ਬੁਰ-ਰ-ਰ--ਅ!
ਬੂਹਾ ਖੋਲ੍ਹ ਦੇ ਨ੍ਹੀ ਪੱਟ ਦੂੰ ਚੋਗਾਠ! ਨਿੱਜ ਹੋਣਿਆ! ਅੱਜ ਫਿਰ ਕਿਸ ਖ਼ੁਸ਼ੀ ਚ
ਟੱਲੀ ਹੋ ਕੇ ਆ ਗਿਆ ਏਂ? ਤੇਰਾ ਰੋਜ਼ ਦਾ ਇਹ ਸ਼ਿਆਪਾ ਨਾ ਮੁੱਕਿਆ। ਕੱਲ੍ਹ- ਪਰਸ਼ੋ
ਜਦ ਡੱਫ਼ ਕੇ ਆਇਆ ਸੀ ਤਾਂ ਕਹਿੰਦਾ ਸੀ ਕਿ ਅੱਜ ਨਿਹਾਲੇ ਕਿਆਂ ਦੇ ਕਾਕਾ ਜੰਮਣ ਦੀ
ਖ਼ੁਸ਼ੀ 'ਚ ਪਾਰਟੀ ਤੇ ਗਿਆ ਸੀ। ਅੱਜ ਫਿਰ ਕਿਸ ਖ਼ੁਸ਼ੀ 'ਚ ਡੱਫ਼ੀ ਫਿਰਦਾ ਏਂ? ਮੈਂ
ਤਾਂ ਤੰਗ ਆ ਗਈ ਆਂ ਤੇਰੇ ਰੋਜ਼ ਰੋਜ਼ ਦੇ ਕੰਜ਼ਰਖ਼ਾਨੇ ਤੋਂ।
ਬੁਰ-ਰ-ਰ-ੜ-ਅ! ਅੱਛਾ ਚੱਲ ਛੱ-ਅ-ਡ ਖਾਂ, ਦ-ਅ-ਸ ਭਲਾ ਅੱਜ ਰੋਟੀ ਨਾਲ ਕੀ
ਚਾੜ੍ਹਿਆ ਐ। ਚਾੜ੍ਹਿਆ ! ਵੇ ਚਿਨ੍ਹੀਆਂ ਤੇਰੀਆਂ ਹੱਡੀਆਂ। ਨਾ-ਰਹਿਣਿਆ ਅੱਜ
ਪਹਿਲਾਂ ਮੈਨੂੰ ਇਹ ਦੱਸ ਇਹ ਕਿਸ ਖ਼ੁਸ਼ੀ 'ਚ ਡੱਫੀ ਐ? ਚੱਲ ਛ-ਅ-ਡ ਨਹੀਂ ਤਾਂ ਮੈਂ
ਮੁਰਗਾ ਲੈ ਕੇ ਆਵਾਂ? ਨਾ-ਰਹਿਣਿਆ ਖੜ੍ਹਾ ਤੇਰੇ ਤੋਂ ਹੋਇਆ ਨਹੀਂ ਜਾਂਦਾ। ਆਵੇਂਗਾ
ਤੂੰ ਲੈ ਕੇ ਮੁ-ਰ-ਗਾ ? ਹਰ ਵਿੱਚ ਖਾਣੇ ਦੇ ਲਾਲੇ ਪਏ ਨੇ ਤੇ ਇਹਨੂੰ ਮੁਰਗੇ ਦੀ
ਪਈ ਐ। ਅਖ਼ੇ! ਘਰ ਵਿੱਚ ਹੈ ਨਹੀਂ ਖਾਣ ਨੂੰ ਦਾਣੇ ਤੇ ਕੁੜੀ ਆਖੇ ਮੈਨੂੰ ਸੋਨੇ ਦਾ
ਹਾਰ ਬਣਾ ਦੇ। ਹਾ-ਅ-ਅ-ਏ! ਅਖੇ ਮਾਂ ਮਰ ਗਈ ਪੋਹ ਦੇ ਪਾਲੇ ਤੇ ਧੀ ਦਾ ਨਾਮ ਰਜਾਈ।
ਵੇ ਨਿੱਜ਼ ਹੋਣਿਆ ਹੁਣ ਮੈਂ ਤੈਨੂੰ ਕਿਵੇਂ ਸਮਝਾਵਾਂ?
ਸ਼-ਅ-ਅ ਚੁੱਪ ਕਰ ਜਾਹ ! ਭਾਗਬਾਨੇ ਤੂੰ ਕਿਹੜੀ ਗੱਲ ਦਾ ਫ਼ਿਕਰ ਕਰਦੀ ਪਈਂ ਏ। ਅੱਜ
ਕੱਤੀ ਤਰੀਕ ਏ! ਤੇਰੇ ਜਣਦਿਆਂ ਦੀ ਕੱਤੀ ਤਰੀਕ ਏ। ਓ ਹੋ ਗੁੱਸਾ ਕਾਹਨੂੰ ਕਰਦੀ
ਏਂ? ਸਵੇਰੇ ਨਵਾਂ ਸਾਲ ਚੜ੍ਹ ਜਾਣਾ ਹੈ ਤੇ ਇਸ ਖੁਸ਼ੀ 'ਚ ਬਸ-ਅ। ਵੇ ਨਾ ਹੋਣਿਆ ਘਰ
ਲੈ ਆਉਂਦਾ ਜੇ ਤੇਰੇ ਇੰਨਾ ਬਾਕਾ ਬਲਿਆ ਸੀ ਤਾਂ ਰਾਤ ਨੂੰ ਸੌਣ ਲੱਗਾ ਡੱਫ਼ ਲੈਂਦਾ?
ਵੇ ਕੰਜ਼ਰਪੁਰੇ ਦਿਆ ਕੰਜ਼ਰਾ ਮੈਂ ਸਵੇਰੇ ਹੀ ਫਲੀਣੇ ਮੜ੍ਹੀ ਵਾਲੇ ਸਾਧ ਕੋਲੋਂ ਕੇਈ
ਤੇਰਾ ਉਪਾਅ ਕਰਾਉਂਦੀ ਆਂ ਤੇਰਾ ਇਸ ਕੁਲੱਛਣੀ ਨੂੰ ਛੁਡਾਉਣ ਦਾ।
ਸਵੇਰੇ ਉੱਠਦੀ ਐ ਤੇ ਜਾਣ ਲੱਗੀ ਲਾਡੋ ਨੂੰ ਘਸੀਟਾ ਪੁੱਛਦਾ ਹੈ ਕਿਉਂ ਭਾਗਵਾਨੇ
ਸਵੇਰੇ ਈ ਬਣ ਠਣ ਕੇ ਕਿੱਥੇ ਚੱਲੀ ਏਂ? ਵੇ ਕੰਜ਼ਰਪੁਰੇ ਦਿਆ ਕੰਜ਼ਰਾ! ਚੱਲੀ ਆਂ
ਫਲਾਣੇ ਮੜ੍ਹੀ ਵਾਲੇ ਸਾਧ ਕੋਲੋਂ ਤੇਰਾ ਇਸ ਕੁਲਿਹਣੀ ਤੋਂ ਪਿਛਾ ਛਡਾਉਣ ਲਈ।
ਆਏ-ਹਾਏ! ਕਿਤੇ ਸੰਤਣੀ ਨਾ ਬਣ ਜਾਈ। ਬਣਨਾ ਈ ਪਊ ਤੇਰੇ ਇਸ ਕੰਜ਼ਰਪੁਣੇ ਤੋਂ ਤੰਗ ਆ
ਕੇ ਇੱਕ ਸੰਤਣੀਂ ਵੀ ਬਣ ਜਾਣਾ ਐਂ!
ਔਹ ਲੱਖ ਨਿਰੰਜ਼ਣ! ਮਜ਼ਾਕ ਦੇ ਲਹਿਜ਼ੇ 'ਚ ਬੀਬੀ ਦੂਰ ਦੂਰ ਕਾਹਤੋਂ ਬੈਠੀ ਏ! ਜ਼ਰਾ
ਨੇੜੇ ਤਾਂ ਆ। ਲਓ ਬਾਬਾ ਜੀ। ਬੀਬੀ ਦਸ ਭਲਾ ਕੀ ਦੁੱਖ ਐ ਤੈਨੂੰ ਬਾਬਾ ਜੀ ਮੈਂ
ਕੰਜ਼ਰਪੁਣੇ ਤੋਂ ਆਈ ਆਂ। ਮੇਰੇ ਘਰ ਵਾਲਾ ਰੋਜ਼ ਸ਼ਰਾਬ ਡੱਫ ਕੇ ਆਉਂਦਾ। ਮੂੰਹ 'ਚ
ਬੁੜ-ਬੁੜਾਂਦਾ ਹੋਇਆ ਬੀਬੀ ਤਾਂ ਠੀਕ ਠਾਕ ਐ। ਕੀ ਕਿਹਾ ਬਾਬਾ ਜੀ। ਬੀਬੀ ਕੁਝ
ਨਹੀਂ। ਦਸ ਭਲਾ ਤੇਰਾ ਘਰ ਵਾਲਾ ਕਦੋਂ ਦਾ ਇਸ ਸ਼ਰਾਬ ਦੀ ਲਤ ਲਗਾਈ ਬੈਠਾ ਐ। ਬਾਬਾ
ਜੀ ਇਸਨੂੰ ਨੂੰ ਤਾਂ ਬਹੁਤ ਸਾਲ ਹੋ ਗਏ ਨੇ।
ਅੱਛਾ ! ਬੀਬੀ ਤੈਨੂੰ ਬਾਬਿਆਂ ਕੋਲ ਰੋਜ਼ ਆਉਣਾ ਪਊ ਇਹ ਬਾਬੇ ਦੀਆਂ ਸੱਤ ਚੌਂਕੀਆਂ
ਭਰ ਲੈ। ਫੇਰ ਦੇਖ ਬਾਬਾ ਤੇਰੇ ਘਰ ਵਾਲੇ ਤੋਂ ਤੇਰਾ ਕਿਵੇਂ ਪਿੱਛਾ ਛੁਡਾਉਂਦਾ। ਕੀ
ਕਿਹਾ ਬਾਬਾ। ਕੁਛ ਨ੍ਹੀ ਬੀਬੀ ਬਸ ਮੈਂ ਤਾਂ ਤੇਰੇ ਘਰ ਵਾਲੇ ਦੇ ਸ਼ਰਾਬ ਦੀ ਗੱਲ ਕਰ
ਰਿਹਾ ਸੀ। ਚੱਲ ਆਹ ਲੈ ਪੁੜੀ ਰਾਖ਼ ਦੀ ਚੁਟਕੀ ਲੈ ਕੇ ਇੱਕ ਕਾਗ਼ਜ਼ ਦੀ ਪੁੜੀ ਬਣਾ ਕੇ
ਦਿੰਦਾ ਹੋਇਆ ਕਹਿੰਦਾ ਹੈ। ਰੋਜ਼ ਪਾਣੀ ਦੇ ਗਿਲਾਸ਼ 'ਚ ਘੋਲ ਕੇ ਪਿਲਾ ਦਿਆ ਕਰੀਂ।
ਚੰਗਾ ਬਾਬਾ ਜੀ।
ਅੱਜ ਸੱਤ ਦਿਨ ਹੋ ਗਏ ਬਾਬੇ ਦੀਆਂ ਚੌਂਕੀਆਂ ਭਰਦੀ ਤੇ ਬਾਬੇ ਦੀ ਸੇਵਾ ਕਰਦੀ ਨੂੰ
ਪਰ ਅਜੇ ਤੱਕ ਘਸੀਟੇ ਦੀ ਸ਼ਰਾਬ ਦੀ ਲਤ ਨਹੀਂ ਜਾ ਸਕੀ। ਬਾਬਾ ਜੀ ਅੱਜ ਸੱਤਵਾਂ ਦਿਨ
ਐ। ਪਰ ਅਜੇ ਤੱਕ ਇਹ । ਔਹ ਲੱਖ ਨਿਰੰਜ਼ਣ । ਬੀਬੀ ਤਾਂ .….. । ਜੇ ਸਾਡੀ ਸੰਤਣੀ ਈ
ਬਣ ਜਾਏ। ਫਿਰ ਕੁਝ ਸੋਚਦਾ ਹੋਇਆ ਬੀਬੀ। ਆਪਣੇ ਘਰ ਵਾਲੇ ਨੂੰ ਰੋਜ਼ ਇਹ ਦੁਹਾਈ
ਪਾਉਂਦੀ ਰਿਹਾ ਕਰ ਕਿ ਤੈਨੂੰ ਹਰ ਰੋਜ਼ ਨਵਾਂ ਸਾਲ ਆਵੇ। ਬਸ ਫਿਰ ਕੀ ਬੀਬੀ ਸ਼ਰਾਬ
ਆਪੇ ਛੁੱਟ ਜਾਣੀ ਤੇ ਇਧਰ ਸਾਡਾ ਵੀ ….. .। ਬਾਬਾ ਜੀ ਕੀ। ਕੁਝ ਨ੍ਹੀ ਬੀਬੀ। ਚੱਲ
ਹੁਣ ਤੂੰ ਜਾਹ ਤੇ ਕਦੇ ਕਦੇ ਬੀਬਿਆਂ ਨੂੰ …. . .।
ਬਸ ਫਿਰ ਕੀ ਬੀਬੀ ਨੇ ਰੋਜ਼ ਘਰ ਵਾਲੇ ਨੂੰ ਵੇ ਤੈਨੂੰ ਨਵਾਂ ਸਾਲ ਰੋਜ਼ ਆਵੇ। ਇਹ
ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ.।
ਉਸ ਸਾਧ ਨੇ ਬੀਬੀ ਨੂੰ ਇਹ ਗੱਲ ਇਸ ਲਈ ਕਹੀ ਹੋਵੇ ਕਿ ਉਸਨੂੰ ਇਸ ਗੱਲ ਦਾ ਗਿਆਨ
ਹੋਵੇ ਕਿ ਨਵੇਂ ਸਾਲ ਦਾ ਮਤਲਬ ਹੈ ਕਿ ਪਿਛਲਾ ਸਾਲ ਲੰਘ ਗਿਆ ਹੈ ਤੇ ਹੋਰ ਸਾਲ
ਸ਼ੁਰੂ ਹੋ ਗਿਆ ਹੈ। ਅਰਥਾਤ ਸਾਰੀ ਜ਼ਿੰਦਗੀ ਦੇ ਜਿੰਨੇ ਸ਼ਵਾਸ ਲਿਖੇ ਹਨ ਉਸ ਵਿਚਲਾ
ਇੱਕ ਸਾਲ ਘਟ ਗਿਆ ਹੈ। ਮੇਰੇ ਪਾਠਕੋ ਆਓ ਸਾਰੇ ਇਨ੍ਹਾਂ ਜਿੰਦਗੀ ਦੇ ਬਚਦੇ ਹੋਏ
ਸਾਲਾਂ ਵਿੱਚ ਕੋਈ ਐਸਾ ਕੰਮ ਕਰ ਦੇਈਏ ਕਿ ਆਉਣ ਵਾਲੀ ਪੀੜੀ ਦੇ ਲਈ ਇੱਕ ਮਿਸਾਲ
ਕਾਇਮ ਕਰ ਦੇਈਏ ਤੇ ਇੱਕ ਨਸ਼ਾ ਰਹਿਤ , ਵਹਿਮ ਰਹਿਤ ਸਮਾਜ ਸਿਰਜਣ ਦੀ ਲੋੜ ਤੇ ਜ਼ੋਰ
ਦੇਈਏ ਤੇ ਅੰਧ ਵਿਸ਼ਵਾਸਾਂ ਤੋਂ ਦੂਰ ਹੋ ਕੇ ਇਨ੍ਹਾਂ ਨਕਲੀ ਬਣੇ ਸਾਧਾਂ ਤੋਂ ਦੂਰ
ਰਹੀਏ ਤੇ ਹਰ ਨਵਾਂ ਸਾਲ ਸਾਡੀ ਲਈ ਖ਼ੁਸ਼ੀ ਦਾ ਸਾਲ ਬਣ ਸਕੇ। ਉਹ ਨਵਾਂ ਸਾਲ ਨਹੀਂ
ਜਿਸ ਦੀ ਦੁਹਾਈ ਕੰਜ਼ਰਪੁਰੇ ਵਾਲੇ ਘਸੀਟੇ ਦੀ ਬਹੁ ਲਾਡੋ ਪਾ ਰਹੀ ਹੈ।
ਧੰਨਵਾਦ ਸਾਹਿਤ।
ਪਰਸ਼ੋਤਮ ਲਾਲ ਸਰੋਏ, 92175-44348
|