ਤਰਕਸ਼ਾਸਤਰ ਦੇ ਪ੍ਰਣਾਲੀਬੱਧ ਬੋਧੀ
ਗ੍ਰੰਥਕਾਰ
ਜਿਸ ਤਰ੍ਹਾ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਛੇਵੀਂ ਸਦੀ ਈ: ਪੂ: ਤੋਂ ਲੈ ਕੇ
ਚੌਥੀ ਸਦੀ ਈ: ਤੱਕ ਬੁੱਧਮਤ ਦੇ ਸਾਹਿਤ ਵਿਚ ਤਰਕਸ਼ਾਸਤਰ ਦੇ ਵਿਸ਼ਿਆਂ ਉੱਪਰ ਚਰਚਾ
ਹੁੰਦੀ ਰਹੀ ਸੀ। ਪਰ ਇਹ ਚਰਚਾ ਆਮ ਤੌਰ ‘ਤੇ ਦਾਰਸ਼ਨਿਕ ਅਤੇ ਧਾਰਮਿਕ ਪਰਸੰਗ ਤੱਕ ਹੀ
ਸੀਮਿਤ ਸੀ। ‘ਸ਼ੁੱਧ ਤਰਕ’ ਬਾਰੇ ਬਹੁਤਾ ਕੁਝ ਨਹੀ ਲਿਖਿਆ ਗਿਆ। ਵਸੁਬੰਧੂ ਦੀਆਂ
‘ਸ਼ੁੱਧ ਤਰਕ’ ‘ਤੇ ਤਿੰਨ ਮਹਾਨ ਰਚਨਾਵਾਂ, ਜਿਨ੍ਹਾਂ ਦਾ ਜ਼ਿਕਰ ਚੀਨੀ ਤੀਰਥਯਾਤਰੀ
ਹਵੇਨ-ਸਾਂਗ ਨੇ ਕੀਤਾ ਸੀ, ਹੁਣ ਗੁਆਚ ਚੁੱਕੀਆਂ ਹਨ ਅਤੇ ਉਨ੍ਹਾਂ ਦਾ ਮੁਲਾਂਕਣ ਕਰਨਾ
ਮੁਸ਼ਕਲ ਹੈ। ਤਰਕਸ਼ਾਸਤਰ ਦੇ ਇਤਿਹਾਸ ਵਿਚ 450 ਈ ਤੋਂ ਇਕ ਨਵਾਂ ਦੌਰ ਸ਼ੁਰੂ ਹੁੰਦਾ ਹੈ
ਜਿਸ ਵਿਚ ਤਰਕ ਨੂੰ ‘ਦਰਸ਼ਨ’ ਤੋਂ ਅਲਗ ਕਰਕੇ ਵਿਚਾਰਿਆ ਜਾਣ ਲੱਗਾ, ਅਤੇ ਅਨੇਕ ਬੋਧੀ
ਤਾਰਕਿਕਾਂ ਨੇ ਇਸ ਵਿਸ਼ੇ ‘ਤੇ ਡੂੰਘਾ ਅਤੇ ਵਿਸਤਾਰ ਨਾਲ ਲਿਖਣਾ ਸ਼ੁਹੂ ਕੀਤਾ। ਇਹ ਕਾਲ
‘ਭਾਰਤੀ ਤਰਕਸ਼ਾਸਤਰ ਦਾ ਮੱਧਕਾਲੀ ਸੰਪ੍ਰਦਾਇ’ ਮੰਨਿਆ ਜਾਂਦਾ ਹੈ। ਦਿਗਨਾਗ ਜਾਂ
ਦਿਨਨਾਗ ਇਸ ਸੰਪ੍ਰਦਾਇ ਦੇ ਪਹਿਲੇ ਅਤੇ ਪ੍ਰਮੁੱਖ ਕਰਤਾ ਮੰਨੇ ਜਾਂਦੇ ਹਨ।
ਆਚਾਰੀਆ ਦਿਗਨਾਗ (450 - 520 ਈ)
ਦਿਗਨਾਗ ਨੂੰ ਠੀਕ ਹੀ ਮੱਧਕਾਲੀ ਤਰਕਸ਼ਾਸਤਰ ਦਾ ਪਿਤਾਮਾ ਮੰਨਿਆ ਜਾਂਦਾ ਹੈ।
ਉਨ੍ਹਾਂ ਦੀਆਂ ਰਚਨਾਵਾਂ ਵਿਸ਼ਾ-ਵਸਤੁ ਅਤੇ ਸ਼ੈਲੀ ਦੇ ਆਧਾਰ ‘ਤੇ ਪੂਰਵਜਾਂ ਤੋਂ
ਬਿਲਕੁਲ ਅਲਗ ਅਤੇ ਵਿਸ਼ੇਸ਼ ਹਨ। ਉਨ੍ਹਾਂ ਦੀ ਪ੍ਰਚੰਡ ਅੰਤਰਦ੍ਰਿਸ਼ਟੀ ਅਤੇ ਆਲੋਚਨਾਤਮਕ
ਬੁੱਧੀਸੂਖਮਤਾ ਹੀ ਉਨ੍ਹਾਂ ਦੇ ਵਿਅਕਤਿੱਤਵ ਦੀ ਵਿਲੱਖਣਤਾ ਹੈ।
ਆਚਾਰੀਆ ਦਿਗਨਾਗ ਦਾ ਜਨਮ ਇਕ ਬ੍ਰਹਮਣ ਪਰਿਵਾਰ ਵਿਚ ਸਿੰਹਾਵਕਤਰਾ
(ਕਾਂਚੀ ਦੇ ਨੇੜੇ) ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਵਿਦਿਆ ਹਿਨਯਾਨ ਸੰਪ੍ਰਦਾਇ
ਬਾਰੇ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਆਚਾਰੀਆ ਵਸੁਬੰਧੂ ਦੇ ਸ਼ਿਸ਼ ਬਣਕੇ ਮਹਾਯਾਨ ਅਤੇ
ਹਿਨਯਾਨ ਦੇ ਸਮੁੱਚੇ ਗ੍ਰੰਥਾਂ ਦਾ ਅਧਿਐਨ ਕੀਤਾ। ਉਨ੍ਹਾਂ ਨੇ ਕਈ ਸਾਲ ਨਾਲੰਦਾ ਵਿਖੇ
ਵੀ ਗੁਜ਼ਾਰੇ ਜਿਥੇ ਉਨ੍ਹਾਂ ਆਪਣੀ ਸੂਖਮ ਕਾਬਲੀਅਤ ਨਾਲ ਅਨਗਿਣਤ ਪੰਡਤਾਂ ਅਤੇ ਤੀਰਥਕ
ਤਾਰਕਿਕਾਂ ਨੂੰ ਹਰਾਇਆ ਅਤੇ ਬੁੱਧਮਤ ਵਿਚ ਸ਼ਾਮਲ ਕੀਤਾ। ਕਿਉਂਕਿ ਉਹ ਤਾਰਕਿਕ
ਗੋਸ਼ਟੀਆਂ ਵਿਚ ਤੀਰਥਕ ਵਿਵਾਦੀਆਂ ਨੂੰ ਹਰਾਉਣ ਲਈ ਮਸ਼ਹੂਰ ਸਨ, ਇਸ ਲਈ ਉਨ੍ਹਾਂ ਨੂੰ
ਤਰਕ-ਪੁੰਗਵ (ਤਰਕ ਦਾ ਸਾਨ੍ਹ) ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ
ਸੀ। ਉਨਾਂ ਨੇ ਆਪਣੇ ਜੀਵਨ ਦੇ ਕਈ ਸਾਲ ਮਹਾਰਾਸ਼ਟਰ, ਉੜੀਸਾ ਅਤੇ ਆਂਧਰਾ
(ਤੈਲਿਨਗਾਨਾ) ਵਿਚ ਵੀ ਗੁਜ਼ਾਰੇ। ਇਹ ਕਿਹਾ ਜਾਂਦਾ ਹੈ ਕਿ ਉਨ੍ਹਾ ਦੀ ਮੌਤ ਉੜੀਸਾ ਦੇ
ਇਕ ਨਿਵੇਕਲੇ ਵਣ ਵਿਚ ਹੋਈ। ਆਪਣੇ ਸਾਰੇ ਜੀਵਨਕਾਲ ਵਿਚ ਦਿਗਨਾਗ ਵਿਵਾਦ ਦਾ ਵਿਸ਼ਾ
ਬਣੇ ਰਹੇ, ਇੱਥੋਂ ਤੱਕ ਕਿ ਉਧ੍ਯੋਤਕਰ ਵਰਗੇ ਮਹਾਨ ਤਾਰਕਿਕ ਨੇ ਉਨ੍ਹਾ ਨੂੰ
‘ਕੁਤਰਕਿਕ’ (ਵਾਕਛਲੀ) ਨਾਮ ਨਾਲ ਵੀ ਪੁਕਾਰਿਆ। ਵਾਚਸਪਤੀ ਮਿਸ਼ਰ ਨੇ ਉਨ੍ਹਾਂ ਨੂੰ
“ਭ੍ਰਾਂਤ” (ਭੁੱਲਾਂ ਕਰਨ ਵਾਲਾ ) ਆਖਿਆ। ਬੋਧੀ ਰਿਸ਼ੀ ਧਰਮਕੀਰਤੀ ਨੇ ਵੀ ਉਨ੍ਹਾਂ ਦੀ
ਵਿਰੋਧਤਾ ਕੀਤੀ।
ਦਿਗਨਾਗ ਨੇ ਤਰਕਸ਼ਾਸਤਰ ਦੇ ਵਿਸ਼ੇ ਉੱਪਰ ਅਨੇਕਾ ਗ੍ਰੰਥ ਲਿਖੇ ਹਨ। ਇਸ ਕਾਂਡ ਵਿਚ
ਅਸੀ ਆਚਾਰੀਆ ਦਿਗਨਾਗ ਦੀਆਂ ਨਿਮਨਲਿਖਤ ਰਚਨਾਵਾਂ 'ਤੇ ਚਰਚਾ ਕਰਾਂਗੇ:
- ਪ੍ਰਮਾਣ ਸਮੂਚਯ,
- ਨਿਆਇ ਪ੍ਰਵੇਸ਼,
- ਪ੍ਰਮਾਣ ਮਸੂਚਯ ਵ੍ਰਿੱਤੀ,
- ਪ੍ਰਮਾਣ ਸ਼ਾਸਤਰ ਨਿਆਇ ਪ੍ਰਵੇਸ਼,
- ਆਲੰਬਨ ਪ੍ਰੀਕਸ਼ਾ,
- ਆਲੰਬਨ ਪ੍ਰੀਕਸ਼ਾ ਵ੍ਰਿੱਤਿ, ਅਤੇ
- ਤ੍ਰੈਕਾਲ ਪ੍ਰੀਕਸ਼ਾ।
|
ਆਚਾਰੀਆ ਦਿਗਨਾਗ (450 - 520 ਈ) |
ਦਿਗਨਾਗ ਦੀ ਰਚਨਾ “ਪ੍ਰਮਾਣ ਸਮੂਚਯ”
ਪ੍ਰਮਾਣ-ਸਮੂਚਯ ਦਿਗਨਾਗ ਦੀ ਤਰਕ ਦੇ ਵਿਸ਼ੇ ਉੱਪਰ ਇਕ ਮਹਾਨ ਰਚਨਾ
ਹੈ। ਕਿਹਾ ਜਾਂਦਾ ਹੈ ਕਿ ਇਹ ਰਚਨਾ ਉਨ੍ਹਾਂ ਨੇ ਆਂਧਰਾ ਵਿਖੇ ਇਕ ਏਕਾਂਤ ਪਰਬਤ ‘ਤੇ
ਰਹਿੰਦੇ ਸਮੇ ਪੂਰੀ ਕੀਤੀ। ਇਸ ਗ੍ਰੰਥ ਦੇ ਰਚਨਾ ਕਾਲ ਦੀ ਇਕ ਭਾਵੁਕ ਗਾਥਾ ਦਾ ਜ਼ਿਕਰ
ਵੀ ਆਉਂਦਾ ਹੈ।
ਪਰੰਪਰਾ ਅਨੁਸਾਰ, ਜਦੋਂ ਦਿਗਨਾਗ ਪ੍ਰਮਾਣ ਸਮੁਚਯ ਦੀਆਂ ਆਰੰਭਕ
ਪੰਗਤੀਆਂ ਲਿਖ ਰਹੇ ਸਨ ਤਾਂ ਸਾਰਾ ਜਗਤ ਰੌਸ਼ਨੀ ਨਾਲ ਭਰ ਗਿਆ, ਧਰਤੀ ਕੰਬ ਉੱਠੀ ਅਤੇ
ਹਰ ਪਾਸੇ ਹੰਗਾਮਾ ਫੈਲ ਗਿਆ। ਇਹ ਹੰਗਾਮਾ ਸੁਣ ਕੇ ਇਕ ਈਸ਼ਵਰ ਕ੍ਰਿਸ਼ਨ
ਨਾਮੀ ਬ੍ਰਾਹਮਣ ਆਚਾਰੀਆ ਦਿਗਨਾਗ ਪਾਸ ਪਹੁੰਚੇ ਅਤੇ ਇਹ ਦੇਖ ਕੇ ਕਿ ਆਚਾਰੀਆ ਭਿੱਖਿਆ
ਮੰਗਣ ਲਈ ਗਏ ਹੋਏ ਹਨ, ਉਸ ਨੇ ਉਨ੍ਹਾਂ ਦੇ ਲਿਖੇ ਹੋਏ ਸ਼ਬਦ ਮਿਟਾ ਦਿੱਤੇ। ਦਿਗਨਾਗ
ਨੇ ਵਾਪਸ ਆਕੇ ਇਹ ਸ਼ਬਦ ਦੁਬਾਰਾ ਲਿਖ ਦਿੱਤੇ, ਪਰ ਈਸ਼ਵਰ ਕ੍ਰਿਸ਼ਨ ਨੇ ਮੌਕਾ ਮਿਲਣ ‘ਤੇ
ਫਿਰ ਮਿਟਾ ਦਿੱਤੇ। ਦਿਗਨਾਗ ਨੇ ਤੀਸਰੀ ਬਾਰ ਲਿਖ ਕੇ ਨਾਲ ਇਹ ਵੀ ਲਿਖ ਦਿੱਤਾ ਕਿ
“ਕਿਸੇ ਨੂੰ ਵੀ ਖਾਸ ਮਹੱਤਤਾ ਰੱਖਣ ਵਾਲੇ ਸ਼ਬਦਾਂ ਨੂੰ ਮਿਟਾਉਣ ਦਾ ਕੋਈ ਹੱਕ ਨਹੀ
ਹੈ, ਜੇਕਰ ਇਹ ਸ਼ਬਦ ਠੀਕ ਨਹੀ ਹਨ ਜਾਂ ਸਮਝ ਵਿਚ ਨਹੀ ਆਉਂਦੇ ਤਾਂ ਉਸ ਵਿਅਕਤੀ ਨੂੰ
ਮੇਰੇ ਸਾਹਮਣੇ ਆ ਕੇ ਇਨ੍ਹਾਂ ਬਾਰੇ ਤਕਰਾਰ ਕਰਨਾ ਚਾਹੀਦਾ ਹੈ।“ ਜਦੋਂ ਬ੍ਰਾਹਮਣ ਇਹ
ਸ਼ਬਦ ਫਿਰ ਮਿਟਾਉਣ ਲਈ ਆਇਆ ਤਾਂ ਇਹ ਸੰਦੇਸ਼ ਪੜ੍ਹ ਕੇ ਰੁਕ ਗਿਆ। ਆਚਾਰੀਆ ਦਿਗਨਾਗ
ਵਾਪਸੀ ‘ਤੇ ਬ੍ਰਾਹਮਣ ਨੂੰ ਮਿਲੇ ਅਤੇ ਉਨ੍ਹਾਂ ਨੇ ਵਿਚਾਰ-ਵਿਮਰਸ਼ ਸ਼ੁਰੂ ਕੀਤਾ ਜਿਸ
ਵਿਚ ਆਪੋ ਆਪਣੇ ਸਿਧਾਂਤ ਪੇਸ਼ ਕੀਤੇ ਗਏ। ਜਦੋਂ ਬਾਰ ਬਾਰ ਹਰ ਨੁਕਤੇ ‘ਤੇ ਬ੍ਰਾਹਮਣ
ਉੱਪਰ ਜਿੱਤ ਹਾਸਲ ਕਰਕੇ, ਆਚਾਰੀਆ ਨੇ ਉਸ ਨੂੰ ਬੁੱਧਮਤ ਅਪਣਾਉਂਣ ਲਈ ਵੰਗਾਰਿਆ ਤਾਂ
ਬ੍ਰਾਹਮਣ ਨੇ ਗੁੱਸੇ ਵਿਚ ਆ ਕੇ, ਆਚਾਰੀਆ ਦੀਆਂ ਸਭ ਚੀਜ਼ਾਂ ਉੱਪਰ ਰਾਖ ਬਿਖੇਰ ਕੇ
ਜਾਦੂ-ਟੂਣੇ ਦੇ ਮੰਤਰ ਪੜ੍ਹਦੇ ਹੋਏ ਅੱਗ ਲਗਾ ਦਿੱਤੀ ਅਤੇ ਉੱਥੋਂ ਦੌੜ ਗਿਆ।
ਇਸ ਵਾਰਦਾਤ ਤੋਂ ਦੁਖੀ ਹੋ ਕੇ ਦਿਗਨਾਗ ਨੇ ਸੋਚਿਆ ਕਿ ਜੇਕਰ ਉਹ ਕਿਸੇ ਇਕ
ਵਿਅਕਤੀ ਦਾ ਨਿਸਤਾਰਾ ਨਹੀ ਕਰ ਸਕਦੇ, ਤਾਂ ਉਹ ਸਾਰਿਆ ਦਾ ਕਿਸ ਤਰ੍ਹਾ ਕਰ ਸਕੇਗਾ।
ਇਸ ਤਰ੍ਹਾ ਜਦ ਉਹ ‘ਪ੍ਰਮਾਣ ਸਮੁਚਯ’ ਨੂੰ ਲਿਖਣ ਦਾ ਇਰਾਦਾ ਛੱਡਣ ਹੀ ਵਾਲੇ ਸਨ ਤਾਂ
ਬੋਧੀਸਤ੍ਵ ਆਰੀਆ ਮੰਜੁਸ਼੍ਰੀ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋਏ ਅਤੇ
ਬੋਲੇ: “ਪੁੱਤਰ, ਠਹਿਰੋ, ਠਹਿਰੋ: ਹੀਣ ਵਿਅਕਤੀ ਨਾਲ ਤਕਰਾਰ ਕਰਕੇ ਬੁੱਧੀ
ਭ੍ਰਿਸ਼ਟ ਹੁੰਦੀ ਹੈ। ਤੈਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਜਦੋਂ ਤੂੰ ਇਸ ਦਾ
ਨਿਰੂਪਣ ਕਰ ਦਿੱਤਾ, ਅਨੇਕਾ ਤੀਰਥਕ ਇਸ ਸ਼ਾਸਤਰ ਦਾ ਅਪਮਾਨ ਨਹੀ ਕਰ ਸਕਦੇ। ਮੈ ਇਸ
ਕੰਮ ਵਿਚ ਤੇਰਾ ਅਧਿਆਤਮਕ ਗੁਰੂ ਬਣਨ ਦਾ ਬਚਨ ਦਿੰਦਾ ਹਾਂ ਜਿੰਨੀ ਦੇਰ ਤੂੰ ਇਸ ਵਿਚ
ਨਿਪੁੰਨਤਾ ਹਾਸਲ ਨਹੀ ਕਰ ਲੈਂਦਾ। ਆਉਣ ਵਾਲੇ ਕਾਲ ਵਿਚ ਇਹ ਸ਼ਾਸਤਰ ਸਮੁੱਚੇ ਸ਼ਾਸਤਰਾਂ
ਦੀ ਇਕਮਾਤ੍ਰ ਦ੍ਰਿਸ਼ਟੀ ਬਣੇਗਾ।“ ਇਹ ਕਹਿ ਕੇ ਮੰਜੁਸ਼੍ਰੀ ਲੋਪ ਹੋ ਗਏ ਅਤੇ ਦਿਗਨਾਗ
ਨੇ ਆਪਣਾ ਕੰਮ ਅਰੰਭਿਆ ‘ਤੇ ਪ੍ਰਮਾਣ ਸਮੁਚਯ ਨੂੰ ਨੇਪਰੇ ਚੜ੍ਹਾਇਆ।
ਪ੍ਰਮਾਣ ਸਮੁਚਯ ਸੰਸਕ੍ਰਿਤ ਭਾਸ਼ਾ ਦੀ ਰਚਨਾ ਹੈ ਜੋ ਅਨੁਸ਼ਟੁਭ
ਛੰਦ ਦੀ ਸ਼ੈਲੀ ਵਿਚ ਲਿਖੀ ਗਈ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ
ਤਿੱਬਤੀ ਭਾਸ਼ਾ ਵਿਚ ਤਰਜਮਾ ਉਪਲਬਧ ਹੈ। ਇਸ ਦਾ ਅਰੰਭ ਇਸ ਪ੍ਰਕਾਰ ਹੁੰਦਾ ਹੈ, “ਸੁਗਤ
- ਅਚਾਰੀਆ ਅਤੇ ਰੱਖਿਅਕ - ਦੇ ਸਾਹਮਣੇ ਝੁਕਦੇ ਹੋਏ, ਜੋ ਪ੍ਰਮਾਣ ਦਾ ਅਵਤਾਰ ਹੈ ਅਤੇ
ਸੰਸਾਰ ਦਾ ਦਾਤਾ ਹੈ, ਮੈ ਪ੍ਰਮਾਣ ਦੀ ਵਿਆਖਿਆ ਕਰਨ ਦੇ ਵਾਸਤੇ, ਇੱਥੇ ਕਈ ਬਿਖਰੇ
ਵਿਸ਼ਿਆਂ ਨੂੰ ਇਕੱਤਰ ਕਰਕੇ, ਆਪਣੀਆਂ ਰਚਨਾਵਾਂ ਤੋਂ ਸੰਕਲਨ ਕੀਤਾ ਹੈ।“ ਇਸ ਗ੍ਰੰਥ
ਦੀ ਸਮਾਪਤੀ ਇਨ੍ਹਾਂ ਸਤਰਾਂ ਨਾਲ ਕੀਤੀ ਗਈ ਹੈ: “ਦਿਗਨਾਗ ਹਰ ਖੇਤ੍ਰ ਦੇ ਵਿਵਾਦੀਆਂ
ਨੂੰ ਜਿੱਤਣ ਵਾਲੇ, ਮਹਾਨ ਤਾਕਤਵਰ, ਨੇ ਇਹ ਸੰਕਲਨ ਆਪਣੀਆਂ ਰਚਨਾਵਾਂ ਤੋਂ ਕੀਤਾ
ਹੈ।“
ਪ੍ਰਮਾਣ ਸਮੁਚਯ ਛੇ ਕਾਂਡਾਂ ਵਿਚ ਇਸ ਪ੍ਰਕਾਰ ਵੰਡਿਆ ਹੋਇਆ ਹੈ: (1)
ਪ੍ਰਤਿਅਕਸ਼; (2) ਸਵਾਰਥਅਨੁਮਾਨ (ਆਪਣੇ ਆਪ ਲਈ ਅਨੁਮਾਨ); (3)
ਪਰਾਰਥਅਨੁਮਾਨ (ਦੂਜਿਆਂ ਲਈ ਅਨੁਮਾਨ); (4) ਹੇਤੁ-ਦ੍ਰਿਸ਼ਟਾਂਤ (ਕਾਰਨ
ਅਤੇ ਉਦਾਹਰਣ); (5) ਅਪੋਹ (ਵਿਪਰੀਤ ਦਾ ਖੰਡਨ); (6) ਜਾਤਿ ।
ਪ੍ਰਤਿਅਕਸ਼
ਅਕਸ਼ਪਾਦ ਦੇ ਉਲਟ, ਜਿਸ ਨੇ ਚਾਰ ਪ੍ਰਮਾਣਾਂ ਦੀ ਵਿਆਖਿਆ ਕੀਤੀ, ਦਿਗਨਾਗ ਦੇ
ਮਤਅਨੁਸਾਰ ਪ੍ਰਮਾਣ ਸਿਰਫ ਦੋ ਹੀ ਹਨ, ਅਰਥਾਤ ਪ੍ਰਤਿਅਕਸ਼ ਅਤੇ ਅਨੁਮਾਨ।
ਸਭ ਵਸਤੂਆਂ ਇਨ੍ਹਾਂ ਦੁਆਰਾ ਹੀ ਜਾਣੀਆਂ ਜਾਂਦੀਆਂ ਹਨ ਅਤੇ ਹੋਰ ਕੋਈ ਪ੍ਰਮਾਣ ਨਹੀ
ਹੈ।
ਦਿਗਨਾਗ, ਪ੍ਰਮਾਣ ਦੀ ਕੋਈ ਨਿਸ਼ਚਿਤ ਪਰਿਭਾਸ਼ਾ ਨਹੀ ਦਿੰਦੇ, ਇਸ ਦੇ ਅਤਿਰਿਕਤ ਕਿ
ਵਸਤੂਆਂ ਦਾ ਗਿਆਨ ਗਿਆਨਇੰਦ੍ਰੀਆਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਪਰ ਉਹ ਇਸ
ਪਰਿਭਾਸ਼ਾ ਨੂੰ ਸੀਮਿਤ ਕਰਦੇ ਹੋਏ ਕਹਿੰਦੇ ਹਨ ਕਿ ਪ੍ਰਤਿਅਕਸ਼ ਉਹ ਹੈ ਜੋ ਪੂਰਵ-ਕਲਪਨਾ
ਤੋਂ ਰਹਿਤ ਹੁੰਦੇ ਹੋਏ, ਕਿਸੇ ਨਾਮ ਜਾਂ ਜਾਤੀ
(ਸ਼੍ਰੇਣੀ) ਨਾਲ ਸੰਬੰਧ ਵੀ ਨਹੀ ਰੱਖਦਾ। ਮੰਨ ਲਓ, ਇਕ ਪੁਰਸ਼ ਅੰਧੇਰੇ ਵਿਚ ਰੱਸੀ ਨੂੰ
ਸੱਪ ਸਮਝ ਲੈਂਦਾ ਹੈ; ਉਸ ਦਾ ਸੱਪ ਦਾ ਗਿਆਨ ਪੂਰਵ-ਕਲਪਨਾ ਹੈ, ਅਤੇ ਇਸਨੂੰ, ਦਿਗਨਾਗ
ਅਨੁਸਾਰ, ਪ੍ਰਤਿਅਕਸ਼ ਨਹੀ ਕਿਹਾ ਜਾ ਸਕਦਾ। ਦਿਗਨਾਗ ਦਾ ਦਾਅਵਾ ਹੈ ਕਿ ਪ੍ਰਤਿਅਕਸ਼ ਦਾ
‘ਨਾਮ’ (ਜਾਂ ਸੰਗਿਆ) ਨਾਲ ਕੋਈ ਸੰਬੰਧ ਨਹੀ ਹੈ ਕਿਉਂਕਿ ਅਸੀਂ ਇਕ ਚੀਜ਼ ਦਾ ਪ੍ਰਤੱਖਣ
ਉਸ ਦਾ ਨਾਮ ਜਾਣੇ ਬਗੈਰ ਵੀ ਕਰ ਸਕਦੇ ਹਾਂ। ਇਸ ਦਾ ਸੰਬੰਧ ਜਾਤੀ
ਨਾਲ ਵੀ ਨਹੀ ਹੈ। ਇਸ ਤਰ੍ਹਾਂ ਕਿਸੇ ਚੀਜ਼ ਦਾ ਪ੍ਰਤਿਅਕਸ਼ ਸਿਰਫ ਉਸਦੇ ਵਿਅਕਤੀਤਵ
ਵਿਸ਼ੇਸ਼ ਗੁਣਾਂ ਨਾਲ ਹੀ ਸੰਬੰਧ ਰੱਖਦਾ ਹੈ। ਮੰਨ ਲਓ ਮੈ ਆਪਣੇ ਸਾਹਮਣੇ ਇਕ ਗਊ ਨੂੰ
ਦੇਖਦਾ ਹਾਂ। ਇਹ ਗਊ, ਜੋ ਮੈ ਦੇਖ ਰਿਹਾ ਹਾਂ, ਇਕ ਵਿਸ਼ੇਸ਼ ਗਊ ਹੈ। ਇਸ ਦੀਆਂ ਅਨਗਿਣਤ
ਵਿਸ਼ੇਸ਼ਤਾਵਾਂ ਸਿਰਫ ਮੈ ਹੀ ਧਾਰਣ ਕਰ ਸਕਦਾ ਹਾਂ, ਜਿਸ ਨੇ ਇਸ ਨੂੰ ਆਪਣੇ ਸਾਹਮਣੇ
ਦੇਖਿਆ ਹੈ। ਜੇਕਰ ਮੈ ਇਸ ਗਊ ਬਾਰੇ ਦੂਜੇ ਪੁਰਸ਼ਾਂ ਨੂੰ ਦੱਸਦਾ ਹਾਂ ਕਿ ਮੈ ਇਕ ਗਊ
ਦੇਖੀ ਹੈ ਜਿਸ ਦਾ ਨਾਮ “ਡਿੱਥ” ਹੈ ਅਤੇ ਰੰਗ ਲਾਲ ਹੈ ਆਦਿ, ਮੈ ਉਨ੍ਹਾਂ ਪੁਰਸ਼ਾਂ
ਨੂੰ ਇਕ ਵਿਸ਼ੇਸ਼ ‘ਜਾਤੀ’ ਦੀ ਗਊ ਦਾ ਸੰਕਲਪ ਹੀ ਵਿਅਕਤ (ਸਮਝਾ) ਸਕਦਾ ਹਾਂ, ਅਰਥਾਤ
ਇਕ ਗਊ ਜਿਸ ਵਿਚ ਇਕ ਵਿਸ਼ੇਸ਼ ਜਾਤੀ ਦੀਆਂ ਗਊਆਂ ਦੇ ਗੁਣ ਸਾਂਝੇ ਹਨ, ਪ੍ਰੰਤੂ ਮੈ
ਉਨ੍ਹਾਂ ਨੂੰ ਕਦੇ ਵੀ ਉਸ ਵਿਸ਼ੇਸ਼ ਗਊ ਬਾਰੇ ਨਹੀ ਸਮਝਾ ਸਕਦਾ ਜਿਹੜੀ ਗਊ ਮੈ ਦੇਖੀ
ਹੈ। ਇਸ ਲਈ ਇਹ ਸਪੱਸ਼ਟ ਹੈ ਕਿ ਪ੍ਰਤਿਅਕਸ਼ (ਪ੍ਰਤੱਖ) ਦੇ ਨਤੀਜੇ ਨੂੰ ਕਦੇ ਵੀ ‘ਨਾਮ’
ਜਾਂ ‘ਜਾਤੀ’ ਦੁਆਰਾ ਜ਼ਾਹਰ ਨਹੀ ਕੀਤਾ ਜਾ ਸਕਦਾ। ਪ੍ਰਤਿਅਕਸ਼ ਵਿਸ਼ੇਸ਼ ਹੈ ਅਤੇ ‘ਨਾਮ’,
‘ਜਾਤੀ’ ਆਦਿ ਸਾਮਾਨ੍ਯ ਹਨ।
ਪ੍ਰੰਤੂ ‘ਅਨੁਮਾਨ’ ਇਸ ਤੋਂ ਬਿਲਕੁਲ ਅਲੱਗ ਹੈ। ‘ਅਨੁਮਾਨ’ ਦੁਆਰਾ
ਪ੍ਰਾਪਤ ਕੀਤਾ ਗਿਆਨ ਸਾਮਾਨ੍ਯ ਹੁੰਦਾ ਹੈ ਅਤੇ ਇਹ ਦੂਜਿਆਂ ਨੂੰ
‘ਨਾਮ’ ਅਤੇ ‘ਜਾਤੀ’ ਆਦਿ ਦੀ ਵਰਤੋਂ ਕਰਕੇ ਸਮਝਾਇਆ ਜਾ ਸਕਦਾ ਹੈ, ਜਦ ਕਿ ਪ੍ਰਤਿਅਕਸ਼
ਦੁਆਰਾ ਪ੍ਰਾਪਤ ਕੀਤਾ ਗਿਆਨ ‘ਵਿਸ਼ੇਸ਼’ ਹੈ ਅਤੇ ਇਹ ਦੂਜਿਆਂ ਨੂੰ ਨਾਮ, ਜਾਤੀ ਦੀ
ਵਰਤੋਂ ਕਰਕੇ ਸਮਝਾਇਆ ਨਹੀ ਜਾ ਸਕਦਾ।
ਸਵਾਰਥਅਨੁਮਾਨ
ਸਵਾਰਥਅਨੁਮਾਨ ਕਿਸੇ ਚੀਜ਼ ਦਾ ਉਹ ਗਿਆਨ ਹੈ ਜੋ ਉਸ ਦੇ ‘ਚਿੰਨ੍ਹ’, ‘ਲਿੰਗ’ ਜਾਂ
‘ਲੱਛਣ’ ਦੁਆਰਾ ਪ੍ਰਾਪਤ ਹੁੰਦਾ ਹੈ। ਲਿੰਗ ਦੇ ਗੁਣ ਇਸ ਪ੍ਰਕਾਰ ਹੋਣੇ ਚਾਹੀਦੇ ਹਨ:
(ੳ) ਕਾਰਯ (ਕਾਰਜ) - ਇਹ ਕਿਸੇ ਚੀਜ਼ ਦਾ ਫਲ ਜਾਂ ਨਤੀਜਾ ਵੀ ਹੋ
ਸਕਦਾ ਹੈ, ਉਹ ਚੀਜ਼ ਜਿਸ ਦਾ ‘ਅਨੁਮਾਨ’ ਲਗਾਉਣਾ ਹੋਵੇ, ਜਿਵੇਂ ਅੱਗ
ਅਤੇ ਉਸਦਾ ਲਿੰਗ ਧੂੰਆ।
(ਅ) ਸਵੈਭਾਵ - ਲਿੰਗ ਉਸ ਚੀਜ਼ ਦੇ ਸਾਰ-ਤੱਤ ਦੇ ਸਮਰੂਪ ਵੀ ਹੋ ਸਕਦਾ
ਹੈ। ਜਿਵੇਂ ਕਿ ਸ਼ਾਂਸ਼ਪ (ਲੱਕੜੀ ਦਾ ਬਣਿਆ ਹੋਇਆ) ਇਕ ਦਰਖਤ
ਨਾਲ ਸਮਰੂਪੀ ਹੈ।
(ੲ) ਅਨੁਪਲਬਧਿ - ਲਿੰਗ ਦੇ ਪ੍ਰਤਿਅਕਸ਼ ਦਾ ਅਭਾਵ (ਲਿੰਗ ਦੇ ਪ੍ਰਤੱਖਣ
ਦਾ ਨਾ ਹੋਣਾ)। ਲਿੰਗ ਦਾ ਅਪ੍ਰਤਿਅਕਸ਼ ਹੋਣਾ ਚੀਜ਼ ਦੀ ਅਣਹੋਂਦ ਕਰਕੇ ਹੋ ਸਕਦਾ ਹੈ।
ਘੜੇ ਦਾ ਅਪ੍ਰਤੱਖਣ ਘੜੇ ਦੀ ਅਣਹੋਂਦ ਕਰਕੇ ਹੋ ਸਕਦਾ ਹੈ। ਅਰਥਾਤ ਘੜਾ ਹੈ ਹੀ ਨਹੀ।
ਦਿਗਨਾਗ, ਉਨ੍ਹਾਂ ਤਾਰਕਿਕਾਂ ਦੀ ਕਰੜੀ ਆਲੋਚਨਾ ਕਰਦੇ ਹਨ ਜੋ ਧੂੰਏ
ਦੇ ਪ੍ਰਤਿਅਕਸ਼ ਤੋਂ ਅੱਗ ਦੀ ਉਪਸਥਿਤੀ ਦਾ ਅਨੁਮਾਨ ਪੇਸ਼ ਕਰਦੇ ਹਨ,
ਜਿਸ ਵਿਚ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਅੱਗ ਅਤੇ ਧੂੰਏ ਦਾ ਅਨਿੱਖੜਵਾਂ ਸੰਬੰਧ
ਹੈ। ਇਸ ਪ੍ਰਤਰਕ ਨੂੰ ਰੱਦ ਕਰਦੇ ਹੋਏ ਦਿਗਨਾਗ ਕਹਿੰਦੇ ਹਨ ਕਿ ਇਸ ਦਲੀਲ ਨਾਲ ਕੋਈ
ਨਵਾਂ ਗਿਆਨ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਇਹ ਤਾਂ ਪਹਿਲਾ ਹੀ ਪਤਾ ਹੈ ਕਿ ਧੂੰਏ
ਅਤੇ ਅੱਗ ਦਾ ਅਨਿੱਖੜਵਾਂ ਸੰਬੰਧ ਹੈ। ਅੱਗੇ ਚਲ ਕੇ ਉਹ ਉਨ੍ਹਾਂ ਤਾਰਕਿਕਾਂ ਨੂੰ ਵੀ
ਰੱਦ ਕਰਦੇ ਹਨ, ਜੋ ਦੂਰ ਪਰਬਤ ਉੱਪਰ ਧੂੰਏ ਨੂੰ ਦੇਖ ਕੇ ਇਹ ਨਤੀਜਾ ਕੱਢਦੇ ਹਨ ਕਿ
ਪਰਬਤ ਉੱਪਰ ਅੱਗ ਮੌਜੂਦ ਹੈ, ਅਰਥਾਤ ਅੱਗ ਅਤੇ ਪਰਬਤ ਦੇ ਸੰਬੰਧ ਦਾ ਅਨੁਮਾਨ ਦਿੰਦੇ
ਹਨ। ਇਸ ਪ੍ਰਤਰਕ ਨੂੰ ਰੱਦ ਕਰਦੇ ਹੋਏ ਉਹ ਕਹਿੰਦੇ ਹਨ, ਸੰਬੰਧ ਤੋਂ ਭਾਵ ਹੈ ਦੋ
ਚੀਜ਼ਾਂ ਦਾ ਆਪਸੀ ਸੰਬੰਧ ਪਰ ਇੱਥੇ ਸਿਰਫ ਇਕ ਹੀ ਚੀਜ਼ ਹੈ, ਉਹ ਹੈ ਅਗਨਮਈ
ਪਰਬਤ। ਕਿਉਂਕਿ ਸਿਰਫ ਪਰਬਤ ਹੀ ਦਿਖਾਈ ਦਿੰਦਾ ਹੈ, ਅੱਗ ਨਹੀ।
ਪਰਾਰਥਅਨੁਮਾਨ
ਪਰਾਰਥਅਨੁਮਾਨ ਵਿਧੀ ਉਦੋਂ ਵਰਤੀ ਜਾਂਦੀ ਹੈ ਜਦੋਂ ਇਕ ਪੁਰਸ਼
ਦੂਜਿਆਂ ਨੂੰ, ਸਵਾਰਥਅਨੁਮਾਨ ਰਾਹੀਂ ਪਹੁੰਚੇ, ਨਤੀਜਿਆਂ ਦਾ ਸਬੂਤ ਪੇਸ਼ ਕਰਦਾ ਹੈ ।
ਅਨੁਮੇਯ ਜਾਂ ਸਾਧ੍ਯ ਉਹ ਵਸਤੁ ਹੈ ਜੋ ਸਿੱਧ ਕਰਨੀ ਹੁੰਦੀ
ਹੈ ਜਾਂ ਕਿਸੇ ਨੇ ਪ੍ਰਾਪਤ ਕਰਨੀ ਹੈ, ਜੋ ਵਿਸ਼ਾ (ਪੱਖ ਜਾਂ ਪਕਸ਼) ਦਾ ਗੁਣ
ਵੀ ਹੈ। ਇਸ ਦੇ ਨਾਲ ਨਾਲ ਜੋ ਪ੍ਰਤਿਅਕਸ਼, ਅਨੁਮਾਨ ਅਤੇ ਸ਼ਾਬਦਿਕ
ਸਬੂਤ ਦਾ ਵਿਰੋਧ ਵੀ ਨਹੀ ਕਰਦੀ।
ਪਕਸ਼-ਧਰਮ, ਜੋ ਹੇਤੁ ਦਾ ਅਧਿਕਰਣ (ਜਾਂ ਕਾਰਨ ਦਾ ਸਥਾਨਕ ਖੇਤ੍ਰ) ਹੈ ਅਤੇ ਜਿਸ
ਵਿਚ ਪੱਖ ਅਤੇ ਸਾਧ੍ਯ ਦੇ ਆਪਸੀ ਸੰਬੰਧ ਮੌਜੂਦ
ਹੁੰਦੇ ਹਨ, ਇਸ ਪ੍ਰਕਾਰ ਦੱਸਿਆ ਗਿਆ ਹੈ:
- ਹੇਤੁ ਵਿਚ ਪੱਖ ਦਾ ਹੋਣਾ ਜ਼ਰੂਰੀ ਹੈ,
- ਹੇਤੁ ਦਾ ਸਪਕਸ਼ (ਸਪੱਖ) ਵਿਚ ਹੋਣਾ ਵੀ ਜ਼ਰੂਰੀ ਹੈ,
- ਹੇਤੁ ਦਾ ਵਿਪਕਸ਼ (ਵਿਪੱਖ) ਵਿਚੋਂ
ਅਨ-ਉਪਸਥਿਤ (ਯਾਨੀ ਗੈਰਹਾਜ਼ਰ) ਹੋਣਾ ਵੀ ਜ਼ਰੂਰੀ ਹੈ। ਇੱਥੇ ਵਿਪੱਖ
ਤੋਂ ਭਾਵ ਵਿਰੋਧੀ ਪੱਖ ਦੀ ਉਦਾਹਰਣ ਹੈ।
ਨੌਂ ਕਿਸਮ ਦੇ ਹੇਤੁ
ਇਹੋ ਜਿਹੇ ਨੌਂ ਹੇਤੁਆਂ ਦੀ ਕਲਪਨਾ ਕਰਨਾ ਸੰਭਵ ਹੈ ਜੋ ਸਪਕਸ਼
ਜਾਂ ਵਿਪਕਸ਼ ਵਿਚ ਪੂਰਣ ਜਾਂ ਅਪੂਰਣ ਤੌਰ
‘ਤੇ ਉਪਸਥਿਤ ਜਾਂ ਅਨ-ਉਪਸਥਿਤ ਹੁੰਦੇ ਹਨ। ਉਹ ਹੇਤੁ
ਜੋ ਪੂਰਣ ਜਾਂ ਅਪੂਰਣ ਤੌਰ ‘ਤੇ ਸਪਕਸ਼ ਵਿਚ ਉਪਸਥਿਤ ਹੋਣ ਪ੍ਰੰਤੂ ਪੂਰਣ ਤੌਰ ‘ਤੇ
ਵਿਪਕਸ਼ ਵਿਚੋਂ ਅਨ-ਉਪਸਥਿਤ ਹੋਣ, ਉਹ ਵੈਧ (ਜਾਂ ਸਹੀ) ਮੰਨੇ ਜਾਂਦੇ ਹਨ। ਇਨ੍ਹਾਂ
ਹੇਤੁਆਂ ਦੇ ਉਲਟ ਵਾਲੇ (ਵਿਪਰੀਤ) ਪਰਸਪਰ ਵਿਰੋਧੀ ਅਤੇ ਬਾਕੀ ਦੇ ਸੰਦਿਗਧ
(ਸੰਦੇਹਸ਼ੀਲ ਜਾਂ ਅਨਿਸ਼ਚਿਚ) ਹੁੰਦੇ ਹਨ। ਇਨ੍ਹਾਂ ਨੌਂ ਹੇਤੁਆਂ ਨੂੰ ਉਨ੍ਹਾਂ ਦੇ
ਸਪਕਸ਼ ਅਤੇ ਵਿਪਕਸ਼ ਦੇ ਪ੍ਰਸੰਗ ਵਿਚ ਹੇਠਲੀ ਸਾਰਣੀ (ਸਾਰਣੀ 1.0) ਦੇ ਰੂਪ ਵਿਚ ਪੇਸ਼
ਕੀਤਾ ਜਾ ਸਕਦਾ ਹੈ।
ਸਾਰਣੀ 1.0 ਦਿਗਨਾਗ ਦੇ ਨੌਂ ਹੇਤੁ
ਗਿਣਤੀ |
ਸਪਕਸ਼ |
ਵਿਪਕਸ਼ |
ਹੇਤੁ ਸਰੂਪ |
1 |
ਸਪਕਸ਼ ਸਤਿ (+) |
ਵਿਪਕਸ਼ ਸਤਿ (-) |
ਸੰਦਿਗਧ ਹੇਤੁ (±) |
2 |
ਸਪਕਸ਼ ਸਤਿ (+) |
ਵਿਪਕਸ਼ ਅਸਤਿ (+) |
ਵੈਧ ਹੇਤੁ (+) |
3 |
ਸਪਕਸ਼ ਸਤਿ (+) |
ਵਿਪਕਸ਼ ਸਦਸਤਿ (±) |
ਸੰਦਿਗਧ ਹੇਤੁ (±) |
4 |
ਸਪਕਸ਼ ਅਸਤਿ (-) |
ਵਿਪਕਸ਼ ਸਤਿ (+) |
ਪ੍ਰਤਿਪਕਸ਼ (ਵਿਰੁੱਧ) ਹੇਤੁ (-/+) |
5 |
ਸਪਕਸ਼ ਅਸਤਿ (-) |
ਵਿਪਕਸ਼ ਅਸਤਿ (+) |
ਸੰਦਿਗਧ ਹੇਤੁ (±) |
6 |
ਸਪਕਸ਼ ਅਸਤਿ (-) |
ਵਿਪਕਸ਼ ਸਦਸਤਿ (±) |
ਪ੍ਰਤਿਪਕਸ਼ (ਵਿਰੁੱਧ) ਹੇਤੁ (-/+) |
7 |
ਸਪਕਸ਼ ਸਦਸਤਿ (±) |
ਵਿਪਕਸ਼ ਸਤਿ (+) |
ਸੰਦਿਗਧ ਹੇਤੁ (±) |
8 |
ਸਪਕਸ਼ ਸਦਸਤਿ (±) |
ਵਿਪਕਸ਼ ਅਸਤਿ (+) |
ਵੈਧ ਹੇਤੁ (+) |
9 |
ਸਪਕਸ਼ ਸਦਸਤਿ (±) |
ਵਿਪਕਸ਼ ਸਦਸਤਿ (±) |
ਸੰਦਿਗਧ ਹੇਤੁ (±) |
ਇਸ ਸਾਰਣੀ ਵਿਚ ਪਦਾਂ ਦੀ ਪਰਿਭਾਸ਼ਾ ਇਸ ਪ੍ਰਕਾਰ ਹੈ:
ਸਪਕਸ਼ ਸਤਿ - ਹੇਤੁ ਸਪਕਸ਼ ਵਿਚ ਪੂਰਣ ਤੌਰ ‘ਤੇ ਉਪਸਥਿਤ ਹੈ।
ਸਪਕਸ਼ ਅਸਤਿ - ਹੇਤੁ ਸਪਕਸ਼ ਵਿਚ ਪੂਰਣ ਤੌਰ ‘ਤੇ ਅਨ-ਉਪਸਥਿਤ ਹੈ।
ਸਪਕਸ਼ ਸਦਸਤਿ - ਹੇਤੁ ਸਪਕਸ਼ ਵਿਚ ਅਪੂਰਣ (ਅੰਸ਼ਿਕ) ਤੌਰ ‘ਤੇ ਉਪਸਥਿਤ ਹੈ।
ਵਿਪਕਸ਼ ਸਤਿ - ਹੇਤੁ ਵਿਪਕਸ਼ ਵਿਚ ਪੂਰਣ ਤੌਰ ‘ਤੇ ਉਪਸਥਿਤ ਹੈ।
ਵਿਪਕਸ਼ ਸਤਿ - ਹੇਤੁ ਵਿਪਕਸ਼ ਵਿਚ ਪੂਰਣ ਤੌਰ ‘ਤੇ ਅਨ-ਉਪਸਥਿਤ ਹੈ।
ਵਿਪਕਸ਼ ਸਦਸਤਿ - ਹੇਤੁ ਵਿਪਕਸ਼ ਵਿਚ ਅਪੂਰਣ ਤੌਰ ‘ਤੇ ਉਪਸਥਿਤ ਹੈ।
ਨੌਂ ਹੇਤੁਆਂ ਦਾ ਨਿਦਰਸ਼ਨ
ਦਿਗਨਾਗ ਆਪਣੇ ਨੌਂ ਹੇਤੁਆਂ ਦਾ ਨਿਦਰਸ਼ਨ (ਚਿੱਤਰ ਨਿਰੂਪਣ) ਹੇਤੁ ਚੱਕਰ
ਜਾਂ ਹੇਤੁ ਡਮਰੂ ਦੇ ਰੂਪ ਵਿਚ ਪੇਸ਼ ਕਰਦੇ ਹਨ ਜਿਸ ਤਰ੍ਹਾਂ
ਚਿੱਤਰ 1.0 ਵਿਚ ਦਿਖਾਇਆ ਗਿਆ ਹੈ। ਇਸ ਵਿਚ ਉਹ ਨਿਮਨਲਿਖਤ ਪਦਾਂ ਨੂੰ ਕ੍ਰਮਵਾਰ
ਹੇਤੁ ਅਤੇ ਸਾਧ੍ਯ ਮੰਨਦੇ ਹਨ।
ਚਿੱਤਰ 1.0 ਦਿਗਨਾਗ ਦਾ ਹੇਤੁ ਚੱਕਰ ਜਾਂ ਹੇਤੁ ਡਮਰੂ
ਹੇਤੁ - (1) ਪ੍ਰਮੇਯ (ਜਾਣਨਯੋਗ), (2)
ਕ੍ਰਤਕ (ਇਕ ਉਤਪਾਦਨ), (3) ਅਨਿੱਤ, (4) ਕ੍ਰਤ
(ਕ੍ਰਿਤ)- ਬਣਾਇਆ ਹੋਇਆ, (5) ਸ਼੍ਰਵਣ (ਸ੍ਰਵਣ ਜਾਂ ਸੁਣਨਯੋਗ), (6)
ਯਤਨਜ (ਜੋ ਯਤਨ ਨਾਲ ਬਣਾਇਆ ਹੋਵੇ), (7) ਸਪਰਸ਼ਜ
(ਛੁਹਣਯੋਗ, ਸਪਰਸ਼ੀ)
ਸਾਧ੍ਯ - (1) ਨਿੱਤ, (2) ਅਨਿੱਤ,
(3) ਯਤਨਜ, (4) ਅਯਤਨਜ।
ਹੇਤੁ ਚੱਕਰ ਦੇ ਨੌਂ ਹੇਤੁਆਂ ਵਿਚੇਂ ਅਸੀ ਦੇਖਦੇ ਹਾਂ ਕਿ ਦੋ (ਚਿੱਤਰ 1.0 ਵਿਚ
2 ਅਤੇ 8) ਹੀ ਵੈਧ (ਸਹੀ) ਹਨ ਅਤੇ ਬਾਕੀ ਦੇ ਸੱਤ ਅਵੈਧ ਹਨ
ਕਿਉਂਕਿ ਜਾਂ ਤਾਂ ਇਹ ਪਰਸਪਰ ਵਿਰੋਧੀ ਹਨ ਅਤੇ ਜਾਂ ਸੰਦਿਗਧ (ਅਨਿਸ਼ਚਿਤ) ਹਨ। ਹੇਠ
ਦਿੱਤੀਆਂ ਦੋ ਉਦਾਹਰਣਾਂ ਨਾਲ, ਹੇਤੁ ਚੱਕਰ ਨੂੰ ਸਮਝਿਆ ਜਾ ਸਕਦਾ ਹੈ। ਪਹਿਲੇ ਹੇਤੁ
ਦੀ ਉਦਾਹਰਣ ਇਸ ਪ੍ਰਕਾਰ ਹੈ:
ਸ਼ਬਦ ਨਿੱਤ ਹੈ,
ਕਿਉਂਕਿ ਇਹ ਜਾਣਨਯੋਗ ਹੈ,
ਆਕਾਸ਼ ਵਾਂਗ ਅਤੇ ਘੜੇ ਵਾਂਗ।
ਇੱਥੇ “ਜਾਣਨਯੋਗਤਾ” ਹੇਤੁ (ਕਾਰਨ) ਹੈ ਅਤੇ ਇਹ ਪੂਰਣ ਤੌਰ ‘ਤੇ “ਸ਼ਬਦ” (ਜੋ
ਵਿਸ਼ਾ ਹੈ) ਵਿਚ ਅਤੇ “ਆਕਾਸ਼” (ਜੋ ਆਧੇਯ ‘ਨਿੱਤ’ ਦਾ ਸਪਕਸ਼ ਹੈ) ਵਿਚ ਉਪਸਥਿਤ ਹੈ
(ਯਾਨੀ ਸਪਕਸ਼ ਸਤਿ)। ਪ੍ਰੰਤੂ “ਘੜਾ” ਨਿੱਤ ਦਾ ਵਿਪਕਸ਼ (ਵਿਰੋਧੀ ਪੱਖ) ਹੈ,
ਅਤੇ ਜਾਣਨਯੋਗਤਾ ਪੂਰਣ ਤੌਰ ‘ਤੇ ਘੜੇ ਵਿਚ ਵੀ ਉਪਸਥਿਤ ਹੋਣ ਦੇ ਨਾਤੇ ‘ਜਾਣਨਯੋਗਤਾ’
ਸੰਦਿਗਧ (ਅਨਿਸ਼ਚਿਤ) ਹੇਤੁ ਬਣ ਜਾਂਦਾ ਹੈ।
ਹੁਣ ਅੱਠਵੇਂ (8) ਹੇਤੁ ਦੀ ਉਦਾਹਰਣ ਲੈਂਦੇ ਹਾ:
ਇਹ ਸ਼ਬਦ ਅਨਿੱਤ ਹੈ,
ਕਿਉਂਕਿ ਇਹ ਯਤਨ ਨਾਲ ਪੈਦਾ ਹੁੰਦਾ ਹੈ (ਯਤਨਜ),
ਇਕ ਘੜੇ ਵਾਂਗ, ਨਾ ਕਿ ਆਕਾਸ਼ ਅਤੇ ਵਿਦ੍ਯੁਤ (ਅਸਮਾਨੀ ਬਿਜਲੀ) ਵਾਂਗ।
ਇੱਥੇ ‘ਯਤਨਜ’ ਹੇਤੁ ਹੈ, ‘ਇਹ ਸ਼ਬਦ’ ਵਿਸ਼ਾ ਹੈ, ‘ਘੜਾ’
ਅਤੇ ‘ਵਿਦ੍ਯੁਤ’ ਅਨਿੱਤ ਦੇ ਸਪਕਸ਼ ਹਨ, ‘ਆਕਾਸ਼’ ਵਿਪਕਸ਼ ਹੈ, ‘ਅਨਿੱਤ’
ਵਿਧੇਯ ਹੈ। ਇਸ ਤਰ੍ਹਾ ਹੇਤੁ ‘ਸ਼ਬਦ’ ਵਿਚ ਵੀ ਅਤੇ ‘ਘੜੇ’ (ਅਨਿੱਤ
ਦਾ ਸਪਕਸ਼) ਵਿਚ ਵੀ ਉਪਸਥਿਤ (ਸਤਿ) ਹੈ, ਪਰ ਵਿਦ੍ਯੁਤ (ਜੋ ਸਪਕਸ਼ ਹੈ) ਵਿਚ
ਅਨ-ਉਪਸਥਿਤ (ਅਸਤਿ) ਹੈ। ਇਹ ਹੇਤੁ ‘ਆਕਾਸ਼’ ਜੋ ਕਿ ਵਿਪਕਸ਼ ਹੈ, ਵਿਚ ਵੀ ਅਨ-ਉਪਸਥਿਤ
(ਅਸਤਿ) ਹੈ। ਇਸ ਲਈ ਹੇਤੁ ਅਪੂਰਣ ਤੌਰ ‘ਤੇ (ਸਦਸਤਿ) ਸਪਕਸ਼ ਵਿਚ
ਉਪਸਥਿਤ ਹੈ ਅਤੇ ਪੂਰਣ ਤੌਰ ‘ਤੇ ਵਿਪਕਸ਼ ਵਿਚ ਅਨ-ਉਪਸਥਿਤ ਹੈ; ਇਸ ਤਰ੍ਹਾ ਹੇਤੁ ਵੈਧ
ਹੈ ਅਰਥਾਤ ਸਹੀ ਹੈ।
ਹੇਤੁ ਅਤੇ ਦ੍ਰਿਸ਼ਟਾਂਤ (ਕਾਰਨ ਅਤੇ ਉਦਾਹਰਣ)
ਹੇਤੁ ਦੋ ਪ੍ਰਕਾਰ ਦਾ ਮੰਨਿਆ ਗਿਆ ਹੈ: ਅਨ੍ਵਯ (ਹਾਂ ਵਾਚਕ) ਅਤੇ
ਵ੍ਯਤਿਰੇਕੀ (ਨਾਂ ਵਾਚਕ)।
ਅਨ੍ਵਯ ਹੇਤੁ ਇਹ ਦੱਸਦਾ ਹੈ ਕਿ ਇਸ ਰਾਹੀਂ ਦਰਸਾਈ ਗਈ ਵਸਤੁ
ਹਮੇਸ਼ਾ ਸਾਧ੍ਯ ਨਾਲ ਦਰਸਾਈ ਗਈ ਵਸਤੁ ਦੇ ਨਾਲ ਸੰਗਤ (ਜੁੜੀ) ਕਰਦੀ
ਹੈ। ਜੈਸੇ, ‘ਪਰਬਤ ਅਗਨਮਈ ਹੈ, ਕਿਉਂਕਿ ਇਹ ਧੂੰਆਮਈ ਹੈ।‘ ਇੱਥੇ ਧੂੰਆਂ ਅਨ੍ਵਯ
ਹੇਤੁ ਹੈ।
ਵ੍ਯਤਿਰੇਕੀ ਹੇਤੁ ਇਸ ਪ੍ਰਕਾਰ ਦੱਸਿਆ ਗਿਆ ਹੈ: ਜਿੱਥੇ
ਸਾਧ੍ਯ ਰਾਹੀਂ ਦਰਸਾਈ ਗਈ ਵਸਤੁ ਅਨਉਪਸਿਥਤ ਹੈ, ਉੱਥੇ ਹੇਤੁ ਰਾਹੀਂ
ਦਰਸਾਈ ਗਈ ਵਸਤੁ ਵੀ ਅਨਉਪਸਥਿਤ ਹੁੰਦੀ ਹੈ, ਜਿਵੇਂ 'ਪਰਬਤ ਧੂੰਆਮਈ ਨਹੀ ਹੈ,
ਕਿਉਂਕਿ ਇਹ ਅਗਨਮਈ ਨਹੀ ਹੈ।'
ਇਕ ਵਿਅਕਤੀ ਜੋ ਆਪਣੇ ਨਤੀਜੇ (ਨਿਸ਼ਕਰਸ਼) ਦੂਜਿਆਂ ਨੂੰ ਦੱਸਣਾ ਚਾਹੁੰਦਾ ਹੈ ਤਾਂ
ਉਸ ਨੂੰ ਆਪਣਾ ਭਾਵ ਸਮਝਾਉਣ ਲਈ ਜਿਹੜੇ ਸੂਚਨਾਗਤ ਸ਼ਬਦਾਂ ਦੀ ਵਰਤੋਂ ਕਰਨੀ ਪਵੇਗੀ ਉਹ
ਹਨ; ਵਿਸ਼ਾ, ਸਾਧ੍ਯ (ਅਨੁਮੇਯ), ਹੇਤੁ ਅਤੇ
ਇਨ੍ਹਾਂ ਦੇ ਆਪਸੀ ਸੰਬੰਧ। ਹੇਤੁ ਅਤੇ ਸਾਧ੍ਯ ਦੇ
ਸੰਬੰਧ ਪ੍ਰਗਟਾਉਣ ਲਈ ਉਸਨੂੰ ਦ੍ਰਿਸ਼ਟਾਂਤ ਪੇਸ਼ ਕਰਨ ਦੀ ਵੀ ਜ਼ਰੂਰਤ ਹੈ। ਦ੍ਰਿਸ਼ਟਾਂਤ
ਦੋ ਪ੍ਰਕਾਰ ਦਾ ਦੱਸਿਆ ਗਿਆ ਹੈ: ਅਨ੍ਵਯ ਜਾਂ ਸਾਧਰਮਯ (ਹਾਂ ਵਾਚਕ
ਜਾਂ ਸਮਰੂਪੀ) ਅਤੇ ਵ੍ਯਤਿਰੇਕੀ (ਨਾਂ ਵਾਚਕ ਜਾਂ ਭਿੰਨਰੂਪੀ),
ਜੈਸੇ,
ਪਰਬਤ ਅਗਨਮਈ ਹੈ,
ਕਿਉਂਕਿ ਇਹ ਧੂੰਆਮਈ ਹੈ,
ਉਹ ਜੋ ਧੂੰਆਮਈ ਹੈ, ਅਗਨਮਈ ਹੈ ਜਿਵੇਂ ਰਸੋਈ (ਅਨ੍ਵਯ ਦ੍ਰਿਸ਼ਟਾਂਤ),
ਪ੍ਰੰਤੂ ਜੋ ਅਗਨਮਈ ਨਹੀ ਹੈ, ਧੂੰਆਮਈ ਵੀ ਨਹੀ ਹੈ,
ਜਿਵੇਂ ਇਕ ਝੀਲ (ਵ੍ਯਤਿਰੇਕੀ ਦ੍ਰਿਸ਼ਟਾਂਤ)
ਅਸਲ ਵਿਚ ਇਹ ਦੋਵੇ ਉਦਾਹਰਣਾ ਤਦਰੂਪੀ ਹਨ ਕਿਉਂਕਿ ਦੋਵੇ ਹੀ ਹੇਤੁ ਅਤੇ
ਸਾਧ੍ਯ ਦੇ ਸੰਬੰਧ ਨੂੰ ਦਰਸਾਉਂਦੀਆਂ ਹਨ।
ਅਪੋਹ - ਵਿਪਰੀਤ ਦਾ ਖੰਡਨ
ਅਪੋਹ ਦੇ ਸਿਧਾਂਤ ਅਨੁਸਾਰ ਕਿਸੇ ਚੀਜ਼ ਦੀ ਪਰਿਭਾਸ਼ਾ ਉਸ ਚੀਜ਼ ਦੇ
ਵਿਪਰੀਤ ਦਾ ਖੰਡਨ (ਨਿਖੇਧ ਜਾਂ ਨਿਸ਼ੇਧ) ਕਰਕੇ ਕੀਤੀ ਜਾਂਦੀ ਹੈ। ਜੈਸੇ, ਇਕ ਗਊ
ਉਹ ਹੈ ਜੋ ਅਨ-ਗਊ ਨਹੀ ਹੈ। ਇੱਥੇ ‘ਅਨ-ਗਊ’ ਗਊ ਦਾ ਵਿਪਰੀਤ
ਹੈ ਅਤੇ ਇਸ 'ਅਨ-ਗਊ' ਦਾ ਨਿਸ਼ੇਧ 'ਗਊ' ਹੈ। ਇਸ ਨੂੰ “ਨਿਸ਼ੇਧ ਦਾ ਨਿਸ਼ੇਧ” ਕਿਹਾ
ਜਾਂਦਾ ਹੈ।
ਇਸ ਵਿਸ਼ੇ ਥੱਲੇ ਦਿਗਨਾਗ ਜਿਨ੍ਹਾ ਚੀਜ਼ਾਂ ਦੇ ਪਰਸਪਰ ਸੰਬੰਧਾ ਦੀ ਚਰਚਾ ਕਰਦੇ ਹਨ,
ਉਹ ਹਨ; ਦ੍ਰਵ, ਗੁਣ, ਕਰਮ, ਵਿਸ਼ੇਸ਼, ਸਾਮਾਨ੍ਯ
ਅਤੇ ਸਮਵਾਯ। ਦਿਗਨਾਗ ‘ਉਪਮਾਨ’ ਅਤੇ ‘ਸ਼ਬਦ’ ਪ੍ਰਮਾਣਾਂ ਦੀ ਵੀ ਕਰੜੀ
ਆਲੋਚਨਾ ਕਰਦੇ ਹਨ।
ਜਾਤਿ
ਜਾਤਿ (ਅਰਥਾਤ ਮਿਥਿਓਤਰ) ਨੂੰ ਕਈ ਪ੍ਰਕਾਰ ਦੀ ਦੱਸਿਆ ਗਿਆ ਹੈ, ਜਿਵੇ:
(1) ਪ੍ਰਾਪਤੀਸਮ, (2) ਅਪ੍ਰਾਪਤੀਸਮ, (3) ਵਰਣਯਸਮ, (4)
ਅਵਰਣਯਸਮ, (5) ਅਨ-ਉਤਪਤੀਸਮ, (6) ਕਾਰਯਸਮ, (7)
ਸਾਧਰਮਯਸਮ, (8) ਵੈਧਰਮਯਸਮ, (9) ਵਿਕਲਪਸਮ, (10)
ਉਪਲਬਧਿਸਮ, (11) ਸਾਮਾਨ੍ਯਸਮ, (12) ਅਰਥਾਪੱਤਿਸਮ, (13)
ਸਾਧ੍ਯਸਮ, (14) ਪ੍ਰਸੰਗਸਮ।
ਦਿਗਨਾਗ ਦੀ ਰਚਨਾ “ਨਿਆਇ ਪ੍ਰਵੇਸ਼”
“ਨਿਆਇ ਪ੍ਰਵੇਸ਼” ਜਾਂ “ਨਿਆਇ ਪ੍ਰਵੇਸ਼ੋਨਾਮ ਪ੍ਰਮਾਣ ਪਰਕਰਣ” ਦਿਗਨਾਗ ਦੀ ਤਰਕ ਦੇ
ਵਿਸ਼ੇ ‘ਤੇ ਇਕ ਹੋਰ ਮਹੱਤਵਪੂਰਣ ਰਚਨਾ ਹੈ, ਜਿਸ ਦਾ ਆਰੰਭ, ਦਿਗਨਾਗ, ਇਸ ਪ੍ਰਕਾਰ
ਕਰਦੇ ਹਨ:
“ਸਪਸ਼ਟੀਕਰਨ ਅਤੇ ਖੰਡਨ ਆਪਣੀਆਂ ਭਰਾਂਤੀਆਂ
(ਆਭਾਸ) ਸਮੇਤ ਦੂਜਿਆ ਨਾਲ ਵਾਦ-ਵਿਵਾਦ ਲਈ ਲਾਭਕਾਰੀ ਹਨ; ਪ੍ਰਤਿਅਕਸ਼
ਅਤੇ ਅਨੁਮਾਨ ਆਪਣੇ ਆਭਾਸ ਸਮੇਤ ਸਵੈ-ਸੂਝ ਲਈ ਲਾਭਕਾਰੀ ਹਨ। ਇਨ੍ਹਾਂ
ਨੂੰ ਇਸੇ ਤਰ੍ਹਾ ਸਮਝਦੇ ਹੋਏ ਮੈਂ ਇਹ ਗ੍ਰੰਥ ਰਚਿਆ ਹੈ।“
ਨਿਆਇਅਵਯਵ
ਜਿਨ੍ਹਾਂ ਵਿਸ਼ਿਆਂ ਬਾਰੇ ਇਸ ਰਚਨਾ ਵਿਚ ਚਰਚਾ ਕੀਤੀ ਗਈ ਹੈ, ਉਹ ਇਸ ਪ੍ਰਕਾਰ ਹਨ:
ਦਲੀਲਬਾਜ਼ੀ (ਵਿਤਰਕ), ਨਿਆਇ ਅਨੁਸਾਰ, ਤਿੰਨ ਸਾਧਨਾਂ ਦੁਆਰਾ ਕੀਤੀ ਜਾਂਦੀ ਹੈ;
ਪੱਖ, ਹੇਤੁ, ਸਾਧ੍ਯ (ਅਨੁਮੇਯ) ਅਤੇ ਦੋ ਉਦਾਹਰਣਾਂ।
ਪੱਖ ਨੂੰ ਕਈ ਬਾਰ ਵਿਸ਼ਾ ਜਾਂ ਧਾਰਮੀ ਵੀ
ਕਿਹਾ ਜਾਂਦਾ ਹੈ। ਆਧੇਯ ਜਾਂ ਸਾਧ੍ਯ ਨੂੰ ਧਰਮ ਵੀ ਕਿਹਾ ਜਾਂਦਾ ਹੈ। ਹੇਤੁ ਨੂੰ
ਲਿੰਗ ਜਾਂ ਸਾਧਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਦਾਹਹਰਣ ਦੋ ਕਿਸਮ ਦੇ ਮੰਨੇ
ਗਏ ਹਨ: (1) ਸਾਧਰਮਯ (ਸਮਰੂਪੀ), ਅਤੇ (2) ਵੈਧਰਮਯ (ਭਿੰਨਰੂਪੀ)।
ਨਿਆਇ ਵਾਕ (ਦਲੀਲਬਾਜ਼ੀ) ਦਾ ਰੂਪ ਇਸ ਪ੍ਰਕਾਰ ਹੈ:
- ਪਰਬਤ ਅਗਨਮਈ ਹੈ,
- ਕਿਉਂਕਿ ਇਸ ਉੱਪਰ ਧੂੰਆ ਹੈ,
- ਜਿੱਥੇ ਵੀ ਧੂੰਆ ਹੈ ਉੱਥੇ ਅੱਗ ਹੈ, ਜੈਸੇ ਰਸੋਈ ਵਿਚ, ਅਤੇ ਜੋ ਅਗਨਮਈ ਨਹੀ
ਹੈ, ਉੱਥੇ ਧੂੰਆ ਵੀ ਨਹੀ ਹੈ, ਜੈਸੇ ਇਕ ਝੀਲ ਵਿਚ।
ਇਸ ਉਦਾਹਰਣ ਵਿਚ ‘ਪਰਬਤ’ ਪੱਖ , ‘ਅਗਨਮਈ’ ਸਾਧ੍ਯ , ‘ਧੂੰਆ’
ਹੇਤੁ ਹੈ, ‘ਰਸੋਈ’ ਸਾਧਰਮਯ ਉਦਾਹਰਣ ਅਤੇ ‘ਝੀਲ’
ਵੈਧਰਮਯ ਉਦਾਹਰਣ ਹੈ।
ਪੱਖ (ਪਕਸ਼)
ਪੱਖ ਅਤੇ ਸਾਧ੍ਯ ਦੇ ਮੇਲ ਨਾਲ ‘ਪ੍ਰਸਤਾਵ’ ਜਾਂ
‘ਪ੍ਰਤਿਗਿਆ’ (ਪ੍ਰਤਿਗ੍ਯ) ਬਣਦਾ ਹੈ, ਜੈਸੇ,
“ਪਰਬਤ (ਪੱਖ) ਅਗਨਮਈ (ਸਾਧ੍ਯ) ਹੈ।“
ਇਕ ਪ੍ਰਸਤਾਵ, ਜਿਸ ਨੂੰ ਸਾਬਤ ਕਰਨਾ ਹੈ, ਉਸ ਨੂੰ ਪਕਸ਼ (ਜਾਂ ਪੱਖ) ਕਿਹਾ
ਜਾਂਦਾ ਹੈ। ਜੋ ਪਕਸ਼ ਸਾਬਤ ਨਾ ਕੀਤਾ ਜਾ ਸਕੇ, ਉਹ ਤਰਕਦੋਸ਼ ਯਾਨੀ ਭੁਲੇਖੇ ਵਾਲਾ ਜਾਂ
“ਆਭਾਸ” ਕਿਹਾ ਜਾਂਦਾ ਹੈ।
ਨਿਮਨਲਿਖਤ ਪਕਸ਼ ਆਭਾਸ (ਜਾਂ ਪਕਸ਼ਾਭਾਸ) ਗਿਣੇ ਜਾਂਦੇ ਹਨ:
- ਪ੍ਰਤਿਗਿਆ ਜੋ ਪ੍ਰਤਿਅਕਸ਼ ਨਾਲ ਨਾ ਮਿਲਦਾ ਹੋਵੇ। ਜੈਸੇ, “ਸ਼ਬਦ (ਆਵਾਜ਼)
ਅਸੁਣਨਯੋਗ ਹੈ।“
- ਪ੍ਰਤਿਗਿਆ ਜੋ ਅਨੁਮਾਨ ਨਾਲ ਨਾ ਮੇਲ ਖਾਂਦਾ ਹੋਵੇ। ਜੈਸੇ, “ਘੜਾ ਨਿੱਤ ਹੈ”।
(ਘੜਾ ਅਨਿੱਤ ਹੈ, ਕਿਉਂਕਿ ਇਹ ਉਤਪਾਦਨ ਹੈ, ਅਤੇ ਜੋ ਉਤਪਾਦਨ ਹੈ ਉਹ ਮਿਟਦਾ ਵੀ
ਹੈ)।
- ਪ੍ਰਤਿਗਿਆ ਜੋ ਲੋਕਮਤ (ਲੋਕ-ਰਾਇ) ਦੇ ਵਿਰੁੱਧ ਹੋਵੇ। ਜੈਸੇ, “ਆਦਮੀ ਦਾ ਸਿਰ
ਸ਼ੁੱਧ ਹੈ, ਕਿਉਂਕਿ ਇਹ ਜੀਵ ਦਾ ਅੰਗ ਹੈ।“ ਕਿਉਂਕਿ ਸ਼ੁੱਧਤਾ ਦਾ ਆਦਮੀ ਦੇ ਅੰਗਾਂ
ਨਾਲ ਕੋਈ ਸੰਬੰਧ ਨਹੀ ਹੈ)।
- ਪ੍ਰਤਿਗਿਆ ਜੋ ਕਿਸੇ ਦੇ ਆਪਣੇ ਵਿਸ਼ਵਾਸ ਜਾਂ ਸਿਧਾਂਤ ਦੇ ਨਾਲ ਮੇਲ ਨਾ ਖਾਂਦਾ
ਹੋਵੇ। ਜੈਸੇ, “ਈਸ਼ਵਰ ਦੀ ਹੋਂਦ ਕੋਈ ਨਹੀ ਹੈ।“ ਕਿਉਂਕਿ ਕਈਆਂ ਦਾ ਈਸ਼ਵਰ ਦੀ ਹੋਂਦ
ਵਿਚ ਪੂਰਾ ਵਿਸ਼ਵਾਸ ਹੈ।
- ਪ੍ਰਤਿਗਿਆ ਜੋ ਕਿਸੇ ਦੇ ਆਪਣੇ ਕਥਨ ਦੇ ਵਿਰੁੱਧ ਹੋਵੇ। ਜੈਸੇ, “ਮੇਰੀ ਮਾਂ
ਬਾਂਝ ਹੈ”। ਇਹ ਕਥਨ ਆਪਣੇ ਆਪ ਵਿਚ ਸਵੈ-ਵਿਰੋਧੀ ਹੈ।
- ਪ੍ਰਤਿਗਿਆ ਜਿਸ ਵਿਚ ‘ਪੱਖ’ ਅਪਰਿਚਿਤ (ਨਾਵਾਕਫ) ਹੋਵੇ। ਜੈਸੇ, ਇਕ ਬੋਧੀ
ਕਿਸੇ ਸਾਂਖ ਦਾਰਸ਼ਨਿਕ ਨੂੰ ਕਹੇ “ਸ਼ਬਦ ਅਨਿੱਤ ਹੈ”। ‘ਸ਼ਬਦ’ ਦੇ ਵਿਸ਼ੇ ਤੋਂ ਸਾਂਖ
ਨਾਵਾਕਫ ਹਨ।
- ਪ੍ਰਤਿਗਿਆ ਜਿਸ ਵਿਚ “ਸਾਧ੍ਯ” ਅਪਰਿਚਿਤ ਹੋਵੇ। ਜੈਸੇ, ਇਕ ਬੋਧੀ ਨੂੰ ਕਿਹਾ
ਜਾਵੇ “ਆਤਮਾ ਸਜੀਵ ਹੈ।“ ਬੋਧੀ ਆਤਮਾ ਵਿਚ ਵਿਸ਼ਵਾਸ ਨਹੀ ਰੱਖਦੇ।
- ਪ੍ਰਤਿਗਿਆ ਜਿਸ ਵਿਚ ਦੋਵੇਂ ‘ਪੱਖ’ ਅਤੇ ‘ਸਾਧ੍ਯ’ ਅਪਰਿਚਿਤ ਹੋਣ। ਜੈਸੇ, ਇਕ
ਬੋਧੀ ਨੂੰ ਕਿਹਾ ਜਾਵੇ “ਆਤਮਾ ਵਿਚ ਭਾਵਨਾਵਾਂ ਹੁੰਦੀਆਂ ਹਨ”। ਪਰ ਬੋਧੀ ਨਾ ਆਤਮਾ
ਅਤੇ ਨਾ ਹੀ ਭਾਵਨਾਵਾਂ ਵਿਚ ਵਿਸ਼ਵਾਸ ਰੱਖਦੇ ਹਨ।
- ਪ੍ਰਤਿਗਿਆ ਜੋ ਪਹਿਲਾ ਹੀ ਵਿਆਪਕ ਤੌਰ ‘ਤੇ ਪ੍ਰਵਾਨ ਕੀਤੀ ਜਾ ਚੁੱਕੀ ਹੋਵੇ।
ਜੈਸੇ, “ਅਗਨੀ ਗਰਮ ਹੈ”।
ਹੇਤੁ ਅਤੇ ਸਾਧ੍ਯ: ਲਿੰਗਸ੍ਯ ਤ੍ਰੈਰੂਪਮ
ਹੇਤੁ ਦੇ ਨਿਮਨਲਿਖਤ ਤਿੰਨ ਲੱਛਣ (ਹੇਤੁਲਕਸ਼ਣ) ਹੋਣੇ ਜ਼ਰੂਰੀ ਹਨ। ਇਨਾਂ
ਨੂੰ ਲਿੰਗਸ੍ਯ ਤ੍ਰੈਰੂਪਮ (ਲਿੰਗ=ਹੇਤੁ)
ਵੀ ਕਿਹਾ ਜਾਂਦਾ ਹੈ।
- ਸਮੁੱਚੇ ‘ਪੱਖ’ ਦਾ ‘ਹੇਤੁ’ ਨਾਲ ਜੁੜਿਆ ਹੋਣਾ ਜ਼ਰੂਰੀ ਹੈ। ਜੈਸੇ,
ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗ, ਪ੍ਰੰਤੂ ਆਕਾਸ਼ ਵਾਂਗ ਨਹੀ।
ਇੱਥੇ ‘ਉਤਪਾਦਨ’ ਹੇਤੁ ਹੈ ਜਿਸ ਵਿਚ ‘ਸ਼ਬਦ’
(ਪੱਖ) ਪੂਰੇ ਤੌਰ ‘ਤੇ ਸਮਾਇਆ ਹੋਇਆ ਹੈ।
-
‘ਹੇਤੁ’ ਨਾਲ ਸੰਕੇਤਕ ਸਭ ਚੀਜ਼ਾਂ ਦਾ ‘ਸਾਧ੍ਯ’
ਨਾਲ ਸੰਕੇਤਕ ਚੀਜ਼ਾਂ ਨਾਲ ਸਮਰੂਪੀ (ਸਮਜਾਤੀ) ਹੋਣਾ ਜ਼ਰੂਰੀ ਹੈ (ਅਰਥਾਤ ਸਾਧਰਮਯ),
ਜੈਸੇ
ਸਭ ਉਤਪਾਦਕ ਚੀਜ਼ਾਂ ਅਨਿੱਤ ਹੁੰਦੀਆਂ ਹਨ,
ਜਿਵੇਂ ਇਕ ਘੜਾ।
-
ਕੋਈ ਵੀ ‘ਸਾਧ੍ਯ’ ਤੋਂ ਵੈਧਰਮਯ (ਭਿੰਨ ਜਾ
ਵਿਜਾਤਿ) ਚੀਜ਼ ‘ਹੇਤੁ’ ਦੀ ਸੰਕੇਤਕ ਚੀਜ਼ ਨਹੀ ਹੋਣੀ ਚਾਹੀਦੀ। ਜੈਸੇ,
ਕੋਈ ਵੀ ਨਿੱਤ ਚੀਜ਼ (ਅਣ-ਅਨਿੱਤ) ਉੱਤਪਾਦਨ ਨਹੀ
ਹੁੰਦੀ, ਆਕਾਸ਼ ਵਾਂਗ (ਕਿਉਂਕਿ ਆਕਾਸ਼ ਨੂੰ ਨਿੱਤ ਮੰਨਿਆ ਗਿਆ ਹੈ)
ਉੱਪਰਲੇ ਤਿੰਨ ਲੱਛਣਾਂ ਨੂੰ ਵਿਆਪਕ (ਸਾਮਾਨ੍ਯਕਰਣ) ਰੂਪ ਵਿਚ ਵਿਚਾਰ ਕੇ
ਚੰਗੀ ਤਰ੍ਹਾ ਸਮਝਿਆ ਜਾ ਸਕਦਾ ਹੈ। ਵਿਗਿਆਨਕ ਖੋਜ (ਅਨਵੇਸ਼ਣ) ਵਿਚ ਸਾਮਾਨ੍ਯਕਰਣ ਦੀ
ਵਿਧੀ ਅਕਸਰ ਵਰਤੀ ਜਾਂਦੀ ਹੈ। ਵਿਸ਼ਿਸ਼ਟ ਨਿਦਰਸ਼ਨਾਂ ‘ਤੇ ਆਧਾਰਤ ਵਿਗਆਨਕ ਨਿਯਮ ਅਤੇ
ਸਿਧਾਂਤ ਸਾਮਾਨ੍ਯ ਨਿਯਮ ਜਾਂ ਸਿਧਾਂਤ ਹੀ ਹੁੰਦੇ ਹਨ। ਜਿਵੇਂ, “ਸਭ ਕਾਂ ਕਾਲੇ ਹਨ।“
ਇਹ ਵਿਆਪਕ ਕਥਨ, ਵਿਅਕਤੀਗਤ ਕਾਵਾਂ ਦੇ ਅਨੇਕਾਂ ਨਿਰੀਖਣਾਂ ‘ਤੇ ਆਧਾਰਤ ਹੈ ਕਿਉਂਕਿ
ਵਿਹਾਰਿਕ ਦਸ਼ਾ ਵਿਚ ਹੋਰ ਰੰਗ ਦੇ ਕਾਂ ਕਦੇ ਵੀ ਨਹੀ ਦੇਖੇ ਗਏ।
ਮੰਨ ਲਓ ਕਿ ਕੋਈ ਪੱਖ ਜਾਂ ਵਿਸ਼ਾ S, ਹੇਤੁ R
ਅਤੇ ਸਾਧ੍ਯ P ਹੈ (ਜਿਸ ਨੂੰ ਸਾਬਤ ਕਰਨਾ ਹੈ)। ਲੱਛਣ (3)
ਦੀ ਪਰਿਭਾਸ਼ਾ ਅਨੁਸਾਰ P ਦਾ ਵੈਧਰਮਯ ਅਣ-P (ਉਹ ਜੋ P
ਨਹੀ ਹੈ) ਲਿਖਿਆ ਜਾ ਸਕਦਾ ਹੈ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਕਰਕੇ ਅਸੀਂ
ਪ੍ਰਤੀਕਾਤਮਕ ਤੌਰ ‘ਤੇ, ਉਪਰਲੇ ਤਿੰਨ ਲੱਛਣਾਂ ਦਾ ਪ੍ਰਗਟਾਵਾ ਇਸ ਪ੍ਰਕਾਰ ਲਿਖ ਸਕਦੇ
ਹਾਂ (ਥੱਲੇ ਦੇਖੋ ਚਿੱਤਰ 2.0):
- ਸਾਰੇ S ਹਨ R (ਭਾਵ ਸਾਰੇ S, R ਦੇ
ਸਮਰੂਪ ਹਨ),
- ਸਾਰੇ R ਹਨ P (ਭਾਵ ਸਾਰੇ R, P
ਦੇ ਸਮਰੂਪ ਹਨ),
- ਕੋਈ R ਨਹੀ ‘ਅਣ-P’ (ਭਾਵ ਕੋਈ ਵੀ R, ਅਣ-P
ਨਹੀ ਹੈ)।
ਹੁਣ, ਤੀਜਾ ਨਾਕਾਰਤਮਕ ਲੱਛਣ (ਅਰਥਾਤ ਕੋਈ R ਨਹੀ ‘ਅਣ-P’)
ਕੇਵਲ ਦੂਜੇ ਸਾਕਾਰਾਤਮਕ ਲੱਛਣਾਂ (ਅਰਥਾਤ (1) ਅਤੇ (2)) ਵਿਚ ਇਕ ਪਹਿਲੂ ਰਾਹੀ
ਪ੍ਰਗਟ ਕੀਤੇ ਸੱਚ ਦੀ ਹੀ ਪੁਸ਼ਟੀ ਕਰਦਾ ਹੈ, ਅਰਥਾਤ "ਸਾਰੇ R ਹਨ P"।
ਇਸ ਲਈ ਅਸੀਂ ਨਾਕਾਰਾਤਮਕ ਪਹਿਲੂ ਨੂੰ ਛੱਡ ਕੇ ਸਿਰਫ ਸਾਕਾਰਾਤਮਕ ਪਹਿਲੂਆਂ ਨੂੰ ਪੇਸ਼
ਕਰ ਸਕਦੇ ਹਾਂ:
- ਸਾਰੇ S ਹਨ R,
- ਸਾਰੇ R ਹਨ P।
ਫਿਰ, ਉਪਰਲੀ ਮਿਸਾਲ ਵਿਚ R ਅਤੇ P ਨੂੰ ਪੂਰਣ ਜਾਂ ਅਪੂਰਣ
(ਆਂਸ਼ਿਕ) ਤੌਰ ‘ਤੇ ਲਿਆ ਜਾ ਸਕਦਾ ਹੈ। ਇਸ ਤਰ੍ਹਾ ਸਾਕਾਰਾਤਮਕ ਪਹਿਲੂਆਂ ਨੂੰ ਹਰ
ਪਹਿਲੂ ਤੋਂ ਇਸ ਪ੍ਰਕਾਰ ਲਿਖਿਆ ਜਾ ਸਕਦਾ ਹੈ,
- (ੳ) ਸਾਰੇ S ਹਨ ਸਾਰੇ R
(ਅ) ਸਾਰੇ S ਹਨ ਕੁਝ R
-
(ੳ) ਸਾਰੇ R ਹਨ ਸਾਰੇ P
(ਅ) ਸਾਰੇ R ਹਨ ਕੁਝ P
ਇਨ੍ਹਾਂ ਦੋਨਾਂ ਪਹਿਲੂਆਂ ਨੂੰ ਮਿਲਾ ਕੇ ਅਸੀਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ
ਨਿਆਇ ਅਵਯਵ (ਜਾਂ ਤਰਕਵਾਕ) ਨਿਮਨਲਿਖਤ ਰੂਪਾਂ ਵਿਚ ਲਿਖੇ ਜਾ ਸਕਦੇ
ਹਨ;
-
|
ਚਿੱਤਰ 2.0 ਹੇਤੁ ਅਤੇ ਸਾਧ੍ਯ ਦੇ ਸੰਬੰਧ |
ਸਾਰੇ S ਹਨ ਸਾਰੇ P (ਸਿੱਟਾ ਜਾਂ ਨਿਸਕਰਸ), ਕਿਉਂਕਿ
ਸਾਰੇ S ਹਨ ਸਾਰੇ R
ਸਾਰੇ R ਹਨ ਸਾਰੇ P
-
ਸਾਰੇ S ਹਨ ਕੁਝ P (ਨਿਸਕਰਸ),
ਕਿਉਂਕਿ
ਸਾਰੇ S ਹਨ ਸਾਰੇ R
ਸਾਰੇ R ਹਨ ਕੁਝ P
-
ਸਾਰੇ S ਹਨ ਕੁਝ P (ਨਿਸਕਰਸ),
ਕਿਉਂਕਿ
ਸਾਰੇ S ਹਨ ਕੁਝ R
ਸਾਰੇ R ਹਨ ਸਾਰੇ P
-
ਸਾਰੇ S ਹਨ ਕੁਝ P (ਨਿਸਕਰਸ),
ਕਿਉਂਕਿ
ਸਾਰੇ S ਹਨ ਕੁਝ R
ਸਾਰੇ R ਹਨ ਕੁਝ P
ਇਸ ਤਰ੍ਹਾ ਅਸੀ ਦੇਖਦੇ ਹਾਂ ਕਿ ਦਿਗਨਾਗ, ਕੇਵਲ ਦੋ ਹੀ ਨਿਸਕਰਸ ਸਵੀਕਾਰ ਕਰਦੇ
ਹਨ:
- ਸਾਰੇ R ਹਨ ਸਾਰੇ P, ਅਤੇ
- ਸਾਰੇ R ਹਨ ਕੁਝ P।
ਇੱਥੇ ਆਪਣੇ ਸਾਮਾਨ੍ਯ ਰੂਪ ਵਿਚ R ਹੇਤੁ ਹੈ ਅਤੇ P
ਸਾਧ੍ਯ ਹੈ।
ਉੱਪਰ ਦੱਸੇ ਲੱਛਣਾਂ ਵਿਚੋਂ ਦੂਜਾ ਅਤੇ ਤੀਜਾ ਇਹ ਦੱਸਦੇ ਹਨ ਕਿ ਹੇਤੁ,
ਵਿਆਪਕ ਅਤੇ ਅਨਿਵਾਰੀ ਤੌਰ ‘ਤੇ ਅਰਥਾਤ ਅਨਿੱਖੜਵੇਂ ਸੰਬੰਧ ਰਾਹੀਂ ਸਾਧ੍ਯ
ਨਾਲ ਜੁੜਿਆ ਹੋਇਆ ਹੈ। ਅਵੱਸ਼ਕ ਰੂਪ ਵਿਚ ਇਹੋ ਸੰਬੰਧ ਹੀ ਤਰਕ-ਵਾਕ
ਦੀ ਵਿਧੀ ਨੂੰ ਵੈਧਤਾ ਦਿੰਦਾ ਹੈ। ਇਸ ਵਿਆਪਕ, ਅਨਿਵਾਰੀ ਅਤੇ
ਅਨਿੱਖੜਵੇਂ ਸੰਬੰਧ ਨੂੰ ਵਿਆਪਤੀ ਕਿਹਾ ਜਾਂਦਾ ਹੈ। ਜੇ ਅਸੀ
ਹੇਤੁ ਨੂੰ R ਅਤੇ ਸਾਧ੍ਯ ਨੂੰ P ਮੰਨ ਲਈਏ ਤਾਂ ਪ੍ਰਤੀਕਾਤਮਕ ਪਦਾਂ
ਵਿਚ ਵਿਆਪਤੀ ਨੂੰ ਇਸ ਪ੍ਰਕਾਰ ਦਰਸਾਇਆ ਜਾ ਸਕਦਾ ਹੈ:
- ਸਾਰੇ R ਹਨ ਸਾਰੇ P, ਅਤੇ
- ਸਾਰੇ R ਹਨ ਕੁਝ P.
ਇਸੇ ਤਰਾਂ ਸਟਾਨਿਸਲਾਅ ਸ਼ੇਯਰ, ਵਿਆਪਤੀ ਨੂੰ ਪ੍ਰਤੀਕਾਤਮਕ ਤਰਕ ਵਿਚ ਇਸ
ਤਰਾਂ ਵਿਅਕਤ ਕਰਦਾ ਹੈ,
(x) φx
É ψx
ਜਿੱਥੇ, φ ਅਤੇ ψ ਯੂਨਾਨੀ
ਅੱਖਰ ਹਨ ਜਿਨਾਂ ਦਾ ਕ੍ਰਮਵਾਰ ਉਚਾਰਣ ਹੈ ‘ਫਾਈ’ ਅਤੇ ‘ਪਸਾਈ’;
É,
ਨੂੰ ਪ੍ਰਤੀਕਾਤਮਕ ਤਰਕ ਵਿਚ ਆਪਾਦਾਨ (ਵਿਅੰਜਨ!) ਕਿਹਾ ਜਾਂਦਾ ਹੈ (ਜੋ ਭਾਵਅਰਥ
ਨੂੰ ਪ੍ਰਗਟ ਕਰਦਾ ਹੈ) ; x, ਇਕ ਪਰਿਵਰਤਨਸ਼ੀਲ
ਰਾਸ਼ੀ (ਜਾਂ ਚਲ ਰਾਸ਼ੀ) ਹੈ; φ ਅਤੇ
ψ ਐਸੇ ਫੰਕਸ਼ਨ (ਫਲਨਿ) ਹਨ ਜਿਨਾਂ ਵਿਚ ਫੰਕਸ਼ਨ
ψ, ਫੰਕਸ਼ਨ φ ਦਾ ਵਿਅੰਜਕ
(ਭਾਵਅਰਥ) ਹੈ। ਸਰਲ ਸ਼ਬਦਾਂ ਵਿਚ ਫੰਕਸ਼ਨ φ, ਫੰਕਸ਼ਨ
ψ ਨੂੰ ਸੰਕੇਤ ਕਰਦਾ ਹੈ; ਜਾਂ “φx
ਦਾ ਭਾਵਅਰਥ ਹੈ ψx” (ਜਿੱਥੇ ਜਿੱਥੇ
φx, ਉੱਥੇ ਉੱਥੇ ψx)। ਹਰੇਕ ਅਧਿਕਰਣ (ਜਾਂ
ਸਥਾਨ) x ਲਈ, ਜਿੱਥੇ ਜਿੱਥੇ φx
ਹੈ, ਉੱਥੇ ਉੱਥੇ ψx ਵੀ ਹੈ। ਅਰਥਾਤ ਜੇ
φ ਨੂੰ ਹੇਤੁ ਮੰਨ ਲਿਆ ਜਾਂਦਾ ਹੈ ਤਾਂ
ਇਹ ਸਾਧ੍ਯ ψ ਦਾ ਭਾਵਅਰਥ ਰਾਹੀਂ ਸੂਚਕ ਹੈ। ਇਸ ਆਧਾਰ
‘ਤੇ ਇਕ ਪ੍ਰਤਿਗਿਆ ‘φa’ ਦਾ ਭਾਵਅਰਥ ਹੋਵੇਗਾ ‘ψa’
(ਜਿੱਥੇ, a, ਇਕ ਪਰਬਤ ਜਾਂ ਕੋਈ ਹੋਰ ‘ਪਕਸ਼’ ਹੋ ਸਕਦਾ
ਹੈ): ਅਥਵਾ φa
É ψa,
ਜਿਸ ਦੇ, ਇਸ ਪ੍ਰਸੰਗ ਵਿਚ, ਅਰਥ ਹਨ; ਪਰਬਤ ਉੱਪਰ ਅੱਗ ਹੈ, ψa,
ਕਿਉਂਕਿ ਉੱਥੇ ਧੂੰਆ ਹੈ, φa।
ਚੌਦਾਂ ਕਿਸਮ ਦੇ ਆਭਾਸ
ਹੇਤੁ ਦੇ ਤਿੰਨ (ਲਿਗਸ੍ਯ ਤ੍ਰੈਰੂਪਮ) ਦੇ ਇਕ ਜਾਂ ਅਧਿਕ ਲੱਛਣਾਂ ਦਾ ਉਲੰਘਣ ਕਰਨ
ਨਾਲ ਚੌਦਾਂ ਕਿਸਮ ਦੇ ਹੇਤਵਾਭਾਸ (ਹੇਤੁ ਦੇ ਤਰਕਦੋਸ਼) ਪੈਦਾ ਹੁੰਦੇ ਹਨ। ਇਹ ਮੁੱਖ
ਤਿੰਨ ਵਿਸ਼ਿਆਂ ਦੇ ਅਧੀਨ ਆਉਂਦੇ ਹਨ: (ੳ) ਅਸਿੱਧ, (ਅ) ਅਨਿਸ਼ਚਿਤ,
ਅਤੇ (ੲ) ਵਿਰੁੱਧ।
(ੳ) ਅਸਿੱਧ
ਜੋ ਸਾਬਤ ਨਾ ਕੀਤਾ ਗਿਆ ਹੋਵੇ। ਜੈਸੇ,
- ਜਦੋਂ ਹੇਤੁ ਦੇ ਸੱਚ ਦੀ ਘਾਟ ਦੋਹਾਂ ਧਿਰਾਂ ਨੇ ਸਵੀਕਾਰ ਕਰ ਲਈ ਹੋਵੇ,
- ਜਦੋਂ ਹੇਤੁ ਦੇ ਸੱਚ ਦੀ ਘਾਟ ਸਿਰਫ ਇਕ ਧਿਰ ਨੇ ਹੀ ਸਵੀਕਾਰ ਕੀਤੀ ਹੋਵੇ,
- ਜਦੋਂ ਹੇਤੁ ਦੇ ਸੱਚ ਬਾਰੇ ਸ਼ੰਕਾ ਜ਼ਾਹਰ ਕੀਤਾ ਜਾਵੇ,
- ਜਦੋਂ ਇਹ ਪ੍ਰਸ਼ਨ ਉਠਾਇਆ ਜਾਵੇ ਕਿ ਕੀ ਹੇਤੁ, ਪਕਸ਼ (ਪੱਖ) ਦੇ ਆਧੇਯ ਯੋਗ ਹੈ
ਜਾਂ ਨਹੀ?
(ਅ) ਅਨਿਸ਼ਚਿਤ
- ਜਦੋਂ ਹੇਤੁ ਬਹੁਤ ਜ਼ਿਆਦਾ ਸਾਧਾਰਣ-ਮਾਤ੍ਰ ਹੋਵੇ, ਜੋ ਬਰਾਬਰ
ਸਾਧ੍ਯ ਵਿਚ ਵੀ ਅਤੇ ਇਸ ਦੇ ਉਲਟ ਪਦ ਵਿਚ ਵੀ ਸ਼ਾਮਲ ਹੋਵੇ। ਇਸ
ਆਭਾਸ ਨੂੰ ਸਾਧਾਰਣ ਆਭਾਸ ਕਿਹਾ ਜਾਂਦਾ ਹੈ।
- ਜਦੋਂ ਹੇਤੁ ਇੱਨਾ ਸਾਧਾਰਣ ਨਾ ਹੋਵੇ ਕਿ ਇਹ ਨਾ ਤਾਂ ਸਾਧ੍ਯ
ਵਿਚ ਹੀ ਅਤੇ ਨਾ ਇਸ ਦੇ ਉਲਟ ਪਦ ਵਿਚ ਹੀ ਪਾਇਆ ਜਾਵੇ। ਇਸ ਆਭਾਸ ਨੂੰ
ਅਸਾਧਾਰਣ ਆਭਾਸ ਕਿਹਾ ਜਾਂਦਾ ਹੈ।
- ਜਦੋਂ ਹੇਤੁ, ਸਾਧ੍ਯ ਦੀਆਂ ਕੁਝ ਇਕ ਸਾਧਰਮ੍ਯ ਚੀਜ਼ਾਂ ਵਿਚ
ਅਤੇ ਵੈਧਰਮ੍ਯ ਦੀਆਂ ਸਾਰੀਆਂ ਚੀਜ਼ਾਂ ਵਿਚ ਸ਼ਾਮਲ ਹੋਵੇ। ਜੈਸੇ,
ਸ਼ਬਦ ਕਿਸੇ ਪ੍ਰਯਤਨ ਦਾ ਉਤਪਾਦਨ ਨਹੀ ਹੈ,
ਕਿਉਂਕਿ ਇਹ ਅਨਿੱਤ ਹੈ।
(ਅਨਿੱਤ ਉਨ੍ਹਾਂ ਕੁਝ ਇਕ ਚੀਜ਼ਾਂ ਵਿਚ ਸ਼ਾਮਲ ਹੈ ਜੋ ਪ੍ਰਯਤਨ ਦਾ ਉਤਪਾਦਨ ਨਹੀ ਹਨ,
ਜਿਵੇਂ ਵਿਦ੍ਯੁਤ (ਆਸਮਾਨੀ ਬਿਜਲੀ), ਅਤੇ ਉਨ੍ਹਾਂ ਸਾਰੀਆਂ ਚੀਜ਼ਾਂ
ਵਿਚ ਸ਼ਾਮਲ ਹੈ ਜੋ ਅਨਉਤਪਾਦਨ ਨਹੀ ਹਨ।)
- ਜਦੋਂ ਹੇਤੁ, ਸਾਧ੍ਯ ਦੀਆਂ ਕੁਝ ਇਕ ਵੈਧਰਮ੍ਯ ਚੀਜ਼ਾਂ ਵਿਚ
ਅਤੇ ਸਾਧਰਮ੍ਯ ਦੀਆਂ ਸਾਰੀਆਂ ਚੀਜ਼ਾਂ ਵਿਚ ਸ਼ਾਮਲ ਹੋਵੇ। ਜੈਸੇ,
ਸ਼ਬਦ ਕਿਸੇ ਪ੍ਰਯਤਨ ਦਾ ਉਤਪਾਦਨ ਨਹੀ ਹੈ,
ਕਿਉਂਕਿ ਇਹ ਅਨਿੱਤ ਹੈ।
(ਅਨਿੱਤ ਉਨ੍ਹਾਂ ਕੁਝ ਇਕ ਚੀਜ਼ਾਂ ਵਿਚ ਸ਼ਾਮਲ ਹੈ ਜੋ ਪ੍ਰਯਤਨ ਦਾ ਉਤਪਾਦਨ ਨਹੀ ਹਨ,
ਜਿਵੇਂ ਵਿਦ੍ਯੁਤ (ਆਸਮਾਨੀ ਬਿਜਲੀ), ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਵਿਚ ਸ਼ਾਮਲ ਹੈ
ਜੋ ਪ੍ਰਯਤਨ ਦਾ ਉਤਪਾਦਨ ਹਨ।)
- ਜਦੋਂ ਹੇਤੁ, ਸਾਧ੍ਯ ਦੀਆਂ ਕੁਝ ਇਕ ਸਾਧਰਮ੍ਯ ਚੀਜ਼ਾਂ ਵਿਚ,
ਅਤੇ ਕੁਝ ਇਕ ਵੈਧਰਮ੍ਯ ਚੀਜ਼ਾਂ ਵਿਚ ਸ਼ਾਮਲ ਹੋਵੇ। ਜੈਸੇ,
ਸ਼ਬਦ ਨਿੱਤ ਹੈ,
ਕਿਉਂਕਿ ਇਹ ਅਭੌਤਿਕ ਹੈ।
- ਜਦੋਂ ਸਵੈ-ਵਿਰੋਧਤਾ ਵਿਚ ਕੋਈ ਭੁਲੇਖਾ ਨਾ ਹੋਵੇ। ਅਰਥਾਤ ਜਦੋਂ ਅਭ੍ਰਾਂਤੀਪੂਰਣ
ਸਵੈਵਿਰੋਧਤਾ ਹੋਵੇ। ਦੂਜੇ ਸ਼ਬਦਾਂ ਵਿਚ, ਜਦੋਂ ਇਕ ਪ੍ਰਸਤਾਵ ਅਤੇ ਇਸ ਦਾ ਵਿਰੋਧੀ
ਪ੍ਰਸਤਾਵ ਦੋਨੋ ਹੀ, ਸਹੀ ਜਾਪਦੇ ਪ੍ਰਮਾਣਾਂ ਦੁਆਰਾ ਪੇਸ਼ ਕੀਤਾ ਗਿਆ ਹੋਵੇ (ਜਾਂ
ਸਹੀ ਪ੍ਰਸਤਾਵਾਂ ਦੁਆਰਾ ਪੁਸ਼ਟੀ ਕੀਤੀ ਗਈ ਹੋਵੇ)।
(ੲ) ਵਿਰੁੱਧ
- ਜਦੋਂ ਹੇਤੁ, ਸਾਧ੍ਯ ਦੇ ਵਿਰੁੱਧ ਹੋਵੇ। ਜੈਸੇ,
ਸ਼ਬਦ ਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ।
(ਉਤਪਾਦਨ ਕਦੇ ਵੀ ਨਿੱਤ ਨਹੀ ਹੁੰਦਾ)
- ਜਦੋਂ ਹੇਤੁ, ਸਾਧ੍ਯ ਦੇ ਨਿਹਿਤ ਅਰਥਭਾਵ ਤੋਂ ਵਿਰੁੱਧ ਹੋਵੇ।
- ਜਦੋ ਹੇਤੁ, ਪਕਸ਼ (ਪੱਖ) ਦੇ ਨਾਲ ਅਸੰਗਤ ਹੋਵੇ (ਬੇਮੇਲ ਹੋਵੇ)।
- ਜਦੋਂ ਹੇਤੁ, ਪੱਖ ਦੇ ਨਿਹਿਤ ਅਰਥਭਾਵ ਨਾਲ ਅਸੰਗਤ ਹੋਵੇ।
ਦ੍ਰਿਸ਼ਟਾਂਤ (ਉਦਾਹਰਣ)
ਦਿਗਨਾਗ ਦੇ ਜੀਵਨਕਾਲ ਤੋਂ ਪਹਿਲਾ, ਦ੍ਰਿਸ਼ਟਾਂਤ ਸਿਰਫ ਇਕ ਸਵੀਕ੍ਰਿਤ ਪੱਖ ਨੂੰ
ਪੱਕੇ ਤੌਰ ‘ਤੇ ਸਮਝਣ ਲਈ ਹੀ ਵਰਤੀ ਜਾਂਦੀ ਸੀ। ਦਿਗਨਾਗ ਨੇ ਇਸ ਨੂੰ ਇਕ ਸਰਵ-ਵਿਆਪਕ
ਪ੍ਰਸਤਾਵ ਦੀ ਸ਼ਕਲ ਵਿਚ ਬਦਲਿਆ ਜੋ ਹੇਤੁ ਅਤੇ ਸਾਧ੍ਯ
ਵਿਚਕਾਰ ਵਿਆਪਕ, ਅਪਰਿਵਰਤਨਯੋਗ ਅਤੇ ਅਟੁਟ ਸੰਬੰਧ ਦੀ ਸੂਚਕ ਬਣੀ ਅਤੇ ਦੋਨਾ ਲਈ
ਕਾਰਣ-ਕਾਰਜ ਜਾਂ ਸਮਵਾਯ ਸੰਬੰਧ ਦਾ ਇਜ਼ਹਾਰ ਕਰਨ ਲੱਗੀ। ਇਸ ਨੂੰ ਅੱਗੇ ਜਾ ਕੇ ‘ਵਿਆਪਤੀ’
ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਇਸ ਖੋਜ ਨੇ ਭਾਰਤੀ ਤਰਕਸ਼ਾਸਤਰ ਦਾ ਨਵਾਂ ਦੌਰ
ਅਰੰਭਿਆ, ਅਤੇ ਇਹ ਮਹਾਨ ਤਰੱਕੀ ਵਿਗਿਆਨਕ ਆਗਮਨ ਤਰਕ ਦਾ ਸਿਧਾਂਤ ਬਣੀ। ਜੈਸੇ,
ਪਰਬਤ ਅਗਨਮਈ ਹੈ,
ਕਿਉਂਕਿ ਇੱਥੇ ਧੂੰਆ ਹੈ,
ਜਿੱਥੇ ਧੂੰਆ ਹੈ, ਉੱਥੇ ਅੱਗ ਹੈ, ਜੈਸੇ ਰਸੋਈ ਵਿਚ। (ਰਸੋਈ, ਸਾਧਰਮ੍ਯ
ਉਦਾਹਰਣ ਹੈ)
ਇਸ ਵਿਚ ਜੇ ਅਸੀ ਕਹੀਏ, ‘ਜੋ ਅਗਨਮਈ ਨਹੀ ਹੈ, ਉੱਥੇ ਧੂੰਆ ਵੀ ਨਹੀ, ਜੈਸੇ ਝੀਲ’
ਤਾਂ ਇਹ ਵੈਧਰਮ੍ਯ ਉਦਾਹਰਣ ਬਣਦੀ ਹੈ।
ਇਸ ਤਰਾਂ ਦ੍ਰਿਸ਼ਟਾਂਤ ਦੋ ਕਿਸਮ ਦੇ ਹਨ; ਸਾਧਰਮ੍ਯ ਅਤੇ
ਵੈਧਰਮ੍ਯ। ਇਹ ਦੋਵੇਂ ਕਈ ਹਾਲਾਤਾਂ ਵਿਚ ਆਭਾਸ ਬਣ ਜਾਂਦੇ ਹਨ,
ਜਿਸ ਤਰ੍ਹਾ ਹੇਠਾਂ ਦਿਖਾਇਆ ਗਿਆ ਹੈ:
ਸਾਧਰਮ੍ਯ ਦ੍ਰਿਸ਼ਟਾਂਤਾਭਾਸ
- ਦ੍ਰਿਸ਼ਟਾਂਤ ਜੋ ਸਾਧ੍ਯ ਨਾਲ ਸਾਧਰਮ੍ਯ ਨਾ ਹੋਵੇ,
- ਦ੍ਰਿਸ਼ਟਾਂਤ ਜੋ ਹੇਤੁ ਨਾਲ ਸਾਧਰਮ੍ਯ ਨਾ ਹੋਵੇ,
- ਦ੍ਰਿਸ਼ਟਾਂਤ ਜੋ ਦੋਵੇਂ ਹੇਤੁ ਅਤੇ ਸਾਧ੍ਯ ਨਾਲ ਸਾਧਰਮ੍ਯ ਨਾ ਹੋਵੇ,
- ਇਕ ਸਾਧਰਮ੍ਯ ਦ੍ਰਿਸ਼ਟਾਂਤ ਜਿਸ ਵਿਚ ‘ਵਿਆਪਤੀ’ (ਹੇਤੁ ਅਤੇ ਸਾਧ੍ਯ ਵਿਚਕਾਰ
ਅਨਿੱਖੜਵਾਂ ਸੰਬੰਧ) ਦੀ ਘਾਟ ਹੋਵੇ। ਇਸ ਨੂੰ ਅਨਨ੍ਵਯ ਵੀ ਕਿਹਾ
ਜਾਂਦਾ ਹੈ,
- ਇਕ ਸਾਧਰਮਯ ਦ੍ਰਿਸ਼ਟਾਂਤ ਜਿਸ ਵਿਚ ਹੇਤੁ ਅਤੇ ਸਾਧ੍ਯ ਦਾ ਉਲਟਾ (ਵਿਪਰੀਤ)
ਸੰਬੰਧ ਹੋਵੇ। ਇਸ ਨੂੰ ਵਿਪਰੀਤਾਨਵਯ ਵੀ ਕਿਹਾ ਜਾਂਦਾ ਹੈ,
ਵੈਧਰਮਯ ਦ੍ਰਿਸ਼ਟਾਂਤਾਭਾਸ
- ਦ੍ਰਿਸ਼ਟਾਂਤ ਜੋ ਹੇਤੁ ਦੇ ਵਿਪਰੀਤ ਤੋਂ ਵੈਧਰਮ੍ਯ ਨਹੀ ਹੈ। ਜੈਸੇ,
ਸ਼ਬਦ ਨਿੱਤ ਹੈ,
ਕਿਉਂਕਿ ਇਹ ਅਭੌਤਿਕ ਹੈ,
ਜੋ ਵੀ ਅਨਿੱਤ ਹੈ, ਉਹ ਅਭੌਤਿਕ ਨਹੀ ਹੈ, ਜਿਵੇਂ ਬੁੱਧੀ।
(ਪਰ ਬੁੱਧੀ ਅਨਿੱਤ ਹੈ, ਹਾਲਾਂਕਿ ਇਹ ਅਭੌਤਿਕ ਹੈ)
-
ਦ੍ਰਿਸ਼ਟਾਂਤ ਜੋ ਪਕਸ਼ (ਪੱਖ) ਦੇ ਵਿਪਰੀਤ ਤੋਂ
ਵੈਧਰਮ੍ਯ ਨਹੀ ਹੈ, ਜੈਸੇ
ਸ਼ਬਦ ਨਿੱਤ ਹੈ,
ਕਿਉਂਕਿ ਇਹ ਅਭੌਤਿਕ ਹੈ,
ਜੋ ਵੀ ਅਨਿੱਤ ਹੈ, ਉਹ ਅਭੌਤਿਕ ਨਹੀ ਹੈ, ਜਿਵੇਂ ਪਰਮਾਣੂ।
(ਪਰਮਾਣੂ ਅਭੌਤਿਕ ਨਹੀ ਹਨ, ਹਾਲਾਂਕਿ ਉਹ ਨਿੱਤ ਹਨ)
-
ਦ੍ਰਿਸ਼ਟਾਂਤ ਜੋ ਨਾ ਤਾਂ ਹੇਤੁ ਦੇ ਵਿਪਰੀਤ ਤੋਂ
ਅਤੇ ਨਾ ਹੀ ਸਾਧ੍ਯ ਦੇ ਵਿਪਰੀਤ ਤੋਂ ਵੈਧਰਮ੍ਯ ਹੋਵੇ, ਜੈਸੇ;
ਸ਼ਬਦ ਨਿੱਤ ਹੈ,
ਕਿਉਂਕਿ ਇਹ ਅਭੌਤਿਕ ਹੈ,
ਜੋ ਵੀ ਅਨਿੱਤ ਹੈ, ਉਹ ਅਭੌਤਿਕ ਨਹੀ ਹੈ, ਜਿਵੇਂ ਇਕ ਘੜਾ।
(ਘੜਾ ਨਾ ਤਾਂ ਨਿੱਤ ਹੈ ਅਤੇ ਨਾ ਹੀ ਅਭੌਤਿਕ)
-
ਉਹ ਵੈਧਰਮ੍ਯ ਦ੍ਰਿਸ਼ਟਾਂਤ ਜਿਸ ਵਿਚ ਹੇਤੁ ਅਤੇ
ਸਾਧ੍ਯ ਦੇ ਵਿਚਕਾਰ ਦਾ ਅਸੰਬੰਧ (ਵਿਯੋਜਨ) ਅਨ-ਉਪਸਥਿਤ ਹੋਵੇ, ਜੈਸੇ;
ਇਹ ਪੁਰਸ਼ ਭਾਵੁਕ ਹੈ,
ਕਿਉਂਕਿ ਇਹ ਵਕਤਾ ਹੈ,
ਜੋ ਵੀ ਅਭਾਵੁਕ ਹੈ, ਉਹ ਵਕਤਾ ਨਹੀ ਹੈ, ਜਿਵੇਂ ਇਕ ਪੱਥਰ।
-
ਵੈਧਰਮ੍ਯ ਦ੍ਰਿਸ਼ਟਾਂਤ ਜਿਸ ਵਿਚ ਹੇਤੁ ਤੇ ਸਾਧ੍ਯ
ਦੇ ਵਿਚਕਾਰ ਦਾ ਵਿਪਰੀਤ ਅਸੰਬੰਧ ਅਨ-ਉਪਸਥਿਤ ਹੋਵੇ, ਜੈਸੇ;
ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਜੋ ਵੀ ਅਨ-ਉਤਪਾਦਨ ਹੈ, ਉਹ ਅਨਿੱਤ ਨਹੀ ਹੈ,
ਜਿਵੇਂ ਆਕਾਸ਼।
(ਇਸ ਦਾ ਵਿਪਰੀਤ ਰੂਪ ਇਸ ਤਰ੍ਹਾ ਹੋਣਾ ਚਾਹੀਦਾ ਹੈ,
ਜੋ ਵੀ ਅਨ-ਅਨਿੱਤ ਹੈ, ਅਰਥਾਤ ਨਿੱਤ ਹੈ,
ਉਤਪਾਦਨ ਨਹੀ ਹੈ, ਜਿਵੇਂ ਆਕਾਸ਼)
ਇਹ ਤਿੰਨੇ ਕਿਸਮ ਦੇ ਆਭਾਸ (ਪਕਸ਼ਾਭਾਸ, ਹੇਤਵਾਭਾਸ ਅਤੇ
ਦ੍ਰਿਸ਼ਟਾਂਤਾਭਾਸ) ਦਲੀਲਬਾਜ਼ੀ (ਤਰਕ) ਦੇ ਆਭਾਸ ਹਨ। ਵਾਦ-ਵਿਵਾਦ ਵਿਚ,
ਦੂਸ਼ਣ ਉਹ ਕ੍ਰਿਆ ਹੈ ਜਿਸ ਰਾਹੀਂ ਵਿਰੋਧੀ ਧਿਰ ਦੀ ਦਲੀਲ ਵਿਚ ਉੱਪਰ ਦਿੱਤੇ
ਆਭਾਸ ਲੱਭ ਕੇ ਸਾਹਮਣੇ ਲਿਆਏ ਜਾਂਦੇ ਹਨ। ਦੂਸ਼ਣਾਭਾਸ (ਦੂਸ਼ਣ ਦਾ
ਆਭਾਸ) ਉਹ ਹੈ ਜਿਸ ਵਿਚ ਆਭਾਸ ਹੋਣ ਦਾ ਊਜ ਲਗਾਇਆ ਗਿਆ ਹੈ, ਜਦ ਕਿ ਦਲੀਲ ਵਿਚ ਆਭਾਸ
ਬਿਲਕੁਲ ਮੌਜੂਦ ਨਹੀ ਹੁੰਦਾ।
ਪ੍ਰਤਿਅਕਸ਼ ਅਤੇ ਅਨੁਮਾਨ
‘ਪ੍ਰਤਿਅਕਸ਼’ ਅਤੇ ‘ਅਨੁਮਾਨ’ ਆਪਣੇ ਆਪ ਲਈ ਸਹੀ ਗਿਆਨ ਦੀਆਂ ਦੋ ਕਿਸਮਾਂ ਹਨ।
ਪ੍ਰਤਿਅਕਸ਼ ਗਿਆਨਇੰਦ੍ਰੀਆਂ ਰਾਹੀਂ ਪ੍ਰਾਪਤ ਕੀਤਾ ਗਿਆਨ ਹੈ। ਇਸ ਵਿਚ ਭਰਮਵਾਲੇ ਜਾਂ
ਛਲਵੇਂ ਅਨੁਭਵਾਂ ਦੀ ਗੁੰਜਾਇਸ਼ ਨਹੀ ਹੁੰਦੀ ਅਤੇ ਨਾ ਹੀ ਇਸ ਦਾ ਸੰਬੰਧ ਨਾਮ,
ਜਾਤੀ ਆਦਿ ਨਾਲ ਹੁੰਦਾ ਹੈ।
ਅਨੁਮਾਨ, ਵਸਤੂਆਂ ਦਾ ਗਿਆਨ ਹੈ ਜੋ ਚਿੰਨ੍ਹ ਜਾਂ ਲਿੰਗ ਜਾਂ ਹੇਤੁ
ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਕਿਉਂਕਿ ਇਨ੍ਹਾਂ ਸਾਧਨਾਂ ਰਾਹੀ ਪ੍ਰਾਪਤ ਕੀਤਾ
ਗਿਆਨ ਆਪਣੇ ਆਪ ਵਿਚ ਪਰਮ-ਗਿਆਨ ਨਹੀ ਹੁੰਦਾ ਇਸ ਲਈ ਇਨ੍ਹਾਂ ਸਾਧਨਾਂ ਨਾਲ ਸੰਬੰਧਤ
ਭਰਮ ਜਾਂ ਆਭਾਸ ਵੀ ਪਾਏ ਜਾਂਦੇ ਹਨ ਜਿਨ੍ਹਾਂ ਨੂੰ ਕ੍ਰਮਵਾਰ ਪ੍ਰਤਿਅਕਸ਼ਾਭਾਸ
ਅਤੇ ਅਨੁਮਾਨਾਭਾਸ ਕਿਹਾ ਜਾਂਦਾ ਹੈ।
“ਪ੍ਰਮਾਣ ਸਮੂਚਯ ਵ੍ਰਿੱਤੀ” - ਦਿਗਨਾਗ
ਇਹ ਦਿਗਨਾਗ ਦੁਆਰਾ ਲਿਖੇ ਆਪਣੇ ਹੀ ਗ੍ਰੰਥ ‘ਪ੍ਰਮਾਣ-ਸਮੂਚਯ’ ਉਪਰ ਸਵੈ-ਟਿੱਪਣੀ
ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਸਮੇ ਦੇ ਗੇੜਾਂ ਵਿਚ ਗੁਆਚ ਚੁੱਕਾ ਹੈ ਪਰ ਤਿੱਬਤੀ
ਅਨੁਵਾਦ ਉਪਲਬਧ ਹੈ। ਇਹ ਵੀ ਪ੍ਰਮਾਣ ਸਮੁਚਯ ਅਨੁਸਾਰ ਛੇ ਕਾਂਡਾਂ
ਵਿਚ ਵੰਡਿਆ ਹੋਇਆ ਹੈ। ਇਸ ਦੇ ਤਿੱਬਤੀ ਰੂਪ ਦੀ ਅੰਤਿਕਾ ਇਸ ਪ੍ਰਕਾਰ ਹੈ, “ਮੰਜੂਨਾਥ
ਦੀ ਪ੍ਰੇਰਣਾ ਦਾ ਪਾਲਣ ਕਰਦੇ ਹੋਏ ਦਿਗਨਾਗ, ਇਕ ਮਹਾਨ ਤਾਰਕਿਕ ਅਤੇ ਪ੍ਰਚੰਡ ਬੁੱਧੀ
ਵਾਲਾ, ਨੇ ਇਹ ਸ਼ਾਸਤਰ ਲਿਖਿਆ ਜੋ ਇਕ ਸਾਗਰ ਜਿੰਨਾ ਗਹਿਰਾ ਹੈ।“
“ਪ੍ਰਮਾਣ ਸ਼ਾਸਤਰ ਨਿਆਇ ਪ੍ਰਵੇਸ਼” - ਦਿਗਨਾਗ
ਅਚਾਰੀਆ ਦਿਗਨਾਗ ਦਾ ਤਰਕਸ਼ਾਤਰ ਦੇ ਵਿਸ਼ੇ ਉੱਪਰ ਲਿਖਿਆ ਇਹ ਇਕ ਹੋਰ ਗ੍ਰੰਥ ਹੈ।
ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਇਸ ਦਾ ਚੀਨੀ ਭਾਸ਼ਾ ਵਿਚ ਅਨੁਵਾਦ ਉਪਲਬਧ
ਹੈ।
“ਆਲੰਬਨ ਪ੍ਰੀਕਸ਼ਾ” ਅਤੇ “ਆਲੰਬਨ-ਪ੍ਰੀਕਸ਼ਾ
ਵ੍ਰਿੱਤੀ” - ਦਿਗਨਾਗ
ਆਲੰਬਨ ਪ੍ਰੀਕਸ਼ਾ ਦਿਗਨਾਗ ਦੀ ਇਕ ਹੋਰ ਰਚਨਾ ਹੈ ਜਿਸ ਦਾ ਮੂਲ
ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ ਉਪਲਬਧ ਹੈ। ਇਸ ਗ੍ਰੰਥ ਵਿਚ
ਸੋਚ-ਵਿਚਾਰ ਦੇ ਵਿਸ਼ਿਆਂ ਦੀ ਪ੍ਰੀਖਿਆ ਕੀਤੀ ਗਈ ਹੈ। ਪ੍ਰਾਚੀਨ ਪਰੰਪਰਾ ਅਨੁਸਾਰ ਇਹ
ਗ੍ਰੰਥ ਵੀ ਬੁੱਧ ਅਤੇ ਬੋਧੀਸਤਵਾਂ ਦੇ ਮੰਗਲਾਚਰਣ ਨਾਲ ਆਰੰਭ ਹੁੰਦਾ ਹੈ।
ਆਲੰਬਨ-ਪ੍ਰੀਕਸ਼ਾ-ਵ੍ਰਿੱਤੀ, ਆਲੰਬਨ-ਪ੍ਰੀਕਸ਼ਾ ਉੱਪਰ ਲਿਖੀ ਗਈ
ਸਵੈ-ਟਿੱਪਣੀ ਹੈ। ਇਸ ਦਾ ਮੂਲ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ ਪਰ ਤਿੱਬਤੀ ਅਨੁਵਾਦ
ਉਪਲਬਧ ਹੈ।
“ਤ੍ਰੈਕਾਲ ਪ੍ਰੀਕਸ਼ਾ” - ਦਿਗਨਾਗ
ਇਸ ਗ੍ਰੰਥ ਵਿਚ ਆਚਾਰੀਆ ਦਿਗਨਾਗ ਤਿੰਨ ਕਾਲਾਂ ਦੀ ਪ੍ਰੀਖਿਆ ਕਰਦੇ ਹਨ। ਤਿੱਬਤੀ
ਰੂਪ ਤੋਂ ਇਲਾਵਾ, ਇਸ ਦਾ ਸੰਸਕ੍ਰਿਤ ਰੂਪ ਗੁਆਚ ਚੁੱਕਾ ਹੈ।
------------------
ਅਗਲੀ ਕਿਸ਼ਤ ਵਿਚ ਅਸੀ ਬੋਧੀ ਤਾਰਕਿਕ ਆਚਾਰੀਆ ਧਰਮਕੀਰਤੀ ਅਤੇ ਹੋਰ ਤਾਰਕਿਕਾਂ
ਦੀਆਂ ਰਚਨਾਵਾਂ ਬਾਰੇ ਚਰਚਾ ਕਰਾਂਗੇ।
... ਚਲਦਾ
|