ਮੇਰੇ
ਦੇਸ਼ ਦੇ ਵਾਸੀਓ ਇੱਕ ਹਿੰਦੀ ਫਿਲਮ ਜਿਸ ਵਿੱਚ ਅਮਰੀਸ਼ਪੁਰੀ, ਮਹਿੰਮਾ ਚੌਧਰੀ ਆਦਿ
ਪਾਤਰ ਹਨ, ਇਹ ਬੜੀ ਮਕਬੂਲ ਹੋਈ। ਇਸ ਫਿਲਮ ਦਾ
ਗੀਤ ਅਚਨਚੇਤ ਮੇਰੇ ਮਨ ਵਿੱਚ ਆਇਆ ਜਿਸ ਦੀਆਂ ਸਤਰਾਂ ਹਨ- ਯੇਹ ਮੇਰਾ ਇੰਡੀਆ, ਵਤਨ
ਮੇਰਾ ਇੰਡੀਆ ਤਾਂ ਅਚਨਚੇਤ ਇਹ ਅੱਜ ਦੇ ਇੰਡੀਆ ਯਾਨੀਕਿ ਭਾਰਤ ਦੀ ਤਸਵੀਰ ਮੇਰੇ
ਜ਼ਹਿਨ ਵਿੱਚ ਆ ਅਟਕੀ। ਜਿਸਨੇ ਇਸ ਵਿਅੰਗ ਲੇਖ ਨੂੰ ਜਨਮ ਦਿੱਤਾ। ਲਓ ਜੀ ਮੇਰੇ
ਹਿੰਦੋਸਤਾਨੀ, ਜਾਂ ਇੰਡੀਅਨ ਭੈਣੋਂ ਭਰਾਵੋ, ਬਈ ਜੇਕਰ ਅਸੀਂ ਇਸ ਆਪਣੇ ਇੰਡੀਆ ਦੀ
ਗੱਲ ਕਰੀਏ ਤਾਂ ਬਈ ਕੀ ਕਹਿਣੇ ਨੇ ਇਸ ਇੰਡੀਆਂ ਦੇ। ਪਹਿਲਾਂ ਨਾਲੋਂ ਕਿੰਨਾਂ ਬਦਲ
ਗਿਆ ਹੈ ਇਹ ਇੰਡੀਆ। ਬਈ ਗੱਲ ਕਰਨ ਦੀ ਲੋੜ ਨਹੀਂ, ਕੀ ਨਹੀਂ ਹੈ ਮੇਰੇ ਦੇਸ਼ ਇੰਡੀਆ
ਵਿੱਚ। ਕਹਿਣ ਦਾ ਭਾਵ ਹੈ ਕਿ ਕਿਸੇ ਕਿਸਮ ਦੀ ਵੀ ਕਮੀਂ ਨਹੀਂ ਰਹਿ ਗਈ ਮੇਰੇ ਇਸ
ਇੰਡੀਆ ਵਿੱਚ।
ਬਈ ਭਾਈ ਪੂਰੀ ਦੁਨੀਆਂ ਦੇ ਮੁਲਕਾਂ ਦੀ ਖ਼ਾਕ ਛਾਂਣ ਕੇ ਵਾਪਸ ਆ ਜਾਓ ਜੋ ਕੁਝ
ਤੁਹਾਨੂੰ ਪੂਰੀ ਦੁਨੀਆਂ ਦੇ ਮੁਲਕਾਂ ਵਿੱਚੋਂ ਨਹੀਂ ਮਿਲੇਗਾ ਉਹ ਚੀਜ਼ ਭਾਰਤ ਵਿੱਚ
ਜ਼ਰੂਰ ਮਿਲ ਜਾਵੇਗੀ। ਬਈ ਇੰਡੀਆਂ ਦੀ ਪਹਿਚਾਣ ਹੀ ਕੋਈ ਅਲੱਗ ਜਿਹੀ ਹੈ। ਇਸ ਗੱਲ
ਦਾ ਝੱਟ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਭਾਈ ਇੰਡੀਆ ਆ ਗਿਆ। ਇੱਕ ਚੁਟਕਲਾ
ਮੈਨੂੰ ਧੁੰਦਲਾ-ਧੁੰਦਲਾ ਯਾਦ ਆ ਰਿਹਾ ਹੈ ਕਿ ਕੋਈ ਆਦਮੀਂ ਹੈਲੀ-ਕਾਪਟਰ ਵਿੱਚ
ਅਲੱਗ ਅਲੱਗ ਮੁਲਕਾਂ ਦੀ ਸੈਰ ਕਰਕੇ ਨਿਕਲੇ ਤਾਂ ਅੰਦਰ ਬੈਠੇ ਦੱਸਣ ਲੱਗੇ ਕਿ ਭਾਈ
ਇਹ ਆਹ ਮੁਲਕ ਆ। ਐਹ ਆ ਮੁਲਕ ਆ। ਫਿਰ ਜਦ ਇੰਡੀਆ ਦੀ ਵਾਰੀ ਆਈ ਤਾਂ ਇੱਕ ਜਣਾਂ
ਮਜ਼ਾਕ ਨਾਲ ਕਹਿਣ ਲੱਗਾ ਭਰਾਵਾ! ਇੰਡੀਆ ਆ ਗਿਆ ਈ। ਦੂਜਾ ਪੁੱਛਣ ਲੱਗਾ ਕਿ ਤੈਨੂੰ
ਕਿਵੇਂ ਪਤਾ ਲੱਗਾ ਕਿ ਇੰਡੀਆ ਆ ਗਿਆ। ਉਹ ਕਹਿਣ ਲੱਗਾ ਕਿ ਮੈਂ ਹੈਲੀ-ਕਾਪਟਰ
ਵਿੱਚੋਂ ਹੱਥ ਬਾਹਰ ਕੀਤਾ ਤਾਂ ਮੇਰੀ ਘੜੀ ਗਾਇਬ ਹੋ ਗਈ ਜਿਸਤੋਂ ਪਤਾ ਲੱਗ ਗਿਆ ਕਿ
ਯੇਹ ਇੰਡੀਆ ਹੈ, ਮੇਰੀ ਜਾਨ।
ਸਾਡਾ ਇਹ ਇੰਡੀਆਂ ਵਰਗਾ ਮੁਲਕ ਤਾਂ ਰਿਸਤਿਆਂ ਦੇ ਪੱਖ ਤੋਂ ਵੀ ਕਿਸੇ ਵੀ ਮੁਲਕ
ਤੋਂ ਮਾਤ ਨਹੀਂ ਖਾ ਰਿਹਾ। ਇਹ ਇਸ ਪੱਖ ਵਿੱਚ ਵੀ ਗੁਆਂਢੀ ਮੁਲਕਾਂ ਦੀਆਂ ਕੱਤੀਆਂ
ਕਢਾ ਗਿਆ ਹੈ। ਇੱਥੇ ਤਾਂ ਭਾਈ ਭੈਣ-ਭਰਾ, ਪਿਓ-ਧੀ, ਮਾਂ-ਪੁੱਤ ਆਦਿ ਜਿਹੇ ਰਿਸ਼ਤੇ
ਇਕੱਠੇ ਬੈਠ ਕੇ ਕੜ੍ਹੀ-ਚੌਲ ਖਾਂਦੇ ਦੇਖੇ-ਸੁਣੇ ਜਾ ਰਹੇ ਹਨ। ਸ਼ਾਇਦ ਤੁਸੀਂ ਸਾਰੇ
ਮੇਰੀ ਇਸ ਗੱਲ ਦਾ ਮਤਲਬ ਸਮਝ ਹੀ ਗਏ ਹੋਵੋਗੇ ਫਿਰ ਬਹੁਤਾ ਖਲਾਰਾ ਪਾਉਣ ਦੀ ਲੋੜ ਈ
ਮਹਿਸੂਸ ਨਹੀਂ ਹੁੰਦੀ। ਇੱਥੇ ਤਾਂ ਭਾਈ ਦੂਜੇ ਦੇਸ਼ਾਂ ਨੂੰ ਜਾਣ ਲਈ ਤੇ ਡਾਲਰ ਜਾਂ
ਪੈਸਾ ਆਦਿ ਕਮਾਉਣ ਦੀ ਹੋੜ ਵਿੱਚ ਰਿਸ਼ਤਿਆਂ ਦੀ ਵੀ ਬਲੀ ਚੜ੍ਹ ਰਹੀ ਦੇਖੀ ਸੁਣੀ
ਜਾ ਰਹੀ ਹੈ। ਪਿਓ-ਧੀ, ਭੈਣ-ਭਰਾ ਆਦਿ ਆਪਸ ਵਿੱਚ ਵਿਆਹ ਦਾ ਦਿਖਾਵਾ ਕਰ ਕੇ
ਬਾਹਰਲੇ ਮੁਲਕਾਂ ਨੂੰ ਭੱਜ ਰਹੇ ਹਨ।
ਹੁਣ
ਜ਼ਿਆਦਾ ਦੂਰ ਨਹੀਂ ਜਾਂਦੇ ਆਪਣੇ ਮੁਲਕ ਦੀ ਭ੍ਰਿਸ਼ਟਾਚਾਰੀ, ਬੇਕਾਰੀ, ਬੇ-ਰੁਜ਼ਗਾਰੀ,
ਘਪਲੇਬਾਜ਼ੀ ਤੇ ਗੁੰਡਾ-ਗਰਦੀ ਆਦਿ ਦਾ ਪੱਖ ਹੀ ਲੈ ਲਓ। ਇਹ ਮੁਲਕ ਤਾਂ ਦੂਜੇ
ਮੁਲਕਾਂ ਨੂੰ ਹੀ ਪਿੱਛੇ ਛੱਡ ਰਿਹਾ ਹੈ ਜੇਕਰ ਕੋਈ ਦੁਸ਼ਮਣੀ ਕੱਢਣੀ ਹੋਈ ਤਾਂ ਦੂਜੇ
ਮੁਲਕ ਵਿੱਚ ਵੀ ਜਾ ਕੇ ਕੱਢ ਹੋ ਜਾਂਦੀ ਹੈ ਤਾਂ ਖ਼ਬਰ ਕੀ ਆਉਂਦੀ ਹੈ ਕਿ ਫਲਾਣ ਦੇਸ਼
ਵਿੱਚ ਨੌਜਵਾਨ ਭਾਰਤੀ ਦਾ ਕਤਲ। ਮੰਨ ਲਓ ਸਾਡੇ ਇਸ ਮੁਲਕ ਦੀ ਭ੍ਰਿਸ਼ਟਾਚਾਰੀ ਜਾਂ
ਬੇਈਮਾਨੀ ਨਾਂ ਦੀ ਬੀਬੀ ਬਾਹਰਲੇ ਕਿਸੇ ਮੁਲਕ ਚ ਫ਼ੋਨ ਕਰਦੀ ਹੈ ਕਿ ਮੈਂ ਇੰਡੀਆ
ਤੋਂ ਫ਼ਲਾਣੀ ਭ੍ਰਿਸ਼ਟਾਚਾਰੀ ਜਾਂ ਬੇਈਮਾਨੀ ਬੋਲਦੀ ਹਾਂ ਤਾਂ ਦੂਜਾ ਸਮਝਦਾਰ ਮੁਲਕ
ਤਾਂ ਇਹ ਹੀ ਕਹੇਗਾ ਕਿ ਬੀਬੀ ਸਾਨੂੰ ਰਖ਼ੇਲ ਦੇ ਰੂਪ ਵਿੱਚ ਤੇਰੀ ਲੋੜ ਨਹੀਂ ਹੈ
ਜਾਂ ਮੈਂ ਤੇਰਾ ਝਾਲੂ ਨਹੀਂ। ਕਿਤੇ ਹੋਰ ਝਾਤ ਮਾਰ ਕੇ ਵੇਖ ਲੈਅ ਸ਼ਾਇਦ ਤੇਰੀ ਗੱਲ
ਬਣ ਈ ਜਾਵੇ।
ਹੋਰ ਤਾਂ ਹੋਰ ਜੀ ਅਸੀਂ ਤਾਂ ਇੰਡੀਆਂ ਦੀ ਇੰਨੀ ਜਾਣਕਾਰੀ ਜਾਂ ਸਮਝ ਦੇ ਵੀ
ਵਾਰੇ-ਨਿਆਰੇ ਜਾਂਦੇ ਹਾਂ ਕਿ ਇੰਡੀਆਂ ਦੇ ਲੋਕ ਤਾਂ ਦੂਰੋਂ ਤੁਰੀ ਆਉਂਦੀ ਕੁੜੀ
ਨੂੰ ਦੇਖ ਕੇ ਹੀ ਇਹ ਅੰਦਾਜਾ ਲਗਾ ਲੈਂਦੇ ਹਨ ਕਿ ਇਸ ਕੁੜੀ ਦਾ ਲੱਕ ਟਵੰਟੀ ਏਟ
ਹੈ, ਤਾਂ ਵੇਟ ਫੋਰਟੀ ਸੈਵਨ ਹੈ। ਫਿਰ ਕੁੜੀਆਂ ਨਾਲ ਹਮਦਰਦੀ ਏਨੀ ਹੋ
ਰਹੀ ਹੁੰਦੀ ਹੈ ਕਿ ਕੁੜੀ ਰਿਕਸ਼ੇ ਤੇ ਜਾ ਰਹੀ ਹੁੰਦੀ ਹੈ ਤੇ ਬੇਚਾਰੇ ਮਗਰ ਕਾਰਾਂ
ਤੱਕ ਵੀ ਲਗਾ ਕੇ ਉਸਨੂੰ ਲਿਫ਼ਟ ਦੇਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ।
ਹੋਰ
ਕਿਹੜੇ ਭੇਂਦ ਇੰਡੀਆ ਦਾ ਤੁਹਾਡੇ ਸਾਹਮਣੇ ਖੋਲ੍ਹੀਏ ਤੁਸੀਂ ਤਾਂ ਖੁਦ ਜਾਣੀ-ਜਾਣ
ਹੋ ਕਿ ਇੱਥੇ ਤਾਂ ਚੋਰ-ਉਚੱਕੇ, ਘਪਲੇਬਾਜ਼ਾ, ਅੱਯਾਸ਼ ਤੇ ਮੱਕਾਰਾਂ ਨੂੰ ਸੰਸਦ
ਵਿੱਚ ਵੀ ਇੱਜ਼ਤ ਦੇ ਕੇ ਬਿਠਾਇਆ ਜਾਂਦਾ ਹੈ। ਫਿਰ ਇਹ ਮੁਲਕ ਫਿਰ ਕਿਸ ਗੱਲੋਂ ਪਛੜ
ਕੇ ਰਹਿ ਸਕਦਾ ਹੈ ਭਲਾ। ਇੱਥੇ 29 ਰੁਪਏ ਦਿਹਾੜੀ ਕਮਾਉਣ ਵਾਲਾ ਅਮੀਰ ਹੈ ਤੇ
ਅਰਬਾਂ ਕਰੋੜਾਂ ਦੀ ਸੰਪਤੀ ਵਾਲੇ ਬੇਚਾਰੇ ਗਰੀਬੀ ਦੀ ਰੇਖਾ ਤੋਂ ਨੀਚੇ ਆ ਜਾਂਦੇ
ਹਨ ਤੇ ਦੇਸ਼ ਦਾ ਖ਼ਜ਼ਾਨਾ ਤੱਕ ਵੀ ਖ਼ਾਲੀ ਪਿਆ ਭਾਸਦਾ ਹੈ।
ਚਲੋ ਛੱਡੋ ਪਰ੍ਹਾਂ ਆਪਾਂ ਕੀ ਲੈਣਾਂ ਇਹੋ ਜਿਹੀ ਤਿਕੜਮਬਾਜ਼ੀ ਤੋਂ। ਚਲੋ ਆਪਾਂ
ਬਾਬਿਆਂ ਬਾਰੇ ਗੱਲ ਕਰਦੇ ਹਾਂ ਸਾਡੇ ਇੰਡੀਅਨ ਬਾਬਾ ਜੀ ਪੂਜਨੀਕ ਹਨ। ਬਾਬਾ ਜੀ ਦੀ
ਕੀਤੀ ਹੋਈ ਸੇਵਾ ਸਫ਼ਲ ਹੁੰਦੀ ਹੈ ਜੇਕਰ ਮਨ-ਚਿੱਤ ਲਾ ਕੇ ਕੀਤੀ ਜਾਵੇ ਤਾਂ। ਬਾਬਾ
ਜੀ ਵੀ ਤਰੱਕੀ ਵਾਲੇ ਰਾਹ ਅਪਣਾ ਰਹੇ ਹਨ। ਇੰਡੀਅਨ ਬਾਬਾ ਜੀ ਵੀ ਕਿਸੇ ਦੀ
ਨੂੰਹ-ਧੀ ਤੋਂ ਘੱਟ ਨਹੀਂ ਰਹੇ। ਹੁਣ ਤੱਕ ਭਾਈ ਇੰਡੀਅਨ ਬਾਬਾ ਜੀ ਵੀ ਐਮ.ਬੀ.ਏ
ਡਿਗਰੀ ਆਦਿ ਕੀਤੀਆਂ ਹੋਈਆਂ ਚੇਲੀਆਂ ਹੀ ਭਾਲਦੇ ਹਨ ਤੇ ਸੂਤ ਲੱਗ ਜਾਵੇ ਤਾਂ ਕਿਸੇ
ਗ਼ੁਪਤ ਥਾਂ ਤੇ ਜਾ ਕੇ ਵਿਆਹ ਵੀ ਰਚਾ ਲੈਂਦੇ ਹਨ। ਫਿਰ ਗੀਤ ਬਣਦਾ ਵੀ ਨਜ਼ਰ ਆਉਂਦਾ
ਹੈ ਕਿ ਪੱਟੂ ਚਾਰ ਪੰਜ ਕੁੜੀਆਂ ਟਿਕਾਈ ਫਿਰਦਾ। ਭਾਈ ਚਾਰ ਪੰਜ ਕੀ ਕਈ ਕਈ ਬੀਬੀਆਂ
ਬਾਬਿਆਂ ਵੱਲ ਆਕਰਸ਼ਿਤ ਹੋ ਕੇ ਟਿਕ ਜਾਂਦੀਆਂ ਹਨ। ਬਾਬੇ ਬਣ ਕੇ ਦੇਖੋ ਤਾਂ ਸਹੀ।
ਫਿਰ ਬਾਬੇ ,ਬੀਬੀਆਂ ਤੇ ਬੀਬੀਆਂ, ਬਾਬਿਆਂ ਦਾ ਨਾਂ ਜੱਪਦੇ ਹੋਏ ਨਜ਼ਰੀਂ ਪੈਂਦੇ
ਹਨ।
ਓਹ ਮੇਰੇ ਭੈਣੋ ਤੇ ਵੀਰੋ ਕਿਤੇ ਲੇਖ ਪੜ ਕੇ ਗੁੱਸਾ ਨਾ ਕਰ ਲੈਣਾ ਤੇ ਕਿਤੇ ਇਸ
ਲੇਖ ਤੇ ਨਾ ਕੋਈ ਲੇਖ ਲਿਖਣ ਲੱਗ ਜਾਣਾ ਭਾਈ ਤੁਸੀਂ ਤਾਂ ਸਾਰਿਆਂ ਨੇ ਮੇਰੇ ਇਸ
ਇੰਡੀਆਂ ਦਾ ਪੱਖ ਦੇਖਿਆ ਹੋਣੈ ਕਿ ਜੋ ਪੱਖ ਮੈਂ ਤੁਹਾਡੇ ਸਾਹਮਣੇ ਲਿਖਿਆ ਹੈ ਇਹ
ਬਹੁਤ ਪ੍ਰਤੀਸ਼ਤ ਸਹੀ ਵੀ ਹੈ। ਮੈਂ ਢੋਗੀ ਬਾਬਿਆਂ ਦੀ ਗੱਲ ਕੀਤੀ ਹੈ। ਫਿਰ ਮੇਰੇ
ਪਿਆਰੇ ਪਾਠਕੋ ਇਸ ਵਿੱਚ ਗੁੱਸੇ ਵਾਲੀ ਗੱਲ ਹੀ ਕੀ ਰਹਿ ਗਈ ਹੈ। ਭਾਈ - ਯੇ
ਦੁਨੀਆਂ ਇੱਕ ਦੁਲਹਨ ਹੈ---ਤੇ ਯੇਹ ਮੇਰਾ ਇੰਡੀਆ ਹੈ। ਵਾਕਇ ਵਤਨ ਮੇਰਾ ਇੰਡੀਆ
ਹੈ।
ਧੰਨਵਾਦ ਸਾਹਿਤ।
ਪਰਸ਼ੋਤਮ ਲਾਲ ਸਰੋਏ, 92175-44348 |