ਸ਼ਬਦ ਖੰਡ
ਸ਼ਾਬਦਿਕ ਸਬੂਤ ਸ਼ਬਦ ਨਿਰੂਪਣ
'ਸ਼ਬਦ' ਇਕ ਪ੍ਰਮਾਣ ਹੈ ਜੇਕਰ ਇਹ, ਕਿਸੇ ਪੁਰਸ਼ ਦੁਆਰਾ, ਇਸ ਦੇ ਸਹੀ ਅਰਥ ਦੇ ਗਿਆਨ
ਦੇ ਆਧਾਰ ‘ਤੇ ਉਚਰਿਆ ਗਿਆ ਹੋਵੇ। ਜੈਸੇ, ‘ਘੋੜਾ ਦੌੜਦਾ ਹੈ’, ਇਕ ਪ੍ਰਮਾਣ ਹੈ ਜੇਕਰ
ਇਹ ਉਸ ਪੁਰਸ਼ ਰਾਹੀ ਉਚਰਿਆ ਗਿਆ ਹੋਵੇ ਜਿਸ ਨੂੰ ਇਸ ਦੇ ਅਰਥ ਦਾ ਸਹੀ ਗਿਆਨ ਹੈ। ਇਸ
ਤਰ੍ਹਾਂ ਵੈਧ ਗਿਆਨ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਨੂੰ ਸ਼ਬਦ-ਪ੍ਰਮਾਣ
ਕਿਹਾ ਜਾਂਦਾ ਹੈ। ਉਸ ਪੁਰਸ਼ ਰਾਹੀ ਉਚਰਿਆ ਸ਼ਬਦ ਜਿਸ ਨੂੰ ਇਸ ਦੇ ਅਰਥ ਦਾ ਨਹੀ ਪਤਾ,
ਉਹ ਗਿਆਨ ਪੈਦਾ ਕਰਦਾ ਹੈ ਜਿਸ ਦੀ ਵੈਧਤਾ ਅਨਿਸ਼ਚਿਤ ਹੁੰਦੀ ਹੈ।
ਸ਼ਬਦ-ਬੋਧ
ਸ਼ਬਦ ਨਾਲ ਪ੍ਰਾਪਤ ਗਿਆਨ ਨੂੰ ‘ਸ਼ਬਦ ਬੋਧ’ ਵੀ ਕਿਹਾ ਜਾਂਦਾ ਹੈ। ਇਹ ਉਨ੍ਹਾਂ ਵਸਤੂਆਂ
ਦੇ ਪਰਸਪਰ (ਅਨ੍ਯੋਨ੍ਯ ) ਸੰਬੰਧਾਂ ਦਾ ਗਿਆਨ ਹੈ ਜਿਹੜੀਆਂ ਸ਼ਬਦਾਂ ਰਾਹੀ
ਸੰਕੇਤਕ ਹੁੰਦੀਆਂ ਹਨ, ਉਹ ਸ਼ਬਦ ਜੋ ਆਕਾਂਕਸ਼ਾ , ਇਕਸੁਰਤਾ,
ਸਪਰਸ਼ਤਾ ਅਤੇ ਅਰਥ-ਸਮਰਥਾ ਰੱਖਣ ਦੇ ਨਾਲ ਨਾਲ ਮਨੋਰਥ ਦਾ
ਪ੍ਰਗਟਾਵਾ ਵੀ ਕਰਦੇ ਹੋਣ। ਜਿਸ ਪ੍ਰਕ੍ਰਿਆ ਰਾਹੀਂ ਸ਼ਬਦ-ਬੋਧ ਪੈਦਾ ਹੁੰਦਾ ਹੈ ਉਹ ਇਸ
ਪ੍ਰਕਾਰ ਹੈ:
- ਸ਼ਬਦਸ੍ਯ ਸ਼੍ਰਵਣਮ - ਪਹਿਲਾ, ਸ਼ਬਦ ਦਾ ਸੁਣਨਾ ਅਰਥਾਤ ਸ਼ਬਦ ਦਾ ਸ਼੍ਰਵਣ
ਕਰਨਾ,
- ਅਰਥਸ੍ਯ ਸਮਰਣਮ –- ਸ਼ਬਦਾਂ ਦੁਆਰਾ ਸੂਚਕ ਚੀਜ਼ਾਂ ਦਾ ਚੇਤੇ ਕਰਨਾ
(ਸਮਰਣ),
- ਇਸ ਤਰ੍ਹਾ ਸਮਰਣ ਕੀਤੀਆਂ ਚੀਜ਼ਾਂ ਦੇ ਪਰਸਪਰ ਸੰਬੰਧਾਂ ਦਾ ਗਿਆਨ (ਸੰਸਰਗ
ਬੋਧ)। ਇਸ ਕਦਮ ਦਾ ਗਿਆਨ ਹੀ ਸ਼ਬਦ-ਬੋਧ ਮੰਨਿਆ ਜਾਂਦਾ ਹੈ ਕਿਉਂਕਿ ਇਹ ਪਹਿਲੇ
ਕਦਮਾਂ ਦੀ ਇਕੱਠੀ ਕੀਤੀ ਜਾਣਕਾਰੀ ਨੂੰ ਇਕੱਤਰ ਕਰਨ ਨਾਲ ਪੈਦਾ ਹੁੰਦਾ ਹੈ।
- ਆਖਰ ਵਿਚ ਇਸ ਗਿਆਨ ਦੀ ਸਵੈ-ਚੇਤਨਾ (ਅਨੁਵ੍ਯਵਸਾਯ) ਇਸ ਰੂਪ ਵਿਚ
ਪੈਦਾ ਹੁੰਦੀ ਹੈ: “ਮੈਨੂੰ ਇਸ ਚੀਜ਼ ਦਾ ਗਿਆਨ ਹੈ.....”
ਸ਼ਬਦ ਪ੍ਰਮਾਣਵਾਦ
(ੳ) ਕੀ ਇਸ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਸ਼ਬਦ ਇਕ ਪ੍ਰਮਾਣ ਹੈ?
- ਇਕ ਸਾਧਨ ਜਾਂ ਕਰਣ (ਯੰਤਰ) ਉਹ ‘ਕਾਰਣ’ ਹੈ ਜਿਹੜਾ ਜਦੋਂ ਸਰਗਰਮ ਹੁੰਦਾ ਹੈ
ਤਾਂ ਆਪਣਾ ‘ਕਾਰਜ’ ਅਵੱਸ਼ ਹੀ ਪੈਦਾ ਕਰਦਾ ਹੈ। ਬੋਧੀਆਂ ਦਾ ਮੰਨਣਾ ਹੈ ਕਿ ‘ਸ਼ਬਦ’
ਐਸਾ ਸਾਧਨ ਨਹੀ ਹੈ, ਭਾਵੇ ਇਹ ਕਿਸੇ ਐਸੇ ਪੁਰਸ਼ ਰਾਹੀ ਉਚਾਰਿਆ ਜਾਵੇ ਜੋ ਇਸ ਦਾ ਅਰਥ
ਜਾਣਦਾ ਹੈ, ਫਿਰ ਵੀ ਗਿਆਨ ਪੈਦਾ ਨਹੀ ਕਰਦਾ ਜਦੋਂ ਤਕ ਇਸ ਨਾਲ ਆਕਾਂਕਸ਼ਾ,
ਯੋਗ੍ਯਤਾ ਆਦਿ ਦਾ ਸਾਥ ਨਾ ਹੋਵੇ। ਇਸ ਲਈ ਬੋਧੀਆਂ ਦੇ ਕਹਿਣ ਅਨੁਸਾਰ
ਸ਼ਬਦ ਨੂੰ ਇਕ ਪ੍ਰਮਾਣ ਨਹੀ ਮੰਨਿਆ ਜਾ ਸਕਦਾ।
ਗੰਗੇਸ਼, ਅਵੱਸ਼ ਹੀ ਸ਼ਬਦ ਨੂੰ ਪ੍ਰਮਾਣ ਮੰਨਦੇ ਹਨ। ਬੋਧੀਆਂ ਦੀ ਵਿਰੋਧਤਾ ਕਰਦੇ
ਹੋਏ ਉਹ ਉਨ੍ਹਾਂ ਤੋਂ ਪੁੱਛਦੇ ਹਨ ਕਿ ਜੇ ਉਹ ਸ਼ਬਦ ਨੂੰ ਪ੍ਰਮਾਣ ਨਹੀ ਮੰਨਦੇ ਤਾਂ
ਉਨ੍ਹਾਂ ਦਾ ਇਹ ਕਥਨ ਕਿ “ਸ਼ਬਦ ਪ੍ਰਮਾਣ ਨਹੀ ਹੈ” ਕਿਸ ਤਰ੍ਹਾ ਠੀਕ ਮੰਨਿਆ ਜਾ ਸਕਦਾ
ਹੈ। ਸ਼ਾਬਦਿਕ ਸਬੂਤ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਦੇ ਆਪਣੇ ਸ਼ਬਦਾਂ ਨੂੰ ਵੈਧ ਨਹੀ
ਮੰਨਿਆ ਜਾ ਸਕਦਾ। ਇਸ ਦੇ ਵਿਪਰੀਤ ਜੇ ਉਨ੍ਹਾਂ ਦੇ ਸ਼ਬਦਾਂ ਨੂੰ ਵੈਧ ਮੰਨਿਆ ਜਾਂਦਾ
ਹੈ ਤਾਂ ਉਨ੍ਹਾਂ ਨੂੰ ਆਪਣੇ ਇਸ ਦਾਅਵੇ ਨੂੰ ਤਿਆਗਣਾ ਹੋਏਗਾ ਕਿ “ਸ਼ਬਦ ਇਕ ਪ੍ਰਮਾਣ
ਨਹੀ ਹੈ।“ ਇਸ ਲਈ ਬੋਧੀਆਂ ਦਾ ਇਹ ਤਕਰਾਰ ਨਿਰਮੂਲ ਹੈ ਅਤੇ ਸ਼ਬਦ ਅਵੱਸ਼ ਹੀ ਪ੍ਰਮਾਣ
ਹੈ। ਪ੍ਰੰਤੂ ਇਸ ਦੇ ਨਾਲ ਹੀ, ਸ਼ਬਦ ਤਾਂ ਹੀ ਪ੍ਰਮਾਣ ਬਣ ਸਕਦਾ ਹੈ ਜੇਕਰ ਇਸ ਵਿਚ
ਆਕਾਂਕਸ਼ਾ, ਯੋਗ੍ਯਤਾ ਆਦਿ ਗੁਣ ਸ਼ਾਮਲ ਹੋਣ।
ਸ਼ਬਦ ਨੂੰ ਸਾਧਨ ਜਾਂ ਕਰਣ ਇਸ ਲਈ ਮੰਨਿਆ ਗਿਆ ਹੈ ਕਿਉਂਕਿ ਇਹ
ਗਿਆਨ ਦਾ ਪ੍ਰਮੁੱਖ ਕਾਰਣ ਹੈ, ਜਦ ਕਿ ਆਕਾਂਕਸ਼ਾ, ਯੋਗ੍ਯਤਾ ਆਦਿ ਸਿਰਫ ਸਹਿਯੋਗੀ
ਕਾਰਣ ਜਾਂ ਉਪਾਧੀਆਂ ਹਨ। ਇੱਥੇ ਇਹ ਕਹਿਣਾ ਉਚਿੱਤ ਹੋਏਗਾ ਕਿ ਉਪਾਧੀਆਂ ਤੋਂ ਬਗੈਰ
ਸਿਰਫ ਇਕ ਹੀ ਕਾਰਣ ਆਪਣਾ ਕਾਰਜ ਪੈਦਾ ਨਹੀ ਕਰ ਸਕਦਾ।
(ਅ) ਕੀ ਸ਼ਬਦਬੋਧ ਪ੍ਰਤਿਅਕਸ਼ ਵਿਚ ਸੰਮਿਲਿਤ ਹੈ?- ਬੋਧੀਆਂ ਦਾ
ਕਹਿਣਾ ਹੈ ਕਿ ਸ਼ਬਦ ਸਾਡੇ ਅੰਦਰ ਮਾਨਸਿਕ ਪ੍ਰਤਿਅਕਸ਼ ਪੈਦਾ ਕਰਨ ਦਾ ਕੰਮ ਕਰਦਾ ਹੈ
ਜਿਸ ਨਾਲ ਸ਼ਬਦ ਰਾਹੀਂ ਸੂਚਕ ਚੀਜ਼ਾਂ ਦੀ ਯਾਦ (ਜਾਂ ਉੱਤੇਜਨਾ) ਪੈਦਾ ਹੁੰਦੀ
ਹੈ। ਜਦੋਂ ਅਸੀਂ ਸ਼ਬਦ ਸੁਣਦੇ ਹਾਂ, ਜੈਸੇ “ਸ਼ਬਦ ਇਕ ਪ੍ਰਮਾਣ ਨਹੀ ਹੈ” ਤਾਂ ਸਾਡੇ
ਅੰਦਰ ਇਸ ਰਾਹੀਂ ਸੂਚਕ ਚੀਜ਼ਾਂ ਦੀ ਯਾਦ ਪੈਦਾ ਹੁੰਦੀ ਹੈ, ਜਿਸ ਦਾ ਸਰੂਪ ਗਿਆਨ ਵਾਲਾ
ਹੈ ਅਤੇ ਅਸੀ ਉਹ ਚੀਜ਼ ਆਪਣੇ ਮਨ ਵਿਚ ਅਨੁਭਵ ਕਰਦੇ ਹਾਂ। ਕਿਉਂਕਿ ਸ਼ਬਦ ਇਸ ਤਰ੍ਹਾਂ
ਦਾ ਮਾਨਸਿਕ ਪ੍ਰਤਿਅਕਸ਼ ਪੈਦਾ ਕਰਨ ਦਾ ਕਾਰਜ ਕਰਦਾ ਹੈ ਇਸ ਲਈ ਸ਼ਬਦ ਨੂੰ ਇੱਕ ਵੱਖਰਾ
ਪ੍ਰਮਾਣ ਮੰਨਣ ਦੀ ਕੋਈ ਜ਼ਰੂਰਤ ਨਹੀ ਹੈ।
(ੲ) ਸ਼ਬਦਬੋਧ ਪ੍ਰਤਿਅਕਸ਼ ਵਿਚ ਸੰਮਿਲਿਤ ਨਹੀ ਹੈ - ਗੰਗੇਸ਼
ਮੰਨਦੇ ਹਨ ਕਿ ਆਕਾਂਕਸ਼ਾ ਆਦਿ ਨਾਲ ਅੰਕਿਤ ਸ਼ਬਦ ਜੋ ਇਸ ਨਾਲ ਸੂਚਕ ਚੀਜ਼ਾਂ ਦਾ ਅਨੁਬੋਧ
ਕਰਾਉਂਦਾ ਹੈ, ਨੂੰ ਪ੍ਰਤਿਅਕਸ਼ ਨਾਲੋਂ ਅਲਗ ਕਿਸਮ ਦਾ ਪ੍ਰਮਾਣ ਅਵੱਸ਼ ਹੀ ਮੰਨਣਾ
ਪਏਗਾ। ਜਿਸ ਤਰ੍ਹਾਂ 'ਰੰਗ' ਦੇ ਪ੍ਰਤਿਅਕਸ਼ ਵਿਚ ਸਾਡੀ ਅੱਖ ਸਾਧਨ ਜਾਂ ਕਰਣ
ਹੈ, ਇਸ ਦਾ ਰੰਗ ਨਾਲ ਮੇਲ ਸੰਯੋਗ ਹੈ, ਅਤੇ ਪ੍ਰਤੱਖ ਗਿਆਨ ਇਸ ਦਾ
ਸਿੱਟਾ ਹੈ। ਇਸੇ ਤਰ੍ਹਾ ਸ਼ਾਬਦਿਕ ਸਬੂਤ (ਸ਼ਬਦਬੋਧ) ਵਿਚ ਸ਼ਬਦ ਇਕ ਸਾਧਨ ਜਾਂ ਕਰਣ ਹੈ,
ਇਸ ਦੁਆਰਾ ਸੂਚਕ ਚੀਜ਼ਾਂ ਦਾ ਅਨੁਬੋਧਨ 'ਸੰਯੋਗ' ਹੈ ਅਤੇ ਸ਼ਬਦਬੋਧ ਇਸ ਦਾ ਨਤੀਜਾ ਹੈ।
ਇਸ ਲਈ ਸ਼ਾਬਦਿਕ ਸਬੂਤ ਵਿਚ ਸ਼ਬਦ ਉਹੀ ਕੰਮ ਕਰਦਾ ਹੈ ਜੈਸਾ ਕਿ ਪ੍ਰਤਿਅਕਸ਼ ਵਿਚ
ਗਿਆਨ-ਇੰਦ੍ਰੀਆਂ ਕੰਮ ਕਰਦੀਆਂ ਹਨ। ਅਰਥਾਤ ਸ਼ਬਦ ਇਕ ਪ੍ਰਮਾਣ ਹੈ, ਜੋ ਕਿ ਪ੍ਰਤਿਅਕਸ਼
ਨਾਲੋ ਅਲਗ ਹੈ।
(ਸ) ਕੀ ਸ਼ਬਦਬੋਧ ‘ਅਨੁਮਾਨ’ ਵਿਚ ਸੰਮਿਲਿਤ ਹੈ? - ਵੈਸ਼ੇਸ਼ਕਾਂ
ਦਾ ਵੀ ਦਾਅਵਾ ਹੈ ਕਿ ਸ਼ਬਦ ਕੋਈ ਅਲਗ ਪ੍ਰਮਾਣ ਨਹੀ ਹੈ ਬਲਕਿ ਅਨੁਮਾਨ ਦਾ ਹੀ ਇਕ
ਹਿੱਸਾ ਹੈ। ਸ਼ਬਦਬੋਧ ਵਿਚ ਪਹਿਲਾਂ ਅਸੀਂ ਸ਼ਬਦ ਸੁਣਦੇ ਹਾਂ ਅਤੇ ਫਿਰ ਸ਼ਬਦ ਨਾਲ ਸੂਚਕ
ਚੀਜ਼ਾਂ ਦਾ ਅਨੁਬੋਧਨ ਕਰਦੇ ਹਾਂ। ਇਸ ਤਰ੍ਹਾ ਅਨੁਬੋਧਨ, ਚੀਜ਼ਾਂ ਦਾ ਪਰਸਪਰ ਸੰਬੰਧ
ਜਿਸ ਨੂੰ ਸ਼ਬਦਬੋਧ ਕਿਹਾ ਜਾਂਦਾ ਹੈ, ਅਨੁਮਾਨ ਦੁਆਰਾ ਹੀ ਪ੍ਰਾਪਤ ਕੀਤਾ ਜਾਂਦਾ ਹੈ।
ਮੰਨ ਲਓ ਕਿ ਕੋਈ ਇਹ ਸ਼ਬਦ ਬੋਲਦਾ ਹੈ “ਉਸ ਨੇ ਗਊ ਨੂੰ ਡੰਡੇ ਨਾਲ ਮਾਰਿਆ” ਇਸ ਤੋਂ,
ਵੈਸ਼ੇਸ਼ਕਾਂ ਦੇ ਕਹਿਣ ਅਨੁਸਾਰ, ਸ਼ੁਣਨ ਵਾਲਾ ਇਹ ਅਨੁਮਾਨ ਲਗਾ ਸਕਦਾ ਹੈ:
- ਇਹ ਸਵੈ-ਸਿੱਧ ਹੈ ਕਿ ਸ਼ਬਦਾਂ ਨੂੰ ਉਚਾਰਨ ਤੋਂ ਪਹਿਲਾ ਵਕਤਾ ਨੂੰ ਸ਼ਬਦ ਦੁਆਰਾ
ਸੂਚਕ ਵਸਤੂਆਂ ਅਤੇ ਉਨ੍ਹਾਂ ਦੇ ਅਨੁਬੋਧ ਵਿਚਕਾਰ ਪਰਸਪਰ ਸੰਬੰਧਾਂ ਦਾ ਪੂਰਣ ਗਿਆਨ
ਜ਼ਰੂਰ ਸੀ - ਇਹ ਅਨੁਮਾਨ ਦਾ ਪ੍ਰਤਿਗਿਆ ਵਚਨ ਹੈ।
- ਕਿਉਂਕਿ ਉਨ੍ਹਾਂ (ਸ਼ਬਦਾਂ) ਵਿਚ ਅਕਾਂਕਸ਼ਾ ਆਦਿ ਵਾਲੇ ਗੁਣ ਹਨ ਅਤੇ ਵਕਤਾ ਦੇ
ਭਾਵਅਰਥ ਨੂੰ ਜ਼ਾਹਰ ਕਰਦੇ ਹਨ - ਇਹ ਅਨੁਮਾਨ ਦਾ ਹੇਤੁ ਹੈ।
- ਇਸ ਉਚਾਰਨ ਦੇ ਸ਼ਬਦਾਂ ਵਿਚ ਉਪਰੋਕਤ ਗੁਣ ਹਨ, ਅਤੇ ਉਨ੍ਹਾਂ ਵਿਚ ਪਰਸਪਰ
ਸੰਬੰਧਾਂ ਦਾ ਪੂਰਣ-ਗਿਆਨ ਹੈ, ਜਿਸ ਤਰ੍ਹਾ ਕਿ “ਇਕ ਘੜਾ ਲਿਆਓ” ਵਿਚ। ਇਹ ਅਨੁਮਾਨ
ਦੀ ਉਦਾਹਰਣ ਹੈ।
ਜੇਕਰ ਇਸ ਤਰ੍ਹਾ ਅਸੀ ਸ਼ਬਦਬੋਧ ਨੂੰ ਅਨੁਮਾਨ ਦੀ ਪ੍ਰਕ੍ਰਿਆ ਦੁਆਰਾ ਪ੍ਰਾਪਤ ਕਰ
ਸਕਦੇ ਹਾਂ ਤਾਂ, ਵੈਸ਼ੇਸ਼ਕਾਂ ਦਾ ਕਹਿਣਾ ਹੈ ਕਿ ਸ਼ਬਦ ਨੂੰ ਇਕ ਵੱਖਰਾ ਪ੍ਰਮਾਣ ਮੰਨਣ
ਦੀ ਕੋਈ ਜ਼ਰੂਰਤ ਨਹੀ ਹੈ।
(ਹ) ਸ਼ਬਦਬੋਧ ਅਨੁਮਾਨ ਵਿਚ ਸੰਮਿਲਿਤ ਨਹੀ ਹੈ - ਗੰਗੇਸ਼
ਵੈਸ਼ੇਸ਼ਕਾਂ ਦੇ ਉਪਰੋਕਤ ਮਤ ਦਾ ਵਿਰੋਧ ਇਸ ਤਰ੍ਹਾ ਕਰਦੇ ਹਨ: ਉੱਪਰ ਦਿੱਤੀ ਵੈਸੇਸ਼ਕਾਂ
ਦੀ ਅਨੁਮਾਨ ਪ੍ਰਕ੍ਰਿਆ ਤਰਕਸਿੱਧ ਨਹੀ ਹੈ ਕਿਉਂਜੋ ਇਸ ਵਿਚ ਅਸਲੀ ਵਸਤੂਆਂ ਦਾ ਗਿਆਨ
ਸ਼ਾਮਲ ਨਹੀ ਹੈ, ਜਿਸ ਤਰ੍ਹਾ ਕਿ ਸ਼ਬਦਬੋਧ ਵਿਚ ਹੈ, ਪ੍ਰੰਤੂ ਇਹ ਯਾਦ ਕੀਤੀਆਂ ਵਸਤੂਆਂ
ਦਾ ਗਿਆਨ ਹੈ (ਅਥਵਾ ਅਨੁਬੋਧ ਦਾ ਬੋਧ)। ਇਹ ਦਾਅਵਾ ਸਿਰਫ ਬੋਢੰਗਾ ਹੀ ਨਹੀ ਬਲਕਿ
ਬਿਭਚਾਰੀ (ਵ੍ਯਭਿਚਾਰੀ) ਵੀ ਹੈ। ਕਿਸੇ ਵਸਤੁ ਦੇ ਸੰਬੰਧ ਵਿਚ ਸਾਡੀ ਉਸ ਪ੍ਰਸੰਗ
ਅਰਥਕ੍ਰਿਆ (ਸਰਗਰਮੀ) ਸਾਡੇ ਉਸ ਵਸਤੁ ਦੇ ਸਵੈ-ਲੱਛਣ ਦੇ ਗਿਆਨ ਤੋਂ ਉਤਪੰਨ ਹੁੰਦੀ
ਹੈ, ਨਾ ਕਿ ਉਸ ਦੇ ਗਿਆਨ ਬਾਰੇ ਗਿਆਨ ਤੋਂ, ਜਿਹੜਾ, ਜਿਸ ਤਰ੍ਹਾ ਗਲਤ
(ਭ੍ਰਾਂਤੀਪੂਰਣ) ਗਿਆਨ ਦੀ ਹਾਲਤ ਵਿਚ, ਇਸ ਪ੍ਰਕ੍ਰਿਆ ਦਾ ਕਾਰਣ ਨਹੀ ਬਣ ਸਕਦਾ। ਇਸ
ਤੋਂ ਛੁੱਟ, ਸ਼ਬਦਬੋਧ, ਅਨੁਮਾਨਬੋਧ ਵਾਂਗ, ਸ਼ਬਦਾਂ ਅਤੇ ਇਨ੍ਹਾਂ ਦੁਆਰਾ ਸੂਚਕ ਵਸਤੂਆਂ
ਦੇ ਆਪਸੀ ਸੰਬੰਧਾਂ ਵਿਚਕਾਰ ਵਿਆਪਤੀ-ਸੰਬੰਧ ਦੇ ਗਿਆਨ ਉਪਰ ਨਿਰਭਰ ਨਹੀ ਕਰਦਾ,
ਪ੍ਰੰਤੂ ਇਹ ਗਿਆਨ (ਯਾਨੀ ਸ਼ਬਦਬੋਧ) ਤੁਰੰਤ ਸ਼ਬਦਾਂ ਤੋਂ ਉਤਪੰਨ ਹੁੰਦਾ ਹੈ ਜਿਉਂ ਹੀ
ਉਨ੍ਹਾਂ ਦੀ ਆਕਾਂਕਸ਼ਾ, ਯੋਗ੍ਯਤਾ ਆਦਿ ਦਾ ਗਿਆਨ ਹੋ ਜਾਂਦਾ ਹੈ।
ਫਿਰ, ਸ਼ਬਦਬੋਧ ਉਤਪੰਨ ਹੋਣ ਤੋਂ ਬਾਅਦ ਸਵੈਚੇਤਨਾ ਪੈਦਾ ਹੁੰਦੀ ਹੈ ਕਿ “ਮੈ ਸ਼ਬਦ ਤੋਂ
ਜਾਣੂ ਹਾਂ” ਪ੍ਰੰਤੂ ਇਹ ਨਹੀ ਕਿ “ਮੈ ਅਨੁਮਾਨ ਦੁਆਰਾ ਜਾਣਦਾ ਹਾਂ”।
ਅਸੀ ਇਹ ਪਹਿਲਾ ਹੀ ਦੇਖ ਚੁੱਕੇ ਹਾਂ ਸ਼ਬਦਬੋਧ ਓਨੀ ਦੇਰ ਤਕ ਪੈਦਾ ਨਹੀ ਹੁੰਦਾ
ਜਿੰਨਾ ਚਿਰ ਕਿ ਸ਼ਬਦਾਂ ਵਿਚ ਆਕਾਂਕਸ਼ਾ, ਯੋਗ੍ਯਤਾ, ਆਸਤਿ
(ਸਪਰਸ਼ਤਾ, ਲਾਗਤਾ) ਅਤੇ ਸ਼ਕਤੀ ਨਹੀ ਹੁੰਦੀ, ਅਤੇ ਇਹ ਤਾਤਪਰਯ
ਨੂੰ ਪ੍ਰਗਟ ਨਹੀ ਕਰਦੇ।
ਆਕਾਂਕਸ਼ਾਵਾਦ
ਕਿਸੇ ਵਾਕ ਵਿਚ ਇਸ ਦਾ ਅਰਥ ਪ੍ਰਗਟ ਕਰਨ ਲਈ, ਇਕ ਸ਼ਬਦ ਦਾ ਦੂਸਰੇ ਸ਼ਬਦ ਨਾਲ
ਆਕਾਂਕਸ਼ਾ ਸੰਬੰਧ ਮੰਨਿਆ ਜਾਂਦਾ ਹੈ। ਜੈਸੇ, “ਦੇਵਦੱਤ
ਪਿੰਡ ਨੂੰ ਜਾਂਦਾ ਹੈ” ਇਸ ਵਾਕ ਵਿਚ “ਦੇਵਦੱਤ” ਸ਼ਬਦ ਦਾ “ਜਾਂਦਾ” ਸ਼ਬਦ ਨਾਲ
ਆਕਾਂਕਸ਼ਾ ਸੰਬੰਧ ਹੈ ਅਤੇ ਇਸ ਮਗਰਲੇ ਦਾ “ਪਿੰਡ” ਨਾਲ। ਇਨ੍ਹਾਂ
ਸੰਬੰਧਾਂ ਦੇ ਮੇਲ ਨਾਲ ਹੀ ਵਾਕ ਦਾ ਅਰਥ ਸਪਸ਼ਟ ਹੁੰਦਾ ਹੈ।
ਯੋਗ੍ਯਤਾ
ਇਹ ਸ਼ਬਦ ਦੇ ਅਰਥਬੋਧ ਦਾ ਸਾਧਨ ਹੈ। ਕਿਸੇ ਵਾਕ ਵਿਚ ਇਕ ਸ਼ਬਦ ਦੇ ਅਰਥ ਦਾ ਦੂਜੇ ਸ਼ਬਦ
ਦੇ ਅਰਥ ਨਾਲ ਬੇਮੇਲ ਨਾ ਹੋਣਾ, ਸ਼ਬਦ ਦੀ ਇਸ ਸਮਰਥਾ ਨੂੰ ਉਸ ਦੀ ਯੋਗ੍ਯਤਾ
ਕਿਹਾ ਜਾਂਦਾ ਹੈ। ਜੈਸੇ, “ਅਗਨ ਸਿੰਚਨ” ਵਾਕ ਤੋਂ ਕੋਈ ਸ਼ਬਦਬੋਧ ਨਹੀ ਹੁੰਦਾ ਕਿਉਂਕਿ
“ਅੱਗ” ਅਤੇ “ਸਿੰਚਨ” (ਛਿੜਕਣਾ) ਸ਼ਬਦਾਂ ਦੇ ਅਰਥ ਪਰਸਪਰ ਬੇਮੇਲ ਹਨ। ਸਿੰਚਨ ਦੇ ਆਮ
ਅਰਥ ਹਨ ਪਾਣੀ ਨਾਲ ਸਿੰਜਣਾ।
ਆਸਤਿ - ਸ਼ਬਦਾਂ ਦਾ ਲੜੀਵਾਰ ਉਚਾਰਣ
ਇਕ ਵਾਕ ਵਿਚ ਸ਼ਬਦਾਂ ਦੇ ਉਚਾਰਣ ਵਿਚ ਲੰਬੇ ਸਮੇ ਦਾ ਵਕਫਾ ਨਾ ਹੋਣ ਨੂੰ ਆਸਤਿ
ਕਿਹਾ ਜਾਂਦਾ ਹੈ। ਜੈਸੇ, “ਪਾਣੀ ਲਿਆਓ” ਕਹਿਣ ਵਿਚ ਕੋਈ ਅਰਥ ਨਹੀ ਨਿਕਲੇਗਾ ਜੇ
“ਪਾਣੀ” ਸ਼ਬਦ ਹੁਣ ਬੋਲਿਆ ਹੋਵੇ ਅਤੇ “ਲਿਆਓ” ਇਕ ਘੰਟੇ ਮਗਰੋਂ।
ਤਾਤਪਰਯ
ਇਹ ਵਕਤਾ ਦੀ ਆਸਾ ਨੂੰ ਪ੍ਰਗਟਾਉਂਦਾ ਹੈ ਅਤੇ ਇਹ 'ਸ਼ਬਦ' ਦਾ ਉਹ ਉਚਾਰਣ ਹੈ ਜੋ
ਵਿਸ਼ੇਸ਼ ਚੀਜ਼ ਬਾਰੇ ਗਿਆਨ ਵਿਅਕਤ ਕਰਦਾ ਹੈ। ਇਹ ਵਾਕ ਦੀ ਉਹ ਸ਼ਕਤੀ ਹੈ ਜੋ ਅਰਥ ਦੀ
ਯੋਗ੍ਯਤਾ ਦਾ ਬੋਧ ਕਰਾਉਂਦੀ ਹੈ। ਜੇਕਰ ਖਾਣਾ ਖਾਂਦੇ ਸਮੇ ਕੋਈ ਇਹ ਕਹੇ “ਸੈਣਧਵ
ਲਿਆਓ” ਤਾਂ ਇਸ ਦਾ ਅਰਥ 'ਸਿੰਧੀ ਲੂਣ' ਹੀ ਸਮਝਿਆ ਜਾਵੇਗਾ ਨਾ ਕਿ ਸਿੰਧੀ ਘੋੜਾ।
ਸ਼ਬਦ ਅਨਿੱਤਤਾਵਾਦ
ਸ਼ਬਦ (ਜਾਂ ਆਵਾਜ਼, ਧੁਨੀ) ਬਹੁਭਾਂਤੀ ਹਨ, ਕਿਉਂਜੋ ਅਸੀ ਦੇਖਦੇ ਹਾਂ ਕਿ ਕਿਸੇ ਪੁਰਸ਼
ਦੁਆਰਾ ਪੈਦਾ ਕੀਤੀ ਆਵਾਜ਼ ਕਿਸੇ ਤੋਤੇ ਦੁਆਰਾ ਪੈਦਾ ਕੀਤੀ ਸੰਵਾਦੀ ਆਵਾਜ਼ ਥੋੜੀ ਅਲਗ
ਹੁੰਦੀ ਹੈ। ਇਹ ਆਧਾਰ ਮੰਨ ਕੇ ਕਿ ਸ਼ਬਦ (ਆਵਾਜ਼ਾਂ) ਕਈ ਕਿਸਮ ਦੇ ਹਨ ਅਤੇ ਇਹ
'ਉਤਪੰਨ' ਅਤੇ 'ਉਤਸੰਨ' ਹੁੰਦੇ ਰਹਿੰਦੇ ਹਨ। ਇਸ ਲਈ ਸਾਨੂੰ ਮੰਨਣਾ ਪਵੇਗਾ ਕਿ ਸ਼ਬਦ
ਅਨਿੱਤ ਹੈ।
ਉਛੰਨ - ਪ੍ਰਛੰਨ ਵਾਦ
ਜੇ ਸ਼ਬਦ ਨਸ਼ਟ (ਜਾਂ ਉਤਸੰਨ) ਹੋ ਸਕਦੇ ਹਨ ਤਾਂ ਉਨ੍ਹਾਂ ਦੇ ਸਕੰਧ ਜਾਂ ਸਮੂਹ, ਅਰਥਾਤ
ਵਾਕ ਵੀ ਨਸ਼ਟ ਹੋ ਸਕਦੇ ਹਨ। ਕਿਉਂਕਿ ਵੇਦ, ਵਾਕਾਂ ਦੇ ਹੀ ਸੰਗ੍ਰਹਿ ਹਨ ਇਸ ਲਈ ਉਹ
ਅਨਿੱਤ ਹਨ।
ਮੀਮਾਂਸਾਂ ਦਾ ਕਹਿਣਾ ਹੈ ਕਿ ਭਾਵੇਂ ਵੇਦ ਵਾਕਾਂ ਦੇ ਸੰਗ੍ਰਹਿ ਹੋਣ ਦੇ ਨਾਤੇ
ਨਸ਼ਟ (ਉਛੰਨ) ਹੋਣ ਦੇ ਕਾਬਲ ਹਨ, ਕਿਉਂਕਿ ਇਹ ਰਿਸ਼ੀਆਂ ਦੀ ਵਿਰਾਸਤ ਹਨ, ਉਨ੍ਹਾਂ ਦੀ
ਨਿਰਵਿਘਨ ਅਖੰਡਤਾ ਯਕੀਨੀ ਹੈ, ਭਾਵ ਵੇਦ ਨਿੱਤ ਹਨ। ਗੰਗੇਸ਼ ਇਸ ਮਤ ਦਾ ਵਿਰੋਧ ਕਰਦੇ
ਹੋਏ ਕਹਿੰਦੇ ਹਨ ਕਿ ਪੁਰਾਤਨ ਸਿਮ੍ਰਿਤੀਆਂ ਅਤੇ ਰੀਤ ਮਰਿਆਦਾਵਾਂ ਤੋਂ ਜੋ ਸੰਕੇਤ
ਮਿਲਦੇ ਹਨ ਉਨ੍ਹਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਵੇਦਾਂ ਦੀਆਂ ਹੋਰ
ਸ਼ਾਖਾਵਾਂ ਵੀ ਜ਼ਰੂਰ ਹੋਣਗੀਆਂ ਜੋ ਹੁਣ ਅਲੋਪ ਹੋ ਚੁੱਕੀਆਂ ਹਨ। ਇਸ ਲਈ ਵੇਦ ਅਨਿੱਤ
ਹਨ।
ਵਿਧੀਵਾਦ
ਵੇਦ, ਸਾਡੇ ਸ਼ੁੱਭ ਰੀਤੀ ਰਿਵਾਜਾਂ ਦੀ ਬੁਨਿਆਦ ਹਨ ਕਿਉਂਜੋ ਇਹ ਸਮੁੱਚੇ ਆਦੇਸ਼ਾਂ ਦੇ
ਮੂਲ ਗ੍ਰੰਥ ਹਨ। ਵਿਧੀ ਉਹ ਕਥਨ ਹੈ ਜਿਹੜਾ ਕਿਸੇ ਪੁਰਸ਼ ਅੰਦਰ ਐਸਾ ਨਿਸ਼ਚਾ ਪੈਦਾ
ਕਰਦਾ ਹੈ ਜੋ ਉਸ ਨੂੰ ਕਥਨ ਦੁਆਰਾ ਕਿਹਾ ਗਿਆ ਕਾਰਜ ਕਰਨ ਲਈ ਜਾਂ ਇਸ ਤੋਂ ਗੁਰੇਜ਼
ਕਰਨ ਲਈ ਪ੍ਰੇਰਦਾ ਹੈ। ਜੈਸੇ “ਉਹ ਪੁਰਸ਼ ਜੋ ਸਵਰਗ ਦੀ ਇੱਛਾ ਰੱਖਦਾ ਹੈ ਉਸ ਨੂੰ
'ਅਸ਼੍ਵਮੇਧ ਯਗ' ਕਰਨਾ ਚਾਹੀਦਾ ਹੈ” ਜਾਂ “ਕਿਸੇ ਆਦਮੀ ਨੂੰ ਮਦਿਰਾ ਪੀਣੀ ਮਨਾ ਹੈ”
ਵਰਗੇ ਆਦੇਸ਼। ਇਸ ਤੋਂ ਪ੍ਰਭਾਕਰ ਦਾ ਵਿਚਾਰ ਹੈ ਕਿ ਵੇਦਾਂ ਵਿਚ ਦੱਸੇ ਗਏ ਯਗ ਕਰਨ ਦਾ
ਨਿਸ਼ਚਾ ਇਹ ਮੰਨਣ ਨਾਲ ਪੈਦਾ ਹੁੰਦਾ ਹੈ ਕਿ ਸਾਨੂੰ ਉਨ੍ਹਾਂ ਦਾ ਫਲ ਮਿਲ ਸਕਦਾ ਹੈ।
ਪਰ ਇਸ ਦੇ ਉਲਟ ਗੰਗੇਸ਼ ਦਾ ਦਾਅਵਾ ਹੈ ਕਿ ਇਹ ਨਿਸ਼ਚਾ ਪੁਰਸ਼ ਦੀ ਆਪਣੀ ਚੇਤਨਾ ‘ਤੇ
ਨਿਰਭਰ ਕਰਦਾ ਹੈ ਕਿ, (1) ਕਥਨਾਂ ਦੁਆਰਾ ਦੱਸੇ ਗਏ ਯਗ ਕਰਨ ਦੇ ਕਾਬਲ ਹਨ, (2)
ਇਨ੍ਹਾਂ ਨੂੰ ਕਰਨ ਨਾਲ ਇੱਛਾ ਅਨੁਸਾਰ ਫਲ ਮਿਲ ਸਕਦਾ ਹੈ, (3) ਇਨ੍ਹਾਂ ਨੂੰ ਕਰਨ
ਨਾਲ ਕੋਈ ਸੰਗੀਨ ਔਖਿਆਈ ਪੈਦਾ ਨਹੀ ਹੋਵੇਗੀ। ਇਨ੍ਹਾਂ ਸਵਾਲਾਂ ਨੂੰ ਮੁੱਖ ਰੱਖਕੇ ਹੀ
ਪੁਰਸ਼ ਯਗ ਕਰਨ ਲਈ ਤਿਆਰ ਹੁੰਦਾ ਹੈ। ਅਰਥਾਤ, ਗੰਗੇਸ਼ ਇਕ ਤਾਰਕਿਕ ਹੋਣ ਦੇ ਨਾਤੇ, ਦਾ
ਮੰਨਣਾ ਹੈ ਕਿ ਹਰ ਪੁਰਸ਼ ਆਪਣੇ ਫਾਇਦੇ ਨੂੰ ਵਿਚਾਰ ਕੇ ਹੀ ਕੋਈ ਕੰਮ ਕਰਨ ਦਾ ਨਿਸ਼ਚਾ
ਕਰਦਾ ਹੈ; ਵਿਹਾਰਕ ਉਪਯੋਗਤਾ ਹੀ ਉਸ ਲਈ ਯਗ ਕਰਨ ਦੀ ਪ੍ਰੇਰਨਾ ਬਣਦੀ ਹੈ, ਭਾਵ ਉਹ
ਬਿਨਾ ਸੋਚੇ ਸਮਝੇ ਵੇਦਾਂ ਦੇ ਆਦੇਸ਼ਾਂ ਦਾ ਪਾਲਣ ਨਹੀ ਕਰਦਾ।
ਸ਼ਕਤੀਵਾਦ
ਸ਼ਬਦ ਅਤੇ ਇਸ ਰਾਹੀਂ ਸੰਕੇਤਕ ਚੀਜ਼ ਦਾ ਆਪਸੀ ਸੰਬੰਧ ਇਕ ਵਿਸ਼ੇਸ਼ ਸੰਬੰਧ ਹੁੰਦਾ ਹੈ
ਜਿਸ ਨੂੰ ਵ੍ਰਿੱਤਿ ਕਿਹਾ ਜਾਂਦਾ ਹੈ। ਅਸੀ ਇਸ ਵਿਸ਼ੇਸ਼ ਸੰਬੰਧ ਕਰਕੇ
ਹੀ “ਘੜਾ” ਸ਼ਬਦ ਸੁਣਦੇ ਸਾਰ ਹੀ ਸਾਨੂੰ ਘੜੇ ਵਰਗੀ ਚੀਜ਼ ਦੀ ਯਾਦ ਆ ਜਾਂਦੀ ਹੈ। ਸ਼ਬਦ
ਦਾ ਇਹ ਸੰਬੰਧ ਇਸ ਦੀ “ਸ਼ਕਤੀ” ਮੰਨਿਆ ਜਾਂਦਾ ਹੈ। ਇਹ ਵਿਸ਼ੇਸ਼ ਸੰਬੰਧ ਦੋ ਪ੍ਰਕਾਰ ਦਾ
ਮੰਨਿਆ ਗਿਆ ਹੈ, ਅਰਥਾਤ (1) ਸੰਕੇਤ ਅਤੇ (2) ਲੱਛਣ।
ਸੰਕੇਤ ਦੀ ਉਪਵੰਡ ਦੋ ਪ੍ਰਕਾਰ ਦੀ ਹੈ, (ੳ) ਸਥਾਈ, (ਅ) ਪ੍ਰਾਸੰਗਿਕ।
ਸਥਾਈ ਸੰਕੇਤ ਕਿਸੇ ਸ਼ਬਦ ਦੀ ਉਹ ਸਮਰਥਾ ਹੈ ਜੋ ਕਿਸੇ ਚੀਜ਼ ਦੀ ਯਾਦ ਉਤਪੰਨ ਕਰਦੀ ਹੈ।
ਇਸ ਸ਼ਕਤੀ ਨੂੰ ਈਸ਼ਵਰ ਦੁਆਰਾ ਅਭਿਵਿਅਕਤ ਕੀਤੀ ਮੰਨਿਆ ਜਾਂਦਾ ਹੈ। ਇਹ ਸ਼ਕਤੀ ਬਦਲਦੀ
ਨਹੀ ਬਲਕਿ ਹਮੇਸਾ ਸਥਾਈ ਰਹਿੰਦੀ ਹੈ, ਜਿਸ ਤਰ੍ਹਾ ‘ਘੜਾ’ ਸ਼ਬਦ ਮਿੱਟੀ ਦੇ ਘੜੇ ਦੀ
ਯਾਦ ਦਿਲਾਉਂਦਾ ਹੈ। ਪ੍ਰਾਸੰਗਿਕ ਸੰਕੇਤ ਨੂੰ “ਪਰਿਭਾਸ਼ਾ” ਕਿਹਾ
ਜਾਂਦਾ ਹੈ। ਇਸ ਵਿਚ ਸ਼ਬਦ ਦਾ ਅਰਥ ਆਦਮੀ ਦੀ ਇੱਛਾ ਉੱਪਰ ਨਿਰਭਰ ਕਰਦਾ ਹੈ। ਕਈ
ਤਾਰਕਿਕ, ਸੰਕੇਤ ਦੇ ਇਨ੍ਹਾਂ ਭੇਦਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ ਕਿਉਂਕਿ
ਉਨ੍ਹਾਂ ਅਨੁਸਾਰ ਹਰ ਸ਼ਬਦ ਦਾ ਸੰਕੇਤ ਸਿਰਫ ਆਦਮੀ ਉੱਪਰ ਹੀ ਨਿਰਭਰ ਕਰਦਾ ਹੈ।
ਉਨ੍ਹਾਂ ਦੇ ਕਹਿਣ ਅਨੁਸਾਰ ‘ਸਥਾਈ’ ਅਤੇ ਪ੍ਰਾਸੰਗਿਕ ਸੰਕੇਤ ਇਕ ਬਰਾਬਰ ਹੀ ਹਨ।
ਕਿਸੇ ਸ਼ਬਦ ਦੀ ਸ਼ਕਤੀ ਨਿਮਨਲਿਖਿਤ ਸੋਮਿਆਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ,
- ਵਿਆਕਰਣ,
- ਉਪਮਾਨ,
- ਕੋਸ਼,
- ਆਪਤ ਵਾਕ,
- ਵਿਹਾਰ ਅਰਥਾਤ ਵਰਤੋਂ ਜਾਂ ਪ੍ਰਯੋਗ,
- ਵਾਕ-ਸ਼ੇਸ਼ ਜਾਂ ਵਾਕ ਦਾ ਪ੍ਰਸੰਗ/ਸੰਦਰਭ (ਪ੍ਰਕਰਣ),
- ਵਿਵ੍ਰੱਤਿ - ਵਰਣਨ ਜਾਂ ਬਿਰਤਾਂਤ,
- ਸੰਗਤੀ - ਜਾਨੇ ਮਾਨੇ ਸ਼ਬਦਾਂ ਨਾਲ ਸ਼ਬਦ ਦੀ ਵਰਤੋਂ।
ਹੁਣ ਸਵਾਲ ਉੱਠਦਾ ਹੈ ਕਿ ਕੀ ਇਹ ਸ਼ਕਤੀ ਕਿਸੇ ਚੀਜ਼ ਦੇ 'ਸਮਾਨ੍ਯ ਰੂਪ' ਜਾਂ ਉਸ
ਦੇ 'ਵਿਸੇਸ਼ ਰੂਪ' ਨਾਲ ਸੰਬੰਧ ਰੱਖਦੀ ਹੈ? ਮੀਮਾਸਾਂ ਦੇ ਮਤ ਅਨੁਸਾਰ ਜੇ ਇਸ ਦਾ
ਸੰਬੰਧ ਵਿਸ਼ੇਸ਼ ਰੂਪ ਨਾਲ ਹੈ ਤਾਂ ਸਾਨੂੰ ਅਨੇਕਾਂ ਸ਼ਕਤੀਆਂ ਮੰਨਣੀਆਂ ਪੈਣਗੀਆਂ ਜੋ
ਅਨੇਕ ਵਿਸ਼ਿਸ਼ਟ ਚੀਜ਼ਾਂ ਨਾਲ ਸੰਬੰਧਿਤ ਹੋਣ। ਦੂਜੇ ਪਾਸੇ ਜੇ ਅਸੀ ਇਸ ਸ਼ਕਤੀ ਨੂੰ
ਸਾਮਾਨ੍ਯਤਾ ਨਾਲ ਜੋੜਦੇ ਹਾਂ ਤਾਂ ਸਾਨੂੰ ਸਾਮਾਨ੍ਯਤਾ ਦੇ ਅਨੁਰੂਪ ਇਕ ਸ਼ਕਤੀ ਹੀ
ਮੰਨਣੀ ਪਵੇਗੀ ਜਿਸ ਵਿਚ ਉਹ ਸਾਰੇ ਵਿਸ਼ੇਸ਼ ਰੂਪ ਵੀ ਹੋਣਗੇ ਜਿਨ੍ਹਾਂ ਬਗੈਰ ਇਹ
ਸਾਮਾਨ੍ਯਤਾ ਖੜੀ ਨਹੀ ਰਹਿ ਸਕਦੀ।
ਗੰਗੇਸ਼ ਇਸ ਧਾਰਨਾ ਦੀ ਵਿਰੋਧਤਾ ਕਰਦੇ ਹੋਏ ਕਹਿੰਦੇ ਹਨ: ਵਿਸ਼ਿਸ਼ਟਤਾ ਦਾ ਸਮਰਣ
(ਯਾਦ ਕਰਨਾ) ਅਸੰਭਵ ਹੈ ਜਦੋਂ ਤਕ ਕਿ 'ਸ਼ਕਤੀ' ਉਨ੍ਹਾਂ ਵਿਚ ਨਿਵਾਸ ਨਹੀ ਕਰਦੀ।
ਵਿਸ਼ਿਸ਼ਟਤਾ ਦੇ ਸੰਦਰਭ ਵਿਚ ਅਨੇਕ ਸ਼ਕਤੀਆਂ ਮੰਨਣ ਦੀ ਕੋਈ ਅਵੱਸ਼ਕਤਾ ਨਹੀ ਹੈ ਕਿਉੰਕਿ
ਇਕ ਅਤੇ ਸਿਰਫ ਇਕ ਸ਼ਕਤੀ ਹੀ ਸਾਰੀਆਂ ਵਿਸ਼ਿਸ਼ਟਤਾਵਾਂ ਦੇ ਅਨੁਰੂਪੀ ਹੈ ਜੋ ਇਕ
ਸਾਮਾਨ੍ਯਤਾ ਦੇ ਥੱਲੇ ਗ੍ਰਹਿਣ ਕੀਤੀਆਂ ਜਾਂਦੀਆਂ ਹਨ, ਸਮਝੀਆਂ ਜਾਂਦੀਆਂ ਹਨ। ਇਸ
ਤੋਂ ਉਹ ਇਸ ਸਿੱਟੇ ‘ਤੇ ਪਹੁੰਚਦੇ ਹਨ ਕਿ ਸ਼ਕਤੀ ਦਾ ਸੰਬੰਧ ਉਨ੍ਹਾਂ ਵਿਸ਼ਿਸ਼ਟਤਾਵਾਂ
ਨਾਲ ਹੈ ਜੋ ਇਕ ਸਾਮਾਨ੍ਯਤਾ ਦੇ ਥੱਲੇ ਆਉਂਦੀਆਂ ਹਨ ਅਤੇ ਉਨ੍ਹਾਂ ਦਾ ‘ਰੂਪ’ ਹੁੰਦਾ
ਹੈ। ਸ਼ਕਤੀ ਵਾਲੇ ਸ਼ਬਦਾਂ ਦਾ ਵਿਵਰਣ ਇਸ ਪ੍ਰਕਾਰ ਕੀਤਾ ਜਾ ਸਕਦਾ ਹੈ:
- ਯੌਗਿਕ - ਉਹ ਸ਼ਬਦ ਜੋ ਉਸਦੇ ਅੰਸ਼ਾਂ ਦੀਆਂ ਸ਼ਕਤੀਆਂ ਤੋਂ ਸਮਝਿਆ ਜਾਵੇ
ਜੈਸੇ “ਦਾਤਾ” ਇਸ ਤੋਂ ਭਾਵ ਹੈ ਦੇਣ ਵਾਲਾ।
- ਰੂੜ੍ਹ - ਉਹ ਸ਼ਬਦ ਹੈ ਜਿਸ ਦਾ ਅਰਥ ਉਸ ਦੇ ਅੰਸ਼ਾਂ ਦੀ ਸ਼ਕਤੀ ਤੋਂ
ਸੁਤੰਤਰ ਸਮਝਿਆ ਜਾਵੇ। ਅਰਥਾਤ ਸ਼ਬਦ ਦੇ ਪ੍ਰਸਿੱਧ (ਆਮ) ਅਰਥਾਂ ਰਾਹੀਂ ਸਮਝਿਆ
ਜਾਵੇ।
- ਯੋਗ-ਰੂੜ੍ਹ - ਉਹ ਸ਼ਬਦ ਹੈ ਜਿਸ ਦਾ ਅਰਥ ਸਮੁੱਚੇ ਸ਼ਬਦ ਦੀ ਸ਼ਕਤੀ ਅਤੇ
ਇਸ ਦੇ ਅੰਸ਼ਾਂ ਦੀ ਸ਼ਕਤੀ ਦੇ ਇਕਸੁਰ ਸੁਮੇਲ ਨਾਲ ਸਮਝਿਆ ਜਾਵੇ। ਜੈਸੇ ਪੰਕਜ
ਉਹ ਫੁੱਲ ਹੈ ਜੋ ਗਾਰੇ ਵਿਚ ਉੱਗਦਾ ਹੈ। ਇਸ ਵਿਚ ‘ਪੰਕ’ ਦਾ ਅਰਥ ਹੈ ਗਾਰਾ।
- ਯੌਗਿਕ-ਰੂੜ੍ਹ - ਉਹ ਸ਼ਬਦ ਜਿਸ ਦਾ ਅਰਥ ਜਾਂ ਸਮੁੱਚੇ ਸ਼ਬਦ ਦੀ ਸ਼ਕਤੀ
ਰਾਹੀਂ ਅਤੇ ਜਾਂ ਇਸ ਦੇ ਅੰਸ਼ਾਂ ਦੀ ਸ਼ਕਤੀ ਰਾਹੀਂ ਸਮਝਿਆ ਜਾਵੇ, ਜੈਸੇ ‘ਉਦਭਿਦ’
ਦਾ ਅਰਥ ਹੋ ਸਕਦਾ ਹੈ ਰੋਗਾਣੁ, ਬੀਜ ਜਾ ਉੱਗਣਾ ਜਾਂ ਇਕ ਕਿਸਮ ਦਾ ਯਗ।
ਲਕਸ਼ਣ (ਲੱਛਣ)
‘ਲਕਸ਼ਣ’ ਸ਼ਬਦ ਦੀ ਉਹ ਸ਼ਕਤੀ ਹੈ ਜਿਸ ਦੁਆਰਾ ਸ਼ਬਦ ਉਸ ਚੀਜ਼ ਨੂੰ ਪ੍ਰਗਟਾਉਂਦਾ ਹੈ
ਜਿਹੜੀ ਕਿਸੇ ਹੋਰ ਚੀਜ਼ ਨਾਲ ਸੰਬੰਧ ਰੱਖਦੀ ਹੋਵੇ ਜੋ ਸ਼ਬਦ ਦੀ ਅਰਥਸੂਚਕ ਹੈ, ਪ੍ਰੰਤੂ
ਜਿਹੜਾ ਵਕਤਾ ਦੀ ਧਾਰਣਾ ਨੂੰ ਵਿਅਕਤ ਨਹੀ ਕਰਦਾ, ਜੈਸੇ ਸ਼ਬਦ “ਗੰਗਾ” ਇਸ ਵਾਕ ਵਿਚ
“ਗਊਪਾਲ ਗੰਗਾ ਉੱਪਰ ਰਹਿੰਦਾ ਹੈ” ਇਸ ਦਾ ਅਰਥ ਇਹ ਨਹੀ ਕਿ ਉਹ ਗੰਗਾ ਦੀਆਂ ਲਹਿਰਾਂ
ਉੱਪਰ ਰਹਿੰਦਾ ਹੈ ਬਲਕਿ ਇਹ ਹੈ ਕਿ ਉਹ ਗੰਗਾ ਦੇ ਕਿਨਾਰੇ ਰਹਿੰਦਾ ਹੈ।
ਸਮਾਸਵਾਦ - ਮਿਸ਼੍ਰਿਤ ਸ਼ਬਦ
ਸੰਸਕ੍ਰਿਤ ਵਿਚ ਸਮਾਸ (ਮਿਸ਼੍ਰਿਤ) ਸ਼ਬਦ ਛੇ ਪ੍ਰਕਾਰ ਦੇ ਹਨ: (1) ਬਹੁਵ੍ਰੀਹਿ
, ਵਿਸ਼ੇਸ਼ਕ ਸਮਾਸ, (2) ਤਤਪੁਰੁਸ਼, ਨਿਰਧਾਰਕ ਸਮਾਸ, ਇਸ ਵਿਚ ਨਾਹਵਾਚਕ ਸਮਾਸ
(ਨ-ਤਤਪੁਰੁਸ਼) ਵੀ ਸ਼ਾਮਲ ਹੈ, (3) ਕਰਮਧਾਰਯ-ਵਰਣਨਾਤਮਕ ਸਮਾਸ, (4)
ਦਵਿਗੁ - ਸੰਖਿਆਤਮਕ ਸਮਾਸ, ਇਸ ਵਿਚ ਸਮਾਹਾਰ ਸਮਾਸ (ਜਾਂ ਬਹੁਤ ਸ਼ਬਦਾਂ ਦਾ
ਸੰਬੰਧ) ਵੀ ਸ਼ਾਮਲ ਹੈ, (5) ਦਵੰਦਵ –- ਸਮੂਹਕ ਸਮਾਸ, ਇਸ ਵਿਚ ਇਹ ਵੀ ਸ਼ਾਮਲ
ਹਨ; ਇਤਰੇਤਵ (ਪਰਸਪਰ) ਸਮੂਹਕ, ਸਮਾਹਾਰ ਸਮੂਹਕ ਅਤੇ
ਏਕਸ਼ੇਸ (ਜਾਂ ਬਾਕੀ) ਸਮੂਹਕ, (6) ਅਵ੍ਯਯਯੀਭਾਵ –-
ਅਵਿਕਾਰੀ ਜਾਂ ਅਪਰਿਵਰਤਨ ਯੋਗ।
ਬਹੁਵ੍ਰੀਹਿ ਸਮਾਸ ਵਿਚ ਪਹਿਲੇ ਸ਼ਬਦ ਦੀ ਸ਼ਕਤੀ ਸਥਿਰ ਹੁੰਦੀ ਹੈ, ਅਤੇ
ਦੂਸਰਾ ਸ਼ਬਦ, ਜਿਹੜਾ ਆਪਣੀ ਸ਼ਕਤੀ ਦੁਆਰਾ ਇਕ ਚੀਜ਼ ਦਾ ਸੰਕੇਤ ਦਿੰਦਾ ਹੈ, ਉਹ
ਭਾਵ-ਅਰਥ ਰਾਹੀਂ ਵੀ ਕਿਸੇ ਹੋਰ ਚੀਜ਼ ਨੂੰ ਸੰਕੇਤਕ ਕਰਦਾ ਹੈ, ਜੈਸੇ “ਚਿਤ੍ਰਗੁ ਆਨਯ”
(ਚਿਤ੍ਰਗਉ ਵਾਲੇ ਨੂੰ ਲਿਆਓ) ਦਾ ਭਾਵ ਹੈ ਕਿ ਉਸ ਆਦਮੀ ਨੂੰ ਲਿਆਓ (ਆਨਯ) ਜਿਸ ਕੋਲ
ਚਿਤ੍ਰਗਊਆਂ ਹਨ। ਇਸ ਵਿਚ ਪਹਿਲਾ ਸ਼ਬਦ (ਚਿਤ੍ਰ) ਆਪਣੀ ਸ਼ਕਤੀ ਰਾਹੀਂ “ਚਿਤ੍ਰਪਣ” ਦਾ
ਸੰਕੇਤਕ ਹੈ, ਜਦ ਕਿ ਦੂਸਰਾ ਸ਼ਬਦ “ਗੁ” (ਗਊ) ਆਪਣੀ ਸ਼ਕਤੀ ਦੁਆਰਾ ਗਊ ਨੂੰ ਦਰਸਾਉਣ
ਤੋਂ ਇਲਾਵਾ, ਭਾਵ-ਅਰਥ ਰਾਹੀਂ ਇਸ ਦੇ ਮਾਲਕ ਵਲ ਵੀ ਇਸ਼ਾਰਾ ਕਰਦਾ ਹੈ।
ਵਿਆਕਰਣੀਆਂ ਦਾ ਦਾਅਵਾ ਹੈ ਕਿ ਜਦੋਂ ਦੋ ਸ਼ਬਦ ਆਪਸ ਵਿਚ ਬਹੁਵ੍ਰੀਹਿ ਰੂਪ ਵਿਚ
ਜੋੜੇ ਜਾਂਦੇ ਹਨ ਤਾਂ ਇਹ ਮਿਸ਼੍ਰਿਤ ਆਪਣੀ ਸ਼ਕਤੀ ਦੁਆਰਾ ਉਸ ਚੀਜ਼ ਦਾ ਸੰਕੇਤਕ ਹੁੰਦਾ
ਹੈ ਜੋ ਅੰਸ਼ਕ ਸ਼ਬਦਾਂ ਦੀਆਂ ਸੰਕੇਤਕ ਚੀਜ਼ਾਂ ਨਾਲ ਸੰਬੰਧ ਤਾਂ ਰੱਖਦਾ ਹੈ ਪਰ ਇਨ੍ਹਾਂ
ਤੇਂ ਪਰੇ ਰਹਿੰਦਾ ਹੈ, ਜੈਸੇ “ਚਿਤ੍ਰਗੁ” ਸ਼ਬਦ “ਮਾਲਕੀਅਤ” ਤੋਂ ਵੀ ਇਲਾਵਾ “ਚਿਤ੍ਰ”
ਅਤੇ “ਗਊ” ਹੋਣ ਦੇ ਗੁਣਾਂ ਨੂੰ ਵੀ ਦਰਸਾਉਂਦਾ ਹੈ। ਪਰ ਗੰਗੇਸ਼ ਦਾ ਮੰਨਣਾ ਹੈ ਕਿ
ਬਹੁਵ੍ਰੀਹਿ ਸਮਾਸ ਵਿਚ ਸਭ ਸ਼ਕਤੀਆਂ ਉਨ੍ਹਾਂ ਸ਼ਬਦਾਂ ਵਿਚ ਰਹਿੰਦੀਆਂ ਹਨ ਜਿਨ੍ਹਾਂ
ਨੂੰ ਮਿਲਾ ਕੇ ਸਮਾਸ ਬਣਾਇਆ ਜਾਂਦਾ ਹੈ, ਅਤੇ ਸਵੈ ਸਮਾਸ ਵਿਚ ਕੋਈ ਸ਼ਕਤੀ ਨਹੀ
ਹੁੰਦੀ।
ਤਤਪੁਰਸ਼ ਸਮਾਸ ਵਿਚ ਦੂਸਰੇ ਸ਼ਬਦ ਦੀ ਸ਼ਕਤੀ ਸਥਿਰ ਹੁੰਦੀ ਹੈ ਜਦ ਕਿ
ਪਹਿਲੇ ਸ਼ਬਦ ਵਿਚ ਦੋਵੇਂ ਸ਼ਕਤੀ ਅਤੇ ਲਕਸ਼ਣ (ਭਾਵਅਰਥ) ਹੁੰਦੇ ਹਨ। ਜੈਸੇ, ਸਮਾਸ
“ਰਾਜਾ-ਪੁਰਸ਼” (ਅਰਥਾਤ ਰਾਜੇ ਦਾ ਅਧਿਕਾਰੀ) ਰਾਜੇ ਦੇ ਅਧਿਕਾਰੀ ਦਾ ਸੰਕੇਤਕ ਹੈ ਜਿਸ
ਵਿਚ ਸ਼ਬਦ “ਰਾਜਾ” ਸਿਰਫ ਰਾਜੇ ਨੂੰ ਹੀ ਨਹੀ ਬਲਕਿ ਉਸ ਨਾਲ “ਸੰਬੰਧ” ਨੂੰ ਵੀ
ਪ੍ਰਗਟਾਉਂਦਾ ਹੈ।
ਕਰਮਧਾਰਯ ਸਮਾਸ ਵਿਚ ਅੰਸ਼ਕ ਸ਼ਬਦਾਂ ਦਾ ਸਮਰੂਪਤਾ ਵਾਲਾ ਸੰਬੰਧ ਹੁੰਦਾ
ਹੈ, ਪਰ ਉਨ੍ਹਾਂ ਦੀਆਂ ਸ਼ਕਤੀਆਂ ਬਾਰੇ ਕੋਈ ਵਿਸ਼ੇਸ਼ ਨਿਯਮ ਨਹੀ ਹੁੰਦਾ, ਜੈਸੇ
“ਨੀਲੋਤਪਲ” ਅਰਥਾਤ ਨੀਲੇ ਰੰਗ ਦਾ ਕਮਲ। ਇੱਥੇ 'ਨੀਲੇ ਰੰਗ' ਦਾ ਅਤੇ ਫੁੱਲ 'ਉਤਪਲ'
(ਕਮਲ) ਦਾ ਸਮਰੂਪੀ ਸੰਬੰਧ ਹੈ। ਇਸੇ ਤਰ੍ਹਾ ਹੀ ਦਵਿਗੁ ਸਮਾਸ ਵਿਚ ਵੀ
ਹੁੰਦਾ ਹੈ। ਜੈਸੇ, ‘ਪੰਚ ਗਵਨ’ (ਪੰਜ ਗਊਆਂ)। ਇਸ ਸਮਾਸ ਵਿਚ ਸੰਖਿਆ ਸ਼ਾਮਲ ਹੈ।
ਦਵੰਦਵ ਸਮਾਸ ਵਿਚ ਕਿਸੇ ਵਿਸ਼ੇਸ਼ ਕਿਸਮ ਦੀ ਸ਼ਕਤੀ ਜਾਂ ਲਕਸ਼ਣ (ਭਾਵ-ਅਰਥ)
ਦੇ ਅੰਸ਼ਕ ਸ਼ਬਦਾਂ ਬਾਰੇ ਨਿਯਮ ਸ਼ਾਮਲ ਨਹੀ ਹੁੰਦੇ। ਜੈਸੇ, ਯਮ-ਵਰੁਣ (ਯਮ ਅਤੇ ਵਰੁਣ)।
ਅਵ੍ਯਯਯੀਭਾਵ ਸਮਾਸ ਵਿਚ ਦੂਸਰੇ ਸ਼ਬਦ ਵਿਚ ਦੋਵੇਂ 'ਸ਼ਕਤੀ' ਅਤੇ 'ਲਕਸ਼ਣ'
ਮੌਜੂਦ ਹੁੰਦੇ ਹਨ, ਜੈਸੇ ‘ਉਪਕੁੰਭਮ’ (ਪਾਣੀ ਦੇ ਘੜੇ ਦੇ ਨੇੜੇ)। ਇੱਥੇ “ਕੁੰਭਮ”
ਸ਼ਬਦ ਵਿਚ ਸ਼ਕਤੀ (“ਘੜਾ”) ਵੀ ਹੈ ਅਤੇ ਲਕਸ਼ਣ ਵੀ (“ਨੇੜੇ”) ਹੈ।
ਆਖਿਆਤਵਾਦ - ਸ਼ਾਬਦਿਕ ਪ੍ਰਤ੍ਯਯ (ਪਿਛੇਤਰ)
ਸ਼ਾਬਦਿਕ ਪ੍ਰਤ੍ਯਯ (ਜੈਸੇ -ਤਿਤ, -ਤਸ, -ਆਂਤੀ ਆਦਿ) ਧਾਤੁ ਸ਼ਬਦ ਦੇ ਪਿੱਛੇ ਲੱਗ ਕੇ
ਅਰਥ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ। ਜੈਸੇ, “ਚੈਤ੍ਰਪਚਤਿ” (ਚੈਤ੍ਰ ਪਕਾਉਂਦਾ ਹੈ)।
ਇੱਥੇ ‘ਪਚਿਤ’ ਇਹ ਦਰਸਾਉਂਦਾ ਹੈ ਕਿ ਚੈਤ੍ਰ (ਖਾਣਾ) ਪਕਾਉਣ ਦਾ ਪ੍ਰਯਤਨ ਕਰ ਰਿਹਾ
ਹੈ। ਜੇ ਕਰਤਾ ਜਾਂ ਕਰਤਰ ਕੋਈ ਅਚੇਤਨ ਚੀਜ਼ ਹੈ ਤਾਂ
ਪ੍ਰਤ੍ਯਯ (ਪਿਛੇਤਰ) ਲਕਸ਼ਣ ਦੁਆਰਾ ਉਸ ਕ੍ਰਿਯਾ ਨੂੰ ਪ੍ਰਗਟਾਉਂਦਾ ਹੈ ਜੋ ਧਾਤੁ (ਜਾਂ
ਮੂਲ) ਸ਼ਬਦ ਦੁਆਰਾ ਸੰਕੇਤ ਕੀਤੀ ਗਈ ਹੈ, ਜੈਸੇ “ਰਥੋ ਗੱਛਤਿ” (ਇਕ ਰਥ ਜਾਂਦੀ ਹੈ),
ਦਰਸਾਉਂਦਾ ਹੈ ਕਿ ਰਥ ਵਿਚ ਉਹ ਕ੍ਰਿਯਾ ਹੈ ਜੋ ਉਸਦੇ ਜਾਣ ਲਈ ਅਨੁਕੂਲ ਹੈ।
ਧਾਤੁਵਾਦ (ਮੂਲ ਸ਼ਬਦ)
ਕਿਸੇ ਕ੍ਰਿਆਪਦ ਦਾ ਧਾਤੂ (ਮੂਲ) ਸ਼ਬਦ ਉਹ ਹੁੰਦਾ ਹੈ ਜੋ ਕ੍ਰਿਆਪਣ ਦੁਆਰਾ ਪ੍ਰਗਟ
ਕਾਰਜ ਕਰਨ ਦੇ ਅਨੁਕੂਲ ਪ੍ਰਕ੍ਰਿਆ ਨੂੰ ਦਰਸਾਉਂਦਾ ਹੈ। ਜੈਸੇ, “ਸ: ਗ੍ਰਾਮਮ ਗੱਛਤਿ”
ਵਾਕ ਵਿਚ 'ਗੱਛਤਿ' ਦਾ ਧਾਤੁ ਸ਼ਬਦ ‘ਗਮ’ ਹੈ ਜਿਸ ਦਾ ਅਰਥ ਹੈ 'ਜਾਣਾ' (ਉਹ ਪਿੰਡ
ਨੂੰ ਜਾਂਦਾ ਹੈ)। ਇਸ ਵਿਚ ‘ਗਮ’ ਉਸ ਦੇ ‘ਗ੍ਰਾਮ’ ਨਾਲ ਸੰਬੰਧ ਦੇ ਅਨੁਕੂਲ ਹੈ,
ਜਿਹੜਾ ਕਿ ਉਸਦੇ ‘ਜਾਣ’ ਦਾ ਕਾਰਜ (ਜਾ ਪਰਿਣਾਮ) ਹੈ। ਜਿਵੇਂ “ਸ: ਤਿਸ਼੍ਠਤਿ” ਜਿਸ
ਵਿਚ “ਸਥਾ” (ਧਾਤੁ) ਸਿਰਫ “ਠਹਿਰਣ” ਨੂੰ ਪ੍ਰਗਟ ਕਰਦਾ ਹੈ।
ਉਪਸਰਗਵਾਦ (ਅਗੇਤਰ)
ਉਪਸਰਗ ਦਾ ਆਪਣੇ ਆਪ ਵਿਚ ਕੋਈ ਅਰਥ ਨਹੀ ਹੁੰਦਾ, ਪ੍ਰੰਤੂ ਇਹ ਧਾਤੁ (ਮੂਲ) ਸ਼ਬਦ ਦੇ
ਅਰਥ ਦੀ ਵਿਸ਼ੇਸ਼ਤਾ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ, ਜਿਵੇਂ ‘ਵਿਜਯਤੇ’ ਵਿਚ ‘ਵਿ’
ਜੋ ਕਿ ਸੰਪੂਰਣ ਜਿੱਤ ਨੂੰ ਦਰਸਾਉਂਦਾ ਹੈ।
ਪ੍ਰਮਾਣ-ਚਤੁਸ਼੍ਟ ਦਾ ਪ੍ਰਮਾਣਯਵਾਦ - ਚਾਰ
ਪ੍ਰਮਾਣਾਂ ਦਾ ਪ੍ਰਮਾਣਵਾਦ
ਕਈ ਕਹਿੰਦੇ ਹਨ ਕਿ ਚੇਸ਼ਟਾ ਇਕ ਪ੍ਰਮਾਣ ਹੈ। ਪ੍ਰੰਤੂ ਇਹ ਕਹਿਣਾ ਬੇਤੁਕਾ
(ਅਸੰਗਤ) ਹੈ ਕਿਉਂਜੋ ਚੇਸ਼ਟਾ (ਸੰਕੇਤ) ਸਿਰਫ ਸਾਨੂੰ ਉਨ੍ਹਾਂ ਸ਼ਬਦਾਂ
ਦੀ ਯਾਦ ਦਿਲਾਉਂਦਾ ਹੈ ਜੋ ਗਿਆਨ ਪੈਦਾ ਕਰਦੇ ਹਨ। ਜੇਕਰ ਕਦੇ ਕੋਈ ਬੋਲ਼ਾ ਆਦਮੀ
ਚੇਸ਼ਟਾ (ਸੈਨਤ) ਰਾਹੀਂ ਸਰਗਰਮੀ ਲਈ ਪ੍ਰੇਰਿਤ ਹੁੰਦਾ ਹੈ ਤਾਂ ਇਸ ਦਾ ਭਾਵ ਇਹ ਹੈ ਕਿ
ਉਹ ਚੇਸ਼ਟਾ ਕਰਨ ਵਾਲੇ ਆਦਮੀ ਦਾ ਮਨੋਰਥ ਸਮਝਦਾ ਹੈ। ਇਸ ਤਰ੍ਹਾ ਚੇਸ਼ਟਾ ਜਾਂ ਤਾਂ
'ਸ਼ਬਦ ਪ੍ਰਮਾਣ' ਵਿਚ ਅਤੇ ਜਾਂ ਫਿਰ 'ਅਨੁਮਾਨ ਪ੍ਰਮਾਣ' ਵਿਚ ਹੀ ਸ਼ਾਮਲ ਹੁੰਦੀ ਹੈ।
ਇਸੇ ਤਰ੍ਹਾ ਏਤਿਹ੍ਯ (ਪਰੰਪਰਾ) ਅਤੇ ਜਨਸ਼੍ਰੁਤਿ (ਅਫਵਾਹ)
ਵੀ ਸ਼ਬਦ ਪ੍ਰਮਾਣ ਤੋਂ ਭਿੰਨ ਨਹੀ ਹਨ, ਜਦ ਕਿ ਅਰਥਾਪੱਤਿ ਅਤੇ
ਅਨਉਪਲਬਧੀ ਅਨੁਮਾਨ ਪ੍ਰਮਾਣ ਵਿਚ ਸੰਮਿਲਿਤ ਹਨ।
------------
ਭਾਰਤ ਦੀ ਤਰਕਸ਼ਾਸਤਰ ਪਰੰਪਰਾ ਵਿਚ ਤਤਵਚਿੰਤਾਮਣੀ ਦੀ ਸਰਬਮਾਨਤਾ ਇੰਨੀ ਸੀ ਇਸ
ਉੱਪਰ ਅਣਗਿਣਤ ਟੀਕਾ ਟਿੱਪਣੀਆਂ ਲਿਖੀਆਂ ਗਈਆ। ਇਨ੍ਹਾ ਦੀ ਚਰਚਾ ਅਸੀ ਅਗਲੀ ਕਿਸ਼ਤ
ਵਿਚ ਕਰਾਂਗੇ।
...
ਚਲਦਾ
|