WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8  
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16  
ਕਾਂਡ 17 ਕਾਂਡ 18 ਕਾਂਡ 19 ਕਾਂਡ 20          
ਕਾਂਡ 7
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਰਮਣੀਕ ਚਾਹੇ ਹਨੀ ਤੋਂ ਦਸ ਸਾਲ ਵੱਡਾ ਹੀ ਸੀ ਪਰ ਸੀ ਬਹੁਤ ਸਾਊ ਮੁੰਡਾ..! ਉਸ ਨੇ ਹਨੀ ਨੂੰ ਕਦੇ ਵੀ ਸ਼ੱਕ ਦੀ ਨਜ਼ਰ ਨਾਲ਼ ਨਾ ਦੇਖਿਆ ਹਾਲਾਂ ਕਿ ਹਨੀ ਉਸ ਤੋਂ ਦਿਨ-ਬਦਿਨ ਬੇਪ੍ਰਵਾਹ ਹੀ ਹੁੰਦੀ ਜਾ ਰਹੀ ਸੀ ਦੋ ਕੁ ਲੱਖ ਰੁਪਈਆ ਉਸ ਨੇ ਓਵਰਟਾਈਮ ਲਾ ਕੇ ਰਮਣੀਕ ਤੋਂ ਚੋਰੀ ਆਪਣੇ ਬਾਪ ਨੂੰ ਭੇਜ ਦਿੱਤਾ ਸੀ ਅਤੇ ਹਦਾਇਤ ਕੀਤੀ ਸੀ ਕਿ ਉਸ ਦੇ ਭੇਜੇ ਪੈਸਿਆਂ ਬਾਰੇ ਕਿਸੇ ਨੂੰ ਭੇਦ ਤੱਕ ਨਾ ਲੱਗੇ ਅਤੇ ਨਾ ਹੀ ਕਿਸੇ ਚਿੱਠੀ ਵਿਚ ਪੈਸੇ ਭੇਜਣ ਦਾ ਕੋਈ ਵੇਰਵਾ ਪਾਇਆ ਜਾਵੇ..! ਬਜੁਰਗ ਬੜਾ ਖ਼ੁਸ਼ ਸੀ ਸੋਨੇ ਦਾ ਅੰਡਾ ਦੇਣ ਵਾਲ਼ੀ ਧੀ ਹੁਣ ਚਾਲ਼ੀ-ਪੰਜਾਹ ਹਜ਼ਾਰ ਰੁਪਏ ਤੋਂ ਘੱਟ ਚੈੱਕ ਹੀ ਨਹੀਂ ਭੇਜਦੀ ਸੀ ਉਸ ਦੀਆਂ ਤਾਂ ਲਹਿਰਾਂ ਬਹਿਰਾਂ ਹੋ ਗਈਆਂ ਸਨ ਪੂਰੀਆਂ ਪੌਂ ਬਾਰਾਂ..! ਦਸ ਕਿੱਲਿਆਂ ਦੇ ਮਾਲਕ ਜ਼ਿਮੀਦਾਰ ਨੂੰ ਸਾਲ ਵਿਚ ਮਸਾਂ ਹੱਡ ਗੋਡੇ ਰਗੜਾ ਕੇ ਅਤੇ ਰਾਤਾਂ ਝਾਕ ਕੇ ਮਸਾਂ ਚਾਲ਼ੀ-ਪੰਜਾਹ ਹਜ਼ਾਰ ਪੱਲੇ ਪੈਂਦਾ ਸੀ ਤੇ ਇਧਰ ਹਨੀ ਧੀ ਨੇ ਤਾਂ ਹਰ ਦੂਜੇ ਤੀਜੇ ਮਹੀਨੇ ਚਾਲ਼ੀ-ਪੰਜਾਹ ਹਜ਼ਾਰ ਸੁੱਟਣਾਂ ਸ਼ੁਰੂ ਕਰ ਦਿੱਤਾ ਸੀ ਹਨੀ ਮਸ਼ੀਨ ਬਣ ਪੈਸੇ ਸੁੱਟਣ ਲੱਗ ਪਈ ਸੀ.. ਹੁਣ ਤਾਂ ਹਨੀ ਦਾ ਪਿਉ ਸ਼ਹਿਰ ਹੀ ਰਹਿੰਦਾ ਸੀ ਅਤੇ ਸ਼ਾਮ ਨੂੰ ਆਉਣ ਲੱਗਿਆ ਉਹ ਅੰਗਰੇਜ਼ੀ ਦਾ ਪਊਆ ਵੀ ਅੰਦਰ ਸੁੱਟਦਾ ਸੀ ਆਂਢ ਗੁਆਂਢ ਦੀ ਜ਼ਮੀਨ 'ਤੇ ਵੀ ਉਸ ਨੇ ਅੱਖ ਜਿਹੀ ਰੱਖਣੀ ਸ਼ੁਰੂ ਕਰ ਦਿੱਤੀ ਸਿਆਣੇ ਆਖਦੇ ਹਨ ਕਿ ਜੀਹਦੇ ਘਰ ਦਾਣੇਂ ਉਹਦੇ ਕਮਲ਼ੇ ਵੀ ਸਿਆਣੇਂ..! ਅੱਗੇ ਤਾਂ ਬਜੁਰਗ ਦੀਆਂ ਬੂਦਾਂ ਹੀ ਸਪੋਲ਼ੀਏ ਬਣੀਆਂ ਅੱਘੜ ਦੁਘੜੀ ਪੱਗ 'ਚੋਂ ਬਾਹਰ ਜੀਭਾਂ ਕੱਢਦੀਆਂ ਰਹਿੰਦੀਆਂ ਪਰ ਹੁਣ ਤਾਂ ਬਾਪੂ ਹਰ ਰੋਜ ਨਹਾ ਧੋ ਕੇ ਸਰੀਰ ਨੂੰ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨ ਲੱਗ ਪਿਆ ਸੀ ਉਸ ਦੀ ਮੂਲ਼ੀ ਵਰਗੀ ਧੌਣ ਬੋਹੜ ਦੇ ਮੁੱਛ ਵਾਂਗ ਫ਼ੈਲਰਦੀ ਜਾ ਰਹੀ ਸੀ ਮੁਫ਼ਤ ਦੀ ਕਮਾਈ...! ਨਾ ਕੋਈ ਫ਼ਿਕਰ ਨਾ ਫ਼ਾਕਾ...!

ਹੁਣ ਉਹ ਬੁੱਕਣ ਨੂੰ ਵੀ ਕੌੜਨ ਲੱਗ ਪਿਆ ਸੀ ਬੁੱਕਣ ਨਲਾਇਕ ਸੀ, ਜਿਹੜਾ ਕਮਾਈ ਨਹੀਂ ਕਰਦਾ ਸੀ ਪਰ ਧੀ ਤਾਂ ਬਲ਼ਦ ਵਰਗੀ ਕਮਾਊ ਨਿਕਲ਼ੀ ਸੀ ਹਨੀ ਦੀਆਂ ਪਿਛਲੀਆਂ ਸਾਰੀਆਂ ਕਰਤੂਤਾਂ ਭੁੱਲ ਭੁਲਾ ਕੇ ਬਜੁਰਗ ਧੀ ਨੂੰ ਮਨ ਅੰਦਰ ਹੀ ਥਾਪੀਆਂ ਦਿੰਦਾ ਰਹਿੰਦਾ ਸਤਯੁਗੀ ਧੀ ਆਖਦਾ ਕਮਾਊ ਧੀ ਨੇ ਤਾਂ ਪੇਕੇ ਘਰ ਵਿਚ ਬਾਪੂ ਦੀਆਂ ਪੰਜੇ ਹੀ ਘਿਉ ਵਿਚ ਅਤੇ ਸਿਰ ਕੜਾਹੀ ' ਪੈਂਦਾ ਕਰ ਦਿੱਤਾ ਸੀ ਬਾਪੂ ਨੇ ਪੁਰਾਣੇ ਖਣ ਢਾਹ ਕੇ ਬੜਾ ਵਧੀਆ ਕੋਠੀ ਵਰਗਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਬੂਝੜ ਜਿਹੇ ਜੱਟ ਬੁੱਕਣ ਲਈ ਰਿਸ਼ਤਿਆਂ ਵਾਲ਼ੇ ਗੇੜੇ ਦੇਣ ਲੱਗ ਪਏ ਸਨ ਲੋਕਾਂ ਦੇ ਮਨ ਵਿਚ ਸੀ ਕਿ ਭੈਣ ਇੰਗਲੈਂਡ ਹੈ, ਮੁੰਡੇ ਨੂੰ ਵੀ ਹੌਲ਼ੀ ਹੌਲੀ ਖਿੱਚ ਲਵੇਗੀ! ਜੇ ਨਾ ਵੀ ਖਿੱਚੂ, ਘਰ ਬਾਰ ਤਾਂ ਵਧੀਆ ਹੈ, ਕੁੜੀ ਭੁੱਖੀ ਨਹੀਂ ਮਰਦੀ

ਕੋਠੀ ਪੈਣੀ ਸ਼ੁਰੂ ਹੋਈ ਸੁਣ ਕੇ ਇਕ ਦਿਨ ਬਖਤੌਰ ਨੇ ਕੇ ਹਨੀ ਦੇ ਬਾਪੂ ਮੀਹਾਂ ਸਿਉਂ ਨੂੰ ਠ੍ਹੋਕਰਿਆ ਲੋਕ ਮੂੰਹੋਂ ਮੂੰਹ ਭਾਂਤ ਭਾਂਤ ਦੀਆਂ ਗੱਲਾਂ ਕਰ ਰਹੇ ਸਨ

-"ਪਿੰਡ ਦਾ ਪਤਾ ਮੀਹਾਂ ਸਿਆਂ ਪਿੰਡ ਦਿਆਂ ਗਹੀਰਿਆਂ ਤੋਂ ਲੱਗ ਜਾਂਦੈ..! ਜਿਹੜੀ ਗੱਲ ਰਮਣੀਕ ਦਾ ਪਿਉ ਜੋਰਾ ਸਿਉਂ ਆਪਣੇ ਨਾਲ਼ ਕਾਰਮ ਕੇ ਗਿਆ ਸੀ, ਕਿਤੇ ਉਹੀ ਗੱਲ ਤਾਂ ਨ੍ਹੀ ਬੀਤੀ ਜਾਂਦੀ..? ਕਿਤੇ ਕੁੜੀ ਮਨੀਆਡਰ ਤਾਂ ਨ੍ਹੀ ਭੇਜਣ ਲੱਗਪੀ...? ਦੁੱਧ ਤੇ ਬੁੱਧ ਫ਼ਟਦੀ ਦਾ ਵੀਰ ਮੇਰਿਆ ਪਤਾ ਨ੍ਹੀ ਲੱਗਦਾ..!" ਬਖਤੌਰ ਨੇ ਪੈਂਦੀ ਕੋਠੀ ਵੱਲ ਘੋਖ਼ਵੀਂ ਨਜ਼ਰ ਮਾਰ ਕੇ ਪੁੱਛਿਆ ਤਾਂ ਮੀਹਾਂ ਸਿਉਂ ਝੇਂਪ ਜਿਹਾ ਗਿਆ ਜਿਵੇਂ ਚੋਰ ਪਾੜ ਵਿਚ ਫ਼ੜਿਆ ਗਿਆ ਸੀ ਪਰ ਉਹ ਸੰਭਲ਼ ਗਿਆ ਘਬਰਾਉਣਾ ਬੇਵਕੂਫ਼ੀ ਸੀ
-"ਨਹੀਂ ਬਖਤੌਰਿਆ..! ਉਹ ਗੱਲ ਨ੍ਹੀ ਜਿਹੜੀ ਤੂੰ ਸੋਚਦੈਂ...!"

-"ਹੋਰ ਗੱਲ ਕੀ ..? ਮੈਨੂੰ ਤਾਂ ਦਾਲ਼ ' ਕੁਛ ਕਾਲ਼ਾ ਲੱਗਦੈ..? ਉਹ ਨਾ ਹੋਵੇ ਬਈ ਕੁੜੀ ਵੀ ਉਜਾੜ ਲਈਏ ਤੇ 'ਲਾਕੇ ' ਮੂੰਹ ਵੀ ਕਾਲ਼ਾ ਹੋਵੇ..? ਲੋਕਾਂ ਨੇ ਮੂੰਹ ਛਿੱਤਰ ਦੇਣੋਂ ਨ੍ਹੀ ਹਟਣਾ..! ਸਿਆਣੇ ਆਖਦੇ ਹੁੰਦੇ , ਘਰ ਆਬਦਾ ਉੱਜੜਦੈ ਤੇ ਫ਼ਿੱਟ੍ਹੇ ਮੂੰਹ ਲੋਕ ਦਿੰਦੇ ...! ਬਚ ਕੇ ਮੋੜ ਤੋਂ ਮੀਹਾਂ ਸਿਆਂ..!" ਬਖਤੌਰ ਆਪਣੇ ਪਾਲ਼ੇ ਤੋਂ ਡਰਦਾ ਸੀ

-"ਉਹ ਸਲਾਬਤਪੁਰੇ ਆਲ਼ੀ ਮਾਸੀ ਸੀ ਨਾ, ਬਚਨੀ...?" ਮੀਹਾਂ ਸਿਉਂ ਨੇ ਹੱਥੋਂ ਤਿਲ੍ਹਕਦੀ ਜਾਂਦੀ ਗੱਲ ਬੋਚੀ
-"ਆਹੋ..!"
-"ਉਹ ਬੇਬੇ ਦੀ ਭੈਣ ਬਣੀ ਵੀ ਸੀ...! ਉਹਦੇ ਜੁਆਕ ਜੱਲਾ ਹੈਨ੍ਹੀ ਸੀ ਕੋਈ, ਤੈਨੂੰ ਪਤਾ ..? ਉਹਦਾ ਹਿੱਸਾ ਮਿਲ਼ਿਐ ਆਪਾਂ ਨੂੰ...! ਮੈਂ ਸੋਚਿਆ ਹੋਰ ਕੰਮ ਬਾਅਦ ' ਕਰਾਂਗੇ, ਪਹਿਲਾਂ ਘਰ ਦਾ ਮੂੰਹ ਮੱਥਾ ਬਣਾ ਲਈਏ...? ਨਾਲ਼ੇ ਸਹੁਰੀ ਕੁੜੀ ਵੀ ਤੁਖਣਾਂ ਦੇਣੋਂ ਨ੍ਹੀ ਟਲ਼ਦੀ, ਅਖੇ ਅਸੀਂ ਥੋਡੇ ਐਹੋ ਜੇ ਘਰ ' ਨ੍ਹੀ ਆਉਣਾ..! ਅਖੇ ਮੈਨੂੰ ਤਾਂ ਸ਼ਰਮ ਆਊ, ਪਹਿਲਾਂ ਘਰ ਦਾ ਮੂੰਹ ਮੱਥਾ ਸਿੱਧਾ ਕਰੋ...!"
-"ਹੈ ਸਹੁਰੀ ਕਮਲ਼ੀ...! ਐਸੇ ਘਰ 'ਚੋਂ ਗਈ ...? ਹੁਣ ਇਹਨੂੰ ਸ਼ਰਮ ਵੀ ਆਉਣ ਲੱਗਪੀ..? ਸਹੁਰੀਆਂ ਪੈਰ ਦੇਖ ਕਿੰਨੀ ਛੇਤੀ ਛੱਡਦੀਐਂ...! ਬਈ ਸਹੁਰੀਏ, ਅਸੀਂ ਸਾਰੀ ਉਮਰ ਐਹਨਾਂ ਮਕਾਨਾਂ ' ਕੱਢਤੀ..? ਜੇ ਵਲੈਤ ਨਾ ਵਿਆਹੀ ਜਾਂਦੀ, ਫੇਰ..? ਪਰ ਮੀਹਾਂ ਸਿਆਂ, ਕੁੜੀ ਦੇ ਆਖੇ ਲੱਗ ਕੇ ਆਬਦਾ ਝੱਗਾ ਚੌੜ ਨਾ ਕਰਵਾਲੀਂ..! ਅਜੇ ਤਾਂ ਬੁੱਕਣ ਸਿਉਂ ਵੀ ਵਿਆਹੁੰਣ ਆਲ਼ਾ ਪਿਐ...! ਜਿਵੇਂ ਆਂਹਦੇ ਹੁੰਦੇ ਬਈ ਅੱਗਾ ਦੌੜ ਤੇ ਪਿੱਛਾ ਚੌੜ ਨਾ ਕਰਲੀਂ...!"
-"ਉਹ ਤਾਂ ਮੈਨੂੰ ਪਤੈ ਬਖਤੌਰ ਸਿਆਂ-!" ਮੀਹਾਂ ਸਿਉਂ ਨੂੰ ਕੋਈ ਟਿਕਾਣੇ ਦੀ ਗੱਲ ਔੜੀ
ਚਾਹ ਪਾਣੀ ਪੀ ਕੇ ਅਤੇ ਸਮਝੌਤੀਆਂ ਜਿਹੀਆਂ ਦੇ ਕੇ ਬਖਤੌਰ ਚਲਾ ਗਿਆ ਪਰ ਉਸ ਦੇ ਮਨ ਵਿਚ ਸ਼ੱਕ ਦਾ ਪਾੜ ਵਧਦਾ ਗਿਆ ਸੀ ਅਤੇ ਮੀਹਾਂ ਸਿਉਂ ਨੇ ਵੀ ਉਸ ਦੀ ਕੋਈ ਗੱਲ ਨਹੀਂ ਗੌਲ਼ੀ ਸੀ

ਉਹ ਆਪਣੇ ਆਪ ਨਾਲ਼ ਬੱਕੜਵਾਹ ਕਰਦਾ ਜਾ ਰਿਹਾ ਸੀ

-"ਲੈ ਹੁਣ ਸਾਲ਼ੇ ਦੇ ਰੱਬ ਯਾਦ ਨ੍ਹੀ ਰਿਹਾ..! ਬਈ ਸਾਲ਼ਿਆ ਧੀਆਂ ਦੀ ਕਮਾਈ ਖਾ ਕੇ ਤੂੰ ਨਰਕ ' ਜਾਵੇਂਗਾ..? ਕੋਈ ਸਮਾਂ ਸੀ, ਲੋਕ ਧੀਆਂ ਦੇ ਘਰ ਦਾ ਪਾਣੀ ਨ੍ਹੀ ਸੀ ਪੀਂਦੇ...! ਹੁਣ ਮੇਰੇ ਸਾਲ਼ੇ ਧੀਆਂ ਦੀ ਕਮਾਈ ਨਾਲ਼ ਬਿੱਲੀਆਂ ਬੁਲਾਉਂਦੇ , ਬਾਘੀਆਂ ਪਾਉਂਦੇ ...! ਹੋਰ ਤਾਂ ਹੋਰ, ਇਹ ਧੌਲ਼ਦਾਹੜ੍ਹੀਆ ਕੁੜੀ ਦਾ ਘਰ ਵੀ ਉਜਾੜੂ..! ਪਿਆ ਚੂਕੂ ਮੰਜੇ 'ਤੇ..! ਕਿਸੇ ਭੈਣ ਚੋਦ ਨੇ ਬਾਤ ਨਹੀ ਪੁੱਛਣੀ..! ਨਾਲ਼ੇ ਦੁਨੀਆਂ ਮੂੰਹ ' ਛਿੱਤਰ ਦਿਊ...! ਪਰ ਕਲਯੁਗ ਬਖਤੌਰ ਸਿਆਂ, ਕਲਯੁਗ਼...! ਅੱਜ ਕੱਲ੍ਹ ਪਾਪੀ ਐਸ਼ ਕਰਦੇ ਤੇ ਧਰਮੀ ਬੰਦੇ ਖਾਂਦੇ ਗੇੜੇ..! ਪਰ ਇਹ ਮੇਰਾ ਸਾਲ਼ਾ ਕੁੜੀ ਦਾ ਘਰ ਜਰੂਰ ਉਜਾੜੂ...! ਕੁੜੀ ਦਾ ਛਕਦਾ ਇਹ ਜਰੂਰ ...! ਦੱਸੇ, ਚਾਹੇ ਨਾ ਦੱਸੇ...! ਸੱਚ ਕਿਤੇ ਗੁੱਝਾ ਰਹਿੰਦੈ...? ਅਖੇ ਸਲਾਬਤਪੁਰੇ ਆਲ਼ੀ ਮਾਸੀ ਦੀ ਜ਼ਮੀਨ 'ਚੋਂ ਹਿੱਸਾ ਮਿਲ਼ਿਐ...! ਉਹ ਰਾਮਪੁਰੇ ਫ਼ੂਲ ਆਲ਼ੀ ਸਰਦਾਰਨੀ ਸੀ ਨ੍ਹਾ ਸਲਾਬਤਪੁਰੇ ਆਲ਼ੀ ਮਾਸੀ...? ਜਿਹੜੀ ਟਾਟੇ ਆਲ਼ੀ ਢੇਰੀ ਛੱਡਗੀ ਮਗਰ ਇਹਦੀ ਖਾਤਰ...? ਬਹੁੜ੍ਹੀ ਉਏ...! ਲੋਕ ਕਿਵੇਂ ਗਧਿਆਂ ਨੂੰ ਯੈਂਹਣ ਸਿਖਾਉਂਦੇ ...? ਸਾਲ਼ਾ ਸਾਰੀ ਉਮਰ ਸਾਡੀ ਜੂਠ ਖਾਂਦਾ ਖਾਂਦਾ, ਹੁਣ ਸਾਨੂੰ ਮੱਤਾਂ ਦਿੰਦੈ...! ਚੱਲ ਬਖਤੌਰ ਸਿਆਂ, ਤੂੰ ਕਾਹਨੂੰ ਔਖਾ ਹੁੰਨੈ...? ਜੀਹਦਾ ਢਿੱਡ ਦੁਖੂ, ਆਪੇ 'ਲਾਜ ਕਰਾਊ...! ਤੂੰ ਕਾਹਨੂੰ ਕਲਪਦੈਂ...? ਪਰ ਇਕ ਗੱਲ , ਇਹ ਧੀ ਦੇ ਘਰ ਨੂੰ ਲਾਂਬੂ ਜਰੂਰ ਲਾਊ ਸਾਲ਼ਾ ਕਲ਼ਯੁਗੀ...! ਇਹਨੂੰ ਧੀ ਦੀ ਮੁਖ਼ਤ ਦੀ ਕਮਾਈ ਖਾਣ ਦਾ ਸੁਆਦ ਪੈ ਗਿਐ...! ਹੁਣ ਇਹਦੇ ਮੂੰਹ ਨੂੰ ਕੁੱਤੇ ਮਾਂਗੂੰ ਲਹੂ ਲੱਗ ਚੁੱਕਿਐ, ਤੇ ਇਹ ਲਹੂ ਮਾੜਾ ਹੁੰਦੈ ਬਖ਼ਤੌਰ ਸਿਆਂ...! ਇਹਨੂੰ ਹੁਣ ਇਹ ਛੇਤੀ ਨ੍ਹੀ ਛੱਡ ਸਕਦਾ...! ਇਹਦੀ ਲਾਸ਼ ਨੂੰ ਕਿਸੇ ਨੇ ਦਾਗ ਨ੍ਹੀ ਦੇਣ ਆਉਣਾ, ਮੇਰਾ ਸਾਲ਼ਾ ਨਰਕਾਂ ' ਪਿਆ ਵੀ ਸੜੂ...! ਬਾਬੇ ਨਾਨਕ ਨੇ ਹੱਕ ਪਰਾਇਆ ਨਾਨਕਾ - ਉਸ ਸੂਅਰ ਉਸ ਗਾਇ ਕਿਹੈ..! ਇਹ ਧੀ ਦੇ ਘਰ ਦਾ ਖਾ ਕੇ ਜਾਊ ਕਿੱਥੇ...? ਪ੍ਰੇਤ ਬਣੂੰ...! ਐਹੋ ਜੇ ਬੇਈਮਾਨ ਨੂੰ ਤਾਂ ਦੋਹੀਂ ਜਹਾਨੀ ਢੋਈ ਨ੍ਹੀ ਮਿਲ਼ਦੀ...! ਇਹ ਧੀ ਧਿਆਣੀ ਦਾ ਬਿਗਾਨਾ ਹੱਕ ਛਕਣ ਵਾਲ਼ੇ ਰੱਬ ਦੇ ਸ਼ਰੀਕ ...! ਬਈ ਸਾਲ਼ਿਆ ਕੁੜੀ ਦੀ ਤਾਂ ਮੂੜ੍ਹ ਮੱਤ , ਤੂੰ ਤਾਂ ਧੌਲ਼ੀ ਦਾਹੜ੍ਹੀ ਆਲ਼ਾ ਚੌਰਾ, ਸਿਆਣੈਂ...? ਤੂੰ ਤਾਂ ਕੁਛ ਅਕਲ ਕਰ...! ਸਾਲ਼ਾ ਜਾਗਦਿਆਂ ਨੂੰ ਪੈਂਦੀਂ ਪਾਈ ਜਾਂਦੈ ਕੰਜਰ...!" ਬਖਤੌਰ 'ਕੱਲਾ ਹੀ ਗੱਲਾਂ ਕਰਦਾ ਜਾ ਰਿਹਾ ਸੀ

ਉਧਰ ਮੀਹਾਂ ਸਿਉਂ ਖਿਝਿਆ ਬੈਠਾ ਬਖਤੌਰ ਨੂੰ ਕੋਰੜੇ ਛੰਦ ਸੁਣਾਈ ਜਾ ਰਿਹਾ ਸੀ

-"ਲੈ ਦੁਨੀਆਂ ਦਾ ਕੀ ਕਰੀਏ...? ਪੈਸਾ ਮੇਰੀ ਧੀ ਦਾ, ਖਾਂਦਾ ਮੈਂ ਐਂ, ਬਈ ਤੇਰੇ ਕੀ ਸੂਲ਼ ਹੁੰਦੈ...? ਤੂੰ ਆਬਦਾ ਘਰੇ ਬਹਿ ਕੇ ਰੱਬ ਰੱਬ ਕਰ..! ਘਰ ਉਜੜੂ ਮੇਰੀ ਕੁੜੀ ਦਾ ਉਜੜੂ...! ਤੂੰ ਮੇਰੀ ਕੁੜੀ ਦਾ ..... ਮੇਰੇ ਮੂੰਹੋਂ ਕੁਛ ਹੋਰ ਨਿਕਲ਼ ਚੱਲਿਆ ਸੀ...! ਅਖੇ 'ਲਾਕੇ ' ਮੂੰਹ ਕਾਲ਼ਾ ਹੋਊ..! ਕਿਸੇ ਮਰਾਸੀ ਦੇ ਮੁੰਡੇ ਨੇ ਮਰਾਸੀ ਨੂੰ ਕਿਹਾ ਸੀ ਅਖੇ ਬਾਪੂ, ਆਪਣਾ ਸਾਰਾ ਪਿੰਡ ਤੈਨੂੰ ਟਿੱਚ ਜਾਣਦੈ, ਤੇ ਮਰਾਸੀ ਕਹਿੰਦਾ ਫ਼ਿਕਰ ਨਾ ਕਰ ਪੁੱਤ...! ਮੈਂ 'ਕੱਲਾ ਸਾਰੇ ਪਿੰਡ ਨੂੰ ਟਿੱਚ ਜਾਣਦੈਂ...! ਮੈਂ 'ਲਾਕੇ ਦੀ ਕਤੀਹੜ੍ਹ ਨੂੰ ਕੀ ਸਮਝਦੈਂ...? ਭੈਣ ਦੀ ਢੋਲਕੀ ਯਹਾਵੇ ਦੁਨੀਆਂ...! ਮੇਰਾ ਕੀ ਮੋਘਾ ਬੰਦ ਕਰ ਦਿਊ...? ਜਦੋਂ ਮੈਂ ਚਾਰ ਸਿਆੜ ਹੋਰ ਬੈਅ ਲੈ ਲਏ, ਮੇਰੇ ਗੋਡੀਂ ਹੱਥ ਲਾਇਆ ਕਰਨਗੇ...! ਮੈਂ ਦੁਨੀਆਂ ਤੋਂ ਕੀ ਲੈਣੈਂ...? ਦੁਨੀਆਂ ਮੇਰੀ ਜੁੱਤੀ ਦੇ ਯਾਦ ..? ਅੱਜ ਮੈਂ ਸਿਰੋਂ ਸਰਦਾਰ ਐਂ...! ਜੇ ਕੁੜੀ ਦਾ ਘਰ ਉਜੜ ਗਿਆ, ਹੋਰ ਘਰ ਥੋੜ੍ਹੇ ...? ਪੈਸਾ ਚਾਹੀਦੈ, ਮੁੰਡੇ ਤਾਂ ਖੁੰਬਾਂ ਮਾਂਗੂੰ ਉਠ ਖੜ੍ਹਨਗੇ...! ਨਾਲ਼ੇ ਕੁੜੀ ਵਲੈਤ ' ਪੱਕੀ...! ਮੁੰਡਿਆਂ ਦੀ ਤਾਂ ਨ੍ਹੇਰੀ ਲਿਆ ਦਿਆਂਗੇ...! ਲਾ ਦਿਆਂਗੇ ਲਾਇਣ...! ਹਨੀ ਨੂੰ ਉਹ ਪ੍ਰੀਵਾਰ ਸੁੱਖ ਕੇ ਤਾਂ ਨ੍ਹੀ ਦਿੱਤਾ ਸਾਰੀ ਉਮਰ...? ਨਾਲ਼ੇ ਹਨੀ ਸਿਆਣੀ ਧੀ ...! ਪੈਸੇ ਭੇਜਿਆਂ ਦਾ ਭੇਤ ਥੋੜ੍ਹੋ ਦਿਊ...? ਉਹ ਤਾਂ ਕੱਚ ਹਜਮ ਕਰਜੇ..! ਛੱਪੜ ਪੀ ਕੇ ਡਕਾਰ੍ਹ ਨਾ ਮਾਰੇ..! ਸੱਤਾਂ ਪੱਤਣਾਂ ਦੀ ਤਾਰੂ ਕੁੜੀ ...! ਤੇ ਇਹ ਸਾਲ਼ਾ ਮੂੰਗੀ ਖਾਣੀ ਜਾਤ, ਬਖਤੌਰਾ..? ਲੈ ਮੇਰੇ 'ਤੇ ਸ਼ਿਸ਼ਨ ਜੱਜ ਬਣਿਆਂ...! ਮੈਂ ਐਹੋ ਜਿਆਂ ਨੂੰ ਕੀ ਗੌਲ਼ਦੈਂ...? ਐਹੋ ਜੇ ਮੇਰੇ ਮੂਤ ਦੀ ਧਾਰ ਦੇ ਰੋੜ੍ਹੇ ਵੇ ...! ਜਿਉਂਦੀ ਰਹੇ ਮੇਰੀ ਸੁਲੱਖਣੀ ਧੀ, ਜਿਹੜੀ ਚੜ੍ਹੇ ਮਹੀਨੇ ਚਾਲ਼ੀ ਪੰਜਾਹ ਹਜਾਰ ਦਾ ਚੈੱਕ ਖੋਟੇ ਪੈਸੇ ਮਾਂਗੂੰ ਐਥੇ ਮਾਰਦੀ ...! ਨਾਲ਼ੇ ਭਾਈ ਉਹਨਾਂ ਨੂੰ ਚਾਲ਼ੀ ਪੰਜਾਹ ਹਜਾਰ ਕੀ ਯਾਦ ...? ਉਹਨਾਂ ਦਾ ਤਾਂ ਚਾਰ ਕੁ ਸੌ ਬਣਦੈ...! ਨਾਲ਼ੇ ਸਿਆਣੀ ਧੀ ਦੱਸਦੀ ਸੀਗੀ, ਅਖੇ ਬਾਪੂ ਸਹੁਰਿਆਂ ਨੂੰ ਕਿਵੇਂ ਪਤਾ ਲੱਗਜੂ...? ਮੈਂ ਓਵਰਟੈਮ ਪੰਜ ਘੰਟੇ ਲਾਵਾਂ ਤਾਂ ਰਮਣੀਕ ਨੂੰ ਦੋ ਘੰਟੇ ਦੱਸਦੀ ਹੁੰਨੀ ਆਂ, ਨਾਲ਼ੇ ਰਮਣੀਕ ਕਿਹੜਾ ਮੇਰੇ ਸਿਰ 'ਤੇ ਖੜ੍ਹਾ ਰਹਿੰਦੈ...? ਕਦੇ ਰਾਤ ਦੀ ਡਿਉਟੀ, ਕਦੇ ਦਿਨ ਦੀ...! ਕੇ ਸੌਂ ਜਾਂਦੈ...! ਉਹਦੇ ਸੁੱਤੇ ਸੁੱਤੇ ਮੈਂ ਓਵਰ ਟੈਮ ਕਰ ਆਉਨੀ ਐਂ...! ਬੜੀ ਚਤਰ ਤੇ ਢੰਗੀ ਮੇਰੀ ਹਨੀ ਧੀ...! ਲੈ ਖਾਂਦਾ ਮੈਂ ਐਂ, ਭੇਜਦੀ ਮੇਰੀ ਧੀ ਹਨੀ , ਦੁਨੀਆਂ ਦੇ ਢਿੱਡ ' ਐਂਵੇਂ ਸੂਲ਼ ਹੋਈ ਜਾਂਦੈ...?" ਮੀਹਾਂ ਸਿੰਘ ਨੇ ਆਪਣੇ ਦਿਲ ਦੀ ਭੜ੍ਹਾਸ ਕੱਢ ਲਈ ਪਰ ਉਸ ਦੇ ਮਨ ਨੇ ਜ਼ਰੂਰ ਮਹਿਸੂਸ ਕੀਤਾ ਕਿ ਧੀ ਧਿਆਣੀ ਦਾ ਪੈਸਾ ਖਾਣਾ ਦੋਹਾਂ ਜਹਾਨਾਂ ਵੱਲੋਂ ਧੱਕਿਆ ਜਾਣਾ ਹੈ... ਉਸ ਨੂੰ ਪਤਾ ਸੀ ਕਿ ਉਹ ਸਰਾਸਰ ਕੁਦਰਤ ਦੇ ਕਾਨੂੰਨ ਦੇ ਖ਼ਿਲਾਫ਼ ਜਾ ਰਿਹਾ ਸੀ... ਪਰ ਹਰਾਮ ਦੇ ਪੈਸੇ ਦੀ ਲੱਗੀ ਲੱਤ ਨੂੰ ਉਹ ਕਿਸੇ ਹਾਲਤ ਵਿਚ ਵੀ ਤਿਆਗ ਨਹੀਂ ਸਕਦਾ ਸੀ... ਮੁਫ਼ਤ ਦੀ ਐਸ਼ ਕਿਸੇ ਨੇ ਤਿਆਗੀ ...?

* * * * *
ਹਨੀ ਅਤੇ ਰਮਣੀਕ ਵੀ ਬੜੀ ਆਨੰਦਮਈ ਜ਼ਿੰਦਗੀ ਬਸਰ ਕਰ ਰਹੇ ਸਨ ਰਮਣੀਕ ਨੂੰ ਹਨੀ ਦੇ ਪੇਕਿਆਂ ਨੂੰ ਪੈਸੇ ਭੇਜਣ ਦਾ ਕੋਈ ਇਲਮ ਨਹੀਂ ਸੀ ਇਮਾਨਦਾਰੀ ਰੱਬ ਦੇ ਘਰੋਂ ਸੁਮੱਤ ਵਜੋਂ ਹੀ ਆਉਂਦੀ ਦਾਰੂ ਪੀਣ ਦਾ ਰਮਣੀਕ ਸ਼ੌਕੀਨ ਸੀ ਪਰ ਕਦੇ ਵੀ ਪੀ ਕੇ ਹਾਅਤ-ਹੂਅਤ ਨਹੀਂ ਕਰਦਾ ਸੀ ਪੀਂਦਾ ਅਤੇ ਆਨੰਦ ਮਾਣਦਾ ਸੀ ਗ੍ਰਹਿਸਥ ਦੀ ਗੱਡੀ ਬੜੀ ਸੋਹਣੀ ਲੀਹ 'ਤੇ ਚੜ੍ਹੀ ਹੋਈ ਸੀ ਕਿਸੇ ਪਾਸਿਓਂ ਕੋਈ ਗ਼ਿਲਾ ਸ਼ਿਕਵਾ ਨਹੀਂ ਸੀ ਅੰਦਰੋ ਅੰਦਰੀ ਜੇ ਗ੍ਰਹਿਸਥੀ ਜੀਵਨ ਵਿਚ ਖੱਲ੍ਹੜ-ਖੋਰ ਪਾ ਰਹੀ ਸੀ, ਤਾਂ ਉਹ ਹਨੀ ਸੀ... ਰਮਣੀਕ ਤਾਂ ਬਥੇਰਾ ਸਤਿਯੁਗੀ ਬੰਦਾ ਸੀ

ਰਮਣੀਕ ਕੰਮ ਤੋਂ ਅੱਜ ਸੁਦੇਹਾਂ ਹੀ ਘਰ ਗਿਆ ਸੀ ਕੰਪਨੀ ਵਿਚ ਕੰਮ ਕੋਈ ਬਹੁਤਾ ਨਹੀਂ ਸੀ ਕੰਮ ਵੀ ਰਮਣੀਕ ਕੀ ਕਰਦਾ ਸੀ...? ਅੰਬੈਸੀ ਦੀ ਸਕਿਊਰਿਟੀ ਵਿਚ ਉਸ ਦੀ ਡਿਊਟੀ ਸੀ ਅੰਬੈਸੀ ਸ਼ਾਮ ਦੇ ਪੰਜ ਵਜੇ ਬੰਦ ਹੋ ਜਾਂਦੀ ਸੀ ਪਰ ਜਦੋਂ ਦਾ 11 ਸਤੰਬਰ 2001 ਨੂੰ ਅਮਰੀਕਾ ਦੇ ਵਿਸ਼ਵ ਵਿਉਪਾਰ ਕੇਂਦਰ ਅਤੇ ਸੁਰੱਖਿਆ ਸਕੱਤਰੇਤ ਪੈਂਟਾਗਨ ਉਪਰ ਹਵਾਈ ਜਹਾਜਾਂ ਨਾਲ ਹਮਲਾ ਹੋਇਆ ਸੀ, ਤਾਂ ਸਰਕਾਰ ਨੇ ਸਾਰੀਆਂ ਅੰਬੈਸੀਆਂ ਦੀ ਸਕਿਊਰਿਟੀ ਦਿਨ ਰਾਤ ਦੀ ਹੀ ਕਰ ਦਿੱਤੀ ਸੀ ਸਰਕਾਰਾਂ ਦੇ ਮਨ ਵਿਚ ਸੀ ਕਿ ਅੱਤਿਵਾਦੀ ਕਦੋਂ ਵੀ, ਕਿਸੇ ਵੀ ਅੰਬੈਸੀ 'ਤੇ ਘਾਤਕ ਹਮਲਾ ਕਰ ਸਕਦੇ ਸਨ ਅੱਤਿਵਾਦੀਆਂ ਨੂੰ ਕਿਹੜਾ ਕਿਸੇ ਦੀ ਕੋਈ ਰੋਕ ਟੋਕ ਸੀ...? ਜਾਂ ਕਿਤੋਂ ਇਜਾਜ਼ਤ ਲੈਣੀ ਸੀ? ਜਦੋਂ ਦਾਅ ਲੱਗਿਆ, ਕਾਰਾ ਕਰ ਦਿੱਤਾ ਅਤੇ ਨਿਰਦੋਸ਼ ਲੋਕਾਂ ਨੂੰ ਮਾਰ ਕੇ ਪਰ੍ਹਾਂ ਹੋਏ...! ਬੇਦੋਸ਼ਿਆਂ ਦੇ ਲਹੂ ਨਾਲ਼ ਪਿਆਸ ਬੁਝਾ ਲਈ...! ਬੇਕਸੂਰਾਂ ਨੂੰ ਬੱਕਰੇ ਵਾਂਗ ਝਟਕਾ ਧਰਿਆ...!

ਅੱਤਿਵਾਦੀ ਆਪਣਾ ਕੰਮ ਕਰ ਕੇ ਪਾਸੇ ਹੋ ਜਾਂਦੇ ਸਨ ਅਤੇ ਸਕਿਊਰਿਟੀ ਅਤੇ ਪੁਲੀਸ ਵਾਲਿਆਂ ਦੇ ਭਾਅ ਦੀ ਬਣੀ ਰਹਿੰਦੀ ਵੱਖੋ ਵੱਖ ਮੰਤਰੀ ਬੁਲਿਟ ਪਰੂਫ਼ ਗੱਡੀਆਂ ਵਿਚ ਕੇ ਟੈਲੀਵਿਯਨ, ਰੇਡੀਓ ਅਤੇ ਅਖ਼ਬਾਰਾਂ ਵਿਚ ਬਿਆਨ ਦਾਗ ਕੇ ਡੰਡੀ ਪੈਂਦੇ ਅਤੇ ਪੈੱਗ ਲਾ ਕੇ ਮਖ਼ਮਲੀ ਗੱਦਿਆਂ 'ਤੇ ਜਾ ਬਿਰਾਜਦੇ ਆਮ ਜਨਤਾ ਦੇ ਦਿਲ ਡਰ ਅਤੇ ਭੈਅ ਨਾਲ਼ "ਫ਼ੜੱਕ-ਫ਼ੜੱਕ" ਵੱਜੀ ਜਾਂਦੇ ਸਮੁੱਚੇ ਲੋਕ ਡਰਦੇ ਰਾਤ ਨੂੰ ਘਰੋਂ ਬਾਹਰ ਨਾ ਨਿਕਲਦੇ ਰਜਾਈਆਂ ਕੰਬਲਾਂ ਵਿਚ ਬੈਠੇ ਹੀ ਟੈਲੀਵਿਯਨ ਦੇਖੀ ਜਾਂਦੇ ਅਤੇ ਆਪੋ ਆਪਣੀਆਂ ਸਰਕਾਰਾਂ ਨੂੰ ਕੋਸਦੇ ਰਹਿੰਦੇ ਅੱਤਿਵਾਦੀਆਂ ਦੀ ਪ੍ਰਮੁੱਖ ਮੰਗ ਇਹ ਸੀ ਕਿ ਇਰਾਕ ਅਤੇ ਅਫ਼ਗਾਨਿਸਤਾਨ ਵਿਚੋਂ ਅਮਰੀਕੀ ਅਤੇ ਇੰਗਲੈਂਡ ਦੀਆਂ ਫ਼ੌਜਾਂ ਨੂੰ ਬਾਹਰ ਕੱਢਿਆ ਜਾਵੇ ਅਤੇ ਉਥੋਂ ਦੇ ਲੋਕਾਂ ਨੂੰ ਸ਼ਾਂਤੀ ਨਾਲ਼ ਜਿਉਣ ਦਿੱਤਾ ਜਾਵੇ ਪਰ ਦੁਨੀਆਂ ਦੇ 'ਠਾਣੇਦਾਰ' ਜਾਰਜ ਡਬਲਿਊ ਬੁਸ਼ ਅਤੇ ਉਸ ਦਾ 'ਮੁਣਸ਼ੀ' ਟੋਨੀ ਬਲੇਅਰ ਨੇ "ਮੈਂ ਨਾ ਮਾਨੂੰ" ਦੀ ਰਟ ਹੀ ਲਾਈ ਹੋਈ ਸੀ ਉਹ ਆਪਣੇ ਭਾਣੇ ਤਾਂ ਇਹਨਾਂ ਦੇਸ਼ਾਂ ਵਿਚ ਸ਼ਾਂਤੀ ਸਥਾਪਤ ਕਰਨਾ ਚਾਹੁੰਦੇ ਸਨ ਪਰ ਹਾਲਾਤ ਦਿਨ--ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਸਨ ਅਤੇ ਇਸ ਦਾ ਬਦਲਾ ਅੱਤਿਵਾਦੀ ਬੇਕਸੂਰ ਲੋਕਾਂ 'ਤੇ ਬੰਬ ਸੁੱਟ-ਸੁੱਟ ਕੇ, ਜਾਂ ਬੱਸਾਂ ਵਿਚ ਬੰਬ ਰੱਖ ਕੇ ਲੈ ਰਹੇ ਸਨ

ਚਾਹੇ ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਅਮਰੀਕੀ ਫ਼ੌਜਾਂ ਨੇ 22 ਅਪ੍ਰੈਲ 2003 ਨੂੰ ਟਿਰਕਿਤ ਤੋਂ ਦਸ ਮੀਲ ਦੂਰ ਅਦਵਰ 'ਚੋਂ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਅਮਰੀਕਾ ਨੇ ਇਸ ਨੂੰ ਆਪਣੀ ਭਾਰੀ ਪ੍ਰਾਪਤੀ ਅਤੇ ਜਿੱਤ ਦੱਸਿਆ ਸੀ, ਪਰ ਆਮ ਲੋਕ ਸੱਦਾਮ ਹੁਸੈਨ ਦੀ ਇਸ ਗ੍ਰਿਫ਼ਤਾਰੀ ਨੂੰ ਇਕ ਮਹਿਜ਼ 'ਡਰਾਮਾ' ਹੀ ਕਰਾਰ ਦਿੰਦੇ ਸਨ ਰਮਣੀਕ ਦੇ ਸਕਿਊਰਿਟੀ ਸਟਾਫ਼ ਦੀ ਕੰਟੀਨ ਵਿਚ ਸੱਦਾਮ ਹੁਸੈਨ ਦੀ ਇਸ ਗ੍ਰਿਫ਼ਤਾਰੀ ਦੀ ਚਰਚਾ ਆਮ ਹੀ ਚੱਲਦੀ ਰਹਿੰਦੀ ਇਸ ਸਕਿਊਰਿਟੀ ਸਟਾਫ਼ ਵਿਚ ਬਹੁਤੇ ਭਾਰਤੀ ਹੀ ਸਨ ਸਨ ਤਾਂ ਗੋਰੇ ਵੀ... ਪਰ ਉਹਨਾਂ ਨੂੰ ਦੇਸੀ ਭਾਈਬੰਦਾਂ ਦੀ ਭਾਸ਼ਾ ਦੀ ਕੋਈ ਸਮਝ ਨਹੀਂ ਪੈਂਦੀ ਸੀ ਇਸ ਲਈ ਉਹ ਕੰਟੀਨ ਵਿਚ ਆਪਣਾ ਗਰੁੱਪ ਬਣਾ ਕੇ ਗੱਲਾਂ ਬਾਤਾਂ ਕਰਦੇ ਰਹਿੰਦੇ ਦੇਸੀ ਭਾਈਬੰਦ ਗੋਰਿਆਂ ਨੂੰ "ਚੀਨੇ ਕਬੂਤਰ" ਹੀ ਦੱਸਦੇ ਸਨ ਚਾਹੇ ਉਹ ਸਾਰੇ ਬ੍ਰਿਟਿਸ਼ ਸਕਿਊਰਿਟੀ ਲਈ ਹੀ ਕੰਮ ਕਰਦੇ ਸਨ, ਪਰ ਪਤਾ ਨਹੀਂ ਕਿਉਂ ਉਹ ਸੱਦਾਮ ਹੁਸੈਨ ਦੀ ਇਸ ਡਰਾਮਾ ਭਰੀ ਗ੍ਰਿਫ਼ਤਾਰੀ ਨਾਲ਼ ਸਹਿਮਤ ਨਹੀਂ ਸਨ ਇਸ ਨਾ ਮੰਨਣਯੋਗ ਗ੍ਰਿਫ਼ਤਾਰੀ ਬਾਰੇ ਸਾਰੇ ਸਕਿਊਰਿਟੀ ਸਟਾਫ਼ ਦੀ 'ਚੁੰਝ-ਚਰਚਾ' ਆਮ ਚੱਲਦੀ ਰਹਿੰਦੀ
-"ਥੋਡਾ ਕੀ ਵਿਚਾਰ ਬਈ ਸੱਦਾਮ ਨੂੰ ਇਹਨਾਂ ਨੇ ਘੇਰਾ ਪਾ ਕੇ ਊਂਈਂ ਚੂਹੇ ਮਾਂਗੂੰ ਬਾਹਰ ਕੱਢ ਲਿਆ ਹੋਊਗਾ...?" ਪੰਜਾਬੀ ਭਾਈਬੰਦ ਲੋਪੋ ਵਾਲ਼ਾ ਜੁਗਰਾਜ ਫ਼ੌਜੀ ਕਚ੍ਹੀਰਾ ਕਰਦਾ

-"ਮੈਂ ਨ੍ਹੀ ਮੰਨਦਾ..." ਭਾਗ ਸਿਉਂ ਘੈਂਟ ਬੋਲਦਾ
-"ਮੀਡੀਏ ਅਨੁਸਾਰ ਗ੍ਰਿਫ਼ਤਾਰੀ ਵੇਲੇ ਸੱਦਾਮ ਕੋਲ ਦੋ ਰਿਵਾਲਵਰ ਤੇ ਇਕ . ਕੇ. ਸੰਤਾਲ਼ੀ ਸੀ, ਸਮਝ ਨ੍ਹੀ ਆਉਂਦੀ ਬਈ ਉਹਨੇ ਇਹ ਹਥਿਆਰ ਰੱਖੇ ਕਾਹਦੇ ਵਾਸਤੇ ਸੀ...? ਜਦੋਂ ਉਹਨੇ ਚਲਾਉਣੇ ਨ੍ਹੀ ਸੀ...?"
-"ਇਕ ਗੱਲ ਦੱਸਾਂ...?" ਜੈਤੋ ਵਾਲ਼ਾ ਸਾਧੂ ਡਰਾਈਵਰ ਬੋਲਿਆ
-"ਦੱਸ਼...?"
-"ਤਕੜੇ ਦਾ ਸੱਤੀਂ ਵੀਹੀਂ ਸੌ...! ਮੇਰੀ ਨਜ਼ਰ ਮੁਤਾਬਿਕ ਸੱਦਾਮ ਨੂੰ ਕਈ ਦਿਨ ਪਹਿਲਾਂ ਦਾ ਗ੍ਰਿਫ਼ਤਾਰ ਕੀਤਾ ਵਿਆ ਸੀ, ਪਰ ਉਸ ਦੇ ਦਰਸ਼ਣ ਬਾਅਦ ' ਜਾ ਕੇ ਪੁਆਏ...!"
-"ਬਿਲਕੁਲ ਸਹੀ ਗੱਲ ...!" ਫ਼ੌਜੀ ਨੇ ਸਹਿਮਤੀ ਪ੍ਰਗਟਾਈ
-"ਯਾਰ, ਇਰਾਕ ਦਾ ਬੜ੍ਹਕਾਂ ਮਾਰਨ ਆਲ਼ਾ ਬੱਬਰ ਸ਼ੇਰ ਸੱਦਾਮ ਹੁਸੈਨ ਹੋਵੇ, ਤੇ ਉਹਦੇ ਕੋਲ਼ੇ ਦੋ ਰਿਵਾਲਵਰ ਤੇ ਇਕ . ਕੇ. ਸੰਤਾਲ਼ੀ ਹੋਣ, ਤੇ ਉਹ ਦੁਸ਼ਮਣ ਦੀਆਂ ਫ਼ੌਜਾਂ 'ਤੇ ਇਕ ਵੀ ਗੋਲ਼ੀ ਨਾ ਚਲਾਵੇ...? ਘੱਟੋ ਘਟ ਮੈਂ ਨ੍ਹੀ ਮੰਨਦਾ...! ਨਹੀਂ, ਇਹ ਮੰਨਣ ਆਲ਼ੀ ਗੱਲ ਨਹੀਂ...!"

-"ਇਹ ਤਾਂ ਸਰਾਸਰ ਉਹਨੂੰ ਡਰਪੋਕ ਦਿਖਾਉਣ ਵਾਸਤੇ ਸ਼ੋਅ ਕੀਤਾ ਗਿਐ...! ਜੇ ਉਹਦੇ ਵੱਸ ਹੁੰਦਾ, ਤਾਂ ਉਹ ਤਾਂ ਪਾ ਦਿੰਦਾ ਖਿਲਾਰੇ...!"
-"ਕਹਿੰਦੇ ਉਹਦੇ ਕੋਲੋਂ ਸਾਢੇ ਸੱਤ ਲੱਖ ਅਮਰੀਕਣ ਡਾਲਰ ਵੀ ਫੜਿਐ...?"
-"ਦਿਖਾਇਆ ਜ਼ਰੂਰ ...! ਪਰ ਕੀ ਪਤੈ ਉਹਦੇ ਕੋਲੋਂ ਫੜਿਆ ਵੀ ਕਿ ਨਹੀਂ...?"
-"ਸਾਰਾ ਮੀਡੀਆ ਅਮਰੀਕਾ ਗੌਰਮਿੰਟ ਦਾ , ਜੋ ਮਰਜ਼ੀ ਦਿਖਾਈ ਜਾਣ...? ਜੇ ਉਹ ਆਖ ਦੇਣ ਕਿ ਸੱਦਾਮ ਹੁਸੈਨ ਕੋਲ਼ ਰੱਬ ਸੀ, ਇਹਦੇ ' ਵੀ ਕੋਈ ਚਰਜ ਨ੍ਹੀ...!"
-"ਯਾਰ ਜਿਹੜੇ ਬੰਦੇ ਨੇ ਅੰਦਰੋਂ ਬਾਹਰ ਨ੍ਹੀ ਨਿਕਲਣਾ, ਜਿਹੜਾ ਬੈਠਾ ਭੋਰੇ ' ...? ਉਹਨੇ ਸਾਢੇ ਸੱਤ ਲੱਖ ਡਾਲਰ ਢੂਹੀ ' ਲੈਣੇ ਐਂ...? ਉਹਨੇ ਕਿਹੜਾ ਸ਼ੌਪਿੰਗ ਕਰਨ ਨਿਕਲਣਾ ਸੀ...? ਇਹ ਸਭ ਬਕਵਾਸ ਤੇ ਸੱਦਾਮ ਨੂੰ ਬਦਨਾਮ ਕਰਨ ਲਈ ਸਟੰਟ ...!"
-"ਹੁਣ ਤੂੰ ਆਹ ਦੇਖਲਾ..." ਸੇਵਕ ਨੇ ਲੋਪੋ ਵਾਲੇ ਫ਼ੌਜੀ ਦੇ ਪੱਟ 'ਤੇ ਧੱਫ਼ੀ ਜਿਹੀ ਮਾਰੀ

-"ਅੰਬਰਸਰ ਦਰਬਾਰ ਸਾਹਿਬ 'ਤੇ ਜੂਨ 1984 ' ਮਿਲਟਰੀ ਅਟੈਕ ਹੋਇਆ...! ਉਦੋਂ ਗੌਰਮਿੰਟ ਨੇ ਕੀ ਨ੍ਹੀ ਰੌਲ਼ਾ ਪਾਇਆ...? ਉਦੋਂ ਵੀ ਆਖੀ ਗਏ ਬਈ ਉਥੋਂ ਨੰਗੀਆਂ ਕੁੜੀਆਂ ਮਿਲੀਐਂ ਜੀ..! ਉਥੋਂ ਲਾਹੌਰ ਨੂੰ ਇਕ ਸੁਰੰਗ ਜਾਂਦੀ ਜੀ...! ਸੰਤ ਭਿੰਡਰਾਂ ਵਾਲ਼ੇ ਉਥੋਂ ਭੱਜ ਕੇ ਪਾਕਿਸਤਾਨ ਚਲੇ ਗਏ...! ਪੁੱਛਣਾਂ ਹੋਵੇ...? ਬਈ ਜੀਹਨੂੰ ਫੜਨ ਆਸਤੇ ਐਨੀ ਫ਼ੌਜ ਝੋਕਤੀ...? ਜੇ ਉਹ ਭੱਜ ਕੇ ਪਾਕਿਸਤਾਨ ਨਿਕਲ਼ ਗਿਆ, ਤਾਂ ਹਿੰਦੋਸਤਾਨ ਗੌਰਮਿੰਟ ਦੀ ਜਾਂ ਮਿਲਟਰੀ ਦੀ ਪ੍ਰਾਪਤੀ ਕੀ ਹੋਈ...? ਐਨੀਆਂ ਗੱਲਾਂ ਕਰਨ ਦੇ ਬਾਵਜੂਦ ਵੀ, ਦੱਸੋ ਗੌਰਮਿੰਟ ਦਾ ਕਿਸੇ ਨੇ ਕੀ ਕਰ ਲਿਆ...? ਜਦੋਂ ਸਰਾਸਰ ਮੀਡੀਆ ਗੌਰਮਿੰਟ ਪੱਖੀ ਹੋ ਜਾਵੇ, ਉਹਤੋਂ ਉਹ ਜੋ ਮਰਜ਼ੀ ਅਖਵਾਈ ਜਾਣ...! ਬੱਸ ਇਕ ਅਲ-ਜ਼ਜ਼ੀਰਾ ਆਲੇ ...! ਜਿਹੜੇ ਸੱਚ ਦਿਖਾਉਂਦੇ , ਬਾਕੀਆਂ ਦਾ ਤਾਂ ਰੱਬ ਰਾਖੈ...!"
-"ਊਂ ਹੋਰ ਗੱਲ ...! ਮੈਂ ਇਹ ਨ੍ਹੀ ਕਹਿੰਦਾ ਬਈ ਸੱਦਾਮ ਹੁਸੈਨ ਦੁੱਧ ਧੋਤੈ...! ਪਰ ਯਾਰ ਉਹਦਾ ਸਾਰਾ ਟੱਬਰ ਉਜੜ ਗਿਆ...! ਦੋ ਮੁੰਡੇ ਸੀ, ਉਹ ਮਾਰਤੇ...! ਕੁੜੀਆਂ ਵਿਚਾਰੀਆਂ ਜੌਰਡਨ ' ਪੁਲੀਟੀਕਲ ਸਟੇਅ ਲਈ ਬੈਠੀਐਂ-"

-"ਦੁੱਧ ਧੋਤਾ ਸੱਦਾਮ ਹੁਸੈਨ ਬਿਲਕੁਲ ਨ੍ਹੀ ਸੀ...! ਸ਼ੀਆ ਦੇ 148 ਮੁਸਲਮਾਨਾਂ ਦੇ ਕਤਲਾਂ ਦਾ ਤੇ 399 ਲੋਕਾਂ ਨੂੰ ਬੰਦੀ ਬਣਾਉਣ ਦਾ ਦੋਸ਼ ਵੀ ਇਹਦੇ 'ਤੇ ਲੱਗਦੈ-"
-"ਚਲੋ ਸੱਦਾਮ ਦੀ ਗੱਲ ਛੱਡੋ...! ਇਹ ਦੇਖੋ ਬਈ ਸੱਦਾਮ ਪੱਖ ਦੇ ਤਿੰਨ ਵਕੀਲਾਂ ਦੀ ਵੀ ਹੱਤਿਆ ਕੀਤੀ ਗਈ...! ਕੀ ਇਹ ਵੀ ਕਾਨੂੰਨ ' ਲਿਖਿਐ...? ਹਰ ਬੰਦੇ ਨੂੰ ਆਪਣਾ ਵਕੀਲ ਕਰਨ ਦਾ ਹੱਕ ..! ਜੇ ਵਿਰੋਧੀ ਧਿਰ ਵਕੀਲਾਂ ਨੂੰ ਸੋਧਣ ਲੱਗ ਪਵੇ, ਫੇਰ ਅਗਲੇ ਦਾ ਤਾਂ ਅੱਲਾ ਰਾਖੈ...!"
-"ਥੋਨੂੰ ਕੀ ਲੱਗਦੈ ਬਈ ਹੁਣ ਸੱਦਾਮ ਨੂੰ ਸਜ਼ਾ ਕੀ ਹੋਊ...?" ਫ਼ੌਜੀ ਨੇ ਤੋੜਾ ਝਾੜਨ ਵਾਲ਼ਿਆਂ ਵਾਂਗ ਪੁੱਛਿਆ
-"ਇਹ ਅਦਾਲਤੀ ਕਾਰਵਾਈ ਵੀ ਇਕ ਸ਼ੋਸ਼ਾ ...! ਸਜ਼ਾ ਤਾਂ ਅਮਰੀਕਾ ਸਰਕਾਰ ਨੇ ਲਿਖ ਕੇ ਜੱਜ ਨੂੰ ਪਹਿਲਾਂ ਫੜਾਈ ਹੋਈ ...! ਬੁਸ਼ ਇਹਨੂੰ ਬਚ ਕੇ ਜਮਾਂ ਨ੍ਹੀ ਨਿਕਲਣ ਦਿੰਦਾ, ਸੱਦਾਮ ਨੂੰ ਫ਼ਾਂਸੀ ਦੀ ਸਜ਼ਾ ਲਾਜ਼ਮੀ ਕਰਵਾ ਕੇ ਸਾਹ ਲਊ...! ਚਾਹੇ ਉਹਨੂੰ ਆਪਣੀ ਕਿੰਨੀ ਵੀ ਫ਼ੌਜ ਦੀ ਬਲੀ ਨਾ ਦੇਣੀ ਪਵੇ...?"
-"ਚਾਹੇ ਕੁਛ ਵੀ , ਪਰ ਬੱਬਰ ਅਜੇ ਵੀ 'ਮੇਰਾ ਦੇਸ਼ ਮਹਾਨ-ਜ਼ਿੰਦਾਬਾਦ' ਦੇ ਨਾਅਰੇ ਮਾਰਦੈ...! ਆਪਣੇ ਆਪ ਨੂੰ ਅਜੇ ਵੀ ਇਰਾਕ ਦਾ ਰਾਸ਼ਟਰਪਤੀ ਦੱਸਦੈ...!"
-"ਤਸ਼ੱਦਦ ਵੀ ਕਹਿੰਦੇ ਬਹੁਤ ਕੀਤੈ ਬਈ ਉਹਦੇ 'ਤੇ..."
-"ਉਏ, ਉਹ ਤਾਂ ਅਦਾਲਤ ' ਪਿੱਟੀ ਗਿਐ...? ਬਈ ਮੇਰਾ ਝੱਗਾ ਲੁਹਾ ਕੇ ਤਾਂ ਵੇਖੋ...! ਤੇ ਦੇਖੋ ਮੇਰੇ ਜਿਸਮ ਦੇ ਕਿਹੜੇ ਅੰਗ 'ਤੇ ਫ਼ੌਜੀਆਂ ਦੇ ਤਸ਼ੱਦਦ ਦੇ ਨਿਸ਼ਾਨ ਨਹੀਂ, ਪਰ ਸੁਣੀਂ ਕਿਸੇ ਕੰਜਰ ਨੇ ਨ੍ਹੀ...!"
-"ਸੁਣਨੀ ਉਹਦੀ ਕੀਹਨੇ ਸੀ...? ਸ਼ਿਕਾਰੀ ਕੁੱਤਿਆਂ ਮਾਂਗੂੰ ਤਾਂ ਉਹਦੇ ਮਗਰ ਪਏ ਵੇ ਸੀਗੇ...? ਮਸਾਂ ਤਾਂ ਇਹ ਉਹਨਾਂ ਨੂੰ ਮਿਲਿਆ ਸੀ, ਘੱਟ ਉਹ ਇਹਦੇ ਨਾਲ਼ ਕਿਵੇਂ ਕਰਦੇ?"
-"ਇਕ ਗੱਲ ਹੋਰ ਫ਼ੌਜੀਆ...!" ਸੇਵਕ ਕਾਫ਼ੀ ਦੇਰ ਬਾਅਦ ਬੋਲਿਆ ਸੀ

-"............."

-"ਫੜਿਆ ਇਹ ਬੱਬਰ ਜਮਾਂ ਨ੍ਹੀ ਸੀ ਜਾਂਦਾ...! ਇਹ ਤਾਂ ਕੋਈ ਘਰ ਦਾ ਭੇਤੀ ਲੰਕਾ ਢਾਹ ਗਿਆ...! ਇਹ ਤਾਂ ਕਿਸੇ ਪੂਰੇ ਭੇਤੀ ਦੇ ਸੱਪ ਲੜਿਐ...!"
-"ਇਹ ਤਾਂ ਹੈ ...! ਨਹੀਂ ਉਹਨਾਂ ਨੂੰ ਕੀ ਸੁਫ਼ਨਾ ਆਉਂਦਾ ਸੀ...? ਕਿੰਨੇ ਚਿਰ ਦਾ ਉਹ ਲੁਕਿਆ ਛਿਪਿਆ ਤੁਰਿਆ ਫਿਰਦਾ ਸੀ...? ਸ਼ਿਵ ਜੀ ਮਹਾਰਾਜ ਮਾਂਗੂੰ ਤੀਸਰਾ ਨੇਤਰ ਤਾਂ ਇਹਨਾਂ ਦਾ ਕੋਈ ਖੁੱਲ੍ਹ ਨ੍ਹੀ ਗਿਆ...? ਇਹ ਤਾਂ ਕਿਸੇ ਜਾਣਕਾਰ ਨੇ ਸਾਕ ਦਿੱਤੈ...!"
-"ਉਹ ਦੂਜੇ ਯਾਰ ਬੱਕਰੀਆਂ ਆਲ਼ੇ ਬਾਰੇ ਕੁਛ ਪਤਾ ਨ੍ਹੀ ਲੱਗਦਾ...? ਪਤਾ ਨ੍ਹੀ ਛਿਲਾ ਕੱਢਣ ਆਲ਼ੇ ਸਾਧ ਮਾਂਗੂੰ ਕਿਹੜੇ ਭੋਰੇ ' ਉਤਰ ਗਿਆ...?"
-"ਕਿਹੜੇ ਬਾਰੇ...?"

-"ਉਏ, ਓਸਾਮਾ ਬਿਨ ਲਾਦੇਨ ਬਾਰੇ ਕੁਛ ਪਤਾ ਨ੍ਹੀ ਚੱਲਦਾ...! ਬਈ ਹੈਗਾ ਕਿ ਮਰ ਗਿਆ...?" ਫ਼ੌਜੀ ਨੇ ਨਵਾਂ ਵਿਸ਼ਾ ਸ਼ੁਰੂ ਕੀਤਾ
-"ਓਸਾਮਾ ਚਾਹੇ ਮਰ ਵੀ ਗਿਆ ਹੋਵੇ, ਪਰ ਇਹਨਾਂ ਅਮਰੀਕਣਾਂ ਨੇ ਉਹਨੂੰ ਪਤੰਦਰ ਨੂੰ ਜਿਉਂਦਾ ਰੱਖਣੈ...!"
-"ਉਹ ਕਾਹਤੋਂ...?" ਫ਼ੌਜੀ ਦੰਗ ਸੀ
-"ਤੂੰ ਤਾਂ ਜਮਾਂ ਕਮਲ਼ੈਂ ਫ਼ੌਜੀਆ...! ਜੇ ਇਹਨਾਂ ਅਮਰੀਕਣਾਂ ਨੇ ਉਹਨੂੰ ਮਰਿਆ ਦਿਖਾ ਦਿੱਤਾ, ਤਾਂ ਇਹ ਲੋਕਾਂ ਨੂੰ ਹੋਰ ਕਿਹੜਾ ਸੱਪ ਕੱਢ ਕੇ ਦਿਖਾਉਣਗੇ...? ਉਹਦੇ ਬਹਾਨੇ ਤਾਂ ਇਹ ਹੇਠਲੀ ਉਤੇ ਕਰੀ ਜਾਂਦੇ ...!"
-"ਤੇਰੀ ਗੱਲ ਦੀ ਸਮਝ ਨ੍ਹੀ ਆਈ...!"
-"ਆਪਾਂ ਰਾਤ ਨੂੰ ਜੁਆਕ ਨ੍ਹੀ ਡਰਾਉਂਦੇ ਹੁੰਦੇ...? ਬਈ ਸੌਂ ਜਾ ਕੰਜਰ ਦਿਆ, ਨਹੀਂ ਤਾਂ ਬਿੱਲਾ ਆਜੂ...! ਉਹੀ ਗੱਲ ਇਹਨਾਂ ਦੀ ...! ਇਹ ਲੋਕਾਂ ਨੂੰ ਡਰਾਈ ਜਾਂਦੇ , ਬਈ ਓਸਾਮਾ ਬਿਨ ਲਾਦੇਨ ਹੁਣ ਕੋਈ ਐਟਮੀ ਜਾਂ ਕੈਮੀਕਲ ਧਮਾਕਾ ਕਰ ਸਕਦੈ...! ਹੁਣ ਆਹ ਕਰ ਸਕਦੈ, ਹੁਣ ਜੌਹ ਕਰ ਸਕਦੈ...! ਇਹਦਾ ਤਾਂ ਲੋਕਾਂ ਨੂੰ ਡਰਾਵਾ ਦੇਣੈ...? ਉਹ ਕੁਛ ਕਰੇ, ਚਾਹੇ ਕੁਛ ਨਾ ਕਰੇ...? ਪਰ ਇਹਨਾਂ ਨੇ ਉਹਦਾ ਨਾਂ ਲੈ-ਲੈ ਕੇ ਲੋਕਾਂ ਨੂੰ ਮੋਕੋ ਮੋਕ ਕਰੀ ਰੱਖਣੈਂ...! ਉਹਦੇ ਨਾਂ 'ਤੇ ਤਾਂ ਇਹ ਅਫ਼ਗਾਨਿਸਤਾਨ ਤੇ ਇਰਾਕ ਦੀ ਅਹੀ ਤਹੀ ਫੇਰਗੇ...? ਨਹੀਂ ਹੋਰ ਇਹਨਾਂ ਕੋਲ਼ੇ ਕਾਹਦਾ ਵਿਸ਼ਾ ਸੀ...? ਪਹਿਲਾਂ ਰੌਲ਼ਾ ਪਾਈ ਗਏ, ਅਖੇ ਸੱਦਾਮ ਕੋਲੇ ਰਸਾਇਣਕ ਹਥਿਆਰ ...! ਨਿਕਲਿਆ ਉਹਦੇ ਕੋਲੋਂ ਕੁਛ ਵੀ ਨ੍ਹੀ...! ਸਾਰੇ ਖਾਨਦਾਨ ਦਾ ਸਰਵਨਾਸ਼ ਵਾਧੂ ਕਰਤਾ-"
-"ਸੱਦਾਮ ਹੁਸੈਨ ਅਦਾਲਤ ' ਨ੍ਹੀ ਪਿੱਟਦਾ ਰਿਹਾ...?"
-"ਕੀ...?"
-"ਉਹਨੇ ਇਕ ਵਾਰੀ ਨ੍ਹੀ, ਸੌ ਆਰੀ ਕਿਹਾ ਹੋਊਗਾ ਬਈ ਅੱਤਿਵਾਦੀ ਮੈਂ ਨਹੀਂ, ਸਭ ਤੋਂ ਵੱਡਾ ਅੱਤਿਵਾਦੀ ਤਾਂ ਜਾਰਜ ਡਬਲਿਊ ਬੁਸ਼ ...! ਮੈਂ ਤਾਂ ਇਰਾਕ ਦਾ ਰਾਸ਼ਟਰਪਤੀ ਹਾਂ...!"
-"ਯਾਰ ਇਹ ਗੱਲ ਵੀ ਗਲਤ ..."
-"ਕਿਹੜੀ...?"

-"ਐਵੇਂ ਬਾਧੂ ਅਗਲੇ ਦੇ ਘਰੇ ਜਾ ਕੇ ਮੱਲੋਮੱਲੀ ਸਰਪੈਂਚੀ ਕਰਨ ਲੱਗ ਪੈਣੀ..? ਇਰਾਕ ਦੇ ਲੋਕ ਜਿਵੇਂ ਮਰਜੀ ਜਿਉਂਦੇ ਸੀ, ਪਰ ਬੁਸ਼ ਨੂੰ ਤਾਂ ਕੋਈ ਕੰਜਰ ਸੱਦਣ ਨਹੀਂ ਸੀ ਗਿਆ? ਬਈ ਕੇ ਸਾਡੀ ਮੱਦਦ ਕਰ...! ਜਾਂ ਅਸੀਂ ਸੱਦਾਮ ਤੋਂ ਤੰਗ ਐਂ, ਸਾਨੂੰ ਬਚਾ...! ਇਹ ਤਾਂ ਕੁੜੀ ਯ੍ਹਾਵੇ ਦਾ ਐਵੇਂ ਜਾ ਕੇ ਰਿੰਡ ਪ੍ਰਧਾਨ ਬਣ ਗਿਆ...! ਅਖੇ ਸੰਸਾਰ ਨੂੰ ਸੱਦਾਮ ਹੁਸੈਨ ਤੋਂ ਖਤਰੈ, ਇਹਦੇ ਕੋਲੇ ਰਸਾਇਣਕ ਹਥਿਆਰ , ਪੁੱਛਣ ਆਲ਼ਾ ਹੋਵੇ ਬਈ ਕੰਜਰ ਦਿਆ...! ਤੇਰੇ ਕੋਲੇ ਥੋੜ੍ਹੇ ਹਥਿਆਰ ਅੱਗ ਲੱਗਦੇ ...? ਜੇ ਦੋ ਉਹਦੇ ਕੋਲੇ ਹੋਣਗੇ ਤਾਂ ਤੇਰੀ ਕੀ .... ਮੱਚਦੀ ?"

-"ਹਥਿਆਰ ਨਿਰੀਖਕ ਭੇਜੇ ਤਾਂ ਸੀਗੇ...? ਪਰ ਮਿਲਿਆ ਉਹਨਾਂ ਨੂੰ ਵੀ ਕੁਛ ਨ੍ਹੀ..! ਉਹਨੂੰ ਐਵੇਂ ਮਾਰੂੰ ਮਾਰੂੰ ਕਰੀ ਗਏ..."
-"ਮਗਰੋਂ ਬੁਸ਼ ਨੇ ਆਪ ਤਾਂ ਮੰਨਿਐਂ...? ਅਖੇ ਸੱਦਾਮ ਹੁਸੈਨ ਵਿਨਾਸ਼ਕਾਰੀ ਹਥਿਆਰ ਬਣਾਉਣ ਦੀ ਸਮਰੱਥਾ ਰੱਖਦਾ ਸੀ, ਇਹ ਸਾਲੀ ਕੋਈ ਕਾਨੂੰਨੀ ਗੱਲ ...?"

-"ਇਹ ਤਾਂ ਉਹ ਗੱਲ ਹੋਈ, ਜਿਵੇਂ ਕਿਸੇ ਨੂੰ ਪੁਲਸ ਫੜ ਕੇ ਅੰਦਰ ਕਰ ਦੇਵੇ, ਤੇ ਅਗਲਾ ਪੁੱਛੇ ਜੀ ਮੈਨੂੰ ਅੰਦਰ ਕਾਹਤੋਂ ਕੀਤੈ...? ਤਾਂ ਪੁਲਸ ਬੋਲੇ ਬਈ ਬਲਾਤਕਾਰ ਦੇ ਕੇਸ '..! ਤੇ ਅਗਲਾ ਕਹੇ ਬਈ ਜੀ ਬਲਾਤਕਾਰ ਤਾਂ ਮੈਂ ਕੀਤਾ ਨ੍ਹੀ...? ਤੇ ਪੁਲਸ ਆਖੇ ਬਈ ਤੂੰ ਬਲਾਤਕਾਰ ਕਰਨ ਦੀ ਸਮਰੱਥਾ ਰੱਖਦੈਂ, ਤੈਨੂੰ ਤਾਂ ਅੰਦਰ ਦਿੱਤੈ...! ਇਹੀ ਗੱਲ ਸੱਦਾਮ ਹੁਸੈਨ ਨਾਲ ਬੀਤੀ...! ਹਥਿਆਰ ਉਹਦੇ ਕੋਲੋਂ ਮਿਲੇ ਨ੍ਹੀ, ਬਹਾਨੇ ਆਲ਼ਾ ਫ਼ਾਨਾ ਠੋਕਤਾ, ਅਖੇ ਇਹ ਹਥਿਆਰ ਬਣਾਉਣ ਦੀ ਸਮਰੱਥਾ ਰੱਖਦਾ ਸੀ...!"
-"ਇਹ ਜਿਹੜਾ ਕਾਨੂੰਨ ਦਾ ਬਾਹਲ਼ਾ ਫ਼ੁੱਫੜ ਬਣਿਆਂ ਫਿਰਦੈ, ਇਹਨੂੰ ਕੋਈ ਖੜ੍ਹਾ ਕੇ ਪੁੱਛੇ...! ਬਈ ਤੂੰ ਸਾਰੇ ਸੰਸਾਰ ਦੀ ਸ਼ਾਂਤੀ ਦਾ ਠੇਕਾ ਲਿਐ...? ਅਗਲੇ ਜਿਵੇਂ ਜਿਉਂਦੇ , ਉਹਨਾਂ ਨੂੰ ਜਿਉਣ ਦੇ..! ਆਹ ਪਿੱਛੇ ਜੇ ਕੋਰਲਾਈਨਾਂ ' ਹੜ੍ਹ ਨ੍ਹੀ ਆਏ ਸੀ..?"
-"ਆਹੋ...!"
-"ਉਥੇ ਇਹਦੇ ਆਬਦੇ ਲੋਕਾਂ ਦਾ ਕੀ ਹਾਲ ਹੋਇਐ ਵਿਚਾਰਿਆਂ ਦਾ...? ਉਹ ਤਾਂ ਭੁੱਖਣ ਭਾਣੇ ਪਿੱਟਦੇ ਰਹੇ , ਤੇ ਇਹ ਲੋਕਾਂ ਨੂੰ ਸ਼ਾਂਤੀ ਦਿਵਾਉਂਦਾ ਫਿਰਦਾ ਸੀ..! ਹੋਈ ਨ੍ਹਾਂ ਉਹੀ ਅੱਗਾ ਦੌੜ ਤੇ ਪਿੱਛਾ ਚੌੜ ਆਲ਼ੀ ਗੱਲ਼...?"
-"ਨ੍ਹਾ ਇਕ ਗੱਲ ਹੋਰ ...! ਆਹ ਜਿਹੜੇ ਵੱਡੇ ਸਿਰਾਂ ਆਲ਼ੇ ..?"
-"ਕਿਹੜੇ...?"

-"ਉਏ ਯਾਰ ਆਹਾ ਕੋਰੀਆ ਆਲ਼ੇ...! ਉਹਨਾਂ ਮੂਹਰੇ ਪੂਛ ਜੀ ਦੱਬ ਕੇ ਕਿਉਂ ਗੱਲਾਂ ਕਰਦੈ..? ਉਥੇ ਨ੍ਹੀ ਫ਼ੋਕੀ ਬੜ੍ਹਕ ਮਾਰਦਾ...?"
-"ਉਏ ਉਹ ਪਤੰਦਰ ਵੀ ਬਰਾਬਰ ਦੀ ਸੱਟ ...! ਪਤੈ, ਬਈ ਜੇ ਚੀਂ-ਫ਼ੀਂ ਕੀਤੀ-ਅਗਲੇ ਟੋਟਣ ' ਵੀ ਮਾਰਨਗੇ...! ਉਹਨਾਂ ਕੋਲੇ ਵੀ ਭੈੜ੍ਹੀ ਸੱਟ ਆਲ਼ੇ ਭੜ੍ਹਾਕੇ -!"

-"ਉਏ, ਇਹ ਵੀ ਡਰਦਿਆਂ ਨੂੰ ਡਰਾਉਂਦੈ...! ਤੁਰਦਾ ਦੇਖਿਐ ਕਿਵੇਂ ਐਂ...? ਜਿਵੇਂ ਘਰਾਟਾਂ 'ਤੇ ਕਾਂ ਤੁਰਦਾ ਹੁੰਦੈ"

-"ਚਾਹੇ ਕੁਛ ਵੀ ...! ਜਿਵੇਂ ਕਹਿੰਦੇ ਹੁੰਦੇ , ਛੜੇ ਦੀ ਕਮਾਈ ਜਾਂਦੀ ਚੰਡੋਲ 'ਤੇ, ਤੇ ਰਹਿੰਦੇ ਖੂੰਹਦੇ ਦਾਣੇ ਕੁੱਕੜਾਂ ਨੇ ਡੋਲ੍ਹਤੇ...! ਸੱਦਾਮ ਹੁਸੈਨ ਵਿਚਾਰੇ ਦਾ ਰਾਜ ਭਾਗ ਤਾਂ ਜਿਹੜਾ ਜਾਣਾ ਸੀ, ਉਹ ਤਾਂ ਗਿਆ...! ਪ੍ਰੀਵਾਰ ਵੀ ਉਜੜ ਗਿਆ...!"
-"ਫ਼ੌਜੀਆ...! ਬਾਈ ਮਾੜੇ ਕੰਮਾਂ ਦੇ ਨਤੀਜੇ ਤਾਂ ਫੇਰ, ਮਾੜੇ ਹੁੰਦੇ ...! ਜੇ ਸੋਚਿਆ ਜਾਵੇ ਤਾਂ ਕੁਰਦਾਂ ਤੇ ਸ਼ੀਆ ਆਲ਼ਿਆਂ ਨਾਲ਼ ਇਹਦੀ ਕੀ ਦੁਸ਼ਮਣੀ ਸੀ...? ਮਾਰਚ 1988 ' ਇਹਨੇ ਉਹਨਾਂ ਦੀ ਕੀ-ਕੀ ਤਬਾਹੀ ਮਚਾਈ...? ਪੰਜ ਹਜਾਰ ਦੇ ਕਰੀਬ ਬੰਦੇ ਮਾਰੇ...! 1982 ' ਇਹਦੇ 'ਤੇ ਜਾਨਲੇਵਾ ਹਮਲਾ ਹੋਇਆ, ਜਿਹੜੇ ਦੋਸ਼ੀ ਸੀਗੇ, ਉਹਨਾਂ ਨੂੰ ਚਾਹੇ ਫ਼ਾਹੇ ਲਾ ਦਿੰਦਾ...! ਪਰ ਜਿਹੜੇ 148 ਬੰਦੇ ਇਹਨਾਂ ਨੇ ਊਂ ਮਾਰਤੇ...? ਉਹਨਾਂ ਦਾ ਕਸੂਰ...?"

-"ਤੱਤਾ ਇਹ ਵੀ ਪਤੰਦਰ ਬਾਹਲ਼ਾ ਸੀ...! ਅੱਗ ਉਗਲ਼ਦਾ ਸੀ...! ਇਹਦੀ ਇਹੀ ਅੱਗ ਬੁਸ਼ ਨੂੰ ਰਾਸ ਨ੍ਹੀ ਸੀ ਆਉਂਦੀ..? ਇਸੇ ਕਰਕੇ ਉਹਨੇ ਫ਼ੌਜਾਂ ਦੇ ਕਟਕ ਇਹਦੇ 'ਤੇ ਚਾੜ੍ਹੇ...!"
-"ਗੱਲ ਬਾਈ ਅਸਲ ਵਿਚ ਹੋਰ ਸੀ...!" ਸੇਵਕ ਬੋਲਦਾ ਬਹੁਤ ਘੱਟ, ਪਰ ਗੱਲ ਬੜੀ ਪਾਏਦਾਰ ਕਰਦਾ ਸੀ
-"ਕੀ...?"

-"ਕੁਵੈਤ ਦੀ ਜੰਗ ਵੇਲੇ ਅਮਰੀਕਾ ਨੇ ਇਰਾਕ ਤੋਂ ਮਾਰ ਖਾਧੀ...! ਉਦੋਂ ਬੁਸ਼ ਦਾ ਪਿਉ ਰਾਸ਼ਟਰਪਤੀ ਸੀ, ਫੇਰ ਸੁਣਨ ' ਆਇਆ ਕਿ ਸੱਦਾਮ ਨੇ ਇਕ ਹੋਟਲ ਬਣਵਾਇਆ, ਜੀਹਦੇ ਮੁੱਖ ਦਰਵਾਜੇ ਦੀ ਫ਼ਰਸ਼ 'ਤੇ ਉਹਨੇ ਬੁਸ਼ ਦੇ ਪਿਉ ਦੀ ਫ਼ੋਟੋ ਬਣਵਾਈ...! ਜਿਹੜਾ ਵੀ ਕੋਈ ਓਸ ਹੋਟਲ ' ਜਾਂਦਾ ਸੀ, ਉਹਨੂੰ ਉਹਦੀ ਫ਼ੋਟੋ ਤੋਂ ਦੀ ਲੰਘ ਕੇ ਜਾਣਾ ਪੈਂਦਾ ਸੀ, ਇਹ ਜਾਰਜ ਡਬਲਿਊ ਬੁਸ਼ ਲਈ ਬਾਹਲ਼ੀ ਨਮੋਸ਼ੀ ਆਲ਼ੀ ਗੱਲ ਸੀ...! ਤੀਜਾ ਅਸਲ ਰੌਲ਼ਾ ਸੀ ਤੇਲ ਦਾ...! ਦੁਨੀਆਂ ਭਰ ਦੇ ਤੇਲ ਖਜਾਨਿਆਂ ਵਿਚੋਂ ਬਾਈ ਪ੍ਰਸੈਂਟ ਤੇਲ 'ਕੱਲੇ ਇਰਾਕ ਕੋਲ਼ੇ ...! ਬੁਸ਼ ਨੂੰ ਇਉਂ ਸੀ, ਬਈ ਕੋਈ ਨਾ ਕੋਈ ਖੜੱਪਾ ਸੱਪ ਕੱਢ ਕੇ ਦੁਨੀਆਂ ਨੂੰ ਦਿਖਾਓ, ਤੇ ਤੇਲ 'ਤੇ ਕਬਜਾ ਕਰੋ...! ਨਾਲ਼ੇ ਸੱਪ ਮਰਜੂ ਨਾਲ਼ੇ ਸੋਟਾ ਬਚਜੂ...! ਮਤਲਬ ਨਾਲ਼ੇ ਤਾਂ ਸੱਦਾਮ ਹੁਸੈਨ ਤੋਂ ਆਪਣੇ ਪਿਉ ਤੇ ਕੁਵੈਤ ਵਾਲ਼ੀ ਜੰਗ ਦਾ ਬਦਲਾ ਲਓ, ਤੇ ਨਾਲ਼ੇ ਤੇਲ ਹੱਥ ਹੇਠ ਕਰੋ...! ਬੱਸ ਫੇਰ ਕੀ ਸੀ...? ਲੱਗ ਗਿਆ ਕਮਲ਼ਿਆ ਮਾਂਗੂੰ ਬਿਆਨ ਦਾਗਣ, ਇਹਦੇ ਕੋਲ਼ੇ ਰਸਾਇਣਕ ਹਥਿਆਰ ਜੀ, ਇਹਦੇ ਲੋਕ ਜ਼ਿਲਤ ਭਰੀ ਜਿੰਦਗੀ ਜਿਉਂਦੇ ਜੀ, ਅਸੀਂ ਉਹਨਾਂ ਨੂੰ ਸ਼ਾਂਤੀ ਲੈ ਕੇ ਦੇਵਾਂਗੇ, ਸੱਦਾਮ ਮਾੜਾ ਸ਼ਾਸ਼ਕ ਜੀ, ਪੁੱਛਣਾ ਹੋਵੇ ਬਈ ਹੁਣ ਇਰਾਕ ' ਪੂਰੀ ਸ਼ਾਂਤੀ ...?"

-"ਇਹ ਤਾਂ ਉਹ ਗੱਲ ਹੋਈ ਸਾਧੂ ਸਿਆਂ...! ਜੇ ਆਪਾਂ ਕਿਸੇ ਦੇ ਜੁਆਕ ਨੂੰ ਕਹੀਏ, ਬਈ ਇਹਦੇ ਨਲ਼ੀ ਲਮਕਦੀ ਰਹਿੰਦੀ , ਇਹਦੇ ਮਾਂ ਪਿਉ ਨੂੰ ਜੁਆਕ ਨ੍ਹੀ ਸਾਂਭਣਾ ਆਉਂਦਾ, ਤੇ ਅਗਲੇ ਦਾ ਚੱਕ ਲਈਏ ਜੁਆਕ, ਤਾਂ ਅਗਲਾ ਪੁੜਪੜੀ ' ਮਾਰੂ...? ਅਗਲਾ ਕਹੂ ਮੇਰਾ ਜੁਆਕ , ਨਲ਼ੀ ਤਾਂ ਕੀ...? ਚਾਹੇ ਕੱਛ ' ਮੂਤੇ, ਥੋਨੂੰ ਕੀ...? ਉਹ ਗੱਲ ਬੁਸ਼ ਦੀ ...! ਐਵੇਂ ਲੋਕਾਂ ਦੀ ਪੂਛ ਖਿੱਚਣ ਲੱਗਿਆ ਪਿਐ, ਫ਼ਲਾਨਾ ਦੁਖੀ ਜੀ, ਫ਼ਲਾਨੇ ਨੂੰ ਸ਼ਾਂਤੀ ਨਹੀਂ ਜੀ-"
-"ਥੋਡੇ ਭਾਅ ਦਾ ਬੁਸ਼ ਸ਼ਾਂਤੀ ਦਾ ਪੁਜਾਰੀ ...? ਦੁਨੀਆਂ ਕੱਖ ਨ੍ਹੀ ਭੁੱਲੀ...! ਇਹਦੀਆਂ ਚਤਰ ਚਲਾਕੀਆਂ ਸਾਰੇ ਸਮਝਦੇ ...! ਪਰ ਕਿਸੇ ਦੇ ਵੱਸ ਕੋਈ ਨ੍ਹੀ...! ਪਰ ਗੱਲ ਹੋਰ ਬਾਈ..!" ਭਾਗ ਨੇ ਜੁਬਾਨ ਖੋਲ੍ਹੀ
-"..............." ਸਾਰੇ ਉਸ ਵੱਲ ਤੱਕਣ ਲੱਗ ਪਏ

-"ਗਿਆਰਾਂ ਸਤੰਬਰ 2001 ਆਲ਼ੇ ਜਹਾਜੀ ਕਾਂਡ ਤਾਂ ਬੁਸ਼ ਨੂੰ ਵਰਦਾਨ ਬਣ ਕੇ ਮਿਲ਼ੇ ..! ਉਸ ਕਾਂਡ ਦੀ ਆੜ ' ਇਹਨੇ ਅਫ਼ਗਾਨਿਸਤਾਨ ਤੇ ਇਰਾਕ ' ਤੜਥੱਲ ਮਚਾਇਆ, ਨਹੀਂ ਇਹਦੇ ਕੋਲ਼ੇ ਕੋਈ ਬਹਾਨਾ ਨ੍ਹੀ ਸੀ...! ਉਹ ਵਰਲਡ ਟਰੇਡ ਸੈਂਟਰ ਆਲ਼ਾ ਘੱਲੂਘਾਰਾ ਵਾਪਰਿਆ, ਤਾਂ ਇਹਨੇ ਅੱਤਿਵਾਦ ਨੂੰ ਕੁਚਲਣ ਦੀ ਨੀਤੀ ਲੈ ਕੇ ਸੱਦਾਮ ਅਰਗਿਆਂ ਤੋਂ ਗਿਣ ਗਿਣ ਕੇ ਬਦਲੇ ਲਏ...! ਟੋਨੀ ਬਲੇਅਰ ਤੇ ਪਰਵੇਜ਼ ਮੁਸ਼ੱਰਫ਼ ਇਹਦੀਆਂ ਸੱਜੀਆਂ ਖੱਬੀਆਂ ਬਾਹਵਾਂ ਬਣੀਆਂ, ਕਿਤੇ ਅਲ ਕਾਇਦਾ, ਕਿਤੇ ਤਾਲੀਬਾਨ, ਤੇ ਕਿਤੇ ਸੱਦਾਮ ਹੁਸੈਨ ਅਰਗਿਆਂ ਦੇ ਬੁਸ਼ ਇਸ ਅੱਤਿਵਾਦ ਨਾਲ਼ ਨਜਿੱਠਣ ਦੀ ਆੜ ' ਮੋਛੇ ਪਾ ਗਿਆ..."
-"ਪਰ ਲੜਾਈਆਂ ਤਾਂ ਦੋਵੇਂ ਦੇਸ਼ਾਂ ਦੀਆਂ ਗ਼ੈਰ ਕਾਨੂੰਨੀ ਸੀ..." ਫ਼ੌਜੀ ਨੇ ਪਿੱਟਣ ਵਾਲ਼ਿਆਂ ਵਾਂਗ ਆਖਿਆ
-"ਕੀ ਫ਼ਰਕ ਪੈਂਦੈ...? ਭਈਆ ਭਏ ਕੋਤਵਾਲ਼, ਅਬ ਡਰ ਕਾਹੇ ਕਾ...? ਜਦੋਂ ਬੁਸ਼, ਬਲੇਅਰ ਤੇ ਮਸ਼ੱਰਫ਼ ਹੋਰਾਂ ਦੀ ਤਿੱਕੜੀ ਅੱਤਵਾਦ ਅੱਤਵਾਦ ਪਿੱਟੀ ਜਾਂਦੀ ਸੀ, ਫੇਰ ਇਹਨਾਂ ਦੀ ਸਰਪੈਂਚੀ ਮਗਰ ਕੌਣ ਬੋਲਦਾ...? ਕੌਣ ਕਹਿੰਦੈ ਰਾਣੀ ਅੱਗਾ ਢਕ...? ਨੰਗੀ ਹੁੰਦੀ ਐਂ...! ਕੌਣ ਕਹੇ ਬੈਲ ਮੁਝੇ ਮਾਰ...? ਤਕੜੇ ਦਾ ਸੱਤੀਂ ਵੀਹੀਂ ਸੌ...!"

-"ਟੋਨੀ ਬਲੇਅਰ ਨੂੰ ਤਾਂ ਕੋਈ ਫ਼ਰਕ ਨ੍ਹੀਂ ਪੈਂਦਾ..! ਉਹ ਤਾਂ ਸਾਮਰਾਜੀ ਮੁਲਕ ਦਾ ਬੰਦੈ, ਪਰ ਮੁਸ਼ੱਰਫ਼ ਦਾ ਹਸ਼ਰ ਬੁਰਾ ਹੋਊ...!"
-"ਉਹ ਕਿਵੇਂ...?"
-"ਕੋਠਾ ਉਸਰਿਆ, ਤਰਖਾਣ ਵਿੱਸਰਿਆ ਆਲ਼ੀ ਗੱਲ ਪ੍ਰਵੇਜ਼ ਮੁਸ਼ੱਰਫ਼ ਨਾਲ਼ ਹੋਣੀ ਐਂ...! ਬਿਨ ਲਾਦਨ ਤੇ ਸੱਦਾਮ ਹੁਸੈਨ ਅਰਗੇ ਪਹਿਲਾਂ ਅਮਰੀਕਾ ਦੇ ਮਿੱਤਰ ਸੀ..? ਫੇਰ ਕੀ ਹੋਇਆ...? ਥੋਡੇ ਸਾਹਮਣੇ ਐਂ...! ਉਹੀ ਹਾਲਤ ਇਹ ਕਦੇ ਨਾ ਕਦੇ ਮੁਸ਼ੱਰਫ਼ ਦੀ ਕਰਨਗੇ...! ਮੇਰੀ ਗੱਲ ਯਾਦ ਰੱਖਿਓ ਅੱਜ ਦੀ...!"
-"ਤੇ ਤੁਸੀਂ ਹੋਰ ਨ੍ਹੀ ਦੇਖਿਆ...? ਜਦੋਂ ਆਪਦੇ ਚਾਰ ਕੁ ਫ਼ੌਜੀ ਤੇ ਫ਼ੌਜਣਾਂ ਇਰਾਕ ਆਲ਼ਿਆਂ ਨੇ ਫੜ ਲਏ, ਉਦੋਂ ਜਨੇਵਾ ਕਨਵੈਨਸ਼ਨ ਦਾ ਰੌਲ਼ਾ ਪਾਉਣ ਲੱਗ ਪਿਆ...! ਤੇ ਜਦੋਂ ਇਹਦੇ ਦੇਸ਼ ਦੇ ਫ਼ੌਜੀਆਂ ਨੇ ਅਬੂ ਗਰੀਬ ਜੇਲ੍ਹ ' ਕੈਦੀਆਂ ਨਾਲ਼ ਬਦਸਲੂਕੀ ਕੀਤੀ, ਉਦੋਂ ਆਪ ਮੂੰਹ ' ਜਲੇਬੀਆਂ ਪਾਲੀਆਂ, ਦੇਖਿਆ ਨ੍ਹੀ...? ਇਕ ਅਮਰੀਕੀ ਫ਼ੌਜਣ ਇਕ ਕੈਦੀ ਦੇ ਗਲ਼ ' ਕੁੱਤੇ ਮਾਂਗੂੰ ਸੰਗਲ਼ੀ ਪਾਈ ਸਿਗਰਟ ਪੀ ਜਾਂਦੀ...?"
-"ਆਪਾਂ ਤਾਂ ਕੀ...? ਸਾਰੇ ਜਹਾਨ ਨੇ ਦੇਖਿਐ...!" ਗੱਲ ਕਰਦੇ ਸੇਵਕ ਦੀਆਂ ਮੌਲੇ ਦੇ ਸਿੰਗਾਂ ਵਰਗੀਆਂ ਮੁੱਛਾਂ ਤਰਛੂਲ ਵਾਂਗ ਹਿੱਲਦੀਆਂ ਸਨ
ਸਾਰੀ ਕੰਟੀਨ ਵਿਚ ਇਸ ਤਰ੍ਹਾਂ ਦੀ ਵਾਰਤਾਲਾਪ ਆਮ ਚੱਲਦੀ ਰਹਿੰਦੀ ਇਹ ਮਸਲਾ ਸਿਰਫ਼ ਇਸ ਕੰਟੀਨ ਦਾ ਹੀ ਨਹੀਂ, ਸਾਰੇ ਜਹਾਨ ਦਾ ਮਸਲਾ ਹੀ ਬਣਿਆਂ ਹੋਇਆ ਸੀ ਬੁਸ਼ ਅਤੇ ਇਰਾਕ ਜੰਗ ਦਾ ਅੜੰਗਾ ਹਰ ਥਾਂ 'ਤੇ ਫ਼ਸਦਾ ਸੀ ਸੱਦਾਮ ਦਾ ਕੇਸ ਹਰ ਇਕ ਲਈ ਦਿਲਚਸਪੀ ਦਾ ਕਾਰਨ ਬਣਿਆਂ ਪਿਆ ਸੀ
ਅਖੀਰ ਜਦੋਂ 30 ਦਸੰਬਰ 2006 ਨੂੰ ਸੱਦਾਮ ਨੂੰ ਫ਼ਾਂਸੀ ਦੇ ਦਿੱਤੀ ਗਈ ਤਾਂ ਭਾਈਬੰਦਾਂ ਵਿਚ ਇਹ ਗੱਲ ਹੋਰ ਭੜ੍ਹਕ ਪਈ
ਜੈਤੋ ਵਾਲ਼ਾ ਸਾਧੂ ਇਕ ਤਰ੍ਹਾਂ ਨਾਲ਼ ਪਿੱਟਦਾ ਕੰਟੀਨ ਵਿਚ ਆਇਆ
-"ਸੁਣ ਲਿਆ...? ਕਰਤਾ ਨਾ ਕੰਮ...? ਦੇਤੀ ਨਾ ਫ਼ਾਂਸੀ...?"
-"ਇਹ ਤਾਂ ਸਾਧੂ ਪਹਿਲਾਂ ਹੀ ਪਤਾ ਸੀ...! ਇਹਦੇ ' ਕੋਈ ਸ਼ੱਕ ਸੀ...?"
-"ਪਰ ਇਹ ਕੰਮ ਪਵਿੱਤਰ ਈਦ ਤੋਂ ਪਹਿਲਾਂ ਤੇ ਨਵੇਂ ਸਾਲ ਤੋਂ ਪਹਿਲਾਂ ਕਾਹਤੋਂ ਕੀਤਾ ਗਿਆ, ਚਾਰ ਦਿਨ ਅੜਕ ਵੀ ਸਕਦੇ ਸੀ...?"
-"ਆਹੋ ਐਡੀ ਵੀ ਕਿਹੜੀ ਨ੍ਹੇਰੀ ਆਈ ਵੀ ਸੀਗੀ...?"

-"ਥੋਨੂੰ ਅਸਲ ਚਾਲ ਦਾ ਨ੍ਹੀ ਪਤਾ...! ਕਾਹਤੋਂ ਮਗਜਮਾਰੀ ਕਰੀ ਜਾਨੇ ਐਂ...?" ਕਾਮਰੇਡ ਨੇ ਕਿਹਾ
-"ਅਸਲ ਚਾਲ ਕੀ ਹੋ ਸਕਦੀ ਕਾਮਰੇਟਾ...?" ਫ਼ੌਜੀ ਦਾ ਮੂੰਹ ਆਲ਼ੇ ਵਾਂਗ ਅੱਡਿਆ ਹੋਇਆ ਸੀ
-"ਮੇਰੀ ਨਜ਼ਰ ਅਨੁਸਾਰ ਇਸ ਦੇ ਦੋ ਕਾਰਨ ਹੋ ਸਕਦੇ ...! ਪਹਿਲਾ ਕਾਰਨ ਇਹ , ਬਈ ਸਮੁੱਚਾ ਮੁਸਲਮਾਨ ਭਾਈਚਾਰਾ ਮੁਬਾਰਕ ਈਦ ਦੀਆਂ ਖ਼ੁਸ਼ੀਆਂ ਵਿਚ ਰੁੱਝ ਜਾਊਗਾ, ਤੇ ਇਸ ਫ਼ਾਂਸੀ ਦਾ ਕਿਸੇ ਨੇ ਬਹੁਤਾ ਨੋਟਿਸ ਨ੍ਹੀਂ ਲੈਣਾ...! ਦੂਜਾ ਕਾਰਨ ਇਹ ਹੋ ਸਕਦੈ, ਬਈ ਅਗਲੇ ਦਿਨ, ਮਤਲਬ 31 ਦਸੰਬਰ ਨੂੰ ਸਾਰੀ ਦੁਨੀਆਂ ਨਵੇਂ ਸਾਲ ਦੇ ਆਗਮਨ ਦੀਆਂ ਖ਼ੁਸ਼ੀਆਂ ਮਨਾਉਣ ਵਿਚ ਮਸ਼ਰੂਫ਼ ਹੋਊਗੀ, ਤੇ ਉਹ ਵੀ ਇਸ ਫ਼ਾਂਸੀ ਤੋਂ ਇਕ ਤਰ੍ਹਾਂ ਨਾਲ਼ ਆਵੇਸਲ਼ੀ ਹੋਜੂਗੀ...! ਗੱਲ ਬੜੀ ਜਲਦੀ ਆਈ ਗਈ ਹੋਜੂਗੀ, ਤੇ ਹਿਰਦਿਆਂ 'ਚੋਂ ਨਿਕਲ਼ਜੂਗੀ...!"
-"ਬੜੇ ਘਤਿੱਤੀ ਬਈ...!" ਜੈਤੋ ਵਾਲ਼ੇ ਸਾਧੂ ਨੇ ਕਿਹਾ
-"ਘਤਿੱਤੀ ਨੀ, ਚਤਰ ਤੇ ਘਾਤਕ ਬਾਈ...!"
-"ਹੋਰ ਤੂੰ ਇਸ ਗੌਰਮਿੰਟ ਨੂੰ ਬੇਵਕੂਫ਼ ਸਮਝਦੈਂ ਡਰੈਵਰਾ...?"
-"ਲੋਕਾਂ ਨੇ ਦੁਨੀਆਂ ਦੇ ਐਡੇ ਐਡੇ ਕਾਂਡ ਅੱਖੋਂ ਪਰੋਖੇ ਕਰਤੇ ਕਾਮਰੇਟਾ, ਆਹ ਵੀ ਭੁੱਲ ਭੁਲਾ ਜਾਣਗੇ...!" ਸੇਵਕ ਨੇ ਆਖਿਆ
-"ਆਪਣਾ ਤਾਂ ਸੇਵਕਾ ਜਾਭਾਂ ਦਾ ਭੇੜ੍ਹ ...! ਗੌਰਮਿੰਟਾਂ ਦੀਆਂ ਸਿਆਸਤਾਂ ਆਪਣੇ ਵੱਸੋਂ ਬਾਹਰ ...!" ਭਾਗ ਬੋਲਿਆ
ਕੌਫ਼ੀ ਅਤੇ ਚਾਹ ਪਾਣੀ ਪੀ ਕੇ ਸਾਰੇ ਭਾਈਬੰਦ ਡਿਊਟੀਆਂ ਨੂੰ ਚੱਲ ਪਏ

 

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8  
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16  
ਕਾਂਡ 17 ਕਾਂਡ 18 ਕਾਂਡ 19 ਕਾਂਡ 20          

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com