ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਜੈਨ ਤਰਕਸ਼ਾਸਤਰ (3)

ਪ੍ਰਣਾਲੀਬੱਧ ਤਰਕਸ਼ਾਸਤਰ ਦੇ ਜੈਨੀ ਲਿਖਾਰੀ

ਮਾਣਿਕਯ ਨੰਦੀ (800 ਈ)
ਮਾਣਿਕਯ ਨੰਦੀ ਵੀ ਦਿਗੰਬਰ ਫਿਰਕੇ ਦੇ ਜੈਨੀ ਤਰਕਸ਼ਾਸਤਰੀ ਸਨ ਜਿਨ੍ਹਾਂ ਨੇ ਪ੍ਰੀਕਸ਼ਾ-ਮੁਖ-ਸ਼ਾਸਤਰ ਜਾਂ ਪ੍ਰੀਕਸ਼ਾ-ਮੁਖ-ਸੂਤ੍ਰ  ਗ੍ਰੰਥ ਲਿਖਿਆ। ਇਹ ਰਚਨਾ ਰਿਸ਼ੀ ਅਕਲੰਕ ਦੀਆਂ ਰਚਨਾਵਾਂ ਨਾਲ ਕਾਫੀ ਮਿਲਦੀ ਜੁਲਦੀ ਹੈ। ਇਹ ਕਿਹਾ ਜਾਂਦਾ ਹੈ ਕਿ ਵਿਦਿਆਨੰਦ , ਮਾਣਿਕਯ ਨੰਦੀ ਅਤੇ ਪ੍ਰਭਾਚੰਦਰ ਸਮਕਾਲੀ ਤਰਕਸ਼ਾਸਤਰੀ ਸਨ।

ਪ੍ਰੀਕਸ਼ਾ-ਮੁਖ-ਸੂਤ੍ਰ  ਛੇ ਕਾਂਡਾਂ ਵਿਚ ਵੰਡੀ ਹੋਈ ਰਚਨਾ ਹੈ: (1) ਪ੍ਰਮਾਣ-ਸਵੈਰੂਪ, ਗਿਆਨ ਹਾਸਲ ਕਰਨ ਦੇ ਸਾਧਨ, (2) ਪ੍ਰਤਿਅਕਸ਼ , ਪ੍ਰਤੱਖ ਜਾਂ ਸਿੱਦਾ ਗਿਆਨ, (3) ਪ੍ਰੋਕਸ਼, ਅਸਿੱਧਾ ਗਿਆਨ, (4) ਵਿਸ਼ਾ, ਸਹੀ ਗਿਆਨ ਦੇ ਵਸਤੂ, (5) ਫਲ, ਸਹੀ ਗਿਆਨ ਦੇ ਸਿੱਟੇ, (6) ਆਭਾਸ, ਸੰਸਾ ਜਾਂ ਗਿਆਨ ਪ੍ਰਾਪਤ ਕਰਨ ਵਿਚ ਭੁਲੇਖੇ ਜਾਂ ਕੁਤਰਕ।

ਪ੍ਰਮਾਣ
ਪ੍ਰਮਾਣ ਜਾਂ ਸਹੀ ਗਿਆਨ, ਮਾਣਿਕਯ ਨੰਦੀ ਅਨੁਸਾਰ, ਉਹ ਹੈ ਜੋ ਅਨਿਸ਼ਚਿਤ  ਨੂੰ ਨਿਸ਼ਚਿਤ ਕਰਦਾ ਹੈ। ਅਰਥਾਤ ਪ੍ਰਮਾਣ ਰਾਹੀਂ ਸ਼ੰਕਾ ਦੂਰ ਹੁੰਦਾ ਹੈ ਅਤੇ ਸਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਵਿਚ ਵਿਸ਼ਾ, ਵਿਸ਼ਈ, ਕ੍ਰਿਆ ਅਤੇ ਉਪਕਰਣ  ਸ਼ਾਮਲ ਹੁੰਦੇ ਹਨ। ਜਿਸ ਤਰ੍ਹਾਂ ਇਕ ਚਿਰਾਗ ਆਪਣੇ ਆਪ ਨੂੰ ਅਤੇ ਆਪਣੇ ਆਸ ਪਾਸ ਦੀਆਂ ਵਸਤੂਆਂ ਨੂੰ ਪ੍ਰਕਾਸ਼ਮਾਨ ਕਰਦਾ ਹੈ , ਉਵੇਂ ਹੀ ਪ੍ਰਮਾਣ ਗਿਆਤਾ  ਅਤੇ ਗਿਆਤ ਨੂੰ ਪ੍ਰਦਰਸ਼ਿਤ ਕਰਦਾ ਹੈ।

ਪ੍ਰਮਾਣ ਦੋ ਪ੍ਰਕਾਰ ਦਾ ਹੈ: (1) ਪ੍ਰਤਿਅਕਸ਼, ਸਿੱਧਾ ਗਿਆਨ ਜੋ ਗਿਆਨਇੰਦ੍ਰੀਆਂ ਰਾਹੀਂ ਉਤਪੰਨ ਹੁੰਦਾ ਹੈ , (2) ਪ੍ਰੋਕਸ਼, ਅਸਿੱਧਾ ਗਿਆਨ ਜਿਸ ਦਾ ਸੰਬੰਧ ਸਿੰਮ੍ਰਿਤਿ (ਯਾਦ), ਪ੍ਰਤਿਭਿਗ੍ਯਾ (ਪਛਾਣ), ਤਰਕ  (ਜਾਂ ਉਹਾ), ਅਨੁਮਾਨ  ਅਤੇ ਆਗਮ (ਸ਼ਾਸਤਰਾਂ) ਨਾਲ ਹੈ। ਤਰਕ ਦਾ ਸੰਬੰਧ ਸਾਧ੍ਯ  ਅਤੇ ਹੇਤੁ ਨਾਲ ਹੈ, ਜਿਵੇਂ ‘ਇੱਥੇ ਅੱਗ ਹੈ ਕਿਉਂਕਿ ਇੱਥੇ ਧੂੰਆ ਹੈ’।

ਵਿਆਪਤੀ
ਸਾਧ੍ਯ  ਦੇ ਹੇਤੁ  ਨਾਲ ਸੰਬੰਧ ਨੂੰ ਵਿਆਪਤੀ ਕਿਹਾ ਜਾਂਦਾ ਹੈ, ਜਿਸ ਤਰ੍ਹਾਂ ਧੂੰਏ ਅਤੇ ਅੱਗ ਦਾ ਆਪਸੀ ਵਿਆਪਕ ਸੰਬੰਧ ਹੈ। ਜਦੋਂ ਸਾਧ੍ਯ ਅਤੇ ਹੇਤੁ ਸਮਕਾਲਕ ਹੋਣ ਤਾਂ ਹੇਤੁ (ਧੂੰਆ) ਨੂੰ ਵਿਆਪਿਆ ਅਤੇ ਸਾਧ੍ਯ ਨੂੰ ਵਿਆਪਕ  ਕਿਹਾ ਜਾਂਦਾ ਹੈ। ਜਦੋਂ ਹੇਤੁ ਸਾਧ੍ਯ ਤੋਂ ਬਾਅਦ ਵਿਚ ਵਾਪਰਦਾ ਹੈ (ਅਨੁਕ੍ਰਮਿਕ) ਤਾਂ ਸਾਧ੍ਯ ਨੂੰ ਕਾਰਯ  ਜਾਂ ਕਾਰਜ  ਅਤੇ ਹੇਤੁ ਨੂੰ ਕਾਰਣ  ਕਿਹਾ ਜਾਂਦਾ ਹੈ। ਇਸ ਤਰ੍ਹਾਂ ਅੱਗ ਧੂਏਂ ਦਾ ਕਾਰਣ ਹੈ। ਹੇਤੁ ਨੂੰ ਕਈ ਵਾਰੀ ਸਾਧਨ (ਜਿਸ ਰਾਹੀਂ ਸਬੂਤ ਪੇਸ਼ ਕੀਤਾ ਜਾਵੇ) ਵੀ ਕਿਹਾ ਜਾਂਦਾ ਹੈ। ਇਉਂ ਹੀ ਕਈ ਵਾਰ ਸਾਧ੍ਯ ਨੂੰ ਧਰਮ (ਵਿਧੇਯ) ਅਤੇ ਹੇਤੁ ਨੂੰ ਲਿੰਗ (ਜਾਂ ਚਿੰਨ੍ਹ) ਕਰਕੇ ਵੀ ਜਾਣਿਆ ਜਾਂਦਾ ਹੈ।

ਪਕਸ਼ (ਪੱਖ) ਉਹ ਟਿਕਾਣਾ ਹੈ ਜਿੱਥੇ ਸਾਧ੍ਯ ਟਿਕਿਆ ਹੋਇਆ ਹੁੰਦਾ ਹੈ। ਇਸ ਅਰਥ ਅਨੁਸਾਰ ਪੱਖ ਨੂੰ ਧਾਰਮੀ  ਵੀ ਕਿਹਾ ਜਾਂਦਾ ਹੈ। ਜਿਵੇਂ, "ਇਸ ਥਾਂ ‘ਤੇ ਅੱਗ ਹੈ", ਥਾਂ ਅੱਗ  ਦੀ ਧਾਰਮੀ ਹੈ।

ਹੇਤੁ, ਪਰਿਭਾਸ਼ਾ ਅਨੁਸਾਰ, ਉਹ ਹੈ ਜੋ ਅਨਿੱੜਵੇਂ ਤੌਰ ‘ਤੇ ਸਾਧ੍ਯ ਨਾਲ ਜੁੜਿਆ ਹੋਇਆ ਹੁੰਦਾ ਹੈ। ਮਤਲਬ ਕਿ ਹੇਤੁ ਸਾਧ੍ਯ ਦੀ ਹੋਂਦ ਤੋਂ ਬਗੈਰ ਪੈਦਾ ਨਹੀ ਹੋ ਸਕਦਾ। ਜਿਵੇਂ, ਧੂੰਆ ਅੱਗ ਤੋਂ ਬਗੈਰ ਪੈਦਾ ਨਹੀ ਹੁੰਦਾ।

ਹੇਤੁ
ਹੇਤੁ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ: (1) ਉਪਲਬਧਿ  (ਪ੍ਰਾਪਤੀ), ਅਤੇ (2) ਅਨਉਪਲਬਧਿ  (ਅਪ੍ਰਾਪਤੀ)। ਇਹ ਦੋਨੋ ਵਿਧਿ  (ਪੁਸ਼ਟੀ) ਜਾਂ ਪ੍ਰਤਿਸ਼ੇਧ  (ਨਿਸ਼ੇਧ) ਦੇ ਰੂਪ ਵਿਚ ਵੀ ਵਰਤੇ ਜਾਂਦੇ ਹਨ।

ਉਪਲਬਧਿ ਹੇਤੁ ਨੂੰ, ਵਿਧਿ ਦੇ ਰੂਪ ਵਿਚ, ਛੇ ਉਪਸ਼ਾਖਾਵਾਂ ਵਿਚ ਵੰਡਿਆ ਗਿਆ ਹੈ:

  1. ਵਿਆਪਿਆ – “ਸ਼ਬਦ (ਆਵਾਜ਼) ਪਰਿਵਰਤਨਸ਼ੀਲ ਹੈ, ਕਿਉਂਕਿ ਇਹ ਘੜਤ ਹੈ।“ ਇਸ ਉਦਾਹਰਣ ਵਿਚ ਪਰਿਵਰਤਨਸ਼ੀਲਤਾ ਵਿਆਪਿਆ  ਹੈ ਕਿਉਂਕਿ ਇਹ ਘੜਤ ਨਾਲ ਸਮਕਾਲਕ ਹੈ।
  2. ਕਾਰਯ  (ਕਾਰਜ) – “ਇਹ ਪੁਰਸ਼ ਬੁੱਧੀਮਾਨ ਹੈ ਕਿਉਂਕਿ ਇਸ ਵਿਚ ਬੌਧਿਕ ਕਾਰਜਕਤਾ ਹੈ।“ ਬੁੱਧੀਮਾਨ ਹੋਣਾ ਬੁੱਧੀ ਦਾ ਕਾਰਜ (ਕਾਰਯ) ਹੈ।
  3. ਕਾਰਣ – “ਇੱਥੇ ਪਰਛਾਵਾਂ ਹੈ ਕਿਉਂਕਿ ਇੱਥੇ ਛਤਰੀ ਹੈ।“ ਇਸ ਉਦਾਹਰਣ ਵਿਚ ਛਤਰੀ  ਪਰਛਾਵੇਂ ਦਾ ਕਾਰਣ  ਹੈ।
  4. ਪੂਰਵ  (ਪਹਿਲਾ) – “ਵਰਖਾ ਜ਼ਰੂਰ ਹੋਵੇਗੀ, ਕਿਉਂਕਿ ਕਾਲੀ ਘਟਾ ਛਾਈ ਹੋਈ ਹੈ।“ ਕਾਲੀ ਘਟਾ  ਸੰਭਾਵਤ ਵਰਖਾ ਦਾ ਪੂਰਵ ਕਾਰਣ  (ਹੇਤੁ) ਹੈ।
  5. ਉੱਤਰ  (ਬਾਅਦ) – “ਦਰਿਆ ਵਿਚ ਪਾਣੀ ਦਾ ਹੜ੍ਹ ਹੈ, ਮੋਹਲੇਧਾਰ ਵਰਖਾ ਜ਼ਰੂਰ ਹੋਈ ਹੋਵੇਗੀ।“ ਇੱਥੇ ਹੜ੍ਹ  ਉੱਤਰਕਾਲੀਨ ਕਾਰਣ  (ਹੇਤੁ) ਹੈ।
  6. ਸਹਚਰ  (ਸਮਕਾਲੀ) – “ਇਸ ਅੰਬ ਦਾ ਵਿਸ਼ੇਸ਼ ਰੰਗ ਹੈ, ਕਿਉਕਿ ਇਸ ਦਾ ਵਿਸ਼ੇਸ਼ ਸੁਆਦ (ਰਸ) ਹੈ।“ ਇੱਥੇ ਰੰਗ  ਅਤੇ ਸੁਆਦ  ਸਹਚਰ  ਗੁਣ ਹਨ।

ਉਪਲਬਧਿ ਹੇਤੁ (ਕਾਰਣ) ਨੂੰ, ਪ੍ਰਤਿਸ਼ੇਧ (ਨਿਸ਼ੇਧ) ਦੇ ਰੂਪ ਵਿਚ, ਛੇ ਉਪਸ਼ਾਖਾਵਾਂ ਵਿਚ ਵੰਡਿਆ ਗਿਆ ਹੈ:

  1. ਵਿਆਪਿਆ – “ਇੱਥੇ ਠੰਡ ਮਹਿਸੂਸ ਨਹੀ  ਹੁੰਦੀ, ਕਿਉਂਕਿ ਇੱਥੇ ਗਰਮੀ ਹੈ। “
  2. ਕਾਰਯ  (ਕਾਰਜ) – “ਇੱਥੇ ਠੰਡ ਮਹਿਸੂਸ ਨਹੀ  ਹੁੰਦੀ, ਕਿਉਂਕ ਇੱਥੇ ਧੂੰਆ ਹੈ। “
  3. ਕਾਰਣ – “ਇਹ ਆਦਮੀ ਖੁਸ਼ ਨਹੀ  ਹੈ, ਕਿਉਂਕਿ ਇਹ ਜ਼ਖਮੀ ਹੈ।“
  4. ਪੂਰਵ  (ਪਹਿਲਾ) – “ਰੋਹਿਨੀ ਤਾਰੇ ਛੇਤੀ ਨਹੀ  ਨਿਕਲਣਗੇ, ਕਿਉਕਿ ਰੇਵਤੀ ਤਾਰੇ ਪਹਿਲਾ ਨਿਕਲ ਆਏ ਹਨ।“
  5. ਉੱਤਰ  (ਬਾਅਦ) – “ਭਰਣੀ ਤਾਰੇ ਕੁਝ ਦੇਰ ਪਹਿਲਾ ਨਹੀ  ਨਿਕਲੇ, ਕਿਉਂਕਿ ਪੁਸ਼ਯ ਤਾਰੇ ਨਿਕਲ ਆਏ ਹਨ।“
  6. ਸਹਚਰ  (ਸਮਕਾਲੀ) – “ਇਸ ਦੀਵਾਰ ਦੇ ਦੂਸਰੇ ਪਾਸੇ ਦੀ ਹੋਂਦ ਵਿਚ ਕੋਈ ਸ਼ੱਕ ਨਹੀ, ਕਿਉਂਕਿ ਇਹ ਪਾਸਾ ਉਪਲਬਧਿ (ਦਿਸਦਾ) ਹੈ।“

ਅਨਉਪਲਬਧਿ ਹੇਤੁ ਨੂੰ, ਵਿਧਿ (ਪੁਸ਼ਟੀ) ਦੇ ਰੂਪ ਵਿਚ, ਤਿੰਨ ਉਪਸ਼ਾਖਾਵਾਂ ਵਿਚ ਵੰਡਿਆ ਗਿਆ ਹੈ:

  1. ਕਾਰਯ  (ਕਾਰਜ) – “ਇਸ ਪੁਰਸ਼ ਨੂੰ ਕੋਈ ਬੀਮਾਰੀ ਹੈ, ਕਿਉਂਕਿ ਇਸ ਵਿਚ ਕੋਈ ਹਿਲਜੁਲ ਨਹੀ ਹੈ।“
  2. ਕਾਰਣ – “ਇਹ ਆਦਮੀ ਉਦਾਸ ਹੈ, ਕਿਉਂਕਿ ਇਸ ਨੂੰ ਆਪਣੇ ਪ੍ਰੀਤਮ ਦਾ ਵਿਛੋੜਾ ਹੈ।“
  3. ਸ੍ਵਭਾਵ  (ਸੁਭਾਉ) – “ਇੱਥੇ ਅਨਿਸ਼ਚਿਤਤਾ ਹੈ, ਕਿਉਂਕਿ ਇੱਥੇ ਨਿਸ਼ਚਿਤਤਾ ਪ੍ਰਤੱਖ ਨਹੀ ਹੈ।“ ਅਨਿਸ਼ਚਿਤਤਾ ਦਾ ਸਮਵਾਯ ਗੁਣ (ਧਰਮ) ਨਿਸ਼ਚਿਤਤਾ ਦੀ ਗੈਰਮੌਜੂਦਗੀ ਹੈ।

ਅਨਉਪਲਬਧਿ ਹੇਤੁ ਨੂੰ, ਪ੍ਰਤਿਸ਼ੇਧ (ਨਿਸ਼ੇਧ) ਦੇ ਰੂਪ ਵਿਚ, ਸੱਤ ਉਪਸ਼ਾਖਾਵਾਂ ਵਿਚ ਵੰਡਿਆ ਗਿਆ ਹੈ:

  1. ਸ੍ਵਭਾਵ  (ਸੁਭਾਉ) – “ਇੱਥੇ ਘੜਾ ਮੌਜੂਦ ਨਹੀ ਹੈ, ਕਿਉਂਕਿ ਇਹ ਅਨਉਪਲਬਧਿ ਹੈ।“
  2. ਵਿਆਪਿਆ – “ਇੱਥੇ ਸਿੰਮਲ ਰੁੱਖ ਨਹੀ ਹੈ, ਕਿਉਂਕਿ ਇੱਥੇ ਰੁੱਖ ਹੀ ਨਹੀ ਹੈ। “
  3. ਕਾਰਯ  (ਕਾਰਜ) – “ਇੱਥੇ ਧੁਖਦੀ ਅੱਗ ਨਹੀ ਹੈ, ਕਿਉਂਕਿ ਧੂੰਆ ਨਹੀ ਹੈ।“
  4. ਕਾਰਣ – “ਇੱਥੇ ਧੂੰਆ ਨਹੀ ਹੈ, ਕਿਉਂਕਿ ਅੱਗ ਨਹੀ ਹੈ।“
  5. ਪੂਰਵ  (ਪਹਿਲਾ) – “ਰੋਹਿਨੀ ਤਾਰੇ ਛੇਤੀ ਨਹੀ ਨਿਕਲਣਗੇ, ਕਿਉਂਕਿ ਕ੍ਰਿਤਕਾ ਤਾਰੇ ਅਨਉਪਲਬਧਿ ਹਨ (ਦਿਸਦੇ ਨਹੀ ਹਨ)।“
  6. ਉੱਤਰ  (ਬਾਅਦ) – “ਭਰਣੀ ਤਾਰੇ ਕੁਝ ਦੇਰ ਪਹਿਲਾ ਨਹੀ ਨਿਕਲੇ, ਕਿਉਂਕਿ ਕ੍ਰਿਤਕਾ ਤਾਰੇ ਅਨਉਪਲਬਧਿ ਹਨ (ਦਿਸਦੇ ਨਹੀ ਹਨ)। “
  7. ਸਹਚਰ  (ਸਮਕਾਲੀ) – “ਇਸ ਸੰਤੁਲਨ ਤੱਕੜੀ ਵਿਚ ਪਲੜਾ ਉੱਪਰ ਨੂੰ ਨਹੀ ਹੈ, ਕਿਉਂਕਿ ਐਸਾ ਅਨਉਪਲਬਧਿ ਹੈ” (ਅਰਥਾਤ ਐਸਾ ਨਹੀ ਦਿਸਦਾ)।

ਦ੍ਰਿਸ਼ਟਾਂਤ
ਹੇਤੁ  ਅਤੇ ਪੱਖ  ਅਨੁਮਾਨ ਵਿਧੀ ਦੇ ਅੰਗ ਹਨ, ਪਰ ਉਦਾਹਰਣ (ਦ੍ਰਿਸ਼ਟਾਂਤ) ਇਸ ਦਾ ਹਿੱਸਾ ਨਹੀ ਹੈ। ਫਿਰ ਵੀ ਤੁੱਛ ਬੁੱਧੀ ਦੇ ਪੁਰਸ਼ਾਂ ਨੂੰ ਗੁੰਝਲਦਾਰ ਮਸਲੇ ਸਮਝਾਉਣ ਲਈ ਉਦਾਹਰਣ ਹੀ ਨਹੀ ਬਲਕਿ ਉਪਨਯ  (ਪ੍ਰਯੋਗ) ਅਤੇ ਨਿਗਮਨ  (ਸਿੱਟਾ) ਵੀ ਅਨੁਮਾਨ ਵਿਧੀ ਦੇ ਅੰਗ ਮੰਨੇ ਜਾਂਦੇ ਹਨ। ਦ੍ਰਿਸ਼ਟਾਂਤ ਦੋ ਪ੍ਰਕਾਰ ਦੇ ਹਨ: (1) ਅਨ੍ਵਯ  ਜਾਂ ਸਾਧਰਮ੍ਯ  (ਹਾਂ-ਵਾਚਕ ਜਾਂ ਸਕਾਰਾਤਮਕ) ਜੋ ਹੇਤੁ ਦੇ ਸਾਧ੍ਯ ਨਾਲ ਆਪਸੀ ਸੰਬੰਧ ਦਾ ਪ੍ਰਗਟਾਵਾ ਕਰਦਾ ਹੈ, ਜਿਵੇਂ: "ਜਿੱਥੇ ਕਿਤੇ ਧੂੰਆ ਹੈ, ਉੱਥੇ ਉੱਥੇ ਅੱਗ ਹੈ, ਜੈਸੇ ਰਸੋਈ ਵਿਚ"; ਅਤੇ (2) ਵ੍ਯਤਿਰੇਕੀ  ਜਾਂ ਵੈਧਰਮ੍ਯ  (ਨਾਂ-ਵਾਚਕ, ਨਾਕਾਰਾਤਮਕ), ਜਿਸ ਰਾਹੀਂ ਹੇਤੁ ਦੀ ਨਾਮੌਜੂਦਗੀ ਸਾਧ੍ਯ ਦੀ ਨਾਮੌਜੂਦਗੀ ਦੁਆਰਾ ਦੱਸੀ ਜਾਂਦੀ ਹੈ। ਜਿਵੇਂ, "ਜਿੱਥੇ ਕਿਤੇ ਅੱਗ ਨਹੀ ਹੈ, ਉੱਤੇ ਧੂੰਆ ਨਹੀ ਹੈ, ਜੈਸੇ ਝੀਲ ਵਿਚ।"

ਅਨੁਮਾਨ
ਅਨੁਮਾਨ ਦੋ ਪ੍ਰਕਾਰ ਦਾ ਦੱਸਿਆ ਗਿਆ ਹੈ: (1) ਸਵਾਰਥਅਨੁਮਾਨ, ਆਪਣੇ ਆਪ ਲਈ ਅਨੁਮਾਨ, ਅਤੇ (2) ਪਰਾਰਥਅਨੁਮਾਨ, ਪਰਾਏ ਜਾਂ ਦੂਸਰੇ ਲਈ ਅਨੁਮਾਨ।

ਪਰਾਰਥਅਨੁਮਾਨ ਇਸ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ:

  1. ਸ਼ਬਦ (ਧੁਨੀ) ਪਰਿਵਰਤਨਸ਼ੀਲ ਹੈ, (ਪ੍ਰਤਿਗਿਆ)
  2. ਕਿਉਂਕਿ ਇਹ ਘੜਤ ਹੈ, (ਹੇਤੁ)
  3. ਜੋ ਘੜਤ ਹੈ, ਉਹ ਪਰਿਵਰਤਨਸ਼ੀਲ ਹੈ, (ਸਾਧਰਮ੍ਯ ਉਦਾਹਰਣ)
  4. ਸ਼ਬਦ (ਧੁਨੀ) ਘੜਤ ਹੈ (ਉਪਨਯ)
  5. ਇਸ ਲਈ ਸ਼ਬਦ (ਧੁਨੀ) ਪਰਿਵਰਤਨਸ਼ੀਲ (ਨਿਗਮਨ)

ਜਾਂ

  1. ਜੋ ਪਰਿਵਰਤਨਸ਼ੀਲ ਨਹੀ ਹੈ ਘੜਤ ਵੀ ਨਹੀ ਹੈ, ਜਿਵੇਂ ਬਾਂਝ ਔਰਤ ਦੇ ਕੁਚ ਦਾ ਦੁੱਧ (ਵੈਧਰਮ੍ਯ  ਉਦਾਹਰਣ)
  2. ਪ੍ਰੰਤੂ ਸ਼ਬਦ (ਧੁਨੀ) ਘੜਤ ਹੈ (ਉਪਨਯ)
  3. ਇਸ ਲਈ ਸ਼ਬਦ (ਧੁਨੀ) ਪਰਿਵਰਤਨਸ਼ੀਲ (ਨਿਗਮਨ)

ਆਗਮ
ਆਗਮ, ਵਸਤੂਆਂ ਦਾ ਉਹ ਗਿਆਨ ਹੈ ਜੋ ਪ੍ਰਮਾਣਸ਼ਾਸਤਰਾਂ ਜਾਂ ਭਰੋਸੇਯੋਗ ਪੁਰਸ਼ਾਂ ਦੇ ਬਿਆਨਾਂ ਤੋਂ ਪ੍ਰਾਪਤ ਹੁੰਦਾ ਹੈ।

ਵਿਸ਼ਾ
ਸਹੀ (ਸਮ੍ਯਕ ਜਾਂ ਸਮਕ ) ਗਿਆਨ ਦੇ ਵਿਸ਼ੇ ਦੋ ਪ੍ਰਕਾਰ ਦੇ ਹਨ: (1) ਸਾਮਾਨ੍ਯ, ਅਤੇ (2) ਵਿਸੇਸ਼ । ਜੈਨ ਮਤ ਅਨੁਸਾਰ ਗਿਆਨ ਦੇ ਵਿਸ਼ੇ ਦੋਵੇਂ ਸਾਮਾਨ੍ਯ ਅਤੇ ਵਿਸ਼ੇਸ਼ ਹੁੰਦੇ ਹਨ, ਜਿਨ੍ਹਾਂ ਵਿਚ ਦੋਵੇਂ ਆਮ ਅਤੇ ਵਿਸ਼ੇਸ਼ ਗੁਣ ਸ਼ਾਮਲ ਹੁੰਦੇ ਹਨ। ਅੱਗੇ ਚਲ ਕੇ ਸਾਮਾਨ੍ਯ ਵਿਸ਼ਿਆਂ ਨੂੰ ਦੋ ਕਿਸਮ ਦੇ ਮੰਨਿਆ ਗਿਆ ਹੈ: (1) ਤਿਰਯਕ ਸਾਮਾਨ੍ਯ, ਅਤੇ (2) ਊਰਧਵਤਾ ਸਾਮਾਨ੍ਯ। ਇਸ ਵੰਡ ਵਿਚ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵੰਡ ਭੌਤਿਕ ਦਿਸ਼ਾਵਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਤਿਰਯਕ  ਦਾ ਮਤਲਬ ਹੈ ਸਮਤਲ ਦਿਸ਼ਾ (ਸਮਰੇਖ) ਅਤੇ ਊਰਧਵ  ਦਾ ਮਤਲਬ ਹੈ ਉੱਪਰਮੁਖੀ ਦਿਸ਼ਾ (ਦੇਖੋ ਚਿੱਤਰ 1)।

ਚਿੱਤਰ 1 ਤਿਰਯਕ ਸਾਮਾਨ੍ਯ ਅਤੇ ਊਰਧਵ ਸਾਮਾਨ੍ਯ

ਊਰਧਵਤ  ਜਾਂ ਲੰਬਰੇਖ ਸਾਮਾਨ੍ਯ ਕਿਸੇ ਵਸਤੂ ਦੇ ਸਰੂਪ ਦਾ ਕਾਲ-ਸੂਚਕ ਵਿਕਾਸ ਦਰਸਾਉਂਦਾ ਹੈ, ਜਿਸ ਵਿਚ ਸਮੇ ਦੇ ਨਾਲ ਕਈ ਪਰਿਵਰਤਨ ਆਉਂਦੇ ਹਨ। ਇਸ ਨੂੰ ਸ੍ਵਰੂਪ (ਸਰੂਪ) ਕਿਹਾ ਜਾਂਦਾ ਹੈ, ਜੋ ਦੋ ਵਸਤੂਆਂ ਵਿਚ ਸਮਾਨਰੂਪਤਾ ਦਾ ਅਨੁਭਵ ਹੈ। ਇਸ ਅਨੁਕ੍ਰਮਿਕ ਵਿਕਾਸ (ਪਰਿਣਾਮ) ਦੌਰਾਨ ਵਸਤੂ ਦੇ ਮੂਲ ਲੱਛਣ (ਗੁਣ) ਸਮਾਨ ਰਹਿੰਦੇ ਹਨ, ਜਿਵੇਂ ਇਕ ਆਦਮੀ ਦੇ ਵਿਕਾਸ ਵਿਚ ਆਦਮੀ ਬਚਪਨ, ਜੁਆਨੀ ਅਤੇ ਬੁਢੇਪੇ ਵਿਚ ਉਹੀ ਆਦਮੀ ਰਹਿੰਦਾ ਹੈ ਭਾਵੇਂ ਉਸ ਵਿਚ ਹੋਰ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ।

ਦੂਜੇ ਪਾਸੇ ਤਿਰਯਕ ਸਾਮਾਨ੍ਯਤਾ  ਵਸਤੂ ਦੇ ਵਿਕਾਸ ਦੀ ਸਮਰੂਪਤਾ (ਸਦ੍ਰਿਸ਼ਪਰਿਣਾਮ) ਹੈ, ਭਾਵ ਇਹ ਉਹ ਹੈ ਜਿਸ ਵਿਚ ਇਕ ਜਾਤੀ ਦੇ ਇਕ ਹੀ ਸਮੇ (ਸਮਕਾਲ) ਵਿਭਿੰਨ ਨਮੂਨਿਆਂ ਦੇ ਲੱਛਣ ਸਮਾਨ ਹੁੰਦੇ ਹਨ। ਇਸੇ ਕਰਕੇ ਇਸ ਨੂੰ ਸਮਰੇਖ ਜਾਂ ਸਮਕਾਲਿਕ ਪਰਿਵਰਤਨ ਕਿਹਾ ਗਿਆ ਹੈ। ਜਿਵੇਂ, ਹਰ ਕਿਸਮ ਦੀ ਗਊ ਵਿਚ ਗਲਮਾ ਉਸ ਦਾ ਸਾਂਝਾ ਗੁਣ ਹੈ ਅਤੇ ਵਿਭਿੰਨ ਕਿਸਮ ਦੀ ਗਊ “ਗਊ” ਦੇ ਨਾਮ ਨਾਲ ਹੀ ਜਾਣੀ ਜਾਂਦੀ ਹੈ।

ਇੱਥੇ ਇਹ ਜਾਣਨਾ ਵੀ ਫਾਇਦੇਮੰਦ ਰਹੇਗਾ ਕਿ ਅਧੁਨਿਕ ਜੀਵ-ਵਿਗਿਆਨ ਵਿਚ ਜੀਵ ਵਿਕਾਸ ਦੀ ਪ੍ਰਕ੍ਰਿਆ ਨੂੰ ਤਿਰਯਕ  ਅਤੇ ਊਰਧਵ  ਵਿਕਾਸ ਵਿਚ ਵੰਡਿਆ ਜਾਂਦਾ ਹੈ। ਤਿਰਯਕ ਜੀਵਾਣੂ ਤਬਾਦਲੇ  (Horizontal Gene Transfer) ਵਿਚ ਇਕ ਜੀਵ ਆਪਣਾ ਜੀਵਕ ਮਾਦਾ (DNA) ਉਸ ਦੂਸਰੇ ਸੈੱਲ ਨੂੰ ਦਿੰਦਾ ਹੈ ਜੋ ਉਸਦੀ ਸੰਤਾਨ ਨਹੀ ਹੁੰਦਾ। ਇਸ ਦੇ ਮੁਕਾਬਲੇ ਊਰਧਵ ਜੀਵਾਣੂ ਤਬਾਦਲੇ (Vertical Gene Transfer) ਵਿਚ ਇਕ ਜੀਵਾਣੂ, ਜੀਵਕ ਮਾਦਾ ਆਪਣੇ ਪੂਰਵਜਾਂ ਤੋਂ, ਸੰਭੋਗ ਸੰਬੰਧ ਰਾਹੀਂ, ਪ੍ਰਾਪਤ ਕਰਦਾ ਹੈ। ਊਰਧਵ ਜੀਵਾਣੂ ਤਬਾਦਲਾ ਪ੍ਰਾਕ੍ਰਿਤਿਕ ਜੀਵ ਵਿਕਾਸ ਦਾ ਆਧਾਰ ਹੈ, ਜਦ ਕਿ ਤਿਰਯਕ ਜੀਵਾਣੂ ਤਬਾਦਲੇ ਨੂੰ ਰੋਗਾਣੂਨਾਸ਼ਕ ਦਵਾਈਆਂ ਦੇ ਪ੍ਰਤਿਰੋਧ (Bacterial Antibiotic Resistance) ਦਾ ਮੁੱਖ ਕਾਰਣ ਮੰਨਿਆ ਗਿਆ ਹੈ।

ਇਸੇ ਤਰਾਂ ਵਿਸ਼ੇਸ਼  ਨੂੰ ਵੀ ਦੋ ਕਿਸਮਾਂ ਵਿਚ ਵੰਡਿਆ ਗਿਆ ਹੈ: (1) ਵ੍ਯਤਿਰੇਕ  ਵਿਸ਼ੇਸ਼, ਅਤੇ (2) ਪਰਯਾਯ  ਵਿਸ਼ੇਸ਼।

ਜੇਕਰ ਦੋ ਵਸਤੂਆਂ ਵਿਚ ਸਮਾਨਤਾ ਦੀ ਭਾਵਨਾ ਉਨ੍ਹਾਂ ਦੇ ਊਰਧਵਤ ਸਾਮਾਨ੍ਯ ਗੁਣਾਂ ਤੋਂ ਪੈਦਾ ਹੁੰਦੀ ਹੈ ਤਾਂ ਇਨ੍ਹਾਂ ਵਸਤੂਆਂ ਦੇ ਆਪਸੀ ਭੇਦਾਂ ਦੀ ਭਾਵਨਾ ਉਸ ਦੇ ਵ੍ਯਤਿਰੇਕ ਵਿਸ਼ੇਸ਼ ਗੁਣਾਂ ਤੋਂ ਪੈਦਾ ਹੁੰਦੀ ਹੈ। ਅਲਗ ਅਲਗ ਵਸਤੂਆਂ ਵਿਚ ਅਲਗ ਅਲਗ ਪਰਿਵਤਨਾਂ ਨੂੰ ਵ੍ਯਤਿਰੇਕ  ਕਿਹਾ ਜਾਂਦਾ ਹੈ। ਜਿਵੇਂ, ਗਊ, ਮੱਝ, ਹਾਥੀ, ਘੋੜਾ ਚਾਰ ਵਿਸ਼ੇਸ਼ ਵਸਤੂਆਂ ਹਨ ਜੋ ਆਪਣੇ ਵਿਸ਼ੇਸ਼ ਗੁਣਾਂ ਦੁਆਰਾ ਇਕ ਦੂਸਰੇ ਤੋਂ ਅਲਗ ਹਨ।

ਇਕ ਇਕੱਲੀ ਵਸਤੂ ਵਿਚ ਕਰਮਵਾਰ ਪਰਿਵਰਤਨ (ਪਰਯਾਯਕ੍ਰਮ) ਜੋ ਕ੍ਰਿਆ ਨਾਲ ਸੰਬੰਧ ਰੱਖਦੇ ਹੋਣ, ਜਿਵੇਂ ਆਤਮਾ ਦੁਆਰਾ ਦੁੱਖ ਅਤੇ ਸੁੱਖ ਦਾ ਅਨੁਭਵ ਆਦਿ, ਉਸ ਵਸਤੂ ਨੂੰ ਪਰਯਾਯ  ਵਿਸ਼ੇਸ਼ ਕਿਹਾ ਜਾਂਦਾ ਹੈ।

ਸਹੀ ਜਾਂ ਵੈਧ ਗਿਆਨ ਪ੍ਰਾਪਤ ਕਰਨ ਦਾ ਫਲ ਅਗਿਆਨਤਾ ਦਾ ਅੰਤ ਕਰਨਾ ਹੈ, ਜੋ ਗਿਆਨੀ  ਨੂੰ ਲੋੜੀਂਦੀ ਚੀਜ਼ ਹਾਸਲ ਕਰਨ ਵਿਚ ਸਹਾਈ ਹੁੰਦਾ ਹੈ ਅਤੇ ਅਣਚਾਹੀ ਚੀਜ਼ ਨੂੰ ਰੱਦ ਕਰਨ ਵਿਚ ਮਦਦ ਕਰਦਾ ਹੈ।

ਆਭਾਸ
ਉਹ ਗਿਆਨ ਜੋ ਕਿਸੇ ਚੀਜ਼ ਦੀ ਅਸਲੀਅਤ ਤੋਂ ਭਿੰਨ ਹੋਵੇ ਉਸ ਨੂੰ ਆਭਾਸ  ਕਿਹਾ ਜਾਂਦਾ ਹੈ। ਇਹ ਕਈ ਕਿਸਮ ਦਾ ਮੰਨਿਆ ਗਿਆ ਹੈ, ਜੈਸੇ:

  1. ਪ੍ਰਤਿਅਕਸ਼ਆਭਾਸ – ਜੈਸੇ ਕਿਸੇ ਰੱਸੀ ਨੂੰ ਸੱਪ ਸਮਝ ਲੈਣਾ। ਇਸ ਵਿਚ ਪ੍ਰਤੱਖਣ ਦਾ ਆਭਾਸ ਹੈ।
  2. ਸਮਰਣ ਆਭਾਸ – ਕਿਸੇ ਚੀਜ਼ ਦਾ ਗਲਤ ਨਾਮ ਯਾਦ ਕਰਨਾ ਜੈਸੇ ਜੀਣ ਦੱਤ ਦੀ ਬਜਾਏ ਦੇਵ ਦੱਤ  ਯਾਦ ਕਰਨਾ।
  3. ਪ੍ਰਤਿਭਿਗਿਆ ਆਭਾਸ – ਕਿਸੇ ਚੀਜ਼ ਦੀ ਗਲਤ ਪਛਾਣ ਕਰਨਾ। ਜੈਸੇ, ਬਿੱਲੇ ਨੂੰ ਦੇਖਕੇ ਬਘਿਆੜ ਦਾ ਭੁਲੇਖਾ ਖਾ ਜਾਣਾ।
  4. ਤਰਕਆਭਾਸ – ਗਲਤ ਦਲੀਲ ਦੇਣ ਦੀ ਭੁੱਲ ਕਰਨਾ। ਜੈਸੇ, ਇਹ ਕਹਿਣਾ “ਜਿਹੜਾ ਵੀ ਉਸ ਦਾ ਬੇਟਾ ਹੋਏਗਾ, ਉਹ ਕਾਲਾ ਜ਼ਰੂਰ ਹੋਏਗਾ।”
  5. ਪਕਸ਼ਆਭਾਸ – ਜੋ ਪੱਖ ਸਾਬਤ ਕਰਨਾ ਹੋਵੇ ਉਸ ਦੀ ਗਲਤ ਦਲੀਲ ਪੇਸ਼ ਕਰਨਾ। ਜੈਸੇ, ਇਹ ਕਹਿਣਾ “ਅਗਨੀ ਗਰਮ ਨਹੀ ਹੈ, ਕਿਉਂਕਿ ਇਹ ਪਾਣੀ ਵਰਗੀ ਚੀਜ਼ ਹੈ।“
  6. ਹੇਤਵਆਭਾਸ – ਕਾਰਨ (ਹੇਤੁ) ਦੀ ਗਲਤੀ ਕਰਨਾ। ਜੈਸੇ, “ਸ਼ਬਦ (ਧੁਨੀ) ਸਦੀਵੀ ਹੈ, ਕਿਉਂਕਿ ਇਹ ਕਿਰਤਮ (ਘੜਤ) ਹੈ।“ ਕੋਈ ਵੀ ਕਿਰਤਮ ਚੀਜ਼ ਸਦੀਵੀ ਨਹੀ ਹੁੰਦੀ।
  7. ਦ੍ਰਿਸ਼ਟਾਂਤ ਆਭਾਸ – ਉਦਾਹਰਣ ਦੀ ਗਲਤੀ ਕਰਨਾ ਜਾਂ ਗਲਤ ਉਦਾਹਰਣ ਦੇਣਾ। ਜੈਸੇ, “ਸ਼ਬਦ (ਧੁਨੀ) ਸਦੀਵੀ ਹੈ, ਕਿਉਂਕਿ ਇਹ ਭੌਤਿਕ ਹੈ, ਘੜੇ ਵਾਂਗ।“ ਧੁਨੀ ਘੜੇ ਵਾਂਗ ਭੌਤਿਕ ਵਸਤੂ ਨਹੀ ਹੈ।
  8. ਆਗਮਆਭਾਸ – ਪ੍ਰਮਾਣਸ਼ਾਸਤਰਾਂ ਦਾ ਗਲਤ ਉਪਯੋਗ ਕਰਨਾ।

ਦੇਵ ਸੂਰੀ (1086-1169 ਈ)
ਦੇਵ ਸੂਰੀ, ਜੋ ਵਾਦੀਪ੍ਰਵਰ (ਸ੍ਰੇਸ਼ਟ ਵਿਵਾਦਕਾਰ) ਦੇ ਨਾਮ ਨਾਲ ਵੀ ਜਾਣੇ ਜਾਂਦੇ ਸਨ, ਸ਼੍ਵੇਤਾਂਬਰ ਭਾਈਚਾਰੇ ਵਿਚੋਂ ਸਨ ਅਤੇ ਮੁਨੀਚੰਦਰ ਸੂਰੀ ਦੇ ਸ਼ਿਸ਼ ਸਨ। ਉਨ੍ਹਾਂ ਨੇ ਤਰਕਸ਼ਾਸਤਰ ਦੇ ਸਿਧਾਂਤ ਉੱਪਰ ਇਕ ਕਾਫੀ ਮਸ਼ਹੂਰ ਗ੍ਰੰਥ “ਪ੍ਰਮਾਣ-ਨਯ-ਤਤਵਾਲੋਕਾਲੰਕਾਰ” ਲਿਖਿਆ। ਕਿਹਾ ਜਾਂਦਾ ਹੈ ਕਿ ਇਕ ਬਾਰ ਉਨ੍ਹਾਂ ਨੇ “ਨਾਰੀ ਨਿਰਵਾਣ” ਵਿਸ਼ੇ ਦੀ ਬਹਿਸ ਵਿਚ ਇਕ ਦਿਗੰਬਰ ਤਰਕਸ਼ਾਸਤਰੀ ਕੁਮੁਦਚੰਦਆਚਾਰੀਆ ਉੱਪਰ ਪੂਰਨ ਵਿਜੇ ਪ੍ਰਾਪਤ ਕੀਤੀ ਜਿਸ ਦੇ ਫਲਸਰੂਪ, ਵਿਹਾਰਕ ਰੂਪ ਵਿਚ, ਦਿਗੰਬਰਾਂ ਦਾ ਸ਼ਹਿਰ ਵਿਚ ਦਾਖਲ ਹੋਣਾ ਹੀ ਬੰਦ ਕਰ ਦਿੱਤਾ ਗਿਆ। ਇਹ ਬਹਿਸ ਰਾਜਾ ਜੈ ਸਿਨਹਾ ਦੇਵ ਦੇ ਸਿੰਘਾਸਨ ਸਥਾਨ ਅਨਹਿਲਾਪੁਰਾਪਟਨ (ਗੁਜਰਾਤ) ਵਿਖੇ 1124 ਈ ਵਿਚ ਹੋਈ ਮੰਨੀ ਜਾਂਦੀ ਹੈ।

ਉਨ੍ਹਾਂ ਦੇ ਸ਼ਿਸ਼ ਰਤਨਪ੍ਰਭਾ ਸੂਰੀ ਨੇ ਆਪਣੀ ਰਚਨਾ “ਉਪਦੇਸ਼ਮਾਲਾ ਟੀਕਾ”, ਜੋ 1181 ਈ ਦੌਰਾਨ ਲਿਖੀ ਗਈ, ਵਿਚ ਲਿਖਿਆ: “ਸੁਆਮੀ ਸ਼੍ਰੀ ਦੇਵ ਸੂਰੀ, ਜੋ ਸਤਿਕਾਰਯੋਗ ਮੁਨੀਚੰਦਰ ਸੂਰੀ ਦੇ ਸ਼ਿਸ਼ ਸਨ ਅਤੇ ਉਸਦੀ ਪੀਠ ਦਾ ਜਾਨਸ਼ੀਨ ਬਣਿਆ, ਨੇ ਰਾਜਾ ਜੈ ਸਿਨਹਾ ਦੇਵ ਦੇ ਪਰਿਸ਼ਦ-ਸਦਨ ਵਿਖੇ ਦਿਗੰਬਰਾਂ ਨੂੰ, ਇਹ ਪ੍ਰੋੜਤਾ ਕਰਦੇ ਹੋਏ ਕਿ ਔਰਤਾਂ ਵੀ ਨਿਰਵਾਣ ਪ੍ਰਾਪਤ ਕਰ ਸਕਦੀਆਂ ਹਨ, ਹਾਰ ਦਿੱਤੀ ਅਤੇ ਨਾਰੀਆਂ ਦੇ ਨਿਰਵਾਣ ਦੇ ਹੱਕ ਵਿਚ ਇਕ ਵਿਜੇ ਸਤੰਭ ਉਸਾਰਿਆ।“

ਦੇਵ ਸੂਰੀ ਦੀ “ਪ੍ਰਮਾਣ-ਨਯ-ਤਤਵਾਲੋਕਆਲੰਕਾਰ”

ਪ੍ਰਮਾਣ
ਇਸ ਗ੍ਰੰਥ ਵਿਚ ਕੁਲ ਅੱਠ ਅਧਿਆਇ (ਪਰਿਛੇਦ) ਸ਼ਾਮਲ ਹਨ:

  1. ਸਹੀ (ਜਾਂ ਵੈਧ) ਗਿਆਨ ਦਾ ਸਰੂਪ (ਪ੍ਰਮਾਣ-ਸਵੈਰੂਪ-ਨਿਰਣਯ),
  2. ਪ੍ਰਤਿਅਕਸ਼ (ਪ੍ਰਤੱਖ) ਦਾ ਸਰੂਪ (ਪ੍ਰਤਿਅਕਸ਼-ਸਵੈਰੂਪ-ਨਿਰਣਯ),
  3. ਸਮਰਣ, ਪ੍ਰਤਿਭਿਗਿਆ ਅਤੇ ਤਰਕਅਨੁਮਾਨ ਦਾ ਨਿਰਣਾ (ਸਮਰਣ-ਪ੍ਰਤਿਭਿਗਿਆ-ਤਰਕਅਨੁਮਾਨ-ਸਵੈਰੂਪ-ਨਿਰਣਯ),
  4. ਆਗਮ ਜਾਂ ਸ਼ਾਸਤਰਾਂ ਤੋਂ ਪ੍ਰਾਪਤ ਗਿਆਨ ਦੇ ਸਰੂਪ ਦਾ ਨਿਰਣਾ (ਆਗਮਾਖਿਆ-ਪ੍ਰਮਾਣ-ਸਵੈਰੂਪ-ਨਿਰਣਯ),
  5. ਗਿਆਨ ਦੇ ਵਿਸ਼ਿਆਂ ਦੇ ਸਰੂਪ ਦਾ ਨਿਰਣਾ (ਵਿਸ਼ਯ-ਸਵੈਰੂਪ-ਨਿਰਣਯ),
  6. ਗਿਆਨਫਲ ਅਤੇ ਤਰਕਦੋਸ਼ ਦੇ ਸਰੂਪ ਦਾ ਨਿਰਣਾ (ਫਲ-ਪ੍ਰਮਾਣ-ਸਵੈਰੂਪਾਧਆਬਾਸ-ਨਿਰਣਯ),
  7. ਇਕ-ਪਾਸੜ ਗਿਆਨ ਦੇ ਸਰੂਪ ਦਾ ਨਿਰਣਾ (ਨਯਆਤਮ-ਸਵੈਰੂਪ-ਨਿਰਮਯ),
  8. ਵਾਦ-ਪ੍ਰਤਿਵਾਦ ਦੀ ਪ੍ਰਕ੍ਰਿਆ ਦੇ ਸਰੂਪ ਦਾ ਨਿਰਣਾ (ਵਾਦੀ-ਪ੍ਰਤਿਵਾਦੀ-ਨਿਆਇ-ਨਿਰਣਯ)।

ਦੇਵ ਸੂਰੀ ਅਨੁਸਾਰ, ਸਹੀ ਗਿਆਨ ਉਹ ਹੈ ਜੋ ਆਪਣੇ ਆਪ ਨੂੰ ਅਤੇ ਦੂਜੀਆਂ ਵਸਤੂਆਂ ਨੂੰ ਨਿਸ਼ਚਿਤ (ਨਿਧਾਰਿਤ) ਕਰਦਾ ਹੈ।

ਗਿਆਨਇੰਦ੍ਰੀਆਂ ਦਾ ਗਿਆਨ-ਵਸਤੂਆਂ ਨਾਲ ਸੁਮੇਲ ਪ੍ਰਮਾਣ (ਵੈਧ ਗਿਆਨ) ਨਹੀ ਹੁੰਦਾ, ਕਿਉਂਕਿ ਭਾਵੇਂ ਇਹ ਬਾਹਰੀ ਵਸਤੂਆਂ ਦੇ ਸਰੂਪ ਨੂੰ ਨਿਰਧਾਰਿਤ ਤਾਂ ਕਰ ਸਕਦਾ ਹੈ, ਪਰ ਆਪਣੇ ਆਪ ਦਾ ਸਰੂਪ ਨਿਸ਼ਚਿਤ ਨਹੀ ਕਰ ਸਕਦਾ ਕਿਉਂਕਿ ਇਸ ਵਿਚ ਚੇਤਨਤਾ  ਨਹੀ ਹੁੰਦੀ। ਪਰ ਪ੍ਰਮਾਣ ਇਕ ਗਿਆਨ ਜ਼ਰੂਰ ਹੈ ਕਿਉਂਕਿ ਇਸ ਰਾਹੀਂ ਅਸੀਂ ਉਚਿਤ ਵਸਤੂ ਨੂੰ ਸਵੀਕਾਰ ਅਤੇ ਅਨੁਚਿਤ ਵਸਤੂ ਨੂੰ ਅਸਵੀਕਾਰ ਕਰਨ ਦੇ ਕਾਬਲ ਬਣਦੇ ਹਾਂ। ਇਸ ਗਿਆਨ ਦਾ ਰੂਪ ਪ੍ਰਪੱਕ (ਨਿਸ਼ਚਿਤ) ਵੀ ਜ਼ਰੂਰ ਹੈ ਕਿਉਂਕਿ ਇਹ ਸਮਾਰੋਪ (ਉੱਪਰ ਠੋਸਣ) ਦੇ ਵਿਪਰੀਤ ਹੈ। ਮਤਲਬ ਕਿ ਇਹ ਕਿਸੇ ਵਸਤੁ ਨੂੰ ਉਹ ਨਹੀ ਸਮਝ ਬੈਠਦਾ ਜੋ ਉਹ ਹੈ ਨਹੀ। ਸਮਾਰੋਪ ਤਿੰਨ ਪ੍ਰਕਾਰ ਦਾ ਮੰਨਿਆ ਗਿਆ ਹੈ:

  1. ਵਿਪਰਯਯ (ਉਲਟਾਉ) – ਜੈਸੇ ਮੋਤੀ-ਸਿੱਪੀ ਨੂੰ ਚਾਂਦੀ ਸਮਝ ਲੈਣਾ;
  2. ਸੰਸ਼ਾ (ਸੰਸਾ) – ਜੈਸੇ, ਕੀ ਇਹ ਖੰਭਾ ਹੈ ਜਾਂ ਆਦਮੀ?;
  3. ਅਨਅਧ੍ਯਵਸਾਯ  (ਅਨਿਸ਼ਚਿਤ) – ਇਸ ਨਾਲ ਮਨ ਵਿਚ ਸਿਰਫ ਕਿਸੇ ਚੀਜ਼ ਦਾ ਚਿੰਤਨ (ਜਾਂ ਵਿਕਲਪਨ) ਹੀ ਹੁੰਦਾ ਹੈ ਕਿ ਉਹ ਚੀਜ਼ ਕਿਹੋ ਜਿਹੀ ਹੋਵੇਗੀ, ਪਰ ਚੀਜ਼ ਬਾਰੇ ਪੂਰੀ ਜਾਣਕਾਰੀ ਨਹੀ ਹੁੰਦੀ – ਜਿਵੇਂ ਆਧੁਨਿਕ ਬਿਜਲਾਣੂ (electron) ਅਤੇ ਹੋਰ ਅਣੁਕ ਕਣ (sub-atomic particles), ਇਨ੍ਹਾਂ ਦਾ ਸਿਰਫ ਧੁੰਦਲਾ ਜਿਹਾ ਸੰਕਲਪ ਹੀ ਕੀਤਾ ਜਾਂਦਾ ਹੈ।

ਪ੍ਰਮਾਣ ਦੋ ਕਿਸਮ ਦਾ ਮੰਨਿਆ ਗਿਆ ਹੈ: (1) ਪ੍ਰਤਿਅਕਸ਼  (ਪ੍ਰਤੱਖ) ਜਾਂ ਸਿੱਧਾ ਪ੍ਰਮਾਣ; ਅਤੇ (2) ਪ੍ਰੋਕਸ਼  (ਪਰੋਖ) ਜਾਂ ਅਸਿੱਧਾ ਪ੍ਰਮਾਣ, ਭਾਵ ਜੋ ਪ੍ਰਤਿਅਕਸ਼ ਨਹੀ।

ਪ੍ਰਤਿਅਕਸ਼ ਦੋ ਕਿਸਮ ਦਾ ਹੈ: (1) ਸਾਮਵ੍ਯਵਹਾਰਿਕ  (ਸਾਮਵਿਹਾਰਕ), ਅਤੇ (2) ਪਾਰਮਾਰਥਿਕ  (ਅਨੁਭਵ ਤੋਂ ਪਰੇ)।

ਸਾਮਵਿਹਾਰਕ  ਪ੍ਰਤਿਅਕਸ਼ ਦੀ ਉੱਪਵੰਡ ਇਸ ਪ੍ਰਕਾਰ ਕੀਤੀ ਗਈ ਹੈ: (1) ਇੰਦ੍ਰੀਆਂ-ਨਿਬੰਧਨ – ਜੋ ਗਿਆਨਿੰਦ੍ਰੀਆਂ ਦੁਆਰਾ ਪ੍ਰਾਪਤ ਹੁੰਦਾ ਹੈ, ਅਤੇ (2) ਅਨਇੰਦ੍ਰੀਆਂ-ਨਿਬੰਧਨ – ਜੋ ਗਿਆਨਿੰਦ੍ਰੀਆਂ ਤੋਂ ਬਗੈਰ ਯਾਨੀ ਮਨ (ਚਿੱਤ) ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਦੋਵੇ ਤਰ੍ਹਾਂ ਦੇ ਗਿਆਨ ਚਾਰ ਅਵਸਥਾਵਾਂ ਵਿਚ ਦੀ ਹੋ ਗੁਜ਼ਰਦੇ ਹਨ, ਇਹ ਹਨ: (1) ਅਵਗ੍ਰਹ , ਜਿਵੇਂ ਕਿਸਮਾਂ (ਜਾਂ ਜਾਤੀਆਂ) ਵਿਚ ਭੇਦ ਜਾਣਨਾ, ਮਿਸਾਲ ਵਜੋਂ ਆਦਮੀ ਜਾਂ ਘੋੜਾ, ਪਰ ਇਨ੍ਹਾਂ ਦੇ ਵਿਸ਼ੇਸ਼ ਗੁਣਾਂ ਦਾ ਨਿਖੇੜਾ ਨਾ ਕਰਨਾ; (2) ਈਹਾ , ਜਾਂਚ ਪੜਤਾਲ ਕਰਨਾ, ਜਿਵੇਂ ਇਹ ਪਤਾ ਕਰਨਾ ਕਿ ਪੁਰਸ਼ ਕਿੱਥੋਂ ਪੈਦਾ ਹੋਇਆ ਅਤੇ ਇਹ ਘੋੜਾ ਕਿਸ ਦੇਸ਼ ਦਾ ਹੈ ਆਦਿ (3) ਆਵਯ  (ਪਹੁੰਚਣਾ), ਜਾਂਚ ਪੜਤਾਲ ਕਰਕੇ ਸਹੀ ਸਿੱਟੇ ‘ਤੇ ਪਹੁੰਚਣਾ; (4) ਧਾਰਣਾ, ਵਿਸ਼ਿਸ਼ਟ ਚੀਜ਼ ਨੂੰ ਯਾਦ ਵਿਚ ਲਿਆਉਣਾ ਅਤੇ ਮਨ ਵਿਚ ਸਮਾਈ ਰੱਖਣਾ।

ਪਾਰਮਾਰਥਿਕ  ਸਿੱਧਾ ਗਿਆਨ ਉਹ ਹੈ ਜੋ ਕੇਵਲ-ਮਾਤ੍ਰ ਆਤਮਾ ਦੀ ਪ੍ਰਬੁੱਧਤਾ ਤੋਂ ਹੀ ਪੈਦਾ ਹੁੰਦਾ ਹੈ ਅਤੇ ਇਹ ਨਿਰਵਾਣ  ਪ੍ਰਾਪਤ ਕਰਨ ਲਈ ਸਹਾਈ ਹੁੰਦਾ ਹੈ। ਇਹ ਵੀ ਦੋ ਕਿਸਮ ਦਾ ਹੈ: (1) ਵਿਕਲ  (ਅਪੂਰਣ), ਇਸ ਵਿਚ ਅਵਧਿ ਗਿਆਨ (ਸੀਮਾਬੱਧ ਗਿਆਨ) ਅਤੇ ਮਨ-ਪਰਯਾਯ ਗਿਆਨ  ਵੀ ਸ਼ਾਮਲ ਹਨ। ਅਵਧਿ ਗਿਆਨ ਉਨ੍ਹਾਂ, ਨੇੜੇ ਜਾਂ ਦੂਰ, ਵਿਸ਼ੇਸ਼ ਵਸਤੂਆਂ ਦਾ ਗਿਆਨ ਹੈ ਜਿਨ੍ਹਾਂ ਵਿਚ ਕੋਈ ਭੇਦ ਨਹੀ ਕੀਤਾ ਜਾਂਦਾ ਅਤੇ ਮਨ-ਪਰਯਾਯ ਗਿਆਨ ਕਿਸੇ ਦੂਜੇ ਦੇ ਮਨ ਦੀ ਸੋਚ ਦਾ ਗਿਆਨ ਹੈ, (2) ਸਕਲ  (ਜਾਂ ਸਗਲ), ਭਾਵ ਸੰਪੂਰਣ ਗਿਆਨ, ਇਹ ਕਿਸੇ ਚੀਜ਼ ਦਾ ਹਰ ਪੱਖ ਤੋਂ ਬੇਰੋਕ ਅੰਤਰ-ਗਿਆਨ ਹੈ। ਜਿਸ ਕਿਸੇ ਨੂੰ ਇਹ ਸੰਪੂਰਣ ਗਿਆਨ ਹਾਸਲ ਹੋ ਜਾਂਦਾ ਹੈ ਉਸ ਨੂੰ ਅਰਹੰਤ (ਜਾਂ ਅਰ੍ਹੰਤ) ਕਿਹਾ ਜਾਂਦਾ ਹੈ, ਭਾਵ ਉਹ ਜੋ ਸਾਰੇ ਦੋਸ਼ਾਂ ਤੋਂ ਮੁਕਤ ਹੋ ਜਾਵੇ।

ਅਸਿੱਧਾ ਜਾਂ ਪ੍ਰੋਕਸ਼  (ਪਰੇਖ) ਗਿਆਨ ਪੰਜ ਪ੍ਰਕਾਰ ਦਾ ਦੱਸਿਆ ਗਿਆ ਹੈ: (1) ਸਮਰਣ  (ਜਾਂ ਚਿਤਵਣ); (2) ਪ੍ਰਤਿਭਿਗਿਆ; (3) ਤਰਕ  (ਯੁਕਤੀ ਜਾਂ ਦਲੀਲ); (4) ਅਨੁਮਾਨ; ਅਤੇ (5) ਆਗਮ

ਅਨੁਮਾਨ  ਦੋ ਪ੍ਰਕਾਰ ਦਾ ਹੈ: (1) ਸਵਾਰਥਅਨੁਮਾਨ, ਭਾਵ ਆਪਣੇ ਆਪ ਲਈ ਅਨੁਮਾਨ; ਅਤੇ (2) ਪਰਾਰਥਅਨੁਮਾਨ, ਜੋ ਅਨੁਮਾਨ ਦੂਸਰਿਆਂ ਨੂੰ ਸਮਝਾਉਣ ਲਈ ਵਰਤਿਆ ਜਾਵੇ। ਹੇਤੁ ਉਹ ਹੈ ਜਿਸ ਦਾ ਸੰਬੰਧ ਸਾਧ੍ਯ ਨਾਲ ਹੋਣਾ ਜ਼ਰੂਰੀ ਹੈ, ਇਹ ਆਪਣੇ ਆਪ ਵਿਚ ਕੁਝ ਵੀ ਨਹੀ ਹੈ। ਦੇਵ ਸੂਰੀ ਅਨੁਮਾਨ ਦੇ ਨਿਆਇ-ਵਾਕ (ਅਵਯਵ) ਵਿਚ ਦ੍ਰਿਸ਼ਟਾਂਤ ਦੀ ਵਰਤੋਂ ਦੀ ਸਖਤ ਅਲੋਚਨਾ ਕਰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਅਨੁਮਾਨ ਦੀ ਵਿਧੀ ਵਿਚ ਸਾਧ੍ਯ ਅਤੇ ਹੇਤੁ ਦੇ ਵਿਚਕਾਰ ਪਹਿਲਾ ਹੀ ‘ਜ਼ਰੂਰੀ ਸੰਬੰਧ’ (ਅੰਤਰ-ਵਿਆਪਤੀ) ਮੌਜੂਦ ਹੈ, ਅਤੇ ਉਦਾਹਰਣ ਦੇਣਾ ਬਿਲਕੁਲ ਫਜ਼ੂਲ ਹੈ। ਇਸ ਨੂੰ ਉਹ ਬੇਲੋੜੀ ਬਾਹਰੀ-ਵਿਆਪਤੀ ਮੰਨਦੇ ਹਨ। ਜਿਵੇਂ,

ਪਰਬਤ (ਪੱਖ) ਉੱਪਰ ਅੱਗ (ਸਾਧ੍ਯ) ਹੈ,
ਕਿਉਂਕਿ ਉੱਥੇ ਧੂੰਆ (ਹੇਤੁ) ਹੈ, ਜਿਸ ਤਰ੍ਹਾਂ ਚੁਲ੍ਹੇ ਦੀ ਅੱਗ ਵਿਚ।

ਇੱਥੇ ‘ਚੁਲ੍ਹੇ ਦੀ ਅੱਗ’ ਦੀ ਉਦਾਹਰਣ ਦੇਣਾ ਬਿਲਕੁਲ ਬੇਲੋੜਾ ਹੈ ਕਿਉਂਕਿ ਪਰਬਤ ਉੱਪਰ ਅੱਗ ਸਾਬਤ ਕਰਨ ਲਈ ਅੱਗ ਅਤੇ ਧੂੰਏ ਦਾ ਸੰਬੰਧ, ਉਦਾਹਰਣ ਤੋਂ ਬਗੈਰ ਪਹਿਲਾ ਹੀ ਮੌਜੂਦ ਹੈ। ਕਿਉਂਕਿ ਧੂੰਏ ਅਤੇ ਅੱਗ ਦੀ ਅੰਤਰ-ਵਿਆਪਤੀ (ਜਾਂ ਵਿਆਪਤੀ) ਪਹਿਲਾ ਹੀ ਸਵੈ-ਸਿੱਧ ਹੈ। ਉਹ ਇਸ ਦੀ ਪੁਨਰ-ਪੁਸ਼ਟੀ ਕਰਦੇ ਹੋਏ, ਤਰਕਸ਼ਾਸਤਰ ਦਾ ਮੂਲ ਸਿਧਾਂਤ ਪੇਸ਼ ਕਰਦੇ ਹੋਏ ਕਹਿੰਦੇ ਹਨ ਕਿ ਹਰ ਦਲੀਲ ਵਿਚ ਤਾਰਕਿਕ ਸਰਲਤਾ, ਸੁਚੱਜਤਾ ਅਤੇ ਮਾਨਸਿਕ ਘਾਲਣਾ ਵਿਚ ਸੰਜਮਤਾ  ਹੋਣੀ ਜ਼ਰੂਰੀ ਹੈ ਕਿਉਂਕਿ ਮਨ ਗੈਰ-ਜ਼ਰੂਰੀ ਤਥਾਂ ਨਾਲ ਉਲਝ ਸਕਦਾ ਹੈ। ਇਹ ਗੁਣ ਆਧੁਨਿਕ ਵਿਗਿਆਨਕ ਸਿਧਾਂਤ ਦੇ ਹੋਣੇ ਵੀ ਅਤੀ ਜ਼ਰੂਰੀ ਹਨ।

ਇਸੇ ਤਰ੍ਹਾਂ ਉਪਨਯ  (ਪ੍ਰਯੋਗ) ਅਤੇ ਨਿਗਮਨ  ਦੀ ਵੀ ਨਿਆਇ-ਵਾਕ ਵਿਚ ਕੋਈ ਜ਼ਰੂਰਤ ਨਹੀ ਹੈ। ਪ੍ਰੰਤੂ ਇਨ੍ਹਾਂ ਦੀ ਵਰਤੋਂ, ਉਦਾਹਰਣ ਦੇ ਨਾਲ ਨਾਲ ਸਿਰਫ ਤੁੱਛ-ਬੁੱਧੀ ਦੇ ਲੋਕਾਂ ਨੂੰ ਸਮਝਾਉਣ ਲਈ ਹੀ ਕੀਤੀ ਜਾਂਦੀ ਹੈ। ਇਸ ਲਈ ਤਰਕ-ਵਾਕ ਜਾਂ ਅਨੁਮਾਨ ਦੇ ਅਵਯਵ (ਜਾਂ ਭਾਗ) ਇਸ ਪ੍ਰਕਾਰ ਹਨ:

  1. ਪਕਸ਼ ਪ੍ਰਯੋਗ – ਪ੍ਰਸਤਾਵ ਜਾਂ ਪ੍ਰਤਿਗਿਆ ਦੀ ਵਰਤੋਂ, ਜਿਵੇਂ “ਪਰਬਤ ਉੱਪਰ ਅੱਗ ਹੈ”,
  2. ਹੇਤੁ ਪ੍ਰਯੋਗ – ਹੇਤੁ ਜਾਂ ਕਾਰਣ ਦੀ ਵਰਤੋਂ, ਜਿਵੇਂ “ਕਿਉਂਕਿ ਉੱਥੇ ਧੂੰਆ ਹੈ”,
  3. ਦ੍ਰਿਸ਼ਟਾਂਤ – ਉਦਾਹਰਣ, ਜਿਵੇਂ “ਜਿੱਥੇ ਅੱਗ ਹੈ ਉੱਥੇ ਧੂੰਆ ਵੀ ਹੈ”,
  4. ਉਪਨਯ – ਪ੍ਰਯੋਗ, ਜਿਵੇਂ “ਇਸ ਪਰਬਤ ਉੱਪਰ ਧੂੰਆ ਹੈ”,
  5. ਨਿਗਮਨ – ਸਿੱਟਾ, ਜਿਵੇਂ “ਇਸ ਲਈ ਪਰਬਤ ਉੱਪਰ ਅੱਗ ਹੈ”।

ਅਭਾਵ ਜਾਂ ਅਨਉਪਲਬਧਿ  (ਅਣਹੋਂਦ) ਦਾ ਵਿਭਾਜਨ ਇਸ ਪ੍ਰਕਾਰ ਕੀਤਾ ਗਿਆ ਹੈ:

(1) ਪ੍ਰਾਗਅਭਾਵ  (ਪੂਰਵਗਾਮੀ ਅਣਹੋਂਦ), ਕਿਸੇ ਵਸਤੁ ਦਾ ਪਹਿਲੇ ਕਾਲ ਵਿਚ ਨਾ ਹੋਣਾ, ਜਿਵੇਂ ਲੋਹੇ ਵਿਚ ਤਲਵਾਰ ਬਣਨ ਤੋਂ ਪਹਿਲਾ ਮੌਜੂਦਾ ਸ਼ਕਲ ਦੀ ਤਲਵਾਰ ਦਾ ਅਭਾਵ ਸੀ।

(2) ਪ੍ਰਧ੍ਵੰਸਾਭਾਵ  (ਉੱਤਰਗਾਮੀ ਅਣਹੋਂਟ), ਜੋ ਵਸਤੁ ਦੇ ਨਾਸ਼ ਹੋਣ ਤੋਂ ਉਸ ਦਾ ਅਭਾਵ ਹੋਵੇ, ਜਿਵੇਂ ਆਤਿਸ਼ਬਾਜ਼ੀ ਜਲ ਕੇ ਭਸਮ ਹੋ ਜਾਵੇ।

(3) ਇਤਰੇਤਰਾਭਾਵ  (ਪਰਸਪਰ ਜਾਂ ਅਨ੍ਯੋਨਯ ਅਭਾਵ), ਇਕ ਪਦਾਰਥ ਦਾ ਦੂਜੇ ਦਾ ਰੂਪ ਨਾ ਹੋਣਾ, ਜਿਵੇਂ ਗਧਾ ਗਊ ਨਹੀ ਅਤੇ ਗਊ ਗਧਾ ਰੂਪ ਨਹੀ, ਅਰਥਾਤ ਗਧੇ ਵਿਚ ਗਊ ਅਤੇ ਗਊ ਵਿਚ ਗਦੇ ਦਾ ਅਭਾਵ ਹੈ।

(4) ਅਤ੍ਯੰਤਾਭਾਵ (ਪੂਰਣ ਅਭਾਵ), ਸਭ ਸਮਿਆ (ਕਾਲਾਂ) ਵਿਚ ਕਿਸੇ ਵਸਤੁ ਦਾ ਨਾ ਹੋਣਾ, ਜਿਵੇਂ ਸਹੇ ਦਾ ਸਿੰਗ, ਜਾਂ ਆਕਾਸ਼ ਦਾ ਫੁੱਲ ਆਦਿ।

ਇਸ ਦੇ ਨਾਲ ਕਈ ਕਿਸਮ ਦੇ ਆਭਾਸ (ਭੁਲੇਖੇ) ਵੀ ਗਿਣੇ ਗਏ ਹਨ। ਆਗਮ ਅਤੇ ਨਯ ਦੇ ਥੱਲੇ ਸਪਤਭੰਗੀ ਨਯ  ਦਾ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ। ਗਿਆਨ ਦੇ ਪਰਿਣਾਮ ਅਤੇ ਵਿਵਹਾਰਕ ਲਾਭਾਂ ਨੂੰ ਭਰਮ (ਸੰਵ੍ਰਤਿ) ਨਹੀ ਬਲਕਿ ਵਾਸਤਵਿਕ (ਪਾਰਮਾਰਥਿਕ) ਦੱਸਿਆ ਗਿਆ ਹੈ। ਅਰਥਾਤ ਗਿਆਨ ਨੂੰ ਵਿਵਹਾਰਕ ਤੌਰ ‘ਤੇ ਫਾਇਦੇਮੰਦ ਅਤੇ ਪਰਮਉੱਤਮ ਪਦਾਰਥਾਂ ਦਾ ਗਿਆਨ ਮੰਨਿਆ ਗਿਆ ਹੈ ਜੋ ਆਦਮੀ ਦੇ ਅਮਲੀ ਜੀਵਨ ਵਿਚ ਲਾਭਕਾਰੀ ਸਾਬਤ ਹੁੰਦਾ ਹੈ। ਇਹ ਪਦਾਰਥਾਂ ਦਾ ਗਿਆਨ ਵਿਗਿਆਨ ਹੀ ਹੈ।

ਨਯ ਦੇ ਆਭਾਸ
ਨਯ ਵਿਸ਼ੇ (ਵਿਸ਼ੇਸ਼ ਦ੍ਰਿਸ਼ਟੀ ਤੋਂ ਵਸਤੂਆਂ ਦਾ ਗ੍ਰਹਿਣ ਕਰਨ ਦੀ ਵਿਧੀ) ਦੇ ਅਧੀਨ ਨਿਮਨਲਿਖਤ ਨਯਆਭਾਸ ਗਿਣੇ ਗਏ ਹਨ:

  1. ਨੈਗਮਆਭਾਸ – ਕਿਸੇ ਵਸਤੁ ਨੂੰ ਸਗਲ ਦ੍ਰਿਸ਼ਟੀਕੋਣ ਤੋਂ ਸਮੁੱਚੇ ਤੌਰ ‘ਤੇ ਵਿਚਾਰਨਾ, ਉਸ ਦੇ ਅੰਸ਼ਾਂ (ਅੰਗਾਂ) ਨੂੰ ਮੁੱਖ ਰੱਖਦੇ ਹੋਏ, ਉਸ ਦੇ ਸਾਮਾਨ੍ਯ ਗੁਣਾਂ ਦੇ ਨਾਲ ਨਾਲ ਵਿਸ਼ੇਸ਼ ਗੁਣਾਂ ਨੂੰ ਵੀ ਮੰਨਣਾ ਨੈਗਮ  ਕਿਹਾ ਜਾਂਦਾ ਹੈ। ਜੈਸੇ ਕਿਸੇ ਵਿਅਕਤੀ ਨੂੰ ਮਾਨਵ ਜਾਤੀ ਦਾ ਪ੍ਰਤੀਕ ਹੋਣ ਦੇ ਨਾਲ ਨਾਲ ਵਿਸ਼ੇਸ਼ ਗੁਣਾਂ ਵਾਲਾ ਪੁਰਸ਼ ਵੀ ਮੰਨਣਾ ਨੈਗਮਨਯ  ਕਹਾਉਂਦਾ ਹੈ। ਇਸ ਤਰ੍ਹਾਂ ਨੈਗਮਆਭਾਸ ਉਸ ਵੇਲੇ ਪੈਦਾ ਹੁੰਦਾ ਹੈ ਜਦੋਂ ਕਿਸੇ ਵਸਤੁ ਦੇ ਸਮੁੱਚੇ ਗੁਣਾਂ ਨੂੰ ਬੇਮੁੱਖ ਕਰਕੇ ਉਸ ਦੇ ਸਾਮਾਨ੍ਯ ਅਤੇ ਵਿਸ਼ੇਸ਼ ਗੁਣਾਂ ਨੂੰ ਮਹੱਤਤਾ ਦਿੱਤੀ ਜਾਵੇ। ਜੈਸੇ, ਵਿਗਿਆਨਕ ਵਿਸ਼ਲੇਸ਼ਣ ਵਿਚ ‘ਪਾਣੀ’ ਦੇ ਸਗਲ ਗੁਣਾਂ ਨੂੰ ਭੁਲਾ ਕੇ ਇਸ ਦੇ ਸੰਘਟਕ ਤੱਤਾਂ ਆਕਸੀਜਨ (O2) ਅਤੇ ਹਾਈਡਰੋਜਨ (H2) ਦੇ ਗੁਣਾਂ ਨੂੰ ਪਾਣੀ ਸਮਝਣਾ ਨੈਗਮਆਭਾਸ ਕਿਹਾ ਜਾ ਸਕਦਾ ਹੈ।
  2. ਸੰਗ੍ਰਹਆਭਾਸ – ਇਹ ਆਭਾਸ (ਤਰਕਦੋਸ਼ ਜਾਂ ਕੁਤਰਕ) ਉਦੋਂ ਪੈਦਾ ਹੁੰਦਾ ਹੈ ਜਦੋਂ ਕਿਸੇ ਵਸਤੁ ਦੇ ਵਿਸ਼ੇਸ਼ ਗੁਣਾਂ ਨੂੰ ਅੱਖੋਂ ਪਰੋਖੇ ਕਰ ਕੇ ਉਸਦੇ ਸਾਮਾਨ੍ਯ ਗੁਣਾਂ ਨੂੰ ਹੀ ਅਸਲੀ ਵਸਤੁ ਸਮਝ ਬੈਠਣਾ। ਜੈਸੇ, ਕਿਸੇ ਵਿਅਕਤੀ ਨੂੰ ਉਸਦੇ ਵਿਸ਼ੇਸ਼ ਗੁਣ ਭੁਲਾ ਕੇ ਸਿਰਫ ਮਾਨਵ ਜਾਤੀ ਹੀ ਸਮਝ ਲੈਣਾ।
  3. ਵਿਵਹਾਰਆਭਾਸ - ਇਹ ਆਭਾਸ ਉਦੋਂ ਪੈਦਾ ਹੁੰਦਾ ਹੈ ਜਦੋਂ ਅਸੀਂ ਕਿਸੇ ਵਸਤੁ ਦੇ ਵਿਸ਼ੇਸ਼ ਗੁਣਾਂ ਜਾਂ ਖਾਸੀਅਤਾਂ ਨੂੰ ਹੀ ਮੁੱਖ ਰੱਖਦੇ ਹਾਂ ਅਤੇ ਇਸਦੇ ਹੋਰਨਾ ਵਸਤੂਆਂ ਨਾਲ ਜਮਾਤੀ (ਜਾਤੀਗਤ) ਸਾਂਝ ਨੂੰ ਮਹੱਤਤਾ ਨਹੀ ਦਿੰਦੇ। ਇਹ ਸੰਗ੍ਰਹਆਭਾਸ ਦੇ ਵਿਪਰੀਤ (ਉਲਟ) ਹੈ। ਜੈਸੇ, ਕਿਸੇ ਵਿਅਕਤੀ ਦੇ ਖਾਸ ਗੁਣਾਂ ਨੂੰ ਹੀ ਪਛਾਣਨਾ ਅਤੇ ਉਸ ਦੀ ਬਾਕੀ ਮਨੁੱਖਤਾ ਨਾਲ ਸਾਂਝ ਨੂੰ ਅਣਡਿੱਠ ਕਰ ਦੇਣਾ।
  4. ਰਿਜੁਸੂਤਰ ਆਭਾਸ – ਰਿਜੁਸੂਤਰਨਯ ਛਿਣਭੰਗਰਤਾ ਦਾ ਦ੍ਰਿਸ਼ਟੀਕੋਣ, ਜਿਸ ਅਧੀਨ ਵਸਤੁ ਦੇ ਵਰਤਮਾਨ ਰੂਪ ਨੂੰ ਹੀ ਸਾਰਥਕ ਮੰਨਿਆ ਜਾਂਦਾ ਹੈ ਅਤੇ ਇਸ ਦੇ ਭੂਤ ਅਤੇ ਭਵਿੱਖ ਦੀ ਕੋਈ ਅਹਿਮੀਅਤ ਨਹੀ ਸਮਝੀ ਜਾਂਦੀ। ਵਰਤਮਾਨ ਨੂੰ ਹੀ ਸਮੁੱਚੀ ਅਸਲੀਅਤ ਮੰਨਿਆ ਜਾਂਦਾ ਹੈ। ਇਸ ਮਤ ਨੂੰ ਰਿਜੁਸੂਤਰਆਭਾਸ  ਜਾਂ ਛਿਣਭੰਗਰਤਾ ਦਾ ਭੁਲੇਕਾ ਮੰਨਿਆ ਜਾਂਦਾ ਹੈ।
  5. ਸ਼ਬਦਆਭਾਸ – ਇਹ ਆਭਾਸ ਉਦੋਂ ਪੈਦਾ ਹੁੰਦਾ ਹੈ ਜਦੋਂ ਅਸੀਂ ਕਿਸੇ ਸ਼ਬਦ ਦਾ ਇਕੋ ਹੀ ਅਰਥ ਸਮਝ ਬੈਠਦੇ ਹਾਂ, ਅਤੇ ਇਹ ਸਵੀਕਾਰ ਨਹੀ ਕਰਦੇ ਕਿ ਇਸ ਦੇ ਹੋਰ ਅਰਥ ਵੀ ਹੋ ਸਕਦੇ ਹਨ। ਜਾਂ ਅਲਗ ਅਲਗ ਸ਼ਬਦਾਂ ਦੇ ਅਰਥ ਵੀ ਇਕੋ ਹੋ ਸਕਦਾ ਹੈ। ਇਹ ਆਭਾਸ ਉਦੋਂ ਵੀ ਪੈਦਾ ਹੁੰਦਾ ਹੈ ਜਦੋਂ ਇਕ ਸ਼ਬਦ ਦੇ ਅਰਥ ਹਰ ਕਾਲ ਵਿਚ (ਭੂਤ, ਵਰਤਮਾਨ ਅਤੇ ਭਵਿੱਖ) ਬਰਾਬਰ ਮੰਨੇ ਜਾਣ। ਜੈਸੇ, “ਕ੍ਰਤੁ” ਸ਼ਬਦ, ਜਿਸ ਦਾ ਅਰਥ ਯਗ੍ਯ  ਹੈ, ਨੂੰ “ਕ੍ਰਤੁ” ਰਿਖੀ ਦੇ ਭਾਵ ਵਿਚ ਲੈਣਾ। ਇਸ ਰਿਖੀ ਦਾ ਜੀਵਨਕਾਲ ਹਜ਼ਾਰਾਂ ਸਾਲ ਪਹਿਲਾ ਦਾ ਮੰਨਿਆ ਗਿਆ ਹੈ।
  6. ਸਮਭਿਰੂਢਿਆਭਾਸ – ਸਮਭਿਰੂਢਿਨਯ ਦਾ ਸੰਬੰਧ ਸ਼ਬਦਾਂ ਜਾਂ ਪਦਾਂ ਦੇ ਆਮ ਜਾਂ ਪ੍ਰਸਿੱਧ ਅਰਥਾਂ ਨਾਲ ਹੈ, ਜਦ ਕਿ ਇਨ੍ਹਾਂ ਦੇ ਨਿਰੁਕਤੀ-ਸੰਬੰਧੀ  ਅਰਥਾਂ ਨੂੰ ਅਣਡਿੱਠ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸਮਭਿਰੂਢਿਆਭਾਸ  ਉਦੋਂ ਪੈਦਾ ਹੁੰਦਾ ਹੈ ਜਦੋਂ ਨਿਰੁਕਤੀ-ਸੰਬੰਧੀ ਅਰਥਾਂ ਨੂੰ ਬੇਲੋੜਾ ਮਹੱਤਵ ਦਿੱਤਾ ਜਾਵੇ ਜਾਂ ਜਦੋਂ ਸਮਾਨਾਰਥਕ ਸ਼ਬਦਾਂ ਦੇ ਅਲਗ ਅਲਗ ਅਰਥ ਕੱਢੇ ਜਾਣ।
  7. ਏਵਮਭੂਤਆਭਾਸ – ਸਮਭਿਰੂਢਿਆਭਾਸ ਦੇ ਵਿਰੁੱਧ, ਏਵਮਭੂਤਆਭਾਸ ਉਦੋਂ ਪੈਦਾ ਹੁੰਦਾ ਹੈ ਜਦੋਂ ਇਕ ਵਸਤੁ ਨੂੰ ਇਸ ਆਧਾਰ ‘ਤੇ ਤਿਆਗਿਆ ਜਾਵੇ ਕਿ ਉਸ ਦੇ ਗੁਣ ਉਹ ਨਹੀ ਹਨ ਜੋ ਉਸ ਦੇ ਨਾਮ ਨਾਲ ਜੁੜੇ ਹੋਏ ਹਨ। ਅਰਥਾਤ ਕਿ ਸ਼ਬਦ ਦੇ ਨਿਰੁਕਤੀ-ਸੰਬੰਧੀ ਅਰਥਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਵੇ। ਜੈਸੇ, ਇਹ ਕਹਿਣਾ ਰਾਮ ਇਕ ਮਨੁੱਖ ਨਹੀ ਹੈ (ਸੋਚਣ ਵਾਲਾ ‘ਜੀਵ’) ਕਿਉਂਕਿ ਐਸ ਵੇਲੇ ਉਹ ਸੋਚ ਨਹੀ ਰਿਹਾ।

ਵਾਦ ਵਿਧੀ
ਕਿਸੇ ਅਹਿਮ ਪ੍ਰਸਤਾਵ ਜਾਂ ਮਸਲੇ ਨੂੰ ਖਿਆਲਾਂ ਦਾ ਅਦਾਨ ਪ੍ਰਦਾਨ ਕਰਕੇ ਸਥਾਪਤ ਕਰਨ ਲਈ ਜਾਂ ਸਹੀ ਨਿਰਣੇ ਤੱਕ ਪਹੁੰਚਣ ਦੇ ਢੰਗ ਤਰੀਕੇ ਨੂੰ ਵਿਚਾਰ-ਵਿਮਰਸ਼ ਜਾਂ ਵਾਦ-ਵਿਵਾਦ ਕਿਹਾ ਜਾਂਦਾ ਹੈ। ਇਹ ਕੋਈ ਝਗੜਾ ਨਹੀ ਬਲਕਿ ਯੁਕਤੀਪੂਰਣ ਪ੍ਰਕ੍ਰਿਆ ਹੈ ਜਿਸ ਰਾਹੀਂ ਸਚਾਈ ਤੱਕ ਪਹੁੰਚਣ ਲਈ ਦਾਅਵਾ ਕੀਤਾ ਜਾਂਦਾ ਹੈ। ਇਸ ਵਿਚ ਵਿਰੋਧੀ ਧਾਰਣਾਵਾਂ ਨੂੰ ਗਲਤ ਸਾਬਤ ਕਰਕੇ ਰੱਦ ਕਰਨਾ ਅਤੇ ਸਹੀ ਧਾਰਣਾਵਾਂ ਦੀ ਸਥਾਪਨਾ ਕਰਨਾ ਹੁੰਦਾ ਹੈ। ਇਹ ਯਥਾਰਥ ਤੱਤ ਤੱਕ ਪਹੁੰਚਣ ਦਾ ਵਿਗਿਆਨਕ ਢੰਗ ਹੈ। ਇਸ ਵਿਚ, ਪਹਿਲਾ, ਵਿਚਾਰ ਸ਼ੁਰੂ ਕਰਨ ਵਾਲਾ ਪੁਰਸ਼ (ਜਾਂ ਵਾਦੀ) ਜਾਂ ਤਾਂ ਆਪਣੇ ਵਿਰੋਧੀ ਉੱਪਰ ਜਿੱਤ ਪ੍ਰਾਪਤ ਕਰਨ ਲਈ ਉਤਸੁਕ ਹੁੰਦਾ ਹੈ ਜਾਂ ਫਿਰ ਸਚਾਈ ਦੀ ਸਥਾਪਨਾ ਕਰਨ ਦਾ ਚਾਹਵਾਨ ਹੁੰਦਾ ਹੈ। ਸਚਾਈ ਦੀ ਭਾਲ ਜਾਂ ਤਾਂ ਆਪਣੇ ਆਪ ਲਈ (ਜਿਵੇਂ ਇਕ ਸ਼ਿਸ਼ ਸੱਚ ਨੂੰ ਜਾਣਨਾ ਚਹੁੰਦਾ ਹੈ) ਅਤੇ ਜਾਂ ਦੂਸਰਿਆਂ ਲਈ (ਜਿਵੇਂ ਇਕ ਗੁਰੂ ਆਪਣੇ ਸ਼ਿਸ਼ ਲਈ) ਕੀਤੀ ਜਾਂਦੀ ਹੈ।

ਆਮ ਤੌਰ ‘ਤੇ ਇਹ ਵਾਦ-ਵਿਵਾਦ ਸਿਆਣੇ ਵਿਦਵਾਨਾਂ ਦੇ ਇਕੱਠ ਵਿਚ ਕੀਤਾ ਜਾਂਦਾ ਹੈ, ਜਿਸ ਵਿਚ ਵਾਦੀ  ਅਤੇ ਵਿਵਾਦੀ ਅਸੂਲਾਂ ਅਤੇ ਸ਼ਰਤਾਂ ਦਾ ਪਾਲਣ ਕਰਦੇ ਹੋਏ ਆਪੋ ਆਪਣੇ ਸੁਝਾਉ ਪੇਸ਼ ਕਰਦੇ ਹਨ। ਇਸ ਇਕੱਠ ਨੂੰ ਪਰਿਸ਼ਦ  ਕਿਹਾ ਜਾਂਦਾ ਹੈ, ਜਿਸ ਦੇ ਚਾਰ ਵਿਸ਼ੇਸ਼ ਅੰਗ ਦੱਸੇ ਗਏ ਹਨ, ਅਰਥਾਤ (1) ਵਾਦੀ  ਜਾਂ ਪ੍ਰਸਤਾਵ ਪੇਸ਼ ਕਰਨ ਵਾਲਾ, (2) ਪ੍ਰਤਿਵਾਦੀ  ਜਾਂ ਇਸ ਪ੍ਰਸਤਾਵ ਦੀ ਮੁਖਾਲਫਤ ਕਰਨ ਵਾਲਾ ਵਿਰੋਧੀ, (3) ਸਭਾ ਜਾਂ ਪਰਿਸ਼ਦ ਦੇ ਸਦੱਸ, (4) ਸਭਾਪਤੀ,  ਜੋ ਸਭਾ ਦੀ ਸਹੀ ਅਗਵਾਈ ਕਰਦਾ ਹੋਇਆ ਇਸ ਵਿਚ ਅਨੁਸ਼ਾਸਨ ਅਤੇ ਨਿਯੰਤ੍ਰਣ ਕਾਇਮ ਰੱਖਦਾ ਹੈ। ਉਸ ਦਾ ਮੁੱਖ ਉਦੇਸ਼ ਸਭਾ ਨੂੰ ਪ੍ਰਸਤਾਵ ਉੱਪਰ ਕੇਂਦ੍ਰਿਤ ਰੱਖਣਾ ਅਤੇ ਇਸ ਮੰਤਵ ਤੋਂ ਥਿੜਕਣ ਨਾ ਦੇਣਾ ਹੁੰਦਾ ਹੈ ।

ਵਾਦੀ ਅਤੇ ਪ੍ਰਤਿਵਾਦੀ ਦੀ ਜ਼ਿੰਮੇਵਾਰੀ ਇਸ ਵਿਚ ਹੁੰਦੀ ਹੈ ਕਿ ਉਹ ਠੋਸ ਸਬੂਤ ਪੇਸ਼ ਕਰਕੇ ਆਪਣਾ ਪੱਖ ਸਥਾਪਤ ਕਰਨ। ਸਭਾ ਦੇ ਸਦੱਸ ਦੋਨਾਂ ਧਿਰਾਂ ਲਈ ਸਵੀਕਾਰ ਹੋਣੇ ਜ਼ਰੂਰੀ ਹੁੰਦੇ ਹਨ, ਇਸ ਬਿਨਾ ‘ਤੇ ਕਿ ਉਨ੍ਹਾਂ ਵਿਚ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰਨ ਦੀ ਕਾਬਲੀਅਤ ਹੋਵੇ; ਉਨ੍ਹਾਂ ਦੀ ਯਾਦਾਸ਼ਤ ਸਵਸਥ ਅਤੇ ਨਰੋਈ ਹੋਵੇ; ਉਹ ਵਿਦਵਤਾ-ਭਰਪੂਰ ਅਤੇ ਸ਼੍ਰੇਸ਼ਟ ਬੁੱਧੀ ਵਾਲੇ ਹੋਣ; ਉਨ੍ਹਾਂ ਵਿਚ ਧੀਰਜ, ਸਹਿਣ ਸ਼ੀਲਤਾ ਅਤੇ ਨਿਰਪੱਖਤਾ ਵਾਲੇ ਗੁਣ ਹੋਣ। ਉਨ੍ਹਾਂ ਦੇ ਗੁਣ ਅਤੇ ਫਰਜ਼ ਇਹ ਵੀ ਹੋਣੇ ਚਾਹੀਦੇ ਹਨ ਕਿ ਉਹ ਵਾਦੀ ਅਤੇ ਪ੍ਰਤਿਵਾਦੀ ਦੇ ਸਵਾਲਾਂ ਜਵਾਬਾਂ ਨੂੰ ਸਮਝ ਕੇ ਵਰਣਨ ਕਰਨ ਦੀ ਕਾਬਲੀਅਤ ਰੱਖਦੇ ਹੋਣ, ਅਤੇ ਵਾਦ-ਵਿਵਾਦ ਵਿਚ ਪੇਸ਼ ਕੀਤੀਆਂ ਦਲੀਲਾਂ ਅਤੇ ਤਾਰਕਿਕ ਕਥਨਾਂ ਦੇ ਗੁਣਾਂ ਅਤੇ ਔਗੁਣਾਂ ‘ਤੇ ਸਹੀ ਫੈਸਲਾ ਲੈਣ ਦੀ ਸਮਰਥਾ ਰੱਖਦੇ ਹੋਣ ਤਾਂ ਕਿ ਗੋਸ਼ਟੀ (ਬਹਿਸ) ਵਿਚ ਮੌਕੇ ਮੌਕੇ ਦਖਲ ਦੇ ਕੇ ਨਿਰਣਾ ਦੇ ਸਕਣ ਅਤੇ ਬਹਿਸ ਬਾਰੇ ਆਪਣੇ ਫੈਸਲੇ ਦੀ ਘੋਸ਼ਣਾ ਕਰ ਸਕਣ।

ਇਹ ਅਤਿ ਜ਼ਰੂਰੀ ਹੈ ਕਿ ਸਭਾਪਤੀ  ਨੂੰ ਸਿਆਣਪ, ਸਮਾਦੇਸ਼-ਸ਼ਕਤੀ, ਧੀਰਜ ਅਤੇ ਨਿਰਪੱਖਤਾ ਦੀ ਬਖਸ਼ਿਸ਼ ਹੋਵੇ। ਉਸ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਉਸ ਵਿਚ ਦੋਨਾਂ ਧਿਰਾਂ ਦੇ ਕਥਨਾਂ ਅਤੇ ਸਦੱਸ ਦੇ ਵਿਚਾਰਾਂ ਦਾ ਸਹੀ ਨਿਰਣਾ ਲੈਣ ਦੀ ਵਿਵੇਕਤਾ ਹੋਵੇ ਤਾਂ ਕਿ ਉਹ ਦੋਨਾਂ ਧਿਰਾਂ ਵਿਚ ਝੜਪਾਂ ਅਤੇ ਮੰਦ-ਬੋਲਣੀ ਨੂੰ ਰੋਕਣ ਦੀ ਸਮਰਥਾ ਅਤੇ ਅਕਲ ਹੋਵੇ।

ਜੇਕਰ ਦੋਨਾਂ ਧਿਰਾਂ ਦਾ ਮਨੋਰਥ ਸਿਰਫ ਇਕ ਦੂਸਰੇ ‘ਤੇ ਜਿੱਤ ਪ੍ਰਾਪਤ ਕਰਨਾ ਹੀ ਹੈ ਤਾਂ ਉਹ ਵਾਦ-ਵਿਵਾਦ ਨੂੰ ਉਤਸ਼ਾਹਪੂਵਕ ਜ਼ਾਰੀ ਰੱਖਦੇ ਹਨ ਜਿੰਨੀ ਦੇਰ ਕਿ ਜਿੱਤ ਪ੍ਰਾਪਤ ਨਹੀ ਹੋ ਜਾਂਦੀ। ਇਸ ਦੇ ਉਲਟ ਜੇਕਰ ਦੋਹਾਂ ਧਿਰਾਂ ਦਾ ਮਨੋਰਥ ਸੱਚ ਦੀ ਸਥਾਪਨਾ ਕਰਨਾ ਹੈ, ਤਾਂ ਉਹ ਪੂਰੇ ਉਤਸ਼ਾਹ ਨਾਲ ਆਪਣਾ ਵਿਚਾਰ ਵਟਾਂਦਰਾ ਜ਼ਾਰੀ ਰੱਖ ਸਕਦੇ ਹਨ ਜਿੰਨੀ ਦੇਰ ਤੱਕ ਉਹ ਸੱਚ ਤੱਕ ਨਹੀ ਪਹੁੰਚ ਜਾਂਦੇ ਅਤੇ ਜਾਂ ਜਿੰਨਾ ਚਿਰ ਉਹ ਆਪਣਾ ਉਤਸ਼ਾਹ ਕਾਇਮ ਰੱਖ ਸਕਦੇ ਹਨ।

---------------

ਅਸੀ ਆਪਣੇ ਇਸ ਸੰਖੇਪ ਸਰਵੇਖਣ ਤੋਂ ਦੇਖਿਆ ਹੈ ਕਿ ਜੈਨਮਤ ਸੰਸਾਰ ਰੂਪੀ ਪਦਾਰਥਾਂ ਦਾ ਅਨੁਭਾਵਕ ਵਰਗੀਕਰਣ ਕਰਕੇ “ਅਨੇਕਤਾ” ਦੇ ਤਰਕ ਨੂੰ ਪ੍ਰਗਟ ਕਰਦਾ ਹੈ। ਅਨੇਕਤਾ ਦੇ ਸਿਧਾਂਤ ਅਨੁਸਾਰ ਵਸਤੂਆਂ ਦੇ ਅਨੇਕ ਗੁਣ (ਧਰਮ) ਹੁੰਦੇ ਹਨ। ਜੈਨੀਆਂ ਦੀ ਧਾਰਣਾ ਹੈ ਕਿ ਵਾਸਤਵ ਵਿਚ ਪਦਾਰਥਾਂ ਦੇ ਪਰਸਪਰ ਸੰਬੰਧ ਨਾ ਤਾਂ ਸਥਾਈ ਹੁੰਦੇ ਹਨ ਨਾ ਹੀ ਇਕ ਦੂਸਰੇ ਤੋਂ ਸੁਤੰਤਰ ਬਲਕਿ ਇਹ ਵੱਖ ਵੱਖ ਵਿਆਖਿਆਵਾਂ ਦੇ ਪਰਿਣਾਮ ਹਨ। ਹਰੇਕ ਪਦਾਰਥ ਦੀ ਸੱਤਾ ਦੂਜੇ ਪਦਾਰਥਾਂ ਦੇ ਨਾਲ ਸੰਬੰਧਰੂਪ ਵਿਚ ਅਤੇ ਉਨਾਂ ਤੋਂ ਭਿੰਨ ਰੂਪ ਵਿਚ ਹੀ ਸੰਭਵ ਹੈ।

"ਨਯ" ਸਿਧਾਂਤ ਅਨੁਸਾਰ ਜੈਨੀਆਂ ਦਾ ਮੰਨਣਾ ਹੈ ਕਿ ਕਿਸੇ ਵਸਤੁ ਨੂੰ ਅਨੇਕ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾ ਸਕਦਾ ਹੈ ਅਤੇ ਆਪਣੇ ਆਪ ਵਿਚ ਹਰੇਕ ਦ੍ਰਿਸ਼ਟੀਕੋਣ ਸਹੀ ਹੁੰਦੀ ਹੈ, ਇਸ ਲਈ ਹਰੇਕ ਵਸਤੁ ਦਾ ਗਿਆਨ ਸਾਪੇਖ ਗਿਆਨ ਹੈ। ਇਸ ਤਰਾਂ ਕਿਸੇ ਵੀ ਵਿਸ਼ੇ ਦੇ ਸੰਬੰਧ ਵਿਚ ਲਿਆ ਗਿਆ ਨਿਰਨਾ ਸਾਰੀਆਂ ਦ੍ਰਿਸ਼ਟੀਆਂ ਤੋਂ ਸੱਚ ਨਹੀ ਹੁੰਦਾ। ਜਦ ਤਕ ਕਿਸੇ ਵਸਤੁ ਦਾ ਉਸ ਦੇ ਅਲਗ ਅਲਗ ਦ੍ਰਿਸ਼ਟੀਕੋਣਾਂ ਤੋਂ ਗਿਆਨ ਨਹੀ ਹੁੰਦਾ ਤਦ ਤਕ ਉਸ ਦਾ ਪੂਰਨ ਗਿਆਨ ਹੋਣਾ ਅਸੰਭਵ ਹੈ।

ਇਸ ਸਰਵੇਖਣ ਵਿਚ ਅਸੀ ਇਹ ਵੀ ਦੇਖਿਆ ਹੈ ਕਿ “ਨਯ” ਦਾ ਸੰਕੇਤਕ “ਸਯਾਦਵਾਦ” ਆਧੁਨਿਕ ਵਿਗਿਆਨਕ ਗਿਆਨ ਲਈ ਕਿੰਨਾ ਢੁਕਵਾਂ ਹੈ, ਕਿਉਂਕਿ ਵਿਗਿਆਨ ਦੇ ਖੇਤਰ ਵਿਚ ਕੋਈ ਵੀ ਜਾਣਕਾਰੀ ਆਪਣੇ ਆਪ ਵਿਚ ਅੰਤਿਮ ਜਾਂ ਸੰਪੂਰਨ ਨਹੀ ਹੁੰਦੀ; ਹਰੇਕ ਵਿਗਿਆਨਕ ਸਿਧਾਂਤ ਵਿਚ ਉਸ ਦੇ ਗਲਤ ਹੋਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਸਮੁੱਚਾ ਵਿਗਿਆਨ ਸੰਭਾਵੀ (ਜਾਂ ਪ੍ਰਸੰਗਕ) ਗਿਆਨ ਹੈ।

ਜੈਨੀਆਂ ਦਾ ਨਯ (ਸਯਾਦਵਾਦ) ਸਿਧਾਂਤ ਇਨ੍ਹਾਂ ਨੂੰ ਭਾਰਤ ਦੇ ਦੂਜੇ ਦਾਰਸ਼ਨਿਕ/ਤਾਰਕਿਕ ਸੰਪ੍ਰਦਾਇਆਂ ਤੋਂ ਅਲੱਗ ਕਰਦਾ ਹੈ। ਪਰ ਇਸ ਦੇ ਨਾਲ ਨਾਲ ਇਨ੍ਹਾਂ ਦੇ ਕਈ ਵਿਚਾਰ ਦੂਜੇ ਸੰਪ੍ਰਦਾਇਆਂ ਨਾਲ ਮਿਲਦੇ ਜੁਲਦੇ ਵੀ ਹਨ। ਬੋਧੀ ਦਾਰਸ਼ਨਿਕਾਂ ਨਾਲ ਸਹਿਮਤ ਹੋ ਕੇ ਉਹ ਕਹਿੰਦੇ ਹਨ ਕਿ ਅਸਲ ਵਿਚ ਵਸਤੂਆਂ ਦਾ ਪਰਿਵਰਤਨ ਨਿਰੰਤਰ ਤੌਰ ‘ਤੇ ਹੁੰਦਾ ਰਹਿੰਦਾ ਹੈ, ਅਤੇ ਕੋਈ ਵੀ ਚੀਜ਼ ਸਥਾਈ ਨਹੀ ਹੁੰਦੀ। ਇਹ ਵਿਚਾਰ ਬੋਧੀਆਂ ਦੇ "ਛਿਣਭੰਗਰਤਾ ਦੇ ਸਿਧਾਂਤ" ਦਾ ਹੀ ਪ੍ਰਗਟਾਵਾ ਹੈ। ਇਸ ਸਿਧਾਂਤ ਨੂੰ ਆਧਾਰ ਮੰਨ ਕੇ ਬੋਧੀ ਤਾਰਕਿਕਾਂ ਨੇ ਤਰਕ ਦੇ ਖੇਤਰ ਵਿਚ ਬੜਾ ਮਹੱਤਵਪੂਰਣ ਯੋਗਦਾਨ ਪਾਇਆ ਅਤੇ ਤਰਕਸ਼ਾਸਤਰ ਦਾ ਬਾਰੀਕਬੀਨ ਮੁਤਾਲਿਆ ਕਰਕੇ ਇਸ ਨੂੰ ਨਵੀਆਂ ਵਿਗਿਆਨਕ ਲੀਹਾਂ ਵਲ ਤੋਰਿਆ।

ਅਗਲੀਆਂ ਕਿਸ਼ਤਾਂ ਵਿਚ ਅਸੀ ਬੋਧੀ ਤਰਕਸ਼ਾਸਤਰ ਬਾਰੇ ਵਿਸਤਾਰ ਨਾਲ ਚਰਚਾ ਕਰਾਂਗੇ।

... ਚਲਦਾ

25/03/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com