ਐਤਵਾਰ
ਦੀ ਛੁੱਟੀ ਹੋਣ ਕਾਰਣ ਮੈਂ ਘਰੇ ਬੈਠਾ ਅਖ਼ਬਾਰ ਪੜ ਰਿਹਾ ਸੀ। ਮੇਰੇ ਨਾਲ ਦੀ ਕੁਰਸੀ
ਤੇ ਬੈਠਾ ਮੇਰਾ 5 ਸਾਲਾਂ ਦਾ ਬੇਟਾ ਅਸ਼ਨੂਰ ਆਪਣੇ ਸਕੂਲ ਦਾ ਕੰਮ ਕਰਨ ਵਿੱਚ ਮਸਤ ਸੀ
ਜਾਂ ਫਿਰ ਮੇਰੇ ਡਰ ਨਾਲ ਉਹ ਪੜਾਈ ਦਾ ‘ਨਾਟਕ’ ਕਰ ਰਿਹਾ ਸੀ। ਉਹ ਆਪਣੀ ਗਰਦਨ ਹੇਠਾਂ
ਸੁੱਟੀ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇ ਕੋਈ ਲੀਡਰ ਤਾਜਾ-ਤਾਜਾ ਚੋਣ ਹਾਰਿਆ ਹੋਵੇ।
ਪਰ ਇਹ ਸੱਚ ਹੈ ਕਿ ਹਰ ਐਤਵਾਰ ਉਸ ਲਈ ਕਿਸੇ ਮਾੜੇ ਦਿਨ ਨਾਲੋਂ ਘੱਟ ਨਹੀਂ ਹੁੰਦਾ।
ਅਸਲ ਵਿੱਚ ਹਫ਼ਤੇ ਦਾ ਇਹੋ ਉਹ ਦਿਨ ਹੁੰਦਾ ਹੈ ਜਦੋਂ ਉਹ ਆਰਾਮ ਨਾਲ ਘਰ ਬੈਠਾ ਹੁੰਦਾ
ਹੈ ਨਹੀਂ ਤਾਂ ਬਾਕੀ ਦਿਨ ਤਾਂ ਉਹ ਘਰ ਨਾਲ ਲੱਗਦੇ ਪਾਰਕ ਵਿੱਚ ਕ੍ਰਿਕਟ ਟੀਮ ਦਾ
ਕੈਪਟਨ ਹੁੰਦਾ ਹੈ।
ਮੇਰੀ ਪਤਨੀ ਚਰਨਜੀਤ ਚਾਹ ਦਾ ਕੱਪ ਫੜੀ ਆਈ ਤਾਂ ਅਸ਼ਨੂਰ ਨੂੰ ਪੜਦਿਆਂ ਦੇਖ ਕੇ
ਹੈਰਾਨ ਹੁੰਦਿਆਂ ਬੋਲੀ, “ਹੈਂ…, ਅੱਜ ਕਿੱਧਰੋਂ ਦਿਨ ਚੜਿਆ ਏ?”
“ਕਿਉਂ ਕੀ ਗੱਲ ਹੋਈ…?” ਮੈਂ ਅਖ਼ਬਾਰ ਤੋਂ ਨਜ਼ਰ ਹਟਾਉਂਦਿਆਂ ਕਿਹਾ।
“ਇਹੋ ਕਿ ਨਾ ਟੀ: ਵੀ: ਚੱਲ ਰਿਹਾ ਏ…, ਤੇ ਨਾ ਹੀ ਕ੍ਰਿਕਟ ਕੈਪਟਨ ਪਾਰਕ ਵਿੱਚ…!”
ਚਰਨਜੀਤ ਸੱਚਮੁੱਚ ਹੈਰਾਨ ਸੀ।
“ਮੰਮਾ, ਡੇਲੀ ਹੋਮਵਰਕ ਕਰਕੇ ਤਾਂ ਕ੍ਰਿਕਟ ਖੇਡਣ ਜਾਂਦਾ ਹਾਂ।” ਅਸ਼ਨੂਰ ਨੇ ਆਪਣੀ
ਹੇਠੀ ਹੁੰਦਿਆਂ ਦੇਖ ਕੇ ਹੌਲੀ ਜਿਹੀ ਕਿਹਾ।
“ਚੱਲੋ ਕੋਈ ਗੱਲ ਨਹੀਂ…, ਆ ਜੋ…, ਚਾਹ ਪੀ ਲਵੋ।” ਚਰਨਜੀਤ ਨੇ ਗੱਲ ਨੂੰ
ਮੁਕਾਉਂਦਿਆਂ ਕਿਹਾ।
ਹੁਣ ਚਰਨਜੀਤ ਨੇ ਅਸ਼ਨੂਰ ਨੂੰ ਅਤੇ ਮੈਨੂੰ ਚਾਹ ਵਾਲੇ ਕੱਪ ਫੜਾਏ ਤੇ ਆਪ ਰਸੋਈ ਵਿੱਚ
ਆਪਣੇ ਲਈ ਚਾਹ ਲੈਣ ਲਈ ਚਲੀ ਗਈ।
“ਬੇਟਾ, ਟੀ: ਵੀ: ਤਾਂ ਚਲਾ ਖਾਂ ਜ਼ਰਾ।” ਮੈਂ ਅਸ਼ਨੂਰ ਨੂੰ ਕਿਹਾ।
“ਜੀ ਪਾਪਾ।”
ਅਸ਼ਨੂਰ ਨੇ ਟੀ: ਵੀ: ਚਲਾਇਆ ਤਾਂ ਪੰਜਾਬੀ ਚੈਨਲ ਤੇ ਕੋਈ ਗੀਤ ਚੱਲ ਰਿਹਾ ਸੀ।
ਰੀਮੋਟ ਅਸ਼ਨੂਰ ਦੇ ਹੱਥ ਵਿੱਚ ਸੀ। ਉਸ ਨੇ ਝੱਟ ਚੈਨਲ ਇਸ ਤਰ੍ਹਾਂ ਬਦਲ ਦਿੱਤਾ
ਜਿਵੇਂ ਕੋਈ ਪੰਜਾਬੀ ਪੇਂਡੂ ‘ਬਾਹਰ’ ਜਾ ਕੇ ਆਪਣਾ ਨਾਂ ਬਦਲ ਦਿੰਦਾ ਹੈ। ਮੈਂ ਕਿਹਾ,
“ ਬੇਟਾ ਪੰਜਾਬੀ ਚੈਨਲ ਚੱਲਣ ਦੇ।”
“ ਨਹੀਂ, ਪਾਪਾ ਗੰਦਾ ਚੈਨਲ ਨ੍ਹੀਂ ਦੇਖਣਾ।”
“ਗੰਦਾ…!”
“ਹਾਂ ਪਾਪਾ, ਮੰਮਾ ਨੇ ਕਿਹਾ ਸੀ ਕਿ ਪੰਜਾਬੀ ਚੈਨਲ ਗੰਦੇ ਹੁੰਦੇ ਨੇ।”
“ਅੱਛਾ…, ਤੇ ਹੋਰ ਕੀ ਕਿਹਾ ਸੀ ਤੇਰੀ ਮੰਮਾ ਨੇ…?” ਮੈਂ ਗੱਲ ਦੀ ਪੂਰੀ ਜਾਣਕਾਰੀ
ਲੈਣਾ ਚਾਹੁੰਦਾ ਸੀ।
“ਇਹੋ ਹੀ ਕਿ ਪੰਜਾਬੀ ਚੈਨਲ ਦੇਖਣ ਨਾਲ ਬੱਚੇ ਵਿਗੜ ਜਾਂਦੇ ਨੇ।” ਅਸ਼ਨੂਰ ਨੇ ਬੜੀ
ਮਾਸੂਮੀਅਤ ਨਾਲ ਜਵਾਬ ਦਿੱਤਾ।
ਮੈਂ ਬੜਾ ਹੈਰਾਨ ਸਾਂ ਕਿ ਪੰਜਾਬ ਦੀ ਜੰਮਪਲ ਚਰਨਜੀਤ ਲਈ ਹੁਣ ਪੰਜਾਬੀ ਚੈਨਲ ਗੰਦੇ
ਕਿਵੇਂ ਹੋ ਗਏ ਹਨ? ਮੈਂ ਅਜੇ ਖਿਆਲਾਂ ਵਿੱਚ ਹੀ ਗੁਆਚਾ ਸਾਂ ਕਿ ਚਰਨਜੀਤ ਆ ਗਈ।
“ਜਨਾਬ, ਇਹ ਪੰਜਾਬੀ ਚੈਨਲ ਜਿਹੜੇ ਮਾਂ ਬੋਲੀ ਦਾ ਪ੍ਰਚਾਰ ਕਰ ਰਹੇ ਨੇ, ਅੱਜ ਗੰਦੇ
ਕਿਵੇਂ ਹੋ ਗਏ ਨੇ,… ਭਲਾ ਦੱਸੋ ਗਏ?” ਮੈਂ ਬੜੇ ਵਿੰਅਗ ਨਾਲ ਚਰਨਜੀਤ ਨੂੰ ਕਿਹਾ।
ਅਕਸਰ ਠੰਡੇ ਸੁਭਾਅ ਵਾਲੀ ਚਰਨਜੀਤ ਇਵੇਂ ਗਰਮ ਹੋ ਗਈ ਜਿਵੇਂ ਨਲਕੇ ਤੇ ਪਾਣੀ ਵਾਲੀ
ਮੋਟਰ ਗਰਮ ਹੁੰਦੀ ਆ।
“ਕਿਉਂ ਜੀ, ਕੀ ਮਾੜਾ ਕਿਹਾ ਮੈਂ…?”
“ਪੰਜਾਬੀ ਚੈਨਲ…।”
“ਆਹ ਹੀ ਪੰਜਾਬੀ ਚੈਨਲ।” ਚਰਨਜੀਤ ਨੇ ਵਿੱਚੇ ਟੋਕਦਿਆਂ ਇਸ ਤਰ੍ਹਾਂ ਕਿਹਾ ਜਿਵੇਂ
ਪੁਲਸੀਆ ਬਿਨਾਂ ਗੱਲ ਸੁਣੇ ਦੋ ਚਾਰ ਥਪੇੜੇ ਕਿਸੇ ਰਿਕਸ਼ੇ ਵਾਲੇ ਦੇ ਜੜ ਦਿੰਦਾ ਹੈ।
ਗੁੱਸੇ ਵਿੱਚ ਲਾਲ ਹੋਈ ਚਰਨਜੀਤ ਨੇ ਅਸ਼ਨੂਰ ਤੋਂ ਰੀਮੋਟ ਲੈ ਕੇ ਇੱਕ ਪੰਜਾਬੀ ਚੈਨਲ
ਚਲਾ ਦਿੱਤਾ ਤੇ ਕਿਹਾ, “ ਆਹ ਦੇਖੋ ਹੁਣ…?”
ਉਸ ਪੰਜਾਬੀ ਚੈਨਲ ਤੇ ਇੱਕ ਗਾਇਕ ਗੀਤ ਗਾ ਰਿਹਾ ਸੀ ਤੇ ਉਸ ਨਾਲ 15/20 ਅੱਧ ਨੰਗੀਆਂ
ਕੁੜੀਆਂ ਡਾਂਸ ਕਰਨ ਬਹਾਨੇ ਗੰਦੇ ਇਸ਼ਾਰੇ ਕੈਮਰੇ ਵੱਲ ਕਰ ਰਹੀਆਂ ਸਨ। ਉਹ ਅੱਧ
ਨੰਗੀਆਂ ਕੁੜੀਆਂ ਕਦੇ ਅੱਖਾਂ ਨਾਲ ਗੰਦੇ ਇਸ਼ਾਰੇ ਕਰਦੀਆਂ ਤੇ ਕਦੇ ਗੰਦੀਆਂ ਹਰਕਤਾਂ।
ਗੀਤ ਦੇ ਬੋਲ ਵੀ ਅੱਤ ਦਰਜ਼ੇ ਦੇ ਘਟੀਆ ਤੇ ਬੇਹੁਦਾ ਸਨ।
“ਆਹ ਦੇਖ ਲੋ ਆਪਣਾ ਪੰਜਾਬੀ ਚੈਨਲ…।” ਚਰਨਜੀਤ ਨੇ ਰੀਮੋਟ ਮੈਨੂੰ ਇਸ ਤਰ੍ਹਾਂ ਫੜਾਇਆ
ਜਿਵੇਂ ਮਿਆਦ ਖਤਮ ਹੋਣ ਤੇ ਮੁੱਖਮੰਤਰੀ ਰਾਜਪਾਲ ਨੂੰ ਇਸਤੀਫਾ ਫੜਾਉਂਦਾ ਹੈ।
ਉਹ ਅਸ਼ਨੂਰ ਨੂੰ ਲੈ ਕੇ ਬਾਹਰ ਪਾਰਕ ਵਿੱਚ ਜਾ ਚੁੱਕੀ ਸੀ ਤੇ ਮੈਂ ਬੈਠਾ ਸੋਚ ਰਿਹਾ
ਸਾਂ ਕਿ ਮਾਂ ਬੋਲੀ ਤਾਂ ਮਾੜੀ ਨਹੀਂ ਪਰ ਅਜੋਕੇ ਗਾਇਕਾਂ/ਚੈਨਲਾਂ ਨੇ ਮਾਂ ਬੋਲੀ ਨੂੰ
ਇਤਨਾ ਗੰਦਾ ਕਰ ਦਿੱਤਾ ਹੈ ਕਿ ਹੁਣ ਬੱਚੇ ਪੰਜਾਬੀ ਚੈਨਲਾਂ ਨੂੰ ‘ਗੰਦੇ ਚੈਨਲ’ ਕਹਿਣ
ਲੱਗ ਪਏ ਹਨ। ਮਾਂ-ਬਾਪ ਹੁਣ ਆਪਣੇ ਬੱਚਿਆਂ ਨੂੰ ਪੰਜਾਬੀ ਚੈਨਲਾਂ ਦੀ ਅਸ਼ਲੀਲਤਾ ਤੋਂ
ਦੂਰ ਰੱਖਣਾ ਚਾਹੁੰਦੇ ਹਨ।
ਇਸ ਸਭ ਕਾਰੇ ਵਿੱਚ ਦੋਸ਼ੀ ਕੌਣ ਹੈ? ਮੈਂ…, ਚਰਨਜੀਤ…, ਅਸ਼ਨੂਰ…, ਜਾਂ ਪੰਜਾਬੀ
ਗਾਇਕ/ ਚੈਨਲ। ਤੇ ਮੈਨੂੰ ਅਸ਼ਨੂਰ ਦੀ ਕਹੀ ਗੱਲ ਸੱਚ ਜਾਪ ਰਹੀ ਸੀ ਕਿ, “ਪਾਪਾ ਗੰਦਾ
ਚੈਨਲ ਨ੍ਹੀਂ ਦੇਖਣਾ।” ਮੈਂ ਟੀ: ਵੀ: ਬੰਦ ਕੀਤਾ ਤੇ ਖਿਆਲਾਂ’ਚ ਗੁਆਚਾ ਹੋਲੀ ਹੋਲੀ
ਚਰਨਜੀਤ ਅਤੇ ਅਸ਼ਨੂਰ ਦੇ ਪਿੱਛੇ ਪਾਰਕ ਵੱਲ ਨੂੰ ਚੱਲ ਪਿਆ।
|