ਪ੍ਰਣਾਲੀਬੱਧ ਤਰਕਸ਼ਾਸਤਰ ਦੇ ਜੈਨੀ ਲਿਖਾਰੀ
ਜੈਨਮਤ ਦੀ ਪਰੰਪਰਾ ਵਿਚ ਰਿਸ਼ੀ ਮਹਾਂਵੀਰ ਦੇ ਉਪਦੇਸ਼ ‘ਆਗਮ’ ਗ੍ਰੰਥਾਂ ਵਿਚ ਸ਼ਾਮਲ
ਹਨ। ਕਿਹਾ ਜਾਂਦਾ ਹੈ ਕਿ ਇਨ੍ਹਾਂ ਗ੍ਰੰਥਾਂ ਦੀ ਰਚਨਾ ਦੇਵਰਧੀ ਗਣੀ (ਜਾਂ ਕਸ਼ਮਾਸ਼ਰਮਣ
ਰਿਸ਼ੀ) ਨੇ ਈਸਵੀ ਸਨ 453 (ਵੀਰ ਸੰਮਤ 980) ਵਿਚ ਵਲਭੀ (ਭਾਵਨਗਰ, ਗੁਜਰਾਤ ਦੇ
ਨੇੜੇ) ਵਿਖੇ ਕੀਤੀ। ਇਸ ਅਨੁਸਾਰ ਜੈਨ ਸਾਹਿਤ ਦਾ ਅਰੰਭ 453 ਈਸਵੀ ਤੋਂ ਹੁੰਦਾ
ਮੰਨਿਆ ਜਾਂਦਾ ਹੈ। ਇਸ ਸ਼ੁਰੂਆਤ ਤੋਂ ਜੈਨ ਰਿਸ਼ੀਆਂ ਨੇ ਤਰਕਸ਼ਾਸਤਰ ਦਾ ਅਧਿਐਨ ਇਕ
ਡੂੰਘੀ ਰੁਚੀ ਅਤੇ ਬੜੇ ਉਤਸ਼ਾਹ ਨਾਲ ਕਰਨ ਲਈ ਆਪਣੇ ਆਪ ਨੂੰ ਅਰਪਨ ਕੀਤਾ। ਉਨ੍ਹਾਂ ਨੇ
ਇਸ ਤਰ੍ਹਾ ਦੇ ਤਰਕਸ਼ਾਸਤਰ ਗ੍ਰੰਥਾਂ ਦੀਆਂ ਰਚਨਾਵਾਂ ਕੀਤੀਆਂ ਜੋ ਨਾ ਤਾਂ ਉਸ ਸਮੇ ਦੇ
ਬ੍ਰਹਮਣ ਗ੍ਰੰਥਾਂ ਦੀ ਅਤੇ ਨਾ ਹੀ ਬੋਧੀ ਗ੍ਰੰਥਾਂ ਦੀ ਵਿਰੋਧਤਾ ਕਰਦੇ ਸਨ। ਇਨ੍ਹਾਂ
ਗ੍ਰੰਥਾਂ ਦੀ ਭਾਰਤੀ ਤਰਕਸ਼ਾਸਤਰ ਦੇ ਵਿਕਾਸ ਵਿਚ ਇਕ ਵੱਡਮੁੱਲੀ ਦੇਣ ਹੈ।
ਇਸ ਪ੍ਰਣਾਲੀਬੱਧ ਪਰੰਪਰਾ ਵਿਚ ਜਿਨ੍ਹਾਂ ਮਹਾਨ ਰਿਸ਼ੀਆਂ ਦਾ ਯੋਗਦਾਨ ਹੈ, ਉਹ
ਹਨ: ਸਿੱਧਸੇਨ ਦੀਵਾਕਰ (480-550 ਈਸਵੀ), ਸਮੰਤਭਦ੍ਰ (600 ਈ), ਮਣਿਕਯ ਨੰਦੀ (800
ਈ), ਅਤੇ ਦੇਵ ਸੂਰੀ (1086 - 1169 ਈ)।
ਸਿੱਧਸੇਨ ਦੀਵਾਕਰ (480-550 ਈ)
ਪ੍ਰਣਾਲੀਬੱਧ ਤਰਕਸ਼ਾਸਤਰ ਦੇ ਪਹਿਲੇ ਰਚੇਤਾ ਸਿੱਧਸੇਨ ਦੀਵਾਕਰ ਉਰਫ ਕੱਸ਼ਪਣਾਕ ਨੂੰ
ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਨਿਆਇਵਤਾਰ ਗ੍ਰੰਥ ਨਾਲ ਜੈਨ
ਤਰਕਸ਼ਾਸਤਰ ਦੀ ਨੀਂਹ ਰੱਖੀ। ਉਨ੍ਹਾਂ ਨੇ ਸੰਮਤਿ-ਸੂਤ੍ਰ ਨਾਮ ਦਾ
ਗ੍ਰੰਥ ਵੀ ਰਚਿਆ ਜਿਸ ਵਿਚ ਤਰਕਸ਼ਾਸਤਰ ਦੇ ਸਿਧਾਂਤਾਂ ਦੀ ਚਰਚਾ ਕੀਤੀ। ਜੈਨੀਆਂ ਦਾ
ਵਿਸ਼ਵਾਸ ਹੈ ਕਿ ਸਿੱਧਸੇਨ ਨੇ ਰਾਜਾ ਵਿਕਰਮਾਦਿੱਤ ਨੂੰ ਜੈਨਮਤ ਸਮੁਦਾਏ ਵਿਚ ਸ਼ਾਮਲ
ਕੀਤਾ।
ਆਪਣੀ ਰਚਨਾ ਨਿਆਇਵਤਾਰ ਵਿਚ ਸਿੱਧਸੇਨ ਪ੍ਰਮਾਣ ਅਤੇ ‘ਨਯ’
ਸਿਧਾਂਤਾਂ ਦੀ ਵਿਸਤਾਰਪੂਰਵਕ ਵਿਆਖਿਆ ਕਰਦੇ ਹਨ। ਉਨ੍ਹਾਂ ਅਨੁਸਾਰ ਪ੍ਰਮਾਣ ਉਹ ਸਹੀ
ਗਿਆਨ ਹੈ ਜੋ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਰੌਸ਼ਨ ਕਰਦਾ ਹੈ। ਇਹ ਦੋ ਪ੍ਰਕਾਰ ਦਾ
ਹੈ: (1) ਪ੍ਰਤਿਅਕਸ਼, ਅਰਥਾਤ ਸਿੱਧਾ ਸਹੀ ਗਿਆਨ, (2) ਪਰੋਕਸ਼ ,
ਅਰਥਾਤ ਅਸਿੱਧਾ ਸਹੀ ਗਿਆਨ। ਪ੍ਰਤਿਅਕਸ਼ ਦੋ ਪ੍ਰਕਾਰ ਦਾ ਮੰਨਿਆ ਗਿਆ ਹੈ: (1)
ਵਿਹਾਰਕ, ਉਹ ਗਿਆਨ ਜੋ ਸਾਡੀ ਆਤਮਾ ਪੰਜ ਇੰਦ੍ਰੀਆਂ (ਅੱਖਾਂ, ਕੰਨ, ਨੱਕ, ਜੀਭ,
ਛੋਹ (ਸਪਰਸ਼) ਅਤੇ ਮਨ) ਦੁਆਰਾ ਪ੍ਰਾਪਤ ਕਰਦੀ ਹੈ, ਅਤੇ (2) ਪਾਰਮਾਰਥਿਕ,
ਇਹ ਉਹ ਅਪਾਰ (ਅਨੰਤ) ਗਿਆਨ ਹੈ ਜੋ ਸਿਰਫ ਆਤਮਾ ਦੇ ਸੰਮ੍ਯਕਸੰਬੋਧ (ਪੂਰਣ ਸੰਬੋਧਿ)
ਦੀ ਅਵਸਥਾ ਵਿਚ ਪੈਦਾ ਹੁੰਦਾ ਹੈ ਅਤੇ ਇਸ ਨੂੰ ਕੇਵਲਗਿਆਨ ਵੀ ਕਿਹਾ
ਜਾਂਦਾ ਹੈ।
ਪਰੋਕਸ਼ ਵੀ ਦੋ ਪ੍ਰਕਾਰ ਦਾ ਮੰਨਿਆ ਗਿਆ ਹੈ: (1) ਅਨੁਮਾਨ, ਅਤੇ (2)
ਸ਼ਬਦ (ਸ਼ਾਬਦਿਕ ਸਬੂਤ)। ਸਮੁੱਚਾ ਗਿਆਨ, ਸਿੱਧਾ ਜਾਂ ਅਸਿੱਧਾ, ਆਤਮਾ ਨੂੰ
ਹੀ ਪ੍ਰਾਪਤ ਹੁੰਦਾ ਹੈ। ਸ਼ਬਦ ਰਾਹੀਂ ਪ੍ਰਾਪਤ ਕੀਤਾ ਪਰੋਕਸ਼ ਗਿਆਨ, ਕਿਸੇ ਤਸੱਲੀਬਖਸ਼
ਪੁਰਸ਼ ਦੇ ਯਥਾਰਥ ਕਥਨਾਂ (ਆਪਤ) ਦੁਆਰਾ ਜਾਂ ਸ਼ਾਸਤਰਾਂ ਦੁਆਰਾ ਪ੍ਰਾਪਤ ਹੁੰਦਾ ਹੈ,
ਉਹ ਸ਼ਾਸਤਰ ਜੋ ਤਸੱਲੀਬਖ਼ਸ਼ ਪੁਰਸ਼ਾਂ ਦੁਆਰਾ ਰਚੇ ਗਏ ਹੋਣ। ਆਮ ਆਦਮੀ ਦੇ ਸਹੀ ਤਜਰਬੇ
ਤੋਂ ਹਾਸਲ ਕੀਤੀ ਸਿੱਖਿਆ ਨੂੰ ‘ਲੌਕਿਕ ਸ਼ਬਦ’ ਕਿਹਾ ਜਾਂਦਾ ਹੈ। ਇਹ ਉਹ ਗਿਆਨ ਹੈ ਜੋ
ਵਿਹਾਰਕ ਮਾਮਲਿਆਂ ਵਿਚ ਉਪਯੋਗੀ ਸਾਬਤ ਹੁੰਦਾ ਹੈ। ਮਿਸਾਲ ਵਜੋਂ ਜੇ ਕੋਈ ਅੱਲ੍ਹੜ
ਆਦਮੀ ਕਿਸੇ ਨਦੀ ਦੇ ਕਿਨਾਰੇ ਪਹੁੰਚਦਾ ਹੈ ਤਾਂ ਉਹ ਇਹ ਸੋਚੇ ਕਿ ਨਦੀ ਆਸਾਨੀ ਨਾਲ
ਪਾਰ ਕੀਤੀ ਜਾ ਸਕਦੀ ਹੈ ਜਾਂ ਨਹੀ ਤਾਂ ਜੇ ਇਕ ਸਥਾਨਕ ਸਿਆਣਾ ਪੁਰਸ਼ ਉਸਨੂੰ ਆਪਣੇ
ਵਿਹਾਰਕ ਤਜਰਬੇ ਤੋਂ ਇਹ ਦੱਸੇ ਕਿ ਨਦੀ ਨੂੰ ਇਸ ਥਾਂ ਤੋਂ ਆਸਾਨੀ ਨਾਲ ਪਾਰ ਕੀਤਾ ਜਾ
ਸਕਦਾ ਹੈ ਤਾਂ ਉਸ ਸਿਆਣੇ ਆਦਮੀ ਦਾ ਇਹ “ਸ਼ਬਦ” ਇਕ ਉਚਿਤ ਗਿਆਨ ਸਮਝਿਆ ਜਾਏਗਾ। ਇਸ
ਤਰ੍ਹਾਂ ਇਹ ਗਿਆਨ ਵਿਹਾਰਕ ਤੌਰ ‘ਤੇ ਕਾਮਯਾਬੀ ਨਾਲ ਨਦੀ ਪਾਰ ਕਰਨ ਵਿਚ ਉਪਯੋਗੀ
ਸਾਬਤ ਹੁੰਦਾ ਹੈ। ਆਧੁਨਿਕ ਵਿਗਿਆਨ ਦੀ ਬੇਹੱਦ ਸ਼ਾਨਦਾਰ ਤਰੱਕੀ ਵਿਚ ਇਸ ‘ਲੌਕਿਕ
ਸ਼ਬਦ’ ਦੀ ਮਹਾਨ ਅਤੇ ਅਨਿਵਾਰੀ ਦੇਣ ਹੈ। ਪ੍ਰਯੋਗਸ਼ਾਲਾਵਾਂ ਵਿਚ ਉੱਨਤ ਵਿਗਿਆਨਕ
ਤਰੱਕੀ ਦਾ ਮੁੱਖ ਕਾਰਣ ‘ਲੌਕਿਕ ਸ਼ਬਦ’ ਹੀ ਹੈ। ਵਿਗਿਆਨਕ ਜਾਣਕਾਰੀ ਦਾ, ਅੰਬਰਾਂ ਨੂੰ
ਟੁੰਬਦਾ ਬੁਰਜ, ਇਨ੍ਹਾਂ ਮਜ਼ਬੂਤ ਨੀਹਾਂ ‘ਤੇ ਹੀ ਦ੍ਰਿੜ ਉੱਸਰਿਆ ਖੜ੍ਹਾ ਹੈ। ਇਸ
ਸ੍ਰੋਤ ਦੁਆਰਾ ਪ੍ਰਾਪਤ ਕੀਤਾ ਗਿਆਨ “ਸ਼ਾਸਤ੍ਰਗ ਸ਼ਬਦ” ਵੀ ਕਿਹਾ ਜਾਂਦਾ ਹੈ। ਸ਼ਾਸਤਰ
ਗ੍ਰੰਥ ਉਹ ਹਨ ਜੋ ਪਹਿਲਾਂ ਬੁੱਧੀਮਾਨ ਅਤੇ ਯੋਗ ਪੁਰਖਾਂ ਦੁਆਰਾ, ਆਪਣੇ ਤਜਰਬੇ ‘ਤੇ
ਆਧਾਰਤ, ਰਚੇ ਗਏ ਹੋਣ। ਇਨ੍ਹਾਂ ਵਿਚ ਰਚਿਆ ਗਿਆ ਗਿਆਨ ਕਦੇ ਵੀ ਪ੍ਰਤਿਅਕਸ਼ ਦੁਆਰਾ
ਹਾਸਲ ਕੀਤੇ ਗਏ ਗਿਆਨ ਦੇ ਉਲਟ ਜਾਂ ਅਸੰਗਤ ਸਾਬਤ ਨਹੀਂ ਹੁੰਦਾ। ਇਹ ਗਿਆਨ, ਵਿਹਾਰਕ
ਤੌਰ ‘ਤੇ ਸਭ ਪ੍ਰਾਣੀਆਂ ਲਈ ਲਾਭਦਾਇਕ ਹੁੰਦਾ ਹੈ ਅਤੇ ਆਦਮੀ ਨੂੰ ਬੁਰਾਈ ਵਾਲੇ
ਰਾਹਾਂ ‘ਤੇ ਜਾਣ ਤੋਂ ਰੋਕਦਾ ਹੈ। ਇਹ ਬੁਰੇ ਰਾਹ ਸਿਰਫ ਅਧਿਆਤਮਕ ਖੇਤ੍ਰ ਵਿਚ
ਹੀ ਨਹੀਂ ਬਲਕਿ ਵਿਗਿਆਨ ਦੇ ਖੇਤ੍ਰ ਵਿਚ ਵੀ ਹੁੰਦੇ ਹਨ। ਕੁਚਾਲੇ ਪਿਆ ਵਿਗਿਆਨ ਸਾਰੀ
ਮਨੁੱਖਤਾ ਲਈ ਵਿਨਾਸ਼ਕਾਰੀ ਸਾਬਤ ਹੋ ਸਕਦਾ ਹੈ।
ਅਨੁਮਾਨ
ਅਨੁਮਾਨ, ਹੇਤੁ (ਲਿੰਗ ਜਾਂ ਚਿੰਨ੍ਹ ) ਅਰਥਾਤ ਕਾਰਣ ਦੁਆਰਾ
ਪ੍ਰਾਪਤ ਕੀਤਾ ਸਾਧ੍ਯ ਚੀਜ਼ ਦਾ ਯਥਾਰਥ ਗਿਆਨ ਹੈ। ਇਸ ਵਿਚ ਹੇਤੁ ਦਾ
ਸਾਧ੍ਯ ਨਾਲ ਅਨਿਖੜਵਾਂ ਸੰਬੰਧ ਹੁੰਦਾ ਹੈ। ਮਤਲਬ, ਹੇਤੁ ਅਤੇ ਸਾਧ੍ਯ
ਵਿਚਕਾਰ ਇਕ ਐਸਾ ਅਨਿਵਾਰੀ ਸੰਬੰਧ ਹੁੰਦਾ ਹੈ ਜਿਸ ਦੇ ਆਧਾਰ ‘ਤੇ ਅਨੁਮਾਨ ਰਾਹੀ
ਨਵਾਂ ਗਿਆਨ ਹਾਸਲ ਕੀਤਾ ਜਾਂਦਾ ਹੈ। ਸਿੱਧਸੇਨ, ਅਨੁਮਾਨ ਨੂੰ ਦੋ ਕਿਸਮ ਦਾ ਮੰਨਦੇ
ਹਨ: (1) ਸਵਾਰਥਅਨੁਮਾਨ, ਸਵੈ ਆਪਣੇ ਲਈ ਅਨੁਮਾਨ, (2) ਪਰਾਰਥਅਨੁਮਾਨ,
ਦੂਸਰਿਆਂ ਲਈ ਅਨੁਮਾਨ।
ਸਵਾਰਥਅਨੁਮਾਨ ਉਹ ਹੈ ਜੋ ਕਿਸੇ ਚੀਜ਼ ਨੂੰ ਬਾਰ ਬਾਰ ਪ੍ਰੇਖਣ ਨਾਲ ਜਾਂ ਉਸ ਦਾ
ਪਾਰਖੂ ਅਧਿਐਨ ਕਰਨ ਨਾਲ ਕਿਸੇ ਦੇ ਮਨ ਵਿਚ ਪੈਦਾ ਹੁੰਦਾ ਹੈ। ਚੁੱਲ੍ਹੇ ਦੀ ਅੱਗ ਨੂੰ
ਬਾਰ ਬਾਰ ਦੇਖਣ ਨਾਲ, ਆਦਮੀ ਇਸ ਨਤੀਜੇ ‘ਤੇ ਪਹੁੰਚਦਾ ਹੈ ਕਿ ਅੱਗ
ਨਾਲ ਧੂੰਏ ਦਾ ਅਨਿੱਖੜਵਾਂ ਸੰਬੰਧ ਹੈ । ਇਸ ਨਤੀਜੇ ਦੀ ਜਾਣਕਾਰੀ
ਤੋਂ ਜਦ ਉਹ ਦੂਰ ਕਿਸੇ ਪਰਬਤ ‘ਤੇ ਧੂੰਏ ਦੀ ਲਾਟ (ਸਿਖਾ) ਦੇਖਦਾ ਹੈ ਤਾਂ ਇਕ ਦਮ ਉਸ
ਦੇ ਮਨ ਵਿਚ ਧੂੰਏ ਦਾ ਅੱਗ ਨਾਲ ਅਨਿੱਖੜਵਾਂ ਸੰਬੰਧ ਯਾਦ ਆਉਂਦਾ ਹੈ ਜਿਸ ਤੋਂ ਉਹ ਇਹ
ਨਿਰਣਾ ਕਰਦਾ ਹੈ ਕਿ ਪਰਬਤ ਉੱਪਰ ਅੱਗ ਮੌਜੂਦ ਹੈ। ਇਸ ਤਰ੍ਹਾਂ ਪਹੁੰਚੇ ਨਿਰਣੇ ਨੂੰ
ਸਵਾਰਥਅਨੁਮਾਨ ਕਿਹਾ ਜਾਂਦਾ ਹੈ।
ਇਸ ਨਿਰਣੇ ਨੂੰ ਦੂਜਿਆ ਤੱਕ ਪਹੁੰਚਾਉਣ ਲਈ (ਦੂਸਰੇ ਪ੍ਰਾਣੀਆਂ ਨੂੰ ਸੂਚਿਤ ਕਰਨ
ਲਈ) ਸਹੀ ਸ਼ਬਦਾਂ ਦੀ ਵਰਤੋਂ ਜਾਂ ਇਕ ਵਿਧੀ ਨੂੰ ਇਸਤੇਮਾਲ ਕਰਨ ਦੀ ਜ਼ਰੂਰਤ ਪੈਂਦੀ
ਹੈ। ਇਸ ਪ੍ਰਕਾਰ ਦੇ ਪਰਾਰਥਅਨੁਮਾਨ ਲਈ ਨਿਮਨਲਿਖਤ ਕਦਮਵਾਰ ਵਾਕ
ਢਾਂਚੇ ਦੀ ਜ਼ਰੂਰਤ ਪੈਂਦੀ ਹੈ।
- ਪਰਬਤ (ਪੱਖ ) ਉੱਪਰ ਅੱਗ ਹੈ (ਸਾਧ੍ਯ ),
- ਕਿਉਂਕਿ ਉਸ ਉੱਪਰ ਧੂੰਆ ਹੈ (ਹੇਤੁ ਜਾ ਕਾਰਣ),
- ਜਿੱਥੇ ਜਿੱਥੇ ਧੂੰਆਂ ਹੈ ਉੱਥੇ ਉੱਥੇ ਅੱਗ ਹੈ, ਜਿਵੇਂ ਰਸੋਈ ਵਿਚ (ਉਦਾਹਰਣ),
- ਇਸੇ ਤਰ੍ਹਾਂ ਪਰਬਤ ਉੱਪਰ ਧੂੰਆ ਹੈ ( ਉਪਨਯ ਜਾਂ ਪ੍ਰਯੋਗ),
- ਇਸ ਲਈ ਪਰਬਤ ਉੱਪਰ ਅੱਗ ਹੈ (ਨਿਗਮਨ, ਸਿੱਟਾ))
ਇਨ੍ਹਾਂ ਪੰਜ ਕਦਮਾਂ ਨੂੰ "ਤਰਕਵਾਕ" (ਜਾਂ ਅਵਯਵ ) ਕਿਹਾ ਜਾਂਦਾ ਹੈ।
ਤਰਕਵਾਕ ਵਿਚ ਦ੍ਰਿਸ਼ਟਾਂਤ (ਉਦਾਹਰਣ), ਸਾਧ੍ਯ (ਜੋ ਸਾਬਤ ਕਰਨਾ ਹੈ) ਅਤੇ ਹੇਤੁ
(ਕਾਰਣ) ਇਸ ਦੇ ਅੰਗ ਹੁੰਦੇ ਹਨ। ਉਪਰੋਕਤ ਤਰਕਵਾਕ ਵਿਚ ਦ੍ਰਿਸ਼ਟਾਂਤ, ਸਾਧ੍ਯ
ਅਤੇ ਹੇਤੁ ਦੇ ਆਪਸੀ ਸੰਬੰਧ ਨੂੰ ਪੱਕਾ ਕਰਦਾ ਹੈ, ਅਰਥਾਤ ਇਸ ਦੀ
ਪੁਸ਼ਟੀ ਕਰਦਾ ਹੈ, ਜਿਸ ਦੇ ਆਧਾਰ ‘ਤੇ ਸਿੱਟੇ ਉੱਪਰ ਪਹੁੰਚਿਆ ਜਾਂਦਾ ਹੈ।
ਦ੍ਰਿਸ਼ਟਾਂਤ
ਦ੍ਰਿਸ਼ਟਾਂਤ ਦੋ ਪ੍ਰਕਾਰ ਦਾ ਮੰਨਿਆ ਗਿਆ ਹੈ: (1) ਸਾਧਰਮ੍ਯ, ਅਰਥਾਤ
ਸਾਕਾਰਾਤਮਕ (ਹਾਂ-ਵਾਚਕ), ਜਿਸ ਤਰ੍ਹਾਂ “ਪਰਬਤ ਉੱਪਰ ਅੱਗ ਹੈ ਕਿਉਂਕਿ ਉੱਤੇ ਧੂੰਆ
ਹੈ, ਜਿਵੇਂ ਚੁਲ੍ਹੇ ਵਿਚ“, ਅਤੇ (2) ਵੈਧਰਮ੍ਯ, ਅਰਥਾਤ ਨਾਕਾਰਾਤਮਕ
(ਨਾ-ਵਾਚਕ)। ਇਸ ਰਾਹੀਂ ਸਾਧ੍ਯ ਅਤੇ ਹੇਤੁ ਦੇ ਸੰਬੰਧ ਦੀ ਸਥਾਪਨਾ ਵਿਪਰੀਤਤਾ (ਜਾਂ
ਪ੍ਰਤਿਸ਼ੇਧਤਾ) ਦੁਆਰਾ ਕੀਤੀ ਜਾਂਦੀ ਹੈ। ਭਾਵ ਵੈਧਰਮ੍ਯ ਰਾਹੀਂ ਇਹ ਦਿਖਾਇਆ ਜਾਂਦਾ
ਹੈ ਕਿ ਸਾਧ੍ਯ ਦੀ ਅਨਉਪਸਥਿਤੀ (ਗੈਰਮੌਜੂਦਗੀ) ਦੇ ਨਾਲ ਹੇਤੁ ਵੀ ਅਨਉਪਸਥਿਤ
(ਗੈਰਮੌਜੂਦ) ਹੁੰਦਾ ਹੈ। ਜਿਵੇਂ, “ਜਿੱਥੇ ਅੱਗ ਨਹੀ ਹੈ, ਉੱਥੇ ਧੂੰਆ ਵੀ ਨਹੀ ਹੈ,
ਜੈਸੇ ਇਕ ਝੀਲ ਵਿਚ।”
ਜੇਕਰ ਉਹ ਜਿਸ ਰਾਹੀਂ ਸਾਧ੍ਯ ਨੂੰ ਸਾਬਤ ਕੀਤਾ ਜਾਂਦਾ ਹੈ, ਲੋਕ-ਰਾਇ, ਹੋਰ ਸਬੂਤ
ਜਾਂ ਆਪਣੇ ਹੀ ਬਿਆਨ ਰਾਹੀਂ ਉਲਟ ਸਥਾਪਤ ਕਰ ਦਿੱਤਾ ਜਾਵੇ ਤਾਂ ਉਸਨੂੰ ਭੁੱਲ,
ਤਰਕਦੋਸ਼ ਜਾਂ ਪਕਸ਼ਆਭਾਸ ਕਿਹਾ ਜਾਂਦਾ ਹੈ। ਆਭਾਸ ਦੀਆਂ ਕਈ ਕਿਸਮਾਂ ਦੱਸੀਆਂ ਗਈਆਂ
ਹਨ।
ਸਾਧ੍ਯ ਦੇ ਹੇਤੁ ਨਾਲ ਅਨਿੱਖੜਵੇਂ ਸੰਬੰਧ (ਜਾਂ ਏਕਾਂਤ ਸਹਿਹੋਂਦ) ਨੂੰ
ਵਿਆਪਤੀ ਕਿਹਾ ਜਾਂਦਾ ਹੈ। ਅੱਗ ਅਤੇ ਧੂੰਏ ਦੇ ਅਨੁਮਾਨ ਵਿਚ, ਧੂੰਏ ਦੀ
ਅੱਗ ਨਾਲ ਏਕਾਂਤ ਸਹਿਹੋਂਦ ਵਿਆਪਤੀ ਹੈ। ਇਸ ਵਿਆਪਤੀ ਦੀਆਂ ਦੋ
ਕਿਸਮਾਂ ਹਨ: (1) ਅੰਤਰ-ਵਿਆਪਤੀ, ਅਤੇ (2) ਬਾਹਿਰ-ਵਿਆਪਤੀ।
ਅੰਤਰ-ਵਿਆਪਤੀ ਉਹ ਹੁੰਦੀ ਹੈ ਜਦੋਂ ਪੱਖ (ਪਕਸ਼) ਦੋਹਾਂ, ਹੇਤੁ
ਅਤੇ ਸਾਧ੍ਯ ਦਾ ਟਿਕਾਣਾ ਬਣਦਾ ਹੈ। ਜਦੋਂ ਪਰਬਤ (ਪੱਖ) ਦੋਵੇਂ ਅੱਗ
(ਸਾਧ੍ਯ) ਅਤੇ ਧੂੰਏ (ਹੇਤੁ) ਦੇ ਅਨਿੱਖੜਵੇਂ ਸੰਬੰਧ ਨੂੰ ਜ਼ਾਹਰ ਕਰਦਾ ਹੈ। ਮਿਸਾਲ
ਵਜੋਂ,
- ਇਸ ਪਰਬਤ (ਪੱਖ) ਉੱਪਰ ਅੱਗ (ਸਾਧ੍ਯ) ਹੈ,
- ਕਿਉਂਕਿ ਇਸ ਉੱਪਰ ਧੂੰਆ (ਹੇਤੁ) ਹੈ।
ਇੱਥੇ, ਅੱਗ ਅਤੇ ਧੂੰਏ ਦਾ ਅਨਿੱਖੜਵਾਂ ਸੰਬੰਧ ਪਰਬਤ ਪ੍ਰਦਰਸ਼ਿਤ (ਪ੍ਰਗਟ) ਕਰਦਾ
ਹੈ। ਅਰਥਾਤ ਪਰਬਤ, ਇਸ ਸੰਬੰਧ ਦਾ ਟਿਕਾਣਾ ਹੈ। ਅਧੁਨਿਕ ਵਿਗਿਆਨਕ ਖੋਜ ਵਿਚ ਜੇਕਰ
ਅਸੀਂ ਵਿਵਿਧ ਵਿਹਾਰਕ ਆਂਕੜੇ ਇਕੱਠੇ ਕਰਕੇ ਇਹ ਵਿਖਾ ਦੇਈਏ ਕਿ ਜ਼ਿਆਦਾਤਰ ਫੇਫੜਿਆਂ
ਦੀ ਕੈਂਸਰ ਦੇ ਮਰੀਜ਼ ਭਾਰੀ ਸਿਗਰਟਾਂ ਪੀਣ ਦੇ ਵੀ ਆਦੀ ਹੁੰਦੇ ਹਨ ਤਾਂ ਅਸੀ ਇਹ
ਤਸੱਲੀਬਖਸ਼ ਨਿਰਣਾ ਲੈ ਸਕਦੇ ਹਾਂ ਕਿ ਕੈਂਸਰ ਦਾ ਕਾਰਣ ਤਮਾਕੂ ਦਾ ਸੇਵਣ ਕਰਨਾ ਹੋ
ਸਕਦਾ ਹੈ। ਅਰਥਾਤ ਕੈਂਸਰ ਅਤੇ ਤਮਾਕੂ ਵਿਚਕਾਰ ਅੰਤਰ-ਵਿਆਪਤੀ ਦਾ
ਸੰਬੰਧ ਹੋਣ ਦੀ ਕਾਫੀ ਸੰਭਾਵਨਾ ਹੈ।
ਬਾਹਿਰ-ਵਿਆਪਤੀ ਉਹ ਹੁੰਦੀ ਹੈ ਜਦੋਂ ਇਕ ਬਾਹਰੀ ਦ੍ਰਿਸ਼ਟਾਂਤ,
ਹੇਤੁ ਅਤੇ ਸਾਧ੍ਯ ਦਾ ਅਨਿੱਖੜਵਾਂ ਸੰਬੰਧ ਵਿਅਕਤ ਕਰਨ ਲਈ ਸ਼ਾਮਲ ਕੀਤਾ ਜਾਵੇ।
ਜਿਵੇਂ,
- ਇਸ ਪਰਬਤ (ਪੱਖ) ਉੱਪਰ ਅੱਗ (ਸਾਧ੍ਯ) ਹੈ,
- ਕਿਉਂਕਿ ਇਸ ਉੱਪਰ ਧੂੰਆ (ਹੇਤੁ) ਹੈ,
- ਜਿਸ ਤਰ੍ਹਾਂ ਚੁਲ੍ਹੇ (ਦ੍ਰਿਸ਼ਟਾਂਤ) ਵਿਚ।
ਇੱਥੇ ਚੁੱਲ੍ਹੇ ਦਾ ਹਵਾਲਾ ਦੇਣਾ ‘ਅਨੁਮਾਨ’ ਦਾ ਜ਼ਰੂਰੀ ਅੰਗ ਨਹੀ ਹੈ, ਪਰ
ਬਾਹਰੋਂ ਸ਼ਾਮਲ ਕੀਤੀ ਗਈ ਇਕ ਮਿਸਾਲ (ਉਲੇਖ) ਹੈ ਜਿਸ ਵਿਚ ਅੱਗ ਅਤੇ
ਧੂੰਆ ਸਹਿਵਰਤੀ ਹਨ (ਭਾਵ ਉਨ੍ਹਾਂ ਦੀ ਸਹਿਹੋਂਦ ਹੈ) ਜੋ ਦੋਨਾਂ ਦੇ
ਅਨਿੱਖੜਵੇਂ ਸੰਬੰਧ ਦੀ ਪੁਸ਼ਟੀ ਕਰਦੇ ਹਨ। ਇਸ ਨੂੰ ਅਸੀ ਕੈਂਸਰ ਦੀ ਉਦਾਹਰਣ ਨਾਲ ਵੀ
ਸਪਸ਼ਟ ਕਰ ਸਕਦੇ ਹਾਂ। ਕੈਂਸਰ ਅਤੇ ਤਮਾਕੂ ਸੇਵਨ ਦਾ ਸੰਬੰਧ ਸਥਾਪਤ ਕਰਨ ਲਈ ਜੈਵਿਕ
ਪ੍ਰਯੋਗਸ਼ਾਲਾਵਾਂ ਵਿਚ ਚੂਹਿਆ ਵਰਗੇ ਜਾਨਵਰਾਂ ਨੂੰ ਤਮਾਕੂ ਦੇ ਸੰਘਣੇ ਧੂੰਏ ਵਿਚ
ਲੰਬੇ ਅਰਸੇ ਲਈ ਰੱਖਣ ਦੇ ਤਜਰਬਿਆਂ ਤੋਂ ਜੇ ਇਹ ਸਿੱਧ ਕੀਤਾ ਜਾ ਸਕੇ ਕਿ ਤਮਾਕੂ ਨਾਲ
ਕੈਂਸਰ ਹੋ ਸਕਦੀ ਹੈ ਤਾਂ ਇਹ ਬਾਹਿਰ-ਵਿਆਪਤੀ ਦੀ ਉਦਾਹਰਣ
(ਦ੍ਰਿਸ਼ਟਾਂਤ) ਹੋਏਗੀ।
ਕਈ ਤਾਰਕਿਕਾਂ ਦਾ ਮਤ ਹੈ ਕਿ ਸਾਧ੍ਯ ਨੂੰ ਸਿਰਫ ਅੰਤਰ-ਵਿਆਪਤੀ
ਨਾਲ ਹੀ ਸਾਬਤ ਕੀਤਾ ਜਾ ਸਕਦੇ ਹੈ ਅਤੇ ਬਾਹਿਰ-ਵਿਆਪਤੀ ਬਿਲਕੁਲ ਫਜ਼ੂਲ ਹੈ।
ਹੇਤਵਾਭਾਸ
ਕਈ ਬਾਰ ਜਦੋਂ ਭੁਲੇਕੇ ਨਾਲ ਕੋਈ ਦਲੀਲ ਤਰਕ ਜਾਪਦੀ ਹੈ ਤਾਂ ਉਸਨੂੰ ‘ਹੇਤਵਆਭਾਸ’
ਜਾਂ ‘ਹੇਤਵਾਭਾਸ’ ਕਿਹਾ ਜਾਂਦਾ ਹੈ ਜੋ ਸ਼ੰਕਾ (ਸੰਦੇਹ), ਗਲਤ ਧਾਰਣਾ ਜਾਂ ਨਿ-ਧਾਰਮਾ
ਦੇ ਕਾਰਣ ਪੈਦਾ ਹੁੰਦਾ ਹੈ। ਸਿੱਧਸੇਨ, ਤਿੰਨ ਕਿਸਮ ਦਾ ਹੇਤਵਾਭਾਸ ਮੰਨਦੇ
ਹਨ:
- ਅਸਿੱਧ – ਜੋ ਸਾਬਤ ਨਾ ਕੀਤਾ ਗਿਆ ਹੋਵੇ, ਜਿਵੇਂ: ਇਹ
ਖੁਸ਼ਬੂਦਾਰ ਹੈ, ਕਿਉਂਕਿ ਇਹ ‘ਆਕਾਸ਼-ਕੰਵਲ’ ਹੈ। ਇਹ ਦਲੀਲ (ਹੇਤੁ) ਗਲਤ ਹੈ
ਕਿਉਂਕਿ ‘ਆਕਾਸ਼-ਕੰਵਲ’ ਵਰਗੀ ਕੋਈ ਚੀਜ਼ ਹੈ ਹੀ ਨਹੀ।
- ਵਿਰੁੱਧ – ਜੋ ਪਰਸਪਰ ਵਿਰੋਧੀ ਹੋਵੇ, ਜਿਵੇਂ: ਇਹ ਅਗਨਮਈ
ਹੈ, ਕਿਉਂਕਿ ਇਹ ਪਾਣੀ ਹੈ। ਇੱਥੇ ਅਗਨੀ ਨੂੰ ਸਾਬਤ ਕਰਨ ਲਈ ਗਲਤ ਜਾਂ ਵਿਰੋਧੀ
ਦਲੀਲ ਪੇਸ਼ ਕੀਤੀ ਗਈ ਹੈ।
- ਅਨੈਕਾਂਤਿਕ - (ਅਨਿਸ਼ਚਿਤ) ਜਿਵੇਂ: ਸ਼ਬਦ (ਆਵਾਜ਼) ਨਿਰੰਤਰ (ਸਦੀਵੀ)
ਹੈ ਕਿਉਂਕਿ ਇਹ ਹਮੇਸ਼ਾ ਸੁਣਨਯੋਗ ਹੈ। ਇੱਥੇ ਸਬੂਤ ਅਨਿਸ਼ਚਿਤ ਹੈ
ਕਿਉਂਕਿ ਸੁਣਨਯੋਗਤਾ ਨਿਰੰਤਰ ਹੋ ਵੀ ਸਕਦੀ ਹੈ ਅਤੇ ਨਹੀ ਵੀ ਹੋ ਸਕਦੀ।
ਦ੍ਰਿਸ਼ਟਾਂਤਆਭਾਸ
ਦ੍ਰਿਸ਼ਟਾਂਤਆਭਾਸ ਸਾਧਰਮ੍ਯ ਜਾਂ ਵੈਧਰਮ੍ਯ ਰੂਪ ਵਿਚ ਪੈਦਾ ਹੋ ਸਕਦਾ ਹੈ। ਇਹ
ਹੇਤੁ ਜਾਂ ਸਾਧ੍ਯ ਜਾਂ ਦੋਹਾਂ ਵਿਚ ਤਰੁੱਟੀਆਂ ਜਾਂ ਸੰਦੇਹ ਤੋਂ ਪੈਦਾ ਹੋ ਸਕਦਾ ਹੈ।
ਸਾਧਰਮ੍ਯ ਦ੍ਰਿਸ਼ਟਾਂਤਆਭਾਸ ਕਈ ਪ੍ਰਕਾਰ ਦੇ ਹੁੰਦੇ ਹਨ ਹਨ ਜਿਵੇਂ
ਕਿ ਨਿਮਨਲਿਖਤ ਉਦਾਹਰਣਾਂ ਦੁਆਰਾ ਦਿਖਾਏ ਗਏ ਹਨ:
- 'ਅਨੁਮਾਨ' ਅਵੈਧ ਹੈ, (ਅਵੈਧ = ਸਾਧ੍ਯ)
ਕਿਉਂਕਿ ਇਹ ਗਿਆਨ ਦਾ ਸੋਮਾ ਹੈ (ਗਿਆਨ ਦਾ ਸੋਮਾ = ਹੇਤੁ), ਪ੍ਰਤਿਅਕਸ਼ ਵਾਂਗ (ਸਾਧਰਮ੍ਯ
ਦ੍ਰਿਸ਼ਟਾਂਤ)।
ਇੱਥੇ, ਸਾਧ੍ਯ ਵਿਚ ਖਾਮੀ ਹੈ ਕਿਉਂਕਿ ਪ੍ਰਤਿਅਕਸ਼ ਅਵੈਧ ਨਹੀ ਹੈ।
- ਪ੍ਰਤਿਅਕਸ਼ ਅਵੈਧ (ਸਾਧ੍ਯ) ਹੈ,
ਕਿਉਂਕਿ ਇਹ ਵੈਧ ਗਿਆਨ ਦਾ ਸੋਮਾ ਹੈ (ਹੇਤੁ), ਸੁਪਨੇ ਵਾਂਗ (ਸਾਧਰਮ੍ਯ
ਦ੍ਰਿਸ਼ਟਾਂਤ)।
ਇੱਥੇ ਹੇਤੁ ਵਿਚ ਖਾਮੀ ਹੈ ਕਿਉਂਕਿ ਸੁਪਨਾ ਵੈਧ ਗਿਆਨ ਦਾ ਸੋਮਾ ਨਹੀ ਹੈ।
- 'ਸਰਵ-ਵਿਆਪੀ' ਦੀ ਹੋਂਦ (ਸਾਧ੍ਯ) ਨਹੀ ਹੈ,
ਕਿਉਂਕਿ ਇਹ ਇੰਦ੍ਰੀਆਂ ਦੁਆਰਾ ਗਿਆਤ (ਹੇਤੁ) ਨਹੀ ਹੁੰਦਾ, ਘੜੇ ਵਾਂਗ (ਸਾਧਰਮ੍ਯ
ਦ੍ਰਿਸ਼ਟਾਂਤ)।
ਇੱਥੇ, ਦੋਵੇ ਸਾਧ੍ਯ ਅਤੇ ਹੇਤੁ ਵਿਚ ਖਾਮੀ ਹੈ ਕਿਉਂਕਿ ਘੜੇ ਦੀ ਹੋਂਦ ਵੀ ਹੈ ਅਤੇ
ਇਹ ਇੰਦ੍ਰੀਆਂ ਦੁਆਰਾ ਗਿਆਤ ਵੀ ਹੁੰਦਾ ਹੈ।
- ਇਹ ਪੁਰਸ਼ ਭਾਵਹੀਣ ਹੈ (ਸਾਧ੍ਯ),
ਕਿਉਂਕਿ ਇਹ ਪ੍ਰਾਣੀ ਹੈ (ਹੇਤੁ), ਆਮ ਆਦਮੀ ਵਾਂਗ (ਸਾਧਰਮ੍ਯ
ਦ੍ਰਿਸ਼ਟਾਂਤ)।
ਇੱਥੇ, ਸਾਧ੍ਯ ਵਿਚ ਖਾਮੀ ਹੈ ਕਿਉਂਕਿ ਇਹ ਸ਼ੱਕ ਹੈ ਕਿ ਆਮ ਆਦਮੀ ਭਾਵਹੀਣ ਹੈ ਜਾਂ
ਨਹੀ ਹੈ।
- ਇਹ ਪੁਰਸ਼ ਪ੍ਰਾਣੀ ਹੈ (ਸਾਧ੍ਯ),
ਕਿਉਂਕਿ ਇਹ ਭਾਵੁਕ ਹੈ (ਹੇਤੁ), ਆਮ ਆਦਮੀ ਵਾਂਗ (ਸਾਧਰਮ੍ਯ
ਦ੍ਰਿਸ਼ਟਾਂਤ)।
ਇੱਥੇ, ਹੇਤੁ ਵਿਚ ਖਾਮੀ ਹੈ ਕਿਉਂਕਿ ਇਹ ਸ਼ੱਕ ਹੈ ਕਿ ਆਮ ਆਦਮੀ ਭਾਵਹੀਣ ਹੈ ਜਾਂ
ਨਹੀ ਹੈ।
- ਇਹ ਪੁਰਸ਼ ਅਸਰਵਗਿਆਤਾ ਹੈ (ਸਾਧ੍ਯ),
ਕਿਉਂਕਿ ਇਹ ਭਵੁਕ ਹੈ (ਹੇਤੁ), ਆਮ ਆਦਮੀ ਵਾਂਗ (ਸਾਧਰਮ੍ਯ
ਦ੍ਰਿਸ਼ਟਾਂਤ)।
ਇੱਥੇ, ਦੋਵੇ ਸਾਧ੍ਯ ਅਤੇ ਹੇਤੁ ਵਿਚ ਖਾਮੀ ਹੈ
ਕਿਉਂਕਿ ਇਸ ਵਿਚ ਸ਼ੱਕ ਹੈ ਕਿ ਆਮ ਆਦਮੀ ਭਾਵੁਕ ਵੀ ਅਤੇ ਅਸਰਵਗਿਆਤਾ ਵੀ ਹੈ।
ਵੈਧਰਮ੍ਯ ਦ੍ਰਿਸ਼ਟਾਂਤਆਭਾਸ ਛੇ ਪ੍ਰਕਾਰ ਦੇ ਹਨ ਜਿਵੇਂ ਕਿ
ਨਿਮਨਲਿਖਤ ਉਦਾਹਰਣਾਂ ਦੁਆਰਾ ਦਿਖਾਏ ਗਏ ਹਨ:
- ਅਨੁਮਾਨ ਅਵੈਧ (ਸਾਧ੍ਯ) ਹੈ,
ਕਿਉਂਕਿ ਇਹ ਗਿਆਨ ਦਾ ਸੋਮਾ ਹੈ (ਹੇਤੁ): ਜੋ ਵੀ ਅਵੈਧ ਨਹੀ ਹੈ ਉਹ ਗਿਆਨ
ਦਾ ਸੋਮਾ ਨਹੀ ਹੈ, ਸੁਪਨੇ ਵਾਂਗ (ਵੈਧਰਮ੍ਯ ਦ੍ਰਿਸ਼ਟਾਂਤ)।
ਇੱਥੇ, ਸਾਧ੍ਯ ਵਿਚ ਖਾਮੀ ਹੈ ਕਿਉਂਕਿ ਸੁਪਨਾ ਅਸਲ ਵਿਚ ਅਵੈਧ ਹੈ ਭਾਵੇ ਇਸ ਨੂੰ
ਅਵੈਧ ਨਹੀ ਕਿਹਾ ਗਿਆ ਹੈ।
- ਪ੍ਰਤਿਅਕਸ਼ ਨਿਰਵਿਕਲਪਕ ਹੈ (ਸਾਧ੍ਯ),
ਕਿਉਂਕਿ ਇਹ ਗਿਆਨ ਦਾ ਸੋਮਾ ਹੈ (ਹੇਤੁ): ਜੋ ਵੀ ਸਵਿਕਲਪਕ
ਹੈ ਉਹ ਗਿਆਨ ਦਾ ਸੋਮਾ ਨਹੀ ਹੈ, ਅਨੁਮਾਨ ਵਾਂਗ (ਵੈਧਰਮ੍ਯ ਦ੍ਰਿਸ਼ਟਾਂਤ)।
ਇੱਥੇ, ਸਾਧ੍ਯ ਵਿਚ ਖਾਮੀ ਹੈ ਕਿਉਂਕਿ ਅਨੁਮਾਨ ਅਸਲ ਵਿਚ ਗਿਆਨ ਦਾ ਸੋਮਾ ਹੈ ਭਾਵੇ
ਇਸ ਨੂੰ ਸੋਮਾ ਨਹੀ ਵੀ ਕਿਹਾ ਗਿਆ ਹੈ।
- ਸ਼ਬਦ ਨਿੱਤ ਅਤੇ ਅਨਿੱਤ ਹੈ (ਸਾਧ੍ਯ),
ਕਿਉਂਕਿ ਇਸ ਦੀ ਹੋਂਦ ਹੈ (ਹੇਤੁ): ਜੋ ਵੀ ਨਿੱਤ ਅਤੇ ਅਨਿੱਤ ਨਹੀ ਉਸ ਦੀ
ਹੋਂਦ ਨਹੀ ਹੈ, ਘੜੇ ਵਾਂਗ (ਵੈਧਰਮ੍ਯ ਦ੍ਰਿਸ਼ਟਾਂਤ)।
ਇੱਥੇ, ਦੋਵੇਂ ਸਾਧ੍ਯ ਅਤੇ ਹੇਤੁ (ਸਾਧਨ) ਵਿਚ ਖਾਮੀ ਹੈ ਕਿਉਂਕਿ ਘੜਾ ਦੋਵੇਂ
“ਨਿੱਤ ਅਤੇ ਅਨਿੱਤ” ਅਤੇ “ਹੋਂਦ” ਵਾਲਾ ਹੈ।
- ਕਪਿਲ ਸਰਵਗਿਆਤਾ ਨਹੀ ਹੈ (ਸਾਧ੍ਯ),
ਕਿਉਂਕਿ ਉਹ 'ਚਾਰ ਆਰੀਆ ਸਤਿ' ਦਾ ਪ੍ਰਤਿਪਾਦਕ ਨਹੀ ਹੈ (ਹੇਤੁ): ਜੋ ਵੀ
ਸਰਵਗਿਆਤਾ ਹੈ ਉਹ 'ਚਾਰ ਆਰੀਆ ਸਤਿ' ਦਾ ਪ੍ਰਤਿਪਾਦਕ ਹੁੰਦਾ ਹੈ, ‘ਬੁੱਧ’ ਵਾਂਗ (ਵੈਧਰਮ੍ਯ
ਦ੍ਰਿਸ਼ਟਾਂਤ)।
ਇੱਥੇ, ਸਾਧ੍ਯ ਦੀ ਵੈਧਤਾ ਸੰਦੇਹਪੂਰਣ ਹੈ, ਕਿਉਕਿ ਇਸ ਵਿਚ ਸ਼ੱਕ ਹੈ ਕਿ ਬੁੱਧ
‘ਸਰਵਗਿਆਤਾ’ ਸੀ।
- ਇਹ ਪੁਰਸ਼ ਅਵਿਸ਼ਵਾਸਯੋਗ ਹੈ (ਸਾਧ੍ਯ),
ਕਿਉਂਕਿ ਇਹ ਭਾਵੁਕ ਹੈ (ਹੇਤੁ): ਜੋ ਵੀ ਵਿਸ਼ਵਾਸਯੋਗ ਹੈ ਉਹ ਭਾਵੁਕ ਨਹੀ
ਹੁੰਦਾ, ‘ਬੁੱਧ’ ਵਾਂਗ (ਵੈਧਰਮ੍ਯ ਦ੍ਰਿਸ਼ਟਾਂਤ)।
ਇੱਥੇ, ਹੇਤੁ ਦੀ ਵੈਧਤਾ ਸੰਦੇਹਪੂਰਣ ਹੈ ਕਿਉਂਕਿ ਇਸ ਵਿਚ ਸ਼ੱਕ ਹੈ ਕਿ ਬੁੱਧ
ਭਾਵੁਕ ਨਹੀ ਸੀ।
- ਕਪਿਲ ਭਾਵੁਕਹੀਣ ਨਹੀ ਹੈ (ਸਾਧ੍ਯ),
ਕਿਉਂਕਿ ਉਸਨੇ ਆਪਣੇ ਸਰੀਰ ਦਾ ਪਿਸਿਤ ਭੁੱਖਿਆਂ ਨੂੰ ਨਹੀ ਦਿੱਤਾ (ਹੇਤੁ):
ਜੋ ਵੀ ਭਾਵੁਕਹੀਣ ਹੈ ਉਹ ਆਪਣਾ ਪਿਸਿਤ ਭੁਖਿਆਂ ਨੂੰ ਦਿੰਦਾ ਹੈ, ਬੁੱਧ ਵਾਂਗ (ਵੈਧਰਮ੍ਯ
ਦ੍ਰਿਸ਼ਟਾਂਤ)।
ਇੱਥੇ ਦੋਵੇਂ ਸਾਧ੍ਯ ਅਤੇ ਹੇਤੁ (ਸਾਧਨ) ਦੀ ਵੈਧਤਾ ਸੰਦੇਹਪੂਰਣ ਹੈ ਕਿਉਂਕਿ ਇਸ
ਵਿਚ ਸ਼ੱਕ ਹੈ ਕਿ ਬੁੱਧ ਭਾਵੁਕਹੀਣ ਸੀ ਅਤੇ ਉਸ ਨੇ ਆਪਣਾ ਪਿਸਿਤ ਭੁੱਖਿਆ ਨੂੰ
ਦਿੱਤਾ ਸੀ।
ਦੂਸ਼ਣ
ਕਿਸੇ ਵਾਦ ਵਿਵਾਦ ਵਿਚ ਵਿਰੋਧੀ ਦੀਆਂ ਖਾਮੀਆਂ ਜਾਂ ਆਭਾਸ ਨੂੰ ਉਪਰੋਕਤ ਰੂਪ ਵਿਚ
ਦਰਸਾਉਣਾ ਦੂਸ਼ਣ ਕਿਹਾ ਜਾਂਦਾ ਹੈ। ਖਾਮੀਆਂ ਨਾ ਹੋਣ ਦੇ ਬਾਵਜੂਦ ਵੀ
ਖਾਮੀ ਦੇ ਇਲਜ਼ਾਮ ਦੀ ਵਿਉਂਤ ਘੜਨਾ ਦੂਸ਼ਣਆਭਾਸ ਮੰਨਿਆ ਜਾਂਦਾ ਹੈ।
ਜੈਨੀਆਂ ਦਾ ਮਤ ਹੈ ਕਿ ਪ੍ਰਮਾਣ ਦਾ ਤਤਕਾਲੀ ਪਰਿਣਾਮ ਅਵਿਦਿਆ ਨੂੰ ਦੂਰ ਕਰਨਾ
ਹੈ। ‘ਪਾਰਮਾਰਥਿਕ ਪ੍ਰਤਿਅਕਸ਼’ ਪ੍ਰਮਾਣ ਦੁਆਰਾ ਪ੍ਰਾਪਤ ਕੀਤੇ ਗਿਆਨ ਦਾ ਨਤੀਜਾ ਆਨੰਦ
ਅਤੇ ਸ਼ਾਂਤੀ ਪ੍ਰਾਪਤ ਕਰਨਾ ਹੁੰਦਾ ਹੈ ਜੋ ਸਾਨੂੰ ਮੁਕਤੀ ਵਲ ਲੈ ਜਾਂਦਾ ਹੈ, ਜਦ ਕਿ
ਦੂਜੀਆਂ ਹੋਰ ਕਿਸਮ ਦੇ ਪ੍ਰਮਾਣ ਸਾਨੂੰ ਉਹ ਸਹੂਲਤਾਂ ਪ੍ਰਦਾਨ ਕਰਦੇ ਹਨ ਜਿਨ੍ਹਾਂ
ਰਾਹੀਂ ਅਸੀਂ ਆਪਣੀਆਂ ਵਿਹਾਰਕ ਲੋੜਾਂ ਪੂਰੀਆਂ ਕਰ ਸਕਦੇ ਹਾਂ ਅਤੇ ਅਨੁਚਿਤ ਚੀਜ਼ਾਂ
ਨੂੰ ਰੱਦ ਕਰ ਸਕਦੇ ਹਾਂ।
ਨਯ – ਵਰਣਨ ਵਿਧੀ
ਨਯ ਵਿਧੀ ਵਸਤੂਆਂ ਨੂੰ ਕਿਸੇ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਗ੍ਰਹਿਣ
ਕਰਨ ਦਾ ਤਰੀਕਾ ਹੈ। ਇਉਂ ਇਕ ਗੁਲਾਬ ਦੇ ਫੁੱਲ ਨੂੰ ਜਾਂ ਤਾਂ ਅਸੀਂ ਆਮ ਫੁੱਲਾਂ ਦੇ
ਗੁਣਾਂ ਦੀ ਤਰ੍ਹਾਂ ਸਮਝ ਸਕਦੇ ਹਾਂ ਅਤੇ ਜਾਂ ਉਹ ਦੂਸਰੇ ਫੁੱਲਾਂ ਤੋਂ ਅਲੱਗ ਚੀਜ਼
ਜਿਸ ਦੇ ਵਿਸ਼ੇਸ਼ ਗੁਣ ‘ਗੁਲਾਬ’ ਵਰਗੇ ਹੋਣ। ਨਯ ਸੱਤ ਕਿਸਮ ਦਾ ਦੱਸਿਆ ਗਿਆ ਹੈ: (1)
ਨੈਗਮ, (2) ਸੰਗ੍ਰਹਿ, (3) ਵਿਵਹਾਰ, (4) ਰਜੁਸੂਤਰ,
(5) ਸ਼ਬਦ, (6) ਸਮਭੀਰੁਧ, ਅਤੇ (7) ਏਵਮਭੂਤ।
ਸ਼ਾਸਤਰ ਵਿਧੀ ਵਿਚ ਇਕ ਪਾਸੀ ਨਯਾਂ ਨੂੰ ਵਰਤ ਕੇ ਵਸਤੂਆਂ ਦਾ ਜੋ ਪੂਰਾ ਗਿਆਨ
ਪ੍ਰਾਪਤ ਕੀਤਾ ਜਾਂਦਾ ਹੈ ਉਸ ਨੂੰ ਸਯਾਦਵਾਦ-ਸ਼ਰੂਤ ਕਿਹਾ ਜਾਂਦਾ ਹੈ।
ਇਹ ਹਰੇਕ ਦ੍ਰਿਸ਼ਟੀਕੋਣ ਤੋਂ ਵਸਤੂਆਂ ਦਾ ਸੰਪੂਰਣ ਗਿਆਨ ਹੁੰਦਾ ਹੈ। ਇਸ ਗਿਆਨ ਨੂੰ
ਪ੍ਰਾਪਤ ਕਰਨ ਵਾਲਾ ਜੀਵ (ਅਰਥਾਤ ਜੀਵਆਤਮਾ) ਸਰਬਗ੍ਯ ਹੈ, ਆਤਮਾ ਅਤੇ
ਅਨਾਤਮਾ ਦਾ ਪ੍ਰਕਾਸ਼ਕ, ਕਰਨਹਾਰ ਅਤੇ ਭੋਗਣਹਾਰ ਵੀ ਹੈ। ਇਹ ਪਰਿਵਰਤਨਸ਼ੀਲ ਹੈ ਅਤੇ
ਜਲ, ਥਲ ਆਦਿ ਤੋਂ ਅਲੱਗ ਹੋਣ ਦੇ ਨਾਤੇ ਸਵੈ-ਚੇਤਨ ਵੀ ਹੈ।
ਪ੍ਰਮਾਣ ਅਤੇ ਨਯ ਦਾ ਸਿਲਸਿਲਾ, ਜਿਸ ਤੋਂ ਅਸੀ ਸਾਰੇ ਜਾਣੂ ਹਾਂ ਅਤੇ ਜੋ ਸਾਨੂੰ
ਸਾਰੇ ਵਿਹਾਰਕ ਕੰਮ ਕਰਨ ਦੇ ਯੋਗ ਬਣਾਉਂਦਾ ਹੈ, ਅੰਤ-ਰਹਿਤ ਅਤੇ ਆਦਿ-ਰਹਿਤ ਹੈ।
ਰਿਸ਼ੀ ਸਿੱਧਾਸੇਨ ਦੀਵਾਕਰ ਦਾ ਇਹ, ਦੂਰਅੰਦੇਸ਼ੀ ਵਾਲਾ, ਸਾਰਥਕ ਨਿਸ਼ਕਰਸ਼ ਅਜੋਕੇ
ਵਿਗਿਆਨ ਲਈ ਬੜੀ ਅਹਿਮੀਅਤ ਰੱਖਦਾ ਹੈ। ਭਾਰਤੀ ਪਰੰਪਰਾ ਨੂੰ ਦੁਹਰਾਉਂਦੇ ਹੋਏ ਉਹ,
ਬੜੇ ਪ੍ਰਭਵਸ਼ਾਲੀ ਤਰੀਕੇ ਨਾਲ, ਕਹਿੰਦੇ ਹਨ ਕਿ ਦੂਜੇ ਸਥਾਪਤ ਪ੍ਰਮਾਣਾਂ ਦੇ ਨਾਲ ਨਾਲ
‘ਨਯ’ (ਵਾਸਤਵਿਕ ਹੋਂਦ ਨੂੰ ਹਰ ਦ੍ਰਿਸ਼ਟੀਕੋਣ ਤੋਂ ਘੋਖਣ ਦੀ ਵਿਧੀ) ਸਾਡੇ ਵਿਹਾਰਕ
ਕੰਮਾਂ ਨੂੰ, ਕਾਮਯਾਬੀ ਨਾਲ, ਨੇਪਰੇ ਚੜ੍ਹਾਉਣਨ ਲਈ ਅਤਿਅੰਤ ਉਪਯੋਗੀ ਸਾਬਤ ਹੁੰਦਾ
ਹੈ। ਇਹ ਹੀ ਅਸਲੀ ਮਾਅਨਿਆ ਵਿਚ ਵਿਗਿਆਨਕ ਵਿਧੀ ਦਾ ਆਧਾਰ ਹੈ, ਜਿਸ ਵਿਚ ਭੌਤਿਕ
ਵਸਤੂਆਂ ਦਾ ਮੂਲ ਤੱਤ, ਉਨ੍ਹਾਂ ਦੇ ਆਪਸੀ ਸੰਬੰਧਾਂ ਅਤੇ ਕੁਦਰਤੀ ਘਟਨਾਵਾਂ ਨੂੰ ਹਰ
ਸੰਭਵ ਦ੍ਰਿਸ਼ਟੀਕੋਣ ਤੋਂ ਲੈ ਕੇ ਸੰਸਾਰਹਿਤ ਤਫਤੀਸ਼ ਕੀਤਾ ਅਤੇ ਸਾਰਥਕ ਤੌਰ ‘ਤੇ
ਸਮਝਿਆ ਜਾਂਦਾ ਹੈ। ਇਸ ਸਮਝ ਨੂੰ ਆਧਾਰ ਮੰਨ ਕੇ ਮਾਨਵ-ਹਿਤ ਟੈਕਨਾਲੋਜੀ ਦਾ ਵਿਕਾਸ
ਹੁੰਦਾ ਹੈ। ਬਿਲਕੁਲ ਇਸੇ ਕਰਕੇ ਹੀ ਵਿਗਿਆਨਕ ਬੋਧ ਇਕ ਸਮਾਜਕ ਪ੍ਰਕਿਰਿਆ ਅਤੇ ਸਮੂਹਕ
ਸੰਪਤੀ ਹੈ। ਵਿਗਿਆਨ, ਮਾਨਵ ਸਮਾਜ ਤੋਂ ਬਗੈਰ ਅਸੰਭਵ ਅਤੇ ਨਿਰਰਥਕ ਹੈ।
ਸਿੱਧਸੇਨ ਗਣੀ (600 ਈ)
ਸਿੱਧਸੇਨ ਗਣੀ ਸ਼੍ਵੇਤਾਂਬਰ ਫਿਰਕੇ ਨਾਲ ਸੰਬੰਧਿਤ ਸਨ ਜਿਨ੍ਹਾਂ ਨੇ ਉਮਾਸਵਾਤਿ
ਦੇ ਗ੍ਰੰਥ ਤਤਵਾਰਥਆਧਿਗਮ ਉੱਪਰ ਤਤਵਆਰਥਿਕ ਨਾਮੀ ਟੀਕਾ ਲਿਖੀ। ਇਸ
ਵਿਚ ਉਨ੍ਹਾਂ ਨੇ ਪ੍ਰਮਾਣ ਅਤੇ ਨਯ ਦੇ ਤਾਰਕਿਕ ਸਿਧਾਂਤਾਂ
ਉੱਪਰ ਵਿਸਤਾਰ ਨਾਲ ਚਰਚਾ ਕੀਤੀ ਹੈ। ਸਿੱਧਸੇਨ ਗਣੀ ਨੂੰ ਦੇਵਅਰਧਗਣੀ ਕਸ਼ੰਮਾਸਾਰਮਣ
ਦੇ ਸਮਕਾਲੀ ਮੰਨਿਆ ਜਾਂਦਾ ਹੈ ਜਿਸ ਦਾ ਜੀਵਨਕਾਲ ਮਹਾਂਵੀਰ ਤੋਂ 980 ਵਰ੍ਹੇ ਬਾਅਦ
ਦਾ ਦੱਸਿਆ ਗਿਆ ਹੈ (ਅਰਥਾਤ 453 ਈ)। ਪਰ ਕਈ ਅਲੱਗ ਸੰਪਰਦਾਏ ਇਸਦਾ ਜੀਵਨਕਾਲ 600 ਈ
ਦੇ ਆਸ ਪਾਸ ਦਾ ਵੀ ਮੰਨਦੇ ਹਨ।
ਸਮੰਤਭਦ੍ਰ (600 ਈ)
ਦੱਖਣੀ ਭਾਰਤ ਦੇ ਰਹਿਣ ਵਾਲੇ ਸਮੰਤਭਦ੍ਰ, ਜੈਨਮਤ ਦੇ ਦਿਗੰਬਰ ਫਿਰਕੇ ਵਿੱਚੋਂ
ਸਨ। ਉਨ੍ਹਾ ਨੇ ਉਮਾਸਵਾਤਿ ਦੇ ਗ੍ਰੰਥ, ਤਤਵਾਰਥਆਧਿਗਮ-ਸੂਤ੍ਰ ਉੱਪਰ
ਗੰਧਹਸਤੀ-ਮਹਾਂਭਾਸ਼੍ਯ ਨਾਮੀ ਟੀਕਾ ਲਿਖੀ ਜਿਸ ਕਰਕੇ ਉਹ ਜ਼ਿਆਦਾ
ਮਸ਼ਹੂਰ ਸਨ। ਇਸ ਟੀਕਾ ਦਾ ਪ੍ਰਾਰੰਭਕ ਭੂਮਿਕਾ-ਸੰਬੰਧੀ ਕਾਂਡ (ਦੇਵਾਆਗਮਸਤੋਤਰ
ਜਾਂ ਆਪਤਮੀਮਾਂਸਾ) ਤਰਕਸ਼ਾਸਤਰ ਦੇ ਸਿਧਾਂਤਾ ਉੱਪਰ ਵਿਸਤਾਰ ਨਾਲ ਚਰਚਾ
ਭਰਪੂਰ ਹੈ। ਵਾਚਸਪਤੀ ਮਿਸ਼੍ਰ ਵੀ ਸਯਾਦਵਾਦ ਸਿਧਾਂਤ ਦੀ ਟਿੱਪਣੀ ਕਰਦੇ ਹੋਏ,
ਆਪਤਮੀਮਾਂਸਾ ਦਾ ਜ਼ਿਕਰ ਕਰਦੇ ਹਨ। ਸਮੰਤਭਦ੍ਰ ਦੀਆਂ ਹੋਰ ਰਚਨਾਵਾਂ ਇਸ ਪ੍ਰਕਾਰ ਹਨ:
ਯੁਕਤੀਅਨੁਸ਼ਾਸਨ, ਰਤਨਕਰਣਦਕ (ਜਾਂ ਉਪਾਸਕਅਧਿਆਨ),
ਸਵੈਭੂ-ਸਤੋਤਰ ਅਤੇ ਚਤੁਰਵਿੰਸ਼ਤੀ-ਜੀਨਾ-ਸਤੁਤੀ। ਰਿਸ਼ੀ ਕੁਮਾਰਲ ਵੀ
ਆਪਣੀਆਂ ਰਚਨਾਵਾਂ ਵਿਚ ਸਮੰਤਭਦ੍ਰ ਦਾ ਜ਼ਿਕਰ ਕਰਦੇ ਹਨ।
ਸਮੰਤਭਦ੍ਰ ਦਾ ਆਪਤਮੀਮਾਂਸਾ
ਆਪਤਮੀਮਾਂਸਾ ਵਿਚ ਕੁਲ 10 ਕਾਂਡ (ਪਰਿਛੇਦ) ਹਨ ਜਿਨ੍ਹਾਂ ਵਿਚ
ਸੰਪੂਰਣ ਤੌਰ ‘ਤੇ ਸਯਾਦਵਾਦ (ਜਾਂ ਸਪਤਭੰਗੀ-ਨਯ) ਦੇ ਸੱਤ ਭਾਗਾਂ ਦੀ ਵਿਆਖਿਆ ਕੀਤੀ
ਗਈ ਹੈ। ਇਸ ਵਿਚ ਸਯਾਦ-ਆਸਤੀ (“ਸ਼ਾਇਦ, ਇਹ ਹੈ”), ਸਯਾਦ-ਨਾਸਤੀ (“ਸ਼ਾਇਦ, ਇਹ ਨਹੀ
ਹੈ”) ਵਿਸ਼ਿਆਂ ‘ਤੇ ਚਰਚਾ ਕੀਤੀ ਗਈ ਹੈ। ਇਸ ਤੋਂ ਛਿੜੇ, ਭਾਵ (ਹੋਂਦ ਜਾਂ
ਆਸਤੀ) ਅਤੇ ਅਭਾਵ (ਅਣਹੋਂਦ ਜਾਂ ਨਾਸਤੀ) ਦੇ ਆਪਸੀ ਸੰਬੰਧਾਂ ਬਾਰੇ
ਕਾਫੀ ਰੋਚਕ ਵਾਦ-ਵਿਵਾਦ ਦਾ ਜ਼ਿਕਰ ਵੀ ਆਉਂਦਾ ਹੈ।
ਸਮੰਤਭਦ੍ਰ ਦੁਆਰਾ ਅਭਾਵ ਨੂੰ ਚਾਰ ਕਿਸਮਾਂ ਵਿਚ ਵੰਡਿਆ ਗਿਆ ਹੈ: (1)
ਪ੍ਰਾਗਅਭਾਵ (ਪੂਰਬਵਰਤੀ ਅਭਾਵ)। ਜਿਵੇਂ, ਚਿਕਣੀ ਮਿੱਟੀ ਦੇ ਢੇਰ ਦਾ
ਅਭਾਵ ਹੋ ਜਾਂਦਾ ਹੈ ਜਦੋਂ ਇਸ ਤੋਂ ਘੜਾ ਬਣਾ ਲਿਆ ਜਾਂਦਾ ਹੈ। ਇਉਂ
ਘੜਾ, ਚਿਕਣੀ ਮਿੱਟੀ ਦੇ ਢੇਰ ਦੇ ਮੁਕਾਬਲੇ (ਅਰਥਾਤ ਸਾਪੇਖ) ਉਸ ਦਾ ਪਰਾਗਅਭਾਵ
ਹੈ, (2) ਪ੍ਰਧ੍ਵੰਸਆਭਾਵ (ਉੱਤਰਵਰਤੀ ਜਾਂ ਅਨੁਵਰਤੀ ਅਭਾਵ,
ਪ੍ਰਧ੍ਵੰਸ = ਵਿਨਾਸ਼)। ਜਿਵੇਂ, ਚਿਕਣੀ ਮਿੱਟੀ ਦਾ ਢੇਰ, ਘੜੇ ਦੇ ਮੁਕਾਬਲੇ (ਸਾਪੇਖ)
ਪ੍ਰਧ੍ਵੰਸ ਅਭਾਵ ਹੈ, (3) ਅਨ੍ਯੋਨ੍ਯਾਭਾਵ ਜਾਂ
ਅਨ੍ਯਾਪੋਹਾ, ਅਰਥਾਤ ਪਰਸਪਰ ਅਭਾਵ। ਜਿਵੇਂ ਇਕ ਘੜਾ ਅਤੇ ਇਕ ਖੰਭਾ ਇਕ ਦੂਸਰੇ
ਦੇ ਸਾਪੇਖ ਅਨ੍ਯੋਨ੍ਯਾਭਾਵ ਹਨ, (4) ਸਮਵਾਯਆਭਾਵ
ਜਾਂ ਅਤ੍ਯੰਤਾਭਾਵ, ਸਭ ਕਾਲਾਂ (ਸਮਿਆਂ) ਵਿਚ ਕਿਸੇ ਵਸਤੁ ਦਾ ਨਾ ਹੋਣਾ,
ਜਿਵੇਂ ਨਿਰਜੀਵ ਜੀਵਤ ਵਸਤੁ ਨਹੀ ਹੋ ਸਕਦੀ। ਅਰਥਾਤ ਨਿਰਜੀਵਤਾ ਦਾ ਨਿਰਜੀਵ ਵਸਤੁ
ਨਾਲ ਸ੍ਵਾਭਾਵਿਕ (ਜਾਂ ਸਮਵਾਯ) ਸੰਬੰਧ ਹੈ।
ਇੱਥੇ ਇਹ ਦੇਖਣਗੋਚਰ ਹੈ ਕਿ ਅਭਾਵ ਨੂੰ ਸਮੁੱਚੇ ਤੌਰ ‘ਤੇ ਛੇਕ
ਕੇ (ਬਾਹਰ ਕੱਢ ਕੇ) ਕੇਵਲ-ਮਾਤਰ ਭਾਵ ਨੂੰ ਮੰਨ ਲੈਣ ਨਾਲ ਵਸਤੂਆਂ
ਸਰਵ-ਵਿਆਪੀ, ਅਨਾਦਿ, ਅਨੰਤ, ਅਭੇਦ ਅਤੇ ਅਕਲਪਿਤ ਹੋ ਜਾਂਦੀਆਂ ਹਨ। ਮਿਸਾਲ ਵਜੋਂ ਜੇ
ਪ੍ਰਾਗਅਭਾਵ ਨੂੰ ਤਿਆਗਿਆ ਜਾਂਦਾ ਹੈ ਤਾਂ ਕ੍ਰਿਆਸ਼ੀਲਤਾ ਅਤੇ ਵਸਤੁ ਅਨਾਦਿ ਹੋ ਜਾਂਦੇ
ਹਨ, ਮਤਲਬ ਹਰਕਤ ਨਾ ਹੋਣ ਨਾਲ ਕੋਈ ਵਸਤੁ ਅਰੰਭ (ਨਾਦਿ) ਨਹੀ ਹੋ ਸਕਦੀ, ਜਦ ਕਿ
ਪ੍ਰਧ੍ਵੰਸਆਭਾਵ ਨੂੰ ਤਿਆਗਣ ਨਾਲ ਕ੍ਰਿਆਸ਼ੀਲਤਾ ਅਤੇ ਵਸਤੁ ਅਨੰਤ (ਅੰਤ ਤੋਂ ਬਗੈਰ)
ਹੋ ਜਾਂਦੇ ਹਨ। ਇਸੇ ਤਰ੍ਹਾਂ ਜੇ ਅਨ੍ਯੋਨ੍ਯਾਭਾਵ ਨੂੰ ਨਕਾਰਿਆ ਜਾਂਦਾ ਹੈ ਤਾਂ ਉਹ
(ਅਰਥਾਤ ਵਸਤੁ) ਏਕਾਂਤ ਅਤੇ ਸਰਵ-ਵਿਆਪੀ ਹੋ ਜਾਂਦੇ ਹਨ। ਸਮਵਾਯਆਭਾਵ ਨੂੰ ਤਿਆਗਣ
ਨਾਲ, ਕ੍ਰਿਆਸ਼ੀਲਤਾ ਅਤੇ ਵਸਤੁ ਸਦੀਵੀ (ਨਿੱਤ) ਅਤੇ ਸਰਵ-ਵਿਆਪੀ ਮੰਨੇ ਜਾਣਗੇ।
ਇਉਂ ਹੀ ਸਮੁੱਚੇ ਭਾਵ ਨੂੰ ਛੇਕ ਕੇ ਕੇਵਲ-ਮਾਤਰ ਅਭਾਵ
ਨੂੰ ਮੰਨ ਲੈਣ ਨਾਲ ਕਿਸੇ ਚੀਜ਼ ਨੂੰ ਸਥਾਪਿਤ ਕਰਨਾ ਜਾਂ ਰੱਦ ਕਰਨਾ ਅਸੰਭਵ ਹੋ ਜਾਏਗਾ
ਕਿਉਂਕਿ ਉਹ ਚੀਜ਼ ਤਾਂ ਹੈ ਹੀ ਨਹੀ। ਦੂਸਰੇ ਪਾਸੇ ਜੇਕਰ, ਭਾਵ ਅਤੇ ਅਭਾਵ, ਜੋ ਇਕ
ਦੂਸਰੇ ਨਾਲ ਬੇਮੇਲ ਹਨ (ਇਕ ਦੂਸਰੇ ਨੂੰ ਪਰਸਪਰ ਖਾਰਜ ਕਰਦੇ ਹਨ), ਕਿਸੇ ਚੀਜ਼ ‘ਤੇ
ਸਮਕਾਲੀ ਆਰੋਪਿਤ ਕੀਤੇ ਜਾਂਦੇ ਹਨ ਤਾਂ ਉਹ ਚੀਜ਼ ਅਸਪਸ਼ਟ ਜਾਂ ਅਵਰਣਨਯੋਗ ਹੋ ਜਾਂਦੀ
ਹੈ। ਅਰਥਾਤ, ਕਿਸੇ ਚੀਜ਼ ਦਾ ਸਮਕਾਲੀ "ਭਾਵ" ਅਤੇ "ਅਭਾਵ" ਹੋਮਾ ਅਸੰਭਵ ਹੈ।
ਇਸ ਲਈ ਸਤਿ (ਸੱਚ) ਇਸ ਪ੍ਰਕਾਰ ਹੈ:
- ਇਕ ਚੀਜ਼ ਦਾ ਭਾਵ ਹੈ – ਕਿਸੇ ਇਕ ਦ੍ਰਿਸ਼ਟੀਕੋਣ ਤੋਂ।
- ਇਕ ਚੀਜ਼ ਦਾ ਅਭਾਵ ਹੈ – ਕਿਸੇ ਦੂਸਰੇ ਦ੍ਰਿਸ਼ਟੀਕੋਣ ਤੋਂ।
- ਇਕ ਚੀਜ਼ ਵਾਰੀ ਸਿਰ ਭਾਵ ਅਤੇ ਅਭਾਵ ਹੈ – ਕਿਸੇ ਤੀਸਰੇ ਦ੍ਰਿਸ਼ਟੀਕੋਣ ਤੇਂ।
- ਇਹ ਅਵਰਣਨਯੋਗ (ਅਵਕਤਵ੍ਯ) ਹੈ (ਅਰਥਾਤ ਸਮਕਾਲਿਕ ਭਾਵ ਵੀ ਅਤੇ ਅਭਾਵ ਵੀ) –
ਚੌਥੇ ਦ੍ਰਿਸ਼ਟੀਕੋਣ ਤੋਂ।
- ਇਹ ਅਭਾਵ ਅਤੇ ਅਵਰਣਨਯੋਗ (ਅਵਕਤਵ੍ਯ) ਹੈ – ਪੰਜਵੇਂ ਦ੍ਰਿਸ਼ਟੀਕੋਣ ਤੋਂ।
- ਇਹ ਭਾਵ ਅਤੇ ਅਵਰਣਨਯੋਗ (ਅਵਕਤਵ੍ਯ) ਹੈ - ਛੇਵੇਂ ਦ੍ਰਿਸ਼ਟੀਕੋਣ ਤੋਂ।
- ਇਹ ਦੋਵੇਂ ਭਾਵ ਅਤੇ ਅਭਾਵ ਅਤੇ ਅਵਰਣਨਯੋਗ (ਅਵਕਤਵ੍ਯ) ਹੈ – ਸੱਤਵੇਂ
ਦ੍ਰਿਸ਼ਟੀਕੋਣ ਤੋਂ।
ਅਕਲੰਕਦੇਵ (750 ਈ)
ਅਕਲੰਕਦੇਵ ਜੋ ਅਕਲੰਕ ਅਤੇ ਅਕਲੰਕਚੰਦਰ ਦੇ ਨਾਮ ਨਾਲ ਵੀ ਜਾਣੇ ਜਾਂਦੇ ਸਨ,
ਜੈਨੀਆਂ ਦੇ ਦਿਗੰਬਰ ਫਿਰਕੇ ਨਾਲ ਸੰਬੰਧ ਰੱਖਣ ਵਾਲੇ ਬੜੇ ਮਸ਼ਹੂਰ ਤਰਕਸ਼ਾਸਤਰੀ ਸਨ,
ਜਿਨ੍ਹਾ ਦੀ ਰਿਹਾਇਸ਼ ਦੱਖਣੀ ਭਾਰਤ ਵਿਚ ਸੀ। ਉਨ੍ਹਾਂ ਨੂੰ ਮਾਣ ਨਾਲ ਕਵੀ
ਵੀ ਕਿਹਾ ਜਾਂਦਾ ਸੀ। ਉਨ੍ਹਾਂ ਨੇ ਅਸ਼ਟ-ਸਤੀ ਨਾਮ ਦੀ ਇਕ ਟੀਕਾ
ਸਮੰਤਭਦ੍ਰ ਦੀ ਕਿਰਤ ਆਪਤਮਿਮਾਂਸਾ ਉੱਪਰ ਲਿਖੀ। ਅਕਲੰਕ ਦੀਆਂ
ਤਰਕਸ਼ਾਸਤਰ ਉੱਪਰ ਹੋਰ ਲਿਖੀਆਂ ਰਚਨਾਵਾਂ ਇਸ ਪ੍ਰਕਾਰ ਹਨ: ਨਿਆਇ-ਵਿਨਿਸ਼ਚਯ,
ਤਤਵਅਰਥ-ਵਾਰਤਿਕ-ਵਿਆਖਿਆਨਲੰਕਾਰ, ਲਘੀਯਾਸਤਰ੍ਯ, ਅਕਲੰਕ-ਸਤੋਤਰ,
ਸਵੈਰੂਪ-ਸੰਬੋਧਨ ਅਤੇ ਪ੍ਰੇਯਾਸ਼ਚਿਤ। ਸਮਕਾਲੀ ਤਰਕਸ਼ਾਸਤਰ ਦੇ
ਮਾਹਰਾਂ ਵਿਚ ਅਕਲੰਕਦੇਵ ਨੂੰ ‘ਸਕਲ-ਤਾਰਕਿਕ-ਚੱਕਰ-ਸ਼ੁਦਾਮਣੀ’ (ਅਰਥਾਤ ਤਾਰਕਿਕਾਂ ਦੇ
ਦਾਇਰੇ ਦਾ ਉੱਚਤਮ ਹੀਰਾ) ਕਰਕੇ ਵੀ ਪੁਕਾਰਿਆ ਜਾਂਦਾ ਸੀ।
ਵਿਦਿਆਨੰਦ (800 ਈ)
ਵਿਦਿਆਨੰਦ ਪਾਟਲੀਪੁਤਰ ਦੇ ਰਹਿਣਵਾਲੇ ਜੈਨੀਆਂ ਦੇ ਦਿਗੰਬਰ ਫਿਰਕੇ ਨਾਲ ਸੰਬੰਧਤ
ਤਰਕਸ਼ਾਸਤਰੀ ਸਨ। ਉਨ੍ਹਾਂ ਨੇ ਆਪਤਮੀਮਾਂਸਾ ਉੱਪਰ, ਆਪਤਮੀਮਾਂਸਲੰਕ੍ਰਿਤੀ
ਨਾਮ ਦੀ ਵਿਸਤਾਰਪੂਰਵਕ ਟੀਕਾ ਲਿਖੀ ਜਿਸ ਵਿਚ ਤਰਕਸ਼ਾਸਤਰ ਦੇ ਮੁੱਖ ਸਿਧਾਂਤਾਂ ਦੀ
ਵਿਆਖਿਆ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਮਾਣ-ਪ੍ਰੀਕਸ਼ਾ ਨਾਮੀ
ਨਿਬੰਧ, ਤਤਵਾਰਥ, ਸ਼ਲੋਕਵਾਰਤਿਕਾ ਅਤੇ ਆਪਤ-ਪ੍ਰੀਕਸ਼ਾ ਵਰਗੇ
ਗ੍ਰੰਥ ਵੀ ਲਿਖੇ।
ਜੈਨਮਤ ਦੇ ਪ੍ਰਣਾਲੀਬੱਧ ਤਰਕਸ਼ਾਸਤਰ ਦੇ ਲੇਖਕਾਂ ਦੀ ਚਰਚਾ
ਨੂੰ ਜਾਰੀ ਰੱਖਦੇ ਹੋਏ ਅਸੀ ਅਗਲੀ ਕਿਸ਼ਤ ਵਿਚ ਮਣਿਕਯ ਨੰਦੀ (800 ਈ) ਅਤੇ ਦੇਵ ਸੂਰੀ
(1086-1169) ਦੀਆਂ ਲਿਖਤਾਂ ਦਾ ਮੁਤਾਲਿਆ ਕਰਾਂਗੇ।
... ਚਲਦਾ
|