WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 10
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਗੁਰਚਰਨ ਸਿੰਘ ਦੇ ਘਰ ਵਿਚ ਤੂਫ਼ਾਨ ਮੱਚਿਆ ਹੋਇਆ ਸੀ। ਕਾਲਜ ਤੋਂ ਬਾਅਦ ਇਮਰਾਨ ਨਾਲ਼ ਕਿਸੇ ਪੱਬ ਜਾਂ ਕਲੱਬ ਵਿਚ ਜਾਣਾਂ ਸੀਤਲ ਦਾ ‘ਰੁਟੀਨ’ ਹੀ ਬਣ ਗਿਆ ਸੀ। ਪਹਿਲੇ ਕੁਝ ਦਿਨ ਕੁਝ ਬਹਾਨੇ ਚੱਲਦੇ ਰਹੇ। ਕਿਰਪਾਲ ਕੌਰ ਅਤੇ ਗੁਰਚਰਨ ਸਿੰਘ ਵੀ ਇਕ ਤਰ੍ਹਾਂ ਨਾਲ਼ ਆਵੇਸਲ਼ੇ ਰਹੇ। ਉਹਨਾਂ ਨੂੰ ਸੀਤਲ ਧੀ ‘ਤੇ ਪੂਰਨ ਵਿਸ਼ਵਾਸ ਜਿਉਂ ਸੀ। ਪਰ ਇਕ ਦਿਨ ਜਦੋਂ ਸੀਤਲ ਘਰ ਆਈ ਤਾਂ ਉਸ ਦੇ ਪੈਰ ਧਰਤੀ Ḕਤੇ ਖੜ੍ਹ ਨਹੀਂ ਰਹੇ ਸਨ। ਉਸ ਦਾ ਸਰੀਰ ਡੋਲ ਰਿਹਾ ਸੀ। ਰੱਬ ਦਾ ਸ਼ੁਕਰ ਕਿ ਗੁਰਚਰਨ ਸਿੰਘ ਘਰ ਨਹੀਂ ਸੀ। ਧੀ ਦੀ ਸ਼ਰਾਬੀ ਹਾਲਤ ਦੇਖ ਕੇ ਕਿਰਪਾਲ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ। ਸਿਰ ਨੂੰ ਚੱਕਰ ਆਇਆ। ਉਸ ਨੇ ਬੇਹੋਸ਼ੀ ਜਿਹੀ ਦੇ ਆਲਮ ਵਿਚ ਸੀਤਲ ਨੂੰ ਡੌਲ਼ਿਆਂ ਤੋਂ ਜਾ ਫੜਿਆ।

-"ਨ੍ਹੀ ਕੀ ਹੋ ਗਿਆ ਤੈਨੂੰ…?" ਕਿਰਪਾਲ ਕੌਰ ਨੇ ਇਕ ਤਰ੍ਹਾਂ ਨਾਲ਼ ਲੇਰ ਜਿਹੀ ਮਾਰੀ। -"ਨਥਿੰਗ ਮੰਮ…! ਨਥਿੰਗ ਐਟ ਔਲ਼…!" ਸੀਤਲ ਖੜ੍ਹੀ ਹੱਸੀ ਜਾ ਰਹੀ ਸੀ। ਉਸ ਦੇ ਵਾਲ਼ ਉਸ ਦੇ ਮੂੰਹ ‘ਤੇ ਖਿੱਲਰੇ ਹੋਏ ਸਨ। ਕਿਰਪਾਲ ਕੌਰ ਨੂੰ ਉਸ ਦੇ ਮੂੰਹ ‘ਚੋਂ ਸ਼ਰਾਬ ਦਾ ਮੁਸ਼ਕ ਆਇਆ। ਉਸ ਦੀਆਂ ਖਾਨਿਓਂ ਗੁਆਚ ਗਈਆਂ। -"ਨ੍ਹੀ ਤੂੰ ਸ਼ਰਾਬ ਪੀਤੀ ਐ…?" ਕਿਰਪਾਲ ਕੌਰ ਨੂੰ ਦੰਦਲ਼ ਪੈਣ ਵਾਲ਼ੀ ਹੋ ਗਈ। -"ਹਾਂ-।" ਉਸ ਨੇ ਪੌੜੀਆਂ ਵਿਚ ਬੈਠਦੀ ਨੇ ਆਖਿਆ। -"ਨੀ ਚੁੜੇਲੇ…! ਮਰ ਕਿਉਂ ਨਾ ਗਈ ਤੂੰ ਐਹੋ ਜੀਆਂ ਘਤਿੱਤਾਂ ਕਰਨ ਤੋਂ ਪਹਿਲਾਂ? ਤੇਰਾ ਪਿਉ ਕੀ ਸੋਚੂ, ਜੀਹਨੇ ਥੋਨੂੰ ਪੁੱਤਾਂ ਮਾਂਗੂੰ ਪਾਲ਼ਿਐ-ਆਪਣੇ ਕਲਚਰ ਦਾ ਤਾਂ ਕੋਈ ਖਿਆਲ ਕੀਤਾ ਹੁੰਦਾ…!"

-"ਕਲਚਰ…? ਵਾਅਟ ਫ਼ੱਕਿੰਗ ਕਲਚਰ..?" ਉਹ ਉਚੀ ਉਚੀ ਹੱਸ ਪਈ, "ਇਟ ਇਜ਼ ਵੈਰੀ ਨਾਈਸ ਟੂ ਬੀ ਏ ਨਾਰਮਲ ਪਰਸਨ ਫ਼ਾਰ ਵੱਨਸ਼… ! ਆਈ ਥਿੰਕ ਦਿਸ ਇਜ਼ ਅਬਾਊਟ ਐਜ਼ ਨੌਰਮਲ ਐਜ਼ ਆਈ ਐੱਮ ਐਵਰ ਗੋਇੰਗ ਟੂ ਗੈੱਟ…!" ਉਹ ਪੌੜੀਆਂ ਵਿਚ ਬੈਠੀ ਅੰਗਰੇਜ਼ੀ ਘੋਟੀ ਜਾ ਰਹੀ ਸੀ। -"ਪੰਜਾਬੀ ਬੋਲ ਕੁੱਤੀਏ, ਪੰਜਾਬੀ…! ਤੈਨੂੰ ਚੰਗਾ ਭਲਾ ਪਤੈ ਬਈ ਮੈਨੂੰ ਅੰਗਰੇਜ਼ੀ ਨ੍ਹੀ ਆਉਂਦੀ ਲੁੱਚੀਏ…!" -"ਯੂ ਫ਼ੱਕ ਔਫ਼ ਮੰਮ…! ਫ਼ੱਕ ਔਫ਼ ਐਂਡ ਸ਼ੱਟ ਅੱਪ…!" ਤੇ ਉਹ ਨਸ਼ੇ ਵਿਚ ਨਾਗ ਵਾਂਗ ਮੇਲ੍ਹਦੀ ਪੌੜੀਆਂ ਚੜ੍ਹ ਗਈ ਅਤੇ ਆਪਣੇ ਕਮਰੇ ਵਿਚ ਜਾ ਕੇ ਬੈੱਡ ‘ਤੇ ਮੂਧੇ ਮੂੰਹ ਡਿੱਗ ਪਈ। ਕਿਰਪਾਲ ਕੌਰ ਦਾ ਸਾਰਾ ਸਰੀਰ ‘ਝਰਨ-ਝਰਨ’ ਕਰੀ ਜਾ ਰਿਹਾ ਸੀ। ਉਹ ਲੋਕਾਂ ਦੀਆਂ ਕੁੜੀਆਂ ਦੇ ਕਿੱਸੇ ਤਾਂ ਨਿੱਤ ਸੁਣਦੀ ਆਈ ਸੀ। ਪਰ ਅੱਜ ਤਾਂ ਇਹ ਨਵੇਂ ਯੁੱਗ ਦੀ ਅੱਗ ਉਸ ਦੇ ਆਪ ਦੇ ਘਰ ਨੂੰ ਹੀ ਆ ਪਈ ਸੀ। ਉਸ ਨੂੰ ਧਰਤੀ ਗਰਕਣ ਲਈ ਵਿਹਲ ਨਹੀਂ ਦੇ ਰਹੀ ਸੀ। ਕੀ ਸੋਚੇਗਾ ਉਸ ਦੇ ਘਰਵਾਲ਼ਾ ਗੁਰਚਰਨ ਸਿਉਂ? ਕਿੰਨਾਂ ਪਿਆਰ ਕਰਦਾ ਸੀ ਉਹ ਆਪਣੀਆਂ ਧੀਆਂ ਨੂੰ! ਕਿੰਨੀਆਂ ਸਧਰਾਂ ਨਾਲ਼ ਪਾਲ਼ਿਆ ਸੀ ਉਸ ਨੇ ਆਪਣੀਆਂ ਧੀਆਂ ਨੂੰ। ਕਿਵੇਂ ਦੱਸੂੰ ਮੈਂ ਉਸ ਵਿਚਾਰੇ ਨੂੰ ਇਸ ਕੁੱਤੀ ਦੀਆਂ ਕਰਤੂਤਾਂ? ਇਹਦੀਆਂ ਕਰਤੂਤਾਂ ਸੁਣ ਕੇ ਉਹ ਤਾਂ ਖੜ੍ਹਾ ਖੜੋਤਾ ਹੀ ਭਸਮ ਹੋ ਜਾਊ! ਕਿੰਨੀਆਂ ਆਸਾਂ ਸੀ ਗੁਰਚਰਨ ਸਿੰਘ ਨੂੰ ਆਪਣੀਆਂ ਲਾਡਲੀਆਂ ਧੀਆਂ ਤੋਂ! ਤੇ ਜਦੋਂ ਉਸ ਨੂੰ ਇਸ ਦੀ ਆਹ ਸ਼ਰਾਬ ਪੀਣ ਵਾਲ਼ੀ ਕਰਤੂਤ ਦਾ ਪਤਾ ਲੱਗਿਆ, ਉਹ ਤਾਂ ਮਰਨ ਮੰਡਣ ਤੱਕ ਜਾਊ! ਖ਼ੈਰ ਇਹ ਉਮਰ ਹੀ ਖ਼ਤਰਨਾਕ ਹੁੰਦੀ ਐ। ਇਹਨੂੰ ਬੈਠ ਕੇ ਸਮਝਾਵਾਂਗੇ। ਸਿਆਣੀ ਧੀ ਹੈ ਸੀਤਲ। ਸਮਝ ਜਾਵੇਗੀ। ਇਕ ਅੱਧੀ ਗਲਤੀ ਤਾਂ ਬੱਚੇ ਤੋਂ ਹੋ ਹੀ ਜਾਂਦੀ ਐ। ਅੱਜ ਦਾ ਕਸੂਰ ਗੁਰਚਰਨ ਨੂੰ ਦੱਸਿਆ ਜਾਵੇ ਜਾਂ ਨਾਂ? ਨਹੀਂ, ਹੁਣ ਉਹ ਸੌਂ ਗਈ ਐ! ਅੱਜ ਦੀ ਗੱਲ ਗੁਰਚਰਨ ਤੋਂ ਛੁਪਾ ਲਈ ਜਾਵੇ। ਬੱਸ ਟਾਲ਼ਾ ਮਾਰ ਦਿੱਤਾ ਜਾਵੇ ਕਿ ਸੀਤਲ ਦਾ ਚਿੱਤ ਢਿੱਲਾ ਹੈ। ਦੁਆਈ ਲੈ ਕੇ ਸੌਂ ਗਈ ਹੈ। ਮਾਵਾਂ ਦਾ ਕੰਮ ਹੁੰਦੈ ਧੀ ਦੀਆਂ ਬੁਰਾਈਆਂ ਬਾਪ ਤੋਂ ਛੁਪਾਉਣਾਂ। ਨਾ ਕਿ ਉਸ ਨੂੰ ਦੱਸ ਕੇ ਲਾਂਬੂ ਲਾਉਣਾਂ। ਘਰ ਦਾ ਮਾਹੌਲ ਚੰਗੀ ਔਰਤ ਛੇਤੀ ਕੀਤੇ ਡਾਵਾਂਡੋਲ ਨਹੀਂ ਹੋਣ ਦਿੰਦੀ। ਨਹੀਂ, ਅੱਜ ਵਾਲ਼ੀ ਗੱਲ ਮੈਂ ਗੁਰਚਰਨ ਨੂੰ ਨਹੀਂ ਦੱਸਾਂਗੀ। ਨਾਲ਼ੇ ਉਸ ਦੀ ਡਿਊਟੀ ਵੀ ਰਾਤ ਦੇ ਦਸ ਵਜੇ ਤੱਕ ਹੈ। ਜਦੋਂ ਨੂੰ ਉਸ ਨੇ ਆਉਣਾਂ ਹੈ। ਬੱਚੇ ਅੱਗੇ ਵੀ ਸੌਂ ਜਾਂਦੇ ਨੇ। ਕੱਲ੍ਹ ਨੂੰ ਇਸ ਨੂੰ ਇਹਦੇ ਬਾਪ ਦੀ ਇੱਜ਼ਤ ਦਾ ਵਾਸਤਾ ਦੇ ਕੇ ਇਹਨੂੰ ਸਮਝਾਵਾਂਗੀ। ਦਿਮਾਗਦਾਰ ਕੁੜੀ ਹੈ, ਸਮਝ ਜਾਵੇਗੀ। ਕਿਸੇ ਖੜਕੇ ਨਾਲ਼ ਉਸ ਦੀ ਘੁੰਮਣਘੇਰੀਆਂ ਵਿਚ ਪਈ ਸੋਚ ਟੁੱਟੀ। ਪਾਇਲ ਸਕੂਲੋਂ ਆਈ ਸੀ। -"ਹਾਏ ਮੰਮ…!" ਉਸ ਨੇ ਬਾਹਰਲਾ ਦਰਵਾਜਾ ਬੰਦ ਕਰਦਿਆਂ ਕਿਹਾ। -"ਹਾਏ ਪੁੱਤੂ…!" ਕਿਰਪਾਲ ਕੌਰ ਪਾਇਲ ਲਈ ਖਾਣਾਂ ਬਣਾਉਣ ਲਈ ਰਸੋਈ ਵਿਚ ਚਲੀ ਗਈ।

-"ਮੰਮ, ਇਕ ਗੱਲ ਦੱਸਾਂ…?" ਪਾਇਲ ਨੇ ਆਪਣਾਂ ਸਕੂਲ ਬੈਗ ਇਕ ਪਾਸੇ ਰੱਖਦਿਆਂ ਹੌਲ਼ੀ ਜਿਹੇ ਮਾਂ ਦੇ ਕੰਨ ਵਿਚ ਕਿਹਾ। ਚੋਰਾਂ ਵਾਂਗ! ਕਿਰਪਾਲ ਕੌਰ ਦਾ ਕਾਲ਼ਜਾ ਨਿਕਲ਼ ਗਿਆ। ਉਹ ਤਾਂ ਪਹਿਲਾਂ ਹੀ ਭਵਸਾਗਰ ਵਿਚ ਗੋਤੇ ਖਾ ਰਹੀ ਸੀ।
-"ਨ੍ਹੀ ਅੰਦਰ ਆ ਕੇ ਦੱਸ਼…!" ਕਿਰਪਾਲ ਕੌਰ ਨੇ ਪਾਇਲ ਨੂੰ ਰਸੋਈ ਅੰਦਰ ਧੂਹ ਲਿਆ।
-"ਅੱਜ ਸੀਤਲ ਇਕ ਪਾਕਿਸਤਾਨੀ ਮੁੰਡੇ ਇਮਰਾਨ ਨਾਲ਼ ‘ਕਿੱਸੀਆਂ’ ਕਰਦੀ ਸੀ…!" ਆਖ ਕੇ ਪਾਇਲ ਨੇ ਮਾਂ ਨੂੰ ਦੌਰਾ ਪੈਣ ਵਾਲ਼ਾ ਕਰ ਦਿੱਤਾ।
-"ਕੀਹਨੇ ਦੇਖੀ ਐ…?" ਉਸ ਦਾ ਦਿਲ ਹਥੌੜੇ ਵਾਂਗ ਹਿੱਕ ‘ਚ ਵੱਜੀ ਜਾ ਰਿਹਾ ਸੀ।
-"ਮੈਂ ਤੇ ਮੇਰੀ ਫ਼ਰਿੰਡਜ਼ ਨੇ-।"
-"ਕਿੱਥੇ…?" ਕਿਰਪਾਲ ਕੌਰ ਹਰਫ਼ਲੀ ਦੀ ‘ਤੇ ਸੁਆਲ ਤੇ ਸੁਆਲ ਕਰੀ ਜਾ ਰਹੀ ਸੀ।
-"ਸਾਡੇ ਸਕੂਲ ਦੀ ਬਾਹਰਲੀ ਪਾਰਕ ‘ਚ…!"
-"ਨ੍ਹੀ ਹਾਏ…! ਬੂਹ ਮੈਂ ਮਰਗੀ…!! ਇਹ ਲੁੱਚੀ ਥੋਡੇ ਸਕੂਲ ਦੀ ਪਾਰਕ ‘ਚ ਕੀ ਕਰਨ ਗਈ ਸੀ?" ਉਹ ਪਲ ਪਲ ਬੌਂਦਲ਼ਦੀ ਜਾ ਰਹੀ ਸੀ।
-"ਆਈ ਡੋਂਟ ਨੋ! ਆਸਕ ਹਰ!"
-"ਨ੍ਹੀ ਕਿਵੇਂ ਇਹ ਜਲੂਸ ਕੱਢਦੀ ਫਿਰਦੀ ਐ ਸਾਡਾ! ਉਥੇ ਆਪਣੀਆਂ ਪੰਜਾਬੀ ਕੁੜੀਆਂ ਵੀ ਸੀਗੀਆਂ?" ਕਿਰਪਾਲ ਕੌਰ ਨੂੰ ਅਗਲਾ ਫ਼ਿਕਰ ਤੋੜ ਤੋੜ ਖਾਣ ਲੱਗਿਆ।
-"ਯੈੱਸ, ਔਬੀਅਸਲੀ…!" ਕਿਰਪਾਲ ਕੌਰ ਸਿਰ ਫੜ ਕੇ ਬੈਠ ਗਈ। ਫਿਰ ਉਸ ਨੂੰ ਪਤਾ ਨਹੀਂ ਕੀ ਸੁੱਝਿਆ। ਪਾਇਲ ਨੂੰ ਫਿਰ ਰਸੋਈ ਵਿਚ ਖਿੱਚ ਲਿਆਈ।
-"ਮੰਮ…! ਵੱਟ ਆਰ ਯੂ ਡੂਇੰਗ਼…?" ਪਾਇਲ ਹੈਰਾਨ ਸੀ।
-"ਗੱਲ ਸੁਣ ਪੁੱਤ…! ਤੂੰ ਹੁਣ ਕੋਈ ਨਿਆਣੀ ਨ੍ਹੀ-ਇਹ ਗੱਲ ਤੂੰ ਆਬਦੇ ਡੈਡ ਕੋਲ਼ ਨ੍ਹੀ ਕਰਨੀ…! ਆਪਾਂ ਉਹਨੂੰ ਕੱਲ੍ਹ ਨੂੰ ਬੈਠ ਕੇ ਸਮਝਾਵਾਂਗੇ-ਠੀਕ ਐ? ਤੇਰਾ ਪਿਉ ਤਾਂ ਮਰਨ ਮਾਰਨ ‘ਤੇ ਹੋਜੂ! ਹਾੜ੍ਹੇ ਮੇਰੀ ਧੀ…! ਇਹ ਗੱਲ ਹੁਣ ਆਬਦੇ ਕੋਲ਼ੇ ਈ ਰੱਖੀਂ…! ਤੇਰੇ ਪਿਉ ਨੂੰ ਕਿਸੇ ਗੱਲ ਦੀ ਕੋਈ ਖ਼ਬਰ ਨਾ ਹੋਵੇ..! ਬੱਸ ਜੇ ਕਦੇ ਕੁਛ ਪੁੱਛੇ ਵੀ, ਤਾਂ ਵੀ ਨ੍ਹੀ ਦੱਸਣਾਂ-ਓ. ਕੇ.?"
-"ਨ੍ਹੋ ਪਰਾਬਲਮ ਮੰਮ-ਆਈ ਵੋਂਟ…! ਡੋਂਟ ਵਰੀ…!" ਪਾਇਲ ਨੇ ਮਾਂ ਦੀ ਚਿੰਤਾ ਨਵਿਰਤ ਕਰ ਦਿੱਤੀ। ਪਾਇਲ ਵੀ ਹੁਣ ਕੋਈ ਬਹੁਤੀ ਨਿਆਣੀ ਨਹੀਂ ਸੀ। ਸੋਲ੍ਹਵੇਂ ਸਾਲ ਵਿਚ ਪੈਰ ਧਰਨ ਵਾਲ਼ੀ ਸੀ। ਸੋਹਣੀ ਸੁਨੱਖੀ ਪਾਇਲ ਸੀਤਲ ਨਾਲ਼ੋਂ ਕੁਝ ਦਿਮਾਗੀ ਅਤੇ ਸੰਜੀਦਾ ਲੱਗਦੀ ਸੀ।
-"ਪਾਇਲ, ਤੇਰੇ ਕੋਲ਼ੇ ਗੱਲ ਕਰਦੀ ਆਂ ਪੁੱਤ-ਮੇਰਾ ਕਾਲ਼ਜਾ ਭੁੱਜਿਆ ਪਿਐ-ਅੱਜ ਕੁਲੱਛਣੀ ਸ਼ਰਾਬ ਪੀ ਫਿਰਦੀ ਸੀ-?"
 -"ਵਾਅਟ..? ਸ਼ਰਾਬ..?? ਓਹ ਮਾਈ ਗੌਡ…!" ਪਾਇਲ ਵੀ ਠਠੰਬਰ ਗਈ ਸੀ।
-"ਆਹੋ ਪੁੱਤ…! ਪਤਾ ਨ੍ਹੀ ਇਸ ਕੁਲਿਹਣੀਂ ਨੇ ਆਪਣੇ ਘਰੇ ਜਨਮ ਕਿਵੇਂ ਲੈ ਲਿਆ-ਮੇਰੇ ਤਾਂ ਨਾ ਕੋਈ ਪੇਕੀਂ ਤੇ ਨਾ ਕੋਈ ਸਹੁਰੀਂ ਸ਼ਰਾਬ ਪੀਂਦਾ ਸੀ-ਦੇਖਿਐ ਕਿਤੇ ਆਬਦੇ ਪਿਉ, ਦਾਦੇ ਜਾਂ ਮਾਮੇ ਨਾਨੇ ਨੂੰ ਕਦੇ ਸ਼ਰਾਬ ਪੀਂਦੇ?" ਕਿਰਪਾਲ ਕੌਰ ਕਲਪੀ।
-"ਨ੍ਹੋ…!" -"ਹਾਏ ਰੱਬਾ…! ਇਹ ਸਾਡੇ ਪ੍ਰੀਵਾਰ Ḕਚ ਕਿਵੇਂ ਜੰਮਪੀ ਦੁਸ਼ਟ…! ਜੇ ਇਹਦੇ ਪਿਉ ਨੂੰ ਪਤਾ ਲੱਗ ਗਿਆ-ਕੀ ਬਣੂੰ…?"

ਕਿਰਪਾਲ ਕੌਰ ਨੂੰ ਅਗਲਾ ਫ਼ਿਕਰ ਵੱਢ ਵੱਢ ਖਾ ਰਿਹਾ ਸੀ। ਕਿਰਪਾਲ ਕੌਰ ਨੇ ਪਾਇਲ ਨੂੰ ਖਾਣਾਂ ਬਣਾਂ ਦਿੱਤਾ। ਰਾਤ ਨੂੰ ਗੁਰਚਰਨ ਸਿੰਘ ਗਿਆਰਾਂ ਕੁ ਵਜੇ ਘਰੇ ਆਇਆ। ਅੱਗੇ ਵੀ ਬੱਚੇ ਉਸ ਦੇ ਆਉਣ ਤੋਂ ਪਹਿਲਾਂ ਸੌਂ ਜਾਂਦੇ ਸਨ। ਗੁਰਚਰਨ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ। ਰੋਟੀ ਤਿਆਰ ਕਰਦੀ ਕਿਰਪਾਲ ਕੌਰ ਉਸ ਨੂੰ ਬਹੁਤਾ ਹੀ ਚੁੱਪ ਚੁੱਪ ਜਿਹਾ ਲੱਗੀ। ਉਸ ਨੇ ਰੋਟੀ ਤਿਆਰ ਕਰ ਕੇ ਗੁਰਚਰਨ ਅੱਗੇ ਲਿਆ ਧਰੀ। ਪਰ ਮੂੰਹੋਂ ਕੁਛ ਨਾ ਬੋਲੀ। ਗੁਰਚਰਨ ਨੂੰ ਉਸ ਦੇ ਵਿਵਹਾਰ ਤੋਂ ਘੋਰ ਹੈਰਾਨੀ ਹੋਈ। ਕਿਰਪਾਲ ਕੌਰ ਹਰ ਰੋਜ਼ ਕੰਮ ਤੋਂ ਪਰਤੇ ਗੁਰਚਰਨ ਨਾਲ਼ ਗੱਲਾਂ ਬਾਤਾਂ ਕਰਦੀ। ਬੀਤੇ ਦਿਨ ਬਾਰੇ ਪੁੱਛਦੀ। ਪਰ ਅੱਜ ਤਾਂ ਉਹ ਮੂੰਹੋਂ ਹੀ ਨਹੀਂ ਫ਼ੁੱਟੀ ਸੀ।

-"ਕੀ ਗੱਲ ਚੁੱਪ ਜੀ ਐਂ-ਸੁੱਖ ਐ…?" ਉਸ ਨੇ ਰੋਟੀ ਖਾਂਦਿਆਂ ਪੁੱਛਿਆ।
-"ਮੇਰਾ ਨਾ ਅੱਜ ਸਿਰ ਬਹੁਤ ਦੁਖੀ ਜਾਂਦੈ-ਲੱਗਦੈ ਜਿਵੇਂ ਬੁਖ਼ਾਰ ਹੁੰਦੈ।" ਉਸ ਨੇ ਨਿਰੋਲ ਝੂਠ ਬੋਲਿਆ।
-"ਫੇਰ ਰੋਟੀ ਲਾਹ ਕੇ ਰੱਖ ਦੇਣੀਂ ਸੀ ਤੇ ਅਰਾਮ ਕਰ ਲੈਣਾਂ ਸੀ-ਰੋਟੀ ਮੈਂ ਆਪੇ ਗਰਮ ਕਰਕੇ ਖਾ ਲੈਂਦਾ-ਕੰਮ ‘ਤੇ ਵੀ ਆਪ ਈ ਗਰਮ ਕਰੀਦੀਐਂ-ਉਥੇ ਕਿਹੜਾ ਬੇਬੇ ਬੈਠੀ ਹੁੰਦੀ ਐ?" ਗੁਰਚਰਨ ਸਿੰਘ ਆਦਤ ਮੂਜਬ ਹੱਸਿਆ।
-"ਮੈਂ ਸੋਚਿਆ-ਜੇ ਬੰਦੇ ਨੂੰ ਕੰਮ ਤੋਂ ਆਉਣ ਸਾਰ ਗਰਮ ਗਰਮ ਰੋਟੀ ਨਾ ਮਿਲ਼ੇ-ਕੀ ਫ਼ਾਇਦਾ ਮੇਰਾ ਘਰ ਬੈਠੀ ਦਾ?"
-"ਉਏ ਇਹ ਗੱਲਾਂ ਨ੍ਹੀ ਸੋਚੀਦੀਆਂ ਹੁੰਦੀਆਂ…! ਸਿਹਤ ਐ ਤਾਂ ਸਭ ਕੁਛ ਐ-ਜੇ ਸਿਹਤ ਈ ਨ੍ਹੀਂ ਠੀਕ…!" ਰੋਟੀ ਖਾਂਦੇ ਗੁਰਚਰਨ ਨੇ ਗੱਲ ਵਿਚੇ ਹੀ ਛੱਡ ਦਿੱਤੀ।
-"ਚਲੋ ਕੋਈ ਗੱਲ ਨ੍ਹੀ-ਤੁਸੀਂ ਸਕੂਨ ਨਾਲ਼ ਰੋਟੀ ਖਾਓ-ਮੈਂ ਠੀਕ ਹੋਜੂੰਗੀ ਕੱਲ੍ਹ ਤੱਕ-ਪੈਰਾਸਿਟਾਮੋਲ ਲਈ ਐ।"
-"ਮੈਂ ਕੱਲ੍ਹ ਨੂੰ ਵੀ ਕੰਮ ਕਰਨੈਂ-।" ਗੁਰਚਰਨ ਨੇ ਦੱਸਿਆ। -"ਕਿੰਨੇ ਵਜੇ…?" -"ਆਹੀ ਡਿਊਟੀ-ਦਸ ਤੋਂ ਦਸ਼…!"
-"ਸ਼ਨਿੱਚਰ ਐਤਵਾਰ ਤਾਂ ਛੁੱਟੀ ਕਰ ਲਿਆ ਕਰੋ..!"
-"ਉਏ ਘਰੇ ਵੀ ਕੀ ਕਰਨੈਂ…? ਅਗਲੇ ਮਹੀਨੇ ਮੈਂ ਰੋਡ ਟੈਕਸ ਵੀ ਭਰਨੈਂ ਤੇ ਕਾਰ ਦੀ ਇੰਸ਼ੋਰੈਂਸ ਵੀ ਆਉਣ ਆਲ਼ੀ ਐ-ਮੈਂ ਕਿਹਾ ਦੋ ਤਿੰਨ ਸ਼ਨੀਵਾਰ ਲਾ ਲਈਏ-ਵਾਧੂ ਖਰਚਾ ਪੂਰਾ ਹੋਜੂ।"
-"ਚਲੋ…! ਥੋਡੀ ਮਰਜੀ..!" ਕਿਰਪਾਲ ਕੌਰ ਨੇ ਆਖਿਆ।

ਵੈਸੇ ਉਸ ਨੇ ਸ਼ੁਕਰ ਵੀ ਕੀਤਾ ਕਿ ਗੁਰਚਰਨ ਕੰਮ ‘ਤੇ ਹੋਵੇਗਾ ਤਾਂ ਸੀਤਲ ਨੂੰ ਸਮਝਾਉਣ ‘ਚ ਸੌਖ ਹੋ ਜਾਵੇਗੀ। ਉਹ ਵਾਹ ਲੱਗਦੀ ਘਰਵਾਲ਼ੇ ਤੋਂ ਭੇਦ, ਭੇਦ ਹੀ ਰੱਖਣਾਂ ਚਾਹੁੰਦੀ ਸੀ। ਗੁਰਚਰਨ ਨੇ ਰੋਟੀ ਖਾ ਲਈ। ਬੱਚਿਆਂ ਬਾਰੇ ਉਸ ਨੇ ਕੁਝ ਵੀ ਨਾ ਪੁੱਛਿਆ। ਹੱਥ ਧੋ ਕੇ ਕੱਪੜੇ ਬਦਲਣ ਲੱਗ ਪਿਆ। ਕਿਰਪਾਲ ਕੌਰ ਵੀ ਸੌਣ ਚਲੀ ਗਈ। ਗਰਮ ਦੁੱਧ ਪੀ ਕੇ ਗੁਰਚਰਨ ਤਾਂ ਪੈਣ ਸਾਰ ਹੀ ਘੁਰਾੜ੍ਹੇ ਮਾਰਨ ਲੱਗ ਪਿਆ। ਪਰ ਨੀਂਦ ਕਿਰਪਾਲ ਕੌਰ ਦੇ ਨੇੜੇ ਤੇੜੇ ਵੀ ਨਹੀਂ ਸੀ। ਸੀਤਲ ਦੀਆਂ ਕਰਤੂਤਾਂ ਨੇ ਉਸ ਦੀ ਨੀਂਦ ਚੱਟ ਲਈ ਸੀ। ਪਰ ਗੁਰਚਰਨ ਸਿੰਘ ਗੂੜ੍ਹੀ ਨੀਂਦ ਸੌਂ ਰਿਹਾ ਸੀ। ਕਿਰਪਾਲ ਕੌਰ ਘੱਟੋ ਘੱਟ ਗੁਰਚਰਨ ਨੂੰ ਉਤਨਾ ਚਿਰ ਦੱਸਣਾਂ ਮੁਨਾਸਿਬ ਨਹੀਂ ਸਮਝਦੀ ਸੀ, ਜਿਤਨਾ ਚਿਰ ਪਾਣੀ ਸਿਰ ਤੋਂ ਦੀ ਨਹੀਂ ਲੰਘਦਾ ਸੀ। ਉਹ ਸੋਚਦੀ ਸੀ ਕਿ ਮੇਰਾ ਬੰਦਾ ਸਵੇਰ ਦਸ ਵਜੇ ਤੋਂ ਰਾਤ ਦੇ ਦਸ ਵਜੇ ਤੱਕ, ਬਾਰ੍ਹਾਂ ਬਾਰ੍ਹਾਂ ਘੰਟੇ ਕੰਮ ਕਰਦੈ, ਤੇ ਕੰਮ ਵਾਲ਼ੇ ਬੰਦੇ ਨੂੰ ਅਰਾਮ ਵੀ ਤਾਂ ਚਾਹੀਦੈ। ਅਗਰ ਮੈਂ ਉਸ ਨੂੰ ਸੀਤਲ ਦੇ ਕਾਰਿਆਂ ਬਾਰੇ ਦੱਸ ਦਿੱਤਾ, ਤਾਂ ਗੁਰਚਰਨ ਦੀ ਨੀਂਦ ਹਰਾਮ ਹੋ ਜਾਵੇਗੀ ਅਤੇ ਉਹ ਤੋੜਾ-ਖੋਹੀ ਕਰੇਗਾ। ਇਸ ਲਈ ਵਾਹ ਲੱਗਦੀ ਉਹ ਇਹ ਮਸਲਾ ਅਜੇ ਆਪਣੇ ਤੱਕ ਹੀ ਸੀਮਤ ਰੱਖਣਾਂ ਚਾਹੁੰਦੀ ਸੀ। ਅਗਲੇ ਦਿਨ ਸ਼ਨਿੱਚਰਵਾਰ ਸੀ। ਗੁਰਚਰਨ ਤਿਆਰ ਹੋ ਕੇ ਸਵੇਰੇ ਨੌਂ ਵਜੇ ਹੀ ਕੰਮ ‘ਤੇ ਚਲਾ ਗਿਆ। ਕਿਰਪਾਲ ਕੌਰ ਨੂੰ ਸਾਰੀ ਰਾਤ ਨੀਂਦ ਨਹੀਂ ਪਈ ਸੀ। ਉਹ ਜਿਵੇਂ ਪਈ ਸੀ, ਉਵੇਂ ਹੀ ਉਠ ਬੈਠੀ ਸੀ। ਗੁਰਚਰਨ ਲਈ ਪਰਾਉਂਠੇ ਪਕਾ ਕੇ ਡੱਬੇ ਵਿਚ ਪਾ ਦਿੱਤੇ ਸਨ। ਗੁਰਚਰਨ ਨੇ ਚਾਹ ਪੀਂਦਿਆਂ ਕਿਰਪਾਲ ਕੌਰ ਦੀ ਸਿਹਤ ਦਾ ਹਾਲ ਪੁੱਛਿਆ ਤਾਂ ਕਿਰਪਾਲ ਕੌਰ ਨੇ "ਹੁਣ ਠੀਕ ਐਂ" ਆਖ ਕੇ ਉਸ ਦਾ ਫ਼ਿਕਰ ਨਬੇੜ ਦਿੱਤਾ ਸੀ। ਪਰਾਉਂਠਿਆਂ ਵਾਲ਼ਾ ਡੱਬਾ ਅਤੇ ਚਾਹ ਵਾਲ਼ੀ ਥਰਮੋਸ ਲੈ ਕੇ ਗੁਰਚਰਨ ਕੰਮ ‘ਤੇ ਚਲਾ ਗਿਆ ਸੀ। ਗਿਆਰਾਂ ਕੁ ਵਜੇ ਕਿਰਪਾਲ ਕੌਰ ਨੇ ਸੀਤਲ ਅਤੇ ਪਾਇਲ ਨੂੰ ਉਠਾ ਲਿਆ। ਪਾਇਲ ਤਾਂ ਬੁਰਸ਼ ਕਰ ਕੇ ਹੇਠਾਂ ਆ ਗਈ। ਪਰ ਸੀਤਲ ਅਜੇ ਉਪਰ ਹੀ ਸੀ। ਕਿਰਪਾਲ ਕੌਰ ਨੇ ਪਾਇਲ ਨੂੰ ਨਾਸ਼ਤਾ ਬਣਾ ਦਿੱਤਾ।

-"ਸੀਤਲ਼!" ਕਿਰਪਾਲ ਕੌਰ ਨੇ ਅਵਾਜ਼ ਮਾਰੀ। -"…….।“ ਪਰ ਉਪਰੋਂ ਕੋਈ ਅਵਾਜ਼ ਨਾ ਆਈ।
-"ਸੀਤਲ਼…! ਕੀ ਕਰਦੀ ਐਂ ਪੁੱਤ ਉਤੇ…? ਥੱਲੇ ਆ ਜਾਹ-ਨਾਸ਼ਤਾ ਬਣਿਆਂ ਪਿਐ…!" ਸੀਤਲ ਭੂਚਾਲ਼ ਵਾਂਗ ਥੱਲੇ ਆ ਗਈ। -"ਮੰਮ…! ਵਾਏ ਆਰ ਯੂ ਸ਼ਾਊਟਿੰਗ਼…?" ਉਸ ਨੇ ਬਦਤਮੀਜ਼ਾਂ ਵਾਂਗ ਕਿਹਾ।
-"ਸੀਤਲ਼…! ਬਹੇਵ ਯੂਅਰਸੈਲਫ਼…!" ਪਾਇਲ ਨੇ ਵਰਜਿਆ।
-"ਮੈਂ ਤਾਂ ਪੁੱਤ ਤੈਨੂੰ ਕੋਈ ਸ਼ਾਊਟ ਨ੍ਹੀ ਕੀਤਾ-ਮੈਂ ਤਾਂ ਤੈਨੂੰ ਨਾਸ਼ਤੇ ਵਾਸਤੇ ਈ ਆਖਿਐ…।" ਕਿਰਪਾਲ ਕੌਰ ਅੱਧ ਕੁ ਦੀ ਹੋ ਕੇ ਬੋਲੀ। -"ਆਈ ਡੋਂਟ ਵਾਂਟ ਐਨੀ ਨਾਸ਼ਤਾ…!" ਤੇ ਉਹ ਫਿਰ ਅੱਗ ਲੱਗੀ ਵਾਲ਼ਿਆਂ ਵਾਂਗ ਉਪਰ ਚੜ੍ਹ ਗਈ।
-"ਕਿਹੋ ਜੀ ਕੁੜੀ ਐ ਇਹੇ-ਹਾਏ ਰੱਬਾ ਕੀ ਹੋ ਗਿਆ ਇਹਨੂੰ…?" ਉਹ ਇਕ ਤਰ੍ਹਾਂ ਨਾਲ਼ ਕੁਰਸੀ ‘ਚ ਡਿੱਗ ਪਈ। ਪਾਇਲ ਚੁੱਪ ਚਾਪ ਨਾਸ਼ਤਾ ਕਰ ਰਹੀ ਸੀ।
-"ਇਹ ਉਪਰ ਕਰਦੀ ਕੀ ਐ…?" -"ਮੇਕ ਅੱਪ…!"
-"ਮੇਕ ਅੱਪ ਕਰਕੇ ਇਹਨੇ ਕਿਤੇ ਜਾਣੈਂ…?"
-"ਪਤਾ ਨ੍ਹੀ…!" ਪਾਇਲ ਬੜੇ ਸੰਖੇਪ ਉਤਰ ਦੇ ਰਹੀ ਸੀ।

ਕਿਰਪਾਲ ਕੌਰ ਸਾਹਣ ਵਾਂਗ ਧੁੱਸ ਦੇ ਕੇ ਉਪਰ ਚਲੀ ਗਈ। ਸੀਤਲ ਮੇਕ-ਅੱਪ ਵਿਚ ਰੁੱਝੀ ਹੋਈ ਸੀ। ਉਸ ਨੇ ਕਿਰਪਾਲ ਕੌਰ ਆਈ ਦਾ ਬਹੁਤਾ ਕੋਈ ਨੋਟਿਸ ਨਾ ਲਿਆ। ਕਿਰਪਾਲ ਕੌਰ ਨੂੰ ਗੁੱਸਾ ਤਾਂ ਬਹੁਤ ਚੜ੍ਹਿਆ। ਉਸ ਦਾ ਜੀਅ ਕੀਤਾ ਕਿ ਡੰਡਾ ਲੈ ਕੇ ਸੀਤਲ ਦੀ ਤਹਿ ਲਾ ਦੇਵੇ। ਪਰ ਕੰਮ ਖਰਾਬ ਹੋਣ ਦੇ ਡਰੋਂ ਉਸ ਨੇ ਧਹੱਮਲ ਹੀ ਵਰਤੀ।

-"ਸੀਤਲ਼…! ਪੁੱਤ ਮੇਰੇ ਕੋਲ਼ ਤਾਂ ਬੈਠ-ਮੈਂ ਤੇਰੇ ਨਾਲ਼ ਗੱਲ ਕਰਨੀ ਐਂ-!"
-"ਮੰਮ, ਆਈ ਡੋਂਟ ਵਾਂਟ ਟੂ ਟਾਕ ਟੂ ਯੂ…! ਰਾਈਟ?" ਸੀਤਲ ਨੇ ਤੋੜ ਕੇ ਉਤਰ ਮੋੜਿਆ।
-"ਸੀਤਲ, ਪੁੱਤ ਤੈਨੂੰ ਚੰਗੀ ਭਲੀ ਨੂੰ ਕੀ ਹੋ ਗਿਆ? ਪੁੱਤ ਅਸੀਂ ਤਾਂ ਤੇਰਾ ਕਦੇ ਮੂੰਹ ਵੀ ਨਹੀਂ ਫ਼ਿਟਕਾਰਿਆ ਕਦੇ? ਤੂੰ ਮੈਨੂੰ ਮੂੰਹ ਨ੍ਹੀ ਬੋਲਦੀ? ਪੁੱਤ ਮੈਂ ਫੇਰ ਵੀ ਤੇਰੀ ਮਾਂ ਐਂ-ਮੇਰੀ ਗੱਲ ਤਾਂ ਸੁਣ…!" ਕਿਰਪਾਲ ਕੌਰ ਨੇ ਤਰਲਾ ਪਾਇਆ।

-"ਮੰਮ, ਆਈ ਟੋਲਡ ਯੂ ਆਲਰੈਡੀ-ਆਈ ਡੋਂਟ ਵਾਂਟ ਟੂ ਟਾਕ ਟੂ ਯੂ…!" ਉਹ ਆਪਣੀ ਮੇਕ-ਅੱਪ ਵਿਚ ਹੀ ਮਘਨ ਰਹੀ। ਉਸ ਨੇ ਮਾਂ ਵੱਲ ਤੱਕਣ ਦੀ ਵੀ ਤਕਲੀਫ਼ ਨਾ ਕੀਤੀ। ਕਿਰਪਾਲ ਕੌਰ ਦੇ ਸਿਰ ਨੂੰ ਫ਼ਤੂਰ ਚੜ੍ਹ ਗਿਆ।
-"ਤੂੰ ਹੁਣ ਸਾਡੇ ਨਾਲ਼ ਕਾਹਨੂੰ ਗੱਲ ਕਰਨਾ ਚਾਹੁੰਨੀ ਐਂ-ਤੈਨੂੰ ਤਾਂ ਅੱਜ ਕੱਲ੍ਹ ਮੁਸਲੇ ਈ ਚੰਗੇ ਲੱਗਦੇ ਐ-ਜਿੰਨ੍ਹਾਂ ਨਾਲ਼ ਤੂੰ ਪਾਰਕਾਂ ‘ਚ ਖੜ੍ਹ ਕੇ ਮੂੰਹ ‘ਚ ਮੂੰਹ ਪਾਉਨੀ ਐਂ ਕੁੱਤੀਏ…!"

ਉਸ ਨੇ ਅਗਲਾ ਪਿਛਲਾ ਸਾਰਾ ਗੁੱਭ ਗੁਭਾਹਟ ਕੱਢ ਮਾਰਿਆ। ਸੀਤਲ ਦੇ ਵਰਤਾਓ ਤੋਂ ਉਸ ਦੇ ਮਨ ਤਨ ਨੂੰ ਅੱਗ ਲੱਗ ਗਈ ਸੀ। ਚਾਹੇ ਕਿਰਪਾਲ ਕੌਰ ਨੂੰ ਅੰਗਰੇਜ਼ੀ ਬਹੁਤੀ ਨਹੀਂ ਆਉਂਦੀ ਸੀ। ਪਰ ਉਹ ਸਮਝ ਤਕਰੀਬਨ ਸਾਰੀ ਹੀ ਲੈਂਦੀ ਸੀ। ਬੱਚੇ ਘਰ ਵਿਚ ਆਮ ਹੀ ਅੰਗਰੇਜ਼ੀ ਬੋਲਦੇ ਸਨ। ਕਿਰਪਾਲ ਕੌਰ ਨੇ ਗੋਰਿਆਂ ਦੀ ਇਕ ਕੱਪੜੇ ਦੀ ਫ਼ੈਕਟਰੀ ਵਿਚ ਕੰਮ ਕੀਤਾ ਸੀ। ਜਿੱਥੇ ਉਸ ਨੂੰ ਥੋੜੀ ਬਹੁਤੀ ਅੰਗਰੇਜ਼ੀ ਸਮਝਣੀ ਅਤੇ ਸਮਝਾਉਣੀ ਆ ਗਈ ਸੀ। ਅੰਗਰੇਜ਼ੀ ਪੱਖੋਂ ਉਹ ਆਪਣਾ ਵਧੀਆ ਡੰਗ ਸਾਰਾ ਲੈਂਦੀ ਸੀ।

-"ਸੋ ਵਾਅਟ…? ਆਈ ਐੱਮ ਅਡੱਲਟ, ਰਾਈਟ? ਆਈ ਐੱਮ ਓਵਰ ਏਟੀਨ…! ਆਈ ਕੈਨ ਮੈਨੇਜ ਮਾਈ ਓਨ ਲਾਈਫ਼ ਮਾਈ ਸੈੱਲਫ਼…!" ਉਸ ਨੇ ਆਖਰੀ ਤੋੜਾ ਝਾੜ ਦਿੱਤਾ।
-"ਅੱਛਾ…! ਹੁਣ ਤੂੰ ਸੜਕਾਂ ਜਾਂ ਪਾਰਕਾਂ ‘ਚ ਕੰਜਰਖਾਨਾਂ ਕਰਿਆ ਕਰੇਂਗੀ?" ਰੌਲ਼ਾ ਸੁਣ ਕੇ ਪਾਇਲ ਉਪਰ ਆ ਗਈ। -"ਸੀਤਲ, ਵਾਏ ਆਰ ਯੂ ਸੋ ਰੂਡ ਟੂ ਮੰਮ…? ਆਨਸਰ ਹਰ ਕੁਐਸਚਨ…!"
-"ਓਹ ਯੂ ਸ਼ੱਟ ਯੂਅਰ ਮਾਊਥ, ਯੂ ਅਗਲੀ ਬਿੱਚ…!" ਤੇ ਉਹ ਆਪਣੀ ਮੇਕ-ਅੱਪ ਪੂਰੀ ਕਰ ਆਪਣਾ ਪਰਸ ਲੈ ਕੇ ਦਗੜ ਦਗੜ ਕਰਦੀ ਪੌੜੀਏਂ ਉਤਰ ਗਈ ਅਤੇ ਘਰੋਂ ਬਾਹਰ ਹੋ ਗਈ। ਕਿਰਪਾਲ ਕੌਰ ਅਤੇ ਪਾਇਲ ਠੱਗਿਆਂ ਵਾਂਗ ਝਾਕ ਰਹੀਆਂ ਸਨ।
-"ਦੇਖ ਲੁੱਚੀ ਨੂੰ ਕੀ ਅੱਗ ਲੱਗੀ ਐ ਨ੍ਹੀ…! ਲੂਤ ਲੂਤ ਕਰਦੀ ਫਿਰਦੀ ਐ…!" ਕਿਰਪਾਲ ਕੌਰ ਨੇ ਅੰਦਰਲੀ ਭੜ੍ਹਾਸ ਬਾਹਰ ਕੱਢੀ। -"ਮੰਮ, ਡੋਂਟ ਵਰੀ…! ਧੱਕੇ ਖਾ ਕੇ ਆਪੇ ਆ ਜਾਊ-!" ਪਾਇਲ ਤੋਂ ਦੁਖੀ ਮਾਂ ਦਾ ਮੂੰਹ ਦੇਖਿਆ ਨਹੀਂ ਗਿਆ ਸੀ।

ਕਿਰਪਾਲ ਕੌਰ ਭੁੰਜੇ ਬੈਠ ਕੇ ਕੀਰਨੇ ਪਾਉਣ ਲੱਗ ਪਈ। ਦੁਖੀ ਅਤੇ ਘਬਰਾਈ ਪਾਇਲ ਨੇ ਰਸੋਈ ਦੀ ਬਾਰੀ ਬੰਦ ਕਰ ਦਿੱਤੀ ਕਿ ਕਿਤੇ ਕੁਝ ਗੁਆਂਢੀਆਂ ਨੂੰ ਨਾ ਸੁਣ ਜਾਵੇ। ਬੇਇਜ਼ਤੀ ਹੋਵੇਗੀ। ਦਿਨੋਂ ਦਿਨ ਸੀਤਲ ਇਮਰਾਨ ਦੇ ਨੇੜੇ ਹੁੰਦੀ ਗਈ। ਕਾਲਜ ਬਰੇਕ ਮੌਕੇ ਉਹ ਇਮਰਾਨ ਦੀ ਬੁੱਕਲ਼ ਵਿਚ ਪਈ ਰਹਿੰਦੀ। ਰਾਤ ਨੂੰ ਰਜਾਈ ਵਿਚ ਲੁਕ ਕੇ ਘੰਟਾ ਘੰਟਾ ਉਸ ਨਾਲ਼ ਫ਼ੋਨ ‘ਤੇ ਗੱਲਾਂ ਕਰਦੀ। ਰਾਤ ਨੂੰ ਉਸ ਨੂੰ ਨੀਂਦ ਨਾ ਆਉਂਦੀ। ਕਾਲਜ ਤੋਂ ਬਾਅਦ ਇਮਰਾਨ ਦੇ ਕਮਰੇ ਵਿਚ ਜਾ ਕੇ ਉਸ ਨਾਲ਼ ਹਮ-ਬਿਸਤਰ ਹੁੰਦੀ। ਵਿਸਕੀ ਪੀਂਦੀ। ਹੋਰ ਤਾਂ ਹੋਰ, ਹੁਣ ਤਾਂ ਉਹ ਇਮਰਾਨ ਨਾਲ਼ ਸਿਗਰਟ ਦੇ ਸੂਟੇ ਵੀ ਲਾਉਣ ਲੱਗ ਪਈ ਸੀ। ਇਮਰਾਨ ਪੰਜਾਬੀ ਪਾਕਸਤਾਨੀ ਸੀ। ਕਦੇ ਕਦੇ ਉਹ ਠੇਠ ਪੰਜਾਬੀ ਵਿਚ ਗੱਲਾਂ ਕਰਦੇ। ਪੰਜਾਬੀ ਵੱਲੋਂ ਉਹਨਾਂ ਵਿਚੋਂ ਕੋਈ ਵੀ ਮਾਰ ਨਹੀਂ ਖਾਂਦਾ ਸੀ। ਇਮਰਾਨ ਦਾ ਸਾਰਾ ਪ੍ਰੀਵਾਰ ਘਰੇ ਪੰਜਾਬੀ ਬੋਲਦਾ ਸੀ। ਇਮਰਾਨ ਦੀ ਮਾਂ ਨੂੰ ਤਾਂ ਇਕ ਲਫ਼ਜ਼ ਵੀ ਅੰਗਰੇਜ਼ੀ ਦਾ ਨਹੀਂ ਆਉਂਦਾ ਸੀ। ਅੰਗਰੇਜ਼ੀ ਨਾਲ਼ ਉਸ ਦਾ ਵਾਹ ਹੀ ਨਹੀਂ ਪਿਆ ਸੀ। ਨਾ ਕੰਮ ਕੀਤਾ ਸੀ, ਨਾ ਕਾਰ। ਨਾ ਹੀ ਕੰਮ ਕਰਨ ਦੀ ਉਸ ਨੂੰ ਜ਼ਰੂਰਤ ਹੀ ਪਈ ਸੀ। ਕਿਉਂਕਿ ਇਮਰਾਨ ਦੇ ਬਾਪ ਖ਼ਾਨ ਕੋਲ਼ ਖੁੱਲ੍ਹਾ ਪੈਸਾ ਸੀ। ਹੁਣ ਤਾਂ ਉਸ ਦੇ ਜੁਆਕ ਵੀ ਕੰਮ ਕਾਰ ਕਰਨ ਲੱਗ ਪਏ ਸਨ। ਖੁੱਲ੍ਹੀ ਡੁੱਲ੍ਹੀ ਪ੍ਰਾਪਰਟੀ ਸੀ। ਪੈਸੇ ਵੱਲੋਂ ਕੋਈ ਚਿੰਤਾ ਨਹੀਂ ਸੀ।

-"ਇਮਰਨ..!" ਇਮਰਾਨ ਨਾਲ਼ ਨਿਰਵਸਤਰ ਪਈ ਸੀਤਲ ਬੋਲੀ। -"ਹਾਂ…?" -"ਇਕ ਗੱਲ ਪੁੱਛਾਂ…?"
-"ਸੌ ਪੁੱਛੋ ਸੋਹਣਿਓਂ…!" -"ਤੇਰੀ ਨਜ਼ਰ ਵਿਚ ਪਿਆਰ ਦੀ ਪ੍ਰੀਭਾਸ਼ਾ ਕੀ ਐ…?" ਉਸ ਨੇ ਇਕ ਅਵੱਲਾ ਹੀ ਸੁਆਲ ਇਮਰਾਨ ਵੱਲ ਵਗਾਹ ਮਾਰਿਆ, "ਆਈ ਮੀਨ ਡੈਫ਼ੀਨੇਸ਼ਨ ਔਫ਼ ਲਵ…!" ਇਮਰਾਨ ਉਠ ਕੇ ਬੈਠ ਗਿਆ। ਇਕ ਗੁੰਝਲ਼ਦਾਰ ਸੁਆਲ ਨੇ ਉਸ ਨੂੰ ਰੋਲ਼ ਲਿਆ ਸੀ।
-"ਮੈਨੂੰ ਪੰਜਾਬੀ ਵੀ ਪੂਰੀ ਆਂਦੀ ਐ ਤੇ ਅੰਗਰੇਜ਼ੀ ਵੀ-ਤੂੰ ਪਿਆਰ ਦੀ ਪ੍ਰੀਭਾਸ਼ਾ ਦੀ ਗੱਲ ਪੁੱਛੀ ਐ-ਮੇਰੇ ਨਿੱਜੀ ਵਿਚਾਰ ਹਨ ਕਿ ਪਿਆਰ ਦੀ ਕੋਈ ਪ੍ਰੀਭਾਸ਼ਾ ਨਹੀਂ…! ਪ੍ਰੀਭਾਸ਼ਾ ਸਿਰਫ਼ ਅਤੇ ਸਿਰਫ਼ ਪਾਖੰਡੀ ਜਾਂ ਫ਼ਰੇਬੀ ਹੀ ਦੱਸ ਸਕਦੇ ਨੇ…! ਪਿਆਰ ਦਾ ਮਤਲਬ ਕਿਸੇ ਦੇ ਹਿਰਦੇ ਵਿਚ ਤਨ-ਮਨ ਨਾਲ਼ ਵਸ ਜਾਣਾ ਔਰ ਕਿਸੇ ਨੂੰ ਦਿਲ ਵਿਚ ਵਸਾ ਲੈਣਾ…! ਤੇਰ-ਮੇਰ ਅਤੇ ‘ਮੈਂ-ਤੂੰ’ ਤੋਂ ਨਿਰਲੇਪ…! ਜ਼ਿੰਦਗੀ ਅਤੇ ਰਿਸ਼ਤੇ ਦੀ ਹਰ ਸਰਹੱਦ ਤੋਂ ਪਾਰ…! ਰੂਹਾਂ ਦਾ ਇਕ-ਮਿੱਕ ਹੋ ਜਾਣਾ ਪ੍ਰੇਮ ਦੀ ਪ੍ਰੀਭਾਸ਼ਾ ਨਹੀਂ ਅਰਥ ਐ…! ਸੁਆਰਥ ਅਤੇ ਪ੍ਰੇਮ ਇਕ ਦੂਜੇ ਦੇ ਵਿਰੋਧੀ ਸ਼ਬਦ ਨੇ…! ਪਰ ਉਸ ਦੀ ਪ੍ਰੀਭਾਸ਼ਾ ਨਹੀਂ ਦੱਸੀ ਜਾ ਸਕਦੀ..! ਗੂੰਗੇ ਦੇ ਗੁੜ ਖਾਣ ਵਾਂਗ਼..!! ਤੁਸੀਂ ਕੀ ਦੱਸੋਂਗੇ ਕਿ ਮੈਂ ਕਿਸੇ ਨੂੰ ਪੰਜ ਕਿਲੋ ਪ੍ਰੇਮ ਕਰਦਾ ਹਾਂ..? ਪੰਜ ਫ਼ੁੱਟ…? ਜਾਂ ਫਿਰ ਪੰਜ ਕਿਲੋਮੀਟਰ…??? ਪੰਜ ਮੀਲ ਜਾਂ ਪੰਦਰਾਂ ਮਣ…? ਜਿਸ ਨਾਲ਼ ਪ੍ਰੇਮ ਹੋ ਜਾਵੇ, ਉਸ ਨੂੰ ਤਾਂ ਹਿਰਦੇ ਅੰਦਰੋਂ ਹੀ ਮਹਿਸੂਸ ਕਰ ਕੇ ਜੋ ਆਨੰਦ ਆਉਂਦਾ ਹੈ, ਦੱਸਣ ਤੋਂ ਪਰ੍ਹੇ ਅਤੇ ਦਿਸਹੱਦਿਆਂ ਤੋਂ ਪਾਰ ਹੈ…!" ਸੀਤਲ ਇਮਰਾਨ ਦੇ ਉਤਰ ਤੋਂ ਸੰਤੁਸ਼ਟ ਸੀ। ਮੰਤਰ ਮੁਘਧ ਹੋਈ ਸੁਣ ਰਹੀ ਸੀ। ਇਮਰਾਨ ਨੇ ਉਸ ਦੀ ਤਸੱਲੀ ਹੀ ਤਾਂ ਕਰਵਾ ਦਿੱਤੀ ਸੀ।

-"ਪਰ…!" ਉਸ ਨੇ ਸੀਤਲ ਨੂੰ ‘ਵਾਰਨਿੰਗ’ ਦੇਣ ਵਾਲ਼ਿਆਂ ਵਾਂਗ ਕਹਿ ਕੇ ਗੱਲ ਅੱਗੇ ਸ਼ੁਰੂ ਕੀਤੀ, "ਪਰ, ਸਿਰਫ਼ ‘ਭਾਰ ਢੋਣ’ ਵਾਲ਼ੇ ਰਿਸ਼ਤੇ ਗਲ਼ ਪਾ ਕੇ ਇਸ ਨੂੰ ਗਲ਼ ਪਿਆ ‘ਢੋਲ’ ਵਜਾਉਣਾ ਤਾਂ ਆਖਿਆ ਜਾ ਸਕਦਾ ਹੈ, ਪਰ ਪਿਆਰ ਨਹੀਂ..! ਹਰ ਰਿਸ਼ਤੇ ਵਿਚ ਪਿਆਰ ਦਾ ਪਹਿਲੂ, ਆਈ ਮੀਨ ਫ਼ੇਸ, ਪੁਆਇੰਟ ਔਫ਼ ਵਿਊ ਵੱਖਰਾ ਹੈ…ਅਸੀਂ ਮਾਂ ਨੂੰ ਚੁੰਮਦੇ ਹਾਂ ਤਾਂ ਸਾਡੇ ਮਨ ਵਿਚ ਕੁਝ ਹੋਰ ਹੈ…ਧੀ ਨੂੰ ਚੁੰਮਦੇ ਹਾਂ, ਮਨ ਵਿਚ ਕੁਝ ਹੋਰ ਹੈ, ਪਤਨੀ ਜਾਂ ਮਾਸ਼ੂਕ ਨੂੰ ਚੁੰਮਦੇ ਹਾਂ, ਤਾਂ ਦਿਲ ਵਿਚ ਕੁਝ ਹੋਰ ਹੈ…! ਜਿਵੇਂ ਲੋਕ ਰੱਬ ਨੂੰ ਪਿਆਰ ਨਹੀਂ ਕਰਦੇ…ਉਸ ਨੂੰ ਪਿਆਰ ਕਰਨ ਦਾ ਦਾਅਵਾ ਕਰਦੇ ਨੇ…! ਇਹ ਦਾਅਵਾ ਉਹਨਾਂ ਦੀ ਮਜਬੂਰੀ, ਡਰ, ਸੁਆਰਥ ਜਾਂ ਲਾਲਚ ਤਾਂ ਆਖਿਆ ਜਾ ਸਕਦਾ ਹੈ, ਪਰ ਪਿਆਰ ਨਹੀਂ…! ਕਿਉਂਕਿ ਮਾਨੁੱਖ ਨੂੰ ਸਵਰਗ, ਪੈਰਾਡਾਈਜ਼ ਦਾ ਲਾਲਚ ਅਤੇ ਨਰਕ, ਹੈੱਲ ਦਾ ਡਰ ਦਿੱਤਾ ਹੋਇਆ ਹੈ…! ਆਦਮੀ ਇਕ ਪਾਸੇ ਨੂੰ ਭੱਜਦਾ ਹੈ ਤੇ ਦੂਜੇ ਪਾਸਿਓਂ ਡਰਦਾ ਹੈ…! ਇਕ ਗੱਲ ਆਖਾਂ..? ਜਿਹੜਾ ਬੰਦਾ ਸਾਰੀ ਜ਼ਿੰਦਗੀ ਪ੍ਰੇਮ ਭਟਕਣਾ ਵਿਚ ਹੀ ਬਣਵਾਸ ਕੱਟਦਾ ਫਿਰਦਾ ਹੈ, ਸ਼ਾਇਦ ਉਹ ਤੈਨੂੰ ਪ੍ਰੇਮ ਦੀ ਪ੍ਰੀਭਾਸ਼ਾ ਸਮਝਾ ਵੀ ਨਾ ਸਕੇ…! ਜਾਂ ਹੋ ਸਕਦਾ ਹੈ, ਉਸ ਨੂੰ ਪ੍ਰੇਮ ਦੀ ਪ੍ਰੀਭਾਸ਼ਾ ਖ਼ੁਦ ਨੂੰ ਨਾ ਆਉਂਦੀ ਹੋਵੇ..? ਖ਼ੈਰ, ਕੁਝ ਹੋਰ ਪੁੱਛਣਾ ਹੈ ਤਾਂ ਦੱਸ਼..!" ਇਮਰਾਨ ਦੀਆਂ ਦਲੀਲਾਂ ਨੇ ਸੀਤਲ ਨੂੰ ਕੀਲ ਲਿਆ। -"ਬਾਗ਼ੀ ਹੋਣ ਜਾਂ ਕ੍ਰਾਂਤੀ, ਆਈ ਮੀਨ ਰਿਵਿਊਲੇਸ਼ਨ ਬਾਰੇ ਤੇਰਾ ਕੀ ਖਿਆਲ ਐ…?" ਉਹ ਉਸ ਨਾਲ਼ ਟਿੱਚ ਬਟਨ ਵਾਂਗ ਲੱਗੀ ਹੋਈ ਸੀ।

-"ਕ੍ਰਾਂਤੀ ਅੱਜ ਦੇ ਯੁੱਗ ਵਿਚ ਤਬਾਹੀ ਦਾ ਨਾਮ ਹੈ…! ਇਸ ਤੋਂ ਇਲਾਵਾ ਅੱਜ ਦੇ ਯੁੱਗ ਵਿਚ ਬੱਚਿਆਂ ਜਾਂ ਨੌਜਵਾਨਾਂ ਨੂੰ ਕ੍ਰਾਂਤੀ ਬਾਰੇ ਨਹੀਂ ਸ਼ਾਂਤੀ ਬਾਰੇ ਉਪਦੇਸ਼ ਦੇਣ ਦੀ ਲੋੜ ਹੈ-ਕਿਉਂਕਿ ਕਿਸੇ ਦਾ ਕੀਤਾ ਸਲੂਕ ਤੁਹਾਨੂੰ ਤੁਹਾਡੀ ਕਦਰ-ਕੀਮਤ ਦਰਸਾਉਂਦਾ ਹੈ-ਅਗਰ ਕੋਈ ਤੁਹਾਡੇ ਨਾਲ਼ ਪਿਆਰਾ ਤੇ ਮਿੱਠਾ ਮਿੱਠਾ ਸਲੂਕ ਕਰਦਾ ਹੈ, ਤੁਹਾਨੂੰ ਉਸ ‘ਤੇ ਮਾਣ ਵੀ ਹੁੰਦਾ ਹੈ ਅਤੇ ਉਸ ਪ੍ਰਤੀ ਸਤਿਕਾਰ ਵਿਚ ਵੀ ਵਾਧਾ ਹੁੰਦਾ ਹੈ-ਅਗਰ ਕੋਈ ਤੁਹਾਡੇ ਨਾਲ਼ ਜ਼ਾਲਮਾਨਾ ਵਿਵਹਾਰ ਕਰਦਾ ਹੈ, ਤੁਹਾਨੂੰ ਇਨਸਾਨ ਨਾ ਸਮਝ ਕੇ ਸਿਰਫ਼ ਆਪਣੇ ਮਨੋਰਥ ਪ੍ਰਤੀ ਹੀ ਸੁਚੇਤ ਹੈ, ਤੁਸੀਂ ਉਸ ਵੱਲੋਂ ਮੁੱਖ ਮੋੜ ਕੇ ‘ਆਪਣੇ’ ਰਸਤੇ ਪੈ ਜਾਂਦੇ ਹੋ ਅਤੇ ਨਿਕਲਣ ਵਾਲ਼ੇ ਸਿੱਟਿਆਂ ਦੀ ਪ੍ਰਵਾਹ ਨਹੀਂ ਕਰਦੇ-ਕਿਉਂਕਿ ਪੱਖਪਾਤ ਵਿਤਕਰੇ ਦੀ ਮਾਂ ਹੈ…!" -"ਯੂ ਆਰ ਗਰੇਟ ਇਮਰਨ-ਯੂ ਆਰ ਰੀਅਲੀ ਗਰੇਟ…!" ਉਸ ਨੇ ਘੁੱਟ ਕੇ ਉਸ ਨੂੰ ਗਲਵਕੜੀ ਪਾ ਲਈ। -"ਕੁਛ ਪੀਣੈਂ…?" ਇਮਰਾਨ ਨੇ ਪੁੱਛਿਆ। -"ਓਬੀਅਸਲੀ…! ਗਿਵ ਮੀ ਸਮ ਵਿਸਕੀ ਵਿਦ ਕੋਕ ਐਂਡ ਦੈਨ ਫ਼ੱਕ ਮੀ…!" ਉਹ ਲਾਚੜੀ ਹੋਈ ਬੋਲੀ। ਇਮਰਾਨ ਨੇ ਵਿਸਕੀ ਵਿਚ ਕੋਕ ਪਾ ਕੇ ਸੀਤਲ ਅੱਗੇ ਕਰ ਦਿੱਤਾ।

* * * * * * *

ਸੀਤਲ ਦੇ ਘਰ ਵਿਚ ਹੜਦੁੰਗ ਮੱਚਿਆ ਹੋਇਆ ਸੀ। ਪਾਣੀ ਸਿਰ ਉਪਰੋਂ ਲੰਘ ਜਾਣ ਕਾਰਨ ਪਾਇਲ ਦੀ ਮੌਜੂਦਗੀ ਵਿਚ ਕਿਰਪਾਲ ਕੌਰ ਨੇ ਗੁਰਚਰਨ ਨੂੰ ਸਾਰਾ ਕੁਝ ਬਗੈਰ ਕਿਸੇ ਭੂਮਿਕਾ ਤੋਂ ਦੱਸ ਦਿੱਤਾ ਸੀ। ਕੱਛ ਵਿਚੋਂ ਮੂੰਗਲ਼ਾ ਵੱਜਣ ਕਾਰਨ ਗੁਰਚਰਨ ਬੌਂਦਲ਼ ਜਿਹਾ ਗਿਆ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਘੁੰਮਣਘੇਰੀ ਵਿਚੋਂ ਸੀਤਲ ਨੂੰ ਕਿਵੇਂ ਬਾਹਰ ਕੱਢਿਆ ਜਾਵੇ? ਉਸ ਨੇ ਜੋਸ਼ ਨਾਲ਼ੋਂ ਹੋਸ਼ ਤੋਂ ਕੰਮ ਲੈਣਾਂ ਚਾਹਿਆ। ਪਰ ਅੱਕੀਂ ਪਲ਼ਾਈਂ ਹੱਥ ਮਾਰਨ ਵਾਂਗ ਦਿਮਾਗ ਵਿਚ ਕੁਝ ਵੀ ਤਾਂ ਨਹੀਂ ਆਇਆ ਸੀ। ਉਹ ਦਿਮਾਗ ਅੰਦਰ ਇਕ ਤਰ੍ਹਾਂ ਨਾਲ਼ ਕਰੋਲ਼ੇ ਜਿਹੇ ਦੇ ਰਿਹਾ ਸੀ। ਉਸ ਦੀ ਸੁਰਤ ਮਾਰੀ ਪਈ ਸੀ।

-"ਕਿਰਪਾਲ, ਜੇ ਝੱਗਾ ਚੱਕਾਂਗੇ ਤਾਂ ਆਪਣਾ ਢਿੱਡ ਈ ਨੰਗਾ ਹੋਊ…!"
-"ਪਰ ਕੁਛ ਨਾ ਕੁਛ ਤਾਂ ਕਰਨਾਂ ਈ ਪਊ? ਜੇ ਕੋਈ ਨਾ ਉਤਾ ਵਾਚਿਆ ਤਾਂ ਇਹ ਮੁਸਲਮਾਨ ਨਾਲ਼ ਨਿਕਲ਼ਜੂ-ਫੇਰ ਕੀ ਕਰਾਂਗੇ?" ਕਿਰਪਾਲ ਕੌਰ ਜਿਵੇਂ ਖੂਹ ‘ਚੋਂ ਬੋਲੀ ਸੀ।
-"…..।" ਗੁਰਚਰਨ ਚੁੱਪ ਸੀ। ਉਸ ਨੂੰ ਕੁਝ ਸੁੱਝ ਹੀ ਨਹੀਂ ਰਿਹਾ ਸੀ। -"ਤੁਸੀਂ ਇਉਂ ਕਰੋ…!"
-"ਦੱਸ਼…?" "ਉਸ ਮੁਸਲਮਾਨ ਦੇ ਘਰ ਦਾ ਪਤਾ ਕਰੋ-ਤੇ ਉਹਦੇ ਮਾਂ ਪਿਉ ਨਾਲ਼ ਗੱਲ ਕਰੋ-ਉਹਨਾਂ ਨੂੰ ਇਹ ਹੀ ਦੱਸੋ ਬਈ ਭਾਈ ਅਸੀਂ ਸਿੱਖ-ਤੁਸੀਂ ਮੁਸਲਮਾਨ-ਸਾਡਾ ਮੇਲ ਕਿੱਥੇ? ਜਿਹੜੀ ਗਲਤੀ ਜੁਆਕਾਂ ਨੇ ਹੁਣ ਤੱਕ ਕਰ ਲਈ-ਇਹਨਾਂ ਨੂੰ ਮੁਆਫ਼! ਤੇ ਹੁਣ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ…! ਆਪਾਂ ਫੇਰ ਵੀ ਇੰਡੀਅਨ ਤੇ ਪਾਕਿਸਤਾਨੀ ਭਾਈ ਐਂ-ਇੱਜ਼ਤ ਹਰੇਕ ਧਰਾਉਂਦੈ-ਹੁਣ ਸਾਡੇ ‘ਤੇ ਰਹਿਮ ਕਰੋ-ਅਜੇ ਤਾਂ ਕਿਸੇ ਨੂੰਝ ਪਤੈ-ਕਿਸੇ ਨੂੰ ਨਹੀਂ ਪਤਾ-ਆਪਣੇ ਮੁੰਡੇ ਨੂੰ ਸਮਝਾਓ! ਜੇ ਕੰਮ ਪਿਆਰ ਨਾਲ਼ ਨਿਕਲ਼ ਜਾਵੇ-ਉਹਦੇ ਨਾਲ਼ ਦੀ ਰੀਸ ਨ੍ਹੀ…!" ਗੁਰਚਰਨ ਚੁੱਪ ਚਾਪ ਸੁਣ ਰਿਹਾ ਸੀ। -"ਪਾਇਲ ਓਸ ਮੁੰਡੇ ਨੂੰ ਜਾਣਦੀ ਐ..!"
-"ਪਾਇਲ਼…! ਪਾਇਲ ਬੇਟੇ…!" ਗੁਰਚਰਨ ਨੇ ਅਵਾਜ਼ ਦਿੱਤੀ। ਅਵਾਜ਼ ਦੇ ਨਾਲ਼ ਹੀ ਪਾਇਲ ਥੱਲੇ ਆ ਗਈ।
-"ਕੀ ਐ ਡੈਡ…?" -"ਸੀਤਲ ਦੀ ਸਾਰੀ ਕਹਾਣੀ ਬਾਰੇ ਤੈਨੂੰ ਪਤਾ ਈ ਐ ਬੇਟੇ…!"
-"ਹਾਂ ਡੈਡ..।"
-"ਬੇਟੇ ਕੀ ਨਾਂ ਐਂ ਓਸ ਮੁੰਡੇ ਦਾ?"
-"ਇਮਰਨ ਐਂ ਡੈਡ…!"
-"ਕਿੱਥੇ ਰਹਿੰਦੈ…? ਮੈਂ ਕੱਲ੍ਹ ਨੂੰ ਸਕੂਲ ‘ਚੋਂ ਪਤਾ ਕਰ ਦਿਊਂ-ਆਪਣੀਆਂ ਫ਼ਰੈਂਡਜ਼ ਤੋਂ..!"
-"ਕੱਲ੍ਹ ਨੂੰ ਪਤਾ ਕਰ ਬੇਟੇ…!"
-"ਕਰ ਦਿਊਂਗੀ ਡੈਡ…!"

ਅਗਲੇ ਦਿਨ ਪਾਇਲ ਨੇ ਇਮਰਾਨ ਦਾ ਐਡਰੈੱਸ ਲਿਆ ਕੇ ਗੁਰਚਰਨ ਨੂੰ ਦੇ ਦਿੱਤਾ। ਫ਼ੋਨ ਨੰਬਰ ਕੋਈ ਮਿਲ਼ਿਆ ਨਹੀਂ ਸੀ। ਇਮਰਾਨ ਦਾ ਘਰ ਕੋਈ ਬਹੁਤੀ ਦੂਰ ਨਹੀਂ ਸੀ। ਗੁਰਚਰਨ ਨੇ ਬਿਮਾਰ ਦਾ ਬਹਾਨਾ ਲਾ ਕੇ ਡਾਕਟਰ ਤੋਂ ਹਫ਼ਤੇ ਦਾ ਮੈਡੀਕਲ ਸਰਟੀਫ਼ਿਕੇਟ ਲੈ ਲਿਆ। ਅਗਲੇ ਦਿਨ ਉਸ ਨੇ ਇਮਰਾਨ ਦੇ ਘਰ ਦਾ ਜਾਇਜਾ ਲਿਆ ਅਤੇ ਗੁਰੂ ਘਰ ਆ ਗਿਆ। ਗੁਰੂ ਘਰ ਗਿਆਨੀ ਜੀ ਨਾਲ਼ ‘ਸਵਰਗ-ਨਰਕ’ ‘ਤੇ ਵਿਚਾਰ ਚੱਲ ਰਹੀ ਸੀ।

-"ਦੇਖੋ ਜੀ ਪਵਿੱਤਰ ਗੁਰਬਾਣੀ ਦਾ ਫ਼ੁਰਮਾਨ ਹੈ:

ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸ।।
ਹੋਨਾ ਹੋ ਸੋ ਹੋਈ ਹੈ ਮਨਹਿ ਨ ਕੀਜੈ ਆਸ।।
ਇਸ ਤੋਂ ਇਲਾਵਾ ਗੁਰਬਾਣੀ ਇਹ ਵੀ ਫ਼ੁਰਮਾਨ ਕਰਦੀ ਐ: ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ।।
ਹਨ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪ੍ਰਸਾਦੇ।।

ਗੁਰੂ ਪਿਆਰਿਓ ਸਵਰਗ ਅਤੇ ਨਰਕ ਬਾਰੇ ਕਬੀਰ ਜੀ ਵੀ ਇਹੀ ਬਿਆਨ ਕਰਦੇ ਹਨ:

ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰਰ ਕੇ ਪਰਸਾਦਿ।।
ਚਰਨ ਕਮਲ ਕੀ ਮਾਉਜ ਮਹਿ ਰਹਉ ਅੰਤਿ ਅਰੁ ਆਦਿ।।" ਗਿਆਨੀ ਜੀ ਗੁਰਬਾਣੀ ਵਿਚੋਂ ਦਲੀਲਾਂ ਦੇ ਰਹੇ ਸਨ।

-"ਆਓ ਗੁਰਚਰਨ ਸਿੰਘ ਜੀ-ਆਓ ਪਧਾਰੋ..!" ਗਿਆਨੀ ਜੀ ਨੇ ਬੜੇ ਅਦਬ ਨਾਲ਼ ਆਖਿਆ। ਗੁਰਚਰਨ ਅੰਦਰ ਜਾ ਕੇ ਦਰੀ ‘ਤੇ ਬੈਠ ਗਿਆ।
-"ਗੁਰੂ ਪਿਆਰਿਓ! ਤੁਸੀਂ ਕਰੋ ਬਚਨ ਬਿਲਾਸ-ਆਨੰਦ ਲਓ-ਤੇ ਮੈਂ ਲੰਗਰ ਦਾ ਜਾਇਜਾ ਲੈ ਲਵਾਂ!" ਤੇ ਗਿਆਨੀ ਜੀ ਉਠ ਕੇ ਅੰਦਰ ਚਲੇ ਗਏ। ਗੁਰਚਰਨ ਨੇ ਇਕ ਪਾਸੇ ਕਰ ਕੇ ਆਪਣੇ ਨੇੜਲੇ ਜੋਟੀਦਾਰਾਂ ਨਾਲ਼ ਦਿਲ ਦਾ ਦੁੱਖ ਸਾਂਝਾ ਕੀਤਾ। ਸਾਰੀ ਗੱਲ ਦੱਸੀ ਅਤੇ ਇਸ ਦਾ ਕੋਈ ਸਾਰਥਿਕ ਹੱਲ ਪੁੱਛਿਆ। ਗੁਰਚਰਨ ਨੇ ਆਤਮ ਵਿਸ਼ਵਾਸ ਗੁਆਇਆ ਨਹੀਂ ਸੀ। ਥਿੜਕਿਆ ਹੋਣ ਦੇ ਬਾਵਜੂਦ ਵੀ ਉਸ ਦਾ ਦਿਮਾਗ ਸਥਿਰ ਸੀ। ਕਾਹਲ਼ੀ ਜਾਂ ਗੁੱਸਾ ਤਬਾਹੀ ਦਾ ਕਾਰਨ ਬਣ ਸਕਦਾ ਸੀ। ਇੰਗਲੈਂਡ ਵਿਚ ਬਥੇਰੇ ਚਾਚੇ, ਬਾਪ ਜਾਂ ਦਾਦੇ ਸਨ, ਜੋ ਆਪਣੀਆਂ ਧੀਆਂ, ਭਤੀਜੀਆਂ ਜਾਂ ਪੋਤੀਆਂ ਨੂੰ ਮਾਰ ਕੇ ਜਾਂ ਕੁੱਟ ਕੇ ਜੇਲ੍ਹ ਦੀ ਸਜ਼ਾ ਕੱਟ ਰਹੇ ਸਨ। ਜਾਂ ਕੱਟ ਚੁੱਕੇ ਸਨ। ਲੋਕਾਂ ਵਿਚ ਭੰਡੀ ਹੋਈ ਸੀ ਅਤੇ ਹਰ ਇਕ ਨੇ ਉਹਨਾਂ ਨੂੰ ਬੇਵਕੂਫ਼ ਕਿਹਾ ਸੀ। ਗੋਰੇ ਲੋਕ ਭਾਰਤੀ ਲੋਕਾਂ ਨੂੰ ਵੱਖ ਨਫ਼ਰਤ ਕਰਨ ਲੱਗ ਪਏ ਸਨ, ਜੋ ਆਪਣੀਆਂ ਬੱਚੀਆਂ ਦੀ ‘ਖ਼ੁਸ਼ੀ’ ਨਹੀਂ ‘ਜਰ’ ਸਕਦੇ ਸਨ। ਉਹ ਸਾਡੇ ਦੇਸੀ ਲੋਕਾਂ ਨੂੰ ਇਸ ਪੱਖੋਂ ‘ਉਜੱਡ’ ਅਤੇ ‘ਨੈਰੋ-ਮਾਈਂਡਿਡ ਪੀਪਲ’ ਦੱਸਦੇ ਸਨ। ਇਸ ਪੱਖੋਂ ਇੰਗਲੈਂਡ ਦੀ ਮੈਟਰੋਪੋਲੀਟਨ ਪੁਲੀਸ ਦੇਸੀ ਪ੍ਰੀਵਾਰਾਂ ‘ਤੇ ਖ਼ਾਸ ਅੱਖ ਰੱਖ ਰਹੀ ਸੀ। ਅਗਰ ਕੋਈ ਕੁੜੀ ਪੁਲੀਸ ਪਾਸ ਜਾ ਕੇ ਇਹ ਬਿਆਨ ਦਾਗ ਦਿੰਦੀ ਸੀ ਕਿ ਮੈਂ ਫ਼ਲਾਨੇ ਮੁੰਡੇ ਨੂੰ ਪ੍ਰੇਮ ਕਰਦੀ ਹਾਂ, ਪਰ ਮੇਰੇ ਮਾਂ ਬਾਪ ਇਸ ਨਾਲ਼ ਸਹਿਮਤ ਨਹੀਂ ਅਤੇ ਮੇਰੀ ਜਾਨ ਨੂੰ ਖ਼ਤਰਾ ਹੈ, ਤਾਂ ਪੁਲੀਸ ਵੱਧ ਚੜ੍ਹ ਕੇ, ਉਸ ਕੁੜੀ ਦੀ ਮੱਦਦ ਕਰਦੀ। ਕੇਅਰ ਸੈਂਟਰ ਵਿਚ ਰਹਾਇਸ਼ ਦਾ ਪ੍ਰਬੰਧ ਕਰਦੀ ਅਤੇ ਮਾਂ ਬਾਪ ਨੂੰ ਕੇਅਰ ਸੈਂਟਰ ਦਾ ਪਤਾ ਤੱਕ ਨਾ ਦਿੱਤਾ ਜਾਂਦਾ। ਕਈ ਕੁੜੀਆਂ ਨੇ ਜ਼ਿਦ ਵਿਚ ਆ ਕੇ, ਝੂਠੇ ਬਿਆਨ ਦੇ ਕੇ ਵੀ ਆਪਣੇ ਮਾਂ ਬਾਪ ਜਾਂ ਭਰਾ ਫ਼ਸਾਏ ਸਨ। ਬਿਨਾਂ ਕਿਸੇ ਕਾਰਨ ਤੋਂ! ਸਿਰਫ਼ ਮਾੜੀ ਮੋਟੀ ਘਰ ਵਿਚ ਹੋਈ ਲੜਾਈ ਤੋਂ ਚਿੜ ਕੇ ਕੁੜੀਆਂ ਨੇ ਆਪਣੀਆਂ ਹੋਰ ਗੋਰੀਆਂ ਜਾਂ ਅਵਾਰਾ ਦੇਸੀ ਕੁੜੀਆਂ ਦੇ ਆਖੇ ਲੱਗ, ਪੁਲੀਸ ਕੋਲ਼ ਝੂਠੇ ਬਿਆਨ ਦਰਜ ਕਰਵਾ ਕੇ ਮਾਪਿਆਂ ਦੀ ‘ਬਲੀ’ ਦਿੱਤੀ ਸੀ। ਫਿਰ ਨਾ ਉਹ ਘਰ ਦੀਆਂ ਅਤੇ ਨਾ ਘਾਟ ਦੀਆਂ ਰਹੀਆਂ ਸਨ। ਜਦੋਂ ਖੜਕ ਸਿੰਘ ਨੇ ਮੁਸਲਮਾਨ ਭਾਈਚਾਰੇ ਬਾਰੇ ਬੁਰਾ ਭਲਾ ਬੋਲਣਾਂ ਸ਼ੁਰੂ ਕਰ ਦਿੱਤਾ ਤਾਂ ਸਿੱਧੂ ਨੇ ਉਸ ਦੇ ਬਰੇਕ ਲਾਏ।

-"ਦੇਖੋ ਖੜਕ ਸਿੰਘ ਜੀ…! ਤੁਸੀਂ ਤਾਂ ਆਪ ਸਿਆਣੇ ਹੋ-ਸਾਡੇ ਨਾਲ਼ੋਂ ਕਾਫ਼ੀ ਸੀਨੀਅਰ ਵੀ ਹੋ-ਇਕ ਬੰਦੇ ਦੀ ਕਰਤੂਤ ਕਾਰਨ ਸਾਰੀ ਕੌਮ ਦੋਸ਼ੀ ਨਹੀਂ ਹੋ ਜਾਂਦੀ-ਇਸ ਨੂੰ ਧਿਆਨ ਵਿਚ ਰੱਖਣ ਦੀ ਅਤੀਅੰਤ ਲੋੜ ਹੈ-ਜੋਸ਼ ਨਾਲ਼ੋਂ ਹੋਸ਼ ਤੋਂ ਕੰਮ ਲਿਆ ਜਾਵੇ ਤਾਂ ਸਭ ਤੋਂ ਅੱਛਾ ਰਹੇਗਾ।" ਸਿੱਧੂ ਬੋਲਿਆ ਸੀ।
-"ਦੋਖੋ..!" ਢਿੱਲੋਂ ਨੇ ਆਪਣੀ ਵਾਰੀ ਲੈਂਦਿਆਂ ਗੱਲ ਸ਼ੁਰੂ ਕੀਤੀ, "ਖੂਹ ਦੀ ਮੌਣ ਪੱਥਰ ਦੀ ਹੁੰਦੀ ਸੱਜਣੋ-ਤੇ ਘੜ੍ਹਾ ਹੁੰਦੈ ਮਿੱਟੀ ਦਾ…! ਹਰ ਰੋਜ ਇਕੋ ਜਗਾਹ ਟਿਕਣ ਨਾਲ਼ ਮਿੱਟੀ ਦਾ ਘੜ੍ਹਾ ਪੱਥਰ ਦੀ ਮੌਣ ਵਿਚ ਟੋਆ ਪਾ ਦਿੰਦੈ-ਮੇਰਾ ਕਹਿਣ ਦਾ ਮਤਲਬ ਐ ਬਈ ਖ਼ਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫ਼ੜਦੈ..! ਇਕ ਲਿੱਬੜੀ ਮੱਝ ਦੂਜੀਆਂ ਨੂੰ ਲਬੇੜਦੀ ਐ..! ਆਪਣੀਆਂ ਹੀ ਵਿਗੜੀਆਂ ਕੁੜੀਆਂ-ਆਬਦਾ ਕਾਣ ਲਕੋਣ ਖਾਤਰ ਦੂਜੀਆਂ ਕੁੜੀਆਂ ਨੂੰ ਇਸ ਨੀਚ ਕੰਮ ਵੱਲ ਪ੍ਰੇਰਿਤ ਕਰਦੀਐਂ, ਤਾਂ ਕਿ ਆਬਦੇ ਮਾਂ ਬਾਪ ਨੂੰ ਆਖਣ ਜੋਕਰੀਆਂ ਹੋ ਜਾਣ, ਦਲੀਲ ਦੇਣ ਜੋਕਰੀਆਂ ਹੋ ਜਾਣ ਕਿ ਮੈਂ ‘ਕੱਲੀ ਹੀ ਨਹੀਂ, ਫ਼ਲਾਨੀ ਕੁੜੀ ਵੀ ਆਹ ਕੁਛ ਕਰਦੀ ਐ-ਆਬਦੀਆਂ ਕੱਛ ‘ਚ ਤੇ ਦੂਜੇ ਦੀਆਂ ਹੱਥ ‘ਚ ਆਲ਼ੀ ਗੱਲ਼..! ਇਹ ਤਾਂ ਉਹ ਗੱਲ ਐ ਬਈ ਅੰਨ੍ਹੀ ਦਾਈ ਤੇ ਪੁੱਠੇ ਥਾਂ ਹੱਥ-ਉਹ ਆਬਦੀ ਦੁਸ਼ਟ ਸੰਖਿਆ ਵਧਾਉਣ ਵਾਸਤੇ ਕੁੜੀਆਂ ਨੂੰ ਆਪਣੀਆਂ ਵਿਗੜੀਆਂ ਕੁੜੀਆਂ ਹੱਲਾਸ਼ੇਰੀ ਦੇ ਕੇ ਮਾਂ ਬਾਪ ਦੇ ਵਿਰੁੱਧ ਕਰਦੀਐਂ-ਤੇ ਫੇਰ ਜਦੋਂ ਉਹ ਇਹਨਾਂ ਦੇ ਹਾਣ ਦੀਆਂ ਹੋ ਕੇ, ਇਹਨਾਂ ਦੇ ਰਸਤੇ ਈ ਤੁਰ ਪੈਂਦੀਐਂ-ਫੇਰ ਇਹ ਉਹਨਾਂ ਨੂੰ ਘਤਿੱਤਾਂ ਸਿਖਾਉਂਦੀਐਂ ਤੇ ਮਾਂ ਬਾਪ ਦੇ ਖ਼ਿਲਾਫ਼ ਕਾਨੂੰਨੀ ਐਕਸ਼ਨ ਲੈਣ ਜਾਂ ਘਰੋਂ ਭੱਜਣ ਲਈ ਦਬਾ ਪਾਉਂਦੀਐਂ, ਰੇਤਦੀਐਂ-ਦੂਜੀ ਕਮਿਊਨਿਟੀ ‘ਤੇ ਬਹੁਤਾ ਇਲਜ਼ਾਮ ਲਾਉਣਾ ਗਲਤ ਹੈ-ਇਹਦੇ ਵਿਚ ਆਪਣੀਆਂ ਕੁੜੀਆਂ ਦਾ ਰੋਲ ਵੀ ਸ਼ੱਕੀ, ਸੌੜਾ ਤੇ ਸਮਾਜ ਵਿਰੋਧੀ ਹੈ..! ਮਾਪੇ ਕਾਨੂੰਨ ਤੋਂ ਡਰਦੇ ਬੱਚਿਆਂ ਅੱਗੇ ਆਤਮ ਸਮਰਪਣ ਕਰੀ ਜਾਂਦੇ ਐ-ਹੋਰ ਉਹਨਾਂ ਅੱਗੇ ਕੋਈ ਚਾਰਾ ਵੀ ਨਹੀਂ-ਕੀ ਕਰਨ? ਸੱਪ ਦੇ ਮੂੰਹ ‘ਚ ਕੋਹੜ ਕਿਰਲ਼ੀ ਆਈ ਵੀ ਐ-ਖਾਂਦਾ ਕੋਹੜੀ ਤੇ ਛੱਡਦੈ ਕਲੰਕੀ-ਮਾਪੇ ਦੱਸੋ ਕਿਹੜੇ ਖੂਹ ‘ਚ ਛਾਲ਼ ਮਾਰਨ?" ਢਿੱਲੋਂ ਨੇ ਇਕ ਲੰਮਾ ਚੌੜਾ ਭਾਸ਼ਨ ਝਾੜ ਦਿੱਤਾ।

-"ਨਾਲ਼ੇ ਢਿੱਲੋਂ ਸਾਹਿਬ ਗੱਲ ਹੋਰ ਵੀ ਐ-।" ਸਿੱਧੂ ਨੇ ਕਹਿਣਾਂ ਸ਼ੁਰੂ ਕੀਤਾ, "ਮੈਂ ਕਿੰਨੇ ਚਿਰ ਦਾ ਟੈਕਸੀ ਚਲਾਉਨੈਂ-ਆਮ ਦੇਖਿਐ ਕਿ ਰਾਤ ਨੂੰ ਪੱਬਾਂ ਕਲੱਬਾਂ ਵਿਚ ਜਾਂ ਬਰੌਡਵੇਅ Ḕਤੇ ਸਿਰਫ਼ ਤੇ ਸਿਰਫ਼ ਆਪਣੀਆਂ ਇੰਡੀਅਨ ਕੁੜੀਆਂ ਹੀ ਨਜ਼ਰ ਆਉਂਦੀਐਂ-ਕਦੇ ਮੈਨੂੰ ਕੋਈ ਪਾਕਿਸਤਾਨੀ ਕੁੜੀ ਦਿਖਾ ਦਿਓ ਬਰੌਡਵੇਅ ‘ਤੇ ‘ਕੱਲੀ ਜਾਂਦੀ-ਹੋਊਗੀ ਕੋਈ ਸੌ ‘ਚੋਂ ਇਕ..? ਕਿਉਂਕਿ ਕਣਕ ‘ਚ ਕਾਂਗਿਆਰੀ ਵੀ ਹੁੰਦੀ ਐ-ਪਰ ਬਹੁਤ ਘੱਟ ਪਾਕਿਸਤਾਨੀ ਕੁੜੀਆਂ ਥੋਨੂੰ ਸੜਕਾਂ ‘ਤੇ ਮੱਟਰ ਗਸ਼ਤੀ ਕਰਦੀਆਂ ਫਿਰਦੀਆਂ ਦਿਸਣਗੀਆਂ-ਪਰ ਆਪਣੀਆਂ ਕੁੜੀਆਂ ਦੀਆਂ ਹੇੜ੍ਹਾਂ ਦੀਆਂ ਹੇੜ੍ਹਾਂ ਫਿਰਦੀਆਂ ਹੁੰਦੀਐਂ-ਪਾਕਿਸਤਾਨੀ ਕੁੜੀਆਂ ਜੇ ਰਾਤ ਨੂੰ ਕਿਤੇ ਫਿਰਦੀਆਂ ਵੀ ਹੋਣਗੀਆਂ ਤਾਂ ਸਿਰਫ਼ ਆਪਣੇ ਮਾਂ ਬਾਪ ਨਾਲ਼, ਜਾਂ ਭਰਾ ਨਾਲ਼ ਤੇ ਜਾਂ ਫੇਰ ਘਰਆਲ਼ੇ ਨਾਲ਼-ਕੱਲੀ ਥੋਨੂੰ ਕੋਈ ਵੀ ਪਾਕਿਸਤਾਨੀ ਕੁੜੀ ਰਾਤ ਨੂੰ ਸੜਕ ‘ਤੇ ਨਜ਼ਰ ਨਹੀਂ ਆਊਗੀ-ਪਤਾ ਨ੍ਹੀ ਆਪਣੀਆਂ ਸਹੁਰੀਆਂ ਨੂੰ ਕੀ ਅੱਗ ਲੱਗੀ ਐ…?" ਸਿੱਧੂ ਨੇ ਆਪਣਾ ਪੂਰਾ ਜੋਰ ਲਾ ਦਿੱਤਾ ਸੀ।

-"ਇਕ ਗੁਰਚਰਨ ਸਿਆਂ ਇਹ ਸਹੁਰੀ ਉਮਰ ਈ ਐਹੋ ਜੀ ਕੱਚੀ ਤੇ ਕੁਲਿਹਣੀਂ ਹੁੰਦੀ ਐ-ਆਬਦੇ ਚੰਗੇ ਮੰਦੇ ਬਾਰੇ ਸੋਚ ਨਹੀਂ ਸਕਦੀ-ਦੋਸ਼ ਸਾਰਾ ਮਾਂ ਬਾਪ ਦੇ ਸਿਰ ਮੜ੍ਹਿਆ ਜਾਂਦੈ-ਅਖੇ ਘਰ ਬੋਰਿੰਗ ਐ-ਘਰੇ ਸਾਨੂੰ ਅਜ਼ਾਦੀ ਨਹੀਂ-ਅਸੀਂ ਇਸ ਤੰਗ ਮਾਹੌਲ ਵਿਚ ਨਹੀਂ ਰਹਿ ਸਕਦੀਆਂ-ਸਾਨੂੰ ਸਾਡੇ ਬਾਪੂ ਹੋਰੀਂ ਆਹ ਹੁਣ ਤੱਕ ਡੰਡਿਆਂ ਨਾਲ਼ ਕੁੱਟਦੇ ਰਹੇ ਐ, ਮੱਝ ਆਂਗੂੰ-ਤੇ ਐਥੋਂ ਦੇ ਸਹੁਰੇ ਜੁਆਕਾਂ ਦਾ ਤਾਂ ਰੱਬ ਈ ਰਾਖੈ-ਪਤਾ ਨਹੀਂ ਸਾਲ਼ਿਆਂ ਨੂੰ ਕੀ ਪੁੱਠੀ ਭਮਾਲ਼ੀ ਆਈ ਵੀ ਐ? ਗੱਲ ਈ ਨ੍ਹੀ ਸੁਣਦੇ…!"

-"ਇਕ ਗੱਲ ਹੋਰ ਸੋਚਣ ਆਲ਼ੀ ਐ..!" ਸਿੱਧੂ ਨੇ ਕਿਹਾ, "ਇਸ ਗੱਲ ਦੀ ਮੈਨੂੰ ਅਜੇ ਤੱਕ ਸਮਝ ਵੀ ਨਹੀਂ ਆਈ-ਮਾਂ ਬਾਪ ਵੀਹ ਇੱਕੀ ਸਾਲ ਨਾਲ਼ ਰੱਖ ਕੇ ਜੁਆਕਾਂ ਨੂੰ ਪਾਲ਼ਦੇ ਐ-ਹਰ ਸੁਖ ਸਹੂਲਤ ਦਿੰਦੇ ਐ-ਲਾਡ ਪਿਆਰ ਕਰਦੇ ਐ-ਰਾਤਾਂ ਅਤੇ ਓਵਰ ਟਾਈਮ ਲਾ ਕੇ ਇਹਨਾਂ ਦੀਆਂ ਫ਼ਰਮਾਇਸ਼ਾਂ ਪੂਰੀਆਂ ਕਰਦੇ ਐ-ਮੂੰਹੋਂ ਕੱਢ ਕੱਢ ਦਿੰਦੇ ਐ-ਆਪ ਜਿਵੇਂ ਮਰਜ਼ੀ ਐ ਰਹਿਣ-ਪਰ ਬੱਚਿਆਂ ਨੂੰ ਕਿਸੇ ਗੱਲੋਂ ਤਲਕਣ ਨ੍ਹੀ ਦਿੰਦੇ-ਤੇ ਇਹਨਾਂ ਸਾਲ਼ੇ ਕਲ਼ਯੁਗੀ ਜੁਆਕਾਂ ਨੂੰ ਮਾਂ ਬਾਪ ਦਾ ਪਿਆਰ ਇੱਕੀਆਂ ਸਾਲਾਂ ‘ਚ ਨ੍ਹੀ ਆਉਂਦਾ-ਤੇ ਜੇ ਕੋਈ ਕੁੜੀ ਜਾਂ ਮੁੰਡਾ ਮਿਲ਼ਪੇ-ਤਾਂ ਇਹਨਾਂ ਨੂੰ ਉਹਦਾ ਪਿਆਰ ਦਸਾਂ ਦਿਨਾਂ ‘ਚ ਆਉਣ ਲੱਗ ਪੈਂਦੈ-ਕੀ ਇਹ ਮਾਂ ਬਾਪ ਨਾਲ਼ ਧੱਕਾ ਤੇ ਬੇਇਨਸਾਫ਼ੀ ਨਹੀਂ?"

-"ਸਿੱਧੂ ਸਾਹਿਬ, ਇਹ ਹੁਣ ਸਿਰਫ਼ ਇੰਗਲੈਂਡ ਦਾ ਈ ਦੁਖਾਂਤ ਨਹੀਂ, ਅਮਰੀਕਾ, ਕੈਨੇਡਾ ਦੀ ਤਾਂ ਤੁਸੀਂ ਗੱਲ ਛੱਡੋ-ਐਸ ਕੰਮ ਵਿਚ ਤਾਂ ਹੁਣ ਪੰਜਾਬ ‘ਚ ਵੀ ਬੁਰਾ ਹਾਲ ਐ।" ਢਿੱਲੋਂ ਨੇ ਵਾਰੀ ਲਈ।
-"ਪਰ ਢਿੱਲੋਂ ਸਾਹਿਬ, ਪੰਜਾਬ ਦੇ ਜੁਆਕ ਮਾੜਾ ਮੋਟਾ ਰਿਸ਼ਤੇਦਾਰਾਂ ਦੀ ਤਾਂ ਸ਼ਰਮ ਕਰਦੇ ਐ-ਐਥੇ ਤਾਂ ਕੁੜੀ ਯ੍ਹਾਵੀ ਉਹ ਵੀ ਹੈਨ੍ਹੀ…!" -"ਦੇਖੋ ਜੀ, ਮੈਂ ਪੱਚੀ ਸਾਲ ਇੰਗਲੈਂਡ ਦੇ ਸਕੂਲਾਂ ਵਿਚ ਪੜ੍ਹਾਇਐ-ਅੱਗੇ ਮੁੰਡੇ ਕੁੜੀਆਂ ਮਾਂ ਬਾਪ ਦੀ ਗੱਲ ਸੁਣਦੇ ਵੀ ਸੀ ਤੇ ਮੰਨਦੇ ਵੀ ਸੀ-ਤੇ ਹੁਣ ਤਾਂ ਗੁਰਚਰਨ ਸਿਆਂ ਆਵਾ ਈ ਊਤਿਆ ਪਿਐ-ਬਾਬੇ ਫ਼ਰੀਦ ਦੀ ਬਾਣੀ ਆਲ਼ੀ ਗੱਲ ਹੋਈ ਪਈ ਐ,

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ।।
ਊਚੈ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ।।

ਸੁਖੀ ਕੋਈ ਵੀ ਨ੍ਹੀ-ਜੀਹਨੂੰ ਵੀ ਮਰਜੀ ਛੇੜ ਲਓ, ਚੀਕਾਂ ਮਾਰਦੈ..! ਇਹ ਤਾਂ ਸਿੱਧੂ ਸਾਹਿਬ ਘਰ ਘਰ ਦਾ ਦੁੱਖ ਐ…!"
-"ਹੁਣ ਗੁਰਚਰਨ ਸਿਉਂ ਹੋਰਾਂ ਦਾ ਕੀ ਹੱਲ ਕਰੀਏ…?" ਸਿੱਧੂ ਨੇ ਢਿੱਲੋਂ ਨੂੰ ਪੁੱਛਿਆ।
-"ਦੱਸ ਗੁਰਚਰਨ ਸਿਆਂ? ਅਸੀਂ ਤੁਹਾਡੇ ਮਿੱਤਰ ਆਂ-ਜਿਵੇਂ ਆਖੋਂਗੇ-ਉਵੇਂ ਈ ਕਰਲਾਂਗੇ..!" ਢਿੱਲੋਂ ਨੇ ਸਾਰੀ ਗੱਲ ਗੁਰਚਰਨ ‘ਤੇ ਸੁੱਟ ਦਿੱਤੀ।
-"ਮੈਂ ਉਸ ਮੁੰਡੇ ਇਮਰਾਨ ਦਾ ਐਡਰੈੱਸ ਲੈ ਆਇਐਂ-ਉਹਦਾ ਘਰ ਵੀ ਦੇਖ ਆਇਐਂ-ਆਪਾਂ ਉਹਦੇ ਘਰੇ ਚੱਲ ਕੇ ਉਹਦੇ ਮਾਂ ਬਾਪ ਨਾਲ਼ ਗੱਲ ਕਰੀਏ..।" ਗੁਰਚਰਨ ਨੇ ਆਪਣੀ ਤਜ਼ਵੀਜ਼ ਰੱਖੀ।
-"ਆਪਣੀ ਕੁੜੀ ਆਪਣੀ ਕਿੰਨ੍ਹੀ ਕੁ ਗੱਲ ਸੁਣਦੀ ਐ..?" ਢਿੱਲੋਂ ਨੇ ਸੰਖੇਪ ਜਾਇਜਾ ਚਾਹਿਆ।
-"ਉਹ ਤਾਂ ਗੱਲ ਸੁਣਦੀ ਈ ਨਹੀਂ ਢਿੱਲੋਂ ਸਾਹਿਬ…! ਉਹਦੀ ਮਾਂ ਨੇ ਬਥੇਰ੍ਹਾ ਜਾਭਾਂ ਦਾ ਭੇੜ੍ਹ ਕੀਤੈ-ਪਰ ਨ੍ਹਾਂ…! ਦਿਮਾਗ ਈ ਖਰਾਬ ਹੋਇਆ ਪਿਐ ਜੁਆਕਾਂ ਦਾ-ਪਤਾ ਨ੍ਹੀ ਸਾਲ਼ੇ ਨੇ ਕੀ ਘੋਲ਼ ਕੇ ਸਿਰ ਪਾ ਦਿੱਤਾ?" ਗੁਰਚਰਨ ਨੇ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ਼ ਦੱਸਿਆ। ਕੋਈ ਕਲੋ ਨਹੀਂ ਰੱਖਿਆ ਸੀ।
-"ਮੁੰਡੇ ਦੇ ਪਿਉ ਨਾਲ਼ ਗੱਲ ਕਰ ਲੈਨੇ ਐਂ..! ਪਰ ਜਿੰਨਾਂ ਕੁ ਆਪਣੀ ਕੁੜੀ ਆਪਣੇ ਆਖੇ ਲੱਗਦੀ ਐ-ਓਨਾਂ ਕੁ ਉਹਨਾਂ ਦਾ ਮੁੰਡਾ ਉਹਨਾਂ ਦੇ ਆਖੇ ਲੱਗਦਾ ਹੋਊ, ਕਿਉਂ ਸਿੱਧੂ ਸਾਹਿਬ? ਕੀ ਖ਼ਿਆਲ ਐ?"
-"ਕੋਈ ਸ਼ੱਕ ਨਹੀਂ..! ਨ੍ਹੋ ਡਾਊਟ..!"
-"ਪਰ ਕੋਸ਼ਿਸ਼ ਕਰਨ ‘ਚ ਕੋਈ ਹਰਜ਼ ਨਹੀਂ-ਚੱਲੋ ਚੱਲਦੇ ਐਂ-ਕੋਈ ਫ਼ੋਨ ਨੰਬਰ ਹੈਨ੍ਹੀ? ਵਲੈਤ ‘ਚ ਬਿਨਾਂ ਫ਼ੋਨ ਕਰਨ ਤੋਂ ਕਿਸੇ ਦੇ ਘਰੇ ਜਾਣਾਂ-।"
-"ਨਹੀਂ, ਫ਼ੋਨ ਨੰਬਰ ਨਹੀਂ ਮਿਲ਼ਿਆ ਢਿੱਲੋਂ ਸਾਹਿਬ…।" ਖ਼ੈਰ, ਉਹ ਗੁਰਚਰਨ ਦੀ ਕਾਰ ਵਿਚ ਬੈਠ ਤੁਰ ਪਏ ਅਤੇ ਖ਼ਾਨ ਸਾਹਿਬ ਦੇ ਘਰ ਦੀ ਡੋਰ-ਬੈੱਲ ਜਾ ਖੜਕਾਈ। ਦਰਵਾਜਾ ਖ਼ਾਨ ਸਾਹਿਬ ਨੇ ਹੀ ਖੋਲ੍ਹਿਆ। ਸਲਵਾਰ ਕਮੀਜ਼ ਦੇ ਉਪਰ ਦੀ ਪਾਈ ਝੱਗੀ ਅਤੇ ਸ਼ੈਤਾਨ ਜਿਹੀਆਂ ਨਜ਼ਰਾਂ ਵਾਲ਼ਾ ਖ਼ਾਨ ਕੋਈ ਸਾਊ ਬੰਦਾ ਨਜ਼ਰ ਨਹੀਂ ਆਉਂਦਾ ਸੀ। ਉਸ ਦੇ ਲੰਮੀ ਦਾਹੜ੍ਹੀ, ਪਰ ਮੁੱਛਾਂ ਜੜ੍ਹ ਤੋਂ ਹੀ ਰਗੜੀਆਂ ਹੋਈਆਂ ਸਨ। ਸਿਰ ਦੇ ਵਾਲ਼ ਅਤੇ ਦਾਹੜ੍ਹੀ ਨੂੰ ਮਹਿੰਦੀ ਲਾਈ ਹੋਈ ਸੀ। ਹੱਥ ਵਿਚ ਤੁਅੱਸਵੀ! -"ਤੁਸੀਂ ਸਰਦਾਰ ਜੀ…? ਮੇਰੇ ਕੋਲ ਈ ਆਏ ਓ ਜਾਂ ਕਿਸੇ ਗਲਤੀ ਨਾਲ ਦਰਵਾਜੇ ਦੀ ਬੈੱਲ ਕਰ ਛੱਡੀ ਏ…?" ਖ਼ਾਨ ਨੇ ਨਿੱਕੀਆਂ ਅੱਖਾਂ, ਪਰ ਤੇਜ਼ ਘੋਖ਼ਵੀਂ ਨਜ਼ਰ ਨਾਲ਼ ਉਹਨਾਂ ਨੂੰ ਪੜ੍ਹਦਿਆਂ ਪੁੱਛਿਆ।
-"ਆਪ ਇਮਰਾਨ ਦੇ ਫ਼ਾਦਰ ਸਾਹਿਬ ਹੋ…?" ਗੁਰਚਰਨ ਨੇ ਪੁੱਛਿਆ।
-"ਜੀ ਹਾਂ…! ਜੀ ਹਾਂ…!!" ਖ਼ਾਨ ਹੈਰਾਨ ਹੋ ਗਿਆ।
-"ਤਾਂ ਅਸੀਂ ਤੁਹਾਡੇ ਕੋਲ਼ ਈ ਇਕ ਕੰਮ ਆਏ ਸੀ…!" ਗੁਰਚਰਨ ਨੇ ਉਤਰ ਦਿੱਤਾ।
-"ਜੀ ਆਇਆਂ ਨੂੰ…! ਇਕ ਮਿੰਟ ਸਰਦਾਰ ਜੀ…!" ਖ਼ਾਨ ਅੰਦਰ ਚਲਾ ਗਿਆ। ਉਸ ਨੇ ਸਿਟਿੰਗ-ਰੂਮ ਵਿਚ ਬੈਠੀਆਂ ਔਰਤਾਂ ਨੂੰ ਉਪਰ ਜਾਣ ਦਾ ਇਸ਼ਾਰਾ ਕੀਤਾ। ਔਰਤਾਂ ਇਸ਼ਾਰਾ ਸਮਝਦੀਆਂ ਹੀ ਉਪਰ ਨੂੰ ਰੇਲ ਬਣ ਗਈਆਂ। ਖ਼ਾਨ ਬਾਹਰ ਆ ਗਿਆ।
-"ਆਓ ਸਰਦਾਰ ਜੀ…! ਲੰਘ ਆਓ…! ਧੰਨਭਾਗ ਸਾਡੇ-ਜਿਹੜੇ ਦਰਸ਼ਣ ਹੋਏ ਤੁਹਾਡੇ…! ਜੀ ਆਇਆਂ ਨੂੰ…! ਵੈੱਲ ਕਮ-ਪਲੀਜ਼ ਕਮ ਇਨ…!" ਉਸ ਦੀ ਬੋਲੀ ਅਤੇ ‘ਆਓ-ਭਗਤ’ ਅਤੇ ਖੁੱਲ੍ਹੇ ਡੁੱਲ੍ਹੇ ਘਰ ਤੋਂ ਢਿੱਲੋਂ ਨੂੰ ਮਹਿਸੂਸ ਹੋਇਆ ਕਿ ਖ਼ਾਨ ਜ਼ਰੂਰ ਕੋਈ ਸਿਆਸਤ ਵਿਚ ਪੈਰ ਰੱਖਣ ਵਾਲ਼ਾ ਬੰਦਾ ਸੀ।
-"ਮੇਰਾ ਨਾਂ ਖ਼ਾਨ ਐਂ ਸਰਦਾਰ ਜੀ…!" ਉਸ ਨੇ ਵਾਰੋ ਵਾਰੀ ਸਾਰਿਆਂ ਨਾਲ਼ ਬੜੀ ਗਰਮਜੋਸ਼ੀ ਨਾਲ਼ ਹੱਥ ਮਿਲਾਇਆ।
-"ਕੰਮ ਤੋਂ ਪਹਿਲਾਂ ਇਹ ਦੱਸੋ ਕਿ ਕੀ ਪੀਓਂਗੇ..?" ਉਸ ਨੇ ਆਪਣੀ ਨਜ਼ਰ ਵਾਲ਼ੀ ਐਨਕ ਚਾੜ੍ਹ ਲਈ ਅਤੇ ਖੂਹ ‘ਤੇ ਜੋੜੇ ਬੋਤੇ ਦੇ ਖੋਪਿਆਂ ਵਰਗੀਆਂ ਐਨਕਾਂ ਵਿਚੋਂ ਹੁਣ ਉਸ ਨੇ ਸਾਰਿਆਂ ਦੀ ਗੁਪਤ ਤਲਾਸ਼ੀ ਜਿਹੀ ਲੈਣੀ ਸ਼ੁਰੂ ਕਰ ਦਿੱਤੀ। ਉਸ ਦੀਆਂ ਅੱਖਾਂ ਦੀ ਨਜ਼ਰ ਸੁਆਲੀਆ ਬਣੀ ਹੋਈ ਸੀ।
-"ਨਹੀਂ ਖ਼ਾਨ ਸਾਹਿਬ ਪੀਣਾਂ ਤਾਂ ਅਸੀਂ ਕੁਛ ਨਹੀਂ-ਮਿਹਰਬਾਨੀ..! ਬੱਸ ਤੁਹਾਡੇ ਪੰਜ ਸੱਤ ਮਿੰਟ ਹੀ ਲੈਣੇਂ ਨੇ…!" ਢਿੱਲੋਂ ਬੋਲਿਆ।
-"ਕੀ ਗੱਲਾਂ ਕਰਦੇ ਓ ਬਾਦਸ਼ਾਹੋ…! ਹੁਕਮ ਕਰੋ…! ਬੰਦਾ ਹਾਜ਼ਰ ਈ…!" ਉਹ ਖੁੱਲ੍ਹ ਕੇ ਸਾਹਮਣੇ ਸੋਫ਼ੇ ‘ਤੇ ਸਜ ਗਿਆ।

ਗੁਰਚਰਨ ਦੀ ਜਗਾਹ ਢਿੱਲੋਂ ਨੇ ਸੀਤਲ ਅਤੇ ਇਮਰਾਨ ਦਾ ਕਿੱਸਾ ਖ਼ਾਨ ਸਾਹਿਬ ਦੇ ਅੱਗੇ ਖੋਲ੍ਹ ਦਿੱਤਾ। ਖ਼ਾਨ ਦੀਆਂ ਕੱਛਾਂ ਵਿਚ ਕੁਤਕੁਤੀਆਂ ਹੋਈਆਂ। ਮੇਰਾ ਫ਼ਰਜ਼ੰਦ ਸਿੰਘਣੀ ਫ਼ਸਾਈ ਫ਼ਿਰਦੈ? ਇਹ ਤਾਂ ਮੇਰੇ ਲਈ ਬੜੇ ਮਾਣ ਵਾਲ਼ੀ ਗੱਲ ਐ। ਨਿੱਤ ਸਾਡੇ ਲੀਡਰ ਆਖਦੇ ਨੇ ਕਿ ਹਿੰਦੂ-ਸਿੱਖਾਂ ਦੀਆਂ ਕੁੜੀਆਂ ਫ਼ਸਾਓ ਤੇ ਮੁਸਲਮਾਨ ਬਣਾਓ! ਤੇ ਮੇਰੇ ਬੱਬਰ ਸ਼ੇਰ ਨੇ ਤਾਂ ਆਪ ਹੀ ਮੋਰਚਾ ਮਾਰ ਲਿਆ? ਉਏ ਬੱਲੇ ਉਏ ਇਮਰਾਨ ਸ਼ੇਰਾ…! ਨਹੀਂ ਰੀਸਾਂ ਤੇਰੀਆਂ..! ਤੂੰ ਹੋਇਆ ਅਸਲ ਪਿਉ ਖ਼ਾਨ ਦਾ ਬਾਘ ਪੁੱਤ…! ਸਦਕੇ ਤੇਰੇ..! ਮਾਰਲੀ ਮਾਰ…! ਤੇ ਉਹ ਵੀ ਖੜੱਪੇ ਸੱਪ ਵਰਗੀ…! ਬੱਲੇ ਉਏ ਸ਼ੇਰ ਪੁੱਤਰਾ ਤੇਰੇ…! ਖ਼ਾਨ ਮਨ ਵਿਚ ਹੀ ਇਮਰਾਨ ਨੂੰ ਥਾਪੀਆਂ ਦੇ ਰਿਹਾ ਸੀ। -"ਦੇਖੋ ਸਰਦਾਰ ਜੀ…! ਅਸੀਂ ਵੀ ਪੰਜਾਬੀ ਆਂ…! 1947 ਤੋਂ ਪਹਿਲਾਂ ਤਾਂ ਆਪਾਂ ਸਾਰੇ ਇਕ ਹੀ ਸੀ-ਉਹ ਤਾਂ ਆਹ ਸੂਅਰ ਦੀ ਔਲਾਦ ਲੀਡਰਾਂ ਦੀ ਬੇੜੀ ਬੈਠ ਗਈ-ਜਿੰਨ੍ਹਾਂ ਨੇ ਹਿੰਦੋਸਤਾਨ ਤੇ ਪਾਕਿਸਤਾਨ ਵੱਖ ਵੱਖ ਕਰਵਾਏ-ਨਹੀਂ ਅਵਾਮ ਤਾਂ ਕਦੇ ਵੀ ਵੱਖ ਨਹੀਂ ਹੋਣਾਂ ਚਾਹੁੰਦੀ ਸੀ…! ਸਰਦਾਰ ਜੀ..! ਤੁਸਾਂ ਦੀ ਅਤੇ ਅਸਾਂ ਦੀ ਇੱਜ਼ਤ ਸਾਂਝੀ…! ਮੈਂ ਅੱਜ ਹੀ ਇਮਰਾਨ ਨਾਲ ਗੱਲ ਕਰ ਲਵਾਂਗਾ-ਨਾਲੇ ਤੁਸਾਂ ਨੂੰ ਤਾਂ ਪਤਾ ਹੀ ਹੈ ਕਿ ਅਸੀਂ ਦੂਜੇ ਮਜਹਬ ਵਿਚ ਤਾਂ ਕੀ, ਖ਼ਾਨਦਾਨ ਵਿਚੋਂ ਬਾਹਰ ਜਾ ਕੇ ਵੀ ਸ਼ਾਦੀ ਨਹੀਂ ਜੇ ਕਰਦੇ…? ਮੈਂ ਅੱਜ ਹੀ ਉਸ ਕੁੱਤੇ ਦੇ ਪੁੱਤਰ ਦੇ ਕੰਨ ਪਿਆ ਖਿੱਚ ਛੱਡਨਾਂ ਵਾਂ…! ਤੁਸੀਂ ਚਿੰਤਾ ਨਾ ਜੇ ਕਰੋ…! ਹੋਰ ਕੋਈ ਸੇਵਾ ਹੈ ਤਾਂ ਖ਼ਾਨ ਤੁਸਾਂ ਲਈ ਜਾਨ ਵਾਰਨ ਲਈ ਤਿਆਰ ਈ…!" ਉਸ ਨੇ ਗੱਲੀਂ ਬਾਤੀਂ ਉਹਨਾਂ ਦੇ ‘ਫ਼ੁੱਲ’ ਪਾ ਦਿੱਤੇ। ਸੰਤੁਸ਼ਟੀ ਕਰਵਾਈ। ਪਰ ਅੰਦਰੋਂ ਖ਼ੁਸ਼ੀ ਖ਼ਾਨ ਦੇ ਕੰਨਾਂ ਵਿਚੋਂ ਬਾਹਰ ਡੁੱਲ੍ਹ ਰਹੀ ਸੀ। ਉਸ ਦੇ ਪੁੱਤਰ ਨੇ ਸੱਪ ਮਾਰਿਆ ਸੀ, ਤੇ ਉਹ ਵੀ ਖੜੱਪਾ…! ਇਮਰਾਨ ਜਿਹਾ ਸ਼ੇਰ ਪੁੱਤ ਕਿਤੇ ਘਰ ਘਰ ਜੰਮਣੇ ਨੇ…? ਆਜਾ ਪੁੱਤ ਇਮਰਾਨ ਘਰ, ਅੱਜ ਤੈਨੂੰ ਚੁੱਕ ਕੇ ਬਾਲਾ ਪਿਆ ਕੱਢਾਂਗਾ…! ਤੂੰ ਸਰਦਾਰਨੀ ਫ਼ਸਾਈ ਐ, ਕੋਈ ਮਾੜਾ ਮੋਟਾ ਕੰਮ ਨਹੀਂ..! ਯਾਹ ਅੱਲਾਹ..! ਇਮਰਾਨ ਵਰਗੇ ਸ਼ੇਰ ਘਰ ਘਰ ਜੰਮਣ…! ਉਸ ਦਾ ਦਿਲ ਖ਼ੁਸ਼ੀ ਵਿਚ ਚਾਂਭੜਾਂ ਪਾ ਰਿਹਾ ਸੀ। ਪਰ ਉਂਜ ਉਹ ਘੁੱਗੂ ਜਿਹਾ ਹੋਇਆ ਬੈਠਾ ਸੀ..! ਲੱਤ ‘ਤੇ ਲੱਤ ਧਰੀ..! -"ਮਿਹਰਬਾਨੀ ਖ਼ਾਨ ਸਾਹਿਬ…! ਸਾਨੂੰ ਤਾਂ ਬਹੁਤ ਫ਼ਿਕਰ ਸੀ ਕਿ ਪਤਾ ਨਹੀਂ ਤੁਸੀਂ ਕਿਹੋ ਜਿਹੇ ਬੰਦੇ ਹੋਵੋਂਗੇ? ਪਰ ਤੁਹਾਨੂੰ ਮਿਲ ਕੇ ਅਪਾਰ ਖ਼ੁਸ਼ੀ ਹੋਈ-ਗੱਲ ਖ਼ਾਨ ਸਾਹਿਬ ਇਹ ਹੈ…! ਬਈ ਜੇ ਆਬਦੀ ਬਰਾਦਰੀ ਵਿਚੋਂ ਵੀ ਮੁੰਡਾ ਹੋਵੇ-ਬੰਦਾ ਸੋਚ ਵਿਚਾਰ ਵੀ ਲੈਂਦੈ-ਰਾਈਟ? ਤੇ ਬਾਕੀ ਤੁਹਾਨੂੰ ਆਪਣੇ ਭਾਈਚਾਰੇ ਦਾ ਤਾਂ ਪਤਾ ਈ ਐ-ਰਾਈ ਦਾ ਪਹਾੜ ਬਣਾਂ ਲੈਂਦੇ ਐ…!"

-"ਦੈਟਸ ਟਰੂ…! ਦੈਟਸ ਵੈਰ੍ਹੀ ਟਰੂ ਸਰਦਾਰ ਜੀ…! ਨ੍ਹੋ ਡਾਊਟ…! ਤੁਸੀਂ ਆਪਣਾ ਨਾਮ ਤਾਂ ਦੱਸਿਆ ਨਹੀਂ…!" ਉਸ ਨੇ ਸਹਿਮਤੀ ਦੇ ਨਾਲ਼ ਉਲਾਂਭਾ ਜਿਹਾ ਵੀ ਦੇ ਮਾਰਿਆ।
-"ਇਹ ਨੇ ਜੀ ਉਸ ਲੜਕੀ ਦੇ ਬਾਪ ਸਰਦਾਰ ਗੁਰਚਰਨ ਸਿੰਘ, ਇਹ ਸਿੱਧੂ ਸਾਹਿਬ ਤੇ ਮੈਨੂੰ ਢਿੱਲੋਂ ਆਖਦੇ ਐ ਜੀ ਖ਼ਾਨ ਸਾਹਿਬæææ!"
-"ਮਿਹਰਬਾਨੀ ਢਿੱਲੋਂ ਸਾਹਿਬ…! ਪਰ ਤੁਸੀਂ ਕੁਝ ਖਾਧਾ ਪੀਤਾ ਤੇ ਹੈ ਨਹੀਂ…?" ਉਸ ਨੇ ਲੜਕੀ ਦੇ ਬਾਪ ਆਖਣ ‘ਤੇ ਗੁਰਚਰਨ ਵੱਲ ਵਿਸ਼ੇਸ਼ ਨਜ਼ਰਾਂ ਨਾਲ਼ ਦੇਖ ਕੇ ਕਿਹਾ।
-"ਨਹੀਂ ਹੁਣ ਸਾਨੂੰ ਦਿਓ ਛੁੱਟੀ-ਅਸੀਂ ਕਿਸੇ ਜ਼ਰੂਰੀ ਮੀਟਿੰਗ ‘ਤੇ ਜਾਣੈਂ-ਤੇ ਨਾਲ਼ੇ ਇਕ ਹੋਰ ਬੇਨਤੀ ਮੰਨੋ..!"
-"ਹੁਕਮ ਤੇ ਕਰੋ ਜਨਾਬ…! ਖ਼ਾਨ ਤੁਸਾਂ ਲਈ ਜਹੱਨਮ ਜਾਣ ਲਈ ਵੀ ਤਿਆਰ ਏ-ਕੀ ਗੱਲਾਂ ਪਏ ਕਰਦੇ ਓ ਸਰਦਾਰ ਬਹਾਦਰ…?"
-"ਇੰਨ ਕੇਸ, ਸਾਨੂੰ ਆਪਣਾ ਫ਼ੋਨ ਨੰਬਰ ਦੇ ਦਿਓ…!" ਢਿੱਲੋ ਨੇ ਬੇਨਤੀ ਕੀਤੀ।
-"ਲਓ ਸਰਦਾਰ ਜੀ..! ਇਹ ਵੀ ਕੋਈ ਗੱਲ ਏ-ਆਹ ਲਓ ਮੇਰਾ ਕਾਰਡ…!" ਉਸ ਨੇ ਝੱਗੀ ਦੀ ਉਪਰਲੀ ਜੇਬ ‘ਚੋਂ ਕਾਰਡ ਕੱਢ ਕੇ ਉਹਨਾਂ ਦੇ ਅੱਗੇ ਰੱਖ ਦਿੱਤਾ। ਉਹ ਖ਼ਾਨ ਦਾ ਧੰਨਵਾਦ ਕਰਕੇ ਬਾਹਰ ਆ ਗਏ।
-"ਬੰਦਾ ਮੈਨੂੰ ਗਿੱਦੜਮਾਰ ਈ ਲੱਗਦੈ…!" ਢਿੱਲੋਂ ਨੇ ਉਮਰ ਦੇ ਤਜ਼ਰਬੇ ਨੂੰ ਮੁੱਖ ਰੱਖ ਕੇ ਆਖਿਆ।
-"ਗਿੱਦੜਮਾਰ ਦਾ ਕੀ ਮਤਲਬ ਢਿੱਲੋਂ ਸਾਹਿਬ…?" ਗੱਲ ਸਿੱਧੂ ਦੇ ਸਿਰ ਉਪਰੋਂ ਦੀ ਲੰਘ ਗਈ ਸੀ। ਢਿੱਲੋਂ ਹੱਸ ਪਿਆ।
-"ਗਿੱਦੜਮਾਰ ਬੰਦੇ ਉਹ ਹੁੰਦੇ ਐ ਸਿੱਧੂ ਸਾਹਿਬ-ਜਿਹੜੇ ਮਿਹਰਬਾਨ ਜੀ ਨਜ਼ਰ ਨਾਲ਼ ਦੱਬਵੇਂ ਜੇ ਪੈਰੀਂ ਆਉਂਦੇ ਐ-ਤੇ ਬੰਦੇ ਨੂੰ ਟੰਬਾ ਮਾਰ ਕੇ ਮਿੰਟ ‘ਚ ਟੇਢਾ ਕਰ ਦਿੰਦੇ ਐ-ਮੂੰਹੋਂ ੋਮੱਠੇ ਤੇ ਅੰਦਰੋ ਛੁਰੀ।" ਢਿੱਲੋਂ ਨੇ ਗੱਲ ਦੀ ਵਿਆਖਿਆ ਕੀਤੀ।
-"ਇਹਦੀ ਨਜ਼ਰ ਚੁਗਲ ਝਾਤੀਆਂ ਆਲ਼ੀ ਐ।" ਢਿੱਲੋਂ ਫਿਰ ਬੋਲਿਆ।
-"ਚੁਗਲ ਝਾਤੀਆਂ ਦਾ ਤਰਜ਼ਮਾ ਵੀ ਕਰ ਦਿਓ…! ਥੋਡੀਆਂ ਗੱਲਾਂ ਡੂੰਘੀਆਂ ਹੁੰਦੀਐਂ…!" ਸਿੱਧੂ ਨੇ ਕਿਹਾ।
-"ਸਿੱਧੂ ਸਾਹਿਬ, ਚੁਗਲ ਝਾਤੀਆਂ ਉਹਨੂੰ ਕਹਿੰਦੇ ਐ-ਨਾਲ਼ੇ ਤਾਂ ਕਿਸੇ ਵੱਲੀਂ ਟੇਢੀ ਜੀ ਅੱਖ ਨਾਲ਼ ਝਾਕੀ ਜਾਣਾਂ ਤੇ ਨਾਲ਼ੇ ਡਰੀ ਜਾਣਾਂ ਕਿਤੇ ਫ਼ੌੜ੍ਹਾ ਨਾ ਵੱਜੇ ਮੌਰਾਂ ‘ਚ…!" ਸਾਰੇ ਹੱਸ ਪਏ। -"ਢਿੱਲੋਂ ਸਾਹਿਬ ਮੈਨੂੰ ਇਕ ਗੱਲ ਦੀ ਅਜੇ ਤੱਕ ਸਮਝ ਨਹੀਂ ਆਈ…?"
-"ਕਿਹੜੀ ਦੀ ਜੀ?"
-"ਤੁਸੀਂ ਵੱਡੇ ਵੀਰ ਸਾਥੋਂ ਕਾਫ਼ੀ ਸੀਨੀਅਰ ਓਂ-ਬਈ ਬੰਦੇ ਨੇ ਰੱਬ ਕਦੇ ਨਹੀਂ ਦੇਖਿਆ, ਰਾਈਟ?"
-"ਜੀ, ਬਿਲਕੁਲ ਰਾਈਟ..!"
-"ਬੰਦਾ ਰੱਬ ਨੂੰ ਮਨਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਦਿੰਦੈ-ਪਰ ਰੱਬ ਉਹਨੂੰ ਫੇਰ ਵੀ ਨ੍ਹੀ ਮਿਲ਼ਦਾ-ਠੀਕ?"
-"ਬਿਲਕੁਲ ਠੀਕ…!"
-"ਤੇ ਇਨਸਾਨ ਬੰਦੇ ਦੇ ਹਮੇਸ਼ਾ ਸਾਹਮਣੇ ਰਹਿੰਦੈ-ਸੁਖੀ ਵੀ ਤੇ ਕਦੇ ਦੁਖੀ ਵੀ-ਪਰ ਬੰਦਾ ਜਿਉਂਦੇ ਇਨਸਾਨ ਦੀ ਭੋਰਾ ਕਦਰ ਨ੍ਹੀ ਕਰਦਾ-ਊਂ ਆਪਣੇ ਪ੍ਰਚਾਰਕ ਪਿੱਟੀ ਜਾਂਦੇ ਐ-ਅਖੇ ਬੰਦੇ ‘ਚ ਰੱਬ ਵਸਦੈ।"
-"ਪ੍ਰਚਾਰਕਾਂ ਤੋਂ ਮੈਨੂੰ ਇਕ ਗੱਲ ਯਾਦ ਆ ਗਈ ਸਿੱਧੂ ਸਹਿਬ..!"
-"ਜ਼ਰੂਰ ਸੁਣਾਓ ਮਹਾਰਾਜ਼..!"
-"ਖ਼ੈਰ ਮਹਾਰਾਜ ਤਾਂ ਮੈਂ ਕਾਹਨੂੰ ਐਂ-ਤੁਸੀਂ ਗੱਲ ਸੁਣੋਂ…!"
-"ਸੁਣਾਓ ਜੀ!"
-"ਮੈਂ ਉਦੋਂ ਸ਼ਾਇਦ ਸੱਤਵੀਂ ਅੱਠਵੀਂ ‘ਚ ਪੜ੍ਹਦਾ ਹੁੰਦਾ ਸੀ-ਛੋਟਾ ਈ ਸੀ ਅਜੇ-!"
-"ਆਹੋ, ਸੱਤਵੀਂ ਅੱਠਵੀਂ ‘ਚ ਪੜ੍ਹਦਾ ਅਜੇ ਬੱਚਾ ਈ ਹੁੰਦੈ ਜੀ, ਕੋਈ ਚੌਦਾਂ ਪੰਦਰਾਂ ਸਾਲ ਉਮਰ ਹੋਊ!"
-"ਅਸੀਂ ਸਾਡੇ ਬਾਹਰਲੇ ਘਰ ਦਾ ਬਗਲ਼ ਮਾਰੀਏ-ਤੇ ਜਿਹੜਾ ਮਿਸਤਰੀ ਸੀ-ਉਹ ਸੀ ਤਾਂ ਬਿਰਧ-ਪਰ ਸੀ ਕੱਟੜ ਕਾਮਰੇਡ!"
 -"ਤਰਕਸ਼ੀਲ਼..!"
-"ਹਾਂ ਜੀ..! ਤਰਕਸ਼ੀਲ਼…!! ਉਹ ਕੰਧ ‘ਤੇ ਬੈਠਾ ਇੱਟਾਂ ਲਾਈ ਜਾਵੇ ਤੇ ਮੈਂ ਇੱਟਾਂ ਫੜਾਵਾਂ-ਦੋ ਸਾਡੇ ਕੋਲ਼ੇ ਦਿਹਾੜੀਏ-!"
-"ਠੀਕ!"
-"ਖ਼ੈਰ ਜੀ, ਸਵੇਰੇ ਕੋਈ ਨੌਂ ਕੁ ਵੱਜੇ ਹੋਣਗੇ-ਉਥੋਂ ਦੀ ਗੁਰਦੁਆਰੇ ਆਲ਼ਾ ਭਾਈ ਤੇ ਚਾਰ ਪੰਜ ਹੋਰ ਸਿੰਘ ਗੁਰੂ ਮਹਾਰਾਜ ਦੀ ਸਵਾਰੀ ਲਈ ਜਾਣ-ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ-!"
-"ਹਾਂ ਜੀ, ਸਮਝ ਗਿਆ।"
-"ਲਓ ਜੀ, ਅਸੀਂ ਗੁਰੂ ਮਹਾਰਾਜ ਦੀ ਸਵਾਰੀ ਆਉਂਦੀ ਦੇਖ ਕੇ ਸਾਰੇ ਚੱਪਲੀਆਂ ਲਾਹ ਕੇ ਆਦਰ Ḕਚ ਹੱਥ ਜੋੜ ਕੇ ਖੜ੍ਹ ਗਏ-ਖੜ੍ਹਨਾ ਈ ਸੀ? ਸਾਡੇ ਗੁਰੂ ਐ!"
-"ਬਿਲਕੁਲ ਜੀ, ਕੋਈ ਸ਼ੱਕ ਨ੍ਹੀ…!"
-"ਲਓ ਜੀ, ਅਸੀਂ ਹੱਥ ਜੋੜੀ ਖੜ੍ਹੇ-ਪਰ ਮਿਸਤਰੀ ਇੱਟਾਂ ਲਾਈ ਗਿਆ-ਮੈਂ ਬੜੀ ਹੈਰਾਨਗੀ ਨਾਲ਼ ਕਿਹਾ, ਮਿਸਤਰੀ ਜੀ..! ਬਾਬੇ ਦੀ ਸਵਾਰੀ ਜਾਂਦੀ ਸੀ ਤੇ ਤੁਸੀਂ ਤਾਂ ਵੀ ਇੱਟਾਂ ਲਾਉਣੋਂ ਨ੍ਹੀ ਹਟੇ-ਦੋ ਮਿੰਟ ਸਤਿਕਾਰ ‘ਚ ਹੱਥ ਈ ਜੋੜ ਲੈਂਦੇ? ਮੈਨੂੰ ਪਤਾ ਕੀ ਕਹਿੰਦਾ?"
-"ਕੀ ਕਹਿੰਦਾ?"
-"ਕਹਿੰਦਾ ਗੱਲ ਸੁਣ ਉਏ ਪਾੜ੍ਹਿਆ..! ਜਦੋਂ ਤੇਰਾ ਬਾਪੂ ਸਵੇਰੇ ਹਲ਼ ਜੋੜ ਕੇ ਤੁਰਦੈ-ਉਦੋਂ ਕਿਸੇ ਨੇ ਉਹਦੇ ਹਲ਼ ਨੂੰ ਮੱਥਾ ਟੇਕਿਐ? ਮੈਂ ਬੜਾ ਹੈਰਾਨ ਬਈ ਹਲ਼ ਨਾਲ਼ ਗੁਰੂ ਮਹਾਰਾਜ ਦੀ ਸਵਾਰੀ ਦਾ ਕੀ ਮੇਲ? ਕਿੱਥੇ ਹਲ਼ ਕਿੱਥੇ ਗੁਰੂ? ਖ਼ੈਰ ਜੀ, ਮੈਂ ਇਹ ਗੱਲ ਪੁੱਛ ਈ ਲਈ, ਬਈ ਮਿਸਤਰੀ ਜੀ-ਜੱਟ ਦੇ ਹਲ਼ ਤੇ ਬਾਬੇ ਦੀ ਬੀੜ ਦਾ ਕੀ ਮੇਲ? ਮੈਨੂੰ ਬਣਾਂ ਸੁਆਰ ਕੇ ਪਤਾ ਕੀ ਕਹਿੰਦਾ?"

-"ਕੀ ਕਹਿੰਦਾ..?"
-"ਕਹਿੰਦਾ, ਬਾਬਾ ਹੋਊ ਤੇਰੇ ਲਈ ਜਾਂ ਐਹਨਾਂ ਦਿਹਾੜੀਆਂ ਲਈ-ਆਹ ਜਿਹੜੇ ਤੇਰੇ ਬਾਬੇ ਦੀ ਬੀੜ ਚੱਕੀ ਜਾਂਦੇ ਐ-ਇਹਨਾਂ ਦੇ ਭਾਅ ਦਾ ਤਾਂ ਹਲ਼ ਤੋਂ ਵੱਧ ਕੇ ਕੁਛ ਨ੍ਹੀ-ਹੁਣ ਜਾ ਕੇ ਬਾਬੇ ਨੂੰ ਹਲ਼ ਮਾਂਗੂੰ ਜੋੜ ਲੈਣਗੇ-ਤੇ ਜਿਹੜੇ ਚਾਰ ਛਿੱਲੜ ‘ਕੱਠੇ ਹੋਣਗੇ-ਉਹਦੇ ‘ਤੇ ਲੁੱਟਣਗੇ ਬੁੱਲੇ-ਕਹਿੰਦਾ, ਉਏ ਪਾੜ੍ਹਿਆ ਇਹਨਾਂ ਦੇ ਭਾਅ ਦਾ ਕੋਈ ਬਾਬਾ ਨ੍ਹੀ-ਇਹਨਾਂ ਦੇ ਭਾਅ ਦਾ ਤਾਂ ਹਲ਼ ਈ ਐ-ਦੇਖ ਲੈ ਕਿਵੇਂ ਤੇਰੇ ਬਾਬੇ ਦੀ ਹਜੂਰੀ ਚ ਇਹ ਛਿੱਤਰੋ ਛਿੱਤਰੀ ਹੁੰਦੇ ਐ-ਜੇ ਇਹ ਤੇਰੇ ਬਾਬੇ ਨੂੰ ਰੱਬ ਸਮਝਦੇ ਹੋਣ ਜਾਂ ਗੁਰੂ ਸਮਝਦੇ ਹੋਣ-ਜਾਂ ਇਹਨਾਂ ਨੂੰ ਗੁਰੂ ਦਾ ਕੋਈ ਭੈਅ ਹੋਵੇ-ਤਾਂ ਉਹਦੀ ਹਜੂਰੀ ‘ਚ ਇਹ ਲੜ੍ਹਨ ਨਾਂ! ਲੈ ਬਈ ਸਿੱਧੂ ਸਾਹਿਬ, ਮੈਨੂੰ ਉਸ ਮਿਸਤਰੀ ਦੀ ਗੱਲ ਬਹੁਤ ਵਾਰੀ ਚੇਤੇ ਆਈ ਐ-ਪਰ ਸੁਣਾਈ ਮੈਂ ਅੱਜ ਐ..!"
-"ਵਾਹ ਜੀ ਵਾਹ..!" ਗੁਰਚਰਨ ਨੇ ਗੱਡੀ ਗੁਰੂ ਘਰ ਦੀ ਪਾਰਕਿੰਗ ਵਿਚ ਆ ਲਾਈ।
-"ਲਓ ਜੀ ਢਿੱਲੋਂ ਸਾਹਿਬ ਤੇ ਸਿੱਧੂ ਸਾਹਿਬ, ਤੁਹਾਡੀ ਬਹੁਤ ਬਹੁਤ ਮਿਹਰਬਾਨੀ..!"
-"ਮਿਹਰਬਾਨੀ ਆਲ਼ੀ ਕਿਹੜੀ ਗੱਲ ਐ ਗੁਰਚਰਨ ਸਿਆਂ-ਭਰਾਵਾਂ ਦੀ ਬਾਂਹ ਭਰਾ ਫੜਦੇ ਈ ਆਏ ਐ-ਕੱਲਾ ਕੋਈ ਵੱਡਾ ਨ੍ਹੀ ਹੁੰਦਾ-ਫ਼ਿਕਰ ਨਾ ਕਰੀਂ ਹੁਣ! ਬਾਬਾ ਭਲੀ ਕਰੂਗਾ..! ਆਹ ਖ਼ਾਨ ਦਾ ਕਾਰਡ ਫੜ ਲੈ-ਕਿਤੇ ਲੋੜ ਪੈ ਜਾਂਦੀ ਐ!" ਢਿੱਲੋਂ ਨੇ ਕਾਰਡ ਗੁਰਚਰਨ ਨੂੰ ਫ਼ੜਾਉਂਦਿਆਂ ਕਿਹਾ। ਕਾਰਡ ਫੜ ਕੇ ਗੁਰਚਰਨ ਨੇ ਜੇਬ ਵਿਚ ਪਾ ਲਿਆ।

* * * * *

ਗੁਰਚਰਨ ਹੋਰਾਂ ਦੇ ਜਾਣ ਤੋਂ ਤੁਰੰਤ ਬਾਅਦ ਖ਼ਾਨ ਆਪਣੇ ਟੈਲੀਫ਼ੋਨ ਨੂੰ ਚਿੰਬੜ ਗਿਆ। ਅੱਜ ਉਹ ਅਤੀਅੰਤ ਖ਼ੁਸ਼ ਸੀ। ਪਤਾ ਨਹੀਂ ਉਸ ਨੇ ਕਿਸ ਨੂੰ ਫ਼ੋਨ ਮਿਲ਼ਾ ਲਿਆ। ਦੂਜੀ ਬੈੱਲ ‘ਤੇ ਹੀ ਕਿਸੇ ਨੇ ਫ਼ੋਨ ਚੁੱਕ ਲਿਆ।
-"ਬਾਜੀ ਆਸਲਾਮਾ ਲੇਕੁਮ..! ਖ਼ਾਨ ਬੋਲਦਾ ਪਿਆ ਵਾਂ..!" ਉਸ ਨੇ ਬੜਾ ਲਿਫ਼ ਕੇ ਆਖਿਆ।
-"ਬਾ-ਲੇਕੁਮ ਸਲਾਮ ਭਾਈ ਜਾਨ..! ਹੋਰ ਸਭ ਖ਼ੈਰਾਂ ਨੇ?" ਉਧਰੋਂ ਕਿਸੇ ਔਰਤ ਦੀ ਅਵਾਜ਼ ਸੀ।
-"ਸਭ ਅੱਲਾਹ ਤਾਲਾ ਦਾ ਫ਼ਜ਼ਲ ਈ ਬਾਜੀ-ਹੋਰ ਸੁਣਾਓ, ਹੈਦਰ ਸਾਹਿਬ ਘਰ ਈ ਨੇ..?"
-"ਘਰ ਈ ਨੇ ਭਾਈ ਜਾਨ-ਇਕ ਮਿਨਟ ਮੈਂ ਗੱਲ ਕਰਵਾਨੀ ਆਂ..!" ਪਲ ਵਿਚ ਹੀ ਹੈਦਰ ਸਾਹਿਬ ਨੇ ਫ਼ੋਨ ‘ਤੇ ‘ਹੈਲੋ’ ਆ ਆਖੀ।
-"ਅਸਲਾਮਾ ਲੇਕੁਮ ਹੈਦਰ ਸਾਹਿਬ-ਖ਼ਾਨ ਪਿਆ ਬੋਲਦਾ ਈ…!"
-"ਬਾ-ਲੇਕੁਮ ਸਲਾਮ ਖ਼ਾਨ ਭਾਈ-ਬੜੀ ਦੇਰ ਬਾਅਦ ਯਾਦ ਪਿਆ ਕੀਤਾ ਈ? ਖ਼ੈਰ ਤੇ ਹੈ?"
-"ਮੁਆਫ਼ੀ ਭਾਈ ਜਾਨ..! ਮਸ਼ਰੂਫ਼ ਈ ਇਤਨਾ ਹੋ ਗਿਆ ਸਾਂ-ਬੱਸ ਸਮਾਂ ਈ ਨਹੀਂ ਪਿਆ ਮਿਲਿਆ-ਕੀ ਕਰਦਾ? ਮੁਆਫ਼ੀ ਦਾ ਖ਼ੁਆਸਤਗ਼ਾਰ ਹਾਂ..!"
-"ਹੋਰ ਸੁਣਾਓ-?" -"ਇਕ ਬੜੀ ਤਕੜੀ ਖ਼ੁਸ਼ਖ਼ਬਰੀ ਈ ਹੈਦਰ ਭਾਈ-ਬੜੀ ਜ਼ਬਰਦਸਤ ਖ਼ੁਸ਼ਖ਼ਬਰੀ…!"
-"ਦੇਰ ਨਾ ਪਏ ਕਰੋ! ਪਰਦਾ ਉਠਾਓ ਤੇ ਜਲਵਾ ਦਿਖਾਓ! ਜਲਦੀ ਦੱਸੋ-ਅੱਲਾਹ ਤੁਸਾਂ ਦੇ ਵੱਲ ਈ!"
-"ਆਪਣੇ ਫ਼ਰਜ਼ੰਦ ਇਮਰਾਨ ਨੇ ਇਕ ਸਰਦਾਰਾਂ ਦੀ ਕੁੜੀ ਪਈ ਫ਼ਸਾਈ ਏ!" ਉਸ ਨੇ ਗਿੱਠ ਉਚਾ ਹੋ ਕੇ ਦੱਸਿਆ।
-"ਸੁਭਾਨ ਅੱਲਾਹ..! ਸੁਭਾਨ ਅੱਲਾਹ..!! ਤੁਸਾਂ ਨੂੰ ਕਿੱਦਾਂ ਪਤਾ ਚੱਲਿਆ ਈ…?"
-"ਅੱਜ ਮੇਰੇ ਪਾਸ ਤਿੰਨ ਸਰਦਾਰ ਪਏ ਆਏ ਸਨ-।" -"ਅੱਛਾ…! ਕੀ ਕਰਣ…?"
-"ਆਪਣੇ ਬਰਖ਼ੁਰਦਾਰ ਇਮਰਾਨ ਨੇ ਇਕ ਸਰਦਾਰਾਂ ਦੀ ਲੜਕੀ ਪਈ ਫ਼ਸਾ ਰੱਖੀ ਏ…!" ਉਸ ਨੇ ਬੜੇ ਤਾਣ ਨਾਲ਼ ਦੱਸਿਆ। -"ਮੁਬਾਰਕਬਾਦ ਖ਼ਾਨ ਭਾਈ, ਮੁਬਾਰਕਬਾਦ…! ਤੁਸਾਂ ਦੇ ਮੂੰਹ ਘੀ ਸ਼ੱਕਰ…! ਕਿਆ ਡਾਢੀ ਖ਼ਬਰ ਪਈ ਸੁਨਾਈ ਏ..! ਬੜਾ ਜ਼ਬਰਦਸਤ ਧਮਾਕਾ ਪਿਆ ਕੀਤਾ ਈ ਫ਼ਰਜ਼ਦ ਮੀਆਂ ਨੇ…! ਮੇਰੀ ਬਾਤ ਸੁਨੋ ਖ਼ਾਨ ਭਾਈ…! ਇਕੱਲੇ ਈ ਹੋ…!" ਹੈਦਰ ਨੇ ਚੋਰਾਂ ਵਾਂਗ ਪੁੱਛਿਆ।
-"ਹਾਂ ਬਿਲਕੁਲ ਇਕੱਲਾ ਹਾਂ ਇਸ ਵਕਤ ਤਾਂ।"
-"ਫਿਰ ਤੁਸਾਂ ਦੇ ਪਾਸ ਸਰਦਾਰ ਕੀ ਕਰਣ ਆਏ ਸਨ?"
-"ਉਹ ਆਖ ਰਹੇ ਸਨ ਕਿ ਤੁਸਾਂ ਦੇ ਲੜਕੇ ਨੇ ਅਸਾਂ ਦੀ ਲੜਕੀ ਫ਼ਸਾ ਰੱਖੀ ਏ-ਉਸ ਨੂੰ ਉਸ ਦੇ ਪਿੱਛੇ ਤੋਂ ਹਟਾਓ!"
-"ਅੱਛਾ…?"
-"ਤੇ ਮੈਂ ਚਾਰ ਮਿੱਠੀਆਂ ਸੋæਸ਼ੀਆਂ ਛੋੜ ਛੱਡੀਆਂ ਕਿ ਸਰਦਾਰ ਜੀ ਫ਼ਿਕਰ ਨਾ ਕਰੋ-ਅਸਾਂ ਤੇ ਮਜ੍ਹਬ ਤੋਂ ਬਾਹਰ ਜਾ ਕੇ ਸ਼ਾਦੀ ਹੀ ਨਹੀਂ ਪਏ ਕਰਦੇ-ਮੈਂ ਲੜਕੇ ਨੂੰ ਵਰਜ਼ ਦੇਵਾਂਗਾ-ਤੇ ਉਹ ਸੰਤੁਸ਼ਟ ਹੋ ਕੇ ਟੁਰ ਗਏ-ਹੈਦਰ ਭਾਈ ਤੁਸਾਂ ਨੂੰ ਤੇ ਪਤਾ ਈ ਏ ਕਿ ਅਸਾਂ ਨੇ ਘਾਟ ਘਾਟ ਦਾ ਪਾਣੀ ਪਿਆ ਪੀਤਾ ਏ-ਅਸੀਂ ਇਹਨਾਂ ਸਰਦਾਰਾਂ ਨੂੰ ਕੀ ਪਏ ਸਮਝਦੇ ਆਂ? ਕਰਣ ਵਾਲਾ ਕੰਮ ਇਮਰਾਨ ਨੇ ਕਰ ਲਿਆ।" ਹੈਦਰ ਉਚੀ ਉਚੀ ਹੱਸ ਪਿਆ।
-"ਜੀਉ ਖ਼ਾਨ ਭਾਈ…! ਜੁੱਗ ਜੁੱਗ ਪਏ ਜੀਉ…! ਤੁਸਾਂ ਦੀ ਜ਼ਿੰਦਾਬਾਦ ਪਈ ਹੋ ਜਾਣੀ ਏਂ।"
-"ਆਪਣੇ ਬਜ਼ੁਰਗ ਪਏ ਆਖਦੇ ਸਨ ਕਿ ਬੱਕਰੀ ਸ਼ੇਰ ਪਾਸ ਖ਼ੁਦ ਚੱਲ ਕੇ ਆ ਗਈ ਏ। ਹੁਣ ਉਸ ਦੀ ਖ਼ੈਰ ਨਹੀਂ-ਕੀ ਖ਼ਿਆਲ ਈ…?"
-"ਇਕ ਹੋਰ ਕੰਮ ਕਰੋ ਖ਼ਾਨ ਭਾਈ…! ਮੈਂ ਅੱਜ ਸ਼ਾਮਾਂ ਨੂੰ ਸਦੀਕੀ ਸਾਹਿਬ ਨਾਲ਼ ਗੱਲ ਕਰਸਾਂ-ਤੁਸਾਂ ਇਮਰਾਨ ਮੀਆਂ ‘ਤੇ ਜ਼ੋਰ ਪਾ ਕੇ ਸਰਦਾਰਨੀ ਦਾ ਮਜ਼ਹਬ ਤਬਦੀਲ ਕਰਵਾਓ-ਜਿਤਨੀ ਵੀ ਜਲਦੀ ਹੋ ਸਕੇ, ਦੇਰ ਨਾ ਕਰਸੀ…! ਇਮਰਾਨ ਮੀਆਂ ਨੂੰ ਆਖੋ ਕਿ ਸਰਦਾਰਨੀ ‘ਤੇ ਜ਼ੋਰ ਪਾਵੇ ਕਿ ਮੈਂ ਤੇਰੇ ਨਾਲ਼ ਤਦ ਪਿਆ ਰਹਿਸਾਂ ਜਦ ਤੂੰ ਮਜ਼ਹਬ ਤਬਦੀਲ ਕਰ ਲਵੇਂਗੀ-ਛੋੜ ਸਿੱਖਾਂ ਵਾਲਾ ਮਜ਼ਹਬ ਤੇ ਇਸਲਾਮ ਵਿਚ ਸ਼ਮਿਲ ਹੋ…! ਨਹੀਂ ਸਾਡੀ ਦੁਆ ਸਲਾਮ ਖ਼ਤਮ…!" ਹੈਦਰ ਨੇ ਰਾਇ ਦਿੱਤੀ।
-"ਨਹੀਂ ਹੈਦਰ ਭਾਈ..! ਕਾਹਲੀ ਸੰਗ ਕੀਤਾ ਕੰਮ ਖ਼ਰਾਬ ਹੋਸੀ…! ਕੰਮ ਆਪਾਂ ਸਾਰੇ ਦਿਮਾਗ ਨਾਲ ਕਰਸੀ-ਗਰਮ ਗੋਸ਼ਤ ਨਾਲ ਜੀਭ ਸੜ ਜਾਂਦੀ ਏ…! ਮੈਂ ਸਭ ਤੋਂ ਪਹਿਲਾਂ ਤਾਂ ਅੱਜ ਇਮਰਾਨ ਨੂੰ ਥਾਪੀ ਦੇਸਾਂ-ਫੇਰ ਜਿਵੇਂ ਵੀ ਅਗਲਾ ਕਦਮ ਪੁੱਟਿਆ ਮੈਂ ਜਨਾਬ ਤੁਸਾਂ ਨੂੰ ਖ਼ਬਰ ਕਰਸਾਂ-ਤੁਸਾਂ ਸਦੀਕੀ ਭਾਈ ਨਾਲ ਮਸ਼ਬਰਾ ਕਰ ਲੈਣਾਂ…!"
-"ਇੰਸ਼ਾ-ਲਾ..! ਖ਼ੁਦਾ ਹਾਫ਼ਿਜ਼ ਖ਼ਾਨ ਭਾਈ…!"
-"ਖ਼ੁਦਾ ਹਾਫ਼ਿਜ਼…!" ਫ਼ੋਨ ਕੱਟੇ ਗਏ।

੨੨।੦੧।੨੦੧੨

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com