ਭਾਈ
ਮੇਰਾ ਇਹ ਵਿੰਅਗ ਲੇਖ ਪੜ੍ਹ ਕੇ ਕੋਈ ਵੀ ਬੀਬੀ ਭੈਣ, ਭਰਾ ਤੇ ਕਿਸੇ ਪੋਤੇ ਦਾ
ਬਾਬਾ ਗੁੱਛਾ ਨਾ ਕਰੇ ਕਿਉਂਕਿ ਗੁੱਛਾ ਕਿਸ ਚੀਜ਼ ਦਾ ਕੀਤਾ ਜਾਂਦਾ ਹੈ ਤੁਸੀਂ ਸਾਰੇ
ਹੀ ਇਸ ਗੱਲ ਤੋਂ ਭਲੀ ਭਾਂਤ ਵਾਕਿਫ਼ ਵੀ ਹੋ। ਬਾਕੀ ਜੇ ਇਹ ਚੰਗਾ ਲੱਗਾ ਤਾਂ
ਤਾੜੀਆਂ ਲਾਵੋ। ਨਹੀਂ ਤਾਂ ਆਪਣੇ ਆਪਣੇ ਘਰਾਂ ਨੂੰ ਜਾਵੋ। ਮੇਰੇ ਇਸ ਵਿਅੰਗ ਨੂੰ
ਇਸ ਸਮਾਜ ਵਿਚਲੇ ਫ਼ੁਕਰਿਆਂ ਨੇ ਤੰਗ ਕਰ ਮਾਰਿਆ ਹੈ। ਪਰ ਮੇਰਾ ਇਹ ਵਿਅੰਗ ਸਮਾਜ
ਵਿਚਲੇ ਬਹੁਤ ਸਾਰੇ ਫ਼ੁਕਰਿਆਂ ਦੇ ਵੀ ਖ਼ੁਰਕ ਦਾ ਕੰਮ ਕਰੇਗਾ।
ਸਭ ਤੋਂ ਪਹਿਲੀ ਕਿਸਮ ਦੇ ਫ਼ੁਕਰੇ ਤਾਂ ਇਸ ਗੀਤ -''ਬੁਲ੍ਹਾਂ ਤੇ ਜ਼ਰਦਾ, ਬਿਨਾਂ
ਨਾ ਸਰਦਾ, ਇਹ ਸੂਟਾ ਲਾਉਂਦੇ ਕੱਸ ਕੱਸ ਕੇ, ਕਈ ਵਾਰੀ ਇਹ ਲੰਮੇ ਪੈ ਜਾਂਦੇ-ਅ-।
ਸੜਕ 'ਤੇ ਰੱਜ਼ ਰੱਜ਼ ਕੇ।'' ਦੀ ਧੁੰਨ ਨਾਲ ਮੇਲ ਖਾਂਦੇ ਹੋਏ ਨਜ਼ਰੀਂ ਪੈਦੇ ਹਨ। ਫਿਰ
ਅਜਿਹੀ ਕਿਸਮ ਦੇ ਫ਼ੁਕਰਿਆਂ ਦੀ ਗੱਲ ਕਰੀਏ ਤਾਂ ਘਰ ਵਿੱਚ ਚਾਹੇ ਰੋਟੀ ਦੇ ਲਾਲੇ ਪਏ
ਹੋਣ ਪਰ ਇਨ੍ਹਾਂ ਨੂੰ ਅਜਿਹਾ ਫ਼ੁਕਰਪੁਣਾ ਕਰਨ ਤੋਂ ਵੀ ਵਿਹਲ ਨਹੀਂ ਮਿਲਦੀ। ਫਿਰ
ਕੁੱਤਾ ਮੂੰਹ ਚੱਟ ਰਿਹਾ ਹੁੰਦਾ ਹੈ ਤੇ ਇਨ੍ਹਾਂ ਨੂੰ ਭਾਗਵਾਨ ਦਿਖਾਈ ਦੇਣ ਲੱਗਦੀ
ਹੈ।
''ਭਾਗਵਾਨੇ ਕੀ ਕਰ ਰਹੀਏ ਏ ਅੱਜ ਇੰਨੀ ਫੁੱਲਾਂ ਦੀ ਸੁਗੰਧ ਭਲਾ ਕਿੱਥੋਂ ਆਉਣ
ਲੱਗੀ ਏ। '' ਫਿਰ ਕੁੱਤੇ ਦੇ ਚੱਟਣ ਤੋਂ ਫੁੱਲਾਂ ਦੀ ਸੁਗੰਧ ਮਿਲਦੀ ਹੋਈ ਨਜ਼ਰੀਂ
ਪੈਂਦੀ ਹੈ। ਭਾਈ ਜੇਕਰ ਸੋਫ਼ੀ ਹੋਣ 'ਤੇ ਪੁੱਛ ਲਿਆ ਜਾਵੇ ਕਿ ਭਾਈ ਕੱਲ੍ਹ ਕੀ ਹੋ
ਰਿਹਾ ਸੀ। ਫਿਰ ਇਹ ਗੀਤ ਵੱਜਣ ਲੱਗਦਾ ਹੈ ਅਖੇ-''ਮੈਂ ਨਹੀਂ ਪੀਂਦਾ ਧੱਕੇ ਨਾਲ
ਪਿਲਾਉਂਦੇ ਨੇ ਲੋਕੀ। ਜਿਵੇਂ ਲੋਕੀ ਮੱਲੋ-ਮੱਲੀ ਫੜ੍ਹ ਕੇ ਮੂੰਹ ਵਿੱਚ ਪਾ ਦਿੰਦੇ
ਹੋਣ। ਫਿਰ ਕੱਲ੍ਹ ਦੇ ਵਪਾਰੀ ਲੱਦ ਜਾਂਦੇ ਹਨ।
ਫਿਰ ਇਕ ਫੁੱਕਰੇ ਅਜਿਹੀ ਕਿਸਮ ਦੇ ਹੁੰਦੇ ਹਨ ਜਿਨ੍ਹਾਂ ਨੂੰ ਤਰ੍ਹਾਂ ਤਰ੍ਹਾਂ
ਦੀਆਂ ਸੇਖ਼ੀਆਂ ਮਾਰਨ ਦੀ ਆਦਤ ਪਈ ਹੁੰਦੀ ਹੈ। ਬਸ ਮੈਂ ਬਾਦ ਪ੍ਰਧਾਨਗੀ ਦਾ ਰੂਪ
ਧਾਰ ਕਰ ਚੁੱਕਾ ਹੁੰਦਾ ਹੈ। ਇੱਥੇ ਮੈਨੂੰ ਕਿਸੇ ਯੂਨੀਵਰਸਿਟੀ ਦੇ ਬਾਬਾ ਘੜਿੱਚ
ਸ਼ਾਹ ਦੀ ਗੱਲ ਵੀ ਸਾਹਮਣੇ ਆਉਂਦੀ ਹੋਈ ਦਿਖਾਈ ਦਿੰਦੀ ਹੈ ਜਿਹੜਾ ਭੁੱਲ-ਭੁਲੇਖੇ
ਨਾਲ ਪੱਚੀ ਤੀਹ ਹਜ਼ਾਰ ਰੁਪਇਆ ਲੈਣ ਲੱਗ ਪੈਂਦਾ ਹੈ ਤੇ ਦੂਜੇ ਬੰਦੇ ਫਿਰ ਉਸ ਨੂੰ
ਆਪਣੇ ਸਾਹਮਣੇ ਟੱਲੀ ਲੱਗਣ ਲੱਗਦੇ ਹਨ। ਕਿਸੇ ਫੀਮੇਲ ਮੁਲਾਜ਼ਮ ਨੂੰ ਵੀ ਆਪਣੇ
ਪੈਸਿਆਂ ਦਾ ਰੋਭ ਝਾੜਨ ਲੱਗਦਾ ਹੈ।
''ਐਂਵੇਂ ਭਰਤੀ ਕੀਤੇ ਨੇ ਮੈਂ ਕੱਢ ਦੇਣੇ ਨੇ। '' ਇਸ ਤਰ੍ਹਾਂ ਭਾਸਦਾ ਹੈ ਕਿ
ਉਸ ਫੀਮੇਲ ਲੜਕੀ ਦੇ ਮਾਂ-ਬਾਪ ਤੇ ਉਸ ਦੇ ਸਾਰੇ ਮੈਂਬਰ ਉਸ ਬਾਬਾ ਘੜਿੱਚ ਸ਼ਾਹ ਦੇ
ਰਹਿਮੋਂ ਕਰਮ 'ਤੇ ਹੀ ਆਪਣਾ ਜੀਵਨ ਬਸਰ ਕਰ ਰਹੇ ਹੋਣ। ਜਾਂ ਫਿਰ ਆਪਣੇ ਅੰਤਿਮ
ਸਮੇਂ ਤੋਂ ਬਾਅਦ ਫਿਰ ਉਹ ਬਾਬਾ ਘੜਿੱਚ ਸ਼ਾਹ ਨੇ ਆਪਣੀ ਮੇਹਨਤ ਦੀ ਕਮਾਈ ਵੀ ਉਸ
ਮੁਲਾਜ਼ਮ ਦੇ ਪਰਿਵਾਰ ਨੂੰ ਦੇ ਦੇਣੀ ਹੈ। ਅਜਿਹੇ ਬਾਬਾ ਘਰਿੱਚ ਸ਼ਾਹ ਵੈਸੇ ਆਪਣੀ
ਆਦਤ ਤੋਂ ਵੀ ਮਜ਼ਬੂਰ ਹੁੰਦੇ ਹਨ।
ਇਸੇ ਤਰ੍ਹਾਂ ਕੋਈ ਹੋਰ ਭਲਾ ਮਾਨਸ ਉਸੇ ਬਾਬਾ ਘੜਿੱਚ ਸ਼ਾਹ ਨੂੰ ਆ ਕੇ ਸਰ ਕਹਿ
ਕੇ ਸੰਬੋਧਨ ਕਰਦਾ ਹੈ ਤੇ ਉਸਨੂੰ ਵੀ ਸਿੱਧਾ ਖੜ੍ਹਾ ਹੋਣ ਲਈ ਕਹਿੰਦਾ ਹੈ ਜਿਵੇਂ
ਆਪ ਸਿਰ ਨੀਚੇ ਕਰ ਕੇ ਲੱਤਾਂ ਉੱਪਰ ਚੁੱਕ ਕੇ ਬਾਬੇ ਰਾਮ ਦੇਵ ਦਾ ਆਸ਼ਣ ਕਰਕੇ
ਖੜ੍ਹਾ ਹੁੰਦਾ ਹੋਵੇ। ਅਰਥਾਤ ਮੈਂ-ਬਾਦ ਹਉਂਮੇਂ। ਨਿਮਰਤਾ ਦੀ ਕਮੀਂ ਹੋਣਾ ਵੀ ਐਸੇ
ਬਾਬਾ ਘੜਿੱਚ ਸ਼ਾਹ ਦੇ ਗੁਣਾਂ ਵਿੱਚ ਸ਼ਾਮਿਲ ਹੈ। ਜੈ ਹੋ ਬਾਬਾ ਘੜਿੱਚ ਸ਼ਾਹ ਦੀ।
ਫਿਰ ਐਸੇ ਬਾਬਾ ਘੜਿੱਚ ਸ਼ਾਹ ਦੇ ਦਰਸ਼ਨ ਕਰਕੇ ਦੁਨੀਆਂ ਧੰਨ ਹੋ ਜਾਂਦੀ ਹੈ ਦਿਲ
ਕਰਦਾ ਹੈ ਕਿ ਦੁਨੀਆਂ ਨੂੰ ਕਹੀਏ ਕਿ ਟੱਲੀ ਫੜ੍ਹ ਕੇ ਅਜਿਹੇ ਬਾਬਾ ਘੜਿੱਚ ਸ਼ਾਹ ਦੇ
ਅੱਗੇ ਜਾ ਕੇ ਖੜਕਾਵੇ ਤੇ ਉਸਦੇ ਭਜ਼ਨਾਂ ਰਾਹੀਂ ਉਸਦੀ ਜੈ ਉਸ ਦੀ ਜੈ ਜੈਕਾਰ
ਬੁਲਾਵੇ। ਭਜ਼ਨ ਕਿਵੇਂ ਹੋਵੇ - ਜੈ ਬਾਬਾ ਫ਼ੁਕਰ ਸ਼ਾਹ ਜੀ, ਸੁਆਮੀਂ ਜੈ ਬਾਬਾ ਫ਼ੁਕਰ
ਸ਼ਾਹ ਜੀ।
ਫਿਰ ਅਜਿਹਾ ਇਕ ਹੋਰ ਮਹਾਂ-ਪੁਰਸ਼ ਵੀ ਆ ਜਾਂਦਾ ਹੈ ਕੋਈ ਬੰਦਾ ਉਸ ਮਹਾਂ-ਪੁਰਸ਼
ਦੇ ਕੰਮ ਖ਼ਾਤਿਰ ਹੀ ਉਸ ਕੋਲ ਜਾਂਦਾ ਹੈ ਤੇ ਉਹੀ ਮਹਾ-ਪੁਰਸ਼ ਬੜੇ ਰੋਹਬ ਨਾਲ ਗੱਲ
ਕਰਦਾ ਹੈ ਤੇ ਉਹ ਬੰਦਾ ਉੱਥੋਂ ਚਲਾ ਜਾਂਦਾ ਹੈ ਤੇ ਉਹ ਬੰਦਾ ਉੱਥੋਂ ਚਲਾ ਜਾਂਦਾ
ਹੈ ਉਹ ਮਹਾ-ਪੁਰਸ਼ ਸਨੇਹਾ ਕੀ ਭੇਜ਼ਦਾ ਹੈ ਨਹੀਂ ਤਾਂ ਮੈਂ ਆਵਾਂ? ਉਹੀ ਮਹਾਂ-ਪੁਰਸ਼
ਗੇਟ ਆਪਣੇ ਕਿਸੇ ਸੰਗੀ - ਸਾਥੀ ਤੋਂ ਇਹ ਕਹਾਉਂਦਾ ਹੈ ਅਖੇ ਓਏ ਤੂੰ ਅਜੇ ਛੱਡਿਆ ਈ
ਨਹੀਂ। ਫਿਰ ਉਹ ਹੀ ਯੂਨੀਵਰਸਿਟੀ ਉਸਦੇ ਉਸ ਸੰਗੀ ਸਾਥੀ ਨੂੰ ਯੂਨੀਵਰਸਿਟੀ ਤੋਂ
ਕੰਮ ਤੋਂ ਜ਼ਵਾਬ ਦੇਣ ਦਾ ਢੋਂਗ ਕਰਦੀ ਹੈ ਤੇ ਫਿਰ ਵੀ ਉਸ ਬੰਦੇ ਨੂੰ ਉਸ
ਮਹਾਂ-ਪੁਰਸ਼ ਦੇ ਉਸ ਸਾਥੀ 'ਤੇ ਤਰਸ ਆਉਂਦਾ ਹੈ। ਇਹ ਕਿੰਨੀ ਨਿਮਰਤਾ ਵਾਲੀ ਗੱਲ
ਦਿਖਾਈ ਦਿੰਦੀ ਹੈ। ਬੋਲੋ ਜੈ ਬਾਬਾ ਫ਼ੁਕਰ ਸ਼ਾਹ ਜੀ ਦੀ।
ਕਈ ਵਾਰੀ ਅਸੀਂ ਦੇਖਦੇ ਹਾਂ ਕਿ ਗੱਡੀਆਂ ਉੱਤੇ ਲਿਖਿਆ ਹੁੰਦਾ ਹੈ ਕਿ ''ਜੇਕਰ
ਕਿਸੇ ਨੂੰ ਮੇਰੀ ਡਰਾਇਵਿੰਗ 'ਤੋਂ ਇਤਰਾਜ਼ ਹੈ ਤਾਂ ਇਨ੍ਹਾਂ ਨੰਬਰਾਂ 'ਤੇ ਗੱਲ
ਕਰਨ। ਪਰ ਬਾਬਾ ਫੁਕਰ ਸ਼ਾਹ ਜੀ ਇਸ ਚੀਜ਼ 'ਤੋਂ ਵੀ ਕਿਤੇ ਅੱਗੇ ਵਧ ਜਾਂਦੇ ਹਨ।
ਉਨ੍ਹਾਂ ਦੀ ਇਹ ਗੱਲ ਹੁੰਦੀ ਹੈ ਭਾਈ ਮੈਂ ਹੀ ਇਸ ਰੋਡ 'ਤੇ ਚੱਲਣਾ ਹੈ ਜੇ ਕਰ
ਕਿਸੇ ਵਿੱਚ ਵੱਜ ਜਾਵੇ ਤਾਂ ਮੈਨੂੰ ਦੋਸ਼ ਨਾ ਦੇਣਾ। ਜੈ ਬੋਲੋ ਬਾਬਾ ਫ਼ੁਕਰ ਸ਼ਾਹ ਜੀ
ਦੀ।
ਫਿਰ ਇਕ ਹੋਰ ਕਿਸਮ ਦੇ ਫ਼ੁਕਰੇ ਇਸ ਸਮਾਜ ਵਿੱਚ ਆਉਂਦੇ ਹਨ। ਜਿਹੜੇ ਆਪਣੇ ਆਪ
ਨੂੰ ਦੁਨੀਆਂ ਦਾ ਨੇਤਾ ਤੇ ਮਾਲਕ ਕਹਾਉਣਾ ਲੋਚਦੇ ਹਨ। ਦੂਜੇ ਕੋਲੋਂ ਲੈ ਕੇ ਉਸ ਦੇ
ਹੀ ਮਾਲਕ ਬਣ ਦਿਖਾਉਂਣ ਦੀ ਬੀਮਾਰ ਵਿੱਚ ਇਸ ਕਦਰ ਜ਼ਕੜੇ ਜਾਂਦੇ ਹਨ। ਕਿ ਬੇਚਾਰੇ
ਦੇਸ਼ੀ ਵੈਦ ਹਕੀਮ ਤਾਂ ਇਨ੍ਹਾਂ ਦੀ ਬੀਮਾਰੀ ਦਾ ਇਲਾਜ਼ ਕੀ ਲੱਭਣਾ ਹੋਇਆ, ਫਿਰ
ਵਿਦੇਸ਼ੀ ਤੇ ਅੰਗਰੇਜ਼ੀ ਦਵਾਈ ਵੀ ਇਨ੍ਹਾਂ 'ਤੇ ਕਾਟ ਨਹੀਂ ਕਰਦੀ। ਅਜਿਹੇ ਘਸੀਟਾ
ਮੱਲਾਂ ਦਾ ਕੱਦ ਕਾਠ ਲੋਕੀ ਐਡਾ ਉੱਚਾ ਕਰ ਦਿੰਦੇ ਹਨ ਕਿ ਇਨ੍ਹਾਂ ਦੀ ਔਲਾਦ ਹੀ
ਤੈਨੂੰ ਪਤਾ ਮੈਂ ਫਲਾਣੇ ਘਸੀਟਾ ਮੱਲ ਦੀ ਔਲਾਦ ਹਾਂ ਤੇ ਇਹ ਘਸੀਟਾ ਮੱਲ ਵੀ ਸੜਕ
ਦੀ ਬੱਜ਼ਰੀ, ਰੋੜੇ ਤੇ ਲੁੱਕ ਸਿਰਾਂ 'ਤੇ ਢੋਅ ਕੇ ਢਾਈ ਫੁੱਟ ਤੋਂ ਵੀ ਛੋਟੇ ਹੋ
ਜਾਂਦੇ ਹਨ। ਜੈ ਹੋ ਬਾਬਾ ਫ਼ੁਕਰ ਸ਼ਾਹ ਜੀ ਦੀ।
ਅਜਿਹੀ ਕੈਟਾਗਰੀ ਵਿੱਚ ਕੁਝ ਇਕ ਪਾਠੀ ਮਹਾਰਾਜ ਵੀ ਆ ਜਾਂਦੇ ਨੇ। ਗੁਰੂ
ਦਵਾਰਿਆਂ ਵਿੱਚ ਵੀ ਰਾਜਨੀਤੀ ਵਾਰ ਦਿੰਦੇ ਨੇ। ਉਂਜ਼ ਕਈ ਵਾਰ ਇਕ ਗੱਲ ਆਉਂਦੀ ਹੈ
ਅਖੇ ਗਰੀਬਾਂ ਵਿੱਚ ਰੱਬ ਵਸਦਾ। ਫਿਰ ਇਹ ਮਹਾ-ਗਿਆਨੀ ਕਿਸੇ ਗਰੀਬ ਗੁਰਬੇ ਦਾ ਤਾਂ
ਨਾ ਹੀ ਨਾ ਲੈਣਗੇ, ਪੈਸੇ ਵਾਲੇ ਨੂੰ ਹੀ ਰੱਬ ਬਣਾ ਕੇ ਪੇਸ਼ ਕਰ ਦਿੰਦੇ ਹਨ। ਜਿਸ
ਕੋਲ ਚਾਰ ਪੈਸੇ ਦਿਸਦੇ ਹੋਣ ਉਹਦੀਆਂ ਮਿਸ਼ਾਲਾਂ ਈ ਦੇਈ ਜਾਣਗੇ। ਬਈ ਭਲਾਣੇ ਘਸੀਟਾ
ਮੱਲ ਨੇ ਫਲਾਣੇ ਜਗ੍ਹਾ ਸੱਪ ਕੱਢਿਆ ਭਾਵੇਂ ਉਸ ਘਸੀਟਾ ਮੱਲ ਦੇ ਬਾਪ-ਦਾਦਿਆਂ ਨੇ
ਵੀ ਲੋਕਾਂ ਦੇ ਸੱਪ ਬਣ ਕੇ ਡੰਗ ਕਿਉਂ ਨਾ ਮਾਰਿਆ ਹੋਵੇ। ਬੋਲੋ ਜੈ ਬਾਬਾ ਫੁਕਰ
ਸ਼ਾਹ ਜੀ ਦਾ।
ਫਿਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਮੁੰਡੇ ਕੁੜੀਆਂ ਦੀ ਗੱਲ ਆਵੇ ਤਾਂ ਪਬਲਿਕ
ਥਾਵਾਂ 'ਤੇ ਵੀ ਜੋ ਕੁਝ ਘਟਿਤ ਹੋ ਰਿਹਾ ਹੁੰਦਾ ਹੈ ਦੇਖਣ ਸੁਣਨ ਵਾਲਾ ਵੀ ਤੋਬਾ ਈ
ਕਰ ਜਾਂਦਾ ਹੈ। ਜੇਕਰ ਕੋਈ ਰੋਕਣ ਦਾ ਯਤਨ ਕਰਦਾ ਹੈ ਤਾਂ ਉਹ ਬਲੀ ਦਾ ਬੱਕਰਾ ਬਣ
ਜਾਂਦਾ ਹੈ। ਅੱਜ ਕੱਲ੍ਹ ਸਰੀਰ ਦੇ ਅੰਗਾਂ 'ਤੇ ਟੈਟੂ ਬਣਾਉਣਾ ਇਕ ਆਮ ਜਿਹੀ ਗੱਲ
ਹੋ ਗਈ ਹੈ ਇਹ ਕੰਮ ਸਿਰਫ਼ ਮੁੰਡੇ ਕਰਦੇ ਹੁੰਦੇ ਸਨ ਤੇ ਇਸ ਦੇ ਨਾਲ ਹੀ ਇਹ ਕੰਮ
ਕੁੜੀਆਂ ਨੇ ਵੀ ਸ਼ੁਰੂ ਕਰ ਦਿੱਤਾ ਹੈ। ਬਾਹਾਂ ਤੇ ਡੌਲਿਆਂ 'ਤੇ ਫਿਰ ਲੱਤਾਂ 'ਤੇ
ਟੈਟੂ ਬਣਾ ਕੇ ਕੁਦਰਤ ਵਲੋਂ ਬਣਾਈ ਗਏ ਸਰੀਰ ਨੂੰ ਪਤਾ ਨਹੀਂ ਕੀ ਦਾ ਕੀ ਬਣਾਉਣ ਦੀ
ਕੋਸ਼ਿਸ਼ ਹੋ ਰਹੀ ਹੈ। ਫਿਰ ਲੱਕ ਮਿਲਣ ਲਈ ਮੁੰਡੇ ਐਂਚੀਟੇਪ ਜਾਂ ਫੀਤਾ ਵੀ ਤਾਂ ਕੋਲ
ਲੈ ਕੇ ਘੁੰਮਦੇ ਹਨ ਕਿ ਇਸ ਕੁੜੀ ਦਾ ਲੱਕ ਟਵਿੰਟੀ ਏਟ ਹੈ। ਇਸ ਤੋਂ ਵੀ ਕਿਤੇ ਵਧ
ਕੇ ਭਾਰ ਤੋਲਣ ਵਾਲੀ ਮਸ਼ੀਨ ਵੀ ਨਾਲ ਹੀ ਹੁੰਦੀ ਹੈ ਜਿਸ ਨਾਲ ਭਾਰ ਦਾ ਵੀ ਪਤਾ ਲੱਗ
ਜਾਂਦਾ ਹੈ ਕਿ ਫੋਰਟੀ ਸੈਵਨ ਹੈ। ਵੈਸੇ ਤਾਂ ਇਨ੍ਹਾਂ ਦਾ ਇਸ ਤਰ੍ਹ੍ਰਾਂ ਕਰਨ ਨਾਲ
ਸਾਡਾ ਕਿਹੜਾ ਕੋਈ ਬਿੱਲ ਆਉਂਦਾ ਹੈ। ਬੋਲੋ ਜੈ ਬਾਬਾ ਫ਼ੁਕਰ ਸ਼ਾਹ ਜੀ ਦੀ।
ਬਾਕੀ ਇੱਥੇ ਢੋਂਗੀ ਬਾਬਿਆਂ ਦਾ ਵੀ ਰਿਵਾਜ਼ ਪੈ ਗਿਆ ਹੈ। ਬੀਬੀਆਂ ਘਰ ਵਾਲੇ
ਨੂੰ ਤਾਂ ਆ ਮੇਰੇ ਪਿਓ ਦਿਆ ਸ਼ਾਲਿਆ। ਆ ਤੇਰੇ ਦਾਦੇ ਮੂੰਹ ਹੱਗਿਆ ਆਦਿ ਤੱਕ ਕਹਿ
ਦਿੰਦੀਆਂ ਹਨ। ਦੂਜੇ ਪਾਸੇ ਬਾਬਾ ਜੀ ਦੇ ਗੋਡੇ-ਗਿੱਟੇ ਤੱਕ ਘੁੱਟਣ ਤੱਕ ਨੂੰ
ਸਵਰਗਾਂ ਦੇ ਝੂਟੇ ਮੰਨਦੀਆਂ ਹਨ। ਫਿਰ ਬਾਬਾ ਜੀ ਦੇ ਵੀ ਛੇ ਮਹੀਨੇ ਪਾਰ ਹੋ ਜਾਂਦੇ
ਨੇ। ਬਾਬਾ ਜੀ ਮੇਰਾ ਘਰ ਵਾਲਾ ਇਹ ਕਰ ਰਿਹਾ ਹੈ। ਬਾਬਾ ਜੀ ਮੇਰੇ ਭਰਾ ਨੂੰ ਆਹ ਹੋ
ਗਿਆ। ਅੱਗੋਂ ਬਾਬਾ ਜੀ ਵੀ ਕੋਈ ਨਾ ਬੀਬੀ ਚਾਰ ਦਿਨ ਬਾਬਿਆਂ ਦੀਆਂ ਚੌਂਕੀਆਂ ਭਰ
ਬਾਬੇ ਦੀਆਂ ਲੱਤਾਂ ਘੁੱਟ ਤੇਰੇ ਘਰ ਵਾਲੇ ਨੂੰ ਆਰਾਮ ਇੱਥੋਂ ਈ ਪਹੁੰਚਦਾ ਕਰ
ਦਿਆਗਾਂ। ਜੈ ਬੋਲੋ ਬਾਬਾ ਫ਼ੁਕਰ ਸ਼ਾਹ ਜੀ।
ਚਲੋ ਯਾਰ ਕੀ ਕਰੀ ਜਾਂਦੇ ਓ ਸਾਰੀ ਦੁਨੀਆਂ ਦੇ ਪੋਲ ਇਸ ਵਿੱਚ ਹੀ ਖੋਲ੍ਹ ਦੇਣੇ
ਆ। ਭਾਈ ਕੁਝ ਤਾਂ ਦੂਜੇ ਲੇਖਾਂ ਲਈ ਵੀ ਜਗ੍ਹਾ ਛੱਡ ਦੇਈਏ। ਬਾਕੀ ਦੁਨੀਆਂ ਗੁੱਸਾ
ਜਾਂ ਕਿਸੇ ਚੀਜ਼ ਵਾਲਾ ਗੁੱਛਾ ਈ ਨਾ ਕਰ ਜਾਏ। ਬਾਕੀ ਦੇਖਿਓ ਮੇਰੇ ਪਾਠਕ ਵੀਰੋ ਕੋਈ
ਗੱਲ ਦਿਲ 'ਤੇ ਨਾ ਲਾਉਣੀ। ਬਸ ਬਾਬਾ ਫ਼ੁਕਰ ਸ਼ਾਹ ਨੂੰ ਯਾਦ ਰੱਖਣਾ ਇਸ ਦੀ ਸੇਵਾ
ਵਿੱਚ ਕੋਈ ਵੀ ਕਸਰ ਨਾ ਰਹਿ ਜਾਵੇ। ਬੋਲੋ ਜੈ ਬਾਬਾ ਫ਼ੁਕਰ ਸ਼ਾਹ ਜੀ ਦੀ।
ਧੰਨਵਾਦ।
ਪਰਸ਼ੋਤਮ ਲਾਲ ਸਰੋਏ
ਪਿੰਡ-ਧਾਲੀਵਾਲ-ਕਾਦੀਆਂ,
ਡਾਕਘਰ-ਬਸਤੀ-ਗੁਜ਼ਾਂ,
ਜਲੰਧਰ-144002 |