ਅਧੁਨਿਕਤਾ
ਦਾ ਯੁੱਗ ਆਉਣ ਨਾਲ ਸਾਡੇ ਸਾਰੇ ਸਮਾਜ ਦੀ ਕਾਇਆ ਹੀ ਪਲਟ ਗਈ ਜਾਪਦੀ ਹੈ। ਹਰ ਦਿਨ
ਕੋਈ ਨਾ ਕੋਈ ਨਵੀਂ ਚੀਜ਼ ਦਾ ਇਜ਼ਾਫਾ ਹੋ ਰਿਹਾ ਹੈ। ਇਹ ਬਹੁਤ ਚੰਗੀ ਗੱਲ ਹੈ ਕਿ
ਸਾਡਾ ਦੇਸ਼ ਦਿਨੋਂ ਦਿਨ ਤਰੱਕੀ ਵੱਲ ਨੂੰ ਜਾ ਰਿਹਾ ਹੈ। ਇੱਕ ਖੇਤਰ ਵਿੱਚ ਹੀ ਨਹੀਂ
ਬਲਕਿ ਹਰ ਖੇਤਰ ਵਿੱਚ ਸਾਡੇ ਸਮਾਜ ਦਾ ਵਰਤਾਰਾ ਬਦਲਿਆ ਹੋਇਆ ਨਜ਼ਰ ਆਉਂਦਾ ਹੈ।
ਕਿਹਾ ਜਾਂਦਾ ਹੈ ਕਿ ''ਗੁਆਂਢੀ ਦਾ ਰੂਪ ਆ ਜਾਂਦਾ ਹੈ, ਪਰ ਉਸਦੀ ਮੱਤ ਨੇੜੇ
ਵੀ ਨਹੀਂ ਢੁਕਦੀ।'' ਇਹ ਕਹਾਵਤ ਕਾਫ਼ੀ ਹੱਦ ਤੱਕ ਸੱਚ ਵੀ ਹੈ। ਹੁਣ ਇਹ ਹੀ ਦੇਖ ਲਓ
ਇੱਕ ਘਰ ਵਿੱਚ ਜਦ ਬਹੂ ਆ ਜਾਂਦੀ ਹੈ ਤਾਂ ਉਹ ਆਪਣੇ ਸੱਸ ਸਹੁਰੇ ਕੋਲੋਂ ਆਪਣੇ ਹਰ
ਖ਼ੇਖ਼ਨ-ਮੇਖ਼ਨ ਕਰਵਾਉਂਦੀ ਹੋਈ ਨਜ਼ਰ ਆਉਂਦੀ ਹੈ। ਬੇਬੇ ਜੀ ਕੋਲੋਂ ਆਪਣੇ ਮਾਂ-ਪਿਓ
ਘਰੋਂ ਲਿਆਂਦੇ ਗਏ ਬੈੱਡ ਜਾਂ ਸੋਫ਼ੇ ਤੇ ਬੈਠ ਕੇ ਹੀ ਹਰ ਚੀਜ਼ ਦਾ ਹੁਕਮ ਸੁਣਾਉਣ
ਲਗਦੀ ਹੈ।
ਹੁਣ ਇਹ ਹੀ ਦੇਖੋ ਕਿ ਇੱਕ ਘਰ ਵਿੱਚ ਇੱਕ ਟੀਵੀ ਜਾਂ ਫਰੈੱਜ਼ ਪਿਆ ਹੋਇਆ ਹੈ।
ਉਹ ਬਿਲਕੁਲ ਸਹੀ ਹਾਲਤ 'ਚ ਚੱਲੀ ਜਾ ਰਿਹਾ ਹੈ। ਨਾਲ ਦੇ ਗੁਆਂਢ ਵਿੱਚ ਕਿਸੇ ਨੇ
ਨਵਾਂ ਟੀਵੀ ਜਾਂ ਫਰੈੱਜ਼ ਲੈ ਕੇ ਆਂਦਾ ਹੈ । ਆਪਣੀ ਸ਼੍ਰੀਮਤੀ ਵੀ ਉਸ ਵੱਲ ਦੇਖ ਕੇ
ਜ਼ਿੱਦ ਫੜ੍ਹ ਲੈਂਦੀ ਹੈ।
''ਦੇਖੋ ਜੀ ਆਪਣੇ ਗੁਆਂਢ ਮਿਸ਼ੀਜ਼ ਸ਼ਰਮਾ ਦੇ ਘਰ ਨਵਾਂ ਟੀਵੀ, ਨਵਾਂ ਫਰੈੱਜ਼,
ਸਕੂਟਰ ਜਾਂ ਕੂਲਰ ਆਇਆ ਹੈ। ਆਪਣੇ ਘਰ ਵੀ ਆਉਣਾ ਚਾਹੀਦਾ ਹੈ। ਨਹੀਂ ਤਾਂ ਮੈਂ
ਚੱਲੀ ਆਪਣੇ ਪੇਕਿਆਂ ਨੂੰ। ''
ਫਿਰ ਪੇਕੇ ਘਰ ਜਾਣ ਦੀਆਂ ਧਮਕੀਆਂ ਸੁਣ ਕੇ ਬੇਚਾਰਾ ਸ਼੍ਰੀਮਾਨ ਵੀ ਘਬਰਾ ਜਾਂਦਾ
ਹੈ। ਉਹ ਬੇਚਾਰਾ ਆਪਣੀ ਹੈਸ਼ੀਅਤ ਤੋਂ ਵੱਧ ਕੇ , ਕਰਜ਼ਾ ਬਗੈਰਾ ਚੁੱਕ ਕੇ ਆਪਣੀ
ਸ਼੍ਰੀਮਤੀ ਦੀ ਮੰਗ ਪੂਰੀ ਕਰਦਾ ਹੈ। ਉਸ ਬੇਚਾਰੇ ਨੂੰ ਰੋਟੀ ਖਾਣ ਜਾਂ ਵੇਲਣੇ ਖਾਣ
ਦਾ ਵੀ ਡਰ ਹੁੰਦਾ ਹੇ। ਉਹ ਬੇਚਾਰਾ ਕਈ ਵਾਰ ਆਪਣੀ ਚਾਦਰ ਤੋਂ ਵੱਧ ਕੇ ਪੈਰ ਪਸਾਰ
ਲੈਂਦਾ ਹੈ।
ਸਾਡੇ ਸਮਾਜ ਵਿੱਚ ਇਹ ਵੀ ਕਹਾਵਤ ''ਨਵਾਂ ਨੌ ਦਿਨ, ਤੇ ਪੁਰਾਣਾ ਸੌ ਦਿਨ''
ਸੁਣਨ ਨੂੰ ਮਿਲਦੀ ਹੈ। ਗਹੁ ਨਾਲ ਵਿਚਾਰ ਕੇ ਦੇਖਿਆ ਜਾਵੇ ਤਾਂ ਇਹ ਕਹਾਵਤ ਜਾਂ
ਧਾਰਨਾ 'ਤੇ ਅਮਲ ਕਰਨ ਦੀ ਗੱਲ ਕੁਝ ਸਿਆਣੇ ਤੇ ਸੂਝਵਾਨ ਲੋਕਾਂ ਤੱਕ ਹੀ ਸੀਮਿਤ ਹੋ
ਕੇ ਰਹਿ ਗਈ ਹੈ। ਇਸ 'ਤੇ ਅਮਲ ਕਰਨਾ ਕਿਸੇ ਅਧੁਨਿਕ ਮਨੁੱਖ ਦੇ ਵਸ ਦੀ ਗੱਲ ਨਹੀਂ
ਹੈ।
ਇੱਥੋਂ ਤੱਕ ਕਿ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਅੰਦਰੋ-ਅੰਦਰੀ ਖ਼ਤਮ ਕਰਨ ਦੀ
ਬਿਰਤੀ ਵੀ ਸਾਡੇ ਇਸ ਅਧੁਨਿਕ ਸਮਾਜ ਵਿੱਚ ਪਾਈ ਜਾਈ ਹੈ। ਸਮਾਜ ਦਾ ਤਰੱਕੀ ਵੱਲ
ਵਧਣਾ ਕੋਈ ਘਾਟੇ ਦਾ ਸੌਦਾ ਨਹੀਂ ਹੈ। ਪਰ ਇਸ ਅਧੁਨਿਕ ਸਮਾਜ ਵਿੱਚ ਪੈਸੇ ਦੀ ਦੌੜ
ਸਾਨੂੰ ਸਾਡੇ ਬਜ਼ੁਰਗਾਂ ਪ੍ਰਤੀ ਬਣਦੇ ਫ਼ਰਜ਼ ਤੋਂ ਬੇ-ਮੁੱਖ ਕਰਨ ਦੀ ਕੋਸ਼ਿਸ਼ ਕਰ ਰਹੀ
ਹੈ। ਕੁਝ ਇੱਕ ਤਾਂ ਸਾਡੇ ਸਮਾਜ ਵਿੱਚ ਐਸੇ ਮਹਾਪੁਰਸ਼ ਵੀ ਹਨ ਜੋ ਪੈਸੇ ਧੇਲੇ ਦੇ
ਮਾਮਲੇ ਵਿੱਚ ਆ ਕੇ ਆਪਣੇ ਮਾਂ-ਬਾਪ ਤੱਕ ਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ
ਕਰਦੇ।
ਆਪਣੇ ਬਜ਼ੁਰਗਾਂ ਤੱਕ ਨੂੰ ਹੀ ਕਈ ਵਾਰ ਪੁਰਾਣੀ ਚੀਜ਼ ਸਮਝ ਕੇ ਇੱਕ ਸਾਇਡ ਤੇ
ਕਰਨ ਦੀ ਤਿਆਰ ਵੀ ਸਾਡੇ ਇਸ ਅਧੁਨਿਕ ਸਮਾਜ ਵਿੱਚ ਹੀ ਹੁੰਦੀ ਹੈ। ਇਸ ਤਰ੍ਹਾਂ ਕਰ
ਕੇ ਇਹ ਲੋਕ ''ਨਵਾਂ ਨੌਂ ਦਿਨ, ਤੇ ਪੁਰਾਣਾ ਸੌ ਦਿਨ'' ਦੀ ਕਹਾਵਤ ਨੂੰ ਝੂਠਾ ਕਰਨ
ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਆਪਣੇ ਬਜ਼ੁਰਗਾਂ ਨੂੰ ਆਪਣੇ ਘਰ
ਵਿੱਚ ਪਈ ਹੋਈ ਇੱਕ ਪੁਰਾਣੀ ਚੀਜ਼ ਦੀ ਮਾਫ਼ਿਕ ਸਮਝਿਆ ਜਾਂਦਾ ਹੈ।
ਅੱਜਕਲ੍ਹ ਸਾਡਾ ਇਹ ਅਧੁਨਿਕ ਸਮਾਜ ਘਰ ਵਿੱਚਲਾ ਪੁਰਾਣਾ ਸਭ ਕੁਝ ਖ਼ਤਮ ਕਰ ਕੇ
ਕੁਝ ਨਵਾਂ ਦੀ ਆਮਦ ਦੀ ਹੋੜ ਵਿੱਚ ਹੈ। ਇੱਥੇ ਤੱਕ ਕਿ ਜਦ ਕਿਸੇ ਦੇ ਆਪਣੇ ਘਰ
ਵਿੱਚ ਆਪਣੇ ਬੱਚੇ ਹੋ ਜਾਂਦੇ ਹਨ ਉਹ ਫਿਰ ਆਪਣੇ ਬਜ਼ੁਰਗਾਂ ਪ੍ਰਤੀ ਬੇ-ਮੁੱਖ ਹੋ
ਜਾਂਦਾ ਹੈ ਤੇ ਉਨ੍ਹਾਂ ਨੂੰ ਘਰ ਵਿੱਚ ਪਈ ਹੋਈ ਪੁਰਾਣੀ ਚੀਜ਼ ਸਮਝਣ ਲੱਗ ਜਾਂਦਾ
ਹੈ। ਫਿਰ ਆਪਣੇ ਬਜ਼ੁਰਗ ਵੀ ਉਨ੍ਹਾਂ ਨੂੰ ਆਪਣੇ ਘਰ ਦੇ ਮੁਖੀ ਹੋਣ ਦੀ ਬਜ਼ਾਇ ਆਪਣੇ
ਨੌਕਰਾਂ-ਚਾਕਰਾਂ ਦੀ ਨਿਆਈਂ ਪ੍ਰਤੀਤ ਹੁੰਦੇ ਹਨ।
ਨਿੱਤ ਦੇ ਵਰਤਾਰੇ 'ਚੋਂ ਇਹ ਦੇਖਿਆ ਜਾ ਸਕਦਾ ਹੈ, ਕਿ ਅਧੁਨਿਕ ਪੀੜੀ ਆਪਣੇ
ਬੱਚਿਆਂ ਤੱਕ ਦੀ ਦੇਖ-ਰੇਖ ਵੀ ਸਹੀ ਤਰੀਕੇ ਨਾਲ ਨਹੀਂ ਕਰ ਸਕਦੀ। ਸ਼੍ਰੀਮਾਨ
ਕੰਮ-ਧੰਦੇ ਜਾਂ ਬਿਸ਼ਨਸ 'ਚ ਬਿਜ਼ੀ ਹੁੰਦੇ ਹਨ ਤੇ ਸ਼੍ਰੀਮਤੀ ਨੂੰ ਕਿੱਟੀ ਪਾਰਟੀਆਂ
ਤੋਂ ਫੁਰਸਤ ਨਹੀਂ ਹੁੰਦੀ। ਸਹੇਲੀਆਂ ਦੇ ਘਰਾਂ 'ਚ ਪਾਰਟੀਆਂ ਆਦਿ 'ਤੇ ਜਾਣਾ ਤੇ
ਰਾਤ ਨੂੰ ਮੂੰਹ ਹਨ੍ਹੇਰੇ ਘਰ ਆਉਣਾ। ਫਿਰ ਬੱਚਿਆਂ ਦੇ ਲਈ ਟਾਇਮ ਕਿੱਥੋਂ ਨਿਕਲ
ਸਕਦਾ ਹੈ।
ਬੱਚਿਆਂ ਨੂੰ ਨਹਾਉਣ-ਧੁਆਉਣ ਉਨ੍ਹਾਂ ਨੂੰ ਖਾਣਾ ਖਿਲਾਉਣ, ਸਕੂਲ ਜਾਣ ਲਈ ਤਿਆਰ
ਕਰਨ ਆਦਿ ਜਿਹੀ ਜ਼ਿੰਮੇਵਾਰੀ ਬੱਚੋ ਦੇ ਨਾਨਾ-ਨਾਨੀ, ਦਾਦਾ-ਦਾਦੀ ਆਦਿ ਦੀ ਹੀ
ਹੁੰਦੀ ਹੈ। ਸ਼੍ਰੀਮਾਨ ਤੇ ਸ਼੍ਰੀਮਤੀ ਨੂੰ ਇਸ ਦੀ ਫ਼ੁਰਸਤ ਹੀ ਨਹੀਂ ਹੁੰਦੀ।
ਸ਼੍ਰੀਮਾਨ ਦੀ ਕੰਮ-ਕਾਰ ਤੇ ਸ਼੍ਰੀਮਤੀ ਜੀ ਦੀ ਕਈ ਵਾਰ ਕਿੱਟੀ ਪਾਰਟੀਆਂ ਤੋਂ ਫੁਰਸਤ
ਨਹੀਂ ਮਿਲਦੀ। ਇਹ ਹਰ ਇੱਕ ਦੀ ਗੱਲ ਨਹੀਂ ਹੈ। ਬਲਕਿ ਜ਼ਿਆਦਾ ਅਧੁਨਿਕ ਵਾਲੀਆਂ
ਸੁਆਣੀਆਂ ਤੇ ਮਰਦਾਂ 'ਚ ਹੀ ਹੁੰਦਾ ਹੈ।
ਅੱਜ-ਕਲ੍ਹ ਪੈਸੇ ਦੀ ਦੌੜ ਇੰਨੀ ਹੈ ਕਿ ਉਹ ਜਿਹੜੀਆਂ ਨਵੀਂਆਂ ਚੀਜ਼ਾਂ ਜਿਹੜੀਆਂ
ਬਣਾਈਆਂ ਵੀ ਜਾਂਦੀਆਂ ਹਨ। ਉਨ੍ਹਾਂ ਦੀ ਜ਼ਿਆਦਾਤਰ ਬਾਹਰੀ ਸਜ਼ਾਵਟ ਵੱਲ ਹੀ ਧਿਆਨ
ਦਿੱਤਾ ਜਾਂਦਾ ਹੇ। ਇਹ ਚੀਜ਼ਾਂ ਵੀ ਅਧੁਨਿਕ ਮਨੁੱਖੀ ਜੀਵਨ ਦੀ ਤਰ੍ਹਾਂ ਚਿਰ-ਸਥਾਈ
ਨਹੀਂ ਹਨ। ਅੱਜ-ਕਲ੍ਹ ਦਿਖਾਵਾ ਪ੍ਰਧਾਨ ਹੈ। ਕਿਸੇ ਵੀ ਚੀਜ਼ ਦੇ ਗੁਣਾਂ ਦੀ ਪਰਖ
ਨਹੀਂ ਕੀਤੀ ਜਾਂਦੀ। ਇੱਥੇ ਤਾਂ ''ਉੱਚੀ ਦੁਕਾਨ ਫਿੱਕਾ ਪਕਵਾਨ'' ਵਾਲੀ ਖਿਚੜੀ
ਪਕਾਈ ਜਾ ਰਹੀ ਹੈ।
ਬਾਕੀ ਇਸ ਸਮਾਜ 'ਚ ਜੋ ਕੁਝ ਅੱਜ-ਕਲ੍ਹ ਚੱਲ ਰਿਹਾ ਹੈ ਉਹ ਜ਼ਿਆਦਾਤਰ
ਦੇਖਾ-ਦੇਖੀ ਤੇ ਦੂਸਰੇ ਦੀ ਰੀਸ 'ਚ ਕੀਤਾ ਹੈ। ਹਰ ਇੱਕ ਇਸ ਅਧੁਨਿਕਤਾ ਵੱਲ ਵਧਣ
ਲਈ ਉਪਰਾਲਾ ਕਰ ਰਿਹਾ ਹੈ। ਘਰਾਂ ਦੀਆਂ ਸਹੀ ਹਾਲਤ ਦੀਆਂ ਚੀਜ਼ਾਂ ਨੂੰ ਵੀ ਘਰ 'ਚੋਂ
ਬਾਹਰ ਕੱਢ ਕੇ ਨਵੀਂਆਂ ਚੀਜ਼ਾਂ ਲਿਆਉਣ ਦੀ ਐਸੀ ਹੋੜ ਲੱਗੀ ਹੋਈ ਹੈ ਕਿ ਆਪਣੇ ਘਰਾਂ
ਵਿੱਚ ਰਹਿੰਦੇ ਬਜ਼ੁਰਗਾਂ ਨੂੰ ਵੀ ਘਰਾਂ ਵਿੱਚ ਇੱਕ ਪੁਰਾਣੀ ਚੀਜ਼ ਦੀ ਮਾਫ਼ਿਕ ਸਮਝਿਆ
ਜਾਣ ਲੱਗਾ ਹੈ। ਭਾਈ ਇੱਕ ਦਿਨ ਤਾਂ ਇਹ ਵੀ ਆ ਜਾਣਾ ਹੈ ਕਿ ਸਾਡੀ ਅਧੁਨਿਕ ਪੀੜੀ
ਇੰਨੀ ਨਵੀਂਨ ਬਣ ਜਾਣੀ ਹੈ। ਇਹਨਾਂ ਨੇ ਇਹ ਗੱਲ ਸ਼ਰੇਆਮ ਕਬੂਲ ਕਰ ਲੈਣੀ ਹੈ:-
''ਯਾਰ! ਭਾਪਾ ਜੀ ਹੁਣ ਪੁਰਾਣੇ ਹੋ ਗਏ ਨੇ, ਚਲੋ ਬਾਜ਼ਾਰ ਜਾ ਕੇ ਨਵੇਂ ਖ਼ਰੀਦ
ਲਿਆਈਏ।''
ਫਿਰ ਕੀ ਏ! ਭਾਈ ਬੀਬੀ ਤੋਂ ਪੁੱਛੇ ਬਗੈਰ ਇੱਕ ਭਾਪਾ ਖ਼ਰੀਦ ਲਿਆ ਜਾਣਾ ਹੈ ਜਾਂ
ਫਿਰ ਵਿਦੇਸ਼ ਤੋਂ ਇੰਮਪੋਰਟ ਕਰ ਲਿਆ ਜਾਣਾ ਹੈ। ਵੈਸੇ ਮੇਰੇ ਇਸ ਲੇਖ ਵੱਲ ਬਹੁਤਾ
ਧਿਆਨ ਵੀ ਨਾ ਦੇਣਾ ਕਿ ਗੁੱਸਾ ਹੀ ਚੜ੍ਹ ਜਾਵੇ। ਇਹ ਤਾਂ ਭਾਈ ਵੈਸੇ ਹੀ ਮੂੰਹ ਆਈ
ਬਾਤ ਹੈ।
ਪਰਸ਼ੋਤਮ ਲਾਲ ਸਰੋਏ
ਪਿੰਡ-ਧਾਲੀਵਾਲ-ਕਾਦੀਆਂ,
ਡਾਕਘਰ-ਬਸਤੀ-ਗੁਜ਼ਾਂ,
ਜਲੰਧਰ-144002 |