ਰੇਸ਼ਾਨ ਹੋ ਉਠਦੇ

ਸੀਤਲ ਨੂੰ ਇਮਰਾਨ ਨਾਲੋਂ ਵੱਖ ਕਰਨ ਲਈ ਸੀਤਲ ਦੇ ਮਾਂ-ਬਾਪ ਨੇ ਰਿਸ਼ਤੇਦਾਰਾਂ ਦਾ ਸਹਾਰਾ ਵੀ ਲਿਆ ਪਰ ਕੋਈ ਸਾਰਥਿਕ ਨਤੀਜਾ ਨਾ ਨਿਕਲਿਆ ਸੀਤਲ ਦੇ ਕੰਨ 'ਤੇ ਜੂੰ ਨਾ ਸਰਕੀ ਸਗੋਂ ਉਸ ਨੇ ਇੰਗਲੈਂਡ ਦੀ ਜੰਮਪਲ ਅਤੇ ਨਿਰਮੋਹੀ ਪੀੜ੍ਹੀ ਦਾ ਆਖਰੀ ਹਥਿਆਰ ਵਰਤਿਆ, ਘਰੋਂ ਭੱਜ ਜਾਣ ਜਾਂ ਪੁਲੀਸ ਨੂੰ ਫ਼ੋਨ ਕਰਨ ਦੀ ਧਮਕੀ ਮਾਰ ਦਿੱਤੀ ਸੀਤਲ ਦੀ ਮਾਂ ਇਹ ਗੱਲ ਸੁਣ ਕੇ ਭੜ੍ਹਕ ਪਈ
-"ਤੂੰ ਜੰਮਦੀ ਕਾਹਤੋਂ ਨਾ ਮਰ ਗਈ ਕੰਜਰੀਏ...! ਆਹ ਮੂੰਹ ਕਾਲ਼ਸ ਦੁਆਉਣ ਨੂੰ ਪਾਲ਼ਿਆ ਸੀ ਤੈਨੂੰ...? ਨ੍ਹੀ ਕਿੰਨੇ ਸੋਹਣੇ ਸੋਹਣੇ ਪੰਜਾਬੀ ਮੁੰਡੇ ਫਿਰਦੇ , ਤੈਨੂੰ ਸਿਰਫ਼ ਮੁਸਲਮਾਨ ਲੱਭਿਆ ਕੁੱਤੀਏ...?" ਉਸ ਨੇ ਆਪਣੀ ਛਾਤੀ ਅਤੇ ਪੱਟ ਪਿੱਟੇ
ਪਰ ਸੀਤਲ ਟੱਸ ਤੋਂ ਮੱਸ ਨਾ ਹੋਈ

-"ਸੀਤਲ਼...! ਬੇਟਾ ਜੇ ਤੇਰਾ ਵਿਆਹ ਕਰਵਾਉਣ ਦਾ ਮਨ ਐਂ, ਤਾਂ ਮੈਂ ਹਫ਼ਤੇ ਦੇ ਵਿਚ ਵਿਚ ਕੋਈ ਮੁੰਡਾ ਭਾਲ਼ ਦਿੰਨੈ...! ਤੂੰ ਮੁਸਲਮਾਨ ਮੁੰਡੇ ਦਾ ਖਹਿੜਾ ਛੱਡ, ਆਪਾਂ ਸ਼ਰੀਕੇ ਕਬੀਲੇ ' ਕਿਸੇ ਨੂੰ ਮੂੰਹ ਦਿਖਾਉਣ ਜੋਕਰੇ ਨਹੀਂ ਰਹਿਣਾ...! ਦੁਨੀਆਂ ਸਾਡੇ ਮੂੰਹ ਛਿੱਤਰ ਦਿਊ...! ਮੇਰੀ ਧੀ ਸਿਆਣੀ ਬਣ ਕੇ ਠੰਢੇ ਦਿਮਾਗ ਨਾਲ਼ ਸੋਚ...! ਚਿੱਟੀਆਂ ਪੱਗਾਂ ਪਿਉ ਧੀਆਂ ਪੁੱਤਾਂ ਦੇ ਸਿਰ 'ਤੇ ਬੰਨ੍ਹਦੇ ...! ਧੀਆਂ ਮਾਂ ਬਾਪ ਦੀ ਇੱਜ਼ਤ ਨੂੰ ਲਾਜ ਨ੍ਹੀ ਲਾਉਂਦੀਆਂ ਹੁੰਦੀਆਂ...! ਮੁਸਲਮਾਨ ਮੁੰਡੇ ਦਾ ਖਹਿੜਾ ਛੱਡ ਦੇਹ, ਹੋਰ ਚਾਹੇ ਤੂੰ ਕੋਈ ਹਿੰਦੂ ਜਾਂ ਕਿਸੇ ਹੋਰ ਬਰਾਦਰੀ ਦਾ ਮੁੰਡਾ ਲੱਭ ਲੈ, ਵਿਆਹ ਤੇਰਾ ਮੈਂ ਕਰੂੰ...! ਪਰ ਇਮਰਾਨ ਦਾ ਪੱਲਾ ਛੱਡ ਦੇ ਮੇਰੀ ਧੀ ਬਣ ਕੇ...! ਜਿਦ ਨ੍ਹੀ ਕਰੀਦੀ ਹੁੰਦੀ ਪੁੱਤ, ਸ਼ੇਰ ਬੱਗਿਆ...! ਸਿਆਣੇ ਪੁੱਤ ਬਣੀਦਾ ਹੁੰਦੈ...! ਦੇਖਲਾ ਤੇਰੇ ਮਾਂ ਪਿਉ ਤੇਰੇ ਇਸ ਕਾਰੇ ਕਰ ਕੇ ਕਿੰਨੇ ਦੁਖੀ ...?" ਮਾਮੇ ਨੇ ਸਮਝਾਇਆ

-"ਆਈ ਡੋਂਟ ਕੇਅਰ ਅਬਾਊਟ ਦੈਟ ਸਿੱ.!" ਮਾਮੇ ਦੀ ਗੱਲ ਸੁਣ ਕੇ ਸੀਤਲ ਨੇ ਪਰਸ ਚੁੱਕਿਆ ਅਤੇ ਘਰੋਂ ਬਾਹਰ ਹੋ ਗਈ
ਸਾਰੇ ਅਚੰਭੇ ਨਾਲ਼ ਦੇਖਦੇ ਹੀ ਰਹਿ ਗਏ ਸਾਰੇ ਅਵਾਕ ਹੀ ਤਾਂ ਹੋ ਗਏ ਸਨ!
-"ਹਾਏ ਨ੍ਹੀ ਤੂੰ ਸਾਥੋਂ ਕਿਹੜੇ ਜੁੱਗ ਦਾ ਬਦਲਾ ਲੈਨੀ ਐਂ ਨ੍ਹੀ ਮੇਰੀਏ ਦੁਸ਼ਮਣੇ ਧੀਏ...!" ਸੀਤਲ ਦੀ ਮਾਂ ਕਿਰਪਾਲ ਕੌਰ ਨੇ ਹਿੱਕ ' ਦੁਹੱਥੜ ਮਾਰ ਕੇ ਵੈਣ ਪਾਇਆ
-"ਚੁੱਪ ਕਰ ਕਿਰਪਾਲ ਕੁਰੇ...! ਬਹੁਤਾ ਨ੍ਹੀ ਕਲਪੀਦਾ ਹੁੰਦਾ...! ਰੱਬ ਭਲੀ ਕਰੂਗਾ..!" ਸੀਤਲ ਦੀ ਮਾਮੀ ਨੇ ਉਸ ਦਾ ਦਿਲ ਧਰਾਇਆ ਪਰ ਫ਼ੋਕੇ ਧਰਵਾਸੇ ਉਸ ਲਈ ਆਸਰਾ ਨਹੀਂ ਬਣਦੇ ਸਨ
-"ਨ੍ਹੀ ਰੱਬ ਵੀ ਪੁੱਤ ਖਾਣੇ ਦਾ ਕਿਤੇ ਨ੍ਹੀ ਸੁਣਦਾ ਨੀ ਮੇਰੀਏ ਭਰਜਾਈਏ...!" ਕਿਰਪਾਲ ਕੌਰ ਨੇ ਫਿਰ ਹਿੱਕ ਪਿੱਟੀ
-"ਮੇਰਾ ਚਿੱਤ ਕਰਦੈ, ਜਿੱਥੇ ਵੀ ਦੋਨ੍ਹਾਂ ਨੂੰ ਦੇਖਾਂ, ਗੋਲ਼ੀ ਮਾਰਾਂ...!" ਸੀਤਲ ਦਾ ਪਿਉ ਗੁਰਚਰਨ ਸਿੰਘ ਗੁੱਸੇ ਵਿਚ ਸੜਿਆ ਹੋਇਆ ਬੋਲਿਆ ਪਾਣੀ ਉਸ ਦੇ ਸਿਰ ਉਪਰੋਂ ਦੀ ਲੰਘ ਗਿਆ ਸੀ
-"ਕੀ ਫ਼ਾਇਦਾ ਹੋਊ ਪ੍ਰਾਹੁਣਿਆਂ...? ਮਾਰ ਕੇ ਉਮਰ ਭਰ ਲਈ ਅੰਦਰ ਚਲਿਆ ਜਾਵੇਂਗਾ, ਘਰ ਤਾਂ ਪਹਿਲਾਂ ਮੂਧਾ ਵੱਜਿਆ ਪਿਐ...?" ਮਾਮੇ ਨੇ ਸਮਝੌਤੀ ਦਿੱਤੀ
-"ਹੋਰ ਹੁਣ ਬੋਂਡੀ ਬਣ ਕੇ ਘਰੇ ਬਹਿਜਾਂ...? ਮੁਸਲਮਾਨ ਨਾਲ਼ ਤੁਰੀ ਫਿਰਦੀ ਨੂੰ ਸ਼ਾਬਾਸ਼ੇ ਦੇਵਾਂ...? ਮੇਰਾ ਤਾਂ ਸਰਬੰਧੀਆ ਮੱਚਿਆ ਪਿਐ ਕਾਲ਼ਜਾ...!" ਉਹ ਸੋਫ਼ੇ 'ਤੇ ਬੈਠਾ ਲਾਟਾਂ ਛੱਡੀ ਜਾ ਰਿਹਾ ਸੀ
-"ਮਾਰ ਮਰਾਈ ਨਿਰੀ ਮੂਰਖ਼ਤਾਈ ...! ਮਰਨਾਂ ਮਾਰਨਾਂ ਮੂਰਖ਼ਾਂ ਦਾ ਕੰਮ ਐਂ...! ਠੰਢੇ ਦਿਮਾਗ ਨਾਲ਼ ਸੋਚ ਕੇ ਦੇਖ਼...!"
-"............ ਬੇਵੱਸੀ ਵਿਚ ਗੁਰਚਰਨ ਸਿੰਘ ਚੁੱਪ ਕਰ ਗਿਆ

ਪੂਰੇ ਘਰ ਵਿਚ ਇਕ ਅਜੀਬ ਤਣਾਓ ਚੱਲ ਰਿਹਾ ਸੀ

ਨਾ ਕਿਸੇ ਨੂੰ ਖਾਣ ਦੀ ਅਤੇ ਨਾ ਕਿਸੇ ਨੂੰ ਪੀਣ ਦੀ ਹੋਸ਼ ਸੀ ਬੱਸ ਸੀਤਲ ਵਾਲ਼ਾ ਇੱਕੋ ਵਿਸ਼ਾ ਘਰ ਵਿਚ ਜਿੰਨ ਵਾਂਗ ਖ਼ੌਰੂ ਪਾ ਰਿਹਾ ਸੀ ਘਰ ਵਿਚ ਬੁਰੀ ਤਰ੍ਹਾਂ ਨਾਲ਼ ਭੰਦਰੋਲ ਪਿਆ ਹੋਇਆ ਸੀ ਚੁੱਲ੍ਹਾ ਤਪਣਾ ਬੰਦ ਹੋ ਗਿਆ ਸੀ ਅਤੇ ਉਹਨਾਂ ਦੀਆਂ ਆਤਮਾਵਾਂ ਦਾ ਸਿਵਾ ਬਲ਼ ਰਿਹਾ ਸੀ ਗੁਰਚਰਨ ਸਿੰਘ ਨੇ ਆਪਣੇ ਵਕੀਲ ਦੀ ਰਾਇ ਲਈ ਬਾਲਗ ਹੋਣ ਕਰਕੇ ਵਕੀਲ ਵੀ ਕੀ ਕਰ ਸਕਦਾ ਸੀ? ਕਾਨੂੰਨ ਅੱਗੇ ਉਹ ਵੀ ਬੇਵੱਸ ਸੀ ਨਿਹੱਥਾ ਸੀ ਉਸ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਕੁੜੀ ਦੀ ਸੋਚ ਅਨੁਸਾਰ ਤੁਰਨ ਦੀ ਹੀ ਸਲਾਹ ਦਿੱਤੀ ਗੁਰਚਰਨ ਸਿੰਘ ਭਰਿਆ ਪੀਤਾ ਅਤੇ ਘੋਰ ਨਿਰਾਸ਼ ਬਾਹਰ ਗਿਆ ਸੀ

ਗੁਰਚਰਨ ਸਿੰਘ ਸਾਰੀ ਸਾਰੀ ਰਾਤ ਨਾ ਸੌਂਦਾ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਸੋਚਦਾ ਰਹਿੰਦਾ ਇਹੀ ਹਾਲ ਕਿਰਪਾਲ ਕੌਰ ਦਾ ਸੀ ਉਹ ਕਦੇ ਸੀਤਲ ਨੂੰ ਮਾਰਨ ਦੀਆਂ ਸਕੀਮਾਂ ਘੜ੍ਹਦਾ ਕਦੇ ਆਪ ਕੁਝ ਖਾ ਕੇ ਜਾਂ ਗੱਡੀ ਥੱਲੇ ਕੇ ਮਰ ਜਾਣ ਬਾਰੇ ਸੋਚਦਾ ਜੇ ਕਿਰਪਾਲ ਕੌਰ ਕਦੇ ਕੁਝ ਪੁੱਛਦੀ, ਜਾਂ ਤਾਂ ਉਹ ਉੱਤਰ ਹੀ ਨਾ ਦਿੰਦਾ ਅਤੇ ਜਾਂ ਫਿਰ ਖਿਝ ਕੇ ਪੈਂਦਾ ਕਸੂਰ ਕਿਰਪਾਲ ਕੌਰ ਦਾ ਕੋਈ ਵੀ ਨਹੀਂ ਸੀ ਪਰ ਉਹ ਘੁੱਟ ਵੱਟੀ ਚੁੱਪ ਕਰ ਰਹਿੰਦੀ ਉਹ ਘਰਵਾਲ਼ੇ ਦੀ ਮਾਨਸਿਕ ਹਾਲਤ ਬੜੀ ਚੰਗੀ ਤਰ੍ਹਾਂ ਸਮਝਦੀ ਸੀ ਦੋਨੋ ਜੀਅ ਪਾਗਲ ਹੋਣ ਦੀ ਸੀਮਾਂ ਤੱਕ ਪਹੁੰਚੇ ਹੋਏ ਸਨ ਰਿਸ਼ਤੇਦਾਰ ਉਸ ਤੋਂ ਵੀ ਵੱਧ ਔਖੇ ਸਨ ਸੀਤਲ ਦੇ ਮਾਮੇ ਦੀ ਭਾਈਚਾਰੇ ਵਿਚ ਚੰਗੀ ਭੱਲ ਬਣੀ ਹੋਈ ਸੀ ਉਹ ਇਕ ਵਾਰ 'ਮੇਅਰ' ਦੀਆਂ ਵੋਟਾਂ ਵਿਚ ਵੀ ਹਿੱਸਾ ਲੈ ਚੁੱਕਾ ਸੀ ਹਾਰ ਗਿਆ ਸੀ, ਇਹ ਇਕ ਵੱਖਰੀ ਗੱਲ ਸੀ ਪਰ ਸਾਰਾ ਭਾਈਚਾਰਾ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਉਸ ਦੀ ਵੀ ਇੱਜ਼ਤ ਦਾ ਸੁਆਲ ਬਣਿਆਂ ਹੋਇਆ ਸੀ ਦੁਨੀਆਂ ਦਾ ਕਿਹੜਾ ਮੂੰਹ ਫੜ ਲੈਣਾਂ ਸੀ? ਉਸ ਦੀ ਵੀ ਪੂਰੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਸੀ ਕਿ ਸੀਤਲ ਮੁਸਲਮਾਨ ਮੁੰਡੇ ਨਾਲ਼ ਵਿਆਹ ਨਾ ਕਰੇ ਕਮਿਊਨਿਟੀ ਨੂੰ ਕੀ ਉਤਰ ਦੇਵੇਗਾ? ਭਾਈਚਾਰਾ ਤਾਂ ਦੁਰਗਤੀ ਕਰੂਗਾ ਕਿ ਆਪਦੀ ਭਾਣਜੀ ਤਾਂ ਸਾਂਭੀ ਨਹੀਂ ਗਈ, ਲੋਕਾਂ ਦਾ ਭਲਾ ਕੀ ਇਹ ਸੁਆਹ ਕਰੂ? ਪਰ ਵੱਸ ਦਾ ਰੋਗ ਕਿਸੇ ਦੇ ਵੀ ਨਹੀਂ ਸੀ! ਸਭ ਦੇ ਸੰਘ ਵਿਚ ਕੋਹੜ ਕਿਰਲ਼ਾ ਫ਼ਸਿਆ ਹੋਇਆ ਸੀ!

ਕਦੇ ਕਦੇ ਰਾਤ ਨੂੰ ਬੈੱਡ ਵਿਚ ਪਿਆ ਗੁਰਚਰਨ ਸਿੰਘ ਹੋਰ ਸਕੀਮ ਘੜ੍ਹਦਾ ਕਿ ਸੀਤਲ ਨੂੰ ਕਿਸੇ ਬਹਾਨੇ ਪੰਜਾਬ ਲਿਜਾਇਆ ਜਾਵੇ ਅਤੇ ਭਾੜ੍ਹੇ ਦੇ ਕਾਤਲਾਂ ਨੂੰ ਪੈਸਾ ਦੇ ਕੇ ਉਸ ਦਾ 'ਕੰਡਾ' ਕੱਢਿਆ ਜਾਵੇ ਪਰ ਮਨ ਹਾਮ੍ਹੀਂ ਨਾ ਭਰਦਾ ਉਹ ਸਾਰੀ ਸਾਰੀ ਰਾਤ ਅਜੀਬ ਉਧੇੜਬੁਣ ਵਿਚ ਉਲ਼ਝਿਆ ਰਹਿੰਦਾ ਨੀਂਦ ਉਸ ਦੇ ਨੇੜੇ ਵੀ ਨਾ ਢੁਕਦੀ ਰਾਤ ਨੂੰ ਸੌਣ ਵਾਲ਼ੀਆਂ ਗੋਲ਼ੀਆਂ ਵੀ ਉਸ ਦੀ ਬਹੁਤੀ ਮੱਦਦ ਨਾ ਕਰਦੀਆਂ ਗੋਲ਼ੀਆਂ ਖਾਣ ਦੇ ਬਾਵਜੂਦ ਵੀ ਉਹ ਸਾਰੀ ਸਾਰੀ ਰਾਤ ਪਾਸੇ ਪਰਤਦਾ ਰਹਿੰਦਾ ਕਦੇ ਕਮਲ਼ਿਆਂ ਵਾਂਗ ਕਿਸੇ ਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ ਕਦੇ ਅਚਾਨਕ ਉਠ ਕੇ ਦਰਵਾਜੇ ਵਿਚ ਮੁੱਕੀ ਮਾਰਦਾ ਉਸ ਦੀ ਹਾਲਤ ਕਾਫ਼ੀ ਤਰਸਯੋਗ ਅਤੇ ਚਿੰਤਾਜਨਕ ਬਣੀ ਹੋਈ ਸੀ

-"ਤੂੰ ਚੁੱਪ ਕਰ ਜਾਇਆ ਕਰ, ਤੇਰੇ ਦਿਮਾਗ ' ਫ਼ਰਕ ਪੈਜੂ..!" ਅਥਾਹ ਦੁਖੀ ਕਿਰਪਾਲ ਕੌਰ ਉਸ ਨੂੰ ਆਖਦੀ
-"ਐਦੂੰ ਤਾਂ ਮੈਂ ਕਮਲ਼ਾ ਹੋਜਾਂ...! ਯੱਭ ਮੁੱਕੇ! ਹੋਰ ਰੱਬ ਤੋਂ ਕੀ ਲੈਣੈਂ...? ਕਿਰਪਾਲ ਕੁਰੇ..!"
-"ਹਾਂ...!"
-"ਦੇਖਲਾ ਕਿੰਨੀ ਦੁਨੀਆਂ ਨਿੱਤ ਮਰੀ ਜਾਂਦੀ ...! ਪਤਾ ਨ੍ਹੀ ਰੱਬ ਮੈਨੂੰ ਕਿਉਂ ਨ੍ਹੀ ਚੱਕਦਾ...? ਕੀ ਥੁੜਿਆ ਪਿਐ ਮੇਰੇ ਬਿਨਾਂ ਐਸ ਦੁਨੀਆਂ '...? ਉਏ ਰੱਬਾ...! ਉਏ ਬੇੜੀ ਬਹਿਜੇ ਤੇਰੀ...! ਚੱਕਲਾ ਉਏ ਮੈਨੂੰ ਵੀ ਦੁਸ਼ਮਣਾਂ...! ਆਹ ਦਿਨ ਦਿਖਾਉਣ ਵਾਸਤੇ ਜਿਉਂਦਾ ਰੱਖਿਆ ਸੀ ਤੂੰ ਮੈਨੂੰ...? ਉਏ ਰੱਬਾ...!" ਗੁਰਚਰਨ ਬਾਵਰਿਆਂ ਵਾਂਗ ਬੋਲੀ ਅਤੇ ਰੋਈ ਜਾ ਰਿਹਾ ਸੀ ਕਦੇ ਹੁਬਕੀਏਂ ਅਤੇ ਕਦੇ ਉਚੀ ਉਚੀ!
-"................." ਕਿਰਪਾਲ ਕੌਰ ਚੁੱਪ ਸੀ ਉਹ ਪਤੀ ਦੇਵ ਦਾ ਦੁੱਖ ਭਲੀ ਭਾਂਤ ਸਮਝਦੀ ਸੀ

-"ਸੋਚਿਆ ਸੀ ਦੋ ਧੀਆਂ ਬਥੇਰੀਐਂ, ਕੀ ਲੈਣੈਂ ਪੁੱਤ ਤੋਂ...? ਧੀਆਂ ਪੁੱਤਾਂ ਨਾਲੋਂ ਕਿਵੇਂ ਵੀ ਘੱਟ ਨ੍ਹੀ, ਪੁੱਤਾਂ ਵਾਂਗੂੰ ਪਾਲ਼ੀਆਂ..! ਹਰ ਸੁਖ ਸਹੂਲਤ ਦਿੱਤੀ, ਪੜ੍ਹਾਇਆ ਲਿਖਾਇਆ...! ਤੇ ਆਹ ਦੇਖਲਾ ਦਾੜ੍ਹੀ ਖੇਹ ਮਲ਼ਦੀਆਂ ਨੂੰ...! ਦੁਨੀਆਂ ਐਂਵੇਂ ਨ੍ਹੀ ਪੁੱਤ ਪੁੱਤ ਕੂਕਦੀ...? ਤੇ ਅੱਜ ਕੱਲ੍ਹ ਲੋਕ ਐਵੇਂ ਨ੍ਹੀ ਗਰਭਪਾਤ ਕਰਵਾਈ ਜਾਂਦੇ...! ਜਦੋਂ ਇੱਜਤ ਮਿੱਟੀ ਰੋਲ਼ਦੀਐਂ, ਫੇਰ ਪਤਾ ਲੱਗਦੈ...! ਦੱਸੋ ਬੰਦਾ ਕਰੂ ਤਾਂ ਕੀ ਕਰੂ...? ਆਹ ਸਿੱਖਾਂ ਦੇ ਆਗੂਆਂ ਨੂੰ ਤਾਂ ਆਪਸ ਵਿਚ ਲੜਨ ਮਰਨ ਤੋਂ ਵਿਹਲ ਨ੍ਹੀ...! ਪੁੱਛਣਾ ਹੋਵੇ, ਉਏ ਵੱਡਿਓ ਜੱਥੇਦਾਰੋ...! ਥੋਡੀਆਂ ਧੀਆਂ ਭੈਣਾਂ ਨੂੰ ਮੁਸਲਮਾਨ ਮੁੰਡੇ ਫ਼ਸਾ ਫ਼ਸਾ ਕੇ 'ਬਰੇਨ ਵਾਸ਼' ਕਰੀ ਜਾਂਦੇ , ਉਏ...! ਕਦੇ ਅੱਖਾਂ ਖੋਲ੍ਹ ਕੇ ਐਧਰ ਵੀ ਝਾਤੀ ਮਾਰ ਲਓ...! ਲੜ ਫੇਰ ਲਿਓ...! ਜੇ ਸਿੱਖਾਂ ਦੀ ਇੱਜ਼ਤ ਨਾ ਪੱਲੇ ਰਹੀ, ਚੱਕ ਲਿਓ ਜੱਥੇਦਾਰੀਆਂ ਸਿਰ 'ਤੇ...!" ਉਹ ਪਿਆ ਬੱਕੜਵਾਹ ਕਰੀ ਜਾ ਰਿਹਾ ਸੀ ਕਿਰਪਾਲ ਕੌਰ ਆਪ ਦੁੱਖ ਵਿਚ ਸਾਹ ਰੋਕੀ ਪਈ ਸੀ ਉਸ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਸੀ ਚਾਰੇ ਪਾਸੇ ਹਨ੍ਹੇਰ ਗੁਬਾਰ ਅਤੇ ਪਰਲੋਂ ਹੀ ਦਿਸਦੀ ਸੀ ਹੱਸਦਾ ਵੱਸਦਾ ਘਰ ਉੱਜੜ ਚੱਲਿਆ ਸੀ... ਇੱਜ਼ਤ ਵੀਹੀਏਂ ਰੁਲ਼ ਤੁਰੀ ਸੀ...

ਰਾਤ ਨੂੰ ਸੀਤਲ ਅੱਧੀ ਰਾਤੋਂ ਬਾਅਦ ਘਰੇ ਆਈ ਗੁਰਚਰਨ ਸਿੰਘ ਦੀ ਪਤਾ ਨਹੀਂ ਕਦੋਂ ਅੱਖ ਲੱਗ ਗਈ ਸੀ ਕਿਰਪਾਲ ਕੌਰ ਦੜ ਜਿਹੀ ਵੱਟੀ ਜਾਗਦੀ ਹੀ ਪਈ ਸੀ ਉਸ ਨੇ ਦੱਬਵੇਂ ਪੈਰੀਂ ਉਠ ਕੇ ਦੇਖਿਆ ਤਾਂ ਸੀਤਲ ਤੋਂ ਸਿੱਧਾ ਖੜ੍ਹਾ ਨਹੀਂ ਹੋਇਆ ਜਾਂਦਾ ਸੀ ਉਹ ਪੌੜੀਆਂ ਉਤਰ ਕੇ ਸਾਹਣ ਵਾਂਗ ਧੀ ਦੇ ਸਾਹਮਣੇ ਜਾ ਖੜ੍ਹੀ ਹੋਈ ਸ਼ਰਾਬ ਦੇ ਨਸ਼ੇ ਕਾਰਨ ਸੀਤਲ ਦੀਆਂ ਅੱਖਾਂ ਚੜ੍ਹੀਆਂ ਹੋਈਆਂ ਸਨ ਸਾਹਾਂ 'ਚੋਂ ਸਿਗਰਟਾਂ ਦੀ ਬੂਅ ਮਾਰ ਰਹੀ ਸੀ ਕਿਰਪਾਲ ਕੌਰ ਦੇ ਸਿਰ ਨੂੰ ਫ਼ਤੂਰ ਚੜ੍ਹ ਗਿਆ ਇਹ ਕੰਜਰੀ ਹੁਣ ਸਿਗਰਟਾਂ ਵੀ ਪੀਣ ਲੱਗ ਪਈ...? ਇਹਨੇ ਤਾਂ ਸਾਡੇ ਸਿੱਖ ਘਰਾਣੇਂ ਨੂੰ ਲਾਜ ਲਾ ਦਿੱਤੀ...! ਗੁਰੂ ਮਹਾਰਾਜ ਦਾ ਤਾਂ ਘੋੜ੍ਹਾ ਵੀ ਤੰਬਾਕੂ ਦੇ ਖੇਤ ਵਿਚ ਦੀ ਨਹੀਂ ਲੰਘਿਆਂ ਸੀ... ਤੇ ਇਹ ਕੁਲਿਹਣੀ ਸਿੱਖ ਘਰਾਣੇ ਵਿਚ ਜੰਮ ਕੇ ਸਿਗਰਟਾਂ ਪੀਣ ਲੱਗ ਪਈ...?

-"ਤੈਨੂੰ ਮੈਂ ਕਾਹਨੂੰ ਜੰਮਣਾਂ ਸੀ ਲੁੱਚੀਏ...! ਹੁਣ ਤੂੰ ਸਿਗਟਾਂ ਵੀ ਧੂਹਣ ਲੱਗਪੀ...?" ਉਸ ਨੇ ਫਿਰ ਪਿੱਟਣ ਵਾਲਿਆਂ ਵਾਂਗ ਆਖਿਆ ਪਰ ਉਹ ਬਹੁਤ ਹੀ ਹੌਲ਼ੀ ਬੋਲੀ ਸੀ ਕਿ ਕਿਤੇ ਗੁਰਚਰਨ ਸਿੰਘ ਦੀ ਜਾਗ ਨਾ ਖੁੱਲ੍ਹ ਜਾਵੇ!

-"ਓਹ ਯੂ ਸ਼ੱਟ ਅੱਪ ਮੰਮ...! ਸ਼ੱਟ ਯੂਅਰ ਗੱਬ ਮੰਮ...! ਆਈ ਡੋਂਟ ਲਿਸਨ ਐਂਡ ਆਈ ਡੋਂਟ ਕੇਅਰ...!" ਉਹ ਬਲ਼ਦ ਮੂਤਣੀਆਂ ਪਾਉਂਦੀ, ਆਪਣਾ ਪਰਸ ਪੌੜੀਆਂ ਵਿਚ ਹੀ ਸੁੱਟ ਉਪਰ ਚੜ੍ਹ ਗਈ ਅਤੇ ਆਪਣੀ ਛੋਟੀ ਭੈਣ ਦੇ ਕਮਰੇ ਵਿਚ ਜਾ ਕੇ ਬੈੱਡ 'ਤੇ ਪਈ ਨਹੀਂ, ਇਕ ਤਰ੍ਹਾਂ ਨਾਲ਼ 'ਧੜ੍ਹੰਮ' ਕਰਕੇ ਡਿੱਗ ਪਈ ਖੜਾਕਾ ਕਿਰਪਾਲ ਕੌਰ ਨੂੰ ਥੱਲੇ ਸੁਣਿਆਂ ਸੀ ਪੈਣ ਸਾਰ ਹੀ ਸੀਤਲ ਦੇ ਘੁਰਾੜ੍ਹੇ ਸ਼ੁਰੂ ਹੋ ਗਏ
ਗੁੱਸੇ ਨਾਲ਼ ਕਿਰਪਾਲ ਕੌਰ ਖੜ੍ਹੀ ਕੰਬੀ ਜਾ ਰਹੀ ਸੀ ਉਸ ਨੇ ਸੀਤਲ ਦਾ ਡਿੱਗਿਆ ਪਿਆ ਪਰਸ ਚੁੱਕ ਕੇ ਪਾਗਲਾਂ ਵਾਂਗ ਫ਼ਰੋਲਣਾਂ ਸ਼ੁਰੂ ਕਰ ਦਿੱਤਾ ਪਰਸ ਵਿਚੋਂ ਦੋ ਸਿਗਰਟਾਂ ਦੀਆਂ ਡੱਬੀਆਂ, ਇਕ ਲਾਈਟਰ ਅਤੇ ਇਕ ਨਿਰੋਧਾਂ ਦਾ ਪੈਕਟ ਨਿਕਿਲ਼ਿਆ ਦੇਖ ਕੇ ਕਿਰਪਾਲ ਕੌਰ ਡਿੱਗਣ ਵਾਲ਼ੀ ਹੋ ਗਈ ਉਸ ਤੋਂ ਖੜ੍ਹਿਆ ਨਾ ਗਿਆ ਅਤੇ ਪੌੜੀਆਂ ਵਿਚ ਹੀ ਬੈਠ ਕੇ ਆਪਣੀ ਮਾੜੀ ਕਿਸਮਤ ਨੂੰ ਝੂਰਨ ਲੱਗ ਪਈ

-"ਇਹ ਲੁੱਚੀ ਤਾਂ ਉਹਤੋਂ ਇੱਜਤ ਵੀ ਲੁਟਾਉਣ ਲੱਗ ਪਈ...? ਹਾਏ ਰੱਬਾ...!! ਕਿਹੜੇ ਜਨਮ ਦੇ ਬਦਲੇ ਲੈਨੈ ਤੂੰ ਸਾਥੋਂ...? ਇਹਦੇ ਪਿਉ ਨੂੰ ਪਤਾ ਲੱਗ ਗਿਆ, ਉਹ ਤਾਂ ਮਰਜੂ ਜਾਂ ਮਾਰਦੂ...! ਉਹ ਤਾਂ ਅੱਗੇ ਕਮਲ਼ਾ ਹੋਇਆ ਫਿਰਦੈ...? ਉਹਨੂੰ ਤਾਂ ਅੱਗੇ ਕਾਸੇ ਦੀ ਸੁਰਤ ਨ੍ਹੀ...!" ਉਸ ਨੇ ਨਿਰੋਧ, ਸਿਗਰਟਾਂ ਅਤੇ ਲਾਈਟਰ ਮੋੜ ਕੇ ਸੀਤਲ ਦੇ ਪਰਸ ਵਿਚ ਪਾ ਦਿੱਤੇ ਅਤੇ ਮੁੜ ਚੋਰਾਂ ਵਾਂਗ ਉਪਰ ਦੇਖਿਆ ਗੁਰਚਰਨ ਸਿੰਘ ਨੀਂਦ ਵਾਲ਼ੀਆਂ ਗੋਲ਼ੀਆਂ ਦੀ ਘੂਕੀ ਵਿਚ ਘੁਰਾੜ੍ਹਿਆਂ ਦਾ ਘਰਾਸ ਗੇੜੀ ਜਾ ਰਿਹਾ ਸੀ

ਕਿਰਪਾਲ ਕੌਰ ਨੇ ਪਰਸ ਦੀ ਜਿੱਪ ਬੰਦ ਕੀਤੀ ਅਤੇ ਕੁੜੀਆਂ ਦਾ ਕਮਰਾ ਖੋਲ੍ਹ ਕੇ ਪਰਸ ਅੰਦਰ ਵਗਾਹ ਮਾਰਿਆ ਕਿ ਕਿਤੇ ਗੁਰਚਰਨ ਸਿੰਘ ਦੇ ਹੱਥ ਨਾ ਲੱਗ ਜਾਵੇ ਉਹ ਚੁਗਲਾਂ ਵਾਂਗ ਦੱਬਵੇਂ ਪੈਰੀਂ ਫਿਰ ਉਪਰ ਜਾ ਕੇ ਪੈ ਗਈ ਸੀਤਲ ਦੇ ਪਰਸ ਵਿਚ ਨਿਰੋਧ ਅਤੇ ਸਿਗਰਟਾਂ ਦੇਖ ਕੇ ਉਸ ਦੇ ਹਾਲਾਤਾਂ ਦੀ ਹੋਰ ਜੱਖਣਾਂ ਪੱਟੀ ਗਈ ਸੀ ਉਸ ਦੇ ਸਿਰ ਦੀਆਂ ਨਾੜਾਂ 'ਫ਼ੜੱਕ-ਫ਼ੜੱਕ' ਵੱਜੀ ਜਾ ਰਹੀਆਂ ਸਨ ਅਤੇ ਦਿਲ ਦੁਰਮਟ ਵਾਂਗ ਛਾਤੀ ਵਿਚ ਵੱਜ ਰਿਹਾ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਦੇ ਦਿਮਾਗ ਦੀ ਨਾੜੀ ਫ਼ਟ ਜਾਵੇਗੀ, ਜਾਂ ਉਸ ਦਾ ਦਿਲ ਫ਼ੇਲ੍ਹ ਹੋ ਜਾਵੇਗਾ... ਉਸ ਨੇ ਸਿਰ ਉਗੀਸ ਕੇ ਗੁਰਚਰਨ ਸਿੰਘ ਵੱਲ ਦੇਖਿਆ ਉਹ ਅਜੇ ਵੀ ਗੋਲ਼ੀਆਂ ਦੀ ਘੂਕੀ ਵਿਚ ਸੁੱਤਾ ਸੀ

ਸਾਰਾ ਜੱਗ ਜਹਾਨ ਸੁੱਤਾ ਸੀ ਪਰ ਕਿਰਪਾਲ ਕੌਰ ਦੇ ਨੀਂਦ ਨੇੜੇ ਤੇੜੇ ਵੀ ਨਹੀਂ ਸੀ ਉਹ ਸੋਚਾਂ ਦੇ ਕੋਹਲੂ ਵਿਚ ਪੀੜੀ ਜਾ ਰਹੀ ਸੀ ਕੀ ਕਸੂਰ ਮਾਪਿਆਂ ਦਾ...? ਗੁਰਚਰਨ ਸਿੰਘ ਨੇ ਆਪਣੀਆਂ ਦੋਵੇਂ ਧੀਆਂ ਨੂੰ ਪੁੱਤਾਂ ਵਾਂਗੂੰ ਪਾਲ਼ਿਆ ਸੀ ਦੋ ਕੁੜੀਆਂ ਬਾਅਦ ਜਦ ਕਿਰਪਾਲ ਕੌਰ ਨੇ ਇਕ ਹੋਰ ਬੱਚੇ ਅਰਥਾਤ ਮੁੰਡੇ ਦੀ ਇੱਛਾ ਜ਼ਾਹਿਰ ਕੀਤੀ ਸੀ ਤਾਂ ਗੁਰਚਰਨ ਸਿੰਘ ਨੇ ਬੜੇ ਪ੍ਰੇਮ ਅਤੇ ਸਲੀਕੇ ਨਾਲ਼ ਆਖਿਆ ਸੀ, "ਕੀ ਗਰੰਟੀ ਕਿਰਪਾਲ ਕੁਰੇ ਬਈ ਅਗਲੀ ਵਾਰੀ ਮੁੰਡਾ ਹੋਊ...? ਆਪਾਂ ਨੂੰ ਰੱਬ ਨੇ ਦੋ ਧੀਆਂ ਬਖ਼ਸ਼ ਦਿੱਤੀਐਂ, ਮੈਂ ਇਹਨਾਂ ਨੂੰ ਪੁੱਤਾਂ ਨਾਲ਼ੋਂ ਵੱਧ ਜਾਣ ਕੇ ਪਾਲੂੰਗਾ...! ਚੰਗੀ ਪੜ੍ਹਾਈ ਕਰਵਾਊਂ...! ਤੇ ਜਦੋਂ ਇਹ ਕਿਸੇ ਚੰਗੇ ਕਿੱਤੇ 'ਤੇ ਲੱਗ ਗਈਆਂ, ਆਪਣੀ ਘਾਲ਼ੀ ਘਾਲਣਾਂ ਰਾਸ ਆਜੂ...! ਨਾਲ਼ੇ ਐਥੇ ਇੰਗਲੈਂਡ ਵਿਚ ਕੁੜੀ ਮੁੰਡੇ ' ਕੀ ਫ਼ਰਕ ...? ਇਹ ਗੱਲਾਂ ਤਾਂ ਇੰਡੀਆ ਵਿਚ ਹੀ ਰਹਿ ਗਈਆਂ...! ਤੂੰ ਵੀ ਆਬਦੇ ਪੀਹਣ ਛੱਟਣ ਆਲ਼ੇ ਵਿਚਾਰ ਤਿਆਗ਼...! ਨਾਲ਼ੇ ਐਥੋਂ ਦੇ ਮੁੰਡੇ ਕਿਹੜਾ ਸਲੱਗ ...? ਨਿੱਤ ਲੜਾਈ ਝਗੜਾ, ਡਰੱਗ, ਕੀ ਕੁਛ ਨ੍ਹੀ ਕਰਦੇ...? ਮਾਂ-ਪਿਉ ਦੇ ਨਾਸੀਂ ਧੂੰਆਂ ਲਿਆਈ ਰੱਖਦੇ ...! ਗੁਰੂ ਮਹਾਰਾਜ ਕਿਰਪਾ ਕਰਨ, ਤੈਨੂੰ ਮੈਂ ਇਹਨਾਂ ਨੂੰ ਸੁਚੱਜੀ ਤਾਲੀਮ ਦੇ ਕੇ ਦਿਖਾਊਂ...!" ਤੇ ਗੁਰਚਰਨ ਸਿੰਘ ਨੇ ਕੋਈ ਕਸਰ ਵੀ ਨਹੀਂ ਛੱਡੀ ਸੀ

ਉਹ ਆਪ ਵੀ ਕੋਈ ਨਸ਼ਾ ਨਹੀਂ ਕਰਦਾ ਸੀ ਨਸ਼ਿਆਂ ਤੋਂ ਰਹਿਤ ਸੀ ਉਸ ਨੂੰ ਤਾਂ ਇਹ ਸੀ ਕਿ ਨਸ਼ਈ ਮਾਪਿਆਂ ਦੇ ਜੁਆਕ ਹੀ ਨਸ਼ੇੜੀ ਬਣਦੇ ਹਨ ਜਿਹੜੇ ਮਾਪੇ ਆਪ ਨਸ਼ਿਆਂ ਤੋਂ ਬਚੇ ਹੋਏ ਹਨ, ਉਹਨਾਂ ਦੇ ਬੱਚੇ ਵੀ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਚਾਹੇ ਗੁਰਚਰਨ ਸਿੰਘ ਅੰਮ੍ਰਿਤਧਾਰੀ ਨਹੀਂ ਸੀ ਪਰ ਉਸ ਨੂੰ ਸ਼ੁਰੂ ਤੋਂ ਹੀ ਕੋਈ ਵੈਲ-ਐਬ ਨਹੀਂ ਸੀ ਉਹ ਗੁਰੂ ਘਰ ਦਾ ਪੱਕਾ ਸ਼ਰਧਾਲੂ ਸਿੱਖ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਾਸ਼ਕ ਸੀ ਉਹ ਹਰ ਸ਼ਨਿੱਚਰਵਾਰ ਅਤੇ ਐਤਵਾਰ ਆਪਣੀਆਂ ਧੀਆਂ ਸੀਤਲ ਅਤੇ ਪਾਇਲ ਨੂੰ ਗੁਰਦੁਆਰੇ ਲੈ ਕੇ ਜਾਂਦਾ ਕਾਰ 'ਤੇ ਖ਼ੁਦ ਸਕੂਲ ਛੱਡਣ ਜਾਂਦਾ ਆਪ ਸਕੂਲੋਂ ਲੈ ਕੇ ਆਉਂਦਾ ਹਰ ਸੱਭਿਆਚਾਰਕ ਪ੍ਰੋਗਰਾਮ 'ਤੇ ਉਹ ਕੁੜੀਆਂ ਸਮੇਤ ਸ਼ਿਰਕਤ ਕਰਦਾ ਅਤੇ ਹਰ ਸਾਲ ਧੀਆਂ ਨੂੰ ਪੰਜਾਬ ਲੈ ਕੇ ਜਾਂਦਾ ਉਸ ਦੇ ਦਿਮਾਗ ਵਿਚ ਸੀ ਕਿ ਜੇ ਬੱਚੀਆਂ ਹਰ ਸਾਲ ਪੰਜਾਬ ਜਾਣਗੀਆਂ ਤਾਂ ਇਹਨਾਂ ਦਾ ਸਾਡੇ ਅਮੀਰ ਸੱਭਿਆਚਾਰ, ਸੱਚੇ ਸੁੱਚੇ ਵਿਰਸੇ ਅਤੇ ਆਪ ਦੀ ਮਾਂ-ਬੋਲੀ ਨਾਲ਼ ਸਨੇਹ ਵਧੇਗਾ ਦੋਨੋਂ ਕੁੜੀਆਂ ਬੜੀ ਵਧੀਆ ਪੰਜਾਬੀ ਬੋਲਦੀਆਂ ਥੋੜਾ ਬਹੁਤਾ ਲਿਖ ਪੜ੍ਹ ਵੀ ਲੈਂਦੀਆਂ

ਗੁਰਚਰਨ ਸਿੰਘ ਬੜਾ ਖ਼ੁਸ਼ ਸੀ ਘਰੇ ਉਹ ਉਹਨਾਂ ਨਾਲ਼ ਹਮੇਸ਼ਾ ਪੰਜਾਬੀ ਹੀ ਬੋਲਦਾ ਸਿਰਫ਼ ਸਕੂਲ ਵਿਚ ਹੀ ਲੋੜ ਪੈਣ 'ਤੇ ਅੰਗਰੇਜ਼ੀ ਵਿਚ ਗੱਲ ਕਰਦਾ, ਜਿੱਥੇ ਅੰਗਰੇਜ਼ੀ ਬਿਨਾ ਬਿਲਕੁਲ ਸਰਦਾ ਨਹੀਂ ਸੀ ਘਰ ਕੇ ਕੁੜੀਆਂ ਪੰਜਾਬੀ ਸੂਟ ਪਾਉਂਦੀਆਂ ਪੰਜਾਬੀ ਖਾਣਾਂ ਖਾਂਦੀਆਂ ਸੀਤਲ ਨੂੰ ਤਾਂ ਦਾਲ਼-ਸਬਜ਼ੀ ਵੀ ਬਣਾਉਣੀ ਆਉਂਦੀ ਸੀ ਪਾਇਲ ਪਿਆਜ਼ ਬਗੈਰਾ ਕੱਟ ਦਿੰਦੀ ਉਹ ਸਮਰੱਥਾ ਅਨੁਸਾਰ ਰਸੋਈ ਵਿਚ ਮਾਂ ਦੀ ਮੱਦਦ ਕਰਦੀਆਂ ਸੀਤਲ ਤਾਂ ਅੜੇ ਥੁੜੇ ਰੋਟੀਆਂ ਵੀ ਲਾਹ ਲੈਂਦੀ ਕਦੇ ਕਦੇ ਬੱਚਿਆਂ ਦੀ ਚਾਹਤ ਅਨੁਸਾਰ ਗੁਰਚਰਨ ਉਹਨਾਂ ਨੂੰ 'ਮੈੱਕ ਡੋਨਾਲਡ' ਜਾਂ 'ਬਰਗਰ ਕਿੰਗ' ਵੀ ਲੈ ਜਾਂਦਾ ਗੱਲ ਕੀ, ਉਸ ਨੇ ਬੱਚਿਆਂ ਦੀ ਹਰ ਜਾਇਜ਼ ਗੱਲ ਪੂਰੀ ਕੀਤੀ ਸੀ ਕਿਸੇ ਗੱਲੋਂ ਕਦੇ ਥੁੜਨ ਨਹੀਂ ਦਿੱਤਾ ਸੀ ਕਦੇ ਕਿਸੇ ਗੱਲੋਂ ਟੋਟ ਨਹੀਂ ਆਉਣ ਦਿੱਤੀ ਸੀ ਹਰ ਤਰ੍ਹਾਂ ਦਾ ਲਾਡ ਪਿਆਰ ਦਿੱਤਾ ਸੀ ਕਿਰਪਾਲ ਕੌਰ ਨੂੰ ਵੀ ਕਦੇ ਝਿੜਕਣ ਨਹੀਂ ਦਿੱਤਾ ਸੀ, "ਕਿਰਪਾਲ ਕੁਰੇ...! ਇਹ ਮੇਰੀਆਂ ਧੀਆਂ ਨਹੀਂ, ਪੁੱਤ ...! ਇਹਨਾਂ ਨੂੰ ਘੂਰਿਆ ਨਾ ਕਰ...! ਜੇ ਇਹਨਾਂ ਨੂੰ ਕਦੇ ਘੂਰਿਆ, ਆਪਣੀ ਜੰਗ ਹੋਜੂ...!" ਗੁਰਚਰਨ ਆਖਦਾ ਕੁੜੀਆਂ ਹੱਸਦੀਆਂ ਰਹਿੰਦੀਆਂ ਕਿਰਪਾਲ ਕੌਰ ਹੱਸ ਕੇ ਆਖਦੀ, "ਗੁਰਚਰਨ ਜੀ, ਪੁੱਤਰ ਧੀ ਤੇ ਖੁਰਪਾ ਚੰਡੇ ਹੀ ਕੰਮ ਦਿੰਦੇ ਨੇ, ਘਿਉ ਦੇ ਕੋਲ ਚੂਚਕਾ ਰੱਖੀਏ ਨਾ ਅੰਗਿਆਰੀ...!"

-"ਮੇਰੀਆਂ ਧੀਆਂ ਚੰਡਣ ਆਲ਼ੀਆਂ ਹੈਨ੍ਹੀ...! ਸਿਆਣੀਆਂ ਧੀਐਂ ਮੇਰੀਆਂ ਤਾਂ...!" ਗੁਰਚਰਨ ਵੀ ਸੀਤਲ ਅਤੇ ਪਾਇਲ ਦੇ ਸਿਰ 'ਤੇ ਹੱਥ ਰੱਖ ਕੇ ਮੁਸਕਰਾ ਪੈਂਦਾ
ਜਿਤਨਾ ਚਿਰ ਸੀਤਲ ਸਕੂਲ ਜਾਂਦੀ ਰਹੀ ਗੁਰਚਰਨ ਸਕੂਲ ਛੱਡਣ ਜਾਂਦਾ ਰਿਹਾ ਅਤੇ ਲੈ ਕੇ ਵੀ ਆਉਂਦਾ ਰਿਹਾ ਟਾਈਮ 'ਚੋਂ ਟਾਈਮ ਕੱਢ ਕੇ ਵੀ...! ਪਰ ਜਦੋਂ ਸੀਤਲ ਕਾਲਜ ਚਲੀ ਗਈ ਤਾਂ ਉਸ ਨੂੰ ਛੱਡਣ ਅਤੇ ਲਿਆਉਣ ਦਾ ਕੰਮ ਬੰਦ ਹੋ ਗਿਆ ਅਤੇ ਸਮਾਂ ਪਾ ਕੇ ਸੀਤਲ ਇਮਰਾਨ ਦੇ ਢਹੇ ਚੜ੍ਹ ਕੁਰਾਹੇ ਪੈ ਗਈ ਖ਼ਰਬੂਜੇ ਨੂੰ ਦੇਖ ਕੇ ਖ਼ਰਬੂਜਾ ਰੰਗ ਫੜਦੈ! ਖ਼ਰਬੂਜਾ ਚਾਹੇ ਛੁਰੀ 'ਤੇ ਡਿੱਗੇ, ਚਾਹੇ ਛੁਰੀ ਖ਼ਰਬੂਜੇ 'ਤੇ, ਹਸ਼ਰ ਇੱਕੋ ਹੀ ਹੁੰਦੈ..! ਵੱਢਿਆ ਖ਼ਰਬੂਜੇ ਨੇ ਹੀ ਜਾਣਾਂ ਹੁੰਦੈ...! ਕੱਚੀ ਉਮਰ ਬੜੀ ਜਲਦੀ ਬੁਰਾਈ ਗ੍ਰਹਿਣ ਕਰਦੀ ਹੈ..! ਹੋਰ ਕੁੜੀਆਂ ਵੱਲ ਦੇਖ ਦੇਖ ਕੇ ਉਹ ਵੀ ਔਝੜ ਰਸਤੇ ਪੈ ਗਈ ਨਾਲ਼ ਪੜ੍ਹਦੀਆਂ ਕੁੜੀਆਂ ਜਦੋਂ ਉਸ ਨੂੰ ਕਿਤੇ 'ਬਾਹਰ' ਘੁੰਮਣ ਫ਼ਿਰਨ ਲਈ ਪੁੱਛਦੀਆਂ ਤਾਂ ਸੀਤਲ 'ਨਾਂਹ' ਕਰ ਦਿੰਦੀ ਕੁੜੀਆਂ ਉਸ ਵੱਲ ਦੇਖ ਕੇ ਹੱਸਦੀਆਂ ਉਸ ਦਾ ਮਾਖ਼ੌਲ ਉਡਾਉਂਦੀਆਂ, "ਕੀ ਤੇਰੀ ਲਾਈਫ਼ ਸੀਤਲ਼...? ਮਾਂ ਬਾਪ ਤੋਂ ਡਰਦੀ ਰਹਿੰਨੀ ਐਂ...? ਫ਼ੱਕ ਯੂਅਰ ਪੇਰਿੰਟਸ ਐਂਡ ਗੋ ਵਿਦ ਅੱਸ, ਇੰਜੁਆਏ ਯੂਅਰ ਲਾਈਫ਼...! ਕਮ ਔਨ...!"

ਖ਼ੈਰ...! ਰੰਡੀਆਂ ਤਾਂ ਰੰਡ ਕੱਟ ਲੈਣ, ਪਰ ਉਂਗਲਾਂ ਵਾਲ਼ੇ ਨਹੀਂ ਕੱਟਣ ਦਿੰਦੇ ਆਖਰ ਚਾਦਰ ਪਾ ਹੀ ਲੈਂਦੇ ਹਨ ਪਰ ਗੁਰਚਰਨ ਨੂੰ ਆਪਣੀ ਧੀ 'ਤੇ ਰੱਬ ਵਰਗਾ ਵਿਸ਼ਵਾਸ ਸੀ ਸੀਤਲ ਕਾਲਜ ਤੋਂ ਦਿਨ--ਦਿਨ ਲੇਟ ਹੋਣ ਲੱਗੀ ਅਤੇ ਨਿੱਤ ਨਵੇਂ ਬਹਾਨੇ ਘੜ੍ਹਨ ਲੱਗੀ ਕਿਰਪਾਲ ਕੌਰ ਨੇ ਗੁਰਚਰਨ ਨੂੰ ਇਸ ਪੱਖੋਂ ਸੁਚੇਤ ਕੀਤਾ, ਹਲੂਣਿਆਂ! ਪਰ ਉਲਟਾ ਉਹ ਕਿਰਪਾਲ ਕੌਰ ਨੂੰ ਹੀ ਕੌੜਿਆ, "ਕਾਹਨੂੰ ਕੁੱਤੇ ਮਾਂਗੂੰ ਭੌਂਕੀ ਜਾਨੀ ਹੁੰਨੀ ਐਂ...? ਮੈਨੂੰ ਮੇਰੀ ਧੀ 'ਤੇ ਪਰਬਤ ਜਿੱਡਾ ਵਿਸ਼ਵਾਸ ...! ਤੂੰ ਆਬਦੀ ਸਾਗ ਘੋਟੂ ਮੱਤ ਆਬਦੇ ਕੋਲ਼ੇ ਰੱਖਿਆ ਕਰ...! ਸਾਡੇ ਪਿਉ ਧੀ ਦੇ ਮਸਲੇ ' ਬਾਹਲ਼ਾ ਦਖ਼ਲ ਨਾ ਦਿਆ ਕਰ...!" ਘਰਵਾਲੇ ਅੱਗੇ ਕਿਰਪਾਲ ਕੌਰ ਚੁੱਪ ਵੱਟ ਗਈ ਗੁਰਚਰਨ ਨੇ ਕਦੇ ਵੀ ਕਿਰਪਾਲ ਕੌਰ ਨੂੰ ਬੁਰਾ ਲਫ਼ਜ਼ ਨਹੀਂ ਕਿਹਾ ਸੀ ਉਚੀ ਨਹੀਂ ਬੋਲਿਆ ਸੀ

ਇਕ ਦਿਨ ਸੀਤਲ ਦੀ ਕਾਲਜ ਦੀ ਸਹੇਲੀ ਪਿੰਕੀ ਦਾ ਜਨਮ ਦਿਨ ਸੀ ਉਸ ਨੇ ਸਾਰੇ ਨੇੜਲੇ ਦੋਸਤ ਮੁੰਡੇ ਕੁੜੀਆਂ ਨੂੰ ਸੱਦਾ-ਪੱਤਰ ਭੇਜਿਆ ਉਹਨਾਂ ਵਿਚ ਸੀਤਲ ਅਤੇ ਇਮਰਾਨ ਵੀ ਸ਼ਾਮਲ ਸਨ ਬਾਪ ਤੋਂ ਇਜਾਜ਼ਤ ਲੈ ਕੇ ਸੀਤਲ ਪਿੰਕੀ ਦੇ ਜਨਮ ਦਿਨ 'ਤੇ ਚਲੀ ਗਈ ਰਾਤ ਉਸ ਨੇ ਪਿੰਕੀ ਦੇ ਘਰ ਹੀ ਰਹਿਣਾ ਸੀ ਸਤਿਯੁਗੀ ਬਾਪ ਨੇ ਸੀਤਲ 'ਤੇ ਪੂਰਨ ਵਿਸ਼ਵਾਸ ਕਰ ਕੇ ਸੀਤਲ ਨੂੰ ਰਾਤ ਦੀ ਰਹਾਇਸ਼ ਲਈ ਵੀ 'ਹਾਂ' ਕਰ ਦਿੱਤੀ ਪਹਿਲਾਂ ਗੁਰਚਰਨ ਨੇ ਪਿੰਕੀ ਤੋਂ ਫ਼ੋਨ ਕਰ ਕੇ ਪੁੱਛਿਆ ਕਿ ਉਸ ਦੇ ਮਾਂ-ਬਾਪ ਵੀ ਇਸ ਪਾਰਟੀ ਵਿਚ ਹੋਣਗੇ...? ਰਾਤ ਨੂੰ ਉਹ ਉਸ ਦੇ ਮਾਂ-ਬਾਪ ਕੋਲ਼ ਹੀ ਪੈਣਗੀਆਂ...?

-"ਅੰਕਲ ਜੀ...! ਤੁਹਾਨੂੰ ਮੇਰੇ 'ਤੇ ਵਿਸ਼ਵਾਸ ਨਹੀਂ...?" ਆਖ ਕੇ ਪਿੰਕੀ ਨੇ ਇੱਕੋ ਗੱਲ ਨਾਲ਼ ਹੀ ਗੁਰਚਰਨ ਦੀ ਤਸੱਲੀ ਕਰਵਾ ਦਿੱਤੀ ਸੀ

-"ਨਹੀਂ ਬੇਟੇ...! ਜੇ ਇਤਬਾਰ ਨਾਂ ਹੁੰਦਾ, ਤਾਂ ਮੈਂ ਸੀਤਲ ਨੂੰ ਭੇਜਦਾ ਹੀ ਨਹੀਂ ਸੀ...! ਜੇ ਵਿਸ਼ਵਾਸ ਹੈ, ਤਾਂ ਹੀ ਭੇਜ ਰਹੇ ਆਂ...? ਇੰਜੁਆਏ ਕਰੋ ਬੇਟੇ...! ਹੈਪੀ ਬਰਥ ਡੇ ਟੂ ਯੂ...! ਟੇਕ ਕੇਅਰ...!! ਕੱਲ੍ਹ ਨੂੰ ਸੀਤਲ ਨੂੰ ਬਾਰਾਂ ਕੁ ਵਜੇ ਮੈਂ ਕੇ ਲੈ ਜਾਊਂ ਬੇਟੇ, ਜਦੋਂ ਸੁੱਤੀਆਂ ਉਠ ਖੜ੍ਹੀਆਂ ਮੈਨੂੰ ਫ਼ੋਨ ਕਰ ਦਿਓ-!"
-"ਨਹੀਂ ਅੰਕਲ਼...! ਤੁਸੀਂ ਨਾ ਆਇਓ..! ਮੇਰੇ ਮੰਮ ਜਾਂ ਡੈਡ ਆਪ ਕੇ ਛੱਡ ਜਾਣਗੇ..! ਤੁਸੀਂ ਤਕਲੀਫ਼ ਨਾ ਕਰਿਓ ਪਲੀਜ਼...! ਨੋ ਫ਼ਿਕਰ, ਨੋ ਚਿੰਤਾ ਐਂਡ ਡੋਂਟ ਵਰੀ...!" ਪਿੰਕੀ ਹੱਸ ਪਈ

-"ਔਲ ਰਾਈਟ ਪਿੰਕੀ ਬੇਟੇ...! ਨਾਲ਼ੇ ਏਸ ਬਹਾਨੇ ਤੇਰੇ ਮਾਂ ਬਾਪ ਨੂੰ ਵੀ ਮਿਲ਼ ਲਵਾਂਗੇ!" ਹੱਸਦੇ ਗੁਰਚਰਨ ਨੇ ਵੀ ਫ਼ੋਨ ਕੱਟ ਦਿੱਤਾ
ਰਾਤ ਨੂੰ ਪਿੰਕੀ ਦੇ ਜਨਮ ਦਿਨ ਦੀ ਪਾਰਟੀ ਸ਼ੁਰੂ ਹੋਈ ਵੀਹ ਮੁੰਡੇ ਕੁੜੀਆਂ ਪਾਰਟੀ ਵਿਚ ਆਏ ਸਨ ਸਾਰੇ ਹੀ ਕਾਲਜ ਦੇ ਵਿਦਿਆਰਥੀ ਦਸ ਮੁੰਡੇ ਅਤੇ ਦਸ ਹੀ ਕੁੜੀਆਂ! ਪਾਰਟੀ ਪਿੰਕੀ ਦੀ ਕਿਸੇ ਦੋਸਤ ਕੁੜੀ ਪੈਮ ਦੇ ਘਰ ਵਿਚ ਰੱਖੀ ਹੋਈ ਸੀ ਪੈਮ ਦੇ ਮਾਂ-ਬਾਪ ਛੋਟੇ ਬੱਚਿਆਂ ਨਾਲ਼ ਦੋ ਮਹੀਨੇ ਲਈ ਪੰਜਾਬ ਗਏ ਹੋਏ ਸਨ ਖੁੱਲ੍ਹੀ ਖੇਡ ਸੀ ਨੇੜੇ ਤੇੜੇ ਸਿਰਫ਼ ਗੋਰੇ ਹੀ ਵਸਦੇ ਸਨ ਖੁੱਲ੍ਹੇ ਡੁੱਲ੍ਹੇ ਘਰ ਵਿਚ ਬੀਅਰ, ਵਿਸਕੀ, ਕੋਕ, ਫ਼ੈਂਟਾ ਆਦਿ ਥੋਕ ਵਿਚ ਲਿਆ ਰੱਖੇ ਸਨ ਕੇਟਰਿੰਗ ਸਰਵਿਸ ਵਾਲ਼ਿਆਂ ਨੂੰ ਮੀਟ-ਮੁਰਗਾ ਅਤੇ ਪੀਜ਼ਾ 'ਆਰਡਰ' ਕੀਤਾ ਹੋਇਆ ਸੀ
ਪਾਰਟੀ ਦੀ ਅਸਲ ਸ਼ੁਰੂਆਤ ਹੋਈ
ਜਨਮ ਦਿਨ ਦਾ ਕੇਕ ਕੱਟਿਆ ਗਿਆ
"ਹੈਪੀ ਬਰਥ ਡੇ ਟੂ ਯੂ" ਹੋ ਗਿਆ ਸਾਰਿਆਂ ਨੇ ਪਿੰਕੀ ਨੂੰ 'ਗਿਫ਼ਟ' ਦਿੱਤੇ ਜੱਫ਼ੀਆਂ ਪਾਈਆਂ ਲੰਬੀ ਉਮਰ ਦੀ ਕਾਮਨਾਂ ਕੀਤੀ ਚੁੰਮੀਆਂ ਲਈਆਂ ਅਤੇ ਦਿੱਤੀਆਂ

ਕੋਕਾ ਕੋਲਾ ਤੋਂ ਕੰਮ ਸ਼ੁਰੂ ਹੋ ਕੇ ਬੀਅਰ ਅਤੇ ਫਿਰ ਵਿਸਕੀ 'ਤੇ ਪੁੱਜ ਗਿਆ ਪਿੰਕੀ ਦੇ ਮਾਂ-ਬਾਪ ਕਾਫ਼ੀ ਰੱਜੇ ਪੁੱਜੇ ਅਤੇ ਅਮੀਰ ਸਨ ਪੈਸੇ ਦੀ ਕੋਈ ਕਮੀ ਨਹੀਂ ਸੀ ਕਿਸੇ ਗੱਲੋਂ ਕੋਈ ਤੰਗੀ ਨਹੀਂ ਸੀ ਉਸ ਦੇ ਬਾਪ ਦੀਆਂ ਤਿੰਨ ਜਿਊਲਿਰੀ ਦੀਆਂ ਦੁਕਾਨਾਂ ਸਨ ਮਾਂ, ਬਾਪ ਅਤੇ ਭਰਾ ਖ਼ੁਦ ਦੁਕਾਨਾਂ ਚਲਾਉਂਦੇ ਸਨ ਪਿੰਕੀ 'ਕੱਲੀ-'ਕੱਲੀ ਵਿਗੜੀ ਹੋਈ ਕੁੜੀ ਸੀ ਮਾਂ ਬਾਪ ਵੀ ਆਪਣੇ ਬਿਜ਼ਨਸ ਵਿਚ ਮਸ਼ਰੂਫ਼ ਹੋਣ ਕਾਰਨ ਬਹੁਤਾ ਧਿਆਨ ਨਹੀਂ ਰੱਖ ਸਕਦੇ ਸਨ ਵੀਹ ਕੁ ਸਾਲ ਦੀ ਵਿਗੜੀ ਕੁੜੀ ਪਿੰਕੀ ਹੁਣ ਤੱਕ ਦਸ-ਪੰਦਰਾਂ ਯਾਰ 'ਹੰਢਾ' ਚੁੱਕੀ ਸੀ ਪੰਦਰਾਂ ਸਾਲ ਦੀ ਉਮਰ ਵਿਚ ਹੀ ਪਿੰਕੀ ਵਿਆਹੀਆਂ ਵਰੀਆਂ ਦੇ 'ਰਸਤੇ' ਤੁਰ ਪਈ ਸੀ ਪਰ ਮਾਂ-ਬਾਪ ਨੂੰ ਕੁਝ ਵੀ ਪਤਾ ਨਹੀਂ ਸੀ ਜਦੋਂ ਨੂੰ ਉਹ ਆਪੋ ਆਪਣੀਆਂ ਦੁਕਾਨਾਂ ਬੰਦ ਕਰ ਕੇ ਆਉਂਦੇ, ਪਿੰਕੀ ਘਰ ਹੁੰਦੀ ਪੜ੍ਹ ਰਹੀ ਹੁੰਦੀ ਜਾਂ ਟੀ. ਵੀ. ਦੇਖ ਰਹੀ ਹੁੰਦੀ ਦੇਖ ਕੇ ਮਾਂ-ਬਾਪ ਸੰਤੁਸ਼ਟ ਹੋ ਜਾਂਦੇ! ਉਹਨਾਂ ਦੇ ਭਾਅ ਦਾ ਤਾਂ ਪਿੰਕੀ ਬੜੀ ਸਤੀ ਸਵਿੱਤਰੀ ਸੀ ਗਊ ਵਰਗੀ ਧੀ...! ਜਿਹੜੀ ਸਰੀਰਕ ਤ੍ਰਿਪਤੀ ਪਿੰਕੀ ਨੇ ਕਰਨੀ ਹੁੰਦੀ, ਮਾਂ-ਬਾਪ ਦੇ ਘਰ ਆਉਣ ਤੋਂ ਪਹਿਲਾਂ ਹੀ ਕਰ ਕਰਵਾ ਕੇ ਘਰ ਜਾਂਦੀ ਉਸ ਦੇ ਮਾਂ-ਬਾਪ ਦੇ ਕਿਸੇ ਨਾਲ਼ ਬਹੁਤੇ ਸਬੰਧ ਵੀ ਨਹੀਂ ਸਨ ਉਹ ਤਾਂ ਆਪਣੇ ਕਾਰੋਬਾਰ ਵਿਚ ਹੀ ਮਸਤ ਸਨ ਸਿਰਫ਼ ਪੈਸੇ ਨੂੰ ਚਿੰਬੜੇ ਰਹਿਣ ਵਾਲ਼ੇ ਲੀਚੜ...!
ਪਿੰਕੀ ਨੇ ਆਪ ਵਿਸਕੀ ਦਾ ਦੌਰ ਸ਼ੁਰੂ ਕੀਤਾ ਅਤੇ ਦੂਜੇ ਮੁੰਡੇ ਕੁੜੀਆਂ ਨੂੰ ਵੀ ਵਰਤਾਉਣੀ ਸ਼ੁਰੂ ਕਰ ਦਿੱਤੀ ਕੁਝ ਮੁੰਡੇ ਕੁੜੀਆਂ ਸਿਗਰਟਾਂ ਵੀ ਪੀ ਰਹੇ ਸਨ

ਪਰ ਸੀਤਲ ਬੀਅਰ ਜਾਂ ਵਿਸਕੀ ਪੀਣ ਤੋਂ ਸਰਾਸਰ ਮੁਨੱਕਰ ਸੀ
-"ਇਹ ਤਾਂ ਮਾਂ ਬਾਪ ਦੀ ਲਾਡਲੀ 'ਮੁੰਨੋ' ਐਂ...!" ਡਾਲੀ ਨੇ ਵਿਸਕੀ ਦੀ ਸਿੱਪ ਲੈਂਦਿਆਂ ਸੀਤਲ ਨੂੰ ਚਿੜਾਇਆ ਹੱਥ ਵਿਚ ਉਹਦੇ ਗੰਨੇ ਜਿੱਡੀ ਸਿਰਗਟ ਫੜੀ ਹੋਈ ਸੀ
-"ਇਹਨੂੰ ਪੁੱਛ ਤਾਂ ਲਵੋ, ਪੁੱਤੂ ਦੁੱਧੂ ਮੀਨੈ...?" ਲਵਲੀ ਵੀ ਪਿੱਛੇ ਨਾ ਰਹੀ
-"ਸੀਤਲ, ਕੰਨਫ਼ਿਊਸ਼ੀਅਸ ਕਹਿੰਦੈ, ਫ਼ੌਰਗੈੱਟ ਅਬਾਊਟ ਪਾਸਟ, ਇੰਜੁਆਏ ਪਰੈਜੈਂਟ ਐਂਡ ਡੋਂਟ ਵਰੀ ਅਬਾਊਟ ਫ਼ਿਊਚਰ-!" ਇਮਰਾਨ ਫ਼ਿਲਾਸਫ਼ਰਾਂ ਵਾਂਗ ਬੋਲਿਆ
-"ਕਮ ਔਨ ਸੀਤਲ਼...! ਕਾਹਤੋਂ ਬੇਇੱਜ਼ਤੀ ਕਰਵਾਈ ਜਾਨੀ ਐਂ...? ਕਮ ਔਨ ਯਾਰ...!" ਪਿੰਕੀ ਨੇ ਮੱਲੋਮੱਲੀ ਵਿਸਕੀ ਦਾ ਗਿਲਾਸ ਸੀਤਲ ਦੇ ਹੱਥ ਦੇ ਦਿੱਤਾ
ਇੱਜ਼ਤ ਅਤੇ ਬੇਇੱਜ਼ਤੀ ਦੇ ਸੁਆਲ ਵਿਚ ਪਿੱਸਦੀ ਸੀਤਲ ਨੇ ਅੱਖਾਂ ਮੀਟ ਅਤੇ ਜਾੜ੍ਹ ਘੁੱਟ ਕੇ ਗਿਲਾਸ ਖਾਲੀ ਕਰ ਦਿੱਤਾ
-"ਗਰੇਟ ਗਰਲ਼...!"
-"ਗਰੇਟ ਸੀਤਲ, ਗਰੇਟ...!"
-"ਵੈਰ੍ਹੀ ਗੁੱਡ...!"

-"ਵੈੱਲ ਡਨ...!" ਮੁੰਡੇ ਕੁੜੀਆਂ ਨੇ ਖ਼ੁਸ਼ੀ ਵਿਚ ਤਾੜੀਆਂ ਚੁੱਕ ਦਿੱਤੀਆਂ ਪਹਿਲੀ ਵਾਰ ਵਿਸਕੀ ਪੀਣ ਕਾਰਨ ਸੀਤਲ ਦਾ ਸਾਹ ਰੁਕ ਗਿਆ ਅੱਖਾਂ ਖੜ੍ਹ ਗਈਆਂ ਸ਼ਰਾਬ ਨੇ ਕੁੜੀ ਨੂੰ 'ਪੱਠਾ' ਲਾ ਦਿੱਤਾ ਸੀ ਉਸ ਨੇ ਸਿਰ ਮੇਜ਼ 'ਤੇ ਸੁੱਟ ਲਿਆ ਇਮਰਾਨ ਨੇ ਉਸ ਦੀ ਪਿੱਠ 'ਤੇ ਚਾਰ-ਪੰਜ ਹਲਕੇ ਜਿਹੇ ਧੱਫ਼ੇ ਮਾਰੇ ਸੀਤਲ ਨੂੰ ਪੂਰਾ ਸਾਹ ਆਉਣ ਲੱਗ ਪਿਆ ਉਸ ਨੇ ਕੁਝ ਕਰੜੇ ਖੰਘੂਰੇ ਜਿਹੇ ਮਾਰੇ ਦਮੇਂ ਵਾਲ਼ੇ ਅਮਲੀ ਵਾਂਗ! ਵਿਸਕੀ ਨੇ ਆਪਣਾ ਰੰਗ ਢੰਗ ਦਿਖਾਉਣਾਂ ਸ਼ੁਰੂ ਕਰ ਦਿੱਤਾ ਕੁਝ ਪਲਾਂ ਵਿਚ ਉਸ ਨੂੰ ਬਿਜਲੀ ਦੀ ਰੌਸ਼ਨੀ ਲੋਰੀਆਂ ਦਿੰਦੀ ਜਾਪੀ ਮੂਡ ਖੁਸ਼ੀ ਦੇ ਖੰਭ ਲਾ ਸੱਤਵੇਂ ਅਸਮਾਨ ਚੜ੍ਹ ਗਿਆ ਵਿਸਕੀ ਦੀ ਕੁੜੱਤਣ ਮਿਟਣ ਲੱਗੀ ਅਤੇ ਹਰ ਚੀਜ਼ ਮਿੱਠੀ-ਮਿੱਠੀ, ਪਿਆਰੀ-ਪਿਆਰੀ ਅਤੇ ਮਣਮੋਹਕ ਨਜ਼ਰ ਆਉਣ ਲੱਗ ਪਈ ਸੀਤਲ ਦਾ ਮਨ ਬਾਘੀਆਂ ਪਾਉਣ ਨੂੰ ਕੀਤਾ ਉਸ ਨੇ ਦੋ-ਤਿੰਨ ਕਿਲਕਾਰੀਆਂ ਜਿਹੀਆਂ ਵੀ ਮਾਰੀਆਂ ਸਾਰਿਆਂ ਦਾ ਤਕਰੀਬਨ ਇਹੋ ਹਾਲ ਸੀ ਅਜੇ ਮੁੰਡੇ ਕੁਝ ਕੁ ਥਾਂ ਸਿਰ ਸਨ ਨਿੱਤ ਨਹੀਂ ਤਾਂ ਹਰ 'ਵੀਕ-ਇੰਡ' 'ਤੇ ਪੀਣ ਵਾਲ਼ੇ ਮੁੰਡਿਆਂ ਨੂੰ ਕੋਈ ਬਹੁਤਾ ਫ਼ਰਕ ਨਹੀਂ ਪਿਆ ਸੀ ਇਮਰਾਨ ਨੇ ਸੀਤਲ ਨੂੰ ਇਕ ਹੋਰ ਨਿੱਕਾ ਜਿਹਾ ਪੈੱਗ ਦੇ ਦਿੱਤਾ ਅਤੇ ਫੜ ਕੇ ਉਸ ਨੂੰ ਡਰਾਇੰਗ-ਰੂਮ ਦੇ ਇਕ ਕੋਨੇ ਵਿਚ ਲੈ ਗਿਆ

-"ਆਰ ਯੂ ਔਲ ਰਾਈਟ ਸੀਤਲ਼...?" ਉਸ ਨੇ ਸੀਤਲ ਨੂੰ ਆਪਣੇ ਨਾਲ਼ ਘੁੱਟਦਿਆਂ ਪੁੱਛਿਆ ਛਾਤੀ ਨਾਲ਼ ਛਾਤੀ ਘਸਾਈ
-"ਫ਼ੈਨਟੈਸਟਿਕ ਮੈਨ...! ਰੀਅਲੀ ਫ਼ੈਨਟੈਸਟਿਕ...!! ਆਈ ਥਿੰਕ ਆਈ ਐੱਮ ਔਨ ਦਾ ਸੈਵਨਥ ਹੈਵਨ...!!!" ਉਸ ਨੇ ਇਮਰਾਨ ਨੂੰ ਘੁੱਟ ਕੇ ਜੱਫ਼ੀ ਪਾਉਂਦਿਆਂ ਕਿਹਾ
-"ਨਾਈਸ਼...!" ਉਸ ਨੇ ਸੀਤਲ ਦੇ ਬੁੱਲ੍ਹ ਚੁੰਮਦਿਆਂ ਆਖਿਆ
-"ਓਹ ਯੂ ਆਰ ਸੋ ਨਾਈਸ ਇਮਰਨ...! ਆਈ ਲਾਈਕ ਯੂ ਡਾਰਲਿੰਗ਼...! ਆਈ ਲਾਈਕ ਯੂ ਸੋ ਮੱਚ...!" ਸੀਤਲ ਨੇ ਪੈੱਗ ਪੀ ਕੇ ਗਿਲਾਸ ਇਕ ਪਾਸੇ ਰੱਖ ਦਿੱਤਾ ਅਤੇ ਇਮਰਾਨ ਦੁਆਲ਼ੇ ਕਿਸੇ ਵੇਲ ਵਾਂਗ ਚਿੰਬੜ ਗਈ
-"ਇੰਜੁਆਇੰਗ਼...?" ਪਿੰਕੀ ਦੇ ਭਰਵੱਟੇ ਸੱਪ ਵਾਂਗ ਹਿੱਲੇ ਉਸ ਨੇ ਇਮਰਾਨ ਨੂੰ ਪੁੱਛਿਆ
-"ਓਹ ਯੈਅ...! ਵੂਈ ਆਰ ਇੰਜੁਆਇੰਗ ਵੈਰੀ ਵੈੱਲ ਪਿੰਕੀ, ਥੈਂਕ ਯੂ...! ਥੈਂਕ ਯੂ ਡਾਰਲਿੰਗ਼...! ਆਈ ਲਵ ਯੂ...!" ਇਮਰਾਨ ਦੀ ਥਾਂ ਸੀਤਲ ਨੇ ਉਤਰ ਦਿੱਤਾ ਉਸ ਦੀਆਂ ਬਲਾਉਰੀ ਅੱਖਾਂ ਵਿਚ ਨਸ਼ਾ ਦੀਵੇ ਦੀ ਲਾਟ ਵਾਂਗ ਡੋਲ ਰਿਹਾ ਸੀ

-". ਕੇ. ਦੈਨ ...! ਗੋ ਆਹੈੱਡ...! ਇੰਜੁਆਏ ਯੂਅਰਸੈਲਫ਼...!" ਤੇ ਪਿੰਕੀ ਵਿਸਕੀ ਦਾ ਗਿਲਾਸ ਫੜੀ ਮਹਿਫ਼ਲ ਵਿਚ ਗੁੰਮ ਹੋ ਗਈ
ਇਮਰਾਨ ਅਤੇ ਸੀਤਲ ਡਰਾਇੰਗ-ਰੂਮ ਵਿਚੋਂ ਬਾਹਰ ਗਾਰਡਨ ਵਿਚ ਗਏ ਅੰਨ੍ਹੀਆਂ ਜਿਹੀਆਂ ਲਾਈਟਾਂ ਕਾਰਨ ਗਾਰਡਨ ਵਿਚ ਮੂੰਹ ਹਨ੍ਹੇਰਾ ਜਿਹਾ ਸੀ ਉਹ ਇਕ ਦੂਜੇ ਨੂੰ ਹਲ਼ਕਿਆਂ ਵਾਂਗ ਬੁੱਲ੍ਹਾਂ ਰਾਹੀਂ 'ਪੀ' ਰਹੇ ਸਨ ਇਕ ਦੂਜੇ ਦੀਆਂ ਘੁੱਟਾਂ ਭਰ ਰਹੇ ਸਨ
ਸੀਤਲ ਛੋਟੇ-ਛੋਟੇ ਪੰਜ ਪੈੱਗ ਪੀ ਚੁੱਕੀ ਸੀ ਹੁਣ ਉਸ ਨੂੰ ਪੂਰੀ ਹੋਸ਼ ਵੀ ਨਹੀਂ ਸੀ ਫਿਰ ਪਤਾ ਨਹੀਂ ਕਿਉਂ ਉਸ ਨੇ ਇਮਰਾਨ ਦੇ ਗਲ਼ ਲੱਗ ਕੇ ਉਚੀ ਉਚੀ ਰੋਣਾਂ ਸ਼ੁਰੂ ਕਰ ਦਿੱਤਾ ਇਮਰਾਨ ਚੁੱਪ ਕਰਾਉਣ ਦੇ ਬਹਾਨੇ ਸੀਤਲ ਦੀਆਂ ਜੁਆਨ ਛਾਤੀਆਂ ਪਲ਼ੋਸ ਰਿਹਾ ਸੀ ਗਾਰਡਨ ਦੇ ਹਨ੍ਹੇਰੇ ਵਿਚ ਉਸ ਨੇ ਸੀਤਲ ਦੀ ਟੀ-ਸ਼ਰਟ ਗਲ਼ ਤੱਕ ਉਪਰ ਚੁੱਕ ਰੱਖੀ ਸੀ ਕਿਸੇ ਅਲੌਕਿਕ ਜਿਹੇ ਅਜੀਬ ਸੁਆਦ ਵਿਚ ਸੀਤਲ ਨੇ ਰੋਣਾਂ ਬੰਦ ਕਰ ਦਿੱਤਾ ਉਹ ਭਾਰੇ ਭਾਰੇ ਸਾਹ ਲੈ ਰਹੀ ਸੀ
ਖਾਣੇ ਲਈ ਅਵਾਜ਼ ਪੈ ਗਈ
ਇਮਰਾਨ ਦਾ ਸੁਆਦ ਮਾਰਿਆ ਗਿਆ
-"ਅੱਜ ਆਪਾਂ 'ਕੱਠੇ ਪਵਾਂਗੇ ਸੀਤਲ਼...!" ਇਮਰਾਨ ਨੇ ਅੰਦਰ ਵੱਲ ਨੂੰ ਤੁਰਦਿਆਂ ਆਖਿਆ

-"ਔਲ ਰਾਈਟ...! ਐਜ਼ ਯੂ ਲਾਈਕ ਇਮਰਨ ਡਾਰਲਿੰਗ਼...!" ਸੀਤਲ ਨੇ ਕਿਸੇ ਵੇਗ ਵਿਚ ਕੇ ਇਮਰਾਨ ਦੀ ਗੱਲ੍ਹ 'ਤੇ ਦੰਦੀ ਵੱਢੀ
ਇਮਰਾਨ ਕੁਝ ਨਾ ਬੋਲਿਆ ਕੁਝ ਨਾ ਗੌਲ਼ਿਆ ਨਾ ਹੀ ਉਸ ਨੇ ਕੋਈ ਬੂ-ਕਲ਼ਾਪ ਕੀਤਾ ਉਸ ਨੂੰ ਕੁਝ ਵੀ ਤਾਂ ਮਹਿਸੂਸ ਨਹੀਂ ਹੋਇਆ ਸੀ ਸਗੋਂ ਸੀਤਲ ਦੀ ਦੰਦੀ ਦੇ ਦਰਦ ਵਿਚੋਂ ਵੀ ਉਸ ਨੂੰ ਅਜੀਬ ਆਨੰਦ ਜਿਹਾ ਆਇਆ ਸੀ ਉਹ ਸੀਤਲ ਨੂੰ ਬੱਚੇ ਵਾਂਗ ਸਾਂਭ ਕੇ ਜਿਹੇ ਅੰਦਰ ਲੈ ਗਿਆ

ਕੇਟਰਿੰਗ ਸਰਵਿਸ ਵਾਲ਼ੇ ਬਫ਼ੇ ਲਾ ਹਟੇ ਸਨ ਕੁੜੀਆਂ ਮੁੰਡਿਆਂ ਨੇ ਲੋੜ ਅਨੁਸਾਰ ਖਾਣਾਂ ਪਲੇਟਾਂ ਵਿਚ ਪਾਉਣਾਂ ਸ਼ੁਰੂ ਕਰ ਦਿੱਤਾ ਸਾਰੇ ਸ਼ਰਾਬ ਦੇ ਨਸ਼ੇ ਵਿਚ ਅਲ਼ਕ ਵਹਿੜਕੇ ਵਾਂਗ ਝੂਲ ਰਹੇ ਸਨ ਖਾਣਾਂ ਅੱਧਾ ਖਾਧਾ ਅਤੇ ਅੱਧਾ ਥੱਲੇ ਡੋਲ੍ਹਿਆ ਜਾ ਰਿਹਾ ਸੀ ਇਮਰਾਨ ਸੀਤਲ ਦੇ ਮੂੰਹ ਵਿਚ ਬੁਰਕੀਆਂ ਪਾ ਰਿਹਾ ਸੀ ਸੀਤਲ ਸ਼ਰਾਬਣ ਹੋਈ ਬਲ਼ਦ ਵਾਂਗ ਬੁਰਕ ਜਿਹੇ ਮਾਰ ਰਹੀ ਸੀ ਇਕ ਦੋ ਵਾਰ ਤਾਂ ਸੀਤਲ ਤੋਂ ਇਮਰਾਨ ਦੇ ਮੂੰਹ ਵਿਚ ਬੁਰਕੀ ਪਾਉਣ ਲੱਗੇ ਦੇ ਉਂਗਲ਼ ਤੇ ਦੰਦੀ ਵੀ ਵੱਢੀ ਗਈ ਸੀ ਇਮਰਾਨ ਸ਼ਰਾਬੀ ਨਹੀਂ ਸੀ ਪਰ ਵਿਸਕੀ ਦਾ ਨਸ਼ਾ ਉਸ ਦੇ ਸਿਰ ਤੇ ਵੀ ਸਵਾਰ ਸੀ ਉਹ ਸੀਤਲ ਅਤੇ ਵਿਸਕੀ ਦੇ ਨਸ਼ੇ ਵਿਚ ਮਸਤਾਨਾਂ ਹੋਇਆ ਪਿਆ ਸੀ

ਇਮਰਾਨ ਇੰਗਲੈਂਡ ਦਾ ਜੰਮਪਲ ਸੀ ਉਸ ਦੇ ਮਾਂ-ਬਾਪ ਤੀਹ ਕੁ ਸਾਲ ਪਹਿਲਾਂ ਪਾਕਿਸਤਾਨ ਤੋਂ ਕੇ ਇੰਗਲੈਂਡ ਵਸੇ ਸਨ ਇਮਰਾਨ ਹੋਰੀਂ ਸੱਤ ਭੈਣ ਭਰਾ ਸਨ ਚਾਰ ਭਾਈ ਅਤੇ ਤਿੰਨ ਭੈਣਾਂ! ਇਮਰਾਨ ਸਭ ਤੋਂ ਛੋਟਾ ਅਤੇ ਲਾਡਲਾ ਰਿਹਾ ਸੀ ਉਸ ਦਾ ਬਾਪ ਕਿਸੇ ਮੁਸਲਮਾਨ ਸੰਸਥਾ ਦਾ ਸਿਰ ਕਰਦਾ ਪ੍ਰਧਾਨ ਸੀ ਮੁਸਲਮਾਨ ਭਾਈਚਾਰੇ ਵਿਚ ਵੀ ਉਸ ਦੀ ਪੂਰੀ ਪੁੱਛ-ਗਿੱਛ ਅਤੇ ਮਾਣ-ਤਾਣ ਸੀ ਪਾਕਿਸਤਾਨੀ ਭਾਈਚਾਰਾ ਉਸ ਨੂੰ ਖ਼ਾਨ ਸਾਹਿਬ ਆਖ ਕੇ ਬੁਲਾਉਂਦਾ ਸਤਿਕਾਰਦਾ ਸੀ ਸਭ ਤੋਂ ਛੋਟਾ ਅਤੇ ਲਾਡਲਾ ਰੱਖਿਆ ਹੋਣ ਕਰ ਕੇ ਇਮਰਾਨ ਦੀ ਸ਼ਰਾਬ ਵੀ ਖ਼ਾਨ ਸਾਹਿਬ ਨੂੰ ਚੁੱਭਦੀ ਨਹੀਂ ਸੀ ਉਹ ਆਪਣੇ ਬੱਚਿਆਂ ਸਮੇਤ ਹਰ ਸਾਲ ਪਾਕਿਸਤਾਨ ਜਾਂਦਾ ਖ਼ਾਨ ਸਾਹਿਬ ਦੀਆਂ ਆਫ਼ ਲਾਈਸੈਂਸ ਦੀਆਂ ਛੇ ਦੁਕਾਨਾਂ ਅਤੇ ਤਿੰਨ ਮਕਾਨ ਸਨ ਦੋ ਘਰ ਉਸ ਨੇ ਕਿਰਾਏ ਤੇ ਦਿੱਤੇ ਹੋਏ ਸਨ ਅਤੇ ਇਕ ਖੁੱਲ੍ਹੇ ਡੁੱਲ੍ਹੇ ਮਕਾਨ ਵਿਚ ਉਹ ਆਪ ਪ੍ਰੀਵਾਰ ਸਮੇਤ ਸ਼ਾਹੀ ਠਾਠ ਨਾਲ਼ ਰਹਿੰਦਾ ਸੀ ਇਮਰਾਨ ਤੇ ਕੋਈ ਖ਼ਾਸ ਪਾਬੰਦੀ ਨਹੀਂ ਸੀ ਖ਼ਾਨ ਸਾਹਿਬ ਨੇ ਉਸ ਨੂੰ ਸਿਰਫ਼ ਇਕ ਹੀ ਵਾਰਨਿੰਗ ਦਿੱਤੀ ਹੋਈ ਸੀ ਕਿ ਉਹ ਜੋ ਚਾਹੇ, ਕਰੇ..! ਸ਼ਰਾਬ ਪੀਣੀ ਹੈ, ਸ਼ਰਾਬ ਪੀਵੇ…! ਪਰ ਪਾਕਿਸਤਾਨੀ ਭਾਈਚਾਰੇ ਵਿਚ ਬਣੀ ਖ਼ਾਨ ਸਾਹਿਬ ਦੀ ਇੱਜ਼ਤ ਨੂੰ ਕੋਈ ਆਂਚ ਨਾ ਆਵੇ…! ਖ਼ਾਨ ਸਾਹਿਬ ਦਾ ਆਖਣ ਦਾ ਮਤਲਬ ਸੀ ਕਿ ਜੇ ਸ਼ਰਾਬ ਵੀ ਪੀਣੀ ਹੈ ਤਾਂ ਪਾਕਿਸਤਾਨੀ ਭਾਈਚਾਰੇ ਤੋਂ ਲੁਕ-ਛੁਪ ਕੇ ਪੀਤੀ ਜਾਵੇ! ਖ਼ਾਨ ਸਾਹਿਬ ਕਿਸੇ ਤਰ੍ਹਾਂ ਦਾ ਉਲਾਂਭਾ ਭਾਈਚਾਰੇ ਤੋਂ ਖੱਟਣਾਂ ਨਹੀਂ ਚਾਹੁੰਦੇ ਸਨ ਇਮਰਾਨ ਵੀ ਬਾਪ ਦੀ ਹਦਾਇਤ ਨੂੰ ਬੋਚੀ ਰਿਹਾ ਸੀ

ਸਾਰਿਆਂ ਨੇ ਅੱਧ-ਪਚੱਧ ਰੋਟੀ ਖਾ ਲਈ
-"ਪੈਣ ਦਾ ਕੀ ਪ੍ਰਬੰਧ ਪਿੰਕੀ…?" ਇਮਰਾਨ ਨੇ ਝੂਲ ਰਹੀ ਸੀਤਲ ਨੂੰ ਜੋਰ ਨਾਲ਼ ਆਸਰਾ ਦੇ ਕੇ ਸਾਂਭਿਆ ਹੋਇਆ ਸੀ ਉਹ ਉਸ ਨੂੰ ਲਟੈਣ ਵਾਂਗ ਸਿੱਧੀ ਹੀ ਫੜੀ ਖੜ੍ਹਾ ਸੀ
-"ਤੁਸੀਂ ਤਾਂ ਜਾ ਕੇ ਉਪਰ ਪਓ…! ਬਾਕੀਆਂ ਦਾ ਪ੍ਰਬੰਧ ਅਸੀਂ ਕਰਦੇ ਆਂ…! ਸੀਤਲ ਡਰੰਕ ਹੋ ਗਈ ਲੱਗਦੀ ..? ਤੂੰ ਇਹਨੂੰ ਸਾਂਭ ਕੇ ਲੈ ਜਾ…! ਚੱਲ ਮੈਂ ਤੁਹਾਨੂੰ ਤੁਹਾਡਾ ਕਮਰਾ ਦਿਖਾ ਆਉਂਦੀ ਹਾਂ…!" ਪਿੰਕੀ ਨੇ ਇਮਰਾਨ ਨੂੰ ਕਿਸੇ ਵਿਸ਼ੇਸ਼ ਅੰਦਾਜ਼ ਵਿਚ ਆਖਿਆ ਇਮਰਾਨ ਦਾ ਦਿਲ ਕੀਤਾ ਮਿਹਰਵਾਨ ਪਿੰਕੀ ਦੇ ਪੈਰੀਂ ਡਿੱਗ ਪਵੇ ਉਹ ਸੀਤਲ ਨੂੰ ਬੁੱਕਲ਼ ਜਿਹੀ ਵਿਚ ਘੁੱਟੀ ਪਿੰਕੀ ਦੇ ਮਗਰ ਪੌੜੀਆਂ ਚੜ੍ਹ ਗਿਆ ਉਹ ਅਧਰੰਗ ਦੇ ਮਰੀਜ਼ ਵਾਂਗ ਮਸਾਂ ਹੀ ਪੱਬ ਚੁੱਕਦੀ ਸੀ ਮੁੰਡੇ ਕੁੜੀਆਂ ਨੂੰ ਬਹੁਤੀ ਕੋਈ ਹੋਸ਼ ਨਹੀਂ ਸੀ ਕੋਈ ਕਿਸੇ ਵੱਲ ਬਹੁਤਾ ਧਿਆਨ ਨਹੀਂ ਦੇ ਰਿਹਾ ਸੀ ਸਭ ਆਪੋ ਆਪਣੇ ਇਸ਼ਕ ਮੁਸ਼ਕ ਵਿਚ ਉਲਝੇ ਹੋਏ, ਸਿਗਰਟਾਂ ਅਤੇ ਵਿਸਕੀ ਪੀ ਸਨ ਪਾਰਟੀ ਦਾ ਆਨੰਦ ਮਾਣ ਰਹੇ ਸਨ ਹਰ ਮੁੰਡੇ ਨੇ ਇਕ ਇਕ ਕੁੜੀ ਤੇ ਕਬਜ਼ਾ ਕੀਤਾ ਹੋਇਆ ਸੀ ਹਰ ਜੋੜਾ ਆਪੋ ਆਪਣੀਆਂ ਗੱਲਾਂ ਵਿਚ ਖੁੱਭਿਆ ਹੋਇਆ ਸੀ ਕਿਸੇ ਦਾ ਕਿਸੇ ਵੱਲ ਕੋਈ ਧਿਆਨ ਨਹੀਂ ਸੀ

ਪਿੰਕੀ ਨੇ ਇਮਰਾਨ ਨੂੰ ਕਮਰਾ ਦਿਖਾ ਦਿੱਤਾ ਸ਼ੁਕਰਾਨੇ ਵਜੋਂ ਇਮਰਾਨ ਨੇ ਪਿੰਕੀ ਨੂੰ ਗਲਵਕੜੀ ਵਿਚ ਘੁੱਟ ਕੇ ਅਹਿਸਾਸ ਕਰਵਾਇਆ ਕਿ ਉਸ ਉਪਰ ਉਸ ਦਾ ਅਹਿਸਾਨ ਹੈ
-"ਕੁੰਡੀ ਬੰਦ ਕਰ ਲਇਓ…! ਗੁੱਡ ਨਾਈਟ…! ਸੀ ਯੂ ਟੂਮੌਰੋ…! ਬਾਏ ਸੀਤਲ਼…! ਇੰਜੁਆਏ ਯੁਅਰਸੈਲਫ਼..! ਟੇਕ ਇੱਟ ਇਜ਼ੀ ਬੇਬੀ…! ਗੁੱਡ ਨਾਈਟ..!" ਤੇ ਪਿੰਕੀ ਬਾਹਰ ਨਿਕਲ਼ ਗਈ
ਸੀਤਲ ਨੂੰ ਬੈੱਡ ਉਪਰ ਲਿਟਾ ਕੇ ਇਮਰਾਨ ਨੇ ਦਰਵਾਜੇ ਦੀ ਕੁੰਡੀ ਚਾੜ੍ਹ ਦਿੱਤੀ
-"ਆਰ ਯੂ . ਕੇ. ਸੀਤਲ਼…?" ਉਸ ਨੇ ਆਪਣੇ ਕੱਪੜੇ ਉਤਾਰਦਿਆਂ ਕਿਹਾ
-"ਯੈਅ…! ਆਈ ਐਮ ਫ਼ਾਈਨ…!" ਸੀਤਲ ਦੇ ਉਤਰ ਤੋਂ ਇਮਰਾਨ ਨੂੰ ਮਹਿਸੂਸ ਹੋਇਆ ਕਿ ਸੀਤਲ ਦਾ ਨਸ਼ਾ ਢੈਲ਼ਾ ਪੈ ਗਿਆ ਸੀ
-"ਕੁਛ ਪੀਣ ਨੂੰ ਲਿਆਵਾਂ…?"

-"ਲੈ ਆਓ…!" ਉਸ ਨੇ ਵੀ ਚੁਸਤ ਗਾਰਡ ਵਾਂਗ ਹਰੀ ਝੰਡੀ ਦਿਖਾਈ ਇਮਰਾਨ ਨੇ ਅੱਧੀ ਲਾਹੀ ਪੈਂਟ ਫਿਰ ਉਪਰ ਖਿੱਚ ਲਈ ਬੈੱਲਟ ਲਾ ਕੇ ਉਹ ਦਰਵਾਜੇ ਦੀ ਕੁੰਡੀ ਖੋਲ੍ਹ, ਦਗੜ-ਦਗੜ ਕਰਦਾ ਪੌੜੀਆਂ ਉਤਰ ਗਿਆ ਅੱਧ-ਪਚੱਧ ਅੱਡੋ ਅੱਡੀ ਕਮਰਿਆਂ ਵਿਚ ਸੌਣ ਚਲੇ ਗਏ ਸਨ ਕੁਝ ਕੰਬਲ਼ ਲੈ ਕੇ ਕਾਰਪਿੱਟ ਤੇ ਹੀ ਸੌਣ ਦੀ ਤਿਆਰੀ ਵਿਚ ਸਨ ਸਾਰੇ ਹੀ ਨਸ਼ੇ ਕਾਰਨ ਊਧ-ਮਧੂਣੇ ਜਿਹੇ ਹੋਏ ਪਏ ਸਨ ਚਿਹਰੇ ਭੰਗਰੂਣੇ ਗਏ ਸਨ ਇਮਰਾਨ ਨੇ ਵਿਸਕੀ ਦਾ ਪੌਣਾਂ ਗਿਲਾਸ ਭਰ ਕੇ ਬਾਕੀ ਕੋਕ ਪਾ ਲਿਆ ਅਤੇ ਫ਼ੁਰਤੀ ਨਾਲ਼ ਉਪਰ ਚੜ੍ਹ ਆਇਆ ਉਸ ਦਾ ਪੱਬ ਧਰਤੀ ਤੇ ਨਹੀਂ ਲੱਗਦਾ ਸੀ ਇਕ ਤਰ੍ਹਾਂ ਨਾਲ਼ ਉਹ ਹਵਾ ਵਿਚ ਉਡ ਰਿਹਾ ਸੀ

-"ਲੈ ਸੀਤਲ਼…! ਅੱਧਾ ਤੇਰਾ, ਤੇ ਅੱਧਾ ਮੇਰਾ…!" ਉਸ ਨੇ ਦਾਰੂ ਨਾਲ਼ ਭਰਿਆ ਗਿਲਾਸ ਸੀਤਲ ਦੇ ਬੁੱਲ੍ਹਾਂ ਨੂੰ ਲਾ ਦਿੱਤਾ ਸੀਤਲ ਅੱਧਾ ਗਿਲਾਸ ਸ਼ਰਬਤ ਦੇ ਪਾਣੀ ਵਾਂਗ ਸੂਤ ਗਈ ਹੁਣ ਉਸ ਨੂੰ ਵਿਸਕੀ ਕੌੜੀ ਨਹੀਂ ਲੱਗੀ ਸੀ ਸੰਗਤਰੇ ਦੀ ਛਿੱਲੀ ਫ਼ਾੜੀ ਇਮਰਾਨ ਨੇ ਉਸ ਦੇ ਮੂੰਹ ਵਿਚ ਪਾ ਦਿੱਤੀ ਸੰਗਤਰੇ ਵਰਗੇ ਬੁੱਲ੍ਹਾਂ ਵਿਚ ਦੱਬ ਸੀਤਲ ਨੇ ਫ਼ਾੜੀ ਚੂਸ ਲਈ ਅਤੇ ਸਿੱਧੀ ਸਲੋਟ ਬੈੱਡ ਤੇ ਸਿੱਧੀ ਲੇਟ ਗਈ ਪਿਛਲੇ ਨਸ਼ੇ ਨੂੰ ਵਿਸਕੀ ਦੀ ਪੁੱਠਬੜੀ ਛੇਤੀ ਚੜ੍ਹ ਗਈ ਸੀ ਬਾਕੀ ਗਿਲਾਸ ਇਮਰਾਨ ਨੇ ਆਪ ਖਾਲੀ ਕਰ ਦਿੱਤਾ ਉਪਰਲੀ ਬੱਤੀ ਬੁਝਾ ਦਿੱਤੀ ਅਤੇ ਸਿਰਹਾਣੇ ਵਾਲ਼ੀ ਬੱਤੀ ਬਾਲ਼ ਲਈ ਇਮਰਾਨ ਨੇ ਤਨ ਦੇ ਕੱਪੜੇ ਲਾਹ ਕੇ ਦੂਰ ਵਗਾਹ ਮਾਰੇ ਅਤੇ ਅੱਧ ਬੇਹੋਸ਼ੀ ਦੀ ਹਾਲਤ ਵਿਚ ਪਈ ਸੀਤਲ ਨੂੰ ਪਲ਼ੋਸਣਾਂ ਅਤੇ ਚੂਸਣਾਂ ਸ਼ੁਰੂ ਕਰ ਦਿੱਤਾ ਪਹਿਲਾਂ ਵਾਂਗ ਉਸ ਨੇ ਸੀਤਲ ਦੀ ਟੀ-ਸ਼ਰਟ ਉਪਰ ਚੁੱਕੀ ਹੋਈ ਸੀ ਕਿਸੇ ਉਮੰਗ ਵਿਚ ਸੀਤਲ ਸੱਪ ਵਾਂਗ ਮੇਹਲ ਰਹੀ ਸੀ ਕਿਸੇ ਆਨੰਦ ਜਿਹੇ ਵਿਚ ਉਸ ਨੇ ਆਪਣੇ ਕੱਪੜੇ ਆਪ ਹੀ ਉਤਾਰ ਦਿੱਤੇ ਹੁਣ ਉਹ ਡਲ਼ੀ ਵਾਂਗ ਨਗਨ ਇਮਰਾਨ ਦੇ ਸਾਹਮਣੇ ਪਈ ਸੀ ਇਮਰਾਨ ਨੇ ਉਸ ਦੇ ਮਖ਼ਮਲੀ ਸਰੀਰ ਨੂੰ ਪੀਣਾਂ ਨਹੀਂ, ਇਕ ਤਰ੍ਹਾਂ ਨਾਲ਼ ਸੜ੍ਹਾਕਣਾਂ ਸ਼ੁਰੂ ਕਰ ਦਿੱਤਾ ਉਹ ਸੀਤਲ ਉਪਰ ਕਿਸੇ ਭੁੱਖੀ ਸਰਾਲ਼ ਵਾਂਗ ਲਿਟਿਆ ਹੋਇਆ ਸੀ ਸੀਤਲ ਸੁੰਡੀ ਵਾਂਗ ਤੜਪ ਜਿਹੀ ਰਹੀ ਸੀ ਅਚਾਨਕ ਸੀਤਲ ਚੀਕੀ, "ਓਹ ਮਾਈ ਗੌਡ…! ਓਹ ਗੌਡ…!!" ਉਸ ਨੇ ਇਮਰਾਨ ਨੂੰ ਹੋਰ ਘੁੱਟ ਕੇ ਜੱਫ਼ੀ ਪਾ ਲਈ ਫਿਰ ਉਸ ਨੇ ਇਮਰਾਨ ਨੂੰ ਧੱਕ ਕੇ ਪਿੱਛੇ ਸੁੱਟਣ ਦਾ ਯਤਨ ਕੀਤਾ ਪਰ ਸ਼ਰਾਬੀ ਹੋਣ ਕਾਰਨ ਸੀਤਲ ਬਹੁਤੀ ਹੀਲ ਹੁੱਜਤ ਨਾ ਕਰ ਸਕੀ ਸੁਆਦ ਅਤੇ ਪੀੜ ਦੀਆਂ ਲਹਿਰਾਂ ਵਿਚ ਗੋਤੇ ਖਾਂਦੀ ਸੀਤਲ ਰੁਕ ਰੁਕ ਸਾਹ ਲੈ ਰਹੀ ਸੀ ਇਕ ਤੂਫ਼ਾਨ ਉਠਿਆਂ ਅਤੇ ਕੁਝ ਪਲ ਝੁੱਲ ਕੇ ਸ਼ਾਂਤ ਹੋ ਗਿਆ

ਇਹ ਤੂਫ਼ਾਨ ਸਵੇਰ ਦੇ ਪੰਜ ਵਜੇ ਤੱਕ ਨਿਰੰਤਰ ਝੁੱਲਦਾ ਰਿਹਾ ਹੁਣ ਸੀਤਲ ਨੂੰ ਵੀ ਲੱਜਤ ਜਿਹੀ ਆਉਣ ਲੱਗ ਪਈ ਸੀ
ਸਵੇਰੇ ਪੰਜ ਵਜੇ ਜਾ ਕੇ ਉਹ ਸੁੱਤੇ
ਪਾਰਟੀ ਵਿਚਲੇ ਬਾਕੀ ਮੁੰਡੇ ਕੁੜੀਆਂ ਦਾ ਵੀ ਸ਼ਾਇਦ ਇਹੀ ਵਰਤਾਰਾ ਚੱਲਦਾ ਰਿਹਾ ਸੀ
ਅਗਲੇ ਦਿਨ ਸਾਰੇ ਦੁਪਿਹਰ ਇਕ ਵਜੇ ਦੇ ਕਰੀਬ ਉਠੇ

ਸੀਤਲ ਦੀ ਇਮਰਾਨ ਨਾਲ਼ ਅੱਖ ਨਹੀਂ ਮਿਲ਼ ਰਹੀ ਸੀ ਉਸ ਦੇ ਪੇਟ ਦਾ ਹੇਠਲਾ ਹਿੱਸਾ ਇਕ ਤਰ੍ਹਾਂ ਨਾਲ਼ ਮੱਚੀ ਸੜੀ ਜਾ ਰਿਹਾ ਸੀ ਬੈੱਡ ਤੇ ਖ਼ੂਨ ਦਾ ਫ਼ੁਆਰਾ ਵਗ ਕੇ ਸੁੱਕ ਚੁੱਕਾ ਸੀ ਸੀਤਲ ਬਾਥਰੂਮ ਜਾਣਾ ਚਾਹੁੰਦੀ ਸੀ ਪਰ ਉਸ ਵਿਚ ਉਠਣ ਦਾ ਬਲ ਨਹੀਂ ਸੀ ਇਮਰਾਨ ਫੜ ਕੇ ਉਸ ਨੂੰ ਬਾਥਰੂਮ ਲੈ ਕੇ ਗਿਆ ਸੀਤਲ ਦਾ ਨਸ਼ਾ ਉਤਰ ਚੁੱਕਾ ਸੀ ਉਸ ਦਾ ਦਿਲ ਘਾਊਂ-ਮਾਊਂ ਜਿਹਾ ਹੋ ਰਿਹਾ ਸੀ ਜਦੋਂ ਉਹ ਬਾਥਰੂਮ ਚੋਂ ਵਾਪਸ ਆਈ ਤਾਂ ਉਸ ਨੇ ਰਾਤ ਵਾਲ਼ਾ ਬ੍ਰਿਤਾਂਤ ਸੋਚ ਕੇ ਹੁਬਕੀਂ-ਹੁਬਕੀਂ ਰੋਣਾਂ ਸ਼ੁਰੂ ਕਰ ਦਿੱਤਾ ਇਮਰਾਨ ਉਸ ਦੇ ਵਾਲ਼ ਸਹਿਲਾਉਣ ਲੱਗ ਪਿਆ ਪਰ ਸੀਤਲ ਨੇ ਉਸ ਦਾ ਹੱਥ ਝਟਕ ਦਿੱਤਾ ਸਮੇਂ ਦੀ ਨਜ਼ਾਕਤ ਦੇਖ ਕੇ ਇਮਰਾਨ ਚੁੱਪ ਹੋ ਗਿਆ ਹੇਠਾਂ ਮੁੰਡੇ ਕੁੜੀਆਂ ਉਚੀ ਉਚੀ ਹੱਸ ਰਹੇ ਸਨ ਪਾਰਟੀ ਦੀ ਰਾਤ ਮਾਨਣ ਦੀਆਂ ਗੱਲਾਂ ਹੋ ਰਹੀਆਂ ਸਨ

ਪਰ ਸੀਤਲ ਚੁੱਪ ਸੀ
ਇਮਰਾਨ ਖ਼ਾਮੋਸ਼ ਸੀ
-"ਨਹਾ ਲੈ ਸੀਤਲ਼…! ਠੀਕ ਹੋਜੇਂਗੀ…! ਵਿਸ਼ਵਾਸ ਕਰ…! ਮੰਨ ਗੱਲ਼…!" ਇਮਰਾਨ ਨੇ ਕਿਹਾ ਪਰ ਸੀਤਲ ਦਾ ਫਿਰ ਰੋਣ ਨਿਕਲ਼ ਗਿਆ ਉਸ ਦਾ ਸਿਰ ਗੋਡਿਆਂ ਵਿਚ ਦਿੱਤਾ ਹੋਇਆ ਸੀ ਇਮਰਾਨ ਨੇ ਉਸ ਦਾ ਸਿਰ ਬਾਹਾਂ ਵਿਚ ਲੈ ਲਿਆ ਉਸ ਨੇ ਪਹਿਲਾਂ ਵਾਂਗ ਹੀ ਉਸ ਦਾ ਹੱਥ ਫਿਰ ਝਟਕ ਦਿੱਤਾ ਫਿਰ ਉਸ ਨੂੰ ਪਤਾ ਨਹੀਂ ਕੀ ਸੁੱਝਿਆ, ਉਹ ਤੌਲੀਆ ਚੁੱਕ ਨਹਾਉਣ ਲਈ ਬਾਥਰੂਮ ਵਿਚ ਜਾ ਵੜੀ ਉਸ ਨੇ ਗਰਮ ਗਰਮ ਪਾਣੀ ਆਪਣੇ ਪਿੰਡੇ ਤੇ ਪਾਉਣਾਂ ਸ਼ੁਰੂ ਕਰ ਦਿੱਤਾ ਚੂੰਡੇ ਸਰੀਰ ਤੇ ਗਰਮ ਪਾਣੀ ਮਿਰਚਾਂ ਵਾਂਗ ਲੱਗਦਾ ਸੀ ਪਰ ਇਕ ਪੱਖੋਂ ਉਸ ਨੂੰ ਅਰਾਮ ਜਿਹਾ ਵੀ ਰਿਹਾ ਸੀ ਖਿੰਡੇ ਹੱਡ ਜੁੜਦੇ ਮਹਿਸੂਸ ਹੁੰਦੇ ਸਨ ਬਾਥਰੂਮ ਦੇ ਟੱਬ ਵਿਚ ਖ਼ੂਨ ਰੰਗਿਆ ਪਾਣੀ ਧੜਾ ਧੜ ਵਗੀ ਜਾ ਰਿਹਾ ਸੀ ਸੀਤਲ ਦਾ ਸਤ ਭੰਗ ਹੋ ਚੁੱਕਾ ਸੀ ਇਮਰਾਨ ਇਕ ਰਾਤ ਵਿਚ ਚਾਰ ਵਾਰ ਉਸ ਨਾਲ਼ ਹਮ-ਬਿਸਤਰਹੋ ਚੁੱਕਿਆ ਸੀ ਕੁੜੀ ਦੀ ਪਵਿੱਤਰਤਾ ਮਿੱਧੀ ਜਾ ਚੁੱਕੀ ਸੀ ਅਛੁਹ ਕੁੜੀ ਮਧੋਲ਼ੀ ਜਾ ਚੁੱਕੀ ਸੀ ਸਾਰਾ ਸਰੀਰ ਚੂਸਿਆ ਨਹੀਂ, ਚੂੰਡਿਆ ਜਾ ਚੁੱਕਾ ਸੀ ਗਿੱਦੜ ਦੇ ਛੱਲੀ ਦਾ ਦੋਧਾ ਚੂੰਡਣ ਵਾਂਗ!

ਪਿੰਕੀ ਉਪਰ ਆਈ
ਇਮਰਾਨ ਨੇ ਖ਼ੂਨ ਨਾਲ਼ ਲਿੱਬੜੇ ਬੈੱਡ ਵੱਲ ਇਸ਼ਾਰਾ ਕੀਤਾ ਦੁਖੀ ਜਿਹੇ ਦਿਲ ਨਾਲ਼!
-"ਹੇਅ ਵੱਟ ਫ਼ੱਕ…! ਸ਼ੀ ਵਾਜ਼ ਰੀਅਲੀ ਵਰਜਨ ਗਰਲ ਇਮਰਨ…!" ਪਿੰਕੀ ਨੇ ਖ਼ੂਨ ਨਾਲ਼ ਲੱਥ ਪੱਥ ਹੋਏ ਬੈੱਡ ਵੱਲ ਦੇਖ ਕੇ ਕਿਹਾ
-"ਯੈੱਸ਼…! ਸ਼ੀ ਵਾਜ਼…!" ਇਮਰਾਨ ਸਿਰਫ਼ ਇਤਨਾ ਹੀ ਆਖ ਸਕਿਆ
-"ਡੋਂਟ ਵਰੀ ਅਬਾਊਟ ਫ਼ੱਕਿੰਗ ਬੈੱਡ ਔਰ ਬਲੱਡੀ ਬੈੱਡ ਸ਼ੀਟਸ਼…! ਅਸੀਂ ਸਫ਼ਾਈ ਵਾਲ਼ੀ ਨੂੰ ਮੰਗਵਾਉਣਾ ਹੀ ਹੈ, ਇਹ ਕੱਪੜੇ ਵੀ ਧੋ ਜਾਵੇਗੀ" ਪਿੰਕੀ ਨੇ ਉਸ ਦੀ ਮੁਸ਼ਕਿਲ ਹੱਲ ਕਰ ਦਿੱਤੀ
-"ਆਈ ਐੱਮ ਸੌਰੀ ਪਿੰਕੀ…!"
-"ਫ਼ੌਰਗਿੱਟ ਇੱਟ ਇਮਰਨ…! ਇੰਜੁਆਏਡ…?" ਪਿੰਕੀ ਨੇ ਸ਼ੈਤਾਨ ਨਜ਼ਰਾਂ ਨਾਲ਼ ਝਾਕ ਕੇ ਪੁੱਛਿਆ
-"ਯੈੱਸ਼…! ਆਫ਼ ਕੋਰਸ਼…! ਓਬੀਇਸਲੀ…! ਥੈਂਕ ਯੂ ਪਿੰਕੀ…!" ਇਮਰਾਨ ਸ਼ੁਕਰਾਨੇ ਵਿਚ ਝੁਕਿਆ ਪਿਆ ਸੀ ਉਸ ਦਾ ਦਿਲ ਪਿੰਕੀ ਤੋਂ ਕੁਰਬਾਨ ਹੋ ਜਾਣ ਨੂੰ ਕਰਦਾ ਸੀ
-"ਨ੍ਹੋ ਪਰੌਬਲਮ ਐਟ ਆਲ ਇਮਰਨ…! ਯੂ ਆਰ ਹੈਪੀ, ਆਈ ਐੱਮ ਹੈਪੀ…!"
-"ਪਰ ਸੀਤਲ ਦੁਖੀ ਜਿਹੀ ਹੋਈ ਪਈ …!"
-"ਕੋਈ ਗੱਲ ਨਹੀਂ…! ਡੋਂਟ ਵਰੀ ਅਬਾਊਟ ਦੈਟ…! ਹੁਣ ਉਸ ਨੂੰ ਇਸ ਦਾ ਭੁਸ ਪੈਜੂਗਾ…! ਬੱਸ ਪਹਿਲੀ ਵਾਰ ਹੀ ਮਹਿਸੂਸ ਜਿਹਾ ਹੁੰਦੈ…! ਸਭ ਨੂੰ ਮਹਿਸੂਸ ਹੁੰਦੈ, ਬਈ ਕੀ ਕਰ ਲਿਆ? ਪਰ ਫਿਰ ਇਸ ਤੋਂ ਬਿਨਾਂ ਰਹਿ ਵੀ ਨਹੀਂ ਹੁੰਦਾ…! ਦੇਖ ਲਵੀਂ, ਤੇਰੇ ਕੋਲ਼ ਭੱਜੀ ਆਇਆ ਕਰੂ…!" ਤੇ ਉਹ ਉਚੀ ਉਚੀ ਹੱਸ ਕੇ ਥੱਲੇ ਉਤਰ ਗਈ

ਸੀਤਲ ਨਹਾ ਕੇ ਵਾਪਿਸ ਗਈ ਸਾਰਾ ਸਰੀਰ ਉਸ ਨੇ ਰਗੜ ਰਗੜ ਕੇ ਧੋਤਾ ਸੀ ਕਦੇ ਉਸ ਦਾ ਮਨ ਕੁੜੱਤਣ ਨਾਲ਼ ਭਰ ਜਾਂਦਾ ਅਤੇ ਕਦੇ ਕੁਝ ਸੋਚ ਕੇ ਆਨੰਦਮਈ ਹੋ ਜਾਂਦਾ ਉਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਇਸ ਕਾਰੇ ਨੂੰ ਬੁਰਾ ਗਰਦਾਨੇ ਜਾਂ ਚੰਗਾ…? ਪਰ ਉਸ ਦੀ ਰੂਹ ਜ਼ਰੂਰ ਹੌਲੀ ਫ਼ੁੱਲ ਵਰਗੀ ਹੋ ਗਈ ਸੀ ਜਿਵੇਂ ਸਰੀਰ ਤੋਂ ਕੋਈ ਮਣਾਂ ਮੂੰਹੀਂ ਭਾਰ ਉਤਰ ਗਿਆ ਸੀ ਉਸ ਦਾ ਦਿਮਾਗ ਅਤੇ ਵਜੂਦ ਸੱਤਵੇਂ ਸਵਰਗ ਵਿਚ ਉਡਾਰੀਆਂ ਲਾਉਂਦਾ ਮਹਿਸੂਸ ਹੋਇਆ ਫਿਰ ਉਸ ਨੂੰ ਪਤਾ ਨਹੀਂ ਕੀ ਸੁੱਝਿਆ, ਉਸ ਨੇ ਘੁੱਟ ਕੇ ਇਮਰਾਨ ਨੂੰ ਜੱਫ਼ੀ ਪਾ ਲਈ ਇਮਰਾਨ ਨੂੰ ਗੱਲ ਕਰਨ ਦਾ ਮੌਕਾ ਮਿਲ਼ ਗਿਆ
-"ਸੀਤਲ਼…! ਇਕ ਗੱਲ ਆਖਾਂ…?"
ਸੀਤਲ ਨੇ ਸਤਰੰਗੀ ਪੀਂਘ ਵਰਗੀਆਂ ਅੱਖਾਂ ਉਪਰ ਚੁੱਕੀਆਂ ਗੱਲ ਸੁਣਨ ਲਈ ਕੰਨ ਖੋਲ੍ਹੇ
-"ਅੱਲ੍ਹਾ ਤਾਲਾ ਦੀ ਕਸਮ, ਸਾਰੀ ਜ਼ਿੰਦਗੀ ਪਿੱਛਾ ਨਹੀਂ ਜੇ ਦਿਆਂਗਾ, ਮੇਰੇ ਤੇ ਵਿਸ਼ਵਾਸ ਕਰ…!" ਇਮਰਾਨ ਬੋਲਿਆ
ਸੀਤਲ ਨੇ ਉਸ ਨੂੰ ਫਿਰ ਗਲਵਕੜੀ ਵਿਚ ਘੁੱਟ ਲਿਆ ਨਿਰਬਲ ਹੋਈ ਦੇ ਉਸ ਦੇ ਹੱਥ ਕੰਬੀ ਜਾ ਰਹੇ ਸਨ ਇਮਰਾਨ ਨੇ ਵੀ ਉਸ ਨੂੰ ਜੱਫ਼ੀ ਪਾ ਲਈ

-"ਹੁਣ ਸਿਹਤ ਕਿਵੇਂ ਐਂ…?"
-"ਠੀਕ ਹਾਂ…! ਪੇਟ ਦੇ ਹੇਠਾਂ ਦਰਦ ਹੋ ਰਿਹੈ-!"
-"ਹਟ ਜਾਵੇਗਾ, ਪਹਿਲੀ ਵਾਰ ਹੁੰਦਾ ਹੀ "
-"ਮੈਥੋਂ ਹੇਠਲਿਆਂ ਦੇ ਮੱਥੇ ਨਹੀਂ ਲੱਗਿਆ ਜਾਣਾ…!" ਸੀਤਲ ਨੂੰ ਥੱਲੇ ਬੈਠੇ ਮੁੰਡੇ ਕੁੜੀਆਂ ਤੋਂ ਸ਼ਰਮ ਜਿਹੀ ਰਹੀ ਸੀ
-"ਸਾਰੀ ਰਾਤ ਉਹ ਵੀ ਆਪਣੇ ਵਾਲਾ ਕੰਮ ਹੀ ਕਰਦੇ ਰਹੇ …!" ਇਮਰਾਨ ਨੇ ਅਸਲੀਅਤ ਦੱਸ ਕੇ ਉਸ ਦਾ ਸੰਸਾ ਨਵਿਰਤ ਕਰਨਾ ਚਾਹਿਆ
-"ਨ੍ਹਾਂਅ…? ਰੀਅਲੀ…!" ਸੀਤਲ ਨੂੰ ਯਕੀਨ ਨਾ ਆਇਆ
-"ਅੱਲਾਹ ਦੀ ਕਸਮ…! ਬਿਲੀਵ ਮੀ ਸੀਤਲ਼…! ਮੈਂ ਦੋ ਕੁ ਵਜੇ ਹੇਠਾਂ ਕੋਕ ਲੈਣ ਗਿਆ ਸੀ, ਪੈਮ ਤੇ ਰਵੀ, ਪਿੰਕੀ ਤੇ ਜੈਸ ਹੋਰੀਂ ਮੈਂ ਆਪ ਅੱਖੀਂ ਦੇਖ ਕੇ ਆਇਐਂ…! ਇਮਾਨ ਨਾਲ ਆਖਦੈਂ!"
ਸੀਤਲ ਦੀ ਜ਼ਮੀਰ ਹਲਕੀ ਹੋ ਗਈ
ਉਸ ਦੇ ਮਨ ਦਾ ਬੋਝ ਕਾਫ਼ੀ ਹੱਦ ਤੱਕ ਲਹਿ ਗਿਆ ਸੀ

ਸਾਰਿਆਂ ਨੇ ਦੁਪਿਹਰ ਦਾ ਖਾਣਾਂ ਖਾਧਾ ਪੀਜ਼ਾ ਸਰਵਿਸ ਵਾਲ਼ਿਆਂ ਤੋਂ ਪੀਜ਼ੇ ਮੰਗਵਾਏ ਗਏ ਸਨ
ਦੁਪਿਹਰ ਦਾ ਖਾਣਾਂ ਖਾ ਕੇ ਸੀਤਲ ਟੈਕਸੀ ਲੈ ਕੇ ਘਰ ਗਈ ਉਸ ਦਾ ਉਡਿਆ ਮੂੰਹ ਦੇਖ ਕੇ ਮਾਂ ਨੂੰ ਫ਼ਿਕਰ ਹੋਇਆ ਸੁਆਲਾਂ ਦੀ ਮੂਰਤ ਬਣੀ ਕਿਰਪਾਲ ਕੌਰ ਸੀਤਲ ਦੇ ਸਾਹਮਣੇ ਖੜ੍ਹੀ ਸੀ ਗੁਰਚਰਨ ਸਿੰਘ ਘਰ ਨਹੀਂ ਸੀ ਛੁੱਟੀ ਦਾ ਦਿਨ ਹੋਣ ਕਰਕੇ ਕਿਸੇ ਪ੍ਰੋਗਰਾਮ ਤੇ ਗਿਆ ਹੋਇਆ ਸੀ
-"ਕੀ ਹੋ ਗਿਆ ਸੀਤਲ, ਬਹੁਤੀ ਬੱਗੀ ਜਿਹੀ ਹੋਈ ਪਈ ਐਂ…?" ਸੀਤਲ ਦੀ ਤਰਸਯੋਗ ਹਾਲਤ ਦੇਖ ਕੇ ਕਿਰਪਾਲ ਕੌਰ ਦਾ ਦਿਲ ਹਿੱਲ ਗਿਆ ਉਸ ਦੀਆਂ ਅੱਖਾਂ ਵਿਚ ਫ਼ਿਕਰ ਝਲਕਿਆ ਪਰ ਧੀ ਤੇ ਉਸ ਨੂੰ ਕਿਸੇ ਗੱਲ ਦਾ ਸ਼ੱਕ ਨਾ ਹੋਇਆ
-"ਮੰਮ…! ਅਸੀਂ ਸਵੇਰ ਦੇ ਪੰਜ ਵਜੇ ਤੱਕ ਡਾਂਸ ਕਰਦੇ ਰਹੇ, ਸਾਰੀ ਰਾਤ ਸੁੱਤੇ ਨਹੀਂ, ਤੇ ਇਕ ਅੱਜ ਮੈਨੂੰ ਪੀਰੀਅਡ ਗਏ, ਹੋਰ ਕੋਈ ਗੱਲ ਨਹੀਂ, ਬੱਸ ਸਿਹਤ ਜਿਹੀ ਨਹੀਂ ਠੀਕ…!" ਸੀਤਲ ਨੇ ਸਰਾਸਰ ਨਿਰੋਲ ਝੂਠ ਬੋਲਿਆ ਸੰਖੇਪ ਗੱਲ ਕਰਕੇ ਮਾਂ ਦਾ ਫ਼ਿਕਰ ਨਬੇੜਨ ਦਾ ਯਤਨ ਕੀਤਾ ਮਾਂ ਨੂੰ ਵੀ ਕਿਸੇ ਹੱਦ ਤੱਕ ਸੰਤੁਸ਼ਟੀ ਹੋ ਗਈ ਸੀ
-"ਤੂੰ ਇਉਂ ਕਰ…! ਕੁਛ ਖਾ ਲੈ ਤੇ ਜਾ ਕੇ ਰਾਮ ਨਾਲ਼ ਸੌਂ ਜਾ, ਠੀਕ ਹੋਜੇਂਗੀ ਪੁੱਤ…! ਕੀ ਕਰਨਾ ਸੀ ਪਾਰਟੀ ਜਾ ਕੇ…? ਕੀ ਥੁੜਿਆ ਪਿਆ ਸੀ ਐਹੋ ਜੀ ਚੰਦਰੀ ਪਾਰਟੀ ਬਿਨਾਂ…? ਜਦੋਂ ਸਿਹਤ ਨ੍ਹੀ ਠੀਕ…?"
-"ਮੰਮ…! ਮੈਂ ਪੀਜ਼ਾ ਖਾ ਕੇ ਆਈ ਆਂ…! ਖਾਣਾਂ ਕੁਛ ਨ੍ਹੀ, ਹੁਣ ਮੈਨੂੰ ਕੀ ਪਤਾ ਸੀ ਬਈ ਮੈਨੂੰ ਉਥੇ ਪੀਰੀਅਡ ਜਾਣਗੇ…?"
-"ਫੇਰ ਜਾ ਕੇ ਸੌਂ ਜਾ ਪੁੱਤ…! ਸੌਂ ਕੇ ਠੀਕ ਹੋਜੇਂਗੀ…! ਜਾਹ ਅਰਾਮ ਕਰ…!"
ਸੀਤਲ ਅੰਬ ਦਾ ਜੂਸ ਪੀ ਕੇ ਆਪਣੇ ਬੈੱਡ ਰੂਮ ਵਿਚ ਚਲੀ ਗਈ, ਉਸ ਆਪਣੇ ਕੈਲੰਡਰ ਤੇ ਕੁਝ ਦਰਜ਼ ਕੀਤਾ ਅਤੇ ਲੰਮੀਆਂ ਤਾਣ ਕੇ ਪੈ ਗਈ ਮਿੰਨ੍ਹਾਂ ਮਿੰਨ੍ਹਾਂ ਦਰਦ ਉਸ ਦੇ ਪੇਟ ਦੇ ਹੇਠ ਅਜੇ ਵੀ ਹੋ ਰਿਹਾ ਸੀ ਪਰ ਗਰਮ ਗਰਮ ਪਾਣੀ ਨਾਲ਼ ਨਹਾ ਕੇ ਉਹ ਕਾਫ਼ੀ ਹੱਦ ਤੱਕ ਠੀਕ ਹੋ ਗਈ ਸੀ ਜਲਦੀ ਹੀ ਉਸ ਨੂੰ ਨੀਂਦ ਨੇ ਘੇਰ ਲਿਆ

 

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com