|
ਭਾਰਤ ਦੇ ਆਕਾਰਗਤ ਤਰਕਸ਼ਾਸਤਰ ਦੀ ਬੁਨਿਆਦ ਇਸ ਦੀ ਸਾਹਿਤਕ
ਟੀਕਾ ਅਤੇ ਵਾਦਵਿਦਿਆ ਪਰੰਪਰਾ ਵਿਚ ਹੈ। 4ਥੀ ਸਦੀ ਈਸਾ ਪੂਰਵ (ਈਪੂ) ਦੇ ਕਰੀਬ
ਵੈਦਿਕ ਗ੍ਰੰਥਾਂ ਦੇ ਟੀਕਾਕਾਰਾਂ ਅਤੇ ਭਾਸ਼ਕਾਰਾਂ ਦੇ ਵਿਭਿੰਨ ਸੰਪ੍ਰਦਾਇਆਂ ਨੇ ਐਸੀ
ਵਿਧੀ ਦਾ ਸ਼ੁਰੂਆਤ ਕੀਤਾ ਜੋ ਅੱਗੇ ਚਲ ਕੇ ਤਰਕਸ਼ਾਸਤਰ ਬਣਿਆ। ਇਸ ਦੇ ਵਿਕਾਸ ਦਾ
ਇਤਿਹਾਸ ਸਦੀਆਂ ਪੁਰਾਣਾ ਹੈ, ਅਤੇ ਇਸ ਦਾ ਸੰਬੰਧ ਸੱਚ (ਸਤਿ) ਦੀ ਖੋਜ ਨਾਲ ਜੁੜਿਆ
ਰਿਹਾ ਹੈ। ਮੁੱਢ-ਕਦੀਮ ਤੋਂ ਹੀ ਭਾਰਤੀ ਦਾਰਸ਼ਨਿਕਾਂ (ਰਿਸ਼ੀਆਂ-ਮੁਨੀਆਂ) ਦਾ ਰੁਝਾਨ
ਗਿਆਨ ਦੀ ਪ੍ਰਾਪਤੀ ਰਿਹਾ। ਵੇਦਾਂ ਤੋਂ ਲੈ ਕੇ ਗੁਰੂ ਨਾਨਕ ਕਾਲ ਤੱਕ ਸੱਚੇ ਗਿਆਨ ਦੀ
ਪ੍ਰਾਪਤੀ ਮਨੁੱਖੀ ਜੀਵਨ ਦਾ ਆਦਰਸ਼ ਮੰਨਿਆ ਗਿਆ। ਜੀਵਨ-ਮੁਕਤੀ ਜਾਂ ਨਿਰਵਾਣ ਦੀ
ਪ੍ਰਾਪਤੀ ਯਥਾਰਥ ਗਿਆਨ ਨਾਲ ਹੀ ਸੰਭਵ ਹੋ ਸਕਦੀ ਹੈ। ਅਧਿਆਤਮਕ ਵਿਚਾਰਧਾਰਾ ਅਨੁਸਾਰ
ਮਾਨਵ ਜੀਵਨ ਦਾ ਮਕਸਦ ਆਤਮਾ ਅਤੇ ਪਰਮਾਤਮਾ (ਬ੍ਰਹਮ) ਨੂੰ ਪਾਉਂਣਾ ਹੈ, ਅਤੇ ਇਹ ਲਕਸ਼
ਸਿਰਫ਼ ਗਿਆਨ ਪ੍ਰਾਪਤ ਕਰਨ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਗਿਆਨ ਹੀ ਜੀਵਨ ਮਨੋਰਥ
ਹੈ। ਜੇ ਗਿਆਨ ਦਾ ਇਤਨਾ ਹੀ ਮਹੱਤਵ ਹੈ ਤਾਂ ਸੁਭਾਵਕ ਹੀ ਇਹ ਸਵਾਲ ਉੱਠਿਆ ਕਿ ਗਿਆਨ
ਕੀ ਹੈ? ਕਿਸ ਚੀਜ਼ ਬਾਰੇ? ਸਾਨੂੰ ਕਿਸ ਤਰ੍ਹਾ ਪਤਾ ਲੱਗੇ ਕਿ ਸਾਡਾ ਗਿਆਨ ਸਹੀ ਹੈ?
ਗਿਆਨ ਹਾਸਲ ਕਰਨ ਦਾ ਤਰੀਕਾ ਕੀ ਹੈ (ਪ੍ਰਮਾਣ)? ਗਿਆਨ ਦੀ ਵੈਧਤਾ ਕਿਸ ਤਰ੍ਹਾ ਪਛਾਣੀ
ਜਾ ਸਕਦੀ ਹੈ? ਸੱਚੇ ਅਤੇ ਝੂਠੇ ਗਿਆਨ ਵਿਚ ਕੀ ਅੰਤਰ ਹੈ? ਖਰੇ ਅਤੇ ਖੋਟੇ ਗਿਆਨ ਦੇ
ਕੀ ਲੱਛਣ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਤਰਕਸ਼ਾਸਤਰ ਦਾ ਨਿਰਮਾਣ ਕੀਤਾ
ਗਿਆ।
ਭਾਰਤ ਵਿਚ ਪੁਰਾਤਨ ਸਮਿਆਂ ਤੋਂ ਹੀ ਮਨੁੱਖ ਨੇ ਸੱਚ ਦੀ
ਖੋਜ ਦੇ ਸਿਲਸਿਲੇ ਵਿਚ ਵਾਦ-ਵਿਵਾਦ ਦੀ ਪਰੰਪਰਾ ਸਥਾਪਤ ਕੀਤੀ ਜਿਸ ਵਿਚ ਦਲੀਲ ਅਤੇ
ਤਰਕਣ-ਕ੍ਰਿਆ ਦਾ ਵੀ ਪ੍ਰਯੋਗ ਕੀਤਾ ਗਿਆ ਅਤੇ ਇਸ ਦੇ ਕੁੱਝ ਨਿਯਮਾਂ ਦੀ ਸਥਾਪਨਾ
ਕੀਤੀ। ਵੈਦਿਕ ਅਤੇ ਉਪਨਿਸ਼ਦ ਦੇ ਸਮਿਆ ਵਿਚ ਇਸ ਤਰ੍ਹਾਂ ਦੀਆਂ ਬੌਧਿਕ ਗੋਸ਼ਟੀਆਂ ਨੂੰ
“ਵਾਕੋਵਾਕ੍ਯ” ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਅਨੇਕਾ ਭਾਰਤੀ ਦਾਰਸ਼ਨਿਕਾਂ ਅਤੇ
ਬੁੱਧੀ-ਜੀਵੀਆਂ ਨੇ ਇਸ ਵਿਚ ਆਪਣਾ-ਆਪਣਾ ਯੋਗਦਾਨ ਪਾਇਆ। ਵੈਦਿਕ ਸਮਿਆ ਵਿਚ ਇਸ ਵਿਧੀ
ਜਾਂ ਵਿਦਿਆ ਨੂੰ 'ਆਨਵੀਕਸ਼ਿਕੀ' ਨਾਮ ਨਾਲ ਜਾਣਿਆ ਜਾਂਦਾ ਸੀ। ਸੰਸਕ੍ਰਿਤ ਸ਼ਬਦ ‘ਵੀਕਸ਼’
ਦਾ ਅਰਥ ਹੈ ‘ਵੇਖਣਾ’, ਅਤੇ ਇਸ ਦੇ ਅਗੇਤਰ ‘ਅਨੁ’ ਲਗਾਉਣ ਨਾਲ ‘ਆਨਵੀਕਸ਼ਿਕੀ’ ਸ਼ਬਦ
ਬਣਿਆ। ਆਨਵੀਕਸ਼ਿਕੀ ਦੀ ਸਹਾਇਤਾ ਨਾਲ ਹੋਰ ਵਿਦਿਆਵਾਂ ਦੀ ਤੁਲਨਾਤਮਕ ਸ਼ਕਤੀ ਅਤੇ
ਉਨ੍ਹਾਂ ਦੀ ਊਣਤਾਈ ਦਾ ਪਤਾ ਲਗਦਾ ਹੈ। ਕਿਸੇ ਸਮੱਸਿਆ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰ
ਸਕਣ ਦੀ ਸਮਰੱਥਾ, ਮਨ ਅਤੇ ਬੁੱਧੀ ਵਿਚ ਇਕੋ ਜਿਹਾ ਠਹਿਰਾਉ ਅਤੇ ਮਾਨਸਿਕ ਸੰਜਮ ਕਾਇਮ
ਰੱਖਣ ਦੀ ਸਮਰੱਥਾ ਵੀ ਆਨਵੀਕਸ਼ਿਕੀ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਇਸ ਦੀ ਸਹਾਇਤਾ
ਨਾਲ ਉਚੇਰਾ ਚਿੰਤਨ ਕਰ ਸਕਣ ਦੀ ਸ਼ਕਤੀ ਦੇ ਨਾਲ ਨਾਲ ਵਾਰਤਾਲਾਪ ਅਤੇ ਕੰਮ-ਕਾਜ ਵਿਚ
ਉਚੇਰੀ ਸਫਲਤਾ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ, ਇਹ ਵਿਧੀ ਗਿਆਨ ਦੇ ਅਨੇਕ ਸਾਧਨਾਂ
ਵਿਚੋਂ ਇਕ ਮੰਨੀ ਜਾਂਦੀ ਸੀ। ਕਈ ਵਿਚਾਰਕਾਂ ਨੇ ਇਸ ਨੂੰ ਆਤਮ-ਵਿਦਿਆ ਦਾ ਨਾਮ ਦੇ ਕੇ
ਵੇਦਾਂ ਦਾ ਹੀ ਅੰਗ ਮੰਨਿਆ। ਕੌਟਿਲਿਆ ਨੇ (327 ਈਪੂ) ਆਨਵੀਕਸ਼ਿਕੀ ਨੂੰ ਵੇਦਾਂ ਤੋਂ
ਭਿੰਨ ਪ੍ਰਕਾਰ ਦਾ ਅਧਿਐਨ ਮੰਨਿਆ ਅਤੇ ਇਸ ਦੇ ਅਧਿਐਨ ਵਿਸ਼ੇ “ਆਤਮਾ” ਅਤੇ “ਤਰਕਣ” ਦੇ
ਨਿਯਮ ਮੰਨੇ। ਆਨਵੀਕਸ਼ਿਕੀ ਉਹ ਸ਼ਾਸਤਰ ਹੈ ਜਿਸ ਰਾਹੀਂ ਪ੍ਰਤੱਖ (ਇੰਦ੍ਰੀਆਂ ਦੁਆਰਾ
ਸਿੱਧਾ ਗਿਆਨ) ਅਤੇ ਧਰਮਗ੍ਰੰਥਾਂ ਦੁਆਰਾ ਹਾਸਲ ਗਿਆਨ ਦੀ ਸੱਚਾਈ ਨੂੰ ਹੋਰ ਛਾਣਬੀਣ
ਕਰਕੇ ਪਰਖਿਆ ਜਾਦਾ ਸੀ। ਭਾਵ ਉਨ੍ਹਾਂ ਵੇਲਿਆਂ ਵਿਚ ਇਹੋ ਜਿਹੈ ਵਿਦਵਾਨ ਵੀ ਸਨ ਜੋ
ਵੇਦਾਂ ਅਤੇ ਉਪਨਿਸ਼ਦਾਂ ਦੇ ਗਿਆਨ ਨੂੰ ਬਗ਼ੈਰ ਕਸੌਟੀ ਦੇ ਪ੍ਰਵਾਨ ਨਹੀ ਸਨ ਕਰਦੇ। ਇਹ
ਕਸੌਟੀ ਤਰਕਸ਼ਾਸਤਰ ਦੀ ਵਿਧੀ ਸੀ।
ਵੈਦਿਕ ਸਮਿਆਂ ਤੋਂ ਹੀ (1500-600 ਈਪੂ), ਭਾਰਤੀ
ਦਰਸ਼ਨਸ਼ਾਸਤਰ ਪਰੰਪਰਾ ਵਿਚ “ਆਤਮਾ” ਅਤੇ “ਬ੍ਰਹਮਾ” ਦੇ ਸੰਕਲਪ ਹਰ ਵਿਚਾਰਾਧਾਰਾ ਵਿਚ
ਮਹੱਤਵਪੂਰਣ ਵਿਸ਼ਾ ਬਣੇ ਰਹੇ ਹਨ। ਭਾਵੇ ਵੇਦਾਂ ਵਿਚ ਇਨ੍ਹਾਂ ਵਿਸ਼ਿਆਂ ਦਾ ਸਪਸ਼ਟ ਤੌਰ
ਤੇ ਜ਼ਿਕਰ ਨਹੀਂ ਆਉਂਦਾ, ਪਰ ਫਿਰ ਵੀ ਇਸ ਵਲ ਇਸ਼ਾਰਾ ਜ਼ਰੂਰ ਮਿਲਦਾ ਹੈ ਕਿ ਪਦਾਰਥ
ਰੂਪੀ ਸੰਸਾਰ ਤੋਂ ਉੱਪਰ ਜ਼ਰੂਰ ਕੋਈ ਚੇਤਨ ਸ਼ਕਤੀ ਹੋ ਸਕਦੀ ਹੈ। ਇਨ੍ਹਾ ਵਿਚਾਰਾਂ ਦਾ
ਪੂਰੀ ਤਰ੍ਹਾ ਵਿਕਾਸ ਉਪਨਿਸ਼ਦਾਂ ਵਿਚ ਹੋਇਆ ਜੋ 900-600 ਈਪੂ ਦੇ ਲੰਬੇ ਅਰਸੇ ਦੌਰਾਨ
ਰਚੇ ਮੰਨੇ ਜਾਂਦੇ ਹਨ। ਉਪਨਿਸ਼ਦ ਭਾਰਤੀ ਅਧਿਆਤਮਕ ਵਿਚਾਰਧਾਰਾ ਦੇ ਪ੍ਰਮੁੱਖ ਆਧਾਰ
ਮੰਨੇ ਗਏ ਹਨ। ਉਪਨਿਸ਼ਦਾਂ ਵਿਚ ਵੈਦਿਕ ਧਰਮ ਦਾ ਸਥਾਨ ਦਰਸ਼ਨਸ਼ਾਸਤਰ ਅਤੇ ਵੈਦਿਕ
ਭਾਵੁਕਤਾ ਅਤੇ ਕਲਪਨਾ ਦਾ ਸਥਾਨ ਵਿਚਾਰ ਅਤੇ ਤਰਕ-ਗਿਆਨ ਨੇ ਲੈ ਲਿਆ। ਇਨ੍ਹਾਂ
ਗ੍ਰੰਥਾਂ ਦੇ ਰਚਨਾਕਾਰ ਰਿਸ਼ੀ, ਤੱਤ ਦੇ ਜਿਗਿਆਸੂ ਸਨ। ਵੇਦਾਂ ਤੋਂ ਹਟ ਕੇ ਉਨ੍ਹਾਂ
ਦਾ ਉਦੇਸ਼ ਦੇਵੀ-ਦੇਵਤਿਆਂ ਨੂੰ ਵਲ਼ੀਆਂ ਦੇ ਕੇ ਖੁਸ਼ ਕਰਨਾ ਨਹੀ ਬਲਕਿ ਆਤਮਾ ਦਾ ਗਿਆਨ
ਪ੍ਰਾਪਤ ਕਰਨਾ ਸੀ।
ਉਪਨਿਸ਼ਦ ਸ਼ਬਦ ਦਾ ਅਰਥ ਹੈ ‘ਨੇੜੇ ਸ਼ਰਧਾ ਨਾਲ ਬੈਠਣਾ’।
ਭਾਵ ਗੁਰੂ ਦੇ ਬਚਨ ਅਤੇ ਉਪਦੇਸ਼ ਸੁਣਨ ਲਈ ਉਸ ਦੇ ਕੋਲ ਸ਼ਰਧਾ ਨਾਲ ਬੈਠਣਾ। ਇਸ ਤਰ੍ਹਾ
ਉਪਨਿਸ਼ਦ ਦਾ ਅਰਥ, ਗੁਰੂ ਤੋਂ ਗਿਆਨ ਪ੍ਰਾਪਤ ਕਰਨਾ ਹੈ। ਇਸ ਪਰੰਪਰਾ ਅਨੁਸਾਰ ਸ਼ਿਸ਼
ਆਪਣੇ ਗੁਰੂ ਕੋਲ ਬੈਠਕੇ ਵਾਰਤਾਲਾਪ ਰਾਹੀਂ ਗਿਆਨ ਪ੍ਰਾਪਤ ਕਰਦੇ ਸਨ।
ਉਪਨਿਸ਼ਦਾਂ ਵਿਚ ਆਤਮਾ ਦੀ ਪਰਿਭਾਸ਼ਾ ਇਸ ਤਰ੍ਹਾ ਦਿੱਤੀ ਗਈ
ਹੈ: “ਆਤਮਾ ਉਹ ਹੈ ਜੋ ਪਾਪ ਤੋਂ ਮੁਕਤ ਹੈ, ਜਰਾ ਤੋਂ ਮੁਕਤ ਹੈ, ਦੁੱਖਾਂ ਤੋਂ ਰਹਿਤ
ਹੈ, ਭੁੱਖ ਪਿਆਸ ਤੋਂ ਰਹਿਤ ਹੈ, ਨਾ ਇਹ ਜਨਮਦੀ ਹੈ ਨਾ ਮਰਦੀ ਹੈ। ਮੌਤ ਇਸ ਨੂੰ ਛੂ
ਨਹੀ ਸਕਦੀ। ਇਸ ਨੂੰ ਤੋੜ ਫੋੜ ਨਹੀ ਕੀਤਾ ਜਾ ਸਕਦਾ। ਸਥਿਰਤਾ, ਇਕ ਲਯ, ਏਕਤਾ, ਅਤੇ
ਨਿੱਤਤਾ ਇਸ ਦੇ ਖਾਸ ਗੁਣ ਹਨ। ਦੇਹ, ਜੋ ਉਤਪੰਨ ਹੁੰਦੀ ਹੈ, ਵਧਦੀ ਹੈ, ਕਮਜ਼ੋਰ ਹੁੰਦੀ
ਹੈ, ਮਰਦੀ ਹੈ, ਭੁੱਖ ਭੋਗਦੀ ਹੈ, ਉਹ ਆਤਮਾ ਨਹੀ ਹੈ। ਇਹ ਨਾ ਤਾ ਨਾਸ ਹੋਣ ਵਾਲੀ ਹੈ
ਅਤੇ ਨਾ ਹੀ ਇਸ ਦੀ ਕੋਈ ਸੀਮਾ ਹੈ। ਆਤਮਾ ਤੋਂ ਬਗੈਰ ਕੋਈ ਗਿਆਨ, ਕਲਾ ਜਾ ਨੈਤਿਕਤਾ
ਸੰਭਵ ਨਹੀ ਹੈ। ਆਤਮਾ ਦੀ ਹੋਂਦ ਤੋਂ ਹੀ ਸਾਰੀਆਂ ਵਸਤੂਆਂ ਦੀ ਹੋਂਦ ਹੈ, ਪਰ ਆਤਮਾ
ਆਪ ਵਸਤੂ ਨਹੀ ਹੈ। ਇਹ ਸਰਵਅੰਤਰਯਾਮੀ ਅਤੇ ਸਰਵ ਵਿਆਪਕ ਹੈ। ਸਾਰਾ ਬ੍ਰਹਿਮੰਡ ਇਸ ਦੇ
ਅੰਦਰ ਵਾਸ ਕਰਦਾ ਹੈ ਅਤੇ ਇਸ ਦੇ ਅੰਦਰ ਸਾਹ ਲੈਂਦਾ ਹੈ। ਚੰਨ ਅਤੇ ਸੂਰਜ ਇਸ ਦੀਆਂ
ਅੱਖਾਂ ਹਨ, ਆਕਾਸ਼ ਦੀਆਂ ਚਾਰੇ ਦਿਸ਼ਾਵਾਂ ਇਸ ਦੇ ਕੰਨ ਹਨ, ਵਾਯੂ ਇਸ ਦਾ ਸਾਹ ਹੈ। ਇਹ
ਆਤਮਾ, ਜਿਸ ਵਿਚ ਸਾਰਾ ਸੰਸਾਰ ਸਮਾਇਆ ਹੋਇਆ ਹੈ, ਇੱਕੋ ਇੱਕ ਯਥਾਰਥ ਹੋਂਦ ਹੈ। ਇਹ
ਆਤਮਾ ਹੀ ਪੂਰਨ ਵਿਸ਼ਵ ਹੈ। ਮਨੁੱਖੀ ਜੀਵ-ਆਤਮਾ ਵੀ ਇਹ ਹੀ ਹੈ। “ਮੈਂ” ਹੀ ਅਸਲ ਵਿਚ
ਇਹ ਸਭ ਕੁੱਝ ਹਾਂ।“
“ਇਸ ਤਰ੍ਹਾਂ ਇਹ ਮਹਾਨ ਅਤੇ ਜਨਮ-ਰਹਿਤ ਆਤਮਾ ਅਜਰ, ਅਮਰ,
ਅਮ੍ਰਿਤ, ਅਭੈ ਤੇ ਬ੍ਰਹਮ ਹੈ। ਬ੍ਰਹਮ ਹੀ ਅਭੈ-ਰੂਪ ਹੈ। ਜਿਹੜਾ ਵਿਅਕਤੀ ਇਸ ਸਚਾਈ
ਨੂੰ ਜਾਣਦਾ ਹੈ, ਉਹ ਆਪ ਵੀ ਅਭੈ-ਰੂਪ ਬ੍ਰਹਮ ਹੋ ਜਾਂਦਾ ਹੈ” (ਬ੍ਰਿਦਾਰਣਿਅਕ
ਉਪਨਿਸ਼ਦ)
ਉਪਨਿਸ਼ਦਾਂ ਦਾ ਆਤਮਾ ਬਾਰੇ ਅਧਿਐਨ ਆਤਮ-ਵਿਦਿਆ ਦੇ ਨਾਮ
ਨਾਲ ਜਾਣਿਆ ਜਾਂਦਾ ਸੀ।
ਇਸ ਦਾ ਕੀ ਸਬੂਤ ਹੈ ਕਿ ਇਹੋ ਜਿਹੀ ਆਤਮਾ ਹੈ? ਇਹ ਸਭ
ਕੁਝ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ? ਇਸ ਦੇ ਗੁਣਾਂ ਦੀ ਕੀ ਹਕੀਕਤ ਹੈ? ਇਸ
ਪਰਿਵਰਤਨਸ਼ੀਲ ਸੰਸਾਰ ਵਿਚ ਅਪਰਿਵਰਤਨਸ਼ੀਲ ਵਸਤੂ ਕਿਸ ਤਰ੍ਹਾ ਹੋ ਸਕਦੀ ਹੈ? ਇਸ ਵਿਚ
ਕੋਈ ਸੰਦੇਹ ਨਹੀ ਕਿ ਆਤਮਾ ਦੀ ਇਸ ਪਰਿਭਾਸ਼ਾ ਉਪਰ ਸਵਾਲ ਵੀ ਕੀਤੇ ਜਾਂਦੇ ਹੋਣਗੇ, ਇਸ
ਵਿਚਾਰਧਾਰਾ ਦੀ ਵਿਰੋਧਤਾ ਵੀ ਲਗਾਤਾਰ ਹੁੰਦੀ ਹੋਏਗੀ। ਇਨ੍ਹਾਂ ਸਵਾਲਾਂ ਦੇ ਜਵਾਬ
ਦੇਣ ਲਈ ਆਨਵੀਕਸ਼ਿਕੀ ਦਾ ਨਿਰਮਾਣ ਹੋਇਆ। ਇਸ ਦਾ ਵਿਸ਼ਾ-ਵਸਤੂ ਜਾਂਚ-ਪੜਤਾਲ ਸੀ।
ਆਨਵੀਕਸ਼ਿਕੀ ਦੁਆਰਾ, ਆਤਮ-ਵਿਦਿਆ ਵਿਚ ਆਤਮਾ ਦੇ ਸਰੂਪ ਅਤੇ ਹੋਣੀ ਬਾਰੇ ਕੀਤੇ
ਦਾਅਵਿਆਂ ਦੀ ਪੁਸ਼ਟੀ ਲਈ ਕਾਰਣ ਅਤੇ ਸਬੂਤ ਪੇਸ਼ ਕੀਤੇ ਗਏ, ਹਾਲਾਂਕਿ ਪਰਿਭਾਸ਼ਾ ਵਿਚ
ਇਹ ਵੀ ਕਿਹਾ ਗਿਆ ਸੀ ਕਿ ਆਤਮਾ ਨੂੰ ਤਰਕਪੂਰਣ ਦਲੀਲਾਂ (ਤਰਕ-ਵਿਤਰਕ) ਨਾਲ ਨਹੀਂ
ਜਾਣਿਆ ਜਾ ਸਕਦਾ।
ਆਨਵੀਕਸ਼ਿਕੀ ਦੇ ਵਿਸ਼ੇ
ਆਨਵੀਕਸ਼ਿਕੀ ਦੇ ਦੋ ਵਿਸ਼ਾ-ਵਸਤੂ ਸਨ: 'ਆਤਮਾ' ਅਤੇ 'ਹੇਤੁ' (
ਕਾਰਣਾ ਦਾ ਸਿਧਾਂਤ)। ਹੇਤੁ ਤੋਂ ਭਾਵ ਹੈ ਕਾਰਣ ਅਤੇ ਕਾਰਜ ਦਾ ਇਕ ਸਾਥ ਵਰਣਨ
ਕਰਨਾ। “ਜਿਨਿ ਸੇਵਿਆ ਤਿਨਿ ਪਾਇਆ ਮਾਨੁ” – ਇਸ ਸਲੋਕ ਵਿਚ ਵਿਚ ‘ਸੇਵਨ’ ਕਾਰਣ ਹੈ,
‘ਮਾਨ’ ਦੀ ਪ੍ਰਾਪਤੀ ਕਾਰਜ ਹੈ। ਕਾਰਜ-ਕਾਰਣ ਦੀ ਵਿਦਿਆ ਨੂੰ ‘ਹੇਤੁ’ ਕਿਹਾ ਜਾਂਦਾ
ਹੈ। ਕੌਟਿਲਿਆ (327 ਈਪੂ) ਨੇ ਹੇਤੁਸ਼ਾਸਤਰ ਨੂੰ ਬੜਾ ਫਾਇਦੇਮੰਦ ਦੱਸਿਆ ਅਤੇ ਕਿਹਾ
ਕਿ ਇਹ ਆਦਮੀ ਨੂੰ ਆਪਣੀ ਮਾਨਸਕ ਕਮਜ਼ੋਰੀ ਅਤੇ ਤਾਕਤ ਦੇ ਅੰਦਾਜ਼ੇ ਦੇ ‘ਕਾਰਣ’ ਮੁਹਈਆ
ਕਰਦਾ ਹੈ, ਬੁੱਧੀ ਨੂੰ ਪਰੇਸ਼ਾਨੀ ਅਤੇ ਬੇਚੈਨੀ ਤੋਂ ਬਚਾ ਕੇ ਰੱਖਦਾ ਹੈ, ਬੁੱਧੀ ਨੂੰ
ਬੋਲਣ-ਸ਼ਕਤੀ ਅਤੇ ਸਰਗਰਮੀ ਦਿੰਦਾ ਹੈ, ਬਾਰੀਕੀ ਅਤੇ ਤਾਕਤ ਬਖ਼ਸ਼ਦਾ ਹੈ। ਇਨ੍ਹਾਂ
ਕਾਰਣਾ ਕਰਕੇ ਇਸ ਨੂੰ ਤਰਕ-ਵਿਦਿਆ (ਬਹਿਸ ਅਤੇ ਦਲੀਲਬਾਜ਼ੀ ਦੀ ਕਲਾ) ਜਾਂ ਵਾਦ-ਵਿਦਿਆ
(ਵਿਚਾਰ-ਵਿਮਰਸ਼ ਕਰਨ ਦੀ ਕਲਾ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਤਰਕ-ਵਿਦਿਆ ਅਤੇ
ਵਾਦ-ਵਿਦਿਆ ਵਿਚ ਬਹਿਸ ਦੇ ਅਸੂਲਾਂ ਅਤੇ ਨਿਯਮਾਂ ਦੀ ਚਰਚਾ ਕੀਤੀ ਗਈ ਹੈ। ਇਨ੍ਹਾਂ
ਅਸੂਲਾਂ ਦੇ ਅਧੀਨ ਹੀ ਵਿਦਵਾਨਾਂ ਦੀਆਂ ਪ੍ਰੀਸ਼ਦਾਂ ਵਿਚ ਗੂੜ੍ਹ ਦਾਰਸ਼ਨਿਕ ਪ੍ਰਸ਼ਨਾਂ
ਤੇ ਵਾਦ-ਵਿਵਾਦ ਅਤੇ ਵਿਚਾਰ-ਵਿਮਰਸ਼ ਕੀਤੇ ਜਾਂਦੇ ਸਨ। ਆਨਵੀਕਸ਼ਿਕੀ ਨੂੰ ਨਿਆਇ-ਸ਼ਾਸਤਰ
ਵੀ ਕਿਹਾ ਜਾਂਦਾ ਸੀ। ਇਥੇ ‘ਨਿਆਇ’ ਤੋਂ ਭਾਵ ਕਿਸੇ ਚੀਜ਼ ਦਾ ਸਹੀ ਅਰਥ ਨਿਰਧਾਰਣ
ਕਰਨਾ ਅਤੇ ਤਾਰਕਿਕ ਸਬੂਤ ਨਾਲ ਉਸ ਦੀ ਛਾਣਬੀਣ ਕਰਨਾ ਹੈ।
ਇਸ ਤਰ੍ਹਾਂ ਦੇ ਅਧਿਆਤਮਕ ਵਿਚਾਰਧਾਰਾ ਦੇ ਵਾਤਾਵਰਣ
ਵਿਚਕਾਰ ਇਹੋ ਜਿਹੇ ਪੁਰਸ਼ ਵੀ ਸਨ ਜਿਨ੍ਹਾਂ ਨੇ ਦੇਵੀ-ਦੇਵਤਿਆਂ ਦੀ ਹੋਂਦ ਵਿਚ
ਵਿਸ਼ਵਾਸ਼ ਕਰਨ ਤੋਂ ਨਾਹ ਕੀਤੀ ਅਤੇ ਕਰਮਕਾਂਡਾਂ ਵਰਗੀਆਂ ਰਸਮਾਂ ਵਿਚ ਹਿੱਸਾ ਲੈਣਾ
ਨਾ-ਮਨਜ਼ੂਰ ਕੀਤਾ। ਇਨ੍ਹਾਂ ਨੂੰ ਰਿਸ਼ੀ ਚਾਰਵਾਕ (650 ਈਪੂ) – ਰਿਸ਼ੀ ਬ੍ਰਿਹਸਪਤੀ ਦਾ
ਸ਼ਾਗਿਰਦ - ਦੇ ਅਨੁਯਾਈ (ਪੈਰੋਕਾਰ) ਕਰਕੇ ਜਾਣਿਆ ਜਾਂਦਾ ਸੀ। ਇਸ ਤਰ੍ਹਾਂ ਚਾਰਵਾਕ
ਨੂੰ ਪੁਰਾਣੇ ਸਮਿਆ ਦੀ ਨਾਸਤਿਕ ਪਰੰਪਰਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਬ੍ਰਿਦਾਰਵਿਅਕ ਉਪਨਿਸ਼ਦ (600 ਈਪੂ ਤੋਂ ਪਹਿਲਾ) ਵਿਚ ਵੀ ਨਾਸਤਿਕ ਪਰੰਪਰਾ ਦਾ ਜ਼ਿਕਰ
ਆਉਂਦਾ ਹੈ। ਚਾਰਵਾਕ ਦੀ ਪਦਾਰਥਵਾਦੀ ਵਿਚਾਰਧਾਰਾ ਅਨੁਸਾਰ ਆਤਮਾ ਜਾਂ ਮਾਨਵ ਚੇਤਨਾ
ਚਾਰ ਤੱਤਾਂ ਦੇ ਸੁਮੇਲ ਨਾਲ ਪੈਦਾ ਹੁੰਦੀ ਹੈ। ਯਾਨੀ ਧਰਤੀ, ਪਾਣੀ, ਹਵਾ ਅਤੇ ਅਗਨੀ।
ਮੌਤ ਨਾਲ ਇਨ੍ਹਾਂ ਤੱਤਾਂ ਦੇ ਭੰਗ (ਟੁੱਟਣ) ਹੋ ਜਾਣ ਤੇ ਆਤਮਾ ਵੀ ਲੋਪ ਹੋ ਜਾਂਦੀ
ਹੈ, ਖਤਮ ਹੋ ਜਾਂਦੀ ਹੈ। ਮਾਨਵ ਜੀਵਨ ਸਿਰਫ ਸਾਡੇ ਮਾਂ-ਬਾਪ ਦੀ ਹੀ ਦੇਣ ਹੈ। ਮੌਤ
ਤੋਂ ਬਾਅਦ ਪੁਨਰ-ਜਨਮ ਦੀ ਕੋਈ ਹਕੀਕਤ ਨਹੀ ਹੈ। ਸਾਨੂੰ ਇਹੋ ਜਿਹੀ ਕਿਸੇ ਚੀਜ਼ ਵਿਚ
ਵਿਸ਼ਵਾਸ਼ ਨਹੀ ਕਰਨਾ ਚਾਹੀਦਾ ਜਿਸ ਨੂੰ ਪ੍ਰਤੱਖ ਗਿਆਨ (ਪਰੀਖਣ) ਦੁਆਰਾ ਸਿੱਧ (ਸਾਬਤ)
ਨਾ ਕੀਤਾ ਜਾ ਸਕੇ। ਇਹ ਪਦਾਰਥਵਾਦੀ ਮਤ ਕਾਫੀ ਪ੍ਰਚੱਲਤ ਸੀ ਅਤੇ ਇਸ ਦੇ ਪੈਰੋਕਾਰਾਂ
ਦੀ ਗਿਣਤੀ ਵੀ ਭਾਰੀ ਸੀ। ਇਸ ਨੂੰ 'ਲੋਕਾਇਤ-ਦਰਸ਼ਨ' ਦੇ ਨਾਮ ਨਾਲ ਵੀ ਜਾਣਿਆ ਜਾਂਦਾ
ਸੀ। ਉਹ ਗਿਆਨ ਨੂੰ ਕਿਸੇ ਅਲੌਕਿਕ ਸ਼ਕਤੀ ਦੀ ਇੱਛਾ ਸਦਕਾ ਪੈਦਾ ਹੋਇਆ ਨਹੀ ਸਨ
ਸਮਝਦੇ। ਇਸ ਨੂੰ ਮਾਨਵ ਇੰਦ੍ਰੀਆਂ ਜਾਂ ਅਨੁਭੂਤੀ (ਪ੍ਰਤੱਖਣ) ਰਾਹੀਂ ਉਤਪੰਨ ਹੋਇਆ
ਸਮਝਦੇ ਸਨ, ਜਿਸ ਦੀ ਸਾਰਥਿਕਤਾ ਪ੍ਰਮਾਣ (ਸਬੂਤ) ਰਾਹੀ ਹੀ ਸਥਾਪਤ ਕੀਤੀ ਜਾ ਸਕਦੀ
ਹੈ। ਪ੍ਰਤੱਖਣ ਜਾਂ ਅਨੁਭੂਤੀ ਤੋਂ ਭਾਵ ਮਾਨਵ ਇੰਦ੍ਰੀਆਂ ਰਾਹੀਂ ਕਿਸੇ ਵਸਤੂ ਜਾਂ
ਬਾਹਰੀ ਦ੍ਰਿਸ਼ਟਮਾਨ ਜਗਤ ਮਹਿਸੂਸ ਕਰਨ ਉਪਰੰਤ “ਤਰਕ” ਦੀ ਕਸੌਟੀ ‘ਤੇ ਪਰਖਣਾ ਤੇ
ਪੁਨਰ-ਵਿਚਾਰ ਕਰਨਾ ਅਤੇ ਇਸ ਪੁਨਰ-ਵਿਚਾਰ ਦੇ ਆਧਾਰ ਤੇ ਕਿਸੇ ਸਿੱਟੇ ਉੱਪਰ
ਪਹੁੰਚਣਾ। ਇਹ ਸਿੱਟਾ ਓਨੀ ਦੇਰ ਤੱਕ ਗਿਆਨ ਦਾ ਸਾਰਥਕ ਹਿੱਸਾ ਨਹੀ ਮੰਨਿਆ ਜਾਂਦਾ
ਜਿੰਨੀ ਦੇਰ ਉਸ ਦੀ ਪ੍ਰਮਾਣਕਤਾ ਪੂਰੀ ਤਰ੍ਹਾਂ ਸਥਾਪਤ ਨਹੀ ਹੋ ਜਾਂਦੀ। ਇਸ ਗਿਆਨ
ਨੂੰ ਅਨੁਭਵ-ਵਿਗਿਆਨ ਵੀ ਕਿਹਾ ਜਾਂਦਾ ਹੈ। ਭਾਸ਼ਾ ਰਾਹੀਂ ਵਿਚਾਰ-ਵਟਾਂਦਰਾ ਅਤੇ
ਸੋਚ-ਵਿਚਾਰ ਦੀ ਪ੍ਰਕ੍ਰਿਆ ਇਸ ਗਿਆਨ ਦਾ ਅਨਿਖੱੜਵਾ ਅੰਗ ਹੈ। ਆਨਵੀਕਸ਼ਿਕੀ ਦੇ
ਵਿਦਵਾਨਾਂ ਨੇ ਦਲੀਲਬਾਜ਼ੀ ਅਤੇ ਬਹਿਸ ਦੇ ਵਿਸ਼ੇ ਵਿਚ ਵਾਕ (ਬਚਨ ਜਾਂ ਬੋਲਣਾ) ਨੂੰ
ਖਾਸ ਵਿਸ਼ੇਸ਼ਤਾ ਦਿੱਤੀ। ਇਸ ਨੂੰ ਮੁੱਖ ਰੱਖ ਕੇ ਆਨਵੀਕਸ਼ਿਕੀ ਵਿੱਚ ਸਹੀ ਅਤੇ ਸ਼ੁੱਧ
ਬੋਲਣ (ਵਾਕ) ਬਾਰੇ ਵੀ ਚਰਚਾ ਕੀਤੀ ਗਈ ਹੈ।
ਸੰਸਕ੍ਰਿਤ ਮਹਾਕਾਵ ਮਹਾਭਾਰਤ ਵਿਚ 'ਸੁਲਭਾ' ਨਾਮ ਦੀ ਸੰਨਿਆਸਨ (ਯੋਗਨੀ) ਨੇ ਸਹੀ ਵਾਕ ਦੇ ਮਿਆਰਾਂ ਦਾ ਵੇਰਵਾ ਦਿੱਤਾ ਹੈ।
ਸਹੀ ਵਾਕ ਦਾ ਬਾਰੀਕ (ਮਹਾਨ, ਗੂੜ੍ਹ), ਵਿਲੱਖਣ (ਵਿਵੇਕਪੂਰਣ, ਵਿਵੇਚਕ, ਵਿਚਾਰਸ਼ੀਲ)
ਅਤੇ ਵਿਧੀਪੂਰਵਕ (ਨਿਯਮਿਤ, ਸਾਫ, ਸੁਥਰਾ) ਹੋਣਾ ਬੇਹੱਦ ਜ਼ਰੂਰੀ ਦੱਸਿਆ ਗਿਆ ਹੈ।
ਸੁਲਭਾ ਨੇ ਇੱਕ ਉੱਤਮ ਵਾਕ ਦੇ ਨਿਮਨਲਿਖਤ ਗੁਣ ਦਿੱਤੇ ਹਨ: (1) ਅਰਥ ਭਰਪੂਰ ਅਤੇ
ਵਿਵੇਕ, (2) ਸਪੱਸ਼ਟ ਅਤੇ ਨਿਸ਼ਚਿਤ, (3) ਉਚਿਤ (ਜਾਇਜ਼, ਢੁਕਵਾਂ), (4) ਉਕਤਿਪੋਸ਼ ਨਾ
ਹੋਣਾ – ਅਰਥਾਤ ਸ਼ਬਦਾਂ ਦੀ ਭਰਮਾਰ (ਸ਼ਬਦ-ਅਡੰਬਰੀ) ਤੋ ਖਾਲੀ, (5) ਮਧੁਰ (ਧੀਮਾ),
(6) ਨਿਰਦਾਰਕ (ਨਿਰਣਾਇਕ ਅਤੇ ਨਿਸਚਾਇਕ), (7) ਬੋਝਲ ਭਾਸ਼ਾ ਤੋਂ ਬਗੈਰ
(ਵਾਕ-ਅਡੰਬਰੀ ਤੋਂ ਬਿਨਾ), (8) ਮਨੋਹਰ (ਰੋਚਕ, ਅਨੁਕੂਲ), (9) ਸਚਿਆਰਾ (ਸੱਚਾ,
ਸੱਤਵਾਦੀ), (10) ਨੁਕਸਾਨ ਰਹਿਤ (ਹਾਨੀਕਾਰਕ ਨਹੀ), (11) ਸੁਘੜ (ਸ਼ੁੱਧ, ਸਾਫ,
ਨਫੀਸ), (12) ਬਹੁਤਾ ਸੰਖੇਪ ਵੀ ਨਹੀ (ਘੱਟਬੋਲੜਾ), (13) ਪੇਚੀਦਗੀ ਰਹਿਤ (ਗੁੱਝਾ
ਨਹੀ), (14) ਬੇਤਰਤੀਬਾ ਵੀ ਨਹੀ, (15) ਅਸੰਭਾਵੀ ਨਹੀ ਹੋਣਾ ਚਾਹੀਦਾ, (16) ਫਜ਼ੂਲ
ਨਹੀ ਹੋਣਾ ਚਾਹੀਦਾ, (17) ਬੇਮੌਕਾ (ਬੇਵਕਤਾ, ਕੁਰੁਤਾ) ਨਹੀ ਹੋਣਾ ਚਾਹੀਦਾ, (18)
ਵਿਸ਼ਾ ਰਹਿਤ (ਵਿਸ਼ਾ ਵਿਹੂਣਾ, ਵਿਸ਼ਾ ਵਾਂਝਾ) ਨਹੀ ਹੋਣਾ ਚਾਹੀਦਾ।
ਔਗੁਣ-ਰਹਿਤ ਬਚਨ (ਨਿਗਦ, ਕਥਨ) ਉਹ ਹੁੰਦਾ ਹੈ ਜੋ
ਲਾਲਸਾ, ਕ੍ਰੋਧ, ਭੈ (ਡਰ), ਲੋਭ (ਤਮ੍ਹਾ), ਹੀਣਤਾ (ਨੀਚਤਾ), ਚਾਲਬਾਜ਼ੀ
(ਧੋਕੇਬਾਜ਼ੀ, ਬੇਈਮਾਨੀ), ਨਾਲ ਨਾ ਉਕਸਾਇਆ ਗਿਆ ਹੋਵੇ।
ਉਹ ਬਚਨ ਹੀ ਸਾਫ ਅਤੇ ਸਪਸ਼ਟ ਮੰਨਿਆ ਜਾਂਦਾ ਹੈ ਜੋ ਸਿਰਫ
ਆਪਣੇ-ਆਪ ਵਿਚ ਹੀ ਨਹੀ ਬਲਕਿ ਬੋਲਣ ਵਾਲੇ (ਵਕਤਾ) ਅਤੇ ਸੁਣਨ ਵਾਲੇ (ਸ੍ਰੋਤਾ,
ਸ਼੍ਰਵਣਕਰਤਾ) ਵਿਚਕਾਰ ਵੀ ਅਨੁਸਾਰਤਾ ਅਤੇ ਸਹਿਮਤੀ ਪੈਦਾ ਕਰਦਾ ਹੋਵੇ। ਇਕ ਬਚਨ ਜੋ
ਬੋਲਣ ਵਾਲੇ ਲਈ ਸਾਫ ਹੈ ਪਰ ਸੁਣਨ ਵਾਲੇ ਨੂੰ ਮੁੱਖ ਰੱਖਕੇ ਨਾ ਉੱਚਰਿਆ ਹੋਵੇ, ਉਹ
ਸੁਣਨ ਵਾਲੇ ਤੇ ਕੋਈ ਅਸਰ ਨਹੀ ਪਾਉਂਦਾ। ਉਹ ਬਚਨ ਜੋ ਬੋਲਣ ਵਾਲੇ ਦਾ ਅਰਥ (ਭਾਵ,
ਮਤਲਬ, ਉਦੇਸ਼) ਪ੍ਰਗਟ (ਵਿਅਕਤ) ਨਹੀ ਕਰਦਾ ਬਲਕਿ ਸਿਰਫ ਸੁਣਨ ਵਾਲੇ ਦੇ ਆਦਰ ਭਾਵ ਲਈ
ਉਚਰਿਆ ਗਿਆ ਹੋਵੇ, ਉਹ ਕਪਟੀ (ਮੀਸਣਾ) ਅਤੇ ਕੁਤਾਹੀ (ਦੋਸ਼ ਭਰਪੂਰ) ਹੁੰਦਾ ਹੈ। ਸਹੀ
ਵਕਤਾ ਉਹ ਹੈ ਜੋ ਉਨ੍ਹਾਂ ਸ਼ਬਦਾਂ ਦੀ ਵਰਤੋਂ ਕਰਦਾ ਹੈ, ਜੋ ਉਸ ਦਾ ਮਤਲਬ ਸਪਸ਼ਟ ਕਰਨ
ਦੇ ਨਾਲ ਨਾਲ, ਸੁਣਨ ਵਾਲੇ ਦੇ ਸਮਝ ਵੀ ਆਉਂਦੇ ਹੋਣ। ਵਿਚਾਰ ਵਿਮਰਸ਼ ਵਿਚ ਤਰਕਵਿਧੀ
ਦੇ ਇਹ ਵਿਸ਼ੇਸ਼ ਨਿਯਮ ਹਨ।
ਆਨਵੀਕਸ਼ਿਕੀ ਦਾ ਬਾਨੀ
ਭਾਵੇਂ ਆਨਵੀਕਸ਼ਿਕੀ ਦੇ ਨਿਰਮਾਣ ਵਿਚ ਬਹੁਤ ਸਾਰੇ ਰਿਸ਼ੀਆਂ
ਮੁਨੀਆਂ ਦਾ ਯੋਗਦਾਨ ਹੈ, ਪਰ, ਡਾ. ਵਿਦਿਆਭੂਸ਼ਨ ਅਨੁਸਾਰ, ਇਸ ਦੀ ਸਥਾਪਨਾ ਕਰਨ ਦਾ
ਸੁਭਾਗ ਰਿਸ਼ੀ ਮੇਧਾਤਿਥੀ ਗੌਤਮ ਨੂੰ ਹਾਸਲ ਹੈ। ਇਤਿਹਾਸਕ ਪੰਨਿਆ ਵਿਚ
ਇਹ ਆਮ ਮੰਨਿਆ ਜਾਂਦਾ ਹੈ ਕਿ ਮੇਧਾਤਿਥੀ ਗੌਤਮ ਦਾ ਜਨਮ ਮਿਥਿਲਾ ਇਲਾਕੇ ਦੇ
ਗੌਤਮਸਥਾਨ ਪਿੰਡ (ਬਿਹਾਰ) ਵਿਚ ਹੋਇਆ (550 ਈਪੂ)। ਮਿਥਿਹਾਸਕ ਕਥਾਵਾਂ ਅਨੁਸਾਰ,
ਗੌਤਮ ਇਸ ਪਿੰਡ ਵਿਖੇ ਆਪਣੀ ਪਤਨੀ, ਅਹਲਿਆ (ਅਹਲ੍ਯਾ), ਨਾਲ ਰਹਿੰਦਾ ਸੀ। ਅਹਲਿਆ
ਰਿਸ਼ੀ ਬ੍ਰਹਮਾ ਦੀ ਅਤਿ ਸੁੰਦਰ ਬੇਟੀ ਸੀ। ਲੋਕਗਾਥਾ ਅਨੁਸਾਰ ਅਹਲਿਆ ਦੇ ਇੰਦਰ ਦੇਵ
ਨਾਲ ਗ਼ੈਰ-ਸੰਬੰਧ ਹੋਣ ਕਰਕੇ, ਗੌਤਮ ਨੇ ਉਸਨੂੰ ਸਰਾਪ ਦੇ ਕੇ ਪੱਥਰ ਵਿਚ ਬਦਲ ਦਿੱਤਾ
ਅਤੇ ਸਾਰੀ ਉਮਰ ਆਪਣੇ ਆਸ਼ਰਮ ਵਿਚ ਹੀ ਰਿਹਾ। ਕਿਹਾ ਜਾਂਦਾ ਹੈ ਕਿ ਇਹ ਪੱਥਰ ਅੱਜ ਵੀ
ਅਹਲ੍ਯਾਸਥਾਨ ਪਿੰਡ ਵਿਖੇ ਮੌਜੂਦ ਹੈ। ਮੇਧਾਤਿਥੀ ਗੌਤਮ ਦਾ ਸੰਬੰਧ ਅੰਗਾਰਸ ਕਬੀਲੇ
ਨਾਲ ਮੰਨਿਆ ਜਾਂਦਾ ਹੈ, ਜਿਸ ਕਬੀਲੇ ਵਿਚੋਂ ਮਹਾਤਮਾ ਬੁੱਧ ਵੀ ਸਨ।
ਮੇਧਾਤਿਥੀ ਵਾਦਵਿਦਿਆ ਦੀ ਕਲਾ ਵਿਚ ਨਿਪੁੰਨ ਸੀ ਅਤੇ ਇਸ
ਕਰਕੇ ਆਪਣੇ ਇਲਾਕੇ ਵਿਚ ਹੀ ਨਹੀ ਬਲਕਿ ਈਰਾਨ ਤਕ ਕਾਫੀ ਮਸ਼ਹੂਰ ਸੀ। ਉਸ ਦੀ ਇਹ
ਵਾਦਵਿਵਾਦ ਕਲਾ 'ਗੌਤਮੀ ਵਿਦਿਆ' ਕਰਕੇ ਜਾਣੀ ਜਾਂਦੀ ਸੀ। ਉਸ ਦੀਆਂ ਆਨਵੀਕਸ਼ਿਕੀ
ਬਾਰੇ ਲਿਖਤਾਂ ਮੂਲ ਰੂਪ ਵਿਚ ਨਹੀ ਮਿਲਦੀਆਂ ਬਲਕਿ ਚਰਕ-ਸੰਹਿਤਾ (78 ਈ) ਵਿਚ ਉਸ ਦੀ
ਤਰਕ ਵਿਧੀ ਦਾ ਸੰਖੇਪ ਰੂਪ ਵਿਚ ਵਰਣਨ ਕੀਤਾ ਗਿਆ ਹੈ। ਇਹ ਗ੍ਰੰਥ ਮਹਾਂਰਿਸ਼ੀ ਚਰਕ ਦੀ
ਰਚਨਾ ਮੰਨਿਆ ਜਾਂਦਾ ਹੈ। ਪਰੰਪਰਾ ਅਨੁਸਾਰ, ਚਰਕ ਗੰਧਾਰ ਦੇ ਕੁਛਾਣ ਰਾਜਵੰਸ਼ ਦੇ
ਰਾਜਾ ਕਨਿਸ਼ਕ ਦੇ ਦਰਬਾਰ ਵਿਚ ਵੈਧ (ਚਿਕਿਤਸਕ) ਸੀ ਅਤੇ ਆਯੁਰਵੇਦ-ਸੰਹਿਤਾ ਨੂੰ ਸੋਧ
ਕੇ ਪੇਸ਼ ਕਰਨ ਦਾ ਮਾਣ ਵੀ ਉਸੇ ਨੂੰ ਹੀ ਹਾਸਲ ਹੈ। ਆਯੁਰਵੇਦ-ਸੰਹਿਤਾ ਦਾ ਆਰੰਭਕ
ਮੋਢੀ ਪੁਨਰਵਸੁ ਆਤਰੀਆ (550 ਈਪੂ) ਨੂੰ ਮੰਨਿਆ ਜਾਂਦਾ ਹੈ। ਇਹ ਵੀ ਵਿਸ਼ਵਾਸ਼
ਕੀਤਾ ਜਾਂਦਾ ਹੈ ਕਿ ਮੇਧਾਤਿਥੀ ਗੌਤਮ ਦੇ ਆਨਵੀਕਸ਼ਿਕੀ ਮਤ ਦੇ ਅੰਸ਼ ਸਿਰਫ
ਚਰਕ-ਸੰਹਿਤਾ ਵਿਚ ਹੀ ਨਹੀ ਬਲਕਿ ਅਕਸ਼ਪਾਧ ਦੇ 'ਨਿਆਇ-ਸੂਤਰ' ਵਿਚ ਵੀ ਮਿਲਦੇ ਹਨ।
ਚਰਕ ਨੇ ਇਸ ਮਤ ਨੂੰ ਸੋਧਣ ਤੋਂ ਬਗੈਰ ਅਪਣਾਇਆ, ਜਦ ਕਿ ਅਕਸ਼ਪਾਧ ਨੇ ਨਿਆਇ-ਸੂਤਰ ਵਿਚ
ਸ਼ਾਮਲ ਕਰਨ ਤੋਂ ਪਹਿਲਾਂ ਕਾਫੀ ਹੱਦ ਤੱਕ ਸੋਧਿਆ।
ਅਗਲੀ ਕਿਸ਼ਤ ਵਿਚ ਅਸੀਂ ਆਨਵੀਕਸ਼ਿਕੀ ਦੇ ਵਿਸ਼ਿਆਂ ‘ਤੇ
ਵਿਸਤਾਰ ਨਾਲ ਵਿਚਾਰ ਕਰਾਂਗੇ ਅਤੇ ਦੇਖਾਂਗੇ ਕਿ ‘ਸਮਭਾਸ਼ਾ ਵਿਧੀ’ (ਜਾਂ ਵਾਦ-ਵਿਧੀ)
ਦੇ ਅੰਤਰਗਤ ਕਿਹੜੇ ਕਿਹੜੇ ਮਸਲਿਆਂ ‘ਤੇ ਵਿਚਾਰ ਕੀਤਾ ਗਿਆ। ਇਸ ਦੇ ਨਾਲ ਨਾਲ ਇਹ ਵੀ
ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦੀ ਵਿਰੋਧਤਾ ਕਿਹੜੇ ਕਿਹੜੇ ਸੰਪ੍ਰਦਾਇਆਂ ਵਲੋਂ
ਕੀਤੀ ਗਈ।
... ਚਲਦਾ। |