WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 3
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਹਨੀ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ਼ ਗਈ ਸੀ।

ਦੁਨੀਆਂ ਦੀਆਂ ਕਟਾਰ ਨਜ਼ਰਾਂ ਤੋਂ ਬਚਦੇ ਮਾਂ-ਬਾਪ ਮੂੰਹ ਲਪੇਟ ਕੇ ਕੁੜੀ ਨੂੰ ਘਰ ਲੈ ਆਏ ਸਨ। ਭੈੜ੍ਹੀ ਦੁਨੀਆਂ ਦੇ ਮੂੰਹ ਵਿਚ ਉਸਤਰੇ ਚੱਲਦੇ ਸਨ, ਵੱਢਵੇਂ ਬੋਲ ਦਿਲ ਛਾਨਣੀਂ ਕਰਦੇ ਸਨ ਅਤੇ ਭਿਆਨਕ ਨਜ਼ਰਾਂ ਲਾਵਾ ਥੁੱਕਦੀਆਂ ਸਨ। ਹਨੀ ਦੀ ਮਾਂ ਗੁੱਝਾ-ਗੁੱਝਾ ਰੋਂਦੀ ਅਤੇ ਕਦੇ ਕੰਧ ਵਿਚ ਟੱਕਰ ਮਾਰਨ ਨੂੰ ਆਹੁਲ਼ਦੀ! ਘਰਦੇ ਉਸ ਨੂੰ ਮਸਾਂ ਫੜ ਕੇ ਰੋਕਦੇ! ਬੇਬੇ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਜਾ ਰਹੀ ਸੀ। ਸਾਰਾ ਟੱਬਰ ਹੀ ਉਸ ਦੀ ਮਾੜੀ ਹਾਲਤ ਵੱਲੋਂ ਦੁਖੀ ਸੀ। ਹਨੀ ਗੁੰਮ ਸੁੰਮ ਹੀ ਰਹਿੰਦੀ। ਕਦੇ ਕਦੇ ਫ਼ੱਟੜ ਜੱਸੀ ਬਾਰੇ ਸੋਚ ਕੇ ਉਸ ਦੇ ਕਾਲ਼ਜੇ ਚੋਂ ਟੀਸ ਉਠਦੀ, ਜਿਸ ਨੂੰ ਉਹ ਸਮੇਂ ਦੇ ਰਹਿਮ ਤੇ ਛੱਡ, ਜਰ ਜਾਂਦੀ। ਕਦੇ ਕਦੇ ਉਸ ਦਾ ਜੱਸੀ ਨੂੰ ਮਿਲਣ ਨੂੰ ਜੀਅ ਕਰਦਾ। ਮਨ ਬਿਹਬਲ ਹੋ ਜਾਂਦਾ! ਵਿਛੋੜੇ ਵਿਚ ਰੂਹ ਵਿਆਕੁਲ਼ ਹੋ ਉਠਦੀ। ਉਸ ਦਾ ਭੋਲ਼ਾ ਜਿਹਾ ਚਿਹਰਾ ਹਨੀ ਦੇ ਕਾਲ਼ਜੇ ਧਸਿਆ ਪਿਆ ਸੀ! ਪਰ ਚੰਦਰੀ ਦੁਨੀਆਂ ਦੀਆਂ ਫ਼ੌਲਾਦੀ ਅਤੇ ਸਮਾਜਿਕ ਸੀਮਾਂਵਾਂ ਕਿਵੇਂ ਪਾਰ ਕਰਦੀ…? ਉਹ ਫ਼ੱਟੜ ਸੱਪ ਵਾਂਗ ਵਿਸ਼ ਘੋਲ਼ ਕੇ ਰਹਿ ਜਾਂਦੀ, ਸਬਰ ਦਾ ਘੁੱਟ ਭਰ ਕੇ ਹੀ ਚੁੱਪ ਹੋ ਜਾਂਦੀ! ਕਦੇ ਕਦੇ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਕੀ ਜੱਸੀ ਜਿਉਂਦਾ ਸੀ..? ਜਾਂ ਰੱਬ ਦੇ ਚਰਨਾਂ ਵਿਚ ਜਾ ਬਿਰਾਜਿਆ ਸੀ..? ਜੇ ਉਹ ਜਹਾਨੋਂ ਕੂਚ ਕਰ ਗਿਆ ਸੀ, ਤਾਂ ਕੀ ਉਸ ਨੇ ਨਵਾਂ ਜਨਮ ਲੈ ਲਿਆ ਹੋਵੇਗਾ…? ਕਿਸ ਜੂਨੀ ਵਿਚ ਪਿਆ ਹੋਵੇਗਾ..? ਫਿਰ ਉਹ ਆਪਣੇ ਆਪ ਨੂੰ ਇਕ ਲਾਹਣਤ ਜਿਹੀ ਪਾਉਂਦੀ। ਉਹ ਆਪਣੇ ਜੱਸੀ ਪ੍ਰਤੀ ਕੀ ਬੇਹੂਦਾ ਸੋਚ ਰਹੀ ਸੀ…? ਉਸ ਦੇ ਦਿਮਾਗ ਵਿਚ ਅਜੀਬ ਅਜੀਬ ਝੱਖੜ ਝੁੱਲਦੇ ਰਹਿੰਦੇ।

ਜੱਸੀ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਪਰ ਉਸ ਦੇ ਮਨ ਨੂੰ ਇਤਨਾ ਧਰਵਾਸ ਜ਼ਰੂਰ ਸੀ ਕਿ ਜੇ ਮੇਰਾ ਜੱਸੀ ਜਿਉਂਦਾ ਹੋਇਆ, ਤਾਂ ਉਹ ਇਕ ਨਾ ਇਕ ਦਿਨ ਮੈਨੂੰ ਜ਼ਰੂਰ ਆ ਕੇ ਮਿਲੇਗਾ। ਪਰ ਇਹ ਤਾਂ ਉਸ ਦੇ ਮਨ ਦਾ ਕਿਆਫ਼ਾ ਹੀ ਹੋ ਸਕਦਾ ਸੀ…? ਸਿਰਫ਼ ਖ਼ਿਆਲੀ ਸਬਜ਼ਬਾਗ਼..? ਹਨੀ ਦੇ ਘਰਦਿਆਂ ਨੇ ਹਨੀ ਦਾ ਕਾਲਜ ਜਾਣਾ ਬਿਲਕੁਲ ਬੰਦ ਕਰ ਦਿੱਤਾ ਸੀ। ਕੋਈ ਕਾਲਜ ਦੀ ਹਮ-ਜਮਾਤਣ ਹਨੀ ਨੂੰ ਮਿਲਣ ਨਹੀਂ ਆ ਸਕਦੀ ਸੀ। ਹਨੀ ਕਿਤੇ ਬਾਹਰ ਨਹੀਂ ਜਾ ਸਕਦੀ ਸੀ। ਉਸ ਤੇ ਇਕ ਤਰ੍ਹਾਂ ਨਾਲ਼ ਕਰਫ਼ਿਊ ਲੱਗ ਗਿਆ ਸੀ। ਘਰ ਅੰਦਰ ਹੀ ਦਫ਼ਾ 144 ਲਾਗੂ ਹੋ ਗਈ ਸੀ। ਉਹ ਇਕ ਪੰਛੀ ਵਾਂਗ ਪਿੰਜਰੇ ਦੀ ਕੈਦਣ ਬਣ ਕੇ ਰਹਿ ਗਈ ਸੀ…!
ਪਰ ਜੱਸੀ ਉਸ ਦੇ ਮਨ ਤੋਂ ਕਦੇ ਨਾ ਲਹਿੰਦਾ। ਉਹ ਹਰ ਪਲ ਜੱਸੀ ਨੂੰ ਕਲ਼ਾਵੇ ਵਿਚ ਮਹਿਸੂਸ ਕਰਦੀ! ਪਰ ਕਦੇ ਕਦੇ ਜੱਸੀ ਬਾਰੇ ਸੋਚ ਕੇ ਉਸ ਦਾ ਮਨ ਖਲਪਾੜਾਂ ਹੋ ਜਾਂਦਾ ਸੀ। ਰਾਤ ਨੂੰ ਸੁੱਤੀ ਪਈ ਨੂੰ ਜੱਸੀ ਦੇ ਨਾਲ਼ ਪਏ ਦੇ ਭੁਲੇਖੇ ਪੈਂਦੇ। ਉਹ ਸੁੱਤੀ ਪਈ ਗਲਵਕੜੀ ਪਾਉਣ ਲਈ ਬਾਂਹ ਲੰਬੀ ਕਰਦੀ, ਤਾਂ ਨਿਕਰਮੀ ਬਾਂਹ ਸੱਖਣੀਂ ਹੀ ਵਾਪਿਸ ਪਰਤ ਆਉਂਦੀ। ਉਸ ਦੀ ਜਾਗ ਖੁੱਲ੍ਹਦੀ ਤਾਂ ਉਹ ਮੰਜੇ ਤੇ ਇਕੱਲੀ ਹੀ ਪਈ ਹੁੰਦੀ, ਕਿਸੇ ਲਾਵਾਰਿਸ ਲਾਸ਼ ਵਾਂਗ਼..! ਰਾਤ ਨੂੰ ਘਰ ਦੇ ਬਨੇਰੇ ਉਸ ਅੱਗੇ ਜੱਸੀ ਬਣ-ਬਣ ਖੜ੍ਹਦੇ! ਹਨ੍ਹੇਰੇ ਚੋਂ ਜੱਸੀ ਦਾ ਭੁਲੇਖਾ ਪੈਂਦਾ..! ਪਰ ਜੱਸੀ ਦੇ ਹਾਲਾਤਾਂ ਬਾਰੇ ਉਸ ਨੂੰ ਕੱਖ ਪਤਾ ਨਹੀਂ ਸੀ..!

ਜਦ ਹਨੀ ਦੀ ਮਾਂ ਰਾਤ ਨੂੰ ਪਾਗ਼ਲਪਨ ਕਾਰਨ ਬੱਕੜਵਾਹ ਕਰ ਕੇ ਜਾਗਦੀ, ਤਾਂ ਹਨੀ ਦਾ ਬਾਪੂ ਹਨੀ ਨੂੰ ਵੀਹ ਬੋਲ-ਕਬੋਲ ਕਰਦਾ। ਪਤਾ ਨਹੀਂ ਕਿਸ ਨੂੰ ਗਾਲ੍ਹਾਂ ਕੱਢਣ ਲੱਗ ਪੈਂਦਾ। ਹਨੀ ਦਾ ਭਰਾ ਬੁੱਕਣ ਬਾਪੂ ਨੂੰ ਫੜ ਕੇ ਮੰਜੇ ਤੇ ਪਾਉਂਦਾ। ਬੁੱਕਣ ਨੂੰ ਕਬੀਲਦਾਰੀ ਦਾ ਕੋਈ ਬਹੁਤਾ ਪਾਹ ਨਹੀਂ ਲੱਗਿਆ ਸੀ। ਉਹ ਪੈੱਗ-ਸ਼ੈੱਗ ਲਾਉਣ ਵਾਲ਼ਾ ਲਹਿਰੀ ਅਤੇ ਦੁਨੀਆਂ ਤੋਂ ਨਿਰਲੇਪ ਬੰਦਾ ਸੀ। ਘਰੋਂ ਖੇਤ ਅਤੇ ਖੇਤੋਂ ਘਰੇ..! ਦਾਰੂ ਪੀਤੀ, ਰੋਟੀ ਖਾਧੀ ਅਤੇ ਘੁਰਾੜ੍ਹੇ ਮਾਰ ਲਏ ਦੁਨੀਆਂ ਤੋਂ ਉਹ ਇਕ ਤਰ੍ਹਾਂ ਨਾਲ਼ ਆਵੇਸਲ਼ਾ ਸੀ। ਅਣਭਿੱਜ ਸੀ। ਹਨੀ ਨਾਲ਼ ਹੋਈ ਵਾਰਦਾਤ ਨਾਲ਼ ਉਸ ਨੂੰ ਜ਼ਰੂਰ ਕੁਝ ਮਹਿਸੂਸ ਹੋਇਆ ਸੀ।

ਜਦ ਕਾਲਜ ਦੇ ਅਮਲੇ ਅਤੇ ਵਿਦਿਆਰਥੀਆਂ ਨੇ ਠਾਣੇ ਦੇ ਗੇੜੇ ਦੇਣੇ ਫਿਰ ਸ਼ੁਰੂ ਕਰ ਦਿੱਤੇ, ਤਾਂ ਠਾਣੇਦਾਰ ਰੂੜ ਸਿੰਘ ਨੇ ਹਨੀ ਦੇ ਬਾਪੂ ਮੀਹਾਂ ਸਿੰਘ ਨੂੰ ਠਾਣੇ ਬੁਲਾ ਲਿਆ।

ਹਾਲਾਤਾਂ ਦਾ ਸਤਾਇਆ ਬਜ਼ੁਰਗ ਸਾਹ ਜਿਹੇ ਵਰੋਲ਼ਦਾ ਠਾਣੇ ਪਹੁੰਚ ਗਿਆ। ਜਿਵੇਂ ਉਸ ਨੂੰ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਸੀ। ਜਿਵੇਂ ਉਸ ਵਿਚ ਸਾਹ ਸਤ ਹੀ ਨਹੀਂ ਰਿਹਾ ਸੀ। ਉਸ ਦੀ ਛਾਤੀ ਵਿਚ ਸਾਹ ਖੜਕਦੇ ਸਨ! ਹੱਡੀਆਂ ਮਾਸ ਛੱਡਦੀਆਂ ਜਾ ਰਹੀਆਂ ਸਨ। ਉਹ ਧਰਤੀ ਟੋਹ-ਟੋਹ ਕੇ ਹੀ ਤਾਂ ਤੁਰਦਾ ਸੀ! ਉਮਰ ਤਾਂ ਮੀਹਾਂ ਸਿੰਘ ਦੀ ਕੋਈ ਬਹੁਤੀ ਨਹੀਂ ਸੀ। ਪਰ ਸਮੇਂ ਦੇ ਮੌਸਮ ਨੇ ਉਸ ਨੂੰ ਦਿਨਾਂ ਵਿਚ ਹੀ ਬੁੱਢਾ ਕਰ ਦਿੱਤਾ ਸੀ। ਉਹ ਜਿਵੇਂ ਦਿਨਾਂ ਵਿਚ ਹੀ ਹਾਰ ਗਿਆ ਸੀ!

-"ਤੂੰ ਸਰਾਧ ਖਾਣ ਆਲ਼ਿਆਂ ਮਾਂਗੂੰ ਕਿਵੇਂ ਬੈਠੈਂ ਬਾਬਾ…?" ਬੱਗੀ ਦਾਹੜੀ ਦੀ ਲਿਹਾਜ ਕਰਦਿਆਂ ਮੁਣਸ਼ੀ ਨੇ ਠਾਣੇ ਦੇ ਵਿਹੜੇ ਵਿਚ ਬੈਠੇ ਮੀਹਾਂ ਸਿੰਘ ਨੂੰ ਪੁੱਛਿਆ।
-"
ਮੈਨੂੰ ਤਾਂ ਠਾਣੇਦਾਰ ਸਾਹਬ ਨੇ ਬੁਲਾਇਐ ਜਿਉਣ ਜੋਕਰਿਆ…! ਮੈਂ ਕਿਹੜਾ ਐਥੇ ਚਾਅ ਨੂੰ ਆਇਐਂ…?" ਬਜ਼ੁਰਗ ਦੀ ਨਿਰਬਲ ਜੁਬਾਨ ਬੋਲੀ। ਉਸ ਦੀਆਂ ਜੋਤਹੀਣ ਅੱਖਾਂ ਬੁਝੀਆਂ ਪਈਆਂ ਸਨ।
ਮੁਣਸ਼ੀ ਨੇ ਅੰਦਰ ਜਾ ਕੇ ਖ਼ਬਰ ਕਰ ਦਿੱਤੀ।
ਮੁਣਸ਼ੀ ਦੇ ਸੁਨੇਹੇਂ ਨਾਲ਼ ਹੀ ਠਾਣੇਦਾਰ ਬਾਹਰ ਆ ਗਿਆ। ਬੇਈਮਾਨ ਅੱਖਾਂ ਨਾਲ਼ ਉਸ ਨੇ ਮੀਹਾਂ ਸਿੰਘ ਦਾ ਤਮਾਨ ਤੋਲਿਆ। ਜਿਵੇਂ ਕਸਾਈ ਬੱਕਰੇ ਨੂੰ ਪੂਛੋਂ ਫੜ ਕੇ ਭਾਰ ਜੋਂਹਦੈ।
ਬਾਹਰ ਬੈਠਾ ਮੀਹਾਂ ਸਿੰਘ ਉਸ ਨੂੰ ਹੱਡੀਆਂ ਦੀ ਇਕ ਮੁੱਠ ਹੀ ਤਾਂ ਜਾਪਿਆ ਸੀ। ਬਲਹੀਣ ਪਠੋਰੇ ਵਰਗਾ…!
-"
ਆਜਾ ਬਾਬਾ…! ਅੰਦਰ ਆ ਜਾਹ..!" ਠਾਣੇਦਾਰ ਨੇ ਆਖਿਆ ਤਾਂ ਬਜੁਰਗ ਹੁਕਮ ਦਾ ਬੱਝਿਆ ਡਾਂਗ ਸਹਾਰੇ ਅੰਦਰ ਨੂੰ ਤੁਰ ਪਿਆ।
-"
ਕਦੋਂ ਕੁ ਦਾ ਆਇਐਂ…?"
-"
ਮੈਨੂੰ ਤਾਂ ਜੀ ਦਿਹਾੜੀ ਬੀਤ ਚੱਲੀ, ਕਿਸੇ ਨੇ ਸਾਰ ਈ ਨੀ ਪੁੱਛੀ…!" ਸਿੱਧੇ ਸਾਦੇ ਮੀਹਾਂ ਸਿੰਘ ਨੇ ਬੇਬਾਕ ਦੱਸਿਆ।
-"
ਬੈਠ..! ਆਪਾਂ ਕੋਈ ਕੰਮ ਦੀ ਗੱਲ ਕਰੀਏ!" ਉਸ ਨੇ ਕੁਰਸੀ ਮੀਹਾਂ ਸਿੰਘ ਅੱਗੇ ਕਰ ਦਿੱਤੀ।
ਬਜੁਰਗ ਡਾਂਗ ਆਸਰੇ ਕੁਰਸੀ ਤੇ ਬੈਠ ਗਿਆ।
-"
ਹਾਂ ਬਾਬਾ…? ਤੇਰੇ ਆਲ਼ਾ ਕੇਸ ਹੁਣ ਕਿਵੇਂ ਨਬੇੜੀਏ?" ਠਾਣੇਦਾਰ ਨੇ ਪੁੱਛਿਆ।
-"……..
।" ਬਜੁਰਗ ਚੁੱਪ ਸੀ। ਬਰੀਕ ਬਿਰਧ ਅੱਖਾਂ ਠਾਣੇਦਾਰ ਦੀਆਂ ਨਜ਼ਰਾਂ ਨੂੰ ਪੜ੍ਹ ਰਹੀਆਂ ਸਨ।
-"
ਕੁੜੀ ਹੁਣ ਠੀਕ …?" ਠਾਣੇਦਾਰ ਨੇ ਹੀ ਪਹਿਲ ਕੀਤੀ।
-"
ਠੀਕ ਈ ਐ ਜੀ…! ਥੋਡੇ ਸਾਹਮਣੇ ਈ ਐਂ ਸਰਦਾਰ ਜੀ, ਕਿੰਨਾਂ ਗੁੱਡੀ ਨਾਲ਼ ਧੱਕਾ ਹੋਇਐ…!" ਬਜੁਰਗ ਦਿਲੋਂ ਫ਼ਿੱਸ ਪਿਆ। ਉਸ ਦੀਆਂ ਬੁਝੀਆਂ ਅੱਖਾਂ ਚੋਂ ਪਾਣੀ ਚੱਲ ਪਿਆ।
-"
ਬਾਬਾ..! ਮੈਨੂੰ ਤੇਰੇ ਨਾਲ਼ ਪੂਰੀ ਹਮਦਰਦੀ ਐ…! ਪਰ ਜਿੰਨਾਂ ਕਸੂਰ ਮੁੰਡੇ ਚ ਐ, ਉਦੂੰ ਵੱਧ ਕਸੂਰ ਕੁੜੀ ਚ ਨਿਕਲ਼ਦੈ, ਪਤੈ…?" ਠਾਣੇਦਾਰ ਰੂੜ ਸਿੰਘ ਕੁਝ ਕਰੜਾ ਹੋ ਗਿਆ। ਉਸ ਨੇ ਪੁਲਸੀਆ ਚਲਿੱਤਰ ਤੀਰ ਵਾਂਗ ਵਗਾਉਣੇ ਸ਼ੁਰੂ ਕਰ ਦਿੱਤੇ।
-"
ਕਾਹਦਾ ਕਸੂਰ ਐ ਸਰਦਾਰ ਜੀ…? ਥੋਡੇ ਸਾਹਮਣੇ ਕਿੰਨਾਂ ਚਿਰ ਤਾਂ ਬਚਾਰੀ ਹਸਪਤਾਲ਼ ਈ ਪਈ ਰਹੀ ਐ-!"
-"
ਦੇਖ ਬਾਬਾ…! ਮੈਂ ਤੇਰੀ ਬੱਗੀ ਦਾਹੜ੍ਹੀ ਦਾ ਲਿਹਾਜ ਕਰਦੈਂ…! ਤੇਰੀ ਤਾਂ ਦਾਹੜ੍ਹੀ ਫੜਦਿਆਂ ਵੀ ਸ਼ਰਮ ਆਉਂਦੀ ਐ…! ਜਿੱਥੋਂ ਤੱਕ ਕੁੜੀ ਦੀ ਗੱਲ ਐ, ਹਸਪਤਾਲ਼ ਉਹ ਆਬਦੀ ਕਰਤੂਤ ਕਰਕੇ ਪਈ ਰਹੀ ਐ…! ਕਿਸੇ ਤੇ ਕੋਈ ਅਹਿਸਾਨ ਨ੍ਹੀ! ਰੰਗਰਲ਼ੀਆਂ ਮਨਾਉਣੀਆਂ ਤੇ ਬਿਗਾਨੇ ਖੇਤ ਰਾਤਾਂ ਕੱਟਣੀਆਂ, ਉਹਨੂੰ ਕਿਹੜੇ ਭੜੂਏ ਨੇ ਸੁੱਖ ਕੇ ਦਿੱਤੀਆਂ ਸੀ..? ਕਿਸੇ ਨੇ ਲਿਖ ਕੇ ਦਿੱਤਾ ਸੀ…?"

-"…………।" ਬਜੁਰਗ ਚੁੱਪ ਵੱਟ ਗਿਆ। ਮਾਰੂ ਗੱਲ ਸੀਨਾਂ ਪਾੜ ਗਈ ਸੀ।
-"
ਸਾਡੇ ਕੋਲ਼ੇ ਗਵਾਹ ਗਵਾਹੀਆਂ ਦੇਈ ਜਾਂਦੇ ਐ ਬਈ ਖੁਰਵੱਢ ਤਾਂ ਕੁੜੀ ਆਪ ਕਰਦੀ ਫਿਰਦੀ ਸੀ…! ਜੇ ਕੋਈ ਅੱਕਿਆ ਮੁੰਡਾ ਉਹਨੂੰ ਚਿੰਬੜ ਗਿਆ, ਦੱਸੋ ਮੁੰਡੇ ਦਾ ਕੀ ਕਸੂਰ…? ਅੱਗ ਮੂਹਰੇ ਘਿਉ ਨੇ ਤਾਂ ਪੰਘਰਨਾ ਈ ਐਂ…? ਕਹੇਂ ਤੇਰੇ ਸਾਹਮਣੇ ਜਿਉਂਦੇ ਜਾਗਦੇ, ਹੱਡ ਮਾਸ ਦੇ ਗਵਾਹ ਖੜ੍ਹੇ ਕਰ ਦੇਈਏ…?"
-"…………
।" ਬਜੁਰਗ ਦੇ ਮੂੰਹ ਨੂੰ ਜਿੰਦਰਾ ਲੱਗ ਗਿਆ।
-"
ਕੁੜੀ ਕੈਂਪ ਤੇ ਗਈ, ਪਰ ਸਾਡੀ ਇੰਨਕੁਆਰੀ ਦੱਸਦੀ ਐ ਬਈ ਕੁੜੀ ਰਾਤ ਨੂੰ ਕੈਂਪ ਹੈਨੀ ਸੀ, ਬਿਗਾਨੇ ਖੇਤ ਸੀ…! ਜੇ ਸਾਰੀ ਤਹਿਕੀਕਾਤ ਤੇ ਨਿਗਾਹ ਮਾਰੀਏ, ਤਾਂ ਬਰੀ ਕੁੜੀ ਵੀ ਨਹੀਂ ਹੋ ਸਕਦੀ ਬਜੁਰਗਾ! ਦੇਖ ਲੈ..! ਕਿਤੇ ਰੋਜੇ ਬਖਸ਼ਾਉਣ ਆਏ ਦੇ ਗਲ਼ ਨਮਾਜਾਂ ਨਾ ਪੈ ਜਾਣ…! ਪਿਉ ਧੀ ਪੁੱਠੇ ਨਾ ਫ਼ਸ ਜਾਇਓ…?" ਠਾਣੇਦਾਰ ਨੇ ਆਖਰੀ ਭੁਲੱਥਾ ਸੁੱਟਿਆ।
-"
ਪਰ ਜੀ ਪਾੜੀ ਝੀੜ੍ਹੀ ਤਾਂ ਤੁਸੀਂ ਆਪ ਦੇਖੀ ਐ…!"
-"
ਜੇ ਖਰਗੋਸ਼ ਸ਼ੇਰ ਮੂਹਰੇ ਕਲੋਲਾਂ ਕਰੂ, ਤਾਂ ਢਿੱਡ ਈ ਪੜਵਾਊ…? ਹੋਰ ਸ਼ੇਰ ਉਹਨੂੰ ਨਿਉਂਦਾ ਤਾਂ ਪਾਉਣ ਨ੍ਹੀ ਲੱਗਿਆ…! ਜੇ ਉਹ ਲੋਕਾਂ ਦੀਆਂ ਫ਼ਸਲਾਂ ਮਿੱਧਦੀ ਫ਼ਿਰਦੀ ਸੀ, ਕੋਈ ਨਾ ਕੋਈ ਚੰਦ ਤਾਂ ਚੜ੍ਹਨਾ ਈ ਸੀ…? ਜੰਨ ਕੁਪੱਤੀ ਸੁਥਰਾ ਭਲਾ ਮਾਣਸ਼…? ਪਿੱਛੋਂ ਮਾੜੇ ਮੁੰਡੇ…! ਜਿਹੜੀ ਆਪ ਅਗਲਿਆਂ ਦੇ ਖੇਤ ਜਾ-ਜਾ ਕੇ ਟੰਗਾਂ ਚੁਕਵਾਉਂਦੀ ਰਹੀ ਐ, ਖ਼ੈਰਾਂ ਹੱਥੀ ਬਾਬਾ ਉਹ ਵੀ ਹੈਨ੍ਹੀ..! ਖੁਸ਼ੀ ਕੱਲੇ ਮੁੰਡਿਆਂ ਨੂੰ ਦੋਸ਼ ਦੇਹ..! ਹੁਣ ਦੱਸ, ਤੂੰ ਸਾਨੂੰ ਕਿਹੜੇ ਰਾਹ ਪਾਉਨੈਂ..?" ਠਾਣੇਦਾਰ ਨੇ ਗੱਲ ਮੀਹਾਂ ਸਿੰਘ ਅੱਗੇ ਸੁੱਟ ਦਿੱਤੀ ਅਤੇ ਤ੍ਰਿਸਕਾਰ ਨਜ਼ਰਾਂ ਨਾਲ਼ ਉਸ ਦਾ ਚਿਹਰਾ ਸੁੰਘਿਆ।
-"
ਮੈਂ ਕਿਹੜੇ ਰਾਹ ਪਾਉਣੈਂ ਸਰਦਾਰ ਜੀ…? ਤੁਸੀਂ ਈ ਦੱਸੋ..? ਥੋਡੇ ਹੱਥ ਡੋਰੀ ਐ, ਮੇਰਾ ਤਾਂ ਡਮਾਕ ਹਿੱਲਿਆ ਪਿਐ..! ਕੁਛ ਨ੍ਹੀ ਸੁੱਝਦਾ ਸ਼ੇਰਾ..!" ਬਜੁਰਗ ਫਿਰ ਡੁਸਕ ਪਿਆ।
ਠਾਣੇਦਾਰ ਉਠ ਕੇ ਖੜ੍ਹਾ ਹੋ ਗਿਆ।
-"
ਦੇਖ ਬਾਬਾ..! ਗਈ ਨੂੰ ਘੋੜ੍ਹੇ ਨ੍ਹੀ ਮਿਲ਼ਦੇ..! ਵੇਲ਼ਾ ਮੁੜ ਕੇ ਹੱਥ ਆਉਂਦਾ ਨ੍ਹੀ..! ਜੇ ਤੇਰਾ ਲੈ ਦੇ ਕੇ ਮਸਲਾ ਹੱਲ ਹੁੰਦੈ, ਉਹ ਵੀ ਮੈਂ ਕਰਵਾਉਣ ਨੂੰ ਤਿਆਰ ਐਂ..? ਨਹੀਂ ਇਕ ਗੱਲ ਮੇਰੀ ਧਿਆਨ ਦੇ ਕੇ ਸੁਣ ਲਈਂ..! ਤੇਰੀ ਤੂਤੀ ਨਗਾਰਖਾਨੇ ਵਿਚ ਕਿਸੇ ਨੇ ਨਹੀਂ ਸੁਣਨੀ..! ਐਥੇ ਵੱਡੇ ਢਿੱਡਾਂ ਆਲ਼ੇ ਕੰਜਰ ਫਿਰਦੇ ਐ..! ਤੈਨੂੰ ਤਾਂ ਊਂ ਰੋਲ਼ ਦੇਣਗੇ, ਸੋਚ ਲੈ..!"

-"ਸਰਦਾਰ ਜੀ, ਕੁੜੀ ਤਾਂ ਕੰਜਰ ਨੇ ਕਿਸੇ ਪਾਸੇ ਜੋਕਰੀ ਨ੍ਹੀ ਛੱਡੀ..? ਉਹ ਤਾਂ ਖਿਲਾਰੀ ਪਈ ਐ..!" ਤਾਅ ਵਿਚ ਬਜੁਰਗ ਦੇ ਮੂੰਹੋਂ ਸੱਚੀ ਗੱਲ ਨਿਕਲ਼ ਗਈ ਅਤੇ ਠਾਣੇਦਾਰ ਦੇ ਸਿਰ ਨੂੰ ਫ਼ਤੂਰ ਚੜ੍ਹ ਗਿਆ।
-"
ਤੇਰੀ ਧੀ ਦੇ ਸਾਫ਼ੂਆਲ਼ੀਆ ਧਲ੍ਹਿਆਰਾ ਪਾਲਾਂ, ਚੌਰਿਆ…! ਉਦੋਂ ਨ੍ਹੀ ਸੀ ਪਤਾ, ਜਦੋਂ ਉਹ ਕੁੱਤੀ ਦੂਜੇ ਕੰਜਰ ਨਾਲ਼ ਬਿਗਾਨੇ ਖੇਤ ਪਈ ਸੀ..? ਜਿਵੇਂ ਸੱਜਰਾ ਖਸਮ ਹੁੰਦੈ..? ਕੈਂਪ ਚ ਹੋਰ ਵੀ ਪੈਂਤੀ ਕੁੜੀਆਂ ਗਈਆਂ ਈ ਸੀ, ਉਹ ਭੈਣ ਚੋਦ ਹੋਰ ਨਾ ਕਿਸੇ ਨੂੰ ਚਿੰਬੜ ਗਿਆ..? ਹਲ਼ਕ ਤਾਂ ਤੇਰੀ ਧੀ ਨੂੰ ਉਠਿਆ ਵਿਆ ਸੀ, ਮੁੰਡੇ ਭੈਣ ਯਹਾਉਂਦੇ..? ਆਬਦੀ ਕੁੜੀ ਦਾ ਕਾਣ ਦੇਖਣਾ ਕੋਈ ਨ੍ਹੀ, ਤੇ ਨਿਘੋਚਾਂ ਅਗਲੇ ਦੇ ਮੁੰਡੇ ਚ ਕੱਢਣੀਆਂ…?" ਠਾਣੇਦਾਰ ਕਰੋਧ ਵਿਚ ਸੜ ਉਠਿਆ। ਮੰਤਰੀ ਜੀ ਦੀਆਂ ਨਸੀਹਤਾਂ, ਹਦਾਇਤਾਂ ਅਤੇ ਡਰਾਵੇ ਉਸ ਦੇ ਦਿਮਾਗ ਵਿਚ ਵਰਮੇਂ ਵਾਂਗ ਸੱਲ ਕਰ ਰਹੇ ਸਨ। ਬਦਲੀ ਦਾ ਡਰ ਸਿਰ ਵਿਚ ਦੁਰਮਟ ਵਾਂਗ ਵੱਜ ਰਿਹਾ ਸੀ।
-"
ਪਰ ਸਰਦਾਰ ਜੀ ਇਹ ਕੋਈ ਨਸਾਫ ਤਾਂ ਨਾ-ਨਾ ਹੋਇਆ..?"
-"
ਤੇਰੀ ਕੁੜੀ ਨਾਲ਼ ਲੈਲਾਂ ਗੇੜੇ, ਸਾਨੂੰ ਇਨਸਾਫ਼ ਹੁਣ ਤੂੰ ਸਿਖਾਵੇਂਗਾ..? ਅਗਲਾ ਪਤੈ ਕਿੱਡੇ ਬਾਰਸੂਖ ਪਿਉ ਦਾ ਪੁੱਤ ਐ..? ਜੇ ਅਸੀਂ ਕੇਸ ਤਿਆਰ ਕਰ ਕੇ ਅਦਾਲਤ ਨੂੰ ਵੀ ਦੇ ਦਿੱਤਾ, ਕਿਹੜਾ ਗਵਾਹ ਪੇਸ਼ ਕਰੇਂਗਾ ਤੂੰ ਕਚਿਹਰੀ ..? ਤੂੰ ਤਾਂ ਸਾਡਾ ਮੁਕੱਦਮਾਂ ਵੀ ਖੂਹ ਚ ਪਾਦੇਂਗਾ..! ਪਿੱਛੋਂ ਭੈਣ ਚੋਦ ਬੁਰੇ ਅਸੀਂ ਕੰਜਰ ਵੱਜਦੇ ਐਂ..!"
-"……….
।" ਬਜੁਰਗ ਚੁੱਪ ਸਾਧ ਗਿਆ। ਉਸ ਨੂੰ ਮਹਿਸੂਸ ਹੋ ਗਿਆ ਸੀ ਕਿ ਝੋਟਿਆਂ ਵਾਲ਼ਿਆਂ ਦੇ ਘਰੋਂ ਲੱਸੀ ਮਿਲ਼ਣੀ ਮੁਸ਼ਕਿਲ ਸੀ।
-"
ਦੇਖ ਬਾਬਾ, ਮੈਂ ਅੱਗੇ ਵੀ ਕਿਹੈ ਬਈ ਤੇਰੀ ਤਾਂ ਦਾਹੜੀ ਨੂੰ ਹੱਥ ਪਾਉਂਦਿਆਂ ਨੂੰ ਵੀ ਸ਼ਰਮ ਆਉਂਦੀ ਐ, ਇਕ ਹੱਲ ਦੱਸਾਂ..?" ਠਾਣੇਦਾਰ ਦੇ ਕਹਿਣ ਤੇ ਬਜੁਰਗ ਨੇ ਵੈਰਾਨ ਅੱਖਾਂ ਉਪਰ ਚੁੱਕੀਆਂ।
-"
ਜੇ ਕਹੇਂ ਤਾਂ ਮੁੰਡੇ ਦੇ ਪਿਉ ਤੋਂ ਤੈਨੂੰ ਮੁਆਵਜ਼ਾ ਦੁਆ ਦਿੰਨੈਂ, ਗੱਲ ਰਫ਼ਾ ਦਫ਼ਾ ਕਰ..! ਮਿੱਟੀ ਪਾਅ..!"
-"
ਇਉਂ ਮਿੱਟੀ ਕਿਮੇਂ ਪਾ ਦਿਆਂ ਸਰਕਾਰ…? ਧੀ ਧਿਆਣੀ ਦੀ ਇੱਜਤ ਦਾ ਸੁਆਲ ਐ।"
-"
ਤੇਰੀ ਕੁੜੀ ਨੂੰ ਗੜ੍ਹ ਦਿਆਂ ਧੀ ਦਿਆ ਖ਼ਸਮਾਂ…! ਕਾਹਦੀ ਇੱਜਤ ਐ ਤੇਰੀ…?" ਉਹ ਗਲ਼ ਨੂੰ ਆਇਆ।
-"
ਅੱਤ ਤਾਂ ਤੇਰੀ ਕੁੜੀ ਦੀ ਚੱਕੀ ਵੀ ਸੀ…! ਅੱਗ ਤੇ ਤਾਂ ਤੇਰੀ ਕੁੜੀ ਲਿਟਦੀ ਸੀ…! ਜੇ ਦੇਖ ਕੇ ਮੁੰਡੇ ਤੋਂ ਨਹੀਂ ਰਿਹਾ ਗਿਆ, ਤਾਂ ਫਿਰ ਅਗਲੇ ਦਾ ਕੀ ਕਸੂਰ..? ਕੁੜੀ ਨੂੰ ਰੋਕਣਾ ਤੇਰਾ ਕੰਮ ਸੀ, ਨਾ ਕਿ ਸਾਡਾ! ਮੁਸ਼ਕੀ ਕੁੱਤੀ ਮਗਰ ਤਾਂ ਕੁੱਤੇ ਆਉਂਦੇ ਈ ਐ, ਉਥੇ ਕਿਸੇ ਦੇ ਕੋਈ ਵੱਸ ਨ੍ਹੀ ਰਹਿੰਦਾ, ਐਵੇਂ ਮੁੰਡਿਆਂ ਨੂੰ ਬੁਰੇ ਨਾ ਪਾਅ..!" ਠਾਣੇਦਾਰ ਬਾਬੇ ਦੇ ਸਾਰੇ ਰਾਹ ਬੰਦ ਕਰੀ ਆ ਰਿਹਾ ਸੀ।
ਬਾਬਾ ਉਠ ਕੇ ਤੁਰ ਚੱਲਿਆ। ਉਸ ਦਾ ਦਿਲ-ਦਿਮਾਗ ਕੀਰਨੇ ਪਾਈ ਜਾ ਰਿਹਾ ਸੀ। ਉਹ ਜਾਣਦਾ ਸੀ ਕਿ ਕਸੂਰ ਉਸ ਦੀ ਆਪਣੀ ਕੁੜੀ ਦਾ ਵੀ ਸੀ। ਪਰ ਇਹ ਇਨਸਾਫ਼ ਕਰਨ ਵਾਲ਼ੇ ਤਾਂ ਸਰਾਸਰ ਹੀ ਦੋਸ਼ੀ ਦੇ ਹੱਕ ਵਿਚ ਭੁਗਤੀ ਜਾ ਰਹੇ ਸਨ? ਕਿੱਥੋਂ ਮਿਲਣਾ ਸੀ ਇਨਸਾਫ਼…? ਜਿੱਥੇ ਕੋਈ ਦਲੀਲ, ਅਪੀਲ ਜਾਂ ਵਕੀਲ ਨਾ ਰਹਿ ਜਾਵੇ, ਉਥੇ ਫ਼ਰਿਆਦ ਕਰਨ ਦਾ ਕੀ ਫ਼ਾਇਦਾ..? ਸਿਰਫ਼ ਮਗਜ਼ਮਾਰੀ ਸੀ..!

-"ਚੱਲਿਆ ਕਿੱਥੇ ਐਂ ਬਾਬਾ..? ਅਸੀਂ ਤੇਰੇ ਕੁੱਤੇ ਰੱਖੇ ਐਂ, ਜਿਹੜੇ ਤੇਰੀ ਸੀਟੀ ਤੇ ਭੌਂਕੀ ਜਾਵਾਂਗੇ..?" ਠਾਣੇਦਾਰ ਨੇ ਉਸ ਦੀ ਬਾਂਹ ਫੜ ਲਈ।
-"
ਧੀ ਦੇਣਿਆਂ, ਤੂੰ ਸਾਨੂੰ ਵਿਹਲੇ ਸਮਝ ਰੱਖਿਐ..? ਨਾ ਅਸੀਂ ਸਿਰਫ਼ ਤੇਰੇ ਤੇ ਈ ਬੈਠੇ ਐਂ…? ਸਾਨੂੰ ਹੋਰ ਕੋਈ ਕੰਮ ਨ੍ਹੀ…? ਦੇ ਕੇ ਭਲਵਾਨੀ ਗੇੜਾ ਤੁਰ ਚੱਲਿਐਂ ਜਿਵੇਂ ਮੁੰਡੇ ਦੇ ਸਹੁਰੀਂ ਆਇਆ ਹੁੰਨੈ..? ਮੁੰਡੇ ਦੇ ਵੱਜੀਆਂ ਸੱਟਾਂ ਦੀ ਇਨਕੁਆਰੀ ਸਿੱਧੀ ਤੇਰੇ ਘਰ ਨੂੰ ਤੁਰੀ ਆਉਂਦੀ ਐ…! ਉਹ ਤਾਂ ਤੂੰ ਸਾਡੀ ਦਰਿਆ ਦਿਲੀ ਦੇਖ, ਜਿਹੜਾ ਤੈਨੂੰ ਹਿਰਾਸਤ ਚ ਨ੍ਹੀ ਲਿਆ ਤੇ ਕੇਸ ਦਰਜ ਨ੍ਹੀ ਕੀਤਾ..! ਕੁੜੀ ਨਾਲ਼ ਤਾਂ ਜਿਹੜੀ ਵਾਰਦਾਤ ਜਾਂ ਖ਼ੇਹ ਖ਼ਰਾਬੀ ਹੋਈ ਐ, ਉਹ ਤਾਂ ਠੀਕ ਐ..! ਅਸੀਂ ਵੀ ਮੰਨਦੇ ਐਂ ਬਈ ਇਹ ਸੱਚ ਐ..! ਪਰ ਮੁੰਡੇ ਦੇ ਉਹ ਸੱਟਾਂ ਕਿਉਂ ਮਾਰੀਆਂ..? ਕਰਨ ਆਲਾਂ ਕੰਮ ਉਹਨੇ ਕੁੜੀ ਨਾਲ਼ ਕਰ ਲਿਆ ਸੀ..? ਮੁੰਡੇ ਨਾਲ਼ ਤਾਂ ਉਹਦਾ ਰੰਜ ਹੀ ਕੋਈ ਨਹੀਂ ਸੀ..? ਸੱਟਾਂ ਮਾਰਨ ਦਾ ਦੋਸ਼ ਸਾਰਾ ਤੇਰੇ ਘਰ ਤੇ ਤੁਰਿਆ ਆਉਂਦੈ…! ਇਰਾਦਾ ਕਤਲ ਦਾ ਕੇਸ ਐ, ਪਿਉ ਪੁੱਤ ਸਿੱਧੇ ਸੱਤ ਸਾਲ ਵਾਸਤੇ ਅੰਦਰ ਜਾਵੋਂਗੇ..!"
ਬਜੁਰਗ ਅੱਗੇ ਧਰਤੀ ਘੁਕਣ ਲੱਗ ਪਈ।
ਉਸ ਦੇ ਕੰਨਾਂ ਅੰਦਰ ਬੱਦਲ਼ ਗੱਜੀ ਜਾ ਰਹੇ ਸਨ।
ਠਾਣੇਦਾਰ ਨੇ ਉਸ ਨੂੰ ਫੜ ਕੇ ਬਿਠਾ ਲਿਆ। ਬਜੁਰਗ ਦੇ ਹੋਸ਼ ਕਾਇਮ ਨਹੀਂ ਸਨ।
-"
ਦੇਖ ਬਾਬਾ..! ਮੈਂ ਅਜੇ ਵੀ ਤੇਰੇ ਤੇ ਤਰਸ ਕਰਦੈਂ…! ਕਿਤੇ ਉਹ ਨਾ ਹੋਵੇ, ਬਈ ਜਿਹੜੇ ਰੋਗ ਨਾਲ਼ ਮਰਗੀ ਬੱਕਰੀ, ਓਹੀ ਰੋਗ ਪਠੋਰੀ ਨੂੰ…! ਮੇਰੀ ਮੰਨ, ਚੁੱਪ ਚਾਪ ਅਗਲਿਆਂ ਨਾਲ਼ ਰਾਜੀਨਾਮਾਂ ਕਰ ਲੈ, ਤੇ ਗੱਲ ਤੇ ਮਿੱਟੀ ਪਾਅ..! ਜਿੰਨਾਂ ਮੁਆਵਜ਼ਾ ਆਖੇਂ, ਮੈਂ ਦਿਵਾਉਣ ਨੂੰ ਤਿਆਰ ਐਂ..! ਸੋਚ ਲੈ, ਤੇ ਨਹੀਂ ਖੂਹ ਚ ਡਿੱਗੀ ਇੱਟ ਕਦੇ ਸੁੱਕੀ ਨ੍ਹੀ ਨਿਕਲ਼ਦੀ..! ਅਗਲੇ ਦੀ ਸਰਕਾਰੇ ਦਰਬਾਰੇ ਪੂਰੀ ਪੁੱਛ ਦੱਸ ਐ, ਕੱਲ੍ਹ ਨੂੰ ਸਾਨੂੰ ਦੋਸ਼ ਨਾ ਦੇਈਂ…! ਤੇਰੇ ਹੱਕ ਚ ਕਿਸੇ ਨੇ ਗਵਾਹੀ ਨ੍ਹੀ ਦੇਣੀਂ…! ਅਦਾਲਤ ਜਾਂਦੇ ਹੀ ਅਗਲੇ ਦੇ ਰੱਸੇ ਲਹਿ ਜਾਣਗੇ…! ਤੇਰੇ ਹੱਥ ਪੱਲੇ ਕੱਖ ਨ੍ਹੀ ਆਉਣਾ..! ਮੂੰਹ ਕਾਲ਼ਸ ਬਾਧੂ ਦੀ ਪੱਲੇ ਪਊ..! ਜਿਹੜਾ ਮਾੜਾ ਮੋਟਾ ਮੁਆਵਜ਼ਾ ਮਿਲ਼ਦੈ, ਉਹਦੇ ਵੱਲੋਂ ਵੀ ਜਾਵੇਂਗਾ..!"

ਮੀਹਾਂ ਸਿੰਘ ਕਸੂਤਾ ਫ਼ਸ ਗਿਆ ਸੀ।

ਉਸ ਦੇ ਅੱਗੇ ਖੂਹ ਅਤੇ ਪਿੱਛੇ ਖਾਤਾ ਸੀ। ਭੱਜਣ ਨੂੰ ਕੋਈ ਰਾਹ ਨਹੀਂ ਸੀ। ਪੁਲੀਸ ਦਾ ਕੀ ਇਤਬਾਰ ਸੀ? ਕੇਸ ਦਰਜ ਕਰਕੇ ਮੀਹਾਂ ਸਿੰਘ ਦਾ ਨਾਂ ਹੀ ਪਾ ਦੇਣਾ ਸੀ। ਜਿਹੜੀ ਇੱਜ਼ਤ ਰੁਲ਼ੀ ਸੀ, ਉਹ ਤਾਂ ਰੁਲ਼ ਹੀ ਗਈ ਸੀ। ਪਰ ਜਿਹੜਾ ਇਹ ਅਗਲਾ ਜਿੰਨ ਕੱਢ ਕੇ ਦਿਖਾ ਰਿਹਾ ਸੀ, ਉਸ ਤੋਂ ਛੁਟਕਾਰਾ ਅਸੰਭਵ ਸੀ। ਚਾਰ ਕਿੱਲੇ ਜ਼ਮੀਨ ਮੁਕੱਦਮੇ ਦੀ ਬਲੀ ਚੜ੍ਹ ਜਾਣੀ ਸੀ। ਬਜੁਰਗ ਸੋਚਾਂ ਦੇ ਰੋਹੀ-ਬੀਆਬਾਨ ਵਿਚ ਉਲ਼ਝ ਕੇ ਰਹਿ ਗਿਆ ਸੀ।

-"ਬਾਬਾ..! ਸੌ ਹੱਥ ਰੱਸਾ ਸਿਰੇ ਤੇ ਗੰਢ..! ਮੈਂ ਆਖਰੀ ਵਾਰੀ ਤੈਨੂੰ ਪੁੱਛਦੈਂ-?" ਠਾਣੇਦਾਰ ਨੇ ਰੜਕਾਇਆ ਤਾਂ ਬਜੁਰਗ ਉਚੀ-ਉਚੀ ਧਾਹੀਂ ਰੋ ਪਿਆ।
ਠਾਣੇਦਾਰ ਰੂੜ ਸਿੰਘ ਨੇ ਉਸ ਦੇ ਬਰਾਬਰ ਦੀ ਕੁਰਸੀ ਲੈ ਲਈ ਅਤੇ ਬਜੁਰਗ ਦੇ ਮੋਢੇ ਤੇ ਹੱਥ ਰੱਖ ਲਿਆ।
-"
ਦੇਖ ਬਾਬਾ..! ਤਕੜੇ ਦਾ ਸੱਤੀਂ ਵੀਹੀਂ ਸੌ..! ਹੁੰਦੈ ਕਿ ਨਹੀਂ ਹੁੰਦਾ…?" ਠਾਣੇਦਾਰ ਨੇ ਪੁੱਛਿਆ।
ਬਜ਼ੁਰਗ ਨੇ ਹਾਂ ਵਿਚ ਸਿਰ ਹਿਲਾਇਆ। ਇਹ ਤਾਂ ਉਹ ਪ੍ਰਤੱਖ ਹੀ ਦੇਖ ਨਹੀਂ, ਪਿੰਡੇ ਤੇ ਹੰਢਾ ਵੀ ਰਿਹਾ ਸੀ।
-"
ਜੇ ਤੂੰ ਰਾਜੀਨਾਮਾਂ ਕਰ ਲਵੇਂ, ਮੇਰੀ ਨਜਰ ਵਿਚ ਵੀਹ ਰਹੇਂਗਾ..! ਅਸੀਂ ਤਾਂ ਕੇਸ ਦਰਜ ਕਰਲਾਂਗੇ, ਪਰ ਗਾਂਹਾਂ ਵੀਹ ਤਹਿਕੀਕਾਤਾਂ ਹੋਣਗੀਆਂ..! ਅਦਾਲਤ ਚ ਸੁਆਲ ਪੁੱਛੇ ਜਾਣਗੇ..! ਕੀ ਹੋਇਆ..? ਕਿਵੇਂ ਹੋਇਆ..? ਕਿਉਂ ਹੋਇਆ…? ਬਗੈਰਾ ਬਗੈਰਾ..!

ਅਦਾਲਤ ਨੇ ਕੁੜੀ ਨੂੰ ਲੋਕਾਂ ਸਾਹਮਣੇ ਨੰਗੀ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡਣੀ..! ਹੋ ਸਕਦੈ ਉਲਟੀ ਕਾਰਵਾਈ ਵਿਚ ਕੁੜੀ ਵੀ ਵਿਚ ਲਵ੍ਹੇਟੀ ਜਾਵੇ..? ਆਬਦੀ ਇੱਜਤ ਆਬਦੇ ਹੱਥ ਹੁੰਦੀ ਐ ਬਾਬਾ..! ਕਿਸੇ ਗਵਾਹ ਨੇ ਦੋਸ਼ੀ ਖਿਲਾਫ਼ ਭੁਗਤਣਾ ਕੋਈ ਨ੍ਹੀ..! ਜੇ ਤੂੰ ਕੇਸ ਹਾਰ ਗਿਆ, ਤਾਂ ਇੱਜ਼ਤ ਹੱਤਕ ਦਾ ਕੇਸ ਵੀ ਬਣ ਸਕਦੈ..! ਉਧਰੋਂ ਕੁਰਕੀ ਵੱਖ ਹੋਊ..! ਹੁਣ ਤਾਂ ਜਿਹੜਾ ਧੂਤਕੜਾ ਪਿਐ, ਲੋਕ ਚਹੁੰ ਦਿਨਾਂ ਨੂੰ ਭੁੱਲ ਭੁਲਾ ਜਾਣਗੇ..! ਜੇ ਗੱਲ ਅਦਾਲਤ ਚ ਚਲੀ ਗਈ, ਅਖਬਾਰਾਂ ਦੀਆਂ ਖ਼ਬਰਾਂ ਬਣ ਕੇ ਘਰ-ਘਰ ਜਾ ਡਿੱਗੂ-ਬੇਇੱਜ਼ਤੀ ਫੇਰ ਵੀ ਆਬਦੀ, ਹੈ ਕਿ ਨਹੀਂ..? ਮੇਰੀ ਮੰਨੇ, ਤਾਂ ਮੁਆਵਜਾ ਦੋਸ਼ੀ ਧਿਰ ਤੋਂ ਮੈਂ ਤੈਨੂੰ ਦੁਆ ਦਿੰਨੈ..! ਚੁੱਪ ਚਾਪ ਕੁੜੀ ਦਾ ਵਿਆਹ ਕਰਦੇ..! ਸਿਆਣਾ ਬੰਦਾ ਉਹ ਹੁੰਦੈ, ਜਿਹੜਾ ਸਮਾਂ ਸਾਂਭਲੇ..! ਜੇ ਤੂੰ ਹਾਲਾ-ਲਾਅਲਾ ਈ ਕਰਦੇ ਫਿਰਨੈਂ..? ਫੇਰ ਬਾਬਾ ਤੇਰੀ ਮਰਜੀ ਐ..! ਭੱਜਦਿਆਂ ਨੂੰ ਤਾਂ ਵਾਹਣ ਬਾਬਾ ਫਿਰ ਇੱਕੋ ਜੇ ਈ ਹੁੰਦੇ ਐ..! ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ ਪਿੱਛੋਂ ਪਤਾ ਲੱਗਦੈ..! ਨਾਲ਼ੇ ਜੇ ਸਮੁੰਦਰ ਚ ਰਹਿਣਾ ਹੋਵੇ, ਤਾਂ ਮਗਰਮੱਛ ਨਾਲ਼ ਵੈਰ ਨਾ ਵਿੱਢੀਏ..! ਦੋਸ਼ੀ ਦਾ ਪਿਉ ਮਗਰਮੱਛ ਨਾਲ਼ੋਂ ਕਿਵੇਂ ਵੀ ਘੱਟ ਨਹੀਂ..! ਉਹਦਾ ਸਿੱਧਾ ਮੁੱਖ ਮੰਤਰੀ ਤੱਕ ਹੱਥ ਪੈਂਦੈ..!" ਗਾਹਿਆ ਵਗਾਹਿਆ ਪੱਥਰ ਸੁੱਟ ਕੇ ਮੀਹਾਂ ਸਿੰਘ ਨੂੰ ਡਰਾ ਦਿੱਤਾ।

-"………….।" ਬਾਬਾ ਪੱਥਰ ਵਾਂਗ ਚੁੱਪ ਸੀ।
-"
ਮੈਂ ਤਾਂ ਤੇਰੇ ਭਲੇ ਦੀ ਗੱਲ ਈ ਕਰਦੈਂ ਬਾਬਾ…! ਜੇ ਤੂੰ ਉਤਲੇ ਪਾੜੇ ਟਿੱਡੀਆਂ ਈ ਬੁਸ਼ਕਰੀ ਜਾਣੀਐਂ, ਤੇਰੀ ਮਰਜੀ..! ਪਰ ਕੱਲ੍ਹ ਨੂੰ ਮੈਨੂੰ ਦੋਸ਼ ਨਾ ਦੇਈਂ!"
ਉਹ ਅਜੇ ਸਮਝੌਤੀਆਂ ਜਿਹੀਆਂ ਹੀ ਦੇ ਰਿਹਾ ਸੀ ਕਿ ਜੱਸੀ ਦੇ ਵਾਰਿਸ ਵੀ ਪੁੱਜ ਗਏ।
ਠਾਣੇਦਾਰ ਦੇ ਭਾਅ ਦੀ ਬਣ ਗਈ। ਉਸ ਤੋਂ ਤਾਂ ਅਜੇ ਮੀਹਾਂ ਸਿਉਂ ਰਾਹ ਨਹੀਂ ਪਿਆ ਸੀ। ਇਹ ਉਤੋਂ ਹੋਰ ਬਲਾਵਾਂ ਆ ਬਹੁੜੀਆਂ ਸਨ।
ਉਸ ਨੇ ਮੁਣਸ਼ੀ ਨੂੰ ਅਵਾਜ਼ ਮਾਰੀ।
ਮੁਣਸ਼ੀ ਹਾਜਰ ਸੀ!
-"
ਔਹਨਾਂ ਭੈਣ ਚੋਦਾਂ ਨੂੰ ਬੰਨ੍ਹ ਮਾਰ ਕੇ ਰੱਖ਼..! ਮੇਰੇ ਸਾਲ਼ੇ ਸਿੱਧੀ ਧੁੱਸ ਦੇ ਕੇ ਠਾਣੇ ਆ ਵੜਦੇ ਐ, ਜਿਵੇਂ ਬਾਪੂ ਦਾ ਘਰ ਹੁੰਦੈ..! ਜੇ ਚੀਂ-ਫੀਂ ਕਰਨ, ਤਿੰਨ ਮਾਰ ਫ਼ਰਾਂ ਤੇ..!" ਠਾਣੇਦਾਰ ਅੰਤਾਂ ਦਾ ਖਿਝ ਗਿਆ ਸੀ।
-"
ਇਹਨਾਂ ਨੂੰ ਕਿੱਥੇ ਬਿਠਾਵਾਂ ਜੀ…?" ਮੁਣਸ਼ੀ ਦੇ ਮੂੰਹੋਂ ਨਿਕਲ਼ ਗਿਆ।
-"
ਇਹਨਾਂ ਨੂੰ ਬਿਠਾ ਆਬਦੀ ਭੈਣ ਦੇ ਚ! ਪ੍ਰਾਹੁਣੇ ਐਂ ਨਾ ਕੁਆਰੀ ਦੇ ਇਹੇ…? ਠਾਣੇ ਚ ਥੋੜ੍ਹਾ ਥਾਂ ਅੱਗ ਲੱਗਦੈ…? ਇਹਨਾਂ ਨੂੰ ਘੋੜਿਆਂ ਆਲ਼ੇ ਤਬੇਲੇ ਬੰਨੀ ਬਿਠਾ ਦੇ..! ਹੋਰ ਇਹਨਾਂ ਤੋਂ ਤੂੰ ਕੋਈ ਧੀ ਭੈਣ ਤਾਂ ਨ੍ਹੀ ਨਵੇਂ ਦੁੱਧ ਕਰਵਾਉਣੀ…? ਸਾਰਾ ਕੁਛ ਮੈਥੋਂ ਈ ਪੁੱਛੀ ਜਾਵੇਂਗਾ ਜਾਂ ਆਪ ਵੀ ਕੁਛ ਕਰੇਂਗਾ..?" ਠਾਣੇਦਾਰ ਗਲ਼ ਨੂੰ ਆਇਆ ਸੀ।
ਸਲੋਕ ਸੁਣ ਕੇ ਮੁਣਸ਼ੀ ਚਲਾ ਗਿਆ।    
ਬਾਬੇ ਵੱਲੋਂ ਬੇਧਿਆਨਾ ਹੋ ਕੇ ਠਾਣੇਦਾਰ ਨੇ ਬੀਕੇ ਦੇ ਪਿਉ ਸੁਰਜਣ ਸਿਉਂ ਵੱਲ ਸਿਪਾਹੀ ਤੋਰ ਦਿੱਤਾ।
ਸੁਰਜਣ ਸਿੰਘ ਸਿਪਾਹੀ ਦੇ ਨਾਲ਼ ਹੀ ਆ ਗਿਆ।
-"
ਆ ਬਈ ਸਰਦਾਰ ਸੁਰਜਣ ਸਿਆਂ..! ਆ ਬੈਠ..!" ਠਾਣੇਦਾਰ ਨੇ ਅਦਬ ਕੀਤਾ।
-"
ਹੋਰ ਸੁਣਾ..?"
-"
ਤੂੰ ਯਾਦ ਕੀਤਾ ਤੇ ਮੈਂ ਪੈਰ ਜੁੱਤੀ ਨੀ ਪਾਈ..!" ਸੁਰਜਣ ਸਿਉਂ ਨੇ ਆਖਿਆ।
-"
ਇਹ ਬਜੁਰਗ ਨੇ ਉਸ ਪੀੜਤ ਲੜਕੀ ਦੇ ਬਾਪ..! ਸਰਦਾਰ ਮੀਹਾਂ ਸਿੰਘ..।" ਠਾਣੇਦਾਰ ਨੇ ਮੋਟੇ ਅੱਖਰਾਂ ਵਿਚ ਸਮਝਾਇਆ।
ਸੁਰਜਣ ਸਿੰਘ ਨੇ ਮੀਹਾਂ ਸਿੰਘ ਦੇ ਪੈਰੀਂ ਹੱਥ ਲਾਏ! ਸਿਆਸੀ ਦੱਲਿਆਂ ਵਾਲ਼ਾ ਚਲਿੱਤਰ ਵਰਤਿਆ।
ਠਾਣੇਦਾਰ ਨੇ ਦਰਵਾਜਾ ਬੰਦ ਕਰ ਦਿੱਤਾ ਅਤੇ ਸੁਰਜਣ ਸਿੰਘ ਬਜੁਰਗ ਦੇ ਪੈਰਾਂ ਵਿਚ ਬੈਠ ਗਿਆ।
-"
ਉਹ ਥੋਡੀ ਧੀ ਨਹੀਂ ਬਜੁਰਗੋ..! ਮੇਰੀ ਆਬਦੀ ਧੀ ਐ..! ਜਿਹੜਾ ਕੁਛ ਮੇਰੇ ਮੁੰਡੇ ਨੇ ਕੀਤੈ, ਮੈਂ ਤੁਹਾਡਾ ਦੇਣਦਾਰ ਹਾਂ ਸਰਦਾਰ ਜੀ..! ਮੈਂ ਥੋਡੇ ਚਰਨਾਂ ਚ ਸ਼ਰਨ ਲਈ ਐ, ਚਾਹੋਂ ਮਾਰੋ, ਚਾਹੇ ਛੱਡੋ..! ਮੇਰੀ ਜਾਨ ਹੁਣ ਥੋਡੇ ਹੱਥ ਐ..! ਇਕੋ ਇਕ ਪੁੱਤ ਨਲਾਇਕ ਐ ਬਜੁਰਗੋ..! ਵੱਸ ਮੇਰੇ ਵੀ ਨ੍ਹੀ ਚੱਲਦਾ..! ਇਕ ਅੱਧਾ ਹੋਰ ਹੁੰਦਾ, ਇਹਦੇ ਕੰਜਰ ਦੇ ਗੋਲ਼ੀ ਮਾਰ ਦਿੰਦਾ..।"
-"
ਲੈ ਬਾਬਾ..! ਹੁਣ ਤਾਂ ਤੇਰੇ ਸਰਦਾਰ ਸੁਰਜਣ ਸਿਉਂ ਨੇ ਵੀ ਪੈਰੀਂ ਹੱਥ ਲਾ ਦਿੱਤੇ..? ਲੋਕ ਇਹਦੇ ਪੈਰੀ ਹੱਥ ਲਾਉਂਦੇ ਐ, ਤੇ ਇਹ ਤੇਰੇ ਪੈਰੀਂ ਹੱਥ ਲਾਈ ਜਾਂਦੈ..!"
-"
ਇਕ ਗੱਲ ਦਾ ਵਾਅਦਾ ਕਰਦੈਂ ਬਜੁਰਗੋ..! ਬਈ ਗੁੱਡੀ ਦੇ ਵਿਆਹ ਤੇ ਜਿੰਨਾਂ ਖਰਚਾ ਹੋਊ, ਮੈਂ ਕਰੂੰ..! ਠਾਣੇਦਾਰ ਰੂੜ ਸਿਉਂ ਆਪਣਾ ਗਵਾਹ ਐ ਤੇ ਦੂਜਾ ਗਵਾਹ ਐ, ਰੱਬ..! ਆਹ ਦਸ ਕੁ ਹਜਾਰ ਤਾਂ ਫੜੋ, ਬਾਕੀ ਕਿਸੇ ਗੱਲ ਦੀ ਚਿੰਤਾ ਨਾ ਕਰਿਓ..! ਥੋਡੇ ਮੇਰੇ ਸੰਨ੍ਹ ਰੱਬ ਐ, ਹੁਣ ਰਾਜੀਨਾਮੇ ਤੇ ਗੂਠਾ ਲਾਓ ਤੇ ਮੁੰਡੇ ਨੂੰ ਮੁਆਫ਼ ਕਰੋ..! ਉਹ ਫੇਰ ਵੀ ਥੋਡਾ ਬੱਚਾ ਐ..! ਮੁਆਫ਼ੀ ਬਖ਼ਸ਼ੋ..!" ਸੁਰਜਣ ਸਿੰਘ ਨੇ ਦਸ ਹਜਾਰ ਦੀ ਗੁੱਟੀ ਮੀਹਾਂ ਸਿੰਘ ਦੇ ਹੱਥ ਫੜਾ ਦਿੱਤੀ।
-"
ਪੰਦਰਾਂ ਹਜਾਰ ਤਾਂ ਜੀ ਸਾਡੇ ਹਸਪਤਾਲ ਚ ਈ ਖਰਚਾ ਆ ਗਏ!"
-"
ਚੱਲ ਸੁਰਜਣ ਸਿਆਂ..! ਦਸ ਹੋਰ ਦੇ-ਦੇ..!" ਠਾਣੇਦਾਰ ਸੁਰਜਣ ਸਿੰਘ ਨੂੰ ਮੁਖ਼ਾਤਿਬ ਹੋਇਆ।

ਸੁਰਜਣ ਸਿੰਘ ਨੇ ਦਸ ਹਜ਼ਾਰ ਹੋਰ ਕੱਢ ਕੇ ਦੇ ਦਿੱਤੇ। ਪੂਰਾ ਲੱਖ ਰੁਪਈਆ ਉਸ ਨੇ ਬੋਤਲ ਵਾਂਗ ਡੱਬ ਵਿਚ ਦਿੱਤਾ ਹੋਇਆ ਸੀ।

-"ਹੁਣ ਤਾਂ ਮੁਆਫ਼ੀ ਬਖ਼ਸ਼ੋ ਬਜੁਰਗੋ..!" ਉਸ ਨੇ ਫਿਰ ਹੱਥ ਜੋੜ ਲਏ। ਗੋਡੇ ਘੁੱਟੇ!

ਪੈਸਿਆਂ ਵੱਲ ਦੇਖ ਕੇ ਮੀਹਾਂ ਸਿੰਘ ਦੋਚਿੱਤੀ ਵਿਚ ਪੈ ਗਿਆ। ਕੀ ਮੇਰੀ ਕੁੜੀ ਦੀ ਇੱਜ਼ਤ ਦਾ ਮੁੱਲ ਸਿਰਫ਼ ਵੀਹ ਹਜ਼ਾਰ ਰੁਪਏ ਹੀ ਐ…? ਪਰ ਮੀਹਾਂ ਸਿਆਂ, ਇਹ ਤੈਨੂੰ ਡੱਕਾ ਦਬਾਲ਼ ਨਹੀਂ..! ਜੇ ਇਹ ਵੀ ਨਾਂ ਦਿੰਦਾ, ਫੇਰ ਮੈਂ ਇਹਦਾ ਕੀ ਕਰ ਲੈਂਦਾ..? ਕਿਸੇ ਸਿਆਣੇ ਨੇ ਸੱਚ ਹੀ ਕਿਹੈ ਕਿ ਜੇ ਬੋਤਾ "ਇੱਛ-ਇੱਛ" ਕਰੇ ਤੋਂ ਨਾ ਬੈਠੇ, ਤਾਂ ਉਹਦੀ ਕੀ ਪੂਛ ਫੜ ਲਈਏ..? ਐਡੇ ਜਾਨਵਰ ਨੂੰ ਲੋਰੀ ਦੇ ਕੇ ਤਾਂ ਬਿਠਾਉਣੋਂ ਰਹੇ..? ਜੇ ਇਹ ਆਹ ਵੀ ਨਾ ਦਿੰਦੇ, ਤਾਂ ਕੀ ਕਰ ਲੈਂਦਾ..? ਇਕ ਪਾਸੇ ਡਰ, ਦੂਜੇ ਪਾਸੇ ਧੀ ਦੀ ਇੱਜ਼ਤ ਅਤੇ ਤੀਜੇ ਪਾਸਿਓਂ ਘਰ ਦੀ ਗ਼ਰੀਬੀ ਵਾਢ ਕਰ ਰਹੀ ਸੀ..! ਮੀਹਾਂ ਸਿੰਘ ਨੇ ਜੱਕੋ-ਤੱਕੀ ਵਿਚ ਪੈਸੇ ਫੜ ਕੇ ਅੰਦਰਲੀ ਜੇਬ ਵਿਚ ਪਾ ਲਏ। ਠਾਣੇਦਾਰ, ਸੁਰਜਣ ਸਿੰਘ ਦੀਆਂ ਬੇਈਮਾਨ ਅੱਖਾਂ ਵਿਚ ਮੁਸਕੁਰਾਇਆ। ਉਸ ਦਾ ਇਕ ਮੋਰਚਾ ਤਾਂ ਸਰ ਹੋ ਗਿਆ ਸੀ।

-"ਹੁਣ ਜਾਹ ਬਾਬਾ..! ਜਦੋਂ ਕੁੜੀ ਦਾ ਵਿਆਹ ਰੱਖਿਆ, ਸੁਰਜਣ ਸਿਉਂ ਨੂੰ ਦੱਸ ਦਿਓ, ਇਹ ਖ਼ਰਚਾ ਬਰਚਾ ਸਾਂਭ ਲੈਣਗੇ..! ਕਿਸੇ ਗੱਲੋਂ ਤੰਗ ਨਾ ਹੋਈਂ..!"

ਠਾਣੇਦਾਰ ਨੇ ਰਾਜੀਨਾਵੇਂ ਤੇ ਅੰਗੂਠਾ ਲੁਆ ਲਿਆ ਅਤੇ ਮੀਹਾਂ ਸਿੰਘ ਬਾਹਰ ਆ ਗਿਆ।
ਠਾਣੇਦਾਰ ਅਤੇ ਸੁਰਜਣ ਸਿੰਘ ਇਕ-ਦੂਜੇ ਦੀਆਂ ਅੱਖਾਂ ਵਿਚ ਹੱਸੇ!

-"ਇਕ ਸਿਆਪਾ ਤਾਂ ਨਿੱਬੜ ਗਿਆ, ਅਜੇ ਦੂਜਾ ਆਇਆ ਬੈਠੈ!"
-"
ਉਹ ਕਿਹੜਾ..?" ਸੁਰਜਣ ਸਿਉਂ ਦੇ ਸਿਰ ਜਿਵੇਂ ਸੌ ਘੜ੍ਹਾ ਪਾਣੀ ਦਾ ਪੈ ਗਿਆ ਸੀ।
-"
ਫ਼ੱਟੜ ਮੁੰਡੇ ਦੇ ਵਾਰਸ ਆਏ ਬੈਠੇ ਐ, ਉਹਨਾਂ ਦਾ ਕੋਈ ਜੁਗਾੜ ਵੀ ਕਰਨਾ ਪੈਣੈਂ…!"
-"
ਉਹਨਾਂ ਨੂੰ ਵੀ ਮਾਰ ਚਾਰ ਫ਼ੁੱਦੂ ਦਬਕਾੜੇ..! ਤੈਨੂੰ ਕੀ ਨ੍ਹੀ ਆਉਂਦਾ ਰੂੜ ਸਿਆਂ? ਪਰਮੋਸ਼ਨ ਤੇਰੀ ਪੱਕੀ..! ਜਦੋਂ ਕਹੇਂ ਐਸ਼. ਪੀ. ਨੂੰ ਸ਼ਿਫ਼ਾਰਸ਼ ਕਰਦੂੰ..!" ਉਸ ਨੇ ਵਡਿਆਈ ਦੇ ਨਾਲ਼-ਨਾਲ਼ ਤਰੱਕੀ ਦਾ ਚੋਗਾ ਵੀ ਖਿਲਾਰਿਆ।
-"
ਮੁਣਸ਼ੀ..! ਆਹ ਫ਼ੱਟੜ ਦੇ ਵਾਰਸਾਂ ਨੂੰ ਅੰਦਰ ਭੇਜ਼..!" ਠਾਣੇਦਾਰ ਨੇ ਹਾਕ ਮਾਰੀ।
-"
ਸੁਰਜਣ ਸਿਆਂ, ਤੂੰ ਅੰਦਰਲੇ ਕਮਰੇ ਚ ਬੈਠ..! ਮੈਂ ਉਹਨਾਂ ਨੂੰ ਪੈਰੋਂ ਉਖੇੜਦੈਂ, ਪਰ ਤੂੰ ਨਾ ਬੋਲੀਂ..! ਹੋਰ ਨਾ ਕੀਤਾ ਕਰਾਇਆ ਖੂਹ ਚ ਪੈਜੇ..! ਗੱਲ ਮੇਰੇ ਤੇ ਛੱਡ..!" ਉਸ ਨੇ ਪਰਦਾ ਚੁੱਕ ਕੇ ਸੁਰਜਣ ਸਿਉਂ ਨੂੰ ਅੰਦਰ ਵੜਦਾ ਕਰ ਦਿੱਤਾ। ਸੁਰਜਣ ਰੱਜੇ ਸਾਹਣ ਵਾਂਗ ਪਾਸੇ ਮਾਰਦਾ ਅੰਦਰ ਚਲਾ ਗਿਆ ਸੀ।
-"
ਰੂੜ ਸਿਆਂ, ਅੱਜ ਗੱਲ ਨਿੱਬੜਦੀ ਕਰ…! ਨਿੱਤ ਨਿੱਤ ਸਿਆਪਾ ਜਿਆ ਕਰਦੇ ਚੰਗੇ ਨ੍ਹੀ ਲੱਗਦੇ!" ਉਹ ਅੰਦਰੋਂ ਬੋਲ ਰਿਹਾ ਸੀ।
-"
ਫ਼ਿਕਰ ਨਾ ਕਰ..! ਰੱਸੇ ਪੈੜੇ ਨਹਿਬ ਕੇ ਹਟੂੰ..! ਬੇਫ਼ਿਕਰ ਹੋਜਾ..!"
ਜੱਸੀ ਦੇ ਵਾਰਸ ਅੰਦਰ ਆ ਗਏ।
-"
ਸਾਸਰੀਕਾਲ ਜੀ, ਸਰਦਾਰ ਜੀ..!" ਸਾਰਿਆਂ ਨੇ ਸਤਿਕਾਰ ਵਿਚ ਹੱਥ ਜੋੜੇ ਹੋਏ ਸਨ।
-"
ਆਓ ਬਈ ਸਰਦਾਰੋ, ਸਾਸਰੀਕਾਲ਼..! ਆਓ, ਬੈਠੋ..! ਮੁਣਸ਼ੀ, ਬਾਹਰੋਂ ਕੁਰਸੀਆਂ ਭੇਜ ਅੰਦਰ…!"
ਹੁਕਮ ਅਨੁਸਾਰ ਕੁਰਸੀਆਂ ਅੰਦਰ ਆ ਗਈਆਂ।
ਸਾਰੇ ਬੈਠ ਗਏ।
-"
ਹਾਂ ਬਈ..? ਫ਼ੱਟੜ ਮੁੰਡੇ ਦਾ ਬਾਪ ਕੌਣ ਐਂ…?" ਠਾਣੇਦਾਰ ਨੇ ਸਿੱਧਾ ਸੁਆਲ ਮੱਥੇ ਚ ਮਾਰਿਆ।
-"
ਮੈਂ ਆਂ ਜੀ..!" ਇਕ ਭੱਦਰ ਪੁਰਸ਼ ਨੇ ਹੱਥ ਜੋੜ ਲਏ।
-"
ਬਾਕੀ ਬਾਹਰ ਚੱਲੋ ਬਈ..! ਅਸੀਂ ਕੇਸ ਬਾਰੇ ਬਾਤ ਚੀਤ ਕਰਨੀ ਐਂ..! ਚਲੋ, ਬਾਹਰ ਚੱਲੋ..!" ਠਾਣੇਦਾਰ ਦਾ ਹੁਕਮ ਸੀ।
-"
ਮੈਂ ਜੀ ਪਿੰਡ ਦਾ ਸਰਪੈਂਚ ਐਂ..!" ਇਕ ਬੋਲਿਆ।
-"
ਫੇਰ..? ਤੈਨੂੰ ਸਿਰੋਪਾ ਦੇਵਾਂ..? ਤੂੰ ਕਾਨੂੰਨ ਤੋਂ ਵੱਡੈਂ..? ਗੱਲ ਸੁਣ ਮੇਰੀ ਕੰਨ ਧਰ ਕੇ..! ਇੱਥੇ ਕੋਈ ਸਰਪੈਂਚ ਨ੍ਹੀ, ਕੋਈ ਜੱਜ ਨ੍ਹੀ..!

ਕੇਸ ਅਸੀਂ ਤਿਆਰ ਕਰਨੈਂ, ਬਾਕੀ ਜੋਰ ਤੁਸੀਂ ਆਬਦਾ ਬਾਅਦ ਚ ਲਾ ਲਿਓ..! ਅਸੀਂ ਮਹੀਨੇ ਦੇ ਫ਼ਾਹੇ ਟੰਗੇ ਪਏ ਆਂ ਐਸ ਕੇਸ ਕਰਕੇ..! ਥੋਡੇ ਮਾਂਗੂੰ ਵਿਹਲੇ ਨੀ..! ਤੇ ਤੁਸੀਂ ਚਿੱਤੜ ਉਚੇ ਕਰਕੇ ਆ ਜਾਨੇ ਓਂ ਠਾਣੇ, ਤੇ ਦੱਸਦੇ ਓਂ ਪੁਜ਼ੀਸ਼ਨਾਂ..! ਜੇ ਬਾਹਲ਼ਾ ਈ ਔਖਾ ਸੀ, ਹੁਣ ਤੱਕ ਪੰਚਾਇਤ ਚ ਨਾ ਨਬੇੜ ਲਿਆ..? ਚੱਕਦੇ ਓਂ ਝੋਲ਼ਾ ਐਥੇ ਆ ਵੱਜਦੇ ਓਂ, ਜਿਵੇਂ ਛਪਾਰ ਦਾ ਮੇਲਾ ਲੱਗਿਆ ਹੁੰਦੈ..? ਮਹੀਨਾਂ ਹੋ ਗਿਆ ਸੂਲ਼ੀ ਟੰਗ ਰੱਖਿਐ..! ਬਾਹਰ ਚਲੋ..!!"

ਸਾਰੇ ਬਾਹਰ ਨਿਕਲ਼ ਗਏ।
ਸਰਪੰਚ ਵੀ ਛੋਤ ਜਿਹੀ ਲੁਹਾ ਕੇ ਬਾਹਰ ਚਲਾ ਗਿਆ।
ਹੁਣ ਦਫ਼ਤਰ ਅੰਦਰ ਸਿਰਫ਼ ਠਾਣੇਦਾਰ ਅਤੇ ਜੱਸੀ ਦਾ ਪਿਉ ਹੀ ਰਹਿ ਗਏ।

-"ਹਾਂ ਬਈ..! ਕੀ ਨਾਂ ਐਂ ਤੇਰਾ..?" ਠਾਣੇਦਾਰ ਨੇ ਰਵੀਰਾ ਬਦਲਿਆ।
-"
ਜੀ ਬਿੱਕਰ ਸਿੰਘ..!"
-"
ਹਾਂ ਬਈ ਬਿੱਕਰ ਸਿਆਂ..! ਹੁਣ ਦੱਸ਼..?"
-"
ਕੀ ਦੱਸਾਂ ਜੀ..?" ਬਿੱਕਰ ਸਿੰਘ ਸੁਆਲ ਵਿਚ ਰੁਲ਼ ਗਿਆ।
-"
ਕੀ ਕਰੀਏ ਤੇਰੇ ਕੇਸ ਦਾ..?"
-"
ਜੀ ਥੋਡੇ ਸਾਹਮਣੇ ਈ ਐਂ..! ਕਾਕਾ ਆਪਣਾ ਮਰ ਕੇ ਬਚਿਐ…!" ਉਸ ਦੇ ਜੋੜੇ ਹੱਥ ਕੰਬ ਰਹੇ ਸਨ।
-"
ਬਿੱਕਰ ਸਿਆਂ..! ਮੁੰਡਿਆਂ ਖੁੰਡਿਆਂ ਦੀ ਲੜਾਈ ਐ, ਮੈਂ ਤਾਂ ਕਹਿੰਨੈ ਕੁਛ ਲੈ ਦੇ ਕੇ ਗੱਲ ਰਫ਼ਾ ਦਫ਼ਾ ਕਰੋ, ਗੱਲ ਨਾ ਵਧਾਓ..! ਗੱਲ ਅਦਾਲਤੀਂ ਪੈ ਜਾਊ, ਦੋਨੀਂ ਧਿਰੀਂ ਪੈਸੇ ਲੱਗਣ ਨੂੰ ਥਾਂ ਐਂ, ਦੱਸੋ ਵਿੱਚੋਂ ਨਿਕਲੂ ਕੀ, ਸੁਆਹ?" ਠਾਣੇਦਾਰ ਨੇ ਆਖ ਕੇ ਬਿੱਕਰ ਸਿੰਘ ਦਾ ਚਿਹਰਾ ਨਿਰਖਿਆ। ਪ੍ਰਤੀਕਰਮ ਜਾਂਚਿਆ।
-"
ਜੀ ਇਕ ਤਾਂ ਮੁੰਡਾ ਕੁੱਟ ਕੇ ਮਰਨ ਅਰਗਾ ਕਰਤਾ..! ਉਹਦਾ ਕਸੂਰ-?"
-"
ਧੀ ਦਿਆ ਖਸਮਾਂ..! ਤੇਰੀ ਕੁੜੀ ਤੇ ਗਧੇ ਚੜ੍ਹਨ ਤੇਰੀ ਤੇ..! ਅਜੇ ਮੁੰਡੇ ਦਾ ਕੋਈ ਕਸੂਰ ਈ ਨ੍ਹੀ..? ਅਗਲੇ ਦੀ ਕੁੜੀ ਬਿਗਾਨੇ ਖੇਤ ਲੈ ਕੇ ਜਾਣੀ, ਇਹ ਕੋਈ ਕਸੂਰ ਈ ਨ੍ਹੀ..?" ਠਾਣੇਦਾਰ ਨੇ ਪੂਰੇ ਜੋਰ ਨਾਲ਼ ਰੂਲ ਮੇਜ਼ ਤੇ ਮਾਰਿਆ। ਰੂਲ ਦੀ ਕਾਤਰ ਟੁੱਟ ਕੇ ਕੰਧ ਤੇ ਜਾ ਵੱਜੀ। ਬਿੱਕਰ ਸਿੰਘ ਥਰ-ਥਰ ਕੰਬਣ ਲੱਗ ਪਿਆ। ਉਸ ਦਾ ਸਾਰਾ ਸਰੀਰ ਝੂਠਾ ਪੈ ਗਿਆ ਸੀ। ਠਾਣੇਦਾਰ ਦੇ ਪਹਿਲੇ ਸੁਆਗਤ ਨੇ ਹੀ ਉਸ ਨੂੰ ਠੰਢਾ-ਠਾਰ ਕਰ ਦਿੱਤਾ ਸੀ।
-"
ਜੇ ਤਾਂ ਕਰਨੈਂ ਰਾਜੀਨਾਵਾਂ, ਤਾਂ-ਤਾਂ ਹੋਜਾ ਤੱਕਲ਼ੇ ਵਾਂਗੂੰ ਸਿੱਧਾ..! ਤੇ ਜੇ ਪੈਣੈਂ ਪੁੱਠੇ ਰਾਹ? ਤਾਂ ਦੱਸ ਲੈ..!" ਟੁੱਟਿਆ ਰੂਲ ਬਿੱਕਰ ਦੇ ਸਿਰ ਤੇ ਭੰਮੀਰੀ ਵਾਂਗ ਘੁਕਣ ਲੱਗ ਪਿਆ।
-"………..
।" ਬਿੱਕਰ ਸਿੰਘ ਚੁੱਪ ਸੀ। ਉਹ ਸੋਚ ਰਿਹਾ ਸੀ ਕਿ ਉਲਟੇ ਬਾਂਸ ਤਾਂ ਬਰੇਲੀ ਨੂੰ ਤੁਰੇ ਜਾ ਰਹੇ ਸਨ?
-"
ਹਾਂ ਹੁਣ ਬੋਲ਼..?" ਠਾਣੇਦਾਰ ਮੁੜ ਕੌੜਿਆ।
-"
ਜੀ ਤੁਸੀਂ ਸਰਪੈਂਚ ਸਾਹਬ ਨੂੰ ਈ ਪੁੱਛਲੋ…!"
-"
ਸਰਪੈਂਚ ਦੀ ਮਾਂ ਦੀ..! ਸਰਪੈਂਚ ਕੌਣ ਹੁੰਦੈ ਪੁਲ਼ਸ ਦੇ ਮਾਮਲੇ ਚ ਦਖਲ ਦੇਣ ਵਾਲ਼ਾ…? ਜੇ ਕਾਂਵਾਂ ਦੇ ….. ਹੋਣ ਤਾਂ ਬਨੇਰੇ ਨਾ ਢਾਹ ਦੇਣ? ਸਰਪੈਂਚ ਰੱਬ ਐ..? ਜਦੋਂ ਪਾਇਆ ਚੱਡਿਆਂ ਨੂੰ ਰੱਸਾ, ਉਹ ਤਾਂ ਸੱਪ ਮਾਂਗੂੰ ਸਿੱਧਾ ਹੋਜੂ..! ਮੈਂ ਗੱਲ ਤੇਰੇ ਨਾਲ਼ ਕਰਦੈਂ, ਤੂੰ ਦੱਸ਼..! ਸਿੱਧਾ ਹੋ ਕੇ ਪੰਜਾਲ਼ੀ ਹੇਠਾਂ ਆਉਣੈਂ ਜਾਂ…?" ਜਾਣ ਕੇ ਗੱਲ ਉਸ ਨੇ ਅਧੂਰੀ ਛੱਡ ਦਿੱਤੀ।
-"
ਇਕ ਤਾਂ ਜੀ ਸਾਡਾ ਪੈਸਾ ਲੱਗ ਗਿਆ…!"
-"
ਪੈਸਾ ਲੱਗ ਗਿਆ, ਕੀ ਲੋਹੜ੍ਹਾ ਆ ਗਿਆ..? ਝੂਟੇ ਵੀ ਕੁੜੀ ਤੇ ਤੇਰੇ ਮੁੰਡੇ ਨੇ ਈ ਲਏ ਐ…? ਤੂੰ ਸ਼ੁਕਰ ਕਰ ਅਸੀਂ ਉਹਦੇ ਤੇ ਕੋਈ ਕੇਸ ਨ੍ਹੀ ਬਣਾਇਆ..? ਨਹੀਂ ਤਾਂ ਨਜਾਇਜ ਸਬੰਧਾਂ ਦਾ ਕੇਸ ਬਣਾ ਕੇ ਅਸੀਂ ਉਹਨੂੰ ਜੇਲ੍ਹ ਚ ਮਾਰਦੇ..! ਜੇ ਅਸੀਂ ਢਿੱਲ ਵਰਤ ਕੇ ਸਿੱਧੇ ਵਗਦੇ ਐਂ, ਤਾਂ ਤੁਸੀਂ ਬਣ ਜਾਨੇ ਐਂ ਰਾਣੀ ਖਾਂ ਦੇ ਸਾਲ਼ੇ..! ਕਿਤੇ ਘਿਉ ਕੱਢਣ ਵਾਸਤੇ ਸਾਨੂੰ ਉਂਗਲ਼ ਨਾ ਵਿੰਗੀ ਕਰਨੀ ਪਵੇ..! ਸੋਚ ਲੈ..! ਸਾਨੂੰ ਮਹੀਨਾਂ ਹੋ ਗਿਆ, ਨਿੱਤ ਗਿੱਟੇ ਕਢਵਾਉਂਦੇ ਫ਼ਿਰਦੇ ਐਂ…!"
-"………..
।"

-"ਸੌ ਹੱਥ ਰੱਸਾ ਸਿਰੇ ਤੇ ਗੰਢ..! ਹੁਣ ਗੱਲ ਸੁਣ ਮੇਰੀ ਇਕ..! ਥੋਡੇ ਕੇਸ ਨੇ ਸਾਰੀ ਪੁਲ਼ਸ ਨੂੰ ਵੰਝ ਤੇ ਚੜ੍ਹਾਇਆ ਪਿਐ..! ਜੇ ਤਾਂ ਮਾੜਾ ਮੋਟਾ ਲੈ ਦੇ ਕੇ ਕਰਨੈਂ ਰਾਜੀਨਾਵਾਂ, ਤਾਂ ਦੱਸ ਲੈ..? ਤੇ ਜੇ ਚੜ੍ਹਨੈਂ ਕਾਨੂੰਨ ਦੇ ਸਿੰਗਾਂ ਤੇ, ਤਾਂ ਬੋਲ਼..! ਗੱਲ ਮੈਂ ਇਕ ਈ ਸੁਣਨੀ ਐਂ, ਦੋ ਸੁਣਨ ਦਾ ਮੈਂ ਆਦੀ ਨਹੀਂ..! ਅਸੀਂ ਥੋਡੇ ਮਾਂਗੂੰ ਬਿਹਲੇ ਨ੍ਹੀ, ਬਈ ਥੋਡੇ ਪਿੱਛੇ ਲੱਤਾਂ ਕਢਾਉਂਦੇ ਤੇ ਮਿੰਨਤਾਂ ਕਰਦੇ ਤੁਰੇ ਫਿਰਾਂਗੇ..! ਕਿੰਨਾਂ ਖਰਚਾ ਆਇਐ ਤੇਰਾ ਹਸਪਤਾਲ਼…?"
-"
ਜੀ ਪੰਦਰਾਂ ਹਜਾਰ..!" ਬਿੱਕਰ ਸਿੰਘ ਘੁੱਟੇ ਜਿਹੇ ਸੰਘ ਨਾਲ਼ ਬੋਲਿਆ। ਉਸ ਦੀ ਜੀਭ ਤਾਲੂਏ ਲੱਗੀ ਪਈ ਸੀ।
-"
ਵੀਹ ਦੁਆ ਦਿੰਨੈ, ਖੁਸ਼ ਐਂ…?"

-"………..।" ਬਿੱਕਰ ਸਿੰਘ ਚੁੱਪ ਸੀ। ਉਹ ਬਾਹਰ ਬੈਠੇ ਸਰਪੰਚ ਵੱਲੋਂ ਵੀ ਭੈੜ੍ਹਾ ਨਹੀਂ ਪੈਣਾ ਚਾਹੁੰਦਾ ਸੀ। ਪਿੰਡ ਦਾ ਅਤੇ ਮੂੰਹ ਮੱਥੇ ਲੱਗਣ ਦਾ ਸੁਆਲ ਸੀ।
-"
ਬੋਲਦਾ ਨ੍ਹੀ…? ਅਸੀਂ ਥੋਡੇ ਤੇ ਨ੍ਹੀ ਬੈਠੇ..! ਸਾਨੂੰ ਹੋਰ ਵੀ ਪੰਜਾਹ ਕੰਮ ਐਂ, ਬੀਹ ਹਜਾਰ ਦੁਆ ਦਿਆਂ, ਧੀ ਦਿਆ ਯਾਰਾ…?" ਠਾਣੇਦਾਰ ਨੇ ਰੂਲ ਦੁਬਾਰਾ ਮੇਜ ਤੇ ਖੜਕਾਇਆ।
-"
ਜਿਵੇਂ ਮਰਜੀ ਐ ਕਰਲੋ ਜੀ, ਸਾਡਾ ਕਿਹੜਾ ਕੋਈ ਜੋਰ ਐ ਥੋਡੇ ਮੂਹਰੇ..?" ਰੂਲ ਖੜਕਣ ਨਾਲ਼ ਬਿੱਕਰ ਸਿੰਘ ਦਾ ਕਾਲ਼ਜਾ ਨਿਕਲ਼ ਗਿਆ ਸੀ।
-"
ਚੱਲ ਬਾਹਰ ਬੈਠ…! ਮੈਂ ਮੁੰਡੇ ਨੂੰ ਭੇਜ ਕੇ ਪੈਸੇ ਮੰਗਵਾਉਨੈ, ਤੇ ਇਕ ਗੱਲ ਸੁਣ..!"
ਬਿੱਕਰ ਸਿੰਘ ਨੇ ਟੱਲ ਵਾਂਗ ਲਮਕਦਾ ਚਿਹਰਾ ਉਪਰ ਉਗੀਸਿਆ।
-"
ਪਤਾ ਨ੍ਹੀ ਮੁੰਡੇ ਦੇ ਕੁਛ ਵੱਜਿਆ ਵੀ ਐ, ਜਾਂ ਨਹੀਂ? ਪਤਾ ਨ੍ਹੀ ਕੁੜੀ ਤੋਂ ਆਪ ਈ ਘਰੂਟ ਮਰਵਾਲੇ ਹੋਣੇਂ ਐਂ…! ਹੁਣ ਗੱਲ ਸੁਣ..! ਜੇ ਬਾਹਰ ਜਾ ਕੇ ਇਰਾਦਾ ਬਦਲਿਆ, ਜਾਂ ਗੱਲ ਤੋਂ ਫਿਰਿਐਂ, ਤੇਰੀ …. ‘ਚ ਡੰਡਾ ਦੇ ਕੇ ਉਹ ਮੋਰ ਬਣਾਊਂਗਾ, ਤੂੰ ਯਾਦ ਰੱਖੇਂਗਾ..! ਸਮਝ ਗਿਆ?"
ਬਿੱਕਰ ਸਿੰਘ ਨੇ ਹਾਂ ਵਿਚ ਸਿਰ ਹਿਲਾ ਦਿੱਤਾ।
-"
ਜਾਹ ਬਾਹਰ ਬੈਠ…!"
ਹਾਰੇ ਹੋਏ ਜੁਆਰ੍ਹੀਏ ਵਾਂਗ ਬਿੱਕਰ ਸਿੰਘ ਸਿਰ ਸੁੱਟੀ ਬਾਹਰ ਨਿਕਲ਼ ਗਿਆ।
ਸਰਪੰਚ ਬਿੱਕਰ ਕੋਲ਼ ਆ ਗਿਆ।
-"
ਕੀ ਬਣਿਆਂ..?" ਹਰਾਸਾਂ ਮਾਰੇ ਮੂੰਹ ਵੱਲ ਦੇਖ ਕੇ ਸਰਪੰਚ ਨੇ ਪੁੱਛਿਆ।

-"……..।" ਬਿੱਕਰ ਸਿੰਘ ਚੁੱਪ ਸੀ। ਕੀ ਦੱਸਦਾ…?
ਸਰਪੰਚ ਵੀ ਗੱਲ ਸਮਝ ਕੇ ਚੁੱਪ ਹੋ ਗਿਆ।
-"
ਸਰਪੈਂਚਾ ਮੇਰੀ ਇਕ ਗੱਲ ਸੁਣ ਕੇ ਜਾਈਂ…!" ਠਾਣੇਦਾਰ ਨੇ ਦਫ਼ਤਰ ਦੇ ਦਰਵਾਜੇ ਵਿਚ ਖੜ੍ਹ ਕੇ ਹੋਕਰਾ ਮਾਰਿਆ। ਉਹ ਸਾਰੀ ਕਾਰਵਾਈ ਨੂੰ ਗੋਲ ਗੰਢ ਮਾਰ ਦੇਣੀਂ ਚਾਹੁੰਦਾ ਸੀ।
ਫ਼ਸਿਆ ਫ਼ਸਾਇਆ ਸਰਪੰਚ ਅੰਦਰ ਚਲਾ ਗਿਆ।
-"
ਮਸਾਂ ਰਾਜੀਨਾਵਾਂ ਕਰਵਾਇਐ, ਹੁਣ ਤੂੰ ਨਾ ਕੋਈ ਸਿੰਗੜੀ ਛੇੜਦੀਂ…! ਜੇ ਕੋਈ ਉਨੀ ਇੱਕੀ ਹੋਈ, ਅਸੀਂ ਤੇਰੇ ਨਿਆਣਾ ਪਾ ਲੈਣੈਂ…! ਭੁੱਲਿਆ ਨਾ ਫਿਰੀਂ…! ਨਾਲ਼ੇ ਤੈਨੂੰ ਚੰਗਾ ਭਲਾ ਪਤੈ ਸਰਪੈਂਚਾ, ਅਸੀਂ ਕੁੱਟਦੇ ਘੱਟ ਤੇ ਘੜ੍ਹੀਸਦੇ ਜਿਆਦਾ ਹੁੰਨੇ ਆਂ..! ਨਾਲ਼ੇ ਤੈਨੂੰ ਕੀ ਭੁੱਲਿਐ…? ਨਿੱਤ ਤਾਂ ਆਪਣਾ ਵਾਹ ਰਹਿੰਦੈ..? ਫ਼ਿਕਰ ਨਾ ਕਰ, ਤੇਰਾ ਕਿਹਾ ਕਿਤੇ ਫੇਰ ਮੰਨਲਾਂਗੇ…! ਉਦਾਸ ਨਾ ਹੋ!" ਠਾਣੇਦਾਰ ਨੇ ਕਰੜੇ ਕੰਨ ਕਰ ਦਿੱਤੇ।

ਸਰਪੰਚ ਕੰਨ ਜਿਹੇ ਝਾੜਦਾ ਬਾਹਰ ਆ ਗਿਆ।

ਅੱਧੇ ਕੁ ਘੰਟੇ ਵਿਚ ਠਾਣੇਦਾਰ ਨੇ ਮੁਣਸ਼ੀ ਤੋਂ ਰਾਜੀਨਾਵੇਂ ਦੇ ਪ੍ਰਵਾਨੇ ਤਿਆਰ ਕਰਵਾ ਲਏ।

ਵੀਹ ਹਜ਼ਾਰ ਰੁਪਏ ਬਿੱਕਰ ਸਿੰਘ ਨੂੰ ਦੇ ਕੇ ਰਾਜ਼ੀਨਾਵੇਂ ਤੇ ਦਸਤਖ਼ਤ ਕਰਵਾ ਲਏ। ਸੁਰਜਣ ਸਿਉਂ ਅੰਦਰ ਹੀ ਦੜਿਆ ਬੈਠਾ ਸੀ। ਉਸ ਨੂੰ ਲੋੜ ਵੀ ਕੀ ਸੀ ਬਾਹਰ ਨਿਕਲਣ ਦੀ..? ਉਸ ਦਾ ਕਰਿੰਦਾ ਠਾਣੇਦਾਰ ਹੈ ਤਾਂ ਸੀ..? ਸੁਰਜਣ ਸਿਉਂ ਫਿਰ ਵੀ ਮੰਤਰੀ ਜੀ ਦਾ ਖ਼ਾਸ ਬੰਦਾ ਸੀ ਅਤੇ ਠਾਣੇਦਾਰ ਮੰਤਰੀ ਦਾ ਇਕ ਤਰ੍ਹਾਂ ਨਾਲ਼ ਨੌਕਰ..! ਫਿਰ ਸੁਰਜਣ ਸਿਉਂ ਨੂੰ ਕੀ ਚੱਟੀ ਪਈ ਸੀ, ਕਿਸੇ ਨਾਲ਼ ਮਗਜਮਾਰੀ ਕਰਨ ਦੀ..? ਉਹ ਤਾਂ ਰਾਠ ਬਣਿਆਂ ਦਫ਼ਤਰ ਦੇ ਪਿਛਲੇ ਕਮਰੇ ਵਿਚ ਬਿਰਾਜਿਆ ਹੋਇਆ ਸੀ।

-"ਲੈ ਸਰਪੈਂਚਾ, ਤੂੰ ਵੀ ਮਾਰ ਘੁੱਗੀ..! ਕੱਠਾ ਜਿਆ ਕਾਹਨੂੰ ਹੋਈ ਜਾਨੈ..? ਖੁੱਲ੍ਹ ਕੇ ਖੜ੍ਹ..!" ਠਾਣੇਦਾਰ ਨੇ ਕਿਹਾ।

ਸਰਪੰਚ ਨੇ ਵੀ ਦਸਤਖ਼ਤ ਵਾਹ ਦਿੱਤੇ। ਮਜਬੂਰੀ ਦਾ ਨਾਂ ਮਾਸੀ ਸੀ। ਪੁਲੀਸ ਦਾ ਕੀ ਇਤਬਾਰ..? ਜਾਨ ਬਚੀ ਲਾਖੋਂ ਪਾਏ.. ਆਪਣੀ ਇੱਜ਼ਤ ਆਪਣੇ ਹੱਥ..! ਸਰਪੰਚ ਸੋਚ ਰਿਹਾ ਸੀ।
ਉਹ ਚੁੱਪ ਚਾਪ ਠਾਣੇ ਤੋਂ ਬਾਹਰ ਨਿਕਲ਼ ਗਏ।

-"ਆ ਜਾਹ ਸੁਰਜਣ ਸਿਆਂ..! ਆ ਜਾਹ, ਬਾਹਰ ਆ ਜਾਹ..! ਅੰਦਰ ਤਾਂ ਵੱਟ ਜਿਐ..!" ਠਾਣੇਦਾਰ ਨੇ ਅੰਦਰਲੇ ਅੰਦਰ ਝਾਕ ਕੇ ਕਿਹਾ।

ਸੁਰਜਣ ਸਿਉਂ ਬਾਹਰ ਆ ਗਿਆ। ਕਿਸੇ ਜਿੱਤ ਨਾਲ਼ ਉਸ ਦਾ ਮੂੰਹ ਰੱਤਾ ਹੋਇਆ ਪਿਆ ਸੀ। ਉਹ ਵਾਕਿਆ ਹੀ ਜੇਤੂਆਂ ਵਾਂਗ ਬਾਹਰ ਨਿਕਲਿਆ। ਇਰਦਾ ਕਤਲ ਅਤੇ ਬਲਾਤਕਾਰ ਦਾ ਕੇਸ ਰਫ਼ਾ ਦਫ਼ਾ ਹੋ ਗਿਆ ਸੀ। ਲਾਡਲਾ ਪੁੱਤ ਬਚ ਗਿਆ ਸੀ।

-"ਖੁਸ਼ ਐਂ ਹੁਣ..? ਕੱਢਤੀ ਨਾ ਤੇਰੀ ਗਊ ਗਾਰ ਚੋਂ?" ਠਾਣੇਦਾਰ ਨੇ ਕਿਹਾ ਤਾਂ ਸੁਰਜਣ ਸਿਉਂ ਨੇ ਠਾਣੇਦਾਰ ਨੂੰ ਜੱਫ਼ੀ ਪਾ ਲਈ।
-"
ਤੇਰੀ ਦੱਸ ਕੀ ਸੇਵਾ ਕਰਾਂ..?" ਸੁਰਜਣ ਸਿਉਂ ਨੇ ਠਾਣੇਦਾਰ ਰੂੜ ਸਿੰਘ ਤੇ ਮਿਹਰਵਾਨ ਹੁੰਦਿਆਂ ਪੁੱਛਿਆ।
-"
ਬੱਸ, ਦਇਆ ਐ ਤੇਰੀ..! ਕਾਹਨੂੰ ਸ਼ਰਮ ਦਿੰਨੈਂ..? ਪਰ ਜੇ ਦਿਆਲੂ ਹੋਇਆ ਈ ਐਂ, ਤਾਂ ਐਸ਼. ਪੀ. ਸੰਧੂ ਸਾਹਿਬ ਨੂੰ ਪਰਮੋਸ਼ਨ ਲਈ ਆਖਦੇ..!"
-"
ਉਹ ਤੇਰੀ ਪੱਕੀ..! ਉਹਦੀ ਚਿੰਤਾ ਨਾ ਕਰ…! ਕੋਈ ਹੋਰ ਸੇਵਾ ਦੱਸ? ਤੂੰ ਅੱਜ ਤੋਂ ਮੇਰੀ ਹਿੱਕ ਦਾ ਵਾਲ਼ ਐਂ!"
-"
ਆਹ ਮੁੰਡਿਆਂ ਖੁੰਡਿਆਂ ਦੀ ਚਾਹ ਪਾਣੀ ਦੀ ਸੇਵਾ ਕਰਦੇ, ਹੋਰ ਤੈਥੋਂ ਆਪਾਂ ਕੀ ਲੈਣੈਂ..? ਘਰ ਦੀ ਤਾਂ ਗੱਲ ਐ..!" ਉਸ ਨੇ ਮੁਣਸ਼ੀ ਅਤੇ ਸਿਪਾਹੀਆਂ ਵੱਲ ਇਸ਼ਾਰਾ ਕਰ ਕੇ ਆਖਿਆ।
-"
ਅੱਜ ਰਾਤ ਨੂੰ ਕੋਠੀ ਆਜੀਂ, ਜਸ਼ਨ ਕਰਾਂਗੇ..!" ਸੁਰਜਣ ਸਿਉਂ ਨੇ ਰੁੱਗ ਭਰਕੇ ਨੋਟਾਂ ਦਾ ਠਾਣੇਦਾਰ ਨੂੰ ਫੜਾ ਦਿੱਤਾ ਅਤੇ ਊਠ ਵਾਂਗ ਪੁਲਾਂਘਾਂ ਭਰਦਾ ਠਾਣੇ ਤੋਂ ਬਾਹਰ ਨਿਕਲ ਗਿਆ। ਉਸ ਦੇ ਸਾਰੇ ਕੰਮ ਹੀ ਰਾਸ ਆ ਗਏ ਸਨ। ਉਸ ਦਾ ਪੈਰ ਧਰਤੀ ਤੇ ਨਹੀਂ ਲੱਗ ਰਿਹਾ ਸੀ। ਕਿਸੇ ਗ਼ੈਬੀ ਸ਼ਕਤੀ ਆਸਰੇ ਉਹ ਛਾਲ਼ ਮਾਰ ਕੇ ਜਿਪਸੀ ਤੇ ਸਵਾਰ ਹੋਇਆ ਸੀ।
 

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com