WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਅੰਕਲ ਅੰਟੀ ਨੇ ਮਾਰ’ਤੇ ਚਾਚੇ ਤਾਏ ਭੂਆ ਫੁੱਫੜ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਮੇਰੇ ਇਸ ਲੇਖ ਦਾ ਸਿਰਲੇਖ ਪੜ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਸੇ ਆਦਮੀ-ਔਰਤ ਨੇ ਮਿਲ ਕੇ ਕੁੱਝ ਵਿਅਕਤੀਆਂ ਦਾ ਕਤਲ ਕਰ ਦਿੱਤਾ ਹੈ ਪਰ ਅਜਿਹੀ ਗੱਲ ਨਹੀਂ ਹੈ। ਅਸਲ ਵਿੱਚ ਇਸ ਲੇਖ ਦਾ ਮੁੱਖ ਮਨੋਰਥ ਇਹ ਹੈ ਕਿ ਅੰਗਰੇਜ਼ੀ ਕਲਚਰ ਦਾ ਭਾਰਤੀ ਅਤੇ ਖਾਸਕਰ ਪੰਜਾਬੀ ਸੰਸਕ੍ਰਿਤੀ ਤੇ ਇੰਨਾਂ ਜਿਆਦਾ ਅਤੇ ਗਹਿਰਾ ਪ੍ਰਭਾਵ ਪਿਆ ਹੈ ਕਿ ਮੈਨੂੰ ਇਹ ਗੱਲ ਕਹਿਣ ਲਈ ਮਜਬੂਰ ਹੋਣਾ ਪਿਆ ਹੈ ਕਿ ਪੱਛਮੀ ਸਮਾਜ ਦੇ ਅੰਕਲ ਅੰਟੀ  ਸ਼ਬਦ ਨੇ ਭਾਰਤੀ ਰਿਸ਼ਤਿਆਂ ਦੇ ਮੋਹ ਭਿੱਜੇ ਸ਼ਬਦਾਂ ਚਾਚੇ ਤਾਏ ਭੂਆ ਅਤੇ ਫੁੱਫੜ ਦਾ ਕਤਲ ਕਰ ਦਿੱਤਾ ਹੈ।

ਵਿਅੰਗ ਲੱਗਣ ਵਾਲੇ ਇਸ ਗੰਭੀਰ ਵਿਸ਼ੇ ਬਾਰੇ ਆਪਣੇ ਸੂਝਵਾਨ ਪਾਠਕਾਂ ਨਾਲ ਚਰਚਾ ਕਰਨ ਬਾਰੇ ਮੈਨੂੰ ਕਿਸੇ ਪੰਜਾਬੀ ਹਿਤੈਸ਼ੀ ‘ਵਿਦਵਾਨ’ ਜਾਂ ਲਾਉਡ ਸਪੀਕਰਾਂ  ਵਿੱਚ ਉੱਚੀ ਉੱਚੀ ਰੌਲਾ ਪਾ ਕੇ ਪੰਜਾਬੀ ਮਾਂ ਬੋਲੀ ਦੀ ‘ਸੇਵਾ’ ਕਰਨ ਵਾਲੇ ਕਿਸੇ ਲੀਡਰ ਨੇ ਪ੍ਰੇਰਿਤ ਨਹੀਂ ਕੀਤਾ ਬਲਕਿ ਸ਼ਾਹੀ ਅਨਪੜ ਤਾਈ ਨਿਹਾਲ ਕੌਰ, ਜਿਹੜੀ ਹੁਣ ਤਾਈ ਤੋਂ ‘ਅੰਟੀ’ ਬਨਣ ਦਾ ਸੰਤਾਪ ਅਕਸਰ ਹੀ ਭੋਗਦੀ ਰਹਿੰਦੀ ਹੈ, ਨੇ ਇਸ ਸਮੱਸਿਆ ਬਾਰੇ ਲਿਖਣ ਲਈ ਮੈਨੂੰ ਸੁਚੇਤ ਕੀਤਾ ਹੈ, ਜਿਸੇ ਦੇ ਸਿੱਟੇ ਵੱਜੋਂ ਇਹ ਲੇਖ ਆਪ ਸੂਝਵਾਨ ਪਾਠਕਾਂ ਦੇ ਸਾਹਮਣੇ ਹਾਜ਼ਰ ਹੈ।

ਪਿੰਡੋਂ ਸ਼ਹਿਰ ਲਈ ਚੱਲੀ ਤਾਈ ਨਿਹਾਲੋ ਨੂੰ ਬੱਸ ਵਿੱਚ ਬੈਠੇ ਇੱਕ ਸ਼ਹਿਰੀ ਮੁੰਡੇ ਨੇ ‘ਅੰਟੀ’ ਕੀ ਕਹਿ ਦਿੱਤਾ ਤਾਈ ਨੇ ਤਾਂ ਪੂਰੀ ਬੱਸ ਨੂੰ ਹੀ ਭਾਜੜ ਪਾ ਦਿੱਤੀ। ਤਾਈ ਨੇ ਉਸ ਅੰਗਰੇਜ਼ ਮੁੰਡੇ ਨੂੰ ਚੰਗੀ ਪੰਜਾਬੀ ਪੜਾਈ। ਬੱਸ ਵਿੱਚ ਪੰਜਾਬੀ ਦੀ ਕਲਾਸ ਲੈ ਮਗਰੋਂ ਜਦੋਂ ਤਾਈ ਸਾਡੇ ਘਰ ਆਈ ਤਾਂ ਉਸ ਨੇ ਇਸ ਘਟਨਾ ਬਾਰੇ ਅਤੇ ਪੰਜਾਬੀ ਮਾਂ ਬੋਲੀ ਦੇ ਇਸ ਹਸ਼ਰ ਬਾਰੇ ਮੇਰੇ ਨਾਲ ਗੱਲਬਾਤ ਕੀਤੀ। ਉਸ ਦੀਆਂ ਗੱਲਾਂ ਤੋਂ ਮੈਨੂੰ ਅਹਿਸਾਸ ਹੋਇਆ ਕਿ ਸੱਚਮੁੱਚ ਅੱਜ ਪੰਜਾਬੀ ਸੰਤਾਪ ਭੋਗ ਰਹੀ ਹੈ ਅਤੇ ਆਮ ਜਨਜੀਵਨ ਵਿੱਚੋਂ ਪੰਜਾਬੀ ਸ਼ਬਦ ਅਲੋਪ ਹੁੰਦੇ ਜਾ ਰਹੇ ਹਨ।

ਇਸ ਹਕੀਕਤ ਤੋਂ ਅਸੀਂ ਪਾਸਾ ਨਹੀਂ ਵੱਟ ਸਕਦੇ ਕਿ ਅੱਜ ਤੋਂ ਕੁੱਝ ਸਾਲ ਪਹਿਲਾਂ ਤੱਕ ਪਿੰਡਾਂ ਵਿੱਚ ਚਾਚੇ, ਤਾਏ, ਭੂਆ ਅਤੇ ਫੁੱਫੜ ਨਜ਼ਰ ਆਉਂਦੇ ਸਨ ਪਰ ਅੱਜ ਇਹ ਜਗ੍ਹਾਂ ਅੰਕਲ ਅਤੇ ਅੰਟੀ  ਨੇ ਲੈ ਲਈ ਹੈ।

ਪੰਜਾਬੀ ਸਭਿਆਚਾਰ ਵਿੱਚ ਲੁਕਿਆ ਪਿਆਰ, ਮੁਹਬੱਤ, ਸਨੇਹ ਅਤੇ ਆਪਣਾਪਣ ਅੱਜ ਕੇਵਲ ਬਨਾਵਟੀ ਰਸਮ ਬਣ ਕੇ ਰਹਿ ਗਿਆ ਹੈ। ਕੋਈ ਮਾਸੀ ਨਹੀਂ ਰਹੀ, ਕੋਈ ਭੂਆ ਨਹੀਂ ਰਹੀ, ਕੋਈ ਮਾਮਾ ਨਹੀਂ ਰਿਹਾ ਅਤੇ ਕੋਈ ਚਾਚਾ ਨਹੀਂ ਰਿਹਾ……ਰਹਿ ਗਿਆ ਹੈ ਤਾਂ ਬੱਸ ਅੰਕਲ-ਅੰਟੀ  ਦਾ ਬਨਾਵਟੀ ਰਿਸ਼ਤਾ। ਅੱਜ ਤੋਂ ਕੁੱਝ ਸਾਲ ਪਹਿਲਾਂ ਪਿੰਡਾਂ ਵਿੱਚ ਜੇਕਰ ਕਿਸੇ ਪਰਿਵਾਰ ਦਾ ਕਿਸੇ ਦੂਜੇ ਪਰਿਵਾਰ ਨਾਲ ਰਿਸ਼ਤਾ ਨਹੀਂ ਸੀ ਹੁੰਦਾ ਫਿਰ ਵੀ ਪਿੰਡ ਦੇ ਜੁਆਕਾਂ ਲਈ ਉਹ ਆਪਣੇ ਹੁੰਦੇ ਸਨ ਅਤੇ ਜੁਆਕ ਉਸ ਘਰ ਦੇ ਆਦਮੀਆਂ ਨੂੰ ਚਾਚਾ ਜਾਂ ਤਾਇਆ ਅਤੇ ਔਰਤਾਂ ਨੂੰ ਚਾਚੀ ਜਾਂ ਤਾਈ ਕਿਹਾ ਕਰਦੇ ਸਨ। ਇਹਨਾਂ ਸ਼ਬਦਾਂ ਵਿੱਚੋਂ ਆਪਸੀ ਪਿਆਰ ਅਤੇ ਮੁਹਬੱਤ ਦੀ ਖੁਸ਼ਬੂ ਆਉਂਦੀ ਹੁੰਦੀ ਸੀ। ਪਰ ਜਿਵੇਂ-ਜਿਵੇਂ ਅਸੀਂ ਅੰਗਰੇਜ਼ ਬਨਣ ਦੀ ਨਕਲ ਕੀਤੀ ਚਾਚੇ, ਤਾਏ, ਭੂਆ ਅਤੇ ਫੁੱਫੜ ਦੀ ਜਗ੍ਹਾ ਅੰਗਰੇਜ਼ੀ ਦੇ ਸ਼ਬਦ ਅੰਕਲ ਅੰਟੀ  ਨੇ ਲੈ ਲਈ।

ਇਹ ਲੇਖ ਪੜ ਰਹੇ ਪਾਠਕ ਸ਼ਾਇਦ ਇਹ ਸੋਚ ਰਹੇ ਹੋਣਗੇ ਕਿ ਮੈਂ ਅੰਗਰੇਜ਼ੀ ਵਿਰੋਧੀ ਹਾਂ ਪਰ ਅਜਿਹੀ ਗੱਲ ਨਹੀਂ ਹੈ। ਅੰਗਰੇਜ਼ੀ ਇੱਕ ਅੰਤਰਰਾਸ਼ਟਰੀ ਭਾਸ਼ਾ ਹੈ ਅਤੇ ਇਸ ਦਾ ਗਿਆਨ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਜਿਹੜੀ ਸਾਡੀ ਮਾਂ ਬੋਲੀ ਹੈ ਉਸ ਦਾ ਸਤਿਕਾਰ ਸਭ ਤੋਂ ਜਿਆਦਾ ਜ਼ਰੂਰੀ ਹੈ। ਸਿਆਣੇ ਕਹਿੰਦੇ ਹਨ ਕਿ “ਜਿਹੜਾ ਵਿਅਕਤੀ ਆਪਣੀ ਮਾਂ ਦਾ ਸਤਿਕਾਰ ਨਹੀਂ ਕਰ ਸਕਦਾ ਉਹ ਆਪਣੀ ਮਾਸੀ ਦਾ ਸਤਿਕਾਰ ਕਿਸ ਤਰ੍ਹਾਂ ਕਰ ਸਕਦਾ ਹੈ?”

ਜੇਕਰ ਅਸੀਂ ਆਪਣੀਆਂ ਮਾਸੀਆਂ, ਭੂਆ, ਚਾਚੀਆਂ ਅਤੇ ਤਾਈਆਂ ਨੂੰ ਇਸੇ ਤਰ੍ਹਾਂ ਅੰਟੀ  ਕਹਿੰਦੇ ਗਏ ਅਤੇ ਚਾਚਿਆਂ ਤਾਇਆਂ ਨੂੰ ਅੰਕਲ  ਬਣਾਈ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸ਼ਾਇਦ ਇਹਨਾਂ ਸ਼ਬਦਾਂ ਤੋਂ ਹੀ ਅਣਜਾਨ ਹੋ ਜਾਨ ਕਿ ਚਾਚਾ ਕੌਣ ਹੁੰਦਾ ਹੈ ਅਤੇ ਤਾਇਆ ਕੌਣ ਹੁੰਦਾ ਹੈ? ਇਸ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੋਵੇਗੀ।

ਪੰਜਾਬੀ ਸਭਿਆਚਾਰ ਵਿੱਚ ਇੱਕ ਹੋਰ ਨਵੀਂ ਮੁਸੀਬਤ ਅੱਜ ਸਾਡੇ ਸਾਹਮਣੇ ਆ ਰਹੀ ਹੈ ਅਤੇ ਉਹ ਇਹ ਹੈ ਕਿ ਇਹਨਾਂ ਅੰਗਰੇਜ਼ੀ ਸ਼ਬਦਾਂ ਨੂੰ ਆਪਣੇ ਮਨ ਮੁਤਾਬਿਕ ਪ੍ਰਯੋਗ ਕਰਨਾ। ਅੰਕਲ-ਅੰਟੀ ਅਤੇ ਮੰਮੀ-ਡੈਡੀ ਤੱਕ ਤਾਂ ਚਲੋ ਬਰਦਾਸ਼ਤ ਕੀਤਾ ਜਾ ਸਕਦਾ ਹੈ ਪਰ ਪੰਜਾਬੀਆਂ ਨੇ ਆਪਣੇ ਸੁਭਾ ਮੁਤਾਬਿਕ ਇੱਥੇ ਵੀ ਅਦਲਾ-ਬਦਲੀ ਕਰ ਲਈ ਹੈ। ਅੱਜ ਦੇ ਮੰਮੀ-ਡੈਡੀ ਵੀ ਮੋਮ-ਡੈਡ ਬਣ ਗਏ ਹਨ। ਪਤਾ ਨਹੀਂ ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ… ਰੱਬ ਹੀ ਜਾਣੇ।

ਪੰਜਾਬੀ ਸਭਿਆਚਾਰ ਵਿੱਚ ਲੁਕਿਆ ਪਿਆਰ, ਮੁਹਬੱਤ ਅਤੇ ਸਨੇਹ ਇਹਨਾਂ ਅੰਗਰੇਜ਼ੀ ਸ਼ਬਦਾਂ ਦੀ ਭੇਂਟ ਚੜ ਗਿਆ ਲੱਗਦਾ ਹੈ। ਆਪਣੇ ਸਕੇ ਤਾਏ ਚਾਚੇ ਵੀ ਅੰਕਲ ਅਤੇ ਬੱਸ, ਰੇਲ ਵਿੱਚ ਮਿਲਿਆ ਕੋਈ ਅਣਜਾਨ ਵਿਅਕਤੀ ਵੀ ਅੰਕਲ। ਫਿਰ ਮੁਹਬੱਤ, ਸਨੇਹ ਅਤੇ ਪਿਆਰ ਕਿੱਥੇ ਹੈ?

ਪੰਜਾਬੀ ਸਭਿਆਚਾਰ ਵਿੱਚ ਰਿਸ਼ਤਿਆਂ ਲਈ ਤਾਂ ਅਮੁੱਲ ਪਿਆਰ ਅਤੇ ਮੁਹਬੱਤ ਭਰੀ ਪਈ ਹੈ ਪਰ ਇਹ ਅੰਕਲ-ਅੰਟੀ ਪੰਜਾਬੀ ਸਭਿਆਚਾਰ ਦਾ ਅੰਗ ਹੀ ਨਹੀਂ ਹਨ। ਇਸ ਲਈ ਇਹਨਾਂ ਵਿੱਚ ਆਪਸੀ ਪਿਆਰ ਅਤੇ ਆਪਣੇਪਣ ਦੀ ਖੁਸ਼ਬੂ ਨਹੀਂ ਆਉਂਦੀ।

ਆਧੁਨਿਕ ਸੁੱਖ-ਸੁਵਿਧਾਵਾਂ ਪ੍ਰਾਪਤ ਕਰਨ ਲਈ ਅਜੋਕਾ ਮਨੁੱਖ ਅਜਿਹੀ ਭੱਜ-ਦੋੜ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਕਿ ਉਸ ਕੋਲ ਸਮਾਜਕ ਕਦਰਾਂ-ਕੀਮਤਾਂ ਨਹੀਂ ਸਮਾਂ ਹੀ ਨਹੀਂ ਹੈ। ਪਰ ਹੁਣ ਲੋੜ ਹੈ ਪੰਜਾਬੀਆਂ ਨੂੰ ਸੁਚੇਤ ਹੋਣ ਦੀ, ਪੰਜਾਬੀ ਬੋਲੀ ਨੂੰ ਬਚਾਉਣ ਦੀ, ਨਹੀਂ ਤਾਂ ਬੜੀ ਦੇਰ ਹੋ ਜਾਵੇਗੀ ਅਤੇ ਫਿਰ ਸਿਵਾਏ ਪਛਤਾਵੇ ਦੇ ਸਾਡੇ ਹੱਥ ਕੁੱਝ ਵੀ ਨਹੀਂ ਹੋਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ।

ਅੱਲਾ ਮਿਹਰ ਕਰੇ ਅਸੀਂ ਆਪਣੀ ਮਾਂ ਬੋਲੀ ਦੇ ਸਤਿਕਾਰ ਲਈ ਉਪਰਾਲੇ ਕਰ ਸੱਕਣ ਦੇ ਸਮਰੱਥ ਹੋ ਸਕੀਏ। ਇਹੀ ਅਰਦਾਸ ਹੈ ਮੇਰੀ……।

hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2009, 5abi.com