WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
"ਆਈ ਨਾਟ ਦੇਖਿੰਗ ਯੂਅਰ ਨੰਗੇਜ..!"
ਸ਼ਿਵਚਰਨ ਜੱਗੀ ਕੁੱਸਾ

ਸ਼ਿਵਚਰਨ ਜੱਗੀ ਕੁੱਸਾ

ਸਾਡੇ ਪ੍ਰਮ-ਮਿੱਤਰ ਦੇ ਸਾਲਾ ਸਾਹਿਬ ਨੇ ਭਾਰਤ ਤੋਂ ਸਾਡੇ ਕੋਲ 'ਬਾਹਰ' ਆਉਣਾ ਸੀ। ਮਿੱਤਰ ਨੂੰ ਕਿਸੇ ਕਾਰਨ ਛੁੱਟੀ ਨਾ ਮਿਲ ਸਕੀ ਤਾਂ ਉਸ ਨੇ ਸਾਡੇ ਤੱਕ ਪਹੁੰਚ ਕੀਤੀ, "ਸਾਲੇ ਨੇ ਆਉਣੈਂ ਯਾਰ-ਜੇ ਤੁਸੀਂ ਉਹਨੂੰ ਵਿਆਨਾ ਏਅਰਪੋਰਟ ਤੋਂ ਲੈ ਆਵੋਂ।" ਅਸੀਂ ਹੁੰਗਾਰਾ ਭਰ ਦਿੱਤਾ। ਮਿੱਤਰ ਨੇ ਇਹ ਵੀ ਦੱਸਿਆ ਕਿ ਸਾਲਾ ਸਾਹਿਬ ਤਾਂ 'ਸਿੱਧਰੇ' ਜਿਹੇ ਹੀ ਹਨ, ਕੋਈ ਉੱਘ ਦੀ ਪਤਾਲ ਗੱਲ ਕਰ ਦੇਵੇ ਤਾਂ ਬਾਈ ਬਣਕੇ ਗੁੱਸਾ ਨਾ ਕਰਿਓ! ਅਸੀਂ ਇਹ ਵੀ ਹੱਸ ਕੇ ਕਬੂਲ ਕਰ ਲਿਆ। ਉਸ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਅਗਰ ਆਪਾਂ ਸਾਲਾ ਸਾਹਿਬ ਨੂੰ ਏਅਰਪੋਰਟ ਤੋਂ ਨਾ ਲੈਣ ਗਏ ਤਾਂ ਘਰਵਾਲੀ ਸਾਹਿਬਾਂ ਘਰ ਵਿਚ ਬੁਸ਼-ਸੱਦਾਮ ਜੰਗ ਖੜ੍ਹੀ ਕਰ ਦੇਵੇਗੀ। ਅਸੀਂ ਨਿਸਚਿੰਤ ਹੋ ਜਾਣ ਲਈ ਹਿੱਕ ਠੋਕ ਦਿੱਤੀ ਅਤੇ ਆਪਣੇ ਬਾਕੀ ਸੱਜਣ-ਮਿੱਤਰਾਂ ਨੂੰ ਕਮਰਕਸੇ ਕਸ ਲੈਣ ਲਈ ਆਖਿਆ। ਸਾਲਾ ਸਾਹਿਬ ਨੂੰ ਲੈ ਕੇ ਆਉਣਾ ਸੀ, ਕੋਈ ਲੱਲੋ-ਪੱਤੋ ਗੱਲ ਨਹੀਂ ਸੀ! ਕੀ ਹੋ ਗਿਆ ਸੀ ਕਿ ਉਹ ਮਿੱਤਰ ਦਾ ਸਾਲਾ ਸੀ। ਸਾਡਾ ਵੀ ਤਾਂ 'ਕੁਛ' ਲੱਗਦਾ ਹੀ ਸੀ। ਮਿੱਤਰ ਦੀ ਮਾਂ, ਸਾਡੀ ਮਾਂ! ਮਿੱਤਰ ਦਾ ਭਰਾ, ਸਾਡਾ ਭਰਾ! ਮਿੱਤਰ ਦਾ ਬਾਪ, ਸਾਡਾ ਬਾਪ! ਮਿੱਤਰ ਦੇ ਸਾਲਾ ਸਾਹਿਬ ਵੀ ਤਾਂ ਸਾਡੇ 'ਸਾਲਾ ਸਾਹਿਬ' ਹੀ ਲੱਗੇ ਨ੍ਹਾ?

ਖ਼ੈਰ! ਅਸੀਂ ਨੌਂ ਸੀਟਾਂ ਵਾਲੀ ਵੈਨ ਕਿਰਾਏ 'ਤੇ ਲੈ ਲਈ ਅਤੇ ਸੱਤ ਜਾਣਿਆਂ ਨੇ ਵਿਆਨਾ 'ਸ਼ਵੇਖਾਟ-ਏਅਰਪੋਰਟ' ਨੂੰ ਚਾਲੇ ਪਾ ਦਿੱਤੇ। ਸਾਡਾ ਖਾਣ-ਪੀਣ ਅਤੇ ਪੈਟਰੋਲ ਦਾ ਖਰਚਾ ਮਿੱਤਰ ਸਿਰ ਸੀ। ਚਾਰ 'ਬੈਲਨਟਾਈਨ' ਦੀਆਂ ਬੋਤਲਾਂ ਸੱਜਣਾਂ ਨੇ ਵੈਨ ਵਿੱਚ ਰੱਖ ਲਈਆਂ ਸਨ। ਬਾਕੀ ਖਾਣ ਪੀਣ ਦਾ ਪ੍ਰਬੰਧ ਰਸਤੇ 'ਚੋਂ ਹੀ ਹੋ ਜਾਣਾ ਸੀ। ਹਾਸਾ ਠੱਠਾ ਕਰਦੇ ਅਸੀਂ ਸਾਰੇ ਸਵੇਰੇ ਦਸ ਕੁ ਵਜੇ ਵਿਆਨਾ ਦੇ ਸ਼ਵੇਖਾਟ ਏਅਰਪੋਰਟ 'ਤੇ ਪੁੱਜ ਗਏ। ਸਾਲਾ ਸਾਹਿਬ ਦੀ ਫ਼ਲਾਈਟ ਸਹੀ ਟਾਈਮ 'ਤੇ ਗਿਆਰ੍ਹਾਂ ਵਜੇ ਹੀ ਆ ਰਹੀ ਸੀ। ਸਾਡੇ ਡਰਾਈਵਰ ਤੋਂ ਛੁੱਟ ਬਾਕੀ ਭਾਈਬੰਦਾਂ ਨੇ ਫ਼ਲਾਈਟ ਦਾ ਸਮਾਂ ਪੜ੍ਹ ਕੇ ਇਕ-ਇਕ ਪੈੱਗ ਲਾ ਲਿਆ। ਏਅਰਪੋਰਟ 'ਤੇ ਭਲਵਾਨੀ ਗੇੜੇ ਦਿੱਤੇ, ਜਿਵੇਂ ਮੁੰਡੇ-ਖੁੰਡੇ ਕਿਸੇ ਬਰਾਤ ਵਿਚ ਜਾ ਕੇ ਬਿਗਾਨੇ ਪਿੰਡ ਵਿਚ ਦਿੰਦੇ ਹਨ।

ਮੋਰ ਵਾਂਗ ਖੰਭ ਜਿਹੇ ਖਿਲਾਰ ਕੇ ਗਿਆਰਾਂ ਵਜੇ ਫ਼ਲਾਈਟ ਆ ਉੱਤਰੀ। ਮਿੱਤਰ ਦੇ ਸਾਲਾ ਸਾਹਿਬ ਬਾਹਰ ਆ ਗਏ। ਬਿਲਕੁਲ ਸਿੱਧ ਪੱਧਰਾ ਬੰਦਾ, ਹਲ ਵਾਹ ਪੇਂਡੂ ਜੱਟ! ਇਕ ਹੱਥ ਵਿਚ ਅਟੈਚੀ ਅਤੇ ਦੂਜੇ ਹੱਥ ਵਿਚ ਬਿਸਕੁਟਾਂ ਵਾਲਾ ਪੀਪਾ ਫੜਿਆ ਹੋਇਆ। ਪੀਪੇ ਦੀ ਕੁੰਡੀ ਵਿਚ ਖੁੱਲ੍ਹ ਜਾਣ ਦੇ ਡਰੋਂ ਇਕ ਡੱਕਾ ਅੜਾਇਆ ਹੋਇਆ ਸੀ। ਮਿੱਤਰ ਦੇ ਦੱਸਣ ਅਨੁਸਾਰ, ਸਾਲਾ ਸਾਹਿਬ ਦੀ ਚਾਲ-ਢਾਲ ਅਤੇ ਬਿਸਕੁਟਾਂ ਵਾਲੇ ਪੀਪੇ ਤੋਂ ਸਾਨੂੰ ਸਾਲਾ ਸਾਹਿਬ ਨੂੰ ਪਹਿਚਾਨਣ ਵਿਚ ਕੋਈ ਅੜੱਚਣ ਨਹੀਂ ਆਈ ਸੀ। ਜਦੋਂ ਅਸੀਂ ਉਸ ਨੂੰ ਆਪਣੀ ਜਾਣ-ਪਹਿਚਾਣ ਦੱਸੀ ਤਾਂ ਉਸ ਨੇ ਵੱਡੀ ਸਾਰੀ "ਸੌਸਰੀਕਾਲ ਬਾਈ ਜੀ" ਆਖਿਆ। ਅਟੈਚੀ ਤਾਂ ਅਸੀਂ ਫੜ ਲਿਆ, ਪਰ ਪੀਪੇ ਨੂੰ ਕਿਸੇ ਨੇ ਏਡਜ਼ ਦੇ ਮਰੀਜ਼ ਵਾਂਗ ਹੱਥ ਨਾ ਪਾਇਆ। ਚਾਹੇ ਅਸੀਂ ਵੀ ਪੰਜਾਬ ਤੋਂ ਮੱਕੀਆਂ ਗੁੱਡਦੇ ਹੀ ਇੱਥੇ ਆਏ ਸੀ, ਪਰ ਐਥੇ ਆ ਕੇ ਸਾਡੀ 'ਪੁਜੀਸ਼ਨ' ਕੁਝ 'ਉੱਚੀ' ਹੋ ਗਈ ਸੀ। ਚਾਹੇ ਅਸੀਂ ਵੀ ਬੱਧਨੀ ਕਲਾਂ ਤੋਂ ਖ਼ੁਦ ਬਿਸਕੁਟ ਕਢਵਾ ਕੇ ਲਿਆਉਂਦੇ ਰਹੇ ਹਾਂ, ਪਰ ਅੱਜ ਸਾਨੂੰ ਵੀ ਪੀਪੇ ਨੂੰ ਹੱਥ ਲਾਉਂਦਿਆਂ ਸ਼ਰਮ ਆ ਰਹੀ ਸੀ। ਦਿਨਾਂ ਦਿਨਾਂ ਗੱਲ ਹੁੰਦੀ ਐ! ਸਮੇਂ ਸਮੇਂ ਅਨੁਸਾਰ ਬੰਦਾ ਤਾਂ ਕੀ, ਪਸ਼ੂ ਵੀ ਬਦਲ ਜਾਂਦੈ!

-"ਸਾਲ਼ ਗਰਾਮ ਜੀ ਪੈੱਗ ਲਾਓਂਗੇ?" ਸਾਡੇ ਭਾਈਬੰਦ ਨੇ ਇੱਜ਼ਤ ਕਰਦਿਆਂ ਪੁੱਛਿਆ।
-"ਲਾਊਂਗਾ-ਲਾਊਂਗਾ! ਜਰੂਰ ਲਾਊਂਗਾ ਯਾਰ!" ਪੈੱਗ ਦਾ ਨਾਂ ਲਏ ਤੋਂ ਉਸ ਨੂੰ ਗਧੇ ਵਾਂਗ ਹੀਂਗਣਾ ਛੁੱਟ ਪਿਆ।
ਭਾਈਬੰਦ ਨੇ ਪੈੱਗ ਪਾ ਦਿੱਤਾ। ਸਾਲਾ ਸਾਹਿਬ ਨੇ ਇਕੋ ਸਾਹ ਸਿਰੇ ਲਾ ਦਿੱਤਾ।
-"ਇਕ ਹੋਰ ਪਾ ਯਾਰ-ਇਹਦੇ ਨਾਲ ਤਾਂ ਧਰਨ ਵੀ ਗਿੱਲੀ ਨਹੀ ਹੋਈ।"
ਮਿੱਤਰ ਨੇ ਇਕ ਹੋਰ ਪੈੱਗ ਪਾ ਦਿੱਤਾ। ਸਾਲਾ ਸਾਹਿਬ ਨੇ ਉਹ ਵੀ ਧੁਰ ਲਾ ਦਿੱਤਾ।
-"ਚਲੋ, ਚਾਲੇ ਪਾਓ-ਅਸੀਂ ਕੰਮ 'ਤੇ ਵੀ ਜਾਣੈਂ।"
ਗੱਡੀ ਤੁਰ ਪਈ। ਅਜੇ ਅਸੀਂ ਹਾਈਵੇ  'ਤੇ ਚੜ੍ਹੇ ਨਹੀਂ ਸੀ ਕਿ ਸਾਲਾ ਸਾਹਿਬ ਨੇ 'ਰੋਕੀਂ-ਰੋਕੀਂ' ਦਾ ਰੌਲਾ ਪਾ ਦਿੱਤਾ। ਭਾਈਬੰਦ ਨੇ ਵੈਨ ਰੋਕ ਲਈ। ਅਸੀਂ ਸੋਚਿਆ ਕਿਤੇ ਸਾਲਾ ਸਾਹਿਬ ਦਾ ਦਿਲ-ਦੁਲ ਨਾ ਘਿਰਨ ਲੱਗ ਪਿਆ ਹੋਵੇ? ਜਹਾਜ ਦਾ ਸਫ਼ਰ, ਅਨੀਂਦਰਾ ਤੇ ਫੇਰ ਬਾਹਰਲਾ ਠੰਡਾ ਮੌਸਮ!
-"ਕੀ ਗੱਲ ਹੋ ਗਈ?" ਡਰਾਈਵਰ ਭਾਈਬੰਦ ਨੇ ਪੁੱਛਿਆ।
-"ਮੈਨੂੰ ਇਉਂ ਲੱਗਿਆ ਜਿਵੇਂ ਔਹ ਮਗਰਲੀ ਕਾਰ ਕੁੜੀ ਚਲਾਉਂਦੀ ਹੁੰਦੀ ਐ।" ਸਾਲਾ ਸਾਹਿਬ ਨੇ ਬਚਨ ਕੀਤੇ।
ਸਾਰੇ ਹੱਸ ਪਏ।
-"ਇੱਥੇ ਬਾਈ ਜੀ ਕੁੜੀਆਂ ਹੋਰ ਬਹੁਤ ਕੁਛ ਕਰਦੀਐਂ-ਕਾਰਾਂ ਵੀ ਕੁੜੀਆਂ ਈ ਚਲਾਉਂਦੀਐਂ-ਕੋਈ ਸ਼ੱਕ ਨਹੀ।" ਗੱਡੀ ਫਿਰ ਤੋਰ ਲਈ ਗਈ।
-"ਕਮਾਲ ਦੀ ਗੱਲ ਐ ਬਈ!" ਉਹ ਖਿੜ ਖਿੜਾ ਕੇ ਹੱਸ ਪਿਆ। ਰਸਤੇ ਵਿਚ ਪੈੱਗ-ਸ਼ੈੱਗ ਲਾਉਂਦੇ ਅਸੀਂ ਤਿੰਨ ਕੁ ਘੰਟਿਆਂ ਬਾਅਦ ਮਿੱਤਰ ਦੇ ਘਰ ਆ ਗਏ। ਸਾਲਾ ਸਾਹਿਬ ਆਪਣੀ ਭੈਣ ਜੀ ਨੂੰ ਕੁੜੀ ਦੇ ਕਾਰ ਚਲਾਉਣ ਦੀਆਂ ਗੱਲਾਂ ਦੱਸਣ ਲੱਗ ਪਏ। ਸਾਲਾ ਸਾਹਿਬ ਦੀ ਭੈਣ ਅਰਥਾਤ ਸਾਡੇ ਭਰਜਾਈ ਜੀ ਆਪਣੇ ਭਰਾ ਦੀਆਂ ਝੱਲ-ਵਲੱਲੀਆਂ ਗੱਲਾਂ ਸੁਣ ਕੇ ਸ਼ਰਮ ਖਾ ਰਹੇ ਸਨ। ਅਸੀਂ ਵੀ ਜਾਣਾ ਹੀ ਬਿਹਤਰ ਸਮਝਿਆ। ਜਦੋਂ ਅਸੀਂ ਤੁਰਨ ਲੱਗੇ ਤਾਂ ਸਾਡਾ ਮਿੱਤਰ ਵੀ ਕੰਮ ਤੋਂ ਆ ਗਿਆ। ਉਸ ਨੇ ਸਾਡਾ ਧੰਨਵਾਦ ਕੀਤਾ ਅਤੇ ਬੋਤਲ ਕੱਢ ਕੇ ਅੱਗੇ ਰੱਖ ਦਿੱਤੀ। ਸਾਲਾ ਸਾਹਿਬ ਹਲਵਾਈ ਦੇ ਕੁੱਤੇ ਵਾਂਗ ਰਸੋਈ ਵਿਚ ਜਾ ਵੜੇ ਸਨ। ਰਸੋਈ ਵਿਚ ਜਿਹੜਾ ਕੁਝ ਦਿਸਿਆ, ਨਬੇੜ ਦਿੱਤਾ।

-"ਸਾਲਾ ਐਥੋਂ ਦਾ ਸਾਗ ਬਕਬਕਾ ਜਿਐ!" ਬਾਹਰ ਆਉਂਦਿਆਂ, ਉਸ ਨੇ ਮੂੰਹ ਘਸਮੈਲਾ ਜਿਹਾ ਕਰਦਿਆਂ ਕਿਹਾ।
-"ਵੇ ਕਿਹੜਾ ਸਾਗ? ਸਾਗ ਤਾਂ ਮੈਂ ਬਣਾਇਆ ਈ ਨ੍ਹੀ!" ਸਾਡੇ ਭਰਜਾਈ ਜੀ ਪਿੱਟਣ ਵਾਂਗ ਆਖਣ ਲੱਗੇ।
-"ਉਹ ਜਿਹੜਾ ਕੌਲੀ 'ਚ ਪਿਆ ਸੀ-ਉਹ ਕੀ ਸੀ?"
-"ਫਿੱਟ੍ਹੇ ਮੂੰਹ! ਵੇ ਮਰ ਜਾਣਿਆਂ! ਉਹ ਤਾਂ ਮੈਂ ਮਹਿੰਦੀ ਘੋਲ ਕੇ ਰੱਖੀ ਸੀ-ਆਬਦੇ ਸਿਰ 'ਚ ਲਾਉਣ ਵਾਸਤੇ!"
ਸਾਰੇ ਹੱਸ ਪਏ। ਸਾਲਾ ਸਾਹਿਬ ਛਿੱਥੇ ਜਿਹੇ ਪੈ ਗਏ।
-"ਕੋਈ ਗੱਲ ਨ੍ਹੀ ਭਰਜਾਈ-ਮਹਿੰਦੀ ਕੋਈ ਮਾੜੀ ਚੀਜ ਨ੍ਹੀ-ਅੰਦਰ ਲਾਲੀ ਝਗੜੂ!" ਅਸੀਂ ਗੱਲ ਹਾਸੇ ਪਾ ਲਈ ਕਿ ਭਰਜਾਈ ਜੀ ਨਮੋਸ਼ੀ ਨਾ ਮੰਨ ਜਾਣ।
-"ਤੂੰ ਊਤ ਦਾ ਊਤ ਈ ਰਿਹਾ-ਐਥੇ ਆ ਕੇ ਕੀ ਤੂੰ ਲੱਲ੍ਹਰ ਲਾਦੇਂਗਾ!" ਭਰਜਾਈ ਨੂੰ ਬੇਇੱਜ਼ਤੀ ਡੋਬੀ ਜਾਂਦੀ ਸੀ।
ਅਸੀਂ ਖਾ ਪੀ ਕੇ ਘਰ ਆ ਗਏ।

ਤੀਜੇ ਕੁ ਦਿਨ ਭਰਜਾਈ ਜੀ ਦਾ ਫ਼ੋਨ ਆ ਗਿਆ। ਸਾਲਾ ਸਾਹਿਬ ਦੇ ਵਾਲ ਝੜਦੇ ਸਨ। ਸਿਰ ਵਿਚ ਸਿੱਕਰੀ ਸੀ। ਡਾਕਟਰ ਦੇ ਲੈ ਕੇ ਜਾਣਾ ਸੀ। ਭਰਜਾਈ ਸਾਹਿਬਾਂ ਨੂੰ ਬੋਲੀ ਨਹੀਂ ਆਉਂਦੀ ਸੀ, ਇਸ ਕਰਕੇ ਇਹ ਸੇਵਾ ਵੀ ਸਾਡੇ ਹਿੱਸੇ ਹੀ ਆਉਣੀ ਸੀ। ਅਸੀਂ ਸੋਮਵਾਰ ਨੂੰ ਸਾਲਾ ਸਾਹਿਬ ਨੂੰ ਡਾਕਟਰ ਦੇ ਲੈ ਗਏ। ਜਦੋਂ ਸਾਡੀ ਵਾਰੀ ਆਈ ਤਾਂ ਸਾਲਾ ਸਾਹਿਬ ਡਾਕਟਰ ਨੂੰ ਦੇਖ ਕੇ ਹੀ ਭੱਜ ਤੁਰੇ। ਅਸੀਂ ਕੁੱਤੇ ਵਾਂਗ ਮਗਰ ਮਗਰ ਤੀੜ ਦੇ ਲਈ! ਕਾਰਨ ਪੁੱਛਿਆ ਤਾਂ ਉਹ ਬੋਲਿਆ, "ਡਾਕਟਰ ਤਾਂ ਭੈਣ ਦੇਣਾ ਆਪ ਗੰਜੈ-ਮੇਰਾ 'ਲਾਜ ਉਹ ਸੁਆਹ ਕਰੂ?" ਸਾਨੂੰ ਹਾਸੇ ਦੇ ਨਾਲ ਨਾਲ ਗੁੱਸਾ ਵੀ ਆਈ ਜਾਵੇ। ਪਰ ਫਿਰ ਵੀ ਅਸੀਂ ਆਪਣੇ ਮਿੱਤਰ ਦੀ ਯਾਰੀ ਦਾ ਲਿਹਾਜ ਕਰਦਿਆਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਸਭ ਬੇਅਰਥ! ਆਪਣੀ ਇੱਜ਼ਤ ਆਪਣੇ ਹੱਥ ਲੈ ਕੇ ਅਸੀਂ ਵਾਪਿਸ ਆ ਗਏ।

ਕੁਝ ਦਿਨਾਂ ਬਾਅਦ ਫਿਰ ਸਾਡੇ ਮਿੱਤਰ ਨੇ ਸਾਡੇ ਕੋਲ ਫਿਰ ਪਹੁੰਚ ਕੀਤੀ, ਸਾਲਾ ਸਾਹਿਬ ਨੂੰ ਕੰਮ 'ਤੇ ਲੁਆਓ! ਅਸੀਂ ਅੱਗੇ ਆਪਣੇ ਮਿੱਤਰਾਂ ਦੀ ਡਿਊਟੀ ਲਾ ਦਿੱਤੀ। ਇਕ ਮਿੱਤਰ ਦੀ ਫ਼ੈਕਟਰੀ ਵਿਚ ਇਕ ਸਫ਼ਾਈ ਕਰਨ ਵਾਲੇ ਬੰਦੇ ਦੀ ਜ਼ਰੂਰਤ ਸੀ। ਸਾਲਾ ਸਾਹਿਬ ਪਹਿਲਾਂ ਤਾਂ ਲੱਤ ਹੀ ਨਾ ਲਾਉਣ, ਅਖੇ ਮੈਂ ਜੱਟ ਪੁੱਤ ਐਂ, ਸਫ਼ਾਈ ਕਾਹਤੋਂ ਕਰਾਂ? ਉਸ ਨੂੰ ਪਲੋਸ-ਪਲਾਸ ਕੇ ਸਮਝਾਇਆ ਕਿ ਇਕ ਵਾਰੀ ਇਹ ਡਿਊਟੀ ਲੈ-ਲਾ, ਜਦੋਂ ਵੀਜ਼ਾ ਲੱਗ ਗਿਆ, ਕੋਈ ਹੋਰ ਠੋਰਾ ਲੱਭ ਲਵਾਂਗੇ। ਸਾਲਾ ਸਾਹਿਬ ਮੰਨ ਗਏ।

ਸਾਡੇ ਮਿੱਤਰ ਦੀ ਜੱਦੋਜਹਿਦ ਰੰਗ ਲਿਆਈ। ਸਾਲਾ ਸਾਹਿਬ ਨੂੰ ਕੰਮ 'ਤੇ ਲਾ ਦਿੱਤਾ। ਉਸ ਨੇ ਬਾਹਰਲੀ ਸਫ਼ਾਈ ਦੇ ਨਾਲ ਨਾਲ ਪੁਰਸ਼ਾਂ ਦੀਆਂ ਟੁਆਇਲਟਾਂ  ਵੀ ਸਾਫ਼ ਕਰਨੀਆਂ ਸਨ। ਔਰਤਾਂ ਵਾਲੀਆਂ ਟੁਆਇਲਟਾਂ  ਵਿਚ ਜਾਣ ਦੀ ਮਨਾਹੀ ਸੀ। ਔਰਤਾਂ ਦੀਆਂ ਟੁਆਇਲਟਾਂ  ਦੀ ਸਫ਼ਾਈ ਸਿਰਫ਼ ਔਰਤ ਕਰਮਚਾਰੀ ਹੀ ਕਰਦੀਆਂ ਸਨ। ਸਾਡੇ ਮਿੱਤਰ ਨੇ ਸਾਲਾ ਸਾਹਿਬ ਨੂੰ ਸਮਝਾਇਆ ਹੋਇਆ ਸੀ ਕਿ ਗੋਰੀ ਚਮੜੀ ਕੰਮ ਦੀ ਹੈ, ਚੰਮ ਦੀ ਨਹੀਂ, ਜਿੰਨਾਂ ਫ਼ੋਰਮੈਨ  ਨੂੰ ਖ਼ੁਸ਼ ਰੱਖੇਂਗਾ, ਉਹ ਉਤਨਾ ਹੀ ਤੇਰੇ 'ਤੇ ਮਿਹਰਵਾਨ ਹੋਵੇਗਾ, ਹੋ ਸਕਦੈ ਉਹ ਖ਼ੁਸ਼ ਹੋ ਕੇ ਤੈਨੂੰ ਮੇਰੇ ਨਾਲ ਦੀ ਮਸ਼ੀਨ 'ਤੇ ਹੀ ਕੰਮ ਦੇ ਦੇਵੇ? ਸਾਲਾ ਸਾਹਿਬ ਨੇ ਗੱਲ ਲੜ ਬੰਨ੍ਹ ਲਈ। ਸਫ਼ਾਈ ਪੱਖੋਂ ਉਹ ਕੋਈ ਸ਼ਕਾਇਤ ਨਹੀਂ ਆਉਣ ਦਿੰਦਾ ਸੀ।

ਇਕ ਦਿਨ ਉਹ ਫ਼ੋਰਮੈਨ ਨੂੰ 'ਖ਼ੁਸ਼' ਕਰਨ ਲਈ ਪੁਰਸ਼ਾਂ ਵਾਲੀਆਂ ਟੁਆਇਲਟਾਂ  ਲਿਸ਼ਕਾ-ਚਮਕਾ ਕੇ ਸਫ਼ਾਈ ਕਰਨ ਲਈ ਔਰਤਾਂ ਵਾਲੀਆਂ ਟੁਆਇਲਟਾਂ  ਵਿਚ ਜਾ ਵੜਿਆ। ਅਜੇ ਉਸ ਨੇ ਉਪਰਲੇ ਸ਼ੀਸ਼ਿਆਂ ਦੀ ਸਫ਼ਾਈ ਸ਼ੁਰੂ ਕੀਤੀ ਹੀ ਸੀ ਕਿ ਹੇਠਾਂ ਟੁਆਇਲਟ ਉਪਰ ਬੈਠੀ ਬੁੱਢੀ ਗੋਰੀ ਨੇ ਰੌਲਾ ਪਾ ਕੇ ਛੱਤ ਸਿਰ 'ਤੇ ਚੁੱਕ ਲਈ, "ਨਾਨਸੈਂਸ..! ਯੂ ਫ਼ੱਕ ਔਫ਼....ਯੂ ਬਲੱਡੀ ਬਲੈਕ ਬਾਸਟਰਡ…!" ਘੱਗਰਾ ਉਪਰ ਧੂੰਹਦੀ ਹੋਈ ਉਹ ਪਤਾ ਨਹੀਂ ਕੀ-ਕੀ 'ਲੋਦੇ' ਲਾ ਗਈ ਸੀ। ਸਾਲਾ ਸਾਹਿਬ ਨੂੰ ਭੱਜਣ ਲਈ ਰਾਹ ਨਾ ਲੱਭੇ, ਬੋਲੀ ਉਸ ਨੂੰ ਆਉਂਦੀ ਨਹੀਂ ਸੀ। ਉਹ 'ਅਲੀ-ਅਲੀ' ਕਰ ਰਹੀ ਬੁੱਢੀ ਨੂੰ ਠੰਢੀ ਕਰਨ ਲਈ ਮੁੜ੍ਹਕੋ ਮੁੜ੍ਹਕੀ ਹੋਇਆ ਆਖੀ ਜਾਵੇ, "ਬੰਦਿਆਂ ਵਾਲੀ ਔਰੈਟ, ਟਿਚਨ..! ਹੁਣ ਆਈ ਐਮ ਕਰਇੰਗ ਲੇਡੀਆਂ ਵਾਲੀ ਸਾਫ਼...! ਆਈ ਨਾਅਟ ਦੇਖਿੰਗ ਯੂਅਰ ਨੰਗੇਜ…!"

ਭੂਤਰੀ ਬੁੱਢੀ ਗੋਰੀ ਫ਼ੋਰਮੈਨ ਨੂੰ ਬੁਲਾ ਲਿਆਈ। ਫ਼ੋਰਮੈਨ ਨੇ ਇਕ ਅੰਗਰੇਜ਼ੀ ਬੋਲਦਾ ਪੰਜਾਬੀ ਭਾਈਬੰਦ ਸੱਦ ਲਿਆ। ਉਸ ਨੇ ਸਾਲਾ ਸਾਹਿਬ ਦੀ ਗੱਲ ਦਾ ਉਲੱਥਾ ਕਰਕੇ ਫ਼ੋਰਮੈਨ ਨੂੰ ਦੱਸਿਆ ਕਿ ਇਹ ਕਹਿ ਰਿਹਾ ਹੈ ਕਿ ਪੁਰਸ਼ਾਂ ਵਾਲੀਆਂ ਟੁਆਇਲਟਾਂ  ਤਾਂ ਸਾਫ਼ ਕਰ ਦਿੱਤੀਆਂ ਸਨ, ਪਰ ਹੁਣ ਉਹ ਲੇਡੀਜ਼ ਵਾਲੀਆਂ ਟੁਆਇਲਟਾਂ  ਸਾਫ਼ ਕਰ ਕੇ ਫ਼ੋਰਮੈਨ  ਦੀ ਖ਼ੁਸ਼ੀ ਜਿੱਤਣਾ ਚਾਹੁੰਦਾ ਸੀ, ਇਸ ਨੇ ਬੁੱਢੀ ਦਾ ਕੋਈ ਨੰਗੇਜ ਨਹੀਂ ਦੇਖਿਆ। ਗੱਲ ਹਾਸੇ ਵਿਚ ਹੀ ਟਲ ਗਈ ਅਤੇ ਫ਼ੋਰਮੈਨ  ਨੇ ਉਸ ਨੂੰ 'ਵਾਰਨਿੰਗ' ਦੇ ਕੇ ਛੱਡ ਦਿੱਤਾ ਕਿ ਅੱਗੇ ਤੋਂ ਉਹ ਬੁੜ੍ਹੀਆਂ ਵਾਲੀਆਂ ਟੁਆਇਲਟਾਂ  ਵੱਲ ਨਾ ਜਾਵੇ!

ਦਸੰਬਰ ਦੇ ਵਿਚ ਕ੍ਰਿਸਮਿਸ ਦਾ ਦਿਨ ਆ ਗਿਆ। ਕ੍ਰਿਸਮਿਸ ਦੇ ਦਿਹਾੜੇ 'ਤੇ ਫ਼ੈਕਟਰੀ ਵੱਲੋਂ ਵੱਡੇ ਪੱਧਰ 'ਤੇ ਪਾਰਟੀ ਦਿੱਤੀ ਜਾ ਰਹੀ ਸੀ। ਸ਼ਰਾਬ ਦੇ ਦੌਰ ਚੱਲ ਰਹੇ ਸਨ। ਕੁੱਕੜ ਦੀਆਂ ਟੰਗਾਂ ਚੱਬੀਆਂ ਜਾ ਰਹੀਆਂ ਸਨ। ਸਾਲਾ ਸਾਹਿਬ ਰੈੱਡ-ਵਾਈਨ  ਸ਼ਰਬਤ ਵਾਂਗ ਸੂਤੀ ਜਾ ਰਹੇ ਸਨ। ਮਿਊਜ਼ਿਕ  ਵੱਜ ਰਿਹਾ ਸੀ। ਗੋਰੇ ਗੋਰੀਆਂ ਨਾਚ ਕਰ ਰਹੇ ਸਨ। ਸਾਲਾ ਸਾਹਿਬ ਨੂੰ ਵੀ ਮੁਫ਼ਤ ਦੀ ਵਾਈਨ ਧਤੂਰੇ ਵਾਂਗ ਚੜ੍ਹ ਗਈ, ਉਹ ਮਿਊਜ਼ਿਕ ਨਾਲ ਲੋਰ ਵਿਚ ਸਿਰ ਹਿਲਾ ਰਹੇ ਸਨ, ਅਖੇ, ਬੈਠੇ ਬੈਠੇ ਦਾ ਮੇਰਾ ਵੀ ਪੈਰ ਉਠਦੈ! ਸਾਲਾ ਸਾਹਿਬ ਨਸ਼ੇ ਵਿਚ ਭਾਈਬੰਦ ਨੂੰ ਆਖਣ ਲੱਗੇ, "ਮੈਂ ਵੀ ਭੋਰਾ ਡਿਸਕੋ ਕਰਲਾਂ?" ਭਾਈਬੰਦ ਵੀ ਜੋਗੀ ਵਾਂਗ 'ਰੰਗੀਲਾ' ਹੋਇਆ ਬੈਠਾ ਸੀ, "ਕਰਲਾ ਜੇ ਆਉਂਦੈ ਤਾਂ!" ਉਸ ਨੇ ਵੀ ਹੁੰਗਾਰਾ ਭਰ ਦਿੱਤਾ। ਹੁੰਗਾਰੇ ਦੀ ਦੇਰ ਸੀ ਕਿ ਸਾਲਾ ਸਾਹਿਬ ਮੇਲੇ ਵਿਚ ਭੂਤਰੀ ਗਾਂ ਵਾਂਗ ਡਾਂਸ-ਫ਼ਲੋਰ  'ਤੇ ਛੜਾਂ ਜਿਹੀਆਂ ਮਾਰਨ ਲੱਗ ਪਏ ਅਤੇ ਡਾਂਸ ਕਰਦੇ ਗੋਰਿਆਂ ਦੇ ਪੈਰ ਮਿੱਧ ਧਰੇ। ਸਾਰੇ ਨੱਚਣਾ ਛੱਡ ਸਾਲਾ ਸਾਹਿਬ ਦਾ 'ਜਿੰਨ-ਨਾਚ' ਦੇਖਣ ਲੱਗ ਪਏ। ਸਾਲਾ ਸਾਹਿਬ ਪਿੱਟ-ਸਿਆਪਾ ਕਰਦੀ ਮਰਾਸਣ ਵਾਂਗ ਕਦੇ ਪੱਟਾਂ 'ਤੇ ਹੱਥ ਮਾਰਨ, ਕਦੇ ਖੁਰਾਂ 'ਚੋਂ ਗੋਹਾ ਕੱਢਣ ਵਾਲੀ ਮੱਝ ਵਾਂਗ ਲੱਤਾਂ ਜਿਹੀਆਂ ਝਾੜਨ ਲੱਗ ਪੈਣ। ਸਾਰੇ ਗੋਰੇ ਅਤੇ ਦੇਸੀ ਭਾਈਬੰਦ ਖ਼ੁਸ਼, ਹੱਸ ਰਹੇ ਸਨ। ਗੋਰਿਆਂ ਦੀ ਕ੍ਰਿਸਮਿਸ ਵਿਚ ਸਾਲਾ ਸਾਹਿਬ ਨੇ ਰੰਗ ਭਰ ਦਿੱਤਾ।

ਰੰਗ ਵਿਚ ਭੰਗ ਤਾਂ ਉਦੋਂ ਪਿਆ, ਜਦੋਂ ਸਾਲਾ ਸਾਹਿਬ ਨੇ ਸ਼ਰਾਬਣ ਹੋ ਕੇ ਨੱਚਦੀ ਇਕ ਗੋਰੀ ਦੇ ਚੂੰਢੀਆਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਤਾਂ ਉਸ ਗੋਰੀ ਨੇ ਨਸ਼ੇ ਵਿਚ, ਪਤਾ ਨਹੀਂ ਕ੍ਰਿਸਮਿਸ ਦੀ ਖ਼ੁਸ਼ੀ ਵਿਚ ਕੋਈ ਗੌਰ ਨਾ ਕੀਤੀ। ਪਰ ਜਦੋਂ ਸਾਲਾ ਸਾਹਿਬ ਨੇ ਹਲਕਿਆਂ ਵਾਂਗ ਉਸ ਦੀਆਂ ਛਾਤੀਆਂ 'ਤੇ ਰੇਗਮਾਰ ਵਰਗਾ ਹੱਥ ਰਗੜਣਾ ਸ਼ੁਰੂ ਕੀਤਾ ਤਾਂ ਪਾਣੀ ਗੋਰੀ ਦੇ ਸਿਰ ਉਪਰੋਂ ਦੀ ਲੰਘ ਗਿਆ। ਉਸ ਨੇ ਉੱਚੀ ਅੱਡੀ ਦਾ ਸੈਂਡਲ ਲਾਹ ਕੇ ਸਾਲਾ ਸਾਹਿਬ ਦੇ ਸਿਰ ਵਿਚ ਚਿੱਬ ਪਾ ਦਿੱਤੇ। ਸਾਲਾ ਸਾਹਿਬ ਦੇ ਸਬਰ ਦਾ ਬੰਨ੍ਹ ਵੀ ਟੁੱਟ ਗਿਆ, "ਅਸੀਂ ਜੱਟ ਪੁੱਤ ਐਂ-ਤੀਮੀਆਂ ਤੋਂ ਕੁੱਟ ਨ੍ਹੀ ਖਾਣ ਗਿੱਝੇ!" ਤੇ ਸਾਲਾ ਸਾਹਿਬ ਨੇ ਗੋਰੀ ਦੇ ਪੰਜ-ਸੱਤ ਥੱਪੜ ਜੜ ਦਿੱਤੇ। ਜਦ ਦੋਨੋਂ ਗੁੱਥਮਗੁੱਥਾ ਹੋ ਗਏ ਤਾਂ ਰੌਲਾ ਪੈ ਗਿਆ। ਲਾਅਲਾ-ਲਾਅਲਾ ਹੋ ਗਈ। ਖਾੜਾ ਹਿੱਲ ਗਿਆ! ਕਿਸੇ ਨੇ ਪੁਲਸ ਨੂੰ ਫ਼ੋਨ ਕਰ ਦਿੱਤਾ। ਪੁਲਸ ਪ੍ਰੇਤਾਂ ਵਾਂਗ ਆ ਵੱਜੀ ਅਤੇ ਸਾਲਾ ਸਾਹਿਬ ਨੂੰ 'ਜਿਣਸੀ-ਛੇੜਛਾੜ' ਅਤੇ ਮਾਰ-ਕੁਟਾਈ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਕ੍ਰਿਸਮਿਸ ਪਾਰਟੀ ਭੰਗ ਹੋ ਗਈ। ਸਾਲਾ ਸਾਹਿਬ ਦੀ ਨੌਕਰੀ ਤਾਂ ਜਿਹੜੀ ਜਾਣੀ ਸੀ, ਚਲੀ ਗਈ, ਅੱਜ ਕੱਲ੍ਹ ਤਾਂ ਸਾਰੇ ਉਸ ਦੀ ਜ਼ਮਾਨਤ ਕਰਵਾਉਣ ਵਿਚ ਰੁੱਝੇ ਹੋਏ ਹਨ!

hore-arrow1gif.gif (1195 bytes)


Terms and Conditions
Privacy Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2009, 5abi.com