ਰਹਿਮਤ, ਘਰ ਕਵੀ ਦਰਬਾਰ ਦਾ ਸੱਦਾ ਤਕਰੀਬਨ ਸਾਰੇ ਹੀ ਕਵੀਆਂ ਨੂੰ ਪਹੁੰਚ ਗਿਆ
ਸੀ। ਰਹਿਮਤ ਖੁਦ ਵੀ ਕਈਆਂ ਨੂੰ ਫ਼ੋਨ ਰਾਹੀਂ ਇਤਲਾਹ ਦੇ ਚੁੱਕਿਆ ਸੀ। ਪਰ ਕਵੀਆਂ
ਵੱਲੋਂ ਮੱਠਾ ਹੁੰਗਾਰਾ ਉਸ ਨੂੰ ਬੇਚੈਨ ਕਰ ਰਿਹਾ ਸੀ। ਉਹ ਕਈ ਵੱਡੇ ਕਵੀਆਂ ਨੂੰ
ਘਰ ਜਾਣ ਕੇ ਵੀ ਸੂਚਨਾ ਦੇ ਆਇਆ ਸੀ। ਪਰ ਮਸਲਾ ਸੰਸਥਾ ਦੇ ਨਾਮ ਉੱਤੇ ਆ ਕੇ ਉਲਝ
ਜਾਂਦਾ ਸੀ। ਜਿਹੜੀ ਸੰਸਥਾ ਕਵੀ ਦਰਬਾਰ ਕਰਵਾ ਰਹੀ ਸੀ, ਸ਼ਹਿਰ ਦੇ ਬਹੁਤ ਸਾਰੇ
ਨਾਮਵਰ ਕਵੀ ਉਸਦੇ ਮੈਂਬਰ ਨਹੀਂ ਸਨ। ਆਖ਼ਰ ਉਹ ਦਿਨ ਵੀ ਆ ਗਿਆ ਜਦੋਂ ਕਵੀ ਦਰਬਾਰ
ਹੋਣਾ ਸੀ। ਰਹਿਮਤ ਨੇ ਪੂਰਾ ਬੰਦੋਬਸਤ ਕਰ ਲਿਆ ਸੀ। ਮਸਲਨ ਚਾਹ- ਪਾਣੀ, ਨਮਕੀਨ,
ਬਿਸਕੁਟ, ਸਮੋਸੇ ਤੇ ਠੰਡਾ। ਪ੍ਰਧਾਨ ਸਾਹਿਬ ਤਹਿ ਸਮੇਂ ਤੋਂ ਪੰਜ ਕੁ ਮਿੰਟ
ਪਹਿਲਾਂ ਹੀ ਪਹੁੰਚ ਗਏ ਤੇ ਨਾਲ ਹੀ ਖ਼ਜ਼ਾਨਚੀ ਸਾਹਿਬ ਵੀ ਆਣ ਪਹੁੰਚੇ। ਹੁਣ ਰਹਿਮਤ,
ਪ੍ਰਧਾਨ ਜੀ ਅਤੇ ਖ਼ਜ਼ਾਨਚੀ ਸਾਹਿਬ ਲੱਗੇ ਉਡੀਕ ਕਰਨ।
ਪਰ
ਕੋਈ ਨਹੀਂ ਪਹੁੰਚਿਆ।
ਆਖ਼ਰ ਨੂੰ ਪ੍ਰਧਾਨ ਸਾਹਿਬ ਆਖਣ ਲੱਗੇ ਆਪਾਂ ਸ਼ੁਰੂ
ਕਰਦੇ ਹਾਂ, ਬਾਕੀ ਕਵੀ ਆਪਣੇ ਪਹੁੰਚਦੇ ਰਹਿਣਗੇ। ਲਉ ਜੀ, ਕਵੀ ਦਰਬਾਰ ਸ਼ੁਰੂ ਹੋ
ਗਿਆ। ਰਹਿਮਤ ਜੀ, ਸੁਣਾਓ ਆਪਣੀ ਕੋਈ ਕਵਿਤਾ, ਪ੍ਰਧਾਨ ਜੀ ਨੇ ਆਖਿਆ। ਮੈਂ...!
ਰਹਿਮਤ ਰਤਾ ਕੂ ਹੈਰਾਨ ਹੋ ਕੇ ਬੋਲਿਆ। ਹਾਂ ਜੀ, ਤੁਸੀਂ ਕਵੀ ਆਪੇ ਆਉਂਦੇ
ਰਹਿਣਗੇ, ਖ਼ਜ਼ਾਨਚੀ ਸਾਹਿਬ ਬੋਲੇ। ਨਾ ਜੀ, ਤੁਸੀਂ ਸੁਣਾਓ, ਮੈਂ ਚਾਹ ਬਣਵਾ ਕੇ
ਲਿਆਉਣਾ। ਰਹਿਮਤ ਉੱਠ ਕੇ ਰਸੋਈ ਨੂੰ ਚਲਾ ਗਿਆ। ਹੁਣ ਵਾਰੀ ਸੀ ਖ਼ਜ਼ਾਨਚੀ ਸਾਹਿਬ
ਦੀ। ਉਨ੍ਹਾਂ ਆਪਣੀ ਕਵਿਤਾ ਸ਼ੁਰੂ ਕਰ ਦਿੱਤੀ। ਪ੍ਰਧਾਨ ਜੀ ਦੇ ਵਾਹ- ਵਾਹੀ ਦੀ
ਆਵਾਜ਼ ਬਾਹਰ ਤੱਕ ਆ ਰਹੀ ਸੀ। ਪੰਜ ਕੂ ਮਿੰਟ ਮਗਰੋਂ ਖ਼ਜ਼ਾਨਚੀ ਸਾਹਿਬ ਦੀ ਵਾਹ-
ਵਾਹੀ ਦੀ ਆਵਾਜ਼ ਆਉਣ ਲੱਗੀ। ਇੰਨੇ ਚਿਰ ਨੂੰ ਰਹਿਮਤ ਚਾਹ ਬਣਵਾ ਕੇ ਲੈ ਆਇਆ।
ਤਿੰਨਾਂ ਨੇ ਆਪਣੇ ਕੱਪ ਚੁੱਕ ਲਏ ਤੇ ਚਾਹ ਦਾ ਲੁਤਫ਼ ਲੈਣ ਲੱਗੇ। ਚਾਹ ਪੀਣ ਮਗਰੋਂ
ਪ੍ਰਧਾਨ ਜੀ ਆਖਣ ਲੱਗੇ। ਆਇਆ ਨਹੀਂ ਕੋਈ ਕਵੀ !
ਹੁਣ ਨਹੀਂ ਆਉਂਦਾ ਕੋਈ।
ਖ਼ਜ਼ਾਨਚੀ ਸਾਹਿਬ ਨੇ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ। ਹੂੰ... ਮੈਨੂੰ ਵੀ ਇਹੀ ਲੱਗਦੈ।
ਚਲੋ ਫੇਰ ਆਪਾਂ ਵੀ ਚੱਲਦੇ ਹਾਂ। ਖ਼ਜ਼ਾਨਚੀ ਵੀ ਜਾਣ ਲਈ ਕਾਹਲਾ ਸੀ। ਪਰ ! ਮੈਂ
ਚਾਹ- ਸਮੋਸੇ ਮੰਗਵਾਏ ਹੋਏ ਨੇ। ਰਹਿਮਤ ਨੇ ਆਪਣੀ ਇੱਛਾ ਪ੍ਰਗਟਾਈ। ਉਹ ਤੁਸੀਂ ਖਾ
ਲੈਣਾ, ਨਾਲੇ ਬੱਚਿਆਂ ਨੂੰ ਖੁਆ ਦੇਣਾ। ਪ੍ਰਧਾਨ ਜੀ ਨੇ ਹੱਸਦਿਆਂ ਕਿਹਾ। ਜੀ...!
ਰਹਿਮਤ ਦੇ ਮੂੰਹੋਂ ਇਹੋ ਸ਼ਬਦ ਨਿਕਲਿਆ। ਪ੍ਰਧਾਨ ਜੀ ਅਤੇ ਖ਼ਜ਼ਾਨਚੀ ਸਾਹਿਬ ਇੱਕ ਹੋਰ
ਸਫ਼ਲ ਕਵੀ ਦਰਬਾਰ ਕਰਵਾ ਕੇ ਆਪਣੇ ਘਰਾਂ ਨੂੰ ਤੁਰ ਪਏ।
|