ਤਰਕਸ਼ਾਸਤਰ ਦੇ ਪ੍ਰਣਾਲੀਬੱਧ ਬੋਧੀ
ਗ੍ਰੰਥਕਾਰ
ਇਸ ਭਾਗ ਵਿਚ ਅਸੀ ਨਿਮਨਲਿਖਤ ਬੋਧੀ ਤਾਰਕਿਕਾਂ ਦੇ ਜੀਵਨ ਅਤੇ
ਉਨ੍ਹਾਂ ਦੀਆ ਰਚਨਾਵਾਂ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਕਰਾਂਗੇ। ਭਾਵੇਂ ਅਸੀ, ਕਈ
ਤਥਾਂ ਦੀ ਪੁਸ਼ਟੀ ਅਤੇ ਅਧਿਕ ਜਾਣਕਾਰੀ ਹਾਸਲ ਕਰਨ ਹੋਰ ਮੁਨਾਸਬ ਸੋਮਿਆਂ ਦਾ ਇਸਤੇਮਾਲ
ਵੀ ਕੀਤਾ ਹੈ, ਪ੍ਰੰਤੂ ਮੁੱਖ ਜਾਣਕਾਰੀ ਡਾ: ਸਤੀਸ਼ਚੰਦਰ ਵਿਦਿਆਭੂਸ਼ਣ ਦੀ ਮਹਾਨ ਕ੍ਰਿਤ
“ਨਿਆਇਸ਼ਾਸਤਰ ਇਤਿਹਾਸ” ਉੱਪਰ ਹੀ ਆਧਾਰਤ ਹੈ। ਜਿਸ ਤਰ੍ਹਾਂ ਅਸੀ ਪਹਿਲਾ ਵੀ ਕਹਿ
ਚੁੱਕੇ ਹਾਂ, ਇਹ ਸਰਵੇਖਣ ਸਾਨੂੰ ਭਾਰਤ ਦੀ ਭੁੱਲੀ ਵਿਸਰੀ ਤਾਰਕਿਕ ਪਰੰਪਰਾ ਤੋਂ ਹੀ
ਜਾਣੁ ਨਹੀ ਕਰਾਉਂਦਾ ਬਲਕਿ ਇਸ ਤੋਂ ਵੀ ਅਹਿਮ, ਸੰਸਕ੍ਰਿਤ ਭਾਸ਼ਾ ਦੀ ਵਿਗਿਆਨਕ
ਵਿਵੇਕਤਾ ਦੀ ਵੀ ਇਕ ਅਦਭੁਤ ਮਿਸਾਲ ਹੈ, ਜਿਸ ਦੀ ਵਿਹਾਰਕ ਜਾਣਕਾਰੀ ਪੰਜਾਬੀ ਅਤੇ
ਹੋਰ ਭਾਰਤੀ ਭਾਸ਼ਾਵਾਂ ਦੇ ਵਿਗਿਆਨੀਕਰਣ ਲਈ ਅਣਮੋਲ, ਅਵੱਸ਼ ਅਤੇ ਅਨਿਵਾਰੀ ਹੈ।
ਪਰਮਾਰਥ (498 - 569 ਈ), ਸ਼ੰਕਰ ਸੁਆਮੀ (ਲਗਪਗ 550 ਈ),
ਧਰਮਪਾਲ (600 - 635 ਈ), ਅਚਾਰੀਆ ਸ਼ਿਲਭਦਰ (635 ਈ), ਆਚਾਰੀਆ ਧਰਮਕੀਰਤੀ (635 -
650 ਈ), ਦੇਵੇਂਦਰਬੋਧੀ (650 ਈ), ਸ਼ਾਕਯਬੋਧੀ (675 ਈ), ਵਿਨੀਤ ਦੇਵ (700 ਈ),
ਰਵੀ ਗੁਪਤ (725 ਈ), ਜਤੇਂਦਰਬੋਧੀ (725 ਈ), ਸ਼ਾਂਤ ਰਕਸ਼ਿਤ (749 ਈ), ਕਮਲ ਸ਼ੀਲ
(750 ਈ), ਕਲਿਆਣ ਰਕਸ਼ਿਤ (829 ਈ), ਧਰਮੋਤਰਾਚਾਰੀਆ (848 ਈ), ਮੁਕਤਾ ਕੁੰਭ (900
ਈ ਤੋਂ ਬਾਅਦ), ਅਰਚਟ (ਲਗਪਗ 900 ਈ), ਅਸ਼ੋਕ (900 ਈ ), ਚੰਦਰ ਗੋਮਿਨ (925 ਈ),
ਪ੍ਰਾਗਿਆਕਰ ਗੁਪਤ (940 ਈ), ਅਚਾਰੀਆ ਜਿਤਾਰਿ (940 - 980 ਈ ), ਜਿਨ (940 ਈ ),
ਰਤਨਕੀਰਤੀ (940 - 1000 ਈ ), ਰਤਨ ਵਜਰ (979 - 1040 ਈ ), ਜਿਨ ਮਿਤਰ (1025
ਈ), ਦਾਨਸ਼ੀਲ (1025 ਈ), ਗਿਆਨਸ਼੍ਰੀ ਮਿਤਰ (ਲਗਪਗ 1040 ਈ), ਗਿਆਨਸ਼੍ਰੀ ਭਦਰ (ਲਗਪਗ
1050 ਈ ), ਰਤਨਾਕਰ ਸ਼ਾਂਤੀ (ਲਗਪਗ 1400 ਈ ), ਯਮਾਰੀ (ਲਗਪਗ 1050 ਈ), ਸ਼ੰਕਰਆਨੰਦ
(ਲਗਪਗ 1050 ਈ), ਸ਼ੁੱਭਕਰ ਗੁਪਤ (ਲਗਪਗ 1080 ਈ ), ਮੋਕਸ਼ਾਕਰ ਗੁਪਤ (ਲਗਪਗ 1100
ਈ)।
ਪਰਮਾਰਥ (498 - 569 ਈ)
ਪਰਮਾਰਥ
ਦਾ ਪੱਛਮੀ ਭਾਰਤ ਵਿਚ ਉਜੈਨੀ ਵਿਖੇ ਜਨਮ 498 ਈ ਵਿਚ ਹੋਇਆ। ਉਹ ਇਕ ਬੋਧੀ ਸ਼੍ਰਮਣ
(ਭਿਖਸ਼ੂ) ਸਨ। ਜਦੋਂ, ਸੰਨ 539 ਈ ਵਿਚ ਚੀਨ ਦੇ ਲਿਆਂਗ ਸਮਰਾਟ ਵੁ-ਤੀ ਨੇ ਆਪਣਾ ਇਕ
ਦੂਤ-ਮੰਡਲ ਮਾਗਧ ਦੇ ਰਾਜਾ ਜੀਵਤ ਗੁਪਤ (ਜਾਂਜੀਵਤ ਕੁਮਾਰ) ਵਲ ਭੇਜਿਆ ਤਾਂ ਪਰਮਾਰਥ
ਨੇ ਇਕ ਅਨੁਵਾਦਕ ਦਾ ਕੰਮ ਕੀਤਾ। ਇਸ ਮੰਡਲ ਦੀ ਵਾਪਸੀ ‘ਤੇ ਪਰਮਾਰਥ ਉਨ੍ਹਾਂ ਦੇ
ਨਾਲ, ਬਹੁਤ ਸਾਰੇ ਸੰਸਕ੍ਰਿਤ ਗ੍ਰੰਥਾਂ ਸਮੇਤ, ਚੀਨ ਪਹੁੰਚੇ ਜਿੱਥੇ ਉਹ ਚੀਨੀ ਸ਼ਹਿਰ
ਕੈਨਟੋਨ ਵਿਖੇ 548 ਈ ਵਿਚ ਸਮਰਾਟ ਵੁ-ਤੀ ਨੂੰ ਮਿਲੇ। ਇਸ ਦੌਰਾਨ ਉਹ ਕਾਫੀ ਦੇਰ
ਨਾਨਕੰਨ ਸ਼ਹਿਰ ਵਿਚ ਰਹੇ ਜਿਥੇ ਉਨ੍ਹਾਂ ਨੇ ਸੰਸਕ੍ਰਿਤ ਗ੍ਰੰਥਾਂ ਦਾ ਅਨੁਵਾਦ ਚੀਨੀ
ਭਾਸ਼ਾ ਵਿਚ ਕੀਤਾ। ਚੀਨ ਵਿਚ ਹੀ ਉਨ੍ਹਾਂ ਦਾ ਦੇਹਾਂਤ 569 ਈ ਵਿਚ ਹੋਇਆ। ਚੀਨ ਵਿਚ
ਰਹਿੰਦੇ ਹੋਏ ਉਨ੍ਹਾਂ ਨੇ ਵਸੁਬੰਧੂ ਦੇ ਤਰਕਸ਼ਾਸਤਰ ਦਾ ਅਤੇ ‘ਨਿਆਇਸੂਤਰ’ ਦਾ ਵੀ
ਅਨੁਵਾਦ ਚੀਨੀ ਭਾਸ਼ਾ ਵਿਚ ਕੀਤਾ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ
ਰਚਨਾ “ਨਿਆਇ ਭਾਸ਼ਯ” ਪੰਜ ਭਾਗਾਂ ਵਿਚ ਲਿਖ ਕੇ ਪੂਰੀ ਕੀਤੀ।
ਸ਼ੰਕਰ ਸੁਆਮੀ (ਲਗਪਗ 550 ਈ)
ਸ਼ੰਕਰ ਸੁਆਮੀ ਨੂੰ ਦਿਗਨਾਗ ਦਾ ਸ਼ਿਸ਼ ਮੰਨਿਆ ਜਾਂਦਾ ਹੈ ਜੋ ਦੱਖਣ ਭਾਰਤ ਦੇ ਵਾਸੀ ਸਨ।
ਦਿਗਨਾਗ ਦੀਆਂ ਤਰਕ ਦੇ ਵਿਸ਼ੇ ‘ਤੇ ਲਿਖੀਆਂ ਰਚਨਾਵਾਂ ਨੂੰ ਨਾਲੰਦਾ ਵਿਸ਼ਵਿਦਿਆਲੇ ਦੇ
ਮੁਖੀ, ਸ਼ਿਭੱਦਰ, ਤੱਕ ਪਹੁੰਚਾਉਣ ਵਾਲੇ ਸ਼ੰਕਰ ਸੁਆਮੀ ਨੂੰ ਹੀ ਮੰਨਿਆ ਜਾਂਦਾ ਹੈ।
ਇਸੇ ਵਿਸ਼ਵਿਦਿਆਲੇ ਵਿਚ ਚੀਨੀ ਤੀਰਥਯਾਤਰੀ ਹਵੇਨ-ਸਾਂਗ ਨੇ, 635 ਈ ਵਿਚ, ਆਪਣੀ
ਤਰਕਸ਼ਾਸਤਰ ਵਿਦਿਆ ਸ਼ਿਲਭੱਦਰ ਤੋਂ ਹੀ ਪ੍ਰਾਪਤ ਕੀਤੀ ਸੀ। ਚੀਨੀ ਸ੍ਰੋਤਾਂ ਤੋਂ ਪਤਾ
ਲਗਦਾ ਹੈ ਕਿ ਸ਼ੰਕਰ ਸੁਆਮੀ ਨੇ ‘ਹੇਤਵ-ਵਿਦਿਆ-ਨਿਆਇ-ਪ੍ਰਵੇਸ਼ ਸ਼ਾਸਤਰ’ (ਜਾਂ
ਨਿਆਇ-ਪ੍ਰਵੇਸ਼ ਤਰਕਸ਼ਾਸਤਰ) ਗ੍ਰੰਥ ਲਿਖਿਆ ਜੋ ਹਵੇਨ-ਸਾਂਗ ਨੇ, 647 ਈ ਵਿਚ, ਚੀਨੀ
ਭਾਸ਼ਾ ਵਿਚ ਅਨੁਵਾਦ ਕੀਤਾ।
ਧਰਮਪਾਲ (600 - 635 ਈ)
ਧਰਮਪਾਲ, ਦਰਾਵਿੜ ਇਲਾਕੇ, ਕਾਂਚੀਪੁਰਾ (ਕੰਜੀਵਰਮ) ਦੇ ਰਹਿਣ ਵਾਲੇ ਸਨ। ਉਹ ਇਲਾਕੇ
ਦੇ ਇਕ ਜਾਨੇ ਮਾਨੇ ਰਾਜਨੀਤੀਵਾਨ ਦੇ ਪੁੱਤਰ ਸਨ। ਬਚਪਨ ਤੋਂ ਹੀ ਉਹ ਦਰਸ਼ਨ ਅਤੇ ਤਰਕ
ਦੇ ਵਿਸ਼ਿਆਂ ਵਿਚ ਰੁਚੀ ਰੱਖਦੇ ਹੋਣ ਕਰਕੇ, ਇਕ ਵਾਰ ਸਥਾਨਕ ਰਾਜੇ ਨੇ ਉਨ੍ਹਾਂ ਨੂੰ
ਆਪਣੇ ਮਹਿਲ ਵਿਖੇ ਭੋਜ ਲਈ ਬੁਲਾਇਆ। ਉਸ ਦਿਨ ਤੋਂ ਉਨ੍ਹਾਂ ਨੇ ਆਪਣੇ ਮਨ ਵਿਚ ਬੜਾ
ਦੁੱਖ ਮਹਿਸੂਸ ਕੀਤਾ ਅਤੇ ਬੋਧੀ ਭਗਵੇਂ ਕੱਪੜੇ ਪਹਿਨ ਕੇ ਉਹ ਵਿਦਿਆ ਦੀ ਤਲਾਸ਼ ਵਿਚ
ਘਰੋਂ ਨਿਕਲ ਤੁਰੇ। ਕੁਝ ਸਮੇ ਬਾਅਦ ਉਹ ਨੇਲੰਦਾ ਵਿਸ਼ਵਵਿਦਿਆਲੇ ਵਿਚ ਦਾਖਲ ਹੋਏ
ਜਿੱਥੇ ਉਨ੍ਹਾਂ ਨੇ ਆਪਣੀ ਵਿਲੱਖਣਤਾ ਅਤੇ ਕਾਬਲੀਅਤ ਨਾਲ ਮਾਣ ਪ੍ਰਾਪਤ ਕੀਤਾ। ਇਸ ਦੇ
ਫਲਸਰੂਪ ਉਨ੍ਹਾਂ ਨੂੰ ਵਿਸ਼ਵਵਿਦਿਆਲੇ ਦੇ ਮੁੱਖੀਆ ਘੋਸ਼ਿਤ ਕੀਤਾ ਗਿਆ। ਇਸ ਦੌਰਾਨ
ਉਨ੍ਹਾਂ ਨੇ, ‘ਭਰਤਰਹਰੀ’ ਦੇ ਸਹਿਯੋਗ ਨਾਲ ‘ਪਾਣੀਨੀ’ ਦੀ ਵਿਆਕਰਣ ਉੱਪਰ ਇਕ
‘ਬੀੜਾ-ਵ੍ਰਿੱਤੀ’ ਨਾਮੀ ਟੀਕਾ ਲਿਖੀ।
ਉਹ ਯੋਗਚਾਰ ਦਰਸ਼ਨ ਦੇ ਅਨੁਯਾਈ ਸਨ ਜਿਨ੍ਹਾਂ ਨੇ ਹੋਰ ਵੀ ਕਈ ਗ੍ਰੰਥ ਲਿਖੇ, ਜੈਸੇ
(1) ਆਲੰਬਨ-ਪ੍ਰਤੁਯਾਯ-ਧਿਆਨ-ਸ਼ਾਸਤਰ-ਵਿਆਖਿਆ; (2) ਵਿਦਿਆਮਾਤਰ-ਸਿਧੀ-ਸ਼ਾਸਤਰ
ਵਿਆਖਿਆ; ਅਤੇ (3) ਸ਼ਤ-ਸ਼ਾਸਤਰ-ਵੈਪੂਲਯ-ਵਿਆਖਿਆ, ਜਿਨ੍ਹਾਂ ਦਾ 650 ਈ ਵਿਚ ਚੀਨੀ
ਭਾਸ਼ਾ ਵਿਚ ਅਨੁਵਾਦ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਜਦੋਂ ਚੀਨੀ ਤੀਰਥਯਾਤਰੀ ਨੇ
629 ਈ ਦੌਰਾਨ ਭਾਰਤ ਦਾ ਦੌਰਾ ਕੀਤਾ ਤਾਂ ਉਸਨੇ ਕੌਸ਼ਾਂਭੀ ਵਿਖੇ ਉਜੜਿਆ ਹੋਇਆ ਇਕ
ਬੋਧੀ ਮੱਠ ਦੇਖਿਆ ਜਿੱਥੇ ਧਰਮਪਾਲ ਤਾਰਕਿਕ ਵਿਵਾਦਾਂ ਵਿਚ ਹਿੱਸਾ ਲਿਆ ਕਰਦੇ ਸਨ।
ਅਚਾਰੀਆ ਸ਼ਿਲਭਦਰ (635 ਈ)
ਸ਼ਿਲਭਦਰ, ਬੰਗਾਲ ਦੇ ਇਕ ਬ੍ਰਾਹਮਣ ਰਾਜੇ ਦੇ ਪਰਿਵਾਰ ਵਿਚੋਂ ਸਨ। ਉਹ
ਧਰਮਪਾਲ ਦੇ ਸ਼ਿਸ਼ ਸਨ ਜੋ ਬਾਅਦ ਵਿਚ ਨਾਲੰਦਾ ਵਿਸ਼ਵਿਦਿਆਲੇ ਦੇ ਮੁਖੀਆ ਬਣੇ। ਚੀਨੀ
ਤੀਰਥਯਾਤਰੀ ਹਵੇਨ-ਸਾਂਗ 635 ਈ ਵਿਚ ਉਸ ਦੇ ਸ਼ਿਸ਼ ਵੀ ਰਹੇ। ਸ਼ਿਲਭਦਰ ਇਕ ਮਹਾਨ
ਤਾਰਕਿਕ ਸਨ ਅਤੇ ਹੋਰ ਸ਼ਾਸਤਰਾਂ ਵਿਚ ਵੀ ਨਿਪੁੰਨ ਮੰਨੇ ਜਾਂਦੇ ਸਨ।
ਆਚਾਰੀਆ ਧਰਮਕੀਰਤੀ (635 - 650 ਈ)
|
ਆਚਾਰੀਆ ਧਰਮਕੀਰਤੀ
(635 - 650 ਈ) |
ਵਰਿਸ਼ਠ ਧਰਮਕੀਰਤੀ ਦਾ ਜਨਮ ਦੱਖਣ ਭਾਰਤ ਦੇ
ਚੂਡਾਮਣੀ ਇਲਾਕੇ ਵਿਚ ਹੋਇਆ। ਇਹ ਇਲਾਕਾ ਅੱਜ ਕਲ ਤ੍ਰੈਮਲ੍ਯ ਦੇ ਨਾਮ ਨਾਲ ਜਾਣਿਆ
ਜਾਂਦਾ ਹੈ। ਉਨ੍ਹਾਂ ਦੇ ਪਿਤਾ, ਪਰੀਵਰਾਜਕ ਕੋਰੂਨੰਦ, ਇਕ ਤੀਰਥ ਬ੍ਰਾਹਮਣ ਸਨ।
ਧਰਮਕੀਰਤੀ ਬਚਪਨ ਤੋਂ ਹੀ ਅਨੇਕਾਂ ਵਿਦਿਆ ਵਿਚ ਨਿਪੁੰਨ ਸਨ, ਜਿਵੇਂ ਵੇਦ ਅਤੇ
ਵੇਦਾਂਗ, ਔਸ਼ਧ, ਵਿਆਕਰਣ ਅਤੇ ਤੀਰਥਾਂ ਦੇ ਸਿਧਾਂਤ ਆਦਿ। ਬੁੱਧਮਤ ਦੇ ਅਧਿਐਨ ਤੋਂ
ਉਨ੍ਹਾਂ ਨੇ ਇਹ ਅਨੁਭਵ ਕੀਤਾ ਕਿ ਮਹਾਤਮਾ ਬੁੱਧ ਦੇ ਕਥਨ ਸੱਚੇ ਅਤੇ ਤਰੁੱਟੀਆਂਰਹਿਤ
ਹਨ, ਜਿਸ ਤੋਂ ਉਹ ਬੁੱਧਮਤ ਲਈ ਬੜੇ ਉਤਸ਼ਾਹਿਤ ਹੋਏ ਅਤੇ ਬੋਧੀ ਪਹਿਰਾਵਾ ਪਹਿਨ ਕੇ
ਬੋਧੀਆਂ ਦੇ ਉਪਾਸ਼ਕ ਬਣ ਗਏ। ਇਸ ਦੇ ਫਲਸਰੂਪ ਬ੍ਰਾਹਮਣਾਂ ਨੇ ਉਨ੍ਹਾਂ ਨੂੰ ਬ੍ਰਾਹਮਣ
ਵਰਗ ਵਿਚੋਂ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਉਹ ਮੱਧ੍ਯਦੇਸ (ਮਾਗਧ) ਪਹੁੰਚੇ ਜਿੱਥੇ
ਆਚਾਰੀਆ ਧਰਮਪਾਲ ਨੇ ਉਨ੍ਹਾਂ ਨੂੰ ਬੋਧੀ ਸੰਘ ਵਿਚ ਸ਼ਾਮਲ ਕਰ ਲਿਆ। ਉਨ੍ਹਾਂ ਨੇ
ਬ੍ਰਾਹਮਣਾਂ ਦੀ ਤੀਰਥਕ ਵਿਚਾਰਦਾਰਾ ਨੂੰ ਡੂੰਘੇ ਤੌਰ ‘ਤੇ ਇਕ ਬ੍ਰਾਹਮਣ ‘ਕੁਮਾਰਲ’
ਤੋਂ ਸਿੱਖਿਆ ਅਤੇ ਵਾਦ-ਵਿਵਾਦਾਂ ਵਿਚ ਜਿੱਤ ਹਾਸਲ ਕਰਕੇ ਬਹੁਤ ਸਾਰੇ ਤੀਰਥਕਾਂ ਨੂੰ
ਬੁੱਧਮਤ ਵਿਚ ਸ਼ਾਮਲ ਕੀਤਾ। ਆਪਣੇ ਜੀਵਨ ਦੇ ਆਖਰੀ ਸਾਲਾਂ ਵਿਚ ਧਰਮਕੀਰਤੀ ਨੇ ਕਲਿੰਗਾ
ਵਿਖੇ ਇਕ ਵਿਹਾਰ ਸਥਾਪਤ ਕੀਤਾ ਅਤੇ ਧਰਮ ਦੇ ਸਿਧਾਂਤ ਦੇ ਪ੍ਰਚਾਰ ਰਾਹੀ ਵੱਡੀ ਸੰਖਿਆ
ਵਿਚ ਸੰਘ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। ਬੋਧੀ ਪਰੰਪਰਾ ਅਨੁਸਾਰ ਉਨ੍ਹਾਂ ਦੇ ਮਰਨ
‘ਤੇ ਫੁੱਲਾਂ ਦੀ ਵਰਖਾ ਹੋਈ ਅਤੇ ਸਾਰਾ ਦੇਸ਼ ਸੁਗੰਧ ਅਤੇ ਸੰਗੀਤ ਨਾਲ ਭਰ ਉੱਠਿਆ।
ਭਾਵੇਂ ਹਵੇਨ-ਸਾਂਗ ਦੇ ਭਾਰਤੀ ਦੌਰੇ ਸਮੇ ਧਰਮਕੀਰਤੀ ਛੋਟੀ ਉਮਰ ਦੇ ਸਨ, ਪਰ ਇਕ ਹੋਰ
ਚੀਨੀ ਯਾਤਰੀ ‘ਆਈ-ਸਿੰਗ’ (671-695 ਈ) ਉਨ੍ਹਾਂ ਦਾ ਜ਼ਿਕਰ ਬੜੀ ਪ੍ਰਸੰਸਾ ਨਾਲ ਕਰਦੇ
ਹੋਏ ਕਹਿੰਦੇ ਹਨ: “ਧਰਮਕੀਰਤੀ ਨੇ (ਦਿਗਨਾਗ ਤੋਂ ਬਾਅਦ) ਤਰਕ ਵਿਚ ਸੁਧਾਰ ਕਰਕੇ ਹੋਰ
ਵੀ ਅੱਗੇ ਵਧਾਇਆ।“
ਆਪਣੀਆਂ ਰਚਨਾਵਾਂ ਵਿਚ ਧਰਮਕੀਰਤੀ ਨੇ ਬ੍ਰਾਹਮਣ ਤਾਰਕਿਕ ਉਦਯੋਤਕਰ ਦੀ ਕਾਫੀ ਆਲੋਚਨਾ
ਕੀਤੀ ਹੈ। ਮੀਮਾਂਸ ਲੇਖਕ ਸੁਰੇਸਵਚਾਰੀਆ (ਬ੍ਰਾਹਦਾਣਇਕ-ਵਾਰਤਿਕ ਦੇ ਰਚਨਕਾਰ) ਅਤੇ
ਦਿਗੰਬਰ ਜੈਨੀ ਵਿਦਿਆਨੰਦ (ਅਸ਼ਟ-ਸਾਹਾਸਰਿਕਾ ਦੇ ਰਚਨਕਾਰ) ਨੇ ਧਰਮਕੀਰਤੀ ਉੱਤੇ ਸਖਤ
ਆਲੋਚਨਾ ਕੀਤੀ ਹੈ। ਵਾਚਸਪਤੀ ਮਿਸ਼ਰ ਵੀ ਧਰਮਕੀਰਤੀ ਨੂੰ ਆਲੋਚਨਾ ਦਾ ਵਿਸ਼ਾ ਬਣਾਉਂਦੇ
ਹਨ।
“ਪ੍ਰਮਾਣ-ਵਾਰਤਿਕ-ਕਾਰਿਕਾ” - ਧਰਮਕੀਰਤੀ
ਧਰਮਕੀਰਤੀ ਨੇ ਤਰਕ ਵਿਸ਼ੇ ਉੱਪਰ ਅਨੇਕ ਗ੍ਰੰਥ ਲਿਖੇ, ਜਿਨ੍ਹਾਂ ਵਿਚੋਂ
ਪ੍ਰਮਾਣ-ਵਾਰਤਿਕ-ਕਾਰਿਕਾ ਇਕ ਹੈ। ਇਹ ਦਿਗਨਾਗ ਦੀ ਰਚਨਾ ਪ੍ਰਮਾਣ-ਸਮੁਚਯ ਉੱਪਰ
ਆਲੋਚਨਾਤਮਕ ਟਿੱਪਣੀ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ
ਅਨੁਵਾਦ ਉਪਲਬਧ ਹੈ। ਇਹ ਗ੍ਰੰਥ ਚਾਰ ਭਾਗਾਂ ਵਿਚ ਵੰਡਿਆ ਹੋਇਆ ਹੈ: (1)
ਸਵਾਰਥਅਨੁਮਾਨ; (2) ਪ੍ਰਮਾਣ ਸਿਧੀ (ਪ੍ਰਮਾਣ ਦੀ ਸਥਾਪਨਾ); (3)
ਪ੍ਰਤਿਅਕਸ਼; ਅਤੇ
(4) ਪਰਾਰਥਵਾਕ।
“ਪ੍ਰਮਾਣ-ਵਾਰਤਿਕ-ਵ੍ਰਿੱਤੀ” - ਧਰਮਕੀਰਤੀ
ਇਹ ਧਰਮਕੀਰਤੀ ਦੀ ਆਪਣੀ ਹੀ ਕਿਰਤ ਪ੍ਰਮਾਣ-ਵਾਰਤਿਕ-ਕਾਰਿਕਾ ਉੱਪਰ ਸਵੈ-ਟਿੱਪਣੀ ਹੈ।
ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪ੍ਰੰਤੂ ਤਿੱਬਤੀ ਅਨੁਵਾਦ ਉਪਲਬਧ ਹੈ।
“ਪ੍ਰਮਾਣ-ਵਿਨਿਸਚਯ” - ਧਰਮਕੀਰਤੀ
ਇਹ ਵੀ ਧਰਮਕੀਰਤੀ ਦਾ ਤਰਕ ਦੇ ਵਿਸ਼ੇ ‘ਤੇ ਇਕ ਮਹੱਤਵਪੂਰਣ ਗ੍ਰੰਥ ਹੈ। ਮੂਲ
ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਰੂਪ ਉਪਲਬਧ ਹੈ। ਇਹ ਗ੍ਰੰਥ ਤਿੰਨ
ਕਾਂਡਾਂ ਵਿਚ ਵੰਡਿਆ ਹੋਇਆ ਹੈ: (1) ਪ੍ਰਤਿਅਕਸ਼ ਵਿਵਸਥਾ; (2) ਸਵਾਰਥਅਨੁਮਾਨ; (3)
ਪਰਾਰਥਅਨੁਮਾਨ। ਇਸ ਤਿੱਬਤੀ ਅਨੁਵਾਦ ਦੇ ਅੰਤ ਵਿਚ ਕਿਹਾ ਗਿਆ ਹੈ, ‘ਧਰਮਕੀਰਤੀ, ਜਿਸ
ਦਾ ਜਨਮ ਦੱਖਣ ਭਾਰਤ ਵਿਚ ਹੋਇਆ, ਇਕ ਮਾਹਨ ਰਿਸ਼ੀ, ਬੇਮਿਸਾਲ ਪ੍ਰਸਿਧੀ ਵਾਲਾ ਹੈ ਜਿਸ
ਨੇ ਇਹ ਗ੍ਰੰਥ ਰਚਿਆ।‘
“ਨਿਆਇ-ਬਿੰਦੁ” - ਧਰਮਕੀਰਤੀ
ਨਿਆਇ-ਬਿੰਦੂ, ਧਰਮਕੀਰਤੀ ਦੀ ਤਰਕ ਦੇ ਵਿਸ਼ੇ ‘ਤੇ ਇਕ ਸ੍ਰੇਸ਼ਟ ਕਿਰਤ ਹੈ। ਇਸ ਦਾ ਮੂਲ
ਸੰਸਕ੍ਰਿਤ ਰੂਪ ਸ਼ਾਤੀਨਾਥ ਜੈਨ ਮੰਦਰ, ਕੈਂਬੇ, ਵਿਖੇ ਹੋਰ ਹੱਥਲਿਖਤਾਂ ਦੇ ਨਾਲ
ਸੰਭਾਲਿਆ ਹੋਇਆ ਲੱਭਿਆ ਹੈ। ਇਹ ਗ੍ਰੰਥ ਨਿਮਨਲਿਖਤ ਤਿੰਨ ਕਾਂਡਾਂ ਵਿਚ ਵੰਡਿਆ ਹੋਇਆ
ਹੈ: (1) ਪ੍ਰਤਿਅਕਸ਼; (2) ਸਵਾਰਥਅਨੁਮਾਨ; (3) ਪਰਾਰਥਅਨੁਮਾਨ।
(1) ਪ੍ਰਤਿਅਕਸ਼
ਪਹਿਲੇ ਕਾਂਡ, ਪ੍ਰਤਿਅਕਸ਼, ਵਿਚ ਕਿਹਾ ਗਿਆ ਹੈ ਕਿ ਸਹੀ (ਸਮ੍ਯਕ) ਗਿਆਨ ਰਾਹੀਂ ਪੁਰਸ਼
ਸਭ ਪਦਾਰਥਾਂ ਨੂੰ ਪ੍ਰਾਪਤ ਕਰਦਾ ਹੈ। ਸਹੀ ਗਿਆਨ ਦੋ ਕਿਸਮਾਂ ਦਾ ਹੈ: (1)
ਪ੍ਰਤਿਅਕਸ਼, ਅਤੇ (2) ਅਨੁਮਾਨ। ਗਿਆਨਇੰਦ੍ਰੀਆਂ ਦੁਆਰਾ ਪ੍ਰਾਪਤ ਕੀਤਾ ਗਿਆਨ
ਪ੍ਰਤਿਅਕਸ਼ ਹੈ, ਜੋ ਪੂਰਵ-ਕਲਪਨਾ ਰਹਿਤ ਅਤੇ ਆਭ੍ਰਾਂਤ (ਭਰਮਾਂ ਤੋਂ ਰਹਿਤ) ਹੁੰਦਾ
ਹੈ। ਪੂਰਵਕਲਪਨਾਵਾਂ, ਅਨੁਭਵਾਂ ਦੇ ਉਹ ਕੂੜ ਅਕਸ ਹਨ ਜੋ ਯਥਾਰਥ (ਅਸਲੀ) ਲਗਦੇ ਹਨ,
ਜੈਸੇ ਕਿਸੇ ਰੁੱਖ ਦਾ ਪਰਛਾਵਾਂ ਅਸਲੀ ਲੱਗੇ ਜਾਂ ਹਨੇਰੇ ਵਿਚ ਰੱਸੀ ਨੂੰ ਦੇਖ ਕੇ
ਸੱਪ ਦਾ ਭੁਲੇਖਾ ਪਵੇ। ਭ੍ਰਾਂਤੀ (ਜਾਂ ਭੁਲੇਖਾ) ਕਈ ਕਾਰਨਾਂ ਕਰਕੇ ਪੈਦਾ ਹੁੰਦੀ
ਹੈ, ਜਿਵੇਂ ਹਨੇਰਾ, ਤੇਜ਼ ਗਤੀ, ਵਾਹਣ (ਗੱਡੀ) ਰਾਹੀ ਯਾਤਰਾ, ਹਲੂਣਾ ਆਦਿ; ਮਿਸਾਲ
ਵਜੋਂ ਗੱਡੀ ਰਾਹੀ ਯਾਤਰਾ ਕਰਦਿਆ ਦਰੱਖਤ ਦੌੜਦੇ ਨਜ਼ਰ ਆਉਂਦੇ ਹਨ।
ਪ੍ਰਤਿਅਕਸ਼ ਦੀਆਂ ਚਾਰ ਕਿਸਮਾਂ ਹਨ: (1) ਪੰਜ ਇੰਦ੍ਰੀਆਂ ਦੁਆਰਾ ਪ੍ਰਤਿਅਕਸ਼, (2) ਮਨ
ਦੁਆਰਾ ਪ੍ਰਤਿਅਕਸ਼, (3) ਆਤਮ-ਚੇਤਨਤਾ, (4) ਰਿਸ਼ੀਆਂ ਮੁਨੀਆਂ ਦਾ ਅੰਤਰਧਿਆਨ ਰਾਹੀ
ਹਾਸਲ ਕੀਤਾ ਗਿਆਨ। ਪ੍ਰਤਿਅਕਸ਼-ਵਸਤੁ (ਇੰਦ੍ਰੀਆਰਥ) ਦਾ ਆਪਣੇ ਆਪ ਵਿਚ ਸਵੈ-ਲਕਸ਼ਣ (ਵਿਲੱਖਣ
ਸਵੈ-ਲੱਛਣ) ਹੁੰਦਾ ਹੈ, ਜਦ ਕਿ ਅਨੁਮਾਨ-ਵਸਤੁ ਜਾਤੀ-ਬੱਧ ਜਾਂ ਸਾਮਾਨ੍ਯ-ਲਕਸ਼ਣ
(ਵਿਆਪਕ ਜਾਂ ਆਮ) ਹੁੰਦੀ ਹੈ। ਜਿਵੇਂ ਇਕ ਗਊ ਜੋ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ,
ਇਹ ਇਕ ਵਿਸ਼ੇਸ਼ (ਵਿਲੱਖਣ) ਗਊ ਹੈ ਜਿਸ ਦੇ ਆਪਣੇ ਅਨੇਕ ਗੁਣ ਹਨ ਜੋ ਇਸ ਨੂੰ ਬਾਕੀ
ਸਾਰੀਆਂ ਗਊਆਂ ਤੋਂ ਅਲਗ ਕਰਦੇ ਹਨ, ਜਦ ਕਿ ਇਕ ਗਊ ਜਿਹੜੀ ਅਨੁਮਾਨਤ ਕੀਤੀ ਜਾਂਦੀ ਹੈ
ਉਹ ਆਮ ਜਾਂ ਵਿਆਪਕ ਗਊ ਹੈ ਜਿਸ ਦੇ ਗੁਣ ਬਾਕੀ ਗਊਆਂ ਨਾਲ ਸਾਂਝੇ ਹੁੰਦੇ ਹਨ।
ਅਰਥਾਤ, ਪ੍ਰਤਿਅਕਸ਼ ਵਿਸ਼ਿਸ਼ਟ ਗਿਆਨ ਹੈ ਜਦ ਕਿ ਅਨੁਮਾਨ ਸਾਮਾਨ੍ਯ ਗਿਆਨ ਹੈ। ਕਿਸੇ
ਵਸਤੁ ਦਾ ਪ੍ਰਤਿਅਕਸ਼ (ਪ੍ਰਤੱਖਣ) ਉਸ ਦੀ ਨੇੜਤਾ ਜਾਂ ਦੂਰੀ ‘ਤੇ ਨਿਰਭਰ ਕਰਦਾ ਹੈ।
ਇਹ ਪ੍ਰਤਿਅਕਸ਼-ਵਸਤੁ ਦਾ ਵਿਸ਼ੇਸ਼ ਲੱਛਣ ਹੈ ਅਤੇ ਇਹ ਲੱਛਣ ਉਸ ਦੀ ਪਰਮ ਯਥਾਰਥਾ
(ਪਰਮਾਰਥ-ਸਤਿ) ਦਾ ਸਬੂਤ ਹੈ, ਜਿਹੜਾ ਇਹ ਦਿਖਾਉਂਦਾ ਹੈ ਕਿ ਵਸਤੁ ਵਿਹਾਰਕ ਕਿਰਿਆ
ਦੀ ਸਮਰਥਾ ਰੱਖਦੀ ਹੈ। ਇਸ ਦੇ ਨਾਲ ਨਾਲ ਇਹ ਲੱਛਣ ਇਹ ਵੀ ਦੱਸਦਾ ਹੈ ਕਿ ਪ੍ਰਤਿਅਕਸ਼,
ਸਹੀ ਗਿਆਨ ਦਾ ਸਾਧਨ ਹੈ, ਕਿਉਂਕਿ ਇਹ ਹੂ-ਬਹੂ ਉਸ ਵਸਤੁ ਦਾ ਪ੍ਰਤਿਰੂਪ ਹੈ। ਵਸਤੂਆਂ
ਦੀ ਵਿਹਾਰਕ ਕਿਰਿਆ ਸਮਰਥਾ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਵਿਗਿਆਨਕ ਜਾਂਚ ਪੜਤਾਲ ਦਾ
ਏਕਾਂਤ ਮਨੋਰਥ ਹੈ!
(2) ਸਵਾਰਥਅਨੁਮਾਨ
ਪਰਿਭਾਸ਼ਾ ਅਨੁਸਾਰ ਸਵਾਰਥਅਨੁਮਾਨ ਉਸ ਅਨੁਮਾਨਣਯੋਗ (ਅਨੁਮੇਯ) ਵਸਤੁ ਦਾ ਗਿਆਨ ਹੈ ਜੋ
ਹੇਤੁ ਜਾਂ ਲਿੰਗ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਜਿਸ ਦੇ ਤਿੰਨ ਗੁਣ
(ਲਿੰਗਸ੍ਯ ਤ੍ਰੈਰੂਪਮ) ਹੋਣੇ ਜ਼ਰੂਰੀ ਹਨ। ਜਿਵੇਂ “ਇਸ ਪਰਬਤ ਉੱਪਰ ਅੱਗ ਹੈ, ਕਿਉਂਕਿ
ਇੱਥੇ ਧੂੰਆ ਹੈ।” ਇਸ ਉਦਾਹਰਣ ਵਿਚ ਇਹ ਗਿਆਨ ਕਿ “ਪਰਬਤ ਉੱਪਰ ਅੱਗ ਹੈ” ਧੂੰਏ
ਰਾਹੀਂ ਪ੍ਰਾਪਤ ਕੀਤਾ ਗਿਆ ਹੈ, ਜੋ ਇਸ ਗਿਆਨ ਦਾ ਹੇਤੁ (ਕਾਰਣ) ਹੈ। ਹੇਤੁ ਦੇ
ਤ੍ਰੈਰੂਪੀ ਲੱਛਣ ਇਸ ਪ੍ਰਕਾਰ ਹਨ:
-
'ਹੇਤੁ' ਦਾ ਪਕਸ਼ (ਪੱਖ) ਵਿਚ ਸ਼ਾਮਲ (ਨਿਹਿਤ) ਹੋਣਾ, ਜੈਸੇ
ਪਰਬਤ ਅਗਨਮਈ ਹੈ,
ਕਿਉਂਕਿ ਇਹ ਧੂੰਆਮਈ ਹੈ,
ਰਸੋਈ ਵਾਂਗ, ਪਰ ਝੀਲ ਵਾਂਗ ਨਹੀ।
ਇਸ ਤਰਕ ਜਾਂ ਯੁਕਤਿ ਵਿਚ ‘ਧੂੰਏ’ ਦਾ ‘ਪਰਬਤ’ ਉੱਪਰ ਹੋਣਾ ਜ਼ਰੂਰੀ ਹੈ।
-
‘ਹੇਤੁ’ ਦਾ ਕੇਵਲ ਉਨ੍ਹਾਂ ਘਟਨਾਵਾਂ ਵਿਚ ਹੋਣਾ ਜ਼ਰੂਰੀ ਹੈ ਜੋ ਸਾਧ੍ਯ ਨਾਲ
ਸਾਧਰਮ੍ਯ ਹੋਣ, ਜਿਵੇਂ ਉਪਰੋਕਤ ਦਲੀਲ ਵਿਚ ‘ਧੂੰਆ’ ਰਸੋਈ ਵਿਚ ਸ਼ਾਮਲ ਹੈ ਜੋ ਕਿ
ਅਗਨੀ ਵਾਲੀਆਂ ਚੀਜ਼ਾਂ ਦੇ 'ਸਾਧਰਮ੍ਯ' ਹੈ।
-
‘ਹੇਤੁ’ ਕਦੇ ਵੀ ਉਨ੍ਹਾਂ ਘਟਨਾਵਾਂ ਵਿਚ ਸ਼ਾਮਲ ਨਹੀ ਹੋਣਾ ਚਾਹੀਦਾ ਜੋ ਸਾਧ੍ਯ
ਤੋਂ ਵੈਧਰਮ੍ਯ ਹੋਣ, ਜਿਵੇਂ ਉਪਰੋਕਤ ਦਲੀਲ ਵਿਚ ‘ਧੂੰਆ’ ਝੀਲ ਵਿਚ ਸ਼ਾਮਲ ਨਹੀ ਹੈ,
ਜੋ ਅਗਨੀ ਵਾਲੀਆਂ ਚੀਜ਼ਾਂ ਦੇ ਵੈਧਰਮਯ ਹੈ।
ਸਾਧ੍ਯ ਨਾਲ ਸੰਬੰਧ ਦੇ ਪ੍ਰਸੰਗ ਵਿਚ, ਹੇਤੁ ਤਿੰਨ ਕਿਸਮ ਦਾ ਮੰਨਿਆ ਗਿਆ ਹੈ:
-
ਸਵੈ-ਭਾਵ (ਵਿਅਕਤਿੱਤਵ), ਜੈਸੇ
ਇਹ ਇਕ ਰੁੱਖ ਹੈ,
ਕਿਉਂਕਿ ਇਹ ਸਿੰਸਪਾ (ਟਾਲ੍ਹੀ) ਹੈ।
(ਇੱਥੇ ਟਾਲ੍ਹੀ ਦੀ ਸਮਰੂਪਤਾ (ਸਵੈਭਾਵ) ਰੁੱਖ ਨਾਲ ਹੈ)
-
ਕਾਰਯ (ਕਾਰਜ), ਜੈਸੇ
ਇੱਥੇ ਅੱਗ ਹੈ, ਕਿਉਂਕਿ ਇੱਥੇ ਧੂੰਆ ਹੈ।
(ਇੱਥੇ 'ਧੂੰਆ' ਅੱਗ ਦਾ 'ਕਾਰਜ' ਹੈ)
-
ਅਨ-ਉਪਲਬਧੀ (ਅਨ-ਪ੍ਰਤਿਅਕਸ਼), ਇਹ ਗਿਆਰਾਂ ਕਿਸਮ ਦਾ ਹੈ,
-
'ਸਵੈਭਾਵ ਅਨਉਪਲਬਧੀ', ਜੈਸੇ
ਇੱਥੇ ਧੂੰਆਂ ਨਹੀ ਹੈ, ਕਿਉਂਕਿ ਇੱਥੇ ਇਸ ਦਾ ਪ੍ਰਤਿਅਰਕਸ਼ ਨਹੀ ਹੈ।
-
'ਕਾਰਯ ਅਨਉਪਲਬਧੀ', ਜੈਸੇ
ਇੱਥੇ ਧੂੰਏ ਦਾ ਕੋਈ ਕਾਰਣ ਨਹੀ ਹੈ, ਕਿਉਂਕਿ ਇੱਥੇ ਧੂੰਆ ਨਹੀ ਹੈ।
-
'ਵਿਆਪਕ ਅਨਉਪਲਬਧੀ', ਜੈਸੇ
ਇੱਥੇ ਸਿੰਸਪਾ (ਟਾਲ੍ਹੀ) ਨਹੀ ਹੈ, ਕਿਉਂਕਿ ਇੱਥੇ ਕੋਈ ਰੁੱਖ ਨਹੀ ਹੈ।
-
'ਸਵੈਭਾਵ-ਵਿਰੁੱਧਉਪਲਬਧੀ', ਜੈਸੇ
ਇੱਥੇ ਠੰਡ ਅਨੁਭਵ ਨਹੀ ਹੁੰਦੀ, ਕਿਉਂਕਿ ਇੱਥੇ ਅੱਗ ਹੈ।
-
'ਵਿਰੁੱਧ-ਕਾਰਯਉਪਲਬਧੀ', ਉਲਟ ਕਾਰਜ ਦਾ ਪ੍ਰਤੱਖਣ ਹੋਣਾ, ਜੈਸੇ
ਇੱਥੇ ਠੰਡ ਦੀ ਸੰਵੇਦਨਾ (ਅਨੁਭਵ) ਨਹੀ ਹੈ, ਕਿਉਂਕਿ ਇੱਥੇ ਧੂੰਆ ਹੈ।
-
'ਵਿਰੁੱਧ ਵਿਆਪਤਉਪਲਬਧੀ', ਉਲਟ ਸੰਬੰਧ ਦਾ ਪ੍ਰਤੱਖਣ ਹੋਣਾ, ਜੈਸੇ
ਕਿਸੇ ਅਤੀਤ (ਬੀਤੇ ਸਮੇ ਦੀ) ਚੀਜ਼ ਦਾ ਨਸ਼ਟ ਹੋਣਾ ਨਿਸ਼ਚਿਤ ਨਹੀ ਹੈ, ਕਿਉਂਕਿ ਇਹ
ਅਨਗਿਣਤ ਕਾਰਨਾਂ ‘ਤੇ ਨਿਰਭਰ ਕਰਦਾ ਹੈ।
-
'ਕਾਰਯ ਵਿਰੁੱਧਉਪਲਬਧੀ', ਕਾਰਜ ਦੇ ਉਲਟ ਪ੍ਰਤੱਖਣ ਜਾਂ ਪ੍ਰਤੱਖ ਹੋਣਾ, ਜੈਸੇ
ਇੱਥੇ ਅਣਵਿਘਨ ਠੰਡ ਦਾ ਕੋਈ ਕਾਰਣ ਨਹੀ ਹੈ, ਕਿਉਂਕਿ ਇੱਥੇ ਅੱਗ ਹੈ।
-
'ਵਿਆਪਕ ਵਿਰੁੱਧਉਪਲਬਧੀ', ਜੋ ਵਿਆਪਕ ਹੈ ਉਸ ਦੇ ਵਿਰੁੱਧ ਪ੍ਰਤੱਖਣ ਹੋਣਾ, ਜੈਸੇ
ਇੱਥੇ ਠੰਡ ਦੀ ਸੰਵੇਦਨਾ ਨਹੀ ਹੈ, ਕਿਉਂਕਿ ਇੱਥੇ ਅੱਗ ਹੈ।
-
'ਕਾਰਣ ਅਨਉਪਲਬਧੀ', ਕਾਰਣ ਦਾ ਪ੍ਰਤੱਖਣ ਨਾ ਹੋਣਾ, ਜੈਸੇ
ਇੱਥੇ ਧੂੰਆ ਨਹੀ ਹੈ, ਕਿਉਂਕਿ ਇੱਥੇ ਅੱਗ ਨਹੀ ਹੈ।
(ਜਾਂ ਇਸ ਗ੍ਰਹਿ ਉੱਪਰ ਜੀਵਨ ਨਹੀ ਹੈ, ਕਿਉਂਕਿ ਇੱਥੇ ਜਲਵਾਯੂ ਨਹੀ ਹੈ)
-
'ਕਾਰਣ ਵਿਰੁੱਧਉਪਲਬਧੀ', ਕਾਰਣ ਵਿਰੁੱਧ ਦਾ ਪ੍ਰਤੱਖਣ, ਜੈਸੇ
ਉਸ ਦੇ ਸਰੀਰ ਦੇ ਵਾਲ ਨਹੀ ਖੜ੍ਹੇ (ਸਰਦੀ ਨਾਲ), ਕਿਉਂਕਿ ਉਹ ਅੱਗ ਦੇ ਨੇੜੇ ਬੈਠਾ
ਹੈ।
-
'ਕਾਰਣ ਵਿਰੁੱਧ ਕਾਰਯਉਪਲਬਧੀ', ਕਾਰਣ ਵਿਰੁੱਧ ਕਾਰਜ ਦਾ ਪ੍ਰਤੱਖਣ, ਅਰਥਾਤ ਕਾਰਣ
ਦਾ ਜੋ ਕਾਰਜ ਹੋਣਾ ਚਾਹੀਦੈ ਹੈ ਉਸ ਦਾ ਪ੍ਰਤੱਖਣ ਨਾ ਹੋਣਾ, ਜੈਸੇ
ਇਸ ਸਥਾਨ ‘ਤੇ ਕੋਈ ਐਸਾ ਪੁਰਸ਼ ਨਹੀ ਹੈ ਜਿਸ ਦੇ ਸਰੀਰ ਦੇ ਵਾਲ ਖੜ੍ਹੇ ਹੋਣ ਕਿਉਂਕਿ
ਇੱਥੇ ਧੂੰਆ ਹੈ।
(3) ਪਰਾਰਥਅਨੁਮਾਨ
ਦੂਜੇ ਪੁਰਸ਼ਾਂ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਜਦੋਂ ਹੇਤੁ ਨੂੰ ਸਾਫ ਸ਼ਬਦਾਂ ਵਿਚ
ਪ੍ਰਤਿਪਾਦਿਤ (ਵਰਣਨ) ਕੀਤਾ ਜਾਂਦਾ ਹੈ ਤਾਂ ਉਸਨੂੰ ਪਰਾਰਥਅਨੁਮਾਨ ਕਿਹਾ ਜਾਂਦਾ ਹੈ।
ਅਨੁਮਾਨ ਇਕ ਕਿਸਮ
ਦਾ ਗਿਆਨ ਹੈ। ਇਸ ਵਿਚ ਸ਼ਬਦਾਂ ਦਾ ਪ੍ਰਯੋਗ, ‘ਕਾਰਜ’ ਨੂੰ ‘ਕਾਰਨ’
ਨਾਲ ਜੋੜਨ ਲਈ ਕੀਤਾ ਜਾਂਦਾ ਹੈ, ਪਰ ਸ਼ਬਦ ਸਵੈ ਗਿਆਨ ਨਹੀ ਹੁੰਦੇ ਬਲਕਿ ਇਸ ਨੂੰ
ਪੈਦਾ ਕਰਦੇ ਹਨ। ਪਰਾਰਥਅਨੁਮਾਨ ਦੋ ਕਿਸਮਾਂ ਦਾ ਮੰਨਿਆ ਗਿਆ ਹੈ: (1)
ਸਾਧਰਮ੍ਯਵਤ
(ਸਕਾਰਾਤਮਕ); (2) ਵੈਧਰਮ੍ਯਵਤ (ਨਾਰਾਤਮਕ), ਜੈਸੇ,
ਸਾਧਰਮਯਵਤ ਅਨੁਮਾਨ:
ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਸਾਰੇ ਉਤਪਾਦਨ ਅਨਿੱਤ ਹੁੰਦੇ ਹਨ, ਜਿਵੇਂ ਘੜਾ
ਵੈਧਰਮਯਵਤ ਅਨੁਮਾਨ:
ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਕੋਈ ਅਨ-ਅਨਿੱਤ ਚੀਜ਼ ਉਤਪਾਦਨ ਨਹੀ ਹੁੰਦੀ, ਜਿਵੇਂ ਆਕਾਸ਼।
ਪਕਸ਼ (ਪੱਖ)
ਪਕਸ਼ ਉਹ ਹੈ ਜਿਸ ਦੇ ਨਾਲ ਹੇਤੁ ਦਾ ਸੰਬੰਧ ਸਾਬਤ ਕਰਨਾ ਹੁੰਦਾ ਹੈ, ਜਿਵੇਂ “ਇਹ ਪਰਬਤ
ਅਗਨਮਈ ਹੈ, ਕਿਉਂਕਿ ਇਹ ਧੂੰਆਮਈ ਹੈ।“ ਇਸ ਵਿਚ ਪਰਬਤ “ਪੱਖ” ਹੈ ਜਿਸ ਨੂੰ ਸਾਬਤ
ਕਰਨਾ ਹੈ ਕਿ ਇਹ ਅਗਨਮਈ (ਸਾਧ੍ਯ) ਹੈ; “ਧੂੰਆ” ਹੇਤੁ ਹੈ। “ਪੱਖ” ਅਤੇ “ਸਾਧ੍ਯ”
ਨੂੰ ਮਿਲਾ ਕੇ ਇਕ 'ਪ੍ਰਸਤਾਵ' ਬਣਦਾ ਹੈ ਜਿਸ ਦਾ ਸਬੂਤ ਲੱਭਣਾ ਹੁੰਦਾ ਹੈ ਅਤੇ ਇਸ ਨੂੰ
“ਪ੍ਰਤਿਗਿਆ” ਵੀ ਕਿਹਾ ਜਾਂਦਾ ਹੈ। ਦੂਜੇ ਪਾਸੇ, ਆਧੁਨਿਕ ਵਿਗਿਆਨ ਵਿਧੀ ਵਿਚ
"ਸੀਮਿਤ ਉਪਲਬਧ ਸਬੂਤ" ਦੇ ਆਧਾਰ 'ਤੇ ਪੇਸ਼ ਕੀਤੇ ਗਏ ਬਿਆਨ ਜਾਂ ਵਿਆਖਿਆ ਨੂੰ
"ਪਰਿਕਲਪਨਾ" ਕਿਹਾ ਜਾਂਦਾ ਹੈ, ਜੋ ਅਗਾਂਹ ਜਾਂਚ ਪੜਤਾਲ ਦਾ ਆਰੰਭਕ ਨੁਕਤਾ ਬਣਦੀ
ਹੈ।
ਪਕਸ਼ ਦੇ ਚਾਰ ਆਭਾਸ (ਪਕਸ਼ਾਭਾਸ) ਹਨ। ਉਹ ਪਕਸ਼ ਆਭਾਸ ਹੁੰਦਾ ਹੈ ਜੋ ਨਿਮਨਲਿਖਤ ਦੇ
ਨਾਲ ਅਸੰਗਤ ਹੋਵੇ:
-
ਪ੍ਰਤਿਅਕਸ਼ ਨਾਲ ਅਸੰਗਤੀ, ਜੈਸੇ ਇਹ ਕਹਿਣਾ ਕਿ “ਸ਼ਬਦ ਅਸ਼੍ਰਵਣੀ ਹੈ” (ਇੱਥੇ ਸ਼ਬਦ
= ਆਵਾਜ਼ ਜਾਂ ਸ੍ਵਰ, ਅਸ਼੍ਰਵਣੀ = ਨਾ ਸੁਣਨਯੋਗ),
-
ਅਨੁਮਾਨ ਨਾਲ ਅਸੰਗਤੀ, ਜੈਸੇ ਇਹ ਕਹਿਣਾ ਕਿ “ਸ਼ਬਦ ਨਿੱਤ ਹੈ”,
-
ਸੰਕਲਪ ਨਾਲ ਅਸੰਗਤੀ, ਜੈਸੇ ਇਹ ਕਹਿਣਾ ਕਿ “ਚੰਦ ਸ਼ਸ਼ਿ ਨਹੀ ਹੈ” (ਇੱਥੇ ਸ਼ਸ਼ਿ
=
ਚੰਦ),
-
ਸਵੈ-ਕਥਨ ਨਾਲ ਅਸੰਗਤੀ, ਜੈਸੇ ਇਹ ਕਹਿਣਾ “ਅਨੁਮਾਨ ਗਿਆਨ ਦਾ ਸਾਧਨ ਨਹੀ ਹੈ”
(ਕਿਉਕਿ ਇਹ ਪਹਿਲਾ ਕਿਹਾ ਅਤੇ ਮੰਨਿਆ ਜਾ ਚੁੱਕਾ ਹੈ ਕਿ ਅਨੁਮਾਨ ਗਿਆਨ ਦਾ ਸਾਧਨ
ਹੈ)।
ਹੇਤੁ ਦੇ ਆਭਾਸ
ਹੇਤੁ ਦੇ ਆਭਾਸ ਤਿੰਨ ਕਿਸਮ ਦੇ ਹਨ:
-
ਅਸਿੱਧ – ਜੋ ਸਿੱਧ ਨਾ ਕੀਤਾ ਗਿਆ ਹੋਵੇ, ਜੈਸੇ
“ਆਤਮਾ ਸਰਵਵਿਆਪਕ ਹੈ, ਕਿਉਂਕਿ ਇਸ ਦੀ ਅਨੁਭੂਤੀ ਹਰ ਥਾਂ ਹੈ।“
ਪਰ ਇਹ ਸਿੱਧ ਨਹੀ ਕੀਤਾ ਗਿਆ ਕਿ ਆਤਮਾ ਦੀ ਅਨੁਭੂਤੀ ਹਰ ਥਾਂ ਹੈ। ਜਾਂ,
“ਸ਼ਬਦ ਨਿੱਤ ਹੈ, ਕਿਉਂਕਿ ਇਹ ਦਿਸਦਾ ਹੈ।“
ਪਰ ਇਹ ਕਹਿਣਾ ਗਲਤ ਹੈ ਕਿਉਂਕਿ ਸ਼ਬਦ ਦੀ ਦ੍ਰਿਸ਼ਨਮਾਨਤਾ ਪਹਿਲਾ ਸਾਬਤ ਨਹੀ ਕੀਤੀ ਗਈ।
-
ਅਨੈਕਾਂਤਿਕ - ਜੋ ਬਦਲਦਾ ਰਹੇ ਜਾਂ ਅਨਿਸ਼ਚਿਤ ਹੋਵੇ, ਜੈਸੇ
ਸ਼ਬਦ ਅਨਿੱਤ ਹੈ,
ਕਿਉਂਕਿ ਇਹ ਜਾਣਨਯੋਗ ਹੈ।
(ਇੱਥੇ ‘ਸ਼ਬਦ’ ਦੀ ਜਾਣਨਯੋਗਤਾ ਇਸ ਦੇ ਅਨਿੱਤ ਹੋਣ ਦਾ ਸਬੂਤ ਨਹੀ ਹੈ, ਕਿਉਂਕਿ
ਜਾਣਨਯੋਗਤਾ ਨਿੱਤ ਵੀ ਹੋ ਸਕਦੀ ਹੈ)
-
ਵਿਰੁੱਧ, ਜੈਸੇ
ਸ਼ਬਦ ਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ।
(ਇੱਥੇ “ਉਤਪਾਦਨ” ਹੋਣਾ “ਨਿੱਤ” ਹੋਣ ਦੇ ਸਮਰੂਪ ਨਹੀ ਹੈ, ਅਰਥਾਤ ਹੇਤੁ, ਦਿੱਤੇ
ਹੋਏ ਪੱਖ ਦੇ ਵਿਰੁੱਧ ਹੈ।)
ਦ੍ਰਿਸ਼ਟਾਂਤ ਜਾਂ ਉਦਾਹਰਣ
ਦ੍ਰਿਸ਼ਟਾਂਤ ਦੋ ਕਿਸਮ ਦਾ ਮੰਨਿਆ ਗਿਆ ਹੈ: “ਸਾਧਰਮ੍ਯ” ਅਤੇ “ਵੈਧਰਮ੍ਯ”। ਸਾਧਰਮ੍ਯ
ਅਤੇ ਵੈਧਰਮ੍ਯ ਦ੍ਰਿਸ਼ਟਾਂਤ ਦੇ ਆਭਾਸ ਕ੍ਰਮਵਾਰ ਨੌ ਨੌ ਕਿਸਮ ਦੇ ਦੱਸੇ ਗਏ ਹਨ।
ਦੂਸ਼ਣ ਜਾਂ ਖੰਡਨ
ਕਿਸੇ ਤਰਕ ਦਾ ਦੂਸ਼ਣ ਜਾਂ ਖੰਡਨ ਉਸ ਵੇਲੇ ਹੁੰਦਾ ਹੈ ਜਦੋਂ ਵਾਦ-ਵਿਵਾਦ ਵਿਚ ਵਿਰੋਧੀ
ਧਿਰ ਦੀ ਦਲੀਲ ਵਿਚ ਉੱਪਰ ਦਿੱਤੇ ਕਿਸੇ ਇਕ ਆਭਾਸ ਨੂੰ ਜ਼ਾਹਰ ਕੀਤਾ ਜਾਵੇ। ਅਸਲੀ ਜਾਂ
ਬਾਹਰੀ ਰੂਪ ਵਿਚ ਭਾਸਦੇ ਖੰਡਨਾਂ ਨੂੰ ਅਤੇ ਦਲੀਲ ਨੂੰ ਝੂਠਾ ਠਹਿਰਾਉਣ ਦੇ
ਪ੍ਰਤਿਉੱਤਰ (ਮੋੜਵਾ ਜਵਾਬ) ਨੂੰ ਜਾਤਿ ਵੀ ਕਿਹਾ ਜਾਂਦਾ ਹੈ। ਇਹ ਇਕ ਕਿਸਮ ਦਾ
ਤੁੱਲਰੂਪੀ ਜਵਾਬ ਹੁੰਦਾ ਹੈ ਜਿਸ ਵਿਚ ਪੇਸ਼ ਕੀਤੀ ਦਲੀਲ ਨੂੰ ਸਵੈ-ਵਿਰੋਧੀ ਦਿਖਾਉਣ
ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਧਰਮਕੀਰਤੀ ਦੁਆਰਾ ਦਿਗਨਾਗ ਦੀ ਆਲੋਚਨਾ
ਕੁਝ ਇਕ ਆਭਾਸ ਨੂੰ ਲੈ ਕੇ ਧਰਮਕੀਰਤੀ, ਦਿਗਨਾਗ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ
ਉਨ੍ਹਾਂ ਦੀ ਆਲੋਚਨਾ ਕਰਦੇ ਹਨ। ਉਨ੍ਹਾ ਦਾ ਵਿਸ਼ੇਸ਼ ਮਤਭੇਦ ਤਰਕਵਾਕ ਦੀ ਬਣਤਰ (ਅਵਯਵ)
ਦੇ ਰੂਪ ਵਿਚ ਸਾਫ ਸਾਫ ਸਾਹਮਣੇ ਆਉਂਦਾ ਹੈ। ਦਿਗਨਾਗ ਨਾਲ ਅਸਹਿਮਤੀ ਪ੍ਰਗਟ ਕਰਦੇ
ਹੋਏ ਧਰਮਕੀਰਤੀ ਇਹ ਦਾਅਵਾ ਕਰਦੇ ਹਨ ਕਿ ‘ਤਰਕਵਾਕ’ ਵਿਚ ਦ੍ਰਿਸ਼ਟਾਂਤ ਦੀ ਕੋਈ ਜ਼ਰੂਰਤ
ਨਹੀ ਹੈ ਕਿਉਂਕਿ ਇਹ ‘ਪੱਖ’ ਦੇ ਸਿੱਧ ਕਰਨ ਵਿਚ ਕੋਈ ਉਪਯੋਗੀ ਭੂਮਿਕਾ ਨਹੀ
ਨਿਭਾਉਂਦਾ। ਉਨ੍ਹਾਂ ਦੇ ਕਹਿਣ ਅਨੁਸਾਰ ਇਹ ਪਹਿਲਾ ਹੀ ‘ਸਾਧ੍ਯ’ ਵਿਚ ਨਿਹਿਤ (ਸ਼ਾਮਲ)
ਹੈ, ਜੈਸੇ
ਪਰਬਤ ਅਗਨਮਈ ਹੈ,
ਕਿਉਂਕਿ ਇਹ ਧੂੰਆਮਈ ਹੈ,
ਰਸੋਈ ਵਾਂਗ।
ਇਸ ਤਰਕਵਾਕ (ਦਲੀਲ) ਵਿਚ “ਧੂੰਆਮਈ” ਪਦ ਵਿਚ ‘ਰਸੋਈ’ ਆਦਿ ਸ਼ਾਮਲ ਹਨ, ਇਸ ਲਈ
‘ਰਸੋਈ’ ਨੂੰ ਉਦਾਹਰਣ ਦੇ ਤੌਰ ‘ਤੇ ਵਰਤਣਾ ‘ਤਰਕਵਾਕ’ ਦੀ ਸਵੈ-ਸੰਪੂਰਣਤਾ ਲਈ ਕੋਈ
ਜ਼ਰੂਰੀ ਨਹੀ ਹੈ। ਪਰ ਫਿਰ ਵੀ ਉਦਾਹਰਣ, ਜੇ ਫਾਇਦੇਮੰਦ ਹੈ ਤਾਂ ਇਸ ਵਿਚ ਕਿ ਇਹ ਦਿੱਤੀ
ਗਈ ਦਲੀਲ ਨੂੰ ਵਿਸ਼ੇਸ਼ ਰੂਪ ਵਿਚ ਠੋਸ (ਦ੍ਰਿੜ) ਪੇਸ਼ ਕਰਦੀ ਹੈ ਜੋ ਹੇਤੁ ਰਾਹੀਂ ਸਿਰਫ
ਸਾਮਾਨ੍ਯ ਰੂਪ ਵਿਚ ਹੀ ਦਰਸਾਇਆ ਗਿਆ ਹੈ। ਇਸ ਤਰ੍ਹਾ ਸਾਮਾਨ੍ਯ ਪ੍ਰਵਚਨ “ਸਭ ਧੂੰਆਮਈ
ਚੀਜ਼ਾਂ ਅਗਨਮਈ ਹੁੰਦੀਆਂ ਹਨ” ਵਿਸ਼ੇਸ਼ ਉਦਾਹਰਣ ਦੀ ਵਰਤੋਂ ਕਰਕੇ (ਅਰਥਾਤ ਰਸੋਈ)
‘ਪੱਖ’ ਨੂੰ ਸਿੱਧ ਕਰਨ ਵਿਚ ਹੋਰ ਵੀ ਪੱਕਾ ਅਤੇ ਨਿਸ਼ਚੇਪੂਰਵਕ ਹੋ ਜਾਂਦਾ ਹੈ ਅਤੇ
ਦਲੀਲ ਦੀ ਵੈਧਤਾ (ਪ੍ਰਮਾਣਕਤਾ) ਨੂੰ ਮਜ਼ਬੂਤ ਕਰਦਾ ਹੈ।
“ਹੇਤੁ-ਬਿੰਦੁ-ਵਿਵਰਣ” - ਧਰਮਕੀਰਤੀ
ਧਰਕੀਰਤੀ ਦਾ, ਤਰਕ ਦੇ ਵਿਸ਼ੇ ‘ਤੇ, ਇਹ ਇਕ ਹੋਰ ਸ੍ਰੇਸ਼ਟ ਗ੍ਰੰਥ ਹੈ। ਇਸ ਦਾ ਮੂਲ
ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ ਹੈ। ਇਹ ਗ੍ਰੰਥ ਤਿੰਨ
ਕਾਂਡਾਂ ਵਿਚ ਵੰਡਿਆ ਹੋਇਆ ਹੈ:
-
ਸਵੈਭਾਵ ਹੇਤੁ –
ਇਸ ਭਾਗ ਵਿਚ ਹੇਤੁ ਅਤੇ ਸਾਧ੍ਯ ਦੇ ਆਪਸੀ ਸੰਬੰਧ ਦੀ ਚਰਚਾ ਕੀਤੀ ਗਈ ਹੈ।
-
ਕਾਰਯ ਹੇਤੁ – ਇਸ
ਵਿਚ ਹੇਤੁ ਅਤੇ ਸਾਧ੍ਯ ਦੇ ਕਾਰਜ-ਕਾਰਣ ਸਬੰਧ ਨੂੰ ਪਰਖਿਆ ਗਿਆ ਹੈ।
-
ਅਨਉਪਲਬਧੀ ਹੇਤੁ –
ਇਸ ਭਾਗ ਵਿਚ ਕਿਸੇ ਚੀਜ਼ ਦੀ ਕਿਸੇ ਥਾਂ ਨਾ-ਹੋਂਦ ਜਾਂ ਅਨਉਪਲਬਧੀ ਅਰਥਾਤ ਉਸਦੇ
‘ਨਿਸ਼ੇਧ’ ਨਾਲ ਸੰਬੰਧ ਰੱਖਦਾ ਹੈ। ਇਹ ਹੇਤੁ ਅਤੇ ਵੈਧਰਮ੍ਯ ਸਾਧ੍ਯ ਦੇ ਵਿਚਕਾਰ
‘ਨਿਸ਼ੇਧ’ ਦੇ ਸੰਬੰਧ ਦੀ ਚਰਚਾ ਕਰਦਾ ਹੈ।
“ਤਰਕਨਿਆਇ ਜਾਂ ਵਾਦਨਿਆਇ” - ਧਰਮਕੀਰਤੀ
ਇਹ ਵੀ ਧਰਮਕੀਰਤੀ ਦਾ ਤਰਕ ਦੇ ਵਿਸ਼ੇ ‘ਤੇ ਇਕ ਹੋਰ ਪ੍ਰਕਰਣ ਹੈ। ਇਸ ਦਾ ਮੂਲ
ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ। ਇਹ ਮੁੱਖ ਤੌਰ
‘ਤੇ ਵਾਦ-ਵਿਵਾਦ ਦੀ ਵਿਧੀ ਦੀ ਚਰਚਾ ਕਰਦਾ ਹੈ।
“ਸੰਤਾਨਾਂਤਰ ਸਿਧੀ” - ਧਰਮਕੀਰਤੀ
ਇਹ ਗ੍ਰੰਥ ਮੂਲ ਰੂਪ ਵਿਚ ਦਾਰਸ਼ਨਿਕ ਹੈ ਅਤੇ ਸੰਤਾਨ (ਨਿਰੰਤਰ ਅਨੁਕ੍ਰਮਣ) ਦੀ
ਨਿਰੰਤਰਤਾ ਦੇ ਸਬੂਤਾਂ ਦੀ ਚਰਚਾ ਕਰਦਾ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ
ਚੁੱਕਾ ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ।
“ਸਬੰਧਪ੍ਰੀਕਸ਼ਾ” - ਧਰਮਕੀਰਤੀ
ਇਹ ਵੀ ਧਰਮਕੀਰਤੀ ਦੀ ਦਾਰਸ਼ਨਿਕ ਰਚਨਾ ਹੈ। ਇਸ ਵਿਚ ਚੀਜ਼ਾਂ ਦੇ ਸੰਬੰਧਾਂ ਨੂੰ ਪਰਖਿਆ
ਗਿਆ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪਰ ਤਿੱਬਤੀ ਅਨੁਵਾਦ ਉਪਲਬਧ
ਹੈ।
“ਸੰਬੰਧਪ੍ਰੀਕਸ਼ਾ ਵ੍ਰਿੱਤੀ” - ਧਰਮਕੀਰਤੀ
ਇਹ ਧਰਮਕੀਰਤੀ ਦੀ ਸੰਬੰਧਪ੍ਰੀਕਸ਼ਾ ਉੱਪਰ ਸਵੈ ਟੀਕਾ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ
ਗੁਆਚ ਚੁੱਕਾ ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਦੇਵੇਂਦਰਬੋਧੀ (650 ਈ)
ਦੇਵੇਂਦਰ ਬੋਧੀ ਧਰਮਕੀਰਤੀ ਦੇ ਸਮਕਾਲੀ ਸਨ ਜਿਨ੍ਹਾਂ ਦਾ ਜੀਵਨਕਾਲ ਲਗਪਗ 650 ਈ
ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਤਰਕਸ਼ਾਸਤਰ ਉੱਪਰ “ਪ੍ਰਮਾਣਵਾਰਤਿਕ ਪੰਜਿਕਾ” ਨਾਮ ਦਾ
ਗ੍ਰੰਥ ਲਿਖਿਆ। ਇਸ ਵਿਚ ਧਰਮਕੀਰਤੀ ਦੀ “ਪ੍ਰਮਾਣ-ਵਾਰਤਿਕ” ਰਚਨਾ ਉੱਪਰ ਪੰਜਿਕਾ
ਟਿੱਪਣੀ ਕੀਤੀ ਗਈ ਹੈ। ਪੰਜਿਕਾ ਟਿੱਪਣੀ ਵਿਚ ਨਿਰੰਤਰ ਤੌਰ ‘ਤੇ ਹਰ ਸ਼ਬਦ ਦਾ
ਵਿਸ਼ਲੇਸ਼ਣ ਅਤੇ ਵਿਆਖਿਆ ਕੀਤੀ ਜਾਂਦੀ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ
ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਸ਼ਾਕਯਬੋਧੀ (675 ਈ)
ਸ਼ਾਕਯਬੋਧੀ ਨੂੰ ਦੇਵੇਂਦਰਬੋਧੀ ਦੇ ਸ਼ਿਸ਼ ਮੰਨਿਆ ਜਾਂਦਾ ਹੈ ਜਿਨ੍ਹਾਂ ਦਾ ਜੀਵਨਕਾਲ
675 ਈ ਦੇ ਇਰਦਗਿਰਦ ਦਾ ਹੈ। ਉਨ੍ਹਾਂ ਨੇ ਦੇਵੇਂਦਰਬੋਧੀ ਦੇ ਗ੍ਰੰਥ
ਪ੍ਰਮਾਣਵਾਰਤਿਕਪੰਜਿਕਾ ਉੱਪਰ ਪ੍ਰਮਾਣਵਾਰਤਿਕਪੰਜਿਕਾ ਟੀਕਾ ਲਿਖੀ ਜਿਸ ਦਾ ਮੂਲ
ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਵਿਨੀਤ ਦੇਵ (700 ਈ)
ਵਿਨੀਤ ਦੇਵ, ਰਾਜਾ ਲਲਿਤ ਚੰਦਰ ਦੇ ਰਾਜਕਾਲ ਦੌਰਾਨ ਨਾਲੰਦਾ ਦੇ ਵਾਸੀ ਸਨ। ਉਨ੍ਹਾਂ
ਨੇ ਆਪਣੇ ਮਸ਼ਹੂਰ ਗ੍ਰੰਥ “ਸਮਯਭੇਦਯੋਪਰਚਨਾ ਚੱਕਰ” ਤੋਂ ਇਲਾਵਾ ਨਿਮਨਲਿਖਤ ਗ੍ਰੰਥ
ਤਰਕਸ਼ਾਸਤਰ ਉੱਪਰ ਲਿਖੇ।
ਨਿਆਇਬਿੰਦੁ ਟੀਕਾ:
ਇਹ ਧਰਮਕੀਰਤੀ ਦੇ ਗ੍ਰੰਥ ਨਿਆਇਬਿੰਦੁ ਉੱਪਰ ਇਕ ਵਿਸਤਾਰਪੂਰਵਕ ਟਿੱਪਣੀ ਹੈ ਜਿਸ ਦਾ
ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਹੇਤੁਬਿੰਦੁ ਟੀਕਾ: ਇਹ ਵੀ ਧਰਮਕੀਰਤੀ ਦੀ ‘ਹੇਤੁਬਿੰਦੁ’ ਕਿਰਤ ਉੱਪਰ ਇਕ ਟਿੱਪਣੀ ਹੈ। ਇਸ ਦਾ ਮੂਲ
ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਵਾਦਨਿਆਇ ਵਿਆਖਿਆ: ਇਹ ਧਰਮਕੀਰਤੀ ਦੀ ਰਚਨਾ “ਵਾਦਨਿਆਇ” (ਜਾਂ ਤਰਕਨਿਆਇ) ਉੱਪਰ ਟਿੱਪਣੀ ਹੈ। ਇਸ ਦਾ
ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਸਬੰਧਪ੍ਰੀਕਸ਼ਾ ਟੀਕਾ: ਇਹ ਧਰਮਕੀਰਤੀ ਦੀ ਸੰਬੰਧਪ੍ਰੀਕਸ਼ਾ ਉੱਪਰ ਸੋਚ ਭਰਪੂਰ ਟਿੱਪਣੀ ਹੈ। ਇਸ ਦਾ ਮੂਲ
ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਆਲੰਬਨਪ੍ਰੀਕਸ਼ਾ ਟੀਕਾ: ਇਹ ਦਿਗਨਾਗ ਦੀ ਆਲੰਬਨਪ੍ਰੀਕਸ਼ਾ ਉੱਪਰ ਟਿੱਪਣੀ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ
ਗੁਆਚ ਚੁੱਕਾ ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਸੰਤਾਨਾਂਤਰਸਿਧੀ ਟੀਕਾ: ਇਹ ਧਰਮਕੀਤੀ ਦੀ ਸੰਤਾਨਾਂਤਰ ਸਿਧੀ
ਰਚਨਾ ਉੱਪਰ ਟੀਕਾ ਹੈ। ਇਸ ਦਾ ਮੂਲ ਸੰਸਕ੍ਰਿਤ
ਰੂਪ ਗੁਆਚ ਚੁੱਕਾ ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਰਵੀ ਗੁਪਤ (725 ਈ)
ਰਵੀ ਗੁਪਤ ਦਾ ਜਨਮ ਸਥਾਨ ਕਸ਼ਮੀਰ ਦੱਸਿਆ ਜਾਂਦਾ ਹੈ। ਉਹ ਇਕ ਮਹਾਨ ਕਵੀ, ਤਾਰਕਿਕ
ਅਤੇ ਤਾਂਤਰਕ ਗੁਰੂ ਮੰਨੇ ਜਾਂਦੇ ਸਨ। ਉਨ੍ਹਾਂ ਨੇ ਲਗਪਗ 12 ਦੇ ਕਰੀਬ ਮਹਾਨ ਧਾਰਮਿਕ
ਵਿਦਿਆਲੇ, ਮਾਗਧ ਦੇਸ਼ ਦੇ ਇਲਾਕੇ ਵਿਚ ਸਥਾਪਤ ਕੀਤੇ। ਪ੍ਰਮਾਣਵਾਰਤਿਕ ਵ੍ਰਿੱਤੀ ਨਾਮਕ
ਗ੍ਰੰਥ ਉਨ੍ਹਾਂ ਨੇ ਤਰਕਸ਼ਾਤਰ ਦੇ ਵਿਸ਼ੇ ਉੱਪਰ ਲਿਖਿਆ ਜੋ ਧਰਮਕੀਰਤੀ ਦੇ
ਪ੍ਰਮਾਣਵਾਰਤਿਕ ਗ੍ਰੰਥ ਉੱਪਰ ਟਿੱਪਣੀ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ
ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਜਤੇਂਦਰਬੋਧੀ (725 ਈ)
ਕਿਹਾ ਜਾਂਦਾ ਹੈ ਕਿ ਜਤੇਂਦਰਬੋਧੀ ਨੇ “ਵਿਸ਼ਾਲਾਮਲਵਤੀ-ਨਾਮ-ਪ੍ਰਮਾਣ-ਸਮੂਚਯ ਟੀਕਾ”
ਨਾਮੀ ਗ੍ਰੰਥ ਤਰਕਸ਼ਾਸਤਰ ਦੇ ਵਿਸ਼ੇ ਉੱਪਰ ਲਿਖਿਆ। ਇਹ ਵੀ ਮੰਨਿਆ ਜਾਂਦਾ ਹੈ ਕਿ
ਅੱਠਵੀ ਸਦੀ ਈਸਵੀ ਵਿਚ ਉਨ੍ਹਾਂ ਨੇ ਪਾਣੀਨੀ ਦੀ ਵਿਆਕਰਣ ਬਾਰੇ ਨਿਆਸ ਵੀ ਲਿਖਿਆ।
ਸ਼ਾਂਤ ਰਕਸ਼ਿਤ (749 ਈ)
ਡਾ ਸ਼ਤੀਸ਼ਚੰਦਰ ਵਿਦਿਆਭੂਸ਼ਣ ਅਨੁਸਾਰ ਸ਼ਾਂਤਰਾਕਸ਼ਿਤ ਦਾ ਜਨਮ ਇਕ ਜ਼ਾਹੋਰ (ਬੰਗਾਲ)
ਰਾਜਘਰਾਣੇ ਵਿਚ ਹੋਇਆ। ਇਨ੍ਹਾਂ ਦਾ ਜਨਮਕਾਲ ਰਾਜਾ ਗੋਪਾਲ (750 ਈ) ਦੇ ਰਾਜਕਾਲ ਦੇ
ਵੇਲੇ ਦਾ ਦੱਸਿਆ ਜਾਂਦਾ ਹੈ। ਉਹ ਸਵਤੰਤਰ ਮਾਧਿਆਮਕ ਵਿਚਾਰਧਾਰਾ ਦੇ ਅਨੁਯਾਈ ਸਨ ਅਤੇ
ਨਾਲੰਦਾ ਵਿਖੇ ਅਧਿਆਪਕ ਵੀ ਸਨ। ਉਨ੍ਹਾਂ ਨੇ ਇਕ ਤਿੱਬਤੀ ਰਾਜੇ ਦੇ ਨਿਮੰਤ੍ਰਣ ਉੱਪਰ
ਤਿੱਬਤ ਦੀ ਯਾਤਰਾ ਕੀਤੀ ਅਤੇ ਇਕ ਬੋਧੀ ਵਿਹਾਰ ਉਸਾਰਨ ਵਿਚ ਯੋਗਦਾਨ ਪਾਇਆ ਅਤੇ ਇਸ
ਵਿਹਾਰ ਦੇ ਪਹਿਲੇ ਮਹੰਤ ਵੀ ਰਹੇ। ਤਿੱਬਤ ਵਿਚ ਉਹ ਪੂਰੇ 13 ਸਾਲ (762 ਈ) ਤੱਕ
ਰਹੇ, ਜਿੱਥੇ ਉਨ੍ਹਾਂ ਨੂੰ ਆਚਾਰੀਆ ਬੋਧੀਸਤ੍ਵ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ।
ਸ਼ਾਂਤ ਰਕਸ਼ਿਤ ਨੇ ਤਰਕ ਦੇ ਵਿਸ਼ੇ ਉੱਪਰ ਨਿਮਵਲਿਖਤ ਗ੍ਰੰਥ ਤਿਆਰ ਕੀਤੇ।
ਵਾਦਨਿਆਇ ਵਿਪੰਚਿਤਾਰਥ :
ਇਹ ਧਰਮਕੀਰਤੀ ਦੇ ‘ਵਾਦਨਿਆਇ’ ਉੱਪਰ ਇਕ ਵਿਸਤਾਰਪੂਰਵਕ ਟਿੱਪਣੀ ਹੈ। ਇਸ ਦਾ ਮੂਲ
ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਤਤਵ ਸੰਗ੍ਰਹਿਕਾਰਿਕਾ:
ਇਹ ਗ੍ਰੰਥ ਭਾਰਤ ਦੇ ਵਿਭਿੰਨ ਦਾਰਸ਼ਨਿਕ ਸੰਪਰਦਾਇਆਂ ਦਾ ਇਕ ਸਰਵੇਖਣ ਹੈ। ਪਰੰਪਰਾ
ਅਨੁਸਾਰ ਇਸ ਦਾ ਅਰੰਭ ਇਸ ਪ੍ਰਕਾਰ ਕੀਤਾ ਗਿਆ ਹੈ: “ਸਰਵਸ਼ਕਤੀਮਾਨ ਪ੍ਰਧਾਨ ਤੱਤ ਤੋਂ
ਹੀ ਹਰ ਤਰ੍ਹਾਂ ਦੇ ਪਰਿਣਾਮ ਉਤਪੰਨ ਹੁੰਦੇ ਹਨ।“ ਇਸ ਰਚਨਾ ਨੂੰ 31 ਕਾਂਡਾਂ ਵਿਚ ਇਸ
ਪ੍ਰਕਾਰ ਵੰਡਿਆ ਗਿਆ ਹੈ:
ਸਵੈਭਾਵ ਪ੍ਰੀਕਸ਼ਾ – ਪ੍ਰਕਿਰਤੀ ਦੀ ਪਰੀਖਿਆ,
ਇੰਦ੍ਰੀਆ ਪ੍ਰੀਕਸ਼ਾ – ਮਾਨਵ ਗਿਆਨਿੰਦ੍ਰੀਆਂ ਦੀ ਪਰੀਖਿਆ,
ਉਭਯ ਪ੍ਰੀਕਸ਼ਾ – ਦੋਨੋ ਗਿਆਨਿੰਦ੍ਰੀਆਂ ਅਤੇ ਕਰਮਇੰਦ੍ਰੀਆਂ
ਦੀ ਪ੍ਰੀਖਿਆ,
ਜਗਤ ਸਵੈਭਾਵਵਾਦ ਪ੍ਰੀਕਸ਼ਾ – ਇਸ ਵਿਚ ਇਸ ਸਿਧਾਂਤ ਦੀ
ਪਰੀਖਿਆ ਕੀਤੀ ਗਈ ਹੈ ਕਿ ਸੰਸਾਰ ਦੀ ਹੋਂਦ ਆਪਣੇ ਆਪ (ਸਵੈ) ਵਿਚ ਹੈ (ਸੈਭੰ)। ਇਹ
ਕਿਸੇ ਹੋਰ ਬਾਹਰੀ ਸ਼ਕਤੀ ਦੀ ਕਿਰਤ ਨਹੀ ਹੈ,
ਸ਼ਬਦ ਬ੍ਰਹਮ ਪ੍ਰੀਕਸ਼ਾ – ਇਸ ਵਿਚ ਬ੍ਰਹਮਾ ਦੀ ਹੋਦ ਦੀ
ਪਰੀਖਿਆ ਕੀਤੀ ਗਈ ਹੈ,
ਪੁਰਸ਼ ਪ੍ਰੀਕਸ਼ਾ – ਇਸ ਵਿਚ ਆਤਮਾ ਦੀ ਪਰੀਖਿਆ ਕੀਤੀ ਗਈ ਹੈ,
ਨਿਆਇ-ਵੈਸ਼ੇਸ਼ਕ-ਪਰਿਕਲਪਿਤ ਪੁਰਸ਼ ਪ੍ਰੀਕਸ਼ਾ – ਇਸ ਵਿਚ ਨਿਆਇ
ਅਤੇ ਵੈਸ਼ੇਸ਼ਕ ਦੇ ਆਤਮਾ ਬਾਰੇ ਸਿਧਾਂਤਾਂ ਦੀ ਪਰੀਖਿਆ ਕੀਤੀ ਗਈ ਹੈ,
ਮਾਮਾਂਸਕ-ਕਲਪਿਤ-ਆਤਮ-ਪ੍ਰੀਕਸ਼ਾ – ਇਸ ਵਿਚ ਮੀਮਾਂਸਾ ਦੇ
ਆਤਮਾ ਬਾਰੇ ਸਿਧਾਂਤ ਦੀ ਪਰੀਖਿਆ ਕੀਤੀ ਗਈ ਹੈ,
ਕਪਿਲ-ਪਰਿਕਲਪਿਤ-ਆਤਮ-ਪ੍ਰੀਕਸ਼ਾ – ਇਸ ਵਿਚ ਰਿਸ਼ੀ ਕਪਿਲ ਦੇ
ਆਤਮਾ ਬਾਰੇ ਸਿਧਾਂਤ ਦੀ ਪਰੀਖਿਆ ਕੀਤੀ ਗਈ ਹੈ,
ਦਿਗੰਬਰ-ਪਰਿਕਲਪਿਤ-ਆਤਮ-ਪ੍ਰੀਕਸ਼ਾ – ਇਸ ਵਿਚ ਜੈਨਮਤ ਦੇ
ਦਿਗੰਬਰ ਫਿਰਕੇ ਦੁਆਰਾ ਆਤਮਾ ਦੇ ਸਿਧਾਂਤ ਦੀ ਪਰੀਖਿਆ ਕੀਤੀ ਗਈ ਹੈ,
ਉਪਨਿਸ਼ਦ-ਕਲਪਿਤ-ਆਤਮ-ਪ੍ਰੀਕਸ਼ਾ – ਇਸ ਵਿਚ ਉਪਨਿਸ਼ਦ ਦੇ ਆਤਮਾ
ਦੇ ਸਿਧਾਂਤ ਦੀ ਪਰੀਖਿਆ ਕੀਤੀ ਗਈ ਹੈ,
ਵਾਤਸੀਪੁੱਤਰ-ਕਲਪਿਤ-ਆਤਮ ਪ੍ਰੀਕਸ਼ਾ – ਇਸ ਵਿਚ ਵਾਤਸੀਪੁੱਤਰ
ਦੇ ਆਤਮਾ ਬਾਰੇ ਸਿਧਾਂਤ ਦੀ ਪਰੀਖਿਆ ਕੀਤੀ ਗਈ ਹੈ,
ਸਥਿਰ-ਪਦਾਰਥ-ਪ੍ਰੀਕਸ਼ਾ – ਇਸ ਵਿਚ ਸਥਾਈ ਪਦਾਰਥਾਂ (ਚੀਜ਼ਾਂ)
ਦੀ ਪਰੀਖਿਆ ਕੀਤੀ ਗਈ ਹੈ,
ਕਰਮ-ਫਲ-ਸੰਬੰਧ –ਇਸ ਵਿਚ ਕਰਮ ਅਤੇ ਫਲ ਦੇ ਆਪਸੀ ਸੰਬੰਧਾਂ
ਦੀ ਪਰੀਖਿਆ ਕੀਤੀ ਗਈ ਹੈ,
ਦ੍ਰਵ-ਪਦਾਰਥ-ਪ੍ਰੀਕਸ਼ਾ – ਇਸ ਵਿਚ ‘ਦ੍ਰਵ’ ਸ਼ਬਦ ਦੇ ਅਰਥਾਂ
(‘ਪਦ’ ਅਰਥ) ਦੀ ਪਰੀਖਿਆ ਕੀਤੀ ਗਈ ਹੈ,
ਗੁਣ ਸ਼ਬਦਾਰਥ ਪ੍ਰੀਕਸ਼ਾ – ਇਸ ਵਿਚ ‘ਗੁਣ’ ਸ਼ਬਦ ਦੇ ਅਰਥਾਂ ਦੀ
ਪਰੀਖਿਆ ਕੀਤੀ ਗਈ ਹੈ,
ਕਰਮ ਸ਼ਬਦਾਰਥ ਪ੍ਰੀਕਸ਼ਾ – ਇਸ ਵਿਚ ‘ਕਰਮ’ ਸ਼ਬਦ ਦੇ ਅਰਥਾਂ ਦੀ
ਪਰੀਖਿਆ ਕੀਤੀ ਗਈ ਹੈ,
ਸਾਮਾਨ੍ਯ ਸ਼ਬਦਾਰਥ ਪ੍ਰੀਕਸ਼ਾ – ਇਸ ਵਿਚ ਸਾਮਾਨ੍ਯ (ਆਮ) ਸ਼ਬਦ
ਦੇ ਅਰਥਾਂ ਦੀ ਪਰੀਖਿਆ ਕੀਤੀ ਗਈ ਹੈ,
ਸਾਮਾਨ੍ਯ-ਵਿਸ਼ੇਸ਼-ਸ਼ਬਦਾਰਥ ਪ੍ਰੀਕਸ਼ਾ – ਇਸ ਵਿਚ ਦੋਨੋ ਸ਼ਾਬਦ
‘ਸਾਮਾਨ੍ਯ’ (ਆਮ) ਅਤੇ ‘ਵਿਸੇਸ਼’ (ਖਾਸ) ਦੇ ਅਰਥਾਂ ਦੀ ਪਰੀਖਿਆ ਕੀਤੀ ਗਈ ਹੈ,
ਸਮਵਾਯ ਸ਼ਬਦਾਰਥ ਪ੍ਰੀਕਸ਼ਾ – ਇਸ ਵਿਚ ਕਾਰਜ ਅਤੇ ਕਾਰਣ ਦੇ
‘ਜਨਮਜਾਤ’ ਸੰਬੰਧ ਦੀ ਪਰੀਖਿਆ ਕੀਤੀ ਗਈ ਹੈ,
ਸ਼ਬਦਾਰਥ ਪ੍ਰੀਕਸ਼ਾ – ਇਸ ਵਿਚ ‘ਸ਼ਬਦ’ (ਆਵਾਜ਼, ਧੁਨੀ) ਦੇ
ਅਰਥਾਂ ਦੀ ਪਰੀਖਿਆ ਕੀਤੀ ਗਈ ਹੈ,
ਪ੍ਰਤਿਅਕਸ਼-ਲਕਸ਼ਣ-ਪ੍ਰੀਕਸ਼ਾ – ਇਸ ਵਿਚ ‘ਪ੍ਰਤਿਅਕਸ਼’ ਦੀ
ਪਰਿਭਾਸ਼ਾ (ਲੱਛਣ) ਦੀ ਪਰੀਖਿਆ ਕੀਤੀ ਗਈ ਹੈ,
ਅਨੁਮਾਨਪ੍ਰੀਕਸ਼ਾ – ਇਸ ਵਿਚ ‘ਅਨੁਮਾਨ’ ਦੀ ਪਰੀਖਿਆ ਕੀਤੀ ਗਈ
ਹੈ,
ਪ੍ਰਮਾਣਾਂਤਰ ਪ੍ਰੀਕਸ਼ਾ – ਇਸ ਵਿਚ ਅਨ੍ਯ ਸਹੀ ਗਿਆਨ ਪ੍ਰਾਪਤੀ
ਦੇ ਸਾਧਨਾਂ ਦੀ ਪਰੀਖਿਆ ਕੀਤੀ ਗਈ ਹੈ,
ਵਿਵਰਤਵਾਦ ਪ੍ਰੀਕਸ਼ਾ – ਇਸ ਵਿਚ ਵਿਵਰਤਵਾਦ ਦੇ ਸਿਧਾਂਤ ਦੀ
ਉਤਪਤੀ ਦੀ ਪਰੀਖਿਆ ਕੀਤੀ ਗਈ ਹੈ,
ਕਾਲਤ੍ਰੈਯ ਪ੍ਰੀਕਸ਼ਾ – ਤਿੰਨ ਕਾਲਾਂ (ਵਰਤਮਾਨਕਾਲ, ਭੂਤਕਾਲ,
ਭਵਿਖਤਕਾਲ) ਦੀ ਪਰੀਖਿਆ,
ਸੰਸਾਰ-ਸੰਤਤੀ -ਪ੍ਰੀਕਸ਼ਾ – ਸੰਸਾਰ ਦੀ ਨਿਰੰਤਰਤਾ
(ਲਗਾਤਾਰਤਾ) ਦੀ ਪਰੀਖਿਆ,
ਵਾਹ੍ਯਾਰਥ ਪ੍ਰੀਕਸ਼ਾ – ਬਾਹਰੀ ਵਸਤੂਆਂ ਦੀ ਪਰੀਖਿਆ,
ਸ਼ਰੁਤਿ ਪ੍ਰੀਕਸ਼ਾ – ਧਰਮਗ੍ਰੰਥਾਂ ਜਾਂ ਵੇਦ ਸ਼ਾਸਤਰਾਂ ਦੀ
ਪਰੀਖਿਆ,
ਸਵੈਤਾਹਾ ਪ੍ਰਮਾਣਯ ਪ੍ਰੀਕਸ਼ਾ – ਸਵੈ-ਸਬੂਤ ਦੀ ਪਰੀਖਿਆ,
ਅਨੇਂਦਰੀਆਂਅਤੀਤਾਰਥ-ਦਰਸ਼ਣ-ਪੁਰਸ਼ ਪ੍ਰੀਕਸ਼ਾ – ਉਸ ਆਤਮਾ ਦੀ
ਪਰੀਖਿਆ ਜੋ ਇੰਦ੍ਰੀਆਂ ਤੋਂ ਪਰੇ ਦੇਖ ਸਕਦੀ ਹੈ।
ਕਮਲ ਸ਼ੀਲ (750 ਈ)
ਕਮਲ ਸ਼ੀਲ (ਜਾਂ ਕਮਲ ਸ਼ਰੀਲ) ਸ਼ਾਂਤ ਰਕਸ਼ਿਤ ਦੇ ਅਨੁਯਾਈ ਸਨ। ਉਹ ਕੁਝ ਦੇਰ ਨਾਲੰਦਾ
ਵਿਖੇ ਤੰਤਰਾਂ ਦੇ ਅਧਿਆਪਕ ਵੀ ਰਹੇ। ਉਹ ਇਕ ਤਿੱਬਤ ਦੇ ਰਾਜਾ ਦੇ ਨਿਮੰਤ੍ਰਣ ‘ਤੇ
ਕੁੱਝ ਸਾਲ ਤਿੱਬਤ ਵਿਚ ਵੀ ਰਹੇ ਜਿੱਥੇ ਉਨ੍ਹਾਂ ਨੇ ਗੁਰੂ ਪਦਮ-ਸੰਭਵ ਅਤੇ ਸ਼ਾਂਤ
ਰਿਕਸ਼ਿਤ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ। ਉਸ ਦੇ ਲਿਖੇ ਗ੍ਰੰਥ ਇਸ ਪ੍ਰਕਾਰ ਹਨ:
ਨਿਆਇ-ਬਿੰਦੂ-ਪੂਰਵ-ਪਕਸ਼ੇ-ਸੰਕਸ਼ਿਪਤ: ਇਹ ਧਰਮਕੀਰਤੀ ਦੇ
ਨਿਆਇਬਿੰਦੂ ਉੱਪਰ ਇਕ ਸੰਖੇਪ
ਆਲੋਚਨਾ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪ੍ਰੰਤੂ ਤਿੱਬਤੀ
ਅਨੁਵਾਦ ਉਪਲਬਧ ਹੈ।
ਤਤਵਸੰਗ੍ਰਹਿ-ਪੰਜਿਕਾ: ਇਹ ਸ਼ਾਤ ਰਕਸ਼ਿਤ ਦੇ ਗ੍ਰੰਥ ‘ਤਤਵਸੰਗ੍ਰਹਿ’ ਉੱਪਰ ਇਕ
ਟਿੱਪਣੀ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪ੍ਰੰਤੂ ਤਿੱਬਤੀ
ਅਨੁਵਾਦ ਉਪਲਬਧ ਹੈ।
ਕਲਿਆਣ ਰਕਸ਼ਿਤ (829 ਈ)
ਕਲਿਆਣ ਰਕਸ਼ਿਤ ਮਹਾਰਾਜਾ ਧਰਮਪਾਲ ਦੇ ਰਾਜਕਾਲ ਵਿਚ ਹੋਏ ਮੰਨੇ ਜਾਂਦੇ ਹਨ। ਉਨ੍ਹਾਂ
ਨੇ ਜੋ ਗ੍ਰੰਥ ਲਿਖੇ ਇਸ ਪ੍ਰਕਾਰ ਹਨ:
ਸਰਵਗ੍ਯ-ਸਿੱਧਿ-ਕਾਰਿਕਾ: ਇਸ ਵਿਚ ਬਾਹਰੀ ਵਸਤੂਆਂ ਦੀ ਵਾਸਤਵਿਕਤਾ ਬਾਰੇ ਚਰਚਾ
ਕੀਤੀ ਗਈ ਹੈ।
ਸ਼ਰੁਤਿ ਪ੍ਰੀਕਸ਼ਾ:
ਇਸ ਵਿਚ ਧਰਮਗ੍ਰੰਥਾਂ ਜਾਂ ਸ਼ਾਸਤਰਾਂ ਦੀ ਪ੍ਰਮਾਣਕਤਾ ਬਾਰੇ ਚਰਚਾ
ਸ਼ਾਮਲ ਹੈ।
ਅਨ੍ਯਾਪੋਹ-ਵਿਚਾਰ-ਕਾਰਿਕਾ: ਇਸ ਵਿਚ ਕਿਸੇ ਚੀਜ਼ ਦੀ ਸਥਾਪਨਾ, ਉਸ ਦੇ ਵਿਪਰੀਤ (ਉਲਟ)
ਨੂੰ ਕਾਰਜ ਕਰਕੇ (ਅਪੋਹ), ਬਾਰੇ ਚਰਚਾ ਕੀਤੀ ਗਈ ਹੈ।
ਈਸ਼ਵਰ-ਭੰਗ-ਕਾਰਿਕਾ: ਇਸ ਵਿਚ ਈਸ਼ਵਰ ਦੀ ਹੋਂਦ ਦਾ ਖੰਡਨ ਕੀਤਾ ਗਿਆ ਹੈ।
ਧਰਮੋਤਰਾਚਾਰੀਆ (848 ਈ)
ਧਰਮੋਤਰਾਚਾਰੀਆ ਨੂੰ ਕਲਿਆਣ ਰਕਸ਼ਿਤ ਅਤੇ, ਕਸ਼ਮੀਰ ਵਾਸੀ, ਧਰਮਾਕਰ ਦੱਤ ਦੇ ਸ਼ਿਸ਼
ਮੰਨਿਆ ਜਾਂਦਾ ਹੈ। ਬ੍ਰਾਹਮਣ ਤਾਰਕਿਕ ਇਨ੍ਹਾਂ ਨੂੰ ਕਸ਼ਮੀਰ ਦੇ ਰਹਿਣ ਵਾਲਾ ਮੰਨਦਾ
ਹੈ। ਧਰਮੋਤਰ ਦੇ ਰਚਿਤ ਗ੍ਰੰਥਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਨਿਆਇਬਿੰਦੂ ਟੀਕਾ: ਇਹ ਧਰਮਕੀਰਤੀ ਦੀ ਨਿਆਇਬਿੰਦੂ ਰਚਨਾ ‘ਤੇ ਇਕ ਵਿਸਤਾਰਪੂਰਵਕ
ਟਿੱਪਣੀ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪ੍ਰੰਤੂ ਤਿੱਬਤੀ
ਅਨੁਵਾਦ ਉਪਲਬਧ ਹੈ।
ਪ੍ਰਮਾਣ ਪ੍ਰੀਕਸ਼ਾ: ਇਸ ਵਿਚ ਸਹੀ (ਸਮ੍ਯਕ) ਗਿਆਨ ਪ੍ਰਾਪਤ ਕਰਨ ਦੇ ਸਾਧਨਾਂ ਜਾਂ
ਪ੍ਰਮਾਮਾਂ ਬਾਰੇ ਪਰੀਖਿਆ ਕੀਤੀ ਗਈ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ
ਹੈ, ਪ੍ਰੰਤੂ ਤਿੱਬਤੀ ਅਨੁਵਾਦ ਉਪਲਬਧ ਹੈ।
ਅਪੋਹਨਾਮ ਪ੍ਰਕਰਣ: ਇਸ ਗ੍ਰੰਥ ਵਿਚ ਕਿਸੇ ਚੀਜ਼ ਦੇ ਵਿਪਰੀਤ (ਉਲਟ) ਨੂੰ ਖਾਰਜ
(ਨਿਸ਼ੇਧ) ਕਰਕੇ ਉਸ ਦੀ ਸਥਾਪਨਾ ਕਰਨ ਬਾਰੇ ਚਰਚਾ ਕੀਤੀ ਗਈ ਹੈ। ਇਸ ਦਾ ਮੂਲ
ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪ੍ਰੰਤੂ ਤਿੱਬਤੀ ਅਨੁਵਾਦ ਉਪਲਬਧ ਹੈ।
ਪਾਰਲੋਕ ਸਿੱਧਿ: ਇਸ ਵਿਚ ਪਰਲੋਕ ਜਗਤ ਦਾ ਸਬੂਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਕਸ਼ਣਭੰਗ ਸਿੱਧਿ: ਇਸ ਵਿਚ ਵਸਤੂਆਂ ਦੀ ਛਿਣਭੰਗਰਤਾ ਦਾ ਸਬੂਤ ਪੇਸ਼ ਕੀਤਾ ਗਿਆ ਹੈ। ਇਸ
ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪ੍ਰੰਤੂ ਤਿੱਬਤੀ ਅਨੁਵਾਦ ਉਪਲਬਧ ਹੈ।
ਪ੍ਰਮਾਣ-ਵਿਨਿਸ਼ਚਯ ਟੀਕਾ: ਇਹ ਧਰਮਕੀਰਤੀ ਦੀ ਰਚਨਾ ਪ੍ਰਮਾਣ-ਵਿਨਿਸ਼ਚਯ ਉੱਪਰ ਟਿੱਪਣੀ
ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪ੍ਰੰਤੂ ਤਿੱਬਤੀ ਅਨੁਵਾਦ ਉਪਲਬਧ
ਹੈ।
ਮੁਕਤਾ ਕੁੰਭ (900 ਈ ਤੋਂ ਬਾਅਦ)
ਮੁਕਤਾ ਕੁੰਭ ਨੂੰ ਧਰਮੋਤਰ ਦੇ ਸਮਕਾਲੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ
ਧਰਮੋਤਰਾਚਾਰੀਆ ਦੇ ਗ੍ਰੰਥ ‘ਕਸ਼ਣਭੰਗ ਸਿੱਧਿ’ ਉੱਪਰ ‘ਕਸ਼ਣਭੰਗ-ਸਿੱਧਿ ਵਿਆਖਿਆ’ ਨਾਮਕ
ਇਕ ਟਿੱਪਣੀ ਲਿਖੀ, ਜਿਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪ੍ਰੰਤੂ ਤਿੱਬਤੀ
ਅਨੁਵਾਦ ਉਪਲਬਧ ਹੈ।
ਅਰਚਟ (ਲਗਪਗ 900 ਈ )
‘ਸਦਦਰਸ਼ਨ-ਸਮੁਚਯ ਵ੍ਰਿੱਤੀ’ ਗ੍ਰੰਥ ਦੇ ਜੈਨੀ ਲੇਖਕ ਅਤੇ ਗੁਣਰਤਨ ਸੂਰੀ (ਜੀਵਨਕਾਲ
1409 ਈ) ਅਰਚਟ ਦੀ ਰਚਨਾ ‘ਤਰਕਟੀਕਾ’ ਦਾ ਜ਼ਿਕਰ ਕਰਦੇ ਹਨ। ਇਸੇ ਤਰ੍ਹਾ ਇਕ ਹੋਰ
ਜੈਨੀ ਦਾਰਸ਼ਨਿਕ, ਰਤਨਪ੍ਰਭ ਸੂਰੀ, ਜਿਸ ਨੇ ਆਪਣਾ ਮਸ਼ਹੂਰ ਗ੍ਰੰਥ
“ਸਿਆਦਵਾਦ-ਰਤਨਾਕਰਾਵਤਾਰਿਕਾ” 1181 ਈ ਵਿਚ ਲਿਖਿਆ, ਵੀ ਅਰਚਟ ਦਾ ਜ਼ਿਕਰ ਕਰਦੇ ਹਨ।
ਜੈਨਮਤ ਦੇ ਇਕ ਹੋਰ ਗ੍ਰੰਥ ‘ਨਿਆਇਆਵਤਾਰ ਵਿਵਰਤੀ” ਤੋਂ ਐਸਾ ਲਗਦਾ ਹੈ ਕਿ ਅਰਚਟ,
ਧਰਮੋਤਰਾਚਾਰੀਆ ਦੇ ਵਿਚਾਰਾਂ ਦੀ ਆਲੋਚਨਾ ਕਰਦੇ ਹਨ। ਅਰਚਟ ਨੇ ਤਰਕ ਦੇ ਵਿਸ਼ੇ ‘ਤੇ
‘ਹੇਤੁਬਿੰਦੂਵਿਵਰਣ’ ਨਾਮਕ ਗ੍ਰੰਥ ਲਿਖਿਆ ਜੋ ਧਰਮਕੀਰਤੀ ਦੇ ‘ਹੇਤੁਬਿੰਦੁ’ ਉੱਪਰ
ਟਿੱਪਣੀ ਹੈ। । ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ, ਪ੍ਰੰਤੂ ਤਿੱਬਤੀ
ਅਨੁਵਾਦ ਉਪਲਬਧ ਹੈ। ਇਸ ਨੂੰ ਚਾਰ ਕਾਂਡਾਂ ਵਿਚ ਵੰਡਿਆ ਗਿਆ ਹੈ:
ਸਵੈਭਾਵ,
ਕਾਰਯ,
ਅਨਉਪਲਬਧੀ,
ਸ਼ਬਦਲਕਸ਼ਣ ਵਿਆਖਿਆ।
ਅਸ਼ੋਕ ( 900 ਈ )
ਪੰਡਤ ਅਸ਼ੋਕ ਜਾਂ ਆਰੀਆ ਅਸ਼ੋਕ ਦਾ ਜੀਵਨਕਾਲ ਲਗਪਗ 900 ਈ ਮੰਨਿਆ ਜਾਂਦਾ ਹੈ। ਅਸ਼ੋਕ
ਨੇ ਤਰਕ ਦੇ ਵਿਸ਼ੇ ਉੱਪਰ ਦੋ ਪ੍ਰਕਰਣ ਲਿਖੇ ਜੋ ਇਸ ਪ੍ਰਕਾਰ ਹਨ:
ਅਵਯਵੀ ਨਿਰਾਕਰਣ: ਅਖੰਡ (ਸਮਗਰ) ਦਾ ਨਿਰਾਕਰਣ। ਇਹ ਉਸ ਸਿਧਾਂਤ ਦੀ ਪੁਸ਼ਟੀ ਕਰਦਾ
ਹੈ ਜੋ ਇਹ ਕਹਿੰਦਾ ਹੈ ਕਿ ਸਮਗਰ (ਜੀਜ਼ਾਂ ਦਾ ਸਮੂਹ) ਜਾਂ ਅਵਯਵੀ ਉਸ ਦੇ
ਅੰਗਾਂ ਦਾ ਹੀ ਇਕੱਠ ਜਾਂ ਇਕੱਤਰੀਕਰਣ (ਸੰਗ੍ਰਹਿ) ਹੈ। ਅਰਥਾਤ ਅਵਯਵਾਂ (ਭਾਗਾਂ) ਦੇ
ਇਕੱਠ ਨੂੰ ਹੀ ਅਵਯਵੀ ਕਿਹਾ ਜਾਂਦਾ ਹੈ। ਇਸ ਇਕੱਠ ਤੋਂ ਪਰੇ ਇਸ ਦੀ ਕੋਈ ਜੁਦੀ ਹੋਂਦ
ਨਹੀ ਹੈ। ਅਵਯਵ (ਖੰਡ) ਅਤੇ ਅਵਯਵੀ (ਅਖੰਡ) ਵਿਚਕਾਰ ਕੋਈ ਅਨਿੱਤ ਸੰਬੰਧ ਦੀ ਹੋਂਦ
ਨਹੀ ਹੈ ਅਰਥਾਤ ਕੋਈ ਸਮਵਾਯ ਸੰਬੰਧ ਨਹੀ ਹੈ।
ਸਾਮਾਨ੍ਯ ਦੂਸ਼ਣ ਦਿਕ ਪ੍ਰਸਾਰਿਤਾ: ਸਾਮਾਨ੍ਯ (ਵਿਆਪਕ) ਦੇ ਖੰਡਨ ਦੀ ਦਿਸ਼ਾ ਦਾ ਪਸਾਰ
(ਜਾਂ ਵਿਸਤਾਰ)। ਇਸ ਗ੍ਰੰਥ ਵਿਚ ਵੀ ਇਸ ਗੱਲ ਦੀ ਕਰੜੀ ਵਿਰੋਧਤਾ ਕੀਤੀ ਗਈ ਹੈ ਕਿ
ਸਾਮਾਨ੍ਯ ਨਾਮ ਦਾ ਕੋਈ ਪਦਾਰਥ ਹੈ। ਇਸ ਵਿਚ ਇਕ ਉਦਾਹਰਣ ਦੇ ਆਧਾਰ ‘ਤੇ ਇਹ ਦਾਅਵਾ
ਕੀਤਾ ਗਿਆ ਹੈ ਕਿ ਭਾਵੇ ਅਸੀਂ ਹੱਥ ਦੀਆਂ ਅਲਗ ਅਲਗ ਉਂਗਲਾਂ ਦੇਖ ਸਕਦੇ ਹਾਂ ਪ੍ਰੰਤੂ
‘ਉਂਗਲਤਾ’ ਵਰਗੀ ਕੋਈ ਸਾਮਾਨ੍ਯ ਚੀਜ਼ ਨਹੀ ਹੈ ਜਿਸ ਨੂੰ ਕਿ ਅਸੀਂ ਦੇਖ ਸਕੀਏ।
ਚੰਦਰ ਗੋਮਿਨ ( 925 ਈ )
ਚੰਦਰ ਗੋਮਿਨ ਦਾ ਜਨਮ ਇਕ ਖੱਤਰੀ ਪਰਿਵਾਰ ਵਿਚ ਬੰਗਾਲ ਵਿਚ ਹੋਇਆ। ਉਹ ਬਚਪਨ ਤੋਂ ਹੀ
ਤੀਖਣ-ਬੁੱਧੀ ਦੇ ਮਾਲਕ ਸਨ ਜਿਨ੍ਹਾਂ ਨੇ ਸਾਹਿਤ, ਵਿਆਕਰਣ, ਤਰਕਸ਼ਾਸਤਰ, ਖਗੋਲਸ਼ਾਸਤਰ,
ਸੰਗੀਤ, ਲਲਿਤ ਕਲਾ ਅਤੇ ਔਸ਼ਧਵਿਗਿਆਨ ਵਰਗੇ ਵਿਸ਼ਿਆਂ ਵਿਚ ਨਿਪੁੰਨਤਾ ਹਾਸਲ ਕੀਤੀ।
ਆਚਾਰੀਆ ਸਥਿਰਮਤੀ ਦੀ ਰੇਖ-ਦੇਖ ਥੱਲੇ ਉਨ੍ਹਾਂ ਨੇ ਸੂਤਰਾਂ ਅਤੇ ਅਭਿਧਰਮ ਪਿਟਕਾਂ ਦੀ
ਸਿੱਖਿਆ ਪ੍ਰਾਪਤ ਕੀਤੀ ਅਤੇ ਵਿਦਿਆਧਰ ਆਰੀਆ ਅਸ਼ੋਕ ਰਾਹੀ ਉਨ੍ਹਾਂ ਨੂੰ ਬੁੱਧ ਧਰਮ
ਵਿਚ ਸ਼ਾਮਲ ਕੀਤਾ ਗਿਆ। ਉਹ ਬੋਧੀ ਦੇਵਤੇ ਅਵਲੋਕੀਤੇਸ਼ਵਰ ਅਤੇ ਦੇਵੀ ਤਾਰਾ ਦੇ ਬੜੇ
ਸ਼ਰਧਾਲੂ ਸਨ। ਜਦੋਂ ਰਾਜਾ ਵਰਿੰਦਰ ਨੇ ਆਪਣੀ ਬੇਟੀ ‘ਤਾਰਾ’ ਦੀ ਉਸ ਨਾਲ ਛਾਦੀ ਦਾ
ਪ੍ਰਸਤਾਵ ਗੋਮਿਨ ਸਾਹਮਣੇ ਰੱਖਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ
ਇਹ ਉਸਦੀ ਪੂਜਣਯੋਗ ਦੇਵੀ ਦਾ ਨਾਮ ਹੈ। ਰਾਜਾ ਨੇ ਇਸ ਇਨਕਾਰ ਤੋਂ ਗੁੱਸੇ ਵਿਚ ਆ ਕੇ
ਗੋਮਿਨ ਨੂੰ ਇਕ ਸੰਦੂਕ ਵਿਚ ਬੰਦ ਕਰਕੇ ਗੰਗਾ ਨਦੀ ਵਿਚ ਸੁੱਟ ਦਿੱਤਾ। ਇਹ ਸੰਦੂਕ
ਸਮੁੰਦਰ ਵਿਚ ਡਿਗਣ ਤੋਂ ਪਹਿਲਾ, ਗੰਗਾ ਵਿਚ ਇਕ ਛੋਟੇ ਜਿਹੇ ਦੀਪ (ਟਾਪੂ) ‘ਤੇ ਜਾ
ਅਟਕਿਆ। ਗੋਮਿਨ ਨੇ ਸ਼ਰਧਾ ਭਰੀ ਅਰਦਾਸ ਦੇਵੀ ਤਾਰਾ ਦੇ ਨਾਮ ਕੀਤੀ ਤਾਂ ਉਹ ਆਸਾਨੀ
ਨਾਲ ਸੰਦੂਕ ਵਿਚੋਂ ਬਾਹਰ ਨਿਕਲ ਆਏ। ਉਹ ਕੁਝ ਸਮਾ ਇਸੇ ਟਾਪੂ ‘ਤੇ ਹੀ ਰਹੇ ਜਿਸ ਦਾ
ਨਾਮ ਹੌਲੀ ਹੌਲੀ ਚੰਦਰਦੀਪ ਪੈ ਗਿਆ। ਬੋਧੀ ਉਪਾਸ਼ਕ ਹੋਣ ਦੇ ਨਾਤੇ ਉਨ੍ਹਾਂ ਨੇ ਇਸ
ਟਾਪੂ ਉੱਪਰ ਦੋ ਪੱਥਰ ਦੀਆਂ ਮੂਰਤੀਆਂ, ਦੇਵ ਅਵਲੋਕਿਤੇਸ਼ਵਰ ਅਤੇ ਦੇਵੀ ਤਾਰਾ ਦੇ ਨਾਮ
ਦੀਆਂ ਬਣਾਈਆਂ। ਪਹਿਲੋ ਪਹਿਲ ਉੱਥੇ ਸਿਰਫ ਮਛਿਆਰੇ (ਕੈਵ੍ਰਤ) ਹੀ ਆਇਆ ਕਰਦੇ ਸਨ ਪਰ
ਹੌਲੀ ਹੌਲੀ ਹੋਰ ਲੋਕ ਵੀ ਉਸ ਟਾਪੂ ‘ਤੇ ਵਸਣੇ ਸ਼ੁਰੂ ਹੋ ਗਏ।
ਇਸ ਦੇ ਨਾਲ ਨਾਲ ਇਤਿਹਾਸ ਵਿਚ ਇਕ ਹੋਰ 'ਵਡੇਰੇ ਚੰਦਰ ਗੋਮਿਨ' ਦਾ ਜ਼ਿਕਰ ਵੀ ਆਉਂਦਾ ਹੈ
ਜਿਸ ਨੇ ਲੰਕਾ ਦੀ ਯਾਤਰਾ ਕੀਤੀ। ਉਨ੍ਹਾਂ ਨੇ ਇਸ ਯਾਤਰਾ ਦੌਰਾਨ ਪਤੰਜਲੀ ਦਾ ਪਾਣਿਨੀ
ਦੀ ਵਿਆਕਰਣ ਉੱਪਰ ਲਿਖਿਆ “ਭਾਸ਼ਯ” ਨਾਮੀ ਗ੍ਰੰਥ ਪੜ੍ਹਿਆ। ਇਸ ਵਿਚ ਉਨ੍ਹਾਂ ਨੂੰ
ਬਹੁਤ ਸਾਰੀਆਂ ਖਾਮੀਆਂ ਨਜ਼ਰ ਆਈਆਂ ਤਾਂ ਉਨ੍ਹਾਂ ਨੇ ਸਵੈ ਪਾਣਿਨੀ ਦੀ ਵਿਆਕਰਣ ਦਾ
ਅਧਿਐਨ ਕਰਕੇ ਇਸ ਉੱਪਰ “ਚੰਦਰ ਵਿਆਕਰਣ” ਨਾਮੀ ਗ੍ਰੰਥ ਲਿਖਿਆ। ਬਾਅਦ ਵਿਚ ਉਹ
ਨਾਲੰਦਾ ਆਏ ਜਿੱਥੇ ਉਨ੍ਹਾਂ ਦੀ ਜਾਣ ਪਛਾਣ ਬੋਧੀ ਰਿਸ਼ੀ ਚੰਦਰਕੀਰਤੀ ਨਾਲ ਹੋਈ। ਇਹ
ਚੰਦਰਕੀਰਤੀ, ਅਚਾਰੀਆ ਨਾਗਅਰਜੁਨ ਦੀ ਮਾਧਿਆਮਕ ਵਿਚਾਰਧਾਰਾ ਦੇ ਟਿੱਪਣੀਕਾਰ ਕਰਕੇ
ਮਸ਼ਹੂਰ ਸਨ। ਪਰ ਚੰਦਰ ਗੋਮਿਨ ਸਵੈ ਯੋਗਚਾਰ ਵਿਚਾਰਧਾਰਾ ਦੇ ਅਨੁਯਾਈ ਸਨ ਜਿਸ ਦਾ
ਪ੍ਰਗਟਾਵਾ ਆਰੀਆ ਅਸੰਗਾ ਨੇ ਕੀਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਚੰਦਰਕੀਰਤੀ ਦੀ
ਪਾਣਿਨੀ ਦੀ ਵਿਆਕਰਣ ਉੱਪਰ ਰਚਨਾ ਦੇਖ ਕੇ ਗੋਮਿਨ ਨੇ ਆਪਣੀ ਮੂਲ ਰਚਨਾ ਇਹ ਕਹਿ ਕੇ
ਖੂਹ ਵਿਚ ਸੁੱਟ ਦਿੱਤੀ ਕਿ ਚੰਦਰਕੀਰਤੀ ਦੇ ਮੁਕਾਬਲੇ ਇਹ ਕੁਝ ਵੀ ਨਹੀ ਹੈ। ਇਸ
ਵਾਰਦਾਤ ਵੇਲੇ
ਦੇਵੀ ਤਾਰਾ ਅਤੇ ਦੇਵ ਅਵਲੋਕਿਤੇਸ਼ਵਰ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋਏ ਅਤੇ ਕਿਹਾ
“ਭਾਵੇਂ ਚੰਦਰਕੀਰਤੀ ਇਕ ਰਿਸ਼ੀ ਹੋਣ ਦੇ ਨਾਤੇ ਅਭਿਮਾਨੀ ਹੈ, ਪ੍ਰੰਤੂ ਤੇਰੀ ਰਚਨਾ
ਦੂਜਿਆਂ ਦੇ ਮੁਕਾਬਲੇ ਜ਼ਿਆਦਾ ਉਪਯੋਗੀ ਹੈ ਅਤੇ ਸੰਸਾਰ ਲਈ ਬੇਹੱਦ ਚੰਗੀ ਸਾਬਤ
ਹੋਵੇਗੀ।“ ਇਹ ਕਹਿਣ ‘ਤੇ ਉਸ ਗ੍ਰੰਥ ਨੂੰ ਖੂਹ ਵਿਚੋਂ ਬਾਹਰ ਕੱਢ ਲਿਆ ਗਿਆ ਅਤੇ
ਬਾਅਦ ਵਿਚ ਇਹ ਖੂਹ “ਚੰਦਰ ਕੂਪ” ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਪਰ ਚੰਦਰਕੀਰਤੀ,
ਚੰਦਰ ਗੋਮਿਨ ਦੇ ਬੜੇ ਵੱਡੇ ਪ੍ਰਸੰਸਕ ਸਨ। ਇਸੇ ਕਰਕੇ ਕਿਹਾ ਜਾਂਦਾ ਹੈ ਕਿ
ਧਰਮਕੀਰਤੀ ਨੇ, ਚੰਦਰ ਗੋਮਿਨ ਦੇ ਨਾਲੰਦਾ ਪਹੁੰਚਣ ‘ਤੇ ਉਨ੍ਹਾਂ ਦਾ ਤਿੰਨ ਰਥਾਂ ਨਾਲ
ਸੁਆਗਤ ਕੀਤਾ; ਦੋ ਆਪਣੇ ਅਤੇ ਗੋਮਿਨ ਲਈ ਅਤੇ ਤੀਸਰਾ ਸਿੱਖਿਆ ਦੇ ਦੇਵਤਾ ਮੰਜੁਸ਼੍ਰੀ
ਦੀ ਮੂਰਤੀ ਲਈ। ਇਹ ਰਥਯਾਤਰਾ ਸਾਰੇ ਨਗਰ ਵਿਚ ਦੀ ਇਕ ਸ਼ਾਨਦਾਰ ਜਲੂਸ ਸਮੇਤ ਗੁਜ਼ਰੀ
ਜਿਸ ਵਿਚ ਸ਼ਰਧਾਲੂਆਂ ਨੇ ਮੰਜੁਸ਼੍ਰੀ ਦੀ ਮਹਿਮਾ ਦੇ ਸਲੋਕ ਗਾਏ।
ਚੋਦਰ ਗੋਮਿਨ ਨੇ ਨਿਆਇਲੋਕ-ਸਿੱਧਿ (ਨਿਆਇਸਿਧਯਲੋਕ) ਨਾਮੀ ਗ੍ਰੰਥ ਤਰਕਸ਼ਾਸਤਰ ਦੇ
ਵਿਸ਼ੇ‘ਤੇ ਲਿਖਿਆ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ
ਅਨੁਵਾਦ ਉਪਲਬਧ ਹੈ।
ਪ੍ਰਾਗਿਆਕਰ ਗੁਪਤ ( 940 ਈ )
ਪ੍ਰਾਗਿਆਕਰ, ਜਿਸ ਦਾ ਜੀਵਨਕਾਲ 940 ਈ ਦੇ ਕਰੀਬ ਮੰਨਿਆ ਜਾਂਦਾ ਹੈ, ਨੇ ਨਿਮਨਲਿਖਤ
ਗ੍ਰੰਥਾਂ ਦੀ ਰਚਨਾ ਕੀਤੀ:
ਪ੍ਰਮਾਣ ਵਾਰਤਕਆਲੰਕਾਰ: ਇਹ ਧਰਮਕੀਰਤੀ ਦੇ ਪ੍ਰਮਾਣਵਾਰਤਕ ਗ੍ਰੰਥ ਉੱਪਰ ਇਕ ਟਿੱਪਣੀ
ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਸਹਿਅਵਲੰਬ -ਨਿਸਚੈ: ਇਸ ਗ੍ਰੰਥ ਵਿਚ "ਵਸਤੂਆਂ’ ਅਤੇ ਉਨ੍ਹਾਂ ਦੇ ਗਿਆਨ ਬਾਰੇ ਸਾਥ
ਸਾਥ ਨਿਸ਼ਚਾ ਕਰਨਾ" ਵਿਸ਼ੇ ਦੀ ਚਰਚਾ ਕੀਤੀ ਗਈ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ
ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਅਚਾਰੀਆ ਜਿਤਾਰਿ ( 940 - 980 ਈ )
ਜਿਤਾਰਿ ਦਾ ਜਨਮ ਇਕ ਬ੍ਰਾਹਮਣ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਗਰਭਪਾਦ,
ਵਾਰੇਂਦਰ (ਬੰਗਾਲ) ਦੇ ਰਹਿਣ ਵਾਲੇ ਸਨ। ਆਪਣੇ ਭਾਈਚਾਰੇ ਨੂੰ ਛੱਡ ਕੇ ਉਹ ਬੋਧੀ
ਉਪਾਸ਼ਕ ਅਤੇ ਮੰਜੁਸ਼੍ਰੀ ਦੇ ਭਗਤ ਬਣੇ। ਵਿਕਰਮਾਸ਼ਿਲਾ ਮਹਾਵਿਦਿਆਲੇ ਵਿਚ ਉਨ੍ਹਾਂ ਨੂੰ
ਰਾਜਾ ਮਹਾਪਾਲ ਪਾਸੋਂ ਪੰਡਿਤ ਦੀ ਪਦਵੀ ਪ੍ਰਾਪਤ ਹੋਈ। ਜਿਤਾਰਿ ਨੇ ਤਰਕਸ਼ਾਸਤਰ ਉੱਪਰ
ਨਿਮਨਲਿਖਤ ਗ੍ਰੰਥਾਂ ਦੀ ਰਚਨਾ ਕੀਤੀ:
ਹੇਤੁਤਤਵ ਉਪਦੇਸ਼: ਇਸ ਵਿਚ ਹੇਤੁ ਦੀ ਵਾਸਤਵਿਕਤਾ ਦੇ ਸਰੂਪ ਬਾਰੇ ਉਪਦੇਸ਼ ਸ਼ਾਮਲ ਹਨ। ਇਸ
ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਧਰਮ-ਧਾਰਮੀ ਵਿਨਿਸ਼ਚਯ: 'ਪੱਖ (ਧਾਰਮੀ) ਅਤੇ ਸਾਧ੍ਯ (ਧਰਮ) ਬਾਰੇ ਨਿਸ਼ਚਾ ਕਰਨਾ'। ਇਸ
ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਬਾਲਅਵਤਾਰ ਤਰਕ: ਬੱਚਿਆਂ ਲਈ ਤਰਕ ਦੀ ਜਾਣ ਪਛਾਣ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ
ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਜਿਨ ( 940 ਈ )
ਜਿਨ, ਜਿਨ੍ਹਾਂ ਦਾ ਜੀਵਨਕਾਲ 940 ਈ ਮੰਨਿਆ ਜਾਂਦਾ ਹੈ, ਨੇ
ਪ੍ਰਮਾਣਵਾਰਤਕਅਲੰਕਾਰਟੀਕਾ ਨਾਮੀ ਗ੍ਰੰਥ ਲਿਖਿਆ।
ਰਤਨਕੀਰਤੀ ( 940 - 1000 ਈ )
ਰਤਨਕੀਰਤੀ, ਵਿਕਰਮਾਸ਼ਿਲਾ ਵਿਸ਼ਵਵਿਦਿਆਲੇ ਵਿਚ ਅਧਿਆਪਕ ਸਨ। ਇਹ ਧਰਮੋਤਰ, ਨਿਆਇਭੂਸ਼ਣ
ਅਤੇ ਵਾਚਸਪਤੀ ਮਿਸ਼ਰ ਦੇ ਵਿਚਾਰਾਂ ਦੀ ਆਲੋਚਨਾ ਕਰਦੇ ਹਨ ਅਤੇ ਉਹਨਾਂ ਦੇ “ਅਪੋਹ”
ਅਤੇ “ਸ਼ਣ-ਭੰਗ” ਦੇ ਵਿਚਾਰਾਂ ਨਾਲ ਅਸਹਿਮਤ ਹਨ। ਉਨ੍ਹਾਂ ਨੇ ਤਰਕ ਦੇ ਵਿਸ਼ੇ ‘ਤੇ ਦੋ
ਪ੍ਰਕਰਣ ਲਿਖੇ: “ਅਪੋਹਸਿੱਧਿ” ਅਤੇ “ਕਸ਼ਣਭੰਗਸਿੱਧਿ”।
ਅਪੋਹਸਿੱਧਿ: ਇਸ ਰਚਨਾ ਵਿਚ ਉਹ ਅਪੋਹ ਦੇ ਸਿਧਾਂਤ ਦੀ ਚਰਚਾ ਕਰਦੇ ਹਨ ਅਤੇ ਸੁਝਾਉ ਪੋਸ਼ ਕਰਦੇ
ਹਨ ਕਿ ਇਕ ‘ਸ਼ਬਦ’ਕਿਸੇ ਇਕ ਸਕਾਰਾਤਮਕ ਚੀਜ਼ ਨੂੰ ਪ੍ਰਗਟਾਉਣ ਦੇ ਨਾਲ ਨਾਲ ਇਸ ਨੂੰ
ਦੂਜੀਆਂ ਹੋਰ ਚੀਜ਼ਾਂ ਤੋਂ ਵੀ ਅਲਗ ਕਰਦਾ ਹੈ ਜੋ ਇਸ ਤੋਂ ਭਿੰਨ ਹਨ। ਅਰਥਾਤ ਇਕ ਸ਼ਬਦ
ਸਕਾਰਾਤਮਕ ਨਿਰਦੇਸ਼ਨ ਦੇ ਨਾਲ ਨਾਲ ਨਕਾਰਾਤਮਕ ਨਿਰਦੇਸ਼ਨ ਦਾ ਵੀ ਪ੍ਰਗਟਾਵਾ ਹੁੰਦਾ
ਹੈ। ਦੂਜੇ ਸ਼ਬਦਾਂ ਵਿਚ ਇਹ ਇਕੋ ਸਮੇ, ਕਿਸੇ ਚੀਜ਼ ਦੇ ‘ਭਾਵ’ ਅਤੇ ‘ਅਭਾਵ’ ਦਾ
ਸੰਕੇਤਕ ਹੁੰਦਾ ਹੈ।
ਕਸ਼ਣਭੰਗਸਿੱਧਿ: ਇਸ ਰਚਨਾ, ਦੋਵੇਂ ਹਾਂਵਾਚਕ ਅਤੇ ਨਾਂਵਾਚਕ ‘ਅਨੁਮਾਨ’ ਰਾਹੀਂ ਇਹ ਸਿੱਧ ਕਰਨ ਦੀ
ਕੋਸ਼ਿਸ਼ ਕੀਤੀ ਗਈ ਹੈ ਕਿ ਸਭ ਵਸਤੂਆਂ ਛਿਣ-ਭੰਗਰ (ਪਲ ਭਰ ਲਈ) ਹਨ, ਕਿ ਉਨ੍ਹਾਂ ਦੇ
ਨਿਰਮਾਣ, ਨਿਰੰਤਰਤਾ ਅਤੇ ਵਿਨਾਸ਼ ਲਈ ਤਿੰਨ ਛਿਣਾਂ (ਪਲਾਂ) ਦੀ ਕੋਈ ਜ਼ਰੂਰਤ ਨਹੀ ਹੈ।
ਰਤਨ
ਵਜਰ ( 979 - 1040 ਈ )
ਰਤਨ ਵਜਰ
ਦਾ ਜਨਮ ਇਕ ਕਸ਼ਮੀਰੀ ਬ੍ਰਾਹਮਣ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪੂਰਵਜ (ਵਡੇਰੇ)
ਸ਼ਾਸਤਰਾਂ ਅਤੇ ਤੀਰਥਕਾਂ ਵਿਚ ਮਾਹਰ ਸਨ। ਉਨ੍ਹਾਂ ਦੇ ਪਿਤਾ ਹਰੀ ਭਦਰ ਨੇ ਬੁੱਧਮਤ
ਨੂੰ ਅਪਣਾਇਆ ਅਤੇ ਰਤਨ ਵਜਰ ਨੇ 36 ਸਾਲ ਦੀ ਉਮਰ ਤੱਕ ਬੋਧੀ ਸ਼ਾਸਤਰਾਂ ਦਾ ਅਧਿਐਨ
ਕੀਤਾ। ਉਨ੍ਹਾਂ ਨੇ ਤਰਕ ਦੇ ਵਿਸ਼ੇ ‘ਤੇ “ਯੁਕਤੀ-ਪ੍ਰਯੋਗ” ਨਾਮ ਦਾ ਗ੍ਰੰਥ ਲਿਖਿਆ।
ਜਿਸ ਤਰ੍ਹਾ ਨਾਮ ਤੋਂ ਹੀ ਸਪਸ਼ਟ ਹੈ, ਇਸ ਵਿਚ ਦਲੀਲ ਜਾਂ ਯੁਕਤੀ ਦੀ ਵਿਹਾਰਕ ਵਰਤੋਂ
ਬਾਰੇ ਚਰਚਾ ਕੀਤੀ ਗਈ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ
ਅਨੁਵਾਦ ਉਪਲਬਧ ਹੈ।
ਜਿਨ ਮਿਤਰ ( 1025 ਈ )
ਜਿਨ ਮਿਤਰ ਦਾ ਜੀਵਨਕਾਲ 1025 ਈ ਦੇ ਇਰਦ ਗਿਰਦ ਦਾ ਮੰਨਿਆ ਜਾਂਦਾ ਹੈ ਅਤੇ ਉਹ
ਕਸ਼ਮੀਰ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਸਰਵੱਗਿਆ ਦੇਵ, ਦਾਨਸ਼ਿਲਾ ਅਤੇ ਹੋਰਨਾ ਨਾਲ
ਮਿਲ ਕੇ ਤਿੱਬਤ ਦੀ ਯਾਤਰਾ ਕੀਤੀ ਅਤੇ ਬਹੁਤ ਸਾਰੇ ਸੰਸਕ੍ਰਿਤ ਗ੍ਰੰਥਾਂ ਨੂੰ ਤਿੱਬਤੀ
ਭਾਸ਼ਾ ਵਿਚ ਅਨੁਵਾਦ ਕਰਨ ਲਈ ਯੋਗਦਾਨ ਪਾਇਆ। ਉਸਨੇ ‘ਨਿਆਇ-ਬਿੰਦੂ-ਪਿੰਡਾਰਥ’ ਨਾਮੀ
ਗ੍ਰੰਥ ਲਿਖਿਆ ਜੋ ਧਰਮਕੀਰਤੀ ਦੀ ‘ਨਿਆਅਬਿੰਦੂ’ ਦੇ ਭਾਵਰਥਾਂ ਦੀ ਚਰਚਾ ਕਰਦਾ ਹੈ।
ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਦਾਨਸ਼ੀਲ ( 1025 ਈ )
ਦਾਨਸ਼ੀਲ (ਦਾਨਸ਼ਰੀਲ) ਦਾ ਜਨਮ ਕਸ਼ਮੀਰ ਵਿਚ ਲਗਪਗ 1025 ਈ ਵਿਚ ਹੋਇਆ। ਉਹ ਪਰਹਿਤ
ਭਦਰ, ਜਿਨਮਿਤਰ, ਸਰਵੱਗਿਆ ਦੇਵ ਅਤੇ ਤਿਲੋਪਾ ਦੇ ਸਮਕਾਲੀ ਸਨ। ਉਨ੍ਹਾਂ ਨੇ ਤਿੱਬਤ ਦੀ
ਯਾਤਰਾ ਕੀਤੀ ਅਤੇ ਸੰਸਕ੍ਰਿਤ ਗ੍ਰੰਥਾਂ ਨੂੰ ਤਿੱਬਤੀ ਭਾਸ਼ਾ ਵਿਚ ਅਨੁਵਾਦ ਕਰਨ ਲਈ
ਕਾਫੀ ਕੰਮ ਕੀਤਾ। ਉਨ੍ਹਾਂ ਨੇ ਤਰਕ ਦੇ ਵਿਸ਼ੇ ‘ਤੇ “ਪੁਸਤਕ ਪਾਠਉਪਾਯ” ਨਾਮ ਦਾ ਇਕ
ਗ੍ਰੰਥ ਲਿਖਿਆ ਜਿਸ ਵਿਚ ਪੁਸਤਕਾਂ ਪੜ੍ਹਨ ਦੀ ਵਿਧੀ ਉਪਰ ਚਰਚਾ ਕੀਤੀ ਗਈ ਹੈ। ਇਸ ਦਾ
ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਗਿਆਨਸ਼੍ਰੀ ਮਿਤਰ ( ਲਗਪਗ 1040 ਈ )
ਵਿਕਰਮਾਸ਼ਿਲਾ ਵਿਸ਼ਵਿਦਿਆਲੇ ਦੇ 'ਮਹਾਨ ਥਮ' ਮੰਨੇ ਜਾਣ ਵਾਲੇ ਗਿਆਨਸ਼੍ਰੀ ਮਿਤਰ ਦਾ ਜਨਮ
ਬੰਗਾਲ ਦੇ ਸਥਾਨ ਗੌੜ ਵਿਖੇ ਹੋਇਆ। ਉਨ੍ਹਾਂ ਨੇ ਤਰਕ ਦੇ ਵਿਸ਼ੇ ਉੱਪਰ “ਕਾਰਯ-ਕਾਰਣ
ਭਾਵਸਿੱਧਿ” ਨਾਮਕ ਇਕ ਗ੍ਰੰਥ ਲਿਖਿਆ। ਇਸ ਵਿਚ ਕਾਰਜ-ਕਾਰਣ ਦੇ ਸੰਬੰਧ ਨੂੰ ਸਥਾਪਤ
ਕਰਨ ਬਾਰੇ ਚਰਚਾ ਕੀਤੀ ਗਈ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ
ਤਿੱਬਤੀ ਅਨੁਵਾਦ ਉਪਲਬਧ ਹੈ।
ਗਿਆਨਸ਼੍ਰੀ ਭਦਰ ( ਲਗਪਗ 1050 ਈ )
ਗਿਆਨਸ਼੍ਰੀ ਭਦਰ ਇਕ ਮਹਾਨ ਤਾਰਕਿਕ ਸਨ, ਜਿਨ੍ਹਾਂ ਦਾ ਜਨਮ ਇਕ ਕਸ਼ਮੀਰ ਦੇ ਬ੍ਰਾਹਮਣ
ਪਰਿਵਾਰ ਵਿਚ ਹੋਇਆ ਅਤੇ ਬਾਅਦ ਵਿਚ ਉਨ੍ਹਾਂ ਨੇ ਬੁੱਧਮਤ ਨੂੰ ਸਵੀਕਾਰ ਕੀਤਾ।
ਉਨ੍ਹਾਂ ਨੇ ਤਿੱਬਤ ਦੀ ਯਾਤਰਾ ਵੀ ਕੀਤੀ ਜਿੱਥੇ ਉਨ੍ਹਾਂ ਨੇ ਕਈ ਸੰਸਕ੍ਰਿਤ ਗ੍ਰੰਥਾਂ
ਦਾ ਅਨੁਵਾਦ ਤਿੱਬਤੀ ਭਾਸ਼ਾ ਵਿਚ ਕੀਤਾ। ਤਿੱਬਤ ਵਿਚ ਉਹ ‘ਕਸ਼ਮੀਰੀ ਗਿਆਨਸ਼੍ਰੀ’ ਦੇ
ਨਾਮ ਨਾਲ ਵੀ ਜਾਣੇ ਜਾਂਦੇ ਸਨ। ‘ਪ੍ਰਮਾਣ ਵਿਨਿਸ਼ਚਯ ਟੀਕਾ’ ਉਨ੍ਹਾਂ ਦਾ ਤਰਕ ਦੇ
ਵਿਸ਼ੇ ‘ਤੇ ਲਿਖਿਆ ਗ੍ਰੰਥ ਹੈ ਜੋ ਧਰਮਕੀਰਤੀ ਦੇ ਪ੍ਰਮਾਣ ਵਿਨਿਸ਼ਚਯ ਉੱਪਰ ਟਿੱਪਣੀ
ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਇਹ ਅਨੁਵਾਦ ਗਿਆਨਸ਼੍ਰੀ ਨੇ ਸਵੈ ਕੀਤਾ ਸੀ।
ਰਤਨਾਕਰ ਸ਼ਾਂਤੀ ( ਲਗਪਗ 1400 ਈ )
ਰਤਨਾਕਰ ਸ਼ਾਂਤੀ ਉਪਨਾਮ ‘ਕਲਿਕਾਲ ਸਰਵੱਗਿਆ’, ਸਰਵਾਸਤੀਵਾਦ ਸੰਪ੍ਰਦਾਇ ਦੇ ਮਾਹਰ ਸਨ
ਅਤੇ ਉਨ੍ਹਾਂ ਨੇ ਵਿਕਰਮਾਸ਼ਿਲਾ ਵਿਸ਼ਵਿਦਿਆਲੇ ਤੋਂ ਸੂਤਰਾਂ ਅਤੇ ਤੰਤਰਾਂ ਦੀ ਵਿਦਿਆ
ਜਿਤਾਰਿ, ਰਤਨਕੀਰਤੀ ਅਤੇ ਹੋਰਨਾ ਤੋਂ ਪ੍ਰਾਪਤ ਕੀਤੀ। ਲੰਕਾ ਦੇ ਰਾਜੇ ਦੇ ਸੱਦੇ ‘ਤੇ
ਉਨ੍ਹਾਂ ਨੇ ਉੱਥੇ ਦੀ ਯਾਤਰਾ ਵੀ ਕੀਤੀ ਅਤੇ ਬੁੱਧਮਤ ਸਿਧਾਂਤ ਨੂੰ ਫੈਲਾਇਆ। ਉਨ੍ਹਾਂ
ਨੇ ‘ਛੰਦ’ ਉੱਪਰ ‘ਛੰਦੋਰਤਨਾਕਰ’ ਨਾਮੀ ਗ੍ਰੰਥ ਅਤੇ ਤਰਕ ਉੱਪਰ ਨਿਮਨਲਿਖਤ ਗ੍ਰੰਥ
ਲਿਖੇ:
ਵਿਗਿਆਪਤੀ-ਮਾਤ੍ਰ ਸਿੱਧਿ: ਇਸ ਵਿਚ ਸਿਰਫ ਗਿਆਨ ਦੀ ਵਿਗਿਆਪਤੀ (ਐਲਾਨ) ਦੀ ਸਥਾਪਨਾ
ਕਰਨ ਬਾਰੇ ਚਰਚਾ ਕੀਤੀ ਗਈ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ
ਤਿੱਬਤੀ ਅਨੁਵਾਦ ਉਪਲਬਧ ਹੈ। ਇਹ ਅਨੁਵਾਦ ਇਕ ਨੇਪਾਲੀ ਪੰਡਤ ਸ਼ਾਂਤੀਭਦਰ ਨੇ ਤਿਆਰ
ਕੀਤਾ ਸੀ।
ਅੰਤਰਵਿਆਪਤੀ: ਇਸ ਵਿਚ ਆਂਤਰਿਕ (ਅੰਦਰਲੇ) ਅਨਿੱਖੜ ਸੰਬੰਧ (ਵਿਆਪਤੀ) ਦੀ ਚਰਚਾ
ਕੀਤੀ ਗਈ ਹੈ। ਇਸ ਵਿਚ ਇਹ ਦਲੀਲ ਪੇਸ਼ ਕੀਤੀ ਗਈ ਹੈ ਕਿ ‘ਹੇਤੁ’ ਅਤੇ ‘ਸਾਧ੍ਯ’
ਵਿਚਕਾਰ ਅਨਿੱਖੜਵੇਂ ਸੰਬੰਧ ਨੂੰ ਕਿਸੇ ਉਦਾਹਰਣ ਤੋਂ ਬਗੈਰ ਵੀ ਸੰਕਲਪਿਤ ਕੀਤਾ ਜਾ
ਸਕਦਾ ਹੈ, ਇਥੋਂ ਤੱਕ ਕਿ ‘ਪਕਸ਼’ ਤੋਂ ਬਗੈਰ ਵੀ ਸੰਕਲਪਿਤ ਕੀਤਾ ਜਾ ਸਕਦਾ ਹੈ।
ਯਮਾਰੀ ( ਲਗਪਗ 1050 ਈ )
ਯਮਾਰੀ, ਵਿਸੇਸ਼ ਕਰਕੇ ਵਿਆਕਰਣ ਅਤੇ ਤਰਕ ਵਿਚ ਮਾਹਰ ਸਨ। ਆਪਣੀ ਕਾਬਲੀਅਤ ਦੇ ਬਲ ਦੇ
ਸਹਾਰੇ, ਆਰਥਕ ਗਰੀਬੀ ਦੇ ਬਾਵਜੂਦ ਵੀ, ਉਨ੍ਹਾਂ ਨੇ ਵਿਕਰਮਸ਼ਿਲਾ ਵਿਸ਼ਵਿਦਿਆਲੇ ਵਿਚ
ਪਦਵੀ ਹਾਸਲ ਕੀਤੀ। ਉਨ੍ਹਾਂ ਨੇ ‘ਪ੍ਰਮਾਣ-ਵਾਰਤਕਅਲੰਕਾਰ ਟੀਕਾ’ ਨਾਮੀ ਗ੍ਰੰਥ ਲਿਖਿਆ
ਜੋ ਪ੍ਰਾਗਿਅਕਰ ਗੁਪਤ ਦੇ ‘ਪ੍ਰਮਾਣਵਾਰਤਕਅਲੰਕਾਰ’ ਉੱਪਰ ਇਕ ਟਿੱਪਣੀ ਹੈ। ਇਸ ਦਾ
ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਸ਼ੰਕਰਆਨੰਦ ( ਲਗਪਗ 1050 ਈ )
ਕਸ਼ਮੀਰ ਦੇ ਇਕ ਬ੍ਰਾਹਮਣ ਪਰਿਵਾਰ ਵਿਚ ਸ਼ੰਕਰਅਨੰਦ ਦਾ ਜਨਮ ਹੋਇਆ। ਉਹ ਸਭਵਿਦਿਆਵਾਂ
ਵਿਚ ਨਿਪੁੰਨ ਸਨ, ਵਿਸ਼ੇਸ਼ ਕਰਕੇ ਤਰਕਸ਼ਾਸਤਰ ਵਿਚ। ਉਨ੍ਹਾਂ ਨੇ ‘ਪ੍ਰਮਾਣਵਾਰਤਕ ਟੀਕਾ’
ਨਾਮੀ ਗ੍ਰੰਥ ਧਰਮਕੀਰਤੀ ਦੀ ਰਚਨਾ ‘ਪ੍ਰਮਾਣ ਵਾਰਤਕ’ ਉੱਪਰ ਇਕ ਟਿੱਪਣੀ ਦੇ ਰੂਪ ਵਿਚ
ਲਿਖਿਆ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ
ਹੈ। ਉਨ੍ਹਾਂ ਦੀਆਂ ਹੋਰ ਰਚਨਾਵਾਂ ਇਸ ਪ੍ਰਕਾਰ ਹਨ:
ਸੰਬੰਧ ਪ੍ਰੀਕਸ਼ਾਨੁਸਾਰ: ਇਹ ਧਰਮਕੀਰਤੀ ਦੇ ਗ੍ਰੰਥ ‘ਸੰਬੰਧ ਪ੍ਰੀਕਸ਼ਾ’ ਉੱਪਰ ਇਕ
ਟਿੱਪਣੀ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ
ਉਪਲਬਧ ਹੈ।
ਅਪੋਹਸਿੱਧਿ: ਇਸ ਵਿਚ “ਇਕ ਚੀਜ਼ ਦੀ ਉਸ ਦੀ ਉਲਟ ਚੀਜ਼ ਨੂੰ ਖਾਰਜ ਕਰਕੇ ਸਥਾਪਤ ਕਰਨ”
ਬਾਰੇ ਚਰਚਾ ਕੀਤੀ ਗਈ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ
ਅਨੁਵਾਦ ਉਪਲਬਧ ਹੈ।
ਪ੍ਰਤਿਬੰਧ ਸਿੱਧਿ: ਇਸ ਵਿਚ ‘ਕਾਰਣਾਤਮਕ ਸੰਬੰਧ ਦੀ ਸਥਾਪਨਾ’ ਬਾਰੇ ਚਰਚਾ ਕੀਤੀ ਗਈ
ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ ਹੈ।
ਸ਼ੁੱਭਕਰ ਗੁਪਤ ( ਲਗਪਗ 1080 ਈ )
ਸ਼ੁੱਭਕਰ ਗੁਪਤ, ਵਿਕਰਮਾਸ਼ਿਲਾ ਵਿਸ਼ਵਿਦਿਆਲੇ ਦੇ ਮੁਖੀ ਅਭੇਆਂਕਰ ਗੁਪਤ ਦੇ ਸ਼ਿਸ਼ ਸਨ
ਜਿਨ੍ਹਾਂ ਦਾ ਜੀਵਨਕਾਲ ਗਿਆਰਵੀ ਸਦੀ ਈਸਵੀ ਦੇ ਅਖੀਰ ਦਾ ਮੰਨਿਆ ਜਾਂਦਾ ਹੈ। ਉਨ੍ਹਾਂ
ਦੀਆਂ ਤਰਕ ਵਿਸ਼ੇ ‘ਤੇ ਰਚਨਾਵਾਂ ਜ਼ਿਆਦਾਤਰ ਧਰਮਕੀਰਤੀ ਦੇ ਵਿਚਾਰਾਂ ‘ਤੇ ਹੀ ਆਧਾਰਤ
ਹਨ। ਜੈਨੀ ਤਾਰਕਿਕ ਹਰੀਭਦਰ ਸੂਰੀ ਉਸਦੇ ਵਿਚਾਰਾਂ ਦੀ ਕਾਫੀ ਆਲੋਚਨਾ ਕਰਦੇ ਹਨ।
ਮੋਕਸ਼ਾਕਰ ਗੁਪਤ ( ਲਗਪਗ 1100 ਈ )
ਮੋਕਸ਼ਾਕਰ ਗੁਪਤ, ਜਿਨ੍ਹਾਂ ਦਾ ਜੀਵਨਕਾਲ 12ਵੀਂ ਸਦੀ ਦੇ ਆਰੰਭ ਦਾ ਮੰਨਿਆ ਜਾਂਦਾ
ਹੈ, ਇਕ ਮਹਾਨ ਬੋਧੀ ਵਿਹਾਰ ਜਗਦਲ (ਬੰਗਾਲ) ਦੇ ਮੁਖੀ ਸਨ। ਉਨ੍ਹਾਂ ਨੇ ਤਰਕ ਦੇ
ਵਿਸ਼ੇ ‘ਤੇ ‘ਤਰਕਭਾਸ਼ਾ’ ਨਾਮੀ ਗ੍ਰੰਥ ਲਿਖਿਆ ਜਿਸ ਵਿਚ ਸ਼ਬਦਸੰਗ੍ਯਾ (ਤਰਕ ਵਿਚ ਵਰਤੇ
ਜਾਂਦੇ ਸ਼ਬਦ) ਦੀ ਚਰਚਾ ਕੀਤੀ ਗਈ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ
ਪਰ ਤਿੱਬਤੀ ਅਨੁਵਾਦ ਉਪਲਬਧ ਹੈ। ਇਹ ਗ੍ਰੰਥ ਤਿੰਨ ਕਾਂਡਾਂ ਵਿਚ ਵੰਡਿਆ ਹੋਇਆ ਹੈ:
(1) ਪ੍ਰਤਿਅਕਸ਼; (2) ਸਵਾਰਥਅਨੁਮਾਨ; ਅਤੇ (3) ਪਰਾਰਥਅਨੁਮਾਨ।
------------------
ਜਿਸ ਤਰ੍ਹਾਂ
ਅਸੀ ਆਪਣੇ ਇਸ ਬੋਧੀ ਤਰਕ ਦੇ ਸੰਖੇਪ ਸਰਵੇਖਣ ਤੋਂ ਦੇਖਿਆ ਹੈ, ਬੁੱਧਮਤ ਦੇ ਅਨਗਿਣਤ
ਅਨੁਆਈਆਂ ਨੇ, ਆਪਣੀ ਨਿਵੇਕਲੀ ਕਾਬਲੀਅਤ ਅਤੇ ਉਤਸ਼ਾਹ ਨਾਲ, ਭਾਰਤੀ ਤਰਕਸ਼ਾਸਤਰ ਦੇ
ਵਿਕਾਸ ਵਿਚ ਬੜਾ ਮਹੱਤਵਪੂਰਣ ਯੋਗਦਾਨ ਪਾਇਆ। ਉਨ੍ਹਾਂ ਨੇ, ਆਪਣੇ ਸਿਧਾਂਤਾਂ ਨੂੰ
ਬਰਕਰਾਰ ਰੱਖਦੇ ਹੋਏ, ਬ੍ਰਾਹਮਣ ਪਰੰਪਰਾ ਦੇ ਤਾਰਕਿਕ ਸੰਕਲਪਾਂ ਅਤੇ ਵਿਚਾਰਾਂ ਨੂੰ
ਵੰਗਾਰਿਆ। ਨਿਆਇਸ਼ਾਸਤਰ ਦੇ ਬਾਨੀ ਅਕਸ਼ਪਾਦ (ਪਹਿਲੀ ਸਦੀ ਈ) ਦੇ ਪੰਜ ਅਵਯਵੀ
(ਪੰਚਾਵਯਵ) ਤਰਕਵਾਕ ਨੂੰ, ਨਗਾਰਜੁਨ (ਤੀਜੀ ਸਦੀ ਈ) ਨੇ ਸਿਰਫ ਤਿੰਨ ਅਵਯਵੀ ਹੀ
ਮੰਨਿਆ। ਇੱਥੇ ਹੀ ਬੱਸ ਨਹੀ, ਬੋਧੀ ਤਰਕ ਨੂੰ ਅੱਗੇ ਵਧਾਉਂਦੇ ਹੋਏ, ਆਚਾਰੀਆ ਦਿਗਨਾਗ
(ਪੰਜਵੀ ਸਦੀ ਈ) ਨੇ ਅਕਸ਼ਪਾਦ ਦੇ ਸੋਲ੍ਹਾਂ ਪਦਾਰਥਾਂ ਨੂੰ ਘਟਾ ਕੇ ਸਿਰਫ ਇਕ
“ਪ੍ਰਮਾਣ” ਨੂੰ ਹੀ ਸਵੀਕਾਰ ਕੀਤਾ। ਪਰ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਦੇ ਬਾਵਜੂਦ,
ਬੋਧੀ ਤਰਕ ਬਹੁਤ ਦੇਰ ਤੱਕ ਨਾ ਚਲ ਸਕਿਆ ਅਤੇ ਹੌਲੀ ਹੌਲੀ, ਬੋਧੀ ਵਿਚਾਰਧਾਰਾ ਦੇ
ਨਾਲ ਨਾਲ ਬੋਧੀ ਤਰਕ ਵੀ ਭਾਰਤ ਵਰਸ਼ ਦੀ ਧਰਤੀ ਤੋਂ ਖਤਮ ਹੋਣਾ ਸ਼ੁਰੂ ਹੋ ਗਿਆ। ਇਸ ਦੇ
ਕਈ ਇਤਿਹਾਸਕ ਕਾਰਣ ਹਨ, ਜਿਨ੍ਹਾਂ ਵਿਚੋਂ ਭਾਰਤ ਵਿਚ ਇਸਲਾਮ ਮਜ਼ਹਬ ਦਾ ਸੰਘਾਰਨੀ
ਪ੍ਰਵੇਸ਼ ਕਾਫੀ ਨਿਰਣਾਇਕ ਜਾਪਦਾ ਹੈ। ਇਸ ਇਤਿਹਾਸਕ ਹਲਚਲ ਦੀ ਤਬਦੀਲੀ ਨੇ ਸਦੀਆਂ ਤੋਂ
ਚਲੀ ਆ ਰਹੀ ਵਿਚਾਰ-ਵਿਮਰਸ਼, ਤਰਕ-ਵਿਤਰਕ ਅਤੇ ਦਵੰਦਾਤਮਕ ਵਾਤਾਵਰਣ ਦੀ ਪਰੰਪਰਾ ਨੂੰ
ਉਥਲ ਪੁਥਲ ਕਰਕੇ ਦਹਿਸ਼ਤ-ਗਰਦੀ, ਜਬਰ, ਖੌਫ ਅਤੇ ਤਸ਼ੱਦਦ ਦੇ ਮਾਹੌਲ ਵਿਚ ਕੱਟੜ ਅਤੇ
ਇੰਤਹਾ-ਪਸੰਦ ਨਜ਼ਰੀਏ ਨੂੰ ਇਲਾਹੀ-ਫਰਮਾਨ ਦੱਸ ਕੇ ਕਬੂਲ ਕਰਨ ਲਈ ਮਜਬੂਰ ਕੀਤਾ ਅਤੇ
ਮਾਨਵ ਰੂਹਾਂ ਨੂੰ ਖੂਬ ਲਤਾੜਿਆ ਅਤੇ ਕੁਚਲਿਆ। ਇਸ ਦੇ ਫਲਸਰੂਪ ਅਮਨ-ਪਸੰਦ ਬੋਧੀ ਜਾਂ
ਤਾਂ ਦੇਸ਼ ਛੱਡ ਕੇ ਚੀਨ, ਜਪਾਨ ਅਤੇ ਹੋਰ ਪੂਰਬੀ ਦੇਸ਼ਾਂ ਵਲ ਜਾ ਨਿਕਲੇ ਜਾਂ ਫਿਰ
ਸਹਿਮੇ ਕੁਚਲੇ ਨੌ-ਮਜ਼ਹਬੀ ਹੋ ਗਏ। ਅਗਲੀ ਕਿਸ਼ਤ ਵਿਚ ਅਸੀ ਬੋਧੀ ਤਰਕਸ਼ਾਸਤਰ ਦੇ ਪਤਨ
ਦੇ ਇਨ੍ਹਾਂ ਇਤਿਹਾਸਕ ਕਾਰਣਾਂ ਦਾ ਮੁਤਾਲਿਆ ਕਰਾਂਗੇ।
... ਚਲਦਾ
|