ਪਾਲੋ ਨੇ ਹਨੀ ਦੇ ਘਰ ਤਾਂ ਕੀ..? ਸਾਰੇ ਪਿੰਡ ਵਿਚ
ਡੌਂਡੀ ਪਿੱਟ ਦਿੱਤੀ ਸੀ ਕਿ 'ਪੁੱਠੇ ਕੰਮਾਂ' ਕਰਕੇ ਹਨੀ ਦਾ ਤਲਾਕ ਹੋ ਗਿਆ ਸੀ ਅਤੇ
ਹੁਣ ਉਹ ਇਕ 'ਬੁੱਢੇ' ਨਾਲ਼ ਕੁੰਡਾ ਫ਼ਸਾ ਕੇ ਰੰਗਰਲ਼ੀਆਂ ਮਨਾਉਂਦੀ ਫਿ਼ਰਦੀ ਸੀ।
ਲੋਕ 'ਥੂ-ਥੂ' ਕਰਨ ਲੱਗ ਪਏ। ਸਾਰੇ ਪਿੰਡ ਵਿਚ 'ਬੂ-ਬੂ' ਹੋ ਗਈ। ਬੇਬੇ ਬਾਪੂ ਬੜੇ
ਦੁਖੀ ਹੋਏ। ਬੁੱਕਣ ਨੇ ਰਮਣੀਕ ਵਾਲ਼ੀ ਸਾਰੀ ਅਸਲੀਅਤ ਵੀ ਉਹਨਾਂ ਨੂੰ ਆ ਦੱਸੀ ਸੀ
ਅਤੇ ਇਹ ਵੀ ਦੱਸ ਦਿੱਤਾ ਸੀ ਕਿ ਹਨੀ ਦੀਆਂ ਘਤਿੱਤਾਂ ਕਿਸੇ ਖ਼ਾਨਦਾਨੀ ਕੁੜੀ
ਵਾਲ਼ੀਆਂ ਨਹੀਂ ਸਨ। ਉਹ ਤਾਂ ਵੇਸਵਾ ਬਿਰਤੀ ਦੀ ਬਣ ਚੁੱਕੀ ਸੀ। ਪਿੰਡ ਦੀਆਂ ਵਿਹਲੜ
ਬੁੜ੍ਹੀਆਂ ਨੇ ਗੱਲ ਪੜਛੱਤੀ ਚੁੱਕ ਲਈ। -"ਕੁੜ੍ਹੇ ਉਹ ਤਾਂ ਡੁੱਬ ਜਾਣੀਂ ਐਥੇ
ਨ੍ਹੀ ਸੀ ਮਾਨ, ਹੁਣ ਤਾਂ ਓਸ ਗੱਲ ਦੇ ਆਖਣ ਮਾਂਗੂੰ ਭਾਈ ਬਾਹਰਲੇ ਮੁਲਕ ਚਲੀ ਗਈ..!"
ਪੰਜਾਬ ਕੌਰ ਨੇ ਕਿਹਾ।
-"ਆਹੋ, ਐਥੇ ਕਿਹੜਾ ਦੁੱਧ ਧੋਤੀ ਸੀ...?" ਮਾਸਟਰਨੀ ਮਨਜੀਤ ਬੋਲੀ।
-"ਨ੍ਹੀ ਭੈਣੇਂ ਜਿਹੋ ਜੀ ਨੰਦੋ ਬਾਹਮਣੀਂ, ਉਹੋ ਜਿਆ ਘੁੱਦੂ ਜੇਠ, ਸਾਰਾ ਆਵਾ ਈ
ਊਤਿਆ ਪਿਐ! ਥੋਨੂੰ ਕਿਤੇ ਪਤਾ ਨ੍ਹੀ ਬਈ ਮਾਂ ਦਾ ਬੁੱਕਣ ਸਿਉਂ ਓਥੇ ਕੀ ਗੁੱਲ ਖਿੜਾ
ਕੇ ਆਇਐ..?" ਖਹਿਰੀ ਕਰਮਜੀਤ ਨੇ ਵੀ ਆਪਣੀ ਵਾਰੀ ਲੈਣੀ ਜਾਇਜ਼ ਸਮਝੀ। ਉਹ ਕਿਸੇ ਦੀ
ਨੂੰਹ ਧੀ ਨਾਲ਼ੋਂ ਘੱਟ ਸੀ..? ਉਹ ਪਿੱਛੇ ਕਿਉਂ ਰਹਿੰਦੀ..?? ਉਸ ਨੇ ਵੀ ਆਪਣੇ ਦਿਲ
ਦੀ ਭੜ੍ਹਾਸ ਕੱਢ ਲਈ।
-"ਨ੍ਹੀ ਚਲੋ ਆਪਾਂ ਕੀ ਲੈਣੈਂ..? ਜੀਹਦੀਆਂ ਅੱਖਾਂ ਦੁਖਣਗੀਆਂ, ਆਪੇ ਪੱਟੀ ਬੰਨੂ..!
ਕਰਤੀ ਨਾ ਕਮਲ਼ੀਆਂ ਆਲ਼ੀ ਗੱਲ..?"
-"ਨਾਲ਼ੇ ਭੈਣੇ ਮਾਂ ਪਿਉ ਦੇ ਵੀ ਕੀ ਵੱਸ ਐ..? ਕੀ ਬੰਦਾ ਅਲ਼ੱਥ ਹੋਏ ਧੀ ਪੁੱਤ ਦੇ
ਘੋਲ਼ ਕੇ ਢਿੱਡ 'ਚ ਪਾਦੂ..?"
-"ਨ੍ਹੀ ਬੋਢਲ਼ ਕੱਟੀ ਤਾਂ ਉਹ ਹੋਈ ਪਈ ਐ..! ਅਜੇ ਉਹਦੇ ਢਿੱਡ 'ਚ ਘੋਲ਼ ਕੇ ਪਾਉਣ
ਦੀ ਕਸਰ ਈ ਰਹਿਗੀ..? ਚਲੋ ਜੁਆਕ ਹੋਊ, ਅਗਲਾ ਕੁੱਟ ਮਾਰ ਵੀ ਲਊ..? ਪਰ ਬਰੋਬਰ ਦੀ
ਧੀ ਨੂੰ ਬੰਦਾ ਕੀ ਆਖੂ..?" ਖਹਿਰੀ ਨੇ ਰਹਿੰਦੀ ਕਸਰ ਕੱਢ ਲਈ।
-"ਨ੍ਹੀ ਮਾਪਿਆਂ ਦੇ ਵੀ ਕੋਈ ਵੱਸ ਨ੍ਹੀ ਭੈਣੇਂ, ਕਰਮਜੀਤ..! ਤੂੰ ਤਾਂ ਕਮਲ਼ੀ
ਐਂ...!"
-"ਨ੍ਹੀ ਭੈਣੇਂ ਪਤਾ ਨ੍ਹੀ ਲੁੱਚੀ ਨੂੰ ਕੀ ਅੱਗ ਲੱਗੀ ਵੀ ਐ..? ਥਾਂ ਥਾਂ ਤੇ ਪਿਉ
ਦੀ ਦਾਹੜ੍ਹੀ ਰੋਲ਼ਦੀ ਫਿ਼ਰਦੀ ਐ..!"
-"ਨ੍ਹੀ ਕਰਮਜੀਤ..! ਧਾਰ ਨ੍ਹੀ ਕੱਢਣੀਂ..? ਕੀ ਗੁਰਬਤੇ ਫ਼ਰੋਲਣ ਲੱਗੀ ਐਂ ਐਥੇ..?"
ਤਾਈ ਦਲੀਪ ਕੌਰ ਨੇ ਨੂੰਹ ਨੂੰ ਹੋਕਰਾ ਮਾਰਿਆ।
-"ਚੱਲ ਭੈਣੇਂ ਮੈਂ ਤਾਂ ਚੱਲ ਕੇ ਧਾਰ ਕੱਢਾਂ, ਨਹੀਂ ਤਾਂ ਖਹਿਰਾ ਆ ਕੇ ਹਾਲ ਹਾਲ
ਕਰੂ..! ਨਾਲ਼ੇ ਉਹ ਤਾਂ ਅੱਜ ਗਿਆ ਵੀ ਠੇਕੇ ਨੂੰ ਐਂ, ਮੂਤ ਡੱਫ਼ ਕੇ ਆਊ..!"
ਮੇਲਾ ਵਿੱਛੜ ਗਿਆ ਸੀ।
ਹਨੀ ਦਾ ਦੇਵ ਤੋਂ ਜੀਅ ਭਰਦਾ ਜਾ ਰਿਹਾ ਸੀ। ਡੇਵ ਫਿਰ ਵੀ ਉਸ ਤੋਂ ਦੁੱਗਣਾਂ
ਵੱਡਾ ਸੀ। ਜਦ ਹਨੀ ਕਿਸੇ ਹਮ-ਉਮਰ ਨੂੰ ਤੱਕਦੀ ਤਾਂ ਉਸ ਦਾ ਸਰੀਰ ਕਿਸੇ ਹਾਣ ਦੀ
ਗਲਵਕੜੀ ਲਈ ਉਸਲ਼ਵੱਟੇ ਲੈਣ ਲੱਗਦਾ। ਮਨ ਅੰਗੜਾਈ ਭਰਦਾ! ਡੇਵ ਤਾਂ ਦਾਰੂ ਨੇ ਚਰ ਲਿਆ
ਸੀ। ਹਨੀ ਦੇ ਜੋਬਨ ਦੀ ਜੂਹ ਵਿਚ ਜਾ ਕੇ ਡੇਵ ਦੀ ਜੀਭ ਨਿਕਲ਼ ਜਾਂਦੀ...! ਹੁਣ ਤਾਂ
ਉਸ ਦੇ ਵਾਲ਼ਾਂ ਵਿਚੋਂ ਸਿੱਕਰੀ ਦੇ ਲਿਉੜ ਡਿੱਗਦੇ। ਉਹ ਖੁਰਕ ਖਾਧੇ ਕੁੱਤੇ ਵਾਂਗ ਹਰ
ਵਕਤ ਖੁਰਕਦਾ ਹੀ ਰਹਿੰਦਾ। ਹਨੀ ਨੂੰ ਉਸ ਤੋਂ ਕਚਿਆਣ ਜਿਹੀ ਆਉਣ ਲੱਗ ਪਈ ਸੀ।
ਡੇਵ ਕੰਮ 'ਤੇ ਜਾ ਚੁੱਕਾ ਸੀ।
ਹਨੀ ਦੀ ਦੁਪਿਹਰ ਦੋ ਤੋਂ ਰਾਤ ਦੇ ਦਸ ਵਜੇ ਤੱਕ ਡਿਊਟੀ ਸੀ।
ਬਾਪੂ ਦਾ ਪਿੰਡੋਂ ਫ਼ੋਨ ਆ ਗਿਆ।
-"ਤੁਕੜੀ ਐਂ ਕੁੜ੍ਹੇ..?"
-"ਆਹੋ ਬਾਪੂ ਜੀ ਤਕੜੀ ਐਂ..! ਤੁਸੀਂ ਸੁਣਾਓ..?"
-"ਠੀਕ ਐਂ ਅਸੀਂ ਵੀ, ਆਹ ਆਬਦੀ ਬੇਬੇ ਨਾਲ਼ ਗੱਲ ਕਰਲਾ..!" ਬਾਪੂ ਨੇ ਟੈਲੀਫ਼ੋਨ
ਬੇਬੇ ਦੇ ਹੱਥ ਦੇ ਦਿੱਤਾ।
-"ਤਕੜੀ ਐਂ ਹਨਿੰਦਰ..?"
-"ਹਾਂ ਬੇਬੇ ਤਕੜੀ ਆਂ, ਤੁਸੀਂ ਸੁਣਾਓ?"
-"ਠੀਕ ਐ ਪੁੱਤ...! ਆਹ ਲੁੱਚੀ ਪਾਲੋ ਨੇ ਆ ਕੇ ਆਪਣੇ ਪਿੰਡ ਬਾਹਲ਼ੀ ਈ ਬੱਕੜਵਾਹ
ਕਰਤੀ..? ਜਿਵੇਂ ਕਹਿੰਦੇ ਹੁੰਦੇ ਐ, ਅਖੇ ਆਬਦੀਆਂ ਕੱਛ 'ਚ, ਤੇ ਦੂਜੇ ਦੀਆਂ ਹੱਥ
'ਚ..! ਆਬਦੇ ਵੇਲ਼ੇ ਨ੍ਹੀ ਦੇਂਹਦੀ, ਜਦੋਂ ਦਸਵੇਂ ਦਿਨ ਬੈਲੀਆਂ ਦੇ ਕਮਾਦ 'ਚੋਂ
ਭਾਲ਼ ਕੇ ਲਿਆਏ ਸੀ, ਲੋਕ ਦੱਸਦੇ ਐ ਬਈ ਪੂਰੇ ਛੇ ਬੰਦੇ ਸੀ ਕਮਾਦ 'ਚ..! ਤੇ ਹੁਣ ਇਹ
ਬਣਦੀ ਐ ਬੀਬੋ ਰਾਣੀਂ..!"
-"ਚੱਲ ਛੱਡ ਬੇਬੇ...! ਕੋਈ ਹੋਰ ਗੱਲ ਕਰ..!" ਹਨੀ ਬੋਲੀ।
-"ਕੀ ਹਾਲ ਐ ਡੇਵ ਦਾ...?" ਬੁੜ੍ਹੀ ਨੇ ਵੀ ਗੱਲ ਬਦਲ ਦਿੱਤੀ।
-"ਠੀਕ ਐ ਬੇਬੇ, ਪਰ ਹੁਣ ਮੈਂ ਬਾਹਲ਼ਾ ਚਿਰ ਇਹਦੇ ਨਾਲ਼ ਰਹਿਣਾਂ ਨ੍ਹੀ..!"
-"ਚੱਲ ਪੁੱਤ ਜਿਵੇਂ ਮਰਜੀ ਐ ਕਰ..! ਅਸੀਂ ਕਿਹੜਾ ਤੈਨੂੰ ਮੇੜ੍ਹ ਪਾ ਕੇ ਰੱਖਦੇ
ਐਂ...? ਪਰ ਇਕ ਗੱਲ ਐ..!"
-"ਉਹ ਕੀ ਬੇਬੇ...?" ਹਨੀ ਹੈਰਾਨ ਸੀ।
-"ਸਿਆਣਿਆਂ ਦੇ ਆਖਣ ਮਾਂਗੂੰ, ਅਖੇ ਭਾਈ ਜੇ ਹਲਵਾਈ ਕਰੀਏ, ਤਾਂ ਖ਼ੁਸ਼ਕੀ ਨਾਲ਼ ਨਾ
ਮਰੀਏ..!" ਬੁੜ੍ਹੀ ਉਤਲੇ ਪੱਤੇ ਮਾਰ ਰਹੀ ਸੀ।
-"ਬੇਬੇ ਗੱਲ ਸਿੱਧੀ ਕਰ..!" ਹਨੀ ਨਿੱਤ ਨਿੱਤ ਦੇ ਸੁਆਲਾਂ ਤੋਂ ਖਿਝ ਗਈ ਸੀ।
-"ਪੁੱਤ ਗੱਲ ਇਹ ਐ, ਊਂ ਤਾਂ ਤੂੰ ਆਪ ਸਿਆਣੀ ਐਂ..!" ਉਸ ਨੇ ਪੂਰਾ ਸਾਹ ਲੈ ਕੇ ਫਿਰ
ਗੱਲ ਸ਼ੁਰੂ ਕੀਤੀ, "ਤੇਰਾ ਬਾਪੂ ਆਪਣੇ ਨਾਲ਼ ਲੱਗਦੇ ਤਿੰਨ ਕਿੱਲਿਆਂ ਦਾ ਸੌਦਾ
ਮਾਰਨਾ ਚਾਹੁੰਦੈ..! ਓਸ ਪੈਲ਼ੀ ਦੇ ਨੇੜੇ ਪੁਲ਼ ਬਣ ਜਾਣੈਂ, ਤੇ ਜਦੋਂ ਪੁਲ਼ ਬਣ
ਗਿਆ, ਜਿਹੜੀ ਜਮੀਨ ਅੱਜ ਪੰਜ ਲੱਖ ਦੀ ਐ, ਉਹਨੇ ਧੀਏ ਪੰਜਾਹ ਲੱਖ ਦੀ ਬਣ ਜਾਣੈਂ..!
ਦੇਖ ਲੈ ਕਿੰਨਾਂ ਮੁਨਾਫ਼ਾ ਬਣੂੰ..? ਅਗਲੀਆਂ ਪਿਛਲੀਆਂ ਕਸਰਾਂ ਨਿਕਲ਼ ਜਾਣਗੀਆਂ
ਪੁੱਤ ਮੇਰਿਆ..! ਜੇ ਡੇਵ ਨੂੰ ਛੱਡਣਾਂ ਈ ਐਂ, ਤਾਂ ਕੁਛ ਤਾਂ ਲੈ ਕੇ ਡਿੱਗ..! ਅਸੀਂ
ਤਾਂ ਪੁੱਤ ਤੇਰੇ ਸਾਹ 'ਚ ਸਾਹ ਲੈਣ ਆਲ਼ੇ ਐਂ..! ਇਹ ਪੈਲ਼ੀ ਤੇਰੇ ਨਾਂ ਈ ਰਿਛਟਰੀ
ਕਰਾਂਗੇ..! ਅਸੀਂ ਕਿਹੜਾ ਪੁੱਤ ਕਿਤੇ ਚੱਕ ਕੇ ਲੈ ਜਾਣੀਂ ਐਂ..? ਸਾਰ ਕੁਛ ਥੋਡਾ ਈ
ਐ, ਅਸੀਂ ਕਿਹੜਾ ਡੱਡੇ ਹਿੱਕ 'ਤੇ ਧਰ ਕੇ ਲੈ ਜਾਣੈਂ..? ਜਦੋਂ ਮਰਜੀ ਐ ਆ ਕੇ ਚਿੱਕ
ਕਰਲੀਂ ਧੀਏ, ਤੇਰੇ ਤੋਂ ਜਮਾਂ ਨਾਬਰ ਨ੍ਹੀ ਹੁੰਦੇ..! ਹੁਣ ਜੇ ਤੂੰ ਡੇਵ ਆਲ਼ਾ ਅੱਕ
ਚੱਬ ਈ ਲਿਐ, ਓਸ ਗੱਲ ਦੇ ਆਖਣ ਮਾਂਗੂੰ, ਕੋਈ ਲਾਹਾ ਤਾਂ ਲੈ..! ਐਵੇਂ ਬਾਧੂ ਲਾਲ਼ਾਂ
ਚੱਟਣ ਦਾ ਕੀ ਫੈਦਾ ਧੀਏ..? ਜੇ ਤੇਰੇ ਚਾਰ ਸਿਆੜ ਬਣ ਜਾਣਗੇ, ਜਦੋਂ ਮਰਜੀ ਐ ਆ ਕੇ
ਵੇਚ ਦੇਈਂ..! ਗਹਿਣਾਂ ਤੇ ਜਮੀਨ ਤਾਂ ਧੀਏ ਜੇਬ 'ਚ ਪਈ ਮਾਇਆ ਹੁੰਦੀ ਐ, ਜਦੋਂ ਮਰਜੀ
ਧਰ ਕੇ ਲੋੜ ਪੂਰੀ ਕਰ ਲਈਏ..!" ਬੁੜ੍ਹੀ ਨੇ ਕਈ ਦਾਅ ਸੁੱਟ ਦਿੱਤੇ।
-"ਕਿੰਨੇ ਕੁ ਨਾਲ਼ ਸਰਜੂ ਬੇਬੇ...?" ਹਨੀ ਨੇ ਪੁੱਛਿਆ।
-"ਪੁੱਤ..! ਮਾਇਆ ਵੀ ਕਦੇ ਵਧੀ ਐ...? ਜਿੰਨੀ ਮਰਜੀ ਐ ਭੇਜ ਦੇਹ..! ਜਿੰਨਾਂ ਗੁੜ
ਪਾਵੇਂਗੀ, ਓਨਾਂ ਈ ਡੱਡੇ ਮਿੱਠਾ ਹੋਊ..! ਪੈਸੇ ਦੀ ਤਾਂ ਬੰਦੇ ਨੂੰ ਜਰੂਰਤ ਈ ਜਰੂਰਤ
ਐ..! ਨਾਲ਼ੇ ਤੂੰ ਕਿਹੜਾ ਜੈ ਖਾਣੇਂ ਡੇਵ ਨਾਲ਼ ਫੇਰੇ ਲਏ ਐ..? ਆਬਦਾ ਕੰਮ ਕੱਢੀਏ
ਸ਼ੇਰਾ..! ਮਰਦ 'ਤੇ ਬਹੁਤਾ ਕਦੇ 'ਤਬਾਰ ਨਾ ਕਰੀਏ..! ਮਰਦ ਮੱਛਰਿਆ ਘੋੜ੍ਹਾ
ਹੁੰਦੈ..! ਜਦੋਂ ਜੀਅ ਭਰ ਗਿਆ, ਚਲਾ ਕੇ ਮਾਰੂ..! ਆਬਦਾ ਕੁਛ ਬਣਾਂ..! ਇਹ ਮੌਕੇ
ਨਿੱਤ ਨਿੱਤ ਨ੍ਹੀ ਮਿਲ਼ਦੇ..! ਦੁਨੀਆਂ ਪੈਸੇ ਆਲ਼ੇ ਨੂੰ ਸਲਾਮਾਂ ਕਰਦੀ ਐ..! ਚਾਹੇ
ਲੱਖ ਬੈਲ ਐਬ ਹੋਵੇ..! ਚੱਲ ਓਹ ਜਾਣੇਂ ਤੇਰੇ ਕੋਲ਼ ਕੁਛ ਹੋਊ, ਆਬਦਾ ਬੈਠ ਕੇ ਭੋਰ
ਭੋਰ ਤਾਂ ਛਕੀ ਜਾਵੇਂਗੀ..? ਬਾਕੀ ਪੁੱਤ ਤੂੰ ਆਪ ਸਿਆਣੀ ਐਂ..! ਆਬਦਾ ਚੰਗਾ ਮੰਦਾ
ਸਭ ਸਮਝਦੀ ਐਂ, ਸੱਤ ਸਮੁੰਦਰੋਂ ਪਾਰ ਤੂੰ ਬੈਠੀ ਐਂ..! ਘਾਟ ਘਾਟ ਦਾ ਪਾਣੀ ਪੀਤੈ..!
ਜੇ ਧੀਏ ਮਰਦ ਤੋਂ ਚੰਮ ਚਟਾਇਐ, ਤਾਂ ਕੁਛ ਲੈ ਕੇ ਵੀ ਡਿੱਗ..! ਬਾਧੂ ਨਾ ਮੋਮ ਦਾ
ਨੱਕ ਬਣੀ ਜਾਹ..! ਜੁੱਲ ਕਧੋਲ਼ੇ ਮੌਜਾਂ ਮਾਨਣ ਤੇ ਆਕੜ ਪਾਲ਼ੇ ਮਰਦੀ ਐ..! ਉਹੀ ਕੁਛ
ਆਬਦਾ ਹੁੰਦੈ, ਜੋ ਆਬਦੇ ਹੱਥ 'ਚ ਹੋਵੇ..! ਮਗਰੋਂ ਧੀਏ ਟਿੱਡੀਆਂ ਬੁਸ਼ਕਰਨ ਨਾਲ਼
ਕੁਛ ਨ੍ਹੀ ਬਣਦਾ..! ਵੇਲ਼ਾ ਸਾਂਭੀਏ ਆਬਦਾ..!"
ਕੁਝ ਹੋਰ ਗੱਲਾਂ ਕਰ ਕੇ ਉਹਨਾਂ ਨੇ ਫ਼ੋਨ ਰੱਖ ਦਿੱਤਾ।
ਹਨੀ ਸੋਚੀਂ ਪੈ ਗਈ।
ਗੱਲ ਬੇਬੇ ਦੀ ਸੋਲ਼ਾਂ ਆਨੇ ਸੱਚੀ ਸੀ।
ਡੇਵ ਬੁੱਢੇ ਖੋਲੇ ਤੋਂ ਉਸ ਨੇ ਕੀ ਲੈਣਾਂ ਸੀ..? ਡੇਵ ਮੇਰੇ 'ਤੇ ਇਤਬਾਰ ਵੀ ਬਹੁਤ
ਕਰਨ ਲੱਗ ਪਿਆ..। ਮੇਰੇ ਨਾਲ਼ ਉਸ ਦਾ ਬੈਂਕ ਅਕਾਊਂਟ ਵੀ ਸਾਂਝਾ ਚੱਲਦਾ ਹੈ..। ਜਦੋਂ
ਲੋੜ ਪੈਂਦੀ ਹੈ, ਉਹ ਪੈਸੇ ਕਢਵਾ ਲੈਂਦੈ, ਤੇ ਜੇ ਹੁਣ ਮੈਨੂੰ ਲੋੜ ਪੈ ਗਈ ਤਾਂ ਮੈਂ
ਕਿਉਂ ਨਾ ਕਢਵਾਵਾਂ..? ਘਰ ਦੇ ਮੇਰੇ ਨਾਂ 'ਤੇ ਜ਼ਮੀਨ ਖਰੀਦ ਰਹੇ ਐ..। ਜਦੋਂ ਲੋੜ
ਪਈ ਵੇਚ ਦਿਊਂਗੀ..? ਜ਼ਮੀਨ ਨੇ ਵਧਣਾਂ ਹੀ ਹੈ, ਘਟਣਾਂ ਤਾਂ ਨ੍ਹੀਂ..? ਨਾਲ਼ੇ ਬਾਪੂ
ਆਖਦਾ ਸੀ ਕਿ ਉਥੇ ਕੋਈ ਪੁਲ਼ ਬਣ ਜਾਣੈਂ..। ਤੇ ਜਿਹੜੀ ਜ਼ਮੀਨ ਅੱਜ ਪੰਜ ਲੱਖ ਦੀ ਐ,
ਉਹ ਪੰਜਾਹ ਲੱਖ ਦੀ ਬਣ ਜਾਣੀ ਐਂ..? ਕੁਛ ਸੋਚ ਕਰ ਹਨੀ..! ਰੱਬ ਨੇ ਦਿੱਤੀਆਂ
ਗਾਜਰਾਂ ਤੇ ਵਿਚੇ ਰੰਬਾ ਰੱਖ..! ਐਹੋ ਜੇ ਟਾਈਮ ਵਾਰ ਵਾਰ ਨਹੀਂ ਆਉਂਦੇ..! ਡੇਵ ਦੇ
ਅਕਾਊਂਟ 'ਚੋਂ ਕਢਵਾ ਪੈਸੇ, ਤੇ ਬਾਪੂ ਨੂੰ ਤੋਰ...! ਪਿੱਛੋਂ ਆਪੇ 'ਘੈਂਸ-ਘੈਂਸ'
ਹੁੰਦੀ ਫਿਰੂ..! ਦੇਖੀ ਜਾਊ, ਜੋ ਕੁਛ ਹੋਊ..! ਨਾਲ਼ੇ ਉਹ ਲਾਲ਼ਾਂ ਸਿੱਟਣਾਂ ਜਿਆ
ਮੇਰਾ ਕੀ ਵਿਗਾੜ ਲਊ..? ਕਿਸੇ ਕਾਲ਼ੇ ਅਫ਼ਰੀਕਣ ਨੂੰ ਦੇ ਕੇ ਪੰਜ ਸੱਤ ਸੌ ਮੈਂ ਹੱਡ
ਨਾ ਤੁੜਵਾ ਦਿਊਂ..? ਨਾਲ਼ੇ ਤੇਰਾ ਉਹਦਾ ਮੇਲ ਵੀ ਕੀ...? ਕਿੱਥੇ ਰਾਜਾ ਭੋਜ ਤੇ
ਕਿੱਥੇ ਗੰਗੂ ਤੇਲੀ...? ਕਿੱਥੇ ਤੇਰੀ ਕੂਕਦੀ ਜੁਆਨੀ, ਤੇ ਕਿੱਥੇ ਉਹ ਥੁੱਕ ਸਿੱਟਣਾਂ
ਬੁੱਢਾ ਖੋਰ..? ਤੈਨੂੰ ਮੁੰਡਿਆਂ ਦਾ ਘਾਟੈ..? ਜ਼ਮੀਨ ਜਾਇਦਾਦ ਕੋਲ਼ੇ ਹੋਊ, ਤਾਂ
ਮੈਂ ਛੇ ਮਹੀਨੇ ਪੰਜਾਬ ਰਿਹਾ ਕਰੂੰ, ਤੇ ਛੇ ਮਹੀਨੇ ਐਥੇ..! ਐਸ਼ ਨਾਲ਼ ਕੰਮ ਕਰੂੰ,
ਤੇ ਪੈਸੇ ਜੋੜ ਕੇ ਛੇ ਮਹੀਨੇ ਠੰਢ 'ਚ ਪੰਜਾਬ ਰਿਹਾ ਕਰੂੰ..! ਕਰੀ ਜਾਣ ਪਿੰਡ ਦੇ
ਲੋਕ ਗੱਲਾਂ..! ਮੇਰੇ ਮਾਰੇ ਐ ਛਿੱਤਰ ਤੋਂ ਦੀ..! ਜਦੋਂ ਚਾਰ ਪੈਸੇ ਕੋਲ਼ੇ ਹੋਣਗੇ,
ਕੰਜਰ ਲੋਕ ਪੈਰ ਧੋ-ਧੋ ਪੀਣਗੇ..! ਕਿਸੇ ਨੇ ਕਿਸੇ ਦਾ ਐਬ ਨਹੀਂ ਦੇਖਿਆ..! ਪਿੱਠ
ਪਿੱਛੇ ਤਾਂ ਲੋਕ ਗੌਰਮਿੰਟ ਨੂੰ ਗਾਲ਼ਾਂ ਕੱਢੀ ਜਾਂਦੇ ਐ..! ਪਰ ਮੂਹਰੇ ਕੋਈ ਨਹੀਂ
ਕੁਸਕਦਾ..! ਮੈਂ ਤਾਂ ਲੈ ਕੇ ਜ਼ਮੀਨ, ਡੇਵ ਦੇ ਮਾਰੂੰ ਲੱਤ, ਤੇ ਕੋਈ ਪੱਚੀ-ਛੱਬੀ
ਸਾਲ ਦਾ, ਗੰਧਾਲ਼ੇ ਵਰਗਾ ਜੁਆਨ ਮੁੰਡਾ ਵਿਆਹ ਕੇ ਲਿਆਊਂ..। ਫੇਰ ਕਰਾਂਗੇ ਐਸ਼ ਤੇ
ਮਨਾਇਆ ਕਰਾਂਗੇ ਰੰਗਰਲ਼ੀਆਂ..! ਨਿੱਤ ਨਿੱਤ ਨ੍ਹੀ ਭਾਣਜੇ ਵਿਆਹੁੰਣੇ, ਖਾ ਲੈ ਬਿੱਲੋ
ਨਾਸ਼ਪਾਤੀਆਂ..! ਤੂੰ ਸਾਰੀ ਉਮਰ ਡੇਵ ਵਰਗੇ ਖੋਰਾਂ ਤੋਂ ਮੁਲਾਇਮ ਪਿੰਡੇ 'ਤੇ
ਰੇਗਮਾਰ ਵਰਗੇ ਹੱਥ ਤਾਂ ਨ੍ਹੀ ਰਗੜਾਈ ਜਾਣੇਂ..? ਜਿ਼ੰਦਗੀ ਬਹੁਤ ਛੋਟੀ ਐ ਹਨੀ..!
ਇਹਨੂੰ ਢੰਗ ਨਾਲ਼ ਹੰਢਾ..! ਐਸ਼ ਕਰ, ਤੇ ਬੁੱਲੇ ਵੱਢ..! ਪੰਜ ਦਾ ਪੰਜਾਹ ਲੱਖ ਐਥੇ
ਸਾਰੀ ਜਿ਼ੰਦਗੀ ਨ੍ਹੀ ਬਣਨਾਂ..? ਤੂੰ ਮਾਰ ਕੋਈ ਧੋਬੀ ਪਟੜਾ ਤੇ ਜ਼ਮੀਨ ਖ਼ਰੀਦ..!
ਬਾਪੂ ਜਿ਼ੰਦਾਬਾਦ..!
ਅਗਲੇ ਦਿਨ ਹਨੀ ਨੇ ਡੇਵ ਦੇ ਅਕਾਊਂਟ 'ਚੋਂ ਪੰਦਰਾਂ ਹਜ਼ਾਰ ਪੌਂਡ ਕਢਵਾ ਕੇ ਬਾਪੂ
ਨੂੰ ਭੇਜ ਦਿੱਤੇ!
ਡੇਵ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ। ਉਹ ਬੈਂਕ ਘੱਟ ਵੱਧ ਹੀ ਜਾਂਦਾ।
ਜਿੰਨੇ ਕੁ ਪੈਸਿਆਂ ਦੀ ਉਸ ਨੂੰ ਜ਼ਰੂਰਤ ਹੁੰਦੀ, 'ਕੈਸ਼ ਪੁਆਇੰਟ' ਤੋਂ ਕੱਢ ਲੈਂਦਾ।
ਬੈਂਕ ਜਾਣ ਦੀ ਉਸ ਨੂੰ ਜ਼ਰੂਰਤ ਹੀ ਨਾ ਪੈਂਦੀ। ਉਸ ਨੂੰ ਹਨੀ 'ਤੇ ਵੀ ਪੂਰਾ ਪੂਰਾ
ਵਿਸ਼ਵਾਸ ਸੀ। ਜੇ ਵਿਸ਼ਵਾਸ ਨਾ ਹੁੰਦਾ, ਤਾਂ ਉਹ ਹਨੀ 'ਤੇ ਇਤਨਾਂ ਨਿਰਭਰ ਕਿਉਂ
ਕਰਦਾ...? ਸਮਾਨ ਬਗੈਰਾ ਲਿਆਉਣ ਲਈ ਉਸ ਨੂੰ ਆਪਣਾ ਬੈਂਕ ਕਾਰਡ ਕਿਉਂ ਦਿੰਦਾ..? ਉਹ
ਤਾਂ ਹਨੀ ਦੇ ਸਰੀਰ ਅਤੇ ਰੰਗ ਰੂਪ ਵਿਚ ਹੀ ਮਸਤ ਸੀ। ਦੋਵੇਂ ਤੀਵੀਂ ਆਦਮੀ ਵਾਂਗ ਤਾਂ
ਰਹਿੰਦੇ ਸਨ।
ਤੀਜੇ ਦਿਨ ਪੌਂਡ ਰੁਪਈਆਂ ਵਿਚ ਵਟ ਕੇ ਬਾਪੂ ਨੂੰ ਮਿਲ਼ ਗਏ। ਉਸ ਨੇ ਕੱਛਾਂ
ਵਜਾਈਆਂ। ਦਿਮਾਗ ਵਿਚ ਖ਼ੁਸ਼ੀ ਦੇ ਨਾਦ ਵੱਜੇ ਅਤੇ ਉਸ ਦਾ ਲਲਕਾਰੇ ਮਾਰਨ ਨੂੰ ਜੀਅ
ਕੀਤਾ..! ਹਨੀ ਨੂੰ ਫ਼ੋਨ ਆ ਗਿਆ ਅਤੇ ਨਾਲ਼ ਦੀ ਨਾਲ਼ ਬੇਬੇ ਬਾਪੂ ਨੇ ਪੰਜ ਲੱਖ ਦਾ
ਸੁਆਲ ਹੋਰ ਦਾਗ ਦਿੱਤਾ। ਧੀ ਸੋਨੇ ਦੀ ਮੁਰਗੀ ਸੀ, ਕਿਹੜਾ ਕੋਈ ਜੋਰ ਲੱਗਦਾ ਸੀ..?
ਘਰ ਦੀ ਮੁਰਗੀ ਦਾਲ਼ ਬਰਾਬਰ ਸੀ, ਸਿਰਫ਼ ਗਲ਼ ਮਰੋੜਨ ਦੀ ਹੀ ਲੋੜ ਸੀ..? ਬਾਪੂ ਨੇ
ਹਨੀ ਅੱਗੇ ਚੋਗਾ ਖਿ਼ਲਾਰਿਆ। ਪੰਜ ਦੇ ਪੰਜਾਹ ਲੱਖ ਬਣਨੇ ਸਨ, ਕੋਈ ਖਾਲਾ ਜੀ ਦਾ
ਵਾੜਾ ਨਹੀਂ ਸੀ। ਇਕ ਕਿੱਲੇ ਵਿਚੋਂ ਸਿੱਧਾ ਪੰਤਾਲ਼ੀ ਲੱਖ ਮੁਨਾਫ਼ਾ..! ਕਿੱਥੋਂ
ਮਿਲਣਾਂ ਸੀ..? ਹੁਣ ਤਾਂ ਪੁਲ਼ ਬਣ ਜਾਣਾਂ ਸੀ, ਜ਼ਮੀਨ ਸੋਨੇ ਦੇ ਭਾਅ ਵਿਕਣੀਂ
ਸੀ..! ਰਜਿਸਟਰੀ ਹਨੀ ਦੇ ਨਾਂ ਹੋਣੀਂ ਸੀ..! ਹਨੀ ਨੇ ਐਸ਼ ਕਰਨੀ ਸੀ..! ਐਹੋ ਜਿਹੇ
ਮੌਕੇ ਵਾਰ ਵਾਰ ਹੱਥ ਨਹੀਂ ਲੱਗਣੇਂ ਸਨ..!
ਹਨੀ ਨੇ ਪੰਜ ਦੀ ਥਾਂ, ਛੇ ਲੱਖ ਰੁਪਏ ਬਾਪੂ ਨੂੰ ਭੇਜ ਦਿੱਤੇ।
ਡੇਵ ਜ਼ਿੰਦਾਬਾਦ ਸੀ। ਬੇਬੇ ਦੀ ਗੱਲ ਲੱਖ ਰੁਪਏ ਦੀ ਸੀ। ਹਨੀ ਬੁੱਢੇ ਡੇਵ ਦੀਆਂ
ਲਾਲ਼ਾਂ ਚੱਟਦੀ ਸੀ...! ਕੁਛ ਨਾ ਕੁਛ ਤਾਂ ਉਸ ਨੂੰ ਲੈ ਕੇ ਡਿੱਗਣਾਂ ਹੀ ਚਾਹੀਦਾ
ਸੀ..? ਉਹ ਰੋਟੀ ਲਾਹੁੰਦੀ ਸੀ..। ਸਫ਼ਾਈ ਕਰਦੀ ਸੀ...। ਰਾਤ ਨੂੰ ਬੁੜ੍ਹੇ ਡੇਵ ਦੀ
ਧੰਗੇੜ ਵੀ ਝੱਲਦੀ ਸੀ..। ਕੱਪੜੇ ਧੋਂਦੀ ਸੀ..। ਕੱਪੜੇ ਪ੍ਰੈੱਸ ਕਰਦੀ ਸੀ..। ਫਿਰ
ਜੇ ਉਸ ਨੇ ਉਸ ਦੇ ਸਾਂਝੇ ਅਕਾਊਂਟ 'ਚੋਂ ਵੀਹ-ਇੱਕੀ ਹਜ਼ਾਰ ਪੌਂਡ ਕਢਵਾ ਵੀ ਲਏ ਸਨ,
ਤਾਂ ਕੀ ਲੋਹੜ੍ਹਾ ਆ ਗਿਆ ਸੀ..? ਕੋਈ ਕੰਧ ਡਿੱਗਣ ਲੱਗੀ ਸੀ..? ਜੇ ਡੇਵ ਨੂੰ ਪਤਾ
ਲੱਗ ਗਿਆ, ਫੇਰ..? ਫੇਰ ਕੀ ਹਨ੍ਹੇਰੀ ਆ ਜਾਊ..? ਆਖੂੰ, ਮੈਂ ਨਹੀਂ ਕੰਮ ਕਰਦੀ..?
ਜੇ 'ਚੂੰ-ਚਰਾਂ' ਕੀਤੀ ਫੇਰ..? ਚੰਗਾ ਹੋਊ..! ਇਕ ਨਾ ਇਕ ਦਿਨ ਤਾਂ ਇਸ ਬਿੱਜੂ ਤੋਂ
ਖਹਿੜ੍ਹਾ ਛੁਡਵਾਉਣਾਂ ਈ ਐਂ..! ਇਹ ਤਾਂ ਇਕ ਤਰ੍ਹਾਂ ਨਾਲ਼ ਬਹਾਨਾਂ ਬਣ ਜਾਊ..!
ਨਾਲ਼ੇ ਮੈਂ ਕਿਹੜਾ ਆਬਦੇ ਸਹੀ ਦਸਤਖ਼ਤ ਕੀਤੇ ਐ..? ਮੈਂ ਵੀ ਫ਼ਰਜ਼ੀ ਜਿਹੇ ਦਸਤਖ਼ਤ
ਕਰ ਕੇ ਪਰ੍ਹਾਂ ਮਾਰੇ..! ਕਾਊਂਟਰ 'ਤੇ ਬੈਠੀ ਗੋਰੀ ਨੇ ਕਿਹੜਾ ਦਸਤਖ਼ਤ ਚੱਜ ਨਾਲ਼
ਚੈੱਕ ਕੀਤੇ ਐ..? ਮੈਂ ਸਾਫ਼ ਮੁੱਕਰ ਜਾਊਂ..! ਆਖੂੰ, ਇਹ ਤਾਂ ਮੇਰੇ ਦਸਤਖ਼ਤ ਈ
ਨ੍ਹੀ..! ਕੀ ਫੜ ਲਊ ਮੇਰਾ..? ਐਹੋ ਜੇ ਵੀਹ ਦੇਖੇ ਐ..! ਮੈਂ ਤਾਂ ਰਮਣੀਕ ਦੇ ਘੈਂਟ
ਪ੍ਰੀਵਾਰ ਨੂੰ ਪਾਣੀ ਨ੍ਹੀ ਮੰਗਣ ਦਿੱਤਾ..? ਇਹ 'ਕੱਲਾ ਟੋਟਰੂ ਮੇਰਾ ਕੀ ਕਰ ਲਊ..?
ਐਹੋ ਜੇ ਮਾਰੇ ਨੇ ਮੇਰੀ ਢਾਕ ਤੋਂ ਦੀ..!
ਜਿਹੜੇ ਰੋਗ ਨਾਲ਼ ਮਰਗੀ ਬੱਕਰੀ, ਓਹੀ ਰੋਗ ਪਠੋਰੇ ਨੂੰ..! ਜਿਹੜਾ ਕੁਛ ਉਸ ਦੇ
ਮਾਂ ਬਾਪ ਸੋਚ ਰਹੇ ਸਨ, ਉਹੀ ਕੁਛ ਹਨੀ ਸੋਚਣ ਲੱਗ ਪਈ ਸੀ। ਬਾਬੇ ਦੇ ਯਾਰ, ਗਿੱਦੜ
ਤੇ ਬਘਿਆੜ੍ਹ..! ਜਿਹੋ ਜਿਹੇ ਮਾਂ ਬਾਪ ਸਨ, ਓਹੋ ਜਿਹੀ ਹੀ ਹਨੀ ਬਣ ਤੁਰੀ ਸੀ।
ਵਿਹਲਾ ਬਾਣੀਆਂ ਕੀ ਕੰਮ ਕਰੇ, ਐਧਰਲੇ ਵੱਟੇ ਔਧਰ ਧਰੇ..! ਉਹ ਡੇਵ ਤੋਂ ਖਹਿੜ੍ਹਾ
ਛੁਡਵਾਉਣ ਬਾਰੇ ਜੰਗੀ ਪੱਧਰ 'ਤੇ ਸੋਚ ਰਹੀ ਸੀ। ਪਰ ਡੇਵ ਦੇ ਮਨ ਵਿਚ ਕੋਈ ਛਲ, ਕਪਟ
ਜਾਂ ਪਾਪ ਨਹੀਂ ਸੀ। ਦਿਲ ਦਰਿਆ ਅਤੇ ਸੱਚੇ ਬੰਦੇ ਡੇਵ ਨੂੰ ਇਹ ਕੰਨੋਂ ਕੰਨ ਖ਼ਬਰ
ਨਹੀਂ ਸੀ ਕਿ ਉਸ ਦੇ ਅਕਾਊਂਟ ਵਿਚੋਂ ਇੱਕੀ ਹਜ਼ਾਰ ਪੌਂਡ ਗੋਹਿਆਂ ਦੀ ਲੜਾਈ ਵਿਚ ਹੀ
ਰੁੜ੍ਹ ਗਿਆ ਸੀ। ਜਿਹੋ ਜੀ ਨੰਦੋ ਬਾਹਮਣੀਂ ਤੇ ਉਹੋ ਜਿਆ ਘੁੱਦੂ ਜੇਠ ਦੀ ਕਹਾਵਤ
ਵਾਂਗ, ਜਿਵੇਂ ਮਾਂ ਬਾਪ ਹਨੀ ਦੀ ਪੂਛ ਨੂੰ ਵੱਟ ਚਾੜ੍ਹਦੇ, ਉਹ ਉਸੀ ਤਰ੍ਹਾਂ ਹੀ
ਉਹਨਾਂ ਦੇ ਮਗਰ ਲੱਗ ਤੁਰਦੀ। ਆਗਿਆਕਾਰੀ ਬਾਂਦਰੀ ਵਾਂਗ ਜਿਵੇਂ ਬੇਬੇ ਬਾਪੂ ਸੀਟੀ
ਮਾਰਦੇ, ਉਹ ਗਿੱਧਾ ਪਾਉਂਦੀ..! ਕੋਠਾ ਉਸਰਿਆ ਤੇ ਤਰਖਾਣ ਵਿਸਰਿਆ ਵਾਂਗ ਹਨੀ ਦੇ
ਸਾਰੇ ਕਾਰਜ ਸਿੱਧ ਹੋ ਗਏ ਸਨ, ਅਤੇ ਹੁਣ ਉਸ ਨੂੰ ਡੇਵ ਕੋਈ ਸਹਾਰਾ ਨਹੀਂ, ਇਕ ਬੱਜਰ
ਬੋਝ ਲੱਗਣ ਲੱਗ ਪਿਆ ਸੀ..!
ਹਨੀ ਨੂੰ ਉਸ ਦੇ ਆਪਣੇ ਮਕਾਨ ਦਾ ਕਿਰਾਇਆ ਬੈਂਕ ਵਿਚ ਹੀ ਆਈ ਜਾਂਦਾ ਸੀ, ਜਿਸ
ਨਾਲ਼ ਮਕਾਨ ਦੀ ਕਿਸ਼ਤ ਸਿੱਧੀ ਹੀ ਤੁਰੀ ਜਾਂਦੀ ਸੀ। ਹੁਣ ਉਸ ਨੂੰ ਕੋਈ ਬਹੁਤਾ
ਫਿ਼ਕਰ ਫ਼ਾਕਾ ਨਹੀਂ ਸੀ। ਇਕ ਇਕ ਕਿੱਲੇ ਦਾ ਉਸ ਨੂੰ ਪੰਤਾਲ਼ੀ ਹਜ਼ਾਰ ਮੁਨਾਫ਼ਾ
ਹੋਣਾਂ ਸੀ..। ਉਸ ਨੇ ਹੁਣ ਡੇਵ ਕੋਲੋਂ ਸੁਆਹ ਤੇ ਖੇਹ ਲੈਣੀਂ ਸੀ..? ਦਫ਼ਾ ਹੋਵੇ,
ਮਰੇ ਪਰ੍ਹਾਂ..! ਆਬਦੇ ਹਾਣ ਦੀ ਮੌਲੀ ਲੱਭ ਲਵੇ ਕੋਈ..! ਮੈਂ ਤਾਂ ਕੋਈ ਗੋਹਲ਼ ਵਰਗਾ
ਮੁੰਡਾ ਵਿਆਹ ਕੇ ਲਿਆਊਂਗੀ..! ਮੈਂ ਇਹਨੂੰ ਬੁੜ੍ਹੇ ਨੂੰ ਜ਼ਰੂਰੀ ਹਿੱਕ 'ਤੇ
ਹਿਣਕਾਉਣੈਂ..? ਮੂੰਹ ਨਾ ਮੱਥਾ ਤੇ ਜਿੰਨ ਪਹਾੜੋਂ ਲੱਥਾ..! ਇਹ ਤਾਂ ਮੇਰੀ ਮਜਬੂਰੀ
ਸੀ, ਨਹੀਂ ਮੈਂ ਮਾਰਦੀ ਸੀ ਧਾਰ ਇਹਦੇ 'ਤੇ..! ਪਾਲੋ ਦੀ ਗੱਲ ਵੀ ਸੱਚੀ ਸੀ..। ਇਹ
ਮੇਰੇ ਮੇਚ ਦਾ ਜਮਾਂ ਨਹੀਂ..! ਪਰ ਮਜਬੂਰੀ ਦਾ ਨਾਂ 'ਮਾਸੀ' ਸੀ..। ਨਹੀਂ ਮੈਂ ਤਾਂ
ਐਹੋ ਜਿਹੇ ਬੁੱਢੇ ਦੇ ਮੂੰਹ 'ਤੇ ਥੁੱਕਦੀ ਨਹੀਂ ਸੀ..। ਮੇਰਾ ਤੇ ਉਹਦਾ ਬੁੱਢੇ ਖਚਰੇ
ਦਾ ਕੋਈ ਮੇਲ ਐ..? ਪਰ ਜਿਹੜਾ ਕੁਛ ਬੰਦੇ ਦੇ ਕਰਮਾਂ 'ਚ ਲਿਖਿਆ ਹੁੰਦੈ, ਭੋਗਣਾਂ
ਪੈਂਦੈ..! ਕੀ ਕਰੇ ਬੰਦਾ..? ਹਾਲਾਤਾਂ ਦਾ ਸਤਾਇਆ, ਗਧੇ ਨੂੰ ਵੀ ਬਾਪੂ ਆਖਦੈ..।
ਜਿਹੜੀ ਚੀਜ਼ ਨੂੰ ਅੱਖਾਂ ਨਹੀਂ ਝੱਲਦੀਆਂ, ਜੀਭ ਕਿਵੇਂ ਝੱਲੂ..? ਮੇਰੀਆਂ ਅੱਖਾਂ
ਤਾਂ ਇਹਨੂੰ ਝੱਲਦੀਆਂ ਨਹੀਂ ਸੀ, ਪਰ ਜੀਭ ਨੂੰ ਝੱਲਣਾਂ ਪਿਆ..। ਮਰਦੀ ਨੇ ਅੱਕ
ਚੱਬਿਆ, ਤੇ ਮੈਂ ਹਾਰ ਕੇ ਜੇਠ ਨਾਲ਼ ਲਾਈਆਂ..! ਚੱਲ, ਦਿਨ ਵੀ ਤਾਂ ਕਿਸੇ ਆਸਰੇ
ਕੱਢਣੇ ਹੀ ਸੀ..! ਬੰਦਾ ਉਹ, ਜੋ ਵੇਲ਼ਾ ਸਾਂਭ ਲਏ..! ਵੇਲ਼ਾ ਮੈਂ ਸਾਂਭ ਲਿਆ ਸੀ।
ਖਰਚਾ ਮੇਰਾ ਕੋਈ ਹੈ ਨਹੀਂ ਸੀ..। ਇਹਦੇ ਸਿਰ 'ਤੇ ਅੱਧਿਓਂ ਜਿਆਦਾ ਮੌਰਗੇਜ ਲਾਹ ਕੇ
ਪਰ੍ਹਾਂ ਮਾਰੀ..। ਜੌਬ ਪੱਕੀ ਹੋ ਗਈ..। ਹੁਣ ਮੈਂ ਇਹਨੂੰ ਬੁੱਢੇ ਖੁੰਢ ਨੂੰ ਕੀ
ਦਬਾਲ਼ ਐਂ..? ਮੈਨੂੰ ਇਹ ਸੁੱਖ ਕੇ ਤਾਂ ਨਹੀਂ ਦਿੱਤਾ ਹੋਇਆ..? ਹਾਣ ਨੂੰ ਹਾਣ
ਪਿਆਰਾ..! ਮੈਂ ਤਾਂ ਕੋਈ ਦਿਲਾਂ ਦਾ ਜਾਨੀ ਤੇ ਪਿਆਰਾ ਜਿਆ ਹਾਣੀ ਲੱਭ ਕੇ ਵਿਆਹ
ਕਰੂੰ..! ਉਹ ਸ਼ੇਖ਼ ਚਿਲੀ ਵਾਂਗ ਸਕੀਮਾਂ ਬਣਾ ਅਤੇ ਢਾਹ ਰਹੀ ਸੀ..!
ਸ਼ਾਮ ਨੂੰ ਡੇਵ ਜਦ ਘਰ ਆਇਆ ਤਾਂ ਹਨੀ ਨੂੰ ਉਸ ਦਾ ਮੂੰਹ ਬਿੱਜੂ ਵਰਗਾ ਲੱਗਿਆ!
ਉਸ ਦਾ ਦਿਲ ਕੀਤਾ ਡੇਵ ਦੇ ਚਿੱਬੇ ਜਿਹੇ ਮੂੰਹ 'ਤੇ ਜੁੱਤੀ ਮਾਰੇ! ਪਰ ਨਹੀਂ
ਕਮਲ਼ੀਏ..! ਅਜੇ ਤੈਨੂੰ ਇਸ ਰਿੱਛ ਦੀ ਲੋੜ ਐ..! ਉਸ ਦੇ ਮਨ ਨੇ ਵਰਜਿਆ। ਅਜੇ ਇਸ ਦੇ
ਸਿਰ 'ਤੇ ਕਈ ਕੰਮ ਕਰਨੇ ਨੇ..! ਅਜੇ ਇਹਦੇ ਨਾਲ਼ ਰਹਿ ਕੇ ਮੌਰਗੇਜ ਵੱਲੋਂ ਮਕਾਨ
'ਫ਼ਰੀ' ਕਰਨਾਂ ਹੈ..। ਜੌਬ ਤਾਂ ਮੇਰੀ ਪੱਕੀ ਹੋ ਹੀ ਚੁੱਕੀ ਹੈ..। ਫ਼ਰਮ ਵਿਚ
ਕਿਹੜਾ ਕਿਸੇ ਨੂੰ ਸਾਡੇ ਸਬੰਧਾਂ ਦਾ ਪਤਾ ਹੈ..? ਕਿਸੇ ਨੂੰ ਸੂਤ ਭਰ ਦਾ ਵੀ ਸ਼ੱਕ
ਨਹੀਂ..। ਜੇ ਇਹਨੇ ਬਾਹਲ਼ੀ 'ਚੂੰ-ਚਰਾਂ' ਕੀਤੀ, ਇਸ 'ਤੇ ਫ਼ਰਮ ਵਿਚ 'ਜਿਸਮਾਨੀ
ਛੇੜਛਾੜ' ਦਾ ਦੋਸ਼ ਲੁਆ ਕੇ ਫ਼ੱਟੀ ਵੀ ਪੋਚ ਦਿਆਂਗੀ..! ਤੇ ਆਪ ਜੁਆਨ ਸੁਪਰਵਾਈਜ਼ਰ
ਨਾਲ਼ ਨੇੜਤਾ ਗੰਢ ਲਵਾਂਗੀ..। ਭਰ ਜੁਆਨ ਸੁਪਰਵਾਈਜ਼ਰ ਵੀ ਤਾਂ ਕਿੰਨੇ ਕੱਟੇ ਵੱਛੇ
ਮੇਰੇ ਅੱਗੇ ਪਿੱਛੇ ਬੰਨ੍ਹਦਾ ਫਿ਼ਰਦਾ ਹੈ..? ਮੈਂ ਹੀ ਉਹਨੂੰ ਕੋਈ ਲੜ ਨਹੀਂ
ਫ਼ੜਾਇਆ..। ਤੇ ਉਹ ਵੀ ਇਸ ਬਾਂਦਰ ਦੇ ਕਰਕੇ..! ਨਾ ਅਕਲ ਨਾ ਸ਼ਕਲ ਹਰਾਮ ਦੇ ਊਤ
ਦੀ..!
ਡੇਵ ਕਿਚਨ ਵਿਚ ਗਿਆ, ਦੋ ਗਿਲਾਸ ਅਤੇ ਬੋਤਲ ਚੁੱਕ ਲਿਆਇਆ।
ਦੇਖ ਕੁੱਤੇ ਨੂੰ ਕਿਵੇਂ ਅੱਗ ਲੱਗੀ ਐ ਪੀਣ ਦੀ..? ਹਨੀ ਨੇ ਸੋਚਿਆ। ਪਤਾ ਨਹੀਂ
ਕਿਉਂ ਅੱਜ ਉਸ ਨੂੰ ਡੇਵ 'ਤੇ ਖਿਝ ਜਿਹੀ ਚੜ੍ਹੀ ਜਾ ਰਹੀ ਸੀ..? ਪਰ ਫਿ਼ਰ ਵੀ
ਹਾਲਾਤਾਂ ਪ੍ਰਤੀ ਸੁਚੇਤ ਅਤੇ ਚੁਕੰਨੀ ਹੋਈ, ਸਮਾਈ ਕਰੀ ਬੈਠੀ ਸੀ। ਜੇ ਬਾਪੂ ਨੇ ਹੋਰ
ਪੈਸਿਆਂ ਦੀ ਬਾਤ ਪਾ ਦਿੱਤੀ, ਫੇਰ ਕਿੱਥੋਂ ਭੇਜੂੰ..? ਅਜੇ ਇਸ ਬੁੱਢੇ ਬੋਕ ਦੀਆਂ
ਲਾਲ਼ਾਂ ਚੱਟਣੀਆਂ ਪੈਣਗੀਆਂ..। ਜਦੋਂ ਬਾਪੂ ਨੇ ਸਾਰੀ ਜ਼ਮੀਨ ਲੈ ਕੇ ਰਜਿ਼ਸਟਰੀ
ਮੇਰੇ ਨਾਂ ਕਰ ਦਿੱਤੀ, ਮੈਂ ਚੁੱਪ ਚਾਪ ਟਿਕਟ ਲੈ ਕੇ ਇੰਡੀਆ ਜਾ ਵੱਜੂੰਗੀ...!
ਵਜਾਉਂਦਾ ਫਿ਼ਰੇ ਟੱਲ..! ਜ਼ਮੀਨ ਦੀ ਮਾਲਕ ਮੈਂ ਹੋਊਂਗੀ..! ਸਰਦੀਆਂ 'ਚ ਮੌਜ ਨਾਲ਼
ਛੇ ਮਹੀਨੇ ਉਥੇ ਰਿਹਾ ਕਰੂੰਗੀ..! ਮੈਂ ਐਥੇ ਜ਼ਰੂਰੀ ਗੋਰਿਆਂ ਦੀ ਗੁਲਾਮੀ ਕਰਨੀ
ਐਂ..? ਜ਼ਰੂਰੀ ਬੁੱਢੇ ਤੋਂ ਨਹੁੰਦਰਾਂ ਮਰਵਾਉਣੀਐਂ..? ਆਪਦਾ ਚੰਗਾ ਖਾਊਂ, ਚੰਗਾ
ਪਹਿਨੂੰ..! ਚੱਕ ਲਵੇ ਆਬਦੀ ਮੈਨੇਜਰੀ ਨੂੰ ਸਿਰ 'ਤੇ..! ਪਰ ਹਨੀ, ਜੇ ਤੂੰ ਇਹਦੇ
ਨਾਲ਼ ਵਿਆਹ ਕਰਵਾ ਲਵੇਂ, ਅੱਧੀ ਜਾਇਦਾਦ ਤੇਰੀ ਹੋਜੂਗੀ..। ਪਰ ਬਿੱਜੂ ਵਿਆਹ
ਕਰਵਾਉਂਦਾ ਨ੍ਹੀ..! ਅਖੇ ਮੈਂ ਤਾਂ ਇਕ ਵਾਰ ਕਰਕੇ ਈ ਪਛਤਾਉਨੈਂ..। ਤੇ ਹਰਾਮ ਦਿਆ,
ਤੂੰ ਮੈਨੂੰ ਕੰਜਰੀ ਜਾਂ ਰਖੇਲ ਈ ਸਮਝ ਰੱਖਿਐ..? ਜਿਸ ਦੀ ਬਘਿਆੜ੍ਹ ਮਾਂਗੂੰ ਚਮੜੀ
ਚੱਟੀ ਜਾਨੈਂ..? ਕੋਈ ਨਾ, ਮੈਂ ਵੀ ਤੈਨੂੰ ਪੁੱਤ ਨਾ ਬਣਾਂ ਕੇ ਛੱਡਿਆ, ਤਾਂ
ਆਖੀਂ..! ਹਨੀ ਦੇ ਮਨ ਵਿਚ ਸੋਚਾਂ ਅਤੇ ਵਿਚਾਰਾਂ ਦੀ ਚੱਕ-ਥੱਲ ਭੂਚਾਲ਼ ਬਣੀ ਹੋਈ
ਸੀ।
-"ਡਰਿੰਕ ਲੈਣੀਂ ਐਂ..?" ਡੇਵ ਨੇ ਵਿਸਕੀ ਦੀ ਬੋਤਲ ਦਾ ਡੱਟ ਮਰੋੜਦਿਆਂ ਪੁੱਛਿਆ।
-"ਲੈ ਲਵਾਂਗੀ..!" ਹਨੀ ਨੇ ਸੰਖੇਪ ਜਿਹਾ ਉਤਰ ਦਿੱਤਾ।
-"ਕੀ ਗੱਲ ਚਿੱਤ ਤਾਂ ਨ੍ਹੀ ਢਿੱਲਾ..?" ਉਸ ਨੇ ਗਿਲਾਸ ਵਿਚ ਦਾਰੂ ਪਾਉਂਦੇ ਨੇ
ਕਿਹਾ।
-"ਨਹੀਂ, ਠੀਕ ਹਾਂ..!"
-"ਆਹ ਲੈ, ਠੰਢ ਐ, ਠੀਕ ਹੋਜੇਂਗੀ..!" ਡੇਵ ਨੇ ਪੈੱਗ ਉਸ ਦੇ ਹੱਥ ਥਮਾਉਂਦਿਆਂ
ਆਖਿਆ।
ਹਨੀ ਨੇ ਪੈੱਗ ਫੜ ਕੇ ਸਾਹਮਣੇ ਪਏ ਮੇਜ਼ 'ਤੇ ਰੱਖ ਦਿੱਤਾ।
-"ਕੀ ਗੱਲ ਦਿਲ ਨ੍ਹੀ ਕਰਦਾ..?"
ਹਨੀ ਨੇ ਗਿਲਾਸ ਖਾਲੀ ਕਰ ਦਿੱਤਾ।
-"ਅੱਜ ਗੱਲ ਕੋਈ ਜਰੂਰ ਐ, ਜਿਹੜੀ ਚੁੱਪ ਜੀ ਬੈਠੀ ਐਂ..?" ਡੇਵ ਉਸ ਦੇ ਚਿਹਰੇ ਦੇ
ਹਾਵ ਭਾਵ ਤਾੜੀ ਜਾ ਰਿਹਾ ਸੀ।
-"ਨਹੀਂ, ਕੋਈ ਗੱਲ ਨ੍ਹੀ..! ਵੈਸੇ ਈ ਮੂਡ ਜਿਆ ਖਰਾਬ ਐ..!" ਉਸ ਨੇ ਧੁੜਧੁੜੀ ਜਿਹੀ
ਲਈ।
-"ਕੋਈ ਨ੍ਹਾਂ ਇਕ ਅੱਧੀ ਡਰਿੰਕ ਹੋਰ ਲੈ-ਲਾ, ਮੂਡ ਠੀਕ ਹੋਜੂ..! ਕੁਛ ਖਾਣ ਨੂੰ
ਦੇਵਾਂ..?" ਡੇਵ ਨੇ ਪੁੱਛਿਆ।
-"ਨਹੀਂ, ਜੀਅ ਨ੍ਹੀ ਕਰਦਾ..।" ਉਹ ਬੜੇ ਸੰਖੇਪ ਉਤਰ ਦੇ ਰਹੀ ਸੀ।
ਪਰ ਫਿਰ ਵੀ ਡੇਵ ਕਿਚਨ ਵਿਚੋਂ ਬਦਾਮ ਅਤੇ ਕਾਜੂ ਚੁੱਕ ਲਿਆਇਆ। ਹਨੀ ਨੂੰ ਡੇਵ ਦਾ
ਮੋਹ ਜਿਹਾ ਆਇਆ। ਉਹ ਸੋਚ ਰਹੀ ਸੀ ਕਿ ਜਿਤਨਾਂ ਬੁਰਾ ਉਹ ਡੇਵ ਬਾਰੇ ਸੋਚ ਰਹੀ ਸੀ,
ਉਤਨਾਂ ਉਹ ਮਾੜਾ ਇਨਸਾਨ ਹੈ ਨਹੀਂ..। ਸਾਰਿਆਂ ਦੇ ਘਰਾਂ ਵਿਚ ਹੀ ਭੰਗ ਭੁੱਜਦੀ ਐ..।
ਸਭ ਮਰਦ ਇੱਕੋ ਜਿਹੇ ਹੀ ਹੁੰਦੇ ਨੇ..। ਹਨੀ ਜੇ ਤੂੰ ਇਹਨੂੰ ਛੱਡ ਕੇ ਕਿਸੇ ਹੋਰ
ਨਾਲ਼ ਕੁੰਡਾ ਅੜਾਵੇਂਗੀ, ਜ਼ਰੂਰੀ ਨਹੀਂ ਕਿ ਉਹ ਕ੍ਰਿਸ਼ਨ ਭਗਵਾਨ ਹੋਵੇ..? ਜੇ ਉਹ
ਵੀ ਝੰਡੇ ਹੇਠਲਾ ਨਿਕਲਿ਼ਆ ਫੇਰ..? ਫੇਰ ਕਿਹੜੀ ਮਾਂ ਨੂੰ ਮਾਸੀ ਆਖੇਂਗੀ..? ਬਾਬੇ
ਫ਼ਰੀਦ ਜੀ ਦੀ ਬਾਣੀ ਵਾਂਗ ਘਰ ਘਰ ਇਹੋ ਅੱਗ ਹੈ..। ਜਿ਼ੰਦਗੀ ਦਾ ਪਹਾੜਾ ਇਕ ਦੂਣੀਂ
ਦੂਣੀਂ ਨਾਲ਼ ਨਹੀਂ ਚੱਲਦਾ..! ਕਦੇ ਕਦੇ ਦੋ ਦੂਣੀ ਪੰਜ, ਤੇ ਕਦੇ ਦੋ ਦੂਣੀ ਤਿੰਨ ਹੋ
ਜਾਂਦੇ ਐ..! ਇਹ ਉਤਰਾਅ ਚੜ੍ਹਾਅ ਜਿ਼ੰਦਗੀ ਦਾ ਦਸਤੂਰ ਨੇ..! ਧੁੱਪ ਛਾਂ ਜੀਵਨ ਦੇ
ਅੰਗ ਨੇ..! ਪਰ ਤੂੰ ਕਿੰਨ੍ਹਾਂ ਕੁ ਚਿਰ ਇਸ ਬੁੱਢੇ ਨਾਲ਼ ਟੋਚਨ ਪਾਈ ਫਿ਼ਰੇਂਗੀ..?
ਸਾਲ ਦੋ ਸਾਲਾਂ ਨੂੰ ਇਹਦੀ ਪੀਪਣੀ ਬੋਲ ਜਾਣੀ ਐਂ..! ਨਾ ਇਹ ਤਿੰਨ੍ਹਾਂ 'ਚ, ਤੇ ਨਾ
ਤੇਰ੍ਹਾਂ ਵਿਚ..? ਫੇਰ ਕੀਹਦੀ ਜਾਨ ਦਾ ਸਿਆਪਾ ਕਰੇਂਗੀ..? ਚੱਕੀ ਚੱਲੀਂ ਘੰਗਾਰ
ਇਹਦੇ..! ਇਹਦੇ ਮਰਨ ਤੱਕ ਇਹਦੀ ਜਾਇਦਾਦ ਦੀ ਆਸ ਲਾਈ ਰੱਖੇਂਗੀ..? ਪਰ ਤੈਨੂੰ
ਜਾਇਦਾਦ ਮਿਲੂ ਕਿਵੇਂ..? ਤੂੰ ਕਿਹੜਾ ਇਹਦੇ ਨਾਲ਼ ਕੋਈ ਵਿਆਹ ਕੀਤੈ..? ਕਾਨੂੰਨੀ
ਤੌਰ 'ਤੇ ਤਾਂ ਇਹਦੇ ਬੱਚੇ ਇਸ ਦੀ ਪ੍ਰਾਪਰਟੀ ਦੇ ਵਾਰਿਸ ਹੋਣਗੇ..! ਤੂੰ ਵਜਾਉਂਦੀ
ਫਿਰੀਂ ਟੱਲੀਆਂ..! ਜਾਂ ਤਾਂ ਇਹਦੇ ਕੰਜਰ ਨਾਲ਼ ਵਿਆਹ ਕਰ..! ਪਰ ਰਹਿਣ ਈ ਦੇਹ
ਬਾਬਾ, ਐਹੋ ਜਿਆ ਤਾਂ ਮਰਦਾ ਵੀ ਨ੍ਹੀ ਹੁੰਦਾ..! ਮਰਿਆ ਸੱਪ ਗਲ਼ ਨਾ ਪਾਅ..! ਜੇ
ਵਿਆਹ ਕਰਵਾ ਲਿਆ, ਪਰੁੰਨ੍ਹੀਂ ਜਾਵੇਂਗੀ..! ਇਹਨੇ ਬੁੱਢੇ ਬੋਕ ਨੇ ਤਲਾਕ ਵੀ ਨ੍ਹੀ
ਦੇਣਾਂ..! ਉਲਟਾ ਪੁੱਠਾ ਇਲਜ਼ਾਮ ਲਾਊ ਬਈ ਮੇਰੀ ਜਾਇਦਾਦ ਕਰਕੇ ਤਲਾਕ ਮੰਗਦੀ ਐ..।
ਅਦਾਲਤਾਂ ਵੀ ਬੁੱਢਿਆਂ ਦੀ ਗੱਲ ਬਹੁਤੀ ਸੁਣਦੀਐਂ..। ਮੇਰਾ ਤੇ ਇਹਦਾ ਉਮਰ ਦਾ
ਕਿੰਨਾਂ ਫ਼ਰਕ ਐ..? ਵਕੀਲ ਤਾਂ ਵਾਲ਼ ਦੀ ਖੱਲ ਲਾਹ ਦਿੰਦੇ ਐ..। ਉਹ ਤਾਂ ਅਦਾਲਤ
ਵਿਚ ਖੜ੍ਹੇ ਬੰਦੇ ਨੂੰ ਗੱਲਾਂ ਬਾਤਾਂ ਵਿਚ ਨੰਗਾ ਕਰ ਮਾਰਨ..! ਨਾ ਹਨੀ..! ਇਹ ਕੰਮ
ਨਾ ਕਰ..! ਬਥੇਰੀ ਜ਼ਮੀਨ ਤੇਰੀ ਪਿੱਛੇ ਪੰਜਾਬ ਵਿਚ ਬਣ ਜਾਣੀਂ ਐਂ..! ਬਾਪੂ ਨੇ
ਖਰੀਦ ਵੀ ਲਈ ਹੋਣੀ ਐਂ ਹੁਣ ਤਾਂ..? ਮੇਰੇ ਨਾਮ 'ਤੇ ਰਜਿ਼ਸਟਰੀ ਵੀ ਹੋ ਗਈ ਹੋਣੀਂ
ਐਂ..? ਮੈਂ ਕਰੂੰਗੀ ਐਸ਼ ਪੰਜਾਬ ਰਹਿ ਕੇ਼..! ਸਰਦੀਆਂ 'ਚ ਪੰਜਾਬ ਤੇ ਗਰਮੀਆਂ 'ਚ
ਇੰਗਲੈਂਡ..! ਉਸ ਦਾ ਚਿਹਰਾ ਟਹਿਕ ਉਠਿਆ। ਪਰ ਹਨੀ..! ਜਿਸ ਡੇਵ ਨੂੰ ਤੂੰ ਅੱਜ ਨੱਕ
ਹੇਠ ਨਹੀਂ ਕਰਦੀ, ਇਸੇ ਦੀ ਬਦੌਲਤ ਤੂੰ ਅੱਜ ਐਸ ਮੁਕਾਮ 'ਤੇ ਪਹੁੰਚੀ ਐਂ..! ਜੇ
ਉਦੋਂ ਡੇਵ ਤੇਰੀ ਬਾਂਹ ਨਾ ਫੜਦਾ, ਤਾਂ ਤੂੰ ਤਾਂ ਗਈ ਸੀ ਖੂਹ ਖਾਤੇ 'ਚ..! ਇਹ ਤਾਂ
ਡੇਵ ਹੀ ਸੀ, ਜਿਸ ਨੇ ਤੈਨੂੰ ਆਸਰਾ ਦਿੱਤਾ..! ਜੇ ਕਿਤੇ ਡੇਵ ਨਾ ਹੁੰਦਾ, ਤੂੰ ਪਤਾ
ਨਹੀਂ ਕਿਹੜੇ ਖੱਲ ਖੂੰਜੇ ਧੱਕੇ ਖਾਂਦੀ ਹੋਣਾਂ ਸੀ..? ਵਫ਼ਾ ਕਰਨ ਵਾਲ਼ੇ ਬੰਦੇ ਨਾਲ਼
ਧੋਖਾ ਨਹੀਂ ਕਰੀਦਾ ਹੁੰਦਾ..। ਪਰ ਇਹ ਵੀ ਤਾਂ ਮੈਨੂੰ ਨਿੱਤ ਚੂੰਡਦੈ..! ਇਹਨੇ ਵੀ
ਮੇਰੇ ਸਰੀਰ ਨੂੰ ਨੋਚਿਆ ਈ ਐ..! ਪਰ ਹਰ ਮਰਦ ਆਬਦੀ ਤੀਮੀਂ ਨੂੰ ਨੋਚਦੈ..! ਤੂੰ
ਕਿਤੇ ਨਿਵੇਕਲ਼ੀ ਐਂ..? ਤੂੰ ਦੁਨੀਆਂ 'ਚ ਨ੍ਹੀ ਆਉਂਦੀ..? ਸੀਤਾ ਮਾਤਾ ਤੂੰ ਵੀ
ਹੈਨ੍ਹੀ..! ਤੂੰ ਵੀ ਬਥੇਰੇ ਖ਼ੂਹ ਟੋਭੇ ਪਾਰ ਕੀਤੇ ਐ..! ਪਰ ਨਹੀਂ, ਜੋ ਕੁਝ ਅੱਜ
ਮੈਂ ਹਾਂ, ਡੇਵ ਦੀ ਹੀ ਦੇਣ ਹਾਂ..! ਇਸ ਨੂੰ ਛੇਤੀ ਕੀਤੇ ਧੋਖਾ ਨਹੀਂ ਦੇਣਾਂ..! ਪਰ
ਜਿਹੜੇ ਇਹਦੇ ਅਕਾਊਂਟ 'ਚੋਂ ਪੈਸੇ ਕਢਵਾਏ ਐ, ਉਹੋ..? ਜੇ ਇਹਨੂੰ ਪਤਾ ਲੱਗ ਗਿਆ, ਇਹ
ਤਾਂ ਝੱਜੂ ਪਾਊ..! ਫੇਰ ਕੀ ਦੱਸੇਂਗੀ..? ਫੇਰ ਤਾਂ ਤੇਰੇ ਕੋਲ਼ ਦੋ ਹੀ ਰਾਹ ਰਹਿ
ਜਾਣੇਂ ਐਂ..! ਜਾਂ ਤਾਂ ਇਹਨੂੰ ਛੱਡ ਕੇ ਪਰ੍ਹਾਂ ਹੋਣਾਂ ਪਊ..? ਤੇ ਜਾਂ ਫੇਰ ਇਹਦੇ
ਪੈਸੇ ਵਾਪਸ ਕਰਨੇ ਪੈਣਗੈ..! ਪੈਸੇ ਵਾਪਸ..? ਕਿਉਂ ਪੁੱਤ ਲੱਗਦੈ..? ਪਰ ਹਨੀ,
ਜਿੰਨਾਂ ਚਿਰ ਨਹੀਂ ਪਤਾ ਲੱਗਦਾ, ਓਨਾਂ ਚਿਰ ਤਾਂ ਇਹਦੇ ਆਲ਼ਾ ਹਲਟ ਗੇੜੀ ਚੱਲ..!
ਜਿੱਦੇਂ ਪਤਾ ਲੱਗ ਗਿਆ, ਉਹ ਮੌਕੇ 'ਤੇ ਦੇਖਾਂਗੇ, ਕੀ ਕਰਨੈਂ..? ਹੁਣ ਵਾਧੂ ਐਵੇਂ
ਨਾ ਵਿਆਹ 'ਚ ਬੀਜ ਦਾ ਲੇਖਾ ਦੇਈ ਚੱਲ..! ਜਿੰਨਾਂ ਚਿਰ ਨਿਭਦੀ ਐ, ਓਨਾਂ ਚਿਰ ਤਾਂ
ਇਹਦੇ ਨਾਲ਼ ਨਿਭਾਅ..! ਐਨੀ ਮੋਹ ਤੋੜ ਨਾ ਹੋ..! ਵੱਡੇ ਤਾਰੂ ਸਿੱਧੇ ਮਗਰਮੱਛ ਦੇ
ਮੂੰਹ ਜਾ ਡਿੱਗਦੇ ਐ..! ਤੇ ਜੀਹਨੂੰ ਤਰਨਾਂ ਨਾ ਆਉਂਦਾ ਹੋਵੇ, ਉਹ ਡਰਦਾ ਪਾਣੀ 'ਚ
ਹੀ ਨਹੀਂ ਵੜਦਾ..! ਹੁਣ ਤੂੰ ਬਹੁਤੀ ਤਾਰੂ ਨਾ ਬਣ..! ਜਿੰਨਾਂ ਚਿਰ ਹੈ, ਇਹਦੇ ਨਾਲ਼
ਮਿੱਠੀ ਪਿਆਰੀ ਹੋ ਕੇ ਕੱਟ..! ਹੋ ਸਕਦੈ ਬਾਪੂ ਨੂੰ ਹੋਰ ਪੈਸਿਆਂ ਦੀ ਜ਼ਰੂਰਤ ਪੈ
ਜਾਵੇ..? ਫੇਰ ਕਿੱਥੋਂ ਲਵੇਂਗੀ? ਕਮਲ਼ੀਏ, ਤੂੰ ਤਾਂ ਇਹਨੂੰ ਛੱਡ ਕੇ ਆਪਣੇ ਪੈਰੀਂ
ਆਪ ਕੁਹਾੜਾ ਮਾਰਨ ਲੱਗੀ ਐਂ..! ਇਹ ਬੁੱਢਾ ਤਾਂ ਤੈਨੂੰ ਰਿਜ਼ਰਵ ਬੈਂਕ ਦਾ ਚੈੱਕ
ਮਿਲਿ਼ਐ..! ਇਹਨੂੰ ਗਿੱਲਾ ਨਾ ਕਰ ਲਈਂ..! ਲੋਹੇ ਦਾ ਥਣ ਨਾ ਦੱਬਿਆ ਜਾਂਦੈ, ਤੇ ਨਾ
ਉਹਦੇ ਵਿਚੋਂ ਕੁਛ ਨਿਕਲ਼ਦੈ..! ਤੂੰ ਦੜ ਵੱਟ ਕੇ ਜ਼ਮਾਨਾਂ ਕੱਟ..! ਨਾਲ਼ੇ ਤੈਨੂੰ
ਇਹ ਕਹਿੰਦਾ ਵੀ ਕੀ ਐ..? ਕੁਛ ਵੀ ਤਾਂ ਨਹੀਂ..! ਤੂੰ ਈ ਐਂ, ਜਿਹੜੀ ਲੱਤ ਨ੍ਹੀ
ਲਾਉਂਦੀ..?
-"ਇਕ ਹੋਰ ਪਾਵਾਂ..?" ਡੇਵ ਬੋਤਲ ਫੜੀ ਬੈਠਾ ਸੀ।
-"ਪਾ ਦੇ..!" ਉਸ ਨੇ ਡੇਵ ਨੂੰ ਬੜੀ ਹਸਰਤ ਜਿਹੀ ਨਾਲ਼ ਦੇਖਿਆ। ਪਤਾ ਨਹੀਂ ਸ਼ਰਾਬ
ਦੇ ਨਸ਼ੇ ਵਿਚ, ਜਾਂ ਪੰਜਾਬ ਵਿਚ ਖਰੀਦੀ ਜਾ ਰਹੀ ਜ਼ਮੀਨ ਦੇ ਚਾਅ 'ਚ..? ਉਸ ਨੂੰ
ਡੇਵ ਦਾ ਮੋਹ ਜਿਹਾ ਆਇਆ ਅਤੇ ਉਸ ਨੇ ਉਠ ਕੇ ਉਸ ਨੂੰ ਜੱਫ਼ੀ ਪਾ ਲਈ। ਡੇਵ ਉਸ ਦਾ
ਮਾਰਗ ਦਰਸ਼ਕ ਸੀ..। ਡੇਵ ਉਸ ਨਿਆਸਰੀ ਦਾ ਆਸਰਾ ਬਣਿਆਂ ਸੀ..! ਡੇਵ ਨੇ ਉਸ ਨੂੰ
ਪਨਾਂਹ ਦਿੱਤੀ ਸੀ..! ਡੇਵ ਨੇ ਉਸ ਦਾ ਘਰ ਹੋਮ ਸੀਕਰਜ਼ ਵਾਲਿ਼ਆਂ ਨੂੰ ਦਿੱਤਾ ਸੀ,
ਜੋ ਉਸ ਦਾ ਰਹਿੰਦਾ ਕਰਜ਼ਾ ਲਾਹੀ ਜਾ ਰਿਹਾ ਸੀ। ਇਹ ਸਾਰਾ ਕੁਝ ਡੇਵ ਦੀ ਹੀ ਤਾਂ
ਦਿਆਨਤਦਾਰੀ ਸੀ..? ਤੂੰ ਐਵੇਂ ਵਾਧੂ ਵਿਚਾਰੇ ਛੜਾਂ ਮਾਰਨ ਲੱਗੀ ਐਂ..! ਐਹੋ ਜਿਹਾ
ਸਤਿਯੁਗੀ ਬੰਦਾ ਤੈਨੂੰ ਕਿਤੋਂ ਮਿਲ਼ਣੈਂ..? ਜੇ ਤੂੰ ਇਹਦੇ ਨਾਲ਼ ਧੋਖਾ ਕੀਤਾ, ਤਾਂ
ਤੂੰ ਕਲਜੋਗਣ ਹੋਵੇਂਗੀ ਹਨੀ..! ਇਹ ਵਾਕਿਆ ਹੀ ਤੇਰਾ ਹਮਦਰਦ ਬਣ ਕੇ ਰਿਹੈ..! ਤੇਰਾ
ਦਰਦੀ..! ਤੇਰਾ ਹਮਸਫ਼ਰ..! ਤੈਨੂੰ ਡਾਵਾਂਡੋਲ ਨੂੰ ਸਹਾਰਾ ਦੇਣ ਵਾਲ਼ਾ...! ਨਾਲ਼ੇ
ਤੈਨੂੰ ਇਹਨੇ ਆਸਰਾ ਵੀ ਉਦੋਂ ਦਿੱਤਾ, ਜਦੋਂ ਤੇਰਾ ਪ੍ਰਛਾਵਾਂ ਵੀ ਸਾਥ ਛੱਡਦਾ ਜਾ
ਰਿਹਾ ਸੀ..। ਨਾਲ਼ੇ ਹੁਣ ਤੱਕ ਕਿਸੇ ਨੂੰ ਫ਼ਰਮ ਵਿਚ ਨਹੀਂ ਪਤਾ ਲੱਗਣ ਦਿੱਤਾ ਕਿ
ਸਾਡਾ ਰਿਸ਼ਤਾ ਕੀ ਐ..! ਕੋਈ ਹੋਰ ਚੌਰਾ ਹੁੰਦਾ, ਸਾਰੀ ਫ਼ਰਮ ਵਿਚ ਡੌਂਡੀ ਪਿੱਟ
ਦਿੰਦਾ..! ਜਿਵੇਂ ਮੇਰੇ 'ਤੇ ਹੁਸਨ ਹੈ, ਮੈਂ ਸੋਹਣੀਂ ਸੁਨੱਖੀ ਹਾਂ, ਲੋਕਾਂ ਵਿਚ
ਆਪਣੀ ਭੱਲ ਬਣਾਉਣ ਲਈ ਹੀ ਰੌਲ਼ਾ ਪਾਈ ਜਾਂਦਾ..! ਪਰ ਇਸ ਮਾਂ ਦੇ ਪੁੱਤ ਨੇ ਕਿਸੇ
ਕੋਲ਼ ਹੁਣ ਤੱਕ ਕੋਈ ਭਾਫ਼ ਨਹੀਂ ਕੱਢੀ..। ਤੂੰ ਈ ਅੱਗ ਤੋਂ ਦੀ ਲਿਟਦੀ ਫਿ਼ਰਦੀ
ਐਂ..! ਉਹ ਤੇਰੇ ਕੋਈ ਖ਼ੁਰ ਨਹੀਂ ਵੱਢਦਾ..! ਤੇਰੀ ਆਦਤ ਈ ਕੁਲੱਛਣੀ ਬਣ ਗਈ..!
-"ਹੋਰ ਲਵੇਂਗੀ ਇੱਕ ਅੱਧਾ...?" ਡੇਵ ਨੇ ਆਪਣੇ ਲਈ ਆਖਰੀ ਪੈੱਗ ਪਾ ਲਿਆ।
-"ਬੱਸ ਇਕ ਈ..!"
ਉਹਨਾਂ ਨੇ ਸਾਂਝੇ ਪੈੱਗ ਪੀ ਲਏ।
ਡੇਵ ਨੇ ਪੀਜ਼ਾ ਡਲਿਵਰੀ ਵਾਲਿ਼ਆਂ ਨੂੰ ਫ਼ੋਨ ਕਰਕੇ ਦੋ ਪੀਜ਼ੇ ਮੰਗਵਾ ਲਏ।
ਦੋ ਕੁ ਦਿਨਾਂ ਬਾਅਦ ਡੇਵ ਬੂ-ਬੂ ਕਰਦਾ ਘਰ ਆਇਆ! ਉਸ ਦੇ ਮੂੰਹ 'ਤੇ ਝੱਗ ਜੰਮੀ ਹੋਈ
ਸੀ। ਹਨੀ ਉਪਰ ਬਾਥਰੂਮ ਵਿਚ ਨਹਾ ਰਹੀ ਸੀ। ਡੇਵ ਨੇ ਕਰੋਧ ਨਾਲ਼ ਦਰਵਾਜਾ ਜਾ
ਖੋਲ੍ਹਿਆ। ਸ਼ਾਵਰ ਹੇਠ ਭਿੱਜੀ ਖੜ੍ਹੀ ਹਨੀ ਡੇਵ ਦੇ ਤੇਵਰ ਦੇਖ ਕੇ ਹਿੱਲ ਗਈ। ਗੱਲ
ਦਾ ਤਾਂ ਉਸ ਨੂੰ ਪਹਿਲਾਂ ਹੀ ਪਤਾ ਸੀ। ਪਰ ਫਿਰ ਵੀ ਉਹ ਹੈਰਾਨ ਜਿਹੀ ਹੋ ਕੇ ਪੇਸ਼
ਹੋਈ।
-"ਕੀ ਹੋ ਗਿਆ..?"
ਡੇਵ ਨੇ ਬੈਂਕ ਸਟੇਟਮੈਂਟ ਹਨੀ ਦੇ ਗਿੱਲੇ ਪੈਰਾਂ ਵਿਚ ਮਾਰੀ।
-"ਆਹ ਪੈਸੇ ਕਦੋਂ ਕਢਾਏ ਐ, ਤੇ ਕਾਹਦੇ ਲਈ ਕਢਾਏ ਐ..?" ਡੇਵ ਆਪੇ ਤੋਂ ਬਾਹਰ ਥਰ ਥਰ
ਕੰਬੀ ਜਾ ਰਿਹਾ ਸੀ।
ਹਨੀ ਨੇ ਬੜੇ ਮਜਾਜ ਨਾਲ਼ ਵੱਡੇ ਤੌਲੀਏ ਨਾਲ਼ ਨਗਨ ਸਰੀਰ ਢਕ ਲਿਆ। ਜਿਵੇਂ ਉਹ
ਡੇਵ ਨਾਲ਼ ਆਢਾ ਲਾਉਣ ਲਈ ਕਿੱਦੇਂ ਦੀ ਤਿਆਰੀ ਖਿੱਚ ਰਹੀ ਸੀ।
ਉਹ ਬੜੇ ਨਖ਼ਰੇ ਨਾਲ਼ ਬਾਥਰੂਮ ਦੇ ਟੱਬ ਵਿਚੋਂ ਨਿਕਲ਼ੀ ਅਤੇ ਸਿੱਧੀ ਸਲੋਟ ਡੇਵ
ਦੇ ਅੱਗੇ ਆ ਕੇ, ਅੜ ਕੇ ਖੜ੍ਹ ਗਈ। ਜਿਵੇਂ ਉਸ ਨੂੰ ਡੇਵ ਦੀ ਕੋਈ ਸ਼ਰਮ ਜਾਂ ਭੈਅ
ਨਹੀਂ ਸੀ।
ਡੇਵ ਹੋਰ ਹਰਖ਼ ਗਿਆ। ਪਰ ਸਿਆਣਾਂ ਸੀ। ਉਸ ਨੇ ਸਮਾਈ ਹੀ ਰੱਖੀ ਅਤੇ ਪੌੜੀਆਂ ਉਤਰ
ਕੇ ਥੱਲੇ ਆ ਗਿਆ।
ਥੱਲੇ ਆ ਕੇ ਉਸ ਨੇ ਕਿਚਨ ਵਿਚੋਂ ਬੋਤਲ ਚੁੱਕੀ ਅਤੇ ਇਕ ਪੈੱਗ ਸੁੱਕਾ ਹੀ ਚਾੜ੍ਹ
ਲਿਆ। ਉਸ ਦਾ ਦਿਲ ਰੋਹੀਏਂ ਚੜ੍ਹਿਆ ਫਿਰਦਾ ਸੀ। ਇਕ, ਨਾ ਅੱਧਾ..! ਇੱਕੀ ਹਜ਼ਾਰ
ਪੌਂਡ..? ਬੰਦਾ ਕਿਵੇਂ ਟੁੱਟ ਟੁੱਟ ਕੇ ਕਮਾਉਂਦੈ..! ਤੇ ਇਹਨੇ ਇੱਕੀ ਹਜ਼ਾਰ ਪੌਂਡ
ਨੂੰ ਸਿੱਧਾ ਈ ਲੋਦਾ ਲਾ ਧਰਿਆ..? ਨਾ ਪੁੱਛਿਆ, ਨਾ ਕਰਿਆ..? ਦਾਰੂ ਪੀਣ ਕਾਰਨ ਡੇਵ
ਦਾ ਦਿਲ ਕੁਝ ਕੁ ਥਾਵੇਂ ਆ ਗਿਆ ਸੀ। ਉਹ ਸੋਫ਼ੇ 'ਤੇ ਬੈਠਾ ਸੂਣ ਵਾਲ਼ੀ ਮੱਝ ਵਾਂਗ
ਵੱਟ ਜਿਹਾ ਕਰ ਰਿਹਾ ਸੀ। ਵਾਰ ਵਾਰ ਹੱਥ ਮਲ਼ਦਾ ਸੀ। ਕਦੇ ਸਿਰ ਘੁੱਟਦਾ ਸੀ। ਕਦੇ
ਸਿਰ ਪਿੱਟਦਾ ਸੀ। ਉਸ ਦੀ ਹਾਲਤ ਕਾਫ਼ੀ ਤਰਸਯੋਗ ਹੋਈ ਪਈ ਸੀ।
ਹਨੀ ਗਾਊਨ ਪਾ ਕੇ ਥੱਲੇ ਆ ਗਈ।
-"ਐਨੇ ਪੈਸੇ ਕਢਾਏ ਕਾਹਦੇ ਲਈ ਐ ਵੈਰਨੇ, ਇਹ ਤਾਂ ਦੱਸ ਦੇਹ..!" ਡੇਵ ਪਿੱਟਣ
ਵਾਲਿ਼ਆਂ ਵਾਂਗ ਬੋਲਿਆ।
-"ਮੈਂ ਤਾਂ ਨ੍ਹੀ ਕਢਵਾਏ..!" ਉਸ ਨੇ ਹੈਰਾਨੀ ਪ੍ਰਗਟ ਕੀਤੀ। ਉਹ ਸਾਫ਼ ਹੀ ਮੁੱਕਰ
ਗਈ ਸੀ।
-"ਤੇ ਆਹ ਦਸਤਖ਼ਤ ਕੀਹਦੇ ਐ..? ਹੋਰ ਤਾਂ ਕਿਸੇ ਕੋਲ਼ ਮੇਰਾ ਬੈਂਕ ਕਾਰਡ ਈ
ਹੈਨ੍ਹੀ..!" ਡੇਵ ਨੇ ਬਿਲਕ ਕੇ ਕਿਹਾ।
-"ਮੈਂ ਤਾਂ ਸੋਚਿਆ ਕਿ ਤੂੰ ਕਿਤੇ ਮਜ਼ਾਕ ਕਰਦੈਂ..? ਮੈਂ ਸੱਚੀਂ ਪੈਸੇ ਨ੍ਹੀ
ਕਢਵਾਏ..! ਮੈਨੂੰ ਨ੍ਹੀ ਪਤਾ..! ਮੈਂ ਤਾਂ ਕੋਈ ਵੀ ਕਸਮ ਖਾਣ ਨੂੰ ਤਿਆਰ ਐਂ..! ਮੈਂ
ਤਾਂ ਤੇਰੀ ਗੱਲ ਦਾ ਹਾਸਾ ਸਮਝਦੀ ਸੀ..!"
-"ਤੇ ਆਹ ਤੇਰੇ ਦਸਖ਼ਤ ਨ੍ਹੀ..?" ਉਸ ਨੇ ਵੈਣ ਪਾਉਣ ਵਾਲਿ਼ਆਂ ਵਾਂਗ ਪੁੱਛਿਆ।
-"ਨ੍ਹਾ..! ਤੈਨੂੰ ਹੁਣ ਤੱਕ ਮੇਰੇ ਦਸਖ਼ਤਾਂ ਦਾ ਨ੍ਹੀ ਪਤਾ ਲੱਗਿਆ..?" ਉਸ ਨੇ ਡੇਵ
'ਤੇ ਬੁੱਲ੍ਹ ਟੇਰੇ।
ਡੇਵ ਹੋਰ ਬੌਂਦਲ਼ ਗਿਆ।
-"ਓਹ ਗੌਡ..! ਹਾਏ ਰੱਬਾ..!" ਉਹ ਮੁੱਠੀਆਂ ਮੀਟ ਕੇ ਰਹਿ ਗਿਆ।
ਉਸ ਨੇ ਹਨੀ ਦਾ ਸੱਚ ਹੀ ਤਾਂ ਮੰਨ ਲਿਆ ਸੀ।
-"ਸੌਰੀ ਹਨੀ..! ਮੁਆਫ਼ ਕਰੀਂ ਮੈਨੂੰ..! ਮੈਂ ਤੇਰੇ 'ਤੇ ਵਾਧੂ ਸ਼ੱਕ ਕੀਤਾ..!
ਸੌਰੀ ਵੱਨਸ ਅਗੇਨ ਡਾਰਲਿੰਗ..!" ਉਸ ਨੇ ਉਠ ਕੇ ਹਨੀ ਨੂੰ ਜੱਫ਼ੀ ਪਾ ਲਈ।
ਪਰ ਹਨੀ ਨੇ ਕੋਈ ਪ੍ਰਤੀਕਰਮ ਨਾ ਦਿਖਾਇਆ। ਉਹ ਬੇਪ੍ਰਵਾਹ ਹੀ ਰਹੀ!
-"ਮੈਨੂੰ ਪਤੈ ਤੂੰ ਮੇਰੇ ਤੋਂ ਨਿਰਾਸ਼ ਹੋਵੇਂਗੀ ਕਿ ਮੈਂ ਤੇਰੇ 'ਤੇ ਵਾਧੂ ਸ਼ੱਕ
ਕੀਤਾ..! ਪਰ ਇਹ ਕੰਮ ਕੀਤਾ ਕਿਸ ਨੇ..? ਸਾਲ਼ੇ ਬੈਂਕਾਂ ਵਿਚ ਨਿਰੇ ਈ ਫ਼ਰਾਡ ਹੋਣ
ਲੱਗ ਪਏ..! ਕੱਲ੍ਹ ਨੂੰ ਜਾ ਕੇ ਪੁਲੀਸ ਨੂੰ ਰਿਪੋਰਟ ਕਰਨੀ ਪਊ, ਤੇ ਨਾਲ਼ੇ ਕਰਦੈਂ
ਮੈਂ ਆਪਣੇ ਵਕੀਲ ਨਾਲ਼ ਗੱਲ..! ਸਾਲ਼ਾ ਇੱਕੀ ਹਜਾਰ ਪੌਂਡ ਮੂੰਹ ਨਾਲ਼ ਕਹਿ
ਲੈਣੈਂ..! ਬਣਦੇ ਪਤਾ ਕਿਵੇਂ ਐਂ..?" ਉਸ ਨੇ ਇਕ ਪੈੱਗ ਹੋਰ ਸੂਤ ਦਿੱਤਾ। ਹੁਣ ਉਹ
ਕੁਝ ਸਾਅਵਾਂ ਜਿਹਾ ਹੋ ਕੇ ਬੈਠ ਗਿਆ ਸੀ।
-"ਓਹ ਸੌਰੀ..! ਮੈਂ ਤਾਂ ਭੁੱਲ ਈ ਗਿਆ ਸੀ..! ਤੈਨੂੰ ਪਾ ਕੇ ਦੇਵਾਂ..?" ਉਸ ਨੇ
ਬੋਤਲ ਦਾ ਮੂੰਹ ਫੜ ਲਿਆ।
-"..........।" ਹਨੀ ਕੁਝ ਨਾ ਬੋਲੀ। ਉਹ ਮੂੰਹ ਵੱਟੀ ਬੈਠੀ ਸੀ।
-"ਓਹ ਕਮ ਔਨ ਹਨੀ..! ਟਰਾਈ ਟੂ ਅੰਡਰਸਟੈਂਡ ਮਾਈ ਸੈਚੂਏਸ਼ਨ ਡਾਰਲਿੰਗ..! ਸੱਡਨਲੀ
ਆਈ ਵਾਜ਼ ਸੋ ਫ਼ਰੱਸਟਰੇਟਿਡ..!" ਉਸ ਨੇ ਉਸ ਨੂੰ ਮੁੜ ਜੱਫ਼ੀ ਵਿਚ ਘੁੱਟ ਲਿਆ।
ਹਨੀ ਰੋਣ ਲੱਗ ਪਈ। ਡੇਵ ਉਂਗਲਾਂ ਨਾਲ਼ ਉਸ ਦੇ ਵਾਲ਼ਾਂ ਦੀ ਕੰਘੀ ਕਰਨ ਲੱਗ ਪਿਆ
ਅਤੇ ਇਕ ਪੈੱਗ ਪਾ ਕੇ ਦਿੱਤਾ।
ਹਨੀ ਨੇ ਹੱਥ ਨਾਲ਼ ਪੈੱਗ ਪਰ੍ਹੇ ਧੱਕਣਾਂ ਚਾਹਿਆ। ਪਰ ਡੇਵ ਨੇ ਉਸ ਦੇ ਬੁੱਲ੍ਹਾਂ
ਨੂੰ ਲਾ ਦਿੱਤਾ।
ਉਸ ਦਿਨ ਨਾ ਹਨੀ ਨੇ ਅਤੇ ਨਾ ਡੇਵ ਨੇ ਚੱਜ ਨਾਲ਼ ਖਾਣਾਂ ਖਾਧਾ। ਹਨੀ ਨੂੰ ਆਪਣਾ ਅਤੇ
ਡੇਵ ਨੂੰ ਆਪਣਾਂ ਫਿ਼ਕਰ ਖਾ ਰਿਹਾ ਸੀ।
ਹਨੀ ਝੂਠੀ ਸੀ, ਜਦ ਕਿ ਡੇਵ ਸੱਚਾ ਬੰਦਾ ਸੀ। ਪਰ ਸੋਚ ਦੋਨਾਂ ਦੀ ਹੀ ਵਾਹਣੀਂ ਪਈ
ਹੋਈ ਸੀ। ਦਿਮਾਗ ਛੱਤਣੀਂ ਚੜ੍ਹੇ ਹੋਏ ਸਨ!
ਉਹ ਸਾਰੀ ਰਾਤ ਚੱਜ ਨਾਲ਼ ਸੁੱਤੇ ਵੀ ਨਹੀਂ ਸਨ।
ਅਗਲੇ ਦਿਨ ਸਵੇਰੇ ਡੇਵ ਨੇ ਬੈਂਕ ਸਟੇਟਮੈਂਟ ਨਾਲ਼ ਲੈ ਕੇ ਪੁਲੀਸ ਕੋਲ਼ ਰਿਪੋਰਟ
ਕਰ ਦਿੱਤੀ। ਸਟੇਟਮੈਂਟ ਦੀ ਕਾਪੀ ਆਪਣੇ ਵਕੀਲ ਨੂੰ ਵੀ ਦੇ ਦਿੱਤੀ ਅਤੇ ਅਕਾਊਂਟ
ਵਿਚੋਂ ਨਿਕਲ਼ੇ ਇੱਕੀ ਹਜ਼ਾਰ ਪੌਂਡਾਂ ਦਾ ਰਿਕਾਰਡ ਵੀ ਦੇ ਦਿੱਤਾ। ਵਕੀਲ ਅਤੇ ਪੁਲੀਸ
ਨੇ ਸਾਂਝੀ ਕਾਰਵਾਈ ਸ਼ੁਰੂ ਕਰ ਦਿੱਤੀ। ਬੈਂਕ ਦੇ ਕਰਮਚਾਰੀ ਜਾ ਘੇਰੇ ਅਤੇ ਸੀ. ਸੀ.
ਟੀ. ਵੀ. ਕੈਮਰਿਆਂ ਦੀਆਂ ਟੇਪਾਂ ਹੱਥ ਹੇਠ ਕਰ ਲਈਆਂ। ਸੱਚ ਨੂੰ ਕਦੋਂ ਝੁਠਲਾਇਆ ਜਾ
ਸਕਦਾ ਸੀ..? ਵੀਡੀਓ ਟੇਪਾਂ ਅਤੇ ਬੈਂਕ ਕਰਮਚਾਰੀ ਸ਼ਰੇਆਮ ਸ਼ਾਹਦੀ ਭਰ ਰਹੇ ਸਨ ਕਿ
ਪੈਸੇ ਦੋਨੋਂ ਵਾਰ ਹਨਿੰਦਰ ਕੌਰ 'ਹਨੀ' ਵੱਲੋਂ ਹੀ ਕਢਵਾਏ ਗਏ ਸਨ। ਪਰ ਪੈਸੇ ਗਏ
ਕਿੱਥੇ..? ਇਹ ਇਕ ਰਹੱਸ ਬਣਿਆਂ ਹੋਇਆ ਸੀ..! ਕਿਉਂਕਿ ਹਨੀ ਦੇ ਅਕਾਊਂਟ ਵਿਚ ਤਾਂ
ਜਮ੍ਹਾਂ ਹੋਏ ਨਹੀਂ ਸਨ। ਪੂਰੇ ਸਬੂਤਾਂ ਤੋਂ ਬਿਨਾਂ ਪੁਲੀਸ ਹਨੀ ਨੂੰ ਹੱਥ ਨਹੀਂ
ਪਾਉਣਾਂ ਚਾਹੁੰਦੀ ਸੀ। ਉਹਨਾਂ ਨੇ ਡੇਵ ਨੂੰ ਵੀ ਕਿਸੇ ਠੋਸ ਮੁੱਦੇ ਤੱਕ ਪਹੁੰਚਣ ਤੱਕ
ਚੁੱਪ ਵੱਟਣ ਲਈ ਹੀ ਆਖਿਆ ਸੀ।
ਪੁਲੀਸ ਨੇ ਜਦ ਬਾਰੀਕੀ ਨਾਲ਼ ਵੈਸਟਰਨ ਯੂਨੀਅਨ ਤੋਂ ਰਿਕਾਰਡ ਲਿਆ ਤਾਂ ਪੈਸੇ ਹਨੀ
ਦੇ ਰਾਹੀਂ ਭਾਰਤ ਭੇਜਣ ਦਾ ਰਿਕਾਰਡ ਮਿਲ਼ ਗਿਆ। ਪੁਲੀਸ ਨੇ ਗ੍ਰਿਫ਼ਤਾਰੀ ਦੇ ਵਾਰੰਟ
ਹਾਸਲ ਕਰ ਲਏ। ਹਨੀ ਦੀ ਗ੍ਰਿਫ਼ਤਾਰੀ ਦਾ ਐਲਾਨ ਹੋ ਗਿਆ।
ਜਦ ਪੁਲੀਸ ਨੇ ਰੇਡ ਕੀਤੀ ਤਾਂ ਹਨੀ ਗਾਇਬ ਸੀ!
ਪੁਲੀਸ ਨੇ ਹਨੀ ਦੀਆਂ ਫ਼ੋਟੋਆਂ ਅਤੇ ਖ਼ਬਰਾਂ ਇੰਗਲੈਂਡ ਭਰ ਦੀਆਂ ਪੰਜਾਬੀ ਅਤੇ
ਅੰਗਰੇਜ਼ੀ ਅਖ਼ਬਾਰਾਂ ਨੂੰ ਭੇਜ ਦਿੱਤੀਆਂ।
ਅਖ਼ਬਾਰਾਂ ਵਿਚ ਹਨੀ ਦੀਆਂ ਫ਼ੋਟੋ ਅਤੇ ਖ਼ਬਰਾਂ ਛਪਣ ਉਪਰੰਤ ਪੰਜਾਬੀ ਭਾਈਚਾਰੇ ਵਿਚ
'ਦੁਰ-ਦੁਰ' ਹੋਣ ਲੱਗ ਪਈ।
ਖ਼ਬਰ ਪੜ੍ਹ ਕੇ ਹਨੀ ਦੀ ਪੇਂਡੂ ਪਾਲੋ ਨੇ ਹੋਰ ਪੜਛੱਤੀ ਸਿਰ 'ਤੇ ਚੁੱਕ ਲਈ। ਪਿੰਡ
ਨੂੰ ਨਵੀਂ ਖ਼ਬਰ ਦੇ ਫ਼ੋਨ ਖੜਕਾ ਦਿੱਤੇ! ਪਿੰਡ ਵਿਚ ਵੀ ਹਨੀ ਦੀਆਂ ਅਗਲੀਆਂ
ਕਰਤੂਤਾਂ ਦੀ ਭੜਦਾਅ ਨਿਕਲ਼ ਗਈ। ਲੋਕ ਭਾਂਤ ਭਾਂਤ ਦੇ ਬਚਨ ਬਿਲਾਸ ਕਰਨ ਲੱਗ ਪਏ।
ਪਿੰਡ ਵਿਚ ਧੂਆਂ ਰੋਲ਼ ਹੋ ਗਿਆ ਸੀ। ਪਿੰਡ ਦੇ ਲੋਕ ਹਨੀ ਦੇ ਮਾਂ ਬਾਪ ਨੂੰ ਗੁੱਝੀਆਂ
ਚੋਭਾਂ ਲਾਉਂਦੇ ਸਨ।
ਤੀਜੇ ਦਿਨ ਪੁਲੀਸ ਨੇ ਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਧੋਖਾ ਧੜੀ ਦਾ ਚਾਰਜ ਲਾ
ਕੇ ਉਸ ਨੂੰ ਜ਼ਮਾਨਤ 'ਤੇ ਛੱਡ ਦਿੱਤਾ।
ਅਖ਼ਬਾਰਾਂ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ। ਰਮਣੀਕ ਤੋਂ ਲੈ ਕੇ ਡੇਵ ਤੱਕ, ਉਹਨਾਂ
ਨੇ ਹਨੀ ਦੇ ਸਾਰੇ ਕੱਚੇ ਚਿੱਠੇ ਪੇਸ਼ ਕਰ ਮਾਰੇ! ਹਨੀ ਦੇ ਨਾਲ਼ ਨਾਲ਼ ਅਖ਼ਬਾਰਾਂ
ਵਾਲਿ਼ਆਂ ਨੇ ਉਸ ਦੇ ਮਾਂ ਬਾਪ ਨੂੰ ਵੀ ਇਸ ਘੋਟਾਲ਼ੇ ਵਿਚ ਲਪੇਟ ਲਿਆ। ਚਾਹੇ ਪੁਲੀਸ
ਉਹਨਾਂ ਨੂੰ ਦੋਸ਼ੀ ਨਹੀਂ ਮੰਨ ਰਹੀ ਸੀ। ਪਰ ਅਖ਼ਬਾਰਾਂ ਨੇ ਮਾਂ ਬਾਪ ਨੂੰ ਸਾਜਿ਼ਸ਼
ਵਿਚ ਸ਼ਾਮਲ ਹੋਣਾਂ ਲਿਖ ਦਿੱਤਾ ਸੀ, ਕਿਉਂਕਿ ਸਾਰੇ ਪੈਸੇ ਹਨੀ ਨੇ ਆਪਣੇ ਬਾਪ ਨੂੰ
ਭੇਜੇ ਸਨ।
ਹਰ ਪੰਜਾਬੀ ਅਖ਼ਬਾਰ 'ਹਨੀ-ਹਨਿੰਦਰ-ਹਨੀ ਹਨਿੰਦਰ' ਪਿੱਟ ਰਹੀ ਸੀ।
ਇੰਗਲੈਂਡ ਤੋਂ ਲੈ ਕੇ ਪੰਜਾਬ ਤੱਕ ਹਨੀ ਮਸ਼ਹੂਰ ਹੋ ਚੁੱਕੀ ਸੀ।
ਹੁਣ ਹਨੀ ਕਿਸੇ ਨੂੰ ਵੀ ਮੂੰਹ ਦਿਖਾਉਣ ਜੋਕਰੀ ਨਹੀਂ ਰਹੀ ਸੀ। ਉਹ ਆਪਣੇ ਘਰ
ਪਹੁੰਚੀ। ਘਰ ਕਿਸੇ ਕੋਲ਼ ਕਿਰਾਏ 'ਤੇ ਸੀ। ਹੋਮ ਸੀਕਰਜ਼ ਤੋਂ ਇਹ ਮਕਾਨ ਖੜ੍ਹੇ ਪੈਰ
ਖਾਲੀ ਕਰਵਾਇਆ ਨਹੀਂ ਜਾ ਸਕਦਾ ਸੀ। ਕਿਉਂਕਿ ਵਿਚ ਬਾਲ ਬੱਚਿਆਂ ਵਾਲ਼ੇ ਕਿਰਾਏਦਾਰ
ਬੈਠੇ ਸਨ ਅਤੇ ਕਿਰਾਏਦਾਰਾਂ ਕੋਲ਼ ਇਹ ਮਕਾਨ ਘੱਟੋ ਘੱਟ ਛੇ ਮਹੀਨੇ ਲਈ ਕਿਰਾਏ ਉਪਰ
ਸੀ। ਐਗਰੀਮੈਂਟ ਉਪਰ ਬਕਾਇਦਾ ਦਸਤਖ਼ਤ ਹੋਏ ਹੋਏ ਸਨ। ਡੇਵ ਬੇਈਮਾਨ ਹਨੀ ਨੂੰ ਕਿਸੇ
ਹਾਲਤ ਵਿਚ ਵੀ ਦੇਖਣਾਂ ਨਹੀਂ ਚਾਹੁੰਦਾ ਸੀ। ਉਸ ਦੇ ਮਨ ਵਿਚ ਹਨੀ ਨੇ ਧੋਖੇ ਦੇ ਨਾਲ਼
ਨਾਲ਼ ਚਤਰਾਈ ਵੀ ਕੀਤੀ ਸੀ। ਉਸ ਨੇ ਹਨੀ ਦੇ ਕੱਪੜੇ ਅਟੈਚੀ ਵਿਚ ਪਾ ਕੇ ਲੋਕਲ ਪੁਲੀਸ
ਨੂੰ ਫੜਾ ਦਿੱਤੇ ਸਨ। ਉਸ ਨੇ ਇਹ ਬੇਨਤੀ ਵੀ ਕੀਤੀ ਸੀ ਕਿ ਪੁਲੀਸ ਹਨੀ ਦੇ ਕੱਪੜੇ ਉਸ
ਤੱਕ ਪਹੁੰਚਾ ਦੇਵੇ, ਉਹ ਜ਼ਿੰਦਗੀ ਵਿਚ ਉਸ ਬੇਵਫ਼ਾ ਅਤੇ ਫ਼ਰੇਬੀ ਔਰਤ ਦੇ ਦਰਸ਼ਣ
ਨਹੀਂ ਕਰਨਾ ਚਾਹੁੰਦਾ ਸੀ। ਪੁਲੀਸ ਨੇ ਉਸ ਦੀ ਬੇਨਤੀ ਮੰਨ ਲਈ ਸੀ ਅਤੇ ਹਨੀ ਨੂੰ ਉਸ
ਦਾ ਸਮਾਨ ਪਹੁੰਚਾਉਣਾਂ ਮੰਨ ਲਿਆ ਸੀ।
ਜਦੋਂ ਹਨੀ ਨੂੰ ਚਾਰੇ ਪਾਸੇ ਹਨ੍ਹੇਰ ਗੁਬਾਰ ਹੀ ਦਿਸਿਆ ਅਤੇ ਕੋਈ ਰਸਤਾ ਨਜ਼ਰ ਨਾ
ਆਇਆ, ਤਾਂ ਉਸ ਨੇ ਪੁ਼ਲੀਸ ਤੱਕ ਪਹੁੰਚ ਕੀਤੀ। ਉਹ ਕੇਸ ਨਿਕਲ਼ਣ ਤੱਕ ਪੰਜਾਬ ਜਾਣਾਂ
ਚਾਹੁੰਦੀ ਸੀ। ਪਰ ਹਨੀ ਜ਼ਮਾਨਤ ਉਪਰ ਹੋਣ ਕਾਰਨ ਪੁਲੀਸ ਦੀ ਇਜਾਜ਼ਤ ਬਿਨਾਂ ਕਿਤੇ ਜਾ
ਨਹੀਂ ਸਕਦੀ ਸੀ। ਜ਼ਮਾਨਤ ਦੇਣ ਵੇਲ਼ੇ ਪੁਲੀਸ ਨੇ ਆਖਿਆ ਸੀ ਕਿ ਅਜੇ ਕੇਸ ਦੀ ਤਾਰੀਕ
ਨਿਕਲ਼ਣ ਤੱਕ ਉਹ ਜ਼ਮਾਨਤ ਉਪਰ ਹੈ ਅਤੇ ਜੇ ਉਹ ਕਿਤੇ ਜਾਣਾਂ ਚਾਹੇ ਤਾਂ ਆਪਣੇ ਏਰੀਏ
ਦੀ ਪੁਲੀਸ ਨੂੰ ਸੂਚਿਤ ਕਰੇ! ਅਗਰ ਉਹ ਪੁਲੀਸ ਨੂੰ ਦੱਸੇ ਬਗੈਰ ਗਈ, ਜਾਂ ਅਦਾਲਤ ਦੇ
ਚਿੱਠੀ ਪਾਉਣ 'ਤੇ ਉਹ ਜੱਜ ਅੱਗੇ ਪੇਸ਼ ਨਾ ਹੋਈ, ਤਾਂ ਜਿਹੜਾ ਕੇਸ ਉਸ ਉਪਰ ਚੱਲਦਾ
ਸੀ, ਉਹ ਤਾਂ ਚੱਲਣਾਂ ਹੀ ਸੀ। ਪਰ ਇਸ ਤੋਂ ਇਲਾਵਾ ਉਸ ਨੂੰ ਰੂਲਜ਼ ਐਂਡ
ਰੈਗੂਲੇਸ਼ਨਜ਼ ਦੀ ਉਲੰਘਣਾਂ ਕਰਨ ਦੇ ਸਬੰਧ ਵਿਚ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਸੀ
ਅਤੇ ਜੱਜ ਉਸ ਨੂੰ ਤੁਰੰਤ ਜੇਲ੍ਹ ਭੇਜ ਸਕਦਾ ਸੀ।
ਪਰ ਹਨੀ ਨੇ ਆਪਣੇ ਵਕੀਲ ਰਾਹੀਂ ਪੁਲੀਸ ਨੂੰ ਪੰਜਾਬ ਜਾਣ ਲਈ ਇਜਾਜ਼ਤ ਲਈ ਖ਼ਤ
ਲਿਖ ਦਿੱਤਾ। ਆਪਣੀ ਫ਼ਰਮ ਨੂੰ ਅਸਤੀਫ਼ਾ ਵੀ ਦੇ ਦਿੱਤਾ।
ਹਫ਼ਤੇ ਕੁ ਦੇ ਅੰਦਰ ਅੰਦਰ ਉਸ ਦਾ ਅਸਤੀਫ਼ਾ ਪ੍ਰਵਾਨ ਹੋ ਗਿਆ ਅਤੇ ਫ਼ਰਮ ਨੇ ਉਸ
ਦਾ ਹਿਸਾਬ ਕਿਤਾਬ ਕਰਕੇ ਬਣਦੇ ਪੈਸੇ ਬੈਂਕ ਵਿਚ ਭੇਜ ਦਿੱਤੇ।
ਪੁਲੀਸ ਨੇ ਵੀ ਹਨੀ ਦਾ ਪੰਜਾਬ ਜਾਣਾਂ ਪ੍ਰਵਾਨ ਕਰ ਲਿਆ। ਸਹਿਮਤੀ ਦਾ ਪ੍ਰਵਾਨਾਂ
ਹਨੀ ਨੂੰ ਮਿਲ਼ ਗਿਆ।
ਬੈਂਕ ਵਿਚੋਂ ਪੈਸੇ ਕਢਵਾ ਕੇ ਹਨੀ ਪੰਜਾਬ ਜਾਣ ਲਈ ਤਿਆਰ ਹੋ ਗਈ। ਉਸ ਨੇ ਮਾਂ
ਬਾਪ ਨੂੰ ਫ਼ੋਨ ਖੜਕਾ ਦਿੱਤਾ। ਪੰਜਾਬ ਆਉਣਾ ਸੁਣ ਕੇ ਬਾਪੂ ਨੂੰ ਗਸ਼ੀ ਪੈਣ ਵਾਲ਼ੀ
ਹੋ ਗਈ। ਉਸ ਨੂੰ ਅਗਲਾ ਫਿ਼ਕਰ ਪੈ ਗਿਆ। ਉਹ ਤਾਂ ਹਨੀ ਨੂੰ ਇਕ ਤਰ੍ਹਾਂ ਨਾਲ਼
ਹਮੇਸ਼ਾ ਲਈ 'ਦਫ਼ਾ' ਕਰੀ ਬੈਠਾ ਸੀ। ਪਰ ਹੁਣ ਤਾਂ ਹਨੀ ਨੇ ਪੈਸੇ ਦਾ ਹਿਸਾਬ ਕਿਤਾਬ
ਮੰਗਣਾਂ ਸੀ...? ਸੋਨੇ ਦਾ ਅੰਡਾ ਦੇਣ ਵਾਲ਼ੀ ਧੀ ਤਾਂ ਪਿਛਲਖੁਰੀ ਮੁੜ ਪਈ ਸੀ..!
ਜਿਸ ਬਾਰੇ ਪ੍ਰੀਵਾਰ ਨੇ ਕਦੇ ਜਿ਼ੰਦਗੀ ਵਿਚ ਵੀ ਸੋਚਿਆ ਨਹੀਂ ਸੀ..! ਖ਼ੈਰ ਬਾਪੂ ਨੇ
ਹਿੱਕ 'ਤੇ ਪੱਥਰ ਰੱਖ ਕੇ ਦੌਧਰ ਵਾਲ਼ੇ ਕਾਲ਼ੇ ਦੀ ਕੁਆਇਲਸ ਗੱਡੀ ਕਿਰਾਏ 'ਤੇ ਲੈ ਲਈ
ਅਤੇ ਹਨੀ ਨੂੰ ਲੈਣ ਲਈ ਬਾਪੂ ਅਤੇ ਬੁੱਕਣ ਦਿੱਲੀ ਏਅਰਪੋਰਟ ਨੂੰ ਰਵਾਨਾਂ ਹੋ
ਗਏ....!
੧੮।੦੩।੨੦੧੨ |