ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਸ਼੍ਰੀ ਤਤਵਚਿੰਤਾਮਣੀ – ਤਰਕਸ਼ਾਸਤਰ ਦਾ ਨਿਰਮਾਣ (2)

ਅਨੁਮਾਨ ਖੰਡ – ਅਨੁਮਿਤੀ ਨਿਰੂਪਣ
ਅਨੁਮਿਤੀ ਗਿਆਨ ਕਿਸੇ ਹੋਰ ਕਿਸਮ ਦੇ ਗਿਆਨ ਦੁਆਰਾ ਹਾਸਲ ਕੀਤਾ ਜਾਂਦਾ ਹੈ। ਅਰਥਾਤ ਇਸ ਵਿਚ ਸਾਧ੍ਯ, ਪੱਖ ਅਤੇ ਹੇਤੁ ਦਾ ਵਿਆਪਤੀ ਵਾਲਾ ਸੰਬੰਧ ਹੁੰਦਾ ਹੈ। ਜੈਸੇ,

ਪਰਬਤ ਉੱਪਰ ਅੱਗ ਹੈ,
ਕਿਉਕਿ ਇਸ ਉੱਪਰ ਧੂੰਆ ਹੈ

ਇੱਥੇ ਪਰਬਤ ਨੂੰ ਪੱਖ, ਅੱਗ ਨੂੰ ਸਾਧ੍ਯ  ਅਤੇ ਧੂੰਏ ਨੂੰ ਹੇਤੁ  ਜਾਂ ਕਾਰਣ ਕਿਹਾ ਜਾਂਦਾ ਹੈ। ਇਸ ਤਰ੍ਹਾ “ਪਰਬਤ ਉੱਪਰ ਅੱਗ ਹੈ” ਅਨੁਮਿਤ ਗਿਆਨ ਹੈ ਜਿੱਥੋਂ ਤਕ ਕਿ ਇਹ ਇਕ ਹੋਰ ਗਿਆਨ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ, ਯਾਨੀ ਧੂੰਏ ਦੇ ਗਿਆਨ ਰਾਹੀਂ ਜਿਸ ਦਾ ਅੱਗ ਨਾਲ ‘ਵਿਆਪਤੀ’ ਵਾਲਾ ਸੰਬੰਧ ਹੈ। ਇਸ ਨੂੰ ਕਈ ਬਾਰ ਪਰਾਮਰਸ ਵੀ ਕਿਹਾ ਜਾਂਦਾ ਹੈ।

ਅਨੁਮਾਨ ਅਤੇ ਪ੍ਰਤੱਖਣ ਵਿਚ ਫਰਕ
ਕਈਆਂ ਦਾ ਕਹਿਣਾ ਹੈ ਕਿ ਪ੍ਰਤੱਖਣ ਹੀ ਇਕੋ ਇਕ ਗਿਆਨ ਦਾ ਸਾਧਨ ਹੈ ਅਤੇ ਅਨੁਮਾਨ ਨੂੰ ਗਿਆਨ ਦਾ ਸਾਧਨ ਨਹੀ ਮੰਨਿਆ ਜਾ ਸਕਦਾ। ਉਹ ਇਸ ਦੇ ਕਾਰਣ ਇਸ ਪ੍ਰਕਾਰ ਦੱਸਦੇ ਹਨ,

  1. ਹੇਤੁ ਅਤੇ ਸਾਧ੍ਯ ਵਿਚਕਾਰ ‘ਵਿਆਪਤੀ ਸੰਬੰਧ’ ਦਾ ਗਿਆਨ ਹੋ ਹੀ ਨਹੀ ਸਕਦਾ;
  2. ਹੇਤੁ ਨਾਲ ਜੁੜੀਆਂ ਪ੍ਰਵਾਨਤ ਜਾਂ ਵਿਵਾਦੀ ਪਰਿਸਥੀਤੀਆਂ ਕਰਕੇ ਇਹ ਡਾਵਾਂਡੋਲ (ਅਨਿਸ਼ਚਿਤ) ਵੀ ਹੋ ਸਕਦਾ ਹੈ;
  3. ਹੇਤੁ ਅਤੇ ਸਾਧ੍ਯ ਦਾ ਆਪਸੀ ਸੰਬੰਧ ਅਕਸਰ “ਸੰਭਾਵਨਾ” ਵਾਲਾ ਹੁੰਦਾ ਹੈ ਜਿਸ ਵਿਚ ਕੋਈ ਨਿਸ਼ਚਿਤਤਾ ਨਹੀ ਹੁੰਦੀ।

ਗੰਗੇਸ਼ ਉਪਰੋਕਤ ਦ੍ਰਿਸ਼ਟੀ ਨੂੰ ਰੱਦ ਕਰਦੇ ਹੋਏ ਕਹਿੰਦੇ ਹਨ ਕਿ ਪ੍ਰਤੱਖਣ ਤੋਂ ਇਲਾਵਾ ਗਿਆਨ ਦੇ ਹੋਰ ਸਾਧਨ ਵੀ ਹਨ, ਅਤੇ ਅਨੁਮਾਨ ਤਾਂ ਇਨ੍ਹਾਂ ਵਿਚੋਂ ਹੀ ਇਕ ਸਾਧਨ ਹੈ। ਅਨੁਮਾਨ ਦੀ ਹਮਾਇਤ ਵਿਚ ਉਹ ਨਿਮਨਲਿਖਤ ਦਲੀਲਾਂ ਪੇਸ਼ ਕਰਦੇ ਹਨ:

  1. ਇਕ ‘ਅਨੁਮਾਨ’ ਦੀ ਅਵੈਧਤਾ (ਅਪ੍ਰਮਾਣਕਤਾ) ਤਦ ਹੀ ਸਥਾਪਤ ਕੀਤੀ ਜਾ ਸਕਦੀ ਹੈ ਜਦੋਂ ਤਕ ਕਿਸੇ ਇਕ ਪਹਿਲੇ ਸਮਰੂਪੀ ‘ਅਨੁਮਾਨ’ ਦੀ ਅਵੈਧਤਾ, ਉਨ੍ਹਾਂ ਚੀਜ਼ਾਂ ਦੇ ਆਧਾਰ ‘ਤੇ ਅਨੁਮਿਤ  ਨਹੀ ਕੀਤੀ ਜੋ ਪਹਿਲਾ ਅਵੈਧ ਜਾਣੀਆਂ ਗਈਆਂ ਹੋਣ। ਇਸ ਪ੍ਰਕ੍ਰਿਆ ਦੀ ਪੂਰਵ-ਧਾਰਣਾ ਹੋਵੇਗੀ ਕਿ ‘ਅਨੁਮਾਨ’ ਗਿਆਨ ਦਾ ਸਾਧਨ ਹੈ। ਦੂਸਰੇ ਸ਼ਬਦਾਂ ਵਿਚ, ਗੰਗੇਸ਼ ਦਾ ਦਾਅਵਾ ਹੈ ਕਿ ਅਨੁਮਾਨ ਦੀ ਅਵੈਧਤਾ ਸਿੱਧ ਕਰਨ ਲਈ ਵੀ ਸਾਨੂੰ 'ਅਨੁਮਾਨ' ਦੀ ਵਰਤੋਂ ਕਰਨੀ ਪੈਂਦੀ ਹੈ। ਇਹ ਸਮੱਸਿਆ, ਆਧੁਨਿਕ 'ਵਿਗਿਆਨ ਦਰਸ਼ਨ' ਦੇ ਸੰਵਾਦ ਵਿਚ "ਆਗਮਨ ਵਿਰੋਧਾਭਾਸ" ਨਾਲ ਮਿਲਦੀ ਜੁਲਦੀ ਹੈ।
  2. “ਅਨੁਮਾਨ, ਗਿਆਨ ਦਾ ਸਾਧਨ ਨਹੀ ਹੈ” ਇਹ ਕਥਨ ਕਿਸੇ ਮਾਹਰ ਲਈ ਕੋਈ ਲਾਭਦਾਇਕ ਨਹੀ ਹੈ ਜੋ ਪਹਿਲਾ ਹੀ ‘ਅਨੁਮਾਨ’ ਦੀ ਅਵੈਧਤਾ ਤੋਂ ਜਾਣੂ ਹੈ। ਇਹ ਕਿਸੇ ਸ਼ੱਕੀ ਜਾਂ ਉਕੇ ਹੋਏ ਪੁਰਸ਼ ਲਈ ਜ਼ਰੂਰ ਸਹਾਈ ਹੋ ਸਕਦਾ ਹੈ। ਹੁਣ ਸਾਨੂੰ ਇਹ ਕਿਸ ਤਰ੍ਹਾ ਪਤਾ ਲੱਗੇ ਕਿ ਪੁਰਸ਼ ਸ਼ੱਕੀ ਹੈ ਜਾਂ ਉਕਿਆ ਹੋਇਆ ਹੈ? ਇਹ ਨਿਸ਼ਚੈ ਹੀ ਪ੍ਰਤੱਖਣ ਰਾਹੀਂ ਨਹੀ ਬਲਕਿ ਅਨੁਮਾਨ ਰਾਹੀ ਹੀ ਪਤਾ ਲਗ ਸਕਦਾ ਹੈ।
  3. “ਅਨੁਮਾਨ ਗਿਆਨ ਦਾ ਸਾਧਨ ਨਹੀ ਹੈ”: ਕੀ ਇਹ ਕਥਨ ਵੈਧ ਹੈ ਜਾਂ ਅਵੈਧ? ਜੇ ਇਹ ਵੈਧ ਹੈ ਤਾਂ ਸਾਨੂੰ ਸ਼ਬਦਪ੍ਰਮਾਣ ਨੂੰ ਵੀ ਗਿਆਨ ਦਾ ਸਾਧਨ ਮੰਨਣਾ ਪਵੇਗਾ। ਦੂਸਰੇ ਪਾਸੇ ਜੇ ਇਹ ਅਵੈਧ ਹੈ ਤਾਂ ‘ਅਨੁਮਾਨ’ ਨੂੰ ਗਿਆਨ ਦਾ ਸਾਧਨ ਮੰਨਣਾ ਹੀ ਪਏਗਾ। ਇਹ ਦੋਨੋ ਵਿਕਲਪ ਵਿਰੋਧੀ ਦੀ ਦ੍ਰਿਸ਼ਟੀ ਨਾਲ ਅਢੁਕਵੇਂ ਹਨ।
  4. ਇਸ ਤੋਂ ਇਲਾਵਾ ਜੇ ‘ਅਨੁਮਾਨ’ ਅਵੈਧ ਹੈ ਤਾਂ ਪ੍ਰਤੱਖਣ ਵੀ ਵੈਧ ਨਹੀ ਹੋ ਸਕਦਾ। ਵੈਧਤਾ, ਅਨੁਮਾਨ ਦਾ ਵਿਸ਼ਾ ਹੋਣ ਦੇ ਨਾਤੇ, ਅਸੀ ਅਨੁਮਾਨ ਦੀ ਅਨ-ਉਪਸਥਿਤੀ ਵਿਚ, ਪ੍ਰਤੱਖਣ ਦੀ ਵੈਧਤਾ ਦੀ ਸਥਾਪਨਾ ਕਿਸ ਤਰ੍ਹਾ ਕਰ ਸਕਦੇ ਹਾਂ? ਜੇ, ਫਿਰ ਪ੍ਰਤੱਖਣ ਆਪਣੇ ਆਪ ਵਿਚ ਵੈਧ ਹੈ ਤਾਂ ਇਸ ਦੀ ਵੈਧਤਾ ਤੇ ਕੋਈ ਸ਼ੱਕ ਨਹੀ ਹੋ ਸਕਦਾ।

ਇਸ ਲਈ ਸਿਰਫ ਪ੍ਰਤੱਖਣ ਹੀ ਗਿਆਨ ਦਾ ਸਾਧਨ ਨਹੀ ਹੋ ਸਕਦਾ, ਅਨੁਮਾਨ ਵੀ ਇਕ ਸਾਧਨ ਹੈ। ਕਿਉਂਕਿ ਅਨੁਮਾਨ ‘ਵਿਆਪਤੀ’ ਉੱਪਰ ਨਿਰਭਰ ਕਰਦਾ ਹੈ ਇਸ ਲਈ ਸਾਨੂੰ ‘ਵਿਆਪਤੀ’ ਦੀ ਨਿਪੁੰਨ ਪਰਿਭਾਸ਼ਾ ਦੇਣ ਦੀ ਜ਼ਰੂਰਤ ਹੈ।

ਵਿਆਪਤੀ ਪੰਚਕਮ – ਵਿਆਪਤੀ ਦੀਆਂ ਪੰਜ ਪਰਿਭਾਸ਼ਾਵਾਂ
ਗੰਗੇਸ਼, ਵਿਆਪਤੀ ਦੀਆਂ ਨਿਮਨਲਿਖਤ ਪੰਜ ਪਰਿਭਾਸ਼ਾਵਾਂ ਦਾ ਵਿਸ਼ਲੇਸ਼ਣ ਕਰਦੇ ਹਨ:

(1) ਸਾਧ੍ਯ  ਦੀ ਅਣਹੋਂਦ ਦੇ ਅਧਿਕਰਣ ਵਿਚ ਹੇਤੁ  ਦੀ ਅਨ-ਉਪਸਥਿਤੀ ਨੂੰ ਵਿਆਪਤੀ ਕਿਹਾ ਜਾਂਦਾ ਹੈ, ਜੈਸੇ,

ਪਰਬਤ ਉੱਪਰ ਅੱਗ ਹੈ,
ਕੁਉਂਕਿ ਉੱਥੇ ਧੂੰਆ ਹੈ।

ਇੱਥੇ ਅੱਗ (ਸਾਧ੍ਯ) ਦੇ ਖੇਤ੍ਰ (ਅਧਿਕਰਣ) ਤੋਂ ਬਾਹਰ ਸਾਰੇ ਖੇਤ੍ਰਾਂ ਵਿਚ ਧੂੰਆਂ (ਹੇਤੁ) ਅਨ-ਉਪਸਥਿਤ ਹੈ, ਦੇਖੋ ਚਿੱਤਰ 1.0। ਗੰਗੇਸ਼ ਇਸ ਉੱਪਰ ਗਹੁ ਕਰਦੇ ਹੋਏ ਕਹਿੰਦੇ ਹਨ ਕਿ ਇਹ ਪਰਿਭਾਸ਼ਾ ਤਰੁੱਟੀਪੂਰਣ ਹੈ ਕਿਉਂਕਿ ਇਹ 'ਕੇਵਲ-ਮਾਤਰ' (ਵਿਸ਼ੇਸ਼ ਤੌਰ ‘ਤੇ) ਸਕਾਰਾਤਮਕ ਅਨੁਮਾਨ ਉੱਪਰ ਲਾਗੂ ਨਹੀ ਹੁੰਦੀ। ਉਹ ਕਹਿੰਦੇ ਹਨ “ਜੋ ਜਾਣਨਯੋਗ (ਵਿਗ੍ਯੇਯ) ਹੈ, ਉਹ ਵਰਣਨਯੋਗ ਵੀ ਹੈ” (ਚਿੱਤਰ 2.0) ਇਸ ਲਈ ਕੋਈ ਇਹੋ ਜਿਹੀ ਚੀਜ਼ ਨਹੀ ਹੋ ਸਕਦੀ ਜਿਹੜੀ ਵਰਣਨਯੋਗ ਤਾਂ ਹੋਵੇ ਪਰ ਵਿਗ੍ਯੇਯ ਨਾ ਹੋਵੇ। ਇਸ ਲਈ ਉੱਪਰ ਦਿੱਤੀ ਪਰਿਭਾਸ਼ਾ ਗਲਤ ਹੈ।

ਚਿੱਤਰ 1.0: ਅੱਗ ਅਤੇ ਧੂੰਏ ਦਾ ਅਧਿਕਰਣ

ਚਿੱਤਰ 2.0: ਜਾਣਨਯੋਗ, ਵਰਣਨਯੋਗ ਹੈ

(2) ਸਾਧ੍ਯ ਦੀ ਅਣ-ਹੋਂਦ (ਅਭਾਵ) ਦੇ ਉਸ ਅਧਿਕਰਣ ਵਿਚ “ਜੋ ਕਿ ਸਾਧ੍ਯ ਦਾ ਸਵੈ ਅਧਿਕਰਣ ਨਹੀ ਹੈ” ਹੇਤੁ ਦੀ ਅਨਉਪਸਥਿਤੀ ਨੂੰ ਵਿਆਪਤੀ ਕਿਹਾ ਜਾਂਦਾ ਹੈ। ਜੈਸੇ,

ਇੱਥੇ ਬੰਦਰ ਬੈਠਾ ਹੈ, ਕਿਉਂਕਿ ਇਹ ਦਰਖਤ ਹੈ।

ਇਸ ਉਦਾਹਰਣ ਵਿਚ “ਦਰਖਤ” ਹੇਤੁ ਹੈ, ਅਤੇ “ਬਾਂਦਰ ਬੈਠਾ” ਸਾਧ੍ਯ ਹੈ (ਅਰਥਾਤ ਜਿਸ ਨੂੰ ਸਾਬਤ ਕਰਨਾ ਹੈ), ਦੇਖੋ ਚਿੱਤਰ 3.0। ਖੇਤ੍ਰ (3) ਦਰਖਤ ਤੋਂ ਬਾਹਰ ਦਾ ਖੇਤ੍ਰ ਹੈ ਅਤੇ ਇੱਥੇ ਬਾਂਦਰ ਵੀ ਨਹੀ ਬੈਠਾ ਹੈ। ਇਸ ਖੇਤ੍ਰ ਵਿਚ ਦੋਵੇਂ ਦਰਖਤ ਅਤੇ ਬਾਂਦਰ ਪੂਰੇ ਤੌਰ ‘ਤੇ ਅਨ-ਉਪਸਥਿਤ ਹਨ। ਖੇਤ੍ਰ (2) ਸਾਧ੍ਯ ਦੀ ਅਣ-ਹੋਂਦ ਦਾ ਅਧਿਕਰਣ ਹੈ। ਪਰ ਦਰਖਤ ਦਾ ਉਹ ਹਿੱਸਾ (ਖੇਤ੍ਰ (1) ਵਿਚ) ਜਿਸ ਉੱਪਰ ਬਾਂਦਰ ਨਹੀ ਬੈਠਾ, ਸਾਧ੍ਯ ਦੀ ਅਣ-ਹੋਂਦ ਦੇ ਅਧਿਕਰਣ ਤੋਂ ਬਾਹਰ ਹੈ, ਇਸ ਵਾਕਅੰਸ਼ ਨਾਲ “ਜੋ ਕਿ ਸਾਧ੍ਯ ਦਾ ਸਵੈ ਅਧਿਕਰਣ ਨਹੀ ਹੈ।“ ਇਸੇ ਕਰਕੇ, ਗੰਗੇਸ਼ ਕਹਿੰਦੇ ਹਨ, ਇਹ ਪਰਿਭਾਸ਼ਾ ਵੀ ਅਧੂਰੀ ਹੈ ਕਿਉਂਕਿ ਪਹਿਲੀ ਦੀ ਤਰ੍ਹਾ ਇਹ ਵੀ ਸਕਾਰਾਤਮਕ ਅਨੁਮਾਨ ਉੱਪਰ ਲਾਗੂ ਨਹੀ ਹੁੰਦੀ।

ਚਿੱਤਰ 3.0: ਜਾਣਨਯੋਗ ਹੈ ਵਰਣਨਯੋਗ

(3) ‘ਵਿਆਪਤੀ’ ਹੇਤੁ ਦੀ ਉਸ ਪਰਸਪਰ ਅਣ-ਹੋਂਦ ਨਾਲ ਅਨ-ਸਹਿ-ਉਪਸਥਿਤੀ ਹੈ; ਜਿਸ ਦਾ ਪ੍ਰਤਿਯੋਗਿਨ (ਪ੍ਰਤਿਰੂਪ ) ਸਾਧ੍ਯ ਦੇ ਅਧਿਕਰਣ ਵਿਚ ਉਪਸਥਿਤ ਹੈ। ਜੈਸੇ,

ਪਰਬਤ ਉੱਪਰ ਅੱਗ ਹੈ,
ਕਿਉਂਕਿ ਉੱਥੇ ਧੂੰਆ ਹੈ।

ਇੱਥੇ ‘ਅੱਗ’ ਦਾ ਪਰਸਪਰ (ਉਲਟ) ਸੰਬੰਧ ਪਾਣੀ, ਪੁਸਤਕ, ਕੱਪੜਾ, ਮੇਜ਼  ਆਦਿ ਨਾਲ ਹੈ ਅਤੇ ਇਹ ਸਾਰੇ ਇਸ ਸੰਬੰਧ ਵਿਚ ਅਣ-ਹੋਂਦ ਹਨ। ਇਸ ਤਰ੍ਹਾ ਧੂੰਆ ਇਨ੍ਹਾਂ ਪਰਸਪਰ ਅਣ-ਹੋਦਾਂ ਵਿਚ ਉਪਸਥਿਤ ਨਹੀ ਹੈ (ਦੇਖੋ ਚਿੱਤਰ 1.0)। ਅਰਥਾਤ ਧੂੰਆਂ ਅਨ-ਸਹਿ-ਉਪਸਥਿਤ ਹੈ ਪਾਣੀ, ਪੁਸਤਕ ਬਗੈਰਾ ਨਾਲ ਜੋ ਕਿ ਅੱਗ ਦੇ ਪਰਸਪਰ (ਉਲਟ) ਅਣਹੋਂਦ ਹਨ। ਜੇਕਰ ਪਾਣੀ, ਪੁਸਤਕ ਬਗੈਰਾ ਅੱਗ ਦੇ ਅਧਿਕਰਣ ਵਿਚ ਹੁੰਦੇ ਹਨ ਤਾਂ ਇਨ੍ਹਾਂ ਵਿਚ ਧੂੰਆਂ ਨਹੀ ਹੈ। ਪਾਣੀ, ਪੁਸਤਕ ਬਗੈਰਾ ਦੀ ਅਣਹੋਂਦ ਦਾ ਪ੍ਰਤਿਯੋਗਿਨ ਹੈ ਇਨ੍ਹਾਂ ਦੀ ਹੋਂਦ!

ਗੰਗੇਸ਼ ਇਸ ਪਰਿਭਾਸ਼ਾ ਦਾ ਵੀ ਵਿਰੋਧ ਕਰਦੇ ਹਨ ਕਿਉਂਕਿ ਇਹ ਵੀ ਸਕਾਰਾਤਮਕ ਅਨੁਮਾਨ ਉੱਪਰ ਲਾਗੂ ਨਹੀ ਹੁੰਦੀ। ਇਹ ਵੀ ਦੂਸਰੀਆਂ ਵਾਂਗ ਨਕਾਰਾਤਮਕ  ਪਰਿਭਾਸ਼ਾ ਹੈ। ਚਿੱਤਰ 2.0 ਵਿਚ ਅਸੀ ਦੇਖਦੇ ਹਾਂ ਕਿ ਕੋਈ ਐਸੀ 'ਪਰਸਪਰ ਅਣ-ਹੋਂਦ' ਨਹੀ ਹੈ ਜਿਸ ਦਾ ਪ੍ਰਤਿਯੋਗਿਨ ਵਰਣਨਯੋਗ ਦਾ ਖੇਤ੍ਰ ਹੋਵੇ।

(4) ‘ਵਿਆਪਤੀ’ ਉਹ ਅਵਸਥਾ ਹੈ ਜਿਸ ਵਿਚ ਹੇਤੁ ਉਸ ਅਣਹੋਂਦ ਦਾ ਪ੍ਰਤਿਯੋਗਿਨ ਹੈ ਜੋ ਪੂਰੇ ਸਾਧ੍ਯ ਦੀ ਅਣਹੋਂਦ ਦੇ ਅਧਿਕਰਣ ਵਿਚ ਉਪਸਥਿਤ ਹੈ। ਜੈਸੇ,

ਪਰਬਤ ਉੱਪਰ ਅੱਗ ਹੈ,
ਕਿਉਂਕਿ ਉੱਥੇ ਧੂੰਆ ਹੈ।

ਇੱਥੇ ਧੂੰਆਂ, ਧੂੰਏ ਦੀ ਅਣਹੋਂਦ (ਅਣ-ਧੂੰਆਂ) ਦਾ ਪ੍ਰਤਿਯੋਗਿਨ ਹੈ ਜੋ ਸਮੁੱਚੀ ਅੱਗ ਦੀ ਅਣਹੋਂਦ ਦੇ ਅਧਿਕਰਣ ਵਿਚ ਉਪਸਥਿਤ ਹੈ। ਅਰਥਾਤ ਜਿੱਥੇ ਅੱਗ ਨਹੀ, ਉੱਥੇ ਧੂੰਆ ਵੀ ਨਹੀ।

ਗੰਗੇਸ਼ ਦੇ ਮਤ ਅਨੁਸਾਰ ਇਹ ਪਰਿਭਾਸ਼ਾ ਵੀ ਅਧੂਰੀ ਹੈ ਕਿਉਂਕਿ ਇਹ ਸਕਾਰਾਤਮਕ ਅਨੁਮਾਨ ਦੀ ਵਿਆਖਿਆ ਕਰਨ ਦੇ ਅਸਮਰਥ ਹੈ। ਚਿੱਤਰ 2.0 ਵਿਚ ਅਸੀ ਦੇਖਦੇ ਹਾਂ ਕਿ ਜਾਣਨਯੋਗ ਦਾ ਕੋਈ ਅਭਾਵ (ਅਣ-ਹੋਂਦ) ਨਹੀ ਹੈ ਜਿਸ ਦਾ ਨਿਵਾਸ ਵਰਣਨਯੋਗ ਦੇ ਅਭਾਵ (ਅਣ-ਹੋਂਦ) ਵਿਚ ਹੋਵੇ। ਗਿਆਨਯੋਗ ਦਾ ਵਰਣਨਯੋਗ ਹੋਣਾ ਜ਼ਰੂਰੀ ਹੈ।

(5) ਜੋ ਸਾਧ੍ਯ ਦਾ ਅਧਿਕਰਣ ਨਹੀ ਹੈ ਉਸ ਵਿਚ ਹੇਤੁ ਦੀ ਅਨ-ਉਪਸਥਿਤੀ ਨੂੰ ਵਿਆਪਤੀ ਕਿਹਾ ਜਾਂਦਾ ਹੈ। ਜੈਸੇ,

ਇਸ ਪਰਬਤ ਉੱਪਰ ਅੱਗ ਹੈ,
ਕਿਉਂਕਿ ਇੱਥੇ ਧੂੰਆ ਹੈ।

ਇੱਥੇ, ਜਿਸ ਥਾਂ ਅੱਗ ਨਹੀ ਹੈ, ਉੱਥੇ ਧੂੰਆ ਉਪਸਥਿਤ ਨਹੀ ਹੈ। ਗੰਗੇਸ਼ ਅਨੁਸਾਰ ਇਹ ਪਰਿਭਾਸ਼ਾ ਵੀ ਅਧੂਰੀ ਹੈ ਕਿਉਂਕਿ ਇਹ ਸਕਾਰਾਤਮਕ ਅਨੁਮਾਨ ਉੱਪਰ ਲਾਗੂ ਨਹੀ ਹੁੰਦੀ। ਜਿਵੇਂ ਅਸੀ ਚਿੱਤਰ 2.0 ਵਿਚ ਦੇਖਦੇ ਹਾਂ, ਜੋ ਵਰਣਨਯੋਗ ਹੈ, ਉੱਥੇ ਗਿਆਨਯੋਗ ਦੀ ਅਨ-ਉਪਸਥਿਤੀ ਨਹੀ ਹੈ।

ਉੱਪਰ ਦਿੱਤੀਆਂ ‘ਵਿਆਪਤੀ’ ਦੀਆਂ ਸਾਰੀਆਂ ਪਰਿਭਾਸ਼ਾਵਾਂ ਨਿਸ਼ੇਧ (ਨਿਖੇਧ ਜਾਂ ਅਣਹੇਂਦ) ਦੇ ਆਧਾਰ ‘ਤੇ ਹੀ ਦਿੱਤੀਆਂ ਗਈਆਂ ਹਨ। ਇਸੇ ਕਰਕੇ “ਗਿਆਨਯੋਗ ਵਰਣਨਯੋਗ” ਦੇ ਸਿਧਾਂਤ ਨੂੰ ਮੰਨਦੇ ਹੋਏ ਇਨ੍ਹਾਂ ਨੂੰ ਗੰਗੇਸ਼ ਅਧੂਰੀਆਂ ਕਹਿ ਕੇ ਅਸਵੀਕਾਰ ਕਰਦੇ ਹਨ।

ਸਿੰਮਹਾ-ਵਿਆਘਰੋਕਤ ਵਿਆਪਤੀਲਕਸ਼ਣ (“ਸਿੰਘਾ” ਅਤੇ “ਬਾਘ” ਦੁਆਰਾ ਦਿੱਤੀਆਂ ਗਈਆਂ ਵਿਆਪਤੀ ਦੀਆਂ ਪਰਿਭਾਸ਼ਾਵਾਂ)
ਜਿਸ ਤਰ੍ਹਾਂ ਅਸੀ ਪਹਿਲਾ ਜ਼ਿਕਰ ਕਰ ਚੁੱਕੇ ਹਾਂ, ਬੰਗਾਲ ਦੀ ਪਰੰਪਰਾ ਅਨੁਸਾਰ, ਸ਼ਸ਼ਧਰ ਅਤੇ ਮਣੀਧਰ ਤਰਕਸ਼ਾਸਤਰੀਆਂ ਵਲੋਂ ਪੇਸ਼ ਕੀਤੀ ‘ਵਿਆਪਤੀ’ ਦੀ ਪਰਿਭਾਸ਼ਾ ਦੀ ਗੰਗੇਸ਼ ਉਪਾਧਿਆਏ ਵਲੋ ‘ਸਿੰਮਹਾ’ (ਸ਼ੇਰ) ਅਤੇ ‘ਵਿਆਘਰੋਕਤ’(ਬਾਘ) ਲਕਸ਼ਣ ਦੇ ਨਾਮ ਥੱਲੇ ਅਲੋਚਨਾ ਕੀਤੀ ਗਈ ਹੈ।

(1) ਵਿਆਪਤੀ ਉਹ ਅਵਸਥਾ ਹੈ ਜਿਸ ਵਿਚ ਹੇਤੁ ਦਾ ਇਹੋ ਜਿਹਾ ਅਧਿਕਰਣ ਨਹੀ ਹੈ ਜਿਸ ਵਿਚ ਸਾਧ੍ਯ ਦੀ ਅਣ-ਸਹਿਉਪਸਥਿਤੀ ਹੋਵੇ। ਜੈਸੇ,

ਪਰਬਤ ਉੱਪਰ ਅੱਗ ਹੈ,
ਕਿਉਂਕਿ ਉੱਥੇ ਧੂੰਆ ਹੈ।

ਇੱਥੇ ਧੂੰਏ ਦੇ ਅਧਿਕਰਣ ਵਿਚ ਅੱਗ ਧੂੰਏ ਨਾਲ ਹਮੇਸ਼ਾ ਉਪਸਥਿਤ ਹੁੰਦੀ ਹੈ। ਕਦੇ ਐਸਾ ਨਹੀ ਹੁੰਦਾ ਕਿ ਧੂੰਏ ਦੇ ਅਧਿਕਰਣ ਵਿਚ ਅੱਗ ਨਾ ਹੋਵੇ।

(2) ਵਿਆਪਤੀ ਉਹ ਅਵਸਥਾ ਹੈ ਜਿਸ ਵਿਚ ਹੇਤੁ ਦਾ ਕੋਈ ਐਸਾ ਅਧਿਕਰਣ ਨਹੀ ਹੁੰਦਾ ਜੋ ਸਾਧ੍ਯ ਦੇ ਅਧਿਕਰਣ ਨਾਲੋਂ ਵੱਖਰਾ ਹੋਵੇ। ਜੈਸੇ,

ਪਰਬਤ ਉੱਪਰ ਅੱਗ ਹੈ,
ਕਿਉਂਕਿ ਉੱਥੇ ਧੂੰਆ ਹੈ।

ਇੱਥੇ ਧੂੰਏ ਦਾ ਅਧਿਕਰਣ ਅੱਗ ਦੇ ਅਧਿਕਰਣ ਨਾਲੋਂ ਕਦੇ ਵੀ ਵੱਖਰਾ ਨਹੀ ਹੁੰਦਾ, ਅਰਥਾਤ ਧੂੰਆ ਅੱਗ ਤੋਂ ਕਦੇ ਵੀ ਬਾਹਰ ਨਹੀ ਹੁੰਦਾ।

ਗੰਗੇਸ਼ ਅਨੁਸਾਰ ਇਹ ਦੋਵੇਂ ਪਰਿਭਾਸ਼ਾਵਾਂ (ਲੱਛਣ) ਅਧੂਰੀਆਂ ਹਨ ਕਿਉਂਜੋ ਇਨ੍ਹਾਂ ਦਾ ਸਾਰ ਇਹ ਦਿਖਾਉਣਾ ਹੈ ਕਿ ਹੇਤੁ ਦਾ ਕੋਈ ਐਸਾ ਅਧਿਕਰਣ ਨਹੀ ਹੈ ਜੋ ਸਾਧ੍ਯ ਦਾ ਅਧਿਕਰਣ ਨਾ ਹੋਵੇ। ਇਸ ਦੇ ਉਲਟ ਕਈ ਬਾਰ ਐਸਾ ਵੀ ਹੁੰਦਾ ਹੈ ਕਿ ਜੋ ਹੇਤੁ ਦਾ ਅਧਿਕਰਣ ਹੈ ਉਹ ਸਾਧ੍ਯ ਦਾ ਅਧਿਕਰਣ ਨਹੀ ਹੁੰਦਾ। ਜੈਸੇ, ਪਰਬਤ ਉੱਪਰ ਧੂੰਏ ਦਾ ਜੋ ਅਧਿਕਰਣ ਹੈ, ਉਹ ਰਸੋਈ ਵਿਚ ਅੱਗ ਦਾ ਅਧਿਕਰਣ ਨਹੀ ਹੈ।

ਵ੍ਯਧਿਕਰਣ ਧਰਮਅਵਛਿੰਨ ਅਭਾਵ
ਇਹ ਉਹ ਅਭਾਵ ਹੈ ਜਿਸ ਦਾ ਪ੍ਰਤਿਰੂਪ (ਪ੍ਰਤਿਯੋਗਿਨ), ਉਸ ਗੁਣ ਰਾਹੀ ਸਮਰੱਥ ਕੀਤਾ ਗਿਆ ਹੋਵੇ ਜੋ ਵੱਖਰੇ ਅਧਿਕਰਣ ਵਿਚ ਉਪਸਥਿਤ ਹੋਵੇ। ਜੈਸੇ ਕਿ ‘ਘਟਤਵ’ (ਘੜਾਪਨ) ਵਿਚ ਅੱਗ ਦਾ ਅਭਾਵ ਹੈ।

ਵਿਆਪਤੀ ਦੇ ਸਾਰੇ ਉੱਪਰ ਦੱਸੇ ਗਏ ਲੱਛਣ (ਪਰਿਭਾਸ਼ਾਵਾਂ) ਅਧੂਰੇ ਹਨ ਕਿਉਂਜੋ ਉਹ "ਵਿਸ਼ੇਸ਼ ਤੌਰ ‘ਤੇ" (ਕੇਵਲ-ਮਾਤਰ) ਸਕਾਰਾਤਮਕ ਅਨੁਮਾਨ ਨੂੰ ਲਾਗੂ ਨਹੀ ਹੁੰਦੇ। ਅਰਥਾਤ ਇਹ ਇਕ ਕਿਸਮ ਦੀਆਂ ਨਾਂਹਵਾਚਕ (ਰਿਣਾਤਮਕ ਜਾਂ ਨਿਸ਼ੇਧਮਈ) ਪਰਿਭਾਸ਼ਾਵਾਂ ਹਨ। ਇਨ੍ਹਾਂ ਵਿਚ ਵਿਆਪਤੀ ਦੇ ਹਾਂਵਾਚਕ ਜਾਂ ਸਕਾਰਾਤਮਕ ਗੁਣਾਂ ਨੂੰ ਆਧਾਰ ਨਹੀ ਬਣਾਇਆ ਗਿਆ ਬਲਕਿ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਆਪਤੀ ‘ਕੀ ਨਹੀ ਹੈ’। ਇਸੇ ਕਰਕੇ ਹੀ ਗੰਗੇਸ਼ਉਪਾਧਿਏ ਇਨ੍ਹਾਂ ਨੂੰ ਅਸਵੀਕਾਰ ਕਰਦੇ ਹਨ। ਇਨ੍ਹਾਂ ਵਿਚ “ਸਾਧ੍ਯ ਦੀ ਅਣਹੋਂਦ” (ਸਾਧ੍ਯ ਦਾ ਅਭਾਵ) ਅਤੇ “ਸਾਧ੍ਯ ਦੇ ਅਲਗ ਅਧਿਕਰਣ” ਵਰਗੇ ਵਾਕਾਂਸ਼ਾਂ ਦੀ ਵਰਤੋਂ ਕੇਵਲ-ਮਾਤਰ ਸਕਾਰਾਤਮਕ ਅਨੁਮਾਨ ਨੂੰ ਲਾਗੂ ਨਹੀ ਹੁੰਦੀ ਜਿਸ ਵਿਚ ਕਿ ਸਾਧ੍ਯ ਸਰਵ-ਵਿਆਪਕ ਹੁੰਦਾ ਹੈ। ਇਨ੍ਹਾਂ ਵਾਕਾਂਸ਼ਾਂ ਨੂੰ ਸੰਭਵ ਬਣਾਉਣ ਲਈ, ਕੇਵਲ-ਮਾਤਰ ਸਕਾਰਾਤਮਕ ਅਨੁਮਾਨ ਵਿਚ ਵੀ, ਕਈ ਤਾਰਕਿਕ ਉਸ ਅਣ-ਹੋਂਦ (ਅਭਾਵ) ਨੂੰ ਮੰਨ ਲੈਂਦੇ ਹਨ ਜਿਸ ਦਾ ਪ੍ਰਤਿਰੂਪ (ਪ੍ਰਤਿਯੋਗਿਨ ਪੱਖ) ਉਸ ਗੁਣ ਰਾਹੀਂ ਪਛਾਣਿਆ ਜਾਂਦਾ ਹੈ ਜੋ ਪ੍ਰਤਿਰੂਪ ਤੋਂ ਅਲਗ ਅਧਿਕਰਣ ਵਿਚ ਮੌਜੂਦ ਰਹਿੰਦਾ ਹੈ। ਇਕ ਕਥਨ “ਘਟ (ਘੜਾ) ਵਿਚ ਅੱਗ ਨਹੀ ਹੈ” ਇਹ ਦਰਸਾਉਂਦਾ ਹੈ ਕਿ 'ਘਟ' ਦੇ ਗੁਣ ਅਤੇ ਬਰਤਨ ਦਾ ਸਮਵਾਯ ਵਾਲਾ ਸੰਬੰਧ ਹੈ, ਜੋ ਅੱਗ ਵਿਚ ਨਹੀ ਹੈ। ਅਰਥਾਤ ਇਹ ਸਮਵਾਯ ਸੰਬੰਧ ਬਰਤਨ ਨਾਲ ਹੈ, ਅੱਗ ਨਾਲ ਨਹੀ। ਇਸੇ ਤਰ੍ਹਾ “ਵਰਣਨਯੋਗਤਵ ਵੀ ਘਟ ਦਾ ਸਰੂਪ ਨਹੀ ਹੈ” ਜਿਸ ਤੋਂ ਜ਼ਾਹਰ ਹੈ ਕਿ “ਘਟ ਦੇ ਸਰੂਪ ਵਿਚ ਵਰਣਨਯੋਗਤਵ ਵੀ ਅਭਾਵ ਹੈ”। [ਅਰਥਾਤ ਇਸ ਦਲੀਲ ਵਿਚ ਇਹ ਹੀ ਜ਼ੋਰ ਦਿੱਤਾ ਗਿਆ ਹੈ ਕਿ ਅੱਗ ਦਾ ਹੋਣਾ ਅਤੇ ਘਟਤਵ ਦਾ ਹੋਣਾ ਘਟ ਦੇ ਸਰੂਪ ਦੇ ਗੁਣ ਨਹੀ ਹਨ। ਘਟ ਤਾਂ ਇਨ੍ਹਾਂ ਗੁਣਾਂ ਤੋਂ ਅਲਗ ਗੁਣਾਂ ਨਾਲ ਪਛਾਣਿਆ ਜਾਂਦਾ ਹੈ] ਭਾਵੇਂ ਵਰਣਨਯੋਗਤਵ (ਸਾਧ੍ਯ) ਸਰਵਵਿਆਪੀ ਹੈ, ਅਸੀ, ਗੰਗੇਸ਼ ਕਹਿੰਦੇ ਹਨ, ਇਸ ਦੇ ਅਭਾਵ ਬਾਰੇ ਇਹ ਮੰਨ ਕੇ ਹੀ ਵਿਮਰਸ਼ ਕਰ ਸਕੇ ਹਾਂ ਕਿ ਘਟ ਦਾ ਸਰੂਪ (ਤਾਸੀਰ) ਇਸ ਵਿਚ ਵਸਿਆ ਹੋਇਆ ਹੈ ਨਾ ਕਿ ਵਰਣਨਯੋਗਤਵ ਘਟ ਵਿਚ।

ਗੰਗੇਸ਼ ਇਸ ਦ੍ਰਿਸ਼ਟੀ ਦੀ ਵਿਰੋਧਤਾ ਕਰਦੇ ਹੋਏ ਚਾਰ ਨੁਕਤੇ ਪੇਸ਼ ਕਰਦੇ ਹਨ:

  1. ਇਸ ਤਰ੍ਹਾਂ ਦੇ ਸਾਧ੍ਯਅਭਾਵ (ਜੈਸੇ ‘ਘਟਤਵ’ ਵਿਚ ਅੱਗ ਦੀ ਅਨਉਪਸਥਿਤੀ) ਨੂੰ ਮੰਨਦੇ ਹੋਏ, ਵਿਆਪਤੀ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਜਾਣੀ ਚਾਹੀਦੀ ਹੈ, ਵਿਆਪਤੀ ਉਹ ਅਵਸਥਾ ਹੈ ਜਿਸ ਵਿਚ ਹੇਤੁ ਉਸ ਅਭਾਵ ਦੇ ਨਾਲ ਸਹਿ-ਉਪਸਥਿਤ ਨਹੀ ਹੈ ਜਿਸ ਦਾ ਪ੍ਰਤਿਯੋਗਿਨ ਰੂਪ ਉਸ ਸਰੂਪ ਰਾਹੀਂ ਸਪਸ਼ਟ (ਸਮਰੱਥ) ਹੈ ਜੋ ਸਾਧ੍ਯ ਦਾ ਸਰੂਪ ਹੈ। ਇਸ ਪਰਿਭਾਸ਼ਾ ਵਿਚ ਪ੍ਰਤਿਯੋਗਿਨ ਅਤੇ ਸਾਧ੍ਯ ਸਮਰੂਪੀ ਹਨ। ਇਸ ਤਰ੍ਹਾ ਹੇਤੁ (ਧੂੰਆ) ਅੱਗ ਦੇ ਅਭਾਵ ਨਾਲ ਸਹਿ-ਉਪਸਥਿਤ ਨਹੀ ਹੈ। ਅਰਥਾਤ, ਜਿੱਥੇ ਅੱਗ ਨਹੀ ਹੈ ਉੱਥੇ ਧੂੰਆ ਵੀ ਨਹੀ ਹੈ। ਇਸ ਪਰਿਭਾਸ਼ਾ ਵਿਚ ਉਹ ਅਭਾਵ ਨਹੀ ਹੈ ਜਿਸ ਦੇ ਲੱਛਣ ਉੱਪਰ ਦਿੱਤੇ ਗਏ ਹਨ।
  2. ਉੱਪਰ ਦਿੱਤਾ ਗਿਆ ਅਭਾਵ, ਕਿਸੇ ਵੀ ਸਬੂਤ ਨਾਲ ਸਥਾਪਤ ਨਹੀ ਕੀਤਾ ਜਾ ਸਕਦਾ।
  3. ਉੱਪਰਲੀਆਂ ਦਲੀਲਾਂ ਵਿਚ ਅਭਾਵ ਦੇ ਪ੍ਰਤਿਯੋਗਿਨ ਨੂੰ ਉਸ ਗੁਣ ਰਾਹੀਂ ਸਮਰੱਥ ਦੱਸਿਆ ਗਿਆ ਹੈ ਜੋ ਇਸ ਵਿਚ ਨਿਵਾਸ ਨਹੀ ਕਰਦਾ। ਇਹ ਕਹਿਣਾ ਅਸੰਭਵ ਹੈ ਕਿਉਂਕਿ ਸਾਡੀ ਅਭਾਵ ਬਾਰੇ ਜਾਣਕਾਰੀ ਪ੍ਰਤਿਯੋਗਿਨ ਦੀ ਜਾਣਕਾਰੀ ਦੇ ਨਿਰਭਰ ਕਰਦੀ ਹੈ।
  4. ਇਸ ਤਰ੍ਹਾ ਦੇ ਅਭਾਵ ਦਾ ਦਾਅਵਾ ਕਰਨਾ ਇੰਨਾ ਬੇਤੁਕਾ ਹੋਵੇਗਾ ਜਿੰਨਾ ਇਹ ਕਹਿਣਾ ਕਿ ਗਊ ਦੇ ਖਰਗੋਸ਼ ਵਰਗੇ ਸਿੰਗ (ਸ਼ਾਸ਼ਸਿੰਗ) ਨਹੀ ਹੁੰਦੇ। [ਕਿਉਂਕਿ ਖਰਗੋਸ਼ ਦੇ ਸਿੰਗ ਹੀ ਨਹੀ ਹੁੰਦੇ]

ਇਸ ਤਰ੍ਹਾਂ ਦੀਆਂ ਬੜੀਆਂ ਪੇਚੀਦਾ ਜਾਪਦੀਆਂ ਦਲੀਲਾਂ ਅਤੇ ਪਰਿਭਾਸ਼ਾਵਾਂ ਭਾਵੇਂ ਦੂਰ ਦਰੇਡ ਜਾਂ ਵਾਸਤਵਿਕਤਾਂ ਤੋਂ ਪਰੇ ਲਗਦੀਆਂ ਹੋਣ, ਪਰ ਇਹ ਜਾਣ ਲੈਣਾ ਅਤੀ ਜ਼ਰੂਰੀ ਹੈ ਕਿ ਉਪਲਬਧ ਸਬੂਤਾਂ ਦੇ ਆਧਾਰ ‘ਤੇ ਨਵੇਂ ਵਿਗਿਆਨਕ ਸਿਧਾਂਤ ਇਨ੍ਹਾਂ ਮਸਲਿਆਂ ਨੂੰ ਮੁੱਖ ਰੱਖ ਕੇ ਹੀ ਆਵਿਸ਼ਕਾਰ ਕੀਤੇ ਜਾਂਦੇ ਹਨ। ਇਨ੍ਹਾਂ ਵਿਚ ਸਕਾਰਾਤਮਕ ਤਥਾਂ ਦੇ ਨਾਲ ਨਾਲ ਨਾਕਾਰਤਮਕ ਸੰਕੇਤਾਂ ਨੂੰ ਵੀ ਵਿਚਾਰਿਆ ਜਾਂਦਾ ਹੈ ਤਾਂ ਕਿ ਇਸ ਦੀ ਵੈਧਤਾ ਦਾ ਅਧਿਕਰਣ ਹੋਰ ਵੀ ਵਿਸ਼ਾਲ ਕੀਤਾ ਜਾ ਸਕੇ। ਹਰ ਸੰਭਵ ਘਟਨਾ, ਸੰਕੇਤ ਅਤੇ ਪਹਿਲੂ ਦੀ ਜਾਂਚ ਪੜਤਾਲ ਕਰਕੇ ਵਿਕਸਿਤ ਕੀਤਾ ਸਿਧਾਂਤ ਜ਼ਿਆਦਾ ਨਿਪੁੰਨ, ਸਰਲ, ਸੁਚੱਜਾ, ਮਜ਼ਬੂਤ, ਪਰਖਣਯੋਗ ਅਤੇ ਦੁਹਰਾਉਣਯੋਗ ਹੁੰਦਾ ਹੈ। ਤਮਾਮ ਵਿਗਿਆਨਕ ਸਿਧਾਂਤ, ਬਿਨਾਂ ਕਿਸੇ ਛੋਟ, ਝੁਠਲਾਉਣਯੋਗ ਵੀ ਹੁੰਦੇ ਹਨ।

ਪੂਰਵਪਕਸ਼ – ਵਿਆਪਤੀ ਦੀਆਂ ਹੋਰ ਆਪੱਤੀਜਨਕ ਪਰਿਭਾਸ਼ਾਵਾਂ
ਗੰਗੇਸ਼, ਪੂਰਵਜ ਤਾਰਕਿਕਾਂ ਵਲੋਂ ਪੇਸ਼ ਕੀਤੀਆਂ ਬਾਰਾਂ ਹੋਰ ਵਿਆਪਤੀ ਦੀਆਂ ਪਰਿਭਾਸ਼ਾਵਾਂ ਦੀ ਪਰਖ ਕਰਦੇ ਹੋਏ ਉਨ੍ਹਾਂ ਨੂੰ ਰੱਦ ਕਰਦੇ ਹਨ। ਇਨ੍ਹਾਂ ਵਿਚੋਂ ਨਿਰਣਾਇਕ ਪਰਿਭਾਸ਼ਾ ਇਸ ਪ੍ਰਕਾਰ ਹੈ।

ਸਿੱਧਾਂਤ ਲਕਸ਼ਣਮ – ਨਿਰਣਾਇਕ ਪਰਿਭਾਸ਼ਾ
ਨਕਾਰਾਤਮਕ ਪਰਿਭਾਸ਼ਾਵਾਂ ਬਾਰੇ ਚਰਚਾ ਕਰਨ ਤੋਂ ਬਾਅਦ ਇਨ੍ਹਾਂ ਨੂੰ ਅਸਵੀਕਾਰ ਕਰਦੇ ਹੋਏ ਗੰਗੇਸ਼ ਆਪਣੀ ਨਵੀ ਅਤੇ ਸੋਧੀ ਹੋਈ ਪਰਿਭਾਸ਼ਾ ਪੇਸ਼ ਕਰਦੇ ਹਨ। ਇਹ ਪਰਿਭਾਸ਼ਾ ਮੁੱਖ ਤੌਰ ‘ਤੇ ਸਕਾਰਾਤਮਕ ਸਰੂਪ ਵਾਲੀ ਹੈ ਪਰ ਫਿਰ ਵੀ ਇਸ ਵਿਚ ਅਭਾਵ ਦੇ ਅਧਿਕਰਣ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੁਆਰਾ ਦਿੱਤੀ ਗਈ ਪਰਿਭਾਸ਼ਾ ਇਸ ਪ੍ਰਕਾਰ ਹੈ:

ਵਿਆਪਤੀ, ਹੇਤੁ ਅਤੇ ਸਾਧ੍ਯ ਦਾ ਸਹਿ-ਉਪਸਥਿਤੀ ਵਾਲਾ ਉਹ ਸੰਬੰਧ ਹੈ ਜਿਸ ਵਿਚ ਸਾਧ੍ਯ ਉਸ ਅਤਿਅੰਤ ਅਭਾਵ ਦੇ ਪ੍ਰਤਿਯੋਗਿਨ ਸਰੂਪ ਦੁਆਰਾ ਸਮਰੱਥ ਨਹੀ ਹੁੰਦਾ ਜੋ ਹੇਤੁ ਦੇ ਸਾਂਝੇ ਅਧਿਕਰਣ ਵਿਚ ਨਿਵਾਸ ਕਰਦਾ ਹੈ, ਪ੍ਰੰਤੂ ਪ੍ਰਤਿਯੋਗਿਨ ਹੋਣ ਦੇ ਨਾਤੇ ਅਲਗ ਅਧਿਕਰਣ ਵਿਚ ਨਿਵਾਸ ਕਰਦਾ ਹੈ। ਜੈਸੇ,

ਇਸ ਪਰਬਤ ਉਪਰ ਅੱਗ ਹੈ,
ਕਿਉਂਕਿ ਇਸ ਉੱਪਰ ਧੂੰਆ ਹੈ।

ਇੱਥੇ ਧੂੰਏ (ਹੇਤੁ) ਦੀ ਅੱਗ (ਸਾਧ੍ਯ) ਨਾਲ ਸਹਿ-ਉਪਸਥਿਤੀ ਹੈ, ਉਹ ਅੱਗ ਜਿਸ ਦਾ ਗੁਣ ਘੜੇ ਦੇ ਸਰੂਪ ਰਾਹੀਂ ਨਹੀ ਪ੍ਰਗਟਾਇਆ ਗਿਆ, ਅਤੇ ਅਤਿਅੰਤ ਅਭਾਵ ਜਿਸ ਦਾ ਪ੍ਰਤਿਯੋਗਿਨ ਸਰੂਪ ਘੜਾ ਹੈ, ਧੂੰਏ ਵਾਲੇ ਸਾਂਝੇ ਅਧਿਕਰਣ ਵਿਚ ਨਿਵਾਸ ਕਰਦਾ ਹੈ, ਪਰ ਘੜੇ ਦੇ ਨਾਤੇ ਅਲਗ ਅਧਿਕਰਣ ਵਿਚ ਰਹਿੰਦਾ ਹੈ (ਦੇਖੋ ਚਿੱਤਰ 4.0)।

ਇਸ ਪਰਿਭਾਸ਼ਾ ਵਿਚ ਕੇਵਲ ਮਾਤਰ ਸਕਾਰਾਤਮਕ ਅਨੁਮਾਨ ਵੀ ਸੰਮਿਲਤ ਹੈ ਕਿਉਂਜੋ ਇਸ ਵਿਚ ਸਾਧ੍ਯ ਦਾ ਅਭਾਵ ਸ਼ਾਮਲ ਨਹੀ ਹੈ, ਅਤੇ ਸਾਧ੍ਯ ਉਸ ਅਭਾਵ ਦਾ ਪ੍ਰਤਿਯੋਗਿਨ ਨਹੀ ਹੈ ਜੋ ਹੇਤੁ ਦੇ ਸਾਝੇ ਅਧਿਕਰਣ ਵਿਚ ਨਿਵਾਸ ਕਰਦਾ ਹੈ। ਚਿੱਤਰ 5.0 ਵਿਚ ਜਾਣਨਯੋਗ ਵਰਣਨਯੋਗ ਨਾਲ ਸਹਿਉਪਸਥਿਤ ਹੈ ਜਿਹੜਾ ਕਿ ਘੜੇ ਦੇ ਸਰੂਪ ਰਾਹੀਂ ਨਹੀ ਪ੍ਰਗਟਾਇਆ ਗਿਆ ਹੈ (ਹਾਲਾਂਕਿ ਘੜਾ ਵਰਣਨਯੋਗ ਦੇ ਸਰੂਪ ਨਾਲ ਪ੍ਰਗਟਾਇਆ ਜਾਂਦਾ ਹੈ), ਅਤੇ ਅਤਿਅੰਤ ਅਭਾਵ, ਜਿਸ ਦਾ ਪ੍ਰਤਿਯੋਗਿਨ ਸਰੂਪ ਘੜਾ ਹੈ, ਜਾਣਨਯੋਗ ਦੇ ਸਾਂਝੇ ਅਧਿਕਰਣ ਵਿਚ ਨਿਵਾਸ ਕਰਦਾ ਹੈ, ਪਰ ਘੜੇ ਦੇ ਨਾਤੇ ਅਲਗ ਅਧਿਕਰਣ ਵਿਚ ਨਿਵਾਸ ਕਰਦਾ ਹੈ।

ਚਿੱਤਰ 4.0 ਅਤਿਅੰਤ ਅਭਾਵ

ਚਿੱਤਰ 5.0 ਜਾਣਨਯੋਗ ਵਰਣਨਯੋਗ

ਸਮਾਨ੍ਯਅਭਾਵ
ਕਈਆਂ ਦਾ ਕਹਿਣਾ ਹੈ ਕਿ ਉੱਪਰ ਦਿੱਤੀ ਪਰਿਭਾਸ਼ਾ ਵੀ ਅਧੂਰੀ ਹੈ ਕਿਉਂਜੋ ਧੂੰਏ ਦਾ ਅੱਗ ਨਾਲ ਵਿਆਪਤੀ ਸੰਬੰਧ ਸਥਾਪਤ ਕਰਨ ਦੀ ਕੋਸ਼ਿਸ਼ ਵਿਚ ਅਸੀਂ ਇਹ ਵੀ ਦੇਖਦੇ ਹਾਂ ਕਿ ਅੱਗ ਵਿਵਧ ਕਿਸਮ ਦੀ ਹੁੰਦੀ ਹੈ, ਜੈਸੇ ਰਸੋਈ ਦੀ ਅੱਗ, ਹਵਨ ਕਰਨ ਵਾਲੀ ਅੱਗ ਅਤੇ ਜਾਂ ਸੁਲਗਦੀ ਹੋਈ ਅੱਗ ਆਦਿ। ਇਨ੍ਹਾਂ ਵਿਚੋਂ ਕੋਈ ਅੱਗ ਐਸੀ ਹੁੰਦੀ ਹੈ ਜਿਸ ਵਿਚ ਕਿਸੇ ਵਿਸ਼ੇਸ਼ ਧੂੰਏ ਦੇ ਅਧਿਕਰਣ ਵਿਚ ਅੱਗ ਦਾ ਹੋਣਾ ਕੋਈ ਜ਼ਰੂਰੀ ਨਹੀ ਹੈ। ਇਸ ਤਰ੍ਹਾ, ਅੱਗ ਨੂੰ ਉਸ ਪ੍ਰਤਿਯੋਗਿਨ ਦਾ ਅਭਾਵ (ਜਾਣੀਕਿ ‘ਅੱਗ ਦੇ ਅਭਾਵ’ ਦਾ ਪ੍ਰਤਿਯੋਗਿਨ ਹੋਇਆ ‘ਅੱਗ’) ਬਣਾ ਕੇ ਜੋ ਧੂੰਏ ਦੇ ਨਾਲ ਸਾਂਝੇ ਅਧਿਕਰਣ ਵਿਚ ਰਹਿੰਦਾ ਹੈ, ਅਸੀਂ ਇਸ ਨਿਰਣਾਇਕ ਪਰਿਭਾਸ਼ਾ ਨੂੰ ਵਿਗਾੜ ਦਿੰਦੇ ਹਾਂ।

ਇਸ ਦੇ ਉੱਤਰ ਵਿਚ ਗੰਗੇਸ਼ ਕਹਿੰਦੇ ਹਨ ਕਿ ਚਾਹੇ ਧੂੰਏ ਦੇ ਅਧਿਕਰਣ ਵਿਚ ਵਿਭਿੰਨ ਅੱਗਾਂ ਦਾ ਅਭਾਵ ਹੈ, ਜੋ ਸਰੂਪ ਉਨ੍ਹਾਂ ਅਭਾਵਾਂ ਦੇ ਪ੍ਰਤਿਯੋਗਿਨਾਂ ਨੂੰ ਪ੍ਰਗਟਾਉਂਦੇ ਹਨ ਉਹ ਇਕ ਬਰਾਬਰ, ਅਰਥਾਤ ਅੱਗ ਦੀ ਸਰਬਜਨਕ (ਆਮ) ਪ੍ਰਕ੍ਰਿਤੀ (ਸਰੂਪ), ਨਹੀ ਹਨ। ਦੂਸਰੇ ਸ਼ਬਦਾਂ ਵਿਚ ਇਹ ਕੋਈ ਵਿਸ਼ਿਸ਼ਟ ਅੱਗ ਨਹੀ ਹੈ; ਉਨ੍ਹਾਂ ਅੱਗਾਂ ਦੇ ਸਰੂਪ ਅਲਗ ਅਲਗ ਹਨ, ਅਰਥਾਤ ਵਿਸ਼ੇਸ਼ ਅੱਗ ਦੇ ਵਿਸ਼ੇਸ਼ ਗੁਣ ਹੁੰਦੇ ਹਨ, ਰਸੋਈ ਵਾਲੀ ਅੱਗ ਦੀ ਪ੍ਰਕਿਰਤੀ ਹਵਨ ਵਾਲੀ ਅੱਗ ਤੋਂ ਵੱਖਰੀ ਹੈ। ਇਸ ਲਈ ਇਹ ਜ਼ਰੂਰੀ ਮੰਨਣਾ ਪਵੇਗਾ ਕਿ ‘ਅੱਗ ਦਾ ਅਭਾਵ’, ‘ਆਮ ਅੱਗ ਦਾ ਅਭਾਵ ਹੈ’, ਜੈਸੇ “ਇੱਥੇ ਅੱਗ ਨਹੀ ਹੈ” ਜੋ ਕਿ ਕਿਸੇ ਵਿਸ਼ੇਸ਼ ਅੱਗ ਦੇ ਅਭਾਵ ਤੋਂ ਵੱਖਰਾ ਹੈ, ਜੈਸੇ “ਇੱਥੇ ਫਲਾਨਾ ਫਲਾਨਾ ਅੱਗ ਨਹੀ ਹੈ।“ ਇਕ ਆਮ ਰੂਪੀ ਅਭਾਵ (ਸਮਾਨ੍ਯਅਭਾਵ) ਉਹ ਅਭਾਵ ਹੈ ਜਿਸ ਦਾ ਪ੍ਰਤਿਯੋਗਿਨ ਵਿਸ਼ੇਸ਼ ਪ੍ਰਕਿਰਤੀ ਵਾਲਾ ਨਹੀ ਹੁੰਦਾ। ਜੇ ਆਮ ਰੂਪੀ ਅਭਾਵ (ਸਮਾਨ੍ਯਅਭਾਵ) ਕੇਵਲ ਵਿਸ਼ੇਸ਼ ਅਭਾਵਾਂ ਦਾ ਕੁਲ ਜਮਾ ਨਾਮ ਹੀ ਹੁੰਦਾ ਤਾਂ ਸਾਡੇ ਮਨ ਵਿਚ ਇਸ ਤਰ੍ਹਾਂ ਦੀ ਸ਼ੱਕ ਨਾ ਪੈਦਾ ਹੁੰਦੀ ਕਿ ‘ਕੀ ਹਵਾ ਦਾ ਕੋਈ ਰੰਗ ਨਹੀ ਹੈ?’ ਇਹ ਸਾਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਹਵਾ ਦੇ ਵਿਸ਼ੇਸ਼ ਰੰਗ ਜੈਸੇ ਲਾਲ, ਹਰਾ, ਪੀਲਾ ਆਦਿ ਨਹੀ ਹੁੰਦੇ; ਪਰ ਫਿਰ ਵੀ ਸਾਡੇ ਮਨ ਵਿਚ ਇਹ ਸ਼ੱਕ ਪੈਦਾ ਹੁੰਦਾ ਹੈ ਪਈ ਹਵਾ ਵਿਚ ਆਮ ਰੂਪੀ ਰੰਗ ਦਾ ਅਭਾਵ ਨਹੀ ਹੈ।

ਵਿਸ਼ੇਸ਼ ਵਿਆਪਤੀ
ਇਹ ਤਾਂ ਮੰਨਣਾ ਪਵੇਗਾ ਕਿ ਹਵਨ ਵਾਲੀ ਜਗ੍ਹਾ ਦੇ ਧੂੰਏ ਦੇ ਅਧਿਕਰਣ ਵਿਚ ਪਰਬਤ ਵਾਲੀ ਅੱਗ ਦਾ ਅਭਾਵ ਹੈ ਅਤੇ ਪਰਬਤ ਦੇ ਧੂੰਏ ਦੇ ਅਧਿਰਕਣ ਵਿਚ ਹਵਨ ਵਾਲੀ ਅੱਗ ਅਭਾਵੀ ਹੈ। ਧੂੰਏ ਅਤੇ ਅੱਗ ਦਾ ਵਿਆਪਤੀ ਵਾਲਾ ਸੰਬੰਧ ਨਹੀ ਹੈ, ਜੇਕਰ ਇਹ ਦੋਨੋ ਵਿਭਿੰਨ ਅਧਿਕਰਣਾਂ ਵਿਚ ਵਾਪਰਦੇ ਹਨ (ਅਰਥਾਤ ਨਿਵਾਸ ਕਰਦੇ ਹਨ)। ਪ੍ਰੰਤੂ ਜੇ ਇਹ ਦੋਨੋ ਇਕੋ ਹੀ ਅਧਿਕਰਣ ਵਿਚ ਵਾਪਰਦੇ ਹਨ ਤਾਂ ਇਨ੍ਹਾਂ ਵਿਚ ਵਿਆਪਤੀ ਵਾਲੇ ਸੰਬੰਧ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ, ਜੈਸੇ ਪਰਬਤ ਉੱਪਰ ਧੂੰਏ ਅਤੇ ਅੱਗ ਵਿਚ ਵਿਆਪਤੀ ਵਾਲਾ ਸੰਬੰਧ ਹੈ ਕਿਉਂਕਿ ਇਹ ਦੋਨੋ ਪਰਬਤ ਉੱਪਰ ਵਾਪਰਦੇ ਹਨ। ਹਾਲਾ ਕਿ ਅੱਗ ਦੀਆਂ ਸਾਰੀਆਂ ਘਟਨਾਵਾਂ ਵਿਚ ਧੂੰਏ ਨਾਲ ਵਿਆਪਤੀ ਨਹੀ ਹੁੰਦੀ, ਪਰ ਧੂੰਏ ਦੀਆਂ ਵਿਸ਼ੇਸ਼ ਘਟਨਾਵਾਂ ਵਿਚ ਉਨ੍ਹਾਂ ਦੀ ਅਨੁਰੂਪੀ ਅੱਗ ਨਾਲ ਇਹ ਵਿਆਪਤੀ ਹੁੰਦੀ ਹੈ। ਇਸ ਤਰ੍ਹਾ ਅੱਗ ਅਤੇ ਧੂੰਏ ਦੇ ਵਿਚਕਾਰ ਸਰਬਪੱਖੀ (ਸਰਬੰਗੀ) ਸੰਬੰਧ ਇਸ ਵਿਸੇਸ਼ ਸੰਬੰਧ ਰਾਹੀ ਭੰਗ ਨਹੀ ਹੋ ਜਾਂਦਾ, ਕਿਉਂਜੋ ਜਿੱਥੇ ਅੱਗ ਨਹੀ ਹੈ, ਉੱਥੇ ਧੂੰਆ ਵੀ ਨਹੀ ਹੈ।

ਇਸ ਤਰ੍ਹਾ ਦਾ ਵਿਸ਼ੇਸ਼-ਵਿਆਪਤੀ ਸੰਬੰਧ, ਇਸ ਪ੍ਰਕਾਰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ:

(ਪ1) ਵਿਆਪਤੀ ਸੰਬੰਧ, ਹੇਤੁ ਦੀ ਸਾਧ੍ਯ ਨਾਲ ਉਹ ਸਹਿ-ਉਪਸਥਿਤੀ ਹੈ ਜਿਸ ਵਿਚ ਸਾਧ੍ਯ ਉਸ ਅਤਿਅੰਤ-ਅਭਾਵ ਦੇ ਪ੍ਰਤਿਯੋਗਿਨ ਤੋਂ ਵਿਭਿੰਨ ਹੈ ਜੋ ਪ੍ਰਤਿਯੋਗਿਨ ਦੇ ਅਧਿਕਰਣ ਵਿਚ ਨਿਵਾਸ ਨਹੀ ਕਰਦਾ, ਪ੍ਰੰਤੂ ਹੇਤੁ ਦੇ ਨਾਲ ਸਾਧ੍ਯ ਦੇ ਆਪਣੇ ਅਧਿਕਰਣ ਵਿਚ ਨਿਵਾਸ ਕਰਦਾ ਹੈ।

ਰੇਖਾਚਿੱਤਰ (ਚਿੱਤਰ 6.0) ਵਿਚ (ੳ) ਅੱਗ (ਸਾਧ੍ਯ) ਅਤੇ ਧੂੰਏ (ਹੇਤੁ) ਦਾ ਸਹਿ-ਉਪਸਥਿਤੀ ਵਾਲਾ ਖੇਤ੍ਰ ਹੈ; (ਅ) ਘੜੇ ਦੇ ਅਤਿਅੰਤ-ਅਭਾਵ ਦਾ ਖੇਤ੍ਰ ਹੈ; (ੲ) ਘੜੇ ਦਾ ਖੇਤ੍ਰ ਹੈ ਜੋ ਘੜੇ ਦੇ ਅਤਿਅੰਤ-ਅਭਾਵ (ਅਰਥਾਤ (ਅ)) ਦਾ ਪ੍ਰਤਿਯੋਗਿਨ ਹੈ। ਇੱਥੇ ਅੱਗ, ਘੜੇ (ਘੜੇ ਦੇ ਅਤਿਅੰਤ-ਅਭਾਵ ਦਾ ਪ੍ਰਤਿਯੋਗਿਨ) ਤੋਂ ਵਿਭਿੰਨ ਹੈ ਅਤੇ ਇਹ ਅੱਗ, ਘੜੇ ਦੇ ਅਧਿਕਰਣ (ਯਾਨੀ (ੲ) ਵਿਚ) ਵਿਚ ਨਿਵਾਸ ਨਹੀ ਕਰਦੀ। ਅੱਗ ਅਤੇ ਧੂੰਏ ਦੇ ਅਧਿਕਰਣ (ੳ) ਇਕ ਬਰਾਬਰ ਹਨ।

ਚਿੱਤਰ 6.0 ਵਿਸ਼ੇਸ਼ ਵਿਆਪਤੀ ਸੰਬੰਧ: ਪਰਿਭਾਸ਼ਾ (ਪ1)

(ਪ2) ਵਿਆਪਤੀ ਸੰਬੰਧ, ਹੇਤੁ ਦੀ ਸਾਧ੍ਯ ਨਾਲ ਉਹ ਉਪਸਥਿਤੀ ਹੈ ਜਿਸ ਵਿਚ ਸਾਧ੍ਯ ਦਾ ਅਧਿਕਰਣ, ਪਰਸਪਰ-ਅਭਾਵ ਜੋ ਹੇਤੁ ਦੇ ਅਧਿਕਰਣ ਵਿਚ ਨਿਵਾਸੀ ਹੈ, ਦੇ ਪ੍ਰਤਿਯੋਗਿਨ ਦੇ ਅਧਿਕਰਣ ਨਾਲੋ ਵਿਭਿੰਨ ਹੈ।

ਰੇਖਾਚਿੱਤਰ (ਚਿੱਤਰ 7.0) ਵਿਚ ਵ੍ਰਿਤ ਦੇ ਅੰਦਰਲਾ ਹਿੱਸਾ ਧੂੰਏ ਅਤੇ ਅੱਗ ਦਾ ਸਾਂਝਾ ਅਧਿਕਰਣ ਹੈ। ਪਰਸਪਰ-ਅਭਾਵ (ਅਰਥਾਤ ਪਾਣੀ, ਮੇਜ਼ ਆਦਿ ਦਾ ਅਭਾਵ) ‘ਧੂੰਏ’ ਦੇ ਅਧਿਕਰਣ ਵਿਚ ਮਿਥਿਆ ਗਿਆ ਹੈ। ਇਸ ਪਰਸਪਰ-ਅਭਾਵ ਦੇ ਪ੍ਰਤਿਯੋਗਿਨ (ਅਰਥਾਤ ਪਾਣੀ, ਮੇਜ਼ ਆਦਿ ਦਾ ਭਾਵ (ਮੌਜੂਦਗੀ)) ਵ੍ਰਿਤ ਦੇ ਬਾਹਰਲੇ ਹਿੱਸੇ ਵਿਚ ਹੈ, ਜਿਸ ਨੂੰ ਪਰਸਪਰ-ਅਭਾਵ ਦੇ ਪ੍ਰਤਿਯੋਗਿਨ ਦਾ ਅਧਿਕਰਣ ਕਿਹਾ ਗਿਆ ਹੈ। ਇਸ ਤਰ੍ਹਾ ਇਹ ਦੋਨੋ ਅਧਿਕਰਣ, ਯਾਨੀ (1) ਅਤੇ (2), ਅਲਗ ਅਲਗ ਹਨ। ਇਸ ਦਲੀਲ ਦਾ ਸੰਕੇਤ ਇਹ ਹੈ ਕਿ ਧੂੰਏ ਅਤੇ ਅੱਗ ਦਾ ਅਧਿਕਰਣ ਸਾਂਝਾ ਹੈ ਅਤੇ ਇਨ੍ਹਾਂ ਵਿਚਕਾਰ ਵਿਆਪਤੀ ਵਾਲਾ ਸੰਬੰਧ ਮੌਜੂਦ ਹੈ।

ਚਿੱਤਰ 7.0 ਵਿਸ਼ੇਸ਼ ਵਿਆਪਤੀ ਸੰਬੰਧ: ਪਰਿਭਾਸ਼ਾ (ਪ2)

(ਪ3) ਵਿਆਪਤੀ, ਹੇਤੁ ਅਤੇ ਸਾਧ੍ਯ ਦਾ ਉਹ ਆਪਸੀ ਸੰਬੰਧ ਹੈ ਜਿਸ ਵਿਚ ਸਾਧ੍ਯ ਉਸ ਪ੍ਰਤਿਯੋਗਿਨ ਤੋਂ ਭਿੰਨ ਹੈ ਜਿਸ ਦਾ ਪਰਸਪਰ-ਅਭਾਵ ਹੇਤੁ ਦੇ ਅਧਿਕਰਣ ਵਿਚ ਨਿਵਾਸ ਕਰਦਾ ਹੈ।

ਰੇਖਾਚਿੱਤਰ (ਚਿੱਤਰ 8.0) ਵਿਚ ਵ੍ਰਿਤ ਦੇ ਅੰਦਰਲਾ ਹਿੱਸਾ ਧੂੰਏ (ਹੇਤੁ) ਅਤੇ ਅੱਗ (ਸਾਧ੍ਯ) ਦਾ ਅਧਿਕਰਣ ਹੈ। (ਅੱਗ ਦਾ) ਪਰਸਪਰ-ਅਭਾਵ (ਯਾਨੀ ਪਾਣੀ, ਮੇਜ਼ ਆਦਿ) ਹੇਤੁ ਦੇ ਅਧਿਕਰਣ ਵਿਚ ਸ਼ਾਮਲ ਹੈ ਅਤੇ ਇਸ ਪਰਸਪਰ-ਅਭਾਵ ਦਾ ਪ੍ਰਤਿਯੋਗਿਨ (ਯਾਨੀ ਪਾਣੀ, ਮੇਜ਼ ਆਦਿ) ਵ੍ਰਿਤ ਦੇ ਬਾਹਰ ਹੈ। ਇਹ ਪ੍ਰਤਿਯੋਗਿਨ ਅੱਗ ਤੋਂ ਭਿੰਨ ਹੈ।

ਚਿੱਤਰ 8.0 ਵਿਸ਼ੇਸ਼ ਵਿਆਪਤੀ ਸੰਬੰਧ: ਪਰਿਭਾਸ਼ਾ (ਪ3)

(ਪ4) ਵਿਆਪਤੀ ਸੰਬੰਧ ਇਸ ਤਰ੍ਹਾਂ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ ਇਹ, ਹੇਤੁ ਦੀ ਸਾਧ੍ਯ ਨਾਲ ਉਹ ਸਹਿ-ਉਪਸਥਿਤੀ ਹੈ ਜਦੋਂ ਹੇਤੁ ਨਾਲ ਕੋਈ ਉਪਾਧਿ (ਸ਼ਰਤ) ਨਾ ਜੁੜੀ ਹੋਈ ਹੋਵੇ। [ਪਰ ਵਿਗਿਆਨ ਦੇ ਖੇਤ੍ਰ ਵਿਚ, ਅਕਸਰ, “ਵਿਆਪਤੀ ਸੰਬੰਧ” ਸ਼ੁੱਧ ਸਿਧਾਂਤਾਂ ਅਤੇ ਗਣਿਤਕ ਸਮੀਕਰਣਾਂ ਦੁਆਰਾ ਪ੍ਰਗਟ ਕੀਤੇ ਜਾਂਦੇ ਹਨ ਜਿਨ੍ਹਾਂ ਨਾਲ, ਪ੍ਰਾਸੰਗਿਕ ਉਪਾਧੀਆਂ ਦੀ ਸੂਚੀ ਵੀ ਅਨਿਵਾਰੀ ਤੌਰ ‘ਤੇ ਦਿੱਤੀ ਜਾਂਦੀ ਹੈ, ਜੋ ਇਨ੍ਹਾਂ ਸਿਧਾਂਤਾਂ ਅਤੇ ਸਮੀਕਰਣਾਂ ਦੇ ਵੈਧ ਖੇਤ੍ਰ ਨੂੰ ਸੀਮਿਤ ਕਰਦੀਆਂ ਹਨ। ਇਸ ਦਾ ਮਤਲਬ ਇਹ ਨਹੀ ਕਿ ਗੰਗੇਸ਼ ਦੀ ਪਰਿਭਾਸ਼ਾ ਗਲਤ ਹੈ, ਪ੍ਰੰਤੂ ਇਸ ਦਾ ਖੇਤ੍ਰ (ਅਧਿਕਰਣ) ਅਲਗ ਹੈ।]

(ਪ5) ਵਿਆਪਤੀ ਸੰਬੰਧ ਉਹ ਹੈ ਜਿਸ ਵਿਚ ਹੇਤੁ ਦੀ ਸਹਿ-ਉਪਸਥਿਤੀ ਉਸ ਸਾਧ੍ਯ ਨਾਲ ਹੈ ਜੋ ਉਸ ਅਤਿਅੰਤ-ਭਾਵ ਨਾਲ ਸਹਿ-ਨਿਵਾਸੀ ਹੈ ਜਿਸ ਦਾ ਪ੍ਰਤਿਯੋਗਿਨ ਉਹ ਹੈ ਜੋ ਹੇਤੁ ਦੇ ਅਧਿਕਰਣ ਵਿਚ ਰਹਿ ਰਹੇ ਅਤਿਅੰਤ-ਅਭਾਵ ਦੇ ਪ੍ਰਤਿਯੋਗਿਨ ਰਾਹੀਂ ਪ੍ਰਗਟਦਾ (ਸਮਰੱਥ) ਹੈ।

ਰੇਕਾਚਿੱਤਰ ਚਿੱਤਰ 9.0 ਵਿਚ ਵ੍ਰਿਤ ਦੇ ਵਿਚਲਾ ਥਾਂ ਧੂੰਏ ਅਤੇ ਅੱਗ ਦਾ ਅਧਿਕਰਣ ਹੈ। ਘੜੇ ਦੇ ਅਤਿਅੰਤ ਅਭਾਵ ਦਾ ਪ੍ਰਤਿਯੋਗਿਨ ਘੜਾ ਹੈ। ਧੂੰਏ ਦੇ ਅਧਿਕਰਣ ਵਿਚ ਘੜੇ ਦਾ ਅਤਿਅੰਤ ਅਭਾਵ ਹੈ। ਘੜੇ ਦਾ ਅਤਿਅੰਤ ਭਾਵ ਵ੍ਰਿਤ ਦੇ ਬਾਹਰ ਹੈ, ਜੋ ਅੱਗ ਦਾ ਅਤਿਅੰਤ ਅਭਾਵ ਹੈ। ਅੱਗ ਦੇ ‘ਅਤਿਅੰਤ ਅਭਾਵ’ ਦਾ ਪ੍ਰਤਿਯੋਗਿਨ ਹੈ ‘ਅੱਗ ਦਾ ਭਾਵ’ ਜੋ ਸਾਧ੍ਯ ਦੇ ਨਾਲ ਸਹਿ-ਨਿਵਾਸ ਕਰਦਾ ਹੈ, ਜਿਸ ਦੀ ਸਹਿ-ਉਪਸਥਿਤੀ ਧੂੰਏ (ਹੇਤੁ) ਨਾਲ ਹੈ।

ਚਿੱਤਰ 9.0 ਵਿਸ਼ੇਸ਼ ਵਿਆਪਤੀ ਸੰਬੰਧ: ਪਰਿਭਾਸ਼ਾ (ਪ5)

(ਪ6) ਵਿਆਪਤੀ ਸੰਬੰਧ ਉਹ ਗੁਣ ਰੱਖਦਾ ਹੈ ਜੋ ਸਾਧ੍ਯ ਅਤੇ ਹੇਤੁ ਵਿਚਕਾਰ ਸੰਭੋਗ ਸਥਾਪਤ ਕਰਦਾ ਹੈ।

ਵਿਆਪਤੀ ਗ੍ਰਹਉਪਾਉ (ਵਿਆਪਤੀ ਨੂੰ ਸਮਝਣ ਦੇ ਸਾਧਨ)
ਗੰਗੇਸ਼ ਕਹਿੰਦੇ ਹਨ ਕਿ ਕਈ ਤਾਰਕਿਕਾਂ ਦਾ ਮੰਨਣਾ ਹੈ ਕਿ ਇਕ ਚੀਜ਼ ਨੂੰ ਦੂਸਰੀ ਚੀਜ਼ ਦੇ ਸੰਗ ਵਾਪਰਨ ਨੂੰ ਬਾਰ ਬਾਰ ਨਿਰੀਖਣਾ, ਵਿਆਪਤੀ ਸੰਬੰਧ ਨੂੰ ਗ੍ਰਹਣ ਕਰਨ ਦਾ ਇਕ ਸਾਧਨ ਹੈ। ਜੈਸੇ, ਅਸੀਂ ਧੂੰਏ ਨੂੰ ਅੱਗ ਦੇ ਨਾਲ ਬਾਰ ਬਾਰ ਦੇਖ ਕੇ ਇਨ੍ਹਾਂ ਦਾ ਵਿਆਪਤੀ ਸੰਬੰਧ ਗ੍ਰਹਣ ਕਰਦੇ ਹਾਂ।

ਗੰਗੇਸ਼ ਇਸ ਧਾਰਣਾ ਦੀ ਵਿਰੋਧਤਾ ਇਨ੍ਹਾਂ ਮੁੱਖ ਕਾਰਣਾਂ ਦੇ ਆਧਾਰ ‘ਤੇ ਕਰਦੇ ਹਨ:

  1. ਵੱਖਰੇ ਤੌਰ ‘ਤੇ ਬਾਰ ਬਾਰ ਕੀਤੇ ਨਿਰੀਖਣ ਵਿਆਪਤੀ ਗ੍ਰਹਣ ਦਾ ਕਾਰਣ ਨਹੀ ਬਣ ਸਕਦੇ ਕਿਉਂਕਿ ਇਨ੍ਹਾਂ ਨਿਰੀਖਣਾਂ ਵਿਚ ਆਪਸੀ ਏਕਤਾ (ਸਮਤਾ) ਦੀ ਘਾਟ ਹੁੰਦੀ ਹੈ। ਜਿਉਂ ਹੀ ਇਹ ਉਪਰੋਥਲੀ ਦੇ ਨਿਰੀਖਣ ਜਲਦੀ ਨਾਲ ਗੁਜ਼ਰਦੇ ਹਨ, ਇਨ੍ਹਾਂ ਦਾ ਇਕੱਠ ਕਰਨ ਵਾਲੀ ਕੋਈ ਐਸੀ ਚੀਜ਼ ਨਹੀ ਹੁੰਦੀ ਜੋ ਸਾਡੇ ਅੰਦਰ ਵਿਆਪਤੀ ਦੇ ਗ੍ਰਹਣ ਦਾ ਕਾਰਣ ਬਣ ਸਕੇ। ਇਸ ਵਿਚ ਕੋਈ ਸ਼ੱਕ ਨਹੀ ਕਿ ਇਨ੍ਹਾਂ ਗੁਜ਼ਰੇ ਨਿਰੀਖਣਾਂ ਦੁਆਰਾ ਸਾਡੇ ਮਨ ਉੱਪਰ ਛੱਡਿਆ ਪ੍ਰਭਾਵ ਸਾਡੇ ਵਿਚ ਸਮਰੂਪੀ ਚੀਜ਼ਾਂ ਦੀ ਯਾਦ ਅਤੇ ਪਛਾਣ ਪੈਦਾ ਕਰਨ ਦੇ ਕਾਬਲ ਹੁੰਦਾ ਹੈ, ਪ੍ਰੰਤੂ ਇਹ ਵਿਆਪਤੀ ਦੀ ਸੂਝ ਪੈਦਾ ਨਹੀ ਕਰ ਸਕਦਾ ਕਿਉਂਕਿ ਇਸ ਵਿਚ ਅਸਮਰੂਪੀ ਚੀਜ਼ਾਂ (ਜਾਂ ਪਰਿਸਥਤੀਆਂ) ਸ਼ਾਮਲ ਹੁੰਦੀਆਂ ਹਨ, ਜੈਸੇ ਧੂੰਆ ਰਸੋਈ ਵਿਚ, ਹਵਨ ਦੇ ਸਥਾਨ ਉੱਪਰ ਜਾਂ ਪਰਬਤ ਉੱਪਰ ਆਦਿ। [ਪਰ ਵਿਗਿਆਨ ਦੇ ਖੇਤ੍ਰ ਵਿਚ, “ਵਿਗਿਆਨਕ ਵਿਆਪਤੀ” ਨੂੰ ਸਥਾਪਤ ਕਰਨ ਲਈ ਐਸਾ ਹੀ ਹੁੰਦਾ ਹੈ; ਪ੍ਰਯੋਗਸ਼ਾਲਾਵਾਂ ਵਿਚ ਅਲਗ ਅਲਗ ਗਿਆਤ ਹਾਲਾਤਾਂ ਵਿਚ ਪ੍ਰਯੋਗਾਂ ਦੁਆਰਾ ਇਕੱਤਰ ਕੀਤੇ ਅੰਕੜੇ ਅਤੇ ਕੁਦਰਤ ਦੀਆਂ ਘਟਨਾਵਾਂ ਦੇ ਵਿਭਿੰਨ ਪਰਿਸਥਿਤੀਆਂ ਵਿਚ ਨਿਰੀਖਣਾਂ ਦੁਆਰਾ ਇਕੱਠੇ ਕੀਤੇ ਤਥ ਅਤੇ ਅੰਕੜੇ ਵਿਗਿਆਨਕ ਗਿਆਨ ਦਾ ਆਧਾਰ ਬਣਦੇ ਹਨ। ਇਸ ਵਿਚ ਸ਼ਰਤ ਸਿਰਫ ਇਹ ਹੁੰਦੀ ਹੈ ਕਿ ਸਾਨੂੰ ਦਿੱਤੀਆਂ ਹੋਈਆਂ ਪਰਿਸਥਿਤੀਆਂ ਦਾ ਗਿਆਨ ਹੋਣਾ ਵੀ ਲਾਜ਼ਮੀ ਹੈ। ਜਿੰਨਾ ਚਿਰ ਅਸੀ ਇਸ “ਵਿਗਿਆਨਕ ਵਿਆਪਤੀ” ਨੂੰ ਸ਼ਰਤਾਂ ਦੇ ਸੰਦਰਭ ਵਿਚ ਲੈਂਦੇ ਹਾਂ, ਤਾਂ ਇਹ ਗਿਆਨ ਵੈਧ ਅਤੇ ਅਤਿਅੰਤ ਲਾਭਕਾਰੀ ਹੁੰਦਾ ਹੈ।]
  2. ਇਸ ਦੇ ਸੰਦਰਭ ਵਿਚ ਬਾਰ ਬਾਰ (ਪੁਨਰਾਵ੍ਰਿਤੀ) ਨਿਰੀਖਣ ਦਾ ਕੀ ਅਰਥ ਹੈ? ਕੀ ਇਸ ਦਾ ਅਰਥ ਹੈ ਵੱਖਰੇ ਥਾਵਾਂ ‘ਤੇ ਨਿਰੀਖਣ, ਜਾਂ ਅਨੇਕ ਦ੍ਰਿਸ਼ਟਾਂਤਾਂ ਦਾ ਨਿਰੀਖਣ, ਜਾਂ ਫਿਰ ਇੱਕੋ ਦ੍ਰਿਸ਼ਟਾਂਤ ਦਾ ਅਲਗ ਅਲਗ ਸਮੇ ‘ਤੇ ਨਿਰੀਖਣ? ਇਨ੍ਹਾਂ ਵਿੱਚੋਂ ਕੋਈ ਵੀ ਬਦਲ ਸਾਨੂੰ ਵਿਆਪਤੀ ਸਮਝਣ ਵਿਚ ਸਹਾਈ ਨਹੀ ਹੈ। ਕੀ ਅਸੀਂ 'ਰੰਗ' ਅਤੇ 'ਸੁਆਦ' ਨੂੰ ਅਨੇਕਾਂ ਥਾਵਾਂ ‘ਤੇ ਸੰਗ ਸੰਗ ਦੇਖ ਕੇ ਉਨ੍ਹਾਂ ਵਿਚਕਾਰ ਵਿਆਪਤੀ ਸੰਬੰਧ ਸਥਾਪਤ ਕਰ ਸਕਦੇ ਹਾਂ? ਕੀ 'ਰੰਗ' ਅਤੇ 'ਸੁਆਦ' ਨੂੰ ਇੱਕੋ ਥਾਂ ਅਨੇਕ ਬਾਰ ਸਾਥ ਦੇਖ ਕੇ ਸਾਨੂੰ ਉਨ੍ਹਾਂ ਵਿਚ ਵਿਆਪਤੀ ਸੰਬੰਧ ਸਥਾਪਤ ਕਰਨ ਦਾ ਹੱਕ ਹੈ? ਇਕ ਦ੍ਰਿਸ਼ਟਾਂਤ ਨੂੰ ਅਲਗ ਅਲਗ ਸਮੇ ‘ਤੇ ਦੇਖਣ ਦੇ ਮਾਮਲੇ ਵਿਚ ਅਸੀ ਇਹ ਪੁੱਛ ਸਕਦੇ ਹਾਂ ਕਿ ਵਿਆਪਤੀ ਸੰਬੰਧ ਸਥਾਪਤ ਕਰਨ ਲਈ ਸਾਨੂੰ ਕਿੰਨੀ ਬਾਰ ਨਿਰੀਖਣ ਕਰਨਾ ਉਚਿੱਤ ਹੋਵੇਗਾ। ਇਹ ਕਿੰਨੀ ਬਾਰ ਕਰਨਾ ਪਏਗਾ ਇਸ ਬਾਰੇ ਕੋਈ ਨਿਸ਼ਚਿਤਤਾ ਨਹੀ ਹੈ। ਅਸਲ ਵਿਚ 'ਫਰਸ਼' ਅਤੇ 'ਕਲਮ' ਵਿਚਕਾਰ ਕੋਈ ਵਿਆਪਤੀ ਸੰਬੰਧ ਹੋ ਹੀ ਨਹੀ ਸਕਦਾ, ਉਨ੍ਹਾਂ ਨੂੰ ਭਾਵੇਂ ਇਕੱਠਿਆਂ ਪਿਆ ਸੈਕੜੇ ਬਾਰ ਹੀ ਕਿਉਂ ਨਾ ਦੇਖਿਆ ਜਾ ਚੁੱਕਾ ਹੋਵੇ।
  3. ਕਈ ਹੋਰ ਤਾਰਕਿਕਾਂ ਦਾ ਕਹਿਣਾ ਹੈ ਕਿ ‘ਸਹਿਚਾਰ’ ਦਾ ਨਿਰੀਖਣ ‘ਤਰਕ’ ਨਾਲ ਮਿਲ ਕੇ ਵਿਆਪਤੀ ਸੰਬੰਧ ਦੇ ਗ੍ਰਹਣ ਦਾ ਸਾਧਨ ਬਣਦਾ ਹਨ। ਜੈਸੇ, ਧੂੰਏ ਦਾ ਅੱਗ ਨਾਲ ਵਿਆਪਤੀ ਸੰਬੰਧ ਹੈ ਕਿਉਂ ਜੋ ਅਸੀ ਪਹਿਲੇ ਨੂੰ ਦੂਸਰੇ ਦੇ ਸਾਥ ਦੇਖਦੇ ਹਾਂ ਅਤੇ ਇਸ ਦੇ ਨਾਲ ਤਰਕ ਦੀ ਦਲੀਲ ਦਿੰਦੇ ਹੋਏ ਅਸੀ ਇਸ ਸਿੱਟੇ ‘ਤੇ ਪਹੁੰਚਦੇ ਹਾਂ ਕਿ ਜੇਕਰ ਇਨ੍ਹਾਂ ਵਿਚ ਇਹ ਅਨਿੱਖੜਵਾਂ ਸੰਬੰਧ ਨਾ ਹੁੰਦਾ ਤਾਂ ਅਸੀ ਧੂੰਏ ਨੂੰ ਅੱਗ ਤੋਂ ਬਗੈਰ ਵੀ ਦੇਖ ਸਕਦੇ ਹੁੰਦੇ, ਪ੍ਰੰਤੂ ਇਹੋ ਜਿਹੀ ਸੰਭਾਵਨਾ ਬੇਤੁਕੀ ਹੈ, ਨਿਸ਼ਚੇ ਹੀ ਧੂੰਏ ਅਤੇ ਅੱਗ ਦੇ ਵਿਚਕਾਰ ਵਿਆਪਤੀ ਸੰਬੰਧ ਮੌਜੂਦ ਹੈ।

    ਗੰਗੇਸ਼ ਅਨੁਸਾਰ ਉਪਰੋਕਤ ਵਿਚਾਰ ਨਿਰਾਧਾਰ ਹੈ, ਕਿਉਂਜੋ ਤਰਕ ਆਪਣੇ ਅਪ ਵਿਚ ਵਿਆਪਤੀ ਸੰਬੰਧ ਨੂੰ ਗ੍ਰਹਣ ਕਰਨ ‘ਤੇ ਨਿਰਭਰ ਹੋਣ ਕਰਕੇ ਇਹ ਇਸ ਸੰਬੰਧ ਦੇ ਸਮਝਣ ਦਾ ਕਾਰਣ ਨਹੀ ਬਣ ਸਕਦਾ। ਜਦੋਂ ਤਕ ਇਕ ਪੁਰਸ਼ ਇਕ ਚੀਜ਼ ਦੇ ਦੂਸਰੀ ਚੀਜ਼ ਨਾਲ ਵਿਆਪਤੀ ਸੰਬੰਧ ਨੂੰ ਪੂਰੀ ਤਰ੍ਹਾ ਗ੍ਰਹਣ ਨਹੀ ਕਰ ਲੈਂਦਾ, ਉਸਦੀ ਦਲੀਲ ਜਿਸ ਨੇ ਕਿ ਸਾਰੇ ਵਿਰੋਧੀ ਅਨੁਭਵਾਂ ਦੇ ਬੇਤੁਕੇਪਣ ਨੂੰ ਸਾਹਮਣੇ ਲਿਆਉਣਾ ਹੈ, ਅਮਲ ਵਿਚ ਨਹੀ ਆ ਸਕਦੀ। ਅਸੀਂ ਇਸ ਤਰ੍ਹਾਂ ਦੇ ਬੇਅੰਤ ਵਾਦਵਿਵਾਦ ਯੁਗਾਂਯੁਗਾਂਤਰ ਕਰਦੇ ਰਹਿ ਜਾਵਾਂਗੇ ਅਤੇ ਫਿਰ ਵੀ ਇਹ ਨਿਸ਼ਚਾ ਨਹੀ ਕਰ ਸਕਾਂਗੇ ਕਿ ਕੀ ਤਰਕ ਵਿਆਪਤੀ ਗ੍ਰਹਣ ਤੋਂ ਪਹਿਲਾਂ ਆਇਆ ਜਾਂ ਕਿ ਵਿਆਪਤੀ ਗ੍ਰਹਣ ਤੋਂ ਪਹਿਲਾ।

ਵਿਆਪਤੀਗ੍ਰਹਉਪਾਉ ਸਿਧਾਂਤ (ਵਿਆਪਤੀ ਗ੍ਰਹਣ ਬਾਰੇ ਨਿਰਣਾ)
‘ਸਹਚਾਰ’ ਦਾ ਉਪਾਧੀਆਂ (ਸ਼ਰਤਾਂ) ਤੋਂ ਬਗੈਰ (ਮੁਕਤ) ਨਿਰੀਖਣ, ਵਿਆਪਤੀ ਸੰਬੰਧ ਨੂੰ ਗ੍ਰਹਣ ਕਰਨ ਦਾ ਸਾਧਨ ਹੈ, ਜੈਸੇ ਧੂੰਏ ਦਾ ਅੱਗ ਨਾਲ (ਸਹਚਾਰ) ਵਿਆਪਤੀ ਸੰਬੰਧ ਹੈ ਕਿਉਂਜੋ ਪੂਰਵਕ (ਯਾਨੀ ਧੂੰਆ) ਪਿਛਲੇਰੇ (ਯਾਨੀ ਅੱਗ) ਨਾਲ ਬਿਨਾ ਕਿਸੇ ਉਪਾਧਿ ਦੇ ਨਿਰੰਤਰ ਜੁੜਿਆ ਹੋਇਆ ਹੈ। ਇਨ੍ਹਾਂ ਉਪਾਧੀਆਂ ਬਾਰੇ ਗਿਆਨ ਨਿਰਸੰਦੇਹ ਜਾਂ ਸੰਦੇਹਪੂਰਣ ਹੋ ਸਕਦਾ ਹੈ। ਜੇ ਇਹ ਨਿਰਸੰਦੇਹ (ਯਾਨੀ ਨਿਸ਼ਚਿਤ) ਹੈ (ਅਰਥਾਤ ਸਹਚਾਰ ਵਿਸ਼ੇਸ਼ ਉਪਾਧੀਆਂ ਦੀ ਅਵਸਥਾ ਵਿਚ ਹੀ ਵਾਪਰਦਾ ਹੈ) ਤਾਂ ਅਸੀ ਵਿਆਪਤੀ ਸੰਬੰਧ ਨੂੰ ਉੱਕਾ ਹੀ ਗ੍ਰਹਣ ਨਹੀ ਕਰ ਸਕਦੇ , ਅਤੇ ਜੇ ਇਹ ਸੰਦੇਹਪੂਰਣ ਹੈ ਤਾਂ ਇਸ ਨੂੰ ਗ੍ਰਹਣ ਕਰਨਾ ਬੜਾ ਮੁਸ਼ਕਲ ਹੋ ਸਕਦਾ ਹੈ। ਸੰਦੇਹ ਦੋ ਸੋਮਿਆਂ ਤੋਂ ਪੈਦਾ ਹੁੰਦਾ ਹੈ, ਅਰਥਾਤ ਕਈ ਬਾਰ ਉਪਾਧਿ ਬਾਰੇ ਸ਼ੱਕ ਤੋਂ ਅਤੇ ਕਈ ਬਾਰ ਸਾਂਝੇ ਗੁਣਾਂ ਦੀ ਪਛਾਣ ਅਤੇ ਵਿਸ਼ੇਸ਼ ਗੁਣਾਂ ਦੀ ਨਾ-ਪਛਾਣ ਤੋਂ। ਮਗਰਲੇ ਸੋਮੇ ਦੀ ਉਦਾਹਰਣ ਵਜੋਂ ਜਦ ਅਸੀ ਅੰਧੇਰੇ ਵਿਚ ਕਿਸੇ ਉੱਚੀ ਵਸਤੂ ਨੂੰ ਦੇਖ ਕੇ ਸਾਡੇ ਮਨ ਵਿਚ ਇਹ ਸ਼ੱਕ ਹੋਵੇ ਕਿ ਕੀ ਉਹ ਪੁਰਸ਼ ਹੈ ਜਾਂ ਕੋਈ ਖੰਭਾ, ਕਿਉਂਕਿ ਅਸੀ ਇਸ ਦੇ ਉੱਚੇਪਣ ਵਿਚ ਪੁਰਸ਼ ਅਤੇ ਖੰਭੇ ਦਾ ਸਾਂਝਾ ਗੁਣ ਪਛਾਣਦੇ ਹਾਂ, ਪਰ ਚਾਲ ਨਹੀ ਪਛਾਣਦੇ ਜੋ ਕਿ ਆਦਮੀ ਦਾ ਵਿਸ਼ੇਸ਼ ਗੁਣ ਹੈ। ਪੂਰਵਕ ਸੋਮੇ ਦੀ ਉਦਾਹਰਣ ਇਹ ਹੋ ਸਕਦੀ ਹੈ ਜਦੋਂ ਗਿੱਲੇ ਬਾਲਣ ਨੂੰ ਅੱਗ ਲੱਗੀ ਹੋਵੇ ਜਿਸ ਵਿਚ ਧੂੰਏ ਦਾ ਅੱਗ ਨਾਲ ਅਨਿੱਖੜਵਾਂ ਸੰਬੰਧ ਹੈ। ਇਸ ਤਰ੍ਹਾਂ ਧੂੰਏ ਅਤੇ ਅੱਗ ਦਾ ਵਿਆਪਤੀ ਵਾਲਾ ਸੰਬੰਧ ਦਾ ਦਾਅਵਾ ਕਰਦੇ ਹੋਏ ਸਾਨੂੰ ਸ਼ੱਕ ਹੁੰਦੀ ਹੈ ਕਿ ‘ਗਿੱਲਾ ਬਾਲਣ’ ਇਸ ਸੰਬੰਧ ਦੀ ਉਪਾਧਿ ਹੋ ਸਕਦਾ ਹੈ।

ਕਈ ਹਲਾਤਾਂ ਵਿਚ ਸ਼ੱਕ ਕਦੇ ਵੀ ਪੈਦਾ ਨਹੀ ਹੁੰਦਾ, ਕਿਉਂਕਿ ਇਨ੍ਹਾਂ ਵਿਚੋਂ ਇਸ ਤਰ੍ਹਾਂ ਦੇ ਦੋਸ਼ ਗੈਰਹਾਜ਼ਰ ਹੁੰਦੇ ਹਨ ਜੈਸੇ ਅੱਖ ਦੀ ਨਿਕਟ-ਦ੍ਰਿਸ਼ਟੀ ਦੀ ਖਰਾਬੀ, ਦੂਰੀ ਆਦਿ। ਦੂਜੇ ਹੋਰ ਹਾਲਾਤਾਂ ਵਿਚ ਤਰਕ ਦੀ ਵਰਤੋਂ ਕਰਕੇ ਸ਼ੱਕ ਨੂੰ ਦੂਰ ਕੀਤਾ ਜਾਂਦਾ ਹੈ ਜੈਸੇ ਇਹ ਸ਼ੱਕ ਕਿ ਅੱਗ ਦਾ ਧੂੰਏ ਨਾਲ ਵਿਆਪਤੀ ਸੰਬੰਧ ਹੈ ਜਾਂ ਨਹੀ, ਇਸ ਸ਼ੱਕ ਨੂੰ ਇਸ ਤਰ੍ਹਾ ਦੀ ਤਾਰਕਿਕ ਦਲੀਲ ਨਾਲ ਦੂਰ ਕੀਤਾ ਜਾਂਦਾ ਹੈ: ਜੇਕਰ ਅੱਗ ਦੇ ਨਾਲ ਧੂੰਏ ਦਾ ਅਨਿੱਖੜਵਾਂ ਸੰਬੰਧ ਹੁੰਦਾ ਤਾਂ ਲਾਲ ਭਖਦੇ ਲੋਹੇ ਦੇ ਗੋਲੇ ਵਿੱਚੋਂ ਵੀ ਧੂੰਆ ਨਿਕਲਦਾ, ਪ੍ਰੰਤੂ ਐਸਾ ਨਹੀ ਹੈ; ਇਸ ਤਰ੍ਹਾਂ ਅੱਗ ਨਾਲ ਧੂੰਏ ਦਾ ਵਿਆਪਤੀ ਸੰਬੰਧ ਨਹੀ ਹੈ (ਪ੍ਰੰਤੂ ਧੂੰਏ ਦਾ ਅੱਗ ਨਾਲ ਐਸਾ ਸੰਬੰਧ ਹੈ)। [ਇੱਥੇ ਵਿਆਪਤੀ ਸੰਬੰਧ ਦੀ ਪਰਿਭਾਸ਼ਾ ਇਹ ਮੰਨੀ ਗਈ ਹੈ ਕਿ ਵਿਆਪਤੀ ਉਪਾਧਿ ਰਹਿਤ ਹੁੰਦੀ ਹੈ।]

ਇਸ ਤਰ੍ਹਾਂ ਦੀ ਦਲੀਲ ਨਿਰੰਤਰ ਜ਼ਾਰੀ ਰਹਿੰਦੀ ਹੈ ਜਿੰਨਾ ਚਿਰ ਕਿ ਸ਼ੰਕਾ ਦੂਰ ਨਹੀ ਹੋ ਜਾਂਦਾ। ਇਸ ਤਰ੍ਹਾਂ ਦੀ ਪਿੱਛਲਖੁਰੀ (ਜਾਂ ਪ੍ਰਤਿਗਾਮੀ ਜਾ “ਅਨਵਸਥਾ”) ਦਲੀਲ ਉੱਪਰ ਕਈ ਬਾਰ ਆਰੋਪ ਲਗਾਇਆ ਜਾਂਦਾ ਹੈ ਕਿ ਇਹ ਕਦੇ ਵੀ ਖਤਮ ਨਹੀ ਹੁੰਦੀ, ਯਾਨੀ ਇਹ “ਅਪਾਰ ਪ੍ਰਤਿਗਾਮੀ” ਰੂਪ ਧਾਰ ਲੈਂਦੀ ਹੈ। ਪਰ ਇਸ ਉਦਾਹਰਣ ਵਿਚ ਇਹ ਆਰੋਪ ਸਹੀ ਨਹੀ ਹੈ ਕਿਉਂਕਿ, ਦਲੀਲ ਉਸ ਵੇਲੇ ਖਤਮ ਹੋ ਜਾਂਦੀ ਹੈ ਜਦੋਂ ਸ਼ੰਕਾ ਦੂਰ ਹੋ ਜਾਂਦਾ ਹੈ।

ਤਰਕ – ਵਿਵੇਚਨ ਜਾਂ ਦਲੀਲਬਾਜ਼ੀ
ਤਰਕ ਦੀ ਪ੍ਰਕ੍ਰਿਆ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਜਾ ਸਕਦੀ ਹੈ:

ਪ੍ਰਸ਼ਨ - ਕੀ ਧੂੰਆ ਅੱਗ ਵਿਚ ਹੋ ਸਕਦਾ ਹੈ?
ਤਰਕ - ਜੇ ਧੂੰਆ ਅੱਗ ਤੋਂ ਬਗੈਰ ਹੋ ਸਕਦਾ ਹੰਦਾ ਤਾਂ ਇਹ ਅੱਗ ਤੋਂ ਪੈਦਾ ਨਾ ਹੁੰਦਾ।
ਪ੍ਰਤਿਪ੍ਰਸ਼ਨ - ਕੀ ਧੂੰਆ ਅੱਗ ਦਾ ਉਤਪਾਦਨ ਹੈ?
ਤਰਕ - ਜੇ ਧੂੰਆ ਨਾ ਅੱਗ ਤੋਂ ਅਤੇ ਨਾ ਹੀ 'ਅਨ-ਅੱਗ' ਤੋਂ ਪੈਦਾ ਹੁੰਦਾ ਤਾਂ ਇਹ ਅਨ-ਉਤਪਾਦਨ ਹੋਣਾ ਸੀ। ਪ੍ਰਤੂ ਐਸਾ ਨਹੀ ਹੈ।
ਸ਼ੱਕ - ਤਦ ਧੂੰਆ ਜਾਂ ਤਾਂ ਅੱਗ ਤੋਂ ਪੈਦਾ ਹੋਇਆ ਜਾਂ ਬਗੈਰ ਕਿਸੇ ਕਾਰਣ।
ਅਸੰਗਤੀ - ਇਹ ਕਿਉਂ ਹੈ ਕਿ ਜੋ ਪੁਰਸ਼ ਇਸ ਤਰ੍ਹਾ ਦੀ ਸ਼ੱਕ ਕਰਦਾ ਹੈ ਪਰ ਫਿਰ ਵੀ ਕਾਰਜਸ਼ੀਲਤਾ ਲਈ ਪ੍ਰੇਰਿਤ ਹੋ ਜਾਂਦਾ ਹੈ? ਜੇ ਉਸ ਨੂੰ ਇਹ ਸੰਦੇਹ ਹੈ ਕਿ ਕੋਈ ਚੀਜ਼ ਕਿਸੇ ਕਾਰਣ ਤੋਂ ਬਗੈਰ ਪੈਦਾ ਹੋ ਸਕਦੀ ਹੈ ਜਾਂ ਨਹੀ ਤਾਂ ਉਹ ਧੂੰਆ ਪ੍ਰਾਪਤੀ ਲਈ ਅੱਗ ਦੀ ਭਾਲ ਕਿਉਂ ਕਰਦਾ ਹੈ, ਜਾਂ ਭੁੱਖ ਮਿਟਾਉਣ ਲਈ ਭੋਜਨ ਦੀ ਤਲਾਸ਼ ਵਿਚ ਕਿਉਂ ਰੁਝਦਾ ਹੈ? ਉਸ ਦੀ ਆਪਣੀ ਸਰਗਰਮੀ ਤੋਂ ਉਹ 'ਕਾਰਜ' ਅਤੇ 'ਕਾਰਣ' ਦੇ ਆਪਸੀ ਸੰਬੰਧ ਨੂੰ ਚੰਗੀ ਤਰ੍ਹਾ ਜਾਣਦਾ ਹੈ। ਪਰ ਫਿਰ ਵੀ ਉਹ ਸ਼ੰਕਾ ਕਿਉਂ ਕਰਦਾ ਹੈ? ਇਹ ਉਸ ਦੀ ਆਪਣੀ ਸਰਗਰਮੀ ਨਾਲ ਅਸੰਗਤੀ ਹੈ। ਇਸ ਵਿਚ ਕੋਈ ਸ਼ੱਕ ਨਹੀ ਧੂੰਆ ਇਕ ‘ਕਾਰਜ’ ਹੋਣ ਕਰਕੇ ‘ਕਾਰਣ’ ਤੋਂ ਬਗੈਰ ਪੈਦਾ ਨਹੀ ਕੀਤਾ ਜਾ ਸਕਦਾ। ਅਸਲ ਵਿਚ ਧੂੰਆ ਅੱਗ ਦਾ ਉਤਪਾਦਨ ਹੈ ਜਿਸ ਤੋਂ ਬਗੈਰ ਇਹ ਪੈਦਾ ਨਹੀ ਹੋ ਸਕਦਾ।

ਵਿਆਪਤੀਅਨੁਗਮ – ਵਿਆਪਤੀ ਦੀ ਸਰਬੰਗਤਾ
ਅਨੁਗਮ (ਜਾਂ ਸਰਬੰਗਤਾ) ਉਹ ਸਰੂਪ ਹੈ ਜਿਸ ਵਿਚ ਪਹਿਲਾਂ ਪਰਿਭਾਸ਼ਿਤ ਕੀਤੀਆਂ ਵਿਆਪਤੀਆਂ ਸ਼ਾਮਲ ਹਨ। ਵਿਆਪਤੀ, ਜਿਸ ਵਿਚ ਪਰਸਪਰ-ਅਭਾਵ ਸ਼ਾਮਲ ਹੈ, ਸਰਬੰਗ ਮੰਨੀ ਗਈ ਹੈ। ਵਿਆਪਤੀ ਦੀਆਂ ਪੰਜ ਅੰਤਰਿਮ ਪਰਿਭਾਸ਼ਾਵਾਂ ਵਿਚੋਂ ਤੀਜੀ (3) ਅਤੇ ਪੰਜਵੀਂ (5), ਅਤੇ ਵਿਸੇਸ਼ ਰੂਪ ਵਾਲੀਆਂ ਦੂਜੀ (ਪ2) ਅਤੇ ਤੀਜੀ (ਪ3) ਵਿਚ ਪਰਸਪਰ-ਅਭਾਵ ਸ਼ਾਮਲ ਹੈ। ਨਿਰਣਈ ਪਰਿਭਾਸ਼ਾ ਵਿਚ ਪਰਸਪਰ-ਅਭਾਵ ਸ਼ਾਮਲ ਕਰਕੇ ਉਸ ਵਿਚ ਸੁਧਾਰ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚੋਂ ਤੀਜੀ ਪਰਿਭਾਸ਼ਾ (ਪ3) ਸਭ ਨਾਲੋਂ ਸੰਖੇਪ ਅਤੇ ਵਿਸ਼ੇਸ਼ ਰੂਪ ਵਾਲੀ ਹੈ।

ਸਾਮਾਨ੍ਯਲਕਛਣ (ਆਮ ਲੱਛਣ ਵਾਲਾ ਸੰਬੰਧ)
ਅਸੀ ਦੇਖਿਆ ਹੈ ਕਿ ਧੂੰਏ ਅਤੇ ਅੱਗ ਦਾ ਸੰਬੰਧ ਰਸੋਈ ਦੀ ਅੱਗ ਵਿਚ ਹੈ ਅਤੇ ਇਹੋ ਜਿਹਾ ਸੰਬੰਧ ਹਵਨ ਦੀ ਅੱਗ ਵਿਚ ਵੀ ਹੈ। ਇਸ ਤਰ੍ਹਾ ਅਸੀ ਦੇਖਦੇ ਹਾਂ ਕਿ ਵਿਆਪਤੀ ਸੰਬੰਧ ਵਿਸੇਸ਼ ਕਿਸਮ ਦੇ ਧੂੰਏ ਅਤੇ ਵਿਸੇਸ਼ ਕਿਸਮ ਦੀ ਅੱਗ ਦੇ ਨਾਲ ਹੈ। ਇਨ੍ਹਾਂ ਦੇ ਆਧਾਰ ‘ਤੇ ਅਸੀ ਪਰਬਤ ਉੱਪਰ ਧੂੰਆ ਦੇਖ ਕੇ ਅੱਗ ਦਾ ‘ਅਨੁਮਾਨ’ ਨਹੀ ਲਗਾ ਸਕਦੇ, ਜਿੰਨੀ ਦੇਰ ਤੱਕ ਅਸੀ ਹਰ ਕਿਸਮ ਦੀ ਅੱਗ ਨਾਲ ਧੂੰਏ ਦਾ ਵਿਆਪਤੀ ਸੰਬੰਧ ਸਥਾਪਤ ਨਹੀ ਕਰ ਲੈਂਦੇ। ਇਹ ਸਥਾਪਤ ਕਰਨ ਲਈ ਸਾਨੂੰ ਧੂੰਏ ਦਾ ਆਮ ਸਰੂਪ ਯਾਨੀ “ਧੂੰਆਪਣ” ਅਤੇ ਅੱਗ ਦਾ ਆਮ ਸਰੂਪ ਯਾਨੀ “ਅੱਗਪਣ” ਦੇ ਗਿਆਨ ਦੀ ਪੂਰਬਧਾਰਣਾ ਮੰਨਣੀ ਪਵੇਗੀ। ਇਸ ਗਿਆਨ ਦਾ ਆਮ ਸਰੂਪ ਸਮਾਨ੍ਯ ਗਿਆਨ ਹੈ।

ਕਈ ਤਾਰਕਿਕ ਇਸ ਨੂੰ ਵਿਸ਼ਿਸ਼ਟਤਾ (ਵਿਸੇਸ਼ ਵਸਤੂ) ਦੇ ਲੌਕਿਕ (ਸਧਾਰਣ) ਸੰਯੋਗ (ਮਿਲਾਪ) ਤੋਂ ਪੈਦਾ ਹੋਇਆ ਮੰਨਦੇ ਹਨ ਅਤੇ ਕਈਆਂ ਦਾ ਵਿਚਾਰ ਹੈ ਕਿ ਇਹ ਅਲੌਕਿਕ (ਅਧਿਆਤਮਕ) ਸੰਯੋਗ ਦੁਆਰਾ ਪੈਦਾ ਹੁੰਦਾ ਹੈ।

ਉਪਾਧੀਵਾਦ (ਹੇਤੁ ਦੀ ਸ਼ਰਤਬੰਦਤਾ)
ਹੇਤੁ ਦਾ ਸਾਧ੍ਯ ਨਾਲ ਵਿਆਪਤੀ ਸੰਬੰਧ ਹੋਣ ਲਈ, ਇਸ ਨੂੰ ਕਿਸੇ ਕਿਸਮ ਦੀਆਂ ਸ਼ਰਤਾਂ (ਪ੍ਰਤਿਬੰਧਾਂ) ਤੋਂ ਮੁਕਤ ਹੋਣਾ ਜ਼ਰੂਰੀ ਹੈ। ਇਨ੍ਹਾਂ ਸ਼ਰਤਾਂ ਨੂੰ ਉਪਾਧੀਆਂ ਕਿਹਾ ਜਾਂਦਾ ਹੈ। ਵਿਆਪਤੀ ਸੰਬੰਧ ਲਈ ਹੇਤੁ ਨੂੰ ਉਪਾਧੀਰਹਿਤ ਹੋਣਾ ਚਾਹੀਦਾ ਹੈ। ਇਕ “ਉਪਾਧੀ” ਉਹ ਹੈ ਜਿਸ ਦਾ ਸਾਧ੍ਯ ਨਾਲ ਨਿਰੰਤਰ ਸਾਥ ਰਹਿੰਦਾ ਹੈ, ਪ੍ਰੰਤੂ ਹੇਤੁ ਨਾਲ ਇਸ ਦਾ ਸਾਥ ਹਮੇਸ਼ਾ ਨਹੀ ਹੁੰਦਾ। ਜੈਸੇ,

ਪਰਬਤ ਉੱਪਰ ਧੂੰਆ ਹੈ,
ਕਿਉਂਕਿ ਉੱਥੇ ਅੱਗ ਹੈ (ਸਿੱਲ੍ਹੇ ਬਾਲਣ ਵਾਲੀ)

ਇੱਥੇ ਧੂੰਆ ਸਾਧ੍ਯ  ਹੈ, ਅੱਗ ਹੇਤੁ  ਹੈ ਅਤੇ 'ਸਿੱਲ੍ਹਾ ਬਾਲਣ' ਉਪਾਧੀ  ਹੈ। ਸਿੱਲ੍ਹਾ ਬਾਲਣ, ਧੂੰਏ ਨਾਲ ਨਿਰੰਤਰ ਸਾਥ ਹੁੰਦਾ ਹੈ, ਪ੍ਰੰਤੂ ਅੱਗ ਦੇ ਨਾਲ ਹਮੇਸ਼ਾ ਨਹੀ ਹੁੰਦਾ। ਜੈਸੇ, ਲੋਹੇ ਦੇ ਗੋਲੇ ਦੀ ਅੱਗ ਵਿਚ ਸਿੱਲ੍ਹੇ ਬਾਲਣ ਦਾ ਸਾਥ ਨਹੀ ਹੁੰਦਾ। [ਪ੍ਰੰਤੂ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਇੱਥੇ ਇਹ ਕਿਹਾ ਜਾ ਸਕਦਾ ਹੈ ਕਿ ‘ਲੋਹੇ ਦਾ ਗੋਲਾ’ ਭਾਵੇ ਅਧਿਕ ਤਾਪਮਾਨ ਨਾਲ ਦਗ ਰਿਹਾ ਹੈ ਪਰ ਇਸ ਨੂੰ “ਬਾਲਣ ਵਾਲੀ” ਅੱਗ ਨਹੀ ਕਿਹਾ ਜਾ ਸਕਦਾ। ਅਰਥਾਤ, “ਲੋਹੇ ਦੇ ਗੋਲੇ ਦਾ ਦਗਣਾ” ਅਤੇ “ਅੱਗ” ਦੋ ਅਲਗ ਅਲਗ ਚੀਜ਼ਾਂ ਹਨ ਅਤੇ “ਲੋਹੇ ਦੇ ਗੋਲੇ ਦੇ ਦਗਣ” ਨੂੰ ‘ਅੱਗ’ ਅਤੇ ‘ਧੂੰਏ’ ਦੇ ਵਿਆਪਤੀ ਸੰਬੰਧ ਦੀ ਦਲੀਲ ਵਿਚ ਸ਼ਾਮਲ ਨਹੀ ਕੀਤਾ ਜਾ ਸਕਦਾ। ਇੱਥੇ ਅੱਗ ਦੀ ਪਰਿਭਾਸ਼ਾ ਵਿਚ ਫਰਕ ਹੈ।]

ਇੱਥੇ “ਸਾਧ੍ਯ ਦੇ ਸਾਥ” ਹੋਣ ਦਾ ਅਰਥ ਹੈ, ਉਹ ਅਵਸਥਾ ਜਿਸ ਵਿਚ ਉਸ ਅਤਿਅੰਤ-ਅਭਾਵ ਦਾ ਪ੍ਰਤਿਯੋਗਿਨ ਨਾ ਹੋਣਾ ਜੋ ਸਾਧ੍ਯ ਦੇ ਅਧਿਕਰਣ ਵਿਚ ਮੌਜੂਦ ਹੈ, ਯਾਨੀ ਉਹ ਅਵਸਥਾ ਜਿਸ ਵਿਚ ਉਹ ਸਾਧ੍ਯ ਦੇ ਅਧਿਕਰਣ ਵਿਚੋਂ ਅਨ-ਉਪਸਥਿਤ (ਗੈਰਹਾਜ਼ਰ) ਹੋਵੇ। ਭਾਵ ਇਹ ਕਿਸੇ ਅਨ-ਉਪਸਥਿਤੀ ਦਾ ਸੂਚਕ ਨਹੀ ਬਲਕਿ ਸਕਾਰਾਤਮਕ ਉਪਸਥਿਤੀ ਦਾ ਸੂਚਕ ਹੈ। ਇਸ ਦੇ ਵਿਪਰੀਤ “ਸਾਧ੍ਯ ਨਾਲ ਨਾ ਸਾਥ” ਹੋਣ ਦਾ ਅਰਥ ਹੈ, ਉਹ ਅਵਸਥਾ ਜਿਸ ਵਿਚ ਉਸ ਅਤਿਅੰਤ-ਅਭਾਵ ਦਾ ਪ੍ਰਤਿਯੋਗਿਨ ਹੋਣਾ ਜੋ ਹੇਤੁ ਦੇ ਅਧਿਕਰਣ ਵਿਚ ਮੌਜੂਦ ਹੈ ਯਾਨੀ ਉਹ ਅਵਸਥਾ ਜਿਸ ਵਿਚ ਉਹ ਹੇਤੁ ਦੇ ਅਧਿਕਰਣ ਵਿਚੋਂ ਅਨਉਪਸਥਿਤ (ਗੈਰਹਾਜ਼ਰ) ਹੈ। ਰੇਖਾਚਿੱਤਰ, ਚਿੱਤਰ 10.0, ਵਿਚ “ਸਿੱਲ੍ਹਾ ਬਾਲਣ” ਧੂੰਏ ਦੇ ਖੇਤ੍ਰ (ਘੇਰੇ) ਵਿਚੋਂ ਗੈਰਹਾਜ਼ਰ ਨਹੀ ਹੈ, ਪ੍ਰੰਤੂ ਇਹ ਅੱਗ ਦੇ ਕੁਝ ਖੇਤ੍ਰਾਂ ਵਿਚ ਮੋਜੂਦ ਹੈ ਅਤੇ ਅੱਗ ਦੇ ਦੂਜੇ ਹਿੱਸਿਆਂ ਵਿਚੋਂ ਗੈਰਹਾਜ਼ਰ ਹੈ।

ਚਿੱਤਰ 10.0 ਅੱਗ ਅਤੇ ਸਿੱਲ੍ਹਾ ਬਾਲਣ

ਇਸੇ ਤਰ੍ਹਾਂ ਅਸੀ ਇਕ ਹੋਰ ਉਦਾਹਰਣ ਲੈਂਦੇ ਹਾ: “ਮਿਤਰਾ ਦੇ ਕਈ ਪੁੱਤਰ ਹਨ ਜਿਨਾਂ ਵਿਚੋਂ ਇਕ ਕਾਲਾ ਹੈ ਅਤੇ ਬਾਕੀ ਦੇ ਗੋਰੇ ਹਨ। ਉਹ ਪੁੱਤਰ ਕਾਲਾ ਹੈ ਜਦੋਂ ਗਰਭਵਰਤੀ ਹੋਣ ਵੇਲੇ ਮਿਤਰਾ ਨੇ ਸਬਜ਼ੀਆਂ ਖਾਧੀਆਂ ਸਨ, ਅਤੇ ਉਹ ਪੁੱਤਰ ਗੋਰੇ ਹਨ ਜਦੋਂ ਉਹ ਸਬਜ਼ੀਆਂ ਨਹੀ ਸੀ ਖਾਂਦੀ ਬਲਕਿ ਦੁੱਧ ਪੀਂਦੀ ਸੀ।“

ਰੇਖਾ ਚਿੱਤਰ 11.0 ਵਿਚ ਮਿਤਰਾ ਦੇ ਕਾਲੇ ਪੁੱਤਰ ਹੋਣ ਦੀ ਉਪਾਧੀ “ਸਬਜ਼ੀਆਂ ਖਾਣਾ” ਹੈ, ਪ੍ਰੰਤੂ ਇਹ ਉਪਾਧੀ ਉਸ ਦੇ ਗੋਰੇ ਪੁਤਰਾਂ ‘ਤੇ ਲਾਗੂ ਨਹੀ ਹੁੰਦੀ। ਗੋਰੇ ਪੁੱਤਰਾਂ ਦਾ ਘੇਰਾ ‘ਕਾਲੇ ਪੁੱਤਰਾਂ’ ਅਤੇ ‘ਸਬਜ਼ੀਆਂ ਖਾਣ’ ਦੇ ਘੇਰਿਆਂ ਤੋਂ ਬਾਹਰ ਹੈ। ਕਈਆਂ ਦਾ ਕਹਿਣਾ ਹੈ ਕਿ “ਸਬਜ਼ੀਆਂ ਖਾਣਾ” ਉਪਾਧੀ ਨਹੀ ਹੈ ਕਿਉਂ ਜੋ ਇਹ ਹਮੇਸ਼ਾ ਕਾਲੇਪਨ ਦੇ ਸਾਥ ਨਹੀ ਹੁੰਦੀ; ਜੈਸੇ ਘੜੇ ਦਾ ਕਾਲਾਪਨ ਸਬਜ਼ੀਆਂ ਖਾਣ ਦਾ ਕਾਰਨ ਨਹੀ ਹੈ। ਗੰਗੇਸ਼ ਇਸ ਆਪੱਤੀ ਦਾ ਖੰਡਨ ਕਰਦੇ ਹੋਏ ਕਹਿੰਦੇ ਹਨ ਕਿ ਮਿਤਰਾ ਦੇ ਪੁੱਤਰ ਦਾ ਕਾਲਾਪਨ, ਘੜੇ ਦੇ ਕਾਲੇਪਨ ਦੇ ਸਰੂਪ ਵਰਗਾ ਨਹੀ ਹੈ। ਉਨ੍ਹਾਂ ਦੇ ਮਤਅਨੁਸਾਰ, ਇਕ ਉਪਾਧੀ ਨੂੰ ਸਪਸ਼ਟ ਰੂਪ ਵਿਚ ਇਸ ਤਰ੍ਹਾ ਪਰਿਭਾਸ਼ਿਆ ਜਾ ਸਕਦਾ ਹੈ,
‘ਉਪਾਧੀ’ ਉਹ ਹੈ ਜਿਹੜੀ ਨਿਰੰਤਰ ਰੂਪ ਵਿਚ ‘ਸਾਧ੍ਯ’ ਨਾਲ ਸੰਗਤ ਕਰਦੀ ਹੈ, ਪ੍ਰੰਤੂ ਇਕ ਚੀਜ਼ ਦੇ ਸਥਿਰ ਸਰੂਪ ਦੇ ਨਾਤੇ, ਹੇਤੁ ਦੇ ਨਾਲ ਹਮੇਸ਼ਾ ਸੰਗਤ ਨਹੀ ਕਰਦੀ।

ਚਿੱਤਰ 11.0 ਮਿਤਰਾ ਦੇ ਕਾਲੇ ਅਤੇ ਗੋਰੇ ਪੁੱਤਰ

ਉਪਾਧੀ ਦੋ ਪ੍ਰਕਾਰ ਦੀ ਹੁੰਦੀ ਹੈ, ਅਰਥਾਤ (1) ਨਿਰਸੰਦੇਹ, ਅਤੇ (2) ਸੰਦੇਹਸ਼ੀਲ। ਨਿਰਸੰਦੇਹ ਉਪਾਧੀ ਉਹ ਹੁੰਦੀ ਹੈ ਜਦੋਂ ਅਸੀ ਨਿਸ਼ਚਾਪੂਰਵਕ ਜਾਣਦੇ ਹਾਂ ਕਿ ਇਹ ਨਿਰੰਤਰ ਤੌਰ ‘ਤੇ ਸਾਧ੍ਯ ਨਾਲ ਸੰਗਤ ਕਰਦੀ ਹੈ, ਪ੍ਰੰਤੂ ਹੇਤੁ ਨਾਲ ਹਮੇਸ਼ਾ ਸੰਗਤ ਨਹੀ ਕਰਦੀ। ਸੰਦੇਹਸ਼ੀਲ ਉਪਾਧੀ ਉਹ ਹੁੰਦੀ ਹੈ ਜਦੋਂ ਇਹ ਸ਼ੱਕ ਹੋਵੇ ਕਿ ਕੀ ਇਹ ਸਾਧ੍ਯ ਨਾਲ ਸੰਗਤ ਕਰਦੀ ਹੈ ਜਾਂ ਹੇਤੁ ਨਾਲ ਅਸੰਗਤ ਹੈ ਜਾਂ ਨਹੀ। ਸੰਦੇਹਸ਼ੀਲ ਉਪਾਧੀ ਦੀ ਉਦਾਹਰਣ ਇਸ ਪ੍ਰਕਾਰ ਹੈ,

ਪ੍ਰਿਥਵੀ ਦਾ ਨਿਰਮਾਤਾ ਹੈ,
ਕਿਉਂਕਿ ਇਹ ਇਕ ਨਿਰਮਾਣ ਹੈ (ਕਿਸੇ ਰਾਹੀਂ ਬਣਾਇਆ ਗਿਆ)

ਇੱਥੇ “ਕਿਸੇ ਰਾਹੀਂ ਬਣਾਇਆ ਗਿਆ” ਇਕ ਉਪਾਧੀ ਹੈ ਜੋ ਨਿਰੰਤਰ ਤੌਰ ‘ਤੇ ਨਿਰਮਾਤਾ ਨਾਲ ਸੰਗਤ ਕਰਦੀ ਹੈ (ਜੇਕਰ ਨਿਰਮਾਤਾ ਕੋਈ ਦੇਹਰੂਪੀ ਹੈ, ਅਤੇ ਜੇ ਇਹ ਕੇਵਲ ਪਰਮਾਣੂਆਂ ਦਾ ਸਮੂਹ ਹੀ ਹੈ, ਤਾਂ ਨਹੀ), ਪ੍ਰੰਤੂ ਹਮੇਸ਼ਾ ਨਿਰਮਾਣ ਦੇ ਨਾਲ ਸੰਗਤ ਨਹੀ ਕਰਦੀ (ਜੈਸੇ, ਇਕ ਘੜੇ ਦੇ ਨਿਰਮਾਣ ਦਾ ਕਾਰਣ ਦੇਹਰੂਪੀ ਹੈ, ਪ੍ਰੰਤੂ ਵਿਦਯੁਤ ਦਾ ਇਹ ਕਾਰਣ ਨਹੀ ਹੈ)। ਇੱਥੇ ‘ਦੇਹਰੂਪੀ’ ਉਪਾਧੀ ਸੰਦੇਹਸ਼ੀਲ ਹੈ। ਉਪਾਧੀ ਸਵੈ ਕੋਈ ਤਰੁੱਟੀ ਨਹੀ ਹੁੰਦੀ, ਪ੍ਰੰਤੂ ਇਸ ਦਾ ਹੇਤੁ ਦੇ ਨਾਲ ਮੇਲ ਇਹ ਸੰਕੇਤ ਕਰਦਾ ਹੈ ਕਿ ਹੇਤੁ ਅਸਥਿਰ ਹੈ ਅਤੇ ਇਸ ਦੇ ਅਧਾਰਤ ਕੀਤਾ ਨਿਰਣਾ ਗਲਤ ਹੈ।

ਪਕਸ਼ਤਾ (ਪਖਤਾ) – ਪਖ ਦਾ ਅਧਿਕਰਣ
ਕਈ ਤਾਰਕਿਕ ਪਕਸ਼ਤਾ (ਜਾਂ ਅਧਿਕਰਣ) ਦੀ ਪਰਿਭਾਸ਼ਾ ਕਰਦੇ ਹੋਏ ਕਹਿੰਦੇ ਹਨ ਕਿ ਇਹ ਉਹ ਅਵਸਥਾ ਹੈ ਜਿਸ ਵਿਚ ਇਹ ਸ਼ੱਕ ਕੀਤਾ ਜਾਂਦਾ ਹੈ ਕਿ ਕੀ ਇਸ ਵਿਚ ਸਾਧ੍ਯ ਉਪਸਥਿਤ ਹੈ ਜਾਂ ਨਹੀ। ਇਹ ਦੇਖਦੇ ਹੋਏ ਕਿ ‘ਪਕਸ਼’ ਅਤੇ ‘ਸਾਧ੍ਯ’ ਦੇ ਆਪਸੀ ਸੰਬੰਧ ਵਿਚ ਸ਼ੰਕਾ ਦਾ ਹੋਣਾ ਕੋਈ ਜ਼ਰੂਰੀ ਨਹੀ ਹੈ, ਗੰਗੇਸ਼ ਪਕਸ਼ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੰਦੇ ਹਨ: ਪਕਸ਼ ਉਹ ਹੈ ਜਿਸ ਦਾ ਸਾਧ੍ਯ ਨਾਲ ਸੰਬੰਧ ਇਸ ਨਾਤੇ ਨਿਸ਼ਚਿਤ ਨਹੀ ਕਿਉਂਕਿ ਇਸ ਸੰਬੰਧ ਨੂੰ ਜਾਣਨ ਦੀ ਰੁਚੀ ਗੈਰਹਾਜ਼ਰ ਹੈ । ਜੈਸੇ ਇਸ ਪ੍ਰਸਤਾਵ ਵਿਚ “ਪਰਬਤ ਉੱਪਰ ਅੱਗ ਹੈ”, ਇੱਥੇ ਪਰਬਤ ਪਕਸ਼ ਹੈ ਜਿਸ ਦਾ ਅੱਗ ਨਾਲ ਸੰਬੰਧ ਹੁਣ ਤੱਕ ਨਾ ਤਾਂ ਪਰਖਿਆ ਗਿਆ ਹੈ ਅਤੇ ਨਾ ਹੀ ਜਾਣਿਆ ਗਿਆ ਹੈ। ਪਕਸ਼ ਦਾ ਨਾਮ ਕੇਵਲ ਇਸੇ ਲਈ ਹੀ ਨਹੀ ਦਿੱਤਾ ਗਿਆ ਕਿ ਇਸ ਦੇ ਸਾਧ੍ਯ ਨਾਲ ਸੰਬੰਧ ਦੀ ਜਾਣਕਾਰੀ ਗੈਰਹਾਜ਼ਰ ਹੈ ਪ੍ਰੰਤੂ ਇਸ ਲਈ ਵੀ ਕਿ ਇਸ ਸੰਬੰਧ ਨੂੰ ਜਾਣਨ ਦੀ ਰੁਚੀ ਵੀ ਗੈਰਹਾਜ਼ਰ ਹੈ। ਪਕਸ਼ ਨੂੰ ਪਕਸ਼ ਕੇਵਲ ਇਸੇ ਲਈ ਹੀ ਨਹੀ ਕਿਹਾ ਜਾਂਦਾ ਕਿ ਇਸ ਦੀ ਸਾਧ੍ਯ ਨਾਲ ਸੰਬੰਧ ਦੀ ਜਾਣਕਾਰੀ ਸਥਾਪਤ ਹੋ ਚੁੱਕੀ ਹੈ ਬਲਕਿ ਇਸ ਲਈ ਵੀ ਕਿ ਸਾਡੇ ਅੰਦਰ ਇਸ ਸੰਬੰਧ ਨੂੰ ਦੁਬਾਰਾ ਜਾਣਨ ਦੀ ਰੁਚੀ ਪੈਦਾ ਹੋ ਚੁੱਕੀ ਹੈ।

ਇਕ ਸਮਰੂਪੀ ਅਧਿਕਰਣ ਜਾਂ ਸਪਕਸ਼ ਉਹ ਹੁੰਦਾ ਹੈ ਜਿਸ ਵਿਚ ਸਾਧ੍ਯ ਦੀ ਮੌਜੂਦਗੀ ਨਿਸ਼ਚਿਤਪੂਰਣ ਜਾਣੀ ਗਈ ਹੋਵੇ, ਜੈਸੇ “ਪਰਬਤ ਉੱਪਰ ਅੱਗ ਹੈ, ਕਿਉਂਕਿ ਉਸ ਉੱਪਰ ਧੂੰਆ ਹੈ, ਜਿਸ ਤਰ੍ਹਾ ਰਸੋਈ ਵਿਚ।“

ਇਕ ਅਸਮਰੂਪੀ ਅਧਿਕਰਣ ਜਾਂ ਵਿਪਕਸ਼ ਉਹ ਹੁੰਦਾ ਹੈ ਜਿਸ ਵਿਚ ਇਹ ਪਤਾ ਹੈ ਕਿ ਸਾਧ੍ਯ ਮੌਜੂਦ ਨਹੀ ਹੈ, ਜੈਸੇ “ਪਰਬਤ ਉੱਪਰ ਧੂੰਆ ਹੈ, ਕਿਉਂਕਿ ਉਸ ਉੱਪਰ ਅੱਗ ਹੈ; ਜਿੱਥੇ ਕਿਤੇ ਅੱਗ ਨਹੀ, ਉੱਥੇ ਧੂੰਆ ਵੀ ਨਹੀ, ਜਿਸ ਤਰ੍ਹਾ ਇਕ ਝੀਲ ਵਿਚ”।

ਪਰਾਮਰਸ਼ – ਅਧਾਰ-ਵਾਕਾਂ ਦਾ ਗਿਆਨ
ਵਿਆਪਤੀ ਸੰਬੰਧ ਰਾਹੀਂ ਹੇਤੁ ਦਾ ਪਕਸ਼ ਵਿਚ ਮੌਜੂਦ ਹੋਣ ਦੇ ਗਿਆਨ ਨੂੰ ਪਰਾਮਰਸ਼ ਕਿਹਾ ਜਾਂਦਾ ਹੈ। ਜੈਸੇ,

ਪਰਬਤ ਉੱਪਰ ਅੱਗ ਹੈ,
ਕਿਉਂਕਿ ਉੱਥੇ ਧੂੰਆ ਹੈ।

ਇੱਥੇ, ਪਰਾਮਰਸ਼, ਇਸ ਗਿਆਨ ਵਿਚ ਹੈ ਕਿ ਪਰਬਤ ਉੱਪਰ ਧੂੰਆ ਮੌਜੂਦ ਹੈ ਜਿਸ ਦਾ ਅੱਗ ਨਾਲ ਵਿਆਪਤੀ ਸੰਬੰਧ ਹੈ। ਇਸ ਪਰਾਮਰਸ਼ ਨੂੰ ਅਨੁਮਿਤਿ ਗਿਆਨ ਕਿਹਾ ਜਾਂਦਾ ਹੈ। ਵਿਆਪਤੀ ਸੰਬੰਧ ਦੇ ਗਿਆਨ ਨਾਲ ਧੂੰਏ ਦਾ ਪ੍ਰਤੱਖਣ, ਅਨੁਮਾਨ ਦਾ ਕਾਰਣ ਬਣਦਾ ਹੈ। ਪ੍ਰੰਤੂ ਇਸ ਦ੍ਰਿਸ਼ਟੀ ਦਾ ਵਿਰੋਧ ਕਰਦੇ ਹੋਏ ਗੰਗੇਸ਼ ਕਹਿੰਦੇ ਹਨ ਕਿ ਅਸਲ ਵਿਚ ਜੇ ਧੂੰਏ ਦਾ ਪ੍ਰਤੱਖਣ ‘ਕਾਰਣ’ ਹੈ ਤਾਂ ਜੇ ਧੂੰਆ ਗੈਬ ਹੋ ਚੁੱਕਾ ਹੈ ਜਾਂ ਅਜੇ ਉਤਪੰਨ ਨਹੀ ਹੋਇਆ ਤਾਂ ਅਨੁਮਾਨ ਮੁਮਕਿਨ ਨਹੀ ਹੋ ਸਕਦਾ। ਇਹ ਸੁਣਦੇ ਸਮੇ ਕਿ ‘ਇੱਥੇ ਧੂੰਆ ਹੋਵੇਗਾ’ ਤਾਂ ਇਕ ਪੁਰਸ਼ ਇਹ ਅਨੁਮਾਨ ਲਗਾ ਸਕਦਾ ਹੈ ਕਿ ‘ਇੱਥੇ ਅੱਗ ਵੀ ਹੋਏਗੀ’ ਭਾਵੇਂ ਕਿ ਉਹ ਅਸਲ ਵਿਚ ਧੂੰਆ ਨਹੀ ਦੇਖ ਰਿਹਾ ਕਿਉਂਕਿ ਧੂੰਆ ਐਸ ਵੇਲੇ ਉਪਸਥਿਤ ਨਹੀ ਹੈ। ਇਸ ਲਈ ਸਵੈ ਧੂੰਆ ਨਹੀ, ਬਲਕਿ ਉਸ ਬਾਰੇ ਗਿਆਨ ਅਨੁਮਾਨ ਦਾ 'ਕਾਰਣ' ਬਣਦਾ ਹੈ। ਦੂਸਰੇ ਸ਼ਬਦਾਂ ਵਿਚ ਵਿਆਪਤੀ ਸੰਬੰਧ ਦੇ ਗਿਆਨ ਦੇ ਨਾਲ ਨਾਲ ਧੂੰਏ (ਹੇਤੁ) ਦਾ ਪ੍ਰਤੱਖਣ, ਅਨੁਮਾਨ ਦਾ ਕਾਰਣ ਨਹੀ ਬਣਦਾ, ਪ੍ਰੰਤੂ ਇਹ ਪਰਾਮਰਸ਼  ਕਿ ਪਕਸ਼ ਵਿਚ ਹੇਤੁ ਮੌਜੂਦ ਹੈ ਜੋ ਸਾਧ੍ਯ ਨਾਲ ਵਿਆਪਤੀ ਸੰਬੰਧ ਰੱਖਦਾ ਹੈ, ਅਨੁਮਾਨ ਦਾ ਸਹੀ ਕਾਰਣ ਬਣਦਾ ਹੈ। ਅਰਥਾਤ “ਤਾਰਕਿਕ ਚਿੰਤਨ” ਕਰਨ ਨਾਲ ਹੀ ‘ਅਨੁਮਾਨ’ ਅਰਥਪੂਰਵਕ ਬਣਦਾ ਹੈ। ਹੇਤੁ ਦਾ ਉਪਸਥਿਤ ਹੋਣਾ ਹੀ ਕਾਫੀ ਨਹੀ ਹੈ। ਆਪਣੇ ਆਪ ਵਿਚ ਹੇਤੁ ਦਾ ਹੋਣਾ ਜ਼ਰੂਰੀ  ਤਾਂ ਹੈ ਪਰ ਅਨੁਮਾਨ ਲਈ ਕਾਫੀ  ਨਹੀ ਹੈ।

ਕੇਵਲਅਨ੍ਵਯਅਨੁਮਾਨਮ – ਸਿਰਫ ਸਕਾਰਾਤਮਕ ਅਨੁਮਾਨ
ਅਨੁਮਾਨ ਤਿੰਨ ਕਿਸਮ ਦਾ ਹੈ: (1) ਕੇਵਲਅਨ੍ਵਯ ਅਨੁਮਾਨ, ਅਰਥਾਤ ਸਿਰਫ ਸਕਾਰਾਤਮਕ ਅਨੁਮਾਨ; (2) ਕੇਵਲਵ੍ਯਤਿਰੇਕੀ ਅਨੁਮਾਨ, ਅਰਥਾਤ ਸਿਰਫ ਨਕਾਰਾਤਮਕ ਅਨੁਮਾਨ; ਅਤੇ (3) ਅਨ੍ਵਯ ਵ੍ਯਤਿਰੇਕੀ ਅਨੁਮਾਨ, ਅਰਥਾਤ ਸਕਾਰਾਤਮਕ ਨਕਾਰਾਤਮਕ-ਅਨੁਮਾਨ। ਕੇਵਲਅਨ੍ਵਯ ਅਨੁਮਾਨ ਉਹ ਹੈ ਜਿਸ ਵਿਚ ਨਕਾਰਾਤਮਕ ਜਾਂ ਨਾਵਾਚਕ ਉਦਾਹਰਣ ਨਹੀ ਹੁੰਦੀ। ਇਸ ਦੀ ਪਰਿਭਾਸ਼ਾ ਇਸ ਪ੍ਰਕਾਰ ਵੀ ਦਿੱਤੀ ਜਾ ਸਕਦੀ ਹੈ: ਇਹ ਉਹ ਅਨੁਮਾਨ ਹੈ ਜਿਸ ਵਿਚ ਸਾਧ੍ਯ ਕਿਸੇ ਅਤਿਅੰਤ-ਅਭਾਵ ਦਾ ਪ੍ਰਤਿਯੋਗਿਨ ਨਹੀ ਹੁੰਦਾ; ਜਾਂ ਇਹ ਉਹ ਅਨੁਮਾਨ ਹੈ ਜਿਸ ਵਿਚ ਸਾਧ੍ਯ ਦੀ ਅਨ-ਉਪਸਥਿਤੀ ਨਹੀ ਹੁੰਦੀ, ਜੈਸੇ

ਇਹ ਵਰਣਨਯੋਗ ਹੈ,
ਕਿਉਂਕਿ ਇਹ ਜਾਣਨਯੋਗ ਹੈ।

ਇੱਥੇ, ਜਾਣਨਯੋਗ ਦੇ ਅਤਿਅੰਤ ਅਭਾਵ ਦੀ ਕੋਈ ਹੋਂਦ ਨਹੀ ਹੈ।

ਕੇਵਲਵ੍ਯਤਰੇਕੀ ਅਨੁਮਾਨ
ਕੇਵਲਵ੍ਯਤਿਰੇਕੀ ਅਨੁਮਾਨ ਉਹ ਹੈ ਜਿਸ ਵਿਚ ਸਾਧ੍ਯ ਦੀ ਕੋਈ ਸਕਾਰਾਤਮਕ (ਹਾਂਵਾਚਕ) ਉਦਾਹਰਣ ਨਹੀ ਹੁੰਦੀ। ਇਸ ਦਾ ਨਿਰੂਪਣ (ਜਾਂ ਨਿਰੂਪਿਤ) ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ ਕਿ ਇਹ ਉਹ ਅਨੁਮਾਨ ਹੈ ਜਿਸ ਵਿਚ ਸਾਧ੍ਯ, ਪਕਸ਼ ਤੋਂ ਇਲਾਵਾ ਹੋਰ ਕਿਸੇ ਚੀਜ਼ ਵਿਚ ਮੌਜੂਦ ਨਹੀ ਹੁੰਦਾ, ਜੈਸੇ

ਭੂਮੀ ਦੂਸਰੀਆਂ ਚੀਜ਼ਾਂ ਤੋਂ ਭਿੰਨ ਹੈ,
ਕਿਉਂਕਿ ਇਹ ਮਹਿਕਮਈ ਹੈ।

ਇੱਥੇ ਭੂਮੀ ‘ਪਕਸ਼’ ਹੈ ਅਤੇ ਮਹਿਕ ‘ਸਾਧ੍ਯ’ ਹੈ। ਇਹ ਮਹਿਕ ਸਿਰਫ ਅਤੇ ਸਿਰਫ ਭੂਮੀ ਵਿਚ ਹੀ ਪਾਈ ਜਾਂਦੀ ਹੈ। [ਇੱਥੇ ਭੂਮੀ ਦੀ ਪਰਿਭਾਸ਼ਾ ਵਿਚ ਸਭ ਵਸਤੂਆਂ ਗਿਣੀਆਂ ਜਾਂਦੀਆਂ ਹਨ।]

ਅਨ੍ਵਯ-ਵ੍ਯਤਿਰੇਕੀ ਅਨੁਮਾਨ
ਇਹ ਉਹ ਅਨੁਮਾਨ ਹੈ ਜਿਸ ਵਿਚ ਸਾਧ੍ਯ ਦੀਆਂ ਦੋਵੇਂ ਸਕਾਰਾਤਮਕ ਅਤੇ ਨਕਾਰਾਤਮਕ ਉਦਾਹਰਣਾਂ ਹੁੰਦੀਆਂ ਹਨ, ਜੈਸੇ

ਪਰਬਤ ਉੱਪਰ ਅੱਗ ਹੈ,
ਕਿਉਂਕਿ ਉੱਥੇ ਧੂੰਆ ਹੈ। ਜੈਸੇ, ਰਸੋਈ ਵਿਚ, ਪਰ ਝੀਲ ਵਿਚ ਨਹੀ।

ਅਰਥਾਪੱਤੀ - ਉਪਧਾਰਣਾ
ਮੀਮਾਂਸ ਕਹਿੰਦੇ ਹਨ ਕਿ ਅਰਥਾਪੱਤੀ ਇਕ ਵੱਖਰਾ ਗਿਆਨ ਦਾ ਸਾਧਨ (ਪ੍ਰਮਾਣ) ਹੈ। ਇਹ ਸੁਣ ਕੇ ਕਿ “ਦੇਵਦੱਤ, ਜੋ ਮੋਟਾ ਹੈ, ਦਿਨ ਵੇਲੇ ਭੋਜਨ ਨਹੀ ਖਾਂਦਾ,” ਅਸੀ ਤੁਰੰਤ ਇਹ ਨਿਰਣਾ ਕਰਦੇ ਹਾਂ ਕਿ ਉਹ ਰਾਤ ਨੂੰ ਹੀ ਭੋਜਨ ਖਾਂਦਾ ਹੋਵੇਗਾ। ਕਿਉਂਕਿ ਇਕ ਆਦਮੀ ਬਗੈਰ ਖਾਧੇ, ਦਿਨੇ ਜਾਂ ਰਾਤ, ਮੋਟਾ ਨਹੀ ਹੋ ਸਕਦਾ ਅਤੇ ਕਿਉਂਕਿ ਉਹ ਦਿਨੇ ਖਾਣਾ ਨਹੀ ਖਾਂਦਾ, ਤਦ, ਇਸ ਅਰਥਾਪੱਤੀ ਤੋਂ, ਇਹ ਜ਼ਾਹਰ ਹੈ ਕਿ ਉਹ ਰਾਤ ਨੂੰ ਖਾਣਾ ਖਾਂਦਾ ਹੈ।

ਗੰਗੇਸ਼, ਅਰਥਾਪੱਤੀ ਨੂੰ ਵੱਖਰਾ ਪ੍ਰਮਾਣ ਨਹੀ ਮੰਨਦੇ, ਪ੍ਰੰਤੂ ਉਹ ਇਸ ਨੂੰ ਨਾਂਹਵਾਚੀ ਅਨੁਮਾਨ ਵਿਚ ਸ਼ਾਮਲ ਕਰਦੇ ਹਨ, ਜਿਸ ਵਿਚ ਹੇਤੁ ਦੀ ਅਨ-ਉਪਸਥਿਤੀ ਸਾਧ੍ਯ ਦੀ ਅਨ-ਉਪਸਥਿਤੀ ਰਾਹੀਂ ਸਥਾਪਤ ਕੀਤੀ ਜਾਂਦੀ ਹੈ। ਇਸ ਉਦਾਹਰਣ ਵਿਚ “ਮੋਟਾਪਣ” ਦਾ ਸੰਬੰਧ ਦਿਨ ਵੇਲੇ ‘ਨਾ-ਖਾਣ’ ਨਾਲ ਹੈ। ਇਹ “ਮੋਟਾਪਣ” ਰਾਤ ਨੂੰ ਖਾਣ ਦੀ ਅਨ-ਉਪਸਥਿਤੀ ਦੀ ਹਾਲਤ ਵਿਚ ਅਨ-ਉਪਸਥਿਤੀ ਹੋਣਾ ਸੀ। ਕਿਉਂਕਿ ਤਾਰਕਿਕ ਅਰਥਾਪੱਤੀ ਅਨੁਸਾਰ, ਮੋਟਾਪਣ ਜੋ ਹੈ ਉਹ ਰਾਤ ਨੂੰ ਖਾਣ ਨਾਲ ਹੈ, ਜਦ ਕਿ ਸਾਨੂੰ ਪਤਾ ਹੈ ਕਿ ਦੇਵਦੱਤ ਦਿਨੇ ਖਾਣਾ ਨਹੀ ਖਾਂਦਾ ਪਰ ਉਹ ਮੋਟਾ ਵੀ ਹੈ।

------------

ਗੰਗੇਸ਼, ਅਨੁਮਾਨ ਪ੍ਰਮਾਣ ਥੱਲੇ ਸਵਾਰਥਅਨੁਮਾਨ ਅਤੇ ਪਰਾਰਥਅਨੁਮਾਨ ਦਾ ਵਿਸ਼ਲੇਸ਼ਣ ਵੀ ਵਿਸਤਾਰਪੂਰਵਕ ਕਰਦੇ ਹਨ। ਇਨ੍ਹਾਂ ਵਿਸ਼ਿਆਂ ‘ਤੇ ਅਸੀ ਆਪਣੀ ਚਰਚਾ ਅਗਲੀ ਕਿਸ਼ਤ ਵਿਚ ਜਾਰੀ ਰੱਖਾਂਗੇ।

... ਚਲਦਾ

09/06/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com