WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 12
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਸੀਤਲ ਦੁਬਿਧਾ ਵਿਚ ਫ਼ਸੀ ਹੋਈ ਸੀ। ਨਾ ਤਾਂ ਉਹ ਇਮਰਾਨ ਨੂੰ ਛੱਡਣਾਂ ਚਾਹੁੰਦੀ ਸੀ ਅਤੇ ਨਾ ਹੀ ਇਸਲਾਮ ਕਬੂਲ ਕਰਨਾ ਚਾਹੁੰਦੀ ਸੀ। ਪਰ ਦੋ ਬੇੜੀਆਂ ਦੀ ਸਵਾਰ ਉਹ ਹੋਣਾਂ ਨਹੀਂ ਚਾਹੁੰਦੀ ਸੀ। ਹੁਣ ਉਸ ਨੂੰ ਮਾਂ ਬਾਪ ਉਤਨੇ ਬੁਰੇ ਜਿਹੇ ਨਹੀਂ ਲੱਗਦੇ ਸਨ, ਜਿੰਨੇ ਉਹ ਪਹਿਲਾਂ ਲੱਗਦੇ ਸਨ। ਹੁਣ ਉਸ ਨੂੰ ਕਦੇ ਕਦੇ ਮਾਂ ਬਾਪ ਦਾ ਨਿੱਘਾ ਨਿੱਘਾ ਪਿਆਰ ਜਿਹਾ ਵੀ ਆਉਣ ਲੱਗ ਪਿਆ। ਹੁਣ ਉਹ ਇਮਰਾਨ ਨਾਲ਼ ਉਸ ਦੇ ਕਮਰੇ ਵਿਚ ਕੁਝ ਘੰਟੇ ਬਿਤਾਉਣ ਤੋਂ ਬਾਅਦ ਚੁੱਪ ਚਾਪ ਆਪਣੇ ਕਮਰੇ ਵਿਚ ਜਾ ਪੈਂਦੀ। ਅੱਗੇ ਵਾਂਗ ਕਿਸੇ ਨੂੰ ਖਿਝ ਕੇ ਨਹੀਂ ਪੈਂਦੀ ਸੀ। ਵੱਢੂੰ-ਖਾਊਂ ਨਹੀਂ ਕਰਦੀ ਸੀ। ਚੁੱਪ ਚਾਪ ਜਿਹੀ ਰਹਿੰਦੀ ਸੀ। ਖ਼ਾਨ ਦੀਆਂ ਗੱਲਾਂ ਤੋਂ ਉਸ ਨੂੰ ਇੰਜ ਮਹਿਸੂਸ ਹੋਇਆ ਸੀ ਕਿ ਖ਼ਾਨ ਬਦੋਬਦੀ ਉਸ ਤੋਂ ਧਰਮ ਤਬਦੀਲ ਕਰਵਾਉਣ ਲਈ ਜੋਰ ਪਾ ਰਿਹਾ ਸੀ। ਦੁਨੀਆਂ ਐਨੀ ਵੀ ਗਿਰ ਸਕਦੀ ਹੈ? ਇਸ ਬਾਰੇ ਕਦੇ ਉਸ ਨੇ ਜਿ਼ੰਦਗੀ ਵਿਚ ਵੀ ਸੋਚਿਆ ਨਹੀਂ ਸੀ ਕਿ ਦੁਨੀਆਂ ਦੇ ਲੋਕ ਆਪਣੇ ਧਰਮ ਪ੍ਰਤੀ ਇਤਨੇ ਸੁਆਰਥੀ ਵੀ ਹੋ ਸਕਦੇ ਹਨ...? ਪਿਆਰ ਦਾ ਤਾਂ ਕੋਈ ਧਰਮ ਹੀ ਨਹੀਂ ਹੁੰਦਾ...! ਇਸ਼ਕ ਨਾ ਦੇਖੇ ਜ਼ਾਤ ਕੁਜਾਤ ਤੇ ਭੁੱਖ ਨਾ ਦੇਖੇ ਮਾਸ...! ਇਹਦੇ ਬਾਰੇ ਮੈਂ ਕੱਲ੍ਹ ਨੂੰ ਇਮਰਾਨ ਨਾਲ਼ ਇਕ ਟੁੱਕ ਗੱਲ ਕਰਾਂਗੀ ਕਿ ਉਸ ਦੀ ਤਜ਼ਵੀਜ਼ ਕੀ ਹੈ...? ਪਰ ਇਮਰਾਨ ਨੇ ਤਾਂ ਕਦੇ ਧਰਮ ਬਦਲਣ ਬਾਰੇ ਬਾਤ ਵੀ ਨਹੀਂ ਪਾਈ...? ਹੋ ਸਕਦੈ ਇਮਰਾਨ ਸਿਰਫ਼ ਮੇਰੇ ਜਿਸਮ ਨਾਲ਼ ਹੀ ਖੇਡਦਾ ਹੋਵੇ, ਤੇ ਮੁੜ ਕੇ ਧਰਮ ਦਾ ਬਹਾਨਾ ਲਾ ਕੇ ਲੱਤ ਮਾਰੇ...? ਪਰ ਇਮਰਾਨ ਇਹੋ ਜਿਹਾ ਦੁਸ਼ਟ ਲੱਗਦਾ ਨਹੀਂ...। ਉਸ ਦਾ ਬਾਪ ਹੀ ਚੋਰ ਅਤੇ ਚਤਰ ਜਿਹਾ ਲੱਗਦਾ ਹੈ...। ਉਸ ਦੀ ਨਜ਼ਰ ਵੀ ਤਾਂ ਸ਼ੈਤਾਨ ਜਿਹੀ ਹੀ ਹੈ...। ਗੱਲ ਕਰਦਾ ਕਰਦਾ ਹਮੇਸ਼ਾ ਦੰਦੀਆਂ ਜਿਹੀਆਂ ਕੱਢੀ ਜਾਊ...! ਯੱਧਾ ਹੋਇਐ ਮਜ਼ਹਬ ਤਬਦੀਲ ਕਰਨ ਦਾ...! ਮੈਂ ਇਮਰਾਨ ਨੂੰ ਛੱਡ ਦੇਵਾਂਗੀ, ਪਰ ਆਪਣਾ ਸਿੱਖੀ ਧਰਮ ਨਹੀਂ ਛੱਡਾਂਗੀ...! ਆਖਰ ਫਿ਼ਰ ਵੀ ਸਿੱਖਾਂ ਦੀ ਕੁੜੀ ਹਾਂ..!

ਅਗਲੇ ਦਿਨ ਕਾਲਜ ਤੋਂ ਬਾਅਦ ਉਹ ਇਮਰਾਨ ਨਾਲ਼ ਉਸ ਦੇ ਬੈੱਡ ਵਿਚ ਪਈ ਸੀ।

-"ਇਮਰਾਨ, ਤੇਰੇ ਨਾਲ਼ ਇਕ ਗੱਲ ਕਰਨੀ ਐਂ...!" ਸੀਤਲ ਨੇ ਕਿਹਾ।
ਆਚੰਭੇ ਵਿਚ ਇਮਰਾਨ ਉਠ ਕੇ ਬੈਠ ਗਿਆ।
ਉਸ ਨੇ ਆਪਣੀ ਬੁਨੈਣ ਪਾ ਲਈ। ਕੱਛਾ ਪਹਿਨ ਲਿਆ।
-"ਇਕ ਨਹੀਂ, ਸੌ ਕਰ...!" ਉਸ ਨੇ ਪਾਸੇ ਪਿਆ ਕੋਕ ਅਤੇ ਵਿਸਕੀ ਦਾ ਭਰਿਆ ਗਿਲਾਸ ਚੁੱਕ ਲਿਆ ਅਤੇ ਇਕੋ ਸਾਹ ਖਾਲੀ ਕਰ ਦਿੱਤਾ।
-"ਤੇਰੇ ਅੱਬੂ ਜਾਨ ਮੈਨੂੰ ਮਜ਼ਹਬ ਬਦਲਣ ਲਈ ਆਖ ਰਹੇ ਨੇ, ਜੇ ਮੈਂ ਮਜ਼ਹਬ ਬਦਲੀ ਨਾ ਕੀਤਾ, ਤਾਂ ਤੂੰ ਮੈਨੂੰ ਛੱਡ ਦੇਵੇਂਗਾ..?" ਉਸ ਨੇ ਸਿੱਧੇ ਸੁਆਲ ਵਿਚ ਇਕ ਵੀ ਵਲ਼ ਨਾ ਰੱਖਿਆ।
-"ਪ੍ਰੇਮ ਦੀ ਨਜ਼ਰ ਵਿਚ ਨਾ ਕੋਈ ਮਜ਼ਹਬ ਅਤੇ ਨਾ ਕੋਈ ਭਾਈਚਾਰੇ ਦੀ ਕੰਧ ਹੁੰਦੀ ਹੈ, ਜੇ ਮੈਂ ਹੁਣ ਤੱਕ ਤੈਨੂੰ ਮਜ਼ਹਬ ਤਬਦੀਲ ਕਰਨ ਲਈ ਆਖਿਆ ਹੈ, ਤਾਂ ਦੱਸ...?"
-".........।" ਸੀਤਲ ਚੁੱਪ ਰਹੀ। ਉਹ ਅਗਲੇ ਸੁਆਲ ਲਈ ਸ਼ਬਦ ਭਾਲ਼ ਰਹੀ ਸੀ।
-"ਸੀਤਲ, ਇਕ ਗੱਲ ਸੱਚੀ ਦੱਸਾਂ..? ਸਾਡੇ ਸਾਰੇ ਪ੍ਰੀਵਾਰ ਵਿਚੋਂ ਅੱਬੂ ਜਾਨ ਦੇ ਸਾਹਮਣੇ ਕੋਈ ਬੋਲਦਾ ਤੱਕ ਨਹੀ, ਇਹ ਤੂੰ ਦੇਖ ਹੀ ਲਿਆ ਹੋਣੈਂ..?"
ਸੀਤਲ ਨੇ 'ਹਾਂ' ਵਿਚ ਸਿਰ ਹਿਲਾਇਆ।
-"ਸਾਡੇ ਪਾਕਿਸਤਾਨ ਵਿਚ ਸ਼ਾਇਦ ਹਿੰਦੋਸਤਾਨ ਨਾਲ਼ੋਂ ਜਿ਼ਆਦਾ ਕੱਟੜਤਾ ਅਤੇ ਸਖ਼ਤਾਈ ਹੈ, ਖ਼ਾਸ ਤੌਰ 'ਤੇ ਮਜ਼ਹਬ ਪੱਖ ਤੋਂ।"
-"ਇਹ ਤਾਂ ਮੈਨੂੰ ਪਤਾ ਹੀ ਹੈ...!"
-"ਇਸ ਲਈ ਅੱਬੂ ਜਾਨ ਪੁਰਾਣੇ ਖਿ਼ਆਲਾਂ ਦੇ ਹੋਣ ਕਰਕੇ ਮਜ਼ਹਬ ਮਜ਼ਹਬ ਕੂਕਦੇ ਰਹਿੰਦੇ ਨੇ..! ਪਰ ਤੂੰ ਕਿਸੇ ਗੱਲ ਦਾ ਫਿ਼ਕਰ ਨਾ ਕਰ, ਤੇਰੇ ਕਰਕੇ ਮੈਂ ਸਾਰੇ ਪ੍ਰੀਵਾਰ ਨੂੰ ਤਾਂ ਕੀ...? ਸਾਰੇ ਸੰਸਾਰ ਨੂੰ ਛੱਡ ਸਕਦੈਂ, ਹੋਰ ਦੱਸ?"
ਬੈੱਡ ਤੋ ਉਠ ਕੇ ਸੀਤਲ ਨੇ ਉਸ ਨੂੰ ਜੱਫ਼ੀ ਪਾ ਲਈ।
ਸੀਤਲ ਦੀ ਸੰਤੁਸ਼ਟੀ ਹੀ ਤਾਂ ਹੋ ਗਈ ਸੀ।

-"ਇਕ ਗੱਲ ਹੋਰ ਹੈ ਸੀਤਲ...! ਤੈਨੂੰ ਮਜ਼ਹਬ ਬਾਰੇ ਕੋਈ ਕੁਝ ਨਹੀਂ ਆਖੂਗਾ..! ਪਰ ਜਦੋਂ ਆਪਾਂ ਸ਼ਾਦੀ ਕੀਤੀ, ਕਰਨਾ ਆਪਾਂ ਨੂੰ ਨਿਕਾਹ ਹੀ ਪਵੇਗਾ..! ਜਾਂ ਫਿ਼ਰ ਸਿਰਫ਼ ਤੇ ਸਿਰਫ਼ ਕੋਰਟ ਮੈਰਿਜ਼, ਕਿਉਂਕਿ ਅਗਰ ਆਪਾਂ ਅੱਬੂ ਜਾਨ ਤੋਂ ਪ੍ਰਾਪਰਟੀ 'ਚੋਂ ਕੁਛ ਲੈਣਾਂ ਚਾਹੁੰਦੇ ਹਾਂ, ਤਾਂ ਆਪਾਂ ਨੂੰ ਉਹਨਾਂ ਦੀ ਇਕ ਅੱਧੀ ਗੱਲ ਤਾਂ ਮੰਨਣੀਂ ਹੀ ਪਵੇਗੀ, ਨਹੀਂ ਫਿਰ ਅੱਬੂ ਜਾਨ ਆਪਾਂ ਨੂੰ ਕੁਝ ਵੀ ਨਹੀਂ ਲਈ ਬੈਠੇ..! ਭਾਈਚਾਰੇ ਵਿਚ ਆਪਣੀ ਸ਼ਾਖ਼ ਬਰਕਰਾਰ ਰੱਖਣ ਲਈ ਉਹ ਮੈਨੂੰ ਬੇਦਖ਼ਲ ਵੀ ਕਰ ਸਕਦੇ ਹਨ, ਸੋਚ ਲੈ..! ਇਹ ਅੱਧੇ ਮਿਲੀਅਨ ਪੌਂਡ ਦੀ ਕਹਾਣੀ ਹੈ...!" ਇਮਰਾਨ ਨੇ ਅਗਲਾ ਪੱਥਰ ਸੁੱਟਿਆ। ਸੀਤਲ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਮਰਾਨ ਉਸ ਵੱਲ ਦਾ ਸੀ ਜਾਂ ਆਪਣੇ ਬਾਪ ਵੱਲ ਦਾ?
-"ਛੱਡ ਮੈਂ ਸਭ ਨੂੰ ਸਕਦੈਂ ਤੇਰੇ ਲਈ..! ਪਰ ਗੱਲ ਪੰਜ ਲੱਖ ਪੌਂਡ ਦੀ ਐ, ਤੇ ਪੈਸੇ ਬਿਨਾਂ ਜਿ਼ੰਦਗੀ ਨਹੀਂ ਹੈ ਸੀਤਲ...! ਹੋਰ ਤੇ ਹੋਰ, ਇੰਗਲੈਂਡ ਵਿਚ ਹੋਰ ਤਾਂ ਕੀ, ਪੈਸੇ ਬਿਨਾਂ ਬੰਦੇ ਨੂੰ ਕਬਰ ਵੀ ਨਸੀਬ ਨਹੀਂ ਹੁੰਦੀ...! ਕੀ ਖਿ਼ਆਲ ਐ...?" ਉਸ ਨੇ ਉਸ ਨੂੰ ਗੱਲਾਂ ਦਾ ਉਲਝਾਅ ਪਾ ਲਿਆ।
-"ਦੈਟਸ ਟਰੂ...! ਨ੍ਹੋ ਡਾਊਟ...!"
-"ਆਪਣੇ ਕੋਲ਼ ਪੈਸਾ ਹੋਊ, ਤਾਂ ਹੀ ਐਸ਼ ਕਰਾਂਗੇ..? ਨਹੀਂ ਤਾਂ ਸਾਰੀ ਉਮਰ ਲੋਕਾਂ ਵਾਂਗ ਕੰਮ ਧੰਦੇ ਕਰਦਿਆਂ ਦੀ ਖ਼ਤਮ ਹੋ ਜਾਣੀਂ ਐਂ, ਹੈ ਕਿ ਨਹੀਂ ਸੱਚ?"
-"ਬਿਲਕੁਲ ਸੱਚ..!"
-"ਤੇ ਫੇਰ ਅੱਬੂ ਜਾਨ ਦੀ ਇਕ ਅੱਧੀ ਗੱਲ ਆਪਾਂ ਨੂੰ ਮੰਨਣੀਂ ਪੈਣੀਂ ਐਂ...!"
-"ਅੱਬੂ ਜਾਨ ਕੰਮ ਕਾਰ ਕਰਦੇ ਕੀ ਨੇ?"
-"ਸੱਚ ਆਖਾਂ?"
-"ਆਖ...!"
-"ਜਦੋਂ ਦੀ ਮੇਰੀ ਸੁਰਤ ਸੰਭਲ਼ੀ ਹੈ, ਮੈਂ ਤਾਂ ਉਹਨਾਂ ਕੋਲ਼ ਸਿਰਫ਼ ਦੁਕਾਨਾਂ ਅਤੇ ਘਰ ਹੀ ਦੇਖੇ ਐ, ਮਤਲਬ ਬਿਜ਼ਨਿਸ ਮੈਨ ਤੌਰ 'ਤੇ!"
-"ਉਸ ਤੋਂ ਪਹਿਲਾਂ ਕੀ ਕਰਦੇ ਸੀ..?"
-"ਬਈ ਸੀਤਲ, ਅੱਲਾਹ ਤਾਲਾ ਦੀ ਕਸਮ..! ਮੈਂ ਕਦੇ ਵੀ ਨਹੀਂ ਪੁੱਛਿਆ..! ਪਰ ਐਨਾਂ ਜ਼ਰੂਰ ਪਤੈ ਕਿ ਉਹ ਹਰ ਤੀਜੇ ਮਹੀਨੇ ਪਾਕਿਸਤਾਨ ਜਾਂਦੇ ਨੇ, ਤੇ ਉਹਨਾਂ ਦੀ ਮੰਤਰੀਆਂ ਸ਼ੰਤਰੀਆਂ ਅਤੇ ਵੱਡੇ ਵੱਡੇ ਪੁਲੀਸ ਅਤੇ ਮਿਲਟਰੀ ਅਫ਼ਸਰਾਂ ਵਿਚ ਬਹੁਤ ਇੱਜ਼ਤ ਹੈ...! ਆਪਣੇ ਅੱਬੂ ਜਾਨ ਮਾੜੀ ਮੋਟੀ ਸ਼ੈਅ ਨਹੀਂ, ਬਹੁਤ ਮਾਣ ਤਾਣ ਵਾਲੇ ਬੰਦੇ ਨੇ...!"
-"..........।"
-"ਜਦੋਂ ਇਹ ਪਾਕਿਸਤਾਨ ਜਾਂਦੇ ਨੇ, ਤਾਂ ਵੱਡੇ ਵੱਡੇ ਆਫ਼ੀਸਰ ਇਹਨਾਂ ਨੂੰ ਏਅਰਪੋਰਟ ਦੇ ਵੀ. ਆਈ. ਪੀ. ਲੌਂਜ 'ਚੋਂ ਲੈ ਕੇ ਜਾਂਦੇ ਨੇ..! ਤੂੰ ਕਦੇ ਉਹਨਾਂ ਨਾਲ਼ ਪਾਕਿਤਾਨ ਜਾ ਕੇ ਤਾਂ ਦੇਖ...! ਤੈਨੂੰ ਵੱਡੇ ਵੱਡੇ ਅਫ਼ਸਰ ਸਿਰ 'ਤੇ ਨਾ ਚੁੱਕ ਲੈਣ...!"
-"ਨਾ ਬਾਬਾ, ਮੈਨੂੰ ਨ੍ਹੀ ਚਾਹੀਦੇ ਵੱਡੇ ਵੱਡੇ ਅਫ਼ਸਰ...! ਮੈਨੂੰ ਤਾਂ ਸਿਰਫ਼ ਮੇਰਾ ਇਮਰਾਨ ਹੀ ਚਾਹੀਦੈ..!" ਉਸ ਨੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ।
-"ਤੂੰ ਹੁਣ ਆਪਣੇ ਮਕਾਨ 'ਚ ਕਦੋਂ ਆਉਣੈਂ..? ਅੱਬੂ ਜਾਨ ਬਹੁਤ ਵਾਰੀ ਆਖ ਚੁੱਕੇ ਨੇ ਕਿ ਜੇ ਤਾਂ ਮਕਾਨ 'ਚ ਰਹਿਣੈਂ, ਤਾਂ ਆ ਜਾਵੋ..! ਤੇ ਨਹੀਂ ਤਾਂ ਮੈਂ ਕਿਰਾਏ 'ਤੇ ਦੇ ਦਿਆਂਗਾ।"

ਸੀਤਲ ਸੋਚੀਂ ਪੈ ਗਈ।

ਉਸ ਦੇ ਘਰਵਾਲਿ਼ਆਂ ਨੇ ਹੁਣ ਇਕ ਤਰ੍ਹਾਂ ਨਾਲ਼ ਰੱਬ ਦਾ ਭਾਣਾਂ ਮਿੱਠਾ ਕਰਕੇ ਮੰਨ ਲਿਆ ਸੀ। ਹੁਣ ਉਹ ਸੀਤਲ ਨੂੰ ਕੁਝ ਵੀ ਨਹੀਂ ਆਖਦੇ ਸਨ। ਮਾਂ ਉਸ ਦੀ ਰੋਟੀ ਹਰ ਰੋਜ ਬਣਾਂ ਕੇ ਰੱਖਦੀ। ਸੀਤਲ ਕਦੇ ਰੋਟੀ ਖਾ ਲੈਂਦੀ ਅਤੇ ਕਦੇ ਰੋਟੀ ਨੂੰ ਹੱਥ ਤੱਕ ਨਾ ਲਾਉਂਦੀ। ਜੇ ਜੀਅ ਕਰਦਾ 'ਹਾਏ' ਆਖ ਦਿੰਦੀ। ਜੇ ਜੀਅ ਨਾ ਜੀਅ ਕਰਦਾ, ਚੁੱਪ ਚਾਪ ਉਪਰ ਕਮਰੇ ਵਿਚ ਜਾ ਕੇ ਸੌਂ ਜਾਂਦੀ। ਕਿਰਪਾਲ ਕੌਰ ਨੇ ਬਥ੍ਹੇਰੀ ਮਗਜ਼ ਖ਼ਪਾਈ ਕਰ ਕੇ ਦੇਖ ਲਈ ਸੀ। ਰੱਬ ਦੇ ਰੰਗਾਂ ਦਾ ਕੋਈ ਲੇਖਾ ਨਹੀਂ, ਜੋ ਨਬੀਆਂ ਨੂੰ ਮੰਡੀਆਂ ਵਿਚ ਵਿਕਵਾ ਦਿੰਦਾ ਹੈ..! ਸੀਤਲ ਦੀ ਮਾਂ ਸੋਚਦੀ। ਉਸ ਦੀਆਂ ਸਮਝੌਤੀਆਂ ਦਾ ਸੀਤਲ ਥੰਧੇ ਘੜ੍ਹੇ 'ਤੇ ਕੋਈ ਅਸਰ ਨਾ ਹੋਇਆ। ਸਿਆਣਪ ਦੀਆਂ ਬੂੰਦਾਂ ਤਿਲ੍ਹਕ ਤਿਲ੍ਹਕ ਡਿੱਗਦੀਆਂ ਰਹੀਆਂ। ਮਾਂ ਦੇ ਸਿਰ ਖਪਾਈ ਕਰਨ ਦੇ ਬਾਵਜੂਦ ਵੀ ਸੀਤਲ ਇਮਰਾਨ ਦੀ ਰਜਾਈ 'ਨਿੱਘੀ' ਕਰਦੀ ਰਹੀ। ਹੁਣ ਤਾਂ ਉਸ ਦਾ ਖ਼ੁਦ ਦਾ ਵੀ ਦਿਮਾਗ ਖ਼ਰਾਬ ਹੋ ਗਿਆ ਸੀ। ਅਗਰ ਇਮਰਾਨ ਕੋਈ ਹੀਲ ਹੁੱਜਤ ਨਾ ਕਰਦਾ ਤਾਂ ਸੀਤਲ ਆਪ ਗਧੇ ਵਾਂਗ ਹਿਣਕ ਕੇ ਉਸ ਦੇ ਉਪਰ ਜਾ ਚੜ੍ਹਦੀ। ਚੜ੍ਹਦੀ ਜੁਆਨੀ ਅਤੇ ਗਰਮ ਖ਼ੂਨ ਸੀ। ਸੀਤਲ ਦੇ ਵੀ ਵੱਸ ਨਹੀਂ ਸੀ।

-"ਮੈਨੂੰ ਆਹ ਸਮੈਸਟਰ ਖ਼ਤਮ ਕਰ ਲੈਣਦੇ, ਸਾਰਾ ਡੇੜ੍ਹ ਮਹੀਨਾ ਤਾਂ ਰਹਿ ਗਿਆ..? ਫੇਰ ਆਪਾਂ ਮੂਵ ਹੋਣ ਬਾਰੇ ਸੋਚਾਂਗੇ...! ਪਰ ਅੱਬੂ ਜਾਨ ਮੈਨੂੰ ਫੇਰ ਨਾ ਮਜ਼ਹਬ ਬਦਲੀ ਬਾਰੇ ਕਹਿਣ ਲੱਗ ਜਾਣ..? ਮੈਂ ਧਰਮ ਕਿਸੇ ਸ਼ਰਤ 'ਤੇ ਵੀ ਬਦਲੀ ਨਹੀਂ ਕਰੂੰਗੀ..! ਮੈਂ ਤਾਂ ਤੇਰੇ ਘਰੇ ਸਰਦਾਰਨੀ ਹੀ ਆਊਂਗੀ।"
-"ਸਦਕੇ ਤੇਰੇ...! ਤੁਸਾਂ ਦੇ ਲੀਡਰਾਂ ਬਾਰੇ ਤਾਂ ਸੁਣਿਆਂ ਸੀ ਬਈ ਨਿੱਕੀ ਨਿੱਕੀ ਗੱਲ ਤੋਂ ਸਿਦਕ ਤੋਂ ਡਿੱਗ ਜਾਂਦੇ ਐ, ਪਰ ਤੂੰ ਤਾਂ ਸ਼ੇਰ ਸਰਦਾਰਨੀ ਐਂ, ਸੀਤਲ..!" ਉਸ ਨੇ ਸੀਤਲ ਨੂੰ ਲੱਕੋਂ ਚੁੱਕ ਲਿਆ।
-"ਪਰ ਧਰਮ ਬਦਲੀ ਸਾਡੇ ਲੀਡਰ ਵੀ ਨਹੀਂ ਕਰਦੇ...!" ਉਸ ਨੇ ਪੱਕ ਕਰਨਾਂ ਚਾਹਿਆ।
-"ਪਰ ਤੇਰੇ ਲੀਡਰ ਐਨੇ ਪੱਕੇ ਮਜ਼ਹਬੀ ਵੀ ਨਹੀਂ ਹੁੰਦੇ, ਜਿੰਨੀ ਸ਼ਾਹਦੀ ਤੂੰ ਭਰਦੀ ਐਂ...!" ਇਮਰਾਨ ਨੇ ਟਕੋਰ ਕੀਤੀ।

-"ਲੀਡਰ ਤਾਂ ਕਿਸੇ ਦੇਸ਼ ਦੇ ਵੀ ਧਰਮ ਪ੍ਰਤੀ ਪੱਕੇ ਨਹੀਂ ਹੁੰਦੇ..! ਉਹ ਤਾਂ ਝੂਠ, ਤੂਫ਼ਾਨ, ਲਾਰੇ, ਦੰਗੇ ਕਰਨ ਕਰਾਉਣ 'ਚ ਮਾਹਰ ਹੁੰਦੇ ਐ, ਧਰਮ ਉਹਨਾਂ ਦੇ ਕੀ ਯਾਦ ਐ..? ਮੇਰੇ ਦਾਦਾ ਜੀ ਆਖਦੇ ਹੁੰਦੇ ਸੀ ਬਈ ਲੀਡਰ ਵੋਟਾਂ ਵੇਲ਼ੇ ਗਧੇ ਨੂੰ ਬਾਪੂ ਆਖਦੇ ਐ, ਤੇ ਲੀਡਰ ਬਣਨ ਤੋਂ ਬਾਅਦ ਬਾਪੂ ਨੂੰ ਗਧਾ ਦੱਸਦੇ ਐ...! ਕੌਮਾਂ ਆਪਣੇ ਲੀਡਰਾਂ ਨੂੰ ਆਪਣੀ ਮਰਜ਼ੀ ਅਨੁਸਾਰ ਤਬਦੀਲ ਨਹੀਂ ਕਰ ਸਕਦੀਆਂ ਅਤੇ ਨਾਂ ਹੀ ਆਪਣੇ ਅਨੁਸਾਰ ਸਿਆਸਤ ਨੂੰ ਢਾਲ ਸਕਦੀਐਂ..! ਹਰ ਬੰਦੇ ਨੂੰ ਆਪਣੇ ਲੀਡਰਾਂ ਦੀ ਸਿਆਸਤ ਅਨੁਸਾਰ ਢਲਣਾਂ ਪੈਂਦੈ...! ਮਜ਼ਹਬ ਦੀ ਤਾਂ ਗੱਲ ਹੀ ਹੋਰ ਐ..? ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਆਪਣੇ ਮਜ਼ਹਬ ਅਨੁਸਾਰ ਤੁਹਾਨੂੰ ਚੱਲਣਾਂ ਹੀ ਪੈਂਦੈ..! ਮਜ਼ਹਬ ਦੇ ਸਿਧਾਂਤ ਤੁਸੀਂ ਤਾਂ ਕੀ...? ਤੁਹਾਡੀਆਂ ਪੁਸ਼ਤਾਂ ਵੀ ਨਹੀਂ ਬਦਲ ਸਕਦੀਆਂ...! ਕਿਉਂਕਿ ਇਹ ਸਿਧਾਂਤ ਲੋਕਾਂ ਦੇ ਨਹੀਂ, ਸਾਡੇ ਪੀਰਾਂ ਪੈਗੰਬਰਾਂ ਦੇ ਰਚੇ ਹੋਏ ਨੇ...! ਦੁਨੀਆਂ ਦੀ ਕੋਈ ਵੀ ਕੌਮ ਸੱਚੀ ਸੁੱਚੀ ਨਹੀਂ..! ਸਿੱਖ ਸਿੱਖਾਂ ਨੂੰ ਮਾਰੀ ਜਾ ਰਹੇ ਨੇ ਤੇ ਮੁਸਲਮਾਨ ਮੁਸਲਮਾਨਾਂ ਨੂੰ..! ਤੇ ਸਾਡੇ ਲੀਡਰ ਆਪਣੇ ਮੁਫ਼ਾਦਾਂ ਲਈ ਮੂੰਹ ਵਿਚ ਘੁੰਗਣੀਆਂ ਪਾਈ ਬੈਠੇ ਨੇ...! ਭਾਈ ਜੀ ਵੀ ਚੁੱਪ ਨੇ ਤੇ ਮੌਲਵੀ ਵੀ...! ਹਰ ਪਾਸੇ ਲੋਭ, ਮੋਹ, ਸੁਆਰਥ ਅਤੇ ਈਰਖ਼ਾ..! ਸੰਸਾਰ ਵਿਚੋਂ ਨਾ ਤਾਂ ਚੰਗਿਆਈ ਖ਼ਤਮ ਹੋਈ ਐ ਅਤੇ ਨਾ ਬੁਰਿਆਈ...! ਇਕ ਗੱਲ ਯਾਦ ਰੱਖੀਂ ਸੀਤਲ..! ਜੋ ਬੰਦਾ ਚੰਗਿਆਈ ਨਾਲੋਂ ਟੁੱਟ ਜਾਂਦੈ, ਕੁਦਰਤ ਵੀ ਉਸ ਨੂੰ ਬਚਾਉਣ ਦਾ ਉਪਰਾਲਾ ਨਹੀਂ ਕਰਦੀ ਤੇ ਉਹ ਆਪਣੀ ਹੋਂਦ ਆਪ ਹੀ ਗੁਆ ਬੈਠਦੈ...! ਦੁਨੀਆਂ ਦੀ ਹਰ ਸ਼ੈਅ ਆਪਣੇ ਵਕਤ ਮੁਤਾਬਿਕ ਆਉਂਦੀ ਐ ਤੇ ਵਕਤ ਮੁਤਾਬਿਕ ਹੀ ਖ਼ਤਮ ਹੋ ਜਾਂਦੀ ਐ..! ਹਰ ਨਜ਼ਰ ਆਉਣ ਵਾਲ਼ੀ ਚੀਜ਼ ਦਾ ਇਕ ਨਾ ਇਕ ਦਿਨ ਖ਼ਾਤਮਾਂ ਲਾਜ਼ਮੀ ਐ...! ਸਮਾਂ ਇਕ ਉਹ ਅਨੁਸਾਸ਼ਨ 'ਚ ਬੱਝਿਆ ਹੋਇਐ, ਜੋ ਪੁਰਾਣਿਆਂ ਨੂੰ ਖ਼ਤਮ ਕਰਕੇ ਨਵਿਆਂ ਨੂੰ ਸਿਰਜ਼ਦਾ ਹੈ...! ਦੇਖ ਲੈ ਸੀਤਲ, ਇਸਲਾਮ ਨਾਲ਼ ਜੁੜੇ ਲੋਕ ਕਿੰਨੀ ਮੁੱਦਤ ਤੋਂ ਜੱਦੋਜਹਿਦ ਕਰਦੇ ਆ ਰਹੇ ਨੇ...! ਪਰ ਪਾਇਆ ਉਹਨਾਂ ਨੇ ਹੁਣ ਤੱਕ ਕੁਝ ਵੀ ਨਹੀਂ...! ਗੁਆਇਆ ਈ ਗੁਆਇਆ ਐ...! ਕਿਉਂ...? ਕਿਉਂਕਿ ਉਹਨਾਂ ਨੇ ਵਕਤ ਮੁਤਾਬਿਕ ਆਪਣੇ ਆਪ ਵਿਚ ਤਬਦੀਲੀ ਨਹੀਂ ਲਿਆਂਦੀ..! ਤਬਦੀਲੀ ਜਿ਼ੰਦਗੀ ਨੂੰ ਇਕ ਨਵਾਂ ਰੂਪ ਦਿੰਦੀ ਐ...! ਪਰ ਲੋਕਾਂ ਵਿਚ ਤਬਦੀਲੀ ਨਾਂ ਆਉਣ ਕਾਰਨ ਅੱਜ ਇਸਲਾਮ ਦੇ ਲੋਕ ਮਰ ਖ਼ਪ ਰਹੇ ਨੇ, ਲੀਡਰ ਹੱਥ 'ਤੇ ਹੱਥ ਧਰੀ ਬੈਠੇ ਤਮਾਸ਼ਾ ਦੇਖ ਰਹੇ ਨੇ ਜਾਂ ਅਮਰੀਕਾ ਵਰਗੇ ਘਾਗ ਦੇਸ਼ ਦੀ ਝੋਲ਼ੀ ਚੁੱਕ ਰਹੇ ਨੇ...! ਮੀਡੀਆ ਸਮੇਂ ਸਮੇਂ ਅਤੇ ਵੱਖੋ ਵੱਖਰੇ ਕਲਚਰਾਂ ਵਿਚਕਾਰ ਪ੍ਰਾਪੇਗੰਡਾ ਖੜ੍ਹਾ ਕਰਦਾ ਰਿਹਾ ਹੈ, ਦੁਨੀਆਂ ਜਾਣਦੀ ਹੈ ਕਿ ਇਹ ਭਵਿੱਖ ਲਈ ਕੋਹੜ ਸਾਬਤ ਹੋਵੇਗਾ..! ਆਮ ਅਵਾਮ ਹੁਣ ਮਾਰਧਾੜ ਤੋਂ ਤੰਗ ਆ ਚੁੱਕੀ ਹੈ, ਲੋਕ ਕੰਨਫ਼ਰੰਟੇਸ਼ਨ ਨਹੀਂ ਚਾਹੁੰਦੇ..! ਉਹ ਇਕ ਦੂਜੇ ਵਿਚ ਪਈਆਂ ਗ਼ਲਤ ਫ਼ਹਿਮੀਆਂ ਨੂੰ ਦੂਰ ਕਰਕੇ ਅਮਨ ਨਾਲ਼ ਆਪਣੇ ਕਾਰੋਬਾਰ ਕਰਨਾਂ ਚਾਹੁੰਦੇ ਨੇ..! ਪੜ੍ਹੇ ਲਿਖੇ ਅਤੇ ਸੂਝਵਾਨ ਲੋਕ ਆਪਣੇ ਆਪ ਨੂੰ ਤਿਆਰ ਕਰਕੇ, ਆਪਣੇ ਬੱਚਿਆਂ ਦਾ ਭਵਿੱਖ ਸੁਧਾਰਨਾਂ ਲੋਚਦੇ ਨੇ..! ਜੰਗ ਤੋਂ ਹਰ ਕੋਈ ਤੌਬਾ ਕਰਦਾ ਹੈ...! ਅੱਜ ਇਸਲਾਮ ਦੇ ਲੋਕਾਂ ਨੂੰ ਅਮਰੀਕਾ ਨੇ ਇਕ ਤਰ੍ਹਾਂ ਨਾਲ਼ ਜੜ੍ਹੋਂ ਉਖੇੜਿਆ ਹੋਇਆ ਹੈ..! ਵਰਲਡ ਟਰੇਡ ਸੈਂਟਰ ਐਕਸ਼ਨ ਤੋਂ ਬਾਅਦ ਮੁਸਲਮਾਨਾਂ ਨੂੰ ਦੁਨੀਆਂ ਭਰ ਵਿਚ ਭੰਡਿਆ, ਦੁਨੀਆਂ ਵਿਚ ਰੱਜ ਕੇ ਬਦਨਾਮ ਕੀਤਾ..! ਪਰ ਮੁਸਲਮਾਨ ਲੀਡਰ ਹੀ ਅਮਰੀਕਾ ਦੀ ਝੋਲ਼ੀ ਚੁੱਕੀ ਜਾ ਰਹੇ ਨੇ..! ਜੋ ਚੰਗਿਆਈ ਨਹੀਂ ਕਰ ਸਕਦਾ, ਨਾਂ ਉਹ ਚੰਗਾ ਸਿੱਖ ਅਤੇ ਨਾਂ ਹੀ ਚੰਗਾ ਮੁਸਲਮਾਨ ਬਣ ਸਕਦੈ...! ਕੌਮ ਕੋਈ ਵੀ ਬੁਰੀ ਨਹੀਂ, ਮਜ਼ਹਰ ਕੋਈ ਵੀ ਮਾੜਾ ਨਹੀਂ, ਪਰ ਅੱਲਾਹ ਮੁਆਫ਼ੀ ਦੇਵੇ, ਲੀਡਰ ਕਿਸੇ ਕੌਮ ਦਾ ਵੀ ਨਹੀਂ ਚੰਗਾ...! ਹੋ ਸਕਦੈ ਕੋਈ ਸੌ 'ਚੋਂ ਇਕ ਅੱਲਾਹ ਦਾ ਬੰਦਾ ਇਮਾਨਦਾਰ ਜਾਂ ਆਪਣੀ ਕੌਮ ਪ੍ਰਤੀ ਵਫ਼ਾਦਾਰ ਹੋਵੇ..? ਪਰ ਇਕ ਗੱਲ ਹੈ, ਜਿਲ੍ਹਿਆਂ ਦੇ ਲੀਡਰ ਸੂਬਾ ਗੌਰਮਿੰਟ ਦੇ ਗ਼ੁਲਾਮ, ਸੂਬੇ ਦੇ ਲੀਡਰ ਸੈਂਟਰ ਦੇ ਗ਼ੁਲਾਮ, ਤੇ ਸੈਂਟਰ ਦੇ ਲੀਡਰ ਅਮਰੀਕਾ ਦੇ ਗ਼ੁਲਾਮ...!" ਇਮਰਾਨ ਨੇ ਇਕ ਲੰਮਾਂ ਚੌੜਾ ਭਾਸ਼ਨ ਝਾੜ ਧਰਿਆ।

-"........।" ਸੀਤਲ ਚੁੱਪ ਚਾਪ ਸੁਣ ਰਹੀ ਸੀ।
-"ਖ਼ੈਰ ਛੱਡ, ਨਾ ਤੁਸਾਂ ਦਾ ਕੋਈ ਲੀਡਰ ਐ, ਤੇ ਨਾ ਅਸਾਂ ਦਾ..? ਕਾਹਨੂੰ ਆਪਾਂ ਵਾਧੂ ਦਿਮਾਗ ਖ਼ਰਾਬ ਕਰਦੇ ਆਂ..?" ਇਮਰਾਨ ਨੇ ਗੱਲ 'ਤੇ ਮਿੱਟੀ ਪਾ ਦਿੱਤੀ।

ਸੀਤਲ ਹਮੇਸ਼ਾ ਵਾਂਗ ਅੱਠ ਕੁ ਵਜੇ ਘਰ ਆ ਗਈ।

ਨਾ ਹੀ ਕਿਸੇ ਨੇ ਉਸ ਨੂੰ ਬੁਲਾਇਆ ਅਤੇ ਨਾ ਹੀ ਉਹ ਕਿਸੇ ਨਾਲ਼ ਬੋਲੀ। ਸਿੱਧੀ ਹੀ ਕਮਰੇ ਵਿਚ ਚਲੀ ਗਈ। ਕਦੇ ਕਦੇ ਕਿਰਪਾਲ ਕੌਰ ਦਾ ਜੀਅ ਕਰਦਾ ਕਿ ਉਹ ਡੰਡਾ ਲੈ ਕੇ ਇਕ ਦਿਨ ਸੀਤਲ ਦੀ ਤਹਿ ਲਾ ਦੇਵੇ, ਤੇ ਪੁੱਛੇ, ਕੰਜਰੀਏ..! ਤੈਨੂੰ ਆਹ ਕੰਜਰਖਾਨੇ ਕਰਨ ਵਾਸਤੇ ਜੰਮਿਆਂ ਤੇ ਪਾਲਿ਼ਆ ਸੀ..? ਅਸੀਂ ਹੁਣ ਐਨੇ ਮਾੜੇ ਹੋ ਗਏ ਕਿ ਤੂੰ ਸਾਡੇ ਨਾਲ਼ ਗੱਲ ਕਰਨੀ ਵੀ ਤਕਲੀਫ਼ ਮੰਨਦੀ ਐਂ..? ਤੇਰੇ ਪੈ ਜਾਣ ਐਹੋ ਜੀ ਦੇ ਕੀੜੇ, ਆਹੀ ਸਿ਼ਲਾ ਦੇਣਾਂ ਸੀ ਸਾਡੇ ਲਾਡ ਤੇ ਪਿਆਰ ਦਾ..? ਤੂੰ ਕੋਈ ਅਲੈਹਦੀ ਜੰਮੀ ਐਂ..? ਹੋਰ ਲੋਕਾਂ ਦੀਆਂ ਕੁੜੀਆਂ ਈ ਨ੍ਹੀ..? ਜਿਹੜੀਆਂ ਮਾਂ ਬਾਪ ਦੇ ਆਖੇ ਲੱਗ ਕੇ ਇੰਡੀਅਨ ਮੁੰਡਿਆਂ ਨਾਲ਼ ਵਿਆਹ ਕਰਵਾਈ ਜਾਂਦੀਐਂ..? ਤੂੰ ਕੋਈ ਉਤੋਂ ਡਿੱਗੀ ਵੀ ਐਂ..? ਲੋਕਾਂ ਦੀਆਂ ਕੁੜੀਆਂ ਜੇ ਆਬਦੀ ਮਰਜੀ ਨਾਲ਼ ਵਿਆਹ ਕਰਵਾਉਂਦੀਐਂ, ਤਾਂ ਚੰਗੇ ਇੰਡੀਅਨ ਮੁੰਡੇ ਦੇਖਦੀਐਂ..! ਤੇ ਤੈਨੂੰ ਕੁੱਤੀਏ ਆਹ ਮੁਸਲਮਾਨ ਈ ਮਿਲਿ਼ਆ..? ਲੁੱਚੀ ਕਿਸੇ ਥਾਂ ਦੀ..! ਕਿਰਪਾਲ ਕੌਰ ਦੇ ਦਿਲ ਵਿਚ ਕਾਲ਼ ਪਿਆ ਰਹਿੰਦਾ।ਉਸ ਦੀ ਅੰਦਰਲੀ ਅਣਖ਼ ਅਤੇ ਸਵੈਮਾਨ ਖੇਰੂੰ-ਖੇਰੂੰ ਹੋ ਜਾਂਦਾ..! ਚਾਹਤਾਂ ਸੜ ਕੇ ਸੁਆਹ ਹੋ ਜਾਣ ਕਾਰਨ ਹਿਰਦੇ 'ਚੋਂ ਟੀਸ ਉਠਦੀ..!

ਸੀਤਲ ਦੀ ਬੇਪ੍ਰਵਾਹੀ ਤੱਕ ਕੇ ਕਿਰਪਾਲ ਕੌਰ ਦੇ ਅੰਦਰ ਇਕ ਯੁੱਧ ਛਿੜ ਜਾਂਦਾ। ਪਰ ਗੁਰਚਰਨ ਨੇ ਉਸ ਨੂੰ ਤਾਕੀਦ ਕੀਤੀ ਹੋਈ ਸੀ, ਸੀਤਲ ਨੂੰ ਕੁਝ ਵੀ ਨਹੀਂ ਆਖਣਾਂ! ਅਜੇ ਤਾਂ ਕਿਸੇ ਨੂੰ ਪਤਾ ਸੀ, ਕਿਸੇ ਨੂੰ ਨਹੀਂ ਸੀ ਪਤਾ। ਪਰ ਜੇ ਉਸ ਨੇ ਸੀਤਲ ਨੂੰ ਬੋਲ ਕਬੋਲ ਕੀਤਾ, ਜਾਂ ਥੱਪੜ ਮਾਰ ਦਿੱਤਾ, ਤਾਂ ਉਸ ਨੇ ਪੁਲੀਸ ਨੂੰ ਫ਼ੋਨ ਕਰ ਦੇਣਾਂ ਸੀ ਅਤੇ ਪੁਲੀਸ ਨੇ ਦਰਵਾਜੇ ਅੱਗੇ ਆ ਕੇ ਖੁਰਗੋ ਵਾਧੂ ਪੱਟਣੀ ਸੀ! ਆਂਢ ਗੁਆਂਢ ਵਿਚ ਵਾਧੂ ਦੀ ਬਦਨਾਮੀ ਅਤੇ ਨਮੋਸ਼ੀ..! ਇਸ ਕਰਕੇ ਕਿਰਪਾਲ ਕੌਰ ਲਹੂ ਦਾ ਘੁੱਟ ਭਰਕੇ ਚੁੱਪ ਕਰ ਜਾਂਦੀ। ਉਸ ਦੀ ਜ਼ਮੀਰ ਹਰ ਰੋਜ ਕਤਰਾ ਕਤਰਾ ਕਰਕੇ ਜਿ਼ਬਾਹ ਹੋ ਰਹੀ ਸੀ। ਉਹ ਹਰ ਰੋਜ ਕਿਣਕਾ ਕਿਣਕਾ ਹੋ ਕੇ ਮਰਦੀ। ਸਾਰੀ ਸਾਰੀ ਰਾਤ ਉਸ ਨੂੰ ਨੀਂਦ ਨਾ ਪੈਂਦੀ। ਗੁਰਚਰਨ ਤਾਂ ਕੰਮ ਤੋਂ ਆ ਕੇ ਥੱਕਿਆ ਹੰਭਿਆ ਸੌਂ ਜਾਂਦਾ। ਪਰ ਕਈ ਵਾਰ ਗੁਰਚਰਨ ਦੀ ਵੀ ਸਾਰੀ ਰਾਤ ਅੱਖ ਨਾ ਲੱਗਦੀ। ਉਹ ਨੀਂਦ ਦੀਆਂ ਗੋਲ਼ੀਆਂ ਖਾ ਕੇ ਸੌਂਦਾ। ਹੋਰ ਉਸ ਦੇ ਕੋਲ਼ ਕੋਈ ਚਾਰਾ ਨਹੀਂ ਸੀ। ਕੰਮ ਤੋਂ ਬਿਨਾ ਸਰਦਾ ਨਹੀਂ ਸੀ। ਘਰ ਦੀ ਕਿਸ਼ਤ, ਬਿਜਲੀ, ਗੈਸ ਦਾ ਬਿੱਲ, ਕਾਰ ਦੀ ਇਸ਼ੋਰੈਂਸ ਅਤੇ ਘਰ ਦੇ ਹੋਰ ਫ਼ੁਟਕਲ ਖਰਚੇ..! ਕੰਮ ਕਰਨ ਬਿਨਾਂ ਸਰਦਾ ਨਹੀਂ ਸੀ ਅਤੇ ਅਨੀਂਦਰੇ ਬੰਦੇ ਤੋਂ ਕੰਮ ਹੁੰਦਾ ਨਹੀਂ! ਇਸ ਲਈ ਗੁਰਚਰਨ ਹਰ ਰੋਜ ਹੀ ਨੀਂਦ ਵਾਲ਼ੀਆਂ ਗੋਲ਼ੀਆਂ ਦਾ ਸਹਾਰਾ ਲੈਂਦਾ। ਕਿਰਪਾਲ ਕੌਰ ਵੀ ਦਿਨ ਰਾਤ ਦੀ ਸੋਚ ਕਾਰਨ ਦਿਨ ਬਦਿਨ ਸਿਹਤ ਪੱਖੋਂ ਨਿੱਘਰਦੀ ਜਾ ਰਹੀ ਸੀ। ਉਸ ਦਾ ਕਿਸੇ ਕੋਲ਼ ਖੜ੍ਹਨ ਨੂੰ ਜੀਅ ਨਾ ਕਰਦਾ। ਕਿਸੇ ਨਾਲ਼ ਗੱਲ ਕਰਨ ਨੂੰ ਵੱਢੀ ਰੂਹ ਨਾ ਕਰਦੀ। ਉਹ ਗੁੰਮ ਸੁੰਮ ਜਿਹੀ ਰਹਿਣ ਲੱਗ ਪਈ ਸੀ। ਉਹ ਗੁਰਚਰਨ ਨੂੰ ਸਵੇਰੇ ਪਰਾਉਂਠੇ ਲਾਹ ਕੇ ਡੱਬੇ ਵਿਚ ਪਾ ਦਿੰਦੀ। ਪਰ ਉਸ ਨੂੰ ਆਪ ਨੂੰ ਭੁੱਖ ਲੱਗਣੋਂ ਹਟ ਗਈ ਸੀ। ਉਸ ਦੀ ਸੁਤਾ ਸਿਰਫ਼ ਅਤੇ ਸਿਰਫ਼ ਸੀਤਲ ਵੱਲ ਰਹਿੰਦੀ। ਜੇ ਪਾਇਲ ਮਾਂ ਨੂੰ ਰੋਟੀ ਖਾਣ ਬਾਰੇ ਪੁੱਛਦੀ ਤਾਂ ਕਿਰਪਾਲ ਕੌਰ, "ਮੈਂ ਤਾਂ ਖਾ ਲਈ ਸੀ ਪੁੱਤ ਤੇਰੇ ਆਉਣ ਤੋਂ ਪਹਿਲਾਂ ਈ!" ਆਖ ਕੇ ਪਾਇਲ ਦਾ ਦਿਲ ਜਿਹਾ ਰੱਖਣ ਲਈ ਆਖ ਦਿੰਦੀ। ਕਿਰਪਾਲ ਕੌਰ ਦਾ ਦਿਲ ਘਟਦਾ ਰਹਿੰਦਾ। ਸੀਤਲ ਦੀ ਚੰਚਲ ਬਿਰਤੀ ਕਾਰਨ ਕਿਰਪਾਲ ਕੌਰ ਆਪੇ ਦੀ ਨਗਨ ਅਵਸਥਾ ਸਾਹਮਣੇ ਖੜ੍ਹ ਕੇ ਦਰਦਾਂ ਲੱਦੀ ਅੰਦਰੋਂ ਕਤਲ ਹੁੰਦੀ ਰਹਿੰਦੀ..! ਉਸ ਨੂੰ ਇਹ ਡਰ ਬਣਿਆਂ ਹੋਇਆ ਸੀ ਕਿ ਸੀਤਲ ਜਿਹੜੇ ਰਸਤੇ ਤੁਰ ਪਈ ਸੀ, ਉਹ ਰਸਤਾ ਸਿੱਧਾ ਹੀ ਤਬਾਹੀ ਵੱਲ ਨੂੰ ਜਾਂਦਾ ਸੀ। ਉਸ ਨੂੰ ਕਿਸੇ ਵੱਡੇ ਦੁਖਾਂਤ ਤੋਂ ਡਰ ਲੱਗਦਾ ਰਹਿੰਦਾ। ਜੇ ਕੋਈ ਇੰਡੀਅਨ ਜਾਂ ਪੰਜਾਬੀ ਮੁੰਡਾ ਹੁੰਦਾ, ਤਾਂ ਬੰਦਾ ਵੀਹ ਸਿਆਣੂੰ ਕੱਢ ਲੈਂਦੈ..! ਪਰ ਪਾਕਿਸਤਾਨ 'ਚ ਕੀਹਨੂੰ ਭਾਲ਼ੀਏ..? ਉਹ ਧੁਖ਼ਦੀ ਚਿਤਾ ਵਾਂਗ ਹਾਉਕਾ ਭਰਦੀ ਅਤੇ ਉਸ ਦਾ ਸਾਰਾ ਸਰੀਰ ਝੰਜੋੜਿਆ ਜਾਂਦਾ ਅਤੇ ਉਸ ਦੀ ਰੂਹ ਕੰਬ ਕੰਬ ਜਾਂਦੀ। ਜੇ ਇਹ ਕੁੱਤੀ ਉਸ ਨਾਲ਼ ਪਾਕਿਸਤਾਨ ਜਾ ਵੱਜੀ, ਤਾਂ ਕਿੱਥੋਂ ਭਾਲ਼ਾਂਗੇ..? ਉਸ ਨੂੰ ਦਿਨ ਰਾਤ ਇਹੀ ਝੋਰਾ ਖਾਂਦਾ ਰਹਿੰਦਾ ਅਤੇ ਫ਼ੱਟੜ ਸੋਚ ਬਿਲਕਦੀ ਰਹਿੰਦੀ।

ਸ਼ੁਕਰਵਾਰ ਦੀ ਰਾਤ ਸੀ।
ਸੀਤਲ ਸਾਰੀ ਰਾਤ ਘਰ ਨਾ ਆਈ।

ਉਸ ਦਾ ਕੰਨ ਸਾਰੀ ਰਾਤ ਦਰਵਾਜੇ ਵੱਲ ਹੀ ਰਿਹਾ। ਪਰ ਕੰਮ ਤੋਂ ਆਏ ਗੁਰਚਰਨ ਨੂੰ ਉਸ ਨੇ ਕਿਸੇ ਗੱਲ ਦੀ ਭਾਫ਼ ਨਾ ਕੱਢੀ। ਉਹ ਸੋਚਦੀ ਸੀ ਕਿ ਬੰਦਾ ਕੰਮ ਤੋਂ ਅੱਕਿਆ ਥੱਕਿਆ ਘਰ ਆਉਂਦੈ। ਜੇ ਉਸ ਨੂੰ ਦੱਸ ਦਿੱਤਾ, ਉਸ ਨੇ ਤਾਂ ਸਾਰੀ ਰਾਤ ਸੌਣਾਂ ਨਹੀਂ ਸੀ। ਹਰਖ਼ ਦਾ ਮਾਰਿਆ ਬੰਦਾ ਨਰਕ 'ਚ ਪੈ ਜਾਂਦੈ...! ਹਾਲਾਤਾਂ ਤੋਂ ਅੱਕਿਆ ਬੰਦਾ ਕਿਸੇ ਗੱਡੀ ਥੱਲੇ ਹੀ ਆਊ..? ਮਰੂ ਜਾਂ ਮਾਰੂ...! ਘਰ ਦੀ ਤਬਾਹੀ ਦੋਨੋਂ ਪਾਸੇ ਹੀ..! ਇਹ ਸੋਚ ਕੇ ਉਸ ਨੇ ਚੁੱਪ ਵੱਟ ਲਈ ਸੀ।

ਸਾਰੀ ਰਾਤ ਕਿਰਪਾਲ ਕੌਰ ਪਾਸੇ ਮਾਰਦੀ ਰਹੀ। ਅੱਧੀ ਰਾਤ ਟੱਪ ਚੁੱਕੀ ਸੀ। ਸ਼ਾਇਦ ਕਿਰਪਾਲ ਕੌਰ ਦੀ ਅੱਖ ਲੱਗ ਗਈ ਸੀ। ਉਸ ਨੂੰ ਕੋਈ ਡਰਾਉਣਾਂ ਸੁਪਨਾ ਆਇਆ, ਤਾਂ ਉਸ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਗੁਰਚਰਨ ਦੀ ਅੱਖ ਖੁੱਲ੍ਹ ਗਈ ਅਤੇ ਉਹ ਡਰੇ ਵਹਿੜਕੇ ਵਾਂਗ ਭੜ੍ਹੱਕ ਕੇ ਜਿਹੇ ਉਠਿਆ। ਜਦੋਂ ਉਸ ਨੇ ਕਿਰਪਾਲ ਕੌਰ ਨੂੰ ਹਲੂਣਿਆਂ ਤਾਂ ਉਹ ਚੁੱਪ ਕਰ ਗਈ। ਉਸ ਨੇ ਉਠ ਕੇ ਬੱਤੀ ਜਗਾਈ।

-"ਪਾਣੀ ਦੇਵਾਂ...?" ਗੁਰਚਰਨ ਨੇ ਪੁੱਛਿਆ।
-".......। " ਪਰ ਕਿਰਪਾਲ ਕੌਰ ਵੱਲੋਂ ਕੋਈ ਉਤਰ ਨਾ ਆਇਆ।

ਗੁਰਚਰਨ ਨੇ ਬੱਤੀ ਦੇ ਚਾਨਣ ਵਿਚ ਉਸ ਦੇ ਬੜਾ ਨੇੜੇ ਹੋ ਕੇ ਦੇਖਿਆ ਤਾਂ ਕਿਰਪਾਲ ਕੌਰ ਮੂੰਹ ਅੱਡੀ, ਬੇਹੋਸ਼ ਪਈ ਸੀ। ਅੱਖਾਂ ਖੁੱਲ੍ਹੀਆਂ ਸਨ। ਗੁਰਚਰਨ ਉਸ ਦੀ ਹਾਲਤ ਦੇਖ ਕੇ ਡਰ ਗਿਆ। ਉਸ ਨੇ ਜੁਆਕਾਂ ਨੂੰ ਹਾਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

-"ਸੀਤਲ...! ਕੁੜ੍ਹੇ ਪਾਇਲ...!! ਜਲਦੀ ਆਓ ਥੋਡੀ ਮਾਂ ਨੂੰ ਪਤਾ ਨ੍ਹੀ ਕੀ ਹੋ ਗਿਆ...! ਜਲਦੀ ਆਓ ਭੱਜ ਕੇ...!" ਘਬਰਾਏ ਗੁਰਚਰਨ ਨੇ ਕੁੜੀਆਂ ਦੇ ਕਮਰੇ ਨੂੰ ਧੱਫ਼ੇ ਮਾਰਨੇ ਸ਼ੁਰੂ ਕਰ ਦਿੱਤੇ।
ਪਾਇਲ ਅੱਖਾਂ ਮਲ਼ਦੀ ਉਠ ਕੇ ਆ ਗਈ। ਸੁੱਤੀ ਉਠੀ ਕਰਕੇ ਤੇਜ਼ ਬੱਤੀ ਉਸ ਦੀਆਂ ਅੱਖਾਂ ਝੱਲ ਨਹੀਂ ਸਕੀਆਂ ਸਨ। ਉਸ ਨੇ ਅੱਖਾਂ ਸਕੋੜ ਲਈਆਂ।
-"ਪੁੱਤ ਖੜ੍ਹੀ ਕੀ ਕਰਦੀ ਐਂ...? ਐਂਬੂਲੈਂਸ ਨੂੰ ਫ਼ੋਨ ਕਰ...! ਨਾਲ਼ੇ ਪਾਣੀ ਲਿਆ ਭੱਜ ਕੇ..!"

ਪਾਇਲ ਮਾਂ ਦੀ ਬੁਰੀ ਜਿਹੀ ਹਾਲਤ ਦੇਖ ਕੇ ਘਬਰਾਈ ਪਾਣੀ ਲੈਣ ਭੱਜ ਗਈ।

ਜਦ ਉਹ ਪਾਣੀ ਲੈ ਕੇ ਆਈ ਤਾਂ ਗੁਰਚਰਨ ਨੇ ਮੂੰਹ ਖੋਲ੍ਹ ਕੇ ਪਾਣੀ ਪਾਉਣਾਂ ਚਾਹਿਆ। ਪਰ ਕਿਰਪਾਲ ਕੌਰ ਨੂੰ ਦੰਦਲ਼ ਪਈ ਹੋਈ ਸੀ।
-"ਜਾਹ ਪੁੱਤ ਚਮਚਾ ਲੈ ਕੇ ਆ ਜਲਦੀ...! ਇਹਨੂੰ ਤਾਂ ਦੰਦਲ਼ ਪੈ ਗਈ...!" ਗੁਰਚਰਨ ਨੇ ਚੀਕਣ ਵਾਂਗ ਪਾਇਲ ਨੂੰ ਆਖਿਆ। ਪਾਇਲ ਫਿਰ ਥੱਲੇ ਭੱਜ ਗਈ। ਉਸ ਦਾ ਸਾਰਾ ਸਰੀਰ ਕੰਬਣ ਲੱਗ ਪਿਆ ਸੀ। ਦੰਦਲ਼ ਬਾਰੇ ਉਸ ਨੂੰ ਕੋਈ ਸਮਝ ਨਹੀਂ ਪਈ ਸੀ।
ਪਾਇਲ ਜਿੰਨੀ ਜਲਦੀ ਹੇਠਾਂ ਗਈ ਸੀ, ਉਤਨੀ ਜਲਦੀ ਹੀ ਚਮਚਾ ਲੈ ਕੇ ਉਪਰ ਆ ਗਈ।
-"ਪੁੱਤ ਐਂਬੂਲੈਂਸ ਨੂੰ ਫ਼ੋਨ ਕਰ 999 'ਤੇ...! ਜਲਦੀ ਕਰ...!" ਗੁਰਚਰਨ ਨੇ ਚਮਚੇ ਨਾਲ਼ ਦੰਦਲ਼ ਭੰਨ ਲਈ ਅਤੇ ਫਿਰ ਪਾਣੀ ਦੀ ਘੁੱਟ ਮੂੰਹ ਵਿਚ ਪਾ ਦਿੱਤੀ।
ਪਾਇਲ ਊਰੀ ਬਣੀ ਫਿਰਦੀ ਸੀ।
ਉਸ ਨੇ ਐਂਬੂਲੈਂਸ ਨੂੰ ਫ਼ੋਨ ਕਰ ਦਿੱਤਾ।
ਦਸ ਕੁ ਮਿੰਟਾਂ ਵਿਚ ਐਂਬੂਲੈਂਸ ਆ ਗਈ ਅਤੇ ਕਿਰਪਾਲ ਕੌਰ ਨੂੰ ਲੱਦ ਹਸਪਤਾਲ਼ ਨੂੰ ਤੁਰ ਗਈ। ਨਾਲ਼ ਗੁਰਚਰਨ ਗਿਆ ਸੀ।
-"ਪਾਇਲ...! ਦਰਵਾਜੇ ਨੂੰ ਲੌਕ ਕਰ ਲਈਂ ਪੁੱਤ...! ਡਰੀਂ ਨਾ ਸ਼ੇਰਾ, ਮੈਂ ਜਲਦੀ ਈ ਆਜੂੰਗਾ..! ਫਿ਼ਕਰ ਨਾ ਕਰੀਂ ਸ਼ੇਰਾ...!" ਉਸ ਨੇ ਰੋਣਹਾਕਾ ਹੋਏ ਨੇ ਐਂਬੂਲੈਂਸ ਵਿਚ ਬੈਠਦਿਆਂ ਕਿਹਾ ਸੀ।
ਕਿਰਪਾਲ ਕੌਰ ਨੂੰ ਹਸਪਤਾਲ਼ ਦਾਖ਼ਲ ਕਰ ਲਿਆ ਗਿਆ।
ਇਲਾਜ ਸ਼ੁਰੂ ਹੋ ਗਿਆ। ਗੁਰਚਰਨ ਟੈਕਸੀ ਲੈ ਕੇ ਘਰ ਆ ਗਿਆ। ਪਾਇਲ ਫਿਰ ਸੌਂ ਗਈ ਸੀ।
ਅਗਲੇ ਦਿਨ ਗੁਰਚਰਨ ਨੇ ਕੰਮ ਤੋਂ ਛੁੱਟੀਆਂ ਲੈ ਲਈਆਂ। ਛੁੱਟੀਆਂ ਉਸ ਦੀਆਂ ਜਮ੍ਹਾਂ ਪਈਆਂ ਹੀ ਸਨ।

੦੪।੦੨।੨੦੧੨

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com