WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਮੈਨੂੰ ਕੀ ? ……ਤੇ ਤੈਨੂੰ ਕੀ ?
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ।

 

 

ਭਾਰਤ ਇੱਕ ਮਹਾਨ ਦੇਸ਼ ਹੈ ਅਤੇ ਅਸੀਂ ਹਾਂ ਇਸਦੀ ਮਹਾਨ ਸੰਤਾਨ। ਸਾਡਾ ਦੇਸ਼ ਲਗਭਗ ਦੋ ਸੋ ਸਾਲ ਤੱਕ ਅੰਗ੍ਰੇਜਾਂ ਦਾ ਗੁਲਾਮ ਰਿਹਾ ਪਰ ਹੁਣ ਇਹ ‘ਵਿਚਾਰਾ’ ਆਜ਼ਾਦ ਹੋ ਗਿਆ। ਹਜਾਰਾਂ ਬਹਾਦਰ ਭਾਰਤ ਮਾਤਾ ਦੇ ਪੁੱਤਰਾਂ ਧੀਆਂ ਨੇ ਤਸੀਹੇ ਝੱਲੇ। ਕਈ ਅਣਸੁਣੇ ਅਜਿਹੇ ਸ਼ਹੀਦ ਵੀ ਹੋਏ ਜਿੰਨਾਂ ਬਾਰੇ ਅੱਜ ਵੀ ਕੋਈ ਨਹੀਂ ਜਾਣਦਾ। ਆਪਣੀ ਜਵਾਨੀ ਦੇਸ਼ ਤੇ ਵਾਰ ਕੇ ਅੱਜ ਦੀ ਪੀੜ੍ਹੀ ਨੂੰ ਆਜ਼ਾਦੀ ਦਾ ਤੋਹਫਾ ਦੇਣ ਵਾਲੇ ਦੇਸ਼ ਦੀ ਖੁਸ਼ਹਾਲੀ ਦੀ ਕਾਮਨਾਂ ਕਰਦੇ ਚਲੇ ਗਏ। ਪੰਜਾਬੀ ਦੀ ਇੱਕ ਕਹਾਵਤ ਹੈ ‘ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ’। ਆਜ਼ਾਦੀ ਦਾ ਅਰਥ 1947 ਤੋਂ ਬਾਦ ਹੀ ਬਦਲ ਗਿਆ ਲੱਗਦਾ ਹੈ। ਅਸੀਂ ਦੇਸ਼ ਦੇ ਆਜ਼ਾਦ ਨਾਗਰਿਕ, ਸਾਨੂੰ ਕੁਝ ਵੀ ਕਰਨ ਦੀ ਆਜ਼ਾਦੀ, ਦੁਬਾਰਾ ਗੁਲਾਮ ਹੋਣ ਦੀ ਵੀ।

ਇਸ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਧਨ ਕਮਾਉਣ, ਸਿੱਖਿਆ ਪ੍ਰਾਪਤ, ਸਵੈਮਾਨ ਨਾਲ ਜਿਓਣ, ਸਵੈ-ਰੱਖਿਆ ਕਰਨ, ਸਮਾਨਤਾ ਤੇ ਤਰੱਕੀ ਕਰਨ ਦੇ ਅਧਿਕਾਰ ਪ੍ਰਾਪਤ ਹਨ ਪਰ ......ਪਰ ਮੇਨੂੰ ਸਭ ਤੋਂ ਜ਼ਿਆਦਾ ਅਧਿਕਾਰ ਹਨ, ਸਭ ਤੋਂ ਜ਼ਿਆਦਾ ਆਜ਼ਾਦ ਮੈਂ। ਫਿਰ ਕੀ ਹੋ ਜੂ ਜੇਕਰ ਕਿਸੇ ਨਾਗਰਿਕ ਦਾ ਹੱਕ ਮਾਰਿਆ ਜਾਵੇਗਾ ਪਰ ਮੈਨੂੰ ਸਭ ਤੋਂ ਵੱਧ ਮਿਲਣਾ ਚਾਹੀਦਾ ਹੈ। ਬੱਸ ਮੇਰਾ ਖਿਆਲ ਰੱਖੋ ਬਾਕੀ ਦੁਨੀਆਂ ਜਾਵੇ ਭਾੜ ਵਿੱਚ। ਮੇਰੇ ਜ਼ਾਇਜ਼ ਨਾਜ਼ਾਇਜ਼ ਢੰਗ ਨਾਲ ਧਨ ਜੋੜੇ ਧਨ ਦਾ, ਰਾਜਨੀਤਿਕ ਪਹੁੰਚ ਅਤੇ ਨਿੱਜੀ ਅਸਰ ਰਸੂਖ ਦਾ ਕੀ ਲਾਭ ਹੋਇਆ ਜੇਕਰ ਮੈਨੂੰ ਦੂਸਰਿਆਂ ਤੋਂ ਵੱਧ ਹੀ ਨਾਂ ਮਿਲਿਆ? ਕਿਸੇ ਹੋਰ ਦਾ ਕੰਮ ਹੋਵੇ ਨਾਂ ਹੋਵੇ ਮੇਰੇ ਜ਼ਾਇਜ਼ ਨਾਜ਼ਾਇਜ਼ ਕੰਮ ਹੋਣੇ ਅਤਿ ਜ਼ਰੂਰੀ ਹਨ, ਇਹ ਪਰਵਾਹ ਨਾਂ ਕਰਨੀ ਕਿ ਦੇਸ਼ ਦਾ ਜਾਂ ਕਿਸੇ ਹੋਰ ਦਾ ਕਿੰਨ੍ਹਾ ਨੁਕਸਾਨ ਹੋ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਜੇਕਰ ਮੇਰੇ ਤੋਂ ਕੋਈ ਵੱਧ ਲੈ ਗਿਆ ਫਿਰ ਮੈਂ ਕਨੂੰਨ ਦੀ ਦੁਹਾਈ ਦੇਣ ਲਈ ਆਜ਼ਾਦ। ਮੇਰੇ ਸੁਆਰਥ ਦੇ ਰਾਹ ਵਿੱਚ ਰੋੜਾ ਨਾਂ ਬਣਿਓਂ, ਬਾਕੀ ਸਾਰਾ ਦੇਸ਼ ਲੁੱਟ ਕੇ ਖਾ ਲਵੋ ......... ਤਾਂ ਮੈਨੂੰ ਕੀ?

ਕਿਸੇ ਨੇ ਰਾਸ਼ਟਰੀ ਜ਼ਾਇਦਾਦ ਨੂੰ ਨੁਕਸਾਨ ਪਹੁੰਚਾਇਆ ......... ਤਾਂ ਮੈਨੂੰ ਕੀ?
ਕੋਈ ਜਨਤਕ ਸਥਾਨ ਤੇ ਕੂੜਾ ਸੁੱਟ ਰਿਹਾ ......... ਤਾਂ ਮੈਂ ਕੀ ਕਰਾਂ?
ਸਰਕਾਰ ਲੋਕ ਵਿਰੋਧੀ ਕੰਮ ਕਰ ਰਹੀ ਹੈ ......... ਤਾਂ ਮੈਨੂੰ ਕੀ?
ਸਮਾਜ ਦੀ ਵੰਡ ਹੋ ਰਹੀ ਹੈ .......... ਤਾ ਮੈਨੂੰ ਕੀ?
ਕੋਈ ਦੇਸ਼ ਵਿਰੋਧੀ ਵਿਅਕਤੀ ਨੂੰ ਜਨ-ਪ੍ਰਤੀਨਿਧੀ ਚੁਣ ਲਿਆ ......... ਤਾਂ ਮੈਂ ਫਿਰ ਕੀ ਕਰਾਂ।
ਕੋਈ ਵਾਤਾਵਰਣ ਨੂੰ ਪ੍ਰਦੂਸ਼ਤ ਕਰ ਰਿਹਾ ਹੈ ......... ਤਾਂ ਮੈਨੂੰ ਕੀ?
ਕੋਈ ਦੇਸ਼ ਧ੍ਰੋਹ ਕਮਾ ਰਿਹਾ ਹੈ ......... ਤਾਂ ਮੈਨੂੰ ਕੀ? ਭ੍ਰਿਸ਼ਟਾਚਾਰ ਫੈਲ ਰਿਹਾ ਹੈ ......... ਤਾਂ ਮੈਨੂੰ ਕੀ?
ਰਾਜਨੀਤੀ ਦਾ ਅਪਰਾਧੀਕਰਨ ਹੋ ਰਿਹਾ ਹੈ ......... ਤਾਂ ਮੈਂ ਕੀ ਕਰਾਂ?
ਮੇਰੇ ਤੋਂ ਬਿਨਾਂ ਕਿਸੇ ਹੋਰ ਦੇ ਮਨੁੱਖੀ ਅਧਿਕਾਰਾਂ ਦਾ ਹਨਣ ਹੋ ਰਿਹਾ ਹੈ ......... ਤਾਂ ਮੈਨੂੰ ਕੀ?
ਤਗੜੇ ਦਾ ਸੱਤੀਂ ਵਿਹੀ ਸੌ ......... ਤਾਂ ਮੈਨੂੰ ਕੀ ਹੋਣ ਦਿਓ।
ਸੰਸਕ੍ਰਿਤੀ ਦਾ ਘਾਣ ਹੋ ਰਿਹਾ ਹੈ ......... ਤਾਂ ਮੈਨੂੰ ਕੀ?
ਕਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ......... ਤਾਂ ਮੈਨੂੰ ਕੀ?
ਆਰਥਿਕ ਸ਼ੋਸ਼ਣ ਜੋਰਾਂ ਤੇ ਹੈ ......... ਤਾਂ ਮੈਨੂੰ ਕੀ?

ਇੱਕੋ ਗੱਲ ਪੁਛਦਾਂ ਦੱਸੋ ਬੱਸ ਮੈਨੂੰ ਕੀ? ਬਸ, ਬਸ, ਬਸ, ਮੈਂ ਆਜ਼ਾਦ, ਕੁਝ ਵੀ ਕਰਨ ਦੀ ਮਰਜ਼ੀ।

ਜੇਕਰ ਕਿਸੇ ਵੱਡੇ ‘ਦੇਸ਼ ਭਗਤ’ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਜਵਾਬ ਪਹਿਲਾਂ ਹੀ ਸੁਣ ਲਵੋ ........ ਓਏ ਤੈਨੂੰ ਕੀ? ਮੈਂ ਅਜਿਹਾ ਦੇਸ਼ ਭਗਤ ਬਣ ਗਿਆ ਹਾਂ ਕਿ ਆਪਣੇ ਕੰਮ ਵਿੱਚ ਕਿਸੇ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ।
ਰਿਸ਼ਵਤ ਦੇ ਕੇ ਕੰਮ ਕਰਵਾਇਆ ਤਾਂ ਤੈਨੂੰ ਕੀ।
ਜਨਤਕ ਸੜਕ ਤੋੜ ਰਿਹਾ ਹਾਂ ...... ਤਾਂ ਤੈਨੂੰ ਕੀ? ਕਿਸੇ ਹੋਰ ਨਾਲ ਠੱਗੀ ਮਾਰੀ ...... ਤਾਂ ਤੈਨੂੰ ਕੀ?
ਰਾਜਨੀਤਿਕ ਸ਼ਕਤੀ ਨਾਲ ਨਾਜ਼ਾਇਜ਼ ਕੰਮ ਲਿਆ ...... ਤਾਂ ਤੈਨੂੰ ਕੀ?
ਵੋਟ ਨਹੀਂ ਪਾਈ ...... ਤਾਂ ਪੁੱਛਣ ਵਾਲਾ ਤੂੰ ਕੌਣ?
ਮੈਂ ਸਰਕਾਰੀ ਕਰਮਚਾਰੀ ਪਰ ਕੰਮ ਨਹੀਂ ਕਰਦਾ ...... ਤਾਂ ਤੈਨੂੰ ਕੀ?
ਆਪਣੀ ਮਰਜ਼ੀ ਨਾਲ ਰਸਤਾ ਬੰਦ ਕਰ ਦਿੱਤਾ ......ਤਾਂ ਪੁੱਛਣ ਵਾਲਾ ਤੂੰ ਕੌਣ?
‘ਤੇਰੇ ਇਸ ਤਰਾਂ ਕਰਨ’ ਨਾਲ ਦੇਸ਼ ਦਾ ਨੁਕਸਾਨ ਹੋਵੇਗਾ ...... ਪਰ ਤੈਨੂੰ ਕੀ?
ਕੋਈ ਸਰਕਾਰੀ ਪੈਸੇ ਦਾ ਦੁਰਉਪਯੋਗ ਕਰ ਰਿਹਾ ...... ਤਾਂ ਤੈਨੂੰ ਕੀ?
ਮੇਰੇ ਤੋਂ ਬਿਨਾਂ ਕਿਸੇ ਨੂੰ ਚੂਨਾਂ ਲਾ ਰਿਹਾ ਹੈ ......ਤਾਂ ਪੁੱਛਣ ਵਾਲਾ ਤੂੰ ਕੌਣ?
ਸਾਂਝਾ ਕੰਮ ਕੋਈ ਹੋਵੇ, ਇੱਕੋ ਸਲੋਗਨ ...... ਮੈਨੂੰ ਕੀ ਜਾਂ ਤੈਨੂੰ ਕੀ।

ਮੇਰੇ ਵਾਂਗ ਦੇਸ਼ ਦਾ ਹਰ ਨਾਗਰਿਕ ਅਜਿਹਾ ਬਣ ਗਿਆ ਹੈ ਕਿ ਉਸਨੂੰ ਕੇਵਲ ਆਪਣੇ ਸਵਾਰਥ ਦੇ ਚਸ਼ਮੇ ਵਿੱਚੋਂ ਹੀ ਦਿਸਦਾ ਹੈ। ਕੁਝ ਲੋਕ ਤਾਂ ਮੰਨਦੇ ਹਨ ਕਿ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨਾਲ ਅੰਗ੍ਰੇਜਾਂ ਨੇ ਸਾਡੇ ਤੇ ਰਾਜ ਕੀਤਾ ਪਰ ਹੁਣ ਸਾਡੀ ‘ਮੈਨੂੰ ਕੀ ਤੇ ਤੈਨੂੰ ਕੀ’ ਦੀ ਨੀਤੀ ਦੇਸ਼ ਨੂੰ ਪੂਰੀ ਤਰਾਂ ਖੋਖਲਾ ਕਰ ਰਹੀ ਹੈ।

hore-arrow1gif.gif (1195 bytes)


Terms and Conditions
Privacy Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2009, 5abi.com