ਹੋਮ ਆਫਿ਼ਸ ਵੱਲੋਂ ਬੁੱਕਣ ਡਿਪੋਰਟ ਕੀਤਾ ਜਾ ਚੁੱਕਾ ਸੀ।
ਹਨੀ ਨੇ ਮਕਾਨ 'ਤੇ ਕਰਜ਼ਾ ਲੈ ਕੇ ਘਰ ਦੀ ਅੱਧੀ ਕੀਮਤ ਰਮਣੀਕ ਨੂੰ ਦੇ ਦਿੱਤੀ ਸੀ।
ਘਰ ਆਪ ਸੰਭਾਲ਼ ਲਿਆ ਸੀ। ਹੁਣ ਉਸ ਨੂੰ ਖ਼ਰਚਿਆਂ ਦੇ ਫਿ਼ਕਰ ਖਾਣ ਲੱਗ ਪਏ। ਕੰਮ
ਕੋਲ਼ ਹੈ ਨਹੀਂ ਸੀ। ਜਦ ਉਸ ਨੂੰ ਕੋਈ ਰਸਤਾ ਨਾ ਦਿਸਿਆ, ਤਾਂ ਉਸ ਨੇ ਜੌਬ ਸੈਂਟਰ ਜਾ
ਅਲਖ਼ ਜਗਾਈ ਅਤੇ ਜੌਬ ਸੀਕਰ ਅਲਾਊਂਸ ਲਈ ਅਪਲਾਈ ਕਰ ਦਿੱਤਾ। ਹਫ਼ਤੇ ਕੁ ਬਾਅਦ ਉਸ
ਨੂੰ ਜੌਬ ਸੀਕਰ ਅਲਾਊਂਸ ਮਿਲਣ ਲੱਗ ਪਿਆ। ਪਰ ਇਤਨੀ ਕੁ ਰਕਮ ਨਾਲ਼ ਤਾਂ ਉਸ ਦੇ
ਪੰਜ-ਪਾਂਜੇ ਹੀ ਪੂਰੇ ਨਹੀਂ ਹੋਣੇਂ ਸਨ...? ਬਿਜਲੀ, ਗੈਸ ਅਤੇ ਕਰਜ਼ੇ ਦੀ
ਕਿਸ਼ਤ...! ਦਿਨ ਰਾਤ ਉਸ ਨੂੰ ਅੱਚਵੀ ਲੱਗੀ ਰਹਿੰਦੀ...। ਸਭ ਤੋਂ ਵੱਡੀ ਘਾਟ ਉਸ
ਨੂੰ ਕਿਸੇ 'ਮਰਦ' ਦੀ ਘਾਟ ਸਤਾਉਂਦੀ। ਹਨੀ ਕਈ ਵਾਰ ਮਰਦ ਦੀ ਅਣਹੋਂਦ ਕਾਰਨ ਪਾਗਲ
ਹੋਣ ਵਾਲ਼ੀ ਹੋ ਜਾਂਦੀ। ਦੂਜਾ ਕਾਰਨ ਇਹ ਸੀ ਕਿ ਉਸ ਕੋਲ਼ ਕੋਈ ਕੰਮ ਨਹੀਂ ਸੀ। ਨਹੀਂ
ਤਾਂ ਬੰਦਾ ਕੰਮ ਤੋਂ ਆ ਕੇ ਥੱਕਿਆ ਹੰਭਿਆ ਸੌਂ ਜਾਂਦੈ।
ਇਕ ਦਿਨ ਸਵੇਰ ਨੂੰ ਹਨੀ ਬਹੁਤੀ ਹੀ ਪ੍ਰੇਸ਼ਾਨ ਅਤੇ ਪਸ਼ੇਮਾਨ ਜਿਹੀ ਸੀ। ਉਸ ਨੇ
ਟੀ. ਵੀ. ਬੰਦ ਕਰ ਦਿੱਤਾ ਅਤੇ ਘਰ ਦੀ ਸਫ਼ਾਈ ਸ਼ੁਰੂ ਕਰ ਦਿੱਤੀ । ਸਾਰੀ ਦਿਹਾੜੀ
ਬੰਦਾ ਕਿੱਥੋਂ ਟੈਲੀਵਿਯਨ ਦੇਖੀ ਜਾਵੇ...? ਹਰ ਚੀਜ਼ ਦੀ ਕੋਈ ਹੱਦ ਹੁੰਦੀ ਹੈ...।
ਜਦ ਉਸ ਨੇ ਮੁੱਖ ਦਰਵਾਜੇ ਵੱਲ ਤੱਕਿਆ ਤਾਂ ਡਾਕ ਆਈ ਪਈ ਸੀ। ਦੋ ਤਿੰਨ ਚਿੱਠੀਆਂ ਸਨ।
ਉਸ ਨੇ ਕੰਬਦੇ ਹੱਥਾਂ ਨਾਲ਼ ਡਾਕ ਖੋਲ੍ਹਣੀਂ ਸ਼ੁਰੂ ਕੀਤੀ। ਹੁਣ ਉਸ ਨੂੰ ਡਾਕ ਅਤੇ
ਡਾਕੀਏ ਤੋਂ ਡਰ ਆਉਣ ਲੱਗ ਪਿਆ ਸੀ। ਇਕ ਚਿੱਠੀ ਜੌਬ ਸੈਂਟਰ ਵੱਲੋਂ ਸੀ। ਉਸ ਨੂੰ
ਕਿਸੇ ਜੌਬ ਦੀ ਆਫ਼ਰ ਆਈ ਸੀ। ਉਸ ਨੇ ਫ਼ੋਨ ਘੁਮਾਇਆ ਅਤੇ ਕੰਪਨੀ ਵਾਲਿ਼ਆਂ ਨੇ ਉਸ
ਨੂੰ ਅਗਲੇ ਦਿਨ ਸਵੇਰੇ ਦਸ ਵਜੇ ਦਾ ਸਮਾਂ ਦੇ ਦਿੱਤਾ। ਹਨੀ ਨੂੰ ਰਹਿੰਦਾ ਦਿਨ ਅਤੇ
ਰਾਤ ਪਹਾੜ ਬਣ ਗਈ।
ਅਗਲੇ ਦਿਨ ਉਹ ਇੰਟਰਵਿਊ ਲਈ ਕੰਪਨੀ ਦੇ ਦਫ਼ਤਰ ਪੁੱਜੀ।
ਕੋਈ 60 ਕੁ ਸਾਲ ਦਾ ਦੇਸੀ ਬੰਦਾ ਬੈਠਾ ਸੀ। ਉਸ ਦੇ ਸਿਰ ਦਾ ਗੰਜ ਲਿਸ਼ਕ ਰਿਹਾ ਸੀ
ਅਤੇ ਢਿੱਡ ਵੱਡਾ ਹੋਣ ਕਾਰਨ ਉਸ ਨੇ ਪੈਂਟ ਨੂੰ ਬੱਧਰ ਪਾਏ ਹੋਏ ਸਨ। ਭੈੜ੍ਹੀਆਂ
ਜਿਹੀਆਂ ਅੱਖਾਂ ਵਾਲ਼ਾ ਦੇਸੀ ਬੰਦਾ ਬੜਾ ਤਜ਼ਰਬੇਦਾਰ ਅਤੇ 'ਮਾਰਖ਼ੋਰਾ' ਲੱਗਦਾ ਸੀ।
ਹਨੀ ਨੇ ਉਸ ਤੋਂ ਅੰਦਰ ਆਉਣ ਦੀ ਇਜਾਜ਼ਤ ਮੰਗੀ। ਜੋ ਉਸ ਨੇ "ਪਲੀਜ਼ ਕਮ ਇੰਨ" ਆਖ ਕੇ
ਦੇ ਦਿੱਤੀ।
ਹਨੀ ਅੰਦਰ ਲੰਘ ਗਈ। ਹਨੀ ਨੇ ਦੇਸੀ ਬੰਦਾ ਜਾਣ ਕੇ ਉਸ ਨੂੰ ਹੱਥ ਜੋੜ ਕੇ ਸਤਿਕਾਰ
ਦਿੱਤਾ। ਪਰ ਉਸ ਨੇ ਉਠ ਕੇ ਹਨੀ ਨਾਲ਼ ਆਪਣਾ ਮਰੇ ਚੂਹੇ ਵਰਗਾ ਹੱਥ ਮਿਲਾਇਆ।
-"ਯੂ ਆਰ ਸੋ ਪਰੈਟੀ...! ਲੁਕਿੰਗ ਸੋ ਨਾਈਸ...!" ਉਸ ਨੂੰ ਗੱਲ ਕਰਕੇ ਵਾਰ ਵਾਰ
ਹੱਥ ਮਿਲਾਉਣ ਦੀ ਬੁਰੀ ਆਦਤ ਸੀ।
-"ਥੈਂਕ ਯੂ, ਸਰ...! ਇਟ ਇਜ਼ ਕਾਈਂਡ ਔਫ਼ ਯੂ..!" ਹਨੀ ਨੂੰ ਜਾਪਿਆ ਕਿ ਸੱਪ ਇਸ
ਖੱਡ ਵਿਚੋਂ ਹੀ ਨਿਕਲ਼ੇਗਾ। ਉਹ ਵੀ ਹੰਢੀ ਵਰਤੀ ਸੀ। ਕੋਈ ਨਿਆਣੀਂ ਨਹੀਂ ਸੀ।
-"ਵੇਅਰ੍ਹ ਡੂ ਯੂ ਕਮ ਫ਼ਰੌਮ...?" ਉਸ ਨੇ ਹਨੀ ਨੂੰ ਪਹਿਲਾ ਸੁਆਲ ਦਾਗਿਆ।
-"ਬੇਸੀਕਲੀ, ਆਈ ਐੱਮ ਫ਼ਰੌਮ ਇੰਡੀਆ ਸਰ..!" ਹਨੀ ਦੇ ਬੋਲਾਂ ਵਿਚ ਕੁਝ ਜਿ਼ਆਦਾ ਹੀ
ਮਿਠਾਸ ਸੀ।
-"ਵੇਅਰ੍ਹ ਫ਼ਰੌਮ ਇੰਡੀਆ...? ਇੰਡੀਆ ਇਜ਼ ਏ ਲਾਰਜ ਕੰਟਰੀ ਲਵਲੀ ਗਰਲ...!"
-"ਫ਼ਰੌਮ ਪੰਜਾਬ, ਸਰ...!" ਹਨੀ ਨੇ ਭੇਦ ਪਾ ਲਿਆ ਕਿ ਦੇਸੀ ਮੈਨੇਜਰ ਉਸ ਦੇ ਹੁਸਨ
'ਤੇ ਲਟਬੌਰਾ ਹੋਇਆ ਪਿਆ ਸੀ।
-"ਉਏ ਕੁੜੀਏ...! ਡੁੱਬ ਜਾਣੀਏਂ, ਮੈਂ ਵੀ ਪੰਜਾਬੀ ਐਂ...! ਫ਼ਗਵਾੜੇ ਤੋਂ..! ਆਪਾਂ
ਕਾਹਨੂੰ ਅੰਗਰੇਜ਼ੀ ਦੀ ਖੁਰ ਵੱਢ ਕਰੀ ਜਾਨੇ ਐਂ...? ਪੰਜਾਬੀ ਕਿਉਂ ਨਹੀਂ
ਬੋਲਦੇ..?" ਉਸ ਨੇ ਹਨੀ ਨਾਲ਼ ਫਿਰ ਹੱਥ ਮਿਲਾਇਆ।
ਹਨੀ ਮੁਸਕਰਾ ਪਈ। ਉਸ ਨੂੰ ਅਹਿਸਾਸ ਸੀ ਕਿ ਇਸ ਬੁੱਚੜ ਜਿਹੇ ਨਾਲ਼ ਮਿੱਠੀ ਪਿਆਰੀ
ਹੋ ਕੇ ਕੰਮ ਲੈਣਾਂ ਪੈਣਾਂ ਹੈ! ਇਹ ਸਮੇਂ ਦੀ ਲੋੜ ਹੈ ਹਨੀ..!
-"ਕੀ ਨਾਂ ਐਂ ਕੁੜੀਏ ਤੇਰਾ...?" ਉਸ ਨੇ ਕੰਪਿਊਟਰ ਦੀਆਂ ਸੁੱਚਾਂ ਦੱਬਣੀਆਂ
ਸ਼ੁਰੂ ਕਰ ਦਿੱਤੀਆਂ।
-"ਹਨਿੰਦਰ ਕੌਰ ਐ ਸਰ, ਪਰ ਵੈਸੇ ਮੈਨੂੰ ਸਾਰੇ ਹਨੀ ਆਖ ਕੇ ਬਲਾਉਂਦੇ ਐ..!"
-"ਕਿੰਨਾਂ ਵਧੀਆ ਨਾਮ ਐਂ..? ਤੂੰ ਲੱਗਦੀ ਵੀ ਸ਼ਹਿਦ ਵਰਗੀ ਹੀ ਐਂ..! ਕਿੰਨੀ ਉਮਰ
ਐ..?"
-"ਤੀਹ ਸਾਲ ਐ ਜੀ...!"
-"ਮੇਰਾ ਨਾਂ ਵੈਸੇ ਤਾਂ ਬਲਦੇਵ ਐ, ਪਰ ਮੈਨੂੰ ਸਾਰੇ ਐਥੇ 'ਡੇਵ' ਆਖਦੇ ਨੇ, ਤੂੰ
ਮੈਨੂੰ ਜੀ-ਜੀ ਕਿਉਂ ਆਖੀ ਜਾਨੀ ਐਂ..?"
-"ਸੌਰੀ ਡੇਵ..!" ਹਨੀ ਬੜੀ ਤੇਜ਼ੀ ਨਾਲ਼ ਦੇਖ ਰਹੀ ਸੀ ਕਿ ਡੇਵ ਉਸ ਦੇ ਹੁਸਨ ਦੇ
ਜਾਲ਼ ਵਿਚ ਬੁਰੀ ਤਰ੍ਹਾਂ ਨਾਲ਼ ਉਲ਼ਝਦਾ ਜਾ ਰਿਹਾ ਸੀ। ਮੱਕੜੀ ਦੇ ਜਾਲ਼ ਵਿਚ ਮੱਖੀ
ਦੇ ਫ਼ਸਣ ਵਾਂਗ!
-"ਪਹਿਲੇ ਕੰਮ ਦਾ ਤਜ਼ਰਬਾ...?"
-"ਨੌਂ ਮਹੀਨੇ..!"
-"ਕੰਮ ਛੱਡਣ ਦਾ ਕਾਰਨ...?" ਸੁਆਲ ਹਨੀ ਦੇ ਸਿਰ ਵਿਚ ਘਣ ਵਾਂਗ ਆ ਵੱਜਿਆ। ਉਹ ਉੱਤਰ
ਦੇਣ ਲੱਗੀ ਬੌਂਦਲ਼ ਗਈ।
-"ਮੇਰੇ ਨਾਲ਼ ਕੰਮ ਕਰਨ ਵਾਲ਼ੀਆਂ ਨੇ ਰਲ਼ ਕੇ ਹੈੱਡ ਆਫਿ਼ਸ ਦੇ ਜਨਰਲ ਡਾਇਰੈਕਟਰ
ਕੋਲ਼ ਇਲਜ਼ਾਮ ਲਾਇਆ ਕਿ ਹਨੀ ਦਾ ਚਾਲ ਚੱਲਣ ਠੀਕ ਨਹੀਂ, ਤੇ ਇਸ ਦੇ ਡਿਊਟੀ ਮੈਨੇਜਰ
ਨਾਲ਼ ਨਜਾਇਜ਼ ਸਬੰਧ ਹਨ...!" ਉਸ ਨੇ ਜਕਦਿਆਂ ਜਕਦਿਆਂ ਦੱਸਿਆ। ਜਿਹੜੀ ਗੱਲ
'ਰੈਫ਼ਰੈਂਸ' ਵਿਚ ਸਾਹਮਣੇ ਆ ਡਿੱਗਣੀ ਸੀ, ਉਸ ਨੂੰ ਲਕੋਣ ਦਾ ਵੀ ਕੀ ਫ਼ਾਇਦਾ...?
ਉਸ ਨੇ ਤਕਰੀਬਨ ਸੱਚ ਜਿਹਾ ਹੀ ਦੱਸਿਆ।
-"ਇਲਜ਼ਾਮ...? ਬਹੁਤ ਬੁਰੀ ਗੱਲ...!" ਉਸ ਨੇ ਦੂਰਬੀਨ ਵਰਗੀ ਨਜ਼ਰ ਹਨੀ ਦੇ ਸੁਨੱਖੇ
ਚਿਹਰੇ 'ਤੇ ਗੱਡ ਲਈ। ਨਜ਼ਰਾਂ ਵਿਚ ਘੋਖ਼ ਸੀ..!
ਹਨੀ ਚੁੱਪ ਧਾਰ ਗਈ।
ਉਸ ਨੂੰ ਇਹ ਨਾ ਪਤਾ ਚੱਲਿਆ ਕਿ ਇਹ ਗੱਲ ਉਸ ਦੇ ਹੱਕ ਵਿਚ ਜਾਂ ਖਿ਼ਲਾਫ਼ ਗਈ ਸੀ..?
ਉਹ ਸੁਆਲ ਦਾ ਇਕ ਚਿੰਨ੍ਹ ਬਣ ਗਈ।
ਦੇਵ ਕਾਫ਼ੀ ਦੇਰ ਉਸ ਦਾ ਚਿਹਰਾ ਨਿਹਾਰਦਾ ਰਿਹਾ ਅਤੇ ਇੰਟਰਵਿਊ ਦੀ ਕਾਰਵਾਈ ਅੱਗੇ
ਸ਼ੁਰੂ ਕੀਤੀ।
-"ਸ਼ਾਦੀ ਸ਼ੁਦਾ ਜਾਂ ਸਿੰਗਲ...?"
-"ਤਲਾਕਸ਼ੁਦਾ..!"
ਡੇਵ ਦੀਆਂ ਅੱਖਾਂ ਨੇ ਫਿਰ ਹਨੀ ਦੇ ਚਿਹਰੇ ਦੀ ਤਲਾਸ਼ੀ ਲਈ।
-"ਬੱਚੇ...?"
-"ਕੋਈ ਨਹੀਂ...!"
ਡੇਵ ਕਾਫ਼ੀ ਦੇਰ ਕੁਝ ਸੋਚਦਾ ਰਿਹਾ। ਤਲਾਕਸ਼ੁਦਾ ਔਰਤ...! ਤੀਹ ਸਾਲ ਦੀ ਭਰ
ਜੁਆਨ ਉਮਰ...! ਬੱਚਾ ਕੋਈ ਨਹੀਂ...! ਕੰਮ ਤੋਂ ਨਿਕਲਣ ਦਾ ਕਾਰਨ ਬਦਚੱਲਣ...! ਲੁੱਟ
ਲੈ ਬਹਾਰ ਡੇਵ ਸਿਆਂ...! ਘਰਵਾਲ਼ੀ ਨਾਲ਼ ਤਲਾਕ ਹੋਏ ਨੂੰ ਦਸ ਸਾਲ ਹੋ ਗਏ...! ਤੂੰ
ਵੀ ਕੋਈ ਹੱਥ ਪੈਰ ਹਿਲਾ...! ਇਹਨੂੰ ਕੰਮ ਦੀ ਲੋੜ ਹੈ ਅਤੇ ਤੈਨੂੰ ਔਰਤ ਦੀ...!
ਇਹਨੂੰ ਅਜੇ ਕੋਈ ਰਾਹ ਨਾ ਦੇਹ..! ਆਪੇ ਤੇਰੇ ਮਗਰ ਭੱਜੀ ਆਊਗੀ..! ਇਹਨੂੰ ਅਜੇ
ਟਾਲ਼ਾ ਮਾਰ...! ਲਾਰਿਆਂ 'ਤੇ ਰੱਖ...! ਤੇਰੇ ਦੋਨੀਂ ਹੱਥੀਂ ਲੱਡੂ ਆ ਜਾਣਗੇ...!
ਅਜੇ ਪੈਰ ਰੱਖ..! ਇਹਨੂੰ ਅਜੇ ਕੋਈ ਉੱਤਰ ਨਾ ਦੇਹ...! ਬਿੱਲੀ ਫ਼ਸੀ ਫ਼ਸਾਈ ਹੀ
ਦਰੱਖ਼ਤ 'ਤੇ ਚੜ੍ਹਦੀ ਐ...! ਤੂੰ ਇਹਨੂੰ ਮਾਰ ਫ਼ੈਂਟਰ ਤੇ ਵਿਦਾ ਕਰ...!
-"ਗੱਲ ਇਹ ਐ ਹਨੀ...!" ਉਸ ਨੇ ਕੰਪਿਊਟਰ ਦੇ ਸਕਰੀਨ ਤੋਂ ਕੁਝ ਪੜ੍ਹਦਿਆਂ ਆਖਿਆ।
-"..........।" ਹਨੀ ਦਾ ਦਿਲ ਧੜ੍ਹਕਿਆ। ਉਸ ਨੇ ਉੱਤਰ ਸੁਣਨ ਲਈ ਆਪਣੇ ਆਪ ਨੂੰ
ਅੰਦਰੋਂ ਕਰੜਾ ਕੀਤਾ।
-"ਸਾਡੇ ਕੋਲ਼ ਤੀਹ-ਪੈਂਤੀ ਇੰਟਰਵਿਊਜ਼ ਹੋ ਚੁੱਕੀਐਂ, ਤੇ ਅਜੇ ਪੰਜ ਕੁ ਹੋਰ
ਇੰਟਰਵਿਊਆਂ ਇਸ ਹਫ਼ਤੇ ਹੋਣ ਵਾਲ਼ੀਐਂ..! ਸਾਰੀਆਂ ਇੰਟਰਵਿਊਜ਼ ਹੋਣ ਤੋਂ ਬਾਅਦ ਅਸੀਂ
ਸ਼ੁੱਕਰਵਾਰ ਨੂੰ ਕੋਈ ਫ਼ੈਸਲਾ ਲਵਾਂਗੇ, ਤੇ ਤੈਨੂੰ ਹਾਂ ਜਾਂ ਨਾਂਹ ਬਾਰੇ ਚਿੱਠੀ ਪਾ
ਦਿਆਂਗੇ...! ਅਗਰ ਕੋਈ ਸੁਆਲ ਪੁੱਛਣਾ ਹੋਵੇ, ਆਹ ਮੇਰਾ ਕਾਰਡ ਐ...! ਤੇ ਮੈਨੂੰ
ਸ਼ਾਮ ਛੇ ਵਜੇ ਤੋਂ ਬਾਅਦ ਮੇਰੇ ਮੋਬਾਇਲ 'ਤੇ ਫ਼ੋਨ ਕਰ ਲੈਣਾਂ...! ਦਫ਼ਤਰ ਵਿਚ ਤਾਂ
ਤੂੰ ਦੇਖ ਹੀ ਲਿਐ ਕਿ ਮੈਂ ਕਿੰਨਾਂ ਬਿਜ਼ੀ ਹੁੰਦਾ ਹਾਂ..? ਘਰੇ ਮੇਰੇ ਕੋਲ਼ ਟਾਈਮ
ਹੀ ਟਾਈਮ ਹੁੰਦਾ ਹੈ ਕਿਉਂਕਿ ਮੇਰਾ ਵੀ ਕਾਫ਼ੀ ਅਰਸਾ ਪਹਿਲਾਂ ਤਲਾਕ ਹੋ ਚੁੱਕਿਐ,
ਬੱਚੇ ਵੱਡੇ ਨੇ, ਤੇ ਆਪੋ ਆਪਣੀ ਜਗਾਹ ਸੈੱਟ ਨੇ..! ਘਰ ਮੈਂ 'ਕੱਲਾ ਹੀ ਹੁੰਦਾ
ਹਾਂ...!" ਉਸ ਨੇ ਕਾਰਡ ਫੜਾਉਂਦਿਆਂ ਕਈ ਸੰਕੇਤ ਹਨੀ ਨੂੰ ਕਰ ਦਿੱਤੇ ਅਤੇ ਹਨੀ
ਨਿਰਾਸ਼ਾ ਵਿਚ "ਅੱਛਾ ਡੇਵ, ਸਤਿ ਸ੍ਰੀ ਅਕਾਲ" ਆਖ ਕੇ ਬਾਹਰ ਆ ਗਈ। ਉਸ ਨੇ ਵੀ 'ਸਤਿ
ਸ੍ਰੀ ਅਕਾਲ' ਆਖ ਕੇ ਹਨੀ ਨਾਲ਼ ਹੱਥ ਮਿਲਾਇਆ ਸੀ।
ਹਨੀ ਟਿਊਬ ਵਿਚ ਬੈਠੀ ਡੇਵ ਬਾਰੇ ਸੋਚੀ ਜਾ ਰਹੀ ਸੀ। ਹਨੀ, ਇਹ ਵਲੈਤ ਹੈ...!
ਇੱਥੇ ਪੈਸੇ ਬਿਨਾਂ ਦੁਨੀਆਂ ਰੱਬ ਨੂੰ ਮੱਥਾ ਨਹੀਂ ਟੇਕਦੀ..! ਡੇਵ ਨੇ ਢੰਗ ਨਾਲ਼
ਤੈਨੂੰ ਕਈ ਇਸ਼ਾਰੇ ਕੀਤੇ ਨੇ...! ਬੰਦੇ ਨੂੰ ਇਸ਼ਾਰਾ ਤੇ ਗਧੇ ਨੂੰ ਡੰਡਾ...!
ਤਲਾਕਸ਼ੁਦਾ ਆਦਮੀ, ਕੰਪਨੀ ਵਿਚ ਮੈਨੇਜਰ, ਪੈਸੇ ਵਾਲ਼ਾ ਤਾਂ ਲਾਜ਼ਮੀ ਹੋਊ..? ਬੱਚੇ
ਆਪੋ ਆਪਣੇ ਘਰੀ ਸੈੱਟ..! 'ਕੱਲਾ ਬੰਦਾ...! ਪ੍ਰਾਪਰਟੀ ਵੀ ਹੋਵੇਗੀ...? ਕਿਸੇ ਵੀ
ਕੰਪਨੀ ਦਾ ਮੈਨੇਜਰ ਕਿਸੇ ਨੂੰ ਡਿਊਟੀ ਟਾਈਮ ਤੋਂ ਬਾਅਦ ਫ਼ੋਨ ਕਰਨ ਨੂੰ ਨਹੀਂ
ਆਖਦਾ...। ਕਿਉਂਕਿ ਹਰ ਬੰਦਾ ਡਿਊਟੀ ਤੋਂ ਬਾਅਦ ਆਪਣੀ ਸ਼ਾਂਤੀ ਚਾਹੁੰਦੈ...! ਪਰ ਇਸ
ਨੇ ਤਾਂ ਮੈਨੂੰ ਸਿਰਫ਼ ਡਿਊਟੀ ਤੋਂ ਬਾਅਦ ਫ਼ੋਨ ਕਰਨ ਨੂੰ ਕਿਹਾ ਹੈ..! ਦਾਲ਼ ਵਿਚ
ਜ਼ਰੂਰ ਕਿਤੇ ਕਾਲ਼ਾ ਹੈ...! ਜੇ ਉਹ ਮੈਨੇਜਰ ਹੈ, ਤਾਂ ਤੂੰ ਵੀ ਵਲੈਤ ਦਾ ਤਜ਼ਰਬਾ
ਹਾਸਲ ਕੀਤਾ ਹੈ...! ਕਿੰਨੀਆਂ ਇੰਟਰਵਿਊਆਂ ਹੋ ਚੁੱਕੀਆਂ ਨੇ ਅਤੇ ਕਿੰਨੀਆਂ ਅਜੇ ਹੋਣ
ਵਾਲ਼ੀਆਂ ਨੇ...! ਇਹਨਾਂ ਚਾਲ਼ੀਆਂ ਉਮੀਦਵਾਰਾਂ ਵਿਚੋਂ ਤੇਰੀ ਬਦਚੱਲਣ ਦੀ ਵਾਰੀ
ਕਦੋਂ ਆਈ ਹਨੀ...? ਹੁਣ ਸਮਾਂ ਹੈ, ਡੇਵ ਨੂੰ ਚਿੱਤ ਕਰ...! ਬੀਨ ਵਜਾਉਣ ਨਾਲ਼ ਤਾਂ
ਸੱਪ ਖੱਡ 'ਚੋਂ ਨਿਕਲ਼ ਆਉਂਦੈ...! ਹੁਸਨ 'ਤੇ ਤਾਂ ਦੇਵਤੇ ਲੱਟੂ ਹੋ ਗਏ ਸੀ...!
ਤੂੰ ਇਹਦੀ ਕੋਈ ਸੁੱਚ ਨੱਪ ਤੇ ਜੌਬ ਲੈ...! ਅੱਗੇ ਜੋ ਹੋਈ, ਦੇਖੀ ਜਾਏਗੀ...!
ਸੋਚਾਂ ਵਿਚ ਗੁੰਮ ਉਹ ਘਰ ਪਹੁੰਚ ਗਈ।
ਉਸ ਨੇ ਡੇਵ ਦਾ ਕਾਰਡ ਕੱਢ ਕੇ ਦੇਖਿਆ।
ਉਸ 'ਤੇ ਉਸ ਦਾ ਮੋਬਾਇਲ ਨੰਬਰ ਵੀ ਦਰਜ਼ ਸੀ।
ਉਸ ਨੇ ਕੰਧ 'ਤੇ ਲੱਗੀ ਘੜ੍ਹੀ ਤੋਂ ਸਮਾਂ ਪੜ੍ਹਿਆ। ਘੜ੍ਹੀ ਸ਼ਾਮ ਦੇ ਸਾਢੇ ਛੇ
ਵਜਾ ਰਹੀ ਸੀ। ਉਸ ਨੇ ਡੇਵ ਨੂੰ ਫ਼ੋਨ ਕਰਨ ਲਈ ਆਪਣੇ ਮੋਬਾਇਲ ਨੂੰ ਹੱਥ ਪਾ ਲਿਆ। ਉਸ
ਦੀਆਂ ਹੱਥਾਂ ਦੀਆਂ ਤਲ਼ੀਆਂ ਪਸੀਨੇ ਨਾਲ਼ ਭਿੱਜ ਗਈਆਂ। ਉਸ ਨੇ ਫ਼ੋਨ ਫਿਰ ਮੇਜ਼ 'ਤੇ
ਰੱਖ ਦਿੱਤਾ। ਉਸ ਦਾ ਮਨ ਦੁਬਿਧਾ ਵਿਚ ਫ਼ਸਿਆ ਪਿਆ ਸੀ। ਉਹ ਡੇਵ ਨੂੰ ਫ਼ੋਨ ਕਰੇ,
ਜਾਂ ਨਾ ਕਰੇ...? ਉਸ ਦਾ ਦਿਲ ਕਦੇ 'ਹਾਂ' ਅਤੇ ਕਦੇ 'ਨਾਂਹ' ਵਿਚ ਸਿਰ ਫ਼ੇਰ
ਦਿੰਦਾ। ਸੋਚਾਂ ਸੋਚਦੀ ਹਨੀ ਨੇ ਸੱਤ ਵਜਾ ਦਿੱਤੇ। ਪਰ ਅਖੀਰ ਉਸ ਨੇ ਦਿਲ ਕੱਢ ਕੇ
ਡੇਵ ਦਾ ਨੰਬਰ ਮਿਲਾ ਹੀ ਲਿਆ। ਜਿਵੇਂ ਡੇਵ ਹਨੀ ਦੇ ਫ਼ੋਨ ਦੀ ਹੀ ਉਡੀਕ ਕਰ ਰਿਹਾ
ਸੀ। ਉਸ ਨੇ ਇਕ ਘੰਟੀ ਵੀ ਨਾ ਪੂਰੀ ਵੱਜਣ ਦਿੱਤੀ ਅਤੇ ਫ਼ੋਨ ਚੁੱਕ ਲਿਆ।
-"ਹੈਲੋ ਡੇਵ...! ਮੈਂ ਹਨਿੰਦਰ ਬੋਲਦੀ ਹਾਂ...! ਹਨਿੰਦਰ ਹਨੀ...!"
-"ਹਾਏ ਰੱਬਾ...! ਮੈਨੂੰ ਪਤਾ ਸੀ ਬਈ ਤੂੰ ਮੈਨੂੰ ਜਰੂਰ ਫ਼ੋਨ ਕਰੇਂਗੀ..!
ਦਿਲਾਂ ਨੂੰ ਦਿਲਾਂ 'ਚ ਰਾਹ ਹੁੰਦੇ ਨੇ ਹਨੀ...! ਮੇਰਾ ਦਿਲ ਆਖ ਰਿਹਾ ਸੀ ਕਿ ਹਨੀ
ਜਰੂਰ ਫ਼ੋਨ ਕਰੂਗੀ..!" ਉਹ ਬੜਾ ਖ਼ੁਸ਼ ਸੀ। ਲੱਗਦਾ ਸੀ ਕਿ ਉਸ ਦੀ ਘੁੱਟ ਲੱਗੀ ਹੋਈ
ਸੀ। ਜਿਸ ਕਰਕੇ ਗੜ੍ਹਕੇ ਨਾਲ਼ ਗੱਲ ਕਰਦਾ ਗਧੇ ਵਾਂਗ ਫ਼ਰਾਟਾ ਜਿਹਾ ਵੀ ਮਾਰਦਾ ਸੀ।
-"ਮੈਂ ਵੀ ਘਰੇ 'ਕੱਲੀ ਈ ਬੈਠੀ ਸੀ, ਸੋਚਿਆ ਡੇਵ ਨੂੰ ਫ਼ੋਨ ਕਰ ਕੇ ਹੀ ਦੇਖ
ਲਵਾਂ...?" ਹਨੀ ਨੂੰ ਕੋਈ ਗੱਲ ਨਹੀਂ ਔੜ ਰਹੀ ਸੀ।
-"ਮੈਂ ਕਿਹਾ ਨਾ ਡਾਰਲਿੰਗ..! ਦਿਲਾਂ ਨੂੰ ਦਿਲਾਂ 'ਚ ਰਾਹ ਹੁੰਦੇ ਐ...! 'ਕੱਲੇ
ਬੰਦੇ ਦੀ ਵੀ ਕੋਈ ਜਿ਼ੰਦਗੀ ਨ੍ਹੀ ਹਨੀ..! 'ਕੱਲਾ ਬੰਦਾ ਰੋਹੀ 'ਚ ਖੜ੍ਹਾ ਰੁੱਖ...!
ਕੋਈ ਆਹਰ ਨਹੀਂ, ਕਰਨ ਨੂੰ ਕੋਈ ਕੰਮ ਨਹੀਂ..! ਪੈੱਗ ਸ਼ੈੱਗ ਲਾ ਲਓ, ਪੀਜ਼ਾ ਮੰਗਵਾ
ਲਓ, ਖਾ ਲਓ...! ਹੋਰ 'ਕੱਲੇ ਬੰਦੇ ਨੇ ਕੀ ਕਰਨੈਂ..? ਟਾਈਮ ਈ ਨ੍ਹੀ ਪਾਸ
ਹੁੰਦਾ...!"
-"......।" ਹਨੀ ਚੁੱਪ ਚਾਪ ਸੁਣ ਰਹੀ ਸੀ। ਉਸ ਦਾ ਵੀ ਤਾਂ ਇਹੀ ਹਾਲ ਸੀ..? ਉਸ
ਦਾ ਹਾਲ ਵੀ ਡੇਵ ਤੋਂ ਕੋਈ ਵੱਖਰਾ ਨਹੀਂ ਸੀ। ਉਸ ਦੇ ਹਾਲਾਤ ਕਾਫ਼ੀ ਹੱਦ ਤੱਕ ਡੇਵ
ਦੇ ਹਾਲਾਤਾਂ ਨਾਲ਼ ਮਿਲ਼ਦੇ ਸਨ।
-"ਹੁਣ ਤੂੰ ਈ ਦੇਖਲਾ...! ਮਹੀਨੇ ਦੀ ਤਿੰਨ ਹਜ਼ਾਰ ਮੇਰੀ ਤਨਖ਼ਾਹ ਐ, ਮਕਾਨ ਮੇਰਾ
ਫ਼ਰੀ ਐ, ਮਤਲਬ ਕੋਈ ਮੌਰਗੇਜ਼ ਬਗੈਰਾ ਨਹੀਂ..! ਮਾੜਾ ਮੋਟਾ ਬਿਜਲੀ, ਪਾਣੀ ਤੇ
ਟੈਲੀਫ਼ੋਨ ਦਾ ਬਿੱਲ ਆ ਜਾਂਦੈ, ਹੋਰ ਮੇਰਾ ਕੋਈ ਖ਼ਰਚਾ ਨਹੀਂ..! ਕੀ ਕਰਨੈਂ ਬੰਦੇ
ਨੇ ਪੈਸਾ..? ਕਿੱਥੇ ਲੈ ਜਾਣੈਂ ਚੱਕ ਕੇ..? ਜਿੱਦੇਂ ਮਰ ਗਏ, ਸਾਰਾ ਕੁਛ ਐਥੇ ਈ ਪਿਆ
ਰਹਿ ਜਾਣੈਂ...! ਸੱਚ ਤੇਰੀ ਤਾਂ ਮੈਂ ਗੱਲ ਹੀ ਨਹੀਂ ਸੁਣੀਂ ਡਾਰਲਿੰਗ...? ਹਾਂ ਹੁਣ
ਤੂੰ ਸੁਣਾਂ ਕੋਈ ਗੱਲ ਬਾਤ...?"
-"ਮੈਂ ਕੀ ਗੱਲ ਸੁਣਾਵਾਂ ਡੇਵ..? ਤੇਰੇ ਵਾਲ਼ਾ ਈ ਮੇਰਾ ਹਾਲ ਐ...! 'ਕੱਲੇ ਬੰਦੇ
ਦੀ ਕੋਈ ਜਿ਼ੰਦਗੀ ਨਹੀਂ...!" ਹਨੀ ਨੇ ਵੀ ਸੱਚ ਹੀ ਉਗਲਿ਼ਆ।
ਡੇਵ ਨੇ ਸਮਝਿਆ ਕਿ ਉਸ ਦੀ ਮੇਖ ਸਿੱਧੀ ਰੇਖ ਵਿਚ ਹੀ ਵੱਜੀ ਸੀ। ਬਿਲਕੁਲ
ਟਿਕਾਣੇਂ 'ਤੇ...!
-"ਹਨੀ...! ਠੀਕ ਐ 'ਕੱਲੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ..! ਬੰਦਾ ਐਵੇਂ ਈ
ਸੁੱਕੇ ਪੱਤੇ ਵਾਂਗੂੰ ਖੱਲਾਂ ਖੂੰਜਿਆਂ ਵਿਚ ਵੱਜਦਾ ਫਿ਼ਰਦੈ...!" ਉਸ ਨੇ ਅਗਲਾ
ਪੈੱਗ ਖਾਲੀ ਕਰ ਦਿੱਤਾ। ਪਤਾ ਨਹੀਂ ਉਹ ਕਿਸ ਖ਼ੁਸ਼ੀ ਵਿਚ ਦਾਰੂ ਅੰਦਰ ਸੁੱਟੀ ਜਾ
ਰਿਹਾ ਸੀ...?
-"ਡੇਵ...! ਮੈਂ ਪਤੈ ਕਿਉਂ ਫ਼ੋਨ ਕੀਤੈ...?"
-"ਮੈਨੂੰ ਤਕਰੀਬਨ ਪਤੈ...! ਤੂੰ ਫ਼ੋਨ ਮੈਨੂੰ ਤੇਰੀ ਜੌਬ ਵਾਸਤੇ ਕੀਤੈ..! ਕਿਉਂ,
ਮੈਂ ਠੀਕ ਆਂ ਕਿ ਗਲਤ...?"
-"ਬਿਲਕੁਲ ਠੀਕ ਐ...! ਬੰਦਾ ਬੜਾ ਖ਼ੁਦਗਰਜ਼ ਐ ਡੇਵ..! ਮੈਨੂੰ ਤਲਾਕ ਤੋਂ ਬਾਅਦ
ਹੁਣ ਜੌਬ ਦੀ ਅਤੀਅੰਤ ਲੋੜ ਐ..! ਤੂੰ ਵੀ ਪੰਜਾਬੀ ਐਂ, ਤੇ ਮੈਂ ਵੀ ਪੰਜਾਬਣ...!"
ਡੇਵ ਮਗਰਮੱਛ ਵਰਗਾ ਮੂੰਹ ਸਾਰੇ ਦਾ ਸਾਰਾ ਖੋਲ੍ਹ ਕੇ ਹੱਸਿਆ।
-"ਤੂੰ ਹੱਸਦਾ ਕਿਉਂ ਐਂ ਡੇਵ...?" ਹਨੀ ਹੈਰਾਨ ਹੋ ਗਈ।
-"ਹੱਸਦਾ ਮੈਂ ਤਾਂ ਐਂ, ਬਈ ਜਿੰਨੀਆਂ ਕੁੜੀਆਂ ਮੈਨੂੰ ਇੰਟਰਵਿਊ ਦੇ ਕੇ ਗਈਆਂ ਨੇ,
ਉਹਨਾਂ ਵਿਚੋਂ ਘੱਟੋ ਘੱਟ ਦਸ ਪੰਜਾਬਣਾਂ ਨੇ, ਮੈਂ ਕੀਹਨੂੰ ਕੀਹਨੂੰ ਪੰਜਾਬਣ ਕਰਕੇ
ਨੌਕਰੀ ਆਫ਼ਰ ਕਰੀ ਜਾਵਾਂ...? ਇਹ ਤਾਂ ਇਕ ਅਨਾਰ ਸੌ ਬਿਮਾਰ ਵਾਲ਼ੀ ਗੱਲ ਹੋਈ ਵੀ ਐ
ਹਨੀ..! ਜੌਬ ਸਾਡੇ ਕੋਲ਼ ਇਕ, ਤੇ ਉਮੀਦਵਾਰ ਚਾਲ਼ੀ...!" ਉਸ ਨੇ ਸ਼ਰਾਬ ਪੀਤੀ ਹੋਣ
ਕਰਕੇ ਵੀ ਹਨੀ ਨੂੰ ਚਤਰ ਸਿਆਸਤ ਨਾਲ਼ ਅੱਗਿਓਂ ਵਗਲ਼ ਲਿਆ।
ਹਨੀ ਕਸੂਤੀ ਫ਼ਸ ਗਈ। ਉਸ ਨੂੰ ਮਰਦੀ ਨੂੰ ਕੋਈ ਅੱਕ ਚੱਬਣਾਂ ਹੀ ਪੈਣਾਂ ਸੀ..। ਹਾਰ
ਕੇ ਜੇਠ ਨਾਲ਼ ਲਾਉਣੀ ਹੀ ਪੈਣੀਂ ਸੀ..। ਉਸ ਨੇ ਆਪਣੇ ਆਪ ਨੂੰ ਅੰਦਰੋਂ ਤਿਆਰ ਕੀਤਾ।
ਉਸ ਨੂੰ ਭਲੀ ਭਾਂਤ ਪਤਾ ਚੱਲ ਗਿਆ ਸੀ ਕਿ ਰੋੜਾ ਮਾਰੇ ਬਿਨਾਂ ਬੇਰ ਡਿੱਗਣਾਂ
ਮੁਸ਼ਕਿਲ ਹੈ। ਕਈ ਵਾਰ ਆਦਮੀ ਜਾਂ ਔਰਤ ਨੂੰ ਅਜਿਹੇ ਹਾਲਾਤਾਂ ਨਾਲ਼ ਸਮਝੌਤਾ ਕਰਨਾ
ਪੈਂਦੈ, ਜਿਹੜੇ ਉਸ ਨੇ ਕਦੇ ਮਨ ਵਿਚ ਵੀ ਚਿਤਵੇ ਨਹੀਂ ਹੁੰਦੇ...!
-"ਡੇਵ, ਪਲੀਜ਼...! ਮੈਨੂੰ ਜੌਬ ਦੀ ਬਹੁਤ ਸਖ਼ਤ ਜ਼ਰੂਰਤ ਹੈ...! ਅਗਰ ਤੂੰ
ਮੇਰੀ ਮੱਦਦ ਕਰ ਸਕੇਂ, ਤਾਂ ਮੈਂ ਵੀ ਲੋੜ ਪੈਣ 'ਤੇ ਤੇਰੇ ਕੰਮ ਆਵਾਂਗੀ..!" ਉਸ ਨੇ
ਅੱਖਾਂ ਮੀਟ ਕੇ ਅਤੇ ਦਿਲ ਕਰੜਾ ਕਰਕੇ ਆਖ ਦਿੱਤਾ।
-"ਹਨੀ, ਇਹ ਦੁਨੀਆਂ ਬੜੀ ਗਰਜ਼ਮੰਦ ਐ...! ਮੈਂ ਬਹੁਤ ਲੋਕਾਂ ਦੀ ਮੱਦਦ ਕੀਤੀ, ਪਰ
ਕੰਮ ਨਿਕਲ਼ਣ ਤੋਂ ਬਾਅਦ ਸਭ ਮੈਨੂੰ ਮੂਰਖ਼ ਸਮਝ ਕੇ ਤੁਰ ਗਏ...! ਮੇਰੀ 58 ਸਾਲ ਦੀ
ਉਮਰ ਐ...! ਜਿ਼ੰਦਗੀ ਦਾ ਬੜਾ ਲੰਮਾਂ ਤਜ਼ਰਬਾ ਮੇਰੇ ਕੋਲ਼ ਐ..! ਬੜੀਆਂ ਘਟਨਾਵਾਂ
ਵਾਪਰੀਆਂ..! ਤੀਹ ਸਾਲ ਹੋ ਗਏ ਇੰਗਲੈਂਡ ਆਏ ਨੂੰ...! ਪੰਦਰਾਂ ਸਾਲ ਤੋਂ ਇਸ ਕੰਪਨੀ
ਵਿਚ ਕੰਮ ਕਰ ਰਿਹੈਂ..! ਪੰਦਰਾਂ ਵੀਹ ਬੰਦੇ ਮੈਂ ਇੰਡੀਆ ਤੋਂ ਨਜ਼ਦੀਕੀ ਰਿਸ਼ਤੇਦਾਰ
ਮੰਗਵਾਏ, ਨਾਲ਼ੇ ਆਬਦੇ ਪੱਲਿਓਂ ਖਰਚਾ ਕਰਕੇ..! ਪਰ ਜਦੋਂ ਐਥੇ ਆ ਕੇ ਰੋਟੀ ਪੈ ਗਏ,
ਮੈਨੂੰ ਈ ਪਾਗਲ ਬਣਾਉਣ ਲੱਗ ਪਏ..! ਅੱਜ ਕਿਸੇ ਨਾਲ਼ ਬੋਲਣ ਦਾ ਵੀ ਭਾਅ ਨ੍ਹੀਂ...!
ਇਹੀ ਗੱਲ ਮੇਰੀ ਕੰਪਨੀ ਵਿਚ ਬੀਤੀ..! ਬਹੁਤ ਔਰਤਾਂ ਨੂੰ ਮੈਂ ਕੰਮ 'ਤੇ ਲੁਆਇਆ,
ਸਿਫ਼ਾਰਸ਼ਾਂ ਕਰ-ਕਰ ਕੇ...! ਪਰ ਜਦੋਂ ਉਹ ਪਰਮਾਨੈਂਟ ਹੋ ਗਈਆਂ, ਮੇਰੇ ਈ ਪੈਰ
ਵਾਹੁੰਣ ਲੱਗ ਪਈਆਂ...! ਹੁਣ ਮੈਨੂੰ ਦੁਨੀਆਂ ਤੋਂ ਡਰ ਲੱਗਣ ਪਿਐ ਹਨੀ, ਸੱਚ
ਜਾਣੀਂ...! ਦੁਨੀਆਂ ਤੋਂ ਡਰ ਲੱਗਣ ਲੱਗ ਪਿਐ..!" ਡੇਵ ਨੇ ਹਨੀ ਨੂੰ ਆਪਣੀ ਜਿ਼ੰਦਗੀ
ਦਾ ਬੜਾ ਕੌੜਾ ਤਜ਼ਰਬਾ ਅਤੇ ਘਿਨਾਉਣਾਂ ਸੱਚ ਦੱਸਿਆ।
-"ਡੇਵ, ਪਲੀਜ਼ ਮੇਰੀ ਮੱਦਦ ਕਰੋ...! ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ
ਹੁੰਦੀਆਂ-!"
ਉਹ ਕੌੜਾ ਜਿਹਾ ਹੱਸ ਪਿਆ।
-"ਸ਼ੁਰੂ ਵਿਚ ਸਾਰੇ ਆਹੀ ਗੱਲ ਕਹਿੰਦੇ ਨੇ ਹਨੀ...! ਇਹ ਪੰਜੇ ਉਂਗਲ਼ਾਂ ਵਾਲ਼ੀ
ਇੱਕੋ ਗੱਲ ਸੁਣ ਸੁਣ ਕੇ ਮੇਰੇ ਕੰਨ ਪੱਕ ਗਏ ਨੇ...! ਜਿਹੜਾ ਮੈਨੂੰ ਪੰਜੇ ਉਂਗਲਾਂ
ਇੱਕੋ ਜਿਹੀਆਂ ਦੀ ਗੱਲ ਸੁਣਾਉਂਦੈ, ਮੈਨੂੰ ਸਭ ਤੋਂ ਵੱਡਾ ਦੁਸ਼ਮਣ ਲੱਗਦੈ..! ਮੇਰਾ
ਜੀਅ ਕਰਦੈ ਬਈ ਉਹਨੂੰ ਸਾਰੇ ਸੰਸਾਰ ਦੇ ਸਾਹਮਣੇਂ ਖੜ੍ਹਾ ਕਰਕੇ ਸ਼ਰੇਆਮ ਗੋਲ਼ੀ ਨਾਲ਼
ਉੜਾ ਦਿਆਂ...! ਜਿਹੜਾ, ਜਿੰਨਾਂ ਵੱਡਾ ਚੋਰ ਹੋਊਗਾ, ਉਤਨੇ ਵੱਡੇ ਉਹ ਸਪੱਸ਼ਟੀਕਰਨ
ਦਿਊਗਾ...!" ਉਹ ਹਨੀ ਨੂੰ ਨਿਰੋਲ ਸੱਚੀਆਂ ਹੀ ਤਾਂ ਸੁਣਾਂ ਰਿਹਾ ਸੀ। ਹਨੀ ਨੇ
ਸੋਚਿਆ ਕਿ ਹਾਲਾਤਾਂ ਦਾ ਮਾਰਿਆ ਅਤੇ ਸੁਆਰਥੀ, ਮਤਲਬ-ਪ੍ਰਸਤ ਰਿਸ਼ਤੇਦਾਰਾਂ ਦਾ
ਸਤਾਇਆ ਡੇਵ ਪੱਥਰ ਦਿਲ ਅਤੇ ਬੇਰਹਿਮ ਹੋ ਚੁੱਕਿਐ...! ਇਸ ਵਿਚ ਕੋਈ ਸ਼ੱਕ ਵੀ ਨਹੀਂ
ਸੀ ਕਿ ਦਿਲ ਦੇ ਸਾਫ਼ ਡੇਵ ਨੂੰ ਗਿੱਦੜਮਾਰ ਰਿਸ਼ਤੇਦਾਰਾਂ ਨੇ ਆਪਣੇ ਨਿੱਜੀ ਸੁਆਰਥਾਂ
ਵਾਸਤੇ ਹਰ ਜਗਾਹ ਵਰਤਿਆ ਸੀ ਅਤੇ ਕੰਮ ਨਿਕਲ਼ਣ ਤੋਂ ਬਾਅਦ ਨਾਲੈ ਤਾਂ ਲੱਤ ਮਾਰੀ ਸੀ
ਅਤੇ ਨਾਲ਼ੇ ਭੰਡਿਆ ਸੀ...। ਲੋੜ ਪੈਣ 'ਤੇ ਕਿਸੇ ਨੇ ਉਸ ਨੂੰ ਸਿਆਣਿਆਂ ਨਹੀਂ ਸੀ।
ਜਦੋਂ ਡੇਵ ਦਾ ਉਸ ਦੀ ਘਰਵਾਲ਼ੀ ਨਾਲ਼ ਤਲਾਕ ਚੱਲਦਾ ਸੀ, ਤਾਂ ਡੇਵ ਨੇ ਇਸ ਤਲਾਕ ਨੂੰ
ਰੋਕਣ ਲਈ ਰਿਸ਼ਤੇਦਾਰਾਂ ਤੱਕ ਪਹੁੰਚ ਕੀਤੀ। ਸਿਵਾਏ ਇਸ ਦੇ ਕਿ ਉਸ ਦੇ ਰਿਸ਼ਤੇਦਾਰ
ਡੇਵ ਦੀ ਮੱਦਦ 'ਤੇ ਖੜ੍ਹਦੇ, ਉਹਨਾਂ ਨੇ ਡੇਵ ਦੇ ਘਰਵਾਲ਼ੀ ਦੀ ਪੂਛ ਨੂੰ ਹੀ ਵੱਟ
ਚਾੜ੍ਹਿਆ ਅਤੇ ਡੇਵ ਨੂੰ ਸ਼ਰਾਬੀ ਕਵਾਬੀ ਅਤੇ ਆਯਾਸ਼ ਦੱਸਿਆ। ਉਸ ਨੂੰ ਭੈਣਾਂ,
ਭਰਾਵਾਂ ਅਤੇ ਭਾਣਜੇ-ਭਾਣਜੀਆਂ ਦਾ ਚਾਕਰ ਅਤੇ ਪਿੱਛਲੱਗ ਗਰਦਾਨਿਆਂ..! ਡੇਵ ਦਾ ਕਸੂਰ
ਸਿਰਫ਼ ਇਹ ਸੀ ਕਿ ਉਹ ਜਰਮਨ ਦੀ ਇਕ ਮਸ਼ਹੂਰ ਕੰਪਨੀ ਵਿਚ ਮੈਨੇਜਰ ਸੀ..।
ਰਿਸ਼ਤੇਦਾਰਾਂ ਤੋਂ ਉਸ ਦੀ ਸਫ਼ਲਤਾ ਜਰੀ ਨਹੀਂ ਜਾਂਦੀ ਸੀ..। ਉਸ ਨੇ ਆਪਣੀ ਜਿ਼ੰਦਗੀ
ਦੀ ਸਾਰੀ ਕੌੜੀ ਸੱਚਾਈ ਹਨੀ ਅੱਗੇ ਰੱਖ ਦਿੱਤੀ ਸੀ। ਤੇ ਉਹ ਵੀ ਬਗੈਰ ਕਿਸੇ ਭੂਮਿਕਾ
ਤੋਂ!
-"ਇਹ ਮੇਰੀ ਜ਼ਿੰਦਗੀ ਦਾ ਕੌੜਾ ਸੱਚ ਐ ਹਨੀ..! ਰੱਬ ਨੂੰ ਹਾਜਰ ਨਾਜਰ ਜਾਣ ਕੇ
ਆਖਦੈਂ ਕਿ ਇਹ ਜੋ ਕੁਛ ਵੀ ਤੈਨੂੰ ਮੈਂ ਦੱਸਿਐ, ਇਹ ਸੱਚ ਐ...!"
-"ਮੈਂ ਤੇਰੀ ਹਾਲਤ ਸਮਝਦੀ ਵੀ, ਤੇ ਮੰਨਦੀ ਵੀ ਐਂ ਡੇਵ...! ਕੋਈ ਸ਼ੱਕ ਨਹੀਂ...!
ਪਰ ਤੂੰ ਮੇਰੀ ਗੱਲ ਦਾ ਕੋਈ ਉੱਤਰ ਨ੍ਹੀਂ ਦਿੱਤਾ...?"
-"ਦੇਖ ਹਨੀ...! ਅੰਗਰੇਜ਼ਾਂ ਦੀ ਕਹਾਵਤ ਐ, ਇੱਕ ਹੱਥ ਦੂਜੇ ਨੂੰ ਧੋਂਦੈ...!"
-"ਡੇਵ ਗੱਲ ਸਪੱਸ਼ਟ ਕਰ...! ਕੀ ਕਰ ਸਕਦੀ ਐਂ ਮੈਂ ਤੇਰੇ ਵਾਸਤੇ...?" ਹਨੀ ਨੇ
ਸਿੱਕੇ ਦਾ ਇਕ ਪਾਸਾ ਹੀ ਦੇਖਣਾਂ ਚਾਹਿਆ।
-"ਹਨੀ...!" ਆਖ ਕੇ ਡੇਵ ਨੇ ਨਸ਼ੇ ਵਿਚ ਉੱਚੀ ਉੱਚੀ ਰੋਣਾਂ ਸ਼ੁਰੂ ਕਰ ਦਿੱਤਾ।
ਹਨੀ ਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਕੀ ਕਰੇ...? ਹਨੀ ਨੇ ਸੋਚਿਆ ਕਿ ਡੇਵ
ਵਾਕਿਆ ਹੀ ਦੁਖੀ ਇਨਸਾਨ ਸੀ।
-"ਹਨੀ...!" ਡੇਵ ਕੁਝ ਕੁ ਸੰਭਲ਼ ਗਿਆ ਸੀ।
-"ਹਾਂ ਡੇਵ...?" ਉਸ ਦਾ ਮਨ ਪਸੀਜ ਗਿਆ ਸੀ।
-"ਕੀ ਤੂੰ ਮੇਰੇ ਕੋਲ਼ ਆ ਸਕਦੀ ਐਂ...? ਮੇਰਾ ਦਿਲ ਦੁੱਖ ਨਾਲ਼ ਭਰਿਆ ਪਿਐ..! ਜੇ
ਤੂੰ ਮੇਰੇ ਕੋਲ਼ ਆ ਸਕਦੀ ਐਂ..? ਮੈਂ ਤੇਰੇ ਲਈ ਟੈਕਸੀ ਭੇਜ ਸਕਦੈਂ-!" ਡੇਵ ਨੇ ਉਸ
ਨੂੰ ਕਿਹਾ।
-"ਡੇਵ ਇਉਂ ਕਰ...! ਅੱਜ ਤੂੰ ਅਰਾਮ ਕਰ...! ਰਿਲੈਕਸ ਹੋ..! ਮੈਂ ਕੱਲ੍ਹ ਨੂੰ ਤੇਰੇ
ਕੋਲ਼ ਜ਼ਰੂਰ ਆ ਕੇ ਤੇਰੇ ਦੁੱਖ ਸੁਣਾਂਗੀ...!" ਉਸ ਨੇ ਬੜੀ ਧਹੱਮਲ ਨਾਲ਼ ਕਿਹਾ।
-"ਪੱਕਾ...?"
-"ਹਾਂ ਪੱਕਾ...!"
-"ਹਨੀ, ਮੇਰਾ ਦਿਲ ਕਿਸੇ ਨਾਲ਼ ਗੱਲਾਂ ਕਰਨ ਨੂੰ ਭਰਿਆ ਪਿਐ...! ਜੌਬ ਦਾ ਤੂੰ
ਫਿ਼ਕਰ ਨਾ ਕਰ..! ਮੈਂ ਤੇਰੀ ਸਿਰਫ਼ ਜੌਬ ਪੱਖੋਂ ਈ ਨਹੀਂ, ਹਰ ਗੱਲ ਵਿਚ ਮੱਦਦ ਕਰਨ
ਨੂੰ ਤਿਆਰ ਐਂ..!" ਡੇਵ ਨੇ ਸ਼ਰਾਬੀ ਹੋਣ ਦੇ ਬਾਵਜੂਦ ਵੀ ਕਈ ਦਾਣੇਂ ਹਨੀ ਅੱਗੇ
ਖਿਲਾਰ ਦਿੱਤੇ।
-"ਤੂੰ ਫਿ਼ਕਰ ਨਾ ਕਰ ਡੇਵ..! ਕੱਲ੍ਹ ਨੂੰ ਮੈਂ ਤੇਰੇ ਕੋਲ਼ ਜ਼ਰੂਰ ਆਵਾਂਗੀ..!
ਵਾਅਦਾ ਰਿਹਾ..!"
-"ਠੀਕ ਐ ਫੇਰ, ਕੱਲ੍ਹ ਮਿਲਾਂਗੇ ਹਨੀ...! ਵੈਸੇ ਵੀ ਮੈਂ ਕੱਲ੍ਹ ਨੂੰ ਅੱਧਾ ਦਿਨ ਹੀ
ਡਿਊਟੀ ਕਰਨੀ ਐ! ਮੈਂ ਕੱਲ੍ਹ ਨੂੰ ਆ ਕੇ ਤੈਨੂੰ ਫ਼ੋਨ ਕਰੂੰਗਾ..! ਐਸੇ ਨੰਬਰ 'ਤੇ ਈ
ਫ਼ੋਨ ਕਰ ਦਿਆਂ, ਜਿਹੜੇ ਤੋਂ ਤੂੰ ਕੀਤੈ?"
-"ਹਾਂ, ਮੇਰਾ ਆਹੀ ਨੰਬਰ ਐ...! ਚੱਲ ਫਿਰ ਗੁੱਡ ਨਾਈਟ ਡੇਵ...!"
-"ਗੁੱਡ ਨਾਈਟ ਡਾਰਲਿੰਗ...!"
ਫ਼ੋਨ ਕੱਟੇ ਗਏ।
ਹਨੀ ਸੋਚੀਂ ਪੈ ਗਈ ਕਿ ਡੇਵ ਦੁਖੀ ਸੀ। ਦੁਖੀ ਦਾ ਦੁਖੀ, ਹਮਦਰਦ..! ਪਰ ਇਕ ਗੱਲ
ਐ ਹਨੀ...! ਬੀਨ ਵਜਾਈ ਬਿਨਾਂ ਸੱਪ ਨਿਕਲ਼ਣਾਂ ਨਹੀਂ..! ਤੈਨੂੰ ਡੇਵ ਦਾ ਦੁੱਖ
ਸੁਣਨਾਂ ਹੀ ਪੈਣਾਂ ਹੈ..! ਮੈਨੂੰ ਉਹ ਸੱਚ ਹੀ ਹਾਲਾਤਾਂ ਦਾ ਸਤਾਇਆ ਲੱਗਦੈ..! ਹਨੀ
ਤੈਨੂੰ ਵੀ ਕੋਈ ਨਾ ਕੋਈ ਸਹਾਰਾ ਚਾਹੀਦੈ...! ਸਹਾਰੇ ਬਿਨਾਂ ਤਾਂ ਰੋਹੀ ਬੀਆਬਾਨ 'ਚ
ਖੜ੍ਹੀ ਟਾਹਲੀ ਵੀ ਖੜਸੁੱਕ ਹੋ ਜਾਂਦੀ ਐ..! ਉਹਦੇ 'ਤੇ ਵੀ ਘੋਗੜ, ਗਿਰਝਾਂ ਤੇ
ਇੱਲ੍ਹਾਂ ਈ ਬਿੱਠਾਂ ਕਰਦੇ ਐ..! ਕੀ ਹੋ ਗਿਆ ਜੇ ਡੇਵ ਦੀ ਉਮਰ ਤੇਰੇ ਤੋਂ ਵੱਡੀ
ਐ..? ਪੰਜਾਬ ਤੋਂ ਤਾਂ ਪੱਚੀ-ਪੱਚੀ ਸਾਲ ਦੀਆਂ ਕੁੜੀਆਂ ਇੰਗਲੈਂਡ ਆਉਣ ਵਾਸਤੇ
ਸੱਠ-ਸੱਠ ਸਾਲਾਂ ਦੇ ਬੁੜ੍ਹਿਆਂ ਨਾਲ਼ ਵਿਆਹ ਕਰਵਾ ਕੇ ਤੁਰੀਆਂ ਆਉਂਦੀਐਂ..? ਦਿਲ
ਮਿਲ਼ਣੇ ਚਾਹੀਦੇ ਨੇ, ਉਮਰਾਂ ਦਾ ਕੀ ਐ...? ਦਿਲ ਮਿਲਿਆਂ ਦਾ ਮੇਲਾ, ਕੌਣ ਗੁਰੂ ਤੇ
ਕੌਣ ਚੇਲਾ...? ਜੇ ਡੇਵ ਨਾਲ਼ ਦੋ ਚਾਰ ਸਾਲ ਰਹਿਣਾਂ ਵੀ ਪਿਆ, ਤਾਂ ਵੀ ਕੋਈ ਬੁਰੀ
ਗੱਲ ਨਹੀਂ..! ਇੱਥੇ ਕਿਹੜਾ ਪੁੱਛਦੈ..? ਡੇਵ ਵਿਚ ਭੈੜ੍ਹ ਵੀ ਕੀ ਐ..? ਕਿੱਡੀ ਵੱਡੀ
ਅਤੇ ਮਸ਼ਹੂਰ ਕੰਪਨੀ ਵਿਚ ਮੈਨੇਜਰ ਐ..! ਪੈਸਾ ਕੋਲ਼ ਐ..! 'ਕੱਲਾ ਰਹਿੰਦੈ..! ਬੱਚੇ
ਇਹਦੇ ਆਬਦੇ ਘਰੋ ਘਰੀ ਨੇ..! ਹਨੀ...! ਤੂੰ ਆਪਣਾਂ ਸੰਕਟ ਭਰਿਆ ਸਮਾਂ ਡੇਵ ਦੇ ਲੜ
ਲੱਗ ਕੇ ਕੱਢ..! ਅੱਗੇ ਪ੍ਰਮਾਤਮਾਂ ਭਲੀ ਕਰੂ..! ਰੱਬ ਬੰਦਿਆਂ ਦਾ ਇਮਤਿਹਾਨ
ਲੈਂਦੈ..! ਪਰ ਤੂੰ ਵੀ ਰਮਣੀਕ ਨਾਲ਼ ਬੜਾ ਧੱਕਾ ਕੀਤੈ ਹਨੀ..! ਉਹ ਤੈਨੂੰ ਭਰਨਾ
ਪੈਣੈਂ..! ਆਪਦਾ ਭਰਾ ਮੰਗਵਾ ਕੇ ਤੂੰ ਉਹਨੂੰ ਟਿੱਚ ਸਮਝਣ ਲੱਗ ਪਈ ਸੀ..! ਰੱਬ ਤੇਰੇ
ਕੋਲ਼ੋਂ ਬਦਲੇ ਨਾ ਲਊ, ਤਾਂ ਹੋਰ ਕੀ ਕਰੂ..? ਬੁੱਕਣ ਜਿਵੇਂ ਆਇਆ, ਉਵੇਂ ਹੀ ਤੁਰ
ਗਿਆ..! ਤੇਰੇ ਪਾਪੀ ਮਨ ਦੀ ਸਕੀਮ ਕੋਈ ਸਿਰੇ ਨਾ ਚੜ੍ਹੀ..! ਭਰਾ ਡਿਪੋਰਟ ਹੋਇਆ,
ਰਮਣੀਕ ਸਾਰੀ ਜਿ਼ੰਦਗੀ ਲਈ ਤੈਥੋਂ ਪਰ੍ਹੇ ਹੋ ਗਿਆ...! ਜੇ ਸਿਆਣੀ ਬਣ ਕੇ ਚੱਲਦੀ
ਤਾਂ ਐਸ਼ ਵੀ ਕਰਦੀ, ਭਰਾ ਵੀ ਡਿਪੋਰਟ ਨਾ ਹੁੰਦਾ, ਤੇ ਰਮਣੀਕ ਨਾਲ਼ ਵੀ ਤੋੜ ਵਿਛੋੜੀ
ਨਾ ਹੁੰਦੀ..! ਸਾਰਾ ਕੁਝ ਖ਼ੂਹ 'ਚ ਗਿਆ..! ਤੇਰੀਆਂ ਸਕੀਮਾਂ ਖ਼ਾਤੇ 'ਚ ਪੈ
ਗਈਆਂ..! ਤੂੰ ਵੀ ਤੱਤੇ ਪੈਰਾਂ ਵਾਲ਼ੀ ਸੀ ਹਨੀ..! ਪੈਰ ਤੂੰ ਵੀ ਧਰਤੀ 'ਤੇ ਲਾਉਣੋਂ
ਹਟ ਗਈ ਸੀ..! ਹਨੀ ਦੀ ਜ਼ਮੀਰ ਅਤੇ ਮਨ ਆਪਸ ਵਿਚ ਡਾਂਗੋ-ਡਾਂਗੀ ਹੋਈ ਜਾ ਰਹੇ ਸਨ!
ਪਰ ਗਏ ਵੇਲ਼ੇ ਨੂੰ ਮਾਰ ਗੋਲ਼ੀ ਹਨੀ..! ਸਿਆਣਾਂ ਬੰਦਾ ਉਹ, ਜਿਹੜਾ ਕਿਸੇ ਢੰਗ
ਨਾਲ਼ ਆਪਣਾਂ ਬਿਪਤਾ ਭਰਿਆ ਸਮਾਂ ਕੱਢ ਲਵੇ..। ਜੌਬ ਮਿਲ਼ ਗਈ ਤਾਂ ਤੇਰੇ ਸਾਰੇ
ਧੋਣੇਂ ਧੋਤੇ ਜਾਣਗੇ...! ਹੋ ਸਕਦੈ ਡੇਵ ਮੇਰੀ ਪੈਸੇ ਧੇਲੇ ਦੀ ਵੀ ਮੱਦਦ ਕਰ
ਦੇਵੇ..? ਡੇਵ ਬੰਦਾ ਤਾਂ ਮਾੜਾ ਨਹੀਂ ਲੱਗਦਾ..! ਜਿਹੜਾ ਬੰਦਾ ਪਹਿਲੇ ਦਿਨ ਹੀ ਮੇਰੇ
ਕੋਲ਼ ਆਪਣੇ ਦੁੱਖਾਂ ਦਾ ਸਾਰਾ ਭੇਦ ਖੋਲ੍ਹ ਗਿਆ, ਉਹ ਛੇਤੀ ਦਿਲ ਦਾ ਬੁਰਾ ਨਹੀਂ ਹੋ
ਸਕਦਾ..! ਬੇਈਮਾਨ ਬੰਦਾ ਛੇਤੀ ਕੀਤੇ ਆਪਣੇ ਦਿਲ ਦਾ ਭੇਦ ਨਹੀਂ ਦਿੰਦਾ..। ਪਰ ਡੇਵ
ਨੇ ਤਾਂ ਪੈਂਦੀ ਸੱਟੇ ਹੀ ਮੇਰੇ ਕੋਲ਼ ਦਿਲ ਦੇ ਸਾਰੇ ਕੋਨੇ ਫ਼ਰੋਲ਼ ਧਰੇ...! ਕਈਆਂ
ਮੈਨੇਜਰਾਂ ਦਾ ਤਾਂ ਨਖ਼ਰਾ ਹੀ ਝੱਲਿਆ ਨਹੀਂ ਜਾਂਦਾ..? ਡੇਵ ਨੇ ਤਾਂ ਮੈਨੂੰ ਫ਼ੱਟ
ਦੇਣੇਂ ਆਪਣਾ ਨਾਮ ਲੈਣ ਲਈ ਆਖ ਦਿੱਤਾ...! ਨਹੀਂ ਤਾਂ ਐਥੇ ਦੇਸੀ ਅੰਗਰੇਜ਼ ਹੀ ਮਾਨ
ਨਹੀਂ..। ਤੁਹਾਡੇ ਨਾਲ਼ ਪੰਜਾਬੀ ਵਿਚ ਗੱਲ ਕਰਨੀ ਵੀ ਇਕ ਤਰ੍ਹਾਂ ਨਾਲ਼ ਬੋਝ ਸਮਝਦੇ
ਨੇ, ਪੰਜਾਬੀ ਬੋਲਣਾਂ ਆਪਣੀ ਤੌਹੀਨ ਸਮਝਦੇ ਨੇ..! ਚਾਰ ਅੱਖਰ ਕੀ ਪੜ੍ਹ ਜਾਂਦੇ ਨੇ,
ਆਪਣੀ ਮਾਂ ਬੋਲੀ ਪੰਜਾਬੀ ਇਹਨਾਂ ਨੂੰ ਅਨਪੜ੍ਹਾਂ ਅਤੇ ਉਜੱਡਾਂ ਦੀ ਭਾਸ਼ਾ ਲੱਗਣ ਲੱਗ
ਪੈਂਦੀ ਐ..! ਮਾੜੀ ਮੋਟੀ ਜੌਬ ਲੇ ਕੇ ਰਾਣੀਂ ਖ਼ਾਂ ਦੇ ਸਾਲ਼ੇ ਬਣ ਜਾਂਦੇ ਐ...! ਪਰ
ਡੇਵ? ਉਸ ਨੇ ਤਾਂ ਮੈਨੂੰ ਤੁਰੰਤ ਆਖ ਦਿੱਤਾ ਸੀ ਕਿ ਆਪਾਂ ਪੰਜਾਬੀ ਵਿਚ ਹੀ ਗੱਲ
ਕਰਾਂਗੇ...! ਤੇ ਵਾਕਿਆ ਹੀ ਕੀਤੀ ਵੀ ਪੰਜਾਬੀ ਵਿਚ ਹੀ ਗੱਲ..! ਨਹੀਂ, ਡੇਵ ਬੰਦਾ
ਮਾੜਾ ਨਹੀਂ..! ਮੈਂ ਕੱਲ੍ਹ ਨੂੰ ਹਰ ਹਾਲਤ ਉਸ ਕੋਲ਼ ਉਸ ਦੇ ਦੁੱਖ ਸੁਣਨ ਲਈ
ਜਾਂਵਾਂਗੀ...। ਉਸ ਦਾ ਦਿਲ ਡੇਵ ਦੇ ਦੁੱਖ ਵਿਚ ਪਾਣੀਓਂ ਪਾਣੀਂ ਹੋਇਆ ਪਿਆ ਸੀ।
ਅਗਲੇ ਦਿਨ ਸ਼ਾਮ ਦੇ ਚਾਰ ਕੁ ਵਜੇ ਡੇਵ ਦਾ ਫ਼ੋਨ ਆ ਗਿਆ।
ਅੱਜ ਉਸ ਦੀ ਦਾਰੂ ਨਹੀਂ ਪੀਤੀ ਹੋਈ ਸੀ।
ਉਹ ਬੜਾ ਤਾਜ਼ਾ ਤਾਜ਼ਾ ਬੋਲ ਰਿਹਾ ਸੀ।
-"ਹਨੀ, ਟੈਕਸੀ ਭੇਜਾਂ...?"
-"ਹਾਂ ਭੇਜ ਦੇ ਡੇਵ...!"
-"ਆਪਣਾਂ ਪੋਸਟਲ ਕੋਡ ਦੱਸ...?"
ਹਨੀ ਨੇ ਆਪਣਾਂ ਪੋਸਟਲ ਕੋਡ ਲਿਖਵਾ ਦਿੱਤਾ ਅਤੇ ਡੇਵ ਦੀ ਭੇਜੀ ਹੋਈ ਟੈਕਸੀ
ਤਕਰੀਬਨ ਪੰਦਰਾਂ ਕੁ ਮਿੰਟ ਬਾਅਦ ਹਨੀ ਦੇ ਘਰ ਅੱਗੇ ਆ ਖੜ੍ਹੀ ਹੋਈ। ਹਨੀ ਤਿਆਰ ਹੀ
ਸੀ। ਉਹ ਟੈਕਸੀ ਦਾ ਖੜਕਾ ਸੁਣ ਕੇ, ਆਪਣਾਂ ਪਰਸ ਚੁੱਕ ਬਾਹਰ ਨਿਕਲ਼ ਗਈ।
ਹਨੀ ਨੂੰ ਚੁੱਕ ਟੈਕਸੀ ਤੁਰ ਗਈ।
ਡੇਵ ਦਾ ਘਰ ਹਨੀ ਦੇ ਘਰ ਤੋਂ ਬਹੁਤਾ ਕੋਈ ਦੂਰ ਨਹੀਂ ਸੀ। ਟੈਕਸੀ 'ਤੇ ਸਿਰਫ਼
ਪੰਦਰਾਂ-ਵੀਹ ਮਿੰਟ ਦੀ ਹੀ ਵਾਟ ਸੀ।
ਟੈਕਸੀ ਡੇਵ ਦੇ ਘਰ ਪਹੁੰਚ ਗਈ।
ਉਸ ਨੇ ਬਾਹਰ ਆ ਕੇ ਹਨੀ ਦਾ ਸੁਆਗਤ ਕੀਤਾ ਅਤੇ ਉਸ ਨੂੰ ਬੜੇ ਅਦਬ ਨਾਲ਼ ਅੰਦਰ ਲੈ
ਗਿਆ। ਹਨੀ ਆਉਣ ਤੋਂ ਪਹਿਲਾਂ ਦੋ ਪੈੱਗ ਉਹ ਲਾ ਚੁੱਕਿਆ ਸੀ।
ਸੰਧੂਰੀ ਰੰਗ ਦੀ ਹਨੀ ਕੱਢਵਾਂ ਕਾਲ਼ਾ ਪਟਿਆਲ਼ਾ ਸੂਟ ਪਾਈ ਡੇਵ ਅੱਗੇ ਬੈਠੀ ਲਾਟ
ਵਾਂਗ ਮੱਚ ਰਹੀ ਸੀ। ਡੇਵ ਦਾ ਦਿਲ ਡੋਲ ਗਿਆ..। ਸੁਹੱਪਣ ਪੱਖੋਂ ਤਾਂ ਹਨੀ ਵੈਸੇ ਵੀ
ਮਾਰ ਨਹੀਂ ਖਾਂਦੀ ਸੀ। ਪਰ ਅੱਜ ਤਾਂ ਉਹ ਸਜੀ-ਧਜੀ, ਕਿਆਮਤ ਹੀ ਲਿਆਈ ਜਾ ਰਹੀ ਸੀ..!
ਰੱਬ ਹੁਸਨ ਦੇ ਦਿੰਦੈ, ਪਰ ਉਸ ਨੂੰ ਸਾਂਭ ਕੇ ਰੱਖਣਾਂ ਜਣੇਂ-ਖਣੇਂ ਦਾ ਕੰਮ ਨਹੀਂ
ਹੁੰਦਾ..! ਸੁਰਮਾ ਤਾਂ ਹਰ ਕੋਈ ਪਾ ਲੈਂਦੀ ਹੈ, ਪਰ ਮਟਕਾਉਣਾਂ ਕਿਸੇ ਕਿਸੇ ਨੂੰ ਹੀ
ਆਉਂਦਾ ਹੈ..!
-"ਦੱਸ ਹਨੀ ਪੀਣਾਂ ਕੀ ਐ...?" ਡੇਵ ਨੇ ਪ੍ਰਾਹੁੰਣਚਾਰੀ ਤੌਰ 'ਤੇ ਉਸ ਅੱਗੇ
ਚਾਦਰ ਵਾਂਗ ਵਿਛਦਿਆਂ ਕਿਹਾ। ਉਹ ਹਨੀ 'ਤੇ ਮਰ ਮਿਟਿਆ ਸੀ। ਚਾਹੇ ਹਨੀ ਉਸ ਦੀ ਧੀ ਦੇ
ਬਰਾਬਰ ਸੀ। ਕਿਉਂਕਿ ਡੇਵ ਦੀ ਵੱਡੀ ਕੁੜੀ 28 ਸਾਲ ਦੀ ਅਤੇ ਦੋ ਬੱਚਿਆਂ ਦੀ ਮਾਂ ਸੀ।
ਉਸ ਦਾ 31 ਸਾਲਾ ਮੁੰਡਾ ਆਸਟਰੇਲੀਆ ਵਿਚ ਡਾਕਟਰ ਸੀ ਅਤੇ ਉਹ ਵੀ ਵਿਆਹਿਆ ਵਰਿਆ,
ਤਿੰਨ ਬੱਚਿਆਂ ਦਾ ਬਾਪ ਸੀ। ਉਸ ਦੇ ਘਰਵਾਲ਼ੀ 'ਤੇਜ' ਨੇ ਡੇਵ ਤੋਂ ਤਲਾਕ ਲੈ ਲਿਆ
ਸੀ। ਬੱਚੇ ਵੀ ਮਾਂ ਦੀ ਹਮਾਇਤ ਵਿਚ ਹੀ ਖੜ੍ਹੇ ਸਨ, ਕਿਉਂਕਿ ਡੇਵ ਵੈਸੇ ਮਾੜਾ ਪਤੀ,
ਜਾਂ ਬੁਰਾ ਬਾਪ ਨਹੀਂ ਸੀ! ਪਰ ਉਸ ਨੂੰ ਸ਼ਰਾਬ ਅਤੇ ਸ਼ਬਾਬ ਦੀ ਲਲ਼ਕ ਸੀ। ਜਿਸ ਤੋਂ
ਉਹ ਚਾਹੁੰਦਾ ਹੋਇਆ ਵੀ ਖਹਿੜ੍ਹਾ ਨਾ ਛੁਡਾ ਸਕਿਆ ਅਤੇ ਉਸ ਦਾ ਘਰ ਖੱਖੜੀਆਂ ਕਰੇਲੇ
ਹੋ ਗਿਆ ਸੀ। ਬੱਚੇ ਆਪਣੀ ਜਗਾਹ ਅਤੇ ਘਰਵਾਲ਼ੀ ਆਪਣੀ ਜਗਾਹ ਤੁਰ ਗਈ ਸੀ। ਪ੍ਰਾਪਰਟੀ
ਦਾ ਅੱਧਾ ਹਿੱਸਾ ਡੇਵ ਨੇ ਆਪਣੀ ਘਰਵਾਲ਼ੀ ਨੂੰ ਦੇ ਹੀ ਦਿੱਤਾ ਸੀ। ਕਾਨੂੰਨ ਅੱਗੇ ਉਹ
ਕੋਈ ਚਾਰਾਜੋਈ ਨਾ ਕਰ ਸਕਿਆ, ਮਲਕੀਅਤ ਦਾ ਅੱਧਾ ਹਿੱਸਾ ਉਸ ਨੂੰ ਦੇਣਾਂ ਹੀ ਪਿਆ ਸੀ।
ਬੱਚੇ ਬਾਲਗ ਅਤੇ ਚੰਗੀਆਂ ਨੌਕਰੀਆਂ 'ਤੇ ਲੱਗ ਚੁੱਕੇ ਸਨ। ਉਹਨਾਂ ਦਾ ਤਾਂ ਖਰਚਾ ਉਸ
ਨੂੰ ਕੀ ਪੈਣਾਂ ਸੀ..? ਪਰ ਡੇਵ ਦੇ ਘਰਵਾਲ਼ੀ ਤੇਜ ਨੇ ਵੀ ਕੋਈ ਸਿਆਣਪ ਨਹੀਂ ਕੀਤੀ
ਸੀ। ਉਹ ਬੱਚਿਆਂ ਨੂੰ ਡੇਵ ਬਾਰੇ ਕੋਈ ਬਹੁਤੀਆਂ ਚੰਗੀਆਂ ਤਜ਼ਵੀਜ਼ਾਂ ਨਹੀਂ ਦਿੰਦੀ
ਸੀ। ਬੱਚਿਆਂ ਸਾਹਮਣੇ ਡੇਵ ਨੂੰ ਸ਼ਰਾਬੀ ਅਤੇ ਤੀਵੀਂਬਾਜ਼ ਬਣਾ ਕੇ ਪੇਸ਼ ਕੀਤਾ
ਜਾਂਦਾ। ਤੇਜ ਆਪਣੇ ਬੱਚਿਆਂ ਨੂੰ ਆਪਣੇ ਪੇਕੇ ਪ੍ਰੀਵਾਰ ਦੀਆਂ ਸਿਫ਼ਤਾਂ ਦੱਸਦੀ ਅਤੇ
ਸਹੁਰੇ ਪ੍ਰੀਵਾਰ ਦੀ ਬਿਨਾਂ ਗੱਲੋਂ ਅੱਠੋ ਪਹਿਰ ਬਦਖ਼ੋਹੀ ਕਰਦੀ ਰਹਿੰਦੀ..! ਬਗੈਰ
ਕਿਸੇ ਕਾਰਨ ਡੇਵ ਦੀਆਂ ਭੈਣਾਂ ਨੂੰ ਭੰਡਦੀ..! ਬਗੈਰ ਕਿਸੇ ਕਾਰਨ ਤੋਂ ਸੱਸ ਸਹੁਰੇ
ਬਾਰੇ ਬੋਲ ਕਬੋਲ ਕਰਦੀ! ਨਾਲ਼ੇ ਸੱਸ ਸਹੁਰੇ ਜਾਂ ਨਣਾਨਾਂ ਦੇ ਨਾਲ਼ ਉਹ ਇਕ ਦਿਨ ਵੀ
ਨਹੀਂ ਰਹੀ ਸੀ..! ਤੇਜ ਵੱਲੋਂ ਆਪਣੇ ਬੱਚਿਆਂ ਅੱਗੇ ਡੇਵ ਦੇ ਪ੍ਰੀਵਾਰ ਦੀਆਂ, ਇਕ
ਦੀਆਂ ਗਿਆਰਾਂ ਬਣਾਂ ਕੇ ਦੱਸੀਆਂ ਜਾਂਦੀਆਂ। ਹਰ ਗੱਲ ਨਾਲ਼ ਮਿਰਚ ਮਸਾਲਾ ਲਾ ਕੇ ਡੇਵ
ਨੂੰ ਅਤੇ ਉਸ ਦੇ ਪ੍ਰੀਵਾਰ ਨੂੰ ਨੀਚ ਅਤੇ ਕਮੀਨਾਂ ਬਣਾਂ ਕੇ ਪੇਸ਼ ਕੀਤਾ ਜਾਂਦਾ।
ਖੰਭਾਂ ਦੀਆਂ ਡਾਰਾਂ ਬਣਾਂ ਕੇ ਬੱਚਿਆਂ ਨੂੰ ਕੁਰਾਹੇ ਪਾਇਆ ਜਾਂਦਾ! ਨਤੀਜੇ ਵਜੋਂ
ਡੇਵ ਦੇ ਬੱਚੇ, ਆਪਣੇ ਬਾਪ ਅਤੇ ਉਸ ਦੇ ਸਾਰੇ ਪ੍ਰੀਵਾਰ ਨੂੰ ਸ਼ੱਕ ਅਤੇ ਘ੍ਰਿਣਾਂ ਦੀ
ਨਜ਼ਰ ਨਾਲ਼ ਦੇਖਣ ਲੱਗ ਪਏ! ਬੱਚੇ ਕੋਰਾ ਕਾਗਜ਼, ਉਹਨਾਂ ਦਾ ਕੀ ਕਸੂਰ ਸੀ..? ਉਹਨਾਂ
ਨੇ ਤਾਂ ਜੋ ਸੁਣਨਾਂ ਸੀ, ਉਸੇ 'ਤੇ ਹੀ ਅਸਰ ਕਰਨਾਂ ਸੀ..? ਉਹਨਾਂ ਦੀ ਮਾਂ ਨੇ
ਬੱਚਿਆਂ ਦੇ ਕੋਮਲ ਮਨਾਂ ਵਿਚ ਕੁੜੱਤਣ ਹੀ ਇਤਨੀ ਭਰ ਦਿੱਤੀ ਸੀ ਕਿ ਬੱਚਿਆਂ ਦੇ ਮਨ
ਪਿਉ ਅਤੇ ਉਸ ਦੇ ਪ੍ਰੀਵਾਰ ਪ੍ਰਤੀ ਕੌੜੇ ਹੋ ਗਏ ਸਨ!
-"ਕੁਛ ਲੈ ਆਓ...!" ਹਨੀ ਨੇ ਵੀ ਖੁੱਲ੍ਹ-ਦਿਲੀ ਵਿਖਾਈ।
-"ਇਹ ਤਾਂ ਕੋਈ ਗੱਲ ਨਾ-ਨਾ ਹੋਈ..? ਕੋਕ, ਲੈਮਨ, ਬੀਅਰ ਜਾਂ ਵਿਸਕੀ...?"
-"ਚਲੋ ਇਕ ਡਰਿੰਕ ਵਿਸਕੀ ਦੀ ਦੇ ਦਿਓ...!" ਹਨੀ ਨੇ ਸੋਚਿਆ ਕਿ ਜਦੋਂ ਹੁਣ ਨੱਚਣ ਹੀ
ਲੱਗ ਪਈ ਤੇ ਫਿਰ ਘੁੰਡ ਕਾਹਦਾ..? ਵੈਸੇ ਵੀ ਉਹ ਕਦੇ ਕਦੇ ਰਮਣੀਕ ਨਾਲ਼ ਜਾਂ ਕੰਪਨੀ
ਦੇ ਮੈਨੇਜਰ ਨਾਲ ਵਿਸਕੀ ਬੀਅਰ ਪੀ ਚੁੱਕੀ ਸੀ।
-"ਜੋ ਹੁਕਮ...! ਕੋਕ ਜਾਂ ਪਾਣੀਂ..?" ਡੇਵ ਨੇ ਡਰਿੰਕ ਬਣਾਂ ਦਿੱਤੀ।
-"ਕੋਕ...!"
ਡੇਵ ਨੇ ਡਰਿੰਕ ਹਨੀ ਦੇ ਅੱਗੇ ਟੇਬਲ 'ਤੇ ਰੱਖ ਦਿੱਤੀ।
ਵਿਸਕੀ ਪੀਣ ਦੇ ਨਾਲ਼ ਨਾਲ਼ ਉਹਨਾਂ ਨੇ ਗੱਲਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਡੇਵ ਨੇ ਆਪਣੇ ਅਤੇ ਹਨੀ ਨੇ ਆਪਣੇ ਦੁੱਖੜੇ ਫ਼ਰੋਲਣੇ ਸ਼ੁਰੂ ਕਰ ਦਿੱਤੇ। ਦੋਨੋਂ ਹੀ
ਦੁਖੀ..! ਪਰ ਕਸੂਰ ਕਿਸ ਦਾ ਸੀ..? ਹਰ ਇਕ ਆਪਣੇ ਜੀਵਨ ਸਾਥੀ ਜਾਂ ਜੀਵਨ ਸਾਥਣ ਨੂੰ
ਬੁਰਾ ਗਰਦਾਨ ਰਿਹਾ ਸੀ। ਨਾ ਡੇਵ ਅਤੇ ਨਾ ਹੀ ਹਨੀ ਆਪਣੀ ਪੀੜ੍ਹੀ ਹੇਠ ਸੋਟਾ ਫੇਰ
ਰਹੇ ਸਨ। ਕਸੂਰ ਸਿਰਫ਼ ਵਿਰੋਧੀ ਧਿਰਾਂ ਦਾ ਹੀ ਕੱਢਿਆ ਜਾ ਰਿਹਾ ਸੀ। ਡੇਵ ਦੀ
ਘਰਵਾਲ਼ੀ ਦਾ ਅਤੇ ਹਨੀ ਦੇ ਘਰਵਾਲ਼ੇ ਰਮਣੀਕ ਦਾ..! ਉਹ ਆਪ ਤਾਂ ਇਕ ਦੂਜੇ ਦੇ
ਸਾਹਮਣੇ ਬੜੇ ਸੱਚੇ ਸੁੱਚੇ ਬਣ ਕੇ ਪੇਸ਼ ਹੋ ਰਹੇ ਸਨ। ਨਾ ਡੇਵ ਦੀਆਂ ਭਦਰਕਾਰੀਆਂ
ਸਲਾਹੁੰਣਯੋਗ ਸਨ ਅਤੇ ਨਾ ਹੀ ਹਨੀ ਦੀਆਂ..! ਪਰ ਜੰਨ ਕੁਪੱਤੀ, ਸੁਥਰਾ ਭਲਾ ਮਾਣਸ
ਵਾਲ਼ੀ ਗੱਲ..! ਦੋਹਾਂ ਵਿਚ ਚੁੰਝ ਚਰਚਾ ਦਾ ਵਿਸ਼ਾ ਬਣੀ ਰਹੀ ਸੀ।
ਇਹਦੇ ਵਿਚ ਵੀ ਕੋਈ ਸ਼ੱਕ ਨਹੀਂ ਕਿ ਡੇਵ ਦੀ ਘਰਵਾਲ਼ੀ ਨੇ ਉਸ ਨੂੰ ਤੰਗ ਵੀ ਬਹੁਤ
ਕੀਤਾ ਸੀ। ਜੇ ਡੇਵ ਚਾਰੇ ਪਾਸਿਓਂ ਸੱਚਾ ਨਹੀਂ ਸੀ, ਤਾਂ ਉਹਦਾ ਬਹੁਤਾ ਕਸੂਰ ਵੀ
ਨਹੀਂ ਸੀ। ਘਰਵਾਲ਼ੀ ਹੀ ਬਹੁਤੀ ਤਪਦੇ ਪੈਰਾਂ ਵਾਲ਼ੀ ਸੀ। ਡੇਵ ਦੀ ਕੁੱਤੇ ਜਿੰਨੀ ਵੀ
ਕਦਰ ਨਹੀਂ ਕਰਦੀ ਸੀ। ਆਪਣਾ ਪੇਕਾ ਘਰ ਉਸ ਨੇ 'ਹੀਰੋ' ਬਣਾਇਆ ਹੋਇਆ ਸੀ ਅਤੇ ਡੇਵ ਦਾ
ਸਾਰਾ ਪ੍ਰੀਵਾਰ ਉਸ ਨੇ ਬਿਨਾਂ ਗੱਲ ਤੋਂ 'ਥੱਲੇ' ਲਾਇਆ ਸੀ..! ਉਸ ਨੇ ਆਪਣੀ ਗੱਲ ਹੀ
ਮੁੱਖ ਰੱਖੀ ਸੀ। ਡੇਵ ਨੂੰ ਹਮੇਸ਼ਾ ਹੀ 'ਕੁੱਤਾ' ਸਮਝਿਆ ਸੀ। ਚਾਹੇ ਘਰ ਵਿਚ ਸਭ ਕੁਝ
'ਅੱਛਾ' ਨਹੀਂ ਸੀ, ਪਰ ਉਹਨਾਂ ਦੀ ਲੜਾਈ ਮਾੜੀ ਜਿਹੀ ਗੱਲ ਤੋਂ ਸ਼ੁਰੂ ਹੋਈ। ਜਦੋਂ
ਇਕ ਦਿਨ ਡੇਵ ਨੇ ਕਿਹਾ, "ਬੱਚਿਓ...! ਥੋਡੀ ਮਾਂ ਦੇਖਲੋ ਕਿੰਨੀ ਸੁੱਘੜ ਸਿਆਣੀ
ਐਂ..? ਇਹ ਇਕ ਵਾਰੀ ਕੱਪੜੇ ਮਸ਼ੀਨ ਵਿਚ ਧੋਂਦੀ ਐ, ਤੇ ਤਿੰਨ ਵਾਰੀ ਬਾਹਰ ਮੀਂਹ
ਵਿਚ...!" ਡੇਵ ਦੇ ਘਰਵਾਲ਼ੀ ਤੇਜੋ ਬਾਹਰ ਗਾਰਡਨ ਵਿਚ ਕੱਪੜੇ ਸੁੱਕਣੇਂ ਪਾ ਕੇ ਤਿੰਨ
ਤਿੰਨ ਦਿਨ ਲਾਹੁੰਦੀ ਹੀ ਨਹੀਂ ਸੀ। ਮੀਂਹ ਜਾਵੇ ਹਨ੍ਹੇਰੀ ਜਾਵੇ..! ਕੱਪੜੇ ਮੀਂਹ
ਵਿਚ ਹੀ ਭਿੱਜਦੇ ਰਹਿੰਦੇ ਸਨ।
-"ਤੇ ਬਾਹਲ਼ਾ ਦੁੱਖ ਆਉਂਦੈ, ਤਾਂ ਤੂੰ ਆਪ ਲਾਹ ਲਿਆ ਕਰ..! ਘਰੇ ਬਾਣ ਵੱਟਦਾ
ਹੁੰਨੈਂ...?" ਤੇਜ ਬਦਮਗਜ਼ਾਂ ਵਾਂਗ ਡੇਵ ਨੂੰ ਸੰਬੋਧਨ ਹੋਈ ਸੀ।
-"ਮੈਂ ਕੰਪਨੀ ਦਾ ਕੰਮ ਕਰਾਂ ਕਿ ਘਰ ਦਾ...? ਤੈਨੂੰ ਤਾਂ ਹੀ ਨ੍ਹੀ ਕੰਮ 'ਤੇ ਲਾਇਆ,
ਬਈ ਤੂੰ ਜੁਆਕਾਂ ਦਾ ਖਿਆਲ ਰੱਖੇਂ ਤੇ ਘਰ ਦਾ ਕੰਮ ਸੰਭਾਲ਼ੇਂ..!" ਡੇਵ ਨੇ ਸੱਚੀ
ਸਿਧਾਂਤਕ ਗੱਲ ਆਖੀ ਸੀ।
-"ਆਈ ਡੋਂਟ ਕੇਅਰ...!" ਉਸ ਨੇ ਹੱਥ ਚੁੱਕ ਦਿੱਤੇ।
ਡੇਵ ਦਾ ਅੰਦਰ ਮੱਚ ਗਿਆ।
ਤੇਜ ਬੱਚਿਆਂ ਨੂੰ ਸਾਰਾ ਦਿਨ ਡੇਵ ਦੇ ਅਤੇ ਉਸ ਦੇ ਭੈਣਾਂ ਭਰਾਵਾਂ ਦੇ ਖਿ਼ਲਾਫ਼
ਰੇਤਦੀ ਰਹਿੰਦੀ। ਬੱਚੇ ਮਾਂ ਦੇ ਜਿ਼ਆਦਾ ਕੋਲ਼ ਰਹਿੰਦੇ ਸਨ, ਇਸ ਲਈ ਉਹਨਾਂ ਦਾ ਮਾਂ
ਪੱਖੀ ਉਲਾਰ ਹੋਣਾਂ ਇਕ ਕੁਦਰਤੀ ਗੱਲ ਸੀ। ਡੇਵ ਤਾਂ ਸ਼ੁਕਰਵਾਰ ਤੱਕ ਕੰਮ ਕਰਦਾ ਅਤੇ
ਸ਼ਨਿੱਚਰ ਅਤੇ ਐਤਵਾਰ ਉਹ ਕਿਸੇ ਮੀਟਿੰਗ ਜਾਂ ਹੋਰ ਅਪੌਇੰਟਮੈਂਟ ਕਾਰਨ ਮਸ਼ਰੂਫ਼
ਹੁੰਦਾ। ਜਦੋਂ ਉਹ ਘਰ ਆਉਂਦਾ, ਤਾਂ ਬੱਚੇ ਖਾ ਪੀ ਕੇ ਸੌਂ ਚੁੱਕੇ ਹੁੰਦੇ। ਸਵੇਰੇ
ਸਾਝਰੇ ਬੱਚੇ ਸਕੂਲ ਚਲੇ ਜਾਂਦੇ ਅਤੇ ਡੇਵ ਉਹਨਾਂ ਦੇ ਜਾਣ ਤੋਂ ਬਾਅਦ ਉਠਦਾ। ਤੇਜ
ਨੂੰ ਡੇਵ ਦੇ ਖਿ਼ਲਾਫ਼ ਭੜ੍ਹਕਾਉਣ ਦਾ ਮੌਕਾ ਮਿਲ਼ ਜਾਂਦਾ ਅਤੇ ਉਹ ਬੱਚਿਆਂ ਨੂੰ ਵਾਹ
ਲੱਗਦੀ ਰਗੜ ਕੇ ਸਾਣ 'ਤੇ ਲਾ ਦਿੰਦੀ। ਇਹ ਬਿਗਾਨੀਆਂ ਔਰਤਾਂ ਦਾ ਠਰਕੀ ਐ...! ਇਹ
ਦਾਰੂ ਪੀ ਕੇ ਆਉਂਦੈ...! ਇਹ ਥੋਡੇ ਵੱਲ ਧਿਆਨ ਨਹੀਂ ਦਿੰਦਾ...! ਬੱਚੇ ਵੀ ਡੇਵ ਤੋਂ
ਖਿਝਣ ਲੱਗ ਪਏ ਸਨ ਕਿ ਸਾਡਾ ਬਾਪ ਸਾਡੇ ਵੱਲੋਂ ਬੇਪ੍ਰਵਾਹ ਅਤੇ ਆਵੇਸਲ਼ਾ ਸੀ। ਹੁਣ
ਜੇ ਉਹ ਕਦੇ ਸ਼ਾਮ ਹੋਣ ਤੋਂ ਪਹਿਲਾਂ ਆ ਕੇ ਬੱਚਿਆਂ ਨਾਲ਼ ਲਾਡ ਪਿਆਰ ਕਰਨਾਂ
ਚਾਹੁੰਦਾ ਤਾਂ ਬੱਚੇ ਉਸ ਨਾਲ਼ ਸਿੱਧੇ ਮੂੰਹ ਗੱਲ ਨਾ ਕਰਦੇ! ਗੱਲ ਡੇਵ ਨੇ ਵੀ ਸਮਝ
ਲਈ ਸੀ ਕਿ ਤੇਜ ਵੱਲੋਂ ਮੇਰੇ ਖਿ਼ਲਾਫ਼ ਬੱਚਿਆਂ ਕੋਲ਼ ਕੋਈ ਨਾ ਕੋਈ ਗ਼ਲਤ ਪ੍ਰਚਾਰ
ਕੀਤਾ ਜਾ ਰਿਹਾ ਹੈ। ਉਸ ਨੇ ਤੇਜ ਨੂੰ ਸਮਝਾਇਆ।
-"ਦੇਖ ਤੇਜੋ...! ਮਾਂ ਬਾਪ ਦੇ ਵਿਚਕਾਰ ਬੱਚੇ ਇਕ ਗੰਢ ਦੀ ਤਰ੍ਹਾਂ ਹੁੰਦੇ
ਨੇ..! ਜਿੰਨ੍ਹਾਂ ਨਾਲ਼ ਮੀਆਂ ਬੀਵੀ ਦਾ ਜੋੜ ਬਣਿਆਂ ਰਹਿੰਦੈ...! ਜੇ ਬੱਚੇ ਹੀ,
ਮਾਂ ਜਾਂ ਬਾਪ ਨੂੰ ਅੱਖੋਂ ਪਰੋਖੇ ਕਰਕੇ ਬਿਗਾਨਾ ਜਿਹਾ ਸਮਝਣ ਲੱਗ ਪੈਣ, ਤਾਂ
ਗ੍ਰਹਿਸਥ ਦੀ ਇਹ ਪੀਡੀ ਗੰਢ ਇਕ ਤਰ੍ਹਾਂ ਨਾਲ਼ ਰਿਸਕਣੀਂ ਸ਼ੁਰੂ ਹੋ ਜਾਂਦੀ ਐ...!
ਬੱਚੇ ਹੁਣ ਜੁਆਨ ਐਂ, ਆਬਦੇ ਆਬਦੇ ਕਿੱਤਿਆਂ 'ਤੇ ਲੱਗੇ ਵੇ ਐ, ਇਹ ਸਾਲ ਦੋ ਸਾਲਾਂ
ਨੂੰ ਵਿਆਹ ਕਰਵਾ ਕੇ ਆਬਦੇ ਆਬਦੇ ਘਰ ਲੈ ਲੈਣਗੇ..! 'ਕੱਠਿਆਂ ਨੇ ਅਕਸਰ ਤਾਂ ਆਪਾਂ ਈ
ਰਹਿਣੈਂ...! ਇਹਨਾਂ ਤੋਂ ਖ਼ੁਸ਼ੀ ਝਾਕ ਕਰੀਂ ਪਰਾਉਂਠਿਆਂ ਦੀ...! ਕੁਛ ਸੋਚ
ਕਰ...!"
ਪਰ ਤੇਜ ਕਿੱਥੇ ਮੰਨਣ ਵਾਲ਼ੀ ਸੀ...? ਉਸ ਦੀ ਜਾਣਦੀ ਸੀ ਜੁੱਤੀ...! ਖ਼ੈਰ,
ਦੁੱਧ ਧੋਤਾ ਡੇਵ ਵੀ ਨਹੀਂ ਸੀ। ਜਦੋਂ ਦਾ ਤੇਜ ਨੇ ਉਸ ਨਾਲ਼ ਵਿਤਕਰਾ ਜਿਹਾ ਸ਼ੁਰੂ
ਕੀਤਾ ਸੀ। ਉਸ ਨੇ ਵੀ ਬਿਗਾਨੀ ਖ਼ੁਰਲੀ ਵਿਚ ਮੂੰਹ ਮਾਰਨ ਦੀ ਕੋਈ ਕਸਰ ਬਾਕੀ ਨਹੀਂ
ਛੱਡੀ ਸੀ। ਉਸ ਕੋਲ਼ ਚੰਗੀ ਜੌਬ ਸੀ...। ਮੌਰਗੇਜ਼ ਪੱਖੋਂ ਦੋ ਫ਼ਰੀ ਮਕਾਨ ਸਨ...।
ਚੰਗੀ ਆਮਦਨ ਸੀ...। ਬੱਚੇ ਆਪਦੀਆਂ ਚੰਗੀਆਂ ਜੌਬਾਂ ਕਰਦੇ ਸਨ...। ਹੁਣ ਉਸ ਨੂੰ
ਕਿਸੇ ਪਾਸੇ ਤੋਂ ਚਿੰਤਾ ਨਹੀਂ ਸੀ। ਚੰਗਾ ਖਾਂਦਾ ਸੀ, ਚੰਗਾ ਪਹਿਨਦਾ ਸੀ। ਪਰ ਦੁਖੀ
ਉਹ ਸਿਰਫ਼ ਤੇਜ ਵੱਲੋਂ ਸੀ, ਜਿਹੜੀ ਉਸ ਨੂੰ ਮੂੰਹ ਨਹੀਂ ਬੋਲਦੀ ਸੀ। ਰਾਤ ਨੂੰ ਹੱਥ
ਲਾਉਣ 'ਤੇ 'ਵੱਢੂੰ-ਖਾਊਂ' ਕਰਨ ਲੱਗ ਜਾਂਦੀ ਸੀ। ਇਸ ਗੱਲ ਤੋਂ ਅੱਕ ਕੇ ਡੇਵ ਨੇ
'ਬਾਹਰਲੀ' ਦੁਨੀਆਂ ਵੱਲ ਝਾਕਣਾਂ ਸ਼ੁਰੂ ਕੀਤਾ। ਤੇਜ ਹੋਰ ਚਿੜ ਗਈ। ਉਸ ਨੇ ਜੁਆਕਾਂ
ਦੇ ਸੁਭਾਅ ਦੀ ਧਾਰ ਹੋਰ ਤਿੱਖੀ ਕਰ ਦਿੱਤੀ। ਜੁਆਕ ਵੀ ਡੇਵ ਨੂੰ ਕੌੜਨ ਲੱਗ ਪਏ। ਡੇਵ
ਵੀ ਆਖਰ ਸੋਚਣ ਲੱਗ ਪਿਆ ਕਿ ਮੈਂ ਐਹਨਾਂ ਦੀ ਖਾਤਰ ਕੰਮ ਕਰਦਾ ਹਾਂ, ਜਿਹੜੇ ਮੈਨੂੰ
ਮੂੰਹ ਨਹੀਂ ਬੋਲਦੇ...? ਪਰ ਫਿਰ ਵੀ ਸਿਆਣਪ ਵਰਤ ਕੇ ਉਹ ਚੁੱਪ ਹੀ ਰਿਹਾ। ਫਿਰ ਵੀ
ਮੇਰੇ ਆਪਣੇ ਬੱਚੇ ਨੇ...! ਕਿਹੜਾ ਕੋਈ ਬਿਗਾਨੇ ਐਂ...? ਖ਼ੂਨ ਤਾਂ ਮੇਰਾ ਈ ਐ...!
ਤੇਜ ਕਰ ਲਵੇ ਜੁਆਕਾਂ ਨੂੰ ਜਿਹੜਾ ਮੇਰੇ ਖਿ਼ਲਾਫ਼ ਕਰਨੈਂ...! ਧੀ-ਪੁੱਤ ਤਾਂ ਉਹਨਾਂ
ਨੇ ਮੇਰੇ ਹੀ ਵੱਜਣਾਂ ਹੈ...! ਖਲਣਾਂ ਕਿਤੇ ਤਜਿਆ ਜਾਂਦੈ..? ਸਿਆਣੇ ਆਖਦੇ ਐ; ਖਾਵੇ
ਪੀਵੇ ਹੋਵੇ ਮੋਟਾ, ਆਖਰ ਵੱਜੇ ਦਾਦੇ ਦਾ ਪੋਤਾ...! ਖ਼ੂਨ ਤਾਂ ਇਹਨਾਂ ਨੇ ਮੇਰਾ ਹੀ
ਰਹਿਣੈਂ...! ਉਸ ਦੇ ਮਨ ਵਿਚ ਭਾਂਤ ਭਾਂਤ ਦੇ ਵਿਚਾਰ ਆਉਂਦੇ ਰਹਿੰਦੇ...!
ਪਰ ਡੇਵ ਦੇ ਸਿਰ ਤੋਂ ਪਾਣੀਂ ਤਾਂ ਉਦੋਂ ਲੰਘਿਆ, ਜਦੋਂ ਤੇਜ ਨੇ ਆਪਣੇ ਇੰਡੀਆ
ਰਹਿੰਦੇ ਬਾਪ ਨੂੰ ਜੁਆਕਾਂ ਦੀ ਸਪੌਂਸਰਸਿ਼ੱਪ ਭੇਜ ਕੇ ਮੰਗਵਾ ਲਿਆ। ਬਾਪ ਦੇ ਆਉਣ
ਵਾਲ਼ੇ ਦਿਨ ਤੱਕ ਤੇਜ ਨੇ ਬਾਪੂ ਦੇ ਆਉਣ ਬਾਰੇ ਡੇਵ ਕੋਲ਼ ਬਾਤ ਤੱਕ ਨਾ ਪਾਈ। ਪਰ
ਜਿਸ ਦਿਨ ਤੇਜ ਦੇ ਬਾਪੂ ਨੇ ਹੀਥਰੋ ਏਅਰਪੋਰਟ ਉੱਤਰਨਾ ਸੀ, ਉਸ ਦਿਨ ਤੋਂ ਇਕ ਦਿਨ
ਪਹਿਲਾਂ ਤੇਜ ਡੇਵ ਦੇ ਨੇੜੇ ਢੁਕ-ਢੁਕ ਬੈਠਣ ਲੱਗ ਪਈ ਸੀ। ਡੇਵ ਨੂੰ ਕੋਈ ਸਮਝ ਨਾ
ਆਈ। ਬੱਚੇ ਵੀ ਉਸ ਨੂੰ ਤੇਜ ਦੇ ਆਖੇ "ਡੈਡ-ਡੈਡ" ਪੁਕਾਰਨ ਲੱਗ ਪਏ ਸਨ। ਡੇਵ ਵੀ
ਹੰਢਿਆ ਵਰਤਿਆ ਬੰਦਾ ਸੀ। ਉਹ ਉਹਨਾਂ ਦੇ ਮਿੱਠਪੁਣੇਂ ਤੋਂ ਅਤੀਅੰਤ ਸੁਚੇਤ ਜਿਹਾ ਹੋ
ਕੇ ਬੈਠ ਗਿਆ। ਉਸ ਨੂੰ ਆਪਣੇ ਪ੍ਰੋਫ਼ੈਸਰ ਦੀ ਗੱਲ ਯਾਦ ਆਈ, "ਕੌੜੇ ਤੇ ਮੂੰਹ ਫ਼ੱਟ
ਬੰਦੇ ਤੋਂ ਕਦੇ ਨਾ ਡਰੋ...! ਉਹ ਤਾਂ ਜਦੋਂ ਕੋਈ ਗੱਲ ਦਿਲ 'ਚ ਹੋਊ, ਫ਼ੜੱਕ ਦੇਣੇਂ
ਕੱਢ ਕੇ ਬਾਹਰ ਮਾਰੂ...! ਡਰੋ ਹਮੇਸ਼ਾ ਮਿੱਠੇ ਅਤੇ ਚੁੱਪ ਬੰਦੇ ਤੋਂ...! ਮਿੱਠੇ
ਅਤੇ ਚੁੱਪ ਬੰਦੇ ਮੂੰਹ ਦੇ ਮਿੱਠੇ, ਪਰ ਅੰਦਰੋਂ ਨਿਰੇ ਛੁਰੀ ਹੁੰਦੇ ਐ...!" ਪਰ ਡੇਵ
ਨੂੰ ਗੱਲ ਦਾ ਕੋਈ ਸਿਰਾ ਨਹੀਂ ਲੱਭ ਰਿਹਾ ਸੀ ਕਿ ਅਕਸਰ ਘਰ ਵਿਚ ਐਸੀ ਕਿਹੜੀ ਖ਼ੁਸ਼ੀ
ਆ ਗਈ ਸੀ, ਜਿਸ ਕਾਰਨ ਇਹ ਸਾਰੇ ਹੀ 'ਭਗਤ' ਬਣ ਗਏ ਸਨ..? ਐਡੀ ਵੱਡੀ ਤਬਦੀਲੀ ਦਾ
ਕਾਰਨ ਕੀ ਹੋ ਸਕਦੈ...? ਉਸ ਨੇ ਹਨ੍ਹੇਰੇ ਵਿਚ ਦਿਮਾਗ ਦੌੜਾਇਆ। ਪਰ ਔਟਲਿ਼ਆ ਦਿਮਾਗ
ਕਰੋਲ਼ੇ ਜਿਹੇ ਦੇ ਕੇ ਵਾਪਿਸ ਆ ਗਿਆ।
-"ਕੀ ਗੱਲ ਐ ਬਈ...? ਕਦੇ ਮੈਨੂੰ ਕਿਸੇ ਨੇ ਸਿੱਧੇ ਮੂੰਹ ਨਾਲ਼ ਨ੍ਹੀ ਬੁਲਾਇਆ
ਸੀ...? ਅੱਜ ਬੜੀ ਆਓ ਭਗਤ ਤੇ ਡੈਡ-ਡੈਡ ਹੋ ਰਹੀ ਐ...?" ਲੰਡਾ ਪੈੱਗ ਅੰਦਰ ਸੁੱਟ
ਕੇ ਡੇਵ ਨੇ ਆਪਣੀ ੳੁੱਤਸੁਕਤਾ ਜ਼ਾਹਿਰ ਕਰ ਹੀ ਦਿੱਤੀ। ਆਖਰ ਦਿਲ ਵਿਚ ਰਿੱਝਦਾ ਸੁਆਲ
ਦਾਗ਼ ਹੀ ਦਿੱਤਾ। ਵੈਸੇ ਉਹ ਅੰਦਰੋਂ ਬੜਾ ਖ਼ੁਸ਼ ਸੀ ਕਿ ਚਲੋ ਸ਼ੁਕਰ ਐ, ਬੱਚਿਆਂ
ਨਾਲ਼ ਕਦੇ ਹੱਸ ਕੇ ਜ਼ੁਬਾਨ ਸਾਂਝੀ ਤਾਂ ਹੋਈ...? ਨਹੀਂ ਤਾਂ ਸਾਲ਼ੇ ਕੱਛੂਕੁੰਮੇ
ਮਾਂਗੂੰ ਦੇਖ ਕੇ ਹੀ ਸਿਰੀ ਲਕੋ ਲੈਂਦੇ ਸੀ..!
-"ਡੈਡ, ਤੁਹਾਨੂੰ ਅਸੀਂ ਅੱਜ ਇਕ 'ਸਰਪ੍ਰਾਈਜ਼' ਦੇਣੈਂ...!" ਜੁਆਕ ਡੇਵ ਨਾਲੋਂ
ਕਿਤੇ ਵੱਧ ਚਤਰ ਸਨ। ਉਹਨਾਂ ਨੇ ਚੋਰੀ ਨੂੰ ਛੁਪਾਉਣ ਲਈ 'ਸਰਪ੍ਰਾਈਜ਼' ਦਾ ਨਾਂ
ਸੰਨ੍ਹ ਵਿਚ ਲੈ ਲਿਆ। ਅਸਲ ਵਿਚ ਇਹ ਬੱਚਿਆਂ ਦੀ ਨਹੀਂ, ਡੇਵ ਦੇ ਘਰਵਾਲ਼ੀ ਦੇ ਦਿਮਾਗ
ਦੀ 'ਕਾਢ' ਸੀ!
-"ਉਏ ਐਹੋ ਜਿਆ ਕਿਹੜਾ ਸਰਪ੍ਰਾਈਜ਼ ਐ ਬਈ...? ਦੱਸੋ ਤਾਂ ਸਹੀ...?" ਡੇਵ ਹੋਰ
ਹੈਰਾਨ ਹੋ ਗਿਆ।
-"ਮੰਮ ਦੱਸਣਗੇ...!"
-"ਘੱਟੋ ਘੱਟ ਤੇਰੀ ਮੰਮ ਮੈਨੂੰ ਸਰਪ੍ਰਾਈਜ਼ ਨਹੀਂ ਦੇ ਸਕਦੀ, ਇਹ ਤਾਂ ਸਿਰਫ਼ ਮੇਰੇ
ਘਰੂਟ ਮਾਰਨ ਜੋਕਰੀ ਈ ਐ...!" ਉਸ ਨੇ ਗੱਲ ਮਜ਼ਾਕ ਵਿਚ ਪਾ ਲਈ।
-"ਨਹੀਂ ਡੈਡ...! ਸਰਪ੍ਰਾਈਜ਼ ਮੰਮ ਹੀ ਦੇਣਗੇ...! ਸ਼ੀ ਇਜ਼ ਯੂਅਰ ਵਾਈਫ਼...!"
ਕੁੜੀ ਨੇ ਅੱਗਾ ਵਲਿ਼ਆ।
-"ਤੇ ਤੁਸੀਂ ਕੁੱਤਿਓ ਮੇਰੇ ਕੁਛ ਲੱਗਦੇ ਨਹੀਂ ਉਏ...?"
-"ਡੈਡ, ਅਸੀਂ ਤੁਹਾਡੇ ਬੱਚੇ ਹਾਂ, ਪਰ ਮੰਮ ਦੀ ਜਗਾਹ ਸਾਡੇ ਨਾਲੋ਼ ਪਹਿਲਾਂ...!"
ਮੁੰਡੇ ਨੇ ਡੇਵ ਨੂੰ ਜੱਫ਼ੀ ਵਿਚ ਜਕੜ ਲਿਆ। ਡੇਵ ਦੀ ਹਿੱਕ ਠਰ ਗਈ। ਉਸ ਨੂੰ ਮਹਿਸੂਸ
ਹੋਇਆ ਕਿ ਜਿਵੇਂ ਪੁੱਤ ਨੇ ਉਸ ਨੂੰ ਜੁੱਗੜਿਆਂ ਬਾਅਦ ਛੂਹਿਆ ਸੀ। ਉਸ ਦੀ ਤਪਦੀ
ਆਤਮਾਂ ਸੀਤ ਹੀ ਤਾਂ ਹੋ ਗਈ ਸੀ।
-"ਮੰਮ...! ਮੰਮ ਕਮ ਔਨ..!! ਡੈਡ ਨੂੰ ਸਰਪ੍ਰਾਈਜ਼ ਦਿਓ...!!!" ਮੁੰਡੇ ਅਤੇ ਕੁੜੀ
ਨੇ ਉਪਰ ਚੜ੍ਹੀ ਤੇਜ ਨੂੰ ਸਾਂਝੀਆਂ ਹਾਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਜਿਵੇਂ ਸਾਰਿਆਂ ਨੇ ਇਕੋ ਗੱਲ ਹੀ ਮਿਥੀ ਹੋਈ ਸੀ।
ਤੇਜ ਬਿਨਾਂ ਦੇਰ ਕੀਤਿਆਂ 'ਦੰਮ-ਦੰਮ' ਕਰਦੀ ਥੱਲੇ ਉੱਤਰ ਆਈ।
-"ਹਾਂ ਬਈ ਤੇਜੋ...! ਜੇ ਤੂੰ ਮੱਠੋ ਹੁੰਦੀ, ਤੈਨੂੰ ਹੱਕ ਕੇ, ਆਰ ਲਾ ਕੇ ਵੀ
ਤੋਰ ਲੈਂਦਾ...! ਪਰ ਜਦੋਂ ਤੂੰ ਹੈ ਈ ਤੇਜੋ, ਫੇਰ ਤੈਨੂੰ ਕਿਹੜਾ ਹੱਕਣ ਦੀ ਲੋੜ
ਐ...?" ਡੇਵ ਹੱਸੀ ਜਾ ਰਿਹਾ ਸੀ।
-"ਲੈ ਹੈ..? ਦੇਖਲੋ ਜੁਆਕੋ ਆਬਦੇ ਪਿਉ ਦੀ ਬੋਲੀ...! ਮੈਂ ਇਹਦੇ ਸਾਹਮਣੇ ਚਾਹੇ
ਸੋਨੇ ਦੀ ਬਣ ਕੇ ਖੜ੍ਹਜਾਂ..? ਪਰ ਇਹਨੇ ਪਿਉ ਦੇ ਪੁੱਤ ਨੇ ਮੈਨੂੰ ਕਦੇ ਚੰਗੀ ਨਾ
ਸਮਝਿਆ..!" ਤੇਜੋ ਨੇ ਉਲਟਾ ਠੁਣਾਂ ਡੇਵ ਸਿਰ ਹੀ ਭੰਨਿਆਂ। ਇਕ ਤਰ੍ਹਾਂ ਨਾਲ਼
ਨਿਹੋਰ੍ਹਾ ਦਿੱਤਾ।
-"ਡੈਡ...!" ਕੁੜੀ ਅਤੇ ਮੁੰਡਾ ਡੇਵ ਦੇ ਸੱਜੇ ਖੱਬੇ ਬੈਠ ਗਏ।
ਤੇਜ ਸਾਹਮਣੇ ਬੈਠ ਗਈ। ਪਰ ਉਸ ਤੋਂ ਡੇਵ ਦੀਆਂ ਅੱਖਾਂ ਵਿਚ ਸਿੱਧਾ ਨਹੀਂ ਝਾਕਿਆ
ਜਾਂਦਾ ਸੀ। ਸਮਝ ਕੋਈ ਡੇਵ ਨੂੰ ਵੀ ਨਹੀਂ ਆ ਰਹੀ ਸੀ ਕਿ ਇਹ ਕਿਹੜਾ ਗਣਿਤ ਸੁਣਾਂ ਕੇ
ਮੈਨੂੰ ਸਰਪ੍ਰਾਈਜ਼ ਦੇਣਾਂ ਚਾਹੁੰਦੇ ਨੇ...? ਉਹ ਵੀ ਸੋਚਾਂ ਦੇ ਵਾਹਣਾਂ ਵਿਚ
ਅੱਕਲ਼ਕਾਨ ਹੋਇਆ ਪਿਆ ਸੀ।
-"ਕਮ ਔਨ ਮੰਮ..!" ਮੁੰਡੇ ਨਾ ਕਿਹਾ।
-"ਗੱਲ ਇਹ ਐ, ਬਈ ਮੈਂ ਤਾਂ ਤੁਹਾਨੂੰ ਦੱਸਣਾਂ ਚਾਹੁੰਦੀ ਸੀ..! ਪਰ ਜੁਆਕਾਂ ਨੇ
ਕਿਹਾ ਕਿ ਡੈਡ ਨੂੰ ਸਰਪ੍ਰਾਈਜ਼ ਦੇਵਾਂਗੇ...! ਕੱਲ੍ਹ ਨੂੰ ਬਾਪੂ ਜੀ ਹੀਥਰੋ
ਏਅਰਪੋਰਟ 'ਤੇ ਉੱਤਰ ਰਹੇ ਨੇ, ਸ਼ਾਮ ਦੇ ਪੰਜ ਵਜੇ...! ਉਹਨਾਂ ਦਾ ਇੰਗਲੈਂਡ ਦਾ
ਵੀਜ਼ਾ ਲੱਗ ਗਿਆ ਹੈ, ਤੇ ਟਿਕਟ ਬ੍ਰਿਟਿਸ਼ ਏਅਰਵੇਜ਼ ਦੀ ਲੈ ਲਈ ਐ...!"
ਡੇਵ ਹੱਦੋਂ ਵੱਧ ਹੈਰਾਨ ਹੋ ਗਿਆ।
-"ਕਮਾਲ ਦੀ ਗੱਲ ਐ ਬਈ...! ਕਿਸੇ ਬੰਦੇ ਨੇ ਮੇਰੇ ਘਰੇ ਆਉਣਾਂ ਹੋਵੇ...? ਤੇ
ਉਹਦੇ ਬਾਰੇ ਮੈਨੂੰ ਦੱਸਿਆ ਨਾ ਜਾਵੇ, ਇਹ ਸਰਾਸਰ ਧੋਖਾ ਨਹੀਂ, ਧੱਕਾ ਵੀ ਐ...!" ਉਸ
ਨੇ ਸੱਚੀ ਗੱਲ ਆਖ ਦਿੱਤੀ। ਪਰ ਗੁੱਸਾ ਉਹ ਦੱਬ ਗਿਆ ਕਿ 'ਚੋਰੀ' ਨੂੰ 'ਸਰਪ੍ਰਾਈਜ਼'
ਦੇ ਨਾਂ ਦੀ 'ਪੁੱਠ' ਚਾੜ੍ਹ ਕੇ ਮੈਨੂੰ 'ਮੂਰਖ਼' ਬਣਾਇਆ ਜਾ ਰਿਹਾ ਹੈ...! ਇਹ ਚੋਰੀ
ਦੇ ਨਾਲ਼-ਨਾਲ਼ 'ਸੀਨਾਂ ਜੋਰੀ' ਵੀ ਹੈ..! ਪਰ ਉਹ ਜੁਆਕਾਂ ਦੀ ਖ਼ੁਸ਼ੀ ਸਮਝ ਕੇ
ਚੁੱਪ ਕਰ ਗਿਆ ਕਿ ਚਲੋ ਇਸ ਬਹਾਨੇ ਆਪਦੇ ਜੁਆਕ ਤਾਂ ਮੇਰੇ ਨਾਲ਼ ਹੱਸਣ ਖੇਡਣ
ਲੱਗੇ..? ਪਰ ਫਿਰ ਉਸ ਨੂੰ ਤੇਜ ਦੇ ਸਿਆਣੇ-ਬਿਆਣੇ ਪਿਉ 'ਤੇ ਗੁੱਸਾ ਆਇਆ, ਬਈ
ਸਾਲਿ਼ਆ ਇਹ ਤਾਂ ਜਿਹੋ ਜਿਹੇ ਸੀਗੇ, ਸੀਗੇ ਈ..? ਤੂੰ ਤਾਂ ਬੁੱਢ-ਬਲ੍ਹੇਟ ਐਂ, ਤੂੰ
ਤਾਂ ਕੁਛ ਅਕਲ ਕਰਦਾ...? ਤੂੰ ਈ ਇਕ ਵਾਰ ਫ਼ੋਨ ਕਰ ਕੇ ਆਖ ਛੱਡਦਾ ਕਿ ਪੁੱਤਰਾ...!
ਤੇਰੇ ਜੁਆਕ ਤੈਨੂੰ ਸਰਪ੍ਰਾਈਜ਼ ਦੇਣਾਂ ਚਾਹੁੰਦੇ ਨੇ, ਤੂੰ ਵੀ ਉਹਨਾਂ ਨੂੰ ਨਾ
ਦੱਸੀਂ, ਬਈ ਨਾਨੇ ਨੇ ਫ਼ੋਨ ਕੀਤੈ, ਪਰ ਮੈਂ ਆ ਰਿਹੈਂ ਮਹੀਨੇ, ਦੋ ਮਹੀਨਿਆਂ ਲਈ...!
ਪਰ ਡੇਵ ਸਿਆਂ..! ਸਿਆਣੇ ਆਖਦੇ ਐ, ਜੱਟ ਜੱਟਾਂ ਦੇ ਤੇ ਭੋਲੂ ਨਰਾਇਣ ਦਾ...! ਹੁਣ
ਬੁੜ੍ਹੇ ਨੇ ਤਾਂ ਖੋਟੇ ਪੈਸੇ ਮਾਂਗੂੰ ਆ ਵੱਜਣੈਂ...! ਪਰ ਹੁਣ ਤੂੰ ਜੁਆਕਾਂ ਵੱਲੋਂ
ਫਿ਼ੱਕਾ ਨਾ ਪੈ...! ਤੇਜੋ ਤਾਂ ਅੱਗੇ ਈ ਨ੍ਹੀ ਮਾਨ...? ਉਸ ਨੇ ਤਾਂ ਜੁਆਕਾਂ ਨੂੰ
ਹੋਰ ਤੁੱਖਣਾਂ ਦੇਣੀਂ ਐਂ, ਬਈ ਦੇਖਲੋ ਬੱਚਿਓ...! ਥੋਡਾ ਪਿਉ ਆਪਣੀ ਕੋਈ ਖ਼ੁਸ਼ੀ
ਨਹੀਂ ਜਰਦਾ...! ਜੁਆਕਾਂ ਦਾ ਮਨ ਓਦੂੰ ਖੱਟਾ ਹੋ ਜਾਣਾਂ ਸੀ..। ਇਹ ਤਾਂ ਅੱਗੇ ਈ
ਬਥੇਰ੍ਹੇ ਬਿੱਟਰੇ ਹੋਏ ਸੀ...? ਹੁਣ ਤੂੰ ਵੇਲ਼ਾ ਸਾਂਭ...! ਸਿਆਣਾਂ ਬੰਦਾ ਉਹੀ
ਹੁੰਦੈ, ਜਿਹੜਾ ਆਪਣਾਂ ਵੇਲ਼ਾ ਸਾਂਭ ਲਵੇ...! ਹੁਣ ਤੂੰ ਇਹਨਾਂ ਦੀ ਖ਼ੁਸ਼ੀ 'ਚ
ਖ਼ੁਸ਼ੀ ਕਰ...! ਬੁੜ੍ਹੇ ਦੇ ਜਾਣ ਤੋਂ ਬਾਅਦ ਹਾਲਾਤਾਂ ਨਾਲ਼ ਫਿਰ ਨਜਿੱਠਾਂਗੇ...!
-"ਬਈ ਬਾਹਲ਼ੇ ਕੁੱਤੇ ਐ ਸਾਲ਼ੇ...! ਦੇਖ ਲੈ ਤੇਜੋ...! ਬੰਦੇ ਤੀਮੀਆਂ ਤੋਂ, ਤੇ
ਤੀਮੀਆਂ ਬੰਦਿਆਂ ਤੋਂ ਤਾਂ ਓਹਲਾ ਰੱਖਦੀਆਂ ਆਈਆਂ ਸੀ, ਤੇ ਹੁਣ ਸਾਲ਼ੇ ਜੁਆਕ
ਸਰਪ੍ਰਾਈਜ਼ ਦੇਣ ਲੱਗ ਪਏ..! ਲਿਆ ਤੇਜੋ ਇਕ ਪੈੱਗ ਪਾ ਕੇ ਐਸ ਖ਼ੁਸ਼ੀ 'ਚ...!
ਕੱਲ੍ਹ ਨੂੰ ਲੈ ਕੇ ਆਵਾਂਗੇ ਬੁੜ੍ਹੇ ਨੂੰ...!"
-"ਡੈਡ, ਤੁਸੀਂ ਨਾਨਾ ਜੀ ਨੂੰ ਬੁੱਢਾ ਕਾਹਤੋਂ ਆਖਦੇ ਐਂ...?" ਕੁੜੀ ਨੇ ਗੁੱਗਲ਼
ਵਰਗਾ ਮੂੰਹ ਬਣਾਂ ਕੇ ਕਿਹਾ।
-"ਚੱਲ ਫਿਰ, ਮੈਂ ਬੁੜ੍ਹਾ ਨਹੀਂ ਆਖਦਾ..! ਉਏ ਤੇਜੋ...! ਆਪਣੇ ਮਿੰਟੂ ਨੇ ਕਦੋਂ
ਉਤਰਨੈਂ...?" ਬੁੱਢੇ ਨਾਨੇਂ ਨੂੰ ਡੇਵ ਦੇ ਮਿੰਟੂ ਆਖਣ 'ਤੇ ਜੁਆਕ ਹੱਸ ਪਏ।
-"ਵੇ ਕੁੱਤਿਓ ਜੁਆਕੋ...! ਕਾਹਨੂੰ ਉਹਦਾ ਬੁੱਢੇ ਠੇਰੇ ਦਾ ਜਲੂਸ ਕਢਵਾਉਣ ਲੱਗੇ ਓਂ,
ਆਬਦੇ ਪਿਉ ਤੋਂ...? ਇਹਨੂੰ ਬੁੜ੍ਹਾ ਆਖ ਕੇ ਈ ਚਾਅ ਲਾਹ ਲੈਣ ਦਿਓ...!"
-"ਨਹੀਂ, ਆਖੋਂ ਤਾਂ ਪੱਪੂ ਆਖ ਦਿੰਨੈਂ...?" ਡੇਵ ਹੋਰ ਚਾਂਭਲ਼ ਗਿਆ।
-"ਨਹੀਂ, ਤੁਸੀਂ ਬੁੜ੍ਹੇ 'ਤੇ ਈ ਰਹੋ...! ਹੋਰ ਕੁਛ ਨਾ ਆਖੋ...!" ਤੇਜ ਸੰਤੁਸ਼ਟ
ਸੀ। ਉਸ ਨੂੰ ਕਦਾਚਿੱਤ ਉਮੀਦ ਨਹੀਂ ਸੀ ਕਿ ਇਹ ਕੰਮ ਹਾਸੇ ਮਜ਼ਾਕ ਵਿਚ ਹੀ ਰਾਸ ਆ
ਜਾਵੇਗਾ? ਉਸ ਨੂੰ ਤਾਂ ਇਹ ਸੀ ਕਿ ਡੇਵ ਉਸ ਦੇ ਪਿਉ ਦੇ ਆਉਣ 'ਤੇ ਕਲੇਸ਼ ਜ਼ਰੂਰ
ਕਰੇਗਾ। ਪਰ ਡੇਵ ਵੀ ਸਮਝ ਗਿਆ ਸੀ ਕਿ ਆਪਦੇ ਜਾਣੇਂ ਇਹ ਮੈਨੂੰ 'ਪਾਗਲ' ਸਮਝਦੇ ਐ!
ਪਰ ਮੈਂ ਪਾਗਲ ਕਾਹਨੂੰ ਐਂ...? ਜਿਹੜੀ ਗੱਲ ਆਪਣੇ ਵੱਸ ਵਿਚ ਹੀ ਨਹੀਂ ਰਹੀ, ਉਸ ਨੂੰ
ਛੇੜ ਕੇ ਮੈਂ ਜੁਆਕਾਂ ਦੇ ਦਿਲ ਤੋਂ ਕਿਉਂ ਦੂਰ ਹੋਵਾਂ...?
ਤੇਜ ਦਾ ਪਿਉ ਦੋ ਮਹੀਨੇ ਇੰਗਲੈਂਡ ਰਿਹਾ। ਡੇਵ ਨੇ ਉਸ ਨੂੰ ਕੁਝ ਵੀ ਮਹਿਸੂਸ ਨਾ
ਹੋਣ ਦਿੱਤਾ। ਦਰਿਆ ਦਿਲੀ ਜ਼ਾਹਿਰ ਕਰਨ ਲਈ ਉਹ ਹਰ ਰੋਜ਼ ਸਹੁਰੇ ਅੱਗੇ ਵਿਸਕੀ ਦੀ
ਬੋਤਲ ਖੋਲ੍ਹ ਕੇ ਰੱਖਦਾ। ਸਹੁਰਾ ਜੁਆਈ ਹਰ ਰੋਜ਼ ਰਲ਼ ਕੇ ਦਾਰੂ ਪੀਂਦੇ...! ਉਸ ਨੇ
ਤੇਜ ਜਾਂ ਬੱਚਿਆਂ ਅਤੇ ਸਹੁਰੇ ਨੂੰ ਜ਼ਰਾ ਜਿੰਨਾਂ ਵੀ ਮਹਿਸੂਸ ਨਾ ਹੋਣ ਦਿੱਤਾ ਕਿ
ਉਸ ਦੇ ਮਨ ਵਿਚ ਕੀ ਸੀ..? ਨਾ ਹੀ ਉਸ ਨੇ ਉਸ ਦੀ ਸੇਵਾ ਵਿਚ ਕੋਈ ਕਸਰ ਆਉਣ ਦਿੱਤੀ।
ਉਹ ਹਰ ਸ਼ਾਮ ਸ਼ੁਗਲ ਕਰਦੇ। ਉਸ ਦਾ ਸਹੁਰਾ ਉਹਨਾਂ ਨੂੰ ਪੀ ਕੇ ਸ਼ੇਅਰ ਸੁਣਾਉਂਦਾ।
ਜਦੋਂ ਡੇਵ ਦੇ ਸਹੁਰੇ ਦਾ ਇੰਡੀਆ ਵਾਪਸ ਜਾਣ ਦਾ ਦਿਨ ਆਇਆ, ਤਾਂ ਤੇਜ ਨੇ ਡੇਵ ਨੂੰ
ਉਪਰ ਬੁਲਾ ਲਿਆ।
-"ਕੀ ਗੱਲ ਐ..?" ਡੇਵ ਹੈਰਾਨ ਸੀ।
-"ਬਾਪੂ ਜੀ ਇੰਡੀਆ ਜਾਣ ਲੱਗੇ ਐ, ਆਪਾਂ ਇਹਨਾਂ ਨੂੰ ਤਿੰਨ ਕੁ ਸੌ ਪੌਂਡ ਦੇ
ਦੇਈਏ..?" ਤੇਜ ਡੇਵ ਅੱਗੇ ਇਕ ਤਰ੍ਹਾਂ ਨਾਲ਼ ਨੰਗੀ ਹੋਈ ਖੜ੍ਹੀ ਸੀ। ਡੇਵ ਦੇ ਦਿਮਾਗ
ਨੂੰ ਫ਼ਤੂਰ ਚੜ੍ਹ ਗਿਆ।
-"ਆਹੋ..! ਮੈਂ ਉਹਦਾ ਜੁਆਈ ਕਾਹਨੂੰ ਐਂ..? ਹੁਣ ਤਾਂ ਉਹ ਮੇਰਾ ਜੁਆਈ ਐ, ਫ਼ਰਜ਼ ਈ
ਬਣਦੈ..!" ਡੇਵ ਨੇ ਤਿੰਨ ਸੌ ਪੌਂਡ ਕੱਢ ਕੇ ਬੈੱਡ 'ਤੇ ਵਗਾਹ ਮਾਰੇ! ਉਸ ਦੇ ਤਨ ਮਨ
ਨੂੰ ਲਾਂਬੂ ਲੱਗ ਗਿਆ ਸੀ। ਉਹ ਸੋਚ ਰਿਹਾ ਸੀ ਕਿ ਪਹਿਲਾਂ ਇਹਨਾਂ ਨੇ ਮੈਨੂੰ
ਬੇਵਕੂਫ਼ ਬਣਾਇਆ, ਹੁਣ ਇਹ ਬੁੜ੍ਹੇ ਨੂੰ ਤਿੰਨ ਸੌ ਪੌਂਡ ਦਿਵਾਈ ਜਾਂਦੀ ਐ..? ਚਾਹੇ
ਮੇਰੇ ਅੰਦਰ ਸੁਆਹ ਸੀ, ਚਾਹੇ ਖੇਹ ਸੀ..! ਪਰ ਬੁੜ੍ਹੇ ਦੀ ਸੇਵਾ ਵਿਚ ਕੋਈ ਕਸਰ ਬਾਕੀ
ਨਹੀਂ ਆਉਣ ਦਿੱਤੀ ਅਤੇ ਨਾ ਹੀ ਕੋਈ ਕੌੜਾ ਬੋਲ ਬੋਲਿਆ। ਉਸ ਦਾ ਫ਼ਰਜ਼ ਸੀ ਜੁਆਈ ਨੂੰ
ਸ਼ਗਨ ਦੇਣ ਦਾ? ਜਾਂ ਮੇਰਾ ਫ਼ਰਜ਼ ਸੀ ਉਸ ਨੂੰ ਤਿੰਨ ਸੌ ਪੌਂਡ ਫੜਾਉਣ ਦਾ..? ਇਹ
ਤਾਂ ਇਕ ਅਣਹੋਣੀ ਗੱਲ ਸੀ..? ਕਿੱਥੇ ਲਿਖਿਐ ਇਹੇ..? ਕਿ ਜਾਣ ਲੱਗੇ ਸਹੁਰੇ ਨੂੰ
ਤਿੰਨ ਸੌ ਪੌਂਡ ਦਿਓ..?
-"ਆਹ ਲਓ ਬਾਪੂ ਜੀ ਤਿੰਨ ਸੌ ਪੌਂਡ, ਡੇਵ ਤੁਹਾਨੂੰ ਖਰਚੇ ਬਰਚੇ ਵਾਸਤੇ ਦੇ ਰਹੇ
ਐ..!" ਆਖ ਕੇ ਤੇਜ ਨੇ ਬਲ਼ਦੀ 'ਤੇ ਇਕ ਤਰ੍ਹਾਂ ਨਾਲ਼ ਪੈਟਰੋਲ ਪਾ ਦਿੱਤਾ।
ਬੁੜ੍ਹਾ ਵੀ ਪੂਰਾ ਮਰਾਸੀ ਨਿਕਲਿ਼ਆ। ਉਸ ਨੇ ਦੰਦੀਆਂ ਜਿਹੀਆਂ ਕੱਢ ਕੇ "ਥੈਂਕਯੂ
ਪੁੱਤਰ ਜੀ-ਥੈਂਕਯੂ ਪੁੱਤਰ ਜੀ" ਆਖ ਕੇ ਤਿੰਨ ਸੌ ਪੌਂਡ ਜੇਬ ਵਿਚ ਪਾ ਲਏ। ਇਕ ਵਾਰ
ਵੀ 'ਨਾਂਹ' ਨਾ ਕੀਤੀ। ਇੰਗਲੈਂਡ ਵਿਚ ਐਸ਼ ਕਰ ਅਤੇ ਤਿੰਨ ਸੌ ਪੌਂਡ ਜੇਬ ਵਿਚ ਤੁੰਨ
ਕੇ ਬੁੱਢਾ ਇੰਡੀਆ ਨੂੰ ਉਡਾਰੀ ਮਾਰ ਗਿਆ ਸੀ! ਟਿਕਟ ਉਸ ਦੀ ਤੇਜ ਅਤੇ ਬੱਚਿਆਂ ਨੇ ਹੀ
ਲਾਈ ਸੀ, ਉਸ ਨੂੰ ਮੁਫ਼ਤ ਦਾ ਇੰਗਲੈਂਡ ਕੋਈ ਮਾੜਾ ਸੀ..?
ਬੱਸ...! ਵਕਤੀ ਤੌਰ 'ਤੇ ਉਹ ਚੁੱਪ ਰਿਹਾ। ਪਰ ਬੁੜ੍ਹੇ ਨੂੰ ਚੋਰੀ ਮੰਗਵਾਉਣ ਅਤੇ
ਤਿੰਨ ਸੌ ਪੌਂਡ ਦਿਵਾਉਣ ਵਾਲ਼ਾ 'ਗੋਲ਼ਾ' ਉਸ ਦੇ ਮਨ ਵਿਚ ਐਸਾ ਬੱਝਿਆ ਕਿ ਸਹੁਰੇ ਦੇ
ਦੋ ਮਹੀਨੇ ਇੱਥੇ ਰਹਿਕੇ ਇੰਡੀਆ ਜਾਣ ਤੋਂ ਬਾਅਦ ਉਸ ਨੇ ਤਲਾਕ ਬਾਰੇ ਅਰਜ਼ੀ ਦੇ
ਦਿੱਤੀ ਸੀ। ਡੇਵ ਨੂੰ 'ਮੂਰਖ਼' ਸਮਝ ਕੇ 'ਸਰਪ੍ਰਾਈਜ਼' ਦੇਣ ਦਾ ਨਤੀਜਾ ਆਖਰ ਤਲਾਕ
ਵਿਚ ਨਿਕਲਿ਼ਆ...! ਜਿਹੜੀ ਮਾੜੀ ਮੋਟੀ ਮਨਾਂ ਵਿਚ ਕੁੜੱਤਣ ਸੀ, ਉਹ ਬੁੜ੍ਹੇ ਦੇ
ਬਿਨਾ ਦੱਸੇ ਇੰਗਲੈਂਡ ਆਉਣ ਕਾਰਨ ਬਾਰੂਦ ਬਣ ਗਈ ਸੀ।
......ਹਨੀ ਦੋ ਵਿਸਕੀ ਕੋਕ ਲੈ ਚੁੱਕੀ ਸੀ। ਡੇਵ ਵੀ ਸ਼ਾਇਦ ਪੰਜਵੇਂ ਵਿਚ ਸੀ।
ਪਰ ਅੱਜ ਉਹ ਸ਼ਰਾਬੀ ਘੱਟ, ਪਰ ਰੋਮਾਂਟਿਕ ਜਿ਼ਆਦਾ ਲੱਗ ਰਿਹਾ ਸੀ। ਹਨੀ ਨੇ ਵੀ
ਗੱਲਾਂ ਕਰਕੇ ਆਪਣੇ ਦਿਲ ਦਾ ਬੋਝ ਹਲਕਾ ਕਰ ਲਿਆ ਸੀ ਅਤੇ ਹੁਣ ਉਹ ਤਾਜ਼ੀ ਤਾਜ਼ੀ ਲੱਗ
ਰਹੀ ਸੀ।
-"ਹੁਣ ਕੋਈ ਗੱਲ ਤੂੰ ਸਿਰੇ ਲਾਵੇਂਗੀ ਜਾਂ ਫਿਰ ਮੈਂ ਕੁਛ ਬੋਲਾਂ...?" ਡੇਵ ਨੇ
ਖ਼ੁਸ਼ ਮੂਡ ਵਿਚ ਆ ਕੇ ਲਾਚੜਿਆਂ ਵਾਂਗ ਆਖਿਆ।
-"ਤੂੰ ਈ ਬੋਲ...!"
-"ਵੈਸੇ ਗੋਰਿਆਂ ਦੀ ਕਹਾਵਤ ਮੁਤਾਬਕ, ਲੇਡੀ ਇਜ਼ ਫ਼ਰਸਟ ਹੁੰਦੀ ਐ-!"
-"ਨਹੀਂ, ਅੱਜ ਡੇਵ ਇਜ਼ ਫ਼ਰਸਟ ਐ...!" ਹਨੀ ਦੇ ਆਖਣ 'ਤੇ ਉਹ ਦੋਨੋਂ ਹੱਸ ਪਏ।
-"ਠੀਕ ਐ ਬਈ ਹਨੀ...! ਤੇਰਾ ਹੁਕਮ ਸਿਰ ਮੱਥੇ...!"
-"ਗੋ ਔਨ...!"
-"ਆਪਾਂ ਦੋਨੋਂ ਰੱਬ ਨੇ ਇਕੱਠੇ ਕੀਤੇ ਐਂ..! ਹੁਣ ਗੱਲ ਇਹ ਐ, ਬਈ ਇਹਦੇ ਵਿਚ ਕੋਈ
ਸ਼ੱਕ ਨਹੀਂ ਕਿ ਆਪਣੀ ਉਮਰ ਦਾ ਕਾਫ਼ੀ ਫ਼ਰਕ ਐ...! ਇਹ ਤਾਂ ਜਿਵੇਂ ਸਿਆਣੇ ਆਖਦੇ
ਹੁੰਦੇ ਐ ਬਈ ਦਿਲ ਮਿਲਿ਼ਆਂ ਦਾ ਮੇਲਾ ਹੁੰਦੈ...! ਇਹਦੇ ਵਿਚ ਵੀ ਕੋਈ ਸ਼ੱਕ ਨ੍ਹੀ
ਕਿ ਤੈਨੂੰ ਵੀ ਸਹਾਰੇ ਦੀ ਜਰੂਰਤ ਐ, ਤੇ ਮੈਨੂੰ ਵੀ...! ਜੇ ਤੂੰ ਖ਼ੁਸ਼ੀ ਨਾਲ਼
ਮੇਰੇ ਨਾਲ਼ ਰਹਿਣਾਂ ਚਾਹੇਂ ਤਾਂ....!" ਇਸ ਤੋਂ ਅੱਗੇ ਡੇਵ ਨੂੰ ਕੁਝ ਸੁੱਝਿਆ ਹੀ
ਨਹੀਂ ਸੀ। ਸ਼ਰਾਬ ਦੇ ਆਸਰੇ ਉਸ ਨੇ ਸਾਰੀ ਸੱਚੀ ਗੱਲ ਤਕਰੀਬਨ ਹਨੀ ਨੂੰ ਆਖ ਦਿੱਤੀ
ਸੀ।
-"ਡੇਵ...! ਮੈਂ ਵੀ ਸੱਚੀ ਗੱਲ ਆਖਾਂ...?" ਹਨੀ ਨੇ ਵੀ ਗਿਲਾਸ ਵਿਚੋਂ ਰਹਿੰਦੀ
ਵਿਸਕੀ ਸੂਤ ਲਈ।
-"ਬਗੈਰ ਕਿਸੇ ਸੰਕੋਚ ਤੋਂ ਆਖ...! ਹਾਂ, ਮੇਰੀ ਇਕ ਬੇਨਤੀ ਐ ਬਈ ਜੌਬ ਕਰਕੇ ਫ਼ਸੀ
ਫ਼ਸਾਈ ਮਾਰ ਨਾ ਖਾਈਂ...! ਜੌਬ ਤੇਰੀ ਪੱਕੀ..! ਇਹ ਤੇਰੇ ਨਾਲ਼ ਮੇਰਾ ਵਾਅਦਾ...!"
ਉਸ ਨੇ ਸਿਰੇ ਦੀ ਆਖ ਕੇ ਹਨੀ ਨੂੰ ਚਿੱਤ ਕਰ ਮਾਰਿਆ।
-"ਮੇਰੇ ਮਾਂ ਬਾਪ ਤਕਰੀਬਨ ਮੇਰੇ 'ਤੇ ਹੀ ਨਿਰਭਰ ਕਰਦੇ ਨੇ...! ਜਿਹੜੀ ਮਾੜੀ ਮੋਟੀ
ਜਮੀਨ ਉਹਨਾਂ ਕੋਲ ਸੀ, ਉਹ ਮੇਰੇ ਵਿਆਹ 'ਤੇ ਲੱਗ ਗਈ..! ਹੁਣ ਮੈਂ ਹੀ ਉਹਨਾਂ ਨੂੰ
ਖਰਚਾ ਬਰਚਾ ਭੇਜਦੀ ਹਾਂ...!" ਹਨੀ ਕੋਲ਼ ਵੀ ਕੁਝ ਕਹਿਣ ਲਈ ਬਚਿਆ ਨਹੀਂ ਸੀ। ਉਸ ਨੇ
ਅੱਧ ਪਚੱਧ ਝੂਠ ਵੀ ਬੋਲ ਧਰਿਆ..!
-"ਆਪਾਂ ਦੋਨੋਂ ਜਾਣੇਂ ਰਲ਼ ਕੇ ਤੇਰੀਆਂ ਤੇ ਤੇਰੇ ਘਰਦਿਆਂ ਦੀਆਂ ਮੁਸ਼ਕਲਾਂ ਨੂੰ
ਮਧੋਲ਼ ਧਰਾਂਗੇ...! ਇਹਦੇ ਬਾਰੇ ਫਿ਼ਕਰ ਨਾ ਕਰ...!"
-"ਦੂਜਾ ਮੇਰੇ ਤਲਾਕ ਵੇਲ਼ੇ ਜਿਹੜਾ ਮਕਾਨ ਮੇਰੇ ਹੱਥ ਵਿਚ ਆਇਆ ਸੀ, ਉਸ ਦਾ ਅੱਧ
ਮੈਨੂੰ ਤਾਰਨਾਂ ਪਿਐ..! ਕਰਜ਼ਾ ਅਜੇ ਵੀ ਮੇਰੇ ਸਿਰ ਐ...!" ਇਸ ਤੋਂ ਵੱਧ ਹਨੀ ਕੋਲ਼
ਆਖਣ ਲਈ ਕੁਝ ਨਹੀਂ ਸੀ।
-"ਤੂੰ ਇਉਂ ਕਰ...! ਮੈਂ ਤੈਨੂੰ ਸਲਾਹ ਦਿੰਨੈ...!"
-"ਯੈਅ, ਗੋ ਆਹੈੱਡ...!"
-"ਤੂੰ ਆਪਣੇ ਐਸ ਮਕਾਨ 'ਚ ਕਰ ਮੂਵ, ਰਾਈਟ..? ਆਬਦਾ ਮਕਾਨ ਦੇਹ 'ਹੋਮ ਸੀਕਰਜ਼'
ਵਾਲਿ਼ਆਂ ਨੂੰ ਕਿਰਾਏ 'ਤੇ...! ਮਕਾਨ ਦਾ ਕਿਰਾਇਆ ਤੇਰੀ ਬੈਂਕ ਦੀ ਕਿਸ਼ਤ ਚੱਕੀ
ਜਾਊ..! ਆਪਣੇ ਐਸ ਘਰ ਦੀ ਕੋਈ ਮੌਰਗੇਜ ਨਹੀਂ, ਮਕਾਨ ਫ਼ਰੀ ਐ...! ਤੇ ਜਿਹੜੀ ਤੇਰੀ
ਤਨਖ਼ਾਹ ਆਇਆ ਕਰੂ, ਮਾਂ ਬਾਪ ਨੂੰ ਭੇਜੀ ਜਾਹ, ਖਾਣ ਪੀਣ ਦਾ ਖ਼ਰਚਾ ਤੇਰਾ ਮੈਂ
ਚੱਕੂੰ..! ਸੋਮਵਾਰ ਤੋਂ ਡਿਊਟੀ ਸ਼ੁਰੂ ਕਰ ਲੈ, ਆਬਦੀ ਕਮਾਈ ਸਾਂਭ ਕੇ ਰੱਖ, ਚਾਹੇ
ਮਾਪਿਆਂ ਨੂੰ ਭੇਜ, ਇਹ ਤੇਰੀ ਸਿਰ ਦਰਦੀ ਐ..! ਹੋਰ ਦੱਸ...?" ਉਸ ਨੇ ਆਖਰੀ ਗੱਲ ਆਖ
ਕੇ ਨਤੀਜੇ ਦੀ ਉਡੀਕ ਕੀਤੀ।
-"ਓਹ ਯੂ ਆਰ ਸੋ ਗਰੇਟ ਡੇਵ...!" ਸੋਫ਼ੇ ਤੋਂ ਉਠ ਕੇ ਹਨੀ ਉਸ ਦੇ ਗਲ਼ ਨਾਲ਼
ਲੱਗ ਗਈ। ਮੁੱਦਤਾਂ ਬਾਅਦ ਕਿਸੇ ਔਰਤ ਦੀ ਗਲਵਕੜੀ ਨੇ ਡੇਵ ਦੇ ਜੁੱਗਾਂ ਦੇ ਦੁੱਖੜੇ
ਤੋੜ ਦਿੱਤੇ ਸਨ। ਉਸ ਨੇ ਵੀ ਹਨੀ ਦਾ ਸਿਰ ਬੁੱਕਲ਼ ਵਿਚ ਲੈ ਲਿਆ। ਉਹ ਬੜਾ ਸੰਭਲ਼
ਸੰਭਲ਼ ਕੇ ਪੱਬ ਚੁੱਕ ਰਿਹਾ ਸੀ। ਤੱਤਾ ਖਾਂਦਿਆਂ ਮੂੰਹ ਮੱਚ ਜਾਂਦੈ, ਦੀ ਕਹਾਵਤ ਉਸ
ਦੇ ਤਾਪਮਾਨ ਨੂੰ ਸਥਿਰ ਰੱਖੀ ਆ ਰਹੀ ਸੀ।
ਵਿਸਕੀ ਦੀ ਪੂਰੀ ਬੋਤਲ ਧੁਰ ਲਾ ਕੇ ਡੇਵ ਨੇ ਪੀਜ਼ੇ ਦਾ ਆਰਡਰ ਦੇ ਦਿੱਤਾ।
ਪੀਜ਼ਾ ਖਾ ਕੇ ਉਹ ਉਪਰ ਸੌਣ ਚਲੇ ਗਏ....!
੧੪।੦੩।੨੦੧੨ |