WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 16
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਇਸਲਾਮਾਬਾਦ ਪਹੁੰਚ ਕੇ ਸੀਤਲ ਨੂੰ ਕਾਫ਼ੀ ਕੁਝ ਓਪਰਾ ਓਪਰਾ ਜਿਹਾ ਲੱਗਿਆ। ਓਪਰੇ ਲੋਕ..! ਨਾ ਕਿਸੇ ਨਾਲ਼ ਜਾਣ ਨਾ ਪਹਿਚਾਣ...! ਪਰ ਇਮਰਾਨ ਦਾ ਸਾਥ ਉਸ ਨੂੰ ਡੋਲਣ ਜਾਂ ਓਦਰਨ ਨਹੀਂ ਦੇ ਰਿਹਾ ਸੀ।

ਵੈਸੇ ਏਅਰਪੋਰਟ 'ਤੇ ਉਸ ਨੂੰ ਦੋ ਕੀਮਤੀ ਕਾਰਾਂ ਲੈਣ ਆਈਆਂ ਹੋਈਆਂ ਸਨ। ਡਰਾਈਵਰਾਂ ਦੀਆਂ ਸਿਰਫ਼ ਅੱਖਾਂ ਹੀ ਹਰਕਤ ਕਰਦੀਆਂ ਦਿਸਦੀਆਂ ਸਨ। ਬਹੁਤਾ ਕੁਝ ਉਹ ਬੋਲੇ ਨਹੀਂ ਸਨ। ਬੱਸ, ਉਹਨਾਂ ਨੇ 'ਸਲਾਮ-ਦੁਆ' ਤੋਂ ਬਾਅਦ ਉਹਨਾਂ ਦਾ ਸਮਾਨ ਕਾਰਾਂ ਵਿਚ ਰੱਖ ਲਿਆ ਸੀ ਅਤੇ ਅੱਗੜ ਪਿੱਛੜ ਤੁਰ ਪਏ ਸਨ। ਘੰਟੇ ਕੁ ਦੇ ਸਫ਼ਰ ਤੋਂ ਬਾਅਦ ਉਹਨਾਂ ਦਾ ਉਤਾਰਾ ਇਕ ਆਲੀਸ਼ਾਨ ਕੋਠੀ ਵਿਚ ਹੋਇਆ। ਕੋਠੀ ਬਿਲਕੁਲ ਖਾਲੀ, ਪਰ ਬੜੇ ਸਲੀਕੇ ਨਾਲ਼ ਸਜ਼ਾਈ ਹੋਈ ਸੀ। ਕੋਠੀ ਦੇ ਲਾਅਨ ਵਿਚ ਤਰ੍ਹਾਂ ਤਰ੍ਹਾਂ ਦੇ ਮਨਮੋਹਕ ਫ਼ੁੱਲ ਅਤੇ ਬੂਟੇ ਲੱਗੇ ਹੋਏ ਸਨ। ਸੀਤਲ ਤੁਰ ਫਿਰ ਕੇ ਫ਼ੁੱਲਾਂ ਅਤੇ ਬੂਟਿਆਂ ਨੂੰ ਨਿਹਾਰਨ ਲੱਗ ਪਈ ਸੀ। ਉਸ ਦਾ ਉਦਰੇਵਾਂ ਕਾਫ਼ੀ ਹੱਦ ਤੱਕ ਉਡ ਗਿਆ ਸੀ। ਫ਼ੁੱਲਾਂ ਦੀ ਹਾਣੀ ਹੋ ਕੇ ਤੁਰੀ ਸੀਤਲ ਦਾ ਮਨ ਖਿੜ ਉਠਿਆ। ਫ਼ੁੱਲਾਂ ਦੀ ਮਹਿਕ ਅਤੇ ਮੁਸਕਰਾਹਟ ਦੇਖ ਕੇ ਉਸ ਦਾ ਮਨ ਬਾਗੋ-ਬਾਗ ਹੋਇਆ ਪਿਆ ਸੀ। ਰੱਬ ਦੀ ਕੁਦਰਤ ਦੀ ਸਿਫ਼ਤ ਵਿਚ ਉਹ ਮਸਤਾਨੀ ਹੀ ਤਾਂ ਹੋ ਗਈ ਸੀ...! ਉਸ ਨੇ ਸਾਰੇ ਲਾਅਨ ਦਾ ਬੜੀ ਬਾਰੀਕੀ ਨਾਲ਼ ਗੇੜਾ ਦਿੱਤਾ। ਫ਼ੁੱਲਾਂ ਅਤੇ ਪੱਤੀਆਂ ਨਾਲ਼ ਗੱਲਾਂ ਕੀਤੀਆਂ। ਪੌਦਿਆਂ ਦੇ ਪੱਤੇ ਪਲ਼ੋਸੇ!

ਪਰ ਇਮਰਾਨ ਦੇ ਮਨ ਵਿਚ ਲੰਡਨ ਏਅਰਲਾਈਨ ਵਾਲ਼ੀ ਕੁੜੀ ਖੌਰੂ ਪਾ ਰਹੀ ਸੀ। ਉਹ ਸਾਰੇ ਰਾਹ ਉਸ ਦੇ ਦਿਲ ਤੋਂ ਨਹੀਂ ਉਤਰੀ ਸੀ। ਇਮਰਾਨ ਦੀ ਯਾਦ ਵਿਚੋਂ ਇਕ ਪਲ ਵੀ ਗ਼ੈਰਹਾਜ਼ਰ ਨਹੀਂ ਹੋਈ ਸੀ ਅਤੇ ਉਸ ਦੇ ਜਿ਼ਹਨ ਵਿਚ ਉਸ ਦੀਆਂ ਅੱਖਾਂ ਹੀ ਝਿਲਮਲਾਉਂਦੀਆਂ ਰਹੀਆਂ ਸਨ। ਹੁਣ ਇਮਰਾਨ ਸੀਤਲ ਨਾਲ਼ ਬਹੁਤੀ ਅੱਖ ਨਹੀਂ ਮਿਲ਼ਾ ਰਿਹਾ ਸੀ। ਉਸ ਦੀ ਨਜ਼ਰ ਤੁਰਦੀ ਤੁਰਦੀ ਸੀਤਲ ਦੇ ਸਿਰ ਉਪਰੋਂ ਦੀ ਲੰਘ ਜਾਂਦੀ ਸੀ। ਉਹ ਸੀਤਲ ਤੋਂ ਕਤਰਾ ਜਿਹਾ ਰਿਹਾ ਸੀ।

ਇਮਰਾਨ ਨੇ ਆਪਣੇ ਮੋਬਾਇਲ ਤੋਂ ਕਿਸੇ ਨੂੰ ਫ਼ੋਨ ਮਿਲ਼ਾ ਲਿਆ।

ਪਰ ਜਦੋਂ ਫ਼ੋਨ ਮਿਲਿ਼ਆ ਤਾਂ ਉਹ "ਆ-ਸਲਾਮਾ ਲੇਕੁਮ" ਆਖ ਕੇ ਗੱਲ ਕਰਨ ਲਈ ਪਰ੍ਹੇ ਨੂੰ ਤੁਰ ਗਿਆ।

ਇਮਰਾਨ ਕੋਈ ਅੱਧਾ ਘੰਟਾ ਫ਼ੋਨ 'ਤੇ ਗੱਲ ਕਰਦਾ ਰਿਹਾ। ਕਿਸ ਨਾਲ਼ ਗੱਲ ਹੋ ਰਹੀ ਸੀ...? ਇਸ ਬਾਰੇ ਸੀਤਲ ਨੂੰ ਕੋਈ ਪਤਾ ਨਹੀਂ ਸੀ...! ਕੀ ਗੱਲ ਹੋ ਰਹੀ ਸੀ...? ਸੀਤਲ ਇਸ ਪੱਖੋਂ ਵੀ ਨਾਵਾਕਿਫ਼ ਸੀ! ਪਰ ਉਸ ਨੂੰ ਬਹੁਤਾ ਕੋਈ ਮਹਿਸੂਸ ਨਹੀਂ ਹੋਇਆ ਸੀ। ਇਮਰਾਨ 'ਤੇ ਉਸ ਨੂੰ ਪੂਰਨ ਵਿਸ਼ਵਾਸ ਸੀ। ਚੋਰ ਦੇ ਮਨ ਵਿਚ ਹਮੇਸ਼ਾ ਡਰ ਹੁੰਦੈ..! ਪਰ ਆਵੇਸਲ਼ੇ ਬੰਦੇ ਨੂੰ ਕਾਹਦਾ ਡਰ ਡੁੱਕਰ...? ਸੀਤਲ ਦਾ ਚਾਹੇ ਇੱਥੇ ਦਿਲ ਨਹੀਂ ਲੱਗ ਰਿਹਾ ਸੀ। ਜੇ ਇਉਂ ਹੀ ਬੋਰਿੰਗ ਰਹੀ, ਤਾਂ ਦੋ ਹਫ਼ਤੇ ਤਾਂ ਦੋ ਸਾਲਾਂ ਵਾਂਗੂੰ ਲੰਘਣਗੇ..? ਪਰ ਉਸ ਨੂੰ ਇਮਰਾਨ ਦਾ ਆਸਰਾ ਸੀ। ਚੱਲ, ਦੋ ਹਫ਼ਤਿਆਂ ਦਾ ਕੀ ਐ...? ਜਦੋਂ ਬਾਹਰ ਟੂਰ 'ਤੇ ਨਿਕਲ਼ੇ ਦਿਨ ਤਾਂ ਤੀਆਂ ਵਾਂਗੂੰ ਲੰਘ ਜਾਣਗੇ...! ਉਸ ਨੇ ਆਪਣਾ ਦਿਲ ਆਪ ਹੀ ਧਰਾਇਆ।

ਸ਼ਾਮ ਨੂੰ ਸ਼ਰਾਬ ਦੀਆਂ ਬੋਤਲਾਂ ਸਮੇਤ ਖਾਣਾਂ ਪਹੁੰਚ ਗਿਆ। ਵਿਸਕੀ ਦੀਆਂ ਬੋਤਲਾਂ ਦੀ ਪੂਰੀ ਪੇਟੀ ਭਰੀ ਹੋਈ ਸੀ। ਜਿਸ ਵਿਚ ਘੱਟੋ ਘੱਟ ਦਸ ਬੋਤਲਾਂ ਸਨ।

-"ਸੀਤਲ ਤੂੰ ਨਹਾ ਧੋ ਕੇ ਮਾੜੀ ਮੋਟੀ ਤਿਆਰ ਹੋ ਜਾਈਂ, ਰਾਤ ਨੂੰ ਮੇਰੇ ਮਿੱਤਰਾਂ ਨੇ ਮੈਨੂੰ ਮਿਲਣ ਆਉਣੈਂ...!" ਇਮਰਾਨ ਨੇ ਇਕ ਤਰ੍ਹਾਂ ਨਾਲ਼ ਹੁਕਮ ਜਿਹਾ ਕੀਤਾ। ਬੋਲਾਂ ਵਿਚ ਅੱਜ ਮਿਠਾਸ ਨਹੀਂ ਸੀ। ਅੱਤੜਪੁਣਾਂ ਜਿਹਾ ਸੀ।
-"ਅੱਜ ਪਾਕਿਸਤਾਨ ਪਹੁੰਚਣ ਦੀ ਖ਼ੁਸ਼ੀ ਵਿਚ ਵਿਸਕੀ ਨਹੀਂ ਦੇਣੀਂ...?" ਸੀਤਲ ਨੇ ਬੇਧਿਆਨੀ ਜਿਹੀ ਹੋ ਕੇ ਹੱਸਦਿਆਂ ਟਕੋਰ ਕੀਤੀ। ਆਪਣਾ ਦਿਲ ਜਿਹਾ ਬਹਿਲਾਉਣ ਵਾਸਤੇ...!

ਇਮਰਾਨ ਨੇ ਬਿਨਾਂ ਉਤਰ ਦਿੱਤੇ ਇਕ ਪੈੱਗ ਸੀਤਲ ਲਈ ਅਤੇ ਇਕ ਆਪਣੇ ਲਈ ਪਾ ਲਿਆ।
ਪੈੱਗ ਖਾਲੀ ਹੋ ਗਏ।

ਹੌਲ਼ੀ ਹੌਲੀ ਪੌਣੀਂ ਬੋਤਲ ਖਾਲੀ ਹੋ ਗਈ। ਪਰ ਇਮਰਾਨ ਅੱਜ ਬਹੁਤਾ ਕੁਝ ਬੋਲ ਨਹੀਂ ਰਿਹਾ ਸੀ! ਗੁੰਮ ਸੁੰਮ ਅਤੇ ਚੁੱਪ ਚਾਪ ਜਿਹਾ ਸੀ। ਉਹ ਦਾਰੂ ਪੀਂਦਾ ਏਅਰਲਾਈਨ ਵਾਲ਼ੀ ਕੁੜੀ ਨੂੰ ਹੀ ਬੁੱਕਲ਼ ਵਿਚ ਲਈ ਬੈਠਾ ਰਿਹਾ ਸੀ। ਅੱਜ ਸੀਤਲ ਉਸ ਨੂੰ ਕਿਸੇ ਬਾਂਦਰੀ ਵਰਗੀ ਲੱਗ ਰਹੀ ਸੀ। ਉਹ ਸੋਚ ਰਿਹਾ ਸੀ, ਕਿੱਡੀ ਗਲਤੀ ਕੀਤੀ ਇਸ ਨਾਲ਼ ਨਾਤਾ ਜੋੜ ਕੇ...? ਇਮਰਾਨ ਤੂੰ ਵੀ ਗ਼ਲਤ ਐਂ...! ਸਰਾਸਰ ਗ਼ਲਤ...!! ਦੋ ਚਾਰ ਹਫ਼ਤੇ ਜਾਂ ਦੋ ਚਾਰ ਮਹੀਨੇ ਇਹਦੇ ਨਾਲ਼ ਮੌਜ ਮਸਤੀ ਕਰਦਾ, ਤੇ ਬੱਸ...! ਪਰ ਤੂੰ ਤਾਂ ਇਹ ਵਾੜ ਦੇ ਝਾਫ਼ੇ ਵਾਂਗ ਮਗਰ ਪਾ ਲਈ...? ਹੁਣ ਇਸ ਤੋਂ ਛੁਟਕਾਰਾ ਲਾਜ਼ਮੀ ਚਾਹੀਦੈ...! ਤੇ ਨਹੀਂ ਤੈਨੂੰ ਏਅਰਲਾਈਨ ਵਾਲ਼ੀ ਕੁੜੀ ਨਸੀਬ ਨਹੀਂ ਹੋਣੀਂ...! ਇਮਰਾਨ, ਅੱਬੂ ਜਾਨ ਦੇ ਆਖਣ ਵਾਂਗ, ਤੂੰ ਅਜੇ ਨਿਆਣੈਂ...! ਤੂੰ ਅਜੇ ਦੁਨੀਆਂ ਦਾ ਕੁਝ ਵੀ ਨਹੀਂ ਦੇਖਿਆ...! ਦੁਨੀਆਂ ਬਹੁਤ ਵੱਡੀ ਐ...! ਦੁਨੀਆਂ ਬਹੁਤ ਹੁਸੀਨ ਐਂ...! ਸੀਤਲ ਨਾਲ਼ੋਂ ਸੁਹੱਪਣ ਕਿਤੇ ਵੱਧ ਪਿਐ, ਤੇ ਉਹ ਵੀ ਚੋਂਦਾ ਚੋਂਦਾ...! ਤੇ ਤੂੰ ਇਹਨੂੰ ਦੇਖ ਕੇ ਊਂ ਈਂ ਲਾਚੜ ਗਿਆ, ਜਿਵੇਂ ਬਾਂਦਰ ਖਿੱਲਾਂ ਨੂੰ ਦੇਖ ਕੇ ਲਾਚੜਦੈ...! ਤੈਨੂੰ ਤਾਂ ਇਸ ਬਾਂਦਰੀ ਤੋਂ ਪਰ੍ਹੇ ਸਾਰਾ ਕੁਝ ਦਿਸਣੋਂ ਹੀ ਹੱਟ ਗਿਆ ਸੀ...! ਅੰਨ੍ਹਾਂ ਹੋ ਗਿਆ ਸੀ ਤੂੰ ਤਾਂ ਇਮਰਾਨ...! ਕੀ ਹੁਸਨ ਐਂ ਏਅਰਲਾਈਨ ਵਾਲ਼ੀ ਕੁੜੀ 'ਤੇ...? ਹਾਏ ਅੱਲਾਹ...! ਸੰਗਤਰੇ ਦੀਆਂ ਫ਼ਾੜੀਆਂ ਵਾਂਗ ਰਸੇ ਹੋਏ ਬੁੱਲ੍ਹ...! ਫ਼ਲੀਆਂ ਵਰਗੀਆਂ ਮੁਲਾਇਮ ਅਤੇ ਨਾਜ਼ੁਕ ਉਂਗਲਾਂ...! ਮਿਰਗ ਵਰਗੀਆਂ ਕਾਲ਼ੀਆਂ ਤੇ ਮੋਟੀਆਂ ਅੱਖਾਂ...! ਵੇਸਣ ਵਰਗਾ ਰੰਗ...! ਡੁੱਲ੍ਹ ਡੁੱਲ੍ਹ ਪੈਂਦੀ ਭਰ ਜੁਆਨ ਛਾਤੀ...! ਛਮਕ ਵਰਗਾ ਛਾਂਟਿਆ ਸਰੀਰ...! ਹਾਏ ਅੱਲਾਹ, ਮੈਂ ਤਾਂ ਉਸ ਹੂਰ ਦਾ ਨਾਂ ਵੀ ਨਹੀਂ ਪੁੱਛਿਆ...? ਦੇਖ ਕੇ ਮੱਤ ਹੀ ਮਾਰੀ ਗਈ...! ਦਿਮਾਗ ਹੀ ਖ਼ਰਾਬ ਹੋ ਗਿਆ..! ਨਾਲ਼ੇ ਉਹ ਆਪਣੇ ਮਜ਼ਹਬ ਦੀ ਕੁੜੀ...! ਨਾ ਮਜ਼ਹਬ ਤਬਦੀਲ ਦਾ ਪੰਗਾ, ਤੇ ਨਾ ਮੁਸਲਮ ਭਾਈਚਾਰੇ ਵੱਲੋਂ ਹੁੱਕਾ ਪਾਣੀ ਤਿਆਗਣ ਦਾ ਡਰ...! ਨਾਲ਼ੇ ਇਮਰਾਨ ਮੀਆਂ..! ਤੂੰ ਅਮੀਰ ਅਤੇ ਮਾਣ ਤਾਣ ਵਾਲ਼ੇ ਪਿਉ ਦਾ ਪੁੱਤਰ...! ਤੇ ਇਹਦੇ ਪਿਉ ਨੂੰ ਤਾਂ ਸ਼ਾਇਦ ਗੁਆਂਢੀ ਵੀ ਨਾ ਜਾਣਦੇ ਹੋਣ...? ਇਮਰਾਨ, ਤੂੰ ਆਪਦੇ ਮਾਣਯੋਗ ਪਿਉ ਦਾ ਨਾਂ ਮਿੱਟੀ ਵਿਚ ਮਿਲ਼ਾ ਦਿੱਤਾ...! ਅੱਲਾਹ ਤੈਨੂੰ ਸਜ਼ਾ ਜ਼ਰੂਰ ਦੇਵੇਗਾ...! ਤੇ ਇਮਰਾਨ ਨੇ ਰੋਣਾਂ ਸ਼ੁਰੂ ਕਰ ਦਿੱਤਾ।
ਸੀਤਲ ਹੈਰਾਨ ਹੋ ਗਈ ਕਿ ਇਸ ਨੂੰ ਬੈਠੇ ਬੈਠੇ ਨੂੰ ਕੀ ਹੋ ਗਿਆ ਸੀ...?

ਉਸ ਨੇ ਉਠ ਕੇ ਇਮਰਾਨ ਨੂੰ ਗਲਵਕੜੀ ਪਾ ਲਈ। ਇਮਰਾਨ ਨੂੰ ਇਉਂ ਲੱਗਿਆ, ਜਿਵੇਂ ਉਸ ਨੂੰ ਕੋਈ ਸਰਾਲ਼ ਚਿੰਬੜ ਗਈ ਸੀ। ਉਸ ਨੇ ਉਸ ਦਾ ਹੱਥ ਝਟਕ ਦਿੱਤਾ। ਸੀਤਲ ਹੋਰ ਹੈਰਾਨ ਹੋ ਗਈ। ਪਰ ਨਸ਼ੇ ਵਿਚ ਉਸ ਨੂੰ ਬਹੁਤਾ ਕੁਝ ਮਹਿਸੂਸ ਨਾ ਹੋਇਆ। ਉਹ ਮੁੜ ਸੋਫ਼ੇ 'ਤੇ ਜਾ ਬੈਠੀ ਅਤੇ ਇਕ ਪੈੱਗ ਪਾ ਲਿਆ। ਇਮਰਾਨ ਹੁਬਕੀਂ ਹੁਬਕੀਂ ਰੋਈ ਜਾ ਰਿਹਾ ਸੀ। ਉਸ ਦਾ ਸਿਰ ਹੇਠਾਂ ਨੂੰ ਸੁੱਟਿਆ ਹੋਇਆ ਸੀ ਅਤੇ ਉਂਗਲਾਂ ਨਾਲ਼ ਅੱਖਾਂ ਦੱਬੀਆਂ ਹੋਈਆਂ ਸਨ। ਸੀਤਲ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਮਰਾਨ ਰੋਣ ਕਿਉਂ ਲੱਗ ਪਿਆ...? ਪਰ ਨਸ਼ੇ ਵਿਚ ਉਹ ਵੀ ਘੁੱਗੂ ਜਿਹੀ ਹੋਈ ਬੈਠੀ ਸੀ।

ਬਾਹਰੋਂ ਕਾਰ ਦਾ ਹਾਰਨ ਵੱਜਿਆ।

ਸ਼ਾਇਦ ਇਮਰਾਨ ਦੇ ਦੋਸਤ ਆ ਗਏ ਸਨ! ਉਹ ਅੱਖਾਂ ਪੂੰਝ ਕੇ ਬਾਥਰੂਮ ਵਿਚ ਮੂੰਹ ਧੋਣ ਚਲਾ ਗਿਆ। ਮੂੰਹ ਧੋ ਕੇ ਉਸ ਨੇ ਬਾਹਰਲਾ ਦਰਵਾਜਾ ਜਾ ਖੋਲ੍ਹਿਆ। ਇਕ 'ਲਗਜ਼ਰੀ' ਕਾਰ ਕੋਠੀ ਦੇ ਅੰਦਰ ਵਿਹੜੇ ਵਿਚ ਆ ਖੜ੍ਹੀ। ਚਾਰ ਪੰਜ ਮੁੰਡੇ ਛਾਲ਼ਾਂ ਮਾਰ ਕੇ ਉੱਤਰੇ। ਚਾਲ ਢਾਲ ਅਤੇ ਪਹਿਰਾਵੇ ਤੋਂ ਉਹ ਸਾਰੇ ਹੀ ਕਿਸੇ ਚੰਗੇ ਅਮੀਰ ਘਰਾਣਿਆਂ ਦੇ, ਪਰ ਵਿਗੜੇ ਮੁੰਡੇ ਲੱਗਦੇ ਸਨ। ਹਰ ਇਕ ਦੇ ਹੱਥ ਮੁੰਦਰੀਆਂ ਨਾਲ਼ ਭਰੇ ਹੋਏ ਸਨ ਅਤੇ ਸੰਗਲ਼ ਵਰਗੀਆਂ ਭਾਰੀਆਂ ਚੈਨੀਆਂ ਗਲ਼ਾਂ ਵਿਚ ਲਟਕ ਰਹੀਆਂ ਸਨ। ਹਰ ਇਕ ਕੋਲ਼ ਕੀਮਤੀ ਮੋਬਾਇਲ ਫ਼ੋਨ ਸੀ।

ਇਮਰਾਨ ਉਹਨਾਂ ਨੂੰ ਵਾਰੋ ਵਾਰੀ ਗਲ਼ ਲੱਗ ਕੇ ਮਿਲਿ਼ਆ।
ਇਕ ਦੂਜੇ ਨੂੰ ਦੁਆਵਾਂ ਦਿੱਤੀਆਂ ਅਤੇ ਸਿੱਧੇ ਹੀ ਸੀਤਲ ਵਾਲ਼ੇ ਕਮਰੇ ਵਿਚ ਆ ਗਏ।
-"ਆ-ਸਲਾਮਾਂ ਲੇਕੁਮ ਭਾਬੀ ਜਾਨ...!" ਸਾਰੇ 'ਕੱਠੇ ਹੀ ਬੋਲੇ!

ਉਠ ਕੇ ਸੀਤਲ ਨੇ ਹੱਥ ਜੋੜ ਦਿੱਤੇ। ਨਸ਼ੇ ਵਿਚ ਉਸ ਨੂੰ ਬਹੁਤਾ ਕੁਝ ਸੁਣ ਨਹੀਂ ਰਿਹਾ ਸੀ। ਉਸ ਦੇ ਕੰਨ ਬੋਲ਼ੇ ਜਿਹੇ ਹੋਏ ਪਏ ਸਨ! ਪਾਕਿਸਤਾਨੀ ਵਿਸਕੀ ਉਸ ਨੂੰ ਠੀਕ ਤਰ੍ਹਾਂ ਫਿੱਟ ਨਹੀਂ ਬੈਠੀ ਸੀ। ਸ਼ਾਇਦ ਵਿਸਕੀ ਸ਼ੁੱਧ ਨਹੀਂ ਸੀ..? ਜਾਂ ਫਿਰ ਕਰੜੀ ਸੀ..? ਇਮਰਾਨ ਦੇ ਦੋਸਤ ਬਿਨਾਂ ਗੱਲੋਂ ਰੌਲ਼ਾ ਜਿਹਾ ਪਾ ਰਹੇ ਸਨ। ਉਹਨਾਂ ਨੇ ਦੋ ਬੋਤਲਾਂ ਦਾਰੂ ਦੀਆਂ ਚੁੱਕੀਆਂ ਅਤੇ ਬਾਹਰਲੀ ਬੱਤੀ ਬਾਲ਼ ਕੇ ਵਿਹੜੇ ਦੇ ਲਾਅਨ ਵਿਚ ਬੈਠ ਗਏ। ਮੇਜ਼ ਅਤੇ ਕੁਰਸੀਆਂ ਉਥੇ ਪਹਿਲਾਂ ਹੀ ਡਹੀਆਂ ਹੋਈਆਂ ਸਨ। ਦਾਰੂ ਚੱਲਦੀ ਰਹੀ। ਯਾਰ ਸ਼ਰਾਬੀ ਹੋਏ ਲੁੱਡੀ ਪਾਉਂਦੇ ਰਹੇ! ਹੱਸਦੇ ਰਹੇ ਅਤੇ ਮਜ਼ਾਕ ਚੱਲਦੇ ਰਹੇ! ਸੀਤਲ ਸ਼ਾਇਦ ਬਿਨਾਂ ਖਾਣਾਂ ਖਾਧੇ ਦੇ ਹੀ ਸੌਂ ਚੁੱਕੀ ਸੀ। ਕਿਸੇ ਨੇ ਉਸ ਨੂੰ ਬਾਹਰ ਆਉਣ ਲਈ ਸੁਲਾਹ ਨਹੀਂ ਮਾਰੀ ਸੀ। ਕਿਸੇ ਨੇ ਉਸ ਨੂੰ ਉਹਨਾਂ ਦੇ ਨਾਲ਼ ਬੈਠਣ ਲਈ ਨਹੀਂ ਆਖਿਆ ਸੀ। ਸਭ ਤੋਂ ਵੱਧ ਗੁੱਸਾ ਉਸ ਨੂੰ ਇਮਰਾਨ 'ਤੇ ਸੀ। ਜਿਸ ਨੇ ਉਸ ਨੂੰ ਉਹਨਾਂ ਦੇ ਨਾਲ਼ ਲਾਅਨ ਵਿਚ ਬੈਠਣ ਲਈ ਨਹੀਂ ਆਖਿਆ ਸੀ, ਸਗੋਂ ਸੁਲਾਹ ਵੀ ਨਹੀਂ ਮਾਰੀ ਸੀ! ਇਹਨਾਂ ਸੋਚਾਂ ਵਿਚ ਰੁੜ੍ਹੀ ਸੀਤਲ ਨੂੰ ਪਤਾ ਨਹੀਂ ਕਦੋਂ ਨੀਂਦ ਨੇ ਘੇਰ ਲਿਆ ਸੀ। ਇਮਰਾਨ ਨੇ ਆ ਕੇ ਦੇਖਿਆ ਤਾਂ ਸੀਤਲ ਨਿੱਕੇ ਨਿੱਕੇ ਘੁਰਾੜ੍ਹੇ ਮਾਰੀ ਜਾ ਰਹੀ ਸੀ। ਉਹ ਖਾਣਾਂ ਲੈ ਕੇ ਪੁੱਠੇ ਪੈਰੀਂ ਵਾਪਸ ਚਲਾ ਗਿਆ ਸੀ। ਕੋਠੀ ਵਿਚ ਇਮਰਾਨ ਅਤੇ ਉਸ ਦੇ ਦੋਸਤਾਂ ਤੋਂ ਬਿਨਾਂ ਕੋਈ ਵੀ ਨਹੀਂ ਸੀ। ਉਜਾੜ ਜਿਹੇ ਵਿਚ ਪਾਈ ਇਸ ਆਲੀਸ਼ਾਨ ਕੋਠੀ ਦੇ ਬਾਹਰ ਦੂਰ ਕਿਤੇ ਕੁੱਤੇ ਭੌਂਕਦੇ ਸੁਣਾਈ ਦਿੰਦੇ ਸਨ। ਕਿਤੇ ਕਿਤੇ ਕਿਸੇ ਟਟ੍ਹੀਰੀ ਦੇ ਕੁਰਲਾਉਣ ਦੀ ਅਵਾਜ਼ ਆਉਂਦੀ ਸੀ ਅਤੇ ਕਿਤੇ ਕਿਤੇ ਬਿੰਡਾ ਬੋਲਦਾ ਸੀ। ਮਿੱਠੀ ਮਿੱਠੀ ਠੰਢ ਸੀ। ਥੋੜ੍ਹੀ ਥੋੜ੍ਹੀ ਧੁੰਦ ਉਤਰਨੀ ਸ਼ੁਰੂ ਹੋ ਗਈ ਸੀ। ਇਮਰਾਨ ਹੋਰਾਂ ਨੇ ਚਾਰ ਬੋਤਲਾਂ ਸੂਤ ਦਿੱਤੀਆਂ ਸਨ ਅਤੇ ਖਾਣਾਂ ਖਾ ਲਿਆ ਸੀ। ਸੀਤਲ ਘੂਕ ਸੁੱਤੀ ਹੋਈ ਸੀ। ਉਸ ਦਾ ਸ਼ਾਇਦ ਕਿਸੇ ਨੂੰ ਫਿ਼ਕਰ ਹੀ ਨਹੀਂ ਸੀ। ਉਸ ਨੂੰ ਖਾਣਾਂ ਖੁਆਉਣ ਬਾਰੇ ਕਿਸੇ ਨੇ ਵੀ ਨਾ ਸੋਚਿਆ।

ਕਿਸੇ ਦੇ ਹਲੂਣੇਂ ਨਾਲ਼ ਸਵੇਰੇ ਪੰਜ ਵਜੇ ਸੀਤਲ ਦੀ ਜਾਗ ਖੁੱਲ੍ਹੀ। ਉਸ ਨੇ 'ਚੂੰ-ਚੂੰ' ਜਿਹਾ ਕਰਕੇ ਫਿਰ ਸੌਣ ਦੀ ਕੋਸਿ਼ਸ਼ ਕੀਤੀ। ਰਾਤ ਦੇ ਨਸ਼ੇ ਕਾਰਨ ਉਹ ਨਿਰਬਲ ਹੋਈ ਪਈ ਸੀ ਅਤੇ ਘੂਕੀ ਉਸ ਦੇ ਦਿਲ ਦਿਮਾਗ 'ਤੇ ਭਾਰੂ ਸੀ। ਜਦੋਂ ਉਹ ਦੂਸਰੇ ਹਲੂਣੇਂ ਨਾਲ਼ ਵੀ ਨਾ ਉਠੀ ਤਾਂ ਕਿਸੇ ਨੇ ਬੜੀ ਬੇਰਹਿਮੀ ਨਾਲ਼ ਉਸ ਨੂੰ ਵਾਲ਼ਾਂ ਤੋਂ ਫੜ ਕੇ ਬੈਠਾ ਕਰ ਲਿਆ। ਬੇਕਿਰਕੀ ਨਾਲ਼ ਖਿੱਚੇ ਵਾਲ਼ਾ ਕਰਕੇ ਉਸ ਦੀ ਚੀਕ ਨਿਕਲ਼ਣ ਵਾਲ਼ੀ ਹੋ ਗਈ। ਵਾਲ਼ਾਂ ਦੀ ਪੀੜ ਸਿੱਧੀ ਦਿਲ ਨੂੰ ਗਈ ਸੀ। ਕਿਸੇ ਨੇ ਉਸ ਦੇ ਮੂੰਹ 'ਤੇ ਪਾਣੀ ਦਾ ਗਿਲਾਸ ਸੁੱਟਿਆ। ਪਾਣੀ ਉਸ ਦੇ ਸੁਸਤ ਚਿਹਰੇ 'ਤੇ ਚੁਪੇੜ ਵਾਂਗ ਵੱਜਿਆ ਸੀ। ਠੰਢੇ ਸੀਤ ਪਾਣੀ ਨਾਲ਼ ਉਸ ਦੇ ਸਾਹ ਇਕ ਦਮ ਦਿਮਾਗ ਨੂੰ ਚੜ੍ਹੇ! ਉਸ ਨੇ ਪੂਰੇ ਜੋਰ ਨਾਲ਼ ਪੂਰੀਆਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਸਾਹਮਣੇ ਪੁਲ਼ਸ ਖੜ੍ਹੀ ਸੀ..!!

ਸੀਤਲ ਦੇ ਤੌਰ ਉਡ ਗਏ!
ਉਹ ਡਰੇ ਕੱਟਰੂ ਵਾਂਗ ਭੜ੍ਹੱਕ ਕੇ ਬੈੱਡ ਤੋਂ ਖੜ੍ਹੀ ਹੋ ਗਈ!!

-"ਚੱਲ...!" ਇਕ ਪੁਲੀਸ ਅਫ਼ਸਰ ਨੇ ਉਸ ਦੀ ਪਿੱਠ 'ਤੇ ਰੂਲ ਮਾਰਿਆ। ਸੀਤਲ ਦਰਦ ਨਾਲ਼ ਕਰਾਹ ਉਠੀ।
-"ਕਿੱਥੇ...? ਕੌਣ ਓਂ ਤੁਸੀਂ...?" ਉਸ ਭਮੱਤਰੀ ਹੋਈ ਨੇ ਪੁੱਛਿਆ।
-"ਉਲਟਾ ਚੋਰ ਕੋਤਵਾਲ ਕੋ ਡਾਂਟੇ...? ਕਿੱਥੇ ਚੱਲਣਾਂ ਪੁੱਛਦੀ ਪਈ ਏ ਹਰਾਮਜ਼ਾਦੀ...!" ਅਫ਼ਸਰ ਦੇ ਚਿਹਰੇ ਦਾ ਤਾਬ ਸੀਤਲ ਤੋਂ ਝੱਲਿਆ ਨਹੀਂ ਜਾਂਦਾ ਸੀ। ਕੋਠੀ ਦੀਆਂ ਲਾਈਟਾਂ ਵਿਚ ਉਸ ਦਾ ਦਾਗਲ਼ ਚਿਹਰਾ ਹੋਰ ਡਰਾਉਣਾਂ ਲੱਗਦਾ ਸੀ।
-"ਇਤਨਾ ਵੀ ਨਹੀਂ ਪਤਾ ਕਿ ਪੁਲੀਸ ਲੈ ਕੇ ਕਿੱਥੇ ਜਾਂਦੀ ਏ..? ਪੁਲੀਸ ਸਟੇਸ਼ਨ ਜਾਣੈਂ, ਥਾਣੇ...!" ਇਕ ਹੋਰ ਪੁਲੀਸ ਵਾਲ਼ੇ ਨੇ ਵਿਅੰਗ ਕਸਿਆ।
-"ਕਿਉਂ...? ਮੈਨੂੰ ਪੁਲੀਸ ਸਟੇਸ਼ਨ ਕਿਉਂ ਲੈ ਕੇ ਜਾਣਾਂ ਚਾਹੁੰਦੇ ਓਂ...?" ਸੀਤਲ ਥਰ ਥਰ ਕੰਬਣ ਲੱਗ ਪਈ। ਘਬਰਾਈ ਸੀਤਲ ਨੂੰ ਕੁਝ ਔੜ ਨਹੀਂ ਰਿਹਾ ਸੀ।
-"ਹਰਾਮਜ਼ਾਦੀਏ...! ਕੁੱਤੀਏ, ਕਰਨੀ ਡਰੱਗ ਦੀ ਸਮੱਗਲਿੰਗ ਤੇ ਸੁਆਲ ਪੁੱਛਣੇ ਪੁਲੀਸ ਵਾਲਿ਼ਆਂ ਨੂੰ...?"
-"ਮੈਂ ਕਿਸੇ ਡਰੱਗ ਦੀ ਸਮੱਗਲਿੰਗ ਨਹੀਂ ਕਰਦੀ..! ਇਮਰਾਨ ਕਿੱਥੇ ਐ...?" ਉਸ ਨੇ ਕੋਠੀ ਵਿਚ ਲੰਮੀ ਨਜ਼ਰ ਮਾਰੀ। ਪਰ ਉਸ ਨੂੰ ਇਮਰਾਨ ਨਜ਼ਰ ਨਾ ਆਇਆ। ਕੋਠੀ ਸਾਰੀ ਖਾਲੀ 'ਭਾਂਅ-ਭਾਂਅ' ਕਰ ਰਹੀ ਸੀ। ਪੁਲੀਸ ਨੇ ਸੀਤਲ ਨੂੰ ਹੱਥਕੜੀ ਜੜ ਲਈ ਅਤੇ ਪਸ਼ੂਆਂ ਵਾਂਗ ਲੱਦ ਕੇ ਤੁਰ ਪਈ। ਸੀਤਲ ਦੀਆਂ ਅੱਖਾਂ ਅੱਗੇ ਭੂਚਾਲ਼ ਆਇਆ ਹੋਇਆ ਸੀ। ਉਸ ਦਾ ਉਚੀ ਉਚੀ ਚੀਕਾਂ ਮਾਰਨ ਨੂੰ ਜੀਅ ਕਰਦਾ ਸੀ। ਪਰ ਉਸ ਨੂੰ ਇਹ ਨਹੀਂ ਸਮਝ ਆ ਰਹੀ ਸੀ ਕਿ ਇਮਰਾਨ ਕਿੱਥੇ ਗਿਆ...?

-"ਰੱਬ ਦੇ ਵਾਸਤੇ, ਮੈਨੂੰ ਇਹ ਤਾਂ ਦੱਸ ਦਿਓ ਕਿ ਇਮਰਾਨ ਕਿੱਥੇ ਐ..? ਉਹ ਤਾਂ ਮੈਨੂੰ ਵਿਆਹ ਕਰਨ ਲਈ ਇੰਗਲੈਂਡ ਤੋਂ ਪਾਕਿਸਤਾਨ ਲੈ ਕੇ ਆਇਆ ਸੀ...?" ਉਸ ਨੇ ਪੁਲੀਸ ਅਫ਼ਸਰ ਦੇ ਗੋਡੇ ਫੜ ਲਏ। ਅਫ਼ਸਰ ਨੇ ਉਸ ਦੇ ਵੱਟ ਕੇ ਚੁਪੇੜ ਮਾਰੀ। ਸੀਤਲ ਦਾ ਮੂੰਹ ਸੁੰਨ ਹੋ ਗਿਆ। ਮਾਸੂਮ ਗੱਲ੍ਹ 'ਤੇ ਪੰਜਾ ਛਪ ਗਿਆ ਸੀ।

-"ਹਰਾਮਜ਼ਾਦੀ...! ਨਾਲ਼ੇ ਚੋਰ ਤੇ ਨਾਲੇ ਚਤਰਾਈ...?" ਉਸ ਨੇ ਇਕ ਹੋਰ ਥੱਪੜ ਮਾਰਿਆ। ਸ਼ਾਇਦ ਸੀਤਲ ਦੇ ਜਿ਼ੰਦਗੀ ਵਿਚ ਪਹਿਲੀ ਵਾਰ ਕੁੱਟ ਪਈ ਸੀ। ਉਸ ਨੂੰ ਤਾਂ ਕਦੇ ਨਾਂ ਮਾਂ, ਅਤੇ ਨਾਂ ਬਾਪ ਨੇ ਹੱਥ ਲਾਇਆ ਸੀ। ਅੱਜ ਉਸ ਨੂੰ ਪਹਿਲੀ ਵਾਰ ਮਾਂ ਬਾਪ ਯਾਦ ਆਏ ਸਨ। ਨਹੀਂ ਤਾਂ ਉਸ ਨੂੰ ਇਮਰਾਨ ਤੋਂ ਬਿਨਾਂ ਕੁਝ ਦਿਸਦਾ ਹੀ ਨਹੀਂ ਸੀ!

ਉਹ ਗੋਡਿਆਂ ਵਿਚ ਸਿਰ ਸੁੱਟ ਕੇ ਰੋਣ ਲੱਗ ਪਈ। ਉਹ ਸੋਚ ਰਹੀ ਸੀ ਕਿ ਉਸ ਨਾਲ਼ ਕੋਈ ਧੋਖਾ ਹੋ ਗਿਆ ਸੀ।
ਪੁਲੀਸ ਦੀ ਜੀਪ ਧੂੜਾਂ ਪੱਟਦੀ ਕਿਸੇ ਠਾਣੇ ਅੰਦਰ ਵੜ ਗਈ। ਸੀਤਲ ਨੇ ਠਾਣੇ ਦੇ ਮੱਥੇ 'ਤੇ ਅੰਗਰੇਜ਼ੀ ਵਿਚ 'ਪੁਲੀਸ ਸਟੇਸ਼ਨ' ਲਿਖਿਆ ਪੜ੍ਹ ਲਿਆ ਸੀ।

ਪੁਲੀਸ ਨੇ ਉਸ ਨੂੰ ਇੱਟ ਵਾਂਗ ਹਵਾਲਾਤ ਵਿਚ ਸੁੱਟਿਆ। ਹਵਾਲਾਤ ਵਿਚੋਂ ਅਜੀਬ ਜਿਹਾ ਮੁਸ਼ਕ ਮਾਰ ਰਿਹਾ ਸੀ। ਨਿੱਕੀ ਜਿਹੀ ਹਨ੍ਹੇਰੀ ਹਵਾਲਾਤ ਵਿਚ ਇਕ ਪਾਸੇ ਪਾਣੀ ਦਾ ਘੜ੍ਹਾ ਪਿਆ ਸੀ। ਖੂੰਜੇ ਵਿਚ ਨਿਘਾਰ ਵਾਲ਼ੀ ਟੁਆਇਲਟ ਬਣੀ ਹੋਈ ਸੀ। ਨਾਲ਼ ਪਾਣੀ ਵਾਲ਼ਾ ਇਕ ਵੱਡਾ ਸਾਰਾ ਜੱਗ ਰੱਖਿਆ ਹੋਇਆ ਸੀ, ਜਿਵੇਂ ਮੱਝ ਨੁਹਾਉਣੀਂ ਹੋਵੇ...! ਹਵਾਲਾਤ ਦੇ ਖਿੜਕ ਕੋਲ਼ ਖ਼ਾਦ ਵਾਲ਼ੀ ਬੋਰੀ ਅਤੇ ਪਾਟਿਆ ਜਿਹਾ ਕੰਬਲ਼ ਵਿਛੇ ਹੋਏ ਸਨ। ਘੁੱਟੇ ਜਿਹੇ ਮਾਹੌਲ ਵਾਲ਼ੀ ਹਵਾਲਾਤ ਵਿਚ ਸੀਤਲ ਬੈਠੀ ਨਹੀਂ, ਇਕ ਤਰ੍ਹਾਂ ਨਾਲ਼ ਡਿੱਗ ਹੀ ਪਈ ਸੀ। ਅਜੇ ਮੂੰਹ ਹਨ੍ਹੇਰਾ ਸੀ। ਪਹੁ ਫ਼ਟਣ ਵਿਚ ਅਜੇ ਕਾਫ਼ੀ ਚਿਰ ਲੱਗਣਾਂ ਸੀ।

ਪਹੁ ਫ਼ੱਟਦੇ ਸਾਰ ਹੀ ਸੀਤਲ ਨੇ ਪਹਿਰਾ ਦੇ ਰਹੇ ਸੰਤਰੀ ਨੂੰ ਲੇਡੀ ਪੁਲੀਸ ਬਾਰੇ ਪੁੱਛਿਆ। ਸੱਤ ਫ਼ੁੱਟਾ ਪਠਾਣ ਸੰਤਰੀ ਰੱਬ ਤੋਂ ਡਰਨ ਵਾਲ਼ਾ ਬੰਦਾ ਸੀ।
ਸੰਤਰੀ ਨੇ 'ਕੈਦਣ' ਦੀ ਚਾਹਤ ਬਾਰੇ ਹੌਲਦਾਰ ਨੂੰ ਜਾ ਦੱਸਿਆ।
ਹੌਲਦਾਰ ਭੂਚਾਲ਼ ਵਾਂਗ ਹਵਾਲਾਤ ਕੋਲ਼ ਆਇਆ।

-"ਕੀ ਕਿਹਾ ਈ...? ਲੇਡੀ ਪੁਲੀਸ..? ਇਹ ਤੇਰਾ ਇੰਗਲੈਂਡ ਨਹੀਂ...! ਜੇ ਚੁੱਪ ਕਰਕੇ ਬੈਠੇਂਗੀ, ਠੀਕ ਰਹੇਂਗੀ..! ਨਹੀਂ ਤਾਂ ਅੱਲਾਹ ਕਸਮ ਉਹ ਮਾਰ ਮਾਰਾਂਗਾ ਕਿ ਤੂੰ ਹੱਥ ਬੰਨ੍ਹੇਂਗੀ...! ਕਰਨੀ ਡਰੱਗ ਦੀ ਸਮੱਗਲਿੰਗ ਤੇ ਹੁਕਮ ਮਾਰਨੇ ਪੁਲੀਸ ਨੂੰ, ਕੁੱਤੀ...!" ਤੇ ਹੌਲਦਾਰ ਭੂਸਰੇ ਸਾਹਣ ਵਾਂਗ ਸਿੰਗਾਂ 'ਤੇ ਮਿੱਟੀ ਚੁੱਕੀ ਤੁਰ ਗਿਆ।
-"ਰੱਬ ਦੇ ਵਾਸਤੇ ਇਹ ਤਾਂ ਦੱਸ ਦਿਓ ਬਈ ਇਮਰਾਨ ਕਿੱਥੇ ਐ...?" ਉਸ ਨੇ ਪਹਿਰਾ ਦੇ ਰਹੇ ਸੰਤਰੀ ਦਾ ਤਰਲਾ ਕੀਤਾ।
-"ਦੇਖੋ...!" ਸੰਤਰੀ ਚੰਗਾ, ਰੱਬ ਦਾ ਬੰਦਾ ਸੀ। ਉਸ ਨੇ ਚੋਰਾਂ ਵਾਂਗ ਚਾਰੇ ਪਾਸੇ ਦੇਖਿਆ ਅਤੇ ਸੀਤਲ ਨੂੰ ਸਮਝੌਤੀ ਜਿਹੀ ਦੇਣ ਲੱਗ ਪਿਆ, "ਗੱਲ ਸੁਣ ਕੁੜੀਏ...! ਮੇਰਾ ਕਿਸੇ ਕੋਲ਼ ਜਿ਼ਕਰ ਨਾ ਕਰੀਂ...! ਹੋਰ ਨਾ ਮੈਨੂੰ ਪਈ ਮਰਵਾ ਧਰੀਂ...!" ਉਸ ਨੇ ਫਿਰ ਅੱਗਾ ਪਿੱਛਾ ਦੇਖ ਕੇ ਬੋਲਣਾਂ ਸ਼ੁਰੂ ਕੀਤਾ।

ਸੀਤਲ ਪੱਥਰ ਦੀ ਮੂਰਤ ਬਣੀ, ਡੁੱਬੀਆਂ ਅੱਖਾਂ ਨਾਲ਼ ਸੁਣ ਰਹੀ ਸੀ।

-"ਦੇਖ...! ਇੱਥੇ ਤੈਨੂੰ ਕਿਸੇ ਇਮਰਾਨ ਸਿ਼ਰਮਾਨ ਨੇ ਨਹੀਂ ਜੇ ਮਿਲਣਾਂ..! ਇਹ ਇਕ ਕਿਸੇ ਵੱਡੇ ਗੈਂਗ ਦੀ ਸਾਜਿ਼ਸ਼ ਕਾਰਨ ਤੈਨੂੰ ਫ਼ਸਾਇਆ ਜਾ ਰਿਹੈ...! ਜੇ ਤੂੰ ਗੈਂਗ ਦੀ ਗੱਲ ਮੰਨ ਲਵੇਂਗੀ, ਤਾਂ ਤੇਰੀ ਜ਼ਮਾਨਤ ਹੋ ਜਾਵੇਗੀ, ਨਹੀਂ ਤੇ ਪਈ ਰੋਵੀਂ ਬੈਠ ਕੇ ਜੰਮਣ ਵਾਲਿ਼ਆਂ ਨੂੰ...! ਇਹ ਗੈਂਗ ਬਾਹਰੋਂ ਕੁੜੀਆਂ ਲਿਆ ਕੇ ਉਹਨਾਂ ਨੂੰ ਅੱਗੇ ਵੇਚਦੈ...! ਪਰ ਮੇਰਾ ਨਾਂ ਨਾਂ ਜੇ ਲੈ ਦੇਵੀਂ ਕੁੜੀਏ...! ਮੈਂ ਗਰੀਬ ਬੰਦਾ ਹਾਂ..! ਅੱਲਾਹ ਦੇ ਖ਼ੌਫ਼ 'ਚ ਰਹਿ ਕੇ ਆਪਣੇ ਬੱਚੇ ਪਾਲ਼ ਰਿਹਾਂ...!" ਸੰਤਰੀ ਨੇ ਜਿੰਨੀ ਕੁ ਕਹਾਣੀ ਪਤਾ ਸੀ, ਸੀਤਲ ਨੂੰ ਸੁਣਾਂ ਦਿੱਤੀ। ਸੀਤਲ 'ਤੇ ਜਿਵੇਂ ਕੋਈ ਪਰਬਤ ਡਿੱਗ ਪਿਆ ਸੀ। ਉਹ ਮੁਰਦਾ ਚਿਹਰੇ ਨਾਲ਼ ਘੁੱਟਾਂਬਾਟੀ ਸੰਤਰੀ ਦੇ ਮੂੰਹ ਵੱਲ ਝਾਕ ਰਹੀ ਸੀ। ਉਸ ਦਾ ਮਨ ਤੂਫ਼ਾਨੀ ਕੱਪੜਛੱਲਾਂ ਵਿਚ ਗੋਤੇ ਖਾਈ ਜਾ ਰਿਹਾ ਸੀ। ਕੀ ਸੱਚ ਹੀ ਇਮਰਾਨ ਦਾ ਕਿਸੇ ਖ਼ਤਰਨਾਕ ਗੈਂਗ ਨਾਲ ਲੈਣ ਦੇਣ ਸੀ...? ਨਹੀਂ, ਇਹ ਨਹੀਂ ਹੋ ਸਕਦਾ...! ਇਮਰਾਨ ਅਜਿਹਾ ਨਹੀਂ ਹੋ ਸਕਦਾ...! ਹਾਂ, ਉਸ ਦਾ ਬਾਪ ਖ਼ਾਨ ਕੋਈ ਚੰਗਾ ਬੰਦਾ ਨਹੀਂ ਲੱਗਦਾ ਸੀ...! ਜਿਹੜਾ ਹੈਦਰ ਆਇਆ ਸੀ, ਸਾਊ ਆਦਮੀ ਤਾਂ ਉਹ ਵੀ ਨਹੀਂ ਲੱਗਦਾ...! ਹੋ ਸਕਦੈ ਉਹਨਾਂ ਦੋਨਾਂ ਨੇ ਰਲ਼ ਕੇ ਇਮਰਾਨ ਨੂੰ ਪ੍ਰੇਰ ਲਿਆ ਹੋਵੇ ਅਤੇ ਮੇਰੇ 'ਤੇ ਡਰੱਗ ਦੇ ਧੰਦੇ ਦਾ ਇਲਜ਼ਾਮ ਲਾ ਦਿੱਤਾ ਹੋਵੇ...? ਪਰ ਡਰੱਗ ਤਾਂ ਇਹਨਾਂ ਨੇ ਮੇਰੇ ਕੋਲ਼ੋਂ ਫੜੀ ਹੀ ਨਹੀਂ...? ਸਬੂਤ ਕਿਵੇਂ ਪੇਸ਼ ਕਰਨਗੇ...? ਇਹੀ ਗੱਲ ਉਸ ਨੇ ਇਮਾਨਦਾਰ ਅਤੇ ਰੱਬ ਦੇ ਬੰਦੇ ਸੰਤਰੀ ਅੱਗੇ ਰੱਖ ਦਿੱਤੀ!

-"ਇਹ ਲੋਕ ਅੱਲਾਹ ਦੇ ਕਹਿਰ ਤੋਂ ਨਹੀਂ ਪਏ ਡਰਦੇ ਕੁੜੀਏ..! ਡਰੱਗ ਪੈਦਾ ਕਰਨੀ ਇਹਨਾਂ ਲਈ ਕੀ ਔਖੀ ਏ..? ਚਾਹਣ, ਹੁਣ ਮੰਗਵਾ ਲੈਣ...? ਜਿਹੜੇ ਗੈਂਗ ਨੇ ਤੈਨੂੰ ਫ਼ਸਾਇਐ, ਉਹਨਾਂ ਕੋਲ਼ੇ ਸ਼ਾਇਦ ਕਿੱਲੋ ਦੇ ਹਿਸਾਬ ਨਹੀਂ, ਕੁਇੰਟਲ਼ਾਂ ਦੇ ਹਿਸਾਬ ਨਾਲ਼ ਡਰੱਗ ਹੋਣੀ ਏਂ ਕੁੜੀਏ...! ਤੂੰ ਐਥੇ ਇੰਗਲੈਂਡ ਵਾਲਾ ਕਾਨੂੰਨ ਨਾ ਪਈ ਸਮਝ..! ਇੰਡੀਆ ਤੇ ਪਾਕਿਸਤਾਨ ਧੱਕੇ ਪੱਖੋਂ ਇਕੋ ਰਸਤੇ ਚੱਲਦੇ ਐ...! ਚੁੱਪ ਚਾਪ ਬੈਠ ਕੇ ਆਪਦੇ ਰੱਬ ਦਾ ਨਾਂ ਲੈ..! ਸ਼ਾਇਦ ਤੇਰਾ ਕੋਈ ਭਲਾ ਹੋ ਜਾਵੇ..?"

ਸੀਤਲ ਨੂੰ ਆਪਣੀ ਮਾਂ ਦੀ ਹਰ ਗੱਲ ਸੱਚੀ ਹੁੰਦੀ ਜਾਪੀ। ਕਿਰਪਾਲ ਕੌਰ ਸੀਤਲ ਨੂੰ ਸੈਂਕੜੇ ਵਾਰ ਪਿੱਟ ਚੁੱਕੀ ਸੀ ਕਿ ਕੋਈ ਪੰਜਾਬ ਦਾ ਹੋਊ, ਉਹਦੀ ਬੰਦਾ ਪੈੜ ਵੀ ਕੱਢਲੂ...? ਤੇ ਤੈਨੂੰ ਪਾਕਿਸਤਾਨੋਂ ਕਿਵੇਂ ਲੱਭਾਂਗੇ, ਕੁੱਤੀਏ...! ਮਾਂ ਕਦੇ ਕਦੇ ਇਹ ਵੀ ਆਖਦੀ ਹੁੰਦੀ ਸੀ; ਤੂੰ ਸਾਨੂੰ ਐਨਾਂ ਦੁਖੀ ਕੀਤੈ ਸੀਤਲ, ਦੇਖੇਂਗੀ, ਸਾਡੀ ਗੱਲ ਨਾ ਮੰਨ ਕੇ ਤੂੰ ਐਹੋ ਜੇ ਕਸੂਤੇ ਜਾਲ਼ ਵਿਚ ਫ਼ਸੇਂਗੀ ਕਿ ਤੈਨੂੰ ਨਿਕਲਣ ਨੂੰ ਚੋਰ ਮੋਰੀ ਵੀ ਨਹੀਂ ਥਿਆਉਣੀ...! ਸੀਤਲ ਦਾ ਰੋਣ ਨਿਕਲ਼ ਗਿਆ। ਕਿੰਨਾਂ ਉਸ ਨੇ ਮਾਂ ਬਾਪ ਨੂੰ ਤੰਗ ਕੀਤਾ ਸੀ...? ਹੁਣ ਇਸ ਦਾ ਨਤੀਜਾ ਉਸ ਨੂੰ ਭੁਗਤਣਾਂ ਹੀ ਪੈਣਾਂ ਸੀ...! ਮਾਂ, ਬਾਪ ਅਤੇ ਪਾਇਲ ਦੀਆਂ ਸ਼ਕਲਾਂ ਉਸ ਦੇ ਦਿਮਾਗ ਅੰਦਰ ਘੁੰਮਣ ਲੱਗੀਆਂ। ਪਰ ਉਸ ਦਾ ਦਿਲ ਇਸ ਕਰਕੇ ਟਿਕਾਣੇਂ ਸੀ ਕਿ ਉਹ ਬ੍ਰਿਟਿਸ਼ ਨਾਗਰਿਕ ਸੀ ਅਤੇ ਜਦੋਂ ਵੀ ਬ੍ਰਿਟੇਨ ਦੇ ਹਾਈ ਕਮਿਸ਼ਨ ਜਾਂ ਅੰਬੈਸੀ ਨੂੰ ਪਤਾ ਲੱਗਣਾਂ ਸੀ, ਤਾਂ ਉਹਨਾਂ ਨੇ ਤਾਂ ਪਾਕਿਸਤਾਨ ਗੌਰਮਿੰਟ ਨੂੰ ਵਖ਼ਤ ਪਾ ਦੇਣਾਂ ਸੀ..! ਇੰਗਲੈਂਡ ਦੀ ਗੌਰਮਿੰਟ ਇੰਡੀਆ ਜਾਂ ਪਾਕਿਸਤਾਨ ਗੌਰਮਿੰਟ ਵਰਗੀ ਥੋੜ੍ਹੋ ਐ...? ਬਈ ਬੰਦਾ ਬਿਮਾਰ ਐ ਤਾਂ ਬਿਮਾਰ ਹੀ ਸਹੀ...! ਜੇ ਮਰ ਗਿਆ ਤਾਂ ਮਰ ਗਿਆ ਹੀ ਸਹੀ...! ਇੰਗਲੈਂਡ ਦੀ ਗੌਰਮਿੰਟ ਤਾਂ ਆਪਣਾ ਨਾਗਰਿਕ ਬਚਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਦਿੰਦੀ ਐ...! ਸੋਚਦੀ ਸੀਤਲ ਦੇ ਦਿਮਾਗ ਵਿਚ ਅਚਾਨਕ ਇਮਰਾਨ ਦਾ ਚਿਹਰਾ ਆ ਗਿਆ। ਉਸ ਨੇ ਥੁੱਕ ਦਿੱਤਾ! ਇਮਰਾਨ ਤੋਂ ਉਸ ਨੂੰ ਅਥਾਹ ਘ੍ਰਿਣਾਂ ਹੋ ਗਈ ਸੀ।

ਸਾਰਾ ਦਿਨ ਇੰਜ ਹੀ ਲੰਘ ਗਿਆ। ਕਿਸੇ ਨੇ ਸੀਤਲ ਦੀ ਕੋਈ ਪੁੱਛ ਗਿੱਛ ਨਾ ਕੀਤੀ। ਕੋਈ ਬਿਆਨ ਨਾ ਲਿਆ, ਕੋਈ ਇਨਕੁਆਰੀ ਨਾ ਹੋਈ! ਨਾ ਹੀ ਕੋਈ ਲੇਡੀ ਪੁਲੀਸ ਆਈ! ਉਸ ਨੂੰ ਇਕ ਵਾਰ ਸਿਰਫ਼ ਚਾਹ ਦਿੱਤੀ ਗਈ ਸੀ। ਜਿਹੜੀ ਸੀਤਲ ਦੇ ਸੰਘੋਂ ਹੇਠ ਨਹੀਂ ਲੰਘੀ ਸੀ। ਰੋਟੀ ਬਾਰੇ ਉਸ ਨੂੰ ਕਿਸੇ ਨੇ ਕੁਛ ਪੁੱਛਿਆ ਨਹੀਂ ਸੀ। ਵੈਸੇ ਉਸ ਨੂੰ ਭੁੱਖ ਵੀ ਨਹੀਂ ਲੱਗੀ ਸੀ। ਪਰ ਉਸ ਦੇ ਖਾਲੀ ਢਿੱਡ ਵਿਚ ਦੁਪਿਹਰ ਦੀ 'ਘੁਰੜ੍ਹ-ਘੁਰੜ੍ਹ' ਹੋ ਰਹੀ ਸੀ। ਉਸ ਦਾ ਦਿਮਾਗ ਉੱਜੜੇ ਵਾਹਣੀਂ ਪਿਆ ਹੋਇਆ ਸੀ। ਕਦੇ ਉਸ ਨੂੰ ਇਮਰਾਨ ਦੀ ਬੇਈਮਾਨੀ 'ਤੇ ਕਰੋਧ ਆਉਂਦਾ, ਕਦੇ ਮਾਂ ਬਾਪ ਦੀ ਹਾਲਤ 'ਤੇ ਤਰਸ...! ਜਦ ਉਸ ਦੀਆਂ ਅੱਖਾਂ ਅੱਗੇ ਛੋਟੀ ਭੈਣ ਪਾਇਲ ਦਾ ਭੋਲ਼ਾ ਜਿਹਾ ਚਿਹਰਾ ਆ ਜਾਂਦਾ ਤਾਂ ਉਸ ਦਾ ਮਨ ਨੱਕੋ ਨੱਕ ਭਰ ਆਉਂਦਾ, ਤਾਂ ਉਸ ਦਾ ਬੇਵਸਾ ਹੀ ਰੋਣ ਨਿਕਲ਼ ਜਾਂਦਾ, ਜੋ ਉਸ ਤੋਂ ਰੋਕਣ ਦੇ ਬਾਵਜੂਦ ਵੀ ਠੱਲ੍ਹਿਆ ਨਹੀਂ ਜਾਂਦਾ ਸੀ।

ਸੂਰਜ ਛੁਪਣ ਦੀ ਤਿਆਰੀ ਵਿਚ ਸੀ।
ਪ੍ਰਛਾਵੇਂ ਕੰਧਾਂ ਦੇ ਘਨ੍ਹੇੜ੍ਹੀਂ ਚੜ੍ਹ ਬੈਠੇ ਸਨ।

ਸੀਤਲ ਅਥਾਹ ਦੁਖੀ ਅਤੇ ਨਿਰਾਸ਼ ਗੋਡਿਆਂ ਵਿਚ ਸਿਰ ਦੇਈ ਹਵਾਲਾਤ ਵਿਚ ਤਾੜੀ ਬੈਠੀ ਸੀ। ਉਸ ਦੇ ਕੰਨਾਂ ਵਿਚ ਕੋਈ ਜਾਣੀਂ ਪਹਿਚਾਣੀਂ ਅਵਾਜ਼ ਪਈ।

ਉਸ ਨੇ ਗੋਡਿਆਂ ਤੋਂ ਸਿਰ ਦੇ ਨਾਲ਼ ਨਾਲ਼ ਕੰਨ ਵੀ ਚੱਕ ਲਏ!

ਚਾਰ ਪੰਜ ਲੜਕੇ ਮੌਕੇ ਦੇ ਅਫ਼ਸਰ ਕੋਲ਼ ਘੇਰਾ ਘੱਤੀ ਖੜ੍ਹੇ ਸਨ। ਸੀਤਲ ਖ਼ੁਸ਼ ਹੋ ਗਈ। ਇਹ ਤਾਂ ਉਹ ਹੀ ਲੜਕੇ ਸਨ, ਜੋ ਰਾਤ ਇਮਰਾਨ ਕੋਲ਼ ਬੈਠੇ ਸ਼ਰਾਬ ਪੀ ਰਹੇ ਸਨ..! ਉਹ ਇਕ ਦਮ ਉਠ ਕੇ ਖੜ੍ਹੀ ਹੋ ਗਈ ਅਤੇ ਤੂਫ਼ਾਨ ਵਾਂਗ ਸੀਖਾਂ ਵੱਲ ਨੂੰ ਆਈ।
-"ਹੈਲੋ...! ਭਾਈ ਜਾਨ..! ਭਾਈ ਜਾਨ...!! ਐਧਰ ਦੇਖੋ...!!!" ਉਸ ਨੇ ਅਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਉਹਨਾਂ ਸਾਰਿਆਂ ਨੇ ਸੀਤਲ ਵੱਲ ਇਕ ਵਾਰ ਦੇਖਿਆ। ਪਰ ਬਹੁਤਾ ਧਿਆਨ ਨਾ ਦਿੱਤਾ।
ਉਹ ਮੌਕੇ ਦੇ ਅਫ਼ਸਰ ਨਾਲ਼ ਹੀ ਗੱਲਾਂ ਵਿਚ ਮਸ਼ਰੂਫ਼ ਰਹੇ!

-"ਭਾਈ ਜਾਨ, ਮੇਰੀ ਗੱਲ ਤਾਂ ਸੁਣੋਂ...!" ਉਸ ਨੇ ਫਿਰ ਅਵਾਜ਼ ਮਾਰੀ। ਪਰ ਐਤਕੀਂ ਕਿਸੇ ਨੇ ਵੀ ਉਸ ਵੱਲ ਧਿਆਨ ਨਾ ਦਿੱਤਾ। ਸੀਤਲ ਨਿਰਾਸ਼ ਹੋ ਗਈ। ਹੁਣ ਉਸ ਨੂੰ ਜ਼ਾਹਿਰਾ ਤੌਰ 'ਤੇ ਪਤਾ ਚੱਲ ਗਿਆ ਸੀ ਕਿ ਉਸ ਨੂੰ ਫ਼ਸਾਉਣ ਲਈ ਇਮਰਾਨ ਦਾ ਸਿੱਧਾ ਜਾਂ ਅਸਿੱਧਾ ਹੱਥ ਜ਼ਰੂਰ ਸੀ! ਕਾਰਨ ਚਾਹੇ ਕੋਈ ਵੀ ਹੋਵੇ, ਪਰ ਇਮਰਾਨ ਦੀ ਮਿਲ਼ੀ ਭੁਗਤ ਨਾਲ਼ ਉਸ ਨੂੰ ਫ਼ਸਾਇਆ ਗਿਆ ਸੀ। ਪਰ ਕਿਉਂ ਫ਼ਸਾਇਆ ਗਿਆ ਸੀ...? ਇਸ ਦੀ ਉਸ ਨੂੰ ਸਮਝ ਨਹੀਂ ਆ ਰਹੀ ਸੀ...! ਪਰ ਕਿਸੇ ਗ਼ੈਰ ਦੇਸ਼ ਦੀ ਬਿਗਾਨੀ ਕੁੜੀ ਨਾਲ਼ ਐਡਾ ਵੱਡਾ ਧੋਖਾ...? ਸੋਚ ਕੇ ਉਹ ਕੰਬ ਕੰਬ ਜਾਂਦੀ ਸੀ..! ਇਸ ਤੋਂ ਅੱਗੇ ਉਸ ਨਾਲ਼ ਕੀ ਹੋਣ ਵਾਲ਼ਾ ਸੀ...? ਇਸ ਬਾਰੇ ਸੋਚ ਕੇ ਉਹ ਉਸ ਤੋਂ ਵੀ ਜਿ਼ਆਦਾ ਪ੍ਰੇਸ਼ਾਨ ਹੋ ਉਠਦੀ..! ਕਿਸ ਕੋਲ਼ ਫ਼ਰਿਆਦ ਕਰੇ..? ਕੌਣ ਸੀ ਉਸ ਦੀ ਇੱਥੇ ਸੁਣਨ ਵਾਲ਼ਾ..? ਰੱਬ ਤੋਂ ਬਗ਼ੈਰ ਸ਼ਾਇਦ ਕੋਈ ਵੀ ਨਹੀਂ ਸੀ...! ਮਾਂ ਦੀ ਕਹੀ ਇਕ-ਇਕ ਗੱਲ ਉਸ ਨਾਲ਼ ਵਾਰੀ ਸਿਰ ਵਾਪਰ ਰਹੀ ਸੀ...! ਉਸ ਨੇ ਮਹਿਸੂਸ ਕੀਤਾ ਕਿ ਸੀਤਲ ਤੂੰ ਬੜੀ ਕਸੂਤੀ ਫ਼ਸ ਗਈ ਐਂ...। ਐਥੋਂ ਤੈਨੂੰ ਸੱਚੇ ਰੱਬ ਤੋਂ ਬਿਨਾਂ ਕੋਈ ਨਹੀਂ ਕੱਢਣ ਵਾਲ਼ਾ...! ਉਸ ਨੇ ਰੱਬ ਅੱਗੇ ਨੱਕ ਰਗੜਨਾਂ ਸ਼ੁਰੂ ਕਰ ਦਿੱਤਾ। ਅਰਦਾਸਾਂ ਕਰਨੀਆਂ ਆਰੰਭ ਕੀਤੀਆਂ!

ਪਤਾ ਨਹੀਂ ਕਿਸ ਦੀ ਮਿਹਰਬਾਨੀ ਸਦਕਾ, ਰਾਤ ਨੂੰ ਇਕ ਪੁਲੀਸ ਅਫ਼ਸਰ ਉਸ ਲਈ ਅਧੀਆ ਵਿਸਕੀ ਦਾ ਅਤੇ ਇਕ ਪੂਰਾ ਮੁਰਗਾ ਲੈ ਕੇ ਆਇਆ। ਉਸ ਨੂੰ ਹਵਾਲਾਤ ਵਿਚੋਂ ਬਾਹਰ ਕਢਵਾ ਕੇ ਅਫ਼ਸਰ ਨੇ ਕੁਰਸੀ ਡੁਹਾ ਲਈ। ਸੀਤਲ ਕੁਰਸੀ 'ਤੇ ਬੈਠ ਗਈ। ਉਸ ਲਈ ਗਿਲਾਸ ਅਤੇ ਕੋਕ ਵੀ ਹਾਜ਼ਰ ਕਰ ਦਿੱਤਾ ਗਿਆ। ਸਾਰੇ ਦਿਨ ਦੀ ਭੁੱਖੀ ਸੀਤਲ ਨੇ ਦਾਰੂ ਦਾ ਅਧੀਆ ਹਾਬੜਿਆਂ ਵਾਂਗ ਬੁੱਚ੍ਹਿਆ! ਵਿਸਕੀ ਦਾ ਗਿਲਾਸ ਭਰ ਕੇ ਅੰਦਰ ਸੁੱਟਿਆ। ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹ ਚਿੰਤਾ ਮੁਕਤ, ਹਲਕੀ ਜਿਹੀ ਹੋ ਗਈ ਸੀ। ਥੋੜ੍ਹੇ ਚਿਰ ਵਿਚ ਹੀ ਸੀਤਲ ਨੇ ਅਧੀਆ ਖ਼ਤਮ ਕਰ ਦਿੱਤਾ। ਅਫ਼ਸਰ ਨੇ ਦੇਖਿਆ ਕਿ ਸੀਤਲ ਦਾ ਅਜੇ ਕੋਟਾ ਪੂਰਾ ਨਹੀਂ ਹੋਇਆ ਸੀ।
-"ਹੋਰ ਪੀਣੀਂ ਐਂ...?" ਅਫ਼ਸਰ ਨੇ ਦਇਆਵਾਨ ਹੁੰਦਿਆਂ ਪੁੱਛਿਆ।

-"ਜੇ ਇਕ ਗਿਲਾਸ ਹੋਰ ਮਿਲ ਜਾਵੇ, ਬੱਸ ਸਿਰਫ਼ ਇਕ ਗਿਲਾਸ ਪਲੀਜ਼..!" ਸੀਤਲ ਨੇ ਮਿੰਨਤ ਕੀਤੀ।
-"ਚਾਹੇ ਦੋ ਲੈ, ਪਰ ਇਕ ਸ਼ਰਤ 'ਤੇ..!"

ਸੀਤਲ ਨੇ ਗੌਰ ਨਾਲ਼ ਅਫ਼ਸਰ ਦੇ ਚਿਹਰੇ ਵੱਲ ਤੱਕਿਆ। ਉਸ ਦੀ ਨਜ਼ਰ ਸੁਆਲੀਆ ਬਣੀ ਹੋਈ ਸੀ।

-"ਬੱਸ ਰੌਲ਼ਾ ਗੌਲ਼ਾ ਨਾ ਕਰੀਂ ਪੀ ਕੇ, ਪੀ ਜਿੰਨੀ ਮਰਜ਼ੀ, ਇਹ ਤੇਰੇ ਵਾਸਤੇ ਹੀ ਆਈ ਐ...!"
-"ਮੇਰਾ ਵਾਅਦਾ ਰਿਹਾ ਆਫ਼ੀਸਰ..! ਪਰ ਆਈ ਕੀਹਦੇ ਵੱਲੋਂ ਐਂ..?"
ਅਫ਼ਸਰ ਕੁਝ ਨਾ ਬੋਲਿਆ। ਉਸ ਨੇ ਇਕ ਗਿਲਾਸ ਹੋਰ ਭਰ ਕੇ ਲਿਆ ਦਿੱਤਾ।
ਸੀਤਲ ਨੇ ਉਹ ਵੀ ਖ਼ਤਮ ਕਰ ਦਿੱਤਾ।
-"ਹਵਾਲਾਤ 'ਚ ਪੈਣ ਦਾ ਇਰਾਦੈ ਜਾਂ ਮੰਜੇ 'ਤੇ..?" ਅਫ਼ਸਰ ਨੇ ਇਕ ਅਜੀਬ ਸੁਆਲ ਸੀਤਲ ਦੇ ਮੱਥੇ ਮਾਰਿਆ।
-"ਫ਼ਰਸ਼ 'ਤੇ ਤਾਂ ਮੈਨੂੰ ਨੀਂਦ ਨਹੀਂ ਆਉਣੀ, ਆਫ਼ੀਸਰ...!"
-"ਕੋਈ ਮਸਲਾ ਨਹੀਂ...! ਮੈਂ ਮੰਜੇ ਦਾ ਪ੍ਰਬੰਧ ਕਰਵਾ ਦਿਆਂਗਾ!"
-"ਆਫ਼ੀਸਰ, ਮੇ ਆਈ ਆਸਕ ਯੂ ਸਮਥਿੰਗ...?" ਸੀਤਲ ਅਫ਼ਸਰ ਨੂੰ ਸੰਬੋਧਨ ਹੋਈ।
-"ਹਾਂ, ਪਰ ਸਿਰਫ਼ ਉੜਦੂ ਜਾਂ ਪੰਜਾਬੀ ਵਿਚ..! ਅੰਗਰੇਜ਼ੀ ਮੈਨੂੰ ਬਹੁਤ ਘੱਟ ਆਂਦੀ ਏ..!"
-"ਮੈਨੂੰ ਗ੍ਰਿਫ਼ਤਾਰ ਕਿਉਂ ਕੀਤਾ ਗਿਐ...?"
-"ਸਾਨੂੰ ਰਿਪੋਰਟ ਮਿਲ਼ੀ ਏ ਕਿ ਤੂੰ ਇੰਗਲੈਂਡ ਨੂੰ ਡਰੱਗ ਸਮੱਗਲ ਕਰਨ ਆਈਂ ਏਂ..!" ਉਸ ਨੇ ਸੰਖੇਪ ਉਤਰ ਦਿੱਤਾ।
-"ਪਰ ਮੈਂ ਤਾਂ ਬਹੁਤ ਸ਼ਰੀਫ਼ ਪ੍ਰੀਵਾਰ ਨਾਲ਼ ਸਬੰਧ ਰੱਖਦੀ ਆਂ, ਮੇਰਾ ਵਿਸ਼ਵਾਸ ਕਰੋ ਆਫ਼ੀਸਰ...!" ਨਸ਼ੇ ਵਿਚ ਹੋਣ ਕਰਕੇ ਵੀ ਉਹ ਬੜੇ ਦਿਮਾਗ ਨਾਲ਼ ਗੱਲ ਕਰ ਰਹੀ ਸੀ।
-"ਪੁਲੀਸ ਦਾ ਕੰਮ ਹੁੰਦੈ ਹਰ ਰਿਪੋਰਟ ਦੀ ਤਹਿਕੀਕਾਤ ਕਰਨੀ...!"
-"ਮੈਂ ਤਾਂ ਇੰਗਲੈਂਡ ਵਸਦੇ ਪਾਕਿਸਤਾਨੀ ਮੁੰਡੇ ਇਮਰਾਨ ਨਾਲ਼ ਸ਼ਾਦੀ ਕਰਨ ਪਾਕਿਸਤਾਨ ਆਈ ਸੀ ਆਫ਼ੀਸਰ...!" ਉਸ ਨੇ ਆਪਣੇ ਪੱਖ ਵਿਚ ਸਫ਼ਾਈ ਦਿੱਤੀ।
-"ਤੇ ਅਜੇ ਤੂੰ ਇਕ ਸ਼ਰੀਫ਼ ਪ੍ਰੀਵਾਰ ਦੀ ਕੁੜੀ ਐਂ..?" ਅਫ਼ਸਰ ਨੇ ਵਿਅੰਗ ਕਸਿਆ।
-"ਕੀ ਮਤਲਬ ਆਫ਼ੀਸਰ...?" ਸੀਤਲ ਹੈਰਾਨ ਹੋਈ।
-"ਕੋਈ ਖ਼ਾਨਦਾਨੀ ਕੁੜੀ, ਜਾਂ ਸ਼ਰੀਫ਼ ਘਰਾਣੇਂ ਦੀ ਕੁੜੀ ਕਦੇ ਗ਼ੈਰ ਮਜ਼ਹਬ ਤੇ ਗ਼ੈਰ ਜ਼ਾਤ ਨਾਲ਼ ਸ਼ਾਦੀ ਨਹੀਂ ਜੇ ਕਰਦੀ!" ਅਫ਼ਸਰ ਦੀ ਗੱਲ ਨੇ ਉਸ ਨੂੰ ਝੰਜੋੜ ਸੁੱਟਿਆ।
-"ਪਰ ਅਸੀਂ ਇੰਗਲੈਂਡ ਵਿਚ ਜੰਮੇ ਪਲ਼ੇ, ਉਥੋਂ ਦੇ ਕਲਚਰ ਬਾਰੇ ਤੁਹਾਨੂੰ ਪਤਾ ਹੀ ਹੈ..?"
-"ਗਧਾ ਸ਼ੇਰ ਦੀ ਖਲੜੀ ਪਹਿਨ ਕੇ ਸ਼ੇਰ ਨਹੀਂ ਜੇ ਬਣ ਜਾਂਦਾ..! ਉਥੋਂ ਦਾ ਕਲਚਰ ਚਾਹੇ ਕਿਹੋ ਜਿਹਾ ਵੀ ਹੋਵੇ..? ਗੋਰੇ ਤੁਹਾਨੂੰ ਆਪਣੇ ਵਿਚ ਨਹੀਂ ਜੇ ਮਿਲ਼ਾਉਂਦੇ, ਤੁਸੀਂ ਮੱਲੋਮੱਲੀ ਗੋਰਿਆਂ ਦੇ ਕਲਚਰ ਦੇ ਵਿਚ ਘੁਸੜਦੇ ਪਏ ਹੋ! ਕਿਹੜੀ ਜ਼ਾਤ ਐ ਤੇਰੀ...?"
-"ਅਸੀਂ ਸਿੱਖ ਹੁੰਨੇ ਆਂ ਆਫ਼ੀਸਰ..! ਮੇਰੇ ਮਾਂ ਬਾਪ ਇੰਡੀਅਨ ਪੰਜਾਬੀ ਨੇ, ਮੇਰੇ ਦਾਦਾ ਪੜਦਾਦਾ ਖੇਤੀ ਕਰਦੇ ਕਿਸਾਨ ਸੀ!"
-"ਤੁਹਾਡੇ ਬਜ਼ੁਰਗ ਤਾਂ ਅਣਖ਼ ਖਾਤਰ ਮਰਨ ਮਾਰਨ 'ਤੇ ਹੋ ਜਾਂਦੇ ਸੀ, ਤੇ ਤੂੰ ਆਪਣਾ ਮਜ਼ਹਬ ਛੱਡ ਕੇ ਕਿਸੇ ਗ਼ੈਰ ਸਿੱਖ ਨਾਲ਼ ਸ਼ਾਦੀ ਕਰ ਰਹੀ ਏਂ...?"
-"ਤੇ ਇਹਦੇ ਵਿਚ ਬੁਰਾਈ ਵੀ ਕੀ ਐ ਆਫ਼ੀਸਰ...? ਮੈਂ ਤੇ ਇਮਰਾਨ ਇਕ ਦੂਜੇ ਨੂੰ ਪ੍ਰੇਮ ਕਰਦੇ ਸੀ....!"
ਅਫ਼ਸਰ ਉੱਚੀ ਉੱਚੀ ਹੱਸ ਪਿਆ।

-"ਪ੍ਰੇਮ...? ਤੇ ਉਹ ਵੀ ਇਸ ਯੁੱਗ ਦੇ ਵਿਚ...? ਪ੍ਰੇਮ ਤਾਂ ਬੱਸ ਅੱਲਾਹ ਦਾ ਨਾਮ ਰਹਿ ਗਿਆ ਈ ਦੁਨੀਆਂ 'ਤੇ..! ਪ੍ਰੇਮ ਦੇ ਨਾਂ 'ਤੇ ਅੰਨ੍ਹੇ ਹੋਣ ਵਾਲ਼ੇ ਹਮੇਸ਼ਾ ਖੂਹ ਵਿਚ ਪਏ ਡਿੱਗਦੇ ਨੇ ਕੁੜੀਏ..! ਸਿਰਫ਼ ਪ੍ਰੇਮ ਦੇ ਨਾਂ 'ਤੇ ਤੂੰ ਆਪਣਾ ਮਜ਼ਹਬ ਛੱਡ ਦਿੱਤਾ..? ਮੈਨੂੰ ਇਹ ਦੱਸ ਕਿ ਤੇਰੀ ਨਜ਼ਰ ਵਿਚ ਪ੍ਰੇਮ ਵੱਡਾ ਹੈ ਕਿ ਮਜ਼ਹਬ...? ਇਨਸਾਨ ਵੱਡਾ ਈ ਕਿ ਰੱਬ..? ਮਾਂ ਬਾਪ ਦੀ ਇੱਜ਼ਤ ਅਣਖ਼ ਵੱਡੀ ਏ ਕਿ ਇਮਰਾਨ...? ਇਮਰਾਨ ਤਾਂ ਤੈਨੂੰ ਹੋਰ ਵੀਹ ਮਿਲ ਜਾਣਗੇ, ਪਰ ਤੇਰੇ ਮਾਂ ਬਾਪ ਨੂੰ ਗੁਆਚੀ ਇੱਜ਼ਤ ਅਣਖ਼ ਮਿਲ ਜਾਵੇਗੀ, ਬੇਵਕੂਫ਼ ਲੜਕੀ..? ਜਿਹੜੀ ਅਣਖ਼ ਦੀ ਖ਼ਾਤਰ ਤੇਰੇ ਬਜੁਰਗ ਲੜ ਲੜ ਮਰਦੇ ਰਹੇ...! ਲੋਕਾਂ ਦੀਆਂ ਇੱਜ਼ਤਾਂ ਵੀ ਬਚਾਂਦੇ ਰਹੇ...! ਤੇ ਤੂੰ ਜ਼ਲੀਲ, ਉਹਨਾਂ ਦੇ ਖ਼ਾਨਦਾਨ ਵਿਚ ਜਨਮ ਲੈ ਕੇ ਆਹ ਮਿੱਟੀ ਪਈ ਪੁੱਟਣ ਲੱਗੀ ਏਂ..? ਤੇਰੇ ਵਰਗੀ ਕਲੰਕਣ ਤਾਂ ਕੋਈ ਵੀ ਨਹੀਂ ਹੋਵੇਗੀ...? ਤੈਨੂੰ ਤਾਂ ਜਿੰਨੀ ਸਜ਼ਾ ਦਿੱਤੀ ਜਾਵੇ, ਉਤਨੀ ਥੋੜ੍ਹੀ ਏ...! ਜੋ ਜ਼ੁਲਮ ਤੂੰ ਆਪਣੇ ਮਾਂ ਬਾਪ 'ਤੇ ਪਏ ਕੀਤੇ ਨੇ, ਆਪਣੇ ਬਜ਼ੁਰਗਾਂ ਦੀ ਇੱਜ਼ਤ ਨਾਲ਼ ਖਿਲਵਾੜ੍ਹ ਕੀਤਾ ਈ, ਤੈਨੂੰ ਤਾਂ ਇਸਲਾਮ ਦੀ ਸ਼ੱਰਾਅ ਮੁਤਾਬਿਕ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਐ, ਤੇ ਉਹ ਵੀ ਪੱਥਰ ਮਾਰ ਮਾਰ ਕੇ...! ਜਿਸ ਨਾਲ ਤੇਰੀ ਜਾਨ ਵੀ ਤੜਪ ਤੜਪ ਕੇ ਨਿਕਲੇ..!" ਅਫ਼ਸਰ ਵੱਟ ਖਾ ਗਿਆ।

ਸੀਤਲ ਹੈਰਾਨੀ ਵਿਚ ਅਫ਼ਸਰ ਨੂੰ ਦੇਖਦੀ ਰਹਿ ਗਈ!

-"ਤੂੰ ਤਾਂ ਆਪਣੇ ਖ਼ਾਨਦਾਨ 'ਤੇ ਇਕ ਕਲੰਕ ਏਂ ਬਦਜ਼ਾਤ..! ਤੈਨੂੰ ਤਾਂ ਕਿਸੇ ਰੰਡੀਖ਼ਾਨੇ ਬਿਠਾ ਕੇ ਉਹ ਪਛਤਾਵਾ ਕਰਵਾਉਣਾ ਚਾਹੀਦਾ ਈ, ਜਿਹੜਾ ਤੂੰ ਆਪਣੀਆਂ ਪੁਸ਼ਤਾਂ ਨੂੰ ਵੀ ਦੱਸ ਕੇ ਮਰੇਂ ਕਿ ਬਜੁਰਗਾਂ ਦੀ ਇੱਜ਼ਤ ਨਾਲ਼ ਕਦੇ ਨਾ ਜੇ ਖੇਡੋ...!" ਸੀਤਲ ਨੂੰ ਇਹ ਨਹੀਂ ਸਮਝ ਆ ਰਹੀ ਸੀ ਕਿ ਅਫ਼ਸਰ ਉਸ ਦੇ ਹੱਕ ਦੀ ਗੱਲ ਕਰ ਰਿਹਾ ਸੀ, ਜਾਂ ਉਹ ਉਸ ਦੇ ਖਿ਼ਲਾਫ਼ ਸੀ...? ਪਰ ਉਸ ਨੂੰ ਇਤਨਾ ਅਹਿਸਾਸ ਜ਼ਰੂਰ ਹੋ ਗਿਆ ਸੀ ਕਿ ਘਰੋਂ ਕਦਮ ਪੁੱਟ ਕੇ ਉਸ ਨੇ ਹਿੰਮਤ ਹੀ ਨਹੀਂ, ਹਿਮਾਕਤ ਕੀਤੀ ਸੀ...! ਜਿ਼ੰਦਗੀ ਦੀ ਇਕ ਘੋਰ ਗ਼ਲਤੀ ਕੀਤੀ ਸੀ ਅਤੇ ਇਸ ਗ਼ਲਤੀ ਦਾ ਖ਼ਮਿਆਜ਼ਾ ਮੈਨੂੰ ਭੁਗਤਣਾਂ ਪੈਣੈਂ..! ਜਿਹੜੀ ਤੂੰ ਮਾਂ-ਬਾਪ ਦੀ ਆਤਮਾਂ ਸਤਾਈ ਐ, ਇਸ ਦੇ ਬਦਲੇ ਤੈਨੂੰ ਸੰਕਟ ਕੱਟਣੇ ਹੀ ਪੈਣੇਂ ਨੇ ਸੀਤਲ...!

-"ਹੋਰ ਪੈੱਗ ਸ਼ੈੱਗ ਪੀਣਾਂ ਈ ਤਾਂ ਦੱਸ..? ਤੇ ਨਹੀਂ ਮੈਂ ਮੰਜੇ ਦਾ ਪ੍ਰਬੰਧ ਕਰਵਾ ਦਿੰਦਾ ਹਾਂ, ਖਾਣਾਂ ਖਾ ਕੇ ਅਰਾਮ ਕਰ...! ਬਾਕੀ ਗੱਲਾਂ ਕੱਲ੍ਹ ਕਰਾਂਗੇ...!"
-"ਪਲੀਜ਼ ਇਕ ਹੋਰ ਦੇ ਦਿਓ...! ਨੀਂਦ ਆ ਜਾਵੇਗੀ, ਨਹੀਂ ਮੈਨੂੰ ਨੀਂਦ ਨਹੀਂ ਆਉਣੀਂ...!" ਉਹ ਰੋ ਪਈ।
ਅਫ਼ਸਰ ਨੇ ਇਕ ਪੈੱਗ ਹੋਰ ਮੰਗਵਾ ਦਿੱਤਾ।
-"ਤੁਸੀਂ ਨਹੀਂ ਪੀਂਦੇ...?" ਅੱਖਾਂ ਪੂੰਝ ਕੇ ਉਸ ਨੇ ਗਿਲਾਸ ਖਾਲੀ ਕਰਦਿਆਂ ਪੁੱਛਿਆ।
-"ਨਹੀਂ, ਮੈਂ ਸ਼ਰਾਬ ਨਹੀਂ ਜੇ ਪੀਂਦਾ...!"
-"ਇਕ ਗੱਲ ਹੋਰ ਦੱਸੋਂਗੇ ਆਫ਼ੀਸਰ...?"
-"ਪੁੱਛ..! ਫਿਰ ਮੈਂ ਚਲੇ ਜਾਣੈਂ..!"
-"ਇਮਰਾਨ ਕਿੱਥੇ ਚਲਾ ਗਿਆ...? ਕਿ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ...?"
ਅਫ਼ਸਰ ਫਿਰ ਉੱਚੀ ਉੱਚੀ ਹੱਸ ਪਿਆ

-"ਹੁਣ ਤੈਨੂੰ ਦੱਸਣ ਦਾ ਕੋਈ ਡਰ ਵੀ ਨਹੀਂ, ਤੇ ਨਾ ਈ ਕੋਈ ਫ਼ਾਇਦਾ..! ਇਮਰਾਨ ਇਕ ਓਸ ਬੇਈਮਾਨ ਬਾਪ ਦਾ ਪੁੱਤਰ ਈ, ਜਿਸ ਨੇ ਪਤਾ ਨਹੀਂ ਕਿਤਨੀਆਂ ਕੁ ਕੁੜੀਆਂ ਬਾਹਰਲੇ ਦੇਸ਼ਾਂ ਤੋਂ ਲਿਆ ਕੇ ਇੱਥੇ ਵੇਚੀਆਂ ਨੇ...! ਇਮਰਾਨ ਨੂੰ ਇਸ ਬਾਰੇ ਕੁਝ ਪਤਾ ਹੋਵੇ, ਚਾਹੇ ਨਾ ਹੋਵੇ..! ਪਰ ਇਮਰਾਨ ਦਾ ਬਾਪ ਕੁੜੀਆਂ ਵੇਚਣ ਦਾ ਧੰਦਾ ਕਰਨ ਵਾਲ਼ਾ ਦਲਾਲ ਈ...! ਉਸ ਦੇ ਬੜੇ ਵੱਡੇ ਗੈਂਗ ਨਾਲ਼ ਬੜੇ ਤਕੜੇ ਸਬੰਧ ਨੇ..! ਉਹ ਤਾਂ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ ਤੋਂ ਲਿਆ ਕੇ ਕੁੜੀਆਂ ਵੇਚਦੇ ਪਏ ਨੇ, ਤੂੰ ਤਾਂ ਸ਼ਾਇਦ ਮਾੜੀ ਕਿਸਮਤ ਨੂੰ ਅਚਾਨਕ ਹੀ ਉਹਨਾਂ ਦੇ ਜਾਲ ਵਿਚ ਪਈ ਫ਼ਸ ਗਈ..! ਖ਼ਾਨ ਤੋਂ ਵੱਡਾ ਦੱਲਾ ਹੈ ਹੈਦਰ...! ਹੈਦਰ ਦੀਆਂ ਲਿਆਂਦੀਆਂ ਅਤੇ ਖ਼ਪਾਈਆਂ ਕੁੜੀਆ ਦਾ ਹੁਣ ਤੱਕ ਨਹੀਂ ਪਤਾ ਲੱਗਿਆ ਕਿ ਉਹ ਕਿੱਧਰ ਗਾਇਬ ਕਰ ਦਿੰਦੈ..! ਨਾ ਹੀ ਕੋਈ ਗਿਣਤੀ ਜੇ..!"

-"ਤੇ ਪੁਲੀਸ ਕੁਝ ਨਹੀਂ ਕਰਦੀ...?" ਸੀਤਲ ਹੋਰ ਹੈਰਾਨ ਸੀ। ਖ਼ਾਨ ਅਤੇ ਹੈਦਰ ਬਾਰੇ ਸੱਚਾਈ ਸੁਣ ਕੇ ਉਸ ਦੇ ਦਿਮਾਗ ਨੂੰ ਘੁਮੇਰ ਆਈ। ਦਿਮਾਗ ਸੁੰਨ ਹੋ ਗਿਆ।
-"ਕੁੜੀਏ, ਤੂੰ ਬਹੁਤ ਭੋਲੀ ਏਂ...! ਵੱਡੀ ਮੱਛੀ ਹਮੇਸ਼ਾ ਛੋਟੀ ਨੂੰ ਖਾਂਦੀ ਪਈ ਏ..! ਗੈਂਗਾਂ ਦੇ ਹੱਥ ਬਹੁਤ ਲੰਮੇ ਹੁੰਦੇ ਨੇ ਕੁੜੀਏ..! ਸਾਡੇ ਵਰਗੇ ਨਿੱਕੇ ਮੋਟੇ ਅਫ਼ਸਰ ਤਾਂ ਇਹਨਾਂ ਦੀ ਚੌਂਕੀਦਾਰੀ ਪਏ ਕਰਦੇ ਨੇ..! ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਈ..! ਅਫ਼ਸਰਸ਼ਾਹੀ ਤੋਂ ਲੈ ਕੇ ਮੰਤਰੀਆਂ ਤੱਕ ਹਰ ਮਹਿਕਮਾਂ ਪੈਸੇ ਵਾਲ਼ੇ ਦਾ ਹੁੰਦਾ ਈ...! ਅੱਜ ਕੱਲ੍ਹ ਦੀ ਦੁਨੀਆਂ ਵਾਸਤੇ ਪੈਸਾ ਸਭ ਤੋਂ ਵੱਡਾ ਹਥਿਆਰ ਏ, ਜਿਸ ਨੂੰ ਜਿੱਥੇ ਚਾਹੋ, ਜਿਸ ਦੇਸ਼ 'ਚ ਚਾਹੋਂ, ਵਰਤ ਸਕਦੇ ਹੋ...! ਬਹੁਤਾ ਕੁਝ ਮੈਂ ਤੈਨੂੰ ਆਖਣਾਂ ਨਹੀਂ ਜੇ ਚਾਹੁੰਦਾ! ਖ਼ਾਲਿਦ ਮੀਆਂ...!" ਉਸ ਨੇ ਸਿਪਾਹੀ ਨੂੰ ਅਵਾਜ਼ ਮਾਰੀ।

-"ਜੀ ਜਨਾਬੇ ਆਲੀ...?" ਸਿਪਾਹੀ ਜਿਵੇਂ ਅਵਾਜ਼ ਦੀ ਕੁੰਡੀ ਨਾਲ਼ ਹੀ ਅੜ ਕੇ ਭੱਜਿਆ ਆਇਆ।
-"ਜਾਹ ਮੁਰਗਾ ਗਰਮ ਕਰਵਾ ਕੇ ਲਿਆ, ਤੇ ਇਸ ਲੜਕੀ ਨੂੰ ਮੰਜੇ ਤੇ ਬਿਸਤਰੇ ਦਾ ਪ੍ਰਬੰਧ ਕਰ ਕੇ ਦੇਹ..! ਤੇ ਇਕ ਗੱਲ ਯਾਦ ਰੱਖੀਂ...!" ਉਸ ਨੇ ਜਿਵੇਂ ਸਿਪਾਹੀ ਦੀ ਧੌਣ 'ਤੇ ਹੱਥ ਰੱਖ ਲਿਆ ਸੀ।
-"ਜੀ ਜਨਾਬ, ਹੁਕਮ ਤੇ ਕਰੋ...!" ਉਹ ਅਜ਼ੀਜ਼ ਬਣਿਆਂ ਖੜ੍ਹਾ ਸੀ।
-"ਮੇਰੇ ਹੁੰਦੇ ਇਸ ਥਾਣੇਂ ਵਿਚ ਕੁੜੀ ਨੂੰ ਕੋਈ ਮੁਸ਼ਕਲ ਨਾ ਪਈ ਆਵੇ..! ਇਹ ਮੇਰੀ ਸਖ਼ਤ ਹਦਾਇਤ ਈ..! ਰਾਤ ਵਾਲ਼ੇ ਸੰਤਰੀ ਨੂੰ ਵੀ ਖ਼ਬਰਦਾਰ ਕਰ ਦੇਣਾਂ ਕਿ ਇਸ ਲੜਕੀ ਨੂੰ ਕੰਡੇ ਜਿੰਨੀ ਵੀ ਤਕਲੀਫ਼ ਨਾ ਹੋਵੇ, ਨਹੀਂ ਤਾਂ ਆਪਣਾ ਪੜ੍ਹਿਆ ਪਏ ਵਿਚਾਰ ਲੈਣ..!"
-"ਜੋ ਹੁਕਮ ਜਨਾਬੇ ਆਲੀ..!"
ਅਫ਼ਸਰ ਦੇ ਹੁਕਮ ਅਨੁਸਾਰ ਗਰਮ ਹੋਇਆ ਮੁਰਗਾ ਆ ਗਿਆ।
ਖਾਣਾਂ ਖਾਣ ਤੋਂ ਬਾਅਦ ਅਫ਼ਸਰ ਦੇ ਹੁਕਮ ਅਨੁਸਾਰ ਸੀਤਲ ਲਈ ਠਾਣੇਂ ਦੇ ਇਕ ਹਵਾਦਾਰ ਕਮਰੇ ਵਿਚ ਮੰਜਾ ਵਿਛਾਅ ਦਿੱਤਾ ਗਿਆ।
ਅਫ਼ਸਰ ਕਦੋਂ ਦਾ ਜਾ ਚੁੱਕਾ ਸੀ।
ਦਾਰੂ ਦੇ ਨਸ਼ੇ ਅਤੇ ਮੁਰਗੇ ਦੀ ਘੂਕੀ ਨਾਲ਼ ਸੀਤਲ ਨੂੰ ਨੀਂਦ ਆ ਗਈ।

੧੪।੦੩।੨੦੧੨

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com