WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 11
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਇਮਰਾਨ ਦੇ ਬਾਪ ਖ਼ਾਨ ਨੇ ਇਮਰਾਨ ਨੂੰ ਥਾਪੀ ਦਿੱਤੀ ਸੀ। ਉਸ ਦੇ ਸੂਰਮੇਂ ਪੁੱਤਰ ਨੇ ਸਰਦਾਰਾਂ ਦੀ ਕੁੜੀ ਪੱਟ ਕੇ ਉਸ ਦੀ ਭਾਈਚਾਰੇ ਵਿਚ ਸ਼ਾਨ ਬਣਾਈ ਸੀ..। ਇਮਰਾਨ ਉਸ ਦਾ ਵਾਕਿਆ ਹੀ ਝੰਡੇ ਹੇਠਲਾ ਪੁੱਤਰ ਸੀ, ਜਿਸ ਨੇ ਟੀਸੀ ਦਾ ਬੇਰ ਤੋੜਿਆ ਸੀ..। ਰੋੜੇ ਨਹੀਂ ਮਾਰੇ ਸਨ, ਬੱਸ ਹੱਥ ਪਾ ਕੇ ਹੀ ਤੋੜ ਲਿਆ ਸੀ...। ਬਾਪ ਦੇ ਥਾਪੜੇ ਨਾਲ਼ ਇਮਰਾਨ ਸ਼ੇਰ ਬਣ ਗਿਆ...। ਉਹ ਤਾਂ ਬਾਪ ਤੋਂ ਡਰ ਰਿਹਾ ਸੀ..? ਪਰ ਬਾਪ ਨੇ ਤਾਂ ਉਸ ਦੀ ਸੋਚ ਤੋਂ ਉਲਟ ਥਾਪੜਾ ਦਿੱਤਾ ਸੀ..! ਉਸ ਨੇ ਸਾਰੀ ਗੱਲ ਸੀਤਲ ਨੂੰ ਜਾ ਦੱਸੀ...। ਸੀਤਲ ਦੇ ਧਰਤੀ 'ਤੇ ਪੈਰ ਲੱਗਣੋਂ ਹੱਟ ਗਏ...। ਉਹ ਅਸਮਾਨ ਹੀ ਤਾਂ ਉਡ ਗਈ ਸੀ...। ਬੱਦਲ਼ਾਂ ਦੀ ਬੁੱਕਲ਼ ਵਿਚ ਬੈਠ...! ਸੀਤਲ ਤਾਂ ਸੋਚ ਰਹੀ ਸੀ ਕਿ ਮੁਸਲਮਾਨ ਭਾਈਚਾਰਾ ਤਾਂ ਸਾਡੇ ਭਾਈਚਾਰੇ ਨਾਲ਼ੋਂ ਵੀ ਕੱਟੜਪੰਥੀ ਅਤੇ ਮਜ੍ਹਬੀ ਸਿਧਾਂਤਾਂ ਪ੍ਰਤੀ ਸਖ਼ਤ ਹੈ...? ਕੀ ਪਤਾ ਇਮਰਾਨ ਦਾ ਅਮੀਰ ਬਾਪ ਸਾਡੀ ਇਸ ਮਿੱਤਰਤਾਈ ਨੂੰ ਮਾਨਤਾ ਦੇਵੇ, ਜਾਂ ਸ਼ਾਇਦ ਨਾ ਦੇਵੇ...? ਸਾਡੀ ਦੋਸਤੀ ਕਬੂਲੇ ਜਾਂ ਸ਼ਾਇਦ ਨਾ ਕਬੂਲੇ...? ਉਸ ਨੂੰ ਇਹ ਡਰ ਦਿਨ ਰਾਤ ਘੁਣ ਵਾਂਗ ਅੰਦਰੋ ਅੰਦਰੀ ਖਾਂਦਾ ਰਹਿੰਦਾ। ਪਰ ਅੱਜ ਇਮਰਾਨ ਨੇ ਉਸ ਨੂੰ ਜਦੋਂ ਇਹ ਖ਼ਬਰ ਸੁਣਾਈ ਤਾਂ ਉਹ ਖ਼ੁਸ਼ੀ ਵਿਚ ਪਾਗਲ ਹੋਣ ਵਾਲ਼ੀ ਹੋ ਗਈ। ਉਸ ਨੇ ਇਮਰਾਨ ਦੇ ਗਲ਼ ਨੂੰ ਚਿੰਬੜ ਕੇ "ਓਹ ਰੀਅਲੀ...!" ਦੀ ਚੀਕ ਮਾਰੀ ਸੀ। ਤੇ ਇਮਰਾਨ ਨੇ ਵੀ ਲਲਕਾਰਾ ਮਾਰਨ ਵਾਲਿ਼ਆਂ ਵਾਂਗ, "ਯੈਹ...!" ਆਖਿਆ ਸੀ।     ਇਮਰਾਨ ਨੇ ਉਸ ਨੂੰ ਇਕ ਨਵਾਂ ਨਕੋਰ ਮੋਬਾਇਲ ਫ਼ੋਨ ਵੀ ਦਿੱਤਾ, ਜਿਹੜਾ ਉਸ ਦੇ ਬਾਪ, ਖ਼ਾਨ ਨੇ ਭਵਿੱਖ ਵਿਚ ਬਣਨ ਵਾਲ਼ੀ "ਨੂੰਹ ਰਾਣੀਂ" ਲਈ ਭੇਜਿਆ ਸੀ! ਇਸ ਤੋਂ ਇਲਾਵਾ ਖ਼ਾਨ ਨੇ ਦੋ ਸੌ ਇਕ ਪੌਂਡ 'ਸ਼ਗਨ' ਵੀ ਭੇਜਿਆ ਸੀ। ਖ਼ਾਨ ਨੇ ਇਹ ਇੱਛਾ ਵੀ ਜ਼ਾਹਿਰ ਕੀਤੀ ਸੀ ਕਿ ਇਮਰਾਨ ਸੀਤਲ ਨੂੰ ਜ਼ਰੂਰ ਆਪਣੇ ਨਾਲ਼ ਘਰ ਲੈ ਕੇ ਆਵੇ ਅਤੇ ਸਾਰੇ ਪ੍ਰੀਵਾਰ ਨੂੰ ਮਿਲਾਵੇ। ਸੀਤਲ ਨੂੰ ਮਿਲ ਕੇ ਅਸੀਂ ਬਹੁਤ ਖ਼ੁਸ਼ੀ ਮਹਿਸੂਸ ਕਰਾਂਗੇ। ਸਾਡੇ ਬਾਪ ਦਾਦੇ ਵੀ 1947 ਵਿਚ ਪੰਜਾਬ ਤੋਂ ਜਲੰਧਰ ਲਾਗਿਓਂ ਪਾਕਿਸਤਾਨ ਆਏ ਸਨ ਅਤੇ ਸਾਡਾ ਹਿੰਦੋਸਤਾਨ ਦੇ ਪੰਜਾਬ ਨਾਲ਼ ਨਹੁੰ ਮਾਸ ਦਾ ਰਿਸ਼ਤਾ ਸੀ।

    ਸੀਤਲ ਨੂੰ ਨਵਾਂ ਮੋਬਾਇਲ ਫ਼ੋਨ ਦੇਖ ਕੇ ਚਾਅ ਚੜ੍ਹ ਗਿਆ।
   
ਪਰ ਉਸ ਨੇ ਦੋ ਸੌ ਇਕ ਪੌਂਡ ਲੈਣੋਂ ਇਨਕਾਰ ਕਰ ਦਿੱਤਾ।

-"ਅੱਬੂ ਜਾਨ ਮੈਨੂੰ ਨਰਾਜ਼ ਹੋਣਗੇ...!" ਆਖ ਕੇ ਇਮਰਾਨ ਨੇ ਪੌਂਡ ਉਸ ਦੇ ਪਰਸ ਵਿਚ ਪਾ ਦਿੱਤੇ। ਸੀਤਲ ਨੇ ਕੈਮਰੇ ਵਾਲ਼ੇ ਮੋਬਾਇਲ ਫ਼ੋਨ ਦੀ ਸਰਸਰੀ ਡਾਕਟਰੀ ਸ਼ੁਰੂ ਕਰ ਦਿੱਤੀ। ਔਪਸ਼ਨਜ਼ ਦੇਖੀਆਂ ਅਤੇ ਸਮਝੀਆਂ। ਸੀਤਲ ਸੋਚ ਰਹੀ ਸੀ ਕਿ ਕਿੰਨਾਂ ਚੰਗਾ ਹੈ ਇਮਰਾਨ ਦਾ ਬਾਪ..! ਬਿਨਾਂ ਦੇਖੇ ਹੀ ਆਪਣੇ ਖ਼ਰਚੇ 'ਤੇ ਮੈਨੂੰ ਮੋਬਾਇਲ ਲੈ ਦਿੱਤਾ..? ਕਿੰਨਾਂ ਖੁੱਲ੍ਹੇ ਦਿਲ ਵਾਲ਼ਾ ਇਨਸਾਨ ਹੈ...। ਅਜੇ ਤਾਂ ਮੇਰਾ ਇਮਰਾਨ ਨਾਲ਼ ਰਿਸ਼ਤਾ ਹੀ ਕੋਈ ਨਹੀਂ, ਮੈਨੂੰ ਮੋਬਾਇਲ ਵੀ ਲੈ ਦਿੱਤਾ..? ਜਦੋਂ ਕਿਤੇ ਰਿਸ਼ਤਾ ਜੁੜ ਗਿਆ, ਪਤਾ ਨਹੀਂ ਕੀ-ਕੀ ਖ਼ਰੀਦ ਕੇ ਦੇਣਗੇ...? ਕਿੰਨਾਂ ਅਮੀਰ ਪ੍ਰੀਵਾਰ ਹੈ..! ਜੇ ਇਮਰਾਨ ਨਾਲ਼ ਮੇਰਾ ਸੱਚੀਂ ਰਿਸ਼ਤਾ ਜੁੜ ਜਾਵੇ, ਮੈਂ ਅਮੀਰੀ ਵਿਚ ਸਾਰੀ ਜਿ਼ੰਦਗੀ ਐਸ਼ ਕਰਾਂ..! ਆਪਦੇ ਬਾਪ ਦੇ ਘਰ ਤਾਂ ਮੈਂ ਤੰਗੀ ਤਰੁਸ਼ੀ ਹੀ ਕੱਟੀ ਹੈ..! ਬਾਪ ਨੇ ਤਾਂ ਮੈਨੂੰ ਸਾਰੀ ਜਿ਼ੰਦਗੀ ਮੋਬਾਇਲ ਨਹੀਂ ਸੀ ਖ਼ਰੀਦ ਕੇ ਦੇਣਾਂ..! ਇਮਰਾਨ ਦੇ ਪਿਉ ਨੇ ਮਿੰਟ ਨਹੀਂ ਲਾਇਆ..! ਨਾਲ਼ੇ ਦੋ ਸੌ ਇਕ ਪੌਂਡ ਭੇਜੇ..! ਨਾ ਕਦੇ ਮੈਨੂੰ ਦੇਖਿਆ, ਨਾ ਭਾਲਿ਼ਆ...! ਕਿੰਨਾਂ ਦਿਲ ਦਰਿਆ ਇਨਸਾਨ ਹੈ...! ਉਹ ਸ਼ੁਕਰਾਨੇ ਵਿਚ ਝੁਕੀ ਖੜ੍ਹੀ ਸੀ।

 -"ਇਹਦੇ ਵਿਚ ਪੰਜ ਸੌ ਮਿੰਟ ਤੇ ਸੌ ਟੈਕਸਟ ਮੈਸਿਜ਼ ਫ਼ਰੀ ਨੇ...! ਜੇ ਤੂੰ ਇਸ ਤੋਂ ਵੀ ਉਪਰ ਫ਼ੋਨ ਕਰ ਲਵੇਂਗੀ, ਕੋਈ ਚਿੰਤਾ ਨਹੀਂ...! ਬਿੱਲ ਤਾਂ ਅੱਬੂ ਜਾਨ ਨੇ ਹੀ ਦੇਣੈਂ..? ਇਹਦੀ ਵੀ ਚਿੰਤਾ ਨਾ ਕਰੀਂ!" ਇਮਰਾਨ ਨੇ ਕਿਹਾ।

-"ਨਹੀਂ, ਪੰਜ ਸੌ ਮਿੰਟ ਵੀ ਬਹੁਤ ਹੁੰਦੇ ਨੇ ਇਮਰਨ...! ਤੇ ਸੌ ਟੈਕਸਟ ਮੈਸਿਜ਼ ਵੀ ਬਹੁਤ ਹੁੰਦੇ ਨੇ..! ਮੈਂ ਤੈਥੋਂ ਬਿਨਾਂ ਹੋਰ ਫ਼ੋਨ ਵੀ ਕੀਹਨੂੰ ਕਰਨੈਂ..?" ਉਸ ਦਾ ਹੱਦੋਂ ਵੱਧ ਭਾਵੁਕ ਹੋਈ ਦਾ ਰੋਣ ਨਿਕਲ਼ ਗਿਆ। ਇਮਰਾਨ ਨੇ ਖਿੱਚ ਕੇ ਉਸ ਨੂੰ ਆਪਣੀ ਤਪਦੀ ਹਿੱਕ ਨਾਲ਼ ਲਾ ਲਿਆ। ਇਮਰਾਨ ਦੀਆਂ ਉਂਗਲ਼ਾਂ ਦੀ ਕੰਘੀ ਸੀਤਲ ਦੇ ਵਾਲ਼ਾਂ ਵਿਚ ਫਿ਼ਰ ਰਹੀ ਸੀ।

 -"ਗਿਵ ਮੀ ਏ ਸਿਗਰੇਟ ਇਮਰਨ...!" ਉਸ ਨੇ ਪਹਿਲੀ ਵਾਰ ਮੰਗ ਕੇ ਸਿਗਰਟ ਲਈ ਸੀ। ਇਮਰਾਨ ਤਾਂ ਸਿਗਰਟਾਂ ਆਮ ਹੀ ਪੀਂਦਾ ਸੀ। ਉਸ ਦੇ ਦੇਖੋ ਦੇਖੀ ਸੀਤਲ ਨੇ ਵੀ ਸਿਗਰਟਾਂ ਪੀਣੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਪੱਬ ਜਾਂ ਕਲੱਬ ਵਿਚ ਤਾਂ ਉਹ ਆਮ ਹੀ ਸਿਗਰਟ ਪੀ ਲੈਂਦੀ ਸੀ। ਇਮਰਾਨ ਨੇ ਸਿਗਰਟ ਦਾ ਪੂਰਾ ਪੈਕਿਟ ਹੀ ਉਸ ਦੇ ਹਵਾਲੇ ਕਰ ਦਿੱਤਾ। ਇਕ ਸੁਨਿਹਰੀ ਲਾਈਟਰ ਵੀ ਦੇ ਦਿੱਤਾ। ਜਿਸ 'ਤੇ ਇਕ ਨਗਨ ਕੁੜੀ ਦੀ ਫ਼ੋਟੋ ਬਣੀ ਹੋਈ ਸੀ। ਉਹ ਕਾਲਜ ਦੀ ਪਾਰਕ ਦੇ ਬਾਹਰ ਬੈਠੇ ਸਿਗਰਟ ਪੀ ਰਹੇ ਸਨ ਅਤੇ ਨਵੇਂ ਮੋਬਾਇਲ ਵਿਚ ਨੰਬਰ 'ਫ਼ੀਡ' ਕਰ ਰਹੇ ਸਨ।

    ਉਸ ਦਿਨ ਸੀਤਲ ਰਾਤ ਅੱਠ ਕੁ ਵਜੇ ਇਮਰਾਨ ਕੋਲੋਂ ਘਰ ਆ ਗਈ।

ਉਸ ਨੇ ਕਿਸੇ ਵੱਲ ਵੀ ਧਿਆਨ ਨਾ ਦਿੱਤਾ। ਸਿੱਧੀ ਆਪਣੇ ਕਮਰੇ ਵਿਚ ਚਲੀ ਗਈ। ਗੁਰਚਰਨ ਅਜੇ ਕੰਮ 'ਤੇ ਹੀ ਸੀ। ਉਸ ਨੇ ਹਮੇਸ਼ਾ ਵਾਂਗ ਰਾਤ ਗਿਆਰਾਂ ਵਜੇ ਕੰਮ ਤੋਂ ਘਰ ਆਉਣਾਂ ਸੀ। ਉਸ ਦੀ ਜੱਦੋਜਹਿਦ ਕੋਈ ਵੀ ਰੰਗ ਨਹੀਂ ਲਿਆਈ ਸੀ। ਭੱਜ ਨੱਠ ਨੇ ਕੰਮ ਨਹੀਂ ਕੀਤਾ ਸੀ। ਭੱਜ ਨੱਠ ਤਾਂ, ਤਾਂ ਕੰਮ ਕਰਦੀ, ਜੇ ਖ਼ਾਨ ਇਮਾਨਦਾਰ ਹੁੰਦਾ...? ਖ਼ਾਨ ਨੇ ਤਾਂ ਸਗੋਂ ਇਮਰਾਨ ਨੂੰ 'ਸ਼ਾਬਾਸ਼' ਦਿੱਤੀ ਸੀ, ਜਿਸ ਨੇ ਸਰਦਾਰਨੀ ਖੰਭਾਂ ਹੇਠਾਂ ਲਿਆਂਦੀ ਸੀ...। ਮਾਮਲਾ ਕਿਵੇਂ ਸਥਿਰ ਹੁੰਦਾ...? ਖ਼ਾਨ ਕੋਲ਼ ਜਾ ਕੇ ਤਾਂ ਗੁਰਚਰਨ ਹੋਰਾਂ ਨੇ ਕੰਮ ਹੋਰ ਖ਼ਰਾਬ ਕਰ ਲਿਆ ਸੀ...! ਪਰ ਗੁਰਚਰਨ ਹੋਰਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਸੀ..? ਕਿਹੜਾ ਕੋਈ ਕਿਸੇ ਦੇ ਅੰਦਰ ਵੜਿਆ ਹੁੰਦੈ...? ਕਿਹੜਾ ਕੋਈ ਕਿਸੇ ਦਾ ਦਿਲ ਪੜ੍ਹ ਸਕਦੈ...? ਮਰੇ ਪਾਪੀ ਜੀਹਦੇ ਮਨ 'ਚ ਪਾਪ...! ਗੁਰਚਰਨ ਹੋਰੀਂ ਤਾਂ ਖ਼ਾਨ ਕੋਲ਼ ਇਕ ਅਰਜ਼ ਅਤੇ ਆਸ ਲੈ ਕੇ ਹੀ ਗਏ ਸਨ...?

 ਜਦੋਂ ਗੁਰਚਰਨ ਨੂੰ ਲੱਗਿਆ ਕਿ ਮਾਮਲਾ ਸੁਧਰਨ ਦੀ ਵਜਾਏ ਹੋਰ ਵਿਗੜਦਾ ਜਾ ਰਿਹਾ ਸੀ? ਤਾਂ ਉਹ ਫਿਰ ਢਿੱਲੋਂ ਅਤੇ ਸਿੱਧੂ ਸਾਹਿਬ ਹੋਰਾਂ ਕੋਲ਼ ਪਹੁੰਚਿਆ।

 ਅੱਗਿਓਂ ਉਹ ਵੀ ਉਸ ਨੂੰ ਦੁਖੀ ਜਿਹੇ ਹੋ ਕੇ ਮਿਲ਼ੇ। ਸਾਰੀ ਗੱਲ ਸੁਣ ਕੇ ਉਹ ਨਿਰਾਸ਼ ਹੀ ਤਾਂ ਹੋ ਗਏ ਸਨ। ਖ਼ਾਨ ਤੋਂ ਉਹਨਾਂ ਨੂੰ ਕਿਸੇ ਭਲੇ ਦੀ ਆਸ ਸੀ। ਜਦੋਂ ਬੰਦੇ ਦੀ ਆਸ 'ਤੇ ਪਾਣੀ ਫਿਰ ਜਾਵੇ, ਬੰਦੇ ਦਾ ਨਿਰਾਸ਼ ਹੋਣਾਂ ਇਕ ਕੁਦਰਤੀ ਗੱਲ ਹੈ! ਖ਼ਾਨ ਨੇ ਉਹਨਾਂ ਦੀ ਕੋਈ ਮੱਦਦ ਨਹੀਂ ਕੀਤੀ ਸੀ, ਸਗੋਂ ਬਲ਼ਦੀ 'ਤੇ ਤੇਲ ਹੀ ਛਿੜਕਿਆ ਸੀ..!

-"ਦਸਵੇਂ ਪਾਤਿਸ਼ਾਹ ਨੇ ਆਪਾਂ ਨੂੰ ਇਕ ਸਬਕ ਦਿੱਤਾ ਸੀ...! ਬਈ ਆਬਦੀ ਬਾਂਹ ਤੇਲ ਵਿਚ ਭਿਉਂ ਲਵੋ, ਤੇ ਫੇਰ ਤਿਲ਼ਾਂ ਦੀ ਢੇਰੀ ਵਿਚ ਦੇ ਦਿਓ..! ਜਿੰਨੇ ਤਿਲ਼ ਉਸ ਬਾਂਹ ਨੂੰ ਲੱਗਣ, ਮੁਸਲਮਾਨ ਓਨੀਆਂ ਕਸਮਾਂ ਵੀ ਖਾਵੇ, ਤਾਂ ਵੀ ਉਸ 'ਤੇ ਵਿਸ਼ਵਾਸ ਨਾ ਕਰੋ...!" ਸਿੱਧੂ ਨੇ ਆਪਣੇ ਮਨ ਦੀ ਭੜ੍ਹਾਸ ਕੱਢ ਲਈ। ਉਸ ਨੇ ਸਿੱਧੀ ਹੀ ਸੁਣਾ ਦਿੱਤੀ ਸੀ।

-"ਆਪਾਂ ਖ਼ਾਨ ਨੂੰ ਫ਼ੋਨ ਕਰਕੇ ਕਨਸੋਅ ਤਾਂ ਲਈਏ, ਬਈ ਕੀ ਕਹਿੰਦੈ..?" ਗੁਰਚਰਨ ਨੇ ਅਜੇ ਵੀ ਆਸ ਦਾ ਪੱਲਾ ਨਹੀਂ ਛੱਡਿਆ ਸੀ।
    -"
ਕੋਈ ਹਰਜ਼ ਨਹੀਂ, ਕਰੋ...! ਪਰ ਮੈਂ ਤਾਂ ਥੋਨੂੰ ਓਦਣ ਈ ਦੱਸ ਦਿੱਤਾ ਸੀ ਬਈ ਬੰਦਾ ਗਿੱਦੜਮਾਰ ਐ-!" ਢਿੱਲੋਂ ਆਪਣੀ ਜਗਾਹ ਸੱਚਾ ਸੀ।

 ਗੁਰਚਰਨ ਨੇ ਫ਼ੋਨ ਮਿਲ਼ਾ ਕੇ ਢਿੱਲੋਂ ਨੂੰ ਫੜਾ ਦਿੱਤਾ। ਸਪੀਕਰ ਉਸ ਨੇ ਫ਼ੋਨ ਮਿਲਾਉਣ ਤੋਂ ਪਹਿਲਾਂ ਹੀ ਛੱਡ ਦਿੱਤਾ ਸੀ।
 
ਅੱਗਿਓਂ ਖ਼ਾਨ ਨੇ ਹੀ ਫ਼ੋਨ ਚੁੱਕਿਆ।
 
ਜਦੋਂ ਉਸ ਨੇ 'ਹੈਲੋ' ਆਖੀ ਤਾਂ ਢਿੱਲੋਂ ਨੇ ਬੋਲਣਾਂ ਸ਼ੁਰੂ ਕੀਤਾ।
 -"
ਖ਼ਾਨ ਸਾਹਿਬ, ਆ-ਸਲਾਮਾ ਲੇਕੁਮ...!"
 -"
ਬਾ-ਲੇਕੁਮ ਸਲਾਮ, ਕੌਣ ਸਾਹਬ ਬੋਲ ਰਹੇ ਨੇ ਜਨਾਬ...?" ਖ਼ਾਨ ਨੇ ਪ੍ਰਸ਼ਨ ਕੀਤਾ।
 -"
ਖ਼ਾਨ ਸਾਹਿਬ ਮੈਂ ਢਿੱਲੋਂ ਬੋਲਦੈਂ..! ਉਸ ਦਿਨ ਅਸੀਂ ਕੁੜੀ ਦੇ ਮਸਲੇ 'ਚ ਆਪ ਜੀ ਦੇ ਕੋਲ ਆਏ ਸੀ, ਆਇਆ ਕੁਛ ਯਾਦ...?"
 -"
ਹਾਂ ਜੀ, ਹਾਂ ਜੀ ਢਿੱਲੋਂ ਸਾਹਿਬ, ਕੀ ਹਾਲ ਚਾਲ ਨੇ..? ਸਭ ਖ਼ੈਰ ਤਾਂ ਹੈ ਨ੍ਹਾਂ..? ਸਿਹਤਾਂ ਵੱਲ ਨੇ...?" ਖ਼ਾਨ ਰੇਡੀਓ ਵਾਂਗ ਬੋਲਣ ਲੱਗ ਪਿਆ।

 -"ਸਭ ਠੀਕ ਠਾਕ ਐ ਖ਼ਾਨ ਸਾਹਿਬ...! ਉਸ ਦਿਨ ਸਾਡੇ ਆਉਣ ਦਾ ਕੋਈ ਬਹੁਤਾ ਚੰਗਾ ਨਤੀਜਾ ਨਹੀਂ ਨਿਕਲਿ਼ਆ ਜੀ...! ਅਸੀਂ ਤਾਂ ਦੁਬਾਰਾ ਰਿਕੁਐਸਟ ਕਰਨ ਲਈ ਹੀ ਫ਼ੋਨ ਕੀਤੈ..।"

-"ਢਿੱਲੋਂ ਸਾਹਿਬ ਗੱਲ ਇਹ ਵੇ ਕਿ ਮੈਂ ਉਸ ਦਿਨ ਆਪਣੇ ਲੜਕੇ ਨੂੰ ਵਰਜ਼ ਦਿੱਤਾ ਸੀ..! ਉਸ ਨੇ ਮੈਨੂੰ ਅੱਗੇ ਤੋਂ ਲੜਕੀ ਨਾਲ਼ ਨਾ ਮਿਲਣ ਦਾ ਵਾਅਦਾ ਵੀ ਦਿੱਤਾ ਸੀ..! ਦੇਖੋ ਸਰਦਾਰ ਬਹਾਦਰ, ਘਰ ਦੀ ਤਾਂ ਅਸੀਂ ਮਾਪੇ ਜਿ਼ਮੇਵਾਰੀ ਲੈ ਸਕਦੇ ਵਾਂ, ਪਰ ਕਾਲਜ ਵਿਚ ਹੁਣ ਅੱਲਾਹ ਨੂੰ ਪਤੈ, ਕੀ ਪਏ ਕਰਦੇ ਨੇ...? ਹਾਂ, ਜੇ ਲੜਕੀ ਮੇਰੇ ਘਰ ਪਈ ਆਉਂਦੀ ਹੋਵੇ, ਤਾਂ ਮੈਂ ਤੁਸਾਂ ਦਾ ਦੇਣਦਾਰ ਹੋਸੀ..! ਬਾਹਰਲੀ ਜਿ਼ੰਮੇਵਾਰੀ ਦੱਸੋ ਮੈਂ ਕਿੱਦਾਂ ਪਿਆ ਲਵਾਂ..? ਕਿੱਡਾ ਵੱਡਾ ਵਲੈਤ ਈ, ਹੁਣ ਹਰ ਜਗਾਹ ਤਾਂ ਅਸੀਂ ਬੱਚਿਆਂ ਦੇ ਪਿੱਛੇ ਨਹੀਂ ਨ੍ਹਾ ਜੇ ਜਾ ਸਕਦੇ...? ਤੁਸਾਂ ਤੇ ਆਪ ਸਿਆਣੇ, ਪੜ੍ਹੇ ਲਿਖੇ ਜੇ..? ਦੱਸੋ ਮੈਂ ਕੀ ਕਰਸਾਂ..?" ਖ਼ਾਨ ਨੇ ਇਕ ਤਰ੍ਹਾਂ ਨਾਲ਼ ਸਾਰੀਆਂ ਗੱਲਾਂ ਦੀ ਜਿ਼ੰਮੇਵਾਰੀ ਉਹਨਾਂ ਦੇ ਸੁਆਲਾਂ ਉਪਰ ਹੀ ਸੁੱਟ ਦਿੱਤੀ।

    -"ਖ਼ਾਨ ਸਾਹਿਬ, ਇਕ ਵਾਰ ਮੁੰਡੇ ਨੂੰ ਕਰੜਾ ਹੋ ਕੇ ਕਿਉਂ ਨਹੀਂ ਆਖ ਦਿੰਦੇ..? ਅਕਸਰ ਉਹ ਫਿਰ ਵੀ ਤੁਹਾਡਾ ਬੱਚਾ ਐ..? ਤੁਹਾਡੀ ਗੱਲ ਕਿਵੇਂ ਨਾ ਮੰਨੂੰਗਾ..?" ਢਿੱਲੋਂ ਨੂੰ ਖਿਝ ਚੜ੍ਹ ਗਈ ਸੀ।

    -"ਦੇਖੋ ਸਰਦਾਰ ਜੀ, ਜੁਆਨ ਲੜਕਾ ਵੇ, ਤੇ ਇੰਗਲੈਂਡ ਦਾ ਜੰਮਪਲ਼, ਠੀਕ ਐ ਜੀ...? ਜੇ ਉਸ ਨੂੰ ਅਸਾਂ ਘੂਰਾਂਗੇ, ਸਾਡਾ ਘਰ ਛੱਡ ਕੇ ਕਿਤੇ ਟੁਰ ਜਾਸੀ, ਫਿਰ ਅਸਾਂ ਕਿਸ ਦੀ ਮਾਂ ਨੂੰ ਮਾਸੀ ਪਏ ਆਖਾਂਗੇ..? ਤੁਸਾਂ ਆਪਣੀ ਲੜਕੀ ਨੂੰ ਕਿਉਂ ਨਹੀਂ ਜੇ ਸਮਝਾਂਦੇ...?" ਖ਼ਾਨ ਨੇ ਠੁਣਾਂ ਉਹਨਾਂ ਸਿਰ ਹੀ ਭੰਨਿਆਂ।

    -"ਬਥੇਰੀ ਸਮਝਾਈ ਐ ਖ਼ਾਨ ਸਾਹਿਬ..! ਪਰ ਸਹੁਰੀ ਸਮਝਦੀ ਨ੍ਹੀ, ਕੀ ਕਰੀਏ..? ਇਸੇ ਕਰਕੇ ਤਾਂ ਅਸੀਂ ਤੁਹਾਡੀ ਸ਼ਰਨ ਆਏ ਸੀ, ਪਰ ਤੁਸੀਂ ਸਾਨੂੰ ਨਿਰਾਸ਼ ਹੀ ਕੀਤੈ।"

    -"ਦੇਖੋ ਸਰਦਾਰ ਜੀ, ਮੈਂ ਆਪਣਾ ਲੜਕਾ ਲਾਡਾਂ, ਸਧਰਾਂ ਤੇ ਸ਼ਗਨਾਂ ਨਾਲ਼ ਪਾਲਿ਼ਆ ਪੋਸਿਆ ਜੇ, ਜੁਆਨ ਕੀਤਾ ਜੇ..! ਹੁਣ ਤੁਸੀਂ ਕੀ ਪਏ ਸੋਚਦੇ ਹੋ, ਕਿ ਮੈਂ ਤੁਹਾਡੇ ਕਰਕੇ ਆਪਣਾ ਮੁੰਡਾ ਹੱਥ ਵਿਚੋਂ ਗੁਆ ਲਵਾਂ..? ਕੁਝ ਸੋਚ ਕਰੋ ਜੇ ਸਰਦਾਰ ਜੀ...! ਅਗਰ ਤੁਸਾਂ ਦੀ ਲੜਕੀ ਨਹੀਂ ਸਮਝਾਈ ਸਮਝ ਰਹੀ, ਮੇਰਾ ਲੜਕਾ ਕਿੱਦਾਂ ਪਿਆ ਸਮਝੇਗਾ..? ਸਰਦਾਰ ਜੀ, ਅੱਲਾਹ ਮਾਫ਼ੀ ਦੇਵੇ..! ਮੇਰੇ ਉਪਰ ਇਕ ਅਹਿਸਾਨ ਕਰੋ, ਤੁਸਾਂ ਆਪਣੀ ਲੜਕੀ ਨੂੰ ਸਮਝਾਓ..! ਅੱਲਾਹ ਦੇ ਵਾਸਤੇ ਮੈਨੂੰ ਮੁਆਫ਼ ਕਰੋ...!" ਖ਼ਾਨ ਨੇ ਫ਼ੋਨ ਕੱਟ ਦਿੱਤਾ।

    ਸਾਰੇ ਝੂਠੇ ਜਿਹੇ ਹੋ ਗਏ। ਉਹਨਾਂ ਨੂੰ ਖ਼ਾਨ ਤੋਂ ਪਹਿਲਾਂ ਹੀ ਭਦਰਕਾਰੀ ਦੀ ਕੋਈ ਆਸ ਨਹੀਂ ਸੀ। ਉਹ ਇੰਜ ਖੜ੍ਹੇ ਸਨ ਜਿਵੇਂ ਉਹਨਾਂ ਦੀ ਜੇਬ ਕਤਰੀ ਗਈ ਹੋਵੇ!

    -"ਦੱਸੋ ਦਸਵੇਂ ਪਾਤਿਸ਼ਾਹ ਦਾ ਬਚਨ ਰਤੀ ਭਰ ਵੀ ਝੂਠ ਐ ਤਾਂ...?" ਢਿੱਲੋਂ ਨੇ ਕਿਹਾ।
    -"
ਢਿੱਲੋਂ ਸਾਹਿਬ, ਮੇਰਾ ਚਿੱਤ ਕਰਦੈ ਹਰਾਮਜ਼ਾਦੀ ਦੇ ਗੋਲ਼ੀ ਮਾਰਾਂ...! ਐਨੀ ਜਲਾਲਤ...? ਗੰਦੀ ਔਲ਼ਾਦ ਸਮਝਦੀ ਈ ਨ੍ਹੀਂ...?" ਗੁਰਚਰਨ ਨੇ ਮੂੰਹ 'ਚੋਂ ਅੰਦਰ ਧੁਖ਼ਦੀ ਅੱਗ ਬਾਹਰ ਕੱਢੀ।

    -"ਫ਼ਾਇਦਾ ਕੀ ਹੋਊ ਗੁਰਚਰਨ ਸਿਆਂ...? ਇਕ ਮਰੂ, ਦੂਜਾ ਅੰਦਰ ਹੋਊ, ਲੋਕਾਂ ਦੀ ਦੁਰ ਦੁਰ ਬਾਧੂ ਦੀ...! ਪਿੱਛੋਂ ਜਿਹੜੇ ਵਿਚਾਰੇ ਨਿਰਦੋਸ਼ੇ ਜੁਆਕ ਰੁਲ਼ਦੇ , ਉਹ ਵੱਖਰੇ...! ਘਰਆਲ਼ੀਆਂ ਊਂ ਸੂਲ਼ੀ ਟੰਗੀਆਂ ਰਹਿੰਦੀਐਂ..! ਰੰਨ ਗਈ ਨਾਲ਼ੇ ਕੰਨ ਪਾਟੇ ਆਲ਼ੀ ਗੱਲ...!" ਢਿੱਲੋਂ ਨੇ ਗੁਰਚਰਨ ਦੇ ਧੁਖ਼ਦੇ ਹਿਰਦੇ 'ਤੇ ਪਾਣੀ ਛਿੜਕਿਆ।

    -"ਕਈ ਵਾਰੀ ਸੋਚੀਦੈ, ਬਈ ਮਨਾਂ...! ਕੰਮ ਐਹਨਾਂ ਵਾਸਤੇ ਕਰਦੇ ਐਂ, ਜਿਹੜੇ ਸਾਲ਼ੇ ਗੱਲ ਈ ਨ੍ਹੀ ਸੁਣਦੇ..? ਬੜੇ ਤੰਗ ਐਂ ਢਿੱਲੋਂ ਸਾਹਿਬ..! ਕਈ ਵਾਰੀ ਕੁਛ ਖਾ ਕੇ ਮਰ ਜਾਣ ਨੂੰ ਜੀਅ ਕਰਦੈ..! ਦੁਨੀਆਂ 'ਤੇ ਦਿਲ ਨ੍ਹੀ ਲੱਗਦਾ ਕਦੇ ਕਦੇ...!" ਗੁਰਚਰਨ, ਢਿੱਲੋਂ ਕੋਲ਼ ਰੋਣਹਾਕਾ ਹੋਇਆ ਖੜ੍ਹਾ ਸੀ।

    -"ਕਮਲ਼ ਨ੍ਹੀ ਮਾਰੀਦਾ ਹੁੰਦਾ ਗੁਰਚਰਨ ਸਿਆਂ...! ਚੰਗੇ ਮੰਦੇ ਦਿਨ, ਚੰਗਾ ਮੰਦਾ ਸਮਾਂ ਬੰਦੇ 'ਤੇ ਆਉਂਦਾ ਈ ਰਹਿੰਦੈ, ਐਨਾਂ ਡੋਲੀਦਾ ਨ੍ਹੀ ਹੁੰਦਾ...! ਰੱਬ 'ਤੇ ਭਰੋਸਾ ਰੱਖੀਦੈ..!" ਢਿੱਲੋਂ ਨੇ ਦਿਲ ਧਰਾਇਆ।

    -"ਨਾਲ਼ੇ ਭੀੜ੍ਹਾਂ ਸੰਘੀੜ੍ਹਾਂ ਬੰਦਿਆਂ 'ਤੇ ਈ ਆਉਂਦੀਐਂ...! ਡੋਲਣ ਨਾਲ਼ ਨ੍ਹੀ ਕੁਛ ਬਣਦਾ..! ਸੋਚਣਾਂ ਇਹ ਹੀ ਹੁੰਦੈ ਕਿ ਇਸ ਭੀੜ੍ਹ ਸੰਘੀੜ੍ਹ 'ਚੋਂ ਨਿਕਲ਼ਣਾਂ ਕਿਵੇਂ ਐਂ..? ਕਿੱਡੇ ਕਿੱਡੇ ਸੰਕਟ ਗੁਰੂਆਂ 'ਤੇ ਵੀ ਆਏ? ਤੇ ਉਹ ਤੇਰਾ ਕੀਆ ਮੀਠਾ ਲਾਗੈ ਦਾ ਉਚਾਰਣ ਕਰਦੇ, ਹਰ ਨਾਮ ਪਦਾਰਥ ਹੀ ਮੰਗਦੇ ਰਹੇ...! ਸੰਕਟ ਵੇਲ਼ੇ ਰੱਬ ਦਾ ਪੱਲਾ ਘੁੱਟ ਕੇ ਫੜ ਲਈਏ, ਗੁਰਚਰਨ ਸਿਆਂ..! ਉਹ ਹੀ ਐ ਰੱਖਣਹਾਰ...!" ਸਿੱਧੂ ਨੇ ਹੌਸਲਾ ਦਿੱਤਾ। ਗੁਰਚਰਨ ਦੇ ਦੁੱਖ ਵਿਚ ਸ਼ਰੀਕ ਸਿੱਧੂ ਦਿਲੋਂ ਪਸੀਜਿਆ ਖੜ੍ਹਾ ਸੀ। ਔਲ਼ਾਦ ਦੇ ਦੁੱਖ ਬੁਰੇ! ਉਹ ਖੜ੍ਹਾ ਸੋਚ ਰਿਹਾ ਸੀ।
    -"
ਸਿੱਧੂ ਸਾਹਿਬ, ਉਹ ਤਾਂ ਸਮਰੱਥ ਗੁਰੂ ਸੀ-ਅਸੀਂ ਤਾਂ ਕਲਯੁਗੀ ਕੀੜੇ ਐਂ...!" ਗੁਰਚਰਨ ਫਿ਼ੱਸ ਪਿਆ।

    -"ਕੀ ਕਰਾਂ...? ਸਾਲ਼ੀ ਸਮਝ ਨ੍ਹੀ ਆਉਂਦੀ...! ਕਦੇ ਕੀੜੀ 'ਤੇ ਪੈਰ ਨ੍ਹੀ ਸੀ ਧਰਿਆ ਢਿੱਲੋਂ ਸਾਹਿਬ...! ਮੈਂ ਆਹ ਦਿਨ ਵੀ ਦੇਖਣੇ ਸੀ..? ਹਾਏ ਉਏ ਰੱਬਾ..! ਐਦੂੰ ਤਾਂ ਤੂੰ ਮੈਨੂੰ ਚੱਕ ਈ ਲੈਂਦਾ...!" ਗੁਰਚਰਨ ਸਿੰਘ ਰੋਣ ਲੱਗ ਪਿਆ। ਢਿੱਲੋਂ ਨੇ ਉਸ ਦੀ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ। ਪਰ ਗੁਰਚਰਨ ਦੇ ਹਟਕੋਰੇ ਹੋਰ ਉਚੇ ਹੋ ਗਏ। ਗੁਰਚਰਨ ਦੀ ਤਰਸਯੋਗ ਹਾਲਤ ਦੇਖ ਕੇ ਸਿੱਧੂ ਦਾ ਨਰਮ ਦਿਲ ਲਹੂ ਲੁਹਾਣ ਹੋਇਆ, ਨੁੱਚੜੀ ਜਾ ਰਿਹਾ ਸੀ। ਪੰਜਾਬ ਦਾ ਅਣਖ਼ੀ ਜੁਆਨ ਇੰਗਲੈਂਡ ਦੀ ਜੰਮਪਲ, ਆਪਹੁਦਰੀ ਔਲ਼ਾਦ ਦੇ ਦੁੱਖ ਕਰਕੇ ਇਕ ਤਰ੍ਹਾਂ ਨਾਲ਼ 'ਗਊ ਦਾ ਜਾਇਆ' ਬਣਿਆਂ ਫਿ਼ਰਦਾ ਸੀ। ਉਸ ਦੀਆਂ ਆਸਾਂ ਸਧਰਾਂ ਦੀ ਕੁੱਖ ਬਾਂਝ ਹੋ ਗਈ ਸੀ..!

    ਤੀਜੇ ਦਿਨ ਸ਼ਨਿੱਚਰਵਾਰ ਨੂੰ ਸੀਤਲ ਇਮਰਾਨ ਨਾਲ਼ ਉਸ ਦੇ ਘਰ ਚਲੀ ਗਈ।

    ਖ਼ਾਨ ਨੂੰ ਚਾਅ ਚੜ੍ਹ ਗਿਆ। ਔਰਤਾਂ ਨੇ ਸੀਤਲ ਨਾਲ਼ ਕੋਈ ਬਹੁਤੀ ਗੱਲ ਨਹੀਂ ਕੀਤੀ ਸੀ। ਉਹ 'ਹਾਏ-ਹੈਲੋ' ਤੋਂ ਬਾਅਦ ਘੁੱਗੂ ਜਿਹੀਆਂ ਹੋਈਆਂ ਸੋਫ਼ੇ 'ਤੇ ਬੈਠੀਆਂ 'ਗਟਰ-ਗਟਰ' ਝਾਕ ਰਹੀਆਂ ਸਨ। ਉਹਨਾਂ ਦੇ ਬੁੱਲ੍ਹ ਸੀਤੇ ਹੋਏ ਅਤੇ ਚਿਹਰੇ ਪੱਥਰ ਲੱਗਦੇ ਸਨ। ਸਿਰਫ਼ ਅੱਖਾਂ ਹੀ ਹਰਕਤ ਕਰ ਰਹੀਆਂ ਸਨ।

    -"ਆਓ ਬੇਟੇ, ਆਓ...! ਵੈੱਲ ਕਮ...! ਵੈੱਲ ਕਮ...!! ਜਕਣ ਜਾਂ ਡਰਨ ਦੀ ਕੋਈ ਜ਼ਰੂਰਤ ਨਹੀਂ ਜੇ...! ਇਸ ਗ਼ਰੀਬ ਖ਼ਾਨੇ ਨੂੰ ਆਪਣਾ ਘਰ ਹੀ ਸਮਝੋ ਬੇਟੇ...!" ਖ਼ਾਨ ਨੇ ਸੀਤਲ ਦੇ ਸਿਰ 'ਤੇ ਹੱਥ ਰੱਖਿਆ ਅਤੇ ਉਸ ਨੂੰ ਬੋਚ ਕੇ ਸੋਫ਼ੇ 'ਤੇ ਲਿਆ ਬਿਠਾਇਆ। ਖ਼ਾਨ ਨੂੰ ਇਹ ਨਹੀਂ ਸੁੱਝ ਰਿਹਾ ਸੀ ਕਿ ਉਹ ਸੀਤਲ ਨੂੰ ਕਿੱਥੇ ਬਿਠਾਵੇ ਅਤੇ ਕਿੱਥੇ ਉਠਾਵੇ...? ਉਹ ਗੱਲੀਂ ਬਾਤੀਂ ਸੀਤਲ ਦੇ ਅੰਦਰ ਵੜਦਾ ਜਾ ਰਿਹਾ ਸੀ। ਉਸ ਦੀਆਂ ਗੱਲਾਂ ਕੀਲ ਲੈਣ ਵਾਲ਼ੀਆਂ ਸਨ।

    -"ਬੇਟੇ, ਜਦੋਂ ਮੈਨੂੰ ਤੇਰੇ ਬਾਰੇ ਪਤਾ ਲੱਗਾ, ਮੈਂ ਇਮਰਾਨ ਨੂੰ ਗੁੱਸੇ ਹੋਇਆ, ਬਈ ਬੇਵਕੂਫ਼ ਫ਼ਰਜ਼ੰਦ ਜੀ...! ਤੁਸਾਂ ਨੇ ਅਸਾਂ ਨੂੰ ਸਾਡੀ ਨੂੰਹ ਰਾਣੀ ਨਹੀਂ ਜੇ ਦਿਖਾਉਣੀ..? ਮੈਂ ਇਸ ਗਧੇ ਨਾਲ਼ ਕਾਫ਼ੀ ਖ਼ਫ਼ਾ਼ ਹੋਇਆ..! ਮੇਰੇ ਵਾਲਦ ਸਾਹਿਬ ਹੋਰੀਂ ਵੀ ਬੇਟੇ ਤੁਸਾਂ ਦੇ ਪੰਜਾਬ 'ਚੋਂ ਹੀ ਪਾਕਿਸਤਾਨ ਆਏ ਸਨ..! ਜਲੰਧਰ ਕੋਲ਼ ਸਾਡਾ ਪਿੰਡ ਸੀ, ਮੇਰਾ ਬਹੁਤ ਪ੍ਰੇਮ ਹੈ ਤੁਸਾਂ ਦੇ ਪੰਜਾਬ ਨਾਲ਼..! ਕਸਮ ਨਾਲ਼ ਜਾਣੀਂ, ਜਦੋਂ ਮੈਨੂੰ ਤੇਰੇ ਬਾਰੇ ਬੇਟਾ ਪਤਾ ਚੱਲਿਆ, ਮੈਂ ਤਾਂ ਅੱਲਾਹ ਦੀ ਕਸਮ ਫ਼ੁੱਲਿਆ ਨਾ ਪਿਆ ਸਮਾਂਵਾਂ..! ਖ਼ੁਸ਼ੀ ਵਿਚ ਮੇਰਾ ਧਰਤੀ 'ਤੇ ਪੈਰ ਨਾ ਜੇ ਲੱਗੇ..! ਫੇਰ ਮੈਂ ਇਸ ਬਦਮਗਜ਼ ਨੂੰ ਫ਼ੋਨ 'ਤੇ ਨਰਾਜ਼ ਹੋਇਆ, ਬਈ ਬੇਵਕੂਫ਼ਾ..! ਸਾਨੂੰ ਸਾਡੀ ਬਹੂ ਰਾਣੀ ਤਾਂ ਦਿਖਾ, ਬੁੱਕਲ਼ ਵਿਚ ਗੁੜ ਪਿਆ ਭੋਰਦਾ ਪਿਆ ਏਂ..? ਐਡਾ ਜ਼ਾਲਿਮ ਬੱਚਾ, ਸਾਨੂੰ ਹੁਣ ਤੱਕ ਨਹੀਂ ਸੀ ਜੇ ਕੁਝ ਦੱਸਿਆ...! ਬਈ ਕੁਝ ਖਾਣ ਪੀਣ ਨੂੰ ਦਿਓ ਜੇ ਮੇਰੀ ਬੇਟੀ ਨੂੰ...!" ਖ਼ਾਨ ਨੇ ਪਿੱਛੇ ਮੁੜ ਕੇ ਆਪਣੀ ਘਰਵਾਲ਼ੀ ਨੂੰ ਆਖਿਆ ਤਾਂ ਉਹ ਗੋਹ-ਗਹੀਰੇ ਵਾਂਗ ਸੋਫ਼ੇ ਤੋਂ ਮਸਾਂ ਹੀ ਉਠੀ। ਉਸ ਦਾ ਸਰੀਰ ਇਤਨਾ ਭਾਰਾ ਸੀ ਕਿ ਉਸ ਨੂੰ ਬੈਠ ਕੇ ਉਠਣ ਲੱਗਿਆਂ ਆਪਣੇ ਆਪ ਨਾਲ਼ ਪੂਰਾ ਯੁੱਧ ਕਰਨਾ ਪੈਂਦਾ ਸੀ। ਕਦੇ ਕਦੇ ਉਸ ਨੂੰ ਫੜ ਕੇ ਵੀ ਉਠਾਉਣਾਂ ਪੈਂਦਾ। ਭੁੰਜੇ ਬੈਠੀ ਨੂੰ ਤਾਂ ਮੌਲੇ ਬਲ਼ਦ ਵਾਂਗ ਪੂਛੋਂ ਫੜ ਕੇ ਖੜ੍ਹੀ ਕਰਨਾ ਪੈਂਦਾ ਸੀ।

    -"ਕੀ ਨਾਂਮ ਐਂ ਬੇਟੇ ਤੇਰਾ..?" ਖ਼ਾਨ ਨੇ ਸੂਈ ਫਿਰ ਤਵੇ 'ਤੇ ਧਰ ਲਈ।
    -"
ਜੀ ਸੀਤਲ...!" ਸੀਤਲ ਦੇ ਮੂੰਹੋਂ ਫ਼ੁੱਲ ਹੀ ਤਾਂ ਕਿਰੇ ਸਨ।
    -"
ਸੁਭਾਨ ਅੱਲਾਹ...! ਸੀਤਲ...! ਕਿਆ ਪਿਆਰਾ ਨਾਮ ਜੇ..? ਬਿਲਕੁਲ ਤੇਰੇ ਵਰਗਾ ਬੇਟੇ, ਬਿਲਕੁਲ ਤੇਰੇ ਵਰਗਾ ਤੇਰਾ ਨਾਮ...!"
   
ਇਮਰਾਨ ਦੀ ਮਾਂ ਅੰਬ ਦਾ ਜੂਸ ਲੈ ਆਈ।
    -"
ਬੇਟੇ ਸੀਤਲ, ਇਹ ਮੇਰੀ ਗਿੱਦੜ ਪੀੜ੍ਹੀ ਏ...!" ਖ਼ਾਨ ਨੇ ਇਸ਼ਾਰੇ ਨਾਲ਼ ਦੱਸਿਆ।

    -"............।" ਸੀਤਲ ਚੁੱਪ ਸੀ। ਉਸ ਨੇ ਜੂਸ ਦਾ ਗਿਲਾਸ ਫੜ ਲਿਆ। ਉਸ ਨੂੰ 'ਗਿੱਦੜ ਪੀੜ੍ਹੀ' ਦੀ ਕੋਈ ਸਮਝ ਨਹੀਂ ਆਈ ਸੀ। ਉਹ ਸ਼ਰਮਾ ਕੇ ਜਿਹੇ ਖ਼ਾਨ ਦੀ ਬੀਵੀ ਵੱਲ ਝਾਕੀ। ਬੀਵੀ ਦੀਆਂ ਸਿਰਫ਼ ਅੱਖਾਂ ਹੀ ਝਪਕ ਰਹੀਆਂ ਸਨ। ਬੋਲਦੀ ਉਹ ਕੁਝ ਵੀ ਨਹੀਂ ਸੀ, ਨਾ ਹੱਸਦੀ ਸੀ ਅਤੇ ਨਾ ਮੁਸਕਰਾਉਂਦੀ ਸੀ। ਸੀਤਲ ਨੂੰ ਜਾਪਿਆ ਕਿ ਜਾਂ ਤਾਂ ਉਹ ਗੂੰਗੀ ਅਤੇ ਜਾਂ ਫਿਰ ਬੋਲ਼ੀ ਹੋਵੇਗੀ, ਜਿਹੜੀ ਨਾ ਹੱਸੀ ਅਤੇ ਨਾ ਹੀ ਕੋਈ ਉੱਤਰ ਦਿੱਤਾ। ਪਰ ਉਸ ਨੂੰ ਇਤਨਾ ਕੁ ਜ਼ਰੂਰ ਪਤਾ ਚੱਲ ਗਿਆ ਸੀ ਕਿ ਖ਼ਾਨ ਕੋਈ ਟਿੱਚਰ ਕਰ ਗਿਆ ਸੀ। ਪਰ ਗੱਲ ਜਹਾਜ ਵਾਂਗ ਉਸ ਦੇ ਸਿਰ ਉਪਰੋਂ ਲੰਘ ਗਈ ਸੀ।

    -"ਨਹੀਂ ਸਮਝੀ...?" ਖ਼ਾਨ ਖਿੜ ਖਿੜਾ ਕੇ ਹੱਸ ਪਿਆ।
    -"
ਮੇਰਾ ਮਤਲਬ ਇਹ ਹੈ ਬੇਟੇ ਕਿ ਇਹ ਮੇਰੀ ਬੁੱਢੀ, ਮਤਲਬ ਵਾਈਫ਼ ਏ, ਇਮਰਾਨ ਦੀ ਵਾਲਿਦਾ...!" ਸੀਤਲ ਨੇ ਸਤਿਕਾਰ ਵਿਚ ਸਿਰ ਝੁਕਾ ਦਿੱਤਾ। ਇਮਰਾਨ ਦੀ ਮਾਂ ਨੇ ਵੀ ਸਿਰ ਝੁਕਾਇਆ। ਪਰ ਸੁੱਜਿਆ ਮੂੰਹ ਭੋਰਾ ਵੀ ਨਹੀਂ ਹਿਲਾਇਆ ਸੀ। ਸੀਤਲ ਨੂੰ ਉਸ ਦੀ ਚੁੱਪ ਤੋਂ ਭੈਅ ਜਿਹਾ ਆਇਆ ਸੀ। ਉਸ ਦਾ ਸਾਰਾ ਸਰੀਰ ਬੁਰਕੇ ਵਿਚ ਲਕੋਇਆ ਹੋਇਆ ਸੀ। ਸਿਰਫ਼ ਚਿਹਰਾ ਹੀ ਨੰਗਾ ਸੀ। ਉਸ ਦੇ ਉਜੜੇ ਜਿਹੇ ਪੀਲ਼ੇ ਚਿਹਰੇ ਤੋਂ ਸੀਤਲ ਅੰਦਾਜ਼ਾ ਲਾ ਰਹੀ ਸੀ ਕਿ ਇਮਰਾਨ ਦੀ ਮਾਂ ਖ਼ੁਸ਼ ਨਹੀਂ ਸੀ। ਬਾਕੀ ਕੁੜੀਆਂ ਵੀ ਮੜ੍ਹੀਆਂ ਵਾਂਗ ਚੁੱਪ ਚਾਪ ਬੈਠੀਆਂ ਸਨ। ਕਦੇ ਕਦੇ ਉਹ ਆਪਸ ਵਿਚ ਕੋਈ ਗੁੱਝੀ ਜਿਹੀ ਗੱਲ ਕਰਕੇ ਦੰਦੀਆਂ ਜਿਹੀਆਂ ਕੱਢਦੀਆਂ ਸਨ।
    -"
ਸ਼ਰੀਫ਼ਾਂ, ਕੁਝ ਖਾਣ ਨੂੰ ਵੀ ਬਣਾਓ ਬਈ...! ਚੁੱਪ ਕਿਉਂ ਬੈਠੀਐਂ...? ਦੇਖੋ ਆਪਣੇ ਘਰੇ ਕੌਣ ਆਇਐ..! ਸੀਤਲ, ਮੇਰੀ ਬੱਚੀ...!" ਖ਼ਾਨ ਨੇ ਰੌਲ਼ਾ ਜਿਹਾ ਪਾਉਣਾ ਸ਼ੁਰੂ ਕਰ ਦਿੱਤਾ।

    ਸ਼ਰੀਫ਼ਾਂ ਚੁੱਪ ਚਾਪ ਕਿਚਨ ਵਿਚ ਚਲੀ ਗਈ। ਬਗੈਰ ਕੁਝ ਬੋਲਿਆਂ।
   
ਕਿਚਨ ਵਿਚ ਜਾ ਕੇ ਉਸ ਨੇ ਇਮਰਾਨ ਨੂੰ ਹੱਥ ਦੇ ਇਸ਼ਾਰੇ ਨਾਲ਼ ਸੱਦਿਆ। ਇਮਰਾਨ ਕਿਚਨ ਵਿਚ ਚਲਾ ਗਿਆ। ਉਸ ਦੀ ਮਾਂ ਸ਼ਰੀਫ਼ਾਂ ਨੇ ਉਸ ਨਾਲ਼ ਕੋਈ ਗੁੱਝੀ ਗੱਲ ਕੀਤੀ।
   
ਗੱਲ ਸੁਣ ਕੇ ਇਮਰਾਨ ਵਾਪਿਸ ਆ ਗਿਆ।
    -"
ਗੋਸ਼ਤ ਤਾਂ ਬਣਿਆਂ ਪਿਐ ਅੱਬੂ..!" ਇਮਰਾਨ ਨੇ ਕਿਹਾ।
    -"
ਮੈਨੂੰ ਕੀ ਦੱਸਦਾ ਪਿਐਂ ਬੇਵਕੂਫ਼ਾ...? ਸੀਤਲ ਨੂੰ ਪੁੱਛ ਕਿ ਉਸ ਨੇ ਕੀ ਖਾਣੈਂ? ਸੀਤਲ ਬੇਟੀ ਮਹਿਮਾਨ ਐਂ ਆਪਣੀ, ਨਾ ਕਿ ਮੈਂ..!" ਖ਼ਾਨ ਬੋਲਿਆ।
    -"
ਡੂ ਯੂ ਈਟ ਮੀਟ ਸੀਤਲ...?" ਇਮਰਾਨ ਨੇ ਉਸ ਨੂੰ ਪੁੱਛਿਆ।
    -"
ਉਏ ਖੋਤੇ ਦੇ ਪੁੱਤਰਾ...! ਪੰਜਾਬੀ ਬੋਲ ਉਏ...! ਕਿੱਧਰੋਂ ਆ ਗਿਆ ਵੱਡਾ ਅੰਗਰੇਜ਼...!" ਖ਼ਾਨ ਨੇ ਮਿੰਨ੍ਹਾਂ ਜਿਹਾ ਘੂਰਿਆ।
    -"
ਕਿਉਂ ਸੀਤਲ ਬੇਟੇ, ਗੋਸ਼ਤ ਖਾ ਲੈਂਦੀ ਏਂ...?" ਖ਼ਾਨ ਨੇ ਪੁੱਛਿਆ।
   
ਸ਼ਰਮਾਉਂਦੀ ਸੀਤਲ ਨੇ 'ਹਾਂ' ਵਿਚ ਸਿਰ ਹਿਲਾ ਦਿੱਤਾ।
    -"
ਅੱਜ ਗੋਸ਼ਤ ਵੀ ਲੇਲੇ ਦਾ ਈ ਬਣਾਇਐ ਬੇਟੇ! ਹੋਰ ਨਹੀਂ...! ਫਿ਼ਕਰ ਨਾ ਕਰ! ਤੇਰੀ ਸਹਿਮਤੀ ਬਿਨਾ ਤੈਨੂੰ ਕੁਝ ਵੀ ਨਹੀਂ ਜੇ ਖੁਆਵਾਂਗੇ, ਖਾਣਾਂ ਲਗਾਓ ਬਈ...!" ਖ਼ਾਨ ਨੇ ਐਲਾਨ ਕਰ ਦਿੱਤਾ।
   
ਖਾਣਾਂ ਲੱਗ ਗਿਆ।
   
ਸਾਰਿਆਂ ਨੇ ਇਕੱਠਿਆਂ ਨੇ ਬੈਠ ਕੇ ਖਾਣਾਂ ਖਾਧਾ।
   
ਖਾਣੇਂ ਤੋਂ ਬਾਅਦ ਫ਼ਲਾਂ ਦੀ ਟੋਕਰੀ ਆ ਗਈ।
   
ਫ਼ਲ ਖਾ ਕੇ ਸਾਰੇ ਵਿਹਲੇ ਹੋ ਗਏ।

    -"ਸੀਤਲ ਜੇ ਤੇਰੇ ਘਰ ਦੇ ਤੈਨੂੰ ਤੰਗ ਫ਼ੰਗ ਕਰਨ..! ਚੁੱਪ ਕਰਕੇ ਖ਼ਾਨ ਬਾਪੂ ਕੋਲ਼ ਆ ਜਾਵੀਂ, ਆਪਣੇ ਕੋਲ਼ ਦੋ ਬੈੱਡ ਰੂਮ ਦਾ ਘਰ ਵਿਹਲਾ ਪਿਐ..! ਜਿਵੇਂ ਮਰਜ਼ੀ ਐ, ਐਸ਼ ਨਾ਼ ਰਹਿਓ..! ਵਸੋ ਰਸੋ, ਮੌਜ ਕਰੋ..! ਕੋਈ ਤੁਸਾਂ ਦੀ ਹਵਾ ਵੱਲ ਵੀ ਨਾ ਦੇਖੂ..! ਤੇਰੇ ਖ਼ਾਨ ਅੱਬੂ ਨੂੰ ਦੁਨੀਆਂ ਪਈ ਜਾਣਦੀ ਹੈ...! ਚਾਰ ਜਣੇ ਸਲਾਮ ਦੁਆ ਵੀ ਕਰਦੇ ਨੇ, ਔਰ ਗੱਲ ਵੀ ਮੰਨਦੇ ਨੇ! ਕਿਸੇ ਕਿਸਮ ਦਾ ਕੋਈ ਫਿ਼ਕਰ ਨਹੀਂ, ਕੋਈ ਕਿਰਾਇਆ ਨਹੀਂ, ਕੋਈ ਬਿੱਲ ਨਹੀਂ, ਸਾਰਾ ਕੁਝ ਮੈਂ ਆਪ ਹੀ ਭਰਾਂਗਾ, ਬੱਸ ਮੈਨੂੰ ਤੁਸਾਂ ਦੀ ਖ਼ੁਸ਼ੀ ਚਾਹੀਦੀ ਏ...!"
   
ਸੀਤਲ ਅੰਦਰ ਖ਼ੁਸ਼ੀ ਦੀਆਂ ਫ਼ੁੱਲਝੜੀਆਂ ਜਗੀਆਂ।
   
ਦਿਮਾਗ ਅੰਦਰ ਚਾਅ ਦੀਆਂ ਘੰਟੀਆਂ ਖੜਕੀਆਂ।
    -"
ਪਰ ਇਕ ਗੱਲ ਹੈ ਬੇਟੀ ਸੀਤਲ...!" ਖ਼ਾਨ ਨੇ ਇਉਂ ਉਂਗਲ਼ ਉਠਾਈ ਜਿਵੇਂ ਕਿਸੇ ਖ਼ਤਰੇ ਦਾ ਸੰਕੇਤ ਦੇਣਾਂ ਹੋਵੇ।
   
ਅਗਲੀ ਗੱਲ ਸੁਣਨ ਲਈ ਸੀਤਲ ਨੇ ਸਹੇ ਵਾਂਗ ਕੰਨ ਚੁੱਕੇ। ਝੁਕੀਆਂ ਅੱਖਾਂ ਉਪਰ ਉਠੀਆਂ।

    -"ਦੇਖ ਬੇਟੇ...! ਤੇਰੇ ਖ਼ਾਨ ਅੱਬੂ ਨੂੰ ਸਾਰਾ ਭਾਈਚਾਰਾ ਜਾਣਦਾ ਈ...! ਅੱਲਾਹ ਨੂੰ ਗਵਾਹ ਜਾਣ ਕੇ ਆਖਦਾ ਪਿਆ ਵਾਂ, ਜੇ ਇਮਰਾਨ ਨੇ ਕਿਸੇ ਸਿੱਖਣੀ ਨਾਲ਼ ਸ਼ਾਦੀ ਰਚਾ ਲਈ, ਸਾਰਾ ਮੁਸਲਿਮ ਭਾਈਚਾਰਾ ਸਾਡਾ ਹੁੱਕਾ ਪਾਣੀ ਤਿਆਗ ਦੇਵੇਗਾ..! ਪੁੱਤਰ, ਸੌ ਹੱਥ ਰੱਸਾ ਤੇ ਸਿਰੇ 'ਤੇ ਗੰਢ..! ਅਗਰ ਤੂੰ ਤੇ ਇਮਰਾਨ ਇਕੱਠੇ ਜਿ਼ੰਦਗੀ ਬਸਰ ਕਰਨਾ ਚਾਹੋ, ਤਾਂ ਤੈਨੂੰ ਬੇਟੇ ਮਜ਼ਹਬ ਬਦਲਣਾਂ ਪੈਸੀ..! ਨਹੀਂ ਸਾਡਾ ਸਾਰੇ ਭਾਈਚਾਰੇ ਨੇ ਬਾਈਕਾਟ ਪਿਆ ਕਰ ਧਰਨਾ ਈ, ਤੇ ਅਸੀਂ ਕਿਸੇ ਨੂੰ ਚਿਹਰਾ ਦਿਖਾਉਣ ਜੋਗੇ ਨਹੀਂ ਰਹਿਣਾਂ..! ਕਿਸੇ ਨੇ ਅਸਾਂ ਨੂੰ ਕਿਸੇ ਹਲਾਲ ਦੁਕਾਨ ਤੋਂ ਸਮਾਨ ਨਹੀਂ ਜੇ ਖਰੀਦਣ ਦੇਣਾਂ, ਮਸੀਤੇ ਨਹੀਂ ਜੇ ਵੜਨ ਦੇਣਾਂ, ਹੁਣ ਤੂੰ ਦੇਖ ਬੇਟੇ...! ਜੇ ਭਾਈਚਾਰਾ ਹੁੱਕਾ ਪਾਣੀ ਤਿਆਗ ਦੇਵੇ, ਤਾਂ ਇਕ ਮੁਸਲਮਾਨ ਦਾ ਜੀਣਾਂ ਮੁਹਾਲ ਪਿਆ ਹੋ ਜਾਂਦਾ ਈ-!" ਉਸ ਨੇ ਆਪਣੇ ਚਤਰ ਦਿਮਾਗ ਦੇ ਭੱਥੇ 'ਚੋਂ ਇਕੋ ਸਮੇਂ ਕਈ ਤੀਰ ਚਲਾਏ।
    -"..............
।" ਸੀਤਲ ਚੁੱਪ ਸੀ।
   
ਉਸ ਨੇ ਕੋਈ ਵੀ ਉਤਰ ਨਹੀਂ ਦਿੱਤਾ ਸੀ।

    -"ਬੇਟੇ ਇਕ ਮੁਸਲਮਾਨ ਲਈ ਕਿਸੇ ਗੈ਼ਰ ਮਜ਼ਹਬ ਦੀ ਲੜਕੀ ਨਾਲ਼ ਸ਼ਾਦੀ ਰਚਾਉਣੀ 'ਹਰਾਮ' ਹੈ..! ਮੈਨੂੰ ਗ਼ਲਤ ਨਾ ਸਮਝ ਜਾਸੀ ਪੁੱਤਰ..? ਮੈਂ ਤੁਸਾਂ ਆਪਣੀ ਮਜਬੂਰੀ ਪਿਆ ਦੱਸਨਾਂ ਵਾਂ..! ਕਦੀ ਇਹ ਨਾ ਪਈ ਸੋਚੀਂ ਕਿ ਮੈਂ ਬੇਈਮਾਨ ਜਾਂ ਹਰਾਮੀ ਆਦਮੀ ਹਾਂ..! ਮੇਰੇ ਪ੍ਰੀਵਾਰ ਦੀ ਮਜਬੂਰੀ ਸਮਝਣ ਦੀ ਕੋਸਿ਼ਸ਼ ਕਰਸੀ ਬੇਟੇ..! ਕੱਲ੍ਹ ਨੂੰ ਮੈਂ ਆਪਣੇ ਦੂਸਰੇ ਧੀਆਂ ਪੁੱਤਰਾਂ ਦੇ ਨਿਕਾਹ ਪਏ ਕਰਨੇ ਨੇ..! ਅਗਰ ਅੱਜ ਇਮਰਾਨ ਕਿਸੇ ਗ਼ੈਰ ਮਜ਼ਹਬ ਦੀ ਲੜਕੀ ਨਾਲ਼ ਨਿਕਾਹ ਕਰਸੀ, ਤਾਂ ਮੇਰੇ ਬਾਕੀ ਬੱਚੇ ਤਾਂ ਕੁਆਰੇ ਰਹਿ ਜਾਸੀ..! ਉਹਨਾਂ ਨਾਲ਼ ਕੋਈ ਨਿਕਾਹ ਕਿਸੇ ਨੇ ਨਹੀਂ ਜੇ ਕਰਨਾ..! ਸਾਰਾ ਭਾਈਚਾਰਾ ਸਿਰਫ਼ ਇਮਰਾਨ ਕਰਕੇ ਅਸਾਂ ਦੇ ਪ੍ਰੀਵਾਰ ਨੂੰ 'ਹਰਾਮੀਂ' ਕਹਿਸੀ..! ਹੁੱਕੇ ਪਾਣੀ ਦੀ, ਰੋਟੀ ਬੇਟੀ ਦੀ ਸਾਂਝ ਖ਼ਤਮ..! ਸਮਝ ਗਈ ਬੇਟੇ...? ਮੇਰੀ ਮਜਬੂਰੀ ਨੂੰ ਸਮਝ ਮੇਰੀ ਬੱਚੀ...! ਅਜੇ ਕੋਈ ਜ਼ਰੂਰੀ ਨਹੀਂ, ਤੇਰੇ ਕੋਲ ਟਾਈਮ ਹੈ..! ਦੋ ਹਫ਼ਤੇ, ਚਾਰ ਹਫ਼ਤੇ...! ਉਤਨੀਂ ਦੇਰ ਤੂੰ ਤੇ ਇਮਰਾਨ ਮਿਲਣਾ ਗਿਲਣਾ ਬੰਦ ਕਰ ਦਿਓ..! ਅਗਰ ਮੁਸਲਿਮ ਭਾਈਚਾਰੇ ਵਿਚੋਂ ਕਿਸੇ ਨੇ ਦੇਖ ਲਿਆ, ਫ਼ੱਡਾ ਪੈਸੀ...! ਮੇਰੀ ਮੁੱਦਤਾਂ ਦੀ ਬਣਾਈ ਇੱਜ਼ਤ ਖ਼ਤਮ-!" ਉਸ ਨੇ ਸੀਤਲ ਦੀ ਦੁਖਦੀ ਰਗ ਫੜ ਲਈ ਸੀ।
   
ਸੀਤਲ ਨੇ ਇਮਰਾਨ ਵੱਲ ਦੇਖਿਆ।

    ਇਮਰਾਨ ਨੀਵੀਂ ਪਾਈ ਬੈਠਾ ਸੀ। ਉਸ ਨੇ ਹੁਣ ਤੱਕ ਇਕ ਲਫ਼ਜ਼ ਵੀ ਨਹੀਂ ਬੋਲਿਆ ਸੀ। ਹੋ ਸਕਦੈ ਬਾਪ ਮੂਹਰੇ ਕਦੇ ਨਾ ਬੋਲਿਆ ਹੋਵੇ...? ਜਾਂ ਇਹਨਾਂ ਦੇ ਭਾਈਚਾਰੇ ਦਾ ਦਸਤੂਰ ਹੋਵੇ ਕਿ ਬਾਪ ਅੱਗੇ ਨਹੀਂ ਬੋਲਣਾਂ...? ਧਰਮ ਬਦਲੀ ਕਰਨ ਤੋਂ ਸੀਤਲ ਥਿੜਕੀ। ਉਸ ਦੇ ਮਨ ਨੇ ਹੁੰਗਾਰਾ ਨਾ ਭਰਿਆ। ਸਿੱਖ ਧਰਮ ਵਿਚੋਂ ਮੁਸਲਮਾਨ ਧਰਮ ਵਿਚ ਪ੍ਰਵੇਸ਼...? ਗੁਰਦੁਆਰੇ ਦਾ ਭਾਈ ਜੀ ਤਾਂ ਸਾਖੀਆਂ ਸੁਣਾਉਂਦਾ ਹੁੰਦਾ ਸੀ ਕਿ ਸਿੰਘਾਂ ਨੇ ਖੋਪਰ ਤਾਂ ਲੁਹਾ ਲਏ, ਜਿਉਂਦੇ ਨੀਂਹਾਂ ਵਿਚ ਚਿਣੇ ਗਏ, ਸਿੰਘਣੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਝੋਲ਼ੀਆਂ ਵਿਚ ਪੁਆ ਲਏ, ਸਵਾ ਸਵਾ ਮਣ ਪੀਹਣ ਹੱਥੀਂ ਪੀਠਿਆ, ਪਰ ਦੀਨ ਕਬੂਲ ਨਹੀਂ ਸੀ ਕੀਤਾ...। ਉਸ ਨੂੰ ਗਿਆਨੀ ਜੀ ਦੀ ਸੁਣਾਈ ਇਕ ਸਾਖੀ ਯਾਦ ਆਈ। ਇਕ ਛੋਟਾ ਜਿਹਾ ਬੱਚਾ ਮੁਗਲ ਫ਼ੌਜ ਨੇ ਫੜ ਕੇ ਬਾਦਸ਼ਾਹ ਮੂਹਰੇ ਪੇਸ਼ ਕੀਤਾ। ਬਾਦਸ਼ਾਹ ਨੂੰ ਉਸ ਦੀ ਨਿਆਣੀ ਜਿਹੀ ਉਮਰ ਦੇਖ ਕੇ ਰਹਿਮ ਆ ਗਿਆ। ਬਾਦਸ਼ਾਹ ਨੇ ਆਪਣੇ ਫ਼ੌਜੀਆਂ ਨੂੰ ਹੁਕਮ ਕੀਤਾ ਕਿ ਇਸ ਦੀ ਮਾਂ ਨੂੰ ਹਾਜ਼ਰ ਕੀਤਾ ਜਾਵੇ। ਸਿਪਾਹੀ ਗਏ ਅਤੇ ਉਸ ਦੀ ਮਾਂ ਨੂੰ ਫੜ ਲਿਆਏ ਅਤੇ ਬਾਦਸ਼ਾਹ ਸਲਾਮਤ ਦੇ ਸਾਹਮਣੇ ਪੇਸ਼ ਕਰ ਦਿੱਤਾ। ਬਾਦਸ਼ਾਹ ਨੇ ਉਸ ਬੱਚੇ ਦੀ ਮਾਂ ਨੂੰ ਕਿਹਾ ਕਿ ਮੈਨੂੰ ਤੇਰੇ ਨਿਆਣੇ ਬੱਚੇ 'ਤੇ ਰਹਿਮ ਆ ਗਿਆ ਹੈ। ਉਸ ਦੀ ਉਮਰ ਅਜੇ ਮਰਨ ਵਾਲ਼ੀ ਨਹੀਂ। ਅਜੇ ਉਸ ਨੇ ਰੰਗਲੀ ਦੁਨੀਆਂ ਦਾ ਦੇਖਿਆ ਹੀ ਕੀ ਹੈ...? ਉਸ ਦੀ ਬੜੀ ਜਿ਼ੰਦਗੀ ਮਾਨਣ ਵਾਲ਼ੀ ਪਈ ਹੈ। ਮੈਂ ਉਸ ਨੂੰ ਮੁਆਫ਼ ਕਰ ਕੇ ਛੱਡ ਸਕਦਾ ਹਾਂ, ਅਗਰ ਉਹ ਇਕ ਵਾਰ ਆਖ ਦੇਵੇ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ 'ਸਿੰਘ' ਨਹੀਂ ਹਾਂ। ਮਾਤਾ ਨੇ ਬਾਦਸ਼ਾਹ ਸਲਾਮਤ ਨੂੰ ਆਪਣੇ ਬੱਚੇ ਨਾਲ਼ ਮਿਲਾਉਣ ਲਈ ਬੇਨਤੀ ਕੀਤੀ। ਬਾਦਸ਼ਾਹ ਨੇ ਇਜਾਜ਼ਤ ਦੇ ਦਿੱਤੀ। ਸਿਪਾਹੀ ਨਾਲ਼ ਭੇਜ ਦਿੱਤੇ। ਮਾਤਾ ਨੇ ਆਪਣੇ ਨਿਆਣੇ ਜਿਹੇ ਪੁੱਤਰ ਅੱਗੇ ਹੱਥ ਜੋੜੇ ਕਿ ਪੁੱਤਰਾ...! ਰਹਿਣਾਂ ਤਾਂ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੀ ਹੈ! ਪਰ ਬਾਦਸ਼ਾਹ ਦੇ ਸਾਹਮਣੇ ਇਕ ਵਾਰੀ ਆਖ ਦੇਹ ਕਿ ਮੈਂ 'ਸਿੰਘ' ਨਹੀਂ ਹਾਂ। ਬਾਲ ਨੇ ਪੁੱਛਿਆ, ਮਾਤਾ ਜੀ ਤੁਸੀਂ ਵਾਕਿਆ ਹੀ ਮੇਰੀ ਮਾਤਾ ਹੋ...? ਇਸ ਵਿਚ ਕੋਈ ਸ਼ੱਕ ਹੈ ਪੁੱਤਰਾ..? ਮਾਂ ਨੇ ਤਰਲਾ ਕੀਤਾ। ਤਾਂ ਹੀ ਤਾਂ ਆਖ ਰਹੀ ਹਾਂ ਕਿ ਬਾਦਸ਼ਾਹ ਦੇ ਸਾਹਮਣੇ ਇਕ ਵਾਰ ਆਖ ਦੇਹ ਕਿ ਮੈਂ ਸਿੰਘ ਨਹੀਂ ਹਾਂ, ਤੇਰੀ ਜਾਨ ਬਖ਼ਸ਼ੀ ਹੋ ਜਾਵੇਗੀ। ਤਾਂ ਪੁੱਤਰ ਨੇ ਪੁੱਛਿਆ, ਮਾਤਾ ਜੀ ਤੁਸੀਂ ਮੇਰੇ ਮਾਤਾ ਜੀ ਹੋ ਕੇ ਮੈਨੂੰ ਮੇਰੇ ਗੁਰੂ ਗੋਬਿੰਦ ਸਿੰਘ ਤੋਂ ਬੇਮੁੱਖ ਹੋਣ ਲਈ ਆਖ ਰਹੇ ਹੋ..? ਤੇਰੀ ਜਾਨ ਦੀ ਸਲਾਮਤੀ ਲਈ ਆਖ ਰਹੀ ਆਂ ਪੁੱਤਰਾ...! ਇਕ ਵਾਰ ਆਖ ਦੇਹ ਕਿ ਮੈਂ ਸਿੰਘ ਨਹੀਂ ਹਾਂ...! ਤਾਂ ਪੁੱਤਰ ਬੋਲਿਆ ਕਿ ਮਾਤਾ ਜੀ, ਅਗਰ ਤੁਸੀਂ ਮੇਰੀ ਜਾਨ ਬਖ਼ਸ਼ੀ ਲਈ ਮੈਨੂੰ ਮੇਰੇ ਕਲਗੀਆਂ ਵਾਲ਼ੇ ਪਾਤਿਸ਼ਾਹ ਤੋਂ ਬੇਮੁੱਖ ਹੋਣ ਲਈ ਆਖਦੇ ਹੋ, ਤਾਂ ਤੁਸੀਂ ਜੋ ਮਰਜੀ ਕਹੀ ਜਾਓ ਕਿ ਤੁਸੀਂ ਮੇਰੇ ਮਾਤਾ ਜੀ ਹੋ..! ਪਰ, ਮੈਂ ਆਪ ਜੀ ਨੂੰ ਆਖਦਾ ਹਾਂ ਕਿ ਮੈਂ ਤੁਹਾਡਾ ਪੁੱਤਰ ਨਹੀਂ ਅਤੇ ਤੁਸੀਂ ਮੇਰੇ ਮਾਤਾ ਨਹੀਂ ਹੋ...! ਨਾ ਹਉ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਈ...! ਨਿੱਕੇ ਨਿੱਕੇ ਬੱਚਿਆਂ ਨੇ ਆਪਣੀ ਜਾਨ, ਆਪਣੇ ਮਾਂ ਬਾਪ, ਹੂਰਾਂ ਅਤੇ ਲਾਲਚਾਂ ਦੀ ਪ੍ਰਵਾਹ ਨਾ ਕਰਦਿਆਂ, ਸ਼ਹਾਦਤ ਦੇ ਕੇ ਸਿੱਖੀ ਬਰਕਰਾਰ ਰੱਖੀ...। ਮੈਂ ਕਿਉਂ ਮੁਸਲਮਾਨ ਧਰਮ ਗ੍ਰਹਿਣ ਕਰਾਂ....? ਮੁੰਡੇ ਬਥੇਰੇ...! ਮੁੰਡਿਆਂ ਦਾ ਕਿਤੇ ਮੈਨੂੰ ਘਾਟੈ...? ਡੈਡ ਤਾਂ ਆਖਦੇ ਸੀ ਕਿ ਮੁੰਡਿਆਂ ਦੀ ਮੈਂ ਲਾਈਨ ਲਾ ਦਿਆਂ...। ਸਿਰਫ਼ ਮੇਰੀ 'ਹਾਂ' ਦੀ ਲੋੜ ਹੈ। ਉਹ ਗਹਿਰੀਆਂ ਸੋਚਾਂ ਵਿਚ ਉਥਲ਼ ਪੁੱਥਲ਼ ਹੋ ਰਹੀ ਸੀ। ਉਸ ਦੀ ਸੋਚ ਖ਼ਾਨ ਦੀ ਅਵਾਜ਼ ਨਾਲ ਟੁੱਟੀ।

    -"ਕਿਹੜੀਆਂ ਸੋਚਾਂ ਵਿਚ ਪੈ ਗਈ ਮੇਰੀ ਬੱਚੀ...?" ਖ਼ਾਨ ਬੋਲਿਆ ਸੀ। ਉਸ ਨੂੰ ਖ਼ਾਨ ਦਾ ਚਿਹਰਾ ਡਰਾਉਣਾਂ ਲੱਗਿਆ। ਖ਼ਾਨ ਵਿਚੋਂ ਉਸ ਨੂੰ ਜ਼ਾਲਮ ਮੁਗਲ ਬਾਦਸ਼ਾਹ ਹੀ ਤਾਂ ਦਿਸਿਆ ਸੀ।
    -"...........
।" ਸੀਤਲ ਕੁਝ ਨਾ ਬੋਲੀ। ਬੱਸ ਖ਼ਾਨ ਦੀ ਗੱਲ ਸੁਣ ਕੇ ਨੀਵੀਂ ਜ਼ਰੂਰ ਪਾ ਲਈ ਸੀ।

    -"ਇਮਰਾਨ...! ਜਾਹ ਬੇਟੇ, ਸੀਤਲ ਬੇਟੀ ਨੂੰ ਟਿਊਬ ਸਟੇਸ਼ਨ 'ਤੇ ਛੱਡ ਕੇ ਆ...! ਕੁਵੇਲਾ ਪਿਆ ਹੁੰਦਾ ਈ! ਜਾਹ ਬੇਟੇ...! ਹੁਣ ਘਰ ਨੂੰ ਜਾਹ...! ਹਨ੍ਹੇਰਾ ਨਹੀਂ ਕਰਨਾ ਬੇਟੇ...! ਸਿਆਣੇ ਬੱਚੇ ਹਨ੍ਹੇਰੇ ਹੋਏ ਘਰੋਂ ਬਾਹਰ ਨਹੀਂ ਫਿ਼ਰਦੇ ਹੁੰਦੇ...! ਜਦੋਂ ਮਰਜ਼ੀ ਐ, ਦਿਨੇ ਆ, ਰਾਤ ਨੂੰ ਆ, ਤੇਰਾ ਆਪਣਾਂ ਘਰ ਐ ਮੇਰੀ ਬੱਚੀ! ਖ਼ੁਸ਼ ਖ਼ੁਸ਼ ਵਸੋ...! ਜੀਂਦੀ ਵਸਦੀ ਰਹੁ..! ਅੱਲਾਹ ਦਾ ਰਹਿਮ ਤੇਰੇ ਨਾਲ ਈ, ਜਾਹ ਬੇਟੇ ਇਮਰਾਨ..!" ਸੀਤਲ ਦੇ ਚਿਹਰੇ ਦੇ ਹਾਵ-ਭਾਵ ਦੇਖ ਕੇ ਖ਼ਾਨ ਦੇ ਚਤਰ ਦਿਮਾਗ ਨੇ ਫ਼ੱਟ ਗੱਲ ਬੁੱਝ ਲਈ ਸੀ ਕਿ ਸੀਤਲ ਛੇਤੀ ਕੀਤੇ ਮਜ਼ਹਬ ਬਦਲੀ ਨਹੀਂ ਕਰੇਗੀ। ਫੇਰ ਵੀ ਸਿੰਘਣੀ ਐ..! ਇਹਨਾਂ ਦੇ ਵੱਡ ਵਡੇਰੇ ਮਰਨੀਂ ਮਰ ਗਏ। ਪਰ ਇਸਲਾਮ ਧਾਰਨ ਨਹੀਂ ਕੀਤਾ। ਇਹ ਵੀ ਉਹਨਾਂ ਦਾ ਖ਼ੂਨ ਹੀ ਹੈ..! ਇਹ ਹਰਾਮਜ਼ਾਦੀ ਛੇਤੀ ਕੀਤੇ ਮੇਰੇ ਫ਼ਰਾਂ ਹੇਠ ਆਉਣ ਵਾਲ਼ੀ ਨਹੀਂ..! ਇਹਨੂੰ ਤਾਂ ਕਿਸੇ ਲਾਲਚ ਵਿਚ ਲਿਆ ਕੇ ਹੀ ਧਰਮ ਬਦਲੀ ਕਰਵਾਇਆ ਜਾ ਸਕਦੈ..! ਪਰ ਖ਼ਾਨ ਮੀਆਂ ਇਹਦਾ ਖਹਿੜ੍ਹਾ ਨਹੀਂ ਛੱਡਣਾਂ...! ਜੇ ਇਹ ਸਰਦਾਰਨੀ ਹੈ, ਤਾਂ ਤੇਰਾ ਨਾਮ ਵੀ ਖ਼ਾਨ ਐ...। ਤੂੰ ਬੰਦੇ ਵੇਚ ਕੇ ਖਾਧੇ ਹੋਏ ਐ...। ਇਹ ਛੱਪੜ ਦੀ ਡੱਡੀ ਮੇਰੇ ਸਾਹਮਣੇ ਕੀ ਸ਼ੈਅ ਹੈ...? ਇਹ ਤਾਂ ਬੱਗੀ ਤਿੱਤਰੀ ਕਮਾਦੋਂ ਨਿਕਲ਼ੀ ਹੈ, ਤੇ ਤੂੰ ਵੀ ਕਿਸੇ ਬਾਜ਼ ਨਾਲ਼ੋਂ ਘੱਟ ਨਹੀਂ। ਇਹਨੂੰ ਤਾਂ ਮੈਂ ਪੈਰਾਂ ਨਾਲ਼ ਹੀ ਮਧੋਲ਼ ਧਰਾਂਗਾ...! ਇਹ ਸਮਝਦੀ ਕੀ ਹੈ ਆਪਣੇ ਆਪ ਨੂੰ..? ਕੱਲ੍ਹ ਦੀ ਭੂਤਨੀ ਸਿਵਿਆਂ 'ਚ ਅੱਧ...? ਖ਼ਾਨ ਅੱਗੇ ਤਾਂ ਕਹਿੰਦੇ ਕਹਾਉਂਦੇ ਨਹੀਂ ਅੜ ਸਕੇ, ਤੂੰ ਕਿਹੜੇ ਬਾਗ ਦੀ ਮੂਲ਼ੀ ਐਂ...? ਸੱਪ ਜਦੋਂ ਖੱਡ 'ਚ ਵੜਦੈ ਸਾਰੇ ਵਲ਼ ਕੱਢ ਲੈਂਦੈ...! ਤੇ ਜੇ ਮੈਂ ਤੈਨੂੰ ਤੱਕਲ਼ੇ ਵਰਗੀ ਸਿੱਧੀ ਨਾ ਕਰਤਾ ਤਾਂ ਮੈਨੂੰ ਖ਼ਾਨ ਨਹੀਂ, ਕਿਸੇ ਹਰਾਮੀ ਸੂਅਰ ਦੀ ਔਲ਼ਾਦ ਆਖੀਂ...!  ਬੱਸ ਥੋੜ੍ਹੀ ਦੇਰ ਇੰਤਜ਼ਾਰ ਕਰ...! ਤੇਰੇ ਵਰਗੀਆਂ ਤਾਂ ਮੈਂ ਵੇਚ ਵੇਚ ਕੇ ਖਾਧੀਆਂ ਹੋਈਆਂ ਨੇ..!

    -"ਅੱਛਾ ਜੀ, ਮੈਂ ਫਿਰ ਚੱਲਦੀ ਆਂ...! ਨਾਈਸ ਟੂ ਮੀਟ ਯੂ...! ਥੈਂਸਕ ਫ਼ਾਰ ਡਿਨਰ...!" ਸੀਤਲ ਨੇ ਆਪਣਾ ਪਰਸ ਸੰਭਾਲਦਿਆਂ ਖ਼ਾਨ ਨੂੰ ਆਖਿਆ।
    -"
ਕਿਹੜੀ ਗੱਲ ਕਰ ਦਿੱਤੀ ਸੂ ਬੱਚੂ...? ਤੇਰਾ ਆਪਣਾ ਘਰ ਈ...! ਦਿਨ ਆ, ਚਾਹੇ ਰਾਤ ਨੂੰ ਆ...! ਜਦੋਂ ਜੀਅ ਕਰੇ, ਆਪਣਾ ਵਿਹਲਾ ਪਿਆ ਘਰ ਜਦੋਂ ਮਰਜ਼ੀ ਐ ਆ ਕੇ ਸਾਂਭ ਲਵੀਂ, ਆਹ ਲੈ...!" ਖ਼ਾਨ ਨੇ ਉਸ ਨੂੰ ਸੌ ਪੌਂਡ ਹੱਥ ਵਿਚ ਦਿੰਦਿਆਂ ਕਿਹਾ। ਸੀਤਲ ਨੇ ਬਥੇਰ੍ਹੀ ਨਾਂਹ-ਨੁੱਕਰ ਕੀਤੀ। ਪਰ ਖ਼ਾਨ ਨੇ ਮੱਲੋਮੱਲੀ ਸੌ ਪੌਂਡ ਉਸ ਦੇ ਹੱਥ 'ਤੇ ਰੱਖ ਕੇ ਉਸ ਦੀ ਮੁੱਠੀ ਬੰਦ ਕਰ ਦਿੱਤੀ।
    -"
ਇਮਰਾਨ, ਆਹ ਫੜ ਦਸ ਪੌਂਡ, ਤੇ ਸੀਤਲ ਬੇਟੀ ਨੂੰ ਟਿਊਬ ਦੀ ਟਿਕਟ ਤੂੰ ਆਪ ਲੈ ਕੇ ਦੇਣੀਂ ਹੈ..! ਸਮਝ ਗਿਆ...?" ਖ਼ਾਨ ਨੇ ਦਸਾਂ ਦਾ ਨੋਟ ਦਿੰਦਿਆਂ ਉਸ ਨੂੰ ਤਾਕੀਦ ਕੀਤੀ।
    -"
ਠੀਕ ਅੱਬੂ ਜਾਨ...!" ਉਸ ਨੇ ਦਸ ਪੌਂਡ ਫੜਦਿਆਂ ਉਤਰ ਦਿੱਤਾ।
   
ਖ਼ਾਨ ਨੇ ਸੀਤਲ ਦੇ ਸਿਰ 'ਤੇ ਹੱਥ ਰੱਖਿਆ ਅਤੇ ਉਹ ਸਾਰਿਆਂ ਨੂੰ ਹੱਥ ਜੋੜ ਕੇ ਬਾਹਰ ਇਮਰਾਨ ਨਾਲ਼ ਬਾਹਰ ਨਿਕਲ਼ ਗਈ।
   
ਖ਼ਾਨ ਫਿਰ ਫ਼ੋਨ ਨੂੰ ਚਿੰਬੜ ਗਿਆ।
   
ਉਸ ਨੇ ਹੈਦਰ ਨੂੰ ਫ਼ੋਨ ਮਿਲਾ ਲਿਆ।
   
ਹੈਦਰ ਨੇ ਤੁਰੰਤ ਹੀ ਫ਼ੋਨ ਚੁੱਕ ਲਿਆ। ਜਿਵੇਂ ਉਹ ਖ਼ਾਨ ਦੇ ਫ਼ੋਨ ਦੀ ਹੀ ਉਡੀਕ ਕਰ ਰਿਹਾ ਸੀ।
    -"
ਆ-ਸਲਾਮਾਂ ਲੇਕੁਮ ਹੈਦਰ ਭਾਈ...!" ਅੱਜ ਖ਼ਾਨ ਦੀ ਅਵਾਜ਼ ਵਿਚ ਬੜ੍ਹਕ ਨਹੀਂ, ਲੇਰ ਜਿਹੀ ਸੀ।
    -"
ਬਾ-ਲੇਕੁਮ ਸਲਾਮ ਖ਼ਾਨ ਭਾਈ ਜਾਨ...! ਕੋਈ ਖ਼ਬਰ ਸ਼ਬਰ ਦਿੱਤੀ ਹੀ ਨਹੀਂ..? ਮੈਂ ਤਾਂ ਕਦੋਂ ਦਾ ਉਡੀਕ ਰਿਹਾ ਸਾਂ।"
    -"
ਖ਼ਬਰ ਸ਼ਬਰ ਹੈ ਈ ਕੋਈ ਨਹੀਂ ਹੈਦਰ ਭਾਈ, ਦੱਸਾਂ ਕੀ...?" ਉਹ ਬਹੁਤ ਦੁਖੀਆਂ ਵਾਂਗ ਬੋਲਿਆ।
    -"
ਕੀ ਫ਼ੱਡਾ ਹੋ ਗਿਆ...? ਖ਼ਾਨ ਮੀਆਂ ਤੋਂ ਸਰਦਾਰਨੀ ਸੂਤਰ ਨਹੀਂ ਜੇ ਆਈ ਲੱਗਦੀ...?" ਉਸ ਨੇ ਟਕੋਰ ਕੀਤੀ। ਖ਼ਾਨ ਹੋਰ ਤੜਪ ਉਠਿਆ। ਅੰਦਰੋਂ ਤਾਂ ਉਹ ਅੱਗੇ ਹੀ ਫ਼ੱਟੜ ਹੋਇਆ ਪਿਆ ਸੀ।
    -"
ਹੈਦਰ ਮੀਆਂ...! ਬਜੁਰਗ ਆਖਦੇ ਸਨ ਕਿ ਜੇ ਘੀ ਸਿੱਧੀ ਉਂਗਲੀ ਨਾਲ ਨਾ-ਨਾ ਪਿਆ ਨਿਕਲੇ..? ਤਾਂ ਉਹ ਟੇਢੀ ਕਰਨੀ ਪੈਸੀ।"
    -"
ਦਰੁਸਤ...!"
    -"
ਹੈਦਰ ਮੀਆਂ ਪੀਠੇ ਦਾ ਛਾਨਣਾਂ ਕੀ...? ਅਸਾਂ ਨੂੰ ਉਹ ਉਂਗਲੀ ਟੇਢੀ ਕਰਨੀ ਪੈਸੀ..।"
    -"
ਕੋਈ ਹਰਜ਼ ਨਹੀਂ ਜੇ ਟੇਢੀ ਕਰਨ ਦਾ ਵੀ, ਖ਼ਾਨ ਭਾਈ ਜਾਨ।"
    -"
ਸਰਦਾਰਨੀ ਛੇਤੀ ਕੀਤੇ ਆਪਣੀ ਛੱਤਰੀ ਉਪਰ ਬੈਠਦੀ ਨਜ਼ਰ ਨਹੀਂ ਆਂਦੀ, ਇਸ ਦਾ ਕੋਈ ਹੋਰ ਹੱਲ ਕੱਢਸਾਂ...!"
    -"
ਖ਼ਾਨ ਭਾਈ..! ਅਸੀਂ ਹੋਏ ਮੋਟੇ ਦਿਮਾਗ ਵਾਲੇ, ਤੇ ਤੁਸੀਂ ਦਿਮਾਗਦਾਰ ਬੰਦੇ..! ਇਸ ਦਾ ਹੱਲ ਤਾਂ ਤੁਸਾਂ ਨੂੰ ਹੀ ਕੱਢਣਾ ਪੈਸੀ।"
    -"
ਕੋਈ ਗੱਲ ਨਹੀਂ, ਬੱਕਰੇ ਦੀ ਮਾਂ ਭਾਈ ਜਾਨ ਕਿਤਨੇ ਕੁ ਦਿਨ ਸੁੱਖਾਂ ਪਈ ਮਨਾਏਗੀ...? ਸ਼ੇਰ ਦੀ ਜੂਹੇ ਵਿਚ ਜਦੋਂ ਲੇਲਾ ਜਾ ਵੜਦੈ ਨ੍ਹਾਂ..? ਤਾਂ ਸ਼ੇਰ ਉਸ ਨਾਲ਼ ਪਹਿਲਾਂ ਕਲੋਲਾਂ ਕਰਦਾ ਈ, ਤੇ ਮੁੜ ਬੜੀ ਹਸਰਤ ਨਾਲ ਉਸ ਨੂੰ ਖਾਸੀ, ਪੌਂਚੇ ਮਾਰ ਮਾਰ...! ਛਿੱਕ ਛਿੱਕ ਕੇ...! ਮਧੋਲ ਮਧੋਲ ਕੇ...!"

    -"ਖ਼ਾਨ ਭਾਈ ਇਕ ਗੱਲ ਯਾਦ ਰੱਖਸੀ...! ਕਿਤੇ ਲੇਲੇ ਨੂੰ ਬਾਜ਼ ਨਾ ਲੈ ਕੇ ਉਡ ਜਾਵੇ..? ਸ਼ੇਰ ਦੇਖਦਾ ਹੀ ਰਹਿ ਜਾਂਦੈ..! ਬਾਜ਼ ਦੀ ਫ਼ੁਰਤੀ ਸ਼ੇਰ ਨਾਲੋਂ ਜਿ਼ਆਦਾ ਹੁੰਦੀ ਪਈ ਏ, ਤੇ ਇਕ ਉਸ ਨੇ ਅਸਮਾਨੋਂ ਆਉਣਾਂ ਤੇ ਆਪਣਾ ਸਿ਼ਕਾਰ ਲੈ ਕੇ ਉਡ ਜਾਣਾ, ਸ਼ੇਰ ਜਬਾੜ੍ਹਾ ਸਾਫ਼ ਕਰਦਾ ਹੀ ਰਹਿ ਜਾਂਦਾ ਈ, ਖਿ਼ਆਲ ਰੱਖਸੀ ਖ਼ਾਨ ਭਾਈ ਜਾਨ...!"

    -"ਨ੍ਹੋ ਚਿੰਤਾ ਹੈਦਰ ਮੀਆਂ...! ਨ੍ਹੋ ਫਿ਼ਕਰ...! ਬੜੀ ਜਲਦੀ ਤੁਸਾਂ ਨੂੰ ਖ਼ੁਸ਼ਖ਼ਬਰੀ ਦਿਆਂਗਾ..! ਪੌਂਡਾਂ ਦਾ ਚੋਗਾ ਸੁੱਟ ਕੇ ਮੁਰਗੀ ਮੈਂ ਤਕਰੀਬਨ ਖੁੱਡੇ ਗਿਝਾਅ ਲਈ ਏ..! ਦੋ ਬੈੱਡ ਰੂਮ ਦੇ ਘਰ ਦਾ ਵੀ ਦਾਣਾਂ ਖਿਲਾਰ ਸੁੱਟਿਆ ਈ...! ਬੱਸ ਅਜੇ ਸਿ਼ਕਾਰ ਥੋੜ੍ਹਾ ਕੱਚਾ ਤੇ ਲੈਰਾ ਈ, ਛੇਤੀ ਕੀਤੇ ਆਪਣੇ ਖੁੱਡੇ 'ਚੋਂ ਬਾਹਰ ਨਹੀਂ ਜੇ ਜਾਸੀ..! ਬੱਗੀ ਕਬੂਤਰੀ ਛੱਤਰੀ 'ਤੇ ਰੂੰ ਦੇਖ ਕੇ ਕਬੂਤਰ ਦੇ ਭੁਲੇਖੇ ਆ ਫ਼ਸਦੀ ਏ..! ਇਹ ਤਾਂ ਹੈ ਹੀ ਆਪਣੀ ਕੁੜਿੱਕੀ 'ਚ ਭਾਈ ਜਾਨ..! ਜੇ ਆਪਣੀ ਇਹ ਸਕੀਮ ਸਿਰੇ ਨਾ ਚੜ੍ਹੀ, ਤਾਂ ਕੋਈ ਅਗਲੀ ਸਕੀਮ ਪਏ ਉਲੀਕਾਂਗੇ, ਨ੍ਹੋ ਚਿੰਤਾ...!"
    -"
ਜਲਦੀ ਖ਼ਬਰ ਕਰਨਾਂ ਖ਼ਾਨ ਭਾਈ...!"
    -"
ਇੰ਼ਸ਼ਾ-ਲਾ...!"
    -"
ਖ਼ੁਦਾ ਹਾਫਿ਼ਜ਼ ਹੈਦਰ ਭਾਈ...!"
    -"
ਖ਼ੁਦਾ ਹਾਫਿ਼ਜ਼ ਭਾਈ ਜਾਨ...!"
   
ਉਹਨਾਂ ਨੇ ਫ਼ੋਨ ਕੱਟ ਦਿੱਤੇ।

੨੭।੦੧।੨੦੧੨

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com