ਅਨੁਮਾਨ ਖੰਡ
(2)
ਸਵਾਰਥਅਨੁਮਾਨ –
ਆਪਣੇ ਆਪ ਲਈ ਅਨੁਮਾਨ
ਅਨੁਮਾਨ ਦੋ ਕਿਸਮ ਦਾ ਹੈ: (1) ਸਵਾਰਥਅਨੁਮਾਨ – ਅਪਣੇ ਆਪ ਲਈ ਅਨੁਮਾਨ,
ਅਤੇ (2) ਪਰਾਰਥਅਨੁਮਾਨ – ਦੂਜਿਆਂ ਲਈ ਅਨੁਮਾਨ। ਇਕ ਪੁਰਸ਼ ਰਸੋਈ ਵਿਚ
‘ਅੱਗ’ ਅਤੇ ‘ਧੂੰਏ’ ਦਾ ਵਿਆਪਤੀ ਸੰਬੰਧ ਬਾਰ ਬਾਰ ਦੇਖ ਕੇ, ਪਰਬਤ ਦੇ ਨੇੜੇ ਜਾ ਕੇ
ਉਸ ਉੱਪਰ ਧੂੰਆ ਦੇਖਦਾ ਹੈ। ਉਹ ਯਾਦ ਕਰਦਾ ਹੈ ਕਿ ਜਿੱਥੇ ਕਿਤੇ ਵੀ ਧੂੰਆ ਹੈ, ਉੱਥੇ
ਅੱਗ ਵੀ ਹੈ, ਇਸ ਤੋਂ ਉਸ ਅੰਦਰ ਗਿਆਨ ਪੈਦਾ ਹੁੰਦਾ ਹੈ ਕਿ “ਇਸ ਪਰਬਤ ਉੱਪਰ ਧੂੰਆ
ਹੈ, ਜੋ ਵਿਆਪਤੀ ਸੰਬੰਧ ਰਾਹੀ ਅੱਗ ਨਾਲ ਜੁੜਿਆ ਹੋਇਆ ਹੈ।” ਇਸ ਗਿਆਨ ਨੂੰ
‘ਲਿੰਗਪਰਾਮਰਸ਼’ ਕਿਹਾ ਜਾਂਦਾ ਹੈ (ਜਾਂ ਸਿਰਫ ਪਰਾਮਰਸ਼) ਜਿਸ ਦੇ ਫਲਸਰੂਪ ਇਸ ਤਰ੍ਹਾਂ
ਦਾ ਗਿਆਨ ਪ੍ਰਾਪਤ ਹੁੰਦਾ ਹੈ ਕਿ “ਇਸ ਪਰਬਤ ਉੱਪਰ ਅੱਗ ਹੈ,” ਜਿਸ ਨੂੰ ਅਨੁਮਿਤਿ
ਕਿਹਾ ਜਾਂਦਾ ਹੈ। ਇਸ ਪ੍ਰਕ੍ਰਿਆ ਨੂੰ ਆਪਣੇ ਆਪ ਲਈ ਅਨੁਮਾਨ ਕਿਹਾ ਜਾਂਦਾ ਹੈ।
ਪਰਾਰਥਅਨੁਮਾਨ –
ਦੂਜਿਆਂ ਲਈ ਅਨੁਮਾਨ
ਜਦੋ ਇਕ ਪੁਰਸ਼, ਧੂੰਏ ਤੋਂ ਅੱਗ ਦੀ ਅਨੁਮਿਤਿ ਹਾਸਲ ਕਰਕੇ, ਆਪਣਾ ਨਿਰਣਾ,
ਨਿਆਇਵਾਕ ਦੀ ਪ੍ਰਕ੍ਰਿਆ ਦੁਆਰਾ ਦੂਜਿਆਂ ਨੂੰ ਸਮਝਾਉਣਾ ਚਾਹੇ ਤਾਂ ਇਸ ਨੂੰ
ਪਰਾਰਥਅਨੁਮਾਨ ਕਿਹਾ ਜਾਂਦਾ ਹੈ। ਇਹ
ਪ੍ਰਕ੍ਰਿਆ ਇਸ ਪ੍ਰਕਾਰ ਹੈ:
- ਪਰਬਤ ਉੱਪਰ ਅੱਗ ਹੈ – ਪ੍ਰਤਿਗਿਆ (ਜਾਂ
ਪ੍ਰਸਤਾਵ),
- ਕਿਉਂਕਿ ਇੱਥੇ ਧੂੰਆ ਹੈ - ਹੇਤੁ (ਕਾਰਣ),
- ਜਿੱਥੇ ਕਿਤੇ ਧੂੰਆ ਹੈ, ਉੱਤੇ ਅੱਗ ਹੈ, ਜੈਸੇ ਰਸੋਈ
ਵਿਚ – ਦ੍ਰਿਸ਼ਟਾਂਤ
- ਇਸ ਪਰਬਤ ਉੱਪਰ ਧੂੰਆ ਹੈ – ਉਪਨਯ (ਪ੍ਰਯੋਗ)
- ਇਸ ਲਈ ਪਰਬਤ ਉੱਪਰ ਅੱਗ ਹੈ – ਨਿਗਮਨ
(ਨਿਰਣਾ)
ਇਨ੍ਹਾਂ ਵਾਕਾਂ ਨੂੰ ਸੁਣਨ ਤੋਂ ਬਾਅਦ ਸ੍ਰੋਤੇ ਦੇ ਮਨ
ਵਿਚ ਇਸ ਰੂਪ ਦਾ ਪਰਾਮਰਸ਼ ਪੈਦਾ ਹੁੰਦਾ ਹੈ “ਇਸ ਪਰਬਤ ਉੱਪਰ ਧੂੰਆ ਹੈ, ਜਿਸ ਦਾ ਅੱਗ
ਨਾਲ ਵਿਆਪਤੀ ਸੰਬੰਧ ਹੈ,” ਇਹ
ਪਰਾਮਰਸ਼ ਇਸ ਤਰ੍ਹਾ ਦੇ ਨਤੀਜੇ ‘ਤੇ ਪਹੁੰਚਦਾ ਹੈ, “ਇਸ ਪਰਬਤ ਉੱਪਰ ਅੱਗ ਹੈ,”
ਇਨ੍ਹਾਂ ਸਾਰੇ ਵਾਕਾਂ ਦੇ ਸਮੂਹ ਨੂੰ ਨਿਆਇਵਾਕ ਕਿਹਾ
ਜਾਂਦਾ ਹੈ, ਜਿਸ ਵਿਚ ਪੰਜ ਵਾਕ ਜਾਂ ਅਵਯਵ ਆਉਂਦੇ
ਹਨ।
ਅਵਯਵ –ਨਿਆਇਵਾਕ ਦੇ
ਅੰਸ਼
ਇਕ ਅਵਯਵ ਉਹ ਵਾਕ ਹੈ, ਜੋ ਪਰਾਮਰਸ਼
ਉਤਪੰਨ ਕਰਨ ਵਿਚ ਯੋਗਦਾਨ ਪਾਉਂਦਾ ਹੈ। ਇਨ੍ਹਾਂ ਪੰਜ ਵਾਕਾਂ ਤੋਂ ਅਲਗ ਅਲਗ ਗਿਆਨ
ਪੈਦਾ ਹੁੰਦਾ ਹੈ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਇਕ ਸਮੂਹਕ ਗਿਆਨ ਪੈਦਾ ਹੁੰਦਾ
ਹੈ। ਇਹ ਪੰਜ ਵਾਕ ਉੱਪਰ ਦੱਸੇ ਗਏ ਹਨ ਅਤੇ ਇਨ੍ਹਾਂ ਦੀ ਵਿਆਖਿਆ ਇਸ ਪ੍ਰਕਾਰ ਹੈ:
ਪ੍ਰਤਿਗਿਆ – ਪ੍ਰਸਤਾਵ
ਪ੍ਰਤਿਗਿਆ ਇਕ ਵਾਕ ਹੈ ਜੋ ਗਿਆਨ ਪੈਦਾ ਕਰਦਾ ਹੈ ਜੋ ਕਿ ਸਿੱਟੇ (ਨਿਗਮਨ) ਦੇ
ਸਮਰੂਪੀ ਹੁੰਦਾ ਹੈ, ਜੈਸੇ
ਇਸ ਪਰਬਤ ਉੱਪਰ ਅੱਗ ਹੈ
ਇਸ ਦੀ ਪਰਿਭਾਸ਼ਾ ਇਸ ਪ੍ਰਕਾਰ ਵੀ ਦਿੱਤੀ ਜਾ ਸਕਦੀ ਹੈ:
ਇਹ ਉਹ ਵਾਕ ਹੈ ਜੋ ਪੁੱਛ-ਪੜਤਾਲ ਦੀ ਜ਼ਰੂਰਤ ਪੈਦਾ ਕਰਦਾ ਹੈ, ਜਿਸ ਵਿਚ ਕਾਰਣ
ਦਾ ਵੀ ਵਰਣਨ ਆਉਂਦਾ ਹੈ, ਜਿਵੇਂ ਇਸ ਪਰਬਤ
ਉੱਪਰ ਅੱਗ ਹੈ, (ਇਹ ਕਿਵੇਂ? ਕਿਉਂਕਿ ਉੱਥੇ ਧੂੰਆ ਹੈ)।
ਹੇਤੁ - ਕਾਰਣ
ਹੇਤੁ ਇਕ 'ਸ਼ਬਦ' ਹੈ ਜਿਸ ਦੇ ਨਾਲ ਅਪਾਦਾਨ ਪ੍ਰਤ੍ਯਯ ਲੱਗਾ ਹੁੰਦਾ
ਹੈ ਜੋ ‘ਸਾਧ੍ਯ’ ਬਾਰੇ ਗਿਆਨ ਤਾਂ ਨਹੀ ਪੈਦਾ ਕਰਦਾ ਪ੍ਰੰਤੂ ਸਮੁੱਚੇ ਗਿਆਨ ਦੇ
ਪ੍ਰਮਾਣ ਵਿਚ ਸਹਾਈ ਹੁੰਦਾ ਹੈ ਜਿਸ ਨਾਲ ਪਰਾਮਰਸ਼ ਪੈਦਾ ਹੁੰਦਾ ਹੈ। ਜੈਸੇ...
ਕਿਉਂਕਿ ਇੱਥੇ ਧੂੰਆ ਹੈ (ਅਥਵਾ ਧੂੰਆਪਣ ਦੁਆਰਾ)। ਹੇਤੁ ਦੋ ਪ੍ਰਕਾਰ ਹੁੰਦਾ ਹੈ:
(1) ਅਨ੍ਵਯ – ਸਕਾਰਾਤਮਕ ਅਤੇ (2) ਵ੍ਯਤਰੇਕੀ – ਨਕਾਰਾਤਮਕ।
'ਅਪਾਦਾਨ ਪ੍ਰਤ੍ਯਯ' ਨਾਲ ਜੁੜਿਆ ਅਨ੍ਵਯ ਹੇਤੁ
ਜੋ ਗਿਆਨ ਪੈਦਾ ਕਰਦਾ ਹੈ, ਉਹ ਸਕਾਰਾਤਮਕ ਵਿਆਪਤੀ ਸੰਬੰਧ ਪ੍ਰਗਟਾਉ ਕਰਨ ਵਾਲੇ ਅਵਯਵ
ਦੇ ਜ਼ਿਕਰ ਦੀ ਅਵੱਸ਼ਕਤਾ ਉਤਪੰਨ ਕਰਦਾ ਹੈ, ਜੈਸੇ ‘ਕਿਉਂਕਿ ਇੱਥੇ ਧੂੰਆ ਹੈ (ਧੂੰਆਪਣ
ਦੁਆਰਾ), ਜਿੱਥੇ ਧੂੰਆ ਹੈ ਉੱਥੇ ਅੱਗ ਹੈ, ਜਿਵੇਂ ਕਿ ਰਸੋਈ ਵਿਚ।
'ਅਪਾਦਾਨ ਪ੍ਰਤ੍ਯਯ' ਨਾਲ ਜੁੜਿਆ ਵ੍ਯਤਰੇਕੀ ਹੇਤੁ
ਜੋ ਗਿਆਨ ਪੈਦਾ ਕਰਦਾ ਹੈ ਉਹ ਨਕਾਰਾਤਮਕ ਵਿਆਪਤੀ ਸੰਬੰਧ ਪ੍ਰਗਟਾਉਣ ਵਾਲੇ ਅਵਯਵ ਦੇ
ਜ਼ਿਕਰ ਦੀ ਅਵੱਸ਼ਕਤਾ ਉਤਪੰਨ ਕਰਦਾ ਹੈ, ਜੈਸੇ ‘ਕਿਉਂਕਿ ਇੱਥੇ ਧੂੰਆ ਹੈ (ਧੂੰਆਪਣ
ਦੁਆਰਾ) ਜਿੱਥੇ ਕਿਤੇ ਅੱਗ ਨਹੀ, ਉੱਥੇ ਧੂੰਆ ਨਹੀ, ਜਿਵੇਂ ਸਰੋਵਰ ਵਿਚ।
ਉਦਾਹਰਣ
ਉਦਾਹਰਣ ਇਕ ਸ਼ਬਦ ਹੈ ਜਿਹੜਾ, ਜਦ ਕਿ ਇਹ ਗਿਆਨ ਪੈਦਾ ਕਰਦਾ ਹੈ ਕਿ ਸਾਧ੍ਯ ਨਿਰੰਤਰ
ਹੇਤੁ ਦੇ ਅਧਿਕਰਣ ਵਿਚ ਉਪਸਥਿਤ ਹੈ, ਇਸ ਤੋਂ ਇਕ ਹੋਰ ਗਿਆਨ ਵੀ ਪੈਦਾ ਹੁੰਦਾ ਹੈ ਜੋ
ਉਸ ਵਾਕ ਤੋਂ ਅਰੰਭ ਹੁੰਦਾ ਹੈ ਜਿਹੜਾ ਪਰਾਮਰਸ਼ ਨੂੰ ਪ੍ਰਗਟਾਉਂਦਾ ਹੈ (ਅਰਥਾਤ ਉਪਨਯ
ਵਾਕ, ਪਰਾਮਰਸ਼ ਨੂੰ ਪ੍ਰਗਟਾਉਂਦਾ ਹੈ), ਜੈਸੇ
ਜਿੱਥੇ ਅੱਗ ਹੈ, ਉੱਥੇ ਧੂੰਆ ਹੈ, ਜਿਵੇਂ ਰਸੋਈ ਵਿਚ
ਇਸ ਕਰਕੇ ਇਸ ਪਰਬਤ ‘ਤੇ ਅੱਗ ਹੈ।
ਇੱਥੇ, ‘ਰਸੋਈ ਵਿਚ” ਇਕ ਉਦਾਹਰਣ ਹੈ।
ਉਪਨਯ – ਪ੍ਰਯੋਗ ਜਾਂ ਵਰਤੋਂ
ਉਪਨਯ ਉਹ ਅਵਯਵ ਹੈ ਜਿਹੜਾ ਪਰਾਮਰਸ਼ ਪੈਦਾ ਕਰਦਾ ਹੈ। ਜੈਸੇ, ਜਿੱਥੇ ਅੱਗ ਹੈ ਉੱਥੇ
ਧੂੰਆ ਹੈ, ਇਸ ਪਰਬਤ ਵਿਚ ਵੀ ਧੂੰਆ ਹੈ।
ਨਿਗਮਨ – ਸਿੱਟਾ ਜਾਂ ਨਿਰਣਾ
ਨਿਗਮਨ ਇਕ ਵਾਕ ਹੈ ਜੋ, ਜਦ ਕਿ ਗਿਆਨ ਦਾ ਕਾਰਣ ਬਣਦਾ ਹੈ ਜਿਹੜਾ ਕਿ ਪਰਾਮਰਸ਼ ਨੂੰ
ਪੈਦਾ ਕਰਦਾ ਹੈ, ਅਤੇ ਇਸ ਦੇ ਨਾਲ ਸਾਧ੍ਯ ਦੀ ਉਤਪਤੀ ਵੀ ਕਰਦਾ ਹੈ। ਇਹ ਸਾਧ੍ਯ ਨਾਲ
ਵਿਆਪਤੀ ਸੰਬੰਧ ਦੁਆਰਾ ਅਤੇ ਇਸ ਦੇ ਪਕਸ਼ ਵਿਚ ਹੋਣ ਦੇ ਸਰੂਪ ਦੁਆਰਾ, ਹੇਤੁ ਰਾਹੀ
ਸੰਕੇਤ ਕੀਤਾ ਜਾਂਦਾ ਹੈ। ਜੈਸੇ, 'ਇਸ ਪਰਬਤ ਵਿਚ ਧੂੰਆ ਹੈ, ਜੋ ਅੱਗ ਨਾਲ ਵਿਆਪਤੀ
ਸੰਬੰਧ ਰਾਹੀਂ ਮੇਲ ਰੱਖਦਾ ਹੈ। ਇਸ ਲਈ ਇਸ ਪਰਬਤ ਵਿਚ ਅੱਗ ਹੈ।'
ਹੇਤਵਾਭਾਸ – ਹੇਤੁ
ਦੇ ‘ਦੋਸ਼’ ਜਾਂ ਆਭਾਸ
ਹੇਤਵ ਆਭਾਸ ਜਾਂ ਹੇਤਵਾਭਾਸ ਦੀ ਸਮਾਨ੍ਯ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਗਈ ਹੈ।
ਇਕ ਪੁਰਸ਼ ਕਿਸੇ ਦਲੀਲ ਵਿਚ ਨਿਹਿਤ ਆਭਾਸਾਂ ਨੂੰ ਪਛਾਣ ਕੇ ਸੱਚ ਨੂੰ ਜਾਣ ਸਕਦਾ ਹੈ
ਅਤੇ ਬਹਿਸ ਵਿਚ ਆਪਣੇ ਵਿਰੋਧੀ ਉੱਪਰ ਜਿੱਤ ਹਾਸਲ ਕਰ ਸਕਦਾ ਹੈ। ਇਸ ਤਰ੍ਹਾ ਨਾਲ
ਸਪਸ਼ਟ ਕੀਤੀ ਗਲਤ ਦਲੀਲ ਨੂੰ ਆਭਾਸ ਕਿਹਾ ਜਾਂਦਾ ਹੈ। ਆਭਾਸ, ਅਨੁਮਾਨ ਦੀ ਪ੍ਰਕ੍ਰਿਆ
ਵਿਚ ਇਕ ਕਿਸਮ ਦੀ ‘ਅੜਚਣ’ ਹੁੰਦਾ ਹੈ। ਇਹ ਦੋਸ਼ਪੂਰਣ ਦਲੀਲਬਾਜ਼ੀ ਜਾਂ ਕੁਤਰਕ ਹੈ।
ਆਭਾਸ ਪੰਜ ਕਿਸਮ ਦੇ ਮੰਨੇ ਗਏ ਹਨ: (1) ਸ੍ਵਯਭਿਚਾਰ ਜਾਂ ਅਨੇਕਾਂਤ,
ਅਰਥਾਤ ਅਨਿਸ਼ਚਿਤ ਜਾਂ ਡਾਵਾਂਡੋਲ, (2) ਵਿਰੁੱਧ, ਅਰਥਾਤ ਅਸੰਗਤੀ, (3)
ਸਤ੍ਯਪ੍ਰਤਿਪਕਸ਼ਿਤ, ਜਿਸ ਦੇ ਵਿਰੁੱਧ ਵੈਧ (ਸਹੀ) ਆਪੱਤੀ ਉਠਾਈ ਗਈ ਹੋਵੇ, (4)
ਅਸਿੱਧ, ਜੋ ਸਿੱਧ ਨਾ ਕੀਤਾ ਗਿਆ ਹੋਵੇ, (5) ਬਾਧਿਤ ਅਰਥਾਤ
ਅਢੁਕਵਾਂ ਜਾਂ ਅਸੰਗਤੀ।
ਉਪਰੋਕਤ ਕਿਸਮਾਂ ਵਿਚ ਜੋ ਦੋਸ਼ ਆਉਂਦੇ ਹਨ ਉਹ ਇਸ ਪ੍ਰਕਾਰ
ਹਨ:
- ਵ੍ਯਭਿਚਾਰ, ਅਨਿਸ਼ਚਿਤਤਾ, ਡਾਵਾਡੋਲਪਣ ਜਾਂ
ਭਟਕਣ,
- ਵਿਰੋਧਤਾ, ਖੰਡਨ,
- ਸਤਿਪ੍ਰਤਿਪੱਖ, ਅਥਵਾ ਇਤਰਾਜ਼ਯੋਗ ਜਾਂ ਦਲੀਲ
ਦਾ ਪ੍ਰਤਿਸੰਤੁਲਨ ਕਰਨ ਲਈ ਵਿਰੋਧੀ ਦਲੀਲ ਪੇਸ਼ ਕਰਨੀ।
- ਅਸਿੱਧੀ ਅਰਥਾਤ ਜਿਸ ਵਿਚ ਕੋਈ ਸਬੂਤ ਨਾ
ਹੋਵੇ।
- ਬਾਧਾ ਅਰਥਾਤ ਰੁਕਾਵਟ ਵਾਲਾ ਜਾਂ ਬੇਮੇਲ।
ਸ੍ਵਯਭਿਚਾਰ – ਡਾਵਾਂਡੋਲ ਹੇਤੁ
ਡਾਵਾਂਡੋਲ ਹੇਤੁ ਉਹ ਹੈ ਜਿਸ ਵਿਚ ਇਹੋ ਜਿਹੇ ਦੋ ਵਿਕਲਪ (ਕੋਟਿਦ੍ਵਯ – ਦੋ
ਸਿਰੇ ਜਾਂ ਚਾਰਾ) ਮੌਜੂਦ ਹੁੰਦੇ ਹਨ ਜੋ ਸਾਧ੍ਯ ਬਾਰੇ ਸੰਸਾ ਪੈਦਾ ਕਰਦਾ ਹਨ। ਇਹ
ਦੋਹਾਂ, ਸਾਧ੍ਯ ਅਤੇ ਇਸ ਦੇ ਅਭਾਵ ਵਿਚ ਨਿਰੰਤਰ ਉਪਸਥਿਤ ਜਾਂ ਅਨ-ਉਪਸਥਿਤ ਹੁੰਦਾ
ਹੈ। ਸ੍ਵਭਿਚਾਰ ਹੇਤੁ ਦੀ ਉਪਵੰਡ ਇਸ ਪ੍ਰਕਾਰ ਕੀਤੀ ਗਈ ਹੈ: (1) ਸਾਧਾਰਣ,
ਜੋ ਅਤਿ ਆਮ ਹੈ, (2) ਅਸਾਧਾਰਣ, ਜੋ ਆਮ ਨਾ ਹੋਵੇ, ਅਤੇ (3)
ਅਨਉਪਸੰਹਾਰੀ , ਜੋ ਸੀਮਿਤ ਨਾ ਹੋਵੇ।
ਜਿਹੜਾ ਹੇਤੁ ਸਾਧ੍ਯ ਦੇ ਅਧਿਕਰਣ ਵਿਚ ਵੀ ਅਤੇ ਇਸ ਦੇ
ਅਭਾਵ (ਅਨਉਪਸਥਿਤੀ) ਵਿਚ ਵੀ ਮੌਜੂਦ ਹੋਵੇ ਉਸਨੂੰ ਸਾਧਾਰਣ ਹੇਤੁ
ਕਿਹਾ ਜਾਂਦਾ ਹੈ, ਜੈਸੇ
ਇਸ ਪਰਬਤ ਉੱਪਰ ਧੂੰਆ ਹੈ,
ਕਿਉਂਕਿ ਇੱਥੇ ਅੱਗ ਹੈ।
ਇੱਥੇ “ਅੱਗ” ਧੂੰਏ ਦੇ ਖੇਤ੍ਰ ਵਿਚ ਵੀ (ਜਿਵੇ ਰਸੋਈ
ਵਿਚ) ਅਤੇ ਧੂੰਏ ਦੀ ਅਨ-ਉਪਸਥਿਤੀ (ਜੈਸੇ ਲੋਹੇ ਦੀ ਅੱਗ) ਵਿਚ ਵੀ ਮੌਜੂਦ ਹੈ।
ਅਸਾਧਾਰਣ ਹੇਤੁ ਉਸ ਹੇਤੁ ਨੂੰ ਕਿਹਾ
ਜਾਂਦਾ ਹੈ, ਜੇ ਉਹ ਨਾ ਤਾਂ ਸਾਧ੍ਯ ਦੇ ਅਧਿਕਰਣ ਵਿਚ ਅਤੇ ਨਾ ਹੀ ਇਸ ਦੀ
ਅਨ-ਉਪਸਥਿਤੀ (ਅਭਾਵ) ਵਿਚ ਮੌਜੂਦ ਹੋਵੇ, ਜੈਸੇ
ਇਸ ਪਰਬਤ ਉੱਪਰ ਅੱਗ ਹੈ,
ਕਿਉਂਕਿ ਇਸ ਉੱਪਰ ਅਕਾਸ਼ ਹੈ।
ਇੱਥੇ ‘ਅਕਾਸ਼’ ਨੂੰ ਹੇਤੁ ਦੱਸਿਆ ਗਿਆ ਹੈ ਜਿਸ ਦਾ ਕੋਈ
ਅਧਿਕਰਣ ਨਹੀ ਹੈ। ਅਕਾਸ਼ ਨਾ ਤਾਂ ਅੱਗ ਦੇ ਅਧਿਕਰਣ ਵਿਚ ਅਤੇ ਨਾ ਹੀ ਅੱਗ ਦੀ
ਗੈਰਹਾਜ਼ਰੀ ਵਿਚ ਮੌਜੂਦ ਹੈ। ਇਸ ਲਈ ਇਹ ਦਲੀਲ ਗਲਤ ਹੈ।
ਉਸ ਹੇਤੁ ਨੂੰ ਅਨਉਪਸੰਹਾਰੀ ਕਿਹਾ ਜਾਂਦਾ
ਹੈ ਜੋ ਸਾਕਾਰਾਤਮਕ ਜਾਂ ਨਕਾਰਾਤਮਕ ਉਦਾਹਰਣ ਤੋਂ ਵਿਹੂਣਾ ਹੋਵੇ। ਜੈਸੇ,
ਸਭ ਚੀਜ਼ਾਂ ਅਨਿੱਤ ਹਨ,
ਕਿਉਂਕਿ ਉਹ ਜਾਣਨਯੋਗ ਹਨ।
ਇੱਥੇ ਕੋਈ ਉਦਾਹਰਣ ਨਹੀ ਦਿੱਤੀ ਜਾ ਸਕਦੀ ਕਿਉਂਕਿ “ਸਭ
ਚੀਜ਼ਾਂ” ਵਿਚ ਸਮੁੱਚਾ ਸੰਸਾਰ ਆ ਜਾਂਦਾ ਹੈ। ਅਤੇ ਕੋਈ ਉਦਾਹਰਣ ਇਸ ਤਰਕ ਲਈ ਫਜ਼ੂਲ
ਹੋਵੇਗੀ ਅਤੇ ਇਸ ਦਲੀਲ ਨੂੰ ਸਾਬਤ ਕਰਨ ਤੋਂ ਅਸਮਰਥ ਵੀ ਹੋਵੇਗੀ।
ਵਿਰੁੱਧ – ਅਸੰਗਤੀ ਹੇਤੁ
‘ਵਿਰੁੱਧ’ ਹੇਤੁ ਉਹ ਹੈ ਜੋ ਉਸ ਅਭਾਵ ਦਾ ਪ੍ਰਤਿਯੋਗਿਨ ਹੋਵੇ ਜੋ ਨਿਰੰਤਰ
ਸਾਧ੍ਯ ਦੇ ਸੰਗ ਹੁੰਦਾ ਹੈ, ਜੈਸੇ
ਉਸ ਪਰਬਤ ਉੱਪਰ ਅੱਗ ਹੈ,
ਕਿਉਂਕਿ ਉੱਥੇ ਪਾਣੀ ਹੈ।
ਇੱਥੇ ਪੇਸ਼ ਕੀਤਾ ਕਾਰਣ ‘ਵਿਰੁੱਧ’ ਹੈ, ਕਿਉਂਜੋ ਪਾਣੀ,
ਪਾਣੀ ਦੇ ਅਭਾਵ ਦਾ ਪ੍ਰਤਿਯੋਗਿਨ ਹੈ ਅਤੇ ‘ਪਾਣੀ ਦਾ ਅਭਾਵ’ ਅੱਗ ਨਾਲ ਨਿਰੰਤਰ ਸੰਗੀ
ਹੈ। ਜਿੱਥੇ ਅੱਗ ਹੈ ਉੱਥੇ ਪਾਣੀ ਨਹੀ। ਅਰਥਾਤ ਅੱਗ ਅਤੇ ਪਾਣੀ ਪਰਸਪਰ ਵਿਰੋਧੀ ਹਨ;
ਇਕ, ਦੂਸਰੇ ਦਾ ਪ੍ਰਤਿਬੰਧਿਤ ਜਾਂ ਵਰਜਿਤ ਹੈ।
‘ਵਿਰੋਧੀ’ ਦੀ ਪਰਿਭਾਸ਼ਾ ਇਸ ਪ੍ਰਕਾਰ ਵੀ ਦਿੱਤੀ ਜਾ ਸਕਦੀ ਹੈ ਕਿ ਇਹ ਉਹ ਹੇਤੁ ਹੈ
ਜੋ ਨਿਰੰਤਰ 'ਸਾਧ੍ਯ ਦੇ ਅਭਾਵ' ਦੇ ਸੰਗ ਹੁੰਦਾ ਹੈ।
ਸਤਿਪ੍ਰਤਿਪਕਸ਼ਤਾ – ਸਤਿਪ੍ਰਤਿਪੱਖ
ਹੇਤੁ
ਜੇਕਰ, ਸਾਧ੍ਯ ਦੀ ਹੋਂਦ ਨੂੰ ਸਥਾਪਤ ਕਰਨ ਦੇ ਪਰਾਮਰਸ਼ ਵੇਲੇ ਕਿਸੇ ਹੋਰ ਹੇਤੁ ਦਾ
ਪਰਾਮਰਸ਼ ਕੀਤਾ ਜਾਵੇ ਜੋ ਸਾਧ੍ਯ ਦੀ ਅਣਹੋਂਦ ਨੂੰ ਸਥਾਪਤ ਕਰਦਾ ਹੋਵੇ ਤਾਂ ਐਸੇ ਹੇਤੁ
ਨੂੰ ਸਤਿਪ੍ਰਤਿਪੱਖ ਹੇਤੁ ਕਿਹਾ ਜਾਂਦਾ ਹੈ – ਅਸਲ ਵਿਚ ਇਹ ਦੋਨੋ
ਹੇਤੁ ਹੀ ਸਤਿਪ੍ਰਤਿਪੱਖ ਅਖਵਾਉਂਦੇ ਹਨ, ਜੈਸੇ
ਸ਼ਬਦ ਨਿੱਤ ਹੈ, ਕਿਉਂਕਿ ਇਹ ਸੁਣਨਯੋਗ ਹੈ ਹੇਤੁ 1
ਸ਼ਬਦ ਅਨਿੱਤ ਹੈ, ਕਿਉਂਕਿ ਇਹ ਇਕ ਉਤਪਾਦਨ ਹੈ ਹੇਤੁ 2
ਉਪਰਲੀਆਂ ਦੋਵੇਂ ਉਦਾਹਰਣਾਂ ਤੋਂ ਸਪਸ਼ਟ ਹੈ ਕਿ ਇਨ੍ਹਾਂ
ਵਿਚ ‘ਅਨੁਮਾਨ’ ਦਾ ਕੋਈ ਆਧਾਰ ਨਹੀ ਹੈ। ਇਕ ਹੇਤੁ ਦੇ ਆਧਾਰ ‘ਤੇ ਅਨੁਮਾਨ ਉੱਨਾ ਹੀ
ਤਰਕਸਿੱਧ ਹੈ ਜਿੱਨਾ ਕਿ ਦੂਸਰੇ ਦੇ ਆਧਾਰ ‘ਤੇ। ਦੋਵੇਂ ਦਲੀਲਾਂ ਇਕ ਦੂਸਰੀ ਨੂੰ
ਨਿਰਪ੍ਰਭਾਵੀ (ਬੇਅਸਰ) ਬਣਾਉਂਦੀਆਂ ਹਨ।
ਅਸਿੱਧ –ਅਣਸਾਬਤ ਹੇਤੁ
ਅਸਿੱਧ ਹੇਤੁ ਤਿੰਨ ਪ੍ਰਕਾਰ ਦਾ ਹੈ: (1) ਆਸ਼੍ਰਯਅਸਿੱਧ, ਜਿਹੜਾ ਆਪਣੇ ਆਸਰੇ
(ਅਧਿਕਰਣ ਜਾਂ ਵਿਸ਼ਾ) ਦੇ ਲਿਹਾਜੋਂ ਅਸਿੱਧ ਹੋਵੇ, (2) ਸਵੈਰੂਪਅਸਿੱਧ, ਜੋ
ਆਪਣੇ ਸਵੈਰੂਪ ਜਾਂ ਪ੍ਰਕ੍ਰਿਤੀ ਦੇ ਲਿਹਾਜੋਂ ਅਸਿੱਧ ਹੋਵੇ, (3)
ਵ੍ਯਾਪਿਤਵਅਸਿੱਧ (ਵਿਆਪਿਆਤਵਅਸਿੱਧ) ਜੋ ਵਿਆਪਤੀ (ਸਾਥ) ਦੇ ਲਿਹੋਜੋਂ
ਅਸਿੱਧ ਹੋਵੇ।
(1) ਇਕ ਹੇਤੁ ਆਪਣੇ ਆਸ਼੍ਰਯਅਸਿੱਧ
ਅਧਿਕਰਣ ਦੇ ਲਿਹਾਜ ਤੋਂ ਅਸਿੱਧ ਕਿਹਾ ਜਾਂਦਾ ਹੈ ਜੇਕਰ ਅਧਿਕਰਣ ਦੇ ਵੱਖਰੇਪਣ ਦੀ
ਖਾਸੀਅਤ ਹੇਤੁ ਦੀ ਖਾਸੀਅਤ ਨਹੀ ਹੈ, ਜੈਸੇ
ਇਸ ਸੁਨਿਹਰੀ ਪਰਬਤ ਉੱਪਰ ਅੱਗ ਹੈ,
ਕਿਉਂਕਿ ਇਸ ਉੱਪਰ ਧੂੰਆ ਹੈ।
ਇੱਥੇ “ਧੂੰਆ” ਅਸਿੱਧ (ਬੇਸਬੂਤ) ਹੇਤੁ ਹੈ ਕਿਉਂਕਿ ਪਰਬਤ
ਦੇ ਸੁਨਿਹਰੀਪਣ ਦੇ ਲਿਹਾਜੋਂ ਇਹ ਅਵਾਸਤਵਿਕ ਹੈ। ਸੁਨਿਹਰੀਪਣ ਪਰਬਤ ਦੀ ਵਿਸ਼ੇਸ਼ਤਾ
ਨਹੀ ਹੈ।
(2) ਸਵੈਰੂਪਅਸਿੱਧ ਉਹ ਹੇਤੁ ਹੈ ਜੇਕਰ ਇਹ ਪੱਖ ਦੇ ਅਧਿਕਰਣ ਵਿਚ
ਮੌਜੂਦ ਨਹੀ ਹੈ। ਜੈਸੇ,
ਸਰੋਵਰ ਵਿਚ ਅੱਗ ਹੈ,
ਕਿਉਂਕਿ ਇਸ ਵਿਚ ਧੂੰਆ ਹੈ।
ਇੱਥੇ ਹੇਤੁ ਬੇਸਬੂਤ ਹੈ ਕਿਉਂਕਿ ਧੂੰਆ ਆਪਣੇ ਸਰੂਪ ਦੇ
ਲਿਹਾਜੋਂ ਸਰੋਵਰ ਵਿਚ ਮੌਜੂਦ ਨਹੀ ਹੈ।
(3) ਵਿਆਪਿਆਤਵਅਸਿੱਧ ਉਹ ਹੇਤੁ ਹੈ ਜੋ ਇਸ ਦਾ ਸਮਾਨ੍ਯ
ਸਰੂਪ ਸਾਧ੍ਯ ਨਾਲ ਵਿਆਪਤੀ ਸੰਬੰਧ ਸਥਾਪਤ ਕਰਨ ਦੇ ਕਾਬਲ ਨਹੀ ਹੈ। ਇਸ ਦੀ ਉਪਵੰਡ ਇਸ
ਪ੍ਰਕਾਰ ਹੈ;
(ੳ) ਸਾਧ੍ਯਅਸਿੱਧੀ – ਸਾਧ੍ਯ ਦੇ ਲਿਹਾਜੋਂ
ਬੇਸਬੂਤ। ਇਹ ਉਸ ਵੇਲੇ ਵਾਪਰਦਾ ਹੈ ਜਦੋਂ ਕਿਸੇ ਪਦ ਨਾਲ ਬੇਫਜ਼ੂਲ ਵਿਸ਼ੇਸ਼ਣ ਲਗਾ
ਦਿੱਤਾ ਗਿਆ ਹੋਵੇ, ਜੈਸੇ
ਇਸ ਪਰਬਤ ਉੱਪਰ ਸੁਨਿਹਰੀ ਅੱਗ ਹੈ,
ਕਿਉਂਕਿ ਇੱਥੇ ਧੂੰਆ ਹੈ।
ਇੱਥੇ “ਸੁਨਿਹਰੀ” ਵਿਸੇਸ਼ਣ ਬੇਅਰਥ ਹੈ।
(ਅ) ਹੇਤਵਅਸਿੱਧੀ – ਹੇਤਵ ਦੇ ਲਿਹਾਜੋਂ ਬੇਸਬੂਤ। ਇਹ ਉਦੋਂ ਵਾਪਰਦਾ ਹੈ
ਜਦੋਂ ਹੇਤੁ ਨਾਲ ਬੇਫਜ਼ੂਲ ਵਿਸੇਸ਼ਣ ਲਗਾ ਦਿੱਤਾ ਗਿਆ ਹੋਵੇ, ਜੈਸੇ
ਇਸ ਪਰਬਤ ਉੱਪਰ ਅੱਗ ਹੈ,
ਕਿਉਂਕਿ ਇੱਤੇ ਨੀਲਾ ਧੂੰਆ ਹੈ।
ਇੱਥੇ “ਨੀਲਾ” ਬੇਅਰਥ ਹੈ।
(ੲ) ਵਿਆਪਤੀਅਸਿੱਧੀ – ਵਿਆਪਤੀ ਦੇ ਲਿਹਾਜੋਂ ਬੇਸਬੂਤ। ਇਹ ਉਦੇਂ ਵਾਪਰਦਾ
ਹੈ ਜਦੋਂ ਹੇਤੁ ਨਾਲ ਕੋਈ ਉਪਾਧੀ ਜੋੜ ਦਿੱਤੀ ਗਈ ਹੋਵੇ, ਜੈਸੇ
ਪਰਬਤ ਉੱਪਰ ਧੂੰਆ ਹੈ,
ਕਿਉਂਕਿ ਇੱਥੇ ਸਿੱਲ੍ਹੇ ਬਾਲਣ ਦੀ ਅੱਗ ਹੈ।
ਇੱਥੇ “ਸਿੱਲ੍ਹੇ ਬਾਲਣ” ਦੀ ਉਪਾਧੀ ਅੱਗ (ਹੇਤੁ) ਨਾਲ
ਜੋੜੀ ਗਈ ਹੈ।
ਬਾਧਿਤ – ਅਢੁਕਵਾਂ ਹੇਤੁ
ਬਾਧਿਤ ਹੇਤੁ ਉਦੋਂ ਵਾਪਰਦਾ ਹੈ ਜਦੋਂ ਇਹ ਪਤਾ ਹੋਵੇ ਕਿ ਸਾਧ੍ਯ, ਜੋ ਪੱਖ ਨੂੰ ਨੀਯਤ
ਕੀਤਾ ਗਿਆ ਹੈ, ਅਸਲ ਵਿਚ ਇਸ ਵਿਚ ਮੌਜੂਦ ਨਹੀ ਹੈ, ਜੈਸੇ
ਅੱਗ ਠੰਡੀ ਹੈ,
ਕਿਉਂਕਿ ਇਹ ਵਸਤੁ ਹੈ।
ਇੱਥੇ ‘ਅੱਗ’ ਅਤੇ ‘ਠੰਡੀ’ ਪਰਸਪਰ ਬਾਧਿਤ ਹਨ।
ਬਾਧਿਤ ਹੇਤੁ ਦਸ ਕਿਸਮ ਦਾ ਹੈ, ਜੋ ਨਿਮਨਲਿਖਤ
ਪਰਿਸਥੀਤੀਆਂ ਵਿਚ ਪਾਇਆ ਜਾਂਦਾ ਹੈ:
(1) ਜਦੋਂ ਪੱਖ, ਪ੍ਰਤਿਅਕਸ਼ ਨਾਲ ਅਸੰਗਤ
(ਵਿਰੋਧਕ) ਹੋਵੇ (ਪਕਸ਼ਾਹਾ ਪ੍ਰਤਿਅਕਸ਼ ਬਾਧਿਤਾਹਾ), ਜੈਸੇ
ਇਹ ਘੜਾ ਸਰਵਵਿਆਪਕ ਹੈ,
ਕਿਉਂਕਿ ਇਸ ਦੀ ਹੋਂਦ ਹੈ।
ਇੱਥੇ ਘੜੇ ਦੀ ਹੋਂਦ ਉਸ ਦੀ ਸਰਵ ਵਿਆਪਕਤਾ ਦਾ ਕਾਰਣ ਨਹੀ
ਹੈ।
(2) ਜਦੋਂ ਪੱਖ ਅਨੁਮਾਨ ਨਾਲ ਅਸੰਗਤ ਹੋਵੇ (ਪਕਸ਼ਾਹਾ
ਅਨੁਮਾਨ ਬਾਧਿਤਾਹਾ), ਜੈਸੇ
ਇਕ ਪਰਮਾਣੂ ਦੇ ਅੰਸ਼ ਹੁੰਦੇ ਹਨ,
ਕਿਉਂਕਿ ਇਸ ਦਾ ਰੂਪ ਹੁੰਦਾ ਹੈ।
ਅਸਲ ਵਿਚ ਪਰਮਾਣੂ ਦਾ ਨਾ ਰੂਪ ਅਤੇ ਨਾ ਹੀ ਅੰਸ਼ ਹੁੰਦੇ
ਹਨ।
(3) ਜਦੋਂ ਪੱਖ ਸ਼ਾਬਦਿਕ ਸਬੂਤ (ਸ਼ਾਸਤਰਾਂ) ਨਾਲ
ਅਸੰਗਤ ਹੋਵੇ (ਪਕਸ਼ਾਹਾ ਸ਼ਬਦ ਬਾਧਿਤਾਹਾ), ਜੈਸੇ
ਸੁਨਿਹਰੀ ਪਰਬਤ (ਮੇਰੁ) ਪਥਰੀਲਾ ਹੈ,
ਕਿਉਂਕਿ ਇਹ ਪਰਬਤ ਹੈ।
ਪ੍ਰਾਚੀਨ ਪੁਰਾਣਾਂ ਵਿਚ ਕਿਤੇ ਵੀ ਇਹ ਨਹੀ ਕਿਹਾ ਗਿਆ ਕਿ
ਮੇਰੁ ਪਰਬਤ ਪਥਰੀਲਾ ਹੈ।
(4) ਜਦੋਂ ਪੱਖ ਉਸ ਪ੍ਰਤਿਅਕਸ਼ ਨਾਲ ਅਸੰਗਤ ਹੋਵੇ
ਜੋ ਸਾਧ੍ਯ ਦੇ ਪ੍ਰਤਿਯੋਗਿਨ ਨੂੰ ਸਥਾਪਤ ਕਰਦਾ ਹੈ (ਪਕਸ਼ਾਹਾ ਸਾਧ੍ਯ-ਪ੍ਰਤਿਯੋਗੀ
ਬਾਧਿਤਾਹਾ), ਜੈਸੇ
ਅੱਗ ਅਣ-ਗਰਮ ਹੈ,
ਕਿਉਂਕਿ ਇਹ ਉਤਪਾਦਨ ਹੈ।
ਇੱਥੇ ‘ਅਣ-ਗਰਮ’ ਹੋਣਾ (ਅੱਗ ਦਾ) ਪ੍ਰਤਿਅਕਸ਼ ਦੇ ਅਸੰਗਤ
ਹੈ ਕਿਉਂਕਿ ਪ੍ਰਤੱਖਣ ਨਿਰੰਤਰ ਇਹ ਹੀ ਦੱਸਦਾ ਹੈ ਕਿ ਅੱਗ ਗਰਮ ਹੈ। {ਅੱਗ – ਪੱਖ,
ਅਣਗਰਮ – ਸਾਧ੍ਯ, ਉਤਪਾਦਨ – ਹੇਤੁ}
(5) ਜਦੋਂ ਪੱਖ ਉਸ ਅਨੁਮਾਨ ਨਾਲ ਅਸੰਗਤ ਹੋਵੇ
ਜੋ ਸਾਧ੍ਯ ਦੇ ਪ੍ਰਤਿਯੋਗਿਨ ਨੂੰ ਸਥਾਪਤ ਕਰਦਾ ਹੋਵੇ (ਪਕਸ਼ਾਹਾ ਸਾਧ੍ਯ
ਪ੍ਰਤਿਯੋਗਅਨੁਮਾਨ ਬਾਧਿਤਾਹਾ), ਜੈਸੇ
ਸ਼ਬਦ ਅਣ-ਸੁਣਨਯੋਗ ਹੈ,
ਕਿਉਂਕਿ ਇਹ ਗੁਣ ਹੈ (ਅਕਾਸ਼ ਦਾ)।
ਇੱਥੇ ‘ਅਣ-ਸੁਣਨਯੋਗ’ ਅਸੰਗਤ ਹੈ ਕਿਉਂਕਿ ਸ਼ਬਦ ਸੁਣਨਯੋਗ
ਹੈ।
(6) ਜਦੋਂ ਪੱਖ ਉਪਮਾਨ ਨਾਲ ਅਸੰਗਤ ਹੋਵੇ ਜੋ
ਸਾਧ੍ਯ ਦੇ ਪ੍ਰਤਿਯੋਗਿਨ ਨੂੰ ਸਥਾਪਤ ਕਰਦਾ ਹੋਵੇ (ਪਕਸ਼ਾਹਾ ਸਾਧ੍ਯ
ਪ੍ਰਤਿਯੋਗੀਉਪਮਾਨ ਬਾਧਿਤਾਹਾ), ਜੈਸੇ
ਸੰਢਾਪਣ ਦਾ ਭਾਵਾਰਥ ਸੰਢਾ ਨਹੀ ਹੈ,
ਕਿਉਂਕਿ ਇਹ ਸਮਾਨ੍ਯ ਸੰਕਲਪ ਹੈ।
(7) ਜਦੋਂ ਪੱਖ ਉਸ ਸਬੂਤ ਨਾਲ ਅਸੰਗਤ ਹੋਵੇ
ਜਿਹੜਾ ਸਾਧ੍ਯ ਨੂੰ ਸਥਾਪਤ ਕਰਨ ਵਾਲੇ ਸਬੂਤ ਨਾਲ ਸਦ੍ਰਿਸ਼ ਹੈ (ਪਕਸ਼ਾਹਾ
ਸਾਧ੍ਯ-ਗ੍ਰਹਿਕ-ਪ੍ਰਮਾਣ-ਜਾਤੀ ਪ੍ਰਮਾਣ ਵਿਰੁੱਧਾਹਾ), ਜੈਸੇ
ਇਕ ਮਿਰਤਕ ਪੁਰਸ਼ ਦੀ ਖੋਪਰੀ ਸ਼ੁੱਧ ਹੈ,
ਕਿਉਂਕਿ ਇਹ ਇਕ ਜੀਵਆਤਮਾ ਦਾ ਅੰਗ ਸੀ, ਜਿਵੇਂ ਸੰਖ
(ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਇਕ ਸੰਖ ਸ਼ੁੱਧ ਹੈ
ਪ੍ਰੰਤੂ ਇਕ ਮਿਰਤਕ ਦੀ ਖੋਪਰੀ ਸ਼ੁੱਧ ਨਹੀ ਹੈ)
(8) ਜਦੋਂ ਪੱਖ ਉਸ ਪ੍ਰਤਿਅਕਸ਼ ਨਾਲ ਅਸੰਗਤ ਹੋਵੇ
ਜਿਹੜਾ ਹੇਤੁ ਨੂੰ ਸਥਾਪਤ ਕਰਦਾ ਹੈ (ਪਕਸ਼ਾਹਾ ਹੇਤੁ ਗ੍ਰਹਿਕ ਪ੍ਰਤਿਅਕਸ਼
ਬਾਧਿਤਾਹਾ), ਜੈਸੇ
ਪਾਣੀ ਅਤੇ ਵਾਯੂ ਗਰਮ ਹਨ,
ਕਿਉਂਕਿ ਇਨ੍ਹਾਂ ਵਿਚ ਛੋਹ ਹੈ, ਮਿੱਟੀ ਵਾਂਗ ਨਹੀ
ਇੱਥੇ ਪਾਣੀ ਅਤੇ ਵਾਯੂ ਇਸ ਕਰਕੇ ਗਰਮ ਨਹੀ ਹਨ ਕਿ ਉਨ੍ਹਾ
ਨੂੰ ਛੋਹਿਆ ਜਾ ਸਕਦਾ ਹੈ।
(9) ਜਦੋਂ ਪੱਖ ਉਸ ਅਨੁਮਾਨ ਨਾਲ ਅਸੰਗਤ ਹੋਵੇ ਜਿਹੜਾ
ਹੇਤੁ ਨੂੰ ਸਥਾਪਤ ਕਰਦਾ ਹੈ (ਪਕਸ਼ਾਹਾ ਹੇਤੁ ਗ੍ਰਹਿਕਅਨੁਮਾਨ ਬਾਧਿਤਾ),
ਜੈਸੇ
ਮਨ ਸਰਵ-ਵਿਆਪੀ ਹੈ,
ਕਿਉਂਕਿ ਇਹ ਉਸ ਸੰਯੋਗ ਦਾ ਸਥਾਨ ਹੈ ਜੋ ਗਿਆਨ ਦਾ ਅਣ-ਸਹਿਭਾਵੀ ਕਾਰਣ ਹੈ।
(10) ਜਦੋਂ ਪੱਖ ਉਸ ਸ਼ਾਬਦਿਕ ਸਬੂਤ ਨਾਲ ਅਸੰਗਤ ਹੋਵੇ ਜੋ
ਹੇਤੁ ਨੂੰ ਸਥਾਪਤ ਕਰਦਾ ਹੈ (ਪਕਸ਼ਾਹਾ ਹੇਤੁ-ਗ੍ਰਹਿਕ ਸ਼ਬਦ ਬਾਧਿਤਾਹਾ),
ਜੈਸੇ
ਰਾਜਸੂਇ ਯਗ ਬ੍ਰਹਮਣਾਂ ਨੂੰ ਕਰਨਾ ਚਾਹੀਦਾ ਹੈ,
ਕਿਉਂਕਿ ਇਸ ਨਾਲ ਸਵਰਗ ਵਿਚ ਜਿੱਤ ਪ੍ਰਾਪਤ ਹੁੰਦੀ ਹੈ।
(ਸ਼ਬਦਪ੍ਰਮਾਣ ਦੀ ਪਰੰਪਰਾ ਅਨੁਸਾਰ ਰਾਜਸੂਇ ਯਗ ਸਿਰਫ
ਖੱਤਰੀਆਂ ਦਾ ਕਰਤੱਵ ਹੈ ਬ੍ਰਹਮਣਾਂ ਦਾ ਨਹੀ)
ਈਸ਼ਵਰਅਨੁਮਾਨਮ
ਅਨੁਮਾਨ ਰਾਹੀਂ ਅਸੀ ਸਮੁੱਚੀ ਸ੍ਰਿਸ਼ਟੀ (ਬ੍ਰਹਿਮੰਡ) ਦੇ ਕਰਤਾ, ਈਸ਼ਵਰ, ਦੀ ਹੋਂਦ
ਨੂੰ ਸਾਬਤ ਕਰ ਸਕਦੇ ਹਾਂ। ਇਸ ਮਨੋਰਥ ਲਈ ਜੋ ਅਨੁਮਾਨ ਪੇਸ਼ ਕੀਤਾ ਗਿਆ ਹੈ, ਇਸ
ਪ੍ਰਕਾਰ ਹੈ,
ਸ੍ਰਿਸ਼ਟੀ ਦਾ ਕਰਤਾ ਹੈ,
ਕਿਉਂਕਿ ਇਹ ਉਤਪਾਦਨ ਹੈ, ਘੜੇ ਵਾਂਗ
ਇਕ ਉਤਪਾਦਨ ਦੇ ਕਾਰਣ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਜਾ
ਸਕਦੀ ਹੈ:
(1) ਕਰਤਾ ਨੂੰ ਉਤਪਾਦਨ ਲਈ ਵਰਤੇ ਜਾਣ ਵਾਲੇ
ਭੌਤਿਕ ਪਦਾਰਥਾਂ ਦਾ ਪ੍ਰਤੱਖ ਗਿਆਨ ਹੋਣਾ ਜ਼ਰੂਰੀ ਹੈ,
(2) ਕਰਤਾ ਦੇ ਮਨ ਵਿਚ ਉਤਪਾਦਨ ਬਣਾਉਣ ਲਈ ਇੱਛਾ ਹੋਣੀ ਜ਼ਰੂਰੀ ਹੈ, ਅਤੇ
(3) ਬਣਾਉਣ ਦਾ ਕ੍ਰਮ।
ਮਿਸਾਲ ਵਜੋਂ ਇਕ ਘੜਾ (ਮਟਕਾ) ਬਣਾਉਣ ਲਈ, ਇਕ ਇਕ
ਘੁਮਿਆਰ ਵਿਚ; (1) ਘੜੇ ਦੀ ਬਣਤਰ ਦਾ ਪ੍ਰਤੱਖ ਗਿਆਨ, (2) ਘੜਾ ਬਣਾਉਣ ਦੀ ਇੱਛਾ,
ਅਤੇ (3) ਘੜਾ ਬਣਾਉਣ ਦੀ ਕ੍ਰਿਆ ਜਾਂ ਕੰਮ, ਇਹ ਤਿੰਨੇ ਕਾਰਣ ਮੌਜੂਦ ਹਨ।
ਇਸੇ ਤਰ੍ਹਾ ਦੋਅੰਗੀ ਅਣੁਕ ਯੋਗਿਕ (ਦ੍ਵਯਣੁਕ) ਬਣਾਉਣ
ਲਈ; (1) ਕਰਤਾ ਦੁਆਰਾ ਅਣੂਆਂ ਬਾਰੇ ਪ੍ਰਤੱਖ ਗਿਆਨ, (2) ਦ੍ਵਯਣੁਕ ਬਣਾਉਣ ਦੀ
ਇੱਛਾ, ਅਤੇ (3) ਬਣਾਉਣ ਦੀ ਕ੍ਰਿਆ, ਇਹ ਤਿੰਨੇ ਕਾਰਣ ਮੌਜੂਦ ਹਨ।
ਇਹ ਅਣੂ ਪਰਾ-ਇੰਦ੍ਰਿਆਵੀ ਜਾਂ ਅਗੋਚਰ
ਹਨ, ਅਰਥਾਤ ਇਨ੍ਹਾਂ ਦਾ ਪੁਰਸ਼ ਨੂੰ ਗਿਆਨ ਇੰਦ੍ਰੀਆਂ ਦੁਆਰਾ ਨਹੀ ਹੋ ਸਕਦਾ। ਦੂਜੇ
ਸ਼ਬਦਾਂ ਵਿਚ ਅਣੂਆਂ ਦਾ ਗਿਆਨ ਮਾਨਵ ਮਨ ਦੀ ਬੌਧਿਕ ਸਮਰਥਾ ਤੋਂ ਬਾਹਰ ਹੈ। ਇਸ ਲਈ
ਦ੍ਵਣੁਕ ਨੂੰ ਬਣਾਉਣ ਵਾਲਾ ਕਰਤਾ ਪੁਰਸ਼ ਨਹੀ ਪ੍ਰੰਤੂ ਈਸ਼ਵਰ ਹੀ ਹੋ ਸਕਦਾ ਹੈ।
ਉਪਮਾਨ ਖੰਡ
ਇਕ ਆਦਮੀ ਜੋ ‘ਮੱਝ’ ਬਾਰੇ ਕੁਝ ਨਹੀ ਜਾਣਦਾ ਤਾਂ ਕਿਸੇ ਸਿਆਣੇ ਤੋਂ ਇਹ ਸੁਣਕੇ ਕਿ
‘ਮੱਝ’ ਇਕ ਗਊ ਵਰਗਾ ਜਾਨਵਰ ਹੈ, ਜੰਗਲ ਵਿਚ ਗਊ ਵਰਗਾ ਜਾਨਵਰ ਦੇਖਦਾ ਹੈ। ਸਿਆਣੇ ਦੀ
ਵਿਆਖਿਆ ਨੂੰ ਯਾਦ ਕਰਕੇ ਉਹ ਸਾਹਮਣੇ ਦਿਸਦੇ ਜਾਨਵਰ ਨਾਲ ਤੁੱਲਨਾ ਕਰਕੇ ਇਸ ਨਤੀਜੇ
‘ਤੇ ਪਹੁੰਚਦਾ ਹੈ ਕਿ ਜਿਹੜਾ ਜਾਨਵਰ ਉਹ ਦੇਖ ਰਿਹਾ ਹੈ, ‘ਮੱਝ’ ਹੀ ਹੈ। ਇਸ ਤੁਲਨਾ
ਨੂੰ ‘ਉਪਮਾਨ’ ਕਿਹਾ ਜਾਂਦਾ ਹੈ। ਇਹ ‘ਮੱਝ’ ਅਤੇ ‘ਗਊ’ ਦੀ ਸਮਰੂਪਤਾ ਦਾ ਗਿਆਨ ਹੈ।
ਇਸ ਗਿਆਨ ਨੂੰ ਪ੍ਰਾਪਤ ਕਰਨ ਦੀ ਸਮੁੱਚੀ ਪ੍ਰਕਿਰਿਆ ਦਾ ਨਾਮ ਉਪਮਾਨ ਹੈ। ਇਸ ਕਾਰਜ
ਜਾਂ ਵ੍ਯਾਪਾਰ ਵਿਚ ਪਹਿਲਾਂ ਸਿੱਖੀ ਚੀਜ਼ ਦਾ ਚਿਤਵਣ (ਚੇਤੇ ਕਰਨਾ) ਜ਼ਿਆਦਾ ਮਹੱਤਵ
ਹੈ।
ਉਪਮਾਨ ਦੁਆਰਾ ਪ੍ਰਾਪਤ ਕੀਤਾ ਹੋਇਆ ਗਿਆਨ ਅਰਥਾਤ
ਉਪਮਿਤੀ, ‘ਨਾਮ’ ਅਤੇ ‘ਨਾਮੀ’ ਦੇ ਆਪਸੀ ਸੰਬੰਧ ਨੂੰ ਪ੍ਰਟਾਉਂਦਾ ਹੈ।
ਮੀਮਾਂਸਕਾਂ ਦੇ ਮਤ ਅਨੁਸਾਰ ਸਾਦ੍ਰਿਸ਼ (ਸਮਰੂਪਤਾ) ਇਕ
ਵੱਖਰਾ ਪਦਾਰਥ ਹੈ ਜੋ ਵੈਸ਼ੇਸ਼ਕਾਂ ਦੇ ਸੱਤ ਪਦਾਰਥਾਂ ਵਿਚ ਸ਼ਾਮਲ ਨਹੀ ਹੈ। ਉਨ੍ਹਾਂ ਦਾ
ਦਾਅਵਾ ਹੈ ਕਿ ‘ਮੱਝ’ ਸ਼ਬਦ ਦੀ ਮਹੱਤਤਾ ਸਿਰਫ ਇਸੇ ਵਿਚ ਹੈ ਕਿ ਇਹ ਜਾਨਵਰ ‘ਗਊ’
ਵਰਗਾ ਹੈ। ਗੰਗੇਸ਼ ਇਸ ਮਤ ਦਾ ਵਿਰੋਧ ਕਰਦੇ ਹੋਏ ਇਸ ਨੂੰ ਬੇਢੰਗਾ ਕਹਿੰਦੇ ਹਨ। ਇਕ
ਚੀਜ਼ ਦੂਜੀ ਦੇ ਸਾਦ੍ਰਿਸ਼ ਤਦ ਹੀ ਕਹੀ ਜਾਂਦੀ ਹੈ ਜੇ ਉਹ ਆਪਣਾ ਵਿਸੇਸ਼ ਗੁਣ ਰੱਖਦੀ
ਹੋਈ, ਦੂਜੀ ਤੋਂ ਸਮਾਨ੍ਯ ਸਰੂਪ ਵਿਚ ਭਿੰਨ ਹੋਵੇ। ਸਾਦ੍ਰਿਸ਼ ਦੀ ਪਰਿਭਾਸ਼ਾ ਦੇ ਆਧਾਰ
‘ਤੇ ਸਾਨੂੰ ਬੇਅੰਤ ਸਾਦ੍ਰਿਸ਼ ਰੂਪ ਮੰਨਣੇ ਪੈਣਗੇ ਜੋ ਉਸ ਚੀਜ਼ ਦੇ ਅਨੁਰੂਪ ਹੋਣ।
‘ਮੱਝ’ ਸ਼ਬਦ ਦਾ ਅਸਲੀ ਮਹੱਤਵ, ਗੰਗੇਸ਼ ਅਨੁਸਾਰ, ਇਹ ਨਹੀ ਕਿ ਇਹ ਜਾਨਵਰ ਗਊ ਵਰਗਾ ਹੈ
ਪ੍ਰੰਤੂ ਇਹ ਉਹ ਜਾਨਵਰ ਹੈ ਜੋ 'ਮੱਝ' ਦਾ ਸਮਾਨ੍ਯ ਰੂਪੀ ਗੁਣ ਰੱਖਦਾ ਹੈ, ਅਰਥਾਤ ਇਹ
ਸਮੁੱਚੀਆਂ ‘ਮੱਝਾਂ’ ਦੀ ਇਕ ਕਿਸਮ ਹੈ। ਇਸ ਤਰ੍ਹਾ ਉਪਮਾਨ ਦਾ ਨਤੀਜਾ ਇਸ ਵਿਚ ਹੈ ਕਿ
ਇਹ ਗਿਆਨ ‘ਮੱਝ’ ਦੇ ਸ਼ਬਦ ਅਤੇ ਉਸ ਜਾਨਵਰ ਦੇ ਆਪਸੀ ਸੰਬੰਧ ਦਾ ਗਿਆਨ ਹੈ ਜਿਸ ਦਾ
ਸਮਾਨ੍ਯ ਸਰੂਪ ‘ਮੱਝ’ ਵਰਗਾ ਹੈ।
ਕਈਆਂ ਦੀ ਕਹਿਣਾ ਹੈ ਕਿ ‘ਮੱਝ’ ਸ਼ਬਦ ਦੀ ਮਹੱਤਤਾ ਦਾ
ਗਿਆਨ ਪ੍ਰਤਿਅਕਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਬੇਤੁਕਾ ਖਿਆਲ ਹੈ। ਭਾਵੇਂ ‘ਮੱਝ’
ਸ਼ਬਦ ਦਾ ਅਤੇ ਸਾਡੇ ਸਾਹਮਣੇ ਖੜੀ ਵਿਸੇਸ਼ ਮੱਝ ਦਾ ਆਪਸੀ ਸੰਬੰਧ ਪ੍ਰਤਿਅਕਸ਼ ਦੁਆਰਾ
ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰੰਤੂ ਇਹ ਸੰਬੰਧ ਉਸ ‘ਮੱਝ’ ਨਾਲ ਨਹੀ ਹੋ ਸਕਦਾ ਜੋ
ਸਾਡੀਆਂ ਅੱਖਾਂ ਤੋਂ ਪਰੇ ਹੈ। ਇਸ ਲਈ ‘ਮੱਝ’ ਸ਼ਬਦ ਦੀ ਮਹੱਤਤਾ ਦਾ ਗਿਆਨ ਪ੍ਰਤਿਅਕਸ਼
ਦੁਆਰਾ ਨਹੀ, ਪ੍ਰੰਤੂ ਅਲਗ ਪ੍ਰਮਾਣ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ਜਿਸ ਨੂੰ
ਉਪਮਾਨ ਕਿਹਾ ਜਾਂਦਾ ਹੈ।
‘ਮੱਝ’ ਸ਼ਬਦ ਦੇ ਭਾਵ ਦਾ ਗਿਆਨ ‘ਅਨੁਮਾਨ’ ਦੁਆਰਾ ਵੀ ਨਹੀ
ਪ੍ਰਾਪਤ ਕੀਤਾ ਜਾਂਦਾ, ਕਿਉਂਜੋ ਉਪਮਾਨ ਦੁਆਰਾ ਪ੍ਰਾਪਤ ਗਿਆਨ
ਸਾਦ੍ਰਿਸ਼ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ਜੋ ਕਿ ‘ਵਿਆਪਤੀ ਸੰਬੰਧ’ ਤੋਂ ਸੁਤੰਤਰ
ਹੈ। ਇਸ ਤੋਂ ਵੀ ਉਪਰੰਤ ਉਪਮਾਨ ਦੇ ਗਿਆਨ ਵਿਚ ਸਵੈ-ਚੇਤਨਾ ਹੁੰਦੀ ਹੈ ਕਿ “ਮੈ
ਤੁੱਲਨਾ ਕਰਦਾ ਹਾਂ” ਪਰ ਇਹ 'ਅਨੁਮਾਨ' ਦੇ ਰੂਪ ਨਾਲੋ ਅਲਗ ਹੈ ਕਿ “ਮੈ ਅਨੁਮਾਨ
ਕਰਦਾ ਹਾ”
------------
ਭਾਰਤ ਦੀ ਗਿਆਨਵਾਦ ਪਰੰਪਰਾ ਵਿਚ “ਸ਼ਬਦ” ਨੂੰ ਵੀ
ਗਿਆਨ ਦਾ ਸਾਧਨ (ਪ੍ਰਮਾਣ) ਮੰਨਿਆ ਗਿਆ ਹੈ। ਹਰ ਸੰਪ੍ਰਦਾਇ ਵਿਚ ਇਸ ਵਿਸ਼ੇ ‘ਤੇ ਵੀ
ਬੜੀ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ। ਗੰਗੇਸ਼, ਸ਼ਬਦਪ੍ਰਮਾਣ ਦੀ ਪ੍ਰੀਖਿਆ ਸ਼ਬਦ ਖੰਡ
ਵਿਚ ਕਰਦੇ ਹਨ ਜਿਸ ਦਾ ਚਰਚਾ ਅਸੀ ਅਗਲੀ ਕਿਸ਼ਤ ਵਿਚ ਕਾਰਾਂਗੇ।
...
ਚਲਦਾ
|