-
ਸੁਣਾ ਬਈ ਚਾਚਾ ਸਿਆਂ , ਫੇਰ ਕੀ ਕਹਿੰਦੀ ਥੋਡੀ ਸੇਵਾ ਸਰਕਾਰ …. ਨੈਬ ਸਿੰਘ ਫੌਜੀ
ਨੇ, ਕੁੰਢੇ ਅਕਾਲੀ ਨੂੰ ਛੇੜਦਿਆਂ ਕਿਹਾ ।
- ਸਰਕਾਰ ! ਸਰਕਾਰ ਭਤੀਜ ਮਾਰਦੀ ਐ ਅੱਠੋ ਅੱਠ, ਖ਼ਬਾਰਾਂ ’ਚ ਖ਼ਬਰਾਂ ਨਹੀਂ ਪੜ੍ਹਦਾ,
ਨ੍ਹੇਰੀਆਂ ਲਿਆ ਰੱਖੀਆਂ ਨੇ ਤਰੱਕੀਆਂ ਦੀਆਂ, ਕੁੰਢੇ ਕਾਲੀ ਨੇ ਮੋੜਵਾਂ ਜੁਵਾਬ
ਦਿੱਤਾ ।
- ਤੂੰ ਪੱਤਾ ਸੁੱਟ ਐਂਵੀਂ ਮੂੰਹ ਨਾ ਖੁਲ੍ਹਵਾ ਮੇਰਾ ,ਕੋਲ ਬੈਠੇ ਕਾਂਗਰਸੀ
ਵਿਚਾਰਧਾਰਾ ਵਾਲੇ ਬਿਸ਼ਨੇ ਬੁੜੇ ਨੇ ਕੁੰਢੇ ਕਾਲੀ ਨੂੰ ਟੋਕਦਿਆਂ ਕਿਹਾ ।
- ਨਾ ਦੇਖਦਾ ਨਹੀਂ ਰੋਜ਼ ਰੋਜ਼ ਕਿੰਨੇ ਨੀਂਹ ਪੱਥਰ ਧਰਦੀ ਆ ਸਰਕਾਰ ,ਏਹਨੂੰ ਤਰੱਕੀ
ਨਹੀਂ ਕਹੇਂਗਾ ਹੋਰ ਕੀ ਕਹੇਂਗਾ , ਥੋਡੀ ਤਾਂ ਆਦਤ ਕਾਂਗਰਸੀਆਂ ਦੀ ਸਰਕਾਰ ਦੀ ਬਦਖੋਈ
ਕਰਨੀ ਐ , ਚਾਹੇ ਸਰਕਾਰ ਜਿੰਨਾ ਮਰਜ਼ੀ ਚੰਗੇ ਕੰਮ
ਕਰਲੈ, ਤੁਸੀਂ ਨੇ ਮਾੜਾ ਮਾੜਾ ਕਹਿਣ ਵਾਲੀ ਟਿਆਂ ਟਿਆਂ ਲਾਈਂ ਰੱਖਣੀ ਐ , ਕੁੰਢੇ
ਕਾਲੀ ਨੇ ਬਿਸ਼ਨੇ ਬੁੜੇ ਵੱਲ ਅੱਖਾਂ ਕੱਢਦਿਆਂ ਕਿਹਾ ।
- ਹਾ-ਹਾ-ਹਾ , ਨੀਂਹ ਪੱਥਰ , ਮੈਂ ਵੀ ਸੋਚਾਂ ਬਈ ਆਹ ਸਹੁਰੀਆਂ ਰੇਤਾਂ -ਇੱਟਾਂ ,
ਐਨੀਆਂ ਮਹਿੰਗੀਆਂ ਕਿਉਂ ਹੋ ਗਈਆਂ , ਹੁਣ ਪਤਾ ਲੱਗਾ ਕਿ ਇੱਟਾਂ ਰੇਤਾਂ ਤਾਂ ਨੀਂਹ
ਪੱਥਰਾਂ ਨੇ ਮੁਕਾ ਤੇ , ਮਹਿੰਗੇ ਨਾ ਹੋਣ ਤਾਂ ਕੀ ਹੋਣ …ਪਿੱਪਲ ਨਾਲ ਢੂੰਹ ਲਾਈਂ
ਬੈਠੇ ਕੈਲੂ ਅਮਲੀ ਨੇ ਨਸਵਾਰ ਦੀ ਚੁੱਕੀ ਸੜਾਕਦਿਆਂ ਗੱਲ ਕੱਢ ਮਾਰੀ ।
- ਰਹਿਣ ਦੇ … ਰਹਿਣ ਦੇ ਅਮਲੀਆਂ , ਤੈਨੂੰ ਸਰਕਾਰਾਂ ਦੇ ਕੰਮਾਂ ਦਾ ਭੇਤ ਨਹੀਂ
ਵਾਸਤਾ ਨਹੀਂ , ਤੂੰ ਆਪਣਾ ਟਾਂਕੇ ਦਾ ਭੋਰਾ ਖਾ ਤੇ ਨਸਵਾਰ ਦੀਆਂ ਚੁਟਕੀਆਂ ਮਾਰਦਾ
ਮਸਤ ਰਹਿ ਬਸ… ਕੁੰਢੇ ਕਾਲੀ ਨੇ ਖਿੱਝ ਕੇ ਅਮਲੀ ਨੂੰ ਕਿਹਾ ।
- ਨਾ ਮਾਸਟਰ ਜੀ , ਤੁਸੀਂ ਏ ਦੱਸੋਂ ਬਈ ਆਹ ਰੋਜ਼ ਰੋਜ਼ ਰੱਖੇ ਜਾਂਦੇ ਨੀਂਹ ਪੱਥਰ
ਜਿਹੇ ਠੀਕ ਨੇ ਕਿ ਲੋਕਾਂ ਨੂੰ ਭਰਮਾਉਣ ਵਾਸਤੇ ਵਿਖਾਵਾ ਈ ਆ ?.. ਨੈਬ ਸਿੰਘ ਫੌਜੀ
ਨੇ ਮੱਘਰ ਮਾਸਟਰ ਨੂੰ ਸਵਾਲ ਕੀਤਾ ।
- ਵੇਖ ਬਈ ਕਾਕਾ ਤਰੱਕੀਆਂ ਨੂੰ ਤਾਂ ਮਾੜਾ ਨਹੀਂ ਕਿਹਾ ਜਾ ਸਕਦਾ ਬਸ਼ਰਤੇ ਸਰਕਾਰ ਜੋ
ਕਹਿੰਦੀ ਐ ,ਉਹ ਕਰ ਵਿਖਾਵੇ ਤੇ ਰਹੀ ਨੀਂਹ ਪੱਥਰਾਂ ਦੀ ਗੱਲ ਜੇ ਸਰਕਾਰ ਸਾਰੇ
ਪ੍ਰਾਜੈਕਟ ਪੂਰ ਚਾੜ੍ਹਨ ਵਿੱਚ ਸਫ਼ਲ ਹੋਗੀ ਤਾਂ ਅਕਾਲੀ-ਭਾਜਪਾ ਸਰਕਾਰ ਸੱਚਮੁੱਚ
‘ਸੇਵਾ ਸਰਕਾਰ’ ਹੋ ਨਿਬੜੂ ।
- ਸਵਾਹ ਸੇਵਾ ਸਰਕਾਰ ਹੋ ਨਿਬੜੂ , ਬਿਜਲੀ ਅੱਠ ਘੰਟੇ ਦੇਣ ਦਾ ਵਾਅਦਾ ਕੀਤਾ ਸੀ ,
ਆਈ ਕਿੰਨੀ ਚਾਰ ਘੰਟੇ ….ਛੇ ਘੰਟੇ , ਉਹ ਵੀ ਆ ਗਈ..ਚਲੀ ਗਈ ..ਅੱਖ ਮਟੱਕੇ ਮਾਰਦੀ
ਰਹੀ .. ਬਿਸ਼ਨੇ ਬੁੜੇ ਨੇ ਸਰਕਾਰ ਦੇ ਕੰਮਾਂ ਵੱਲ ਉਂਗਲੀ ਉਠਾਉਂਦਿਆਂ ਕਿਹਾ ।
- ਨਾ ਬਾਬਾ ਸਿੰਆਂ ਮੁਫ਼ਤ ਦੀ ਗਊ ਦੇ ਦੰਦ ਕੌਣ ਗਿਣਦਾ ਹੁੰਦੈ ਭਲਾ .. ਮੁਫ਼ਤ ਦੀ ਚੀਜ਼
ਆ ਜਿੰਨੀ ਮਿਲ ਗਈ , ਓਨੀਂ ਏ ਵਧੀਆ ।
- ਓ ਅਮਲੀਆਂ ਕਦੇ ਤਾਂ ਨਸ਼ਿਆਂ ਦੀ ਦੁਨੀਆਂ ਚੋਂ ਬਾਹਰ ਨਿਕਲਿਆਂ ਕਰ .. ਹੁਣ ਮੁਫ਼ਤ
ਮਾਫ਼ਤ ਕੁੱਝ ਨਹੀਂ , ਬਿਜਲੀ ਦੇ ਬਿੱਲ ਮੁੜ ਤੋਂ ਲਾਗੂ ਕਰਤੇ ਇਹਨਾਂ ‘ਰਾਜ ਨਹੀਂ
ਸੇਵਾ’ ਦਾ ਢੋਲ ਵਜਾਉਣ ਵਾਲੀ ਸਰਕਾਰ ਨੇ .. ਬਿਸ਼ਨੇ ਬੁੜੇ ਨੇ ਅਮਲੀ ਦੀ ਗੱਲ ਦਰੁੱਸਤ
ਕਰਦਿਆਂ ਕਿਹਾ ਅਤੇ ਨਾਲ ਹੀ ਕੁੰਢੇ ਕਾਲੀ ਵੱਲ ਅੱਖਾਂ ਕੱਢ ਕੇ , ਤਾਸ਼ ਦਾ ਪੱਤਾ ਜ਼ੋਰ
ਦੀ ਹੇਠਾਂ ਪਟਕਦਿਆਂ ਕਿਹਾ … ਹੂੰ ..ਵੱਡੀ ਸੇਵਾ ਸਰਕਾਰ ।
- ਚਲੋ ਜੀ ਛੱਡੋ ! ਆਪਾਂ ਸਰਕਾਰਾਂ ਦੇ ਕੰਮਾਂ ਤੋਂ ਕੀ ਲੈਣੈ , ਮੱਘਰ ਮਾਸਟਰ ਨੇ
ਮਹੌਲ ਨੂੰ ਗਰਮਾਉਂਦਾ ਵੇਖ ਮਿੱਠਾ ਪੋਚਾ ਮਾਰਦਿਆਂ ਕਹਿ ਦਿੱਤਾ ਅਤੇ ਨਾਲ ਹੀ ਹੁੱਕਮ
ਦੇ ਯੱਕੇ ਦੀ ਸਰ ਮੰਗ ਕੇ ਬਾਜ਼ੀ ਜਿੱਤ ਲਈ ।
- ਕੁੰਢਾ ਕਾਲੀ ਹੁਣ ਚੁੱਪ ਚਾਪ ਨਵੀਂ ਬਾਜ਼ੀ ਦੇ ਪੱਤੇ ਵੰਡ ਰਿਹਾ ਸੀ ਸ਼ਾਇਦ ਸੋਚ
ਰਿਹਾ ਹੋਵੇ ਕਿਹੜੀ ਗੱਲ ਛੇੜਾਂ ਤਾਂ ਕਿ ਮੇਰੀ ਲੱਤ ਉਪਰ ਰਹਿ ਜਾਵੇ ।
- ਕਾਲੀ ਚਾਚਾ ਚਲਾ ਗਿਆ ਕਿ ਐਥੇ ਹੀ ਹੈ ਹਾਲੇ ਅਮਲੀ ਨੇ ਕੁੰਢੇ ਕਾਲੀ ਨੂੰ ਛੇੜਨ
ਵਾਲੇ ਲਹਿਜ਼ੇ ਵਿੱਚ ਟਕੋਰ ਮਾਰੀ ।
- ਨਾ ਬੋਲ ਹੁਣ ਹੁਣ ਕਿਉਂ ਪਿੱਛੂ ਪੈ ਗਏ ..ਬਿਸ਼ਨੇ ਬੁੜੇ ਨੇ ਕੁੰਢੇ ਕਾਲੀ ਦੇ ਹੁੱਜ
ਜਿਹੀ ਮਾਰਕੇ ਕਿਹਾ ।
- ਨਾ ਚਾਚਾ ਸਿਆਂ , ਥੋਡੀ ਸਰਕਾਰ ਨੇ ਹੜ੍ਹਾਂ ਦਾ ਮਾਵਜ਼ਾ ਕਿੰਨਾ ਕਿੰਨਾ ਦਿੱਤਾ ਭਲਾ
ਇੱਕ ਕਿੱਲੇ ਮਗਰ …ਅਮਲੀ ਫੇਰ ਬੋਲਿਆ ।
- ਅਮਲੀਆਂ ਪੰਜ ਹਜ਼ਾਰ ਦਿੱਤਾ ਹੈ ਸਰਕਾਰ ਨੇ ਮੁਆਵਜ਼ਾ ਪ੍ਰਤੀ ਏਕੜ ..ਮੱਘਰ ਮਾਸਟਰ ਨੇ
ਕੁੰਢੇ ਕਾਲੀ ਦੀ ਥਾਂ ਅਮਲੀ ਦੀ ਗੱਲ ਦਾ ਜੁਵਾਬ ਦਿੱਤਾ ।
- ਪੰਜ ਹਜ਼ਾਰ …ਹਾ..ਹਾ..ਹਾ.. ਵਾਹ ਮੇਰੀਏ ਸਰਕਾਰੇ …ਪੈਂਤੀ ਪੈਂਤੀ ਹਜ਼ਾਰ ਜ਼ਮੀਨ ਦਾ
ਠੇਕਾ ਹੋ ਰਿਹੈ ਤੇ ਨੁਕਸਾਨ ਦਾ ਮਾਵਜ਼ਾ ਪੰਜ ਹਜ਼ਾਰ ….ਹਾ..ਹਾ..ਹਾ ..ਅਮਲੀ ਜ਼ੋਰ ਜ਼ੋਰ
ਦੀ ਹੱਸਣ ਲੱਗਾ ।
- ਰਹਿਣ ਦੇ ਅਮਲੀਆਂ ਹੁਣ ਪੰਗੇ ਨਾ ਲੈ , ਕਿਉਂ ਬਾਦਲ ਸਾਹਬ ਨੇ ਬੱਦਲਾਂ ’ਚ ਸੰਲਘਾਂ
ਮਾਰ ਮਾਰ ਮੀਂਹ ਪੁਆਏ ਆ , ਕੁੱਦਰਤ ਦੀਆਂ ਖੇਡਾਂ ਨੇ ,ਜ਼ਿਆਦਾ ਮੀਂਹ ਪੈ ਗਏ ,ਹੜ੍ਹ ਆ
ਗਏ , ਸਰਕਾਰ ਨੇ ਤਾਂ ਫੇਰ ਵੀ ਲੋਕਾਂ ਨੂੰ ਮਾਵਜ਼ਾ ਦੇ ਕੇ ਹਮਦਰਦੀ ਜਤਾਈ ਐ …ਕੁੰਢੇ
ਕਾਲੀ ਨੇ ਸਰਕਾਰ ਦਾ ਪੱਖ ਪੂਰਦਿਆਂ ਆਪਣੀ ਚੁੱਪ ਤੋੜੀ ।
- ਨਾ ਪੰਜ ਹਜ਼ਾਰ ਨਾਲ ਕੀ ਹੁੰਦੈ ..ਪੰਜ ਹਜ਼ਾਰ ਤਾਂ ਝੋਨੇ ਦੀ ਲੁਵਾਈ ਤੱਕ ਖਰਚਾ ਆ
ਜਾਂਦੈ ਜੇ ਦੇਣ ਹੀ ਸੀ ਤਾਂ ਘੱਟੋ ਘੱਟ ਪੰਦਰਾਂ ਹਜ਼ਾਰ ਫੀ ਏਕੜ ਤਾਂ ਦਿੰਦੇ ਤਾਂ
ਕਿਸਾਨਾ ਦਾ ਨੁਕਸਾਨ ਅਤੇ ਛਿਮਾਹੀ ਦਾ ਜ਼ਮੀਨ ਦਾ ਠੇਕਾ ਤਾਂ ਮੁੜਦਾ …. ਬਿਸ਼ਨੇ ਬੁੜੇ
ਨੇ ਫਿਰ ਸਰਕਾਰ ਵੱਲ ਉਂਗਲ ਚੁੱਕੀ ।
- ਸਰਕਾਰ ਘਰੋਂ ਲਿਆ ਲਿਆ ਦੇਊ ਮਾਵਜ਼ਾ, ਜਿੰਨਾਂ ਖਜ਼ਾਨਾ ਇਜ਼ਾਜਤ ਦੇਊ ਓਨਾਂ ਹੀ ਐਲਾਨ
ਕਰੁੰ ..ਖਜ਼ਾਨਾ ਤਾਂ ਤੁਸੀਂ ਖਾਲੀ ਕਰਕੇ ਗਏ ਓ …ਕੁੰਢੇ ਕਾਲੀ ਨੇ ਪੱਤਾ ਡੇਗਦਿਆਂ
ਸਿਰ ਜਿਹਾ ਹਿਲਾ ਕੇ ਬਿਸ਼ਨੇ ਬੁੜੇ ਵੱਲ ਇਸ਼ਾਰਾ ਕੀਤਾ ।
- ਨਾ ਬਾਦਲ ਸਾਬ ਕੋਲ ਕਿਹੜਾ ਕਮੀਂ ਆ ਸੁੱਖ ਨਾਲ ਜੇ ਖਜ਼ਾਨਾ ਖਾਲੀ ਆ ਤਾਂ ਘਰੋਂ ਵੀ
ਦੇ ਦੇਣਗੇ ਮਾਵਜ਼ਾ ਫੇਰ ਵੀ ਕੀ ਫਰਕ ਪੈਂਦੈ …ਘਰੇਂ ਪਿਆ ਨੋਟਾਂ ਨੂੰ ਵੀ ਉੱਲੀ ਹੀ
ਲੱਗਣੀ ਆਂ.. ਅਮਲੀ ਨੇ ਫਿਰ ਨਸ਼ਵਾਰ ਦੀ ਚੁੱਟਕੀ ਸੜ੍ਹਾਕ ਦਿਆਂ ਕਿਹਾ ।
- ਨਾ ਤੂੰ ਧਰ ਕੇ ਆਇਐਂ ਨੋਟ ਓਥੇ …ਗੱਲਾਂ ਤਾਂ ਇਊਂ ਮਾਰਦੈ ਜਿਵੇਂ ਵੇਖ ਕੇ ਆਇਆ
ਹੋਵੇ ਨੋਟਾਂ ਦੀਆਂ ਬੋਰੀਆਂ ਭਰੀਆਂ ਪਈਆਂ …. ਕੁੰਢਾਂ ਕਾਲੀ ਫਿਰ ਬੋਲਿਆਂ ।
- ਚਲੋ ਛੱਡੋ ਛੱਡੋ ਆਪਾਂ ਆਪਣੀ ਬਾਜ਼ੀ ਲਾਓ ! ਆਪਾਂ ਕਿਸੇ ਦੇ ਪੋਤੜੇ ਫਰੋਲ ਕੇ ਕੀ
ਲੈਣੇ ..ਮੱਘਰ ਮਾਸਟਰ ਨੇ ਫਿਰ ਮਿੱਠਾ ਪੋਚਾ ਮਾਰਿਆ ।
- ਆਹੋ ਜੀ , ਵੱਡਿਆਂ ਘਰਾਂ ਦੀਆਂ ਵੱਡੀਆਂ ਮਿਰਚਾਂ ..ਆਪਾਂ ਕੀ ਲੈਣੈ … ਨੈਬ ਸਿੰਘ
ਫੌਜੀ ਨੇ ਵੀ ਮੱਘਰ ਮਾਸਟਰ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ।
- ਨਾ ਫੇਰ ਬੁੱਲ੍ਹ ਸੀਅ ਲਈਏ ?.... ਬਿਸ਼ਨੇ ਬੁੜੇ ਨੇ ਸਵਾਲ ਕੀਤਾ ।
- ਬੁੱਲ੍ਹ ਕਿਉਂ ਸੀਅਨੇ ਆਂ .. ਢੋਲ ਵਜਾਓ .. ਨਿੰਦੋ ਸਰਕਾਰ ਨੂੰ ਜਿੰਨਾ ਦਿਲ ਕਰੇ
… ਕੁੰਢਾਂ ਕਾਲੀ ਭਾਰੂ ਪੈਣ ਦੇ ਲਹਿਜ਼ੇ ਵਿੱਚ ਬੋਲਿਆ ।
- ਚਲੋ ਚਾਚਾ ਸਿਆਂ ….ਚੱਲੀਏ ਰੋਟੀ ਪਾਣੀ ਦਾ ਟੈਮ ਹੋ ਗਿਆ । ਭਾਂਵੇਂ ਸੇਵਾ ਸਰਕਾਰ
ਆ ..ਭਾਂਵੇਂ ਰਾਜਾ ਸਰਕਾਰ ਆ …ਆਪਣਾ ਤਾਂ ਇਹੀ ਹਾਲ ਰਹੂ ..ਅਮਲੀ ਮੁੜ ਬੋਲਿਆ ।
- ਮੱਘਰ ਮਾਸਟਰ ਨੇ ਤਾਸ਼ ਦੇ ਪੱਤੇ ਸੰਭਾਲਦਿਆਂ ਅਤੇ ਬਿਸ਼ਨੇ ਬੁੜੇ ਨੇ ਨੀਚੇ ਵਿਸਾਏ
ਪਰਨੇ ਨੂੰ ਇਕੱਠਾ ਕਰਦਿਆਂ ਕਿਹਾ.. ਚਲੋ ਬਈ ..ਦੇਖਦੇ ਆਂ ਕੀ ਕੀ ਕਰਦੀ ਆਂ … ਕੁੰਢੇ
ਕਾਲੀ ਕੀ ਸੇਵਾ ਸਰਕਾਰ !
- ਬੋਲਣ ਨੂੰ ਤਾਂ ਚਾਚਾ ਸਿਆਂ ਬਹੁਤ ਕੁਛ ਪਿਐ , ਹੁਣ ਢਿੱਡ ’ਚ ਚੂਹੇ ਕਬੱਡੀ ਖੇਡਣ
ਲੱਗ ਪਏ ਨੇ , ਪਹਿਲਾਂ ਇਹਨਾਂ ਨੂੰ ਚੁੱਪ ਕਰਾਈਏ ।
ਆਓ ! ਚੱਲੀਏ ਬਾਕੀ ਗੱਲਾਂ ਕੱਲ੍ਹ ਨੂੰ ਕਰਾਂਗੇ ।
ਜਰਨੈਲ ਘੁਮਾਣ
ਚੰਡੀਗੜ੍ਹ ।
|